Rajkumari Raja Ate Shikari : African Folk Tale
ਰਾਜਕੁਮਾਰੀ, ਰਾਜਾ ਅਤੇ ਸ਼ਿਕਾਰੀ : ਅਫ਼ਰੀਕੀ ਲੋਕ ਕਹਾਣੀ
ਬਹੁਤ ਪੁਰਾਣੀ ਗੱਲ ਹੈ। ਜੰਗਲ ਵਿੱਚ ਇੱਕ ਸ਼ਿਕਾਰੀ ਰਹਿੰਦਾ ਸੀ। ਉਸ ਦਾ ਕੋਈ ਪਰਿਵਾਰ ਨਹੀਂ ਸੀ ਅਤੇ ਉਹ ਹੋਰ ਲੋਕਾਂ ਤੋਂ ਵੀ ਦੂਰ ਰਹਿੰਦਾ ਸੀ। ਇੱਕ ਦਿਨ ਉਸ ਇਲਾਕੇ ਦੇ ਰਾਜੇ ਨੇ ਆਪਣੀ ਪਰਜਾ ਨੂੰ ਦੋਸ਼ੀਆਂ ਤੋਂ ਬਚਾਉਣ ਲਈ ਕੈਦਖਾਨਾ ਬਣਾਉਣ ਦਾ ਫ਼ੈਸਲਾ ਕੀਤਾ।
ਰਾਜੇ ਨੇ ਸ਼ੇਰ ਨੂੰ ਕੈਦ ਕਰ ਲਿਆ ਕਿਉਂਕਿ ਉਹ ਲੋਕਾਂ ਨੂੰ ਖਾ ਜਾਂਦਾ ਸੀ। ਸੱਪ ਨੂੰ ਇਸ ਲਈ ਕੈਦ ਕੀਤਾ ਗਿਆ ਕਿਉਂਕਿ ਉਹ ਲੋਕਾਂ ਨੂੰ ਜ਼ਹਿਰ ਦਿਆ ਕਰਦਾ ਸੀ। ਚੋਰੀ ਕਰਨ ਵਾਲੇ ਇੱਕ ਆਦਮੀ ਨੂੰ ਵੀ ਫੜ ਲਿਆ ਗਿਆ। ਕੁਝ ਸਮੇਂ ਬਾਅਦ ਘੁੰਮਣ ਲਈ ਨਿਕਲੇ ਸ਼ਿਕਾਰੀ ਨੂੰ ਸਾਹਮਣੇ ਕੈਦਖਾਨਾ ਨਜ਼ਰ ਆਇਆ। ਇੰਨੇ ਨੂੰ ਆਵਾਜ਼ ਆਈ: ‘‘ਬਚਾਓ, ਬਚਾਓ! ਸਾਨੂੰ ਇੱਥੋਂ ਬਾਹਰ ਕੱਢੋ। ਅੱਜ ਸਾਡੀ ਮਦਦ ਕਰੋ। ਇੱਕ ਦਿਨ ਅਸੀਂ ਤੁਹਾਡੀ ਮਦਦ ਕਰਾਂਗੇ।’’ ਇਹ ਸੁਣ ਕੇ ਸ਼ਿਕਾਰੀ ਨੇ ਉਨ੍ਹਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ। ਉਸ ਨੇ ਕੈਦਖਾਨੇ ਦੇ ਦਰਵਾਜ਼ੇ ਖੋਲ੍ਹ ਕੇ ਉਨ੍ਹਾਂ ਨੂੰ ਆਜ਼ਾਦ ਕਰ ਦਿੱਤਾ।
ਅਜੇ ਕੁਝ ਦਿਨ ਹੀ ਲੰਘੇ ਸਨ ਕਿ ਸ਼ੇਰ, ਸ਼ਿਕਾਰੀ ਨੂੰ ਮਿਲਣ ਪਹੁੰਚਿਆ। ਉਸ ਨੇ ਵੇਖਿਆ ਕਿ ਸ਼ਿਕਾਰੀ ਤਾਂ ਇੱਥੇ ਇਕੱਲਾ ਰਹਿੰਦਾ ਹੈ। ਇਸ ਦਾ ਕੋਈ ਪਰਿਵਾਰ ਨਹੀਂ ਹੈ ਅਤੇ ਨਾ ਹੀ ਇਸ ਕੋਲ ਕੋਈ ਜਾਨਵਰ ਹੈ। ਸ਼ੇਰ ਸ਼ਹਿਰ ਜਾ ਕੇ ਰਾਜੇ ਦੀ ਬੇਟੀ ਨੂੰ ਫੜ ਕੇ ਸ਼ਿਕਾਰੀ ਕੋਲ ਲੈ ਗਿਆ ਅਤੇ ਕਹਿਣ ਲੱਗਾ, ‘‘ਤੁਸੀਂ ਰਾਜੇ ਦੀ ਇਸ ਬੇਟੀ ਨੂੰ ਆਪਣੀ ਪਤਨੀ ਬਣਾ ਲਓ।’’
ਕੁਝ ਦੇਰ ਬਾਅਦ ਸ਼ੇਰ ਆਪਣੇ ਨਾਲ ਬੱਕਰੀਆਂ ਦਾ ਇੱਜੜ ਲੈ ਕੇ ਸ਼ਿਕਾਰੀ ਕੋਲ ਆਇਆ। ਸ਼ਿਕਾਰੀ ਅਤੇ ਰਾਜਾ ਦੀ ਬੇਟੀ ਖ਼ੁਸ਼ੀ-ਖ਼ੁਸ਼ੀ ਆਪਣਾ ਜੀਵਨ ਬਤੀਤ ਕਰਨ ਲੱਗੇ।
ਕੁਝ ਚਿਰ ਪਿੱਛੋਂ ਸ਼ਿਕਾਰੀ ਵੱਲੋਂ ਆਜ਼ਾਦ ਕਰਵਾਏ ਆਦਮੀ ਨੂੰ ਉਸ ਦੀ ਯਾਦ ਆਈ। ਆਦਮੀ ਨੇ ਸੋਚਿਆ: ‘ਉਹ ਸ਼ਿਕਾਰੀ ਕਿੱਥੇ ਹੋਵੇਗਾ ਅਤੇ ਕੀ ਕਰ ਰਿਹਾ ਹੋਵੇਗਾ? ਮੈਨੂੰ ਜਾ ਕੇ ਵੇਖਣਾ ਚਾਹੀਦਾ ਹੈ ਕਿ ਉਹ ਜਿਉਂਦਾ ਹੈ ਜਾਂ ਮਰ ਗਿਆ।’ ਜਦੋਂ ਆਦਮੀ ਜੰਗਲ ਵਿੱਚ ਸ਼ਿਕਾਰੀ ਦੇ ਘਰ ਪਹੁੰਚਿਆ ਤਾਂ ਉਸ ਨੇ ਰਾਜੇ ਦੀ ਬੇਟੀ ਨੂੰ ਪਛਾਣ ਲਿਆ। ਉਸ ਨੂੰ ਯਾਦ ਆਇਆ ਕਿ ਸ਼ੇਰ ਕੁਝ ਦਿਨ ਪਹਿਲਾਂ ਉਸ ਨੂੰ ਚੁੱਕ ਕੇ ਲੈ ਗਿਆ ਸੀ। ਬੱਕਰੀਆਂ ਦਾ ਇੱਜੜ ਵੇਖ ਕੇ ਉਸ ਨੂੰ ਯਾਦ ਆਇਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਇੱਕ ਅਮੀਰ ਆਦਮੀ ਦੀਆਂ ਬੱਕਰੀਆਂ ਗੁਆਚ ਗਈਆਂ ਸਨ। ਇਹ ਉਹੀ ਬੱਕਰੀਆਂ ਹਨ।
ਉਹ ਆਦਮੀ ਰਾਜਕੁਮਾਰੀ ਅਤੇ ਉਸ ਦੇ ਪਤੀ ਨੂੰ ਮਿਲਿਆ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਉਪਰੰਤ ਉਹ ਆਦਮੀ ਸਿੱਧਾ ਰਾਜੇ ਕੋਲ ਗਿਆ ਅਤੇ ਪੂਰੀ ਕਹਾਣੀ ਜਾ ਸੁਣਾਈ। ਰਾਜਾ ਇਹ ਜਾਣ ਕੇ ਬਹੁਤ ਖ਼ੁਸ਼ ਹੋਇਆ ਕਿ ਉਸ ਦੀ ਬੇਟੀ ਅਜੇ ਜਿਉਂਦੀ ਹੈ, ਪਰ ਉਸ ਨੂੰ ਗੁੱਸਾ ਵੀ ਆਇਆ ਕਿ ਉਹ ਇੱਕ ਸ਼ਿਕਾਰੀ ਦੀ ਪਤਨੀ ਬਣ ਗਈ ਹੈ। ਉਸ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਸ਼ਿਕਾਰੀ ਅਤੇ ਰਾਜਕੁਮਾਰੀ ਨੂੰ ਫੜ ਕੇ ਰਾਜ ਦਰਬਾਰ ਵਿੱਚ ਲੈ ਆਉਣ।
‘‘ਕੱਲ੍ਹ ਸਵੇਰੇ ਤੈਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ!’’ ਰਾਜੇ ਨੇ ਸ਼ਿਕਾਰੀ ਨੂੰ ਦਰਬਾਰ ਵਿੱਚ ਲਿਆਂਦੇ ਜਾਣ ਮਗਰੋਂ ਸਜ਼ਾ ਸੁਣਾਉਂਦਿਆਂ ਕਿਹਾ। ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ, ‘‘ਇਸ ਸ਼ਿਕਾਰੀ ਨੂੰ ਤਹਿਖਾਨੇ ਵਿੱਚ ਸੁੱਟ ਦਿੱਤਾ ਜਾਵੇ।’’
ਇਸੇ ਸਮੇਂ ਰਾਜਾ ਕੁਝ ਦੇਰ ਲਈ ਜੰਗਲ ਵੱਲ ਚਲਾ ਗਿਆ। ਉਹ ਅਜੇ ਬੈਠਣ ਹੀ ਲੱਗਿਆ ਸੀ ਕਿ ਸ਼ਿਕਾਰੀ ਵੱਲੋਂ ਆਜ਼ਾਦ ਕਰਵਾਏ ਸੱਪ ਨੇ ਉਸ ਨੂੰ ਡੰਗ ਮਾਰ ਦਿੱਤਾ। ਰਾਜੇ ਦੀ ਸਿਹਤ ਵਿਗੜ ਗਈ। ਆਸ-ਪਾਸ ਦੇ ਸਾਰੇ ਵੈਦ-ਹਕੀਮ ਬੁਲਾਏ ਗਏ, ਪਰ ਸੱਪ ਦੇ ਜ਼ਹਿਰ ਦਾ ਇਲਾਜ਼ ਕਿਸੇ ਕੋਲ ਨਹੀਂ ਸੀ। ਰਾਜਕੁਮਾਰੀ ਆਪਣੇ ਪਿਤਾ ਦੇ ਸਲਾਹਕਾਰ ਕੋਲ ਗਈ ਅਤੇ ਕਿਹਾ, ‘‘ਮੇਰੇ ਪਤੀ ਨੂੰ ਆਜ਼ਾਦ ਕਰ ਦਿਓ। ਮੈਨੂੰ ਯਕੀਨ ਹੈ ਕਿ ਉਹ ਪਿਤਾ ਜੀ ਨੂੰ ਠੀਕ ਕਰ ਦੇਣਗੇ।’’
ਸਲਾਹਕਾਰ ਨੇ ਪੁੱਛਿਆ, ‘‘ਤੈਨੂੰ ਇੰਨਾ ਯਕੀਨ ਕਿਉਂ ਹੈ?’’
‘‘ਮੈਂ ਜਾਣਦੀ ਹਾਂ ਕਿ ਉਹ ਇਹ ਕੰਮ ਕਰ ਸਕਦੇ ਹਨ। ਉਹ ਇੱਕ ਹਕੀਮ ਵੀ ਹਨ,’’ ਰਾਜਕੁਮਾਰੀ ਬੋਲੀ। ਓਧਰ ਉਹੀ ਸੱਪ ਤਹਿਖਾਨੇ ਵਿੱਚ ਸ਼ਿਕਾਰੀ ਕੋਲ ਜਾ ਪਹੁੰਚਿਆ। ਜਦੋਂ ਸੱਪ ਨੂੰ ਪਤਾ ਲੱਗਾ ਕਿ ਬਾਹਰ ਕੀ ਹੋ ਰਿਹਾ ਹੈ ਤਾਂ ਸੱਪ ਨੇ ਆਪਣਾ ਥੋੜ੍ਹਾ ਜਿਹਾ ਜ਼ਹਿਰ ਥੁੱਕ ਕੇ ਇੱਕ ਛੋਟੀ ਜਿਹੀ ਸ਼ੀਸ਼ੀ ਵਿੱਚ ਪਾ ਦਿੱਤਾ। ਉਸ ਨੇ ਸ਼ਿਕਾਰੀ ਨੂੰ ਉਹ ਸ਼ੀਸ਼ੀ ਦਿੰਦੇ ਹੋਏ ਕਿਹਾ, ‘‘ਆਹ ਲੈ, ਜਦੋਂ ਉਹ ਤੈਨੂੰ ਆਜ਼ਾਦ ਕਰਨ ਲਈ ਆਏ ਤਾਂ ਆਪਣੇ ਨਾਲ ਇਹ ਸ਼ੀਸ਼ੀ ਲੈ ਜਾਈਂ। ਇਹ ਰਾਜੇ ਨੂੰ ਪਿਆ ਦੇਈਂ। ਉਹ ਠੀਕ ਹੋ ਜਾਵੇਗਾ।’’
ਸੂਰਜ ਚੜ੍ਹਨ ਤੋਂ ਪਹਿਲਾਂ ਹੀ ਰਾਜੇ ਦੇ ਸਿਪਾਹੀ ਸ਼ਿਕਾਰੀ ਕੋਲ ਆ ਗਏ। ਸ਼ਿਕਾਰੀ ਨੇ ਉੱਥੇ ਜਾ ਕੇ ਸੱਪ ਦਾ ਜ਼ਹਿਰ ਰਾਜੇ ਦੇ ਮੂੰਹ ਨੂੰ ਲਾ ਦਿੱਤਾ। ਜਦੋਂ ਰਾਜੇ ਦੇ ਪੇਟ ਵਿੱਚ ਜ਼ਹਿਰ ਗਿਆ ਤਾਂ ਉਸ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਸਾਰਾ ਜ਼ਹਿਰ ਬਾਹਰ ਆਉਣ ਨਾਲ ਰਾਜਾ ਤੰਦਰੁਸਤ ਹੋ ਗਿਆ।
ਰਾਜਾ ਬੋਲਿਆ, ‘‘ਇਸ ਆਦਮੀ ਨੇ ਮੇਰੀ ਜਾਨ ਬਚਾਈ ਹੈ। ਜ਼ਰੂਰ ਇਹ ਇੱਕ ਚੰਗਾ ਜਵਾਈ ਸਾਬਤ ਹੋਵੇਗਾ। ਉਸ ਦੂਸਰੇ ਆਦਮੀ ਨੂੰ ਲੈ ਕੇ ਆਓ ਜੋ ਇਸ ਨੂੰ ਇੱਥੇ ਲੈ ਕੇ ਆਇਆ ਸੀ। ਹੁਣ ਇਹ ਸਜ਼ਾ ਉਸ ਨੂੰ ਭੁਗਤਣੀ ਪਵੇਗੀ।’’
(ਦਿਲਬਾਗ ਗਿੱਲ)