Lalach Lai Dubba : Japanese Folk Tale
ਲਾਲਚ ਲੈ ਡੁੱਬਾ : ਜਪਾਨੀ ਲੋਕ ਕਹਾਣੀ
ਜਪਾਨ ਦੇ ਪਿੰਡ ਯਮਾਮੋਤੋਮਰਾ ਵਿੱਚ ਇੱਕ ਅਮੀਰ ਅਤੇ ਲਾਲਚੀ ਕਿਸਾਨ ਰਹਿੰਦਾ ਸੀ। ਉਸ ਦੀਆਂ ਹਰੀਆਂ ਭਰੀਆਂ ਭਰਪੂਰ ਫ਼ਸਲਾਂ ਦੀ ਆਸੇ-ਪਾਸੇ ਦੇ ਪਿੰਡਾਂ ਦੇ ਕਿਸਾਨ ਚਰਚਾ ਕਰਦੇ ਸਨ। ਉਸ ਦੀ ਵਿਸ਼ਾਲ ਹਵੇਲੀ ਅਤੇ ਮਹਿਲ ਦੇ ਪਿਛਵਾੜੇ ਝੁੱਗੀ ਵਿੱਚ ਇੱਕ ਗ਼ਰੀਬ ਕਿਸਾਨ ਰਹਿੰਦਾ ਸੀ ਜਿਹੜਾ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਪਾਲ ਰਿਹਾ ਸੀ। ਇੱਕ ਦਿਨ ਪਰਮਾਤਮਾ ਭਿਖਾਰੀ ਦਾ ਰੂਪ ਧਾਰਨ ਕਰ ਕੇ ਅਮੀਰ ਕਿਸਾਨ ਦੇ ਮਹਿਲ ਅੱਗੇ ਪੁੱਜਾ ਅਤੇ ਭੀਖ ਮੰਗੀ ਪਰ ਅਮੀਰ ਕਿਸਾਨ ਨੇ ਉਸ ਨੂੰ ਦੁਰਕਾਰ ਕੇ ਮੋੜ ਦਿੱਤਾ। ਫਿਰ ਭਿਖਾਰੀ ਗ਼ਰੀਬ ਕਿਸਾਨ ਦੀ ਝੁੱਗੀ ਅੱਗੇ ਪੁੱਜਾ। ਕਿਸਾਨ ਨੇ ਘਰ ਆਏ ਮਹਿਮਾਨ ਦਾ ਸੁਆਗਤ ਕੀਤਾ ਅਤੇ ਜੋ ਰਸੋਈ ਵਿੱਚ ਰੁੱਖਾ-ਮਿੱਸਾ ਸੀ, ਬੜੇ ਸਤਿਕਾਰ ਨਾਲ ਪਰੋਸਿਆ। ਸੁਆਦੀ ਭੋਜਨ ਕਰਕੇ ਭਿਖਾਰੀ ਨੇ ਦਿਆਲੂ ਕਿਸਾਨ ਨੂੰ ਕਿਹਾ, ‘‘ਕੁਝ ਦਿਨਾਂ ਬਾਅਦ ਤੇਰੀ ਇਸ ਝੁੱਗੀ ਅੱਗੇ ਇੱਕ ਪੌਦਾ ਉੱਗੇਗਾ, ਜਿਹੜਾ ਛੇਤੀ ਪੂਰਾ ਦਰੱਖਤ ਬਣ ਜਾਵੇਗਾ। ਉਸ ਦੀ ਲੱਕੜ ਨਾਲ ਉੱਖਲੀ ਬਣਾਈਂ ਜਿਹੜੀ ਤੇਰੇ ਦੁੱਖ ਦੂਰ ਕਰ ਦੇਵੇਗੀ।’’ ਇੰਨਾ ਆਖ ਭਿਖਾਰੀ ਲੋਪ ਹੋ ਗਿਆ।
ਤਿੰਨ-ਚਾਰ ਦਿਨ ਬਾਅਦ ਗ਼ਰੀਬ ਕਿਸਾਨ ਦੀ ਝੁੱਗੀ ਅੱਗੇ ਇੱਕ ਛੋਟਾ ਜਿਹਾ ਪੌਦਾ ਉੱਗਿਆ ਜਿਹੜਾ ਦਿਨਾਂ ’ਚ ਵੱਡਾ ਰੁੱਖ ਬਣ ਗਿਆ। ਕਿਸਾਨ ਨੇ ਰੁੱਖ ਦੀ ਲੱਕੜ ਕਟਵਾ ਮਿਸਤਰੀ ਤੋਂ ਉੱਖਲੀ ਬਣਵਾ ਲਈ। ਇਸ ਉੱਖਲੀ ਵਿੱਚ ਜਦੋਂ ਕਿਸਾਨ ਝੋਨਾ ਸੁੱਟਦਾ ਤਾਂ ਉਸ ਵਿੱਚੋਂ ਕਈ ਗੁਣਾ ਜ਼ਿਆਦਾ ਚੌਲ ਨਿਕਲਦੇ। ਉੱਖਲੀ ਅਨਾਜ ਨਾਲ ਭਰੀ ਰਹਿੰਦੀ। ਕਿਸੇ ਤਰ੍ਹਾਂ ਇਸ ਗੱਲ ਦਾ ਪਤਾ ਲਾਲਚੀ ਅਮੀਰ ਕਿਸਾਨ ਨੂੰ ਲੱਗ ਗਿਆ। ਇਸ ਲਈ ਇੱਕ ਦਿਨ ਉਸ ਨੇ ਗ਼ਰੀਬ ਕਿਸਾਨ ਤੋਂ ਉਸ ਦੀ ਉੱਖਲੀ ਮੰਗ ਲਈ। ਆਪਣੇ ਘਰ ਪਹੁੰਚ ਜਦੋਂ ਅਮੀਰ ਕਿਸਾਨ ਨੇ ਉੱਖਲੀ ਵਿੱਚ ਝੋਨਾ ਪਾਇਆ ਤਾਂ ਉਹ ਖਾਲੀ ਸੀ। ਗੁੱਸੇ ’ਚ ਆ ਲਾਲਚੀ ਅਮੀਰ ਕਿਸਾਨ ਨੇ ਉੱਖਲੀ ਦੇ ਟੁਕੜੇ-ਟੁਕੜੇ ਕਰ ਦਿੱਤੇ। ਇਸ ਦਾ ਦੁੱਖ ਮਨਾਉਂਦਿਆਂ ਗ਼ਰੀਬ ਕਿਸਾਨ ਨੇ ਟੁਕੜੇ ਇਕੱਠੇ ਕਰ ਲਿਆਂਦੇ ਅਤੇ ਆਪਣੀ ਝੁੱਗੀ ਵਿੱਚ ਆ, ਉਨ੍ਹਾਂ ਨੂੰ ਜੋੜ ਕੇ ਸੰਦੂਕ ਬਣਾ ਲਿਆ। ਹੁਣ ਜਦੋਂ ਉਸ ਨੇ ਸੰਦੂਕ ਵਿੱਚੋਂ ਭਿਖਾਰੀ ਦੀ ਆਵਾਜ਼ ਸੁਣੀ ਤਾਂ ਉਸ ’ਤੇ ਅਮਲ ਕਰਦਿਆਂ ਆਪਣੀ ਜੋੜੀ ਸਾਰੀ ਪੂੰਜੀ ਉਸ ਵਿੱਚ ਰੱਖੀ ਤਾਂ ਉਸ ਦੇ ਸੰਦੂਕ ਵਿੱਚ ਰੱਖੇ ਪੈਸੇ ਸੋਨੇ-ਚਾਂਦੀ ਦੇ ਸਿੱਕੇ ਬਣ ਗਏ।
ਫਿਰ ਅਮੀਰ ਲਾਲਚੀ ਕਿਸਾਨ ਉਸ ਦਾ ਸੰਦੂਕ ਹਥਿਆਉਣ ਬਾਰੇ ਸੋਚਣ ਲੱਗਿਆ। ਉਸ ਨੇ ਗ਼ਰੀਬ ਕਿਸਾਨ ਨੂੰ ਡਰਾ-ਧਮਕਾ ਕੇ ਉਸ ਦਾ ਸੰਦੂਕ ਚੁਕਵਾ ਲਿਆਂਦਾ ਅਤੇ ਆਪਣੇ ਸਾਰੇ ਸੋਨੇ-ਚਾਂਦੀ ਦੇ ਸਿੱਕੇ ਸੰਦੂਕ ਵਿੱਚ ਰਖਵਾ, ਉਸ ਦਾ ਢੱਕਣ ਬੰਦ ਕਰਵਾ ਦਿੱਤਾ। ਕੁਝ ਦੇਰ ਬਾਅਦ ਢੱਕਣ ਆਪਣੇ-ਆਪ ਖੁੱਲ੍ਹ ਗਿਆ ਅਤੇ ਸਿੱਕੇ ਪਾਣੀ ਬਣ ਵਹਿ ਤੁਰੇ। ਗੁੱਸੇ ’ਚ ਆ ਕੇ ਕਿਸਾਨ ਨੇ ਬਾਕੀ ਸਿੱਕੇ ਵੀ ਸੰਦੂਕ ਵਿੱਚ ਸੁੱਟ ਦਿੱਤੇ ਅਤੇ ਉਹ ਵੀ ਪਾਣੀ ਬਣ ਵਹਿ ਗਏ। ਪਿੰਡ ਵਿੱਚ ਪਾਣੀ ਦਾ ਤਲਾਬ ਬਣ ਗਿਆ। ਪਾਣੀ ਅਜੇ ਵੀ ਆ ਰਿਹਾ ਸੀ। ਸਾਰਾ ਪਿੰਡ ਉਸ ਦੇ ਆਲੀਸ਼ਾਨ ਮਹਿਲ ਸਮੇਤ ਡੁੱਬ ਗਿਆ ਪਰ ਗ਼ਰੀਬ ਕਿਸਾਨ ਦੀ ਝੌਂਪੜੀ ਸ਼ਾਨ ਨਾਲ ਖੜ੍ਹੀ ਸੀ। ਕਹਿੰਦੇ ਹਨ ਭਾਵੇਂ ਅਮੀਰ ਲਾਲਚੀ ਕਿਸਾਨ ਨੂੰ ‘ਲਾਲਚ ਲੈ ਡੁੱਬਾ’ ਪਰ ਅੱਜ ਵੀ ਜਪਾਨ ਦੇ ਯਮਾਮੋਤੋਮਰਾ ਪਿੰਡ ਵਿੱਚ ਸੰਦੂਕ ਵਾਲੀ ਨਦੀ ਅਤੇ ਤਲਾਬ ਹਨ।
(ਮੁਖਤਾਰ ਗਿੱਲ)