Jadu Di Haandi : Afrikan Folk Tale
ਜਾਦੂ ਦੀ ਹਾਂਡੀ : ਅਫ਼ਰੀਕੀ ਲੋਕ ਕਹਾਣੀ
ਅਨਾਨਸੀ ਜਿੱਥੇ ਰਹਿੰਦਾ ਸੀ, ਉੱਥੇ ਭਿਆਨਕ ਕਾਲ ਪੈ ਗਿਆ। ਉਹ ਤੇ ਉਸ ਦਾ ਪਰਿਵਾਰ ਹੋਰਾਂ ਵਾਂਗ ਭੁੱਖ ਨਾਲ ਬੇਹਾਲ ਸੀ। ਇੱਕ ਦਿਨ ਉਦਾਸ ਅਨਾਨਸੀ ਸਮੁੰਦਰ ਵੱਲ ਵੇਖ ਰਿਹਾ ਸੀ ਤਾਂ ਉਸ ਨੇ ਪਾਣੀ ਵਿੱਚੋਂ ਉਪਰ ਉੱਠਦਾ ਖਜ਼ੂਰ ਦਾ ਰੁੱਖ ਵੇਖਿਆ। ਉਸ ਨੇ ਖਜ਼ੂਰ ਦੇ ਰੁੱਖ ਤਕ ਜਾਣ ਬਾਰੇ ਸੋਚਿਆ। ਸਮੁੰਦਰ ਕੰਢੇ ਇੱਕ ਟੁੱਟੀ ਬੇੜੀ ਪਈ ਸੀ। ਉਸ ਨੇ ਬੇੜੀ ਦੀ ਮੁਰੰਮਤ ਕੀਤੀ ਅਤੇ ਉਸ ਵਿੱਚ ਬੈਠ ਸਮੁੰਦਰ ਵਿੱਚ ਠਿੱਲ੍ਹ ਪਿਆ। ਰੁੱਖ ਤਕ ਪੁੱਜਣ ਲਈ ਅਨਾਨਸੀ ਦੇ ਛੇ ਯਤਨ ਨਾਕਾਮ ਰਹੇ ਪਰ ਉਹ ਹਾਰ ਮੰਨਣ ਵਾਲਾ ਨਹੀਂ ਸੀ। ਆਖਰ ਸੱਤਵੇਂ ਯਤਨ ‘ਚ ਉਹ ਸਮੁੰਦਰ ਵਿਚਲੇ ਖਜ਼ੂਰ ਦੇ ਰੁੱਖ ਤਕ ਪਹੁੰਚਣ ‘ਚ ਸਫ਼ਲ ਹੋ ਗਿਆ। ਉਸ ਨੇ ਬੇੜੀ ਨੂੰ ਖਜ਼ੂਰ ਦੇ ਰੁੱਖ ਨਾਲ ਬੰਨ੍ਹ ਲਿਆ। ਅਨਾਨਸੀ ਖਜ਼ੂਰ ਦੇ ਰੁੱਖ ‘ਤੇ ਚੜ੍ਹ ਗਿਆ ਅਤੇ ਖਜ਼ੂਰਾਂ ਤੋੜ-ਤੋੜ ਕਿਸ਼ਤੀ ਵਿੱਚ ਸੁੱਟਣ ਲੱਗਾ ਪਰ ਉਹ ਹੈਰਾਨ ਸੀ ਕਿ ਇੱਕ ਵੀ ਖਜ਼ੂਰ ਬੇੜੀ ‘ਚ ਨਹੀਂ ਸੀ ਡਿੱਗੀ। ਇੱਕ ਹੀ ਖਜ਼ੂਰ ਬਚੀ ਸੀ ਜੋ ਉਸ ਨੇ ਬੜੀ ਸਾਵਧਾਨੀ ਨਾਲ ਤੋੜ ਕੇ ਕਿਸ਼ਤੀ ਵਿੱਚ ਸੁੱਟੀ ਪਰ ਉਹ ਵੀ ਸਮੁੰਦਰ ਦੇ ਪਾਣੀ ਵਿੱਚ ਡੁੱਬ ਗਈ।
ਨਿਰਾਸ਼ ਅਨਾਨਸੀ ਵਾਪਸ ਕੰਢੇ ‘ਤੇ ਪਰਤਿਆ। ਉਸ ਨੇ ਆਤਮ-ਹੱਤਿਆ ਕਰਨ ਦੀ ਸੋਚੀ। ਅਚਾਨਕ ਉਸ ਨੂੰ ਇੱਕ ਝੌਂਪੜੀ ਦਿਸੀ। ਉਸ ਨੇੜੇ ਜਾ ਕੇ ਵੇਖਿਆ ਉਸ ਵਿੱਚ ਇੱਕ ਬੁੱਢਾ ਬਾਬਾ ਸੀ। ਅਨਾਨਸੀ ਨੇ ਉਸ ਨੂੰ ਆਪਣੀ ਦਰਦ ਭਰੀ ਕਥਾ ਸੁਣਾਈ। ਬੁੱਢੇ ਬਾਬੇ ਨੇ ਅਨਾਨਸੀ ਨੂੰ ਇੱਕ ਹਾਂਡੀ ਦਿੱਤੀ ਤੇ ਕਿਹਾ ਕਿ ਇਸ ਵਿੱਚੋਂ ਤੈਨੂੰ ਜਿੰਨਾ ਤੂੰ ਚਾਹੇਂਗਾ, ਓਨਾ ਖਾਣਾ ਮਿਲੇਗਾ। ਬਸ ਹਾਂਡੀ ਨੂੰ ਇਹ ਕਹਿਣਾ ਕਿ ਜੋ ਤੂੰ ਆਪਣੇ ਪੁਰਾਣੇ ਮਾਲਕ ਲਈ ਕਰਦੀ ਸੀ, ਉਹ ਮੇਰੇ ਲਈ ਕਰ। ਅਨਾਨਸੀ ਨੇ ਸਮੁੰਦਰ ਕੰਢੇ ਕਿਸ਼ਤੀ ਵਿੱਚ ਬੈਠ ਹਾਂਡੀ ਨੂੰ ਪਰਖਿਆ ਤੇ ਭਰ ਪੇਟ ਸੁਆਦਲਾ ਖਾਣਾ ਖਾਧਾ।
ਪਿੰਡ ਆ ਅਨਾਨਸੀ ਨੇ ਪਹਿਲਾਂ ਸਾਰੇ ਪਰਿਵਾਰ ਨੂੰ ਖਾਣਾ ਖਵਾਉਣ ਦੀ ਸੋਚੀ ਪਰ ਫਿਰ ਕਿਧਰੇ ਹਾਂਡੀ ਦੀਆਂ ਦਿਵ ਸ਼ਕਤੀਆਂ ਛੇਤੀ ਸਮਾਪਤ ਨਾ ਹੋ ਜਾਣ ਦੇ ਡਰੋਂ ਉਸ ਹਾਂਡੀ ਨੂੰ ਲੁਕਾ ਦਿੱਤਾ। ਅਨਾਨਸੀ ਅੰਦਰ ਵੜ ਰੋਜ਼ ਖਾਣਾ ਖਾਂਦਾ ਪਰ ਭੁੱਖੇ ਮਰਨ ਦਾ ਨਾਟਕ ਕਰਦਾ। ਅਨਾਨਸੀ ਮੋਟਾ ਤਾਜ਼ਾ ਹੋ ਰਿਹਾ ਸੀ ਜਦਕਿ ਉਸ ਦਾ ਪਰਿਵਾਰ ਸੁੱਕ ਕੇ ਤੀਲਾ ਹੋ ਗਿਆ ਸੀ। ਘਰ ਵਾਲੇ ਵਜ੍ਹਾ ਤਲਾਸ਼ਣ ਲੱਗੇ। ਅਨਾਨਸੀ ਦੇ ਬੇਟੇ ਕਵੇਕ ਪਾਸ ਜਾਦੂ ਦੀ ਸ਼ਕਤੀ ਸੀ ਅਤੇ ਉਹ ਪਲਕ ਝਮਕਦਿਆਂ ਕਿਸੇ ਵੀ ਜੀਵ ਦਾ ਰੂਪ ਧਾਰਨ ਕਰ ਸਕਦਾ ਸੀ। ਉਹ ਮੱਖੀ ਬਣ ਗਿਆ ਤੇ ਆਪਣੇ ਪਿਤਾ ਦੇ ਆਸ-ਪਾਸ ਮੰਡਰਾਉਣ ਲੱਗਾ। ਇਸ ਤਰ੍ਹਾਂ ਉਸ ਨੇ ਹਾਂਡੀ ਦਾ ਪਤਾ ਲਾ ਲਿਆ। ਹੁਣ ਅਨਾਨਸੀ ਜਦੋਂ ਘਰੋਂ ਬਾਹਰ ਜਾਂਦਾ, ਉਹ ਹਾਂਡੀ ‘ਚੋਂ ਸਾਰੇ ਪਰਿਵਾਰ ਨੂੰ ਖਾਣਾ ਖਵਾ ਕੇ ਹਾਂਡੀ ਫਿਰ ਉੱਥੇ ਛੁਪਾ ਦਿੰਦਾ। ਅਨਾਨਸੀ ਦੇ ਪਰਿਵਾਰ ਨੂੰ ਉਸ ‘ਤੇ ਬਹੁਤ ਗੁੱਸਾ ਸੀ।
ਅਨਾਨਸੀ ਦਾ ਪਰਿਵਾਰ ਹਾਂਡੀ ਲੈ ਮੈਦਾਨ ‘ਚ ਪੁੱਜਾ ਤੇ ਸਾਰੇ ਪਿੰਡ ਨੂੰ ਖਾਣੇ ਦੀ ਦਾਅਵਤ ਦਿੱਤੀ। ਐਨਾ ਜ਼ਿਆਦਾ ਖਾਣਾ ਬਣਾਉਂਦਿਆਂ ਹਾਂਡੀ ਗਰਮ ਹੋ ਪਿਘਲ ਗਈ। ਅਨਾਨਸੀ ਜਦੋਂ ਖਾਣਾ-ਖਾਣ ਲਈ ਹਾਂਡੀ ਲੱਭਣ ਲੱਗਿਆ ਤਾਂ ਹਾਂਡੀ ਨਾ ਮਿਲੀ। ਹਾਂਡੀ ਲੁਕਾਉਣ ਲਈ ਉਸ ਪਰਿਵਾਰ ਨੂੰ ਸਬਕ ਸਿਖਾਉਣ ਦੀ ਸੋਚੀ। ਉਹ ਫਿਰ ਬੁੱਢੇ ਬਾਬੇ ਕੋਲ ਗਿਆ। ਬਾਬੇ ਨੂੰ ਉਸ ਵੱਲੋਂ ਦੱਸੀ ਗੱਲ ਸੁਣ ਕੇ ਬੜਾ ਗੁੱਸਾ ਆਇਆ। ਉਨ੍ਹਾਂ ਝੌਂਪੜੀ ਅੰਦਰੋਂ ਇੱਕ ਡੰਡਾ ਲਿਆਂਦਾ ਤੇ ਅਨਾਨਸੀ ਨੂੰ ਦੇ ਦਿੱਤਾ। ਘਰ ਆ ਡੰਡੇ ਦੀ ਤਾਕਤ ਪਰਖਣ ਲਈ ਅਨਾਨਸੀ ਨੇ ਬਾਬੇ ਦੇ ਕਹੇ ਸ਼ਬਦ ਡੰਡੇ ਨੂੰ ਆਖੇ। ਡੰਡੇ ਨੇ ਵਰਨਾ ਸ਼ੁਰੂ ਕਰ ਦਿੱਤਾ। ਉਸ ਅਨਾਨਸੀ ਨੂੰ ਮਾਰ-ਮਾਰ ਦੁੰਭਾ ਬਣਾ ਦਿੱਤਾ। ਫਿਰ ਅਨਾਨਸੀ ਨੇ ਲਾਲਚ ਵੱਸ ਪਰਿਵਾਰ ਨਾਲ ਮਾੜਾ ਵਿਹਾਰ ਕਰਨ ਲਈ ਮੁਆਫ਼ੀ ਮੰਗੀ।
ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਖ਼ੁਦ ਤਕ ਸੀਮਤ ਨਾ ਰਹਿ ਕੇ ਸਭ ਦਾ ਭਲਾ ਸੋਚਣਾ ਚਾਹੀਦਾ ਹੈ ਅਤੇ ਲਾਲਚ ਨਹੀਂ ਕਰਨਾ ਚਾਹੀਦਾ।
(ਮੁਖ਼ਤਾਰ ਗਿੱਲ)