Jadon Mainu Satyarathi Milan Aaia : Hari Krishan Mayer

ਜਦੋਂ ਮੈਨੂੰ ਸਤਿਆਰਥੀ ਮਿਲਣ ਆਇਆ (ਆਪ ਬੀਤੀ) : ਹਰੀ ਕ੍ਰਿਸ਼ਨ ਮਾਇਰ

ਇਹ ਗੱਲ ਤਾਂ ਉਨੀ ਸੌ ਤਹੇਤਰ-ਚੁਹੱਤਰ ਦੀ ਹੈ। ਉਦੋਂ ਮੈਂ ਬੀ ਐਸ ਸੀ (ਆਨਰਜ਼) ਕਰਦਾ ਸਾਂ। ਪੰਜਾਬ ਵਿਸ਼ਵ ਵਿਦਿਆਲੇ ਦੇ ਭੌਤਿਕ ਵਿਗਿਆਨ ਵਿਭਾਗ ਵਿੱਚ। ਮੈਂ ਹੋਮੀ ਜਹਾਂਗੀਰ ਭਾਬਾ ਹੋਸਟਲ ਵਿੱਚ ਰਹਿੰਦਾ ਸਾਂ।
ਛੁੱਟੀ ਵਾਲੇ ਦਿਨ ਇੱਕ ਦਿਨ, ਸਵੇਰੇ ਸਵੇਰੇ, ਮੈਂ ਪੜ੍ਹਨ ਵਿੱਚ ਮਸ਼ਰੂਫ ਸੀ ਕਿ ਮੇਰੇ ਬੂਹੇ 'ਤੇ ਕਿਸੇ ਨੇ ਦਸਤਕ ਦਿੱਤੀ। ਮੈਂ ਚਿਟਕਣੀ ਖੋਲ੍ਹੀ। ਇੱਕ ਕੁੜਤਾ ਪਜ਼ਾਮਾ ਪਹਿਨੀ, ਲੰਬੀ ਚਿੱਟੀ ਦਾਹੜੀ ਵਾਲਾ ਬਜ਼ੁਰਗ ਬੂਹੇ 'ਤੇ ਖਲੋਤਾ ਸੀ।
ਉਹ ਪੋਲਾ ਜਿਹਾ ਬੋਲਿਆ, ''ਹਰੀ ਕ੍ਰਿਸ਼ਨ ਹੋ ਆਪ?"
''ਹਾਂ, ਪਰ ਤੁਸੀਂ ਕੌਣ?" ਮੈਂ ਹੈਰਾਨੀ ਜਤਾਉਂਦਿਆਂ ਪੁੱਛਿਆ।
''ਸਤਿਆਰਥੀ ਆਂ, ਸ਼ਬਦ ਲੱਭਦਾ ਲੱਭਦਾ, ਆ ਗਿਆਂ, ਕਿਸੇ ਨੇ ਦੱਸ ਪਾਈ ਹੈ ਕਿ ਤੁਸੀਂ ਸਾਹਿਤ ਵਿੱਚ ਡੂੰਘੀ ਚੇਟਕ ਰੱਖਦੇ ਓ?" ਉਹ ਬਜ਼ੁਰਗ ਬੋਲਿਆ।
''ਦਵਿੰਦਰ ਸਤਿਆਰਥੀ, ਲੋਕ ਗੀਤ 'ਕੱਠੇ ਕਰਨ ਵਾਲਾ?" ਮੈਂ ਹੋਰ ਜਾਨਣਾ ਚਾਹਿਆ।
''ਹਾਂ ਓਹੀ, ਉਹ ਸੰਖੇਪ ਵਿੱਚ ਬੋਲਿਆ।
ਮੈਂ ਉਸ ਬਜ਼ੁਰਗ ਦੇ ਪੈਰ ਛੂਹੇ ਅਤੇ ਉਸ ਨੂੰ ਆਪਣੇ ਕਮਰੇ ਅੰਦਰ ਆਉਣ ਲਈ ਜੀ ਆਇਆਂ ਨੂੰ ਆਖਿਆ। ਕੁਰਸੀ ਉਸ ਲਈ ਛੱਡ ਕੇ ਆਪ ਮੈਂ ਮੰਜੇ 'ਤੇ ਬੈਠ ਗਿਆ। ਮੇਰੇ ਨਾਲ ਦੇ ਕਮਰੇ ਵਿੱਚੋਂ ਗੰਗਾ ਵਿਸ਼ਨੂੰ ਵੀ ਉਥੇ ਆ ਗਿਆ। ਗੰਗਾ ਵਿਸ਼ਨੂੰ ਐਮ ਬੀ ਏ ਕਰਦਾ ਸੀ।
ਕੱਪੜੇ ਦੀ ਇੱਕ ਝੋਲੇ ਵਰਗੀ ਥੈਲੀ ਵਿੱਚੋਂ ਸਤਿਆਰਥੀ ਨੇ ਇੱਕ ਡਾਇਰੀ ਜੇਹੀ ਕੱਢੀ। ਇਹ ਕਿਸੇ ਕਿਤਾਬ ਦਾ ਖਰੜਾ ਸੀ। ਇਹ ਖਰੜਾ ਸਾਡੇ ਵੱਲ ਕਰਦਿਆਂ ਸਤਿਆਰਥੀ ਨੇ ਗੱਲਬਾਤ ਆਰੰਭੀ, ''ਮੇਰਾ ਇੱਕ ਨਾਵਲ ਹੈ ਛਪਣ ਵਾਲਾ (ਸ਼ਾਇਦ ਉਹ ਨਾਵਲ ਘੋੜਾ ਬਾਦਸ਼ਾਹ ਸੀ ਜਾਂ ਕੋਈ ਹੋਰ, ਚੰਗੀ ਤਰ੍ਹਾਂ ਚੇਤੇ ਨਹੀਂ) ਹਿੰਦੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿੱਚ, ਮੈਂ ਹਿੰਦੀ ਦੇ ਬਰੋਬਰ ਦੇ ਪੰਜਾਬੀ ਦੇ ਸ਼ਬਦ ਲੱਭਣ ਵਿੱਚ ਤੇਰੀ ਇਮਦਾਦ ਲੈਣੀ ਹੈ।"
ਫੇਰ ਸਤਿਆਰਥੀ ਹੋਰਾਂ ਨੇ ਉਹ ਡਾਇਰੀ ਵਰਗਾ ਖਰੜਾ ਮੇਜ਼ 'ਤੇ ਰੱਖ ਦਿੱਤਾ। ਉਸ ਖਰੜੇ ਨੂੰ ਦੇਖ ਕੇ ਮੈਂ ਹੈਰਾਨ ਹੋ ਗਿਆ। ਕਾਗਜ਼ ਉਤੇ ਥਾਂ-ਥਾਂ ਚੇਪੀਆਂ ਲੱਗੀਆਂ ਹੋਈਆਂ ਸਨ। ਜਿਵੇਂ ਕਿਸੇ ਸੱਟ ਖਾਧੇ ਜਾਂ ਫੋੜਾ ਫਿਨਸੀ ਉਤੇ ਕਿਸੇ ਚੇਪੀ ਧਰੀ ਹੁੰਦੀ ਹੈ। ਕਾਗਜ਼ ਚੇਪੀਆਂ ਦੀਆਂ ਤੈਹਾਂ ਨਾਲ ਸੁੱਜ ਕੇ ਮੋਟੇ ਹੋਏ ਪਏ ਸਨ।
''ਏਨੀਆਂ ਚੇਪੀਆਂ ਲਗਾਣ ਦਾ ਸਬੱਬ?"
''ਸੁਰਤੀ ਇਕਾਗਰ ਰਹਿੰਦੀ ਹੈ, ਇਕੋ ਥਾਂ 'ਤੇ।" ਉਹ ਬੜੀ ਸਹਿਜ ਨਾਲ ਬੋਲਿਆ। ਜਿੱਥੇ ਕੋਈ ਸ਼ਬਦ ਜਾਂ ਸਤਰ ਪਸੰਦ ਨਾ ਆਈ, ਉਸ ਨੂੰ ਕਾਗਜ਼ ਦੀ ਕਤਰ ਨਾਲ ਗੂੰਦ ਲਗਾ ਕੇ ਢਕ ਦੇਈਦਾ ਅਤੇ ਇਸ ਉਤੇ ਕੁਝ ਹੋਰ ਲਿਖ ਲੈਂਦਾ ਹਾਂ।
ਕਿਆ ਵਿਲੱਖਣਤਾ ਸੀ, ਉਸ ਦੇ ਵਿਅਕਤੀਤਵ ਵਿੱਚ, ਉਸ ਦੇ ਅੰਦਾਜ਼ ਵਿੱਚ। ਫੇਰ ਉਹ ਪਹਿਲੇ ਪੰਨੇ ਤੋਂ ਖਰੜਾ ਪੜ੍ਹਨ ਲੱਗਾ। ਮੈਂ ਸ਼ਬਦਾਂ ਬਾਰੇ ਸੁਝਾਅ ਦਿੰਦਾ ਸਾਂ। ਕਈ ਚੇਪੀਆਂ ਲੱਗੀਆਂ ਅਤੇ ਕਈ ਉਤਰੀਆਂ। ਨਵੇਂ ਸ਼ਬਦ ਚੇਪੀਆਂ 'ਤੇ ਲਿਖੇ ਗਏ। ਸ਼ਬਦ ਢੂੰਡਣ ਦਾ ਇਹ ਸਿਲਸਿਲਾ ਦੋ ਦਿਨ ਚੱਲਦਾ ਰਿਹਾ। ਖਰੜੇ ਦੇ ਅੱਧੇ ਪੰਨਿਆਂ ਵਿੱਚੋਂ ਅਸੀਂ ਲੰਘ ਗਏ ਸਾਂ। ਵਿਚਾਲੇ ਚਾਹ ਪਾਣੀ ਪੀਣ ਦਾ ਵੀ ਮਸੀਂ ਵਕਤ ਮਿਲਿਆ। ਅੱਧਾ ਕੰਮ ਅਸੀਂ ਦੂਜੇ ਦਿਨ ਖਾਤਰ ਛੱਡ ਦਿੱਤਾ। ਜਾਣ ਤੋਂ ਪਹਿਲਾਂ ਸਤਿਆਰਥੀ ਨਾਲ ਇਧਰ-ਉਧਰ ਦੀ ਸਾਹਿਤਕ ਗੱਲਬਾਤ ਹੋਈ।
''ਤੁਸੀਂ ਮੇਰੀ ਕੋਈ ਕਿਤਾਬ ਪੜ੍ਹੀ ਹੈ?" ਸਤਿਆਰਥੀ ਨੇ ਪੁੱਛਿਆ।
''ਹਾਂ ਪੜ੍ਹੀ ਹੈ ।" ਮੈਂ ਕਿਹਾ।
''ਕੀ ਲੱਗਦੈ ਤੁਹਾਨੂੰ?" ਸਤਿਆਰਥੀ ਨੇ ਪੁੱਛਿਆ।
''ਥੋਡੇ ਪਿੰਡ ਪਿੰਡ ਜਾ ਕੇ ਇਕੱਠੇ ਕੀਤੇ ਲੋਕ ਗੀਤ ਤਾਂ ਬੜੇ ਲਾਜਵਾਬ ਹਨ। ਤੁਹਾਨੂੰ ਅਲਬੇਲਾਪਣ, ਆਪਣੀ ਸੁਰਤੀ ਵਿੱਚ ਖੋ ਜਾਣਾ, ਤੁਹਾਡੀ ਫਕੀਰੀ ਦਿਲ ਨੂੰ ਟੁੰਬਦੀ ਹੈ, ਧੂਹ ਪਾਉਂਦੀ ਹੈ।" ਮੈਂ ਕਿਹਾ। ''ਪਰ ਤੁਹਾਡੀ ਗਲਪ ਨੂੰ ਐਰਾ ਗੈਰਾ ਨਹੀਂ ਸਮਝ ਸਕਦਾ।" ਮੈਂ ਹੋਰ ਅੱਗੇ ਕਿਹਾ।
''ਉਹ ਕਿਉਂ?" ਸਤਿਆਰਥੀ ਨੇ ਸੁਆਲ ਕੀਤ। ''ਆਪਣੀ ਇੱਕ ਸਤਰ ਵਿੱਚ ਤੁਸੀਂ ਧਰਤੀ 'ਤੇ ਹੁੰਦੇ ਹੋ, ਦੂਜੀ ਸਤਰ ਵਿੱਚ ਬ੍ਰਮਿੰਡ ਵਿੱਚ ਚਲੇ ਜਾਂਦੇ ਹੋ, ਤੀਜੀ ਵਿੱਚ ਵੇਦ ਪੁਰਾਣ ਦੀ ਗੱਲ ਹੁੰਦੀ ਹੈ ਅਤੇ ਅੱਗੇ ਕਿਸੇ ਹੋਰ ਸਭਿਆਚਾਰ ਦੀ। ਪਹਿਲਾਂ ਜਿਸ ਨੂੰ ਅਗਾਊਂ ਗਿਆਨ ਹੋਵੇਗਾ, ਉਹੀ ਸਮਝੇਗਾ ਤੁਹਾਡੀ ਕਥਾ ਕਹਾਣੀ?" ਮੈਂ ਬੇਬਾਕੀ ਨਾਲ ਕਿਹਾ।
''ਆਪਣੀ ਥਾਂ ਤੁਹਾਡੀ ਗੱਲ ਸੱਚੀ ਹੈ।" ਸਤਿਆਰਥੀ ਨੇ ਕਿਹਾ। ਉਹ ਗਹਿਰ ਗੰਭੀਰ ਰਿਹਾ। ਉਸ ਦੀ ਲੰਬੀ ਦਾਹੜੀ ਅਤੇ ਮੋਟੀਆਂ ਐਨਕਾਂ ਨੇ, ਚਿਹਰੇ ਦੇ ਸਾਰੇ ਹਾਵ ਭਾਵ ਪੂਰੀ ਤਰ੍ਹਾਂ ਲਕੋ ਲਏ ਸਨ। ''ਪਰ ਜਦੋਂ ਮੇਰੀ ਕਥਾ ਪਾਠਕਾਂ ਨੂੰ ਸਮਝ ਪੈ ਜਾਂਦੀ ਹੈ ਤਾਂ ਉਹ ਉਮਰ ਭਰ ਉਸ ਦੇ ਮੱਥੇ ਵਿੱਚੋਂ ਨਿਕਲਦੀ ਨਹੀਂ।" ਸਤਿਆਰਥੀ ਨੇ ਬੜੇ ਆਤਮ ਭਰੋਸੇ ਨਾਲ ਆਖਿਆ।
ਐਡੇ ਵੱਡੇ ਸਾਹਿਤਕਾਰ ਸਾਹਮਣੇ, ਮੈਂ ਤਾਂ ਇੱਕ ਸਿਖਾਂਦਰੂ ਬੱਚਾ ਸਾਂ। ਪਰ ਮੇਰੀ ਬੇਬਾਕੀ ਬਾਰੇ ਅੱਜ ਵੀ ਮੈਨੂੰ ਹੈਰਾਨੀ ਹੋ ਰਹੀ ਹੈ।
''ਤੁਸੀਂ ਪ੍ਰੰਪਰਾਗਤ ਕਦਰਾਂ ਕੀਮਤਾਂ ਦੇ ਬਦਲਾਅ, ਮਿੱਥਾਂ ਤੋੜਨ ਅਤੇ ਸਮਾਜਕ ਤਾਣੇ-ਬਾਣੇ ਵਿੱਚ ਪਰਿਵਰਤਨ ਲਿਆਉਣੇ ਖਾਤਰ ਕੋਈ ਹੋਰ ਸਾਹਿਤ ਵੀ ਪੜ੍ਹਦੇ ਹੋ?" ਮੈਂ ਸੁਆਲ ਪਾਇਆ।
''ਬਹੁਤ ਘੱਟ" ਸਤਿਆਰਥੀ ਨੇ ਹੌਲੀ ਦੇਣੀ ਕਿਹਾ।
''ਤੁਸੀਂ ਸ਼ਿਵ ਦੀ ਲੂਣਾ ਪੜ੍ਹੀ ਹੈ?" ਗੰਗਾ ਵਿਸ਼ਨੂੰ ਬੋਲਿਆ। ਉਦੋਂ 'ਲੂਣਾ' ਪੁਸਤਕ ਤੇ ਸ਼ਿਵ ਕੁਮਾਰ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਸੀ ਅਤੇ ਉਸ ਦੀ ਚਾਰੇ ਪਾਸੇ ਖੂਬ ਚਰਚਾ ਹੋ ਰਹੀ ਸੀ।
''ਨਹੀਂ, ਮੈਂ ਨੀਂ ਪੜ੍ਹੀ।" ਸਤਿਆਰਥੀ ਕਹਿੰਦਾ।
''ਇਸ ਵਿੱਚ ਉਸ ਨੇ ਲੂਣਾ ਦਾ ਉਹ ਪੱਖ ਉਜਾਗਰ ਕੀਤਾ ਹੈ ਕਿ ਹੁਣ ਲੂਣਾ ਘ੍ਰਿਣਾ ਦੀ ਪਾਤਰ ਨਹੀਂ ਰਹੀ। ਲੋਕਾਂ ਦੀ ਸੋਚ ਨੂੰ ਰਿੜਕਿਆ ਹੈ ਸ਼ਿਵ ਨੇ।" ਮੈਂ ਨਿੱਕ ਜਿੰਨਾ ਵੇਰਵਾ ਦਿੱਤਾ।
ਸਤਿਆਰਥੀ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਬੱਸ ਦਾੜ੍ਹੀ 'ਤੇ ਹੱਥ ਫੇਰੀ ਗਿਆ। ਪੂਰੀ ਗੱਲਬਾਤ ਵਿੱਚ ਉਹ ਭੋਰਾ ਨਹੀਂ ਹੱਸਿਆ, ਨਾ ਮੁਸਕਰਾਇਆ। ਛੋਟੀਆਂ-ਛੋਟੀਆਂ ਦਾਰਸ਼ਨਿਕ ਗੱਲਾਂ ਹੁੰਦੀਆਂ ਰਹੀਆਂ
ਫਿਰ ਦੂਜੇ ਦਿਨ ਵੀ ਸਤਿਆਰਥੀ ਮੇਰੇ ਕੋਲ ਆਇਆ। ਸ਼ਬਦ ਢੂੰਡੇ ਗਏ। ਪੂਰਾ ਖਰੜਾ ਪੜ੍ਹਿਆ ਗਿਆ ਸੀ। ਕਿੰਨੀਆਂ ਹੀ ਚੇਪੀਆਂ ਲੱਗੀਆਂ ਸਨ। ਚੇਪੀਆਂ ਉਤੇ ਨਵੇਂ ਸ਼ਬਦ ਲਿਖੇ ਗਏ। ਮੈਂ ਹੋਸਟਲ ਦੇ ਗੇਟ ਤੀਕ, ਉਸ ਨੂੰ ਛੱਡਣ ਆਇਆ ਸਾਂ। ਫੇਰ ਉਹ ਕਿਸੇ ਰਿਸ਼ੀ ਮੁਨੀ ਵਾਂਗੂੰ ਪੈਦਲ ਤੁਰ ਪਿਆ, ਲਾਇਬਰੇਰੀ ਵੱਲ ਨੂੰ।
ਅੱਜ ਜਦੋਂ ਸਤਿਆਰਥੀ ਸਾਡੇ ਦਰਮਿਆਨ ਨਹੀਂ ਹੈ। ਉਸ ਮਹਾਨ ਫੱਕਰ ਸਾਹਿਤਕਾਰ ਦੇ ਬੋਲ ਅੱਜ ਵੀ ਮੇਰੇ ਕੰਨਾਂ ਵਿੱਚ ਸੁਣਾਈ ਦੇ ਰਹੇ ਹਨ। ਸ਼ਬਦਾਂ ਦੀ ਖੋਜ ਕਰਨ ਆਇਆ ਉਹ ਮਹਾਨ ਲੇਖਕ, ਅੱਜ ਵੀ ਮੈਨੂੰ ਆਪਣੇ ਮਨ ਦੇ ਕੋਲ ਬੈਠਾ ਮਹਿਸੂਸ ਹੁੰਦਾ ਹੈ। ਇਹ ਸਾਂਝ ਮੇਰੇ ਚੇਤੇ ਵਿੱਚ ਪੁਰਸਕਾਰ ਵਾਂਗ ਸਾਂਭੀ ਪਈ ਹੈ। |

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਹਰੀ ਕ੍ਰਿਸ਼ਨ ਮਾਇਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ