Dhokhebaz Mittar : Folk Tale
ਧੋਖੇਬਾਜ਼ ਮਿੱਤਰ : ਲੋਕ ਕਹਾਣੀ
ਮਿਰਗ ਤੇ ਗਿੱਦੜ ਜੰਡ ਥੱਲੇ ਬੈਠੇ ਆਰਾਮ ਕਰ ਰਹੇ ਸਨ। ਜੰਡ ਦੇ ਉੱਪਰ ਇੱਕ ਕਾਂ ਬੈਠਾ ਸੀ। ਕਾਂ ਉੱਪਰੋਂ ਉੱਤਰ ਕੇ ਗਿੱਦੜ ਤੇ ਮਿਰਗ ਕੋਲ ਥੱਲੇ ਛਾਵੇਂ ਆ ਬੈਠਾ। ਕਾਂ ਨੇ ਗੱਲ ਚਲਾਈ,‘‘ਜੇ ਆਪਾਂ ਤਿੰਨੇ ਮਿੱਤਰ ਬਣ ਜਾਈਏ ਤਾਂ ਕਿੰਨਾ ਚੰਗਾ ਹੋਊ। ਫਿਰ ਆਪਾਂ ਇਕੱਠੇ ਰਹਾਂਗੇ ਤੇ ਕੋਈ ਅਜਿਹੀ ਥਾਂ ਲੱਭਾਂਗੇ ਜਿੱਥੇ ਆਪਾਂ ਤਿੰਨਾਂ ਨੂੰ ਰੱਜ ਕੇ ਖਾਣ ਨੂੰ ਮਿਲਿਆ ਕਰੂ।’’ ਕਾਂ ਦਾ ਸੁਝਾਅ ਉਨ੍ਹਾਂ ਨੂੰ ਵੀ ਜਚਿਆ। ਫਿਰ ਤਿੰਨਾਂ ਨੇ ਮਿੱਤਰ ਬਣਨ ਦੀ ਸਹੁੰ ਖਾਧੀ।
ਗਿੱਦੜ ਨੇ ਕਿਹਾ, ‘‘ਭਰਾ ਕਾਵਾਂ, ਤੂੰ ਹੀ ਕੋਈ ਅਜਿਹੀ ਥਾਂ ਲੱਭ, ਜਿੱਥੇ ਆਪਾਂ ਤਿੰਨਾਂ ਨੂੰ ਖਾਣ ਲਈ ਵੱਖ-ਵੱਖ ਤਰ੍ਹਾਂ ਦੇ ਪਦਾਰਥ ਮਿਲਣ।’’ ਕਾਂ ਨੇ ਕਿਹਾ, ‘‘ਤੁਸੀਂ ਬੈਠੋ, ਮੈਂ ਉਡਾਰੀ ਮਾਰ ਕੇ ਅਜਿਹੀ ਥਾਂ ਲੱਭਦਾਂ।’’ ਕਾਂ ਨੇ ਉੱਡਦਿਆਂ-ਉੱਡਦਿਆਂ ਚਾਰ-ਚੁਫੇਰੇ ਆਪਣੀ ਤੇਜ਼ ਨਜ਼ਰ ਮਾਰੀ ਅਤੇ ਥਾਂ ਲੱਭ ਲਈ। ਕਾਂ, ਮਿਰਗ ਤੇ ਗਿੱਦੜ ਕੋਲ ਵਾਪਸ ਆ ਕੇ ਕਹਿਣ ਲੱਗਿਆ, ‘‘ਲੈ ਬਈ ਭਰਾਵੋਂ! ਮੈਂ ਅਜਿਹੀ ਥਾਂ ਲੱਭ ਲਈ ਹੈ, ਜਿੱਥੇ ਆਪਾਂ ਤਿੰਨੇ ਰੱਜ ਕੇ ਖਾਇਆ ਕਰਾਂਗੇ। ਥੋੜ੍ਹੀ ਹੀ ਦੂਰੀ ’ਤੇ ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਬਾਜਰਾ, ਖੱਖੜੀਆਂ ਤੇ ਮੋਠ ਬੀਜੇ ਹਨ। ਮੈਂ ਬਾਜਰੇ ਦੇ ਛਿੱਟਿਆਂ ਤੋਂ ਬਾਜਰੇ ਦੇ ਦਾਣੇ ਠੁੰਗ ਲਿਆ ਕਰੂੰ। ਤੂੰ ਗਿੱਦੜਾ! ਖੱਖੜੀਆਂ ਖਾ ਲਿਆ ਕਰੀਂ ਤੇ ਮਿਰਗ ਮੋਠ ਚਰ ਲਿਆ ਕਰੂ। ਨਾਲੇ ਜਦੋਂ ਮੈਂ ਉੱਚੇ ਬਾਜਰੇ ਦੇ ਛਿੱਟਿਆਂ ’ਤੇ ਬੈਠਾ ਹੋਊਂ ਤਾਂ ਮੈਨੂੰ ਦੂਰੋਂ ਆਉਂਦਾ ਕਿਸਾਨ ਦਿਸ ਪਿਆ ਕਰੂ ਤੇ ਮੈਂ ਕਾਵਾਂ-ਰੌਲੀ ਪਾ ਦਿਆਂ ਕਰੂੰ। ਜਦੋਂ ਨੂੰ ਕਿਸਾਨ ਖੇਤ ਵਿੱਚ ਆਇਆ ਕਰੂ, ਆਪਾਂ ਤਿੰਨੇ ਪੱਤਰੇ ਵਾਚ ਜਾਇਆ ਕਰਾਂਗੇ।’’ ‘‘ਭਰਾ ਕਾਵਾਂ, ਮਤਾ ਪਾਸ ਹੈ,ਹੁਣ ਬਸ ਉਸ ਥਾਂ ਲੈ ਚੱਲ।’’ ਗਿੱਦੜ ਤੇ ਮਿਰਗ ਨੇ ਇੱਕ ਸੁਰ ’ਚ ਹੁੰਗਾਰਾ ਭਰਿਆ।
ਕਾਂ ਅਸਮਾਨ ਵਿੱਚ ਉੱਡਣ ਲੱਗਾ। ਮਿਰਗ ਤੇ ਗਿੱਦੜ ਉੱਡਦੇ ਕਾਂ ਵੱਲ ਦੇਖਦੇ ਅਤੇ ਤੁਰਦੇ ਉਸ ਥਾਂ ਪਹੁੰਚ ਗਏ। ਕਾਂ ਛਿੱਟੇ ’ਤੇ ਬੈਠ ਕੇ ਬਾਜਰਾ ਠੁੰਗਣ ਲੱਗ ਪਿਆ, ਮਿਰਗ ਮੋਠ ਚਰਨ ਲੱਗ ਪਿਆ ਅਤੇ ਗਿੱਦੜ ਖੱਖੜੀਆਂ ਖਾਣ ਲੱਗ ਪਿਆ। ਤਿੰਨੇ ਰੱਜ ਕੇ ਆਪੋ-ਆਪਣੇ ਰਾਹ ਤੁਰ ਪਏ। ਰੋਜ਼ਾਨਾ ਆਪਣੇ ਬੱਝੇ ਹੋਏ ਸਮੇਂ ’ਤੇ ਤਿੰਨੇ ਉਸ ਕਿਸਾਨ ਦੇ ਖੇਤ ਵਿੱਚ ਪਹੁੰਚਦੇ ਅਤੇ ਢਿੱਡ ਭਰ ਕੇ ਆਪੋ-ਆਪਣੇ ਟਿਕਾਣੇ ’ਤੇ ਚਲੇ ਜਾਂਦੇ। ਕਿਸਾਨ ਬੜਾ ਦੁਖੀ ਸੀ ਕਿਉਂਕਿ ਉਸ ਦੀ ਫ਼ਸਲ ਦਾ ਰੋਜ਼ ਉਜਾੜਾ ਹੁੰਦਾ ਸੀ।
ਇੱਕ ਦਿਨ ਕਿਸਾਨ ਨੇ ਲੱਸੀ ਵਾਲੀ ਬਲਣੀ ਤੇ ਦਾਲ-ਰੋਟੀ ਵਾਲਾ ਟੋਕਰਾ ਸਿਰ ਤੋਂ ਲਾਹ ਕੇ ਬੇਰੀ ਹੇਠ ਰੱਖਿਆ ਅਤੇ ਬੈਠ ਕੇ ਸੋਚਣ ਲੱਗ ਪਿਆ ਕਿ ਇਨ੍ਹਾਂ ਜਾਨਵਰਾਂ ਦਾ ਕੀ ਹੱਲ ਹੋਵੇ? ਹਰ ਰੋਜ਼ ਫ਼ਸਲ ਦਾ ਉਜਾੜਾ ਕਰਦੇ ਹਨ। ਅਖੀਰ ਉਸ ਨੇ ਫ਼ੈਸਲਾ ਕੀਤਾ ਕਿ ਕਾਂ ਤੇ ਗਿੱਦੜ ਤਾਂ ਚਲਾਕ ਹਨ। ਮਿਰਗ ਭੋਲਾ ਹੈ। ਇਸ ਲਈ ਉਸ ਨੂੰ ਚੂੰਗਾ ਲਾਇਆ ਜਾਵੇ। ਕਿਸਾਨ ਨੇ ਰਾਤ ਨੂੰ ਲਾਲਟੈਣ ਲੈ ਕੇ ਵਧੀਆ ਢੰਗ ਨਾਲ ਚੂੰਗਾ ਲਾ ਦਿੱਤਾ। ਮੋਠ ਚਰਦੇ ਮਿਰਗ ਦੀ ਲੱਤ ਚੂੰਗੇ ਵਿੱਚ ਫਸ ਗਈ। ਫਸਿਆ ਮਿਰਗ ਰਿੰਗਣ ਲੱਗ ਪਿਆ। ਛੇਤੀ ਹੀ ਕਾਂ ਮਿਰਗ ਕੋਲ ਆ ਗਿਆ ਤੇ ਮਿਰਗ ਨੂੰ ਫਸਿਆ ਦੇਖ ਕੇ ਗਿੱਦੜ ਨੂੰ ਆਵਾਜ਼ ਮਾਰੀ। ਤਿੰਨੇ ਸੋਚਣ ਲੱਗੇ ਕਿ ਮਿਰਗ ਨੂੰ ਕਿਵੇਂ ਛੁਡਾਈਏ?
ਕਾਂ ਕਹਿਣ ਲੱਗਿਆ ਕਿ ਜੇ ਕਿਸਾਨ ਆ ਗਿਆ ਤਾਂ ਉਹ ਪੱਕਾ ਮਿਰਗ ਨੂੰ ਮਾਰ ਦਿਊ। ਆਪਾਂ ਤਿੰਨਾਂ ਨੇ ਦੁੱਖ-ਸੁੱਖ ਵਿੱਚ ਯਾਰੀ ਪੁਗਾਉਣ ਦੀ ਸਹੁੰ ਖਾਧੀ ਹੈ ਤੇ ਇਹੀ ਯਾਰੀ ਪੁਗਾਉਣ ਦਾ ਸਮਾਂ ਹੈ ਪਰ ਮੇਰੀ ਚੁੰਝ ਨਾਲ ਚੂੰਗਾ ਨਹੀਂ ਖੁੱਲ੍ਹ ਸਕਦਾ ਕਿਉਂਕਿ ਇਹ ਕੱਚੇ ਚਮੜੇ ਦੇ ਸਲੂ ਤੇ ਲੱਕੜੀ ਦਾ ਬਣਾਇਆ ਸਖ਼ਤ ਚੂੰਗਾ ਹੈ ਪਰ ਤੂੰ ਗਿੱਦੜਾ ਤੂੰ ਆਪਣੇ ਦੰਦਾਂ ਨਾਲ ਪੱਕੇ ਸਲੂ ਨੂੰ ਕੱਟ ਸਕਦਾ ਹੈਂ। ਚੂੰਗਾ ਸਲੂ ਕੱਟਣ ਨਾਲ ਢਿੱਲਾ ਹੋ ਜਾਊ ਅਤੇ ਮਿਰਗ ਦੀ ਚੂੰਗੇ ’ਚੋਂ ਲੱਤ ਨਿਕਲ ਜਾਊ। ਕਾਂ ਦੀ ਇਹ ਗੱਲ ਸੁਣ ਗਿੱਦੜ ਸੋਚਣ ਲੱਗਿਆ, ‘‘ਖੱਖੜੀਆਂ ਤਾਂ ਰੋਜ਼ ਖਾਈਦੀਆਂ ਨੇ, ਅੱਜ ਮਾਸ ਖਾਵਾਂਗੇ ਕਿਉਂਕਿ ਕਿਸਾਨ ਨੇ ਮਿਰਗ ਨੂੰ ਮਾਰ ਕੇ ਸਾਰਾ ਮਾਸ ਤਾਂ ਨਾਲ ਨ੍ਹੀਂ ਲੈ ਕੇ ਜਾਣਾ। ਜਿਹੜਾ ਬਚੇਗਾ, ਉਹ ਮੈਂ ਹੀ ਖਾਵਾਂਗਾ।’’ ‘‘ਗਿੱਦੜਾ! ਦੱਸ ਭਰਾਵਾ?’’ ਕਾਂ ਗਿੱਦੜ ਦਾ ਜੁਆਬ ਜਾਣਨਾ ਚਾਹੁੰਦਾ ਸੀ। ਗਿੱਦੜ ਨੇ ਬਹਾਨਾ ਬਣਾਇਆ ਤੇ ਕਹਿਣ ਲੱਗਿਆ, ‘‘ਮੇਰਾ ਤਾਂ ਭਰਾਵਾ, ਸੰਘਟ ਚੌਥ ਦਾ ਵਰਤ ਰੱਖਿਆ ਹੋਇਆ। ਮੈਂ ਤਾਂ ਸੰਘ ਤੋਂ ਅੱਗੇ ਥੁੱਕ ਵੀ ਨਹੀਂ ਲਿਜਾ ਸਕਦਾ। ਜੇ ਸਲੂ ਕੱਟਦੇ ਸਮੇਂ ਮੇਰੇ ਅੰਦਰ ਪੱਕਾ ਚੰਮ ਲੱਗ ਗਿਆ ਤਾਂ ਮੇਰਾ ਵਰਤ ਟੁੱਟ ਜਾਊ।’’ ਕਾਂ ਗਿੱਦੜ ਦੇ ਜੁਆਬ ਤੋਂ ਮਨ ਹੀ ਮਨ ਔਖਾ ਹੋ ਗਿਆ ਸੀ।
ਫਿਰ ਉਸ ਨੇ ਕਿਹਾ,‘‘ਚੰਗਾ ਫਿਰ ਤੂੰ ਆਏਂ ਕਰ ਕਿ ਔਹ ਜਿਹੜੀ ਬੇਰੀ ਐ, ਜਿੱਥੇ ਕੋਰਾ ਘੜਾ ਪਿਆ ਤੇ ਜਿੱਥੇ ਕਿਸਾਨ ਟੋਕਰਾ ਧਰਦਾ ਹੁੰਦਾ, ਉੱਥੇ ਨੇੜੇ ਵੱਡੀਆਂ-ਵੱਡੀਆਂ ਬੂੰਈਆਂ ਨੇ। ਤੂੰ ਉਨ੍ਹਾਂ ਵਿੱਚ ਜਾ ਕੇ ਲੁਕ ਜਾ, ਵੇਖਦੇ ਆਂ ਕੀ ਬਣਦਾ!’’ ਗਿੱਦੜ ਬੂੰਈਆਂ ਵਿੱਚ ਜਾ ਕੇ ਲੁਕ ਗਿਆ। ਕਾਂ ਉੱਡ ਗਿਆ ਤੇ ਗਿੱਦੜ ਤੋਂ ਚੋਰੀਓਂ ਧਰਤੀ ’ਤੇ ਉੱਤਰ ਕੇ ਟਪੂਸੀਆਂ ਮਾਰਦਾ ਮਿਰਗ ਕੋਲ ਪਹੁੰਚ ਗਿਆ ਤੇ ਕਹਿਣ ਲੱਗਿਆ, ‘‘ਲੈ ਬਈ ਭਰਾਵਾ, ਤੈਨੂੰ ਮੈਂ ਇੱਕ ਜੁਗਤ ਦੱਸਦਾਂ। ਕਿਸਾਨ ਭੋਲੇ-ਭਾਲੇ ਹੁੰਦੇ ਨੇ, ਤੂੰ ਡਿੱਗ ਪੈ। ਲੱਤਾਂ ਨਿਸਾਲ ਲੈ ਅਤੇ ਜਦ ਤੇਰੇ ਕੋਲ ਕਿਸਾਨ ਆਇਆ ਤਾਂ ਤੂੰ ਸਾਹ ਘਸੀਟ ਲਈਂ। ਉਸ ਨੂੰ ਇਉਂ ਲੱਗਣਾ ਚਾਹੀਦਾ ਕਿ ਤੂੰ ਮਰ ਗਿਆ ਹੈਂ। ਉਹ ਤੈਨੂੰ ਉਲਟਾਊ-ਪਲਟਾਊ ਪਰ ਤੂੰ ਸਾਹ ਨਾ ਬਾਹਰ ਕੱਢੀਂ। ਫਿਰ ਉਹ ਤੇਰਾ ਚੂੰਗਾ ਹੱਥਾਂ ਨਾਲ ਖਿੱਚ ਕੇ ਤੇਰੀ ਲੱਤ ਬਾਹਰ ਕੱਢ ਦਿਊ, ਤੂੰ ਉਵੇਂ ਪਿਆ ਰਹੀਂ। ਮੈਂ ਅਸਮਾਨ ਵਿੱਚ ਉੱਡਦਾ ਨਜ਼ਰ ਰੱਖੂੰਗਾ ਤੇ ਜਦੋਂ ਕਿਸਾਨ ਤੇਰੀ ਲੱਤ ਬਾਹਰ ਕੱਢ ਦੇਵੇਗਾ ਤਾਂ ਮੈਂ ਜਿੱਥੇ ਉਸ ਦੀ ਲੱਸੀ ਤੇ ਰੋਟੀਆਂ ਦਾ ਟੋਕਰਾ ਰੱਖਿਆ ਹੁੰਦਾ, ਉੱਥੇ ਜਾ ਕੇ ਕਾਂ-ਕਾਂ ਕਰ ਕੇ ਰੌਲਾ ਪਾਊਂ। ਉਹ ਮੇਰੇ ਵੱਲ ਕੁਹਾੜੀ ਲੈ ਕੇ ਭੱਜੂ ਤੇ ਜਦ ਉਹ ਮੇਰੇ ਵੱਲ ਭੱਜਣ ਲੱਗੇਗਾ, ਤੂੰ ਵੀ ਭੱਜ ਜਾਵੀਂ।’’
ਜਦ ਕਿਸਾਨ ਖੇਤ ਵਿੱਚੋਂ ਬੇਰੀ ਵੱਲ ਆਇਆ ਤਾਂ ਕਾਂ ਦੇ ਦੱਸੇ ਮੁਤਾਬਕ ਹੀ ਹੋਇਆ। ਜਦ ਕਾਂ ਕਾਵਾਂ ਰੌਲੀ ਪਾਉਂਦਾ ਟੋਕਰੇ ਵਿਚਲੀਆਂ ਰੋਟੀਆਂ ਖ਼ਰਾਬ ਕਰਨ ਲੱਗਿਆ ਤਾਂ ਕਿਸਾਨ ਕਾਂ ਵੱਲ ਹੋ ਗਿਆ ਅਤੇ ਉਸ ਨੇ ਭੱਜਦੇ ਕਾਂ ਵੱਲ ਚਲਾਵੀਂ ਕੁਹਾੜੀ ਮਾਰੀ ਜੋ ਥੋੜ੍ਹੀ ਜਿਹੀ ਅੱਗੇ ਜਾ ਕੇ ਗਿੱਦੜ ਦੇ ਕੰਨ ’ਤੇ ਵੱਜੀ ਅਤੇ ਗਿੱਦੜ ਭੁਆਂਟਣੀਆਂ ਲੈਂਦਾ ਚੀਕਾਂ ਮਾਰਦਾ ਭੱਜ ਗਿਆ। ਅਸਮਾਨ ’ਚ ਉੱਡਦੇ ਕਾਂ ਨੇ ਗਿੱਦੜ ਨੂੰ ਉੱਚੀ-ਉੱਚੀ ਕਿਹਾ:
"ਗਿੱਦੜਾ ਤੂੰ ਸੰਘਟ ਚੌਥ ਦਾ ਵਰਤ ਰੱਖਿਆ,
ਤੈਂ ਨਾ ਟੁੱਕੀ ਨਾੜੀ,
ਮਿੱਤਰਾਂ ਨਾਲ ਤੈਂ ਧ੍ਰੋਹ ਕਮਾਇਆ,
ਤੇਰੇ ਕੰਨ ’ਤੇ ਪਈ ਕੁਹਾੜੀ।"
(ਬੋਘੜ ਸਿੰਘ ਖੋਖਰ)