Jungle Boot Killi Utte Tangan Ton Pichhon : Jasbir Bhullar

ਜੰਗਲ ਬੂਟ ਕਿੱਲੀ ਉੱਤੇ ਟੰਗਣ ਤੋਂ ਪਿੱਛੋਂ : ਜਸਬੀਰ ਭੁੱਲਰ

(ਅਭੁੱਲ ਯਾਦਾਂ)


ਮੈਨੂੰ ਸੁੱਤ ਉਣੀਂਦੇ ਨੂੰ ਇਕ ਸੁਪਨਾ ਵਾਰ-ਵਾਰ ਆਉਂਦਾ ਰਿਹਾ ਸੀ। ਪਹਿਲੋਂ ਜ਼ਮੀਨ ਵਿਚੋਂ ਇਕ ਕਤਬਾ ਉਗਦਾ ਸੀ ਜਿਵੇਂ ਸਹਿਜ ਭਾਅ ਉੱਗਿਆ ਕੋਈ ਜੰਗਲੀ ਪੌਦਾ ਹੁੰਦਾ ਹੈ। …ਤੇ ਫਿਰ ਕਤਬੇ ਕੁਝ ਇਸ ਤਰ੍ਹਾਂ ਉੱਗਣ ਲੱਗ ਪੈਂਦੇ ਸਨ ਜਿਵੇਂ ਬਿਜਾਈ ਵੇਲੇ ਸਾਰਾ ਬੀਜ ਇਕੋ ਥਾਏਂ ਡੁੱਲ੍ਹ ਗਿਆ ਹੋਵੇ।
ਹੌਲੀ ਹੌਲੀ ਕਤਬਿਆਂ ਦਾ ਢੇਰ ਲੱਗ ਜਾਂਦਾ ਸੀ ਤੇ ਉਹ ਢੇਰ ਪਹਾੜ ਹੋ ਜਾਂਦਾ ਸੀ। ਉਸ ਪਹਾੜ ਉੱਤੇ ਹੋਰ ਕਤਬੇ ਉੱਗ ਆਉਂਦੇ ਸਨ। ਪੁਰਾਣੇ ਕਤਬੇ ਉਨ੍ਹਾਂ ਨਵੇਂ ਕਤਬਿਆਂ ਹੇਠ ਦੱਬੇ ਜਾਂਦੇ ਸਨ।
ਫੇਰ ਕਤਬੇ ਮੀਂਹ ਹਨੇਰੀਆਂ ਵਿਚ ਟੇਢੇ ਹੋ ਜਾਂਦੇ ਸਨ। ਉਨ੍ਹਾਂ ਉੱਤੇ ਕਾਈ ਜੰਮ ਜਾਂਦੀ ਸੀ, ਨਿੱਕੀ ਨਿੱਕੀ ਬੂਟੀ ਪੁੰਗਰ ਆਉਂਦੀ ਸੀ, ਪੱਥਰਾਂ ਦੀਆਂ ਵਿਰਲਾਂ ਵਿਚੋਂ ਸਰਕੜਾ ਸਿਰ ਪੁੱਟ ਲੈਂਦਾ ਸੀ। ਕਤਬਿਆਂ ਦਾ ਪਹਾੜ ਸੱਪ-ਸਲੂਪੀਆਂ ਅਤੇ ਕਿਰਲਿਆਂ ਦਾ ਬਸੇਰਾ ਹੋ ਜਾਂਦਾ ਸੀ।
ਸੁਪਨੇ ਵਿਚ ਉੱਥੇ ਮੈਨੂੰ ਕਦੀ ਕੋਈ ਫੁੱਲ ਨਹੀਂ ਸੀ ਦਿਸਦਾ। ਮੇਰਾ ਉਹ ਸੁਪਨਾ ਲਾਸ਼ਾਂ ਦੇ ਜੰਗਲ ਦੀ ਪੋਸਟਿੰਗ ਵੇਲੇ ਦਾ ਦ੍ਰਿਸ਼ ਸੀ। ਲਾਸ਼ਾਂ ਦੇ ਉਸ ਦੇਸ਼ ਦਾ ਇਕ ਨਾਂ ਸਿਆਚਿਨ ਵੀ ਸੀ।
ਢਾਈ ਵਰ੍ਹਿਆਂ ਪਿੱਛੋਂ ਮੈਂ ਆਦਮ-ਬੋ ਕਰਦੀ ਉਸ ਧਰਤੀ ਨੂੰ ਅਲਵਿਦਾ ਕਹਿ ਦਿੱਤਾ ਸੀ। ਫ਼ੌਜ ਵਿਚ ਹਰ ਦੋ-ਢਾਈ ਵਰ੍ਹਿਆਂ ਬਾਅਦ ਨਵੀਂ ਥਾਂ ਦਾ ਤਬਾਦਲਾ ਹੋ ਜਾਂਦਾ ਸੀ, ਪਰ ਇਸ ਵਾਰ ਦਾ ਜਾਣਾ ਹਮੇਸ਼ਾ ਵਾਂਗੂੰ ਨਹੀਂ ਸੀ।
ਉਹ ਦਿਨ 24 ਜੁਲਾਈ 1990 ਦਾ ਸੀ। ਹੁਣ ਮੈਂ ਸੈਨਿਕ ਨਹੀਂ ਸਾਂ, ਫੇਰ ਵੀ ਵਰਦੀ ਪਾਈ ਹੋਈ ਸੀ। ਜੰਗਲ ਬੂਟ ਮੈਂ ਕਿੱਲੀ ਉੱਤੇ ਟੰਗ ਦਿੱਤੇ ਸਨ। ਜਾਣਦਾ ਸਾਂ, ਇਹ ਮਹਿਜ਼ ਮੁਹਾਵਰਾ ਸੀ। ਪਰਤਾਪੁਰ ਤਕ ਮੈਂ ਫ਼ੌਜੀ ਗੱਡੀ ਵਿਚ ਸਫ਼ਰ ਕਰਨਾ ਸੀ। ਉੱਥੋਂ ਮੈਂ ਫ਼ੌਜੀ ਜਹਾਜ਼ ਵਿਚ ਅੱਗੇ ਚੰਡੀਗੜ੍ਹ ਪਹੁੰਚਣਾ ਸੀ। ਵਰਦੀ ਮੈਂ ਘਰ ਪਹੁੰਚ ਕੇ ਹੀ ਉਤਾਰ ਸਕਣੀ ਸੀ।
ਪਰਤਾਪੁਰ ਨੂੰ ਜਾਂਦੀ ਉਹ ਸੜਕ ਕੱਚੀ ਸੀ। ਭਾਵੇਂ ਇਸ ਤਰ੍ਹਾਂ ਕਹਿ ਲਵੋ ਕਿ ਉਹ ਸੜਕ ਕੱਚੇ ਪੱਥਰਾਂ ਦੇ ਭੂਰੇ-ਝੂਰੇ ਦੀ ਬਣੀ ਹੋਈ ਸੀ। ਪਹਾੜ ਵੀ ਟੁੱਟਦੇ ਰਹਿੰਦੇ ਸਨ, ਉਸ ਸੜਕ ਉੱਤੇ ਵਿਛਦੇ ਰਹਿੰਦੇ ਸਨ। ਕਈ ਵਾਰੀ ਤਾਂ ਇਸ ਤਰ੍ਹਾਂ ਵੀ ਹੁੰਦਾ ਸੀ ਕਿ ਸੜਕ ਦਾ ਕੋਈ ਟੋਟਾ ਹੇਠਾਂ ਬੈਠ ਜਾਂਦਾ ਸੀ ਤੇ ਟੁੱਟ ਕੇ ਸ਼ਿਔਕ ਦਰਿਆ ਵਿਚ ਡੁੱਬ ਜਾਂਦਾ ਸੀ।
ਪੱਥਰਾਂ ਹੇਠ ਦੱਬ ਕੇ ਮਰੇ ਫ਼ੌਜੀਆਂ ਦੇ ਕਤਬੇ ਸੜਕ ਦੇ ਨਾਲ ਨਾਲ ਵਿਖਾਈ ਦਿੰਦੇ ਰਹਿੰਦੇ ਸਨ।
ਲਾਸ਼ਾਂ ਦਾ ਉਹ ਜੰਗਲ ਮੇਰੀ ਰੋਜ਼ੀ-ਰੋਟੀ ਦਾ ਦੇਸ਼ ਸੀ। ਸੋਚਦਾ ਸਾਂ, ਹਰੇ ਜੰਗਲ ਵਿਚੋਂ ਦੀ ਲੰਘਣ ਨਾਲ ਕੋਈ ਜੰਗਲ ਦਾ ਰੁੱਖ ਨਹੀਂ ਹੋ ਜਾਂਦਾ।
ਮੈਂ ਉਸ ਜੰਗਲ ਦਾ ਰੁੱਖ ਨਹੀਂ ਸਾਂ।
ਉਸ ਜੰਗਲ ਦੀ ਹਵਾ ਤੋਂ ਮੈਂ ਬੇਲਾਗ ਵੀ ਨਹੀਂ ਸਾਂ। ਮੇਰੇ ਨੇੜੇ ਵਾਪਰਨ ਵਾਲੀਆਂ ਘਟਨਾਵਾਂ ਮੈਨੂੰ ਪ੍ਰਭਾਵਿਤ ਕਰਦੀਆਂ ਰਹੀਆਂ ਸਨ। ਮੇਰਾ ਸੰਵੇਦਨ ਅਤੇ ਮੇਰੇ ਵਿਚਾਰ ਵੀ ਇਸ ਦੀ ਪੁਸ਼ਟੀ ਕਰਦੇ ਸਨ। ਮੈਂ ਅਜਿਹੇ ਪ੍ਰਭਾਵਾਂ ਨੂੰ ਸਮਾਜ ਦੇ ਪ੍ਰਸੰਗ ਵਿਚ ਵੇਖਦਾ ਸਾਂ। ਉਹ ਪ੍ਰਭਾਵ ਮੇਰੀ ਰਚਨਾਤਮਿਕ ਦ੍ਰਿਸ਼ਟੀ ਦਾ ਅੰਗ ਬਣਦੇ ਸਨ।
ਸਿਆਚਿਨ ਗਲੇਸ਼ੀਅਰ ਦੇ ਮੁਹਾਜ਼ ਤੋਂ ਘਰ ਵੱਲ ਤੁਰਨ ਵੇਲੇ ਮੈਂ ਆਪਣੀਆਂ ਫ਼ੌਜੀ ਵਰਦੀਆਂ ਦਾ ਜ਼ਖੀਰਾ ਕਾਲੇ ਟਰੰਕ ਵਿਚ ਬੰਦ ਕਰ ਦਿੱਤਾ ਸੀ।
ਤੇਈ ਵਰ੍ਹੇ ਇਕ ਉਮਰ ਸੀ। ਮੈਂ ਫ਼ੌਜ ਦੇ ਉਨ੍ਹਾਂ ਤੇਈ ਵਰ੍ਹਿਆਂ ਨੂੰ ਪੁਰਾਣੀਆਂ ਵਰਦੀਆਂ ਵਾਂਗੂੰ ਕਿਸੇ ਕਾਲੇ ਟਰੰਕ ਵਿਚ ਬੰਦ ਨਹੀਂ ਸਾਂ ਕਰ ਸਕਿਆ।
ਹਰਾ ਜੰਗਲ ਮਹਿਜ਼ ਫ਼ੌਜ ਨਹੀਂ ਸੀ, ਕਹਾਣੀਆਂ ਦਾ ਜੰਗਲ ਸੀ। ਉਨ੍ਹਾਂ ਵਿਚੋਂ ਕੁਝ ਕਹਾਣੀਆਂ ਮੈਂ ਲਿਖ ਵੀ ਲਈਆਂ ਸਨ, ਪਰ ਸਾਰੀਆਂ ਕਹਾਣੀਆਂ ਮੈਥੋਂ ਲਿਖੀਆਂ ਨਹੀਂ ਸਨ ਜਾ ਸਕੀਆਂ। ਉਹ ਅਣਲਿਖੀਆਂ ਕਹਾਣੀਆਂ ਵੀ ਮੇਰਾ ਸਰਮਾਇਆ ਸਨ। ਮੈਂ ਬਾਕੀ ਦੀ ਉਮਰ ਉਨ੍ਹਾਂ ਨੂੰ ਲਿਖਦੇ ਰਹਿਣਾ ਸੀ।

+++
ਸ਼ਿਔਕ ਦਰਿਆ ਦਾ ਪੁਲ ਟੱਪਣ ਤੋਂ ਪਿੱਛੋਂ, ਪਹਾੜ ਵਾਲੇ ਪਾਸੇ, ਪਰਤਾਪੁਰ ਤਕ ਲੱਕੜਾਂ ਚਿਣੀਆਂ ਪਈਆਂ ਸਨ। ਉਹ ਹਜ਼ਾਰਾਂ ਟਨ ਲੱਕੜਾਂ ਨਿੱਤ ਮਰ ਰਹੇ ਸੈਨਿਕਾਂ ਦੇ ਸਸਕਾਰ ਲਈ ਸਨ। ਗਲੇਸ਼ੀਅਰ ਉੱਤੇ ਲੱਕੜਾਂ ਦੀ ਲੋੜ ਨਹੀਂ ਸੀ। ਉੱਥੇ ਬਰਫ਼ ਬੜੇ ਸਤਿਕਾਰ ਨਾਲ ਫ਼ੌਜੀਆਂ ਦੀਆਂ ਲਾਸ਼ਾਂ ਨੂੰ ਢੱਕ ਲੈਂਦੀ ਸੀ।
ਉਨ੍ਹਾਂ ਲੱਕੜਾਂ ਕੋਲੋਂ ਲੰਘਦਿਆਂ ਮੈਂ ਅੱਖਾਂ ਚੁਰਾ ਲਈਆਂ ਸਨ।
ਮਰਨ ਵਾਲੇ ਸੈਨਿਕਾਂ ਦੀ ਗਿਣਤੀ ਨੂੰ ਧਿਆਨ ਵਿਚ ਰੱਖ ਕੇ ਲੱਕੜਾਂ ਦੀ ਕੁੱਲ ਲੋੜ ਬਾਰੇ ਜ਼ਰਬਾਂ-ਤਕਸੀਮਾਂ ਹੋਈਆਂ ਸਨ। ਮੈਂ ਉਸ ਹਿਸਾਬ ਕਰਨ ਵਾਲੀ ਕਮੇਟੀ ਦਾ ਮੈਂਬਰ ਸਾਂ।
ਮੀਲਾਂ ਤਕ ਚਿਣੀਆਂ ਹੋਈਆਂ ਉਹ ਲੱਕੜਾਂ ਪਹਿਲਾਂ ਜਿੰਨੀਆਂ ਹੀ ਸਨ, ਖਰਚ ਵੀ ਹੁੰਦੀਆਂ ਰਹੀਆਂ ਸਨ, ਪਰ ਜਮ੍ਹਾਂ ਵੀ ਹੁੰਦੀਆਂ ਰਹੀਆਂ ਸਨ।
ਉਨ੍ਹਾਂ ਲੱਕੜਾਂ ਤੋਂ ਮੈਂ ਡਰ ਰਿਹਾ ਸਾਂ। ਮੈਨੂੰ ਕਹਾਣੀ ‘ਮਰਨ ਮਿੱਟੀ’ ਯਾਦ ਆਈ ਸੀ। ਮੁਹਾਜ਼ ਵੱਲ ਕੂਚ ਕਰ ਰਿਹਾ ਸੈਨਿਕ ਆਪਣੀ ਪ੍ਰੇਮਿਕਾ ਨੂੰ ਧਰਵਾਸ ਦਿੰਦਾ ਹੈ, ‘‘ਮੈਂ ਪਰਤ ਆਵਾਂਗਾ। ਤੂੰ ਫ਼ਿਕਰ ਨਾ ਕਰੀਂ।’’
‘‘ਤੂੰ ਮੈਨੂੰ ਵਰਚਾ ਰਿਹਾ ਏਂ ਯਾਰ।’’ ਉਹ ਬੁੱਲ੍ਹਾਂ ਵਿਚ ਹੱਸੀ ਸੀ ਤੇ ਅੱਖਾਂ ਅੱਥਰੂਆਂ ਨਾਲ ਭਰ ਗਈਆਂ ਸਨ, ‘‘ਜੰਗ ਨੂੰ ਜਾਣ ਵਾਲੇ ਨਹੀਂ ਪਰਤਦੇ। ਉਹ ਸਾਲਮ-ਸਬੂਤੇ ਕਦੀ ਨਹੀਂ ਪਰਤਦੇ। ਉਹ ਸਾਲਮ ਪਰਤੇ ਹੋਣ ਤਾਂ ਵੀ ਸਾਲਮ ਨਹੀਂ ਹੁੰਦੇ, ਮੈਨੂੰ ਪਤੈ। … ਮੈਂ ਆਪਣੇ ਪਾਪਾ ਨੂੰ ਵੇਖਿਆ ਹੋਇਐ।’’
ਮੈਂ ਭੰਮੱਤਰ ਗਿਆ ਸਾਂ, ਕੀ ਮੈਂ ਸੱਚਮੁੱਚ ਹੀ ਸਾਬਤ ਸਾਂ।
ਮੈਂ ਫ਼ੌਜ ਨੂੰ ਅਲਵਿਦਾ ਕਹਿ ਕੇ ਤੁਰਿਆ ਸਾਂ ਤਾਂ ਮੇਰੇ ਹੱਥ ਖਾਲੀ ਨਹੀਂ ਸਨ। ਫ਼ੌਜ ਨੇ ਮੈਨੂੰ ਅਮੀਰ ਕਰਕੇ ਭੇਜਿਆ ਸੀ। ਜੇ ਮੈਂ ਫ਼ੌਜ ਵਿਚ ਨਾ ਹੁੰਦਾ ਤਾਂ ‘ਨੋ ਮੈਨਜ਼ ਲੈਂਡ’, ‘ਮੋਇਆਂ ਦੀ ਮੰਡੀ’, ‘ਅਲ੍ਹੜ ਬਲ੍ਹੜ ਬਾਵੇ ਦਾ’, ‘ਤਿੰਨ ਕੰਧਾਂ ਵਾਲਾ ਘਰ’, ‘ਬਰਫ਼ ਦਾ ਦਾਨਵ’, ‘ਸੁਪਨਿਆਂ ਦੀ ਸ਼ਨਾਖ਼ਤ’, ‘ਸੂਰਮੇਂ’, ‘ਜੰਮੇ ਹੋਏ ਸਾਹਾਂ ਦੀ ਬਰਫ਼’ ਅਤੇ ਇਹੋ ਜਿਹੀਆਂ ਹੀ ਹੋਰ ਕਈ ਕਹਾਣੀਆਂ ਮੈਂ ਕਦੀ ਵੀ ਨਹੀਂ ਸਨ ਲਿਖ ਸਕਣੀਆਂ।
ਇਹ ਕਹਾਣੀਆਂ ਫ਼ੌਜ ਦਾ ਨਿੱਤ ਦਾ ਜਿਊਣਾ ਸੀ। ਕੋਈ ਫ਼ੌਜ ਤੋਂ ਬਾਹਰ ਬੈਠ ਕੇ ਇਹ ਕਹਾਣੀਆਂ ਲਿਖਣਾ ਵੀ ਚਾਹੇ ਤਾਂ ਉਹਦੇ ਕੋਲੋਂ ਨਹੀਂ ਲਿਖੀਆਂ ਜਾਣੀਆਂ।
ਪਰ ਇਹ ਕਹਾਣੀਆਂ ਮੈਨੂੰ ਮੁਫ਼ਤ ਵਿਚ ਨਹੀਂ ਸਨ ਮਿਲੀਆਂ। ਇਨ੍ਹਾਂ ਕਹਾਣੀਆਂ ਦੀ ਮੈਨੂੰ ਬਹੁਤ ਕੀਮਤ ਤਾਰਨੀ ਪਈ ਸੀ। ਉਹ ਵਰ੍ਹੇ ਜਿਹੜੇ ਮੈਂ ਜਿਊਣਾ ਚਾਹੁੰਦਾ ਸਾਂ, ਇਨ੍ਹਾਂ ਕਹਾਣੀਆਂ ਖ਼ਾਤਰ ਮੈਂ ਫ਼ੌਜ ਨੂੰ ਦੇ ਆਇਆ ਸਾਂ। ਮੇਰੇ ਚਿਹਰੇ ਦੇ ਖੁਰ ਗਏ ਰੰਗ ਵਿਅੰਗ ਨਾਲ ਹੱਸਦੇ ਸਨ। ਮੈਂ ਜਾਣਦਾ ਸਾਂ, ਉਮਰ ਦੀਆਂ ਘਰਾਲਾਂ ਨੂੰ ਹੁਣ ਆਪਣੇ ਉੱਤੋਂ ਕਦੀ ਪੂੰਝਿਆ ਨਹੀਂ ਜਾ ਸਕਣਾ।

+++
ਵੱਨ ਟਨ ਟਰੱਕ ਡਕੋਡੋਲੇ ਖਾਂਦਾ ਪਰਤਾਪੁਰ ਵੱਲ ਤੁਰਿਆ ਜਾ ਰਿਹਾ ਸੀ।
ਮਨ ਦੀ ਅਜੀਬ ਸਥਿਤੀ ਸੀ। ਮੈਂ ਮਨ ਦੀ ਯਾਤਰਾ ਵੱਲ ਤੁਰ ਪਿਆ ਸਾਂ।
ਹੁਣ ਸਾਰਾ ਵੇਲਾ ਮੇਰਾ ਆਪਣਾ ਹੋਵੇਗਾ। ਉਮਰ ਦਾ ਬਾਕੀ ਵੇਲਾ ਮੈਂ ਆਪਣੀ ਮਰਜ਼ੀ ਨਾਲ ਜਿਊਵਾਂਗਾ, ਜਿੱਦਾਂ ਮੈਂ ਜਿਊਣਾ ਚਾਹੁੰਦਾ ਸਾਂ।
ਕੀ ਆਪਣੀ ਮਰਜ਼ੀ ਨਾਲ ਕੋਈ ਜਿਊ ਸਕਿਆ ਹੈ ਕਦੀ?
ਦਰਅਸਲ ਮੇਰਾ ਉਹ ਜਿਊਣਾ ਮੇਰਾ ਲਿਖਣਾ ਹੈ।
ਇਕ ਵਾਰ ਇਕ ਸੁਆਲ ਦੇ ਜੁਆਬ ਵਿਚ ਮੈਂ ਦੱਸਿਆ ਸੀ:
ਰੇਸ਼ਮ ਦਾ ਕੀੜਾ ਰੇਸ਼ਮ ਬੁਣਦਾ ਹੈ ਤੇ ਮੈਂ ਲਿਖਦਾ ਹਾਂ। ਬਹੁਤ ਪਹਿਲਾਂ ਵੀ ਉਹ ਰੇਸ਼ਮ ਬੁਣਦਾ ਸੀ, ਪਰ ਮੈਂ ਲਿਖਦਾ ਨਹੀਂ ਸਾਂ। ਉਦੋਂ ਮੈਂ ਮੂਕ ਦਰਸ਼ਕ ਸਾਂ, ਵੇਖਦਾ ਸਾਂ, … ਤੇ ਬੱਸ ਵੇਖਦਾ ਸਾਂ।
ਇਕ ਦਿਨ ਮੱਥੇ ਵਿਚ ਲਿਸ਼ਕੋਰ ਜਿਹੀ ਪਈ, ਪਲ ਭਰ ਦੇ ਚਾਨਣ ਵਿਚ ਮੈਂ ਵੇਖਿਆ, ਮੇਰੇ ਸਾਹ ਅਰਥਾਂ ਤੋਂ ਵਿਰਵੇ ਸਨ। ਜਿਹੋ ਜਿਹੀ ਦੁਨੀਆਂ ਮੈਨੂੰ ਆਪਣੇ ਰਹਿਣ ਲਈ ਚਾਹੀਦੀ ਸੀ, ਰੱਬ ਕੋਲੋਂ ਨਹੀਂ ਸੀ ਬਣ ਸਕੀ। ਜਾਪਿਆ, ਇਹ ਗੱਲ ਸ਼ਾਇਦ ਮੇਰੀ ਸਮਰੱਥਾ ਵਿਚ ਹੈ। ਮੈਂ ਆਪਣੀ ਇੱਛਾ ਵਰਗਾ ਸੰਸਾਰ ਸਿਰਜ ਸਕਦਾ ਹਾਂ। ਤੇ ਮੈਂ ਲਿਖਣ ਲੱਗ ਪਿਆ।
ਮੈਂ ਬਹੁਤ ਕੁਝ ਸਿਰਜ ਲਿਆ ਸੀ, ਪਰ ਆਪਣੇ ਪਾਤਰਾਂ ਵਿਚ ਜਾਨ ਨਹੀਂ ਸਾਂ ਪਾ ਸਕਿਆ। ਉਸ ਪਲ ਮੈਨੂੰ ਆਪਣੀ ਸਮਰੱਥਾ ਦਾ ਵੀ ਪਤਾ ਲੱਗ ਗਿਆ ਸੀ ਤੇ ਸ਼ਬਦਾਂ ਦੀ ਸੀਮਾ ਦਾ ਵੀ, … ਪਰ ਸ਼ਬਦਾਂ ਦੀ ਪੂਰੀ ਤਾਕਤ ਦਾ ਥਹੁ ਹਾਲੇ ਵੀ ਮੈਨੂੰ ਨਹੀਂ ਲੱਗਾ।
ਹੁਣ, ਜਦੋਂ ਮੈਂ ਲੜਨਾ ਹੁੰਦਾ ਹੈ, ਮੈਂ ਲਿਖਦਾ ਹਾਂ। ਜਦੋਂ ਵਿਰੋਧ ਕਰਨਾ ਹੁੰਦਾ ਹੈ, ਮੈਂ ਲਿਖਦਾ ਹਾਂ। ਮਾਰੂਥਲ ਦੀ ਪਿਆਸ ਦੇ ਜੁਆਬ ਵਿਚ ਵੀ ਲਿਖਦਾ ਹਾਂ ਤੇ ਪੱਤਝੜ ਦੀ ਉਦਾਸੀ ਦੇ ਜੁਆਬ ਵਿਚ ਵੀ। ਕਦੇ ਕਦੇ ਹੈਰਾਨ ਹੋ ਕੇ ਸੋਚਦਾ ਹਾਂ, ਸਭ ਕਾਸੇ ਦੇ ਪ੍ਰਤੀਕਰਮ ਵਜੋਂ ਮੈਂ ਲਿਖਦਾ ਹੀ ਕਿਉਂ ਹਾਂ? ਕਿਤੇ ਇਸ ਕਰਕੇ ਤਾਂ ਨਹੀਂ ਕਿ ਲਿਖਣ ਤੋਂ ਬਿਨਾਂ ਮੈਨੂੰ ਜਿਊਣ ਦਾ ਕੋਈ ਹੋਰ ਢੰਗ ਨਹੀਂ ਆਉਂਦਾ।

+++
ਮੈਂ ਆਪਣੇ ਸਾਹਿਤ ਦੀ ਲੰਮੀ ਯਾਤਰਾ ਦੀ ਪੌੜੀ ਦੇ ਆਖ਼ਰੀ ਡੰਡੇ ਦੇ ਨੇੜੇ-ਤੇੜੇ ਹੀ ਹਾਂ ਕਿਧਰੇ। ਮੈਂ ਭੌਂ ਕੇ ਪਿੱਛੇ ਵੇਖਦਾ ਹਾਂ ਤਾਂ ਹੈਰਾਨ ਹੁੰਦਾ ਹਾਂ, ਮੈਂ ਏਨਾ ਕੁਝ ਕਿਸ ਤਰ੍ਹਾਂ ਲਿਖ ਲਿਆ ਹੈ। ਪਰ ਇਕ ਗੱਲ ਮੈਂ ਹਰਗਿਜ਼ ਵੀ ਨਹੀਂ ਕਹਿ ਸਕਦਾ ਕਿ ਮੈਂ ਬਹੁਤ ਅਗਾਂਹ ਪਹੁੰਚ ਗਿਆ ਹਾਂ ਜਾਂ ਪਹਿਲਾਂ ਲਿਖੇ ਨਾਲੋਂ ਮੈਂ ਹੁਣ ਬਿਹਤਰ ਲਿਖਿਆ। ਕੀ ਪਤੈ, ਸੀਮਾ ਅਤੇ ਸਮਰੱਥਾ ਦੇ ਦਾਇਰੇ ਵਿਚ ਮੈਂ ਆਪਣੇ ਸਿਖਰ ਨੂੰ ਪਹਿਲੋਂ ਹੀ ਛੋਹ ਲਿਆ ਹੋਵੇ।
ਸਿਰਜਣਾ ਦਾ ਫੁੱਲ ਕਿਹੜੀ ਉਮਰ ਪੂਰਾ ਖਿੜੇ, ਇਹਦੇ ਲਈ ਕੁਝ ਵੀ ਪਹਿਲੋਂ ਤੈਅ ਨਹੀਂ।
ਹੋਰਨਾਂ ਲੇਖਕਾਂ ਦੀਆਂ ਰਚਨਾਵਾਂ ਤੋਂ ਵੀ ਲੇਖਕ ਬਹੁਤ ਕੁਝ ਸਿੱਖਦਾ ਹੈ। ਕਿਸੇ ਹੋਰ ਦੀ ਚੰਗੀ ਰਚਨਾ ਸਿਰਜਣਾ ਦੇ ਕਈ ਬੂਹੇ ਲੇਖਕ ਲਈ ਖੋਲ੍ਹ ਦਿੰਦੀ ਹੈ, ਪਰ ਲੇਖਕ ਦਾ ਸਿਰਜਣਾਤਮਕ ਵਿਕਾਸ ਉਹਦਾ ਆਪਣਾ ਸੰਵੇਦਨ ਹੀ ਕਰਦਾ ਹੈ।
ਮਹਾਨ ਪੁਸਤਕਾਂ ਪੜ੍ਹਦਿਆਂ ਮੈਨੂੰ ਅਕਸਰ ਪ੍ਰੇਰਣਾ ਮਿਲੀ ਹੈ, ਪਰ ਸਾਹਿਤ ਸਿਰਜਣਾ ਦੇ ਸਿਧਾਂਤਾਂ ਬਾਰੇ ਜਦੋਂ ਕਦੀ ਕੁਝ ਪੜ੍ਹਦਾ ਹਾਂ ਤਾਂ ਹੈਰਾਨ ਰਹਿ ਜਾਂਦਾ ਹਾਂ। ਉਹ ਸਿਧਾਂਤ ਮੈਨੂੰ ਲੇਖਕ ਨਹੀਂ ਬਣਾਉਂਦੇ। ਸਾਹਿਤ ਸਿਰਜਣਾ ਵੇਲੇ ਤਾਂ ਮੇਰਾ ਅਨੁਭਵ, ਮੇਰਾ ਸੰਵੇਦਨ ਤੇ ਮੇਰੀ ਕਲਪਨਾ ਹੀ ਮੇਰੇ ਕੰਮ ਆਉਂਦੇ ਹਨ।
ਲੇਖਕ ਵਜੋਂ ਮੇਰੇ ਕੋਲ ਮਨ ਦੀ ਸੰਤੁਸ਼ਟੀ ਹੈ। ਮੈਂ ਪੈਸੇ ਖ਼ਾਤਰ ਲੇਖਕ ਨਹੀਂ ਬਣਿਆ। ਜਨੂੰਨ ਨੇ ਮੈਨੂੰ ਲੇਖਕ ਬਣਨ ਲਈ ਪ੍ਰੇਰਿਆ ਸੀ। ਜਨੂੰਨ ਹਮੇਸ਼ਾ ਮੇਰੇ ਨਾਲ ਰਿਹਾ ਹੈ। ਜਨੂੰਨ ਨੇ ਤਾਂ ਅੱਜ ਵੀ ਮੇਰਾ ਪਿੱਛਾ ਨਹੀਂ ਛੱਡਿਆ। ਜਦੋਂ ਲਿਖਣ ਲਈ ਮਾਹੌਲ ਸਾਜ਼ਗਰ ਨਹੀਂ ਸੀ। ਫ਼ੌਜ ਲਿਖਣ ਲਈ ਵਕਤ ਨਹੀਂ ਸੀ ਦਿੰਦੀ, ਫ਼ੌਜ ਦਾ ਕਾਨੂੰਨ ਵੀ ਲਿਖਣ ਅਤੇ ਛਪਵਾਉਣ ਤੋਂ ਵਰਜਦਾ ਸੀ, ਉਦੋਂ ਵੀ ਲਿਖਣ ਦਾ ਜਨੂੰਨ ਮੇਰੇ ਕੋਲ ਸੀ।
ਜਨੂੰਨ ਮੈਨੂੰ ਸਕੂਨ ਦਿੰਦਾ ਹੈ। ਮੇਰਾ ਲਿਖਣ ਦਾ ਫਤੂਰ ਬਣਿਆ ਰਹੇ ਤਾਂ ਬਿਹਤਰ!
ਆਮ ਤੌਰ ’ਤੇ ਲੇਖਕ ਆਸ ਕਰਦਾ ਹੈ ਕਿ ਆਲੋਚਕ ਉਹਦੀਆਂ ਰਚਨਾਵਾਂ ਨੂੰ ਗੌਲਣ, ਉਨ੍ਹਾਂ ਰਾਹੀਂ ਪਾਠਕ ਨੂੰ ਰਚਨਾ ਦਾ ਥਹੁ ਲੱਗੇ। ਪਰ ਅਜਿਹਾ ਹੁੰਦਾ ਨਹੀਂ। ਬਹੁਤੀ ਵਾਰ ਆਲੋਚਨਾ ਵਾਹ ਵਾਹ ਤਕ ਸੀਮਤ ਹੋ ਜਾਂਦੀ ਹੈ ਜਾਂ ਫਿਰ ਛਿੱਲ-ਤਰਾਸ਼ ਵਿਚ ਰੁਝ ਜਾਂਦੀ ਹੈ:
‘ਸਕੂਨ ਨਸੀਬ ਨਹੀਂ ਹੈ ਮੁਝੇ ਉਜਾਲੋਂ ਮੇਂ
ਚਿਰਾਗ਼ ਲੇ ਕੇ ਅੰਧੇਰੇ ਢੂੰਡਤਾ ਹੂੰ ਮੈਂ।’
ਕੁਝ ਇਸ ਤਰ੍ਹਾਂ ਦੀ ਹੈ ਸਾਡੀ ਆਲੋਚਨਾ ਵੀ। ਨਰੋਈ ਪੜਚੋਲ ਨਿਸ਼ਚੇ ਹੀ ਲੇਖਕ ਦਾ ਉਤਸ਼ਾਹ ਵਧਾ ਸਕਦੀ ਹੈ, ਪਰ ਉਸ ਪੜਚੋਲ ਵਿਚ ਲੇਖਕ ਨੂੰ ਗ਼ਲਤ ਰਾਹੇ ਪਾਉਣ ਦੀ ਗੁੰਜਾਇਸ਼ ਵੀ ਬਹੁਤ ਹੁੰਦੀ ਹੈ। ਪੰਜਾਬੀ ਦੇ ਕਈ ਲੇਖਕ ਆਲੋਚਕਾਂ ਦੀ ‘ਮਿਹਰ’ ਦੀ ਨਜ਼ਰ ਸਦਕਾ ਭਟਕੇ ਵੀ ਹਨ ਅਤੇ ਗੁਆਚ ਵੀ ਗਏ ਹਨ।
ਆਲੋਚਕ ਕਿਸੇ ਨੂੰ ਸਥਾਈ ਮਾਨਤਾ ਨਹੀਂ ਦਿਲਾ ਸਕਦਾ। ਪਾਠਕ ਹੀ ਲੇਖਕ ਨੂੰ ਸਥਾਪਿਤ ਕਰਦਾ ਹੈ। ਪਾਠਕ ਹੀ ਲੇਖਕ ਦਾ ਸੱਚਾ-ਸੁੱਚਾ ਆਲੋਚਕ ਹੈ। ਪਾਠਕ ਦੀ ਰਾਇ ਵਿਚ ਨਿਰਛਲਤਾ ਹੁੰਦੀ ਹੈ। ਪਾਠਕ ਲੇਖਕ ਨੂੰ ਬਿਹਤਰੀ ਵੱਲ ਲੈ ਕੇ ਜਾ ਸਕਦਾ ਹੈ।
ਮੇਰੀ ਇਕ ਆਲੋਚਕ ਮੇਰੀ ਬੇਟੀ ਵੀ ਹੈ।
ਆਦਿਕਾ ਉਦੋਂ ਚੌਥੀ ਜਾਂ ਸ਼ਾਇਦ ਪੰਜਵੀਂ ਜਮਾਤ ਵਿਚ ਪੜ੍ਹਦੀ ਸੀ। ਉਨ੍ਹੀਂ ਦਿਨੀਂ ਮੈਂ ਬਾਲਾਂ ਲਈ ਇਕ ਨਿੱਕਾ ਜਿਹਾ ਨਾਵਲ ਲਿਖਿਆ ਸੀ। ‘ਮਗਰਮੱਛਾਂ ਦਾ ਬਸੇਰਾ’ ਉਸ ਨਾਵਲ ਦਾ ਨਾਂ ਸੀ। ਉਸ ਨਾਵਲ ਵਿਚ ਪਿੰਡ ਦੇ ਲੋਕ ਇਕ ਮਗਰਮੱਛ ਨੂੰ ਫੜ ਕੇ ਰੱਸਿਆਂ ਨਾਲ ਬੰਨ੍ਹ ਦਿੰਦੇ ਹਨ। ਉਸ ਮਗਰਮੱਛ ਨੇ ਪਿੰਡ ਵਾਲਿਆਂ ਦਾ ਬਹੁਤ ਨੁਕਸਾਨ ਕੀਤਾ ਸੀ। ਮਗਰਮੱਛ ਨੇ ਲੋਕਾਂ ਦੇ ਮਾਲ-ਡੰਗਰ ਨੂੰ ਆਪਣਾ ਭੋਜਨ ਬਣਾਇਆ ਸੀ। ਪਿੰਡ ਵਾਲੇ ਉਸ ਮਗਰਮੱਛ ਨੂੰ ਮਾਰ ਮੁਕਾਉਣਾ ਚਾਹੁੰਦੇ ਹਨ।
ਮੈਂ ਕਹਾਣੀ, ਨੂੰ ਕੁਝ ਇਸ ਤਰ੍ਹਾਂ ਲਿਖਿਆ ਕਿ ਮਗਰਮੱਛ ਮਰਨ ਤੋਂ ਬਚ ਜਾਵੇ। ਮੈਂ ਮਗਰਮੱਛ ਨੂੰ ਮੌਤ ਦੇ ਚੁੰਗਲ ਵਿਚੋਂ ਬਚਾਅ ਕੇ ਇਕ ਚਿੜੀਆ ਘਰ ਵਿਚ ਭਿਜਵਾ ਦਿੱਤਾ, ਜਿੱਥੇ ਉਹ ਆਰਾਮ ਅਤੇ ਸੁਖ-ਸ਼ਾਂਤੀ ਨਾਲ ਰਹਿ ਸਕੇ। ਨਾਵਲ ਪੜ੍ਹਨ ਪਿੱਛੋਂ ਆਦਿਕਾ ਨੇ ਇਕ ਸਹਿਜ ਟਿੱਪਣੀ ਕੀਤੀ। ਉਸ ਕਿਹਾ, ‘‘ਪਾਪਾ! ਤੁਸੀਂ ਤਾਂ ਮਗਰਮੱਛ ਨੂੰ ਉਮਰ ਭਰ ਲਈ ਕੈਦ ਕਰ ਦਿੱਤਾ। ਉਹ ਥੋੜ੍ਹੀ ਜਿਹੀ ਥਾਂ ਵਿਚ ਕਿਸ ਤਰ੍ਹਾਂ ਖੁਸ਼ ਰਹੂ।’’
ਮੈਂ ਤ੍ਰਭਕਿਆ ਸਾਂ। ਇਹ ਇਕ ਅਹਿਮ ਨੁਕਤਾ ਸੀ ਜਿਸ ਵੱਲ ਮੇਰਾ ਧਿਆਨ ਹੀ ਨਹੀਂ ਸੀ ਗਿਆ। ਮੈਨੂੰ ਆਦਿਕਾ ਦਾ ਕਿੰਤੂ ਸੌ ਪ੍ਰਤੀਸ਼ਤ ਵਾਜਬ ਜਾਪਿਆ ਸੀ। ਮੈਂ ‘ਮਗਰਮੱਛਾਂ ਦਾ ਬਸੇਰਾ’ ਨਾਵਲ ਦੇ ਅੰਤਲੇ ਕੁਝ ਕਾਂਡ ਮੁੜ ਲਿਖੇ ਸਨ ਅਤੇ ਉਸ ਤੋਂ ਬਾਅਦ ਹੀ ਨਾਵਲ ਨੂੰ ਛਪਵਾਉਣ ਬਾਰੇ ਸੋਚਿਆ ਸੀ।
ਕਾਸ਼! ਸਾਡੀ ਆਲੋਚਨਾ ਏਨੀ ਹੀ ਸਹਿਜ ਅਤੇ ਨਿਰਛਲ ਹੋਵੇ ਤੇ ਲੇਖਕ ਵੀ ਨਰੋਈ ਆਲੋਚਨਾ ਨੂੰ ਖਿੜੇ ਮੱਥੇ ਲੈਣ!

+++
ਵਰਦੀ ਕਿੱਲੀ ਉੱਤੇ ਟੰਗਣ ਪਿੱਛੋਂ ਮੇਰੇ ਊਂਘ ਰਹੇ ਸ਼ੌਕ ਮੁੜ ਸੋਮਨ ਹੋ ਗਏ ਸਨ।
ਸੈਨਾ ਦੀ ਨੌਕਰੀ ਦੌਰਾਨ ਮੈਂ ਫ਼ਿਲਮਾਂ ਵਾਲਿਆਂ ਵਿਚ ਵੀ ਵਿਚਰਦਾ ਰਿਹਾ ਸਾਂ। ਮੈਂ ਫ਼ਿਲਮ ਨਿਰਦੇਸ਼ਨ ਦੀਆਂ ਬਾਰੀਕੀਆਂ ਸਿੱਖਣ ਦੀ ਕੋਸ਼ਿਸ਼ ਵੀ ਕੀਤੀ ਸੀ। ਮੈਂ ਫ਼ਿਲਮਾਂ ਬਣਾਉਣ ਵੱਲ ਵੀ ਰੁਚਿਤ ਹੋਇਆ ਸਾਂ। ਫ਼ਿਲਮਾਂ ਵਾਲਿਆਂ ਨਾਲ ਮੇਰੀ ਦੋਸਤੀ ਕਾਰਨ, ਭਵਿੱਖ ਵਿਚ ਲਿਖੇ ਜਾਣ ਵਾਲੇ ਨਾਵਲ ‘ਮਹੂਰਤ’ ਲਈ ਅਚੇਤੇ ਸਮੱਗਰੀ ਇਕੱਠੀ ਹੁੰਦੀ ਰਹੀ ਸੀ।
ਮੇਰੀ ਦਸਤਾਵੇਜ਼ੀ ਫ਼ਿਲਮਾਂ ਬਣਾਉਣ ਦੀ ਇੱਛਾ ਜਾਗੀ ਹੋਈ ਸੀ। ਮੈਂ ਮੁੜ ਚਿੱਤਰਕਾਰੀ ਵੀ ਕਰਨਾ ਚਾਹੁੰਦਾ ਸਾਂ। ਲਿਖਣਾ ਤਾਂ ਖ਼ੈਰ ਮੇਰੀ ਪਹਿਲੀ ਮੁਹੱਬਤ ਸੀ। ਮਾਰੂਥਲ ਦੇ ਰਾਹੀ ਦੀ ਤੇਹ ਸਾਹਵੇਂ ਜਿਵੇਂ ਠੰਢੇ-ਮਿੱਠੇ ਪਾਣੀ ਦਾ ਦਰਿਆ ਵਿਛਿਆ ਹੋਇਆ ਸੀ। ਮੇਰੀ ਤੇਹ, ਘੁੱਟ, ਦੋ ਘੁੱਟ ਪਾਣੀ ਨਹੀਂ ਸੀ, ਪੂਰਾ ਦਰਿਆ ਸੀ।
ਉਦੋਂ ਮੈਂ ਕੈਨਵਸ ਉੱਤੇ ਕੁਝ ਤੇਲ-ਚਿੱਤਰ ਬਣਾਏ ਸਨ। ਉਨ੍ਹਾਂ ਪੇਂਟਿੰਗਜ਼ ਨੂੰ ਮੈਂ ਆਪਣੀਆਂ ਪੁਸਤਕਾਂ ਦੇ ਸਰਵਰਕ ਵਜੋਂ ਵਰਤਣ ਦਾ ਵੀ ਸੋਚਿਆ ਸੀ।
ਮੁਹੱਬਤ ਨਾਲ ਵਾਬਸਤਾ ਕਹਾਣੀਆਂ ਦੀ ਪੁਸਤਕ ‘ਬੀਬਾ ਕਬੂਤਰ’ ਦੇ ਸਰਵਰਕ ਲਈ ਮੈਂ ਆਪਣੀ ਹੀ ਇਕ ਪੇਂਟਿੰਗ ਵਰਤੀ ਸੀ। ‘ਮਹੂਰਤ’ ਨਾਵਲ ਦਾ ਸਰਵਰਕ ਮੈਂ ਖ਼ੁਦ ਡਿਜ਼ਾਈਨ ਕੀਤਾ ਸੀ। ਕਈ ਕਿਤਾਬਾਂ ਲਈ ਅੱਖਰਕਾਰੀ ਵੀ ਮੈਂ ਆਪ ਹੀ ਕੀਤੀ ਸੀ।
ਨਿੱਕੇ ਹੁੰਦਿਆਂ ਤੋਂ ਹੀ ਸਿਨੇਮਾ ਮੇਰਾ ਪਰੀ-ਲੋਕ ਸੀ। ਫ਼ਿਲਮਾਂ ਦਾ ਤਲਿਸਮ ਮੇਰੇ ਲਈ ਅੱਜ ਵੀ ਬਰਕਰਾਰ ਹੈ। ਅੱਜ ਵੀ ਫ਼ਿਲਮਾਂ ਮੇਰੀ ਕਲਪਨਾ ਨੂੰ ਹਵਾ ਦਿੰਦੀਆਂ ਨੇ। ਫ਼ਿਲਮਕਾਰ ਹਰਜੀਤ ਸਿੰਘ, ਦੂਰਦਰਸ਼ਨ ਦਾ ਨਿਰਮਾਤਾ ਆਗਿਆਪਾਲ ਸਿੰਘ ਰੰਧਾਵਾ, ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਦਾ ਪ੍ਰੋਫੈਸਰ ਗੁਰਚਰਨ ਚੰਨੀ ਅਤੇ ‘ਮੜ੍ਹੀ ਦਾ ਦੀਵਾ’ ਵਰਗੀ ਫ਼ਿਲਮ ਦਾ ਨਿਰਦੇਸ਼ਕ ਸੁਰਿੰਦਰ ਸਿੰਘ ਵਰਗੇ ਜ਼ਹੀਨ ਤੇ ਕਲਪਨਾਸ਼ੀਲ ਦੋਸਤਾਂ ਦੇ ਸਾਥ ਵਿਚ ਮੈਂ ਸਹਿਜ ਭਾਅ ਹੀ ਫ਼ਿਲਮ ਨਿਰਦੇਸ਼ਨ ਅਤੇ ਨਿਰਮਾਣ ਦੇ ਗੁਰ ਸਿੱਖਦਾ ਰਿਹਾ ਸਾਂ। ਉਹ ਗਿਆਨ ਦਸਤਾਵੇਜ਼ੀ ਫ਼ਿਲਮਾਂ ਬਣਾਉਣ ਵੇਲੇ ਮੇਰੇ ਕੰਮ ਆਇਆ ਸੀ। ਮੈਂ ਦੂਰਦਰਸ਼ਨ, ਪੰਜਾਬ ਸਰਕਾਰ ਅਤੇ ਇਕ ਹੋਰ ਅਦਾਰੇ ਲਈ ‘ਸੇਵਕ ਕੋ ਸੇਵਾ ਬਨਿ ਆਈ’, ‘ਅੰਗਹੀਨਾ ਦੀ ਮੁਸਕਾਨ’, ‘ਮੈਂ ਤਿਤਲੀ’, ‘ਚੰਨ ਚੜ੍ਹਿਆ ਬਾਪ ਦੇ ਵਿਹੜੇ’, ਕਾਲਾ ਵੀ ਗੁਲਾਬ’ ਆਦਿ ਕੁਝ ਨਿੱਕੀਆਂ ਫ਼ਿਲਮਾਂ ਬਣਾਈਆਂ ਸਨ।
ਮੈਨੂੰ ਸਾਹਿਤ ਸਿਰਜਣ, ਫ਼ਿਲਮ ਨਿਰਮਾਣ ਅਤੇ ਪੇਂਟਿੰਗ ਬਣਾਉਣ ਵਿਚ ਬਹੁਤਾ ਫ਼ਰਕ ਨਹੀਂ ਸੀ ਜਾਪਿਆ, ਮੇਰੇ ਹੱਥ ਵਿਚ ਕਦੀ ਕਲਮ ਆ ਜਾਂਦੀ ਸੀ, ਕਦੀ ਬੁਰਸ਼ ਤੇ ਕਦੀ ਕੈਮਰਾ! ਕਲਪਨਾ ਤੋਂ ਬਿਨਾਂ ਕੋਈ ਵਿਧਾ ਵੀ ਉਡਾਣ ਨਹੀਂ ਸੀ ਭਰਦੀ।
ਸਾਹਿਤ ਵਿਚ ਮੇਰੇ ਲਈ ਸਕੂਨ ਸੀ, ਪਰ ਕੁਝ ਕੰਮਾਂ ਵਿਚ ਮੈਂ ਸਾਹਿਤ ਤੋਂ ਬਾਹਰ ਤੁਰ ਪਿਆ ਸਾਂ। ਮੈਂ ਖਿਲਰ ਰਿਹਾ ਸਾਂ। ਉਦੋਂ ਖਿਆਲ ਆਇਆ, ਮੈਂ ਚੌਰਾਹਾ ਨਹੀਂ ਸਾਂ ਕਿ ਚਾਰੇ ਪਾਸੇ ਫੈਲ ਜਾਵਾਂ। ਮੈਂ ਇਕ ਸਾਂ। ਵਕਤ ਸੀਮਤ ਸੀ ਤੇ ਮੈਂ ਵੇਲੇ ਤੋਂ ਖੁੰਝਿਆ ਹੋਇਆ ਸਾਂ। ਮੇਰਾ ਆਪਣੇ ਆਪ ਵੱਲ ਪਰਤਣਾ ਬਣਦਾ ਸੀ।
ਮੇਰੇ ਮਨ ਦਾ ਫ਼ੈਸਲਾ ਉਦੋਂ ਅਮਲ ਵਿਚ ਨਹੀਂ ਸੀ ਆਇਆ। ਉਮਰ ਦੇ ਇਸ ਪੜਾਅ ਉੱਤੇ ਮੈਂ ਉਸ ਫ਼ੈਸਲੇ ਨੂੰ ਹੋਰ ਮੁਲਤਵੀ ਨਹੀਂ ਸਾਂ ਕਰ ਸਕਦਾ। ਮੇਰੇ ਲਿਖਣ ਲਈ ਕੁਝ ਬਾਕੀ ਸੀ ਜਿਹੜਾ ਮੈਂ ਵੇਲਾ ਮੁੱਕਣ ਤੋਂ ਪਹਿਲਾਂ ਲਿਖ ਲੈਣਾ ਚਾਹੁੰਦਾ ਸਾਂ। ਫ਼ੌਜ ਤੋਂ ਆਉਣ ਵੇਲੇ ਮੈਂ ਬਹੁਤ ਬੀਜ ਚੁਣ ਕੇ ਲੈ ਆਇਆ ਸਾਂ। ਕੁਝ ਫੁੱਟੀਆਂ ਹੋਈਆਂ ਕਰੂੰਬਲਾਂ ਵੀ ਮੈਂ ਸਹੇਜ ਕੇ ਰੱਖੀਆਂ ਹੋਈਆਂ ਸਨ।
… ਤੇ ਮੈਂ ਆਪਣਾ ਆਪ ਕਲੁੰਜ ਲਿਆ ਸੀ। ਦਰਅਸਲ ਸਿਰਫ਼ ਦਲੀਲ ਨੇ ਹੀ ਨਹੀਂ, ਵਧ ਰਹੀ ਉਮਰ ਨੇ ਵੀ ਮੇਰੀਆਂ ਬਹੁਤ ਸਾਰੀਆਂ ਦਿਲਚਸਪੀਆਂ ਨੂੰ ਛਾਂਗਿਆ ਸੀ।

+++
ਨਿੱਕੇ ਹੁੰਦਿਆਂ ਮੈਂ ਖਹਿੜੇ ਪੈ ਜਾਂਦਾ ਸਾਂ ਤਾਂ ਮਾਂ ਬਾਤ ਸੁਣਾਉਣੀ ਮੰਨ ਜਾਂਦੀ ਸੀ। ਪਰ ਬਾਤ ਸੁਣਾਉਣ ਤੋਂ ਪਹਿਲਾਂ ਉਹ ਇਕ ਸ਼ਰਤ ਰੱਖਦੀ ਸੀ, ‘‘ਬੀਰ! ਤੂੰ ਬਾਤ ਦਾ ਹੁੰਗਾਰਾ ਭਰੀਂ। …ਜੇ ਹੁੰਗਾਰਾ ਨਾ ਭਰਿਆ ਤਾਂ ਬਾਤ ਨੇ ਮੁੱਕ ਜਾਣਾ ਏ।’’ ਬਾਤ ਮੁੱਕ ਜਾਣ ਦੇ ਡਰੋਂ ਮੈਂ ਹੁੰਗਾਰਾ ਭਰਨ ਲੱਗ ਪੈਂਦਾ ਸਾਂ। ਕੁਝ ਚਿਰ ਪਿੱਛੋਂ ਹੁੰਗਾਰਾ ਅੱਧ-ਸੁੱਤਾ ਜਿਹਾ ਹੋ ਜਾਂਦਾ ਸੀ। ਫੇਰ ਪਤਾ ਵੀ ਨਹੀਂ ਸੀ ਲੱਗਦਾ ਤੇ ਬਾਤ ਵਾਲਾ ਰਾਜਕੁਮਾਰ ਮੇਰੀਆਂ ਨੀਂਦ ਨਾਲ ਭਰੀਆਂ ਹੋਈਆਂ ਅੱਖਾਂ ਵਿਚੋਂ ਅਲੋਪ ਹੋ ਜਾਂਦਾ ਸੀ। ਮੈਂ ਗੂੜ੍ਹੀ ਨੀਂਦ ਵਿਚ ਲਹਿ ਜਾਂਦਾ ਸਾਂ।
ਬਾਤ ਦਾ ਹੁੰਗਾਰਾ ਬਾਤ ਨੂੰ ਤੋਰੀ ਰੱਖਣ ਲਈ ਹਮੇਸ਼ਾਂ ਤੋਂ ਪ੍ਰੇਰਣਾ ਦਾ ਹੁੰਗਾਰਾ ਹੀ ਰਿਹਾ ਹੈ। ਪਰ ਹੁੰਗਾਰੇ ਦੇ ਸੌਂ ਜਾਣ ਨਾਲ ਬਾਤ ਦਾ ਸੌਂ ਜਾਣਾ ਲੇਖਕ ਦੀ ਸਹਿਜਤਾ ਨਹੀਂ। ਲਿਖਣਾ ਲੇਖਕ ਦਾ ਧਰਮ ਹੈ, ਉਹਦਾ ਕੰਮ ਹੈ, ਉੁਹਦੀ ਇਬਾਦਤ ਹੈ।
ਲਿਖਣਾ ਲੇਖਕ ਦਾ ਜਿਊਣਾ ਹੈ। ਇਨਾਮ-ਸਨਮਾਨ ਸ਼ਾਇਦ ਲੇਖਕ ਦੀ ਬਾਤ ਦੇ ਹੁੰਗਾਰੇ ਵਜੋਂ ਹੀ ਸ਼ੁਰੂ ਹੋਏ ਹੋਣਗੇ। ਇਹ ਲੇਖਕ ਨੂੰ ਸ਼ਾਬਾਸ਼ ਕਹਿਣ ਲਈ ਹੀ ਸਨ।
ਜਦੋਂ ਮੈਂ ਸਾਲਾਨਾ ਛੁੱਟੀ ਉੱਤੇ ਘਰ ਜਾਂਦਾ ਸਾਂ ਤਾਂ ਦੋਸਤਾਂ ਦੀਆਂ ਮਹਿਫ਼ਲਾਂ ਵਿਚ ਹੋਰ ਹੋਰ ਜਿਹੀਆਂ ਗੱਲਾਂ ਸੁਣਦਾ ਸਾਂ। ਉਹ ਦੱਸਦੇ, ਇਨਾਮਾਂ-ਸਨਮਾਨਾਂ ਦੇ ਹਾਸਲ ਲਈ ਕੁਝ ਲੇਖਕ ਇਸ ਤਰ੍ਹਾਂ ਵੀ ਭੱਜ-ਨੱਸ ਕਰਦੇ ਹਨ ਕਿ ਇਨਾਮ ਮਿਲ ਜਾਣ ਪਿੱਛੋਂ ਉਨ੍ਹਾਂ ਦੇ ਮੂੰਹ ਉੱਤੇ ‘ਫਿੱਟੇ ਮੂੰਹ’ ਛਪ ਜਾਂਦਾ ਹੈ।
ਸੜਕ ਕਿਨਾਰੇ ਚਿਣੀਆਂ ਹੋਈਆਂ ਲੱਕੜਾਂ ਦੇ ਕੋਲੋਂ ਲੰਘਦਿਆਂ ਮੈਨੂੰ ਜਾਪਿਆ, ਜਿਵੇਂ ਫ਼ੌਜ ਨੂੰ ਸਲਾਮ ਕਹਿ ਕੇ ਮੈਂ ‘ਫਿੱਟੇ ਮੂੰਹ’ ਵਾਲੀ ਦੌੜ ਵਿਚ ਸ਼ਾਮਲ ਹੋਣ ਜਾ ਰਿਹਾ ਹੋਵਾਂ। ਪਰਤਾਪੁਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਮੈਂ ਖ਼ੁਦ ਕੋਲੋਂ ਵਾਅਦਾ ਲੈ ਲਿਆ ਕਿ ਵਿਸ਼ੇਸ਼ ਤਰ੍ਹਾਂ ਦੇ ਇਨਾਮ-ਯਾਫ਼ਤਾ ਲੇਖਕਾਂ ਦੀ ਸੂਚੀ ਵਿਚ ਕਦੀ ਆਪਣਾ ਨਾਂ ਸ਼ਾਮਲ ਨਹੀਂ ਹੋਣ ਦੇਣਾ।
ਨਵੀਂ ਰਚਨਾ ਲਿਖਣ ਵੇਲੇ ਮੈਂ ਉਸ ਰਚਨਾ ਦਾ ਇਕ ਨਾਂ ਰੱਖ ਲੈਂਦਾ ਹਾਂ। ਉਦੋਂ ਮੈਨੂੰ ਇਹ ਪਤਾ ਨਹੀਂ ਹੁੰਦਾ, ਉਹ ਨਾਂ ਆਰਜ਼ੀ ਹੈ ਕਿ ਪੱਕਾ।
ਉਹ ਫਾਇਲ ਰਚਨਾ ਦੀ ਤਿਆਰੀ ਦੀ ਫਾਇਲ ਹੁੰਦੀ ਹੈ। ਉਸ ਫਾਇਲ ਵਿਚ ਵਿਸ਼ੇ ਨਾਲ ਸਬੰਧ ਰੱਖਦੇ ਨਿੱਕੇ ਨਿੱਕੇ ਵੇਰਵੇ, ਸੂਚਨਾਵਾਂ, ਅਖ਼ਬਾਰਾਂ ਦੀਆਂ ਕਤਰਨਾ, ਕੁਝ ਪੂਰੇ ਤੇ ਕੁਝ ਅਧੂਰੇ ਲਿਖੇ ਹੋਏ ਕਾਗਜ਼ ਹੌਲੀ ਹੌਲੀ ਜਮ੍ਹਾਂ ਹੋਈ ਜਾਂਦੇ ਹਨ। ਮੈਂ ਆਪਣੀ ਹਰ ਰਚਨਾ ਲਈ ਵਿਸ਼ੇ ਨਾਲ ਸਬੰਧਿਤ ਖੋਜ ਜ਼ਰੂਰੀ ਸਮਝਦਾ ਹਾਂ।
ਇਕ ਇਹੋ ਜਿਹਾ ਵੇਲਾ ਸੀ ਕਿ ਮੇਰੇ ਲਈ ਸਿਰਜਣਾ ਦੇ ਬੀਜ ਛੇਤੀ ਛੇਤੀ ਫੁੱਟਦੇ ਸਨ। ਨੌਕਾਰੀ ਕਾਰਨ ਮੇਰੇ ਕੋਲ ਲਿਖਣ ਲਈ ਬਹੁਤਾ ਵਕਤ ਨਹੀਂ ਸੀ ਹੁੰਦਾ। ਉਦੋਂ ਮੈਂ ਛੇਤੀ ਛੇਤੀ ਉਸ ਰਚਨਾ ਨੂੰ ਜਿੰਨਾ ਕੁ ਲਿਖ ਸਕਦਾ ਸਾਂ, ਲਿਖ ਲੈਂਦਾ ਸਾਂ। ਯਤਨ ਕਰਦਾ ਸਾਂ ਕਿ ਖਾਕਾ ਅਧੂਰਾ ਨਾ ਹੋਵੇ ਤੇ ਰਚਨਾ ਮੈਥੋਂ ਗੁਆਚ ਨਾ ਜਾਵੇ।
ਮੇਰੇ ਨਾਲ ਕਈ ਵਾਰ ਇਸ ਤਰ੍ਹਾਂ ਵੀ ਹੋਇਆ ਹੈ ਕਿ ਸਹਿਜ ਭਾਅ ਲਿਖੀ ਜਾ ਰਹੀ ਕਿਸੇ ਰਚਨਾ ਦੇ ਸਾਹਵੇਂ ਕੋਈ ਕੰਧ ਆ ਜਾਂਦੀ ਹੈ, ਕਲਮ ਨੂੰ ਕੋਈ ਰਾਹ ਨਹੀਂ ਮਿਲਦਾ। ਅੱਕੀਂ-ਪਲ੍ਹਾਈਂ ਹੱਥ ਮਾਰਨ ਦੀ ਬਜਾਏ ਉਹ ਅਧੂਰੀ ਰਚਨਾ ਉਦੋਂ ਮੈਂ ਫਾਇਲ ਵਿਚ ਰੱਖ ਦਿੰਦਾ ਹਾਂ। ਕੁਝ ਸਮਾਂ ਪਾ ਕੇ ਕੁਝ ਹੋਰ ਵਾਪਰਦਾ ਹੈ। ਉਹ ਵਾਪਰਨਾ ਉਸ ਕਹਾਣੀ ਨੂੰ ਰਾਹ ਦੇ ਦਿੰਦਾ ਹੈ।
ਫਾਇਲਾਂ ਦੀ ਗਿਣਤੀ ਵਧਦੀ, ਘਟਦੀ ਰਹਿੰਦੀ ਹੈ।
ਨਾਵਲ ‘ਰੇਤ ਵਿਚ ਡੁੱਬੀਆਂ ਨਦੀਆਂ’ ਲਿਖਣ ਦਾ ਖਿਆਲ ਮੈਨੂੰ ਫ਼ੌਜੀ ਕਿੱਤੇ ਦੇ ਮੁਢਲੇ ਵਰ੍ਹਿਆਂ ਵਿਚ ਹੀ ਆਇਆ ਸੀ।
ਇਕ ਫ਼ੌਜੀ ਯੂਨਿਟ ਦੀ ਲਾਇਬਰੇਰੀ ਵਿਚੋਂ ਮੈਨੂੰ ਇਕ ਕਿਤਾਬ ਅਚਨਚੇਤੀ ਹੀ ਲੱਭ ਪਈ ਸੀ। ਉਹ ਕਿਸੇ ਅਮਰੀਕੀ ਲੇਖਕ ਦੀ ਅਮਰੀਕੀ ਸੈਨਿਕਾਂ ਦੀਆਂ ਬੀਵੀਆ ਦੇ ਦੁੱਖਾਂ-ਸੁੱਖਾਂ, ਸੰਸਿਆਂ, ਸੰਤਾਪਾਂ ਅਤੇ ਉਨ੍ਹਾਂ ਦੇ ਰਹਿਣ-ਸਹਿਣ ਬਾਰੇ ਇਕ ਖੋਜ-ਪੁਸਤਕ ਸੀ। ਉਸ ਕਿਤਾਬ ਦੇ ਵੇਰਵੇ ਤਕਲੀਫ਼ਦੇਹ ਸਨ।
ਭਾਰਤੀ ਸੈਨਿਕਾਂ ਦੀਆਂ ਬੀਵੀਆਂ ਦੇ ਦੁੱਖ ਅਮਰੀਕੀ ਸੈਨਿਕਾਂ ਦੀਆਂ ਬੀਵੀਆਂ ਦੇ ਦੁੱਖਾਂ ਨਾਲੋਂ ਵੱਡੇ ਸਨ ਤੇ ਵੱਖਰੇ ਵੀ ਸਨ। ਅਮਰੀਕੀ ਸੈਨਿਕਾਂ ਦੀਆਂ ਬੀਵੀਆਂ ਦਾ ਜਿਊਣਾ ਕੁਝ ਹੋਰ ਤਰ੍ਹਾਂ ਦਾ ਸੀ। ਭਾਰਤੀ ਸੈਨਿਕਾਂ ਦੀਆਂ ਬੀਵੀਆਂ ਦੁਆਲੇ ਰਿਸ਼ਤਿਆਂ ਦਾ ਤਾਣਾ-ਬਾਣਾ ਉਨ੍ਹਾਂ ਦੇ ਦੁੱਖਾਂ ਨੂੰ ਸੰਘਣਿਆਂ ਵੀ ਕਰਦਾ ਸੀ ਤੇ ਕਈ ਵਾਰ ਉਨ੍ਹਾਂ ਦੇ ਦੁੱਖਾਂ ਲਈ ਆਸਰਾ ਵੀ ਬਣਦਾ ਸੀ।
ਸੈਨਿਕ ਪਤੀ ਨਾਲ ਰਿਸ਼ਤੇ ਨੂੰ ਜਿਊਂਦੀਆਂ ਹੋਈਆਂ ਉਹ ਔਰਤਾਂ ਕਈ ਮੌਤਾਂ ਮਰਦੀਆਂ ਸਨ।
ਉਦੋਂ ਮੈਂ ਭਾਰਤੀ ਸੈਨਿਕਾਂ ਦੀਆਂ ਬੀਵੀਆਂ ਦੇ ਜਿਊਣ-ਮਰਨ ਬਾਰੇ ‘ਰੇਤ ਵਿਚ ਡੁੱਬੀਆਂ ਨਦੀਆਂ’ ਨਾਵਲ ਲਿਖਣ ਦਾ ਨਿਰਣਾ ਲੈ ਲਿਆ ਸੀ।
ਇਹ ਮੇਰੀ ਖੋਜ ਦਾ ਆਰੰਭ ਸੀ। ਇਸ ਖੋਜ ਲਈ ਕਿਤਾਬਾਂ ਨਹੀਂ ਸਨ। ਖੋਜ ਦੇ ਤੱਥ ਛਾਉਣੀਆਂ ਦੇ ਘਰਾਂ ਵਿਚ ਰਹਿੰਦੀਆਂ ਔਰਤਾਂ ਕੋਲ ਸਨ। ਖੋਜ ਦੇ ਤੱਥ ਸੈਨਿਕਾਂ ਤੋਂ ਦੂਰ ਕਿਸੇ ਪਿੰਡ ਸ਼ਹਿਰ ਵਿਚ ਰਹਿੰਦੀਆਂ ਸੈਨਿਕਾਂ ਦੀਆਂ ਤੀਵੀਂਆਂ ਕੋਲ ਸਨ। ਮੇਰੀ ਖੋਜ ਦੇ ਵੇਰਵਿਆਂ ਨਾਲ ‘ਰੇਤ ਵਿਚ ਡੁੱਬੀਆਂ ਨਦੀਆਂ’ ਦੀ ਫਾਇਲ ਭਾਰੀ ਹੁੰਦੀ ਰਹੀ ਸੀ। ਮੇਰੇ ਜੀਅ ਵਿਚ ਆਈ ਸੀ ਕਿ ਇਹ ਨਾਵਲ ਇਕ ਰਾਤ ਦੀ ਕਹਾਣੀ ਹੋਵੇ। ਮੇਰੇ ਮਨ ਆਈ ਵੀ ਮਨ ਆਈਆਂ ਵਰਗੀ ਸੀ। ਜਦੋਂ ਮੈਂ ‘ਰੇਤ ਵਿਚ ਡੁੱਬੀਆਂ ਨਦੀਆਂ’ ਨਾਵਲ ਨਹੀਂ ਸਾਂ ਲਿਖ ਰਿਹਾ, ਦਰਅਸਲ ਆਪਣੇ ਅੰਦਰ ਕਿਧਰੇ ਉਦੋਂ ਵੀ ਇਸ ਨੂੰ ਲਿਖ ਰਿਹਾ ਸਾਂ, ਲਿਖੇ ਉੱਤੇ ਲੀਕਾਂ ਵੀ ਫੇਰ ਰਿਹਾ ਸਾਂ।
ਕਈ ਵਰ੍ਹਿਆਂ ਦੀ ਖੋਜ ਅਤੇ ਘਟਨਾਵਾਂ ਨੂੰ ਇਕ ਸੂਤਰ ਵਿਚ ਬੰਨ੍ਹ ਕੇ ਇਕ ਰਾਤ ਦੀ ਕਹਾਣੀ ਬਣਾ ਦੇਣਾ ਆਸਾਨ ਨਹੀਂ ਸੀ। ਇਹ ਨਾਵਲ ਕਲਾ, ਰੂਪ ਅਤੇ ਨਿਭਾਅ ਦੇ ਪੱਖੋਂ ਇਕ ਔਖਾ ਨਾਵਲ ਸੀ।
ਵੱਖ ਵੱਖ ਘਰਾਂ ਵਿਚ ਰਹਿ ਰਹੇ ਜੋੜੇ ਆਪਣੇ ਆਪ ਵਿਚ ਵੱਖਰੀਆਂ ਵੱਖਰੀਆਂ ਇਕਾਈਆਂ ਸਨ। ਉੁਨ੍ਹਾਂ ਘਰਾਂ ਅੰਦਰ ਵਾਪਰਦੀਆਂ ਘਟਨਾਵਾਂ ਨੂੰ ਇਕੋ ਕਹਾਣੀ ਦੇ ਸੂਤਰ ਵਿਚ ਬੰਨ੍ਹ ਸਕਣਾ ਸੰਭਵ ਨਹੀਂ ਸੀ ਜਾਪਦਾ। ਇਹ ਮਸਲਾ ਵਿਧਾ ਦਾ ਵੀ ਸੀ ਤੇ ਸ਼ਿਲਪ ਦਾ ਵੀ ਸੀ। ਰਾਹ ਸੁੱਝਿਆ ਤਾਂ ਮੈਂ ਇਕ ਜਾਗਦੀ ਰਾਤ ਵੇਲੇ ਕੈਪਟਨ ਹੁਨਰ ਬਣ ਕੇ ਉਨ੍ਹਾਂ ਘਰਾਂ ਵੱਲ ਤੁਰ ਪਿਆ ਸਾਂ।
… ਤੇ ਫਿਰ ਉਹ ਨਾਵਲ ਮੈਨੂੰ ਦਿਸਣ ਲੱਗ ਪਿਆ ਸੀ।
ਇਹ ਚੰਗੀ ਨਿਸ਼ਾਨੀ ਸੀ। ਮੈਂ ਆਪਣੀ ਹਰ ਰਚਨਾ ਇਸੇ ਤਰ੍ਹਾਂ ਹੀ ਲਿਖਣਾ ਚਾਹੁੰਦਾ ਹਾਂ ਕਿ ਲਿਖਦਿਆਂ ਲਿਖਦਿਆਂ, ਪੜ੍ਹਦਿਆਂ ਪੜ੍ਹਦਿਆਂ ਦਿਸਣ ਲੱਗ ਪਵੇ।
ਇਸ ਤਰ੍ਹਾਂ ਇਕ ਛਾਉਣੀ ਦੀਆਂ ਇਕੱਲੀਆਂ ਔਰਤਾਂ ਦੀ ਤ੍ਰਾਸਦੀ ਦਾ ਸਿਖਰ ਸਿਰਜਣ ਅਤੇ ਤਿੜਕੇ ਹੋਏ ਸੁਪਨਿਆਂ ਦੇ ਦੁਖਾਂਤ ਨੂੰ ਪ੍ਰਚੰਡ ਰੂਪ ਵਿਚ ਪੇਸ਼ ਕਰਨ ਦਾ ਉਪਰਾਲਾ ਕਰਨਾ ਸੀ ਮੈਂ।
ਹੁਣ ਮੈਂ ਘਰ ਜਾ ਰਿਹਾ ਸਾਂ ਤਾਂ ਬਹੁਤ ਵਕਤ ਹੋਵੇਗਾ ਮੇਰੇ ਕੋਲ। ਨਾਵਲ ‘ਰੇਤ ਵਿਚ ਡੁੱਬੀਆਂ ਨਦੀਆਂ’ ਜ਼ਰੂਰ-ਬਰ-ਜ਼ਰੂਰ ਨੇਪਰੇ ਚੜ੍ਹੇਗਾ। ਮੈਂ ਚਾਹੁੰਦਾ ਸਾਂ ਆਪਣੀ ਊਰਜਾ ਲਿਖਣ ਉੱਤੇ ਖਰਚ ਕਰਾਂ। ਯਤਨ ਕਰਾਂ ਕਿ ਆਪਣੀ ਸਮਰੱਥਾ ਦੀ ਸੀਮਾ ਨੂੰ ਛੋਹ ਕੇ ਵੇਖ ਲਵਾਂ।

+++
ਉਹ ਹਵਾਈ ਅੱਡਾ ਪੱਧਰਾ ਕੀਤਾ ਹੋਇਆ ਜ਼ਮੀਨ ਦਾ ਇਕ ਟੁਕੜਾ ਸੀ ਤੇ ਫੁੱਟਬਾਲ ਦੇ ਮੈਦਾਨ ਵਾਂਗੂੰ ਸੀ। ਹਵਾਈ ਅੱਡੇ ਦੁਆਲੇ ਨਾ ਕੰਡਿਆਲੀਆਂ ਤਾਰਾਂ ਦੀ ਵਾੜ ਸੀ ਤੇ ਨਾ ਹੀ ਸਾਮਾਨ ਦੀ ਫਰੋਲਾ-ਫਰਾਲੀ ਕਰਨ ਵਾਲੇ। ਉਹ ਹਵਾਈ ਅੱਡਾ ਜਿਵੇਂ ਘਰ ਦਾ ਵਿਹੜਾ ਸੀ। ਡਰਾਈਵਰ ਵੱਨ ਟਨ ਨੂੰ ਜਹਾਜ਼ ਦੇ ਐਨ ਕੋਲ ਲੈ ਗਿਆ ਤਾਂ ਕਿ ਸਾਮਾਨ ਜਹਾਜ਼ ਵਿਚ ਲੱਦਣ ਵੇਲੇ, ਚੁੱਕ ਕੇ ਲਿਆਉਣ ਦਾ ਤਰੱਦਦ ਨਾ ਕਰਨਾ ਪਵੇ।
ਮੈਂ ਵੱਨ ਟਨ ਦੀ ਅਗਲੀ ਸੀਟ ਤੋਂ ਉੱਤਰ ਕੇ ਆਕੜ ਭੰਨੀ। ਮੈਂ ਨਜ਼ਰ ਭਰ ਕੇ ਬੰਜਰ ਪਹਾੜਾਂ ਵੱਲ ਵੇਖਿਆ। ਇਹ ਆਖ਼ਰੀ ਵਾਰ ਸੀ। ਉਨ੍ਹਾਂ ਨੂੰ ਅਲਵਿਦਾ ਕਹਿਣ ਦਾ ਵੇਲਾ ਸੀ। ਉਹ, ਜਿਹੜੇ ਚਿੱਪਰ ਚਿੱਪਰ ਟੁੱਟਦੇ ਰਹੇ ਸਨ, ਚਟਾਨ ਚਟਾਨ ਹੋ ਕੇ ਸ਼ਿਔਕ ਦਰਿਆ ਵਿਚ ਡੁੱਬਦੇ ਰਹੇ ਸਨ, ਉਦਾਸ ਸਨ, ਬਹੁਤ ਇਕੱਲੇ ਸਨ। ਜ਼ਿੰਦਗੀ ਦੇ ਲੇਖਾਂ ਤੋਂ ਊਣੇ। ਕਿਸੇ ਹਰੀ ਕਚੂਰ ਤਿੜ੍ਹ ਦੇ ਝਾਉਲੇ ਮਾਤਰ ਤੋਂ ਵੀ ਵਿਰਵੇ।
ਉਹ ਸਾਰੇ ਪਹਾੜੇ ਦੋ ਵਰ੍ਹੇ ਮੇਰੇ ਨਾਲ ਰਹੇ ਸਨ। ਮੈਂ ਉਨ੍ਹਾਂ ਪਹਾੜਾਂ ਨੂੰ ਅਲਵਿਦਾ ਕਹਿ ਦਿੱਤੀ।
ਜਹਾਜ਼ ਵਿਚ ਬੈਠਣ ਵੇਲੇ ਮੈਂ ਗਲੇਸ਼ੀਅਰ ਦੇ ਸਿਰ ਉੱਤੇ ਬੈਠੀ ਕੁਦਰਤ ਨੂੰ ਕਿਹਾ, ‘‘ਜਿਨ੍ਹਾਂ ਨੂੰ ਮੈਂ ਪਿੱਛੇ ਛੱਡ ਚੱਲਿਆ ਹਾਂ, ਉਨ੍ਹਾਂ ਉੱਤੇ ਮਿਹਰਬਾਨ ਰਹੀਂ। ਬਹੁਤ ਦੂਰ, ਜਿੱਥੇ ਘਰ ਨੇ, ਉੱਥੇ ਕੋਈ ਉਨ੍ਹਾਂ ਨੂੰ ਉਡੀਕ ਰਿਹਾ ਏ।’’
ਮੁਹਾਲੀ ਪਹੁੰਚ ਕੇ ਮੈਂ ਆਪਣੇ ਸ਼ਹਿਰ ਦੀ ਹਵਾ ਵਿਚ ਸਾਹ ਲਿਆ ਸੀ। ਹੁਣ ਮੇਰੇ ਕੋਲ ਹਰ ਦਿਨ ਦੇ ਚੌਵੀ ਘੰਟੇ ਹੋਇਆ ਕਰਨਗੇ। ਮੈਂ ਉਨ੍ਹਾਂ ਦਾ ਹਰ ਛਿਣ ਜੀਵਿਆ ਕਰਾਂਗਾ।
ਮੌਤ ਦੇ ਉਹ ਪਹਾੜ, ਜਿਹੜੇ ਮੈਨੂੰ ‘ਅਲਫ਼ ਲੈਲਾ’ ਕਹਾਣੀਆਂ ਦੀ ਜਨਮ ਭੂਮੀ ਵਰਗੇ ਦਿਸਦੇ ਰਹੇ ਸਨ, ਉਨ੍ਹਾਂ ਨੇ ਮੈਨੂੰ ਜ਼ਿੰਦਗੀ ਦੇ ਚਾਅ ਦੀ ਸਮਝ ਦਿੱਤੀ ਸੀ। ਉਨ੍ਹਾਂ ਪਹਾੜਾਂ ਨੇ ਹੀ ਮੈਨੂੰ ਦੱਸਿਆ ਸੀ ਕਿ ਬੰਦੇ ਨੂੰ ਜਿਉੂਣਾ ਚਾਹੀਦੈ, ਹਰ ਹਾਲ ਵਿਚ ਜਿਊਣਾ ਚਾਹੀਦੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਜਸਬੀਰ ਭੁੱਲਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ