Jawab (Punjabi Story) : Darshan Singh Ashat
ਜਵਾਬ (ਕਹਾਣੀ) : ਦਰਸ਼ਨ ਸਿੰਘ ਆਸ਼ਟ
ਉਸਦਾ ਨਾਂ ਗੱਲੂ ਸੀ। ਮਸਾਂ ਪੰਜ ਛੇ ਸਾਲਾਂ ਦਾ ਹੋਵੇਗਾ। ਉਹ ਆਪਣੇ ਮਾਪਿਆਂ ਨਾਲ ਸ਼ਹਿਰ ਦੀ ਮੁੱਖ ਸੜਕ ਦੇ ਕਿਨਾਰੇ 'ਤੇ ਝੌਂਪੜੀਆਂ ਵਿੱਚ ਰਹਿੰਦਾ ਸੀ। ਉਸਦੀ ਅੰਮੀ ਉਸਨੂੰ ਆਪਣੇ ਨਾਲ ਲਿਜਾਂਦੀ ਅਤੇ ਬੱਸ ਅੱਡੇ 'ਤੇ ਲਾਈਟਾਂ ਵਾਲੇ ਚੌਕ ਵਿੱਚ ਭੀਖ ਮੰਗਵਾਉਂਦੀ।
ਗੱਲੂ ਨੂੰ ਭੀਖ ਮੰਗਣਾ ਚੰਗਾ ਨਹੀਂ ਸੀ ਲੱਗਦਾ। ਕਈ ਲੋਕ ਉਨ੍ਹਾਂ ਵੱਲ ਗੁੱਸੇ ਨਾਲ ਵੇਖਦੇ ਸਨ। ਕਈ ਝਿੜਕਾਂ ਦਿੰਦੇ ਸਨ ਅਤੇ ਕਈ ਮੂੰਹ ਪਰ੍ਹਾਂ ਕਰ ਲੈਂਦੇ ਸਨ। ਕਈ ਵਾਰੀ ਤਾਂ ਉਸ ਨੂੰ ਤੇ ਉਸ ਦੀ ਮਾਂ ਨੂੰ ਬੜੀਆਂ ਭੈੜੀਆਂ ਭੈੜੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ।
ਗੱਲੂ ਥੋੜ੍ਹਾ ਵੱਡਾ ਹੋਇਆ ਤਾਂ ਉਸਦੇ ਮਾਪਿਆਂ ਨੇ ਇਕੱਲੇ ਨੂੰ ਭੀਖ ਮੰਗਣ ਲਈ ਭੇਜਣਾ ਸ਼ੁਰੂ ਕਰ ਦਿੱਤਾ। ਉਸਦੇ ਨਾਲ ਝੁੱਗੀਆਂ ਦੇ ਕੁਝ ਹੋਰ ਬੱਚੇ ਵੀ ਹੁੰਦੇ। ਚੌਕ ਤੇ ਜਦੋਂ ਲਾਲ ਬੱਤੀ ਹੁੰਦੀ ਤਾਂ ਉਸਦੇ ਦੋਸਤ ਫਟਾਫਟ ਕਾਰਾਂ ਸਕੂਟਰਾਂ ਵਾਲਿਆਂ ਅੱਗੇ ਹੱਥ ਅੱਡ ਕੇ ਮੰਗਣ ਲੱਗ ਜਾਂਦੇ। ਗੱਲੂ ਵੀ ਆਪਣੇ ਹੱਥ 'ਚ ਫੜੇ ਕੱਪੜੇ ਨਾਲ ਰੁਕੀ ਹੋਈ ਕਾਰ ਦਾ ਬੋਨਟ ਤੇ ਸ਼ੀਸ਼ੇ ਸਾਫ਼ ਕਰਨ ਲੱਗ ਜਾਂਦਾ। ਫਿਰ ਡਰਾਈਵਰ ਕੋਲੋਂ ਮੰਗਣ ਲੱਗਦਾ। ਉਸਦੇ ਦੋਸਤ ਗੱਲੂ ਨਾਲੋਂ ਤੇਜ਼ ਤਰਾਰ ਸਨ। ਉਹ ਸ਼ਾਮ ਤਕ ਸੌ-ਸੌ ਰੁਪਿਆ ਕਮਾ ਲੈਂਦੇ ਸਨ, ਪਰ ਗੱਲੂ ਨੂੰ ਸਭ ਤੋਂ ਘੱਟ ਪੈਸੇ ਮਿਲਦੇ। ਅਸਲ ਵਿੱਚ ਉਹ ਨਹੀਂ ਸੀ ਚਾਹੁੰਦਾ ਕਿ ਉਹ ਭੀਖ ਮੰਗੇ, ਝਿੜਕਾਂ ਸਹੇ। ਲੋਕ ਉਸਨੂੰ ਦੁੱਤਕਾਰਨ। ਉਸਦੇ ਮਨ ਵਿੱਚ ਕੁਝ ਹੋਰ ਹੀ ਸੁਪਨਾ ਸੀ।
ਇੱਕ ਦਿਨ ਗੱਲੂ ਸਵੇਰੇ ਸਵੇਰੇ ਸੜਕ ਕਿਨਾਰੇ ਬੈਠਾ ਸੀ। ਉਸਦੇ ਹੱਥ ਵਿੱਚ ਪੰਜਾਬੀ ਦਾ ਇੱਕ ਕਾਇਦਾ ਸੀ। ਉਹ ਬੜੀ ਦਿਲਚਸਪੀ ਨਾਲ ਕਾਇਦਾ ਵੇਖਣ ਵਿੱਚ ਖੁੱਭਿਆ ਹੋਇਆ ਸੀ। ਇੰਨੇ ਨੂੰ ਉੱਥੇ ਇੱਕ ਮੈਡਮ ਵੀ ਆ ਗਏ। ਉਹ ਕਿਸੇ ਪਿੰਡ ਵਿੱਚ ਅਧਿਆਪਕਾ ਸਨ ਅਤੇ ਉਸੇ ਚੌਕ ਵਿੱਚੋਂ ਹੀ ਪਿੰਡਾਂ ਨੂੰ ਜਾਣ ਵਾਲੀ ਬੱਸ ਫੜਦੇ ਸਨ।
'ਤੈਨੂੰ ਪੜ੍ਹਨਾ ਆਉਂਦੈ ?' ਗੱਲੂ ਦੇ ਕੰਨੀਂ ਆਵਾਜ਼ ਪਈ।
ਗੱਲੂ ਨੇ ਮੂੰਹ ਉੱਪਰ ਕੀਤਾ, ਉਹੀ ਅਧਿਆਪਕਾ ਉਸਨੂੰ ਪੁੱਛ ਰਹੇ ਸਨ।
'ਥੋੜ੍ਹਾ ਥੋੜ੍ਹਾ ਆਉਂਦਾ ਏ ਅਜੇ। ਸਾਡੀ ਝੁੱਗੀ ਕੋਲ ਇੱਕ ਮੁੰਡਾ ਅੱਬੀ ਰਹਿੰਦੈ। ਉਸਨੇ ਮੈਨੂੰ ਇਹ ਕਾਇਦਾ ਦਿੱਤਾ ਸੀ। ਨਾਲੇ ਉਸਨੇ ਮੈਨੂੰ ਥੋੜ੍ਹਾ ਜਿਹਾ ਪੜ੍ਹਨਾ ਵੀ ਸਿਖਾਇਆ ਸੀ।' ਗੱਲੂ ਬੋਲਿਆ ਤੇ ਫਿਰ ਰੁਕ ਰੁਕ ਕੇ ਪੜ੍ਹਨ ਲੱਗ ਪਿਆ, 'ਊੜਾ, ਐੜਾ, ਈੜੀ…।'
ਅਧਿਆਪਕਾ ਜੀ ਖ਼ੁਸ਼ ਹੋ ਗਏ। ਉਹ ਗੱਲੂ ਨੂੰ ਕਹਿਣ ਲੱਗੇ, 'ਜੇ ਤੈਨੂੰ ਪੜ੍ਹਨ ਦਾ ਇੰਨਾ ਸ਼ੌਕ ਏ ਤਾਂ ਮੈਂ ਰੋਜ਼ ਦਸ ਪੰਦਰਾਂ ਮਿੰਟ ਪਹਿਲਾਂ ਆ ਜਾਇਆ ਕਰਾਂਗੀ। ਤੈਨੂੰ ਔਹ ਰੁੱਖ ਕੋਲ ਬਣੇ ਬੈਂਚ 'ਤੇ ਬਿਠਾ ਕੇ ਪੜ੍ਹਨਾ ਸਿਖਾ ਦਿਆ ਕਰਾਂਗੀ।'
ਗੱਲੂ ਖ਼ੁਸ਼ ਹੋ ਗਿਆ। ਉਸਨੂੰ ਇੰਨਾ ਉਤਸ਼ਾਹ ਤੇ ਸ਼ੌਕ ਸੀ ਕਿ ਉਹ ਚੌਕ 'ਤੇ ਪਹਿਲਾਂ ਨਾਲੋਂ ਵੀ ਜਲਦੀ ਆਉਣ ਲੱਗਾ। ਭੀਖ ਮੰਗਣ ਨਾਲੋਂ ਉਸਨੂੰ ਇਹੀ ਚਿੰਤਾ ਰਹਿੰਦੀ ਸੀ ਕਿ ਕਿਧਰੇ ਉਸਦੇ ਮੈਡਮ ਚਲੇ ਨਾ ਜਾਣ। ਉਹ ਮੁਹਾਰਨੀ ਪੜ੍ਹਨੀ ਸਿੱਖ ਗਿਆ ਸੀ ਤੇ ਸੌ ਤਕ ਗਿਣਤੀ ਵੀ। ਪੰਜ ਤਕ ਪਹਾੜੇ ਵੀ ਜ਼ੁਬਾਨੀ ਸੁਣਾਉਣ ਲੱਗ ਪਿਆ ਸੀ।
ਇੱਕ ਦਿਨ ਅਧਿਆਪਕਾ ਗੱਲੂ ਦੀ ਝੁੱਗੀ ਵਿੱਚ ਆਏ। ਉਸਦੇ ਮਾਪਿਆਂ ਨੂੰ ਕਹਿਣ ਲੱਗੇ, 'ਤੁਸੀਂ ਗੱਲੂ ਨੂੰ ਭੀਖ ਮੰਗਣ ਲਈ ਨਾ ਭੇਜਿਆ ਕਰੋ। ਇਸਨੂੰ ਪੜ੍ਹਨ ਦਾ ਸ਼ੌਕ ਏ। ਤੁਸੀਂ ਇਸਨੂੰ ਸਕੂਲੇ ਪੜ੍ਹਨੇ ਪਾ ਦਿਉ।'
ਇਹ ਸੁਣ ਕੇ ਉਸਦਾ ਪਿਤਾ ਇਕਦਮ ਬੋਲਿਆ, 'ਜੀ ਸਾਡੇ ਕੋਲ ਇਸ ਦੀਆਂ ਫੀਸਾਂ ਤਾਰਨ ਲਈ ਪੈਸੇ ਕਿੱਥੇ ਜੀ ? ਸਗੋਂ ਇਹ ਪੰਜਾਹ ਸੱਠ ਰੁਪਏ ਕਮਾ ਲਿਆਉਂਦੈ। ਸਾਨੂੰ ਵੀ ਸਹਾਰਾ ਲੱਗ ਜਾਂਦੈ।'
ਇਹ ਗੱਲ ਸੁਣ ਕੇ ਗੱਲੂ ਸਕਤੇ ਵਿੱਚ ਆ ਗਿਆ। ਬੋਲਿਆ 'ਅੱਬੂ, ਫੀਸ ਮੈਂ ਆਪ ਦਿਆ ਕਰਾਂਗਾ।'
ਅਧਿਆਪਕਾ ਜੀ ਸੁਣ ਕੇ ਹੱਸ ਪਏ ਤੇ ਪੁੱਛਣ ਲੱਗੇ, 'ਤੂੰ ਕਿੱਥੋਂ ਤਾਰੇਂਗਾ ਫੀਸ ? ਭੀਖ ਮੰਗ ਕੇ ?'
ਗੱਲੂ ਬੋਲਿਆ, 'ਮੈਡਮ ਜੀ, ਮੈਂ ਗ਼ੁਬਾਰੇ ਵੇਚਿਆ ਕਰਾਂਗਾ। ਭੀਖ ਨਹੀਂ ਮੰਗਾਂਗਾ।'
ਉਸ ਦਾ ਆਤਮ ਵਿਸ਼ਵਾਸ ਵੇਖ ਕੇ ਅਧਿਆਪਕਾ ਕਹਿਣ ਲੱਗੇ, 'ਗੱਲੂ ਨੂੰ ਭੀਖ ਮੰਗਵਾ ਕੇ ਇਸਦੀ ਜ਼ਿੰਦਗੀ ਬਰਬਾਦ ਨਾ ਕਰੋ। ਇਸਦੀ ਫੀਸ ਮੈਂ ਤਾਰਿਆ ਕਰਾਂਗੀ।'
ਪਰ ਗੱਲੂ ਬੜੇ ਦ੍ਰਿੜ ਨਿਸ਼ਚੇ ਵਾਲਾ ਸੀ। ਉਹ ਪੜ੍ਹਨ ਲੱਗ ਪਿਆ। ਨਾਲ ਹੀ ਵਿਹਲ ਮਿਲਣ 'ਤੇ ਕਾਲੀ ਮਾਤਾ ਦੇ ਮੰਦਰ ਕੋਲ ਜਾ ਕੇ ਗ਼ੁਬਾਰੇ ਵੇਚਣ ਲੱਗ ਪਿਆ।
ਇੱਕ ਸ਼ਾਮ ਨੂੰ ਉਹ ਗ਼ੁਬਾਰੇ ਵੇਚ ਕੇ ਝੁੱਗੀ ਵੱਲ ਪਰਤ ਰਿਹਾ ਸੀ। ਇੰਨੇ ਨੂੰ ਉਸਦੇ ਨਾਲ ਉਸਦੇ ਝੁੱਗੀਆਂ ਵਿੱਚ ਰਹਿੰਦੇ ਦੋਸਤ ਡੱਬਾ ਤੇ ਮੱਘੂ ਵੀ ਆ ਰਲੇ। ਦੋਵੇਂ ਉਸਦੇ ਨਾਲੋਂ ਕੁਝ ਸਾਲ ਵੱਡੇ ਸਨ। ਪਹਿਲਾਂ ਡੱਬੇ ਨੇ ਆਪਣੀ ਜੇਬ ਵਿੱਚੋਂ ਗੱਲੂ ਨੂੰ ਪੈਸੇ ਕੱਢ ਕੇ ਵਿਖਾਏ, 'ਆਹ ਵੇਖ, ਪੂਰੇ ਸੌ ਰੁਪਏ ਤੇ ਦਸ ਉੱਪਰ।'
ਮੱਘੂ ਨੇ ਵੀ ਗੱਲੂ ਨੂੰ ਪੈਸੇ ਕੱਢ ਕੇ ਚਿੜਾਇਆ, 'ਮੇਰੇ ਕੋਲ ਵੀ ਸੌ ਤੋਂ ਘੱਟ ਨਹੀਂ…।'
ਇਹ ਸੁਣ ਕੇ ਗੱਲੂ ਨੇ ਇੱਕੋ ਗੱਲ ਆਖੀ, 'ਮੈਂ ਭਾਵੇਂ ਪੰਜਾਹ ਰੁਪਏ ਕਮਾ ਕੇ ਲਿਆਇਆ ਹਾਂ, ਪਰ ਇਹ ਭੀਖ ਦੀ ਕਮਾਈ ਨਹੀਂ ਹੈ।'
ਗੱਲੂ ਦਾ ਜਵਾਬ ਸੁਣ ਕੇ ਡੱਬਾ ਤੇ ਮੱਘੂ ਇੱਕ ਦੂਜੇ ਦਾ ਮੂੰਹ ਤੱਕਣ ਲੱਗ ਪਏ।