Yateem Balak Te Sikka : Thai Lok Kahani
ਯਤੀਮ ਬਾਲਕ ਤੇ ਸਿੱਕਾ : ਥਾਈਲੈਂਡ ਦੀ ਲੋਕ ਕਹਾਣੀ
ਥਾਈਲੈਂਡ ਦੇ ਸ਼ਹਿਰ ਮੋਨ ਵਿੱਚ ਮਕਾਤੋ ਨਾਂ ਦਾ ਇੱਕ ਬਾਲਕ ਰਹਿੰਦਾ ਸੀ। ਉਹ ਯਤੀਮ ਹੋ ਗਿਆ ਜਿਸ ਕਰਕੇ ਉਸ ’ਤੇ ਮੁਸੀਬਤਾਂ ਦਾ ਪਹਾੜ ਹੀ ਟੁੱਟ ਪਿਆ। ਉਸ ਨੂੰ ਆਪਣੇ ਗੁਜ਼ਾਰੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਸੀ।
ਇੱਕ ਦਿਨ ਜੰਗਲ ਵਿੱਚ ਬਾਲਣ ਲਈ ਲੱਕੜ ਕੱਟਦਾ ਉਹ ਇੰਨਾ ਥੱਕ ਗਿਆ ਕਿ ਉੱਥੇ ਹੀ ਸੌਂ ਗਿਆ। ਸੁਪਨੇ ਵਿੱਚ ਬੁੱਢੇ ਫਕੀਰ ਨੇ ਉਸ ਨੂੰ ਪੁੱਛਿਆ, ‘‘ਪੁੱਤਰ! ਤੂੰ ਉਦਾਸ ਕਿਉਂ ਹੈ?’’ ਉਸ ਮਕਾਤੋ ਨੇ ਦੱਸਿਆ, ‘‘ਮੇਰੀ ਬਜ਼ੁਰਗ ਦਾਦੀ ਨੇ ਦੱਸਿਆ ਸੀ ਕਿ ਜੇ ਤੂੰ ਧਨਵਾਨ ਬਣਨਾ ਹੈ ਤਾਂ ਉਸ ਦੇਸ਼ ਪਹੁੰਚ ਜਾ ਜਿਸ ਦੀ ਧਰਤੀ ਬਹੁਤ ਉਪਜਾਊ ਹੈ ਤੇ ਰਾਜਾ ਬੜਾ ਦਿਆਲੂ ਹੈ।’’ ਮਕਾਤੋ ਨੇ ਫਕੀਰ ਅੱਗੇ ਅਰਜੋਈ ਕੀਤੀ, ‘‘ਕੀ ਇਹ ਗੱਲ ਸੱਚ ਹੈ? ਜੇ ਹਾਂ ਤਾਂ ਕਿੱਥੇ ਹੈ ਉਹ ਦੇਸ਼?’’ ‘‘ਹਾਂ ਬੇਟਾ! ਉਹ ਦੇਸ਼ ਜੰਗਲ ਦੇ ਪਰਲੇ ਪਾਸੇ ਹੈ। ਜੇ ਤੂੰ ਪੂਰਬ ਦਿਸ਼ਾ ਵੱਲ ਚੱਲਦਾ ਜਾਵੇਗਾ ਤਾਂ ਇੱਕ ਦਿਨ ਉਸ ਦੇਸ਼ ਵਿੱਚ ਪਹੁੰਚ ਜਾਵੇਂਗਾ।’’ ਇਹ ਦੱਸ ਕੇ ਫਕੀਰ ਲੋਪ ਹੋ ਗਿਆ।
ਜਦੋਂ ਮਕਾਤੋ ਸੁੱਤਾ ਉੱਠਿਆ ਤਾਂ ਉਸ ਸੁਪਨੇ ਤੇ ਫਕੀਰ ਬਾਰੇ ਬਹੁਤ ਸੋਚਿਆ। ਆਖ਼ਰ ਉਸ ਨੇ ਉਸ ਦੇਸ਼ ਜਾਣ ਦਾ ਫ਼ੈਸਲਾ ਕਰ ਲਿਆ। ਉਹ ਲਗਾਤਾਰ ਇੱਕ ਮਹੀਨਾ ਜੰਗਲ ਵਿੱਚ ਦੀ ਪੂਰਬ ਦਿਸ਼ਾ ਵਿੱਚ ਚਲਦਾ ਰਿਹਾ। ਭੁੱਖ ਲੱਗਦੀ ਤਾਂ ਜੰਗਲੀ ਫਲ ਕੰਦਮੂਲ ਖਾ ਲੈਂਦਾ। ਆਰਾਮ ਕਰਦਾ ਤੇ ਫਿਰ ਅੱਗੇ ਤੁਰ ਪੈਂਦਾ। ਆਖ਼ਰ ਉਹ ਉਸ ਦੇਸ਼ ਦੀ ਸਰਹੱਦ ’ਤੇ ਸਥਿਤ ਇੱਕ ਪਿੰਡ ਵਿੱਚ ਪਹੁੰਚ ਗਿਆ। ਉਸ ਨੂੰ ਇੱਕ ਬਜ਼ੁਰਗ ਦਿਸਿਆ। ਮਕਾਤੋ ਨੇ ਉਸ ਬਜ਼ੁਰਗ ਨੂੰ ਨਮਸਕਾਰ ਕੀਤੀ ਤੇ ਕਿਹਾ, ‘‘ਦਾਦਾ! ਮੈਂ ਇੱਕ ਯਤੀਮ ਬਾਲਕ ਹਾਂ। ਮੋਨ ਸ਼ਹਿਰ ਤੋਂ ਆਇਆ ਹਾਂ।’’
‘‘ਹੇ ਪਰਮਾਤਮਾ! ਤੂੰ ਇੰਨੀ ਦੂਰ ਤੋਂ ਇਕੱਲਾ ਹੀ ਆ ਗਿਆ! ਉਹ ਵੀ ਪੈਦਲ। ਤੂੰ ਤਾਂ ਅਜੇ ਛੋਟਾ ਜਿਹਾ ਹੈ,’’ ਬਜ਼ੁਰਗ ਹੈਰਾਨ ਹੋਇਆ। ਇਹ ਦੇਸ਼ ਸ਼ੁਖੋਥਾਈ ਸੀ। ਬਜ਼ੁਰਗ ਨੇ ਬਾਲਕ ਨੂੰ ਭੋਜਨ ਤੇ ਰਾਤ ਲਈ ਬਿਸਤਰਾ ਦਿੱਤਾ। ਅਗਲੇ ਦਿਨ ਉਸ ਨੂੰ ਲੈ ਕੇ ਆਪਣੇ ਦਿਆਲੂ ਰਾਜੇ ਕੋਲ ਜਾ ਪਹੁੰਚਿਆ। ਬਜ਼ੁਰਗ ਦਾ ਬੇਟਾ ਰਾਜੇ ਦਾ ਕੋਚਵਾਨ ਸੀ। ਉਸ ਨੇ ਮਕਾਤੋ ਨੂੰ ਘੋੜਿਆਂ ਦੀ ਸਾਂਭ ਸੰਭਾਲ ਲਈ ਨੌਕਰੀ ’ਤੇ ਰੱਖਵਾ ਦਿੱਤਾ। ਉਸ ਨੇ ਬੜੀ ਮਿਹਨਤ ਤੇ ਲਗਨ ਨਾਲ ਤਬੇਲੇ ਦੀ ਸਫ਼ਾਈ ਕੀਤੀ। ਘੋੜਿਆਂ ਨੂੰ ਸਾਫ਼ ਕੀਤਾ। ਦਾਣਾ ਸਮੇਂ ਸਿਰ ਦਿੰਦਾ ਜਿਸ ਕਰਕੇ ਘੋੜੇ ਹੋਰ ਤੰਦਰੁਸਤ ਤੇ ਸੋਹਣੇ ਹੋ ਗਏ। ਇੱਕ ਦਿਨ ਰਾਜਾ ਤਬੇਲੇ ਵੱਲ ਪਧਾਰਿਆ। ਮਕਾਤੋ ਨੇ ਉਸ ਨੂੰ ਨਮਸਕਾਰ ਕੀਤੀ। ਰਾਜੇ ਨੇ ਕੋਚਵਾਨ ਨੂੰ ਉਸ ਨੌਜਵਾਨ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ, ‘‘ਮਹਾਰਾਜ! ਮੋਨ ਸ਼ਹਿਰ ਤੋਂ ਕੁਝ ਬਣਨ ਲਈ ਤੁਹਾਡੀ ਸ਼ਰਨ ਵਿੱਚ ਆਇਆ ਹੈ।’’ ਰਾਜੇ ਨੇ ਘੋੜੇ ਵੇਖੇ ਅਤੇ ਉਸ ਦੀ ਮਿਹਨਤ ਤੋਂ ਖ਼ੁਸ਼ ਹੋ ਕੇ ਉਸ ਵੱਲ ਇੱਕ ਸਿੱਕਾ ਸੁੱਟਿਆ। ਰਾਜੇ ਦਾ ਧੰਨਵਾਦ ਕਰ ਕੇ ਮਕਾਤੋ ਨੇ ਸਿੱਕਾ ਚੁੱਕ ਲਿਆ।
ਉਹ ਸਿੱਕਾ ਲੈ ਕੇ ਮੰਡੀ ਗਿਆ ਤੇ ਸਲਾਦ ਦੇ ਬੀਜ ਲੈ ਆਇਆ। ਨੌਜਵਾਨ ਮਕਾਤੋ ਨੇ ਕਿਆਰੀ ਬਣਾ ਕੇ ਬੀਜ ਬੋ ਦਿੱਤਾ। ਜਦੋਂ ਸਲਾਦ ਤਿਆਰ ਹੋ ਗਿਆ ਤਾਂ ਉਸ ਨੇ ਟੋਕਰੀ ਸਜਾਈ ਤੇ ਰਾਜੇ ਦੇ ਦਰਬਾਰ ਜਾ ਹਾਜ਼ਰ ਹੋਇਆ। ਸਲਾਦ ਵੇਖ ਕੇ ਰਾਜੇ ਨੇ ਉਸ ਨੂੰ ਹੋਰ ਸਿੱਕੇ ਦਿੱਤੇ। ਉਸ ਨੇ ਮਿਹਨਤ ਤੇ ਲਗਨ ਨਾਲ ਵੱਡੇ ਪੈਮਾਨੇ ’ਤੇ ਸਲਾਦ ਦੀ ਖੇਤੀ ਕੀਤੀ। ਹੌਲੀ ਹੌਲੀ ਉਹ ਖੇਤਾਂ ਦਾ ਮਾਲਕ ਬਣ ਗਿਆ। ਰਾਜੇ ਨੇ ਖ਼ੁਸ਼ ਹੋ ਕੇ ਪਹਿਲਾਂ ਉਸ ਨੂੰ ਆਪਣਾ ਵਜ਼ੀਰ ਬਣਾਇਆ, ਫਿਰ ਉਸ ਦੀ ਆਪਣੀ ਬੇਟੀ ਨਾਲ ਸ਼ਾਦੀ ਕਰ ਕੇ ਰਾਜ ਭਾਗ ਤੋਹਫ਼ੇ ਵਜੋਂ ਦੇ ਦਿੱਤਾ। ਅੱਜ ਵੀ ਥਾਈਲੈਂਡ ਦੇ ਲੋਕ ਬੱਚਿਆਂ ਨੂੰ ਮਕਾਤੋ ਦੀ ਕਹਾਣੀ ਸੁਣਾਉਂਦੇ ਹਨ ਕਿ ਕਿਵੇਂ ਇੱਕ ਅਨਾਥ ਤੇ ਗ਼ਰੀਬ ਬਾਲਕ ਆਪਣੀ ਸੂਝ ਬੂਝ, ਮਿਹਨਤ ਤੇ ਲਗਨ ਨਾਲ ਦੇਸ਼ ਦਾ ਰਾਜਾ ਬਣ ਗਿਆ।
(ਗੁਰਪ੍ਰੀਤ ਗਿੱਲ)