Maai Di Sianap : Lok Kahani
ਮਾਈ ਦੀ ਸਿਆਣਪ : ਲੋਕ ਕਹਾਣੀ
ਬਹੁਤ ਪੁਰਾਣੀ ਗੱਲ ਹੈ, ਉਦੋਂ ਲੋਕ ਮਿੱਟੀ ਨਾਲ ਲਿੱਪ-ਪੋਚ ਕੇ ਬਣਾਏ ਕੱਚੇ ਘਰਾਂ ’ਚ ਰਹਿੰਦੇ ਸਨ। ਇਵੇਂ ਹੀ ਇੱਕ ਪਿੰਡ ਵਿੱਚ ਇੱਕ ਬਜ਼ੁਰਗ ਜੋੜਾ ਆਪਣੀ ਛੋਟੀ ਜਿਹੀ ਕੋਠੜੀ ’ਚ ਰਹਿੰਦਾ ਸੀ। ਭਰ ਸਿਆਲ ਦੀ ਠੰਢੀ ਰਾਤ ਸੀ ਤੇ ਉੱਪਰੋਂ ਹਲਕੀ-ਹਲਕੀ ਕਿਣ-ਮਿਣ ਵੀ ਹੋ ਰਹੀ ਸੀ। ਦੋਵੇਂ ਪਤੀ-ਪਤਨੀ ਆਪੋ-ਆਪਣੀ ਮੰਜੀ ’ਤੇ ਰਜ਼ਾਈ ਦੇ ਨਿੱਘ ’ਚ ਘੂਕ ਸੁੱਤੇ ਪਏ ਸਨ। ਅਚਾਨਕ ਅੱਧੀ ਰਾਤ ਨੂੰ ਕੋਠੜੀ ਦਾ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਨਾਲ ਬਜ਼ੁਰਗ ਮਾਈ ਦੀ ਅੱਖ ਖੁੱਲ੍ਹ ਗਈ। ਆਪਣੀ ਰਜ਼ਾਈ ’ਚੋਂ ਮੂੰਹ ਬਾਹਰ ਕੱਢ ਉਹ ਦਰਵਾਜ਼ੇ ਵੱਲ ਝਾਕਣ ਲੱਗੀ।
ਇਸ ਤੋਂ ਪਹਿਲਾਂ ਕਿ ਉਹ ਉੱਠ ਕੇ ਬੈਠਦੀ, ਕੋਠੜੀ ਅੰਦਰ ਬਲਦੇ ਦੀਵੇ ਦੀ ਲੋਅ ’ਚ ਉਸ ਨੂੰ ਇੱਕ ਸ਼ੇਰ ਕੋਠੜੀ ਅੰਦਰ ਵੜਦਾ ਵਿਖਾਈ ਦਿੱਤਾ। ਮਾਈ ਦਾ ਤਾਂ ਸਾਹ ਹੀ ਸੂਤਿਆ ਗਿਆ। ਮੀਂਹ ਦਾ ਭੰਨਿਆ ਸ਼ੇਰ, ਸੁੱਕੀ ਥਾਂ ਭਾਲਦਾ ਮਾਈ ਦੀ ਮੰਜੀ ਦੇ ਹੇਠ ਹੀ ਵੜ ਗਿਆ। ਮਾਈ ਦਾ ਉੱਪਰਲਾ ਸਾਹ ਉੱਪਰ ਤੇ ਹੇਠਲਾ ਸਾਹ ਹੇਠਾਂ ਹੋਣ ਲੱਗਾ, ਉਸ ਨੂੰ ਸੁੱਝ ਨਹੀਂ ਸੀ ਰਿਹਾ ਕਿ ਉਹ ਹੁਣ ਕੀ ਕਰੇ। ਨਾਲ ਵਾਲੀ ਮੰਜੀ ’ਤੇ ਪਿਆ ਉਸ ਦਾ ਘਰਵਾਲਾ ਇਸ ਸਭ ਤੋਂ ਅਣਜਾਣ, ਆਪਣੀ ਨੀਂਦੇ ਆਰਾਮ ਨਾਲ ਪਿਆ ਸੀ। ਸ਼ੇਰ ਦੇ ਡਰ ਨਾਲ ਸਹਿਮੀ ਹੋਈ ਮਾਈ ਆਪਣੇ ਮਨ ’ਚ ਤਰ੍ਹਾਂ-ਤਰ੍ਹਾਂ ਦੀਆਂ ਤਰਕੀਬਾਂ ਲਾਉਣ ਲੱਗੀ। ਆਖਰ ਉਸ ਦੇ ਮਨ ਵਿੱਚ ਇੱਕ ਵਿਚਾਰ ਆਇਆ ਤੇ ਉਸ ਨੇ ਲੇਟੇ-ਲੇਟੇ ਹੀ ਇਹ ਮੁਹਾਰਨੀ ਬੋਲਣੀ ਸ਼ੁਰੂ ਕਰ ਦਿੱਤੀ, ‘ਮੀਂਹ ਤੋਂ ਨਾ ਡਰਦੀ, ਸੀਂਹ ਤੋਂ ਨਾ ਡਰਦੀ, ਮੈਂ ਡਰਦੀ ਚੰਦਰੇ ਤੁਪਕੇ ਤੋਂ…।’
ਹੌਲੀ-ਹੌਲੀ ਮਾਈ ਨੇ ਆਪਣਾ ਸੁਰ ਉੱਚਾ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀ ਆਵਾਜ਼ ਸੁਣ ਕੇ ਹੁਣ ਉਸ ਦੇ ਬਜ਼ੁਰਗ ਪਤੀ ਦੀ ਵੀ ਅੱਖ ਖੁੱਲ੍ਹ ਗਈ। ਹੈਰਾਨ ਹੋਇਆ ਉਹ ਰਜ਼ਾਈ ਦੇ ਅੰਦਰੋਂ ਹੀ ਬੋਲਿਆ,
‘ਕੀ ਹੋਇਆ ਭਾਗਵਾਨੇ! ਤੂੰ ਇਹ ਰਾਗ ਕਿਉਂ ਗਾਉਣ ਲੱਗੀ ਏਂ ਅੱਧੀ ਰਾਤ ਨੂੰ?’
‘ਜੀ ਤੁਹਾਨੂੰ ਨੀ ਪਤਾ, ਬਾਹਰ ਕਿੰਨਾ ਮੀਂਹ ਲੱਗਿਆ, ਉਪਰੋਂ ਆਪਾਂ ਤੋਂ ਕੋਠੜੀ ਦੀ ਛੱਤ ਵੀ ਨਹੀਂ ਲਿੱਪੀ ਗਈ, ਲੈ ਹੁਣ ਤੁਪਕਾ ਤਾਂ ਆਇਆ ਕਿ ਆਇਆ।’
ਮਾਈ ਦਾ ਇਸ਼ਾਰਾ ਛੱਤ ਦੇ ਚੋਣ ਕਾਰਨ ਅੰਦਰ ਡਿੱਗਣ ਵਾਲੀਆਂ ਪਾਣੀ ਦੀਆਂ ਬੂੰਦਾਂ ਤੋਂ ਸੀ। ਪਿਛਲੀ ਵਾਰ ਜਦੋਂ ਝੜੀ ਲੱਗੀ ਸੀ ਤਾਂ ਛੱਤ ਦੇ ਚੋਣ ਕਰਨ ਉਹ ਦੋਵੇਂ ਪ੍ਰੇਸ਼ਾਨ ਹੋਏ ਸਨ। ਹੁਣ ਇੰਨੀ ਠੰਢ ਵਿੱਚ ਛੱਤ ’ਚੋਂ ਡਿੱਗਣ ਵਾਲੇ ਠੰਢੇ-ਠੰਢੇ ਤੁਪਕਿਆਂ ਦਾ ਨਾਂ ਸੁਣ ਬਜ਼ੁਰਗ ਨੂੰ ਕਾਂਬਾ ਛਿੜ ਗਿਆ। ਉਸ ਨੇ ਸੋਚਿਆ, ਸ਼ਾਇਦ ਇਹ ਮੁਹਾਰਨੀ ਬੋਲ ਕੇ ਉਸ ਦੀ ਘਰਵਾਲੀ ਰੱਬ ਅੱਗੇ ਛੱਤ ਦੇ ਨਾ ਚੋਣ ਦੀ ਅਰਦਾਸ ਕਰ ਰਹੀ ਹੈ, ਸੋ ਉਸ ਨੇ ਵੀ ਆਪਣੀ ਘਰਵਾਲੀ ਨਾਲ ਸੁਰ ਮਿਲਾ ਕੇ ਬੋਲਣਾ ਸ਼ੁਰੂ ਕਰ ਦਿੱਤਾ,
‘ਮੀਂਹ ਤੋਂ ਨਾ ਡਰਦਾ,
ਸੀਂਹ ਤੋਂ ਨਾ ਡਰਦਾ,
ਮੈਂ ਡਰਦਾ ਚੰਦਰੇ ਤੁਪਕੇ ਤੋਂ।’
(ਇਹ ਟੱਪਾ ਇੰਜ ਵੀ ਕਿਹਾ ਜਾਂਦਾ ਹੈ,
'ਸੱਪ ਤੋਂ ਨਹੀਂ ਡਰਦੀ, ਸੀਂਹ ਤੋਂ ਨਹੀਂ ਡਰਦੀ,
ਅਹਿ ਟਪਕੇ ਨੇ ਮਾਰੀ ।'
ਟਪਕੇ ਦਾ ਅਰਥ ਛੱਤ ਚੋਣ ਤੋਂ ਹੈ ।)
ਮਾਈ ਦੀ ਮੰਜੀ ਹੇਠ ਬੈਠਾ ਠੰਢ ਨਾਲ ਕੰਬ ਰਿਹਾ ਸ਼ੇਰ ਉਨ੍ਹਾਂ ਦੋਵਾਂ ਦਾ ਇਹ ਰਾਗ ਸੁਣ ਸੋਚਾਂ ’ਚ ਪੈ ਗਿਆ,
‘ਮੈਂ ਤਾਂ ਮੀਂਹ ਤੋਂ ਡਰਦਾ ਇੱਥੇ ਲੁਕ ਕੇ ਬੈਠਾਂ, ਪਰ ਇਹ ਤੁਪਕਾ ਕਿਹੜੀ ਸ਼ੈਅ ਹੈ ਜੋ ਇਹ ਦੋਵੇਂ ਉਸ ਨੂੰ ਮੇਰੇ ਅਤੇ ਮੀਂਹ ਤੋਂ ਵੀ ਵੱਧ ਭਿਆਨਕ ਆਖ ਰਹੇ ਹਨ?’
‘ਜ਼ਰੂਰ ਹੀ ਤੁਪਕਾ ਕੋਈ ਡਰਾਉਣੀ ਸ਼ੈਅ ਹੋਵੇਗਾ।’, ਇਹ ਸੋਚ ਸ਼ੇਰ ਨੇ ਉੱਥੋਂ ਖਿਸਕ ਜਾਣ ਵਿੱਚ ਹੀ ਭਲਾਈ ਸਮਝੀ। ਉਸ ਨੇ ਚੁੱਪ-ਚੁਪੀਤੇ ਆਪਣੇ ਕੰਨ ਲਮਕਾਏ ਤੇ ਉੱਥੋਂ ਤੁਰਦਾ ਬਣਿਆ।
ਜਿਉਂ ਹੀ ਸ਼ੇਰ ਕੋਠੜੀ ਵਿੱਚੋਂ ਬਾਹਰ ਨਿਕਲਿਆ ਤਾਂ ਮਾਈ ਨੇ ਫਟਾਫਟ ਮੰਜੀ ਤੋਂ ਉੱਠ ਦਰਵਾਜ਼ੇ ਦੀ ਕੁੰਡੀ ਚੰਗੀ ਤਰ੍ਹਾਂ ਬੰਦ ਕਰ ਦਿੱਤੀ ਤੇ ਫਿਰ ਆਪਣੇ ਘਰਵਾਲੇ ਨੂੰ ਸਾਰੀ ਗੱਲ ਸੁਣਾਈ। ਉਸ ਦੀ ਇਸ ਸਿਆਣਪ ਭਰੀ ਚਾਲ ਨਾਲ ਸ਼ੇਰ ਦੇ ਭੱਜ ਜਾਣ ’ਤੇ ਉਹ ਬੜਾ ਹੀ ਖ਼ੁਸ਼ ਹੋਇਆ।
ਹੱਸਦੇ-ਹਸਾਉਂਦੇ ਉਹ ਦੋਵੇਂ, ਫਿਰ ਤੋਂ ਬੇਫ਼ਿਕਰ ਹੋ ਕੇ ਸੌਂ ਗਏ।
-(ਰਘੁਵੀਰ ਸਿੰਘ ਕਲੋਆ)