Sassi-Punnu : Folklore
ਸੱਸੀ-ਪੁੰਨੂੰ : ਲੋਕ ਕਹਾਣੀ
ਮੈਂ ਦੇਖਾਂ ਪੁੰਨੂੰ ਦਾ ਰਾਹ : ਪ੍ਰੀਤ ਗਾਥਾ
ਸੱਸੀ-ਪੁੰਨੂੰ ਸਿੰਧ ਦੇ ਇਲਾਕੇ ਦੀ ਪ੍ਰੀਤ
ਗਾਥਾ ਹੈ। ਕਹਿੰਦੇ ਹਨ, ਕੋਈ ਸੱਤ ਕੁ ਸੌ ਵਰ੍ਹੇ
ਪਹਿਲਾਂ ਭੰਬੋਰ ਸ਼ਹਿਰ ਉਤੇ ਰਾਜਾ ਆਦਿਮ ਖਾਨ
ਰਾਜ ਕਰਦਾ ਸੀ। ਬੰਦਾ ਬੜਾ ਨੇਕ ਬਖਤ ਸੀ ਪਰ
ਉਸ ਦੇ ਘਰ ਔਲਾਦ ਕੋਈ ਨਾ ਸੀ। ਕਈ ਮੰਨਤਾਂ
ਮੰਨ ਕੇ ਆਖਿਰ ਧੀ ਨੇ ਉਸ ਦੇ ਘਰ ਜਨਮ
ਲਿਆ। ਧੀ ਦਾ ਨਾਂ ਉਨ੍ਹਾਂ ਨੇ ਸੱਸੀ ਰੱਖਿਆ। ਉਸ
ਸਮੇਂ ਦੇ ਰਿਵਾਜ ਅਨੁਸਾਰ ਰਾਜੇ ਨੇ ਨਜੂਮੀਆਂ
ਪਾਸੋਂ ਸੱਸੀ ਦੇ ਭਵਿਖ ਬਾਰੇ ਪੁੱਛਿਆ। ਉਨ੍ਹਾਂ ਵਹਿਮ
ਪਾ ਦਿੱਤਾ ਕਿ ਸੱਸੀ ਆਪਣੀ ਜਵਾਨੀ ਦੇ ਦਿਨਾਂ
ਵਿਚ ਇੱਕ ਮਨਚਲੇ ਨੌਜਵਾਨ ਪਿੱਛੇ ਥਲਾਂ ਵਿਚ
ਮਰ ਜਾਵੇਗੀ। ਰਾਜੇ ਨੇ ਆਪਣੀ ਬਦਨਾਮੀ ਤੋਂ
ਡਰਦਿਆਂ ਪਹਿਲਾਂ ਸੱਸੀ ਨੂੰ ਜ਼ਹਿਰ ਦੇਣਾ
ਚਾਹਿਆ ਪਰ ਮਗਰੋਂ ਉਹਨੂੰ ਇੱਕ ਸੰਦੂਕ ਵਿਚ
ਬੰਦ ਕਰਕੇ ਦਰਿਆ ਸਿੰਧ ਵਿਚ ਰੋੜ੍ਹ ਦਿੱਤਾ।
ਭੰਬੋਰ ਸ਼ਹਿਰ ਤੋਂ ਬਾਹਰ ਅੱਤਾ ਨਾਮੀ ਧੋਬੀ
ਕੱਪੜੇ ਧੋ ਰਿਹਾ ਸੀ। ਰੁੜ੍ਹਦਾ ਜਾਂਦਾ ਸੰਦੂਕ ਉਹਦੀ
ਨਿਗਾਹ ਪਿਆ ਤਾਂ ਉਹਨੇ ਫੜ੍ਹ ਲਿਆ। ਇੱਕ
ਪਿਆਰਾ ਬੱਚਾ ਵਿਚ ਪਿਆ ਅੰਗੂਠਾ ਚੁੰਘ ਰਿਹਾ
ਸੀ। ਧੋਬੀ ਦੇ ਘਰ ਕੋਈ ਔਲਾਦ ਨਹੀਂ ਸੀ। ਬੱਚਾ
ਪ੍ਰਾਪਤ ਕਰਕੇ ਧੋਬੀ ਤੇ ਧੋਬਣ ਨੇ ਰੱਬ ਦਾ ਲੱਖ-ਲੱਖ
ਸ਼ੁਕਰ ਕੀਤਾ ਤੇ ਇਸ ਨੂੰ ਰੱਬੀ ਦਾਤ ਸਮਝ
ਕੇ ਉਸ ਨੂੰ ਪਾਲਣ ਲੱਗੇ। ਉਹ ਇਹ ਨਹੀਂ ਸਨ
ਜਾਣਦੇ ਕਿ ਉਹ ਭੰਬੋਰ ਦੇ ਹਾਕਮ ਦੀ ਬੇਟੀ ਹੈ।
ਸੱਸੀ ਧੋਬੀਆਂ ਦੇ ਘਰ ਜਵਾਨ ਹੋ ਗਈ।
ਉਹਦੇ ਹੁਸਨ ਦੀ ਚਰਚਾ ਘਰ-ਘਰ ਹੋਣ ਲੱਗੀ।
ਰਾਜੇ ਦੇ ਕੰਨੀਂ ਵੀ ਇਸ ਦੀ ਭਿਣਕ ਪੈ ਗਈ।
ਉਹਨੂੰ ਮਹਿਲੀਂ ਸੱਦਿਆ ਗਿਆ ਪਰੰਤੂ ਸੱਸੀ ਨੇ
ਆਪ ਜਾਣ ਦੀ ਥਾਂ ਆਪਣੇ ਗਲ ਦਾ ਤਵੀਤ ਘੱਲ
ਦਿੱਤਾ। ਰਾਜੇ ਨੇ ਤਵੀਤ ਪਛਾਣ ਲਿਆ। ਆਦਿਮ
ਖਾਨ ਆਪ ਚੱਲ ਕੇ ਧੋਬੀਆਂ ਦੇ ਘਰ ਆਇਆ
ਪਰ ਸੱਸੀ ਮਹਿਲੀਂ ਜਾਣ ਲਈ ਤਿਆਰ ਨਾ ਹੋਈ।
ਭੰਬੋਰ ਸ਼ਹਿਰ ਵਿਚ ਇੱਕ ਰਸੀਏ ਸੌਦਾਗਰ
ਦਾ ਬੜਾ ਸ਼ਾਨਦਾਰ ਮਹਿਲ ਸੀ। ਉਸ ਮਹਿਲ ਦੇ
ਇੱਕ ਕਮਰੇ ਵਿਚ ਸਾਰੇ ਦੇਸਾਂ ਦੇ ਸਾਹਿਬਜ਼ਾਦਿਆਂ
ਦੀਆਂ ਤਸਵੀਰਾਂ ਰੱਖੀਆਂ ਹੋਈਆਂ ਸਨ। ਸਾਰਾ
ਸ਼ਹਿਰ ਉਨ੍ਹਾਂ ਨੂੰ ਦੇਖ ਰਿਹਾ ਸੀ। ਸੱਸੀ ਵੀ
ਆਪਣੀਆਂ ਸਹੇਲੀਆਂ ਸਮੇਤ ਉਥੇ ਪੁੱਜੀ, ਪਰ
ਉਹ ਇੱਕ ਪਿਆਰਾ ਮੁਖੜਾ ਵੇਖ ਆਪਣਾ ਦਿਲ
ਦੇ ਬੈਠੀ। ਇਹ ਤਸਵੀਰ ਬਲੋਚਿਸਤਾਨ ਦੇ ਇਲਾਕੇ
ਮਿਕਰਾਨ ਦੇ ਸ਼ਹਿਜ਼ਾਦੇ ਪੁੰਨੂੰ ਦੀ ਸੀ।
ਮਿਕਰਾਨ ਦੇ ਸੌਦਾਗਰ ਭੰਬੋਰ ਵਪਾਰ ਲਈ
ਆਮ ਆਇਆ ਕਰਦੇ ਸਨ। ਉਹ ਪੁੰਨੂੰ ਪਾਸ
ਸੱਸੀ ਦੇ ਹੁਸਨ ਦੀਆਂ ਬਾਂਤਾ ਪਾਉਂਦੇ। ਪੁੰਨੂੰ ਸੱਸੀ
ਨੂੰ ਬਿਨਾ ਵੇਖੇ ਉਸ 'ਤੇ ਮੋਹਿਤ ਹੋ ਗਿਆ। ਇੱਕ
ਦਿਨ ਕਾਫਲੇ ਨਾਲ ਆਪਣੇ ਮਾਪਿਆਂ ਤੋਂ ਚੋਰੀ
ਭੰਬੋਰ ਆਣ ਪੁੱਜਾ ਤੇ ਸੱਸੀ ਦੇ ਬਾਪ ਕੋਲ ਆ
ਨੌਕਰ ਹੋਇਆ। ਸੱਸੀ ਪੁੰਨੂੰ ਪਿਆਰ ਮਿਲਣੀਆਂ
ਮਾਣਦੇ ਰਹੇ ਅਤੇ ਭੰਬੋਰ ਸ਼ਹਿਰ ਵਿਚ ਉਨ੍ਹਾਂ ਦਾ
ਪਿਆਰ ਮਹਿਕਾਂ ਵੰਡਦਾ ਰਿਹਾ।
ਪੁੰਨੂੰ ਦੇ ਭਰਾ ਉਸ ਨੂੰ ਲੱਭਦੇ ਭੰਬੋਰ ਆ
ਪੁੱਜੇ। ਉਹ ਰਾਤ ਸੱਸੀ ਦੇ ਘਰ ਠਹਿਰੇ। ਰਾਤੀਂ
ਉਨ੍ਹਾਂ ਨੇ ਪੁੰਨੂੰ ਨੂੰ ਬੇਹੋਸ਼ ਕਰਕੇ ਡਾਚੀ 'ਤੇ ਲੱਦ
ਲਿਆ ਤੇ ਆਪਣੇ ਸ਼ਹਿਰ ਨੂੰ ਚਾਲੇ ਪਾ ਦਿੱਤੇ।
ਸੱਸੀ ਦੀ ਸਵੇਰੇ ਜਾਗ ਖੁੱਲ੍ਹੀ। ਵੇਖਿਆ
ਉਹਦਾ ਪੁੰਨੂੰ ਉਥੇ ਹੈ ਨਹੀਂ ਸੀ, ਉਹ ਮਗਰੇ
ਡਾਚੀ ਦਾ ਖੁਰਾ ਫੜ੍ਹਦੀ ਨੱਸ ਟੁਰੀ ਤੇ ਸਹਿਰਾ ਦੇ
ਤਪਦੇ ਰੇਤ ਵਿਚ ਪੁੰਨੂੰ-ਪੁੰਨੂੰ ਕੂਕਦੀ ਮਰ ਗਈ।
ਦੂਜੇ ਬੰਨੇ ਸਵੇਰੇ ਸਾਰ ਪੁੰਨੂੰ ਨੂੰ ਹੋਸ਼
ਪਰਤੀ। ਉਹਨੇ ਡਾਚੀ ਉਪਰੋਂ ਛਾਲ ਮਾਰ ਦਿੱਤੀ
ਤੇ ਉਸੇ ਪੈਰੀਂ ਵਾਪਸ ਮੁੜ ਪਿਆ। ਅੱਗ ਵਰ੍ਹਾਉਂਦੇ
ਮਾਰੂਥਲ ਵਿਚ ਉਹ ਤੜਪਦੀ ਸੱਸੀ ਪਾਸ ਪੁੱਜਾ
ਤੇ ਉਸ ਦੇ ਨਾਲ ਹੀ ਪ੍ਰਾਣ ਤਿਆਗ ਦਿੱਤੇ।
ਪੰਜਾਬ ਦੀ ਗੋਰੀ ਦੇ ਮਨ ਉਤੇ ਇਸ ਦਰਦਾਂ
ਭਰੀ ਕਹਾਣੀ ਦਾ ਅਮਿਟ ਪ੍ਰਭਾਵ ਪਿਆ ਹੈ। ਉਸ
ਨੇ ਪੁੰਨੂੰ ਨੂੰ ਬੇਹੋਸ਼ ਕਰਕੇ ਸੱਸੀ ਪਾਸੋਂ ਚੋਰੀ
ਜ਼ਬਰਦਸਤੀ ਲਿਜਾਏ ਜਾਣ ਦੇ ਵਿਰਤਾਂਤ ਨੂੰ ਬੜੇ
ਦਿਲ ਵਿੰਨ੍ਹਵੇਂ ਸ਼ਬਦਾਂ ਵਿਚ ਉਲੀਕਿਆ ਹੈ।
ਚਰਖਾ ਕਤੇਂਦੀ ਗੋਰੀ ਨੂੰ ਆਪਣੇ ਪੁੰਨੂੰ ਦੀ
ਯਾਦ ਆ ਜਾਂਦੀ ਹੈ:
ਲਠ ਚਰਖੇ ਦੀ ਹਿਲਦੀ ਜੁਲਦੀ
ਮਾਲ੍ਹਾਂ ਬਾਹਵਾਲੀਆਂ ਖਾਵੇ।
ਸਭਨਾਂ ਸਈਆਂ ਨੇ ਭਰ ਲਏ ਛਿੱਕੂ
ਮੈਥੋਂ ਕੱਤਿਆ ਮੂਲ ਨਾ ਜਾਵੇ।
ਚਰਖਾ ਕਿਵੇਂ ਕੱਤਾਂ
ਮੇਰਾ ਮਨ ਪੁੰਨੂੰ ਵਲ ਧਾਵੇ।
ਤ੍ਰਿੰਜਣ ਕੱਤਦੀਆਂ 'ਚੋਂ ਕੋਈ ਜਣੀ ਸੱਸੀ-ਪੁੰਨੂੰ
ਦਾ ਗੀਤ ਛੋਹ ਬਹਿੰਦੀ ਹੈ:
ਉਚੀਆਂ ਲੰਬੀਆਂ ਟਾਹਲੀਆਂ
ਵਿਚ ਗੁਜਰੀ ਦੀ ਪੀਂਘ ਵੇ ਮਾਹੀਆ।
ਪੀਂਘ ਝੂਟੇਂਦੇ ਦੋ ਜਣੇ
ਆਸ਼ਕ ਤੇ ਮਾਸ਼ੂਕ ਵੇ ਮਾਹੀਆ।
ਪੀਂਘ ਝੂਟੇਂਦੇ ਢਹਿ ਪਏ
ਹੋ ਗਏ ਚਕਨਾ ਚੂਰ ਵੇ ਮਾਹੀਆ।
ਸੱਸੀ ਤੇ ਪੁੰਨੂੰ ਰਲ ਸੁੱਤੇ
ਮੁੱਖ 'ਤੇ ਪਾ ਕੇ ਰੁਮਾਲ ਵੇ ਮਾਹੀਆ।
ਸੱਸੀ ਜਾਂ ਪਾਸਾ ਮੋੜਿਆ
ਪੁੰਨੂੰ ਤਾਂ ਹੈ ਨੀ ਨਾਲ ਵੇ ਮਾਹੀਆ।
ਜੇ ਮੈਂ ਹੁੰਦੀ ਜਾਗਦੀ
ਜਾਂਦੇ ਨੂੰ ਲੈਂਦੀ ਮੋੜ ਵੇ ਮਾਹੀਆ।
ਮਗਰੇ ਸੱਸੀ ਤੁਰ ਪਈ
ਮੈਂ ਵੀ ਚਲਸਾਂ ਤੋੜ ਵੇ ਮਾਹੀਆ।
ਗੀਤ ਸੁਣ ਕੇ ਕਿ ਜੇ ਨਾਜੋ ਨੂੰ ਆਪਣੇ
ਪੁੰਨੂੰ ਦਾ ਖਿਆਲ ਆ ਜਾਂਦਾ ਹੈ, ਮਤੇ ਉਹ ਵੀ
ਉਸ ਨੂੰ ਛੱਡ ਕੇ ਕਿੱਧਰੇ ਤੁਰ ਜਾਵੇ, ਉਹ ਆਪਣੇ
ਦਿਲ ਦੇ ਮਹਿਰਮ ਅੱਗੇ ਅਰਜੋਈ ਕਰਦੀ ਹੈ:
ਆਪਣੇ ਕੋਠੇ ਮੈਂ ਖੜ੍ਹੀ
ਪੁੰਨੂੰ ਖੜ੍ਹਾ ਮਸੀਤ ਵੇ।
ਭਰ ਭਰ ਅੱਖੀਆਂ ਡੋਲ੍ਹਦੀ
ਨੈਣੀਂ ਲੱਗੀ ਪ੍ਰੀਤ ਵੇ।
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾ
ਸੁੱਤੀ ਨੂੰ ਛੱਡ ਕੇ ਨਾ ਜਾਈਂ ਵੇ।
ਉਠ ਨੀ ਮਾਏ ਸੁੱਤੀਏ
ਚੁੱਲ੍ਹੇ ਅੱਗ ਨੀ ਪਾ
ਜਾਂਦੇ ਪੁੰਨੂੰ ਨੂੰ ਘੇਰ ਕੇ
ਕੋਈ ਭੋਜਨ ਦਈਂ ਛਕਾ
ਹਾਏ ਵੇ ਪੁੰਨੂੰ ਜਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾ
ਸੁੱਤੀ ਨੂੰ ਛੱਡ ਕੇ ਨਾ ਜਾਈਂ ਵੇ।
ਉਠ ਵੇ ਵੀਰਾ ਸੁੱਤਿਆ
ਕੋਈ ਪੱਕਾ ਮਹਿਲ ਬਣਾ
ਵਿਚ ਵਿਚ ਰੱਖ ਦੇ ਮੋਰੀਆਂ
ਦੇਖਾਂ ਪੁੰਨੂੰ ਦਾ ਰਾਹ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾ
ਸੁੱਤੀ ਨੂੰ ਛੱਡ ਕੇ ਨਾ ਜਾਈਂ ਵੇ।
ਪਰ ਪਰਦੇਸੀ ਪੁੰਨੂੰ ਨੂੰ ਲੱਦ ਕੇ ਲੈ ਜਾਂਦੇ
ਹਨ। ਗੋਰੀ ਨੂੰ ਉਸ ਦੀ ਮਾਂ ਪੁੰਨੂੰ ਦਾ ਪਿੱਛਾ ਕਰਨ
'ਤੇ ਹੋੜਦੀ ਹੈ:
ਲਾਦੀ ਲਦ ਗਏ
ਕੀਲੇ ਪਟ ਗਏ
ਭਾਵੇਂ ਮਾਏਂ ਸੁਣੇ
ਭਾਵੇਂ ਪਿਓ ਸੁਣੇ
ਮੈਂ ਤਾਂ ਉਠ ਜਾਣੈ
ਨਾਲ ਲਾਦੀਆਂ ਦੇ
ਅੰਦਰ ਵੜ ਜਾ ਧੀਏ
ਗੱਲਾਂ ਕਰ ਲੈ ਧੀਏ
ਅਸੀਂ ਪੱਟ ਦਿੱਤੇ
ਇਨ੍ਹਾਂ ਲਾਦੀਆਂ ਨੇ।
ਬੇਲਾ ਢੂੰਡ ਫਿਰੀ
ਅੱਖਾਂ ਲਾਲ ਹੋਈਆਂ
ਪੰਘੂੜਾ ਭੰਨ ਸੁੱਟਿਆ
ਲਾਲ ਬਾਰੀਆਂ ਦਾ।
ਗੋਰੀ ਕਲਾਲਾਂ ਨੂੰ ਦੁਰਅਸੀਸਾਂ ਦਿੰਦੀ ਹੈ,
ਜਿਨ੍ਹਾਂ ਨੇ ਉਸ ਦੇ ਪੁੰਨੂੰ ਨੂੰ ਸ਼ਰਾਬੀ ਕਰਕੇ ਉਸ
ਨਾਲੋਂ ਵਿਛੋੜ ਲਿਆ:
ਮਰਨ ਕਲਾਲ ਜਗ ਹੋਵਣ ਥੋੜ੍ਹੇ
ਮੇਰਾ ਪੁੰਨੂੰ ਸ਼ਰਾਬੀ ਕੀਤਾ
ਸ਼ਹਿਰ ਭੰਬੋਰ ਦੀਆਂ ਭੀੜੀਆਂ ਗਲੀਆਂ
ਪੁੰਨੂੰ ਲੰਘ ਗਿਆ ਚੁੱਪ ਕੀਤਾ
ਇੱਕ ਅਫਸੋਸ ਰਹਿ ਗਿਆ ਦਿਲ ਮੇਰੇ
ਹੱਥੀਂ ਯਾਰ ਵਿਦਾ ਨਾ ਕੀਤਾ।
ਰਾਤ ਸਮੇਂ ਸ਼ਰਾਬ ਦੇ ਨਸ਼ੇ ਵਿਚ ਬੇਹੋਸ਼
ਕਰਕੇ ਜਦੋਂ ਪੁੰਨੂੰ ਦੇ ਭਰਾ ਪੁੰਨੂੰ ਨੂੰ ਡਾਚੀ ਉਤੇ
ਲੱਦ ਕੇ ਆਪਣੇ ਦੇਸ਼ ਨੂੰ ਲੈ ਤੁਰਦੇ ਹਨ, ਤਦ
ਸਵੇਰੇ ਸੱਸੀ ਨੂੰ ਇਸ ਸਾਜ਼ਿਸ਼ ਦਾ ਪਤਾ ਲੱਗਦਾ
ਹੈ। ਉਹ ਪੁੰਨੂੰ-ਪੁੰਨੂੰ ਕੂਕਦੀ ਡਾਚੀ ਦਾ ਖੁਰਾ
ਫੜ੍ਹ ਕੇ ਮਗਰੇ ਨੱਸ ਟੁਰਦੀ ਹੈ। ਸੱਸੀ ਦੀ ਠਹੁ
ਬਿਰਹਾ ਦਸ਼ਾ ਨੂੰ ਪੰਜਾਬ ਦੀ ਗੋਰੀ ਇਸ ਤਰ੍ਹਾਂ
ਬਿਆਨ ਕਰਦੀ ਹੈ:
ਸੱਸੀ ਤੇਰੇ ਬਾਗ ਵਿਚ ਉਤਰੇ ਲੁਟੇਰੇ
ਬਲੋਚਾ ਜ਼ਾਲਮਾ ਸੁਣ ਵੈਣ ਮੇਰੇ।
ਤੱਤੀ ਸੀ ਰੇਤ ਸੜ੍ਹ ਗਏ ਪੈਰ ਮੇਰੇ
ਕਿੱਧਰ ਗਏ ਕੌਲ ਇਕਰਾਰ ਤੇਰੇ।
ਬਲੋਚਾ ਜ਼ਾਲਮਾਂ ਸੁਣ ਵੈਣ ਮੇਰੇ।
ਪੁੰਨੂੰ ਦੇ ਤੁਰ ਜਾਣ 'ਤੇ ਸੱਸੀ ਦੀ ਮਾਂ ਸੱਸੀ
ਨੂੰ ਦਿਲਾਸਾ ਦਿੰਦੀ ਸਮਝਾਉਂਦੀ ਹੈ ਕਿ ਚੰਗਾ
ਹੋਇਆ ਕੌਲੇ ਦੀ ਬਲਾ ਟਲ ਗਈ। ਗੀਤ ਦੇ ਬੋਲ
ਹਨ:
ਮੈਂ ਵੱਟ ਲਿਆਵਾਂ ਪੂਣੀਆਂ
ਧੀਏ ਚਰਖੇ ਨੂੰ ਚਿੱਤ ਲਾ।
ਜਾਂਦੇ ਪੁੰਨੂੰ ਨੂੰ ਜਾਣ ਦੇ
ਧੀਏ ਕੌਲੇ ਦੀ ਗਈ ਨੀ ਬਲਾ।
ਅੱਗ ਲਾਵਾਂ ਤੇਰੀਆਂ ਪੂਣੀਆਂ
ਚਰਖੇ ਨੂੰ ਨਦੀ ਨੀ ਹੜ੍ਹਾ।
ਜਾਨ ਤਾਂ ਮੇਰੀ ਲੈ ਗਿਆ
ਨੀ ਚੀਰੇ ਦੇ ਲੜ ਲਾ।
ਜਾਂਦੇ ਪੁੰਨੂੰ ਨੂੰ ਮੋੜ ਲੈ
ਸੂਟ ਸਮਾਵਾਂ ਰੇਸ਼ਮੀ,
ਚੁੰਨੀਆਂ ਦੇਵਾਂ ਨੀ ਰੰਗਾ।
ਜਾਂਦੇ ਪੁੰਨੂੰ ਨੂੰ ਜਾਣ ਦੇ
ਧੀਏ ਕੌਲੇ ਦੀ ਗਈ ਨਾ ਬਲਾ।
ਅੱਗ ਲਾਵਾਂ ਤੇਰੇ ਸੂਟ ਨੂੰ
ਚੁੰਨੀਆਂ ਦੇਵਾਂ ਨਾ ਮਚਾ।
ਜਾਨ ਤਾਂ ਮੇਰੀ ਲੈ ਗਿਆ
ਚੀਰੇ ਦੇ ਲੜ ਲਾ
ਨੀ ਜਾਂਦੇ ਪੁੰਨੂੰ ਨੂੰ ਮੋੜ ਲੈ।
ਗੀਤ ਦੇ ਦਰਦ ਭਰੇ ਬੋਲ ਸੁਣ ਕੇ ਕਿਸੇ
ਬਿਰਹਾ ਕੁੱਠੀ ਦੇ ਨੈਣਾਂ ਵਿਚੋਂ ਹੰਝੂਆਂ ਦੇ ਮੋਤੀ
ਝਰ ਝਰ ਪੈਂਦੇ ਹਨ, ਕਿਧਰੇ ਹਉਕਾ ਉਭਰਦਾ
ਹੈ, ਕਿਧਰੇ ਇੱਕ ਚੀਸ ਪੈਦਾ ਹੁੰਦੀ ਹੈ, ਦਰਦੀਲੇ
ਬੋਲਾਂ ਦਾ ਮੁੜ ਜਨਮ ਹੁੰਦਾ ਹੈ:
ਥਲ ਵੀ ਤੱਤਾ ਮੈਂ ਵੀ ਤੱਤੀ
ਤੱਤੇ ਨੈਣਾਂ ਦੇ ਡੇਲੇ।
ਰੱਬਾ ਕੇਰਾਂ ਦਸ ਤਾਂ ਸਹੀ
ਕਦੋਂ ਹੋਣਗੇ ਪੁੰਨੂੰ ਨਾਲ ਮੇਲੇ।
ਮੈਂ ਪੁੰਨੂੰ ਦੀ, ਪੁੰਨੂੰ ਮੇਰਾ
ਸਾਡਾ ਪਿਆ ਵਿਛੋੜਾ ਭਾਰਾ।
ਦਸ ਵੇ ਰੱਬਾ ਕਿੱਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ।
ਇੰਜ ਪੰਜਾਬ ਦੀ ਗੋਰੀ ਦੇ ਹੋਠਾਂ 'ਤੇ ਸੱਸੀ-ਪੁੰਨੂੰ ਦੀ ਗਾਥਾ ਅਗਾਂਹ ਟੁਰਦੀ ਹੈ। ਪਤਾ ਨਹੀਂ
ਕਿੰਨਾ ਸਮਾਂ ਹੋਰ ਇਹ ਪੰਜਾਬ ਦੀ ਗੋਰੀ ਦਾ ਦਰਦ
ਬਿਆਨਦੀ ਰਹੇਗੀ।
(ਸੁਖਦੇਵ ਮਾਦਪੁਰੀ)