Jadu Di Haddi : Danish Folk Tale

ਜਾਦੂ ਦੀ ਹੱਡੀ : ਡੈਨਮਾਰਕ ਦੀ ਲੋਕ ਕਹਾਣੀ

ਇੱਕ ਪਿੰਡ ਵਿੱਚ ਇੱਕ ਗ਼ਰੀਬ ਔਰਤ ਰਹਿੰਦੀ ਸੀ। ਉਸ ਦਾ ਇੱਕ ਲੜਕਾ ਸੀ। ਉਨ੍ਹਾਂ ਕੋਲ ਇੱਕ ਗਾਂ ਸੀ। ਉਹ ਵੀ ਬਹੁਤ ਘੱਟ ਦੁੱਧ ਦਿੰਦੀ ਸੀ। ਦੋਵੇਂ ਮਾਂ-ਪੁੱਤ ਸ਼ਾਹੂਕਾਰ ਤੋਂ ਉਧਾਰ ਲੈ ਕੇ ਗੁਜ਼ਾਰਾ ਕਰਦੇ ਸਨ। ਇੱਕ ਦਿਨ ਸ਼ਾਹੂਕਾਰ ਔਰਤ ਦੇ ਕੋਲ ਆਇਆ ਅਤੇ ਕਹਿਣ ਲੱਗਿਆ, ‘ਕੱਲ੍ਹ ਸ਼ਾਮ ਤਕ, ਤੁਸੀਂ ਮੇਰੇ ਸਾਰੇ ਪੈਸੇ ਵਾਪਸ ਕਰ ਦਿਓ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ।’’ ਉਸ ਸਮੇਂ ਔਰਤ ਕੋਲ ਕੋਈ ਪੈਸਾ ਨਹੀਂ ਸੀ। ਉਹ ਸ਼ਾਹੂਕਾਰ ਦਾ ਵਿਆਜ ਕਿਵੇਂ ਮੋੜਦੀ? ਲੜਕੇ ਨੇ ਮਾਂ ਨੂੰ ਕਿਹਾ, ‘‘ਮਾਂ, ਮੈਂ ਮੰਡੀ ਵਿੱਚ ਜਾ ਕੇ ਗਾਂ ਨੂੰ ਵੇਚ ਆਉਂਦਾ ਹਾਂ ਅਤੇ ਉੱਥੋਂ ਜਿੰਨੇ ਪੈਸੇ ਮਿਲਣਗੇ, ਸ਼ਾਹੂਕਾਰ ਨੂੰ ਦੇ ਕੇ ਉਸ ਦਾ ਹਿਸਾਬ ਮੁਕਾ ਦਿਆਂਗੇ।’’
ਲੜਕਾ ਜਦੋਂ ਗਾਂ ਲੈ ਕੇ ਮੰਡੀ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਇੱਕ ਬੁੱਢਾ ਮਿਲ ਗਿਆ। ਬੁੱਢੇ ਦੇ ਇੱਕ ਹੱਥ ਵਿੱਚ ਹੱਡੀਆਂ ਸਨ। ਉਸ ਨੇ ਲੜਕੇ ਨੂੰ ਪੁੱਛਿਆ, ‘‘ਕਾਕਾ, ਕਿੱਧਰ ਜਾ ਰਿਹਾ ਏਂ?’’ ਲੜਕੇ ਨੇ ਬੁੱਢੇ ਨੂੰ ਸਾਰੀ ਗੱਲ ਦੱਸ ਦਿੱਤੀ। ਬੁੱਢੇ ਨੇ ਕਿਹਾ, ‘‘ਕਾਕਾ, ਪ੍ਰੇਸ਼ਾਨ ਨਾ ਹੋ, ਮੈਂ ਤੇਰੀ ਮੁਸ਼ਕਲ ਦਾ ਹੱਲ ਕਰਦਾ ਹਾਂ। ਤੂੰ ਮੈਨੂੰ ਆਪਣੀ ਗਾਂ ਦੇ-ਦੇ। ਇਸ ਦੇ ਬਦਲੇ ਮੈਂ ਤੈਨੂੰ ਇੱਕ ਹੱਡੀ ਦੇਵਾਂਗਾ।’’ ‘‘ਪਰ ਮੇਰੀ ਮਾਂ ਨੂੰ ਤਾਂ ਪੈਸੇ ਚਾਹੀਦੇ ਹਨ, ਉਸ ਨੇ ਸ਼ਾਹੂਕਾਰ ਦਾ ਵਿਆਜ ਦੇਣਾ ਹੈ ।’’ ਲੜਕੇ ਨੇ ਕਿਹਾ। ਬੁੱਢੇ ਨੇ ਕਿਹਾ, ‘‘ਇਹ ਹੱਡੀ ਬੜੇ ਕੰਮ ਆਵੇਗੀ। ਇਸ ਨੂੰ ਘਰ ਜਾ ਕੇ ਅੱਗ ’ਤੇ ਰੱਖ ਦੇਵੀਂ। ਫਿਰ ਜੋ ਚਾਹੋਂਗੇ, ਉਹ ਤੁਹਾਨੂੰ ਦੇ ਦੇਵੇਗੀ।’’ ਇਹ ਜਾਣ ਕੇ ਲੜਕੇ ਨੇ ਉਸ ਬੁੱਢੇ ਨੂੰ ਗਾਂ ਦੇ ਦਿੱਤੀ ਅਤੇ ਹੱਡੀ ਲੈ ਕੇ ਘਰ ਵੱਲ ਚੱਲ ਪਿਆ।
ਘਰ ਜਾ ਕੇ ਉਸ ਨੇ ਮਾਂ ਨੂੰ ਸਾਰੀ ਕਹਾਣੀ ਸੁਣਾਈ। ਮਾਂ ਨੇ ਪੁੱਤ ਨਾਲ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ, ‘‘ਪੁੱਤ ਤੂੰ ਕਿੰਨਾ ਮੂਰਖ ਐਂ, ਗਾਂ ਦੇ ਬਦਲੇ ਇਹ ਕਾਲੀ ਹੱਡੀ ਲੈ ਕੇ ਘਰ ਆ ਗਿਆ ਹੈਂ।’’ ਇਹ ਕਹਿ ਕੇ ਉਸ ਨੇ ਲੜਕੇ ਨੂੰ ਕਾਫ਼ੀ ਝਿੜਕਿਆ। ਪਰ ਲੜਕੇ ਨੂੰ ਬੁੱਢੇ ਦੀ ਗੱਲ ’ਤੇ ਅਜੇ ਵੀ ਪੂਰਾ ਵਿਸ਼ਵਾਸ ਸੀ। ਉਸ ਨੇ ਹੱਡੀ ਨੂੰ ਚੁੱਲ੍ਹੇ ’ਤੇ ਰੱਖ ਦਿੱਤਾ। ਜਿਵੇਂ ਹੀ ਅੱਗ ਹੱਡੀ ਨੂੰ ਲੱਗੀ ਤਾਂ ਹੱਡੀ ਨੇ ਬੋਲਣਾ ਸ਼ੁਰੂ ਕਰ ਦਿੱਤਾ, ‘‘ਖੀਂ……ਖੀਂ… …ਮੈਂ ਜਾ ਰਹੀ ਹਾਂ।’’
‘‘ਕਿੱਥੇ ਜਾ ਰਹੀ ਏਂ?’’ ਲੜਕੇ ਨੇ ਪੁੱਛਿਆ। ‘‘ਸ਼ਾਹੂਕਾਰ ਦੇ ਰਸੋਈ ਘਰ ਵਿੱਚ।’’ ਇਹ ਕਹਿ ਕੇ ਉਹ ਲੋਪ ਹੋ ਗਈ ਅਤੇ ਕੁਝ ਮਿੰਟਾਂ ਬਾਅਦ ਵਾਪਸ ਮੁੜ ਆਈ। ਉਸ ਨੇ ਟੋਕਰੀ ਵਿੱਚ ਸਬਜ਼ੀ, ਰੋਟੀਆਂ, ਫਲ ਆਦਿ ਭਰੇ ਹੋਏ ਸਨ। ਮਾਂ-ਪੁੱਤ ਨੇ ਸਾਰੀਆਂ ਚੀਜ਼ਾਂ ਕੱਢ ਕੇ ਅਲਮਾਰੀ ਵਿੱਚ ਰੱਖ ਦਿੱਤੀਆਂ ਪਰ ਕੁਝ ਦੇਰ ਪਿੱਛੋਂ ਮਾਂ ਨੇ ਬੁੜਬੁੜਾਉਣਾ ਸ਼ੁਰੂ ਕਰ ਦਿੱਤਾ, ‘‘ਚਲੋ, ਇਸ ਹੱਡੀ ਨੇ ਇੱਕ ਹਫ਼ਤੇ ਲਈ ਭੋਜਨ ਤਾਂ ਦੇ ਦਿੱਤਾ ਪਰ ਅਸੀਂ ਸ਼ਾਹੂਕਾਰ ਦਾ ਕਰਜ਼ਾ ਕਿਵੇਂ ਵਾਪਸ ਕਰਾਂਗੇ?’’ ਇਹ ਸੁਣ ਕੇ ਲੜਕੇ ਨੇ ਹੱਡੀ ਨੂੰ ਚੁੱਲ੍ਹੇ ਦੀ ਅੱਗ ’ਤੇ ਰੱਖ ਦਿੱਤਾ।¢ ਹੱਡੀ ਨੂੰ ਅੱਗ ਲੱਗ ਗਈ ਤਾਂ ਉਹ ਬੋਲਣ ਲੱਗੀ, ‘‘ਖੀਂ…ਖੀਂ…ਮੈਂ ਜਾ ਰਹੀ ਹਾਂ।’’ ‘‘ਕਿੱਥੇ ਜਾ ਰਹੀ ਏਂ?’’ ਲੜਕੇ ਨੇ ਪੁੱਛਿਆ। ‘‘ਸ਼ਾਹੂਕਾਰ ਦੇ ਖ਼ਜ਼ਾਨੇ ਵਿੱਚ।’’ ਇਹ ਕਹਿ ਕੇ ਉਹ ਫਿਰ ਲੋਪ ਹੋ ਗਈ।
ਕੁਝ ਮਿੰਟਾਂ ਬਾਅਦ ਉਹ ਵਾਪਸ ਆਈ ਤਾਂ ਟੋਕਰੀ ਵਿੱਚ ਢੇਰ ਸਾਰੇ ਰੁਪਏ ਭਰੇ ਹੋਏ ਸਨ। ਮਾਂ-ਪੁੱਤ ਰੁਪਈਆਂ ਦੀ ਗਿਣਤੀ ਕਰਨ ਲੱਗੇ ਗਏ। ਏਨੇ ਨੂੰ ਅੰਗੀਠੀ ਦੀ ਚਿਮਨੀ ਵਿੱਚੋਂ ਕਿਸੇ ਦੇ ਚੀਕਣ ਦੀ ਆਵਾਜ਼ ਆਈ। ਇਹ ਆਵਾਜ਼ ਸ਼ਾਹੂਕਾਰ ਦੀ ਸੀ। ਉਹ ਚੀਕ-ਚੀਕ ਕੇ ਕਹਿ ਰਿਹਾ ਸੀ, ‘‘ਬਚਾਓ…ਬਚਾਓ, …ਮੈਂ ਮਾਰਿਆ ਗਿਆ।’’ …
ਅਸਲ ਵਿੱਚ ਹੋਇਆ ਇਵੇਂ ਸੀ ਕਿ ਜਦੋਂ ਹੱਡੀ ਸ਼ਾਹੂਕਾਰ ਦੇ ਘਰ ਵਿੱਚ ਵੜੀ ਤਾਂ ਉਸ ਨੇ ਹੱਡੀ ਨੂੰ ਪੈਸੇ ਚੋਰੀ ਕਰਦਿਆਂ ਦੇਖ ਲਿਆ। ਜਦੋਂ ਉਹ ਖਿੜਕੀ ਰਾਹੀਂ ਉੱਡ ਕੇ ਬਾਹਰ ਨਿਕਲੀ ਤਾਂ ਸ਼ਾਹੂਕਾਰ ਨੇ ਉਸ ਨੂੰ ਭੱਜ ਕੇ ਫੜ ਲਿਆ ਅਤੇ ਹੱਡੀ ਦੇ ਨਾਲ-ਨਾਲ ਉੱਡਦਾ ਹੋਇਆ ਔਰਤ ਦੇ ਘਰ ਆ ਗਿਆ। ਹੱਡੀ ਅੰਗੀਠੀ ਦੀ ਚਿਮਨੀ ਰਸਤੇ ਘਰ ਦੇ ਅੰਦਰ ਵੜ ਗਈ ਪਰ ਸ਼ਾਹੂਕਾਰ ਬਹੁਤ ਮੋਟਾ ਹੋਣ ਕਾਰਨ ਚਿਮਨੀ ਵਿੱਚ ਫਸ ਗਿਆ। ਲੜਕੇ ਨੇ ਸ਼ਾਹੂਕਾਰ ਨੂੰ ਚਿਮਨੀ ਵਿੱਚ ਫਸਿਆ ਦੇਖ ਲਿਆ ਤਾਂ ਉਸ ਨੇ ਅੰਗੀਠੀ ਵਿੱਚ ਹੋਰ ਲੱਕੜੀਆਂ ਪਾ ਦਿੱਤੀਆਂ। ਧੂੰਏਂ ਨਾਲ ਸ਼ਾਹੂਕਾਰ ਦਾ ਸਾਹ ਘੁੱਟਣ ਲੱਗਿਆ ਤਾਂ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ‘‘ਮੈਨੂੰ ਬਚਾ ਲਓ, ਮੈਂ ਤੁਹਾਡਾ ਸਾਰਾ ਕਰਜ਼ਾ ਮੁਆਫ਼ ਕਰ ਦਿਆਂਗਾ।’’ ਔਰਤ ਸ਼ਾਹੂਕਾਰ ਦੀ ਮਦਦ ਲਈ ਦੌੜੀ ਪਰ ਲੜਕੇ ਨੇ ਰੋਕ ਕੇ ਕਿਹਾ, ‘‘ਮਾਂ, ਉਸ ਨੂੰ ਬਾਹਰ ਨਾ ਕੱਢੋ।’’
ਸ਼ਾਹੂਕਾਰ ਨੇ ਫਿਰ ਕਿਹਾ, ‘‘ਮੈਨੂੰ ਬਾਹਰ ਕੱਢ ਦਿਓ, ਮੈਂ ਤੁਹਾਡਾ ਸਾਰਾ ਕਰਜ਼ਾ ਮੁਆਫ਼ ਕਰ ਦਿਆਂਗਾ ਅਤੇ ਆਪਣੀ ਧੀ ਦਾ ਵਿਆਹ ਵੀ ਤੇਰੇ ਮੁੰਡੇ ਨਾਲ ਕਰ ਦਿਆਂਗਾ।’’ ਇਹ ਸੁਣ ਕੇ ਲੜਕਾ ਉੱਪਰ ਚੜ੍ਹਿਆ ਅਤੇ ਉਸ ਨੇ ਸ਼ਾਹੂਕਾਰ ਨੂੰ ਖਿੱਚ ਕੇ ਚਿਮਨੀ ਵਿੱਚੋਂ ਬਾਹਰ ਕੱਢ ਲਿਆ। ਇੱਕ ਹਫ਼ਤੇ ਬਾਅਦ ਸ਼ਾਹੂਕਾਰ ਨੇ ਆਪਣੀ ਧੀ ਦਾ ਵਿਆਹ ਉਸ ਔਰਤ ਦੇ ਲੜਕੇ ਨਾਲ ਕਰ ਦਿੱਤਾ ਅਤੇ ਆਪਣੀ ਸਾਰੀ ਜਾਇਦਾਦ ਲੜਕੀ ਨੂੰ ਦੇ ਦਿੱਤੀ। ਹੱਡੀ ਨੇ ਵਿਆਹ ਦੇ ਦਿਨ ਬੜਾ ਵਧੀਆ ਖਾਣਾ ਤਿਆਰ ਕੀਤਾ ਅਤੇ ਫਿਰ ਸਦਾ ਲਈ ਲੋਪ ਹੋ ਗਈ।

(ਦਿਲਬਾਗ ਗਿੱਲ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ