Prem Chand Di Paati Jutti : Hari Krishan Mayer
ਪ੍ਰੇਮ ਚੰਦ ਦੀ ਪਾਟੀ ਜੁੱਤੀ (ਵਿਅੰਗ) : ਹਰੀ ਕ੍ਰਿਸ਼ਨ ਮਾਇਰ
ਪ੍ਰੇਮ ਚੰਦ ਦਾ ਇਕ ਚਿੱਤਰ ਮੇਰੇ ਸਾਹਮਣੇ ਹੈ । ਪਤਨੀ ਨਾਲ ਫੋਟੋ ਖਿਚਵਾ ਰਹੇ ਹਨ । ਸਿਰ ਉੱਪਰ ਮੋਟੇ ਕੱਪੜੇ ਦੀ ਟੋਪੀ, ਕੁੜਤਾ ਅਤੇ ਧੋਤੀ ਪਹਿਨੀ ਹੋਈ ਹੈ । ਪੁੜਪੜੀਆਂ ਅੰਦਰ ਨੂੰ ਧਸੀਆਂ, ਗਲ੍ਹਾਂ ਦੀਆਂ ਹੱਡੀਆਂ ਬਾਹਰ ਨੂੰ ਉਭਰੀਆਂ ਹੋਈਆਂ ਹਨ । ਪਰ ਸੰਘਣੀਆਂ ਮੁੱਛਾਂ ਨਾਲ ਚਿਹਰਾ ਭਰਿਆ ਲਗਦਾ ਹੈ ।
ਪੈਰਾਂ 'ਚ ਕੈਨਵਸ ਦੀਆਂ ਜੁੱਤੀਆਂ ਪਾਈਆਂ ਹੋਈਆਂ ਹਨ । ਜਿਨ੍ਹਾਂ ਦੇ ਤਸਮੇ ਬੇਤਰਤੀਬੇ ਬੰਨ੍ਹੇ ਹੋਏ ਹਨ । ਲਾਪ੍ਰਵਾਹੀ ਨਾਲ ਵਰਤਣ ਕਰ ਕੇ ਤਸਮਿਆਂ ਦੇ ਸਿਰਿਆਂ ਉੱਪਰਲੀ ਲੋਹੇ ਦੀ ਪੱਤੀ ਨਿਕਲ ਜਾਂਦੀ ਹੈ । ਮੋਰੀਆਂ 'ਚੋਂ ਫੀਤਾ ਪਾਣ ਸਮੇਂ ਪ੍ਰੇਸ਼ਾਨੀ ਆਉਂਦੀ ਹੈ । ਫੇਰ ਤਸਮੇ ਜਿਮੇਂ-ਕਿਮੇਂ ਕੱਸ ਲਏ ਜਾਂਦੇ ਹਨ ।
ਸੱਜੇ ਪੈਰ ਦੀ ਜੁੱਤੀ ਤਾਂ ਠੀਕ ਹੈ ਪਰ ਖੱਬੇ ਪੈਰ ਦੀ ਜੁੱਤੀ 'ਚ ਵੱਡੀ ਮੋਰੀ ਹੋ ਗਈ ਹੈ । ਮੋਰੀ ਵਿਚੋਂ ਉਂਗਲੀ ਬਾਹਰ ਨਿਕਲ ਆਈ ਹੈ । ਮੇਰੀ ਨਜ਼ਰ ਇਸ ਜੁੱਤੀ 'ਤੇ ਆ ਕੇ ਰੁਕ ਗਈ ਹੈ । ਸੋਚਦਾ ਹਾਂ, ਫੋਟੋ ਖਿਚਵਾਣ ਦੀ, ਜੇ ਇਹ ਲਿਬਾਸ ਹੈ ਤਾਂ ਆਮ ਪਹਿਚਾਣ ਵਾਲਾ ਲਿਬਾਸ ਕਿਹੋ ਜਿਹਾ ਹੋਵੇਗਾ? ਨਹੀਂ, ਇਸ ਆਦਮੀ ਕੋਲ ਵੱਖੋ-ਵੱਖਰੀਆਂ ਪੁਸ਼ਾਕਾਂ ਨਹੀਂ ਹੋਣਗੀਆਂ । ਇਹਦੇ 'ਚ ਪਹਿਰਾਵੇ ਬਦਲਣ ਦਾ ਗੁਣ ਨਹੀਂ ਹੈ । ਇਹ ਜਿਸ ਤਰ੍ਹਾਂ ਦਾ ਹੈ, ਉਸੇ ਤਰ੍ਹਾਂ ਦਾ ਫੋਟੋ 'ਚ ਦਿਖਾਈ ਦਿੰਦਾ ਹੈ ।
ਮੈਂ ਫੋਟੋ ਵੱਲ ਵੇਖਦਾ ਹਾਂ । ਕੀ ਤੈਨੂੰ ਪਤਾ ਹੈ, ਮੇਰੇ ਸਾਹਿਤਕ ਪੁਰਖੇ ਕਿ ਤੇਰੀ ਜੁੱਤੀ ਫਟ ਗਈ ਹੈ ਅਤੇ ਉਂਗਲੀ ਬਾਹਰ ਦਿਸ ਰਹੀ ਹੈ? ਕੀ ਤੈਨੂੰ ਇਸ ਦਾ ਭੋਰਾ ਵੀ ਅਹਿਸਾਸ ਨਹੀਂ? ਭੋਰਾ ਵੀ ਸ਼ਰਮ ਨਹੀਂ, ਸੰਕੋਚ ਜਾਂ ਸ਼ਰਮਿੰਦਗੀ ਨਹੀਂ ਹੈ? ਕੀ ਤੈਨੂੰ ਐਨੀ ਵੀ ਸਮਝ ਨਹੀਂ ਕਿ ਧੋਤੀ ਨੂੰ ਥੋੜ੍ਹਾ ਹੇਠਾਂ ਬੰਨ੍ਹ ਕੇ ਉਂਗਲੀ ਢਕੀ ਜਾ ਸਕਦੀ ਹੈ? ਪਰ ਫਿਰ ਵੀ ਤੇਰੇ ਚਿਹਰੇ 'ਤੇ ਬੜੀ ਬੇਪ੍ਰਵਾਹੀ ਅਤੇ ਬੜਾ ਵਿਸ਼ਵਾਸ ਹੈ । ਫੋਟੋਗ੍ਰਾਫਰ ਨੇ ਜਦੋਂ 'ਰੈਡੀ ਪਲੀਜ਼' ਕਿਹਾ ਹੋਵੇਗਾ, ਉਦੋਂ ਪਰੰਪਰਾ ਮੁਤਾਬਿਕ ਤੂੰ ਮੁਸਕਰਾਣ ਦਾ ਯਤਨ ਕੀਤਾ ਹੋਵੇਗਾ । ਦਰਦ ਦੇ ਡੂੰਘੇ ਖੂਹ ਦੇ ਤਲ 'ਤੇ ਪਈ ਮੁਸਕਾਨ ਨੂੰ ਖਿੱਚ ਕੇ ਤੂੰ ਹੌਲੀ-ਹੌਲੀ ਉਤਾਂਹ ਲਿਆਉਣ ਦੀ ਕੋਸ਼ਿਸ਼ ਕਰ ਹੀ ਰਿਹਾ ਹੋਵੇਂਗਾ ਕਿ ਵਿਚਾਲੇ ਹੀ 'ਕਲਿੱਕ' ਕਰਕੇ ਫੋਟੋਗ੍ਰਾਫਰ ਨੇ 'ਥੈਂਕ ਯੂ' ਬੋਲ ਦਿੱਤਾ ਹੋਵੇਗਾ । ਬੜੀ ਅਦਭੁੱਤ ਹੈ ਇਹ ਅਧੂਰੀ ਮੁਸਕਾਨ । ਇਹ ਮੁਸਕਾਨ ਨਹੀਂ, ਇਸ ਵਿਚ ਹਾਸਾ ਠੱਠਾ ਹੈ, ਵਿਅੰਗ ਹੈ ।
ਇਹ ਕਿਹੋ ਜਿਹਾ ਬੰਦਾ ਹੈ, ਜਿਹੜਾ ਆਪ ਤਾਂ ਟੁੱਟੀਆਂ ਜੁੱਤੀਆਂ ਪਹਿਨ ਕੇ ਫੋਟੋ ਖਿਚਵਾ ਰਿਹਾ ਹੈ ਪਰ ਕਿਸੇ ਹੋਰ 'ਤੇ ਹੱਸ ਵੀ ਰਿਹਾ ਹੈ । ਫੋਟੋ ਹੀ ਖਿਚਾਉਣੀ ਸੀ, ਠੀਕ ਜੁੱਤੀਆਂ ਪਾ ਲੈਂਦਾ ਜਾਂ ਫੋਟੋ ਖਿਚਾਉਂਦਾ ਹੀ ਨਾ । ਫੋਟੋ ਨਾ ਖਿਚਵਾਣ ਨਾਲ ਕੀ ਵਿਗੜ ਚੱਲਿਆ ਸੀ । ਹੋ ਸਕਦਾ ਪਤਨੀ ਨੇ ਜ਼ਿੱਦ ਕੀਤੀ ਹੋਵੇ ਅਤੇ ਉਹ 'ਚੰਗਾ ਚਲ ਭਾਈ' ਕਹਿ ਕੇ ਬੈਠ ਗਿਆ ਹੋਵੇਗਾ । ਪਰ ਇਹ ਕਿੱਡਾ ਵੱਡਾ ਦੁਖਾਂਤ ਹੈ ਕਿ ਆਦਮੀ ਕੋਲ ਫੋਟੋ ਖਿਚਾਣ ਲਈ ਵੀ ਜੁੱਤੀਆਂ ਨਾ ਹੋਣ? ਮੈਂ ਤੇਰੀ ਇਹ ਫੋਟੋ ਦੇਖਦੇ-ਦੇਖਦੇ ਤੇਰੀ ਹਾਲਤ ਨੂੰ ਆਪਣੇ ਅੰਦਰ ਮਹਿਸੂਸ ਕਰਕੇ ਰੋਣਾ ਚਾਹੁੰਦਾ ਹਾਂ । ਪਰ ਤੇਰੀਆਂ ਅੱਖਾਂ ਦਾ ਤਿੱਖਾ ਦਰਦ ਵਿਅੰਗ, ਮੈਨੂੰ ਇੰਜ ਕਰਨੋਂ ਰੋਕ ਦਿੰਦਾ ਹੈ ।
ਤੁਸੀਂ ਫੋਟੋ ਦੀ ਅਹਿਮੀਅਤ ਨਹੀਂ ਸਮਝਦੇ । ਸਮਝਦੇ ਹੁੰਦੇ ਤਾਂ ਫੋਟੋ ਖਿਚਵਾਣ ਲਈ ਜੁੱਤੀਆਂ ਕਿਸੇ ਕੋਲੋਂ ਮੰਗ ਲੈਂਦੇ । ਲੋਕ ਤਾਂ ਮੰਗਵੇਂ ਕੋਟ ਨਾਲ ਕੁੜੀ ਵੇਖਣ ਚਲੇ ਜਾਂਦੇ ਹਨ । ਮੰਗਵੀਂ ਮੋਟਰ ਗੱਡੀ 'ਤੇ ਬਾਰਾਤ ਚੜ੍ਹਾ ਕੇ ਲੈ ਜਾਂਦੇ ਹਨ । ਫੋਟੋ ਖਿਚਵਾਣ ਖਾਤਰ ਤਾਂ ਪਤਨੀ ਤੱਕ ਮੰਗ ਲਈ ਜਾਂਦੀ ਹੈ । ਤੁਸੀਂ ਜੁੱਤੀ ਵੀ ਨਹੀਂ ਮੰਗ ਸਕੇ । ਥੋਨੂੰ ਫੋਟੋ ਦਾ ਮਹੱਤਵ ਨਹੀਂ ਪਤਾ । ਲੋਕ ਤਾਂ ਇਤਰ ਲਗਾ ਕੇ ਫੋਟੋ ਖਿਚਵਾਂਦੇ ਹਨ ਤਾਂ ਕਿ ਫੋਟੋ 'ਚੋਂ ਖੁਸ਼ਬੂ ਆਵੇ । ਗੰਦੇ ਤੋਂ ਗੰਦੇ ਬੰਦੇ ਦੀ ਫੋਟੋ 'ਚੋਂ ਵੀ ਖੁਸ਼ਬੂ ਆਉਂਦੀ ਹੈ ।
ਟੋਪੀ ਤਾਂ ਅੱਠ ਆਨੇ ਦੀ ਮਿਲ ਜਾਂਦੀ ਹੈ । ਉਸ ਸਮੇਂ ਜੁੱਤੀ ਪੰਜ ਰੁਪਈਏ ਤੋਂ ਘੱਟ ਨਹੀਂ ਆਉਂਦੀ ਹੋਣੀ । ਜੁੱਤੀ ਹਮੇਸ਼ਾ ਟੋਪੀ ਤੋਂ ਮਹਿੰਗੀ ਹੀ ਰਹੀ ਹੈ । ਹੁਣ ਤਾਂ ਜੁੱਤੀਆਂ ਹੋਰ ਮਹਿੰਗੀਆਂ ਹੋ ਗਈਆਂ ਹਨ । ਇਕ ਜੁੱਤੀ ਦੇ ਜੋੜੇ ਦੀ ਕੀਮਤ ਪੱਚੀ ਟੋਪੀਆਂ ਜਿੰਨੀ ਹੋ ਗਈ ਹੈ । ਤੁਸੀਂ ਵੀ ਟੋਪੀ ਅਤੇ ਜੁੱਤੀ ਦੇ ਅਨੁਪਾਦਕ ਮੁੱਲ ਦੀ ਮਾਰ ਥੱਲੇ ਆ ਗਏ । ਮੈਨੂੰ ਕਦੀ ਪਹਿਲਾਂ ਇਹ ਗੱਲ ਐਨੀ ਨਹੀਂ ਚੁੱਭੀ, ਜਿੰਨੀ ਅੱਜ ਚੁੱਭੀ ਹੈ । ਤੁਸੀਂ ਮਹਾਨ ਕਹਾਣੀਕਾਰ, ਨਾਵਲ ਸਮਰਾਟ, ਯੁੱਗ ਪ੍ਰਵਰਤਕ, ਪਤਾ ਨਹੀਂ ਕੀ-ਕੀ ਕਹਾਉਂਦੇ ਸੀ, ਪਰ ਫੋਟੋ ਵਿਚ ਤੁਹਾਡੀ ਜੁੱਤੀ ਫਟੀ ਹੋਈ ਹੈ ।
ਮੇਰੀ ਜੁੱਤੀ ਵੀ ਬਹੁਤੀ ਚੰਗੀ ਨਹੀਂ ਹੈ । ਉਪਰੋਂ ਚੰਗੀ ਦੀਂਹਦੀ ਹੈ । ਉਂਗਲੀ ਬਾਹਰ ਨਹੀਂ ਨਿਕਲਦੀ । ਪਰ ਉਂਗਲੀ ਦੇ ਹੇਠਾਂ ਤਲਾ ਫਟ ਗਿਆ ਹੈ । ਅੰਗੂਠਾ ਧਰਤੀ ਨਾਲ ਘਿਸਰਦਾ ਹੈ । ਤਿੱਖੇ ਰੋੜੇ ਨਾਲ ਰਗੜ ਖਾ ਕੇ ਕਈ ਵਾਰ ਲਹੂ-ਲੁਹਾਣ ਵੀ ਹੋ ਜਾਂਦਾ ਹੈ । ਜੇ ਕਿਤੇ ਪੂਰਾ ਤਲਾ ਹੀ ਡਿੱਗ ਗਿਆ ਤਾਂ ਪੰਜਾ ਛਿੱਲਿਆ ਜਾਵੇਗਾ ਪਰ ਉਂਗਲੀ ਬਾਹਰ ਨਹੀਂ ਦਿਸੇਗੀ । ਪਰ ਥੋਡੀ ਤਾਂ ਉਂਗਲੀ ਬਾਹਰ ਦਿਸਦੀ ਹੈ । ਪੈਰ ਤਾਂ ਸਹੀ ਸਲਾਮਤ ਹੈ । ਮੇਰੀ ਉਂਗਲੀ ਢਕੀ ਹੋਈ ਹੈ ਪਰ ਪੰਜਾ ਥੱਲਿਉਂ ਘਿਸਰ ਰਿਹਾ ਹੈ । ਤੁਸੀਂ ਪਰਦੇ ਦੀ ਅਹਿਮੀਅਤ ਨਹੀਂ ਜਾਣਦੇ । ਅਸੀਂ ਪਰਦੇ ਤੋਂ ਕੁਰਬਾਨ ਹੋ ਰਹੇ ਹਾਂ ।
ਫਟੀ ਜੁੱਤੀ ਪਾ ਕੇ ਵੀ ਤੁਸੀਂ ਬੜੇ ਠਾਠ ਨਾਲ ਬੈਠੇ ਹੋ । ਮੈਂ ਤਾਂ ਨਹੀਂ ਫਟੀ ਜੁੱਤੀ ਪਾ ਸਕਦਾ । ਫੋਟੋ ਤਾਂ ਮੈਂ ਜ਼ਿੰਦਗੀ ਭਰ ਨਾ ਖਿਚਵਾਵਾਂ । ਚਾਹੇ ਕੋਈ ਜੀਵਨ ਕਥਾ ਬਗੈਰ ਫੋਟੋ ਤੋਂ ਛਾਪ ਦੇਵੇ । ਤੁਹਾਡੀ ਇਸ ਵਿਅੰਗ-ਮੁਸਕਾਨ ਸਾਹਵੇਂ ਮੇਰਾ ਹੌਸਲਾ ਹਾਰ ਜਾਂਦਾ ਹੈ । ਕੀ ਅਰਥ ਹੈ, ਇਸ ਦਾ? ਕਿਹੋ ਜੇਹੀ ਹੈ ਇਹ ਮੁਸਕਾਨ?
-ਕੀ ਹੋਰੀ ਦਾ ਗੋਦਾਨ ਹੋ ਗਿਆ?
-ਕੀ 'ਪੂਸ਼ ਕੀ ਰਾਤ' ਵਿਚ ਸੂਰ ਹਲਕੂ ਦਾ ਖੇਤ ਚਰ ਗਏ ।
-ਕੀ ਸੁਜਾਨ ਭਗਤ ਦਾ ਮੁੰਡਾ ਮਰ ਗਿਆ, ਕਿਉਂਕਿ ਡਾਕਟਰ ਕਲੱਬ ਛੱਡ ਕੇ ਨਹੀਂ ਸਨ ਆ ਸਕਦੇ?
ਨਹੀਂ, ਮੈਨੂੰ ਲਗਦਾ ਹੈ ਕਿ ਮਾਧੋ ਔਰਤ ਦੇ ਕਫਨ ਦੇ ਚੰਦੇ ਦੀ ਸ਼ਰਾਬ ਪੀ ਗਿਆ । ਉਹੀ ਮੁਸਕਾਨ ਲਗਦੀ ਹੈ । ਮੈਂ ਤੁਹਾਡੀ ਜੁੱਤੀ ਫਿਰ ਦੇਖਦਾ ਹਾਂ । ਕਿਵੇਂ ਫਟ ਗਈ ਇਹ? ਲੋਕਾਂ ਦਾ ਲੇਖਕ ਜ਼ਿਆਦਾ ਗੇੜੇ ਮਾਰਦਾ ਰਿਹਾ ਹੋਣਾ । ਕੀ ਬਾਣੀਏ ਦੇ ਸੂਦ ਤੋਂ ਬਚਣ ਲਈ ਦੋ ਮੀਲ ਦਾ ਗੇੜਾ ਕੱਢ ਕੇ ਮੁੜ ਘਰੇ ਤਾਂ ਨਹੀਂ ਆ ਜਾਂਦੇ ਰਹੇ?
ਗੇੜੇ ਕੱਢਣ ਨਾਲ ਜੁੱਤੀ ਫਟਦੀ ਨਹੀਂ ਹੁੰਦੀ, ਘਸ ਜ਼ਰੂਰ ਜਾਂਦੀ ਹੈ । ਕੁੰਭਨ ਦਾਸ ਦੀ ਜੁੱਤੀ ਵੀ ਫਤਹਿਪੁਰ ਸੀਕਰੀ ਜਾਂਦੇ-ਜਾਂਦੇ ਘਸ ਗਈ ਸੀ । ਉਸ ਨੂੰ ਬੜਾ ਪਛਤਾਵਾ ਹੋਇਆ । ਕਹਿੰਦਾ, 'ਆਵਤ ਜਾਤ ਪਨਹੈਆ, ਘਿਸਰ ਗਈ, ਵਿਸਰ ਗਇਉ ਹਰੀ ਨਾਮ ।' ਅਤੇ ਅਜਿਹੇ ਬੁਲਾ ਕੇ ਦੇਣ ਵਾਲਿਆਂ ਬਾਰੇ ਕਿਹਾ ਸੀ, 'ਜਿਨ ਕੇ ਦੇਖੇ ਦੁੱਖ ਉਪ ਜਤ ਹੈ, ਤਿਨ ਕੋ ਕਰਬੋ ਪਰੇ ਸਲਾਮ ।' ਤੁਰੀਏ ਤਾਂ ਜੁੱਤੀ ਘਸਦੀ ਹੈ, ਫਟਦੀ ਨਹੀਂ । ਤੁਹਾਡੀ ਜੁੱਤੀ ਕਿਵੇਂ ਫਟ ਗਈ? ਮੈਨੂੰ ਜਾਪਦੈ, ਤੁਸੀਂ ਕਿਸੇ ਕਰੜੀ ਚੀਜ਼ ਨੂੰ ਠੋਕਰਾਂ ਮਾਰਦੇ ਰਹੇ ਹੋਵੋਂਗੇ । ਪਰਤ ਦਰ ਪਰਤ ਸਦੀਆਂ ਤੋਂ ਇਕ ਚੀਜ਼ ਜੰਮਦੀ ਗਈ, ਤੁਸੀਂ ਉਸ ਨੂੰ ਠੋਕਰਾਂ ਮਾਰ-ਮਾਰ ਆਪਣੀ ਜੁੱਤੀ ਤੋੜ ਲਈ ਹੈ । ਕੋਈ ਰੁਕਾਵਟ ਪਹਾੜ ਬਣ ਕੇ ਤੁਹਾਡੇ ਰਾਹ ਵਿਚ ਖੜ੍ਹੀ ਹੋ ਗਈ । ਤੁਸੀਂ ਉਸ ਨਾਲ ਜੂਝਦਿਆਂ ਆਪਣੀ ਜੁੱਤੀ ਤੁੜਵਾ ਲਈ । ਉਸ ਦੇ ਕੋਲੋਂ ਬਚ ਕੇ ਵੀ ਤਾਂ ਲੰਘ ਸਕਦੇ ਸੀ । ਰੁਕਾਵਟ ਨਾਲ ਸਮਝੌਤਾ ਵੀ ਤਾਂ ਹੋ ਸਕਦਾ ਹੈ । ਸਾਰੀਆਂ ਨਦੀਆਂ ਪਹਾੜ ਥੋੜ੍ਹਾ ਤੋੜਦੀਆਂ ਹਨ, ਰਾਹ ਬਦਲ ਕੇ, ਘੁੰਮ-ਘੁਮਾ ਕੇ ਵੀ ਚਲੀਆਂ ਜਾਂਦੀਆਂ ਹਨ ।
ਤੁਸੀਂ ਸਮਝੌਤਾ ਕਰ ਨਹੀਂ ਸਕੇ । ਕੀ ਤੁਹਾਡੀ ਵੀ ਉਹੀ ਕਮਜ਼ੋਰੀ ਹੈ ਜੋ ਹੋਰੀਂ ਨੂੰ ਲੈ ਡੁੱਬੀ? 'ਨੇਮ ਧਰਮ' ਵਾਲੀ ਕਮਜ਼ੋਰੀ । ਨੇਮ ਧਰਮ ਤਾਂ ਉਸ ਲਈ ਇਕ ਜ਼ੰਜੀਰ ਸੀ ਪਰ ਤੁਸੀਂ ਜਿਵੇਂ ਮੁਸਕਰਾ ਰਹੇ ਹੋ । ਜਾਪਦੈ 'ਨੇਮ ਧਰਮ' ਤੁਹਾਡੇ ਲਈ 'ਬੰਨ੍ਹਣ' ਨਹੀਂ ਸਗੋਂ ਤੁਹਾਡੀ ਖਲਾਸੀ ਸੀ । ਤੁਹਾਡੇ ਪੈਰ ਦੀ ਇਹ ਉਂਗਲੀ ਜੀਕੂੰ ਇਸ਼ਾਰਾ ਕਰਦੀ ਲਗਦੀ ਹੈ ਕਿ ਜੀਹਨੂੰ ਤੁਸੀਂ ਘਿਰਨਾ ਯੋਗ ਸਮਝਦੇ ਹੋ, ਉਸ ਵੱਲ ਹੱਥ ਦੀ ਥਾਂ ਪੈਰ ਦੀ ਉਂਗਲੀ ਨਾਲ ਇਸ਼ਾਰਾ ਕਰਦੇ ਹੋ ।
ਕੀ ਤੁਸੀਂ ਉਸ ਰੁਕਾਵਟ ਵੱਲ ਇਸ਼ਾਰਾ ਕਰ ਰਹੇ ਹੋ, ਜਿਸ ਨੂੰ ਠੋਕਰ ਮਾਰਦੇ ਤੁਸੀਂ ਜੁੱਤੀ ਤੁੜਵਾ ਬੈਠੇ ਹੋ? ਮੈਂ ਤੁਹਾਡੀ ਉਂਗਲੀ ਦੇ ਇਸ਼ਾਰੇ ਨੂੰ ਸਮਝਦਾ ਹਾਂ । ਤੁਹਾਡੀ ਵਿਅੰਗ-ਮੁਸਕਾਨ ਨੂੰ ਵੀ ਸਮਝਦਾ ਹਾਂ ।
ਤੁਸੀਂ ਮੇਰੇ 'ਤੇ ਜਾਂ ਸਾਡੇ ਸਭਨਾਂ 'ਤੇ ਹੱਸ ਰਹੇ ਹੋ । ਉਨ੍ਹਾਂ 'ਤੇ ਜਿਹੜੇ ਉਂਗਲੀ ਲੁਕਾ ਕੇ ਅਤੇ ਤਲੇ ਘਸਾ ਕੇ ਤੁਰ ਰਹੇ ਹਨ । ਉਨ੍ਹਾਂ ਉਤੇ ਜੋ ਰੁਕਾਵਟ ਦੇ ਟਿੱਲੇ ਦੇ ਕੋਲੋਂ ਦੀ ਲੰਘ ਰਹੇ ਹਨ । ਤੁਸੀਂ ਕਹਿ ਰਹੇ ਹੋ, 'ਮੈਂ ਠੋਕਰਾਂ ਮਾਰ-ਮਾਰ ਕੇ ਜੁੱਤੀ ਤੁੜਵਾ ਲਈ, ਉਂਗਲੀ ਵੀ ਬਾਹਰ ਦਿਸਣ ਲੱਗ ਪਈ । ਪਰ ਮੈਂ ਤੁਰਦਾ ਰਿਹਾ । ਤੁਸੀਂ ਉਂਗਲੀ ਨੂੰ ਲੁਕੋ ਕੇ ਰੱਖਣ ਦੀ ਚਿੰਤਾ ਵਿਚ, ਜੁੱਤੀ ਦੇ ਤਲੇ ਦਾ ਨਾਸ਼ ਮਾਰੀ ਜਾ ਰਹੇ ਹੋ । ਤੁਸੀਂ ਤੁਰੋਗੇ ਕਿਵੇਂ?'
ਮੈਂ ਸਮਝਦਾ ਹਾਂ ਤੁਹਾਡੀ ਫਟੀ ਜੁੱਤੀ ਦਾ ਕਿੱਸਾ ਸਮਝਦਾ ਹਾਂ । ਉਂਗਲੀ ਦਾ ਇਸ਼ਾਰਾ ਸਮਝਦਾ ਹਾਂ । ਤੁਹਾਡੀ ਵਿਅੰਗ ਮੁਸਕਾਨ ਨੂੰ ਵੀ ਸਮਝਦਾ ਹਾਂ ।