Sheeshe Chon Jhakdi Aatam-Gilani : K.L. Garg

ਸ਼ੀਸ਼ੇ ’ਚੋਂ ਝਾਕਦੀ ਆਤਮ-ਗਿਲਾਨੀ (ਵਿਅੰਗ) : ਕੇ.ਐਲ. ਗਰਗ

ਮਹਾਂ ਲੇਖਕ ਸ਼ਟੱਲੀ ਨਾਥ ਅੱਜਕੱਲ੍ਹ ਘੋਰ ਆਤਮ-ਪੀੜਾ ਥਾਣੀਂ ਗੁਜ਼ਰ ਰਹੇ ਹਨ। ਕੋਈ ਵੀ ਮਾਣ ਮਿਲੇ, ਕਿਸੇ ਵੀ ਸਨਮਾਨ ਨੂੰ ਹੱਥ ਪਵੇ, ਉਨ੍ਹਾਂ ਦਾ ਆਤਮ-ਮੰਥਨ ਸ਼ੁਰੂ ਹੋ ਜਾਂਦਾ ਹੈ। ਸਨਮਾਨ ਮਿਲਣ ਵੇਲੇ, ਮਿਲੀ ਰਾਸ਼ੀ ਮਿਲਣ ਵੇਲੇ ਕੁਝ ਨਹੀਂ ਹੁੰਦਾ। ਉਸ ਵੇਲੇ ਵੱਜ ਰਹੀਆਂ ਤਾੜੀਆਂ ਆਤਮ-ਵਿਭੋਰ ਕਰ ਦਿੰਦੀਆਂ ਹਨ। ਲੋਕਾਂ ਦੀ ਪ੍ਰਸ਼ੰਸਾ ਸੁਣ ਸੁਣ ਕੰਨਾਂ ਵਿਚ ਮਧੁਰ ਘੰਟੀਆਂ ਗੂੰਜਣ ਲੱਗਦੀਆਂ ਹਨ। ਲੱਗਦਾ ਹੈ ਜਿਵੇਂ ਆਰਤੀ ਦਾ ਸੰਗੀਤ ਲਹਿਰਾ ਰਿਹਾ ਹੋਵੇ। ਉਸ ਵੇਲੇ ਸਿਰ ਵੀ ਥੋੜ੍ਹਾ ਥੋੜ੍ਹਾ ਉੱਚਾ ਹੋ ਕੇ ਤਣਨ ਲੱਗਦਾ ਹੈ। ਲੋਕ ਲੱਖ ਕਹਿੰਦੇ ਫਿਰਨ ਕਿ ਉਨ੍ਹਾਂ ਨੇ ਇਹ ਸਨਮਾਨ ਤਿਕੜਮਬਾਜ਼ੀ ਨਾਲ ਹਾਸਲ ਕੀਤਾ ਹੈ। ਆਲੋਚਕ ਭਾਵੇਂ ਕਰੋੜ ਵਾਰੀ ਆਖਣ ਕਿ ਇਹੋ ਜਿਹੇ ਸਨਮਾਨ ਜੋੜ-ਤੋੜ ਰਾਹੀਂ ਹੀ ਪ੍ਰਾਪਤ ਹੁੰਦੇ ਹਨ ਤੇ ਬਾਬੂ ਸ਼ਟੱਲੀ ਨਾਥ ਇਸ ਮਾਮਲੇ ਵਿਚ ਇਨਾਮ ਐਕਸਪਰਟ ਹਨ। ਇਕ ਵਾਰ ਜਿਸ ਇਨਾਮ ਜਾਂ ਸਨਮਾਨ ’ਤੇ ਅੱਖ ਟਿਕ ਜਾਵੇ ਜਾਂ ਦਿਲ ਆ ਜਾਵੇ, ਲੈ ਕੇ ਰਹਿੰਦੇ ਹਨ। ਆਲੋਚਕ/ਨਿੰਦਕ ਤਾਂ ਇਉਂ ਵੀ ਆਖ ਦਿੰਦੇ ਹਨ ਕਿ ਲੇਖਕ ਭੋਰਾ ਕੁ ਜ਼ਮੀਰ ਨੂੰ ਮਾਰ ਲਵੇ, ਹਰੇਕ ਮਾਣ-ਸਨਮਾਨ ਕੌਡੀਆਂ ਦੇ ਭਾਅ ਮਿਲ ਜਾਂਦਾ ਹੈ।
ਬਾਬੂ ਸ਼ਟੱਲੀ ਨਾਥ ਸਨਮਾਨ ਲੈ ਤਾਂ ਲੈਂਦੇ ਹਨ, ਪਰ ਫੇਰ ਉਨ੍ਹਾਂ ਨੂੰ ਉਦੋਂ ਹੀ ਆਤਮ-ਪੀੜ ਸ਼ੁਰੂ ਹੋ ਜਾਂਦੀ ਹੈ। ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਘਰ ਆਉਂਦਿਆਂ ਹੀ ਪਤਨੀ ਸਾਹਿਬਾ ਪੁੱਛਦੇ ਹਨ: ''ਲੈ ਆਏ? ਬਸ ਏਨਾ ਹੀ ਸੀ? ਇਸੇ ਲਈ ਦਿਨ ਰਾਤ ਤਰਲੋ-ਮੱਛੀ ਹੋਈ ਫਿਰਦੇ ਸੀ? ਇਸ ਟਊਏ ਜਿਹੇ ਪਿੱਛੇ ਹੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਹਰਾਮ ਕੀਤਾ ਹੋਇਆ ਸੀ? ਅਗਲੇ ਢੇਰਾਂ ਟਹੂਆਂ ਤੋਂ ਤਾਂ ਗਰਦ ਨੀਂ ਪੂੰਝੀ ਜਾਂਦੀ ਤੇ ਇਸ ਦੇ ਆਉਣ ਨਾਲ ਕਿਹੜਾ ਮੱਛੀ ਦੀ ਅੱਖ ’ਚ ਤੀਰ ਮਾਰ ਲਿਆ।’’
ਇਨ੍ਹਾਂ ਸਾਰੇ ਸਵਾਲਾਂ ਦਾ ਬਾਬੂ ਸ਼ਟੱਲੀ ਨਾਥ ਕੋਲ ਇਕ ਹੀ ਜਵਾਬ ਹੁੰਦਾ ਸੀ, ''ਰਹਿਣ ਦੇ, ਰਹਿਣ ਦੇ, ਐਵੇਂ ਆਪਣੀਆਂ ਹੀ ਛੱਡੀ ਜਾਂਦੀ ਐਂ। ਉੱਥੇ ਹੋਈ ਪ੍ਰਸ਼ੰਸਾ ਸੁਣਦੀ, ਤਾੜੀਆਂ ਦੀ ਗੜਗੜਾਹਟ… ਮਾਈਕ ਦਾ ਸ਼ੋਰ… ਸਰੋਤਿਆਂ ’ਚੋਂ ਆ ਰਹੀਆਂ ਮਿੱਠੀਆਂ ਮਿੱਠੀਆਂ ਆਵਾਜ਼ਾਂ ਸੁਣਦੀ ਤਾਂ ਪਤਾ ਚੱਲਦਾ ਕਿ ਸਨਮਾਨ ਮਿਲਣਾ ਕੀ ਹੁੰਦਾ ਐ।’’ ਕਹਿਣ ਨੂੰ ਤਾਂ ਸ਼ਟੱਲੀ ਨਾਥ ਜੀ ਕਹਿ ਗਏ ਸਨ, ਪਰ ਅੰਦਰਲੀਆਂ ਆਵਾਜ਼ਾਂ ਦਾ ਕੀ ਕਰਦੇ? ਅੰਦਰੋਂ ਤਾਂ ਧਾਅ-ਧਾਅ ਕੇ ਆਵਾਜ਼ਾਂ ਆ ਰਹੀਆਂ ਸਨ:
''ਬਸ ਨਾਥ ਜੀ, ਇਸੇ ਸਨਮਾਨ ਲਈ ਜ਼ਮੀਰ ਵੇਚੀ ਸੀ? ਨਾ ਮਿਲਦਾ ਤਾਂ ਕਿਹੜੀ ਹਨੇਰੀ ਆਉਣ ਲੱਗੀ ਸੀ? ਜ਼ਮੀਰ ਵੇਚੀ ਹੋਵੇ ਜਾਂ ਮਰੀ ਹੋਵੇ, ਇਕੋ ਗੱਲ ਹੁੰਦੀ ਹੈ। ਜਿਸ ਦੀ ਜ਼ਮੀਰ ਈ ਮਰ ਜਾਵੇ, ਉਹ ਤਾਂ ਬੰਦਾ ਬੰਦਾ ਹੀ ਨਹੀਂ ਰਹਿੰਦਾ, ਕੁਝ ਹੋਰ ਈ ਬਣ ਜਾਂਦੈ। ਲੋਕ ਸਭ ਸਮਝਦੇ ਹਨ, ਮੂੰਹ ’ਤੇ ਤਾਰੀਫ਼ਾਂ ਕਰਦੇ ਨੇ ਤੇ ਪਿੱਠ ਪਿੱਛੇ ਸੱਚ ਬੋਲਦੇ ਨੇ।’’
ਤੇ ਫੇਰ ਇਕ ਇਕ ਜੋੜ-ਤੋੜ ਉਨ੍ਹਾਂ ਦੀਆਂ ਅੱਖਾਂ ਅੱਗੋਂ ਰੀਲ ਵਾਂਗ ਲੰਘਣ ਲੱਗਦਾ ਹੈ। ਇਕ ਇਕ ਤਰਕੀਬ ਉਨ੍ਹਾਂ ਨੂੰ ਚੁਭਣ ਲੱਗਦੀ ਹੈ। ਰਾਤ ਨੂੰ ਭੈੜੇ ਭੈੜੇ ਸੁਪਨੇ ਆਉਣ ਲੱਗਦੇ ਹਨ। ਜਿਵੇਂ ਮੂੰਹ ’ਤੇ ਪਿਆ ਥੁੱਕ ਪੂੰਝਣ ਲੱਗਦੇ ਹੋਣ। ਭੈੜਾ ਭੈੜਾ ਹਾਸਾ ਉਨ੍ਹਾਂ ਦੀ ਛਾਤੀ ’ਚ ਵੱਜਣ ਲੱਗਦਾ ਹੈ। ਠੰਢੀ ਰਾਤ ’ਚ ਵੀ ਬਦਨ ਮੁੜ੍ਹਕੇ ਨਾਲ ਤਰ-ਬਤਰ ਹੋਣ ਲੱਗਦਾ ਹੈ।
ਸ਼ੀਸ਼ਾ ਦੇਖਣ ਲੱਗਿਆਂ ਉਨ੍ਹਾਂ ਦੀ ਰੂਹ ਤੜਫਣ ਲੱਗਦੀ ਹੈ। ਸ਼ੀਸ਼ੇ ’ਚ ਖਲੋਤਾ ਬੰਦਾ ਉਨ੍ਹਾਂ ਨੂੰ ਓਪਰਾ ਓਪਰਾ ਲੱਗਣ ਲੱਗਦਾ ਹੈ। ਸ਼ੀਸ਼ੇ ਵਾਲਾ ਸ਼ਟੱਲੀ ਅੱਖਾਂ ਤਰੇਰ ਕੇ ਪੁੱਛਦਾ ਹੈ: ''ਹੈਲੋ ਮਾਈ ਸ਼ਟੱਲੀ ਨਾਥ! ਤੂੰ ਤਾਂ ਸਚਮੁੱਚ ਹੀ ਸ਼ਟੱਲੀ ਨਾਥ ਨਿਕਲਿਆ। ਯਾਰ, ਕਿਸ ਸਫ਼ਾਈ ਨਾਲ ਤੂੰ ਇਹ ਸਨਮਾਨ ਹਥਿਆਇਆ ਹੈ, ਕਿਆ ਹੱਥ ਦੀ ਸਫ਼ਾਈ ਦਿਖਾਈ, ਕਿਆ ਕਰਾਮਾਤ ਕਰ ਦਿਖਾਈ ਹੈ।’’

ਬਾਬੂ ਸ਼ਟੱਲੀ ਨਾਥ ਆਪਣੇ ਹੀ ਅਕਸ ਨੂੰ ਘੂਰਦੇ ਹੋਏ ਆਖਦੇ ਹਨ: ''ਮੈਂ, ਮੈਂ ਕੀ ਕੀਤਾ? ਇਹ ਸਨਮਾਨ ਮੈਂ ਨਾ ਲੈਂਦਾ ਤਾਂ ਕਿਸੇ ਹੋਰ ਨੇ ਹਥਿਆ ਲੈਣਾ ਸੀ। ਇਸ ਨਾਲੋਂ ਚੰਗਾ ਤਾਂ ਇਹੋ ਸੀ ਕਿ ਮੈਂ ਹੀ ਹਥਿਆ ਲੈਂਦਾ। ਲੇਖਕ ਲੋਕ ਤਾਂ ਹਾਬੜੇ ਫਿਰਦੇ ਨੇ ਇਨ੍ਹਾਂ ਲਈ। ਸਨਮਾਨਾਂ ਦੀ ਮੰਡੀ ’ਚ ਜਾ ਕੇ ਤਾਂ ਦੇਖੋ। ਲੇਖਕ ਤਾਂ ਪਤਾ ਨਹੀਂ ਕਿਹੜੇ ਕਿਹੜੇ ਢਕਵੰਜ ਕਰਦੇ ਐ ਸਨਮਾਨ ਲੈਣ ਲਈ। ਮੈਂ ਤਾਂ ਕੀਤਾ ਈ ਕੁਸ਼ ਨੀ। ਐਵੇਂ ਦੋ ਚਾਰ ਵਾਰੀ ਹੱਥ ਪੈਰ ਈ ਮਾਰੇ ਸੀ। ਬਸ ਮੇਰਾ ਵੀ ਦਾਅ ਲੱਗ ਗਿਆ। ਸਨਮਾਨ ’ਚ ਵੀ ਕਈ ਵਾਰੀ ਦਾਅ ਲੱਗ ਜਾਂਦਾ ਹੁੰਦਾ। ਚਲੋ ਮੇਰਾ ਵੀ ਲੱਗ ਗਿਆ।’’
ਸ਼ੀਸ਼ੇ ’ਚ ਖਲੋਤਾ ਸ਼ਟੱਲੀ ਨਾਥ ਹੱਸਦਾ ਹੋਇਆ ਉਸ ਨੂੰ ਬਹੁਤ ਭੈੜਾ ਲੱਗਦਾ ਹੈ। ਸ਼ੀਸ਼ਾ ਹੱਸ ਰਿਹਾ ਹੁੰਦਾ ਹੈ ਤੇ ਉਹ ਘੂਰ ਰਿਹਾ ਹੁੰਦਾ ਹੈ। ਉਸ ਨੂੰ ਸਮਝ ਨਹੀਂ ਲੱਗਦੀ ਕਿ ਸ਼ੀਸ਼ੇ ਵਾਲਾ ਤੇ ਉਹ ਦੋਵੇਂ ਅਲੱਗ ਅਲੱਗ ਕਿਵੇਂ ਹੋ ਸਕਦੇ ਨੇ। ਕਦੇ ਕਦੇ ਉਸ ਨੂੰ ਲੱਗਦਾ ਹੈ ਕਿ ਸ਼ੀਸ਼ੇ ਵਾਲਾ ਭਾਈ ਨਕਲੀ ਹੈ ਤੇ ਉਹ ਅਸਲੀ ਹੈ। ਪਰ ਝੱਟ ਹੀ ਉਸ ਨੂੰ ਸ਼ੀਸ਼ੇ ਵਾਲਾ ਸ਼ਟੱਲੀ ਨਾਥ ਦੇਖ ਕੇ ਆਤਮ-ਗਿਲਾਨੀ ਹੋਣ ਲੱਗਦੀ ਹੈ। ਉਸ ਦਾ ਦਿਲ ਘਿਰਨ ਲੱਗਦਾ ਹੈ। ਖ਼ੁਦ ਨਾਲ ਹੀ ਨਫ਼ਰਤ ਹੋਣ ਲੱਗਦੀ ਹੈ। ਸਨਮਾਨ ਲੈਣ ਲਈ ਮੈਂ ਇਹ ਸਾਰਾ ਕੁਝ ਕੀਤਾ ਹੀ ਕਿਉਂ? ਵਾਰ ਵਾਰ ਉਸ ਅੰਦਰੋਂ ਲਾਹਨਤਾਂ ਪੈਣ ਲੱਗਦੀਆਂ ਹਨ। ਜੇ ਇਸ ਜੋੜ-ਤੋੜ ਦੀ ਭੋਰਾ ਕੁ ਵੀ ਭਿਣਕ ਲੋਕਾਂ ਨੂੰ, ਉਸ ਦੇ ਪਾਠਕਾਂ ਨੂੰ ਪੈ ਗਈ ਤਾਂ ਉਹ ਤਾਂ ਸਮਝੋ ਮਿੱਟੀ ਹੀ ਹੋ ਜਾਏਗਾ। ਚਾਲੀ ਸਾਲ ਦੀ ਬਣੀ ਬਣਾਈ ਖੂਹ-ਖਾਤੇ ਪੈ ਜਾਏਗੀ। ਉਸ ਦੀ ਲਿਖਤ ਦੀ ਸਾਰੀ ਉਮਰ ਦੀ ਕੀਤੀ ਕਮਾਈ ਖੇਹ ’ਚ ਮਿਲ ਜਾਵੇਗੀ। ਸ਼ੀਸ਼ੇ ’ਚੋਂ ਆਤਮ-ਗਿਲਾਨੀ ਝਾਕਣ ਲੱਗਦੀ ਹੈ। ਉਸ ਨੂੰ ਝੰਝੋੜਨ ਲੱਗਦੀ ਹੈ। ਉਸ ਨੂੰ ਆਤਮ-ਪ੍ਰਪੰਚੀ ਆਖਣ ਲੱਗਦੀ ਹੈ। ਪਰ ਤਦ ਹੀ ਉਸ ਨੂੰ ਇਕ ਆਵਾਜ਼ ਸੁਣਾਈ ਦੇਣ ਲੱਗਦੀ ਹੈ। ਕਿੱਥੋਂ ਆ ਰਹੀ ਸੀ ਇਹ ਆਵਾਜ਼? ਉਸ ਆਲੇ-ਦੁਆਲੇ ਝਾਤੀ ਮਾਰੀ। ਕੋਈ ਨਹੀਂ ਸੀ। ਉਸ ਨੂੰ ਲੱਗਾ ਜਿਵੇਂ ਸ਼ੀਸ਼ੇ ਵਿਚਲਾ ਸ਼ਟੱਲੀ ਕੁਝ ਕਹਿ ਰਿਹਾ ਹੋਵੇ। ਉਸ ਅੱਖਾਂ ਚੌੜੀਆਂ ਕਰਕੇ ਸ਼ੀਸ਼ੇ ਵੱਲ ਦੇਖਿਆ। ਸ਼ੀਸ਼ਾ ਵੀ ਚੁੱਪ ਸੀ। ਫੇਰ ਉਸ ਨੂੰ ਲੱਗਾ ਜਿਵੇਂ ਇਹ ਆਵਾਜ਼ ਉਸ ਦੇ ਆਪਣੇ ਅੰਦਰੋਂ ਹੀ ਆ ਰਹੀ ਹੋਵੇ!
''ਤੈਨੂੰ ਇਹੋ ਜਿਹੇ ਸਨਮਾਨ ਲੈਣ ਪਿੱਛੋਂ ਗਿਲਾਨੀ ਮਹਿਸੂਸ ਹੁੰਦੀ ਹੈ?’’
''ਹਾਂ, ਹਾਂ, ਹੁੰਦੀ ਹੈ।’’
''ਖ਼ੁਦ ਤੋਂ ਨਫ਼ਰਤ ਹੋਣ ਲੱਗਦੀ ਹੈ?’’
''ਹਾਂ, ਹੋਣ ਲੱਗਦੀ ਹੈ ਨਫ਼ਰਤ।’’
''ਆਪਣੇ ਕੀਤੇ ਕਰਮਾਂ ’ਤੇ ਪਛਤਾਵਾ ਹੋਣ ਲੱਗਦਾ ਹੈ?’’
''ਹਾਂ, ਪਛਤਾਵਾ ਹੁੰਦਾ ਹੈ ਬਹੁਤ।’’
''ਸਨਮਾਨ ਤੁੱਛ ਲੱਗਣ ਲੱਗਦਾ ਹੈ?’’
''ਹਾਂ, ਤੁੱਛ ਕੀ, ਬਹੁਤ ਤੁੱਛ ਲੱਗਦਾ ਹੈ।’’
''ਆਪਣੇ ਕਾਰਿਆਂ ’ਤੇ ਕਚਿਆਨ ਆਉਂਦੀ ਹੈ?’’
''ਹਾਂ, ਹਾਂ, ਆਉਂਦੀ ਹੈ।’’
ਇਨ੍ਹਾਂ ਸਵਾਲਾਂ ਜਵਾਬਾਂ ਤੋਂ ਬਾਅਦ ਉਸ ਅੰਦਰੋਂ ਖਿੜਖਿੜਾ ਕੇ ਹੱਸਣ ਦੀ ਉੱਚੀ ਆਵਾਜ਼ ਸੁਣਾਈ ਦਿੰਦੀ ਹੈ… ਜਿਵੇਂ ਬਸੰਤ ਆ ਗਈ ਹੋਵੇ, ਆਲੇ-ਦੁਆਲੇ ਫੁੱਲ ਖਿੜ ਗਏ ਹੋਣ:
''ਫੇਰ ਹਾਲੇ ਤੇਰਾ ਕੁਝ ਨੀ ਵਿਗੜਿਆ। ਤੇਰੀ ਆਤਮਾ ਅਜੇ ਪੂਰੀ ਤਰ੍ਹਾਂ ਮੁਰਦਾ ਨਹੀਂ ਹੋਈ। ਹਾਲੇ ਵੀ ਉਮੀਦ ਬਚੀ ਹੋਈ ਹੈ। ਚੰਗਾ ਲਿਖ, ਮਿਹਨਤ ਕਰ, ਇਹੋ ਜਿਹੇ ਮਾਣ-ਸਨਮਾਨ ਤਾਂ ਤੇਰੇ ਪੈਰਾਂ ’ਚ ਲੋਟਣੀਆਂ ਖਾਂਦੇ ਫਿਰਨਗੇ। ਜੈ ਕਲਮ, ਜੈ ਸਾਹਿਤ…।’’
ਇਸ ਤੋਂ ਬਾਅਦ ਸ਼ਟੱਲੀ ਨਾਥ ਨੂੰ ਸ਼ੀਸ਼ੇ ਵਾਲਾ ਸ਼ਟੱਲੀ ਨਾਥ ਆਪਣਾ ਆਪਣਾ, ਪਿਆਰਾ ਪਿਆਰਾ ਲੱਗਣ ਲੱਗ ਪਿਆ ਸੀ। ਉਸ ਹੱਥ ’ਚ ਫੜੇ ਇਨਾਮ ਨੂੰ ਵਗਾਹ ਕੇ ਕੰਧ ਨਾਲ ਮਾਰ ਦਿੱਤਾ ਸੀ। ਸਨਮਾਨ ਮੁਰਦਾ ਹੋਇਆ ਪਿਆ ਸੀ ਤੇ ਸ਼ਟੱਲੀ ਨਾਥ ਮੁੜ ਜਿਉ ਪਿਆ ਸੀ। ਬਾਜ਼ਮੀਰ ਬੰਦੇ ਹਮੇਸ਼ਾ ਜਿਉਂਦੇ ਹੀ ਰਹਿੰਦੇ ਹਨ। ਜ਼ਮੀਰ ਜਾਗਦੀ ਰੱਖਣੀ ਹੀ ਇਨਸਾਨ ਦਾ ਅਸਲ ਮਾਣ-ਸਨਮਾਨ ਹੁੰਦਾ ਹੈ।

  • ਮੁੱਖ ਪੰਨਾ : ਪੰਜਾਬੀ ਕਹਾਣੀਆਂ ਤੇ ਵਿਅੰਗ; ਕੇ.ਐਲ. ਗਰਗ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ