Dosti Dian Zanzeeran : Italian Lok Kahani
ਦੋਸਤੀ ਦੀਆਂ ਜ਼ੰਜੀਰਾਂ : ਇਤਾਲਵੀ ਲੋਕ ਕਹਾਣੀ
ਕਹਿੰਦੇ ਹਨ ਕਿ ਇਹ ਕਹਾਣੀ ਸਦੀਆਂ ਪੁਰਾਣੀ ਹੈ। ਇਟਲੀ ਦੇਸ਼ ਦੇ ਨਜ਼ਦੀਕ ਸਿਸਲੀ ਨਾਂ ਦਾ ਇੱਕ ਟਾਪੂ ਸੀ। ਇਸ ਦਾ ਰਾਜਾ ਸਿਸੋਦੀਆ ਬਹੁਤ ਹੀ ਇਨਸਾਫ਼ ਪਸੰਦ, ਨੇਕ ਅਤੇ ਪਰਜਾ ਦਾ ਸੱਚਾ ਹਿਤੈਸ਼ੀ ਸੀ। ਉਸ ਟਾਪੂ ਦਾ ਇੱਕ ਬਹੁਤ ਵੱਡਾ ਸੋਰਾਕਿਊਜ਼ ਨਾਂ ਦਾ ਸ਼ਹਿਰ ਸੀ। ਇਸ ਸ਼ਹਿਰ ਦੇ ਲੋਕ ਬਹੁਤ ਹੀ ਅਮੀਰ ਅਤੇ ਖ਼ੁਸ਼ਹਾਲ ਸਨ। ਰਾਜੇ ਦਾ ਪ੍ਰਧਾਨ ਸੈਨਾਪਤੀ ਡਾਇਨੋਸਿਸ ਸੀ। ਉਹ ਬਹੁਤ ਹੀ ਬੁਰੀ ਪ੍ਰਵਿਰਤੀ ਵਾਲਾ ਅਤੇ ਬੇਹੱਦ ਬੇਈਮਾਨ ਕਿਸਮ ਦਾ ਆਦਮੀ ਸੀ। ਉਸ ਨੇ ਰਾਜੇ ਨਾਲ ਵਿਸ਼ਵਾਸਘਾਤ ਕਰਦੇ ਹੋਏ ਸੈਨਾ ਦੀ ਸਹਾਇਤਾ ਨਾਲ ਬਗ਼ਾਵਤ ਕਰ ਦਿੱਤੀ ਤੇ ਰਾਜੇ ਸਿਸੋਦੀਆ ਨੂੰ ਕੈਦ ਕਰਦੇ ਹੋਏ ਜੇਲ੍ਹ ’ਚ ਬੰਦ ਕਰ ਦਿੱਤਾ ਅਤੇ ਆਪ ਰਾਜਾ ਬਣ ਗਿਆ। ਉਹ ਅੱਯਾਸ਼ ਤੇ ਬਹੁਤ ਹੀ ਅੱਤਿਆਚਾਰੀ ਸੀ। ਉਸ ਨੇ ਲੋਕਾਂ ’ਤੇ ਭਾਰੀ ਟੈਕਸ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਇਸ ਤਰ੍ਹਾਂ ਜਨਤਾ ਤਰਾਹ -ਤਰਾਹ ਕਰਨ ਲੱਗ ਪਈ। ਉਹ ਆਪਣੀ ਦਹਿਸ਼ਤ ਪਾਉਣ ਲਈ ਥੋੜ੍ਹਾ ਜਿਹਾ ਸ਼ੱਕ ਹੋਣ ’ਤੇ ਹੀ ਲੋਕਾਂ ਨੂੰ ਕਤਲ ਕਰਵਾ ਦਿੰਦਾ ਸੀ।
ਉਸ ਦੇ ਸ਼ਾਸਨ ਕਾਲ ਸਮੇਂ ਡੈਮਨ ਅਤੇ ਪੀਥੀਯਸ ਨਾਂ ਦੇ ਦੋ ਦੋਸਤ ਉਸ ਨਗਰ ਵਿੱਚ ਰਹਿੰਦੇ ਸਨ। ਉਨ੍ਹਾਂ ਦੋਵਾਂ ਦੀ ਸੱਚੀ ਮਿੱਤਰਤਾ ਦੇ ਚਰਚੇ ਦੂਰ-ਦੂਰ ਤਕ ਪ੍ਰਸਿੱਧ ਸਨ। ਲੋਕ ਉਨ੍ਹਾਂ ਦੀ ਦੋਸਤੀ ਦੀਆਂ ਸਹੁੰਆਂ ਖਾਂਦੇ ਅਤੇ ਬਹੁਤ ਪ੍ਰਸ਼ੰਸਾ ਕਰਦੇ ਸਨ। ਇਹ ਗੱਲ ਡਾਇਨੋਸਿਸ ਤਕ ਵੀ ਪਹੁੰਚ ਗਈ ਅਤੇ ਉਹ ਇਸ ਪ੍ਰਸਿੱਧੀ ਨੂੰ ਬਰਦਾਸ਼ਤ ਨਾ ਕਰ ਸਕਿਆ।
ਇਸ ਤੋਂ ਕੁਝ ਸਮੇਂ ਬਾਅਦ ਹੀ ਡਾਇਨੋਸਿਸ ਨੇ ਪੀਥੀਯਸ ਨੂੰ ਕਚਹਿਰੀ ’ਚ ਪੇਸ਼ ਹੋਣ ਲਈ ਆਦੇਸ਼ ਦੇ ਦਿੱਤਾ ਅਤੇ ਜਦੋਂ ਉਹ ਪੇਸ਼ ਹੋਇਆ ਤਾਂ ਉਸ ’ਤੇ ਅਨੇਕਾਂ ਪ੍ਰਕਾਰ ਦੇ ਝੂਠੇ ਦੋਸ਼ ਲਾ ਦਿੱਤੇ। ਇਹ ਸੁਣ ਕੇ ਉਹ ਬਹੁਤ ਦੁਖੀ ਹੋਇਆ। ਉਸ ਨੂੰ ਇਹ ਵੀ ਪਤਾ ਸੀ ਕਿ ਆਪਣੇ ’ਤੇ ਲੱਗੇ ਦੋਸ਼ਾਂ ਬਾਰੇ ਪੁੱਛਣ ਦਾ ਕੋਈ ਲਾਭ ਨਹੀਂ ਹੈ ਕਿਉਂਕਿ ਡਾਇਨੋਸਿਸ ਜ਼ਾਲਮ ਪ੍ਰਵਿਰਤੀ ਦਾ ਉਹ ਦਰਿੰਦਾ ਹੈ ਜਿਸ ਦੇ ਦਿਲ ’ਚ ਰਹਿਮ ਨਾਂ ਦੀ ਕੋਈ ਸ਼ੈਅ ਨਹੀਂ ਸੀ।
ਦੂਜੇ ਪਾਸੇ ਪੀਥੀਯਸ ਦੀ ਗ੍ਰਿਫ਼ਤਾਰੀ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਸਾਰੇ ਰਾਜ ’ਚ ਫੈਲ ਗਈ ਸੀ। ਲੋਕ ਵੱਡੀ ਗਿਣਤੀ ਵਿੱਚ ਉਸ ਨੂੰ ਦੇਖਣ ਲਈ ਆਉਣ ਲੱਗੇ। ਸ਼ਹਿਰ ਦੇ ਬਾਹਰ ਦੀਆਂ ਸੜਕਾਂ ਭੀੜ ਨਾਲ ਭਰ ਗਈਆਂ। ਸਾਰੇ ਪਾਸੇ ਸੈਨਾ ਦਾ ਸਖ਼ਤ ਪਹਿਰਾ ਲਾ ਦਿੱਤਾ ਗਿਆ। ਲੋਕ ਹਮਦਰਦੀ ਦੀ ਭਾਵਨਾ ਨਾਲ ਪੀਥੀਯਸ ਨੂੰ ਦੇਖ ਰਹੇ ਸਨ ਅਤੇ ਲੋਕਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਸੀ ਕਿ ਇੱਕ ਸ਼ਰੀਫ਼ ਅਤੇ ਨਿਰਦੋਸ਼ ’ਤੇ ਐਵੇਂ ਝੂਠੇ ਦੋਸ਼ ਲਾਏ ਗਏ ਹਨ। ਉਹ ਸਾਰੇ ਬੇਵੱਸ ਖੜ੍ਹੇ ਹੰਝੂ ਵਹਾ ਰਹੇ ਸਨ।
ਇਸ ਪ੍ਰਕਾਰ ਪੀਥੀਯਸ ਪ੍ਰਤੀ ਲੋਕਾਂ ਦਾ ਪਿਆਰ ਅਤੇ ਹਮਦਰਦੀ ਦੀ ਭਾਵਨਾ ਵੇਖਦੇ ਹੋਏ ਡਾਇਨੋਸਿਸ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਅਤੇ ਸੀਨੇ ’ਚ ਨਫ਼ਰਤ ਦੀ ਭਾਵਨਾ ਜਵਾਲਾਮੁਖੀ ਵਾਂਗ ਭੜਕ ਉੱਠੀ। ਰਾਜੇ ਦੇ ਮਨ ਵਿੱਚ ਇੱਥੋਂ ਤਕ ਡਰ ਬੈਠ ਗਿਆ ਕਿ ਉਹ ਪੀਥੀਯਸ ਨੂੰ ਆਪਣੀ ਮੌਤ ਦਾ ਪੈਗ਼ਾਮ ਸਮਝਣ ਲੱਗਿਆ। ਉਸ ਨੇ ਮਨ ਹੀ ਮਨ ਮਹਿਸੂਸ ਕੀਤਾ ਕਿ ਇਕੱਠੀ ਹੋਈ ਭੀੜ ਉਸ ਦਾ ਕਤਲ ਕਰਕੇ ਪੀਥੀਯਸ ਨੂੰ ਰਾਜਾ ਐਲਾਨ ਦੇਵੇਗੀ। ਇਸ ਲਈ ਰਾਜੇ ਨੇ ਘਬਰਾਹਟ ਵਿੱਚ ਆ ਕੇ ਬਿਨਾਂ ਸੋਚੇ-ਸਮਝੇ ਪੀਥੀਯਸ ਨੂੰ ਨਿਰਦੋਸ਼ ਸਾਬਤ ਕਰਨ ਦਾ ਮੌਕਾ ਨਾ ਦਿੰਦੇ ਹੋਏ ਦੇਸ਼-ਧਰੋਹੀ ਦਾ ਝੂਠਾ ਦੋਸ਼ ਲਾ ਕੇ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਅਤੇ ਇਹ ਵੀ ਐਲਾਨ ਕਰ ਦਿੱਤਾ ਕਿ ਇਹ ਸਜ਼ਾ ਇੱਕ੍ਹੀਵੇਂ ਦਿਨ ਦਿੱਤੀ ਜਾਵੇਗੀ। ਇਹ ਫ਼ੈਸਲਾ ਸੁਣ ਕੇ ਵੀ ਪੀਥੀਯਸ ਕੁਝ ਨਹੀਂ ਬੋਲਿਆ ਅਤੇ ਬਿਲਕੁਲ ਸ਼ਾਂਤ ਖੜ੍ਹਾ ਰਿਹਾ।
ਤਦ ਉਸ ਨੇ ਰਾਜੇ ਡਾਇਨੋਸਿਸ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਕੁਝ ਦਿਨਾਂ ਦੀ ਮੋਹਲਤ ਦਿੱਤੀ ਜਾਵੇ ਕਿਉਂਕਿ ਉਸ ਨੇ ਯੂਨਾਨ ਵਿੱਚ ਆਪਣੀ ਸੰਪਤੀ ਦੀ ਵਿਵਸਥਾ ਕਰਨੀ ਹੈ। ਇਹ ਅਜੀਬ ਜਿਹੀ ਸ਼ਰਤ ਸੁਣ ਕੇ ਰਾਜਾ ਹੱਸ ਪਿਆ। ਉਸ ਨੇ ਸੋਚਿਆ ਕਿ ਉਹ ਮੌਤ ਦੇ ਡਰ ਕਾਰਨ ਭੱਜਣਾ ਚਾਹੁੰਦਾ ਹੈ ਪਰ ਉਸ ਨੇ ਕਸਮ ਖਾਧੀ ਕਿ ਉਹ ਵਾਪਸ ਪਰਤ ਆਵੇਗਾ।
ਰਾਜੇ ਨੇ ਕਿਹਾ, ‘‘ਇੱਕ ਸ਼ਰਤ ’ਤੇ ਮੋਹਲਤ ਦਿੱਤੀ ਜਾ ਸਕਦੀ ਹੈ ਕਿ ਉਸ ਦੇ ਬਦਲੇ ਕਿਸੇ ਇੱਕ ਨੂੰ ਜ਼ਮਾਨਤ ਦੇ ਤੌਰ ’ਤੇ ਬੰਦੀ ਬਣਨਾ ਹੋਵੇਗਾ। ਜੇ ਵੀਹ ਦਿਨਾਂ ਦੇ ਅੰਦਰ-ਅੰਦਰ ਉਹ ਨਾ ਆਇਆ ਤਾਂ ਉਸ ਆਦਮੀ ਨੂੰ ਸੂਲੀ ਟੰਗ ਦਿੱਤਾ ਜਾਵੇਗਾ।’’
ਇਹ ਸ਼ਰਤ ਸੁਣ ਕੇ ਸਾਰੇ ਲੋਕ ਦੰਗ ਰਹਿ ਗਏ। ਉਸ ਦੀ ਜ਼ਮਾਨਤ ਕੌਣ ਦੇਵੇਗਾ? ਲੋਕ ਇਸ ਬਾਰੇ ਸੋਚਣ ਲੱਗੇ।
ਉਸ ਸਮੇਂ ਭੀੜ ’ਚੋਂ ਅਚਾਨਕ ਇੱਕ ਆਵਾਜ਼ ਆਈ, ‘‘ਇਸ ਦੀ ਜ਼ਮਾਨਤ ਮੈਂ ਦੇਵਾਂਗਾ ਅਤੇ ਇਸ ਲਈ ਉਸ ਨੂੰ ਛੱਡ ਦਿੱਤਾ ਜਾਵੇ।’’ ਲੋਕਾਂ ਨੇ ਦੇਖਿਆ ਕਿ ਉਸ ਦਾ ਦੋਸਤ ਡੈਮਨ ਭੀੜ ਨੂੰ ਚੀਰਦਾ ਹੋਇਆ ਅੱਗੇ ਆ ਰਿਹਾ ਸੀ।
ਇਹ ਦੇਖ ਕੇ ਸਾਰੇ ਲੋਕ ਹੈਰਾਨ ਰਹਿ ਗਏ। ਡਾਇਨੋਸਿਸ ਨੇ ਪੀਥੀਯਸ ਨੂੰ ਛੱਡ ਦਿੱਤਾ ਅਤੇ ਉਸ ਦੇ ਬਦਲੇ ਡੈਮਨ ਨੂੰ ਕੈਦ ਕਰ ਲਿਆ ਗਿਆ।
ਇਸ ਤਰ੍ਹਾਂ ਉਹ ਕੈਦ ’ਚੋਂ ਨਿਕਲ ਕੇ ਤੁਰੰਤ ਯੂਨਾਨ ਲਈ ਰਵਾਨਾ ਹੋ ਗਿਆ। ਦੂਜੇ ਪਾਸੇ ਦਿਨ ਲੰਘਦੇ ਜਾ ਰਹੇ ਸਨ। ਪੀਥੀਯਸ ਦਾ ਕੋਈ ਪਤਾ ਨਹੀਂ ਸੀ। ਡੈਮਨ ਦੀ ਪਤਨੀ ਰੋਣ ਲੱਗੀ ਤਾਂ ਉਸ ਨੇ ਕਿਹਾ, ‘‘ਮੇਰਾ ਦੋਸਤ ਵਚਨ ਦਾ ਪੱਕਾ ਹੈ, ਉਹ ਜ਼ਰੂਰ ਆਵੇਗਾ।’’
ਰਾਜ ਦੀ ਸਾਰੀ ਪਰਜਾ ਵੀ ਪੀਥੀਯਸ ਦਾ ਇੰਤਜ਼ਾਰ ਕਰਨ ਲੱਗੀ। ਲੋਕਾਂ ਦੀ ਉਤਸੁਕਤਾ ਉਸ ਸਮੇਂ ਸਭ ਹੱਦਾਂ-ਬੰਨ੍ਹੇ ਟੱਪ ਗਈ ਜਦੋਂ ਉਹ ਵੀਹਵੇਂ ਦਿਨ ਵੀ ਨਾ ਆਇਆ। ਲੋਕ ਡੈਮਨ ਦੀ ਜ਼ਿੰਦਗੀ ਦੀ ਚਿੰਤਾ ਕਰਨ ਲੱਗੇ। ਇਸ ਦੇ ਬਾਵਜੂਦ ਡੈਮਨ ਨੂੰ ਕੋਈ ਚਿੰਤਾ ਨਹੀਂ ਸੀ। ਉਹ ਵਾਰ-ਵਾਰ ਇੱਕੋ ਗੱਲ ਕਹਿੰਦਾ,‘‘ਪੀਥੀਯਸ ਜ਼ਰੂਰ ਵਾਪਸ ਆਵੇਗਾ। ਜੇਕਰ ਉਹ ਨਾ ਵੀ ਆਇਆ ਤਾਂ ਕੀ ਹੋਇਆ? ਆਪਣੇ ਦੋਸਤ ਦੇ ਲਈ ਜਾਨ ਦੇਣ ਵਿੱਚ ਮੈਨੂੰ ਖ਼ੁਸ਼ੀ ਹੋਵੇਗੀ।’’
ਲੋਕ ਉਸ ਦੀ ਸੱਚੀ ਮਿੱਤਰਤਾ ’ਤੇ ਕੀਤੇ ਹੋਏ ਵਿਸ਼ਵਾਸ ਨੂੰ ਵੇਖ ਕੇ ਦੰਗ ਰਹਿ ਜਾਂਦੇ। ਇਸ ਪ੍ਰਕਾਰ ਜਦੋਂ ਵੀਹਵਾਂ ਦਿਨ ਬੀਤ ਗਿਆ ਤਾਂ ਇੱਕ੍ਹੀਵੇਂ ਦਿਨ ਜੇਲ੍ਹ ਅਧਿਕਾਰੀਆਂ ਨੇ ਆ ਕੇ ਡੈਮਨ ਨੂੰ ਤਿਆਰ ਹੋਣ ਲਈ ਕਿਹਾ। ਇਹ ਸੁਣ ਕੇ ਡੈਮਨ ਦੀ ਪਤਨੀ ਧਾਹਾਂ ਮਾਰ ਕੇ ਰੋਣ ਲੱਗ ਪਈ ਪਰ ਉਹ ਆਪਣੀ ਮੌਤ ਦੀ ਜ਼ਰਾ ਵੀ ਪਰਵਾਹ ਨਾ ਕਰਦੇ ਹੋਏ, ਬੇਫ਼ਿਕਰ ਹੋ ਕੇ ਤਿਆਰ ਹੋਣ ਲੱਗ ਪਿਆ ਅਤੇ ਕੁਝ ਸਮੇਂ ਬਾਅਦ ਸੂਲੀ ’ਤੇ ਚੜ੍ਹਨ ਲਈ ਤੁਰ ਪਿਆ।
ਨਗਰ ਦੇ ਬਾਹਰ ਇੱਕ ਉੱਚੇ ਚਬੂਤਰੇ ’ਤੇ ਡੈਮਨ ਨੂੰ ਫਾਂਸੀ ਲਾਉਣ ਦਾ ਪ੍ਰਬੰਧ ਕੀਤਾ ਹੋਇਆ ਸੀ। ਸਾਰੇ ਲੋਕ ਉਸ ਦਾ ਹੌਂਸਲਾ ਅਤੇ ਤਿਆਗ ਦੀ ਭਾਵਨਾ ਵੇਖਣੇ ਲਈ ਇਕੱਠੇ ਹੋਣ ਲੱਗੇ। ਜਦੋਂ ਜੱਲਾਦ ਉਸ ਨੂੰ ਫਾਂਸੀ ਵਾਲੇ ਤਖ਼ਤੇ ਵੱਲ ਲੈ ਕੇ ਤੁਰ ਪਏ ਤਾਂ ਬੁੱਢੇ, ਬੱਚੇ ਤੇ ਔਰਤਾਂ ਵੀ ਦੁਖੀ ਹੋ ਕੇ ਰੋਣ ਲੱਗ ਪਏ।
ਰਾਜਾ ਡਾਇਨੋਸਿਸ ਵੀ ਆਪਣੇ ਪਹਿਰੇਦਾਰਾਂ ਨਾਲ ਉੱਥੇ ਆਇਆ ਅਤੇ ਇੱਕ ਉੱਚੇ ਥੜੇ ’ਤੇ ਬਣੇ ਹੋਏ ਉੱਚੇ ਸਿੰਘਾਸਨ ’ਤੇ ਬੈਠ ਗਿਆ। ਉਸ ਨੇ ਚਾਰੇ ਪਾਸੇ ਦੇਖਿਆ ਅਤੇ ਬੜੇ ਵਿਅੰਗ ਭਰੇ ਸ਼ਬਦਾਂ ਨਾਲ ਡੈਮਨ ਨੂੰ ਕਿਹਾ, ‘‘ਦੇਖ ਲਈ ਆਪਣੀ ਦੋਸਤੀ! ਆਪਣੀ ਜ਼ਿੰਦਗੀ ਬਚਾਉਣ ਲਈ ਉਹ ਤੈਨੂੰ ਮੌਤ ਦੇ ਮੂੰਹ ’ਚ ਪਾ ਗਿਆ।’’
ਰਾਜੇ ਦੀ ਗੱਲ ਸੁਣ ਕੇ ਡੈਮਨ ਜ਼ਰਾ ਵੀ ਦੁਖੀ ਨਹੀਂ ਹੋਇਆ। ਉਸ ਨੇ ਬੜੇ ਜੋਸ਼ ਨਾਲ ਕਿਹਾ, ‘‘ਸਾਡੀ ਦੋਸਤੀ ਸੱਚੀ ਤੇ ਪਾਕ-ਪਵਿੱਤਰ ਹੈ। ਇਸ ਦੋਸਤੀ ਦੀਆਂ ਜ਼ੰਜੀਰਾਂ ਐਨੀਆਂ ਸਖ਼ਤ ਹਨ ਕਿ ਇਸ ਨੂੰ ਦੁਨੀਆਂ ਦੀ ਕੋਈ ਵੀ ਤਾਕਤ ਨਾ ਤੋੜ ਸਕਦੀ ਹੈ ਤੇ ਨਾ ਹੀ ਕੱਟ ਸਕਦੀ ਹੈ। ਬਾਕੀ ਮੁਸ਼ਕਲ ਦੇ ਸਮੇਂ ’ਚ ਹੀ ਸੱਚੇ ਮਿੱਤਰ ਦੀ ਪਰਖ ਹੁੰਦੀ ਹੈ। ਇਸ ਤੋਂ ਇਲਾਵਾ ਮੇਰੀ ਜ਼ਿੰਦਗੀ ਬਦਲੇ ਜੇ ਕਿਸੇ ਨੂੰ ਜੀਵਨ ਦਾਨ ਮਿਲਦਾ ਹੈ ਤਾਂ ਇਸ ਤੋਂ ਜ਼ਿਆਦਾ ਹੋਰ ਕੀ ਖ਼ੁਸ਼ੀ ਹੋਵੇਗੀ? ਮੈਂ ਤੁਹਾਡੇ ਅੱਗੇ ਇੱਕ ਪ੍ਰਾਰਥਨਾ ਕਰਨੀ ਚਾਹੁੰਦਾ ਹਾਂ।’’
ਰਾਜੇ ਨੇ ਕਿਹਾ, ‘‘ਬੋਲੋ, ਤੁਹਾਡੀ ਇੱਛਾ ਪੂਰੀ ਕੀਤੀ ਜਾਵੇਗੀ।’’
ਇਹ ਬੇਨਤੀ ਸੁਣ ਕੇ ਲੋਕਾਂ ਨੇ ਸਾਹ ਰੋਕ ਲਏ। ਉਹ ਸੋਚਣ ਲੱਗੇ ਕਿ ਸ਼ਾਇਦ ਡੈਮਨ ਆਪਣੇ ਪ੍ਰਾਣਾਂ ਦੀ ਭੀਖ ਮੰਗ ਲਏ। ਆਖ਼ਰ ਉਸ ਦਾ ਕਸੂਰ ਵੀ ਕੋਈ ਨਹੀਂ ਹੈ।
ਉਸ ਨੇ ਕਿਹਾ, ‘‘ਮੈਨੂੰ ਸੂਲੀ ਟੰਗਣ ਤੋਂ ਬਾਅਦ ਜੇ ਪੀਥੀਯਸ ਵਾਪਸ ਪਰਤ ਆਇਆ ਤਾਂ ਉਸ ਨੂੰ ਕੋਈ ਸਜ਼ਾ ਨਾ ਦਿੱਤੀ ਜਾਵੇ।’’
ਡੈਮਨ ਦੇ ਮੂੰਹੋਂ ਇਹ ਬੋਲ ਸੁਣ ਕੇ ਲੋਕ ਦੰਗ ਰਹਿ ਗਏ। ਇੱਕ ਵਾਰ ਤਾਂ ਉਸ ਦੇ ਇਨ੍ਹਾਂ ਸ਼ਬਦਾਂ ਨੇ ਰਾਜੇ ਨੂੰ ਵੀ ਧੁਰ ਅੰਦਰ ਤਕ ਝੰਜੋੜ ਕੇ ਰੱਖ ਦਿੱਤਾ ਅਤੇ ਉਸ ਦੇ ਪੱਥਰ ਦਿਲ ’ਤੇ ਹਥੌੜੇ ਵਾਂਗ ਅਜਿਹਾ ਵਾਰ ਕੀਤਾ ਕਿ ਉਹ ਟੁਕੜੇ-ਟੁਕੜੇ ਹੋ ਗਿਆ। ਉਹ ਮਨ ਹੀ ਮਨ ਟੁੱਟ ਚੁੱਕਾ ਸੀ ਅਤੇ ਉਸ ਨੂੰ ਇਹ ਵੀ ਪਤਾ ਸੀ ਕਿ ਨਿਰਦੋਸ਼ ਨੂੰ ਬੇਵਜ੍ਹਾ ਸਜ਼ਾ ਦੇ ਰਿਹਾ ਹੈ ਅਤੇ ਉਹ ਅਜਿਹਾ ਸਿਰਫ਼ ਲੋਕਾਂ ’ਚ ਦਹਿਸ਼ਤ ਪਾਉਣ ਲਈ ਕਰ ਰਿਹਾ ਸੀ। ਕੁਝ ਚਿਰ ਸੋਚ ਕੇ ਉਸ ਨੇ ਦ੍ਰਿੜ੍ਹਤਾ ਨਾਲ ਕਿਹਾ, ‘‘ਇਸ ਨੂੰ ਫਾਹੇ ਲਾ ਦਿਓ।’’
ਉਸ ਸਮੇਂ ਅਚਾਨਕ ਭੀੜ ਨੂੰ ਚੀਰਦਾ ਹੋਇਆ ਬੁਰੀ ਹਾਲਤ ਵਿੱਚ ਇੱਕ ਨੌਜਵਾਨ ਚਿਲਾਉਂਦਾ ਹੋਇਆ ਆਇਆ, ‘‘ਇਸ ਨੂੰ ਫਾਂਸੀ ਨਾ ਦਿਓ। ਮੈਂ ਆ ਗਿਆ ਹਾਂ।’’
ਲੋਕਾਂ ਨੇ ਜਦੋਂ ਧਿਆਨ ਨਾਲ ਦੇਖਿਆ ਤਾਂ ਉਹ ਪੀਥੀਯਸ ਸੀ। ਉਸ ਦੇ ਕੱਪੜੇ ਪਾਟੇ ਹੋਏ ਸਨ। ਉਸ ਦਾ ਬੁਰਾ ਹਾਲ ਸੀ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਈ ਦਿਨਾਂ ਤੋਂ ਭੁੱਖਾ ਹੋਵੇ ਅਤੇ ਉਸ ਕੋਲ ਕਾਗ਼ਜ਼ਾਂ ਦਾ ਇੱਕ ਬੰਡਲ ਸੀ। ਉਹ ਭੱਜ ਕੇ ਸੂਲੀ ਕੋਲ ਪਹੁੰਚਿਆ ਤੇ ਡੈਮਨ ਨਾਲ ਲਿਪਟ ਗਿਆ। ਦੋਵਾਂ ਮਿੱਤਰਾਂ ਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ। ਇਸ ਦੌਰਾਨ ਉਸ ਦੇ ਕਾਗ਼ਜ਼ ਹੱਥਾਂ ’ਚੋਂ ਨਿਕਲ ਕੇ ਖਿੱਲਰ ਗਏ ਅਤੇ ਜਦੋਂ ਖਿੱਲਰੇ ਹੋਏ ਕਾਗ਼ਜ਼ ਲੋਕਾਂ ਨੇ ਪੜ੍ਹੇ ਤਾਂ ਉਹ ਦੇਖ ਕੇ ਹੈਰਾਨ ਹੋ ਗਏ ਕਿ ਪੀਥੀਯਸ ਨੇ ਆਪਣੀ ਸਾਰੀ ਸੰਪਤੀ ਦਾ ਮਾਲਕ ਡੈਮਨ ਨੂੰ ਬਣਾਇਆ ਹੋਇਆ ਸੀ।
ਜਦੋਂ ਡਾਇਨੋਸਿਸ ਨੇ ਇਹ ਅਨੋਖਾ ਦ੍ਰਿਸ਼ ਵੇਖਿਆ ਤਾਂ ਉਸ ਨੂੰ ਵੀ ਦੋਸਤੀ ਦੀਆਂ ਤੰਦਾਂ ਅੱਗੇ ਆਪਣੇ ਬਾਦਸ਼ਾਹੀ ਦੇ ਤਾਜ ਦੀ ਚਮਕ ਮੱਧਮ ਪੈਂਦੀ ਲੱਗੀ। ਉਹ ਆਪਣੇ ਜਜ਼ਬਾਤਾਂ ’ਤੇ ਕਾਬੂ ਨਾ ਪਾ ਸਕਿਆ ਅਤੇ ਉਸ ਦੀਆਂ ਅੱਖਾਂ ’ਚੋਂ ਵੀ ਹੰਝੂਆਂ ਦੀ ਧਾਰਾ ਵਹਿ ਤੁਰੀ। ਉਹ ਜ਼ਿੰਦਗੀ ’ਚ ਪਹਿਲੀ ਵਾਰ ਰੋਇਆ ਸੀ। ਫਿਰ ਉਹ ਕੁਝ ਸਮੇਂ ਬਾਅਦ ਸਿੰਘਾਸਨ ਤੋਂ ਉੱਠਿਆ ਅਤੇ ਦੋਵਾਂ ਦੋਸਤਾਂ ਨੂੰ ਕਲਾਵੇ ’ਚ ਲੈਂਦੇ ਹੋਏ ਪ੍ਰਣ ਕੀਤਾ ਕਿ ਉਹ ਅੱਗੇ ਤੋਂ ਕਦੇ ਵੀ ਅਨਿਆਂ ਨਹੀਂ ਕਰੇਗਾ। ਇਹ ਐਲਾਨ ਸੁਣ ਦੇ ਹੀ ਲੋਕਾਂ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਲੋਕ ਰਾਜੇ ਸਮੇਤ ਦੋਵਾਂ ਦੋਸਤਾਂ ਨੂੰ ਜਲੂਸ ਦੀ ਸ਼ਕਲ ਦੇ ਰੂਪ ਵਿੱਚ ਸ਼ਹਿਰ ਵੱਲ ਲੈ ਗਏ।