Suraj Da Navan Ghar : Folk Tale
ਸੂਰਜ ਦਾ ਨਵਾਂ ਘਰ : ਲੋਕ ਕਹਾਣੀ
ਪੁਰਾਣੇ ਸਮੇਂ ਦੀ ਗੱਲ ਹੈ ਕਿ ਸੂਰਜ ਤੇ ਪਾਣੀ ਇਕੱਠੇ ਰਹਿੰਦੇ ਸਨ। ਉਹ ਦੋਵੇਂ ਪੱਕੇ ਮਿੱਤਰ ਸਨ। ਰੋਜ਼ ਸੂਰਜ ਹੀ ਪਾਣੀ ਦੇ ਘਰ ਜਾਂਦਾ ਸੀ। ਇੱਕ ਦਿਨ ਸੂਰਜ ਨੇ ਪਾਣੀ ਨੂੰ ਕਿਹਾ, ''ਪਾਣੀ ਮਿੱਤਰ, ਤੂੰ ਮੇਰੇ ਘਰ ਕਿਉਂ ਨਹੀਂ ਆਉਂਦਾ?'' ਪਾਣੀ ਨੇ ਜਵਾਬ ਦਿੱਤਾ, ''ਮੇਰਾ ਪਰਿਵਾਰ ਬਹੁਤ ਵੱਡਾ ਹੈ, ਜੇ ਅਸੀਂ ਸਾਰੇ ਲੋਕ ਤੇਰੇ ਘਰ ਆ ਗਏ ਤਾਂ ਤੈਨੂੰ ਆਪਣਾ ਘਰ ਛੱਡਣਾ ਪੈ ਜਾਵੇਗਾ।''
ਸੂਰਜ ਬੋਲਿਆ, ''ਮੇਰੇ ਮਿੱਤਰ ਤੂੰ ਇਸ ਦੀ ਫ਼ਿਕਰ ਨਾ ਕਰ, ਮੈਂ ਇੱਕ ਬਹੁਤ ਵੱਡਾ ਘਰ ਬਣਾ ਲਵਾਂਗਾ।'' ਪਾਣੀ ਨੇ ਜਵਾਬ ਦਿੱਤਾ,''ਐਨਾ ਕਸ਼ਟ ਕਰਨ ਦੀ ਕੀ ਲੋੜ ਹੈ? ਤੁਸੀਂ ਮੇਰੇ ਘਰ ਆਓ ਜਾਂ ਅਸੀਂ ਤੁਹਾਡੇ ਘਰ ਆਈਏ?''
ਸੂਰਜ ਬੋਲਿਆ, ''ਮੈਂ ਬਹੁਤ ਦਿਨਾਂ ਤੋਂ ਆਪਣਾ ਨਵਾਂ ਘਰ ਬਣਾਉਣ ਦੀ ਸੋਚ ਰਿਹਾ ਹਾਂ ਪਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਇਹ ਕੰਮ ਹੁਣ ਤਕ ਟਲਦਾ ਜਾ ਰਿਹਾ ਹੈ। ਹੁਣ ਮੈਂ ਜਲਦੀ ਹੀ ਨਵਾਂ ਘਰ ਬਣਾਉਣਾ ਸ਼ੁਰੂ ਕਰਾਂਗਾ।''
ਪਾਣੀ ਨੇ ਕਿਹਾ, ''ਮੇਰੇ ਦੋਸਤ, ਇੱਕ ਸੁਝਾਓ ਹੈ ਕਿ ਹੁਣ ਜਦੋਂ ਤੁਸੀਂ ਆਪਣਾ ਘਰ ਬਣਾਉਣਾ ਸ਼ੁਰੂ ਕਰੋਗੇ ਤਾਂ ਉਸ ਦਾ ਵਿਹੜਾ ਖੁੱਲ੍ਹਾ ਰੱਖਣਾ।''
ਸੂਰਜ ਬੋਲਿਆ, ''ਚਿੰਤਾ ਨਾ ਕਰੋ, ਹੁਣ ਜਦੋਂ ਤੁਸੀਂ ਆਓਗੇ ਤਾਂ ਦੇਖਣਾ ਤੁਹਾਡੀ ਤਬੀਅਤ ਖ਼ੁਸ਼ ਹੋ ਜਾਵੇਗੀ।''
ਸੂਰਜ ਇੱਕ ਦਿਨ ਆਪਣੀ ਪਤਨੀ ਚੰਦਾ ਨੂੰ ਬੋਲਿਆ, ''ਅੱਜ, ਮੈਂ ਤੈਨੂੰ ਇੱਕ ਖ਼ੁਸ਼ਖ਼ਬਰੀ ਦੇਣੀ ਚਾਹੁੰਦਾ ਹਾਂ।''
ਚੰਦਾ ਖ਼ੁਸ਼ੀ ਨਾਲ ਬੋਲੀ, ''ਹਾਂ-ਹਾਂ ਜ਼ਰੂਰ, ਕਿਹੜੀ ਖ਼ੁਸ਼ਖਬਰੀ ਹੈ, ਜਲਦੀ ਦੱਸੋ?
ਸੂਰਜ ਨੇ ਕਿਹਾ ''ਕੱਲ੍ਹ ਤੋਂ ਅਸੀਂ ਆਪਣਾ ਨਵਾਂ ਘਰ ਬਣਾਉਣਾ ਸ਼ੁਰੂ ਕਰਾਂਗੇ।''
ਚੰਦਾ, ''ਆਪਣਾ ਘਰ ਬਣਾਉਣਾ ਤਾਂ ਬਹੁਤ ਵਧੀਆ ਗੱਲ ਹੈ ਪਰ ਤੁਹਾਡੇ ਦਿਮਾਗ਼ ਵਿੱਚ ਇਹ ਵਿਚਾਰ ਕਿਵੇਂ ਆਇਆ?''
ਸੂਰਜ ਨੇ ਸਾਰੀ ਕਹਾਣੀ ਚੰਦਾ ਨੂੰ ਦੱਸ ਦਿੱਤੀ ਅਤੇ ਨਵਾਂ ਘਰ ਬਣਾਉਣ ਵਿੱਚ ਰੁੱਝ ਗਏ। ਉਸ ਨੇ ਬਹੁਤ ਹੀ ਖ਼ੂਬਸੂਰਤ ਘਰ ਬਣਵਾਇਆ। ਫਿਰ ਇੱਕ ਦਿਨ ਉਸ ਨੇ ਪਾਣੀ ਨੂੰ ਆਪਣੇ ਘਰ ਆਉਣ ਲਈ ਸੁਨੇਹਾ ਭੇਜਿਆ। ਪਾਣੀ ਚਾਹੁੰਦੇ ਹੋਏ ਵੀ ਮਨ੍ਹਾਂ ਨਹੀਂ ਕਰ ਸਕਿਆ।
ਅਗਲੇ ਦਿਨ ਪਾਣੀ ਆਪਣਾ ਪੂਰਾ ਪਰਿਵਾਰ ਲੈ ਕੇ ਸੂਰਜ ਦੇ ਘਰ ਪਹੁੰਚ ਗਿਆ। ਸੂਰਜ ਨੂੰ ਆਵਾਜ਼ ਦਿੱਤੀ ਤੇ ਕਿਹਾ, ''ਮੈਂ ਆਪਣੇ ਪਰਿਵਾਰ ਸਮੇਤ ਆਇਆ ਹਾਂ। ਜੇ ਅਸੀਂ ਸਾਰੇ ਮੈਂਬਰ ਅੰਦਰ ਆ ਜਾਈਏ ਤਾਂ ਕੋਈ ਪ੍ਰੇਸ਼ਾਨੀ ਤਾਂ ਨਹੀਂ ਹੋਵੇਗੀ?''
ਸੂਰਜ ਨੇ ਜਵਾਬ ਦਿੱਤਾ, ''ਪ੍ਰੇਸ਼ਾਨੀ ਕਿਉਂ? ਮੇਰਾ ਨਵਾਂ ਘਰ ਹੈ। ਪਰਿਵਾਰ ਸਮੇਤ ਅੰਦਰ ਆ ਜਾਓ।''
ਪਾਣੀ, ਸੂਰਜ ਦੇ ਘਰ ਅੰਦਰ ਗਿਆ ਤਾਂ ਪਤਾ ਨਹੀਂ ਕਿੰਨੇ ਕੁ ਝੀਂਗੇ, ਮਛਲੀਆਂ ਪਤਾ ਨਹੀਂ ਕਿਹੜੇ ਕਿਹੜੇ ਜੀਵ ਜੰਤੂ ਪਾਣੀ ਦੇ ਨਾਲ ਆ ਗਏ। ਅਜੇ ਪੂਰਾ ਪਰਿਵਾਰ ਸੂਰਜ ਦੇ ਘਰ ਵੜਿਆ ਵੀ ਨਹੀਂ ਸੀ ਕਿ ਸੂਰਜ ਦਾ ਘਰ ਭਰ ਗਿਆ। ਪਾਣੀ ਨੇ ਫਿਰ ਕਿਹਾ, ''ਸੂਰਜ, ਦੇਖ ਲਵੋ ਸਾਰਿਆਂ ਦਾ ਅੰਦਰ ਆਉਣਾ ਠੀਕ ਵੀ ਹੈ ਜਾਂ ਨਹੀਂ?''
ਸੂਰਜ ਨੇ ਆਵਾਜ਼ ਲਗਾਈ, ''ਕਿਸੇ ਵੀ ਤਰ੍ਹਾਂ ਦੀ ਸੋਚ ਵਿਚਾਰ ਨਾ ਕਰੋ, ਸਿੱਧੇ ਅੰਦਰ ਆ ਜਾਓ।''
ਪਾਣੀ ਦਾ ਸਾਰਾ ਪਰਿਵਾਰ ਅੰਦਰ ਵੜਦਾ ਗਿਆ। ਸੂਰਜ ਦੇ ਅੰਦਰ ਸਿਰ ਤਕ ਜਗ੍ਹਾ ਭਰ ਗਈ ਸੀ, ਫਿਰ ਵੀ ਅੱਧਾ ਪਰਿਵਾਰ ਅਜੇ ਬਾਹਰ ਸੀ।
ਪਾਣੀ ਨੇ ਫਿਰ ਪੁੱਛਿਆ, ''ਮੈਂ ਆਪਣਾ ਸਾਰਾ ਪਰਿਵਾਰ ਲੈ ਕੇ ਅੰਦਰ ਆ ਜਾਵਾਂ?''
ਇਸ ਵਾਰ ਤਾਂ ਦੋਵਾਂ ਨੇ (ਸੂਰਜ ਤੇ ਚੰਦਾ) ਇੱਕਠਿਆਂ ਹੀ ਕਹਿ ਦਿੱਤਾ ਕਿ ਸਾਰੇ ਜਣੇ ਅੰਦਰ ਆ ਜਾਓ।
ਇਹ ਸੁਣ ਕੇ ਪਾਣੀ ਦਾ ਸਾਰਾ ਪਰਿਵਾਰ ਜੋ ਬਾਹਰ ਖੜ੍ਹਾ ਸੀ ਸੂਰਜ ਦੇ ਘਰ ਵੜਦਾ ਗਿਆ। ਸੂਰਜ ਤੇ ਚੰਦਾ ਨੂੰ ਛੱਤ 'ਤੇ ਜਾਣਾ ਪਿਆ। ਪਾਣੀ ਨੇ ਫਿਰ ਤੋਂ ਆਪਣਾ ਪ੍ਰਸ਼ਨ ਦੁਹਰਾਇਆ। ਸੂਰਜ ਵੱਲੋਂ ਵੀ ਪਹਿਲਾਂ ਦੀ ਤਰ੍ਹਾਂ ਹੀ ਓਹੀ ਜਵਾਬ ਆਇਆ। ਪਾਣੀ ਦਾ ਪਰਿਵਾਰ ਕੁਝ ਹੋਰ ਅੰਦਰ ਵੱਲ ਨੂੰ ਹੋਇਆ ਤਾਂ ਸੂਰਜ ਤੇ ਚੰਦਾ ਨੂੰ ਛੱਤ ਵੀ ਖਾਲੀ ਕਰਨੀ ਪਈ। ਉਹ ਦੋਵੇਂ ਆਕਾਸ਼ 'ਤੇ ਚਲੇ ਗਏ। ਕਹਿੰਦੇ ਹਨ ਕਿ ਸੂਰਜ ਤੇ ਚੰਦਾ ਉਦੋਂ ਤੋਂ ਹੀ ਆਕਾਸ਼ 'ਚ ਰਹਿੰਦੇ ਹਨ।
(ਅਮਰਜੀਤ ਚੰਦਰ)