Sunehri Dhaga : French Lok Kahani
ਸੁਨਹਿਰੀ ਧਾਗਾ : ਫਰਾਂਸੀਸੀ ਲੋਕ ਕਹਾਣੀ
ਇਕ ਵਿਧਵਾ ਔਰਤ ਅਤੇ ਉਸਦਾ ਪੁੱਤਰ ਪੀਟਰ ਦੋਨੋਂ ਰਹਿੰਦੇ ਸਨ। ਪੀਟਰ ਬਹੁਤ ਸੁਸਤ ਮੁੰਡਾ ਸੀ ਤੇ ਆਪਣੇ ਮਨ ’ਚ ਹਮੇਸ਼ਾਂ ਖ਼ਿਆਲੀ ਪੁਲਾਅ ਹੀ ਬਣਾਉਂਦਾ ਰਹਿੰਦਾ। ਇਕ ਦਿਨ ਪੀਟਰ ਆਪਣੇ ਸਕੂਲ ਦੀ ਜਮਾਤ ’ਚ ਬੈਠਾ ਕੁਝ ਸੋਚ ਰਿਹਾ ਸੀ ਤਾਂ ਅਧਿਆਪਕ ਨੇ ਉਸਨੂੰ ਪੁੱਛਿਆ, ‘ਪੀਟਰ, ਤੂੰ ਕੀ ਸੋਚ ਰਿਹਾ ਹੈ?’
ਉਸ ਨੇ ਜੁਆਬ ਦਿੱਤਾ, ‘ਮੈਂ ਇਹ ਸੋਚ ਰਿਹਾ ਹਾਂ ਕਿ ਮੈਂ ਵੱਡਾ ਹੋ ਕੇ ਕੀ ਬਣਾਂਗਾ।’
‘ਥੋੜ੍ਹਾ ਸਬਰ ਰੱਖ। ਇਹ ਗੱਲ ਸੋਚਣ ਲਈ ਅਜੇ ਬਹੁਤ ਸਮਾਂ ਪਿਐ। ਤੈਨੂੰ ਪਤਾ ਹੋਣਾ ਚਾਹੀਦੈ ਕਿ ਵੱਡੇ ਏਨੀ ਛੇਤੀ ਨਹੀਂ ਹੁੰਦੇ। ਇਸ ਨੂੰ ਸਮਾਂ ਲੱਗਦੈ।’ ਅਧਿਆਪਕ ਨੇ ਕਿਹਾ।
ਪੀਟਰ ਜੋ ਵੀ ਕੰਮ ਕਰ ਰਿਹਾ ਹੁੰਦਾ, ਉਸਦਾ ਮਨ ਉਸਤੋਂ ਛੇਤੀ ਹੀ ਅੱਕ ਜਾਂਦਾ ਤੇ ਉਹ ਕਿਸੇ ਹੋਰ ਕੰਮ ਬਾਰੇ ਸੋਚਣ ਲੱਗ ਪੈਂਦਾ। ਜਦੋਂ ਸਕੂਲ ਹੁੰਦਾ ਤਾਂ ਸੋਚਦਾ ਕਿ ਸਮਾਂ ਛੇਤੀ ਨਾਲ ਲੰਘ ਜਾਏ ਤੇ ਉਹ ਘਰ ਪਹੁੰਚ ਜਾਏ। ਐਤਵਾਰ ਰਾਤ ਨੂੰ ਸੋਚਦਾ ਕਿ ਕਾਸ਼ ਛੁੱਟੀਆਂ ਹੀ ਰਹਿਣ। ਸਭ ਤੋਂ ਜ਼ਿਆਦਾ ਮਜ਼ਾ ਉਸਨੂੰ ਆਪਣੀ ਦੋਸਤ ਲੀਆ ਨਾਲ ਖੇਡਣ ’ਚ ਹੀ ਆਉਂਦਾ। ਉਹ ਉਸ ਨਾਲ ਵੱਡਾ ਹੋ ਕੇ ਵਿਆਹ ਕਰਾਉਣ ਬਾਰੇ ਸੋਚਦਾ। ਇਕ ਦਿਨ ਗਰਮੀਆਂ ਦੀ ਦੁਪਹਿਰ ਨੂੰ ਜਦੋਂ ਉਹ ਜੰਗਲ ਵਿਚ ਗਿਆ ਤਾਂ ਉਸਨੂੰ ਨੀਂਦ ਆ ਰਹੀ ਸੀ ਤਾਂ ਉਸਨੂੰ ਜਾਪਿਆ ਕਿ ਕੋਈ ਉਸਦਾ ਨਾਮ ਲੈ ਕੇ ਉਸਨੂੰ ਬੁਲਾ ਰਿਹਾ ਹੈ। ਉਹ ਅੱਖਾਂ ਖੋਲ੍ਹ ਕੇ ਬੈਠ ਗਿਆ। ਉਸਦੇ ਸਾਹਮਣੇ ਬਜ਼ੁਰਗ ਔਰਤ ਖੜ੍ਹੀ ਸੀ ਜਿਸਦੇ ਹੱਥ ’ਚ ਚਾਂਦੀ ਦੀ ਬਾਲ ਸੀ ਜਿਸ ਨਾਲ ਸਿਲਕ ਦਾ ਸੁਨਹਿਰੀ ਧਾਗਾ ਲਮਕ ਰਿਹਾ ਸੀ।
ਉਸ ਔਰਤ ਨੇ ਉਹ ਬਾਲ ਉਸਨੂੰ ਦਿਖਾਉਂਦਿਆਂ ਕਿਹਾ, ‘ਪੀਟਰ, ਦੇਖ ਮੈਂ ਤੇਰੇ ਲਈ ਕੀ ਲੈ ਕੇ ਆਈ ਹਾਂ?’
ਪੀਟਰ ਨੇ ਧਾਗੇ ਨੂੰ ਛੂਹ ਕੇ ਉਤਸੁਕਤਾ ਨਾਲ ਪੁੱਛਿਆ, ‘ਇਹ ਕੀ ਹੈ?’
ਬਜ਼ੁਰਗ ਔਰਤ ਨੇ ਕਿਹਾ, ‘ਇਹ ਤੇਰੀ ਜ਼ਿੰਦਗੀ ਦਾ ਧਾਗਾ ਹੈ। ਜੇ ਤੂੰ ਇਸ ਨੂੰ ਛੂਹੇਂਗਾ ਨਹੀਂ ਤਾਂ ਸਮਾਂ ਆਪਣੀ ਚਾਲ ਨਾਲ ਚੱਲਦਾ ਜਾਏਗਾ,ਪਰ ਜੇ ਤੂੰ ਚਾਹੇਂ ਕਿ ਸਮਾਂ ਛੇਤੀ ਬੀਤ ਜਾਏ ਤਾਂ ਤੈਨੂੰ ਸਿਰਫ਼ ਇਹ ਧਾਗਾ ਥੋੜ੍ਹਾ ਜਿਹਾ ਖਿੱਚਣਾ ਪਏਗਾ ਤੇ ਇਕ ਘੰਟਾ ਇਕ ਮਿੰਟ ਵਾਂਗ ਬੀਤ ਜਾਏਗਾ। ਇਕ ਵਾਰੀ ਖਿੱਚਿਆ ਧਾਗਾ ਵਾਪਸ ਨਹੀਂ ਆਏਗਾ। ਇਹ ਧੂੰਏ ਦੇ ਛੱਲੇ ਵਾਂਗ ਲੋਪ ਹੋ ਜਾਏਗਾ। ਇਹ ਸੁਨਹਿਰੀ ਧਾਗੇ ਦੀ ਬਾਲ ਤੇਰੇ ਲਈ ਹੈ, ਪਰ ਜੇ ਤੂੰ ਇਹ ਤੋਹਫ਼ਾ ਲੈਣਾ ਹੈ ਤਾਂ ਕਿਸੇ ਨੂੰ ਵੀ ਇਸ ਬਾਰੇ ਨਹੀਂ ਦੱਸਣਾ। ਜੇ ਦੱਸੇਗਾਂ ਤਾਂ ਉਸੇ ਦਿਨ ਤੇਰੀ ਮੌਤ ਹੋ ਜਾਏਗੀ। ਹੁਣ ਦੱਸ ਤੂੰ ਇਹ ਬਾਲ ਲੈਣੀ ਹੈ ਜਾਂ ਨਹੀਂ।’
ਉਸ ਨੇ ਹਾਂ ’ਚ ਸਿਰ ਹਿਲਾਇਆ। ਔਰਤ ਨੇ ਉਸਨੂੰ ਬਾਲ ਫੜਾ ਦਿੱਤੀ ਤੇ ਆਪ ਉਸੇ ਵੇਲੇ ਉੱਥੋਂ ਲੋਪ ਹੋ ਗਈ। ਪੀਟਰ ਨੇ ਬਾਲ ਦਾ ਚੰਗੀ ਤਰ੍ਹਾਂ ਨਿਰੀਖਣ ਕੀਤਾ ਤੇ ਜੇਬ ’ਚ ਪਾ ਕੇ ਖੁਸ਼ੀ ਖੁਸ਼ੀ ਘਰ ਦੌੜ ਗਿਆ। ਅਗਲੇ ਦਿਨ ਸਕੂਲ ’ਚ ਉਹ ਛੇਤੀ ਹੀ ਅੱਕ ਗਿਆ ਤੇ ਘਰ ਜਾਣ ਦਾ ਸੋਚਣ ਲੱਗਾ। ਉਸਨੇ ਛੇਤੀ ਨਾਲ ਜੇਬ ’ਚੋਂ ਬਾਲ ਕੱਢੀ ਤੇ ਉਸ ਨਾਲੋਂ ਥੋੜ੍ਹਾ ਜਿਹਾ ਧਾਗਾ ਖਿੱਚ ਲਿਆ। ਵਾਹ! ਝੱਟ ਪਟ ਹੀ ਸਕੂਲ ਬੰਦ ਹੋਣ ਦਾ ਸਮਾਂ ਹੋ ਗਿਆ ਤੇ ਉਹ ਘਰ ਪਹੁੰਚ ਗਿਆ।
ਅਗਲੇ ਦਿਨ ਵੀ ਉਸਨੇ ਇੰਜ ਹੀ ਕੀਤਾ ਤੇ ਫੇਰ ਕਈ ਦਿਨ ਇਸ ਤਰ੍ਹਾਂ ਹੀ ਕਰਦਾ ਰਿਹਾ। ਇਕ ਦਿਨ ਉਸਦੇ ਮਨ ਵਿਚ ਆਇਆ ਕਿ ਜੇ ਉਹ ਧਾਗੇ ਨੂੰ ਜ਼ਰਾ ਕੁ ਜ਼ਿਆਦਾ ਖਿੱਚ ਦੇਵੇ ਤਾਂ ਉਸ ਦਾ ਸਕੂਲ ਜਾਣਾ ਬਿਲਕੁਲ ਹੀ ਬੰਦ ਹੋ ਜਾਏਗਾ। ਉਸ ਨੇ ਉਸੇ ਵੇਲੇ ਅਜਿਹਾ ਕੀਤਾ ਤੇ ਆਪਣੇ ਆਪ ਨੂੰ ਤਰਖਾਣ ਕੋਲੋਂ ਲੱਕੜ ਦਾ ਕੰਮ ਸਿੱਖਦਿਆਂ ਦੇਖਿਆ।
ਉਸਨੇ ਆਪਣੇ ਆਪ ਨੂੰ ਪੁੱਛਿਆ, ‘ਮੈਂ ਲੀਆ ਨਾਲ ਵਿਆਹ ਕਰਾਉਣ ਲਈ ਹੋਰ ਕਿਉਂ ਉਡੀਕ ਕਰਾਂ?’ ਉਸੇ ਵੇਲੇ ਹੀ ਉਸਨੇ ਬਾਲ ਦੇ ਸੁਨਹਿਰੀ ਧਾਗੇ ਨੂੰ ਫੇਰ ਖਿੱਚਿਆ ਤੇ ਉਸਦਾ ਲੀਆ ਨਾਲ ਵਿਆਹ ਹੋ ਗਿਆ। ਫੇਰ ਉਸਨੂੰ ਜਦੋਂ ਲੀਆ ਦੇ ਗਰਭਵਤੀ ਹੋਣ ਬਾਰੇ ਪਤਾ ਲੱਗਾ ਤਾਂ ਉਸ ਕੋਲੋਂ ਬੱਚੇ ਦੀ ਪੈਦਾਇਸ਼ ਦੇ ਸਮੇਂ ਦੀ ਉਡੀਕ ਕਰਨੀ ਮੁਸ਼ਕਲ ਹੋ ਗਈ। ਉਸਨੇ ਫੇਰ ਥੋੜ੍ਹਾ ਜਿਹਾ ਧਾਗਾ ਖਿੱਚ ਦਿੱਤਾ ਤੇ ਉਸਦੇ ਪੁੱਤਰ ਦਾ ਜਨਮ ਹੋ ਗਿਆ।
ਉਸਨੂੰ ਛੇਤੀ ਨਾਲ ਹੋਰ ਬੱਚੇ ਵੀ ਚਾਹੀਦੇ ਸਨ। ਉਹ ਉਨ੍ਹਾਂ ਨੂੰ ਛੇਤੀ ਵੱਡੇ ਹੋਏ ਵੀ ਦੇਖਣਾ ਚਾਹੁੰਦਾ ਸੀ। ਇਸ ਲਈ ਉਹ ਬਾਰ ਬਾਰ ਧਾਗਾ ਖਿੱਚਦਾ ਤੇ ਉਸਦੀ ਹਰ ਇੱਛਾ ਪੂਰੀ ਹੋ ਜਾਂਦੀ। ਪਰ ਛੇਤੀ ਹੀ ਉਸਨੇ ਦੇਖਿਆ ਕਿ ਉਸਦੇ ਵਾਲ ਸਫ਼ੈਦ ਹੋ ਚੁੱਕੇ ਹਨ ਤੇ ਚਿਹਰਾ ਝੁਰੜੀਆਂ ਨਾਲ ਭਰ ਗਿਆ ਹੈ। ਉਹ ਪਛਤਾਵਾ ਕਰਨ ਲੱਗਾ, ‘ਮੈਨੂੰ ਜ਼ਿੰਦਗੀ ’ਚ ਆਨੰਦ ਮਾਣਨ ਦਾ ਸਮਾਂ ਹੀ ਨਹੀਂ ਮਿਲਿਆ, ਮੇਰਾ ਜੀਵਨ ਧੂੰਏਂ ਦੇ ਛੱਲਿਆਂ ਵਾਂਗ ਖ਼ਤਮ ਹੋ ਰਿਹਾ ਹੈ।’
ਫਿਕਰ ’ਚ ਡੁੱਬਾ, ਉਹ ਜੰਗਲ ਵੱਲ ਸੈਰ ਕਰਨ ਨਿਕਲ ਗਿਆ। ਉਥੋਂ ਉਸਨੂੰ ਫੇਰ ਬਜ਼ੁਰਗ ਔਰਤ ਦੀ ਆਵਾਜ਼ ਸੁਣਾਈ ਦਿੱਤੀ, ‘ਪੀਟਰ, ਕੀ ਤੂੰ ਸ਼ਾਨਦਾਰ ਜ਼ਿੰਦਗੀ ਬਤੀਤ ਕਰ ਰਿਹੈ?’
‘ਨਹੀਂ, ਮੈਂ ਪਹਿਲਾਂ ਵਰਗੀ ਜ਼ਿੰਦਗੀ ਜਿਊਣੀ ਚਾਹੁੰਦਾ ਹਾਂ। ਤੇਰੀ ਜਾਦੂਈ ਬਾਲ ਤੋਂ ਬਿਨਾਂ।’ ਪੀਟਰ ਨੇ ਕਿਹਾ।
‘ਠੀਕ ਹੈ। ਇਹ ਤੇਰੀ ਮਰਜ਼ੀ ਹੈ। ਲਿਆ ਮੇਰੀ ਬਾਲ।’ ਬਜ਼ੁਰਗ ਔਰਤ ਪੀਟਰ ਕੋਲੋਂ ਬਾਲ ਲੈ ਕੇ ਲੋਪ ਹੋ ਗਈ।
‘ਪੀਟਰ, ਛੇਤੀ ਕਰ, ਤੂੰ ਸਕੂਲ ਲਈ ਲੇਟ ਹੋ ਰਿਹੈ।’ ਉਸਦੀ ਮਾਂ ਨੇ ਉਸਨੂੰ ਹੌਲੀ ਜਿਹੀ ਹਿਲਾਉਂਦਿਆਂ ਕਿਹਾ। ਪੀਟਰ ਆਪਣੇ ਸੁਪਨੇ ’ਚੋਂ ਜਾਗਿਆ ਤੇ ਉਸਨੇ ਸ਼ੁਕਰ ਕੀਤਾ ਕਿ ਇਹ ਸੁਪਨਾ ਹੀ ਸੀ। ਉਸਦੀ ਜ਼ਿੰਦਗੀ ਉਸ ਜਾਦੂ ਦੀ ਬਾਲ ਨਾਲ ਜਾਇਆ ਨਹੀਂ ਹੋਈ। ਉਸਨੂੰ ਸਮਝ ਆ ਗਈ ਸੀ ਕਿ ਹਰ ਕੰਮ ਦਾ ਆਪਣਾ ਸਮਾਂ ਹੁੰਦਾ ਹੈ।
-(ਬਲਰਾਜ ਧਾਰੀਵਾਲ)