Mirza-Sahiban : Folklore

ਲੋਕ ਮਨਾਂ ਦਾ ਨਾਇਕ ਮਿਰਜ਼ਾ ਲੋਕ-ਗਾਥਾ

ਮਿਰਜ਼ਾ ਮਸੀਂ ਪੰਜ ਕੁ ਸਾਲਾਂ ਦਾ ਹੋਇਆ ਸੀ, ਉਹਦੇ ਬਾਪ ਬਿੰਜਲ ਦੀ ਮੌਤ ਹੋ ਗਈ। ਖਰਲਾਂ ਦਾ ਸਰਦਾਰ ਬਿੰਜਲ ਦਾਨਾਬਾਦ ਦੇ ਰਾਵੀ ਦੇ ਇਲਾਕੇ ਦਾ ਚੌਧਰੀ ਸੀ। ਚੌਧਰੀ ਦੀ ਕੁਵੇਲੇ ਦੀ ਮੌਤ ਸਾਰੇ ਇਲਾਕੇ ਲਈ ਸੋਗ ਬਣ ਗਈ। ਮਿਰਜ਼ੇ ਦੀ ਮਾਂ ਖੀਵੀ ਦਾ ਸੰਸਾਰ ਜਿਵੇਂ ਸੁੰਨਾ ਹੋ ਗਿਆ ਹੋਵੇ। ਉਸ ਨੂੰ ਗਸ਼ਾਂ 'ਤੇ ਗਸ਼ਾਂ ਪੈਂਦੀਆਂ ਰਹੀਆਂ।
ਸਿਆਣੀਆਂ ਤ੍ਰੀਮਤਾਂ ਦਿਲਬਰੀਆਂ ਦਿੰਦੀਆਂ ਰਹੀਆਂ, ਢਾਰਸਾਂ ਬੰਨਾਉਂਦੀਆਂ ਰਹੀਆਂ। ਮਿਰਜ਼ੇ ਦੇ ਜਵਾਨ ਹੋਣ ਦੀ ਆਸ ਖੀਵੀ ਲਈ ਬਿੰਜਲ ਦੀ ਮੌਤ ਨੂੰ ਭੁੱਲ ਜਾਣ ਦਾ ਹੌਸਲਾ ਦੇਣ ਲੱਗੀ।
ਮਿਰਜ਼ੇ ਦਾ ਮਾਮਾ ਖੀਵਾ ਖਾਨ ਉਹਨੂੰ ਆਪਣੇ ਪਿੰਡ ਖੀਵੇ ਲੈ ਆਇਆ। ਖੀਵੇ ਦੇ ਘਰ ਕਿਸੇ ਸ਼ੈਅ ਦੀ ਤੋਟ ਨਾ ਸੀ। ਉਹ ਝੰਗ ਸਿਆਲ ਦਾ ਚੌਧਰੀ ਸੀ। ਭੈਣ ਦੀ ਕਿਸੇ ਨਾ ਕਿਸੇ ਪਜ ਮਦਦ ਕਰਨੀ, ਉਹ ਆਪਣਾ ਫਰਜ਼ ਸਮਝਦਾ ਸੀ। ਮਿਰਜ਼ੇ ਦੀ ਪਾਲਣਾ ਉਹਨੇ ਆਪਣੇ ਜ਼ਿੰਮੇ ਲੈ ਲਈ।
ਕੁਝ ਵਰ੍ਹੇ ਪਹਿਲਾਂ ਖੀਵੇ ਖਾਨ ਦੀ ਘਰ ਵਾਲੀ ਦੋ ਪੁੱਤਰ ਤੇ ਇੱਕ ਧੀ ਛੱਡ ਕੇ ਮਰ ਗਈ ਸੀ ਤੇ ਹੁਣ ਉਹਨੇ ਪਿਛਲੇ ਵਰ੍ਹੇ ਦੂਜਾ ਵਿਆਹ ਕਰਵਾ ਲਿਆ ਸੀ। ਪਹਿਲੀ ਤੀਵੀਂ ਦੀ ਸਭ ਤੋਂ ਛੋਟੀ ਧੀ ਸਾਹਿਬਾਂ ਮਿਰਜ਼ੇ ਦੀ ਹਾਣਨ ਸੀ। ਮਿਰਜ਼ੇ ਦਾ ਜੀ ਪਰਚਾਉਣ ਨੂੰ ਸਾਹਿਬਾਂ ਤੋਂ ਪਿਆਰਾ ਸਾਥ ਹੋਰ ਕਿਹੜਾ ਹੋ ਸਕਦਾ ਸੀ? ਪਲਾਂ ਵਿਚ ਦੋ ਪਿਆਰੇ ਬਾਲ ਇਕਮਿਕ ਹੋ ਗਏ ਤੇ ਸਭ ਕੁਝ ਭੁੱਲ ਭੁਲਾ ਕੇ ਬਾਲ ਖੇਡਾਂ ਵਿਚ ਰੁੱਝ ਗਏ।
ਦੋਹਾਂ ਨੂੰ ਮਸੀਤੇ ਕਾਜ਼ੀ ਪਾਸ ਪੜ੍ਹਨੇ ਪਾ ਦਿੱਤਾ ਗਿਆ। ਦਿਨਾਂ ਦੇ ਦਿਨ, ਮਹੀਨਿਆਂ ਦੇ ਮਹੀਨੇ, ਵਰ੍ਹਿਆਂ ਦੇ ਵਰ੍ਹੇ ਗੁਜ਼ਰਦੇ ਰਹੇ। ਮਿਰਜ਼ਾ-ਸਾਹਿਬਾਂ ਇਕ ਪਲ ਲਈ ਵੀ ਇਕ ਦੂਜੇ ਤੋਂ ਜੁਦਾ ਨਾ ਹੁੰਦੇ, 'ਕੱਠੇ ਪੜ੍ਹਦੇ, 'ਕੱਠੇ ਖੇਡਦੇ।
ਸਾਹਿਬਾਂ ਮੁਟਿਆਰ ਹੋਣ ਲੱਗੀ। ਮਿਰਜ਼ਾ ਗੱਭਰੂ ਹੋਣ ਲੱਗਾ। ਜੇ ਮਿਰਜ਼ੇ ਨੂੰ ਕੋਈ ਗੁਲਾਬ ਦਾ ਫੁੱਲ ਸੱਦਦਾ ਤਾਂ ਸਾਹਿਬਾਂ ਨੂੰ ਚੰਬੇ ਦੀ ਕਲੀ ਆਖਦਾ। ਸਾਹਿਬਾਂ ਦੇ ਤੁਲ ਪਿੰਡ ਵਿਚ ਕੋਈ ਹੋਰ ਮੁਟਿਆਰ ਨਾ ਸੀ ਵਿਖਾਈ ਦਿੰਦੀ ਤੇ ਮਿਰਜ਼ੇ ਦੇ ਮੁਕਾਬਲੇ ਦਾ ਕੋਈ ਗੱਭਰੂ ਨਜ਼ਰ ਨਹੀਂ ਸੀ ਆਉਂਦਾ। ਬਚਪਨ ਦੀ ਮੁਹੱਬਤ ਮੁਟਿਆਰ ਹੋ ਗਈ।
ਮਿਰਜ਼ਾ ਸਾਹਿਬਾਂ ਨੂੰ ਚੰਗਾ ਲੱਗਦਾ ਸੀ ਤੇ ਸਾਹਿਬਾਂ ਮਿਰਜ਼ੇ ਨੂੰ ਪਿਆਰੀ ਲੱਗਦੀ ਸੀ। ਦੋਨੋਂ ਇਕ ਦੂਜੇ ਦੇ ਸਦੱਕੜੇ ਜਾਂਦੇ ਸਨ।
ਦੋ ਜਵਾਨੀਆਂ ਦਾ ਇੱਕ ਦੂਜੇ ਨੂੰ ਚੰਗਾ ਲੱਗਣਾ, ਬੇਮੁਹੱਬਤੇ ਸਮਾਜ ਨੂੰ ਚੰਗਾ ਨਾ ਲੱਗਾ। ਉਨ੍ਹਾਂ ਮਿਰਜ਼ਾ-ਸਾਹਿਬਾਂ ਦੀ ਮੁਹੱਬਤ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ।
"ਮਿਰਜ਼ਿਆ ਪਤਾ ਨਹੀਂ ਕਿਉਂ ਇਹ ਲੋਕੀਂ ਸਾਨੂੰ ਵੇਖ ਕੇ ਸੜਦੇ ਨੇ। ਸਾਡੀ ਪਾਕ ਮੁਹੱਬਤ ਨੂੰ ਊਜਾਂ ਲਾਉਂਦੇ ਨੇ।"
"ਸਾਹਿਬਾਂ, ਇਹ ਲੋਕੀਂ ਕੀ ਜਾਣਨ, ਸਾਡੀ ਬਚਪਨ ਦੀ ਮੁਹੱਬਤ 'ਚ ਕੋਈ ਫਰਕ ਨਹੀਂ ਪਿਆ, ਅਸੀਂ ਬਚਪਨ 'ਚ ਮੁਹੱਬਤ ਕਰਦੇ ਰਹੇ, ਉਦੋਂ ਕਿਸੇ ਸਾਡੀ ਕੋਈ ਗੱਲ ਨਹੀਂ ਸੀ ਜੋੜੀ ਤੇ ਅੱਜ...।"
"ਮਿਰਜ਼ਿਆ, ਉਦੋਂ ਅਸੀਂ ਬੱਚੇ ਸਾਂ। ਇਹ ਸਮਾਜ ਜਵਾਨ ਮੁਹੱਬਤ ਨੂੰ ਵੇਖ ਕੇ ਸੜਦੈ। ਮੁਟਿਆਰ ਪ੍ਰੀਤਾਂ ਦੇ ਰਾਹਾਂ ਵਿਚ ਕੰਡਿਆਲੀਆਂ ਰਸਮਾਂ ਦੇ ਕੋਟ ਉਸਾਰਨ ਵਿਚ ਫਖਰ ਅਨੁਭਵ ਕਰਦੈ। ਮਿਰਜ਼ਿਆ, ਇਹ ਲੋਕੀਂ ਕੁਝ ਵੀ ਪਏ ਆਖਣ। ਤੂੰ ਮੇਰੀਆਂ ਨਜ਼ਰਾਂ 'ਚ ਰੱਬੀ ਨੂਰ ਏਂ, ਮੇਰੀ ਜ਼ਿੰਦਗੀ ਦਾ ਚਾਨਣ ਏਂ।"
"ਸਾਹਿਬਾਂ ਤੂੰ ਮੇਰਾ ਸਭ ਕੁਝ ਏਂ ਮੇਰੀ ਜਿੰਦ ਤੂੰ ਹੀ ਏਂ, ਮੇਰੀ ਜਾਨ ਤੂੰ ਹੀ ਏਂ।"
ਸਾਹਿਬਾਂ ਦੀ ਮਤਰੇਈ ਮਾਂ ਨੂੰ ਮਿਰਜ਼ਾ-ਸਾਹਿਬਾਂ ਦਾ ਖਿੜ-ਖਿੜ ਹੱਸਣਾ, ਮਿਲ ਬੈਠਣਾ ਚੰਗਾ ਨਹੀਂ ਸੀ ਲੱਗਦਾ। ਉਹਨੇ ਖੀਵੇ ਖਾਨ ਅੱਗੇ ਉਨ੍ਹਾਂ ਬਾਰੇ ਕਈ ਨਾ ਲਾਉਣ ਵਾਲੀਆਂ ਊਜਾਂ ਲਾਈਆਂ ਤੇ ਉਸ ਦੇ ਮਨ ਵਿਚ ਇਸ ਪਿਆਰ ਵਿਚ ਲੀਨ ਹੋਈਆਂ ਜਵਾਨੀਆਂ ਬਾਰੇ ਕਈ ਸ਼ੰਕੇ ਪੈਦਾ ਕਰ ਦਿੱਤੇ ਤੇ ਮਿਰਜ਼ਾ-ਸਾਹਿਬਾਂ ਦੇ ਮੋਹ ਵਿਚ ਮੁਗਧ ਹੋਏ ਉਹਦੇ ਦਿਲ ਵਿਚ ਕਾਂਜੀ ਘੋਲ ਦਿੱਤੀ। ਤੇ ਹੁਣ ਖੀਵੇ ਨੂੰ ਮਿਰਜ਼ਾ-ਸਾਹਿਬਾਂ ਦਾ ਹੱਸਣਾ, ਖੇਡਣਾ, ਉਠਣਾ, ਬੈਠਣਾ ਪਹਿਲਾਂ ਵਰਗਾਂ ਨਿੱਘ ਨਹੀਂ ਸੀ ਦਿੰਦਾ। ਉਸ ਪਾਸੋਂ ਲਾਡਾਂ, ਮਲ੍ਹਾਰਾਂ ਦੀਆਂ ਗੱਲਾਂ ਨਹੀਂ ਸੀ ਕਰਵਾਉਂਦਾ। ਉਸ ਆਪਣੀ ਭੈਣ ਦਾਨਾਬਾਦ ਤੋਂ ਮੰਗਵਾ ਲਈ ਤੇ ਮਿਰਜ਼ੇ ਨੂੰ ਉਹਦੇ ਨਾਲ ਤੋਰ ਦਿੱਤਾ।
ਸਾਹਿਬਾਂ ਤੋਂ ਵਿਛੜ ਜਾਣਾ ਮਿਰਜ਼ੇ ਲਈ ਸੁਖੇਰਾ ਨਹੀਂ ਸੀ। ਉਹਦਾ ਸਕਾ ਮਾਮਾ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਰੇਗਾ? ਮਿਰਜ਼ੇ ਨੂੰ ਇਹਦਾ ਚਿੱਤ ਚੇਤਾ ਵੀ ਨਹੀਂ ਸੀ। ਮਿਰਜ਼ੇ ਨੇ ਦਿਲ 'ਤੇ ਪੱਥਰ ਰੱਖ ਲਿਆ ਤੇ ਉਹ ਸਾਹਿਬਾਂ ਦੀ ਯਾਦ ਦੇ ਸਹਾਰੇ ਆਪਣੇ ਪਿੰਡ ਦਾਨਾਬਾਦ ਆ ਗਿਆ।
ਕੁਸ਼ਤੀ ਕਰਨ, ਨੇਜਾਬਾਜ਼ੀ ਤੇ ਸ਼ਿਕਾਰ ਆਦਿ ਖੇਡਣ ਦੇ ਸ਼ੌਕ ਵੀ ਮਿਰਜ਼ੇ ਦੇ ਮਨ ਨੂੰ ਸਾਹਿਬਾਂ ਵੱਲੋਂ ਨਾ ਮੋੜ ਸਕੇ। ਸਾਹਿਬਾਂ ਨਾਲ ਬਿਤਾਏ ਦਿਨਾਂ ਦੀਆਂ ਯਾਦਾਂ ਮਿਰਜ਼ੇ ਲਈ ਆਫਤਾਂ ਖੜੀਆਂ ਕਰ ਦਿੰਦੀਆਂ। ਉਹਦਾ ਦਿਲ ਕਰਦਾ ਕਿ ਉਹ ਉਡ ਕੇ ਸਾਹਿਬਾਂ ਪਾਸ ਪੁੱਜ ਜਾਵੇ, ਪਰ ਉਹ ਅਜਿਹਾ ਨਾ ਕਰ ਸਕਦਾ। ਉਹਦੀ ਮਾਂ ਦਿਆਂ ਨੈਣਾਂ 'ਚ ਛਲਕਦੇ ਅੱਥਰੂ ਉਹਦਾ ਰਾਹ ਰੋਕ ਲੈਂਦੇ।
ਮਿਰਜ਼ੇ ਬਿਨਾ ਸਾਹਿਬਾਂ ਦਾ ਜਹਾਨ ਸੁੰਨਾ ਹੋ ਗਿਆ। ਉਹ ਬੜੀ ਰੁੰਨੀ, ਸਹੇਲੀਆਂ ਢਾਰਸਾਂ ਬੰਨਾਈਆਂ। ਮਤਰੇਈ ਮਾਂ ਦੇ ਨਿੱਤ ਦੇ ਤਾਹਨੇ ਉਹਨੂੰ ਛਲਣੀ ਕਰਨ ਲੱਗੇ। ਤੇ ਖੀਵਾ ਖਾਨ ਸਾਹਿਬਾਂ ਦੀ ਮੰਗਣੀ ਚੰਧੜਾ ਦੇ ਇੱਕ ਮੁੰਡੇ ਨਾਲ ਕਰ ਆਇਆ ਅਤੇ ਵਿਆਹ ਦੇ ਦਿਨ ਵੀ ਧਰ ਦਿੱਤੇ। ਜਦੋਂ ਆਪਣੇ ਮੰਗਣੇ ਅਤੇ ਵਿਆਹ ਦੀ ਕਨਸੋ ਸਾਹਿਬਾਂ ਦੇ ਕੰਨੀਂ ਪਈ ਤਾਂ ਉਹ ਤੜਪ ਉਠੀ, ਹਨੇਰਾ ਉਹਦੀਆਂ ਅੱਖਾਂ ਅੱਗੇ ਛਾ ਗਿਆ। ਉਹ ਸਾਰੀ ਰਾਤ ਰਜਾਈ ਵਿਚ ਮੂੰਹ ਦਈਂ ਡੁਸਕਈ ਰਹੀ, ਹਟਕੋਰੋ ਭਰਦੀ ਰਹੀ, ਆਪਣੇ ਧੁੰਦਲੇ ਭਵਿੱਖ ਬਾਰੇ ਸੋਚਦੀ ਰਹੀ ਅਤੇ ਆਪਣੀਆਂ ਮੁਟਿਆਰ ਹੋਈਆਂ ਸੱਧਰਾਂ 'ਤੇ ਗੜੇਮਾਰ ਹੁੰਦੀ ਮਹਿਸੂਸ ਕਰਦੀ ਰਹੀ।
ਦੂਜੀ ਭਲਕ ਸਾਹਿਬਾਂ ਨੇ ਆਪਣੇ ਪਿੰਡ ਦੇ ਕਰਮੂ ਪਰੋਹਤ ਕੋਲ ਮਿਰਜ਼ੇ ਲਈ ਸੁਨੇਹਾ ਘਲ ਦਿੱਤਾ, "ਮਿਰਜ਼ਿਆ, ਅਗਲਿਆਂ ਕਸਰ ਨਹੀਂ ਜੇ ਛੱਡੀ। ਮੇਰੇ ਵਿਆਹ ਦੇ ਦਿਨ ਧਰ ਦਿੱਤੇ ਨੇ। ਜੇ ਮੇਰੇ ਨਾਲ ਪਿਆਰ ਹੈ ਤਾਂ ਸੱਭੋ ਕੰਮ ਛੱਡ ਕੇ ਵਿਆਹ ਤੋਂ ਪਹਿਲੋਂ ਆ ਕੇ ਮਿਲ? ਮੈਨੂੰ ਤੇਰੇ ਬਿਨਾ ਚੈਨ ਨਹੀਂ ਆਉਂਦਾ ਪਿਆ। ਜੇ ਨਾ ਆਇਓਂ ਤਾਂ ਮੇਰਾ ਨਿਕਾਹ ਮੇਰੀ ਲਾਸ਼ ਨਾਲ ਹੀ ਹੋਵੇਗਾ।"
ਸਾਹਿਬਾਂ ਦਾ ਸੁਨੇਹਾ ਮਿਲਦੇ ਸਾਰ ਮਿਰਜ਼ਾ ਤੜਪ ਉਠਿਆ। ਉਹਦੇ ਡੌਲੇ ਫਰਕ ਉਠੇ। ਉਸ ਆਪਣਾ ਤੀਰਾਂ ਦਾ ਤਰਕਸ਼, ਕਮਾਣ ਤੇ ਨੇਜ਼ਾ ਸੰਭਾਲਿਆ। ਆਪਣੀ ਪਿਆਰੀ ਬੱਕੀ ਸਿੰਗਾਰੀ ਤੇ ਝੰਗ ਨੂੰ ਟੁਰਨ ਲਈ ਤਿਆਰ ਹੋ ਗਿਆ। ਉਹਦੀ ਮਾਂ ਨੇ ਘੋੜੀ ਦੀ ਵਾਗ ਜਾ ਫੜੀ, "ਪੁੱਤਰ ਮਿਰਜ਼ਿਆ ਘਰ ਭੈਣ ਦੀ ਬਰਾਤ ਢੁੱਕਣ ਵਾਲੀ ਹੈ ਤੇ ਤੂੰ ਘਰੋਂ ਟੁਰ ਪਿਐਂ?" ਤੇ ਖੀਵੀ ਦੀਆਂ ਅੱਖਾਂ ਵਿਚੋਂ ਮਮਤਾ ਦੇ ਅੱਥਰੂ ਵਗ ਟੁਰੇ।
"ਮਾਂ ਜੇ ਅੱਜ ਮੈਂ ਝੰਗ ਨਾ ਅਪੜਿਆ ਤਾਂ ਸਾਹਿਬਾਂ ਕੁਝ ਖਾ ਕੇ ਮਰ ਜਾਵੇਗੀ। ਮੈਂ ਸਾਹਿਬਾਂ ਬਿਨਾ ਜੀ ਨਹੀਂ ਸਕਦਾ। ਮੇਰਾ ਰਾਹ ਛੱਡ ਦੇਹ ਮਾਂ। ਉਹਦੀ ਜਿੰਦ ਬਚਾਉਣਾ ਮੇਰੇ ਲਈ ਬਹੁਤ ਜ਼ਰੂਰੀ ਏ। ਉਹ ਮੇਰਾ ਰਾਹ ਤਕਦੀ ਪਈ ਏ।"
"ਪੁੱਤਰ ਮਿਰਜ਼ਿਆ, ਜਵਾਨੀਆਂ ਮਾਣੇਂ। ਚੰਗਾ, ਦੇਰ ਨਾ ਕਰ ਛੇਤੀ ਜਾਹ। ਪੁੱਤਰਾ ਖਰਲਾਂ ਦੇ ਖੂਨ ਨੂੰ ਦਾਗ ਨਾ ਲਾਈਂ, ਸਾਹਿਬਾਂ ਨੂੰ ਨਾਲ ਲੈ ਕੇ ਮੁੜੀਂ।"
ਤੇ ਮਿਰਜ਼ਾ ਜਦੋਂ ਝੰਗ ਪੁੱਜਾ, ਚਾਰੇ ਬੰਨੇ ਹਨੇਰਾ ਪਸਰਿਆ ਹੋਇਆ ਸੀ। ਸਾਹਿਬਾਂ ਦੀ ਬਰਾਤ ਪਿੰਡ ਪੁੱਜ ਚੁਕੀ ਸੀ ਤੇ ਜਾਂਜੀ ਸ਼ਰਾਬ ਵਿਚ ਮਸਤ ਆਤਸ਼ਬਾਜ਼ੀਆਂ ਚਲਾ ਰਹੇ ਸਨ, ਮੁਜਰੇ ਸੁਣ ਰਹੇ ਸਨ। ਮਿਰਜ਼ੇ ਦਾ ਦਿਲ ਧੜਕਿਆ। ਅੱਜ ਦੀ ਰਾਤ ਸਾਹਿਬਾਂ ਦਾ ਨਿਕਾਹ ਪੜ੍ਹਿਆ ਜਾਣਾ ਸੀ ਤੇ ਸਾਹਿਬਾਂ ਉਹਨੂੰ ਉਡੀਕਦੀ-ਉਡੀਕਦੀ ਬੇਆਸ ਹੋ ਚੁਕੀ ਸੀ।
ਮਿਰਜ਼ਾ ਬੀਬੋ ਨਾਇਣ ਦੇ ਘਰ ਜਾ ਪੁੱਜਾ। ਬੀਬੋ ਲਈ ਜਿਵੇਂ ਚੰਦ ਚੜ੍ਹ ਗਿਆ ਹੋਵੇ। ਉਸ ਸੱਚੇ ਖੁਦਾ ਦਾ ਲੱਖ ਲੱਖ ਸ਼ੁਕਰ ਕੀਤਾ ਤੇ ਉਸੇ ਵੇਲੇ ਸਾਹਿਬਾਂ ਨੂੰ ਮਿਰਜ਼ੇ ਦੇ ਪੁੱਜ ਜਾਣ ਦੀ ਖਬਰ ਦੇ ਆਈ। ਸਾਹਿਬਾਂ ਘਰਦਿਆਂ ਪਾਸੋਂ ਅੱਖ ਬਚਾ ਕੇ ਬੀਬੋ ਦੇ ਘਰ ਪੁੱਜ ਗਈ। ਉਸ ਮਿਰਜ਼ੇ ਦੁਆਲੇ ਬਾਹਾਂ ਵਲ ਦਿੱਤੀਆਂ ਤੇ ਡੁਸਕਣ ਲੱਗ ਪਈ। "ਸਾਹਿਬਾਂ ਰੋ ਕੇ ਕੁਝ ਨਹੀਂ ਜੇ ਬਣਨਾ।
ਹੌਂਸਲਾ ਕਰ। ਤੇਰਾ ਵਿਆਹ ਹੁਣ ਰੁਕ ਨਹੀਂ ਸਕਦਾ। ਮਾਂ ਮੇਰੀ ਬਥੇਰੇ ਵਾਸਤੇ ਪਾ ਚੁਕੀ ਏ, ਮਾਮਾ ਨਹੀਂ ਮੰਨਿਆ। ਇਹ ਝੂਠੀ ਲੋਕ ਲਾਜ, ਇਹ ਝੂਠੀਆਂ ਰਸਮਾਂ ਸਾਡੇ ਰਾਹ ਵਿਚ ਰੋਕਾਂ ਬਣ ਖਲੋਈਆਂ ਨੇ। ਸਾਡਾ ਮਜਹਬ ਤੇਰੇ-ਮੇਰੇ ਵਿਆਹ ਦੀ ਇਜਾਜ਼ਤ ਦਿੰਦਾ ਏ, ਪਰ ਇਹ ਲੋਕ ਨਹੀਂ ਮੰਨਦੇ। ਸਾਡੀਆਂ ਰੂਹਾਂ ਨੂੰ ਕਤਲ ਕਰਕੇ ਹੀ ਇਨ੍ਹਾਂ ਨੂੰ ਸ਼ਾਂਤੀ ਮਿਲਦੀ ਏ।" ਮਿਰਜ਼ਾ ਗੰਭੀਰ ਹੋਇਆ ਸਾਹਿਬਾਂ ਦਾ ਦਿਲ ਧਰਾਉਣ ਲੱਗਾ।
"ਮਿਰਜ਼ਿਆ, ਮੈਂ ਤੇਰੇ ਬਿਨਾ ਕਿਸੇ ਹੋਰ ਨੂੰ ਆਪਣਾ ਨਹੀਂ ਬਣਾ ਸਕਦੀ। ਅੱਧੀ ਰਾਤ ਹੋ ਚੁਕੀ ਏ, ਕੁਝ ਸੋਚ, ਕੋਈ ਰਾਹ ਕੱਢ।"
"ਸਾਹਿਬਾਂ ਮੈਂ ਸਭ ਕੁਝ ਸੋਚ ਕੇ ਹੀ ਆਇਆਂ। ਤੂੰ ਤਾਂ ਮੇਰੀ ਜ਼ਿੰਦਗੀ ਏਂ, ਤੈਨੂੰ ਲੈਣ ਹੀ ਆਇਆਂ। ਉਹ ਕਿਹੜਾ ਸੂਰਮਾ, ਜੋ ਹੁਣ ਤੈਨੂੰ ਮੇਰੇ ਪਾਸੋਂ ਖੋਹ ਲਊ?"
ਬਾਹਰੋਂ ਮਿਰਜ਼ੇ ਦੀ ਬੱਕੀ ਹਿਣਹਣਾਈ।
"ਚੱਲ ਸਾਹਿਬਾਂ ਤੈਨੂੰ ਦਾਨਾਬਾਦ ਲੈ ਚੱਲਾਂ, ਤਿਆਰ ਏਂ ਨਾ ਮੇਰੇ ਨਾਲ ਹੁਣੇ ਟੁਰਨ ਲਈ?"
ਮਿਰਜ਼ਾ ਸਵਾਲੀਆ ਨਿਗਾਹਾਂ ਨਾਲ ਸਾਹਿਬਾਂ ਦੇ ਕੁਮਲਾਏ ਮੁਖੜੇ ਵੱਲ ਤੱਕਣ ਲੱਗਾ।
ਇਕ ਪਲ ਸੋਚ ਕੇ ਸਾਹਿਬਾਂ ਬੋਲੀ,
"ਮਿਰਜ਼ਿਆ ਇਹਦਾ ਜੁਆਬ ਆਪਣੇ ਦਿਲ ਪਾਸੋਂ ਪੁੱਛ। ਮੇਰੀ ਜਿੰਦ ਤੇਰੇ ਹਵਾਲੇ ਹੈ।"
ਤੇ ਮਿਰਜ਼ਾ ਸਾਹਿਬਾਂ ਨੂੰ ਬੱਕੀ 'ਤੇ ਚੜ੍ਹਾ ਕੇ ਦਾਨਾਬਾਦ ਨੂੰ ਲੈ ਟੁਰਿਆ।
ਕਾਜ਼ੀ ਹੋਰੀਂ ਨਿਕਾਹ ਪੜ੍ਹਾਉਣ ਲਈ ਪੁੱਜ ਗਏ। ਖੀਵੇ ਹੋਰਾਂ ਸਾਰਾ ਘਰ ਛਾਣ ਮਾਰਿਆ, ਸਾਹਿਬਾਂ ਕਿਧਰੇ ਨਜ਼ਰ ਨਾ ਆਈ। ਨਮੋਸ਼ੀ ਦੇ ਕਾਰਨ ਖੀਵੇ ਨੂੰ ਗਸ਼ੀਆਂ ਪੈਣ ਲੱਗੀਆਂ। ਸਾਰਾ ਪਿੰਡ ਸਾਹਿਬਾਂ ਦੀ ਭਾਲ ਕਰਨ ਲੱਗਾ। "ਖੌਰੇ ਕਿਸੇ ਖੂਹ ਖਾਤੇ ਵਿਚ ਹੀ ਡੁੱਬ ਮੋਈ ਹੋਵੇ," ਕੋਈ ਆਖਦਾ। ਕਿਸੇ ਆਖਿਆ, "ਰਾਤੀਂ ਮੈਂ ਮਿਰਜ਼ੇ ਨੂੰ ਆਉਂਦੇ ਵੇਖਿਆ ਹੈ। ਹੋ ਸਕਦਾ ਹੈ, ਉਹ ਹੀ ਸਾਹਿਬਾਂ ਨੂੰ ਉਧਾਲ ਕੇ ਲੈ ਗਿਆ ਹੋਵੇ।"
ਇਹ ਸੁਣ ਸਾਹਿਬਾਂ ਦੇ ਭਰਾ ਸ਼ਮੀਰ ਤੇ ਝੁਮਰਾ ਤੈਸ਼ ਵਿਚ ਆ ਗਏ। ਉਹ ਦੋ ਵਾਹਰਾਂ ਬਣਾ ਕੇ ਦਾਨਾਬਾਦ ਦੇ ਰਸਤੇ ਪੈ ਗਏ। ਘੋੜੀਆਂ ਅਤੇ ਊਠਾਂ ਦੀ ਧੂੜ ਇੱਕ ਤੂਫਾਨੀ ਹਨੇਰੀ ਵਾਂਗ ਦਾਨਾਬਾਦ ਵੱਲ ਵਧਣ ਲੱਗੀ। ਮਿਰਜ਼ੇ ਦੀ ਬੱਕੀ ਸਿਰ ਤੋੜ ਦੌੜਦੀ ਦਾਨਾਬਾਦ ਦੇ ਨੇੜੇ ਪੁੱਜ ਗਈ। ਰਾਤ ਦਾ ਉਣੀਂਦਾ, ਸਫਰ ਦਾ ਥਕੇਂਵਾ ਬੱਕੀ 'ਤੇ ਭਾਰੂ ਹੋ ਗਿਆ। ਉਹ ਢੈਲੀ ਪੈਣ ਲੱਗੀ।
"ਹੁਣ ਅਸੀਂ ਵੈਰੀ ਦੀ ਮਾਰ ਤੋਂ ਦੂਰ ਆ ਚੁਕੇ ਆ, ਉਸ ਜੰਡ ਥੱਲੇ ਇਕ ਪਲ ਸੁਸਤਾ ਲਈਏ।" ਮਿਰਜ਼ੇ ਨੇ ਬੱਕੀ ਜੰਡ ਨਾਲ ਬੰਨੀ ਤੇ ਸਾਹਿਬਾਂ ਦੇ ਪੱਟ ਦਾ ਸਰਹਾਣਾ ਲਾ ਕੇ ਸੌਂ ਗਿਆ। ਸਾਹਿਬਾਂ ਨੇ ਕਈ ਵਾਰੀ ਉਹਨੂੰ ਜਗਾਇਆ ਵੀ ਪਰ ਮਿਰਜ਼ਾ ਘੂਕ ਸੁੱਤਾ ਰਿਹਾ। ਘੋੜਿਆਂ ਦੀਆਂ ਟਾਪਾਂ ਨੇੜੇ ਆਉਂਦੀਆਂ ਗਈਆਂ। ਸਾਹਿਬਾਂ ਵੇਖਿਆ, ਉਹਦਾ ਭਰਾ ਸ਼ਮੀਰ ਵਾਹਰ ਸਮੇਤ ਉਨ੍ਹਾਂ ਵੱਲ ਵਧ ਰਿਹਾ ਸੀ। ਉਸ ਮਿਰਜ਼ੇ ਨੂੰ ਹਲੂਣਿਆਂ, "ਮਿਰਜ਼ਿਆ ਜਾਗ ਖੋਲ੍ਹ, ਵੈਰੀ ਸਿਰ 'ਤੇ ਪੁੱਜ ਗਏ ਨੇ।"
ਦੋ ਵਾਹਰਾਂ ਵਿਚਾਲੇ ਉਹ ਘੇਰੇ ਗਏ। ਮਿਰਜ਼ੇ ਨੇ ਬੜੀ ਬਹਾਦਰੀ ਨਾਲ ਉਨ੍ਹਾਂ ਦਾ ਮੁਕਾਬਲਾ ਕੀਤਾ। ਉਹਦਾ ਇਕ-ਇਕ ਤੀਰ ਕਈਆਂ ਦੇ ਹੋਸ਼ ਭੁਲਾ ਦਿੰਦਾ। ਸੈਆਂ ਬਾਹਾਂ ਦਾ ਮੁਕਾਬਲਾ ਉਹ ਕਦੋਂ ਤੱਕ ਕਰਦਾ। ਉਹਦਾ ਗੇਲੀ ਜਿਹਾ ਸੁੰਦਰ ਸਰੀਰ ਤੀਰਾਂ ਨਾਲ ਛਲਣੀ ਛਲਣੀ ਹੋ ਗਿਆ।
ਅੰਤ ਸਾਹਿਬਾਂ ਵੀ ਆਪਣੇ ਪੇਟ ਵਿਚ ਕਟਾਰ ਮਾਰ ਕੇ ਮਿਰਜ਼ੇ ਦੀ ਲੋਥ 'ਤੇ ਜਾ ਡਿੱਗੀ। ਬੱਕੀ ਆਪਣੇ ਪਿਆਰੇ ਮਿਰਜ਼ੇ ਦੀ ਲੋਥ ਕੋਲ ਖੜੀ ਹੰਝੂ ਕੇਰਦੀ ਰਹੀ।
ਤੇ ਇੰਜ ਮਿਰਜ਼ਾ ਪੰਜਾਬ ਦੇ ਲੋਕਾਂ ਦੇ ਦਿਲਾਂ ਦਾ ਨਾਇਕ ਬਣ ਗਿਆ ਤੇ ਉਹਦੀਆਂ ਘਰ ਘਰ ਵਾਰਾਂ ਛਿੜ ਪਈਆਂ। ਕੋਈ ਸਮਾਂ ਸੀ ਜਦੋਂ ਕਿੱਸਾਕਾਰ ਪੀਲੂ ਦੇ ਕਿੱਸੇ 'ਮਿਰਜ਼ਾ-ਸਾਹਿਬਾਂ' ਦੇ ਬੋਲ ਹਰ ਪੰਜਾਬੀ ਦੀ ਜ਼ੁਬਾਨ 'ਤੇ ਹੁੰਦੇ,

ਤੇਰੀ-ਮੇਰੀ ਲੱਗੀ ਦੋਸਤੀ
ਪੜ੍ਹਦਾ ਨਾਲ ਪਿਆਰਾਂ
ਸਾਹਿਬਾਂ ਨਾਲ ਲੜਾਵੇ ਨੇਤਰ
ਕਹਿੰਦੇ ਲੋਕ ਹਜ਼ਾਰਾਂ
ਮਿਰਜ਼ੇ ਯਾਰ ਦੀਆਂ
ਘਰ ਘਰ ਛਿੜੀਆਂ ਵਾਰਾਂ।

ਆਪਣੇ ਪਿਆਰੇ ਮਿਰਜ਼ੇ ਲਈ ਪੰਜਾਬ ਦੀ
ਗੋਰੀ ਗਮਾਂ ਦਾ ਤੰਦੂਰ ਬਾਲਦੀ ਹੈ,
ਹੀਰਿਆ ਹਰਨਾ ਬਾਗੀਂ ਚਰਨਾਂ
ਬਾਗੀਂ ਤਾਂ ਹੋ ਗਈ ਚੋਰੀ
ਪਹਿਲੋ ਲੰਘ ਗਿਆ ਕੈਂਠੇ ਵਾਲਾ
ਮਗਰੋਂ ਲੰਘ ਗਈ ਗੋਰੀ
ਬੁੱਕ-ਬੁੱਕ ਰੋਂਦੀ ਸਾਹਿਬਾਂ ਬਹਿ ਕੇ
ਜਿੰਦ ਗਮਾਂ ਨੇ ਖੋਰੀ
ਕੂਕਾਂ ਪੈਣਗੀਆਂ
ਨਿਹੁੰ ਨਾ ਲਗਦੇ ਜ਼ੋਰੀ।

ਗੋਰੀ ਨੂੰ ਆਪਣੇ ਮਿਰਜ਼ੇ ਤੋਂ ਬਿਨਾ ਹੋਰ ਕੁਝ ਵੀ ਪੋਂਹਦਾ ਨਹੀਂ,

ਹੁਜ਼ਰੇ ਸ਼ਾਹ ਹਕੀਮ ਦੇ
ਇੱਕ ਜੱਟੀ ਅਰਜ਼ ਕਰੇ
ਮੈਂ ਬੱਕਰਾਂ ਦੇਨੀ ਆਂ ਪੀਰ ਦਾ
ਮੇਰੇ ਸਿਰ ਦਾ ਸਾਈਂ ਮਰੇ
ਪੰਜ ਸਤ ਮਰਨ ਗਵਾਂਢਣਾਂ
ਰਹਿੰਦੀਆਂ ਨੂੰ ਤਾਪ ਚੜ੍ਹੇ
ਹੱਟੀ ਢਹੇ ਕਰਾੜ ਦੀ
ਜਿੱਥੇ ਦੀਵਾ ਨਿਤ ਬਲੇ
ਕੁੱਤੀ ਮਰੇ ਫਕੀਰ ਦੀ
ਜਿਹੜੀ ਚਊਂ ਚਊਂ ਨਿਤ ਕਰੇ
ਗਲੀਆਂ ਹੋਵਣ ਸੁੰਨੀਆਂ
ਵਿਚ ਮਿਰਜ਼ਾ ਯਾਰ ਫਿਰੇ।

ਮਿਰਜ਼ਾ ਪਾਕ ਮੁਹੱਬਤ ਲਈ ਕੁਰਬਾਨ ਹੋ ਗਿਆ। ਉਹਦੀ ਬਹਾਦਰੀ ਦੀਆਂ ਵਾਰਾਂ ਅੱਜ ਵੀ ਪੰਜਾਬ ਦੇ ਗੱਭਰੂਆਂ ਦੇ ਹੋਠਾਂ 'ਤੇ ਸਜੀਵ ਹਨ,

ਦਖਣ ਦੇ ਵੱਲੋਂ ਚੜ੍ਹੀਆਂ ਨੇ ਨ੍ਹੇਰੀਆਂ
ਉਡਦੇ ਨੇ ਗਰਦ ਗਵਾਰ
ਬੁਲਬਲਾਂ ਵਰਗੀਆਂ ਘੋੜੀਆਂ
ਉਤੇ ਵੀਰਾਂ ਜਿਹੇ ਅਸਵਾਰ
ਹੱਥੀਂ ਤੇਗਾਂ ਨੰਗੀਆਂ
ਕਰਦੇ ਮਾਰੋ ਮਾਰ
ਵੇ ਤੂੰ ਹੇਠਾਂ ਜੰਡ ਦੇ ਸੌਂ ਗਿਐਂ
ਜੱਟਾ ਕਰਕੇ ਆ ਗਿਆ ਵਾਰ
ਤੈਨੂੰ ਭੱਜੇ ਨੂੰ ਜਾਣ ਨਾ ਦੇਣਗੇ
ਜੱਟਾਂ ਜਾਨੋ ਦੇਣਗੇ ਮਾਰ।

ਸਾਹਿਬਾਂ ਦੇ ਭਰਾਵਾਂ ਨਾਲ ਹੋਈ ਮਿਰਜ਼ੇ ਦੀ ਲੜਾਈ ਦੇ ਬਿਰਤਾਂਤ ਨੂੰ ਪੰਜਾਬੀ ਬੜੀਆਂ ਲਟਕਾਂ ਨਾਲ ਗਾਉਂਦੇ ਹਨ,

ਭੱਥੇ 'ਚੋਂ ਕੱਢ ਲਿਆ ਜੱਟ ਨੇ ਫੋਲ ਕੇ
ਰੰਗ ਦਾ ਸੁਨਹਿਰੀ ਤੀਰ
ਮਾਰਿਆ ਜੱਟ ਨੇ ਮੁੱਛਾਂ ਕੋਲੋਂ ਵੱਟ ਕੇ
ਉਡ ਗਿਆ ਵਾਂਗ ਭੰਬੀਰ
ਪੰਜ ਸਤ ਲਾਹ ਲਏ ਘੋੜਿਓਂ
ਨੌਵਾਂ ਲਾਹਿਆਂ ਸਾਹਿਬਾਂ ਦਾ ਵੀਰ
ਸਾਹਿਬਾਂ ਡਿਗਦੇ ਭਰਾਵਾਂ ਨੂੰ ਦੇਖ ਕੇ
ਅੱਖੀਓਂ ਸੁੱਟਦੀ ਨੀਰ
ਆਹ ਕੀ ਕੀਤਾ ਮਿਰਜ਼ਿਆ ਖੂਨੀਆਂ
ਹੋਰ ਨਾ ਚਲਾਈਂ ਐਸਾ ਤੀਰ
ਅਸੀਂ ਇੱਕ ਢਿੱਡ ਲੱਤਾਂ ਦੇ ਲਈਆਂ
ਇਕ ਮਾਂ ਦਾ ਚੁੰਘਿਆ ਸੀਰ।

ਮਿਰਜ਼ਾ ਜੋਧਿਆਂ ਵਾਂਗ ਲੜਿਆ। ਉਹਦੀ ਮੌਤ 'ਤੇ ਪੰਜਾਬ ਦੀ ਆਤਮਾ ਕੁਰਲਾ ਉਠੀ,

ਵਿੰਗ ਤੜਿੰਗੀਏ ਟਾਹਲੀਏ
ਤੇਰੇ ਹੇਠ ਮਿਰਜ਼ੇ ਦੀ ਗੋਰ (ਕਬਰ)
ਜਿੱਥੇ ਮਿਰਜ਼ਾ ਵੱਢਿਆ
ਉਥੇ ਰੋਣ ਤਿੱਤਰ ਤੇ ਮੋਰ
ਮਹਿਲਾਂ 'ਚ ਰੋਂਦੀਆਂ ਰਾਣੀਆਂ
ਕਬਰਾਂ 'ਚ ਰੋਂਦੇ ਚੋਰ।

ਸਦੀਆਂ ਬੀਤਣ ਮਗਰੋਂ ਵੀ ਮਿਰਜ਼ਾ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਮਿਰਜ਼ਾ ਸਾਹਿਬਾਂ ਦੀ ਪ੍ਰੀਤ ਕਹਾਣੀ ਪੰਜਾਬੀ ਸਾਹਿਤ ਦੇ ਵੀਰ ਕਾਵਿ ਅਤੇ ਪ੍ਰੀਤ ਸਾਹਿਤ ਵਿਚ ਇੱਕ ਵਿਲੱਖਣ ਸਥਾਨ ਪ੍ਰਾਪਤ ਕਰ ਗਈ ਹੈ।

(ਸੁਖਦੇਵ ਮਾਦਪੁਰੀ)

  • ਮੁੱਖ ਪੰਨਾ : ਲੋਕ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ