Punjabi Stories/Kahanian
ਮੈਕਸਿਮ ਗੋਰਕੀ
Maxim Gorky

Punjabi Kavita
  

Desh Dhrohi Di Maan Maxim Gorky

ਦੇਸ਼-ਧ੍ਰੋਹੀ ਦੀ ਮਾਂ ਮੈਕਸਿਮ ਗੋਰਕੀ

ਮਾਂਵਾਂ ਬਾਰੇ ਕਹਾਣੀਆਂ ਕਦੇ ਮੁੱਕਦੀਆਂ ਨਹੀਂ।
ਕਈ ਹਫ਼ਤਿਆਂ ਤੋਂ ਦੁਸ਼ਮਣ ਦੇ ਫੌਲਾਦੀ ਦਸਤਿਆਂ ਨੇ ਸ਼ਹਿਰ ਨੂੰ ਬੁਰੀ ਤਰ੍ਹਾਂ ਘੇਰਾ ਪਾਇਆ ਹੋਇਆ ਸੀ। ਰਾਤ ਵੇਲ਼ੇ ਅੱਗ ਬਾਲ਼ੀ ਜਾਂਦੀ ਸੀ ਤੇ ਉਸ ਦੀਆਂ ਲਾਟਾਂ ਸੰਘਣੇ ਹਨੇਰੇ ਨੂੰ ਚੀਰ ਕੇ ਸ਼ਹਿਰ ਦੀਆਂ ਕੰਧਾਂ ਵੱਲ ਹਜ਼ਾਰਾਂ ਖ਼ੂਨੀ ਅੱਖਾਂ ਵਾਂਗ ਝਾਕਦੀਆਂ ਸਨ। ਉਨ੍ਹਾਂ ਲਾਟਾਂ ਨੂੰ ਵੇਖ ਕੇ ਘਿਰਣਾ ਹੁੰਦੀ ਸੀ ਤੇ ਉਨ੍ਹਾਂ ਦੀ ਡਰਾਉਣੀ ਚਮਕ ਸਦਕਾ ਉਸ ਘਿਰੇ ਹੋਏ ਸ਼ਹਿਰ ਵਿੱਚ ਉਦਾਸੀ ਪਸਰੀ ਹੋਈ ਸੀ।
ਸ਼ਹਿਰੀਆਂ ਨੇ ਕੰਧਾਂ ਉੱਤੋਂ ਦੀ ਵੇਖਿਆ ਕਿ ਦੁਸ਼ਮਣਾਂ ਦੀ ਫ਼ੌਜ ਦਾ ਫੰਦਾ ਹੋਰ ਵਧੇਰੇ ਕਸਦਾ ਜਾ ਰਿਹਾ ਹੈ। ਚੁਫ਼ੇਰੇ ਚੱਕਰ ਲਾਉਣ ਵਾਲ਼ੇ ਅੱਗ ਦੇ ਗੂੜ੍ਹੇ ਪਰਛਾਵੇਂ ਵੀ ਉਨ੍ਹਾਂ ਨੇ ਤੱਕੇ। ਉਨ੍ਹਾਂ ਨੇ ਸੁਣਿਆ ਹੱਟੇ-ਕੱਟੇ ਘੋੜਿਆਂ ਦਾ ਹਿਣਹਿਣਾਉਣਾ, ਹਥਿਆਰਾਂ ਦਾ ਖਟਖਟਾਉਣਾ ਤੇ ਜਿੱਤ ਨੂੰ ਯਕੀਨੀ ਮੰਨਣ ਵਾਲ਼ੇ ਫ਼ੌਜੀਆਂ ਦਾ ਹੱਸਣਾ ਤੇ ਹਸਾਉਣਾ। ਦੁਸ਼ਮਣ ਦੇ ਗੀਤਾਂ ਅਤੇ ਹਾਸਿਆਂ ਨਾਲ਼ੋਂ ਹੋਰ ਕੰਨਖਾਵਾਂ ਕੀ ਹੋ ਸਕਦਾ ਹੈ?
ਦੁਸ਼ਮਣਾਂ ਨੇ ਸ਼ਹਿਰ ਨੂੰ ਪਾਣੀ ਦੇਣ ਵਾਲ਼ੇ ਸਾਰਿਆਂ ਝਰਨਿਆਂ ਅਤੇ ਸੋਮਿਆਂ ਵਿੱਚ ਲਾਸ਼ਾਂ ਸੁੱਟ ਦਿੱਤੀਆਂ ਸਨ, ਕੰਧਾਂ ਦੇ ਲਾਗਲੇ ਅੰਗੂਰ-ਬਾਗਾਂ ਨੂੰ ਫੂਕ ਸੁੱਟਿਆ ਸੀ, ਖੇਤਾਂ ਨੂੰ ਮਿੱਧ ਸੁੱਟਿਆ ਸੀ ਤੇ ਫਲ਼ਾਂ ਵਾਲ਼ੇ ਬਾਗ਼ਾਂ ਨੂੰ ਤਬਾਹ ਕਰ ਦਿੱਤਾ ਸੀ। ਸ਼ਹਿਰ ਹੁਣ ਚੁਫੇਰਿਓਂ ਖੁੱਲ੍ਹਾ ਪਿਆ ਸੀ ਤੇ ਲਗਭਗ ਰੋਜ਼ ਦੁਸ਼ਮਣਾਂ ਦੀ ਫ਼ੌਜ ਦੀਆਂ ਤੋਪਾਂ ਅਤੇ ਬੰਦੂਕਾਂ ਉਸ ਉੱਤੇ ਗੋਲ਼ੇ ਅਤੇ ਗੋਲ਼ੀਆਂ ਦੀ ਵਰਖਾ ਕਰ ਰਹੀਆਂ ਸਨ।
ਲੜਾਈ ਤੋਂ ਅੱਕੇ ਹੋਏ ਅਤੇ ਅੱਧ-ਭੁੱਖੇ ਫ਼ੌਜੀਆਂ ਦੀਆਂ ਨਾਰਾਜ਼ ਟੁਕੜੀਆਂ ਸ਼ਹਿਰ ਦੀਆਂ ਸੌੜੀਆਂ ਸੜਕਾਂ ‘ਤੇ ਕਦਮ ਵਧਾ ਰਹੀਆਂ ਸਨ। ਘਰਾਂ ਦੀਆਂ ਬਾਰੀਆਂ ਵਿੱਚੋਂ ਜ਼ਖ਼ਮੀਆਂ ਦੀਆਂ ਕਰਾਹਾਂ, ਬੇਹੋਸ਼ੀ ਦੀ ਹਾਲਤ ਵਿੱਚ ਚੀਕਾਂ, ਤੀਵੀਂਆਂ ਦੀਆਂ ਅਰਦਾਸਾਂ ਅਤੇ ਬੱਚਿਆਂ ਦੇ ਰੋਣ ਦੀਆਂ ਅਵਾਜ਼ਾਂ ਸੁਣਾਈ ਦੇ ਰਹੀਆਂ ਸਨ। ਲੋਕ ਇੱਕ-ਦੂਜੇ ਦੇ ਕੰਨਾਂ ਵਿੱਚ ਗੱਲਾਂ ਕਰਦੇ, ਬੋਲਦੇ-ਬੋਲਦੇ ਚਾਣਚੱਕ ਰੁਕ ਜਾਂਦੇ ਤੇ ਸਦਾ ਬੜੇ ਹੀ ਸੁਚੇਤ ਰਹਿੰਦੇ, ਕਿਉਂਕਿ ਦੁਸ਼ਮਣ ਦੀ ਫ਼ੌਜ ਹਮਲਾ ਕਰ ਰਹੀ ਸੀ।
ਸਭ ਤੋਂ ਭਿਆਨਕ ਸਨ ਰਾਤਾਂ। ਰਾਤ ਦੀ ਚੁੱਪ ਵਿੱਚ ਕਰਾਹਾਂ ਅਤੇ ਚੀਕਾਂ ਵਧੇਰੇ ਸਾਫ਼ ਸੁਣਾਈ ਦਿੰਦੀਆਂ। ਦੂਰ ਖੜੋਤੇ ਪਹਾੜਾਂ ਦੇ ਲਾਂਘਿਆਂ ਵਿੱਚੋਂ ਕਾਲ਼ੇ ਦੁਸ਼ਮਣਾਂ ਦੇ ਫ਼ੌਜੀ ਤੰਬੂਆਂ ਨੂੰ ਲੁਕਾਉਂਦੇ ਹੋਏ ਸ਼ਹਿਰ ਦੀਆਂ ਅਧਢੱਠੀਆਂ ਕੰਧਾਂ ਵੱਲ ਵਧਦੇ ਆ ਰਹੇ ਸਨ ਤੇ ਪਹਾੜਾਂ ਦੇ ਕਾਲ਼ੇ ਸਿਖ਼ਰਾਂ ਉੱਤੇ ਚੰਨ ਚੜ੍ਹ ਰਿਹਾ ਸੀ ਜੋ ਤਲਵਾਰ ਦੇ ਵਾਰਾਂ ਨਾਲ਼ ਫੱਟੜ ਹੋਈ ਢਾਲ਼ ਵਾਂਗ ਜਾਪ ਰਿਹਾ ਸੀ।
ਤੇ ਸ਼ਹਿਰ ਦੇ ਲੋਕ ਮਦਦ ਵੱਲੋਂ ਨਿਰਾਸ਼ ਹੋ ਗਏ ਸਨ, ਮਿਹਨਤ ਅਤੇ ਭੁੱਖ ਨਾਲ਼ ਨਿਢਾਲ਼ ਹੋ ਗਏ ਸਨ। ਦਿਨੋ-ਦਿਨ ਛੁਟਾਕਾਰੇ ਦੀ ਆਸ ਘਟਦੀ ਜਾ ਰਹੀ ਸੀ ਤੇ ਉਹ ਘਬਰਾਹਟ ਵਿੱਚ ਚੰਨ ਨੂੰ, ਤਿੱਖੇ ਦੰਦਾਂ ਵਰਗੇ ਪਹਾੜਾਂ ਦੇ ਸਿਖਰਾਂ ਨੂੰ, ਲਾਂਘਿਆ ਦੇ ਕਾਲ਼ੇ ਮੂੰਹਾਂ ਨੂੰ ਅਤੇ ਰੌਲ਼ੇ ਨਾਲ਼ ਭਰੇ ਦੁਸ਼ਮਣਾਂ ਦੇ ਤੰਬੂਆਂ ਨੂੰ ਵੇਖ ਰਹੇ ਸਨ। ਹਰ ਸ਼ੈ ਵਿੱਚੋਂ ਉਨ੍ਹਾਂ ਨੂੰ ਮੌਤ ਦੀ ਬਿੜਕ ਆ ਰਹੀ ਸੀ ਤੇ ਉਨ੍ਹਾਂ ਨੂੰ ਧਰਵਾਸ ਦੇਣ ਲਈ ਅਸਮਾਨ ਵਿੱਚ ਇੱਕ ਤਾਰਾ ਵੀ ਨਹੀਂ ਸੀ।
ਲੋਕ ਆਪਣੇ ਘਰਾਂ ਵਿੱਚ ਬੱਤੀਆਂ ਜਗਾਉਣੋਂ ਡਰਦੇ ਸਨ। ਸ਼ਹਿਰ ਦੀਆਂ ਸੜਕਾਂ ਨੂੰ ਸੰਘਣੇ ਹਨੇਰੇ ਨੇ ਢੱਕਿਆ ਹੋਇਆ ਸੀ ਤੇ ਨਦੀ ਦੀ ਡੂੰਘਾਣ ਵਿੱਚ ਏਧਰ-ਓਧਰ ਜਾਣ ਵਾਲ਼ੀ ਮੱਛੀ ਵਾਂਗ ਇੱਕ ਤੀਵੀਂ, ਜੋ ਸਿਰ ਤੋਂ ਪੈਰਾਂ ਤੀਕ ਕਾਲ਼ੇ ਲਿਬਾਸ ਵਿੱਚ ਢਕੀ ਹੋਈ ਸੀ, ਚੁੱਪ-ਚੁਪੀਤੀ ਤੁਰ ਰਹੀ ਸੀ।
ਜਦ ਲੋਕਾਂ ਨੇ ਉਸ ਨੂੰ ਵੇਖਿਆ ਤਾਂ ਆਪਸ ਵਿੱਚ ਮੱਧਮ ਅਵਾਜ਼ ਵਿੱਚ ਗੱਲਾਂ ਕਰਨ ਲਗੇ।
”ਕੀ ਇਹ ਓਹੀ ਏ?”
”ਹਾਂ, ਉਹੀ ਏ।”
ਏਨੀਂ ਗੱਲ ਪਿੱਛੋਂ ਕੁਝ ਲੋਕ ਫਾਟਕ ਦੇ ਆਲ਼ਿਆਂ ਵਿੱਚ ਲੁਕ ਗਏ ਤੇ ਕੁਝ ਲੋਕ ਚੁੱਪ-ਚੁਪੀਤੇ ਉਸ ਤੀਵੀਂ ਕੋਲ਼ ਦੀ ਲੰਘ ਗਏ। ਗਸ਼ਤੀ ਸਿਪਾਹੀਆਂ ਦੇ ਆਗੂਆਂ ਨੇ ਉਸ ਤੀਵੀਂ ਨੂੰ ਸਖ਼ਤੀ ਨਾਲ਼ ਡਾਂਟਿਆ:
”ਫੇਰ ਤੂੰ ਬਾਹਰ ਆਈ ਏਂ, ਮੋਨਾ ਮਰਿਆਨਾ? ਸੁਚੇਤ ਰਹੀਂ, ਕਿਤੇ ਕੋਈ ਤੈਨੂੰ ਮਾਰ ਨਾ ਸੁੱਟੇ। ਫੇਰ ਤੈਨੂੰ ਕਿਸੇ ਨੇ ਲੱਭਣ ਦੀ ਖੇਚਲ ਨਹੀਂ ਕਰਨੀ।”ਉਹ ਸੰਭਲ਼ ਕੇ ਖੜੋ ਗਈ, ਪਰ ਗਸ਼ਤੀ ਸਿਪਾਹੀ ਉੱਥੋਂ ਚਲੇ ਗਏ। ਉਨ੍ਹਾਂ ਵਿੱਚ ਉਸ ‘ਤੇ ਹੱਥ ਚੁੱਕਣ ਦੀ ਜਾਂ ਤਾਂ ਹਿੰਮਤ ਨਹੀਂ ਸੀ, ਜਾਂ ਫੇਰ ਉਹ ਉਸ ਨੂੰ ਏਨੀਂ ਘਿਰਣਾ ਕਰਦੇ ਸਨ ਕਿ ਉਸ ਵੱਲ ਵੇਖਣਾ ਨਹੀਂ ਸਨ ਚਾਹੁੰਦੇ। ਹਥਿਆਰਬੰਦ ਫ਼ੌਜੀਆਂ ਨੇ ਉਸ ਨੂੰ ਜਿਵੇਂ ਲਾਸ਼ ਸਮਝ ਕੇ ਉਸ ਵੱਲੋਂ ਮੂੰਹ ਮੋੜ ਲਏ ਤੇ ਉਹ ਓਥੇ ਹਨੇਰੇ ਵਿੱਚ ‘ਕੱਲੀ ਰਹਿ ਗਈ ਤੇ ਇੱਕ ਸੜਕ ਤੋਂ ਦੂਜੀ ਸੜਕ ‘ਤੇ ਪਹਿਲਾਂ ਵਾਂਗ ‘ਕੱਲੀ-ਕਾਰੀ ਘੁੰਮਣ ਲੱਗੀ। ਉਹ ਚੁੱਪ-ਚੁਪੀਤੀ ਕਾਲੀਸ਼ਾਹ ਤੀਵੀਂ ਇੰਜ ਜਾਪ ਰਹੀ ਸੀ ਜਿਵੇਂ ਸ਼ਹਿਰ ਦੀ ਬਦਕਿਸਮਤੀ ਸਾਕਾਰ ਹੋ ਗਈ ਹੋਵੇ ਤੇ ਚੁਫ਼ੇਰਿਓਂ ਚੀਕ ਚਿਹਾੜਾ ਜਿਵੇਂ ਉਸ ਦਾ ਪਿੱਛਾ ਕਰਦਾ ਰਿਹਾ। ਉਹ ਸੁਣਦੀ ਰਹੀ, ਕਰਾਹਾਂ, ਚੀਕਾਂ, ਅਰਦਾਸਾਂ ਤੇ ਜਿੱਤ ਦੀਆਂ ਸਾਰੀਆਂ ਆਸਾਂ ਗਵਾ ਚੁੱਕੇ ਫ਼ੌਜੀਆਂ ਦੀਆਂ ਗੁੱਸੇ ਭਰੀਆਂ ਮੱਧਮ ਗੱਲਾਂ।
ਇੱਕ ਸ਼ਹਿਰਨ ਅਤੇ ਇੱਕ ਮਾਂ ਹੋਣ ਕਰਕੇ ਉਹ ਆਪਣੇ ਪੁੱਤਰ ਅਤੇ ਮੁਲਕ ਬਾਰੇ ਸੋਚ ਰਹੀ ਸੀ, ਕਿਉਂਕਿ ਸ਼ਹਿਰ ਨੂੰ ਤਬਾਹ ਕਰਨ ਵਾਲ਼ੇ ਫ਼ੌਜੀਆਂ ਦਾ ਆਗੂ ਸੀ ਉਸ ਦਾ ਪੁੱਤਰ— ਹਸਮੁੱਖ ਤੇ ਸੁਹਣਾ ਪੁੱਤਰ, ਜਿਸ ਦੀ ਛਾਤੀ ਵਿੱਚ ਦਿਲ ਨਹੀਂ ਸੀ। ਫੇਰ ਵੀ ਕੁਝ ਦਿਨ ਪਹਿਲਾਂ ਤੀਕ ਉਹ ਪੁੱਤਰ ਨੂੰ ਬੜੇ ਮਾਣ ਨਾਲ਼ ਵੇਖਦੀ ਸੀ, ਉਸਨੂੰ ਆਪਣੇ ਵੱਲੋਂ ਮੁਲਕ ਲਈ ਵਡਮੁੱਲੀ ਭੇਂਟ ਸਮਝਦੀ ਸੀ ਤੇ ਮੰਨਦੀ ਸੀ ਕਿ ਆਪਣੇ ਪੁੱਤਰ ਦੇ ਰੂਪ ਵਿੱਚ ਉਸ ਨੇ ਉਸ ਸ਼ਹਿਰ ਦੇ ਲੋਕਾਂ ਦੀ ਸਹਾਇਤਾ ਲਈ ਇੱਕ ਲਾਭਕਾਰੀ ਸ਼ਕਤੀ ਪੈਦਾ ਕੀਤੀ ਹੈ, ਜਿਸ ਸ਼ਹਿਰ ਵਿੱਚ ਉਹ ਜੰਮੀ ਤੇ ਉਸ ਨੇ ਆਪਣੇ ਪੁੱਤਰ ਨੂੰ ਜਨਮ ਦਿੱਤਾ ਤੇ ਉਸ ਨੂੰ ਪਾਲ਼-ਪੋਸ ਕੇ ਵੱਡਾ ਕੀਤਾ। ਉਸ ਦਾ ਦਿਲ ਸੈਆਂ ਅਦਿਸ ਧਾਗਿਆਂ ਨਾਲ਼ ਉਨ੍ਹਾਂ ਪੁਰਾਣੇ ਪੱਥਰਾਂ ਨਾਲ਼ ਬੱਝਾ ਹੋਇਆ ਸੀ ਜਿਨ੍ਹਾਂ ਨਾਲ਼ ਉਸ ਦੇ ਪੁਰਖਿਆਂ ਨੇ ਉਸ ਸ਼ਹਿਰ ਵਿੱਚ ਘਰ ਬਣਾਏ ਸਨ ਤੇ ਸ਼ਹਿਰ ਦੀ ਰੱਖਿਆ ਕਰਨ ਵਾਲ਼ੀ ਕੰਧ ਵੀ। ਉਹ ਉਸ ਧਰਤੀ ਨਾਲ਼ ਜੁੜੀ ਹੋਈ ਸੀ ਜਿਸ ਵਿੱਚ ਉਸਦੇ ਰਿਸ਼ਤੇਦਾਰਾਂ ਦੀਆਂ ਹੱਡੀਆਂ ਦੱਬੀਆਂ ਪਈਆਂ ਸਨ ਤੇ ਉਨ੍ਹਾਂ ਦਾ ਸਬੰਧ ਸੀ ਲੋਕ ਕਥਾਵਾਂ, ਲੋਕ ਗੀਤਾਂ ਅਤੇ ਲੋਕਾਂ ਦੀਆਂ ਆਸਾਂ ਨਾਲ਼। ਪਰ ਹੁਣ ਉਸ ਦਿਲ ਨੇ ਆਪਣੇ ਪਿਆਰੇ ਪੁੱਤਰ ਨੂੰ ਗੁਆ ਦਿੱਤਾ ਤੇ ਇਸ ਲਈ ਉਹ ਰੋ ਰਿਹਾ ਸੀ। ਇੱਕ ਤੱਕੜੀ ਵਾਂਗ ਉਹ ਆਪਣੇ ਦਿਲ ਵਿੱਚ ਪੁੱਤਰ ਦੇ ਪਿਆਰ ਤੇ ਆਪਣੇ ਸ਼ਹਿਰ ਦੇ ਪਿਆਰ ਨੂੰ ਤੋਲ ਰਹੀ ਸੀ ਤੇ ਉਸ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਦੋਵ੍ਹਾਂ ‘ਚੋਂ ਕਿਹੜਾ ਪਾਸਾ ਭਾਰਾ ਹੈ।
ਤੇ ਇੰਜ ਉਹ ਰਾਤਾਂ ਵਿੱਚ ਸੜਕਾਂ ‘ਤੇ ਘੁੰਮਦੀ ਰਹਿੰਦੀ ਤੇ ਬਹੁਤ ਸਾਰੇ ਲੋਕ ਜੇ ਉਸ ਨੂੰ ਸਿਆਣ ਨਾ ਸਕਦੇ, ਉਸ ਦੀ ਕਾਲੀ ਨੁਹਾਰ ਨੂੰ ਮੌਤ ਦਾ ਰੂਪ ਸਮਝ ਕੇ, ਜੋ ਉਨ੍ਹਾਂ ਦੇ ਏਨੀਂ ਨੇੜੇ ਸੀ, ਪਿਛਾਂਹ ਹਟ ਜਾਂਦੇ ਤੇ ਜਦ ਉਹ ਉਸ ਨੂੰ ਸਿਆਣ ਲੈਂਦੇ ਤੇ ਚੁੱਪ-ਚੁਪੀਤੇ ਉਸ ਦੇਸ਼-ਧ੍ਰੋਹੀ ਦੀ ਮਾਂ ਕੋਲ਼ੋਂ ਦੂਰ ਚਲੇ ਜਾਂਦੇ।
ਪਰ ਇੱਕ ਦਿਨ ਸ਼ਹਿਰ ਦੀ ਰੱਖਿਆ ਲਈ ਬਣਾਈਆਂ ਕੰਧਾਂ ਦੀ ਦੂਰ ਦੀ ਨੁੱਕਰੇ ਉਸ ਨੂੰ ਇੱਕ ਹੋਰ ਤੀਵੀਂ ਵਖਾਲੀ ਦਿੱਤੀ ਜੋ ਇੱਕ ਲੋਥ ਕੋਲ਼ ਗੋਡਿਆਂ ਭਾਰ ਏਨੀਂ ਚੁੱਪ-ਚੁਪੀਤੀ ਬੈਠੀ ਹੋਈ ਸੀ ਕਿ ਧਰਤੀ ਦਾ ਹੀ ਇੱਕ ਅੰਗ ਜਾਪ ਰਹੀ ਸੀ। ਉੱਪਰਲੀ ਕੰਧ ‘ਤੇ ਸੰਤਰੀ ਮੱਧਮ ਅਵਾਜ਼ ਵਿੱਚ ਬੋਲ ਰਹੇ ਸਨ ਤੇ ਪੱਥਰ ‘ਤੇ ਰਗੜ ਖਾਣ ਨਾਲ਼ ਉਨ੍ਹਾਂ ਦੇ ਹਥਿਆਰਾਂ ਦੀ ਅਵਾਜ਼ ਆ ਰਹੀ ਸੀ।
ਦੇਸ਼-ਧ੍ਰੋਹੀ ਦੀ ਮਾਂ ਨੇ ਪੁੱਛਿਆ:
”ਤੇਰਾ ਪਤੀ ਏ?”
”ਨਹੀਂ।”
”ਤਾਂ ਤੇਰਾ ਭਰਾ ਏ?”
”ਮੇਰਾ ਪੁੱਤਰ ਏ। ਮੇਰਾ ਪਤੀ ਤੇਰਾਂ ਦਿਨ ਪਹਿਲਾਂ ਮਾਰਿਆ ਗਿਆ ਸੀ ਤੇ ਅੱਜ ਇਹ ਮੇਰਾ ਪੁੱਤਰ!”
ਉੱਠ ਕੇ ਖੜੋਂਦਿਆਂ ਉਸ ਮਰੇ ਹੋਏ ਪੁੱਤਰ ਦੀ ਮਾਂ ਨੇ ਨਰਮੀ ਨਾਲ਼ ਕਿਹਾ:
”ਮੱਦੋਨਾ ਸਭ ਕੁਝ ਵੇਖਦੀ ਏ ਤੇ ਸਭ ਕੁਝ ਜਾਣਦੀ ਏ। ਮੈਂ ਉਸਦਾ ਅਹਿਸਾਨ ਮੰਨਦੀ ਹਾਂ।”
”ਉਹ ਕਿਉਂ?” ਪਹਿਲੀ ਤੀਵੀਂ ਨੇ ਪੁੱਛਿਆ ਤੇ ਦੂਜੀ ਨੇ ਜਵਾਬ ਦਿੱਤਾ:
”ਹੁਣ ਜਦ ਕਿ ਮੇਰਾ ਪੁੱਤਰ ਮੁਲਕ ਲਈ ਲੜਦਾ ਹੋਇਆ ਸ਼ਹੀਦ ਹੋਇਆ ਹੈ ਤਾਂ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੈਂ ਇਸ ਲਈ ਡਰਦੀ ਸਾਂ ਕਿਉਂਕਿ ਇਸਦਾ ਦਿਲ ਬੜਾ ਚੰਚਲ ਸੀ, ਇਹ ਮੌਜ ਮੇਲੇ ਵਾਲ਼ੀ ਜ਼ਿੰਦਗੀ ਦਾ ਸ਼ੌਕੀਨ ਸੀ ਤੇ ਮੈਨੂੰ ਡਰ ਸੀ ਕਿ ਇਹ ਕਿਤੇ ਮਰਿਆਨਾ ਦੇ ਪੁੱਤਰ ਵਾਂਗ, ਰੱਬ ਅਤੇ ਮਨੁੱਖ ਦੇ ਉਸ ਵੈਰੀ ਵਾਂਗ, ਸਾਡੇ ਵੈਰੀਆਂ ਦੇ ਆਗੂ ਵਾਂਗ, ਆਪਣੇ ਸ਼ਹਿਰ ਨਾਲ਼ ਵਿਸਾਹਘਾਤ ਨਾ ਕਰ ਦੇਵੇ। ਲਾਹਣਤ ਏ ਉਸ ਦੇਸ਼-ਧ੍ਰੋਹੀ ‘ਤੇ ਅਤੇ ਉਸ ਨੂੰ ਜਨਮ ਦੇਣ ਵਾਲ਼ੀ ਕੁੱਖ ‘ਤੇ।”
ਮਰਿਆਨਾ ਨੇ ਆਪਣਾ ਚਿਹਰਾ ਢਕ ਲਿਆ ਤੇ ਉੱਥੋਂ ਚਲੀ ਗਈ। ਅਗਲੀ ਦਿਨ ਸਵੇਰੇ ਉਹ ਸ਼ਹਿਰ ਦੇ ਰਾਖਿਆਂ ਕੋਲ਼ ਪੁੱਜੀ ਤੇ ਕਹਿਣ ਲੱਗੀ:
”ਮੇਰਾ ਪੁੱਤਰ ਤੁਹਾਡਾ ਵੈਰੀ ਬਣ ਗਿਆ ਏ। ਹੁਣ ਜਾਂ ਤਾਂ ਮੈਨੂੰ ਮਾਰ ਸੁੱਟੋ, ਜਾਂ ਸ਼ਹਿਰ ਦਾ ਫਾਟਕ ਖੋਲ੍ਹ ਦਿਉ ਤਾਂ ਜੋ ਮੈਂ ਉਸ ਕੋਲ਼ ਜਾ ਸਕਾਂ…”
ਉਨ੍ਹਾਂ ਨੇ ਜਵਾਬ ਦਿੱਤਾ:
”ਤੂੰ ਮਨੁੱਖ ਏਂ, ਤੇਰੇ ਲਈ ਆਪਣਾ ਮੁਲਕ ਸਭ ਤੋਂ ਉੱਪਰ ਹੋਣਾ ਚਾਹੀਦਾ ਹੈ। ਤੇਰਾ ਪੁੱਤਰ ਤੇਰੇ ਲਈ ਵੀ ਓਡਾ ਹੀ ਦੁਸ਼ਮਣ ਹੈ ਜਿੱਡਾ ਸਾਡੇ ‘ਚੋਂ ਹਰ ਇੱਕ ਲਈ।”
”ਮੈਂ ਉਸ ਦੀ ਮਾਂ ਹਾਂ। ਮੈਂ ਉਸ ਨੂੰ ਪਿਆਰ ਕਰਦੀ ਹਾਂ ਤੇ ਮੰਨਦੀ ਹਾਂ ਕਿ ਉਹ ਮੇਰੇ ਹੀ ਕਾਰਨ ਅਜਿਹਾ ਬਣਿਆ ਹੈ।”
ਤਦ ਸ਼ਹਿਰ ਦੇ ਰਾਖਿਆ ਨੇ ਇੱਕ-ਦੂਜੇ ਨਾਲ਼ ਸਲਾਹ ਕੀਤੀ ਤੇ ਕਿਹਾ:
”ਪੁੱਤਰ ਦੇ ਪਾਪਾਂ ਲਈ ਤੈਨੂੰ ਮਾਰ ਸੁੱਟਣਾ ਠੀਕ ਨਹੀਂ ਹੋਵੇਗਾ। ਅਸੀਂ ਜਾਣਦੇ ਹਾਂ ਕਿ ਤੂੰ ਉਸ ਨੂੰ ਅਜਿਹਾ ਭਿਆਨਕ ਪਾਪ ਕਰਨ ਦੀ ਸਲਾਹ ਕਦੇ ਨਹੀਂ ਸੀ ਦੇ ਸਕਦੀ ਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਤੂੰ ਕਿੰਨੀ ਦੁਖੀ ਏਂ। ਪਰ ਸ਼ਹਿਰ ਦੇ ਦੁਸ਼ਮਣ ਦੇ ਤੌਰ ‘ਤੇ ਵੀ ਤੇਰੀ ਸਾਨੂੰ ਲੋੜ ਨਹੀਂ ਹੈ, ਤੇਰਾ ਪੁੱਤਰ ਤੇਰੀ ਕੋਈ ਪਰਵਾਹ ਨਹੀਂ ਕਰਦਾ, ਉਹ ਤੈਨੂੰ ਭੁੱਲ ਗਿਆ ਏ ਤੇ ਇਹੋ ਤੇਰੇ ਲਈ ਕਾਫ਼ੀ ਸਜ਼ਾ ਹੈ। ਅਸੀਂ ਜਾਣਦੇ ਹਾਂ ਕਿ ਇਹ ਸਜ਼ਾ ਮੌਤ ਨਾਲ਼ੋਂ ਵੀ ਵਧੇਰੇ ਭਿਆਨਕ ਹੈ!”
”ਹਾਂ,” ਉਸ ਨੇ ਕਿਹਾ। ”ਸੱਚੀਂ-ਮੁੱਚੀਂ ਇਹ ਵਧੇਰੇ ਭਿਆਨਕ ਏ।”
ਉਨ੍ਹਾਂ ਨੇ ਫਾਟਕ ਖੋਲ੍ਹ ਦਿੱਤਾ ਤੇ ਉਸ ਨੇ ਸ਼ਹਿਰ ਛੱਡ ਦਿੱਤਾ। ਕੰਧਾਂ ਉੱਤੋਂ ਸ਼ਹਿਰ ਦੇ ਰਾਖਿਆਂ ਨੇ ਉਸ ਨੂੰ ਆਪਣੀ ਮਾਤਭੂਮੀ ਤੋਂ, ਜੋ ਕਿ ਉਸੇ ਦੇ ਪੁੱਤਰ ਸਦਕਾ ਲਹੂ ਵਿੱਚ ਲਿੱਬੜ ਗਈ ਸੀ, ਵਿਛੜਦਿਆਂ ਤੱਕਿਆ। ਉਹ ਸਹਿਜੇ-ਸਹਿਜੇ ਤੁਰ ਰਹੀ ਸੀ ਕਿਉਂਕਿ ਉਸ ਦੇ ਕਦਮ ਇਸ ਧਰਤੀ ਨੂੰ ਛੱਡਣ ਵਿੱਚ ਝਿਜਕ ਰਹੇ ਸਨ। ਸ਼ਹਿਰ ਦੇ ਰਾਖਿਆ ਦੀਆਂ ਲੋਥਾਂ ਨੂੰ ਉਸ ਨੇ ਸਿਰ ਨਿਵਾਇਆ ਤੇ ਟੁੱਟੇ ਹੋਏ ਹਥਿਆਰਾਂ ਨੂੰ ਘਿਰਣਾ ਨਾਲ਼ ਠੁਕਰਾ ਦਿੱਤਾ ਕਿਉਂਕਿ ਜ਼ਿੰਦਗੀ ਦੀ ਰੱਖਿਆ ਕਰਨ ਵਾਲ਼ੇ ਹਥਿਆਰਾਂ ਨੂੰ ਛੱਡ ਕੇ ਬਾਕੀ ਸਾਰੇ ਹਥਿਆਰ ਮਾਵਾਂ ਲਈ ਘਿਰਣਾ ਭਰੇ ਹਨ।
ਉਹ ਇੰਜ ਤੁਰ ਰਹੀ ਸੀ ਜਿਵੇਂ ਆਪਣੇ ਪੱਲੇ ਵਿੱਚ ਲੁਕੋ ਕੇ ਅੰਮ੍ਰਿਤ ਦੀ ਸ਼ੀਸ਼ੀ ਲੈ ਜਾ ਰਹੀ ਹੋਵੇ ਤੇ ਡਰ ਰਹੀ ਹੋਵੇ ਕਿ ਕਿਤੇ ਕੋਈ ਤੁਪਕਾ ਡੁੱਲ੍ਹ ਨਾ ਜਾਵੇ। ਕੰਧ ਉੱਤੋਂ ਉਸ ਵੱਲ ਵੇਖਣ ਵਾਲ਼ੇ ਲੋਕਾਂ ਨੂੰ ਉਸ ਦੀ ਨੁਹਾਰ ਜਿਉਂ-ਜਿਉਂ ਛੋਟੀ ਹੁੰਦੀ ਜਾਪੀ, ਉਹ ਮਹਿਸੂਸ ਕਰਨ ਲੱਗੇ ਕਿ ਉਸ ਤੀਵੀਂ ਦੇ ਨਾਲ਼ ਉਨ੍ਹਾਂ ਦੀ ਨਿਰਾਸਤਾ ਅਤੇ ਬੇਵਸੀ ਵੀ ਚਲੀ ਗਈ ਹੈ।
ਉਨ੍ਹਾਂ ਨੇ ਵੇਖਿਆ, ਉਹ ਰਾਹ ਵਿੱਚਕਾਰ ਰੁਕ ਗਈ, ਆਪਣੇ ਸਿਰ ਉਤਲਾ ਕੱਪੜਾ ਉਸ ਨੇ ਪਿਛਾਂਹ ਹਟਾ ਦਿੱਤਾ ਤੇ ਮੁੜ ਕੇ ਕਿੰਨਾ ਚਿਰ ਤਾਈਂ ਸ਼ਹਿਰ ਵੱਲ ਤੱਕਦੀ ਰਹੀ। ਉਧਰ ਦੁਸ਼ਮਣਾਂ ਨੇ ਉਸ ਨੂੰ ਮੈਦਾਨ ਵਿੱਚ ‘ਕੱਲੀ ਖਲੋਤੀ ਹੋਈ ਵੇਖਿਆ। ਫੇਰ ਉਸੇ ਵਰਗੀਆਂ ਕਾਲ਼ੀਆਂ-ਕਾਲ਼ੀਆਂ ਨੁਹਾਰਾਂ ਸਚੇਤ ਹੋ ਕੇ ਉਸ ਵੱਲ ਆਈਆਂ। ਉਨ੍ਹਾਂ ਨੇ ਪੁੱਛਿਆ ਕਿ ਉਹ ਕੌਣ ਹੈ ਤੇ ਕਿੱਥੇ ਜਾ ਰਹੀ ਹੈ।
”ਤੁਹਾਡਾ ਆਗੂ ਮੇਰਾ ਪੁੱਤਰ ਏ,” ਉਸ ਨੇ ਕਿਹਾ ਤੇ ਕਿਸੇ ਵੀ ਸਿਪਾਹੀ ਨੂੰ ਉਸ ਦੀ ਗੱਲ ‘ਤੇ ਸ਼ੱਕ ਨਾ ਹੋਇਆ। ਉਸ ਦੇ ਨਾਲ਼ ਤੁਰਦੇ-ਤੁਰਦੇ ਉਹ ਉਸ ਦੇ ਪੁੱਤਰ ਦੀ ਪ੍ਰਸੰਸਾ ਦੇ ਗੀਤ ਗਾਉਣ ਲੱਗੇ ਤੇ ਉਸ ਦੀ ਚਲਾਕੀ ਅਤੇ ਬਹਾਦਰੀ ਨੂੰ ਸਲਾਹੁਣ ਲੱਗੇ। ਮਾਣ ਨਾਲ਼ ਸਿਰ ਉੱਚਾ ਕਰਕੇ ਉਹ ਉਨ੍ਹਾਂ ਦੀਆਂ ਗੱਲਾਂ ਸੁਣਦੀ ਰਹੀ ਤੇ ਉਸ ਨੇ ਰਤਾ ਕੁ ਵੀ ਹੈਰਾਨੀ ਪ੍ਰਗਟ ਨਹੀਂ ਕੀਤੀ ਕਿਉਂਕਿ ਉਸ ਦਾ ਪੁੱਤਰ ਇਸ ਤੋਂ ਕੁਝ ਹੋਰ ਹੋ ਹੀ ਨਹੀਂ ਸੀ ਸਕਦਾ।
ਤੇ ਹੁਣ, ਅਖ਼ੀਰ ਉਹ ਉਸ ਆਦਮੀ ਦੇ ਸਾਹਮਣੇ ਖਲੋਤੀ ਸੀ ਜਿਸ ਨੂੰ ਉਹ ਉਸ ਦੇ ਜਨਮ ਤੋਂ ਨੌਂ ਮਹੀਨੇ ਪਹਿਲਾਂ ਤੋਂ ਜਾਣਦੀ ਸੀ, ਜਿਸ ਨੂੰ ਉਹ ਆਪਣੇ ਦਿਲ ਨਾਲ਼ੋਂ ਵੱਖਰਾ ਕਦੇ ਨਹੀਂ ਸੀ ਮੰਨਦੀ। ਰੇਸ਼ਮੀ ਅਤੇ ਮਖ਼ਮਲੀ ਲਿਬਾਸ ਪਾਈ ਉਹ ਉਸ ਦੇ ਸਾਹਮਣੇ ਖਲੋਤਾ ਸੀ ਤੇ ਉਸ ਦੇ ਹਥਿਆਰਾਂ ਉੱਤੇ ਮੋਤੀ ਜੜੇ ਹੋਏ ਸਨ। ਸਭ ਕੁਝ ਉਹੋ ਜਿਹਾ ਹੀ ਸੀ ਜਿਹੋ ਜਿਹਾ ਹੋਣਾ ਚਾਹੀਦਾ ਸੀ। ਮਾਂ ਨੇ ਕਈ ਵਾਰ ਸੁਪਨਿਆਂ ਵਿੱਚ ਉਸ ਨੂੰ ਏਸੇ ਰੂਪ ਵਿੱਚ ਤੱਕਿਆ ਸੀ— ਅਮੀਰ, ਮਸ਼ਹੂਰ ਤੇ ਸਲਾਹੁਣ ਯੋਗ।
”ਮਾਂ!” ਮਾਂ ਦੇ ਹੱਥਾਂ ਨੂੰ ਚੁੰਮਦਿਆਂ ਉਸ ਨੇ ਕਿਹਾ, ”ਤੂੰ ਮੇਰੇ ਕੋਲ਼ ਆ ਗਈ ਏਂ, ਤੂੰ ਮੇਰੇ ਨਾਲ਼ ਏਂ ਤੇ ਭਲਕੇ ਮੈਂ ਉਸ ਸਰਾਪੇ ਹੋਏ ਸ਼ਹਿਰ ਨੂੰ ਜਿੱਤ ਲਵਾਂਗਾ!”
”ਹਾਂ, ਉਸੇ ਸ਼ਹਿਰ ਨੂੰ, ਜਿੱਥੇ ਤੂੰ ਜੰਮਿਆਂ ਸੈਂ।” ਮਾਂ ਨੇ ਚੇਤਾ ਕਰਾਇਆ।
ਆਪਣੀ ਤਾਕਤ ਨਾਲ਼ ਪਾਗਲ ਬਣੇ ਹੋਏ ਅਤੇ ਹੋਰ ਵਧੇਰੀ ਸ਼ਾਨ ਲਈ ਤਰਸਣ ਵਾਲ਼ੇ ਪੁੱਤਰ ਨੇ ਜਵਾਨੀ ਦੇ ਜੋਸ਼ ਵਿੱਚ ਹੰਕਾਰ ਨਾਲ਼ ਜਵਾਬ ਦਿੱਤਾ:
”ਮੈਂ ਦੁਨੀਆਂ ਵਿੱਚ ਅਤੇ ਦੁਨੀਆਂ ਲਈ ਪੈਦਾ ਹੋਇਆ ਹਾਂ ਤੇ ਮੈਂ ਚਾਹੁੰਦਾ ਹਾਂ ਕਿ ਦੁਨੀਆਂ ਮੈਨੂੰ ਵੇਖ ਕੇ ਕੰਬ ਉੱਠੇ! ਹੁਣ ਤਾਈਂ ਮੈਂ ਇਸ ਸ਼ਹਿਰ ਨੂੰ ਜਿੱਤਿਆ ਨਹੀਂ ਸੀ, ਸਿਰਫ਼ ਤੇਰੇ ਕਰਕੇ। ਇਹ ਸ਼ਹਿਰ ਮੇਰੇ ਪੈਰ ਵਿੱਚ ਕੰਡੇ ਵਾਂਗ ਚੁਭ ਰਿਹਾ ਹੈ ਤੇ ਮੇਰੀ ਮਸ਼ਹੂਰੀ ਦੇ ਰਾਹ ਵਿੱਚ ਰੋੜਾ ਬਣਿਆ ਹੋਇਆ ਹੈ। ਪਰ ਭਲਕੇ ਮੈਂ ਤਬਾਹ ਕਰ ਦਿਆਂਗਾ ਇਨ੍ਹਾਂ ਜ਼ਿੱਦਲ ਮੂਰਖਾਂ ਦੇ ਆਲ੍ਹਣੇ ਨੂੰ!”
”ਜਿੱਥੋਂ ਦਾ ਹਰ ਪੱਥਰ ਤੈਨੂੰ ਇੱਕ ਬੱਚੇ ਦੇ ਰੂਪ ਵਿੱਚ ਜਾਣਦਾ ਏ ਤੇ ਚੇਤੇ ਕਰਦਾ ਏ।” ਮਾਂ ਨੇ ਕਿਹਾ।
”ਪੱਥਰ ਤਦ ਤਾਈਂ ਗੂੰਗੇ ਹਨ ਜਦ ਤਾਈਂ ਆਦਮੀ ਉਨ੍ਹਾਂ ਨੂੰ ਜ਼ਬਾਨ ਨਹੀਂ ਦਿੰਦਾ। ਪਹਾੜ ਮੇਰੇ ਗੀਤ ਗਾਉਣ, ਇਹੀ ਮੈਂ ਚਾਹੁੰਦਾ ਹਾਂ!”
”ਤੇ ਮਨੁੱਖ?” ਮਾਂ ਨੇ ਪੁੱਛਿਆ।
”ਹਾਂ ਮਾਂ, ਮੈਂ ਉਨ੍ਹਾਂ ਨੂੰ ਭੁਲਾਇਆ ਨਹੀਂ ਏ। ਮੈਨੂੰ ਉਨ੍ਹਾਂ ਦੀ ਵੀ ਲੋੜ ਏ ਕਿਉਂਕਿ ਮਨੁੱਖ ਦੀ ਹੀ ਯਾਦ ਵਿੱਚ ਉਹ ਬਹਾਦਰ ਅਮਰ ਬਣਦੇ ਹਨ!”
ਮਾਂ ਨੇ ਕਿਹਾ, ”ਬਹਾਦਰ ਉਹ ਵੀ ਹੈ ਜੋ ਮੌਤ ਦਾ ਮੁਕਾਬਲਾ ਕਰਕੇ ਜ਼ਿੰਦਗੀ ਨੂੰ ਉਸਾਰਦਾ ਏ, ਜੋ ਮੌਤ ਨੂੰ ਜਿੱਤ ਲੈਂਦਾ ਏ…”
”ਨਹੀਂ!” ਪੁੱਤਰ ਨੇ ਟੋਕਿਆ। ”ਸ਼ਹਿਰ ਨੂੰ ਤਬਾਹ ਕਰਨ ਵਾਲ਼ੇ ਦੀ ਸ਼ਾਨ ਉਡੀ ਹੀ ਵੱਡੀ ਏ ਜਿੰਨੀ ਸ਼ਹਿਰ ਨੂੰ ਉਸਾਰਨ ਵਾਲ਼ੇ ਦੀ। ਵੇਖ, ਅਸੀਂ ਨਹੀਂ ਜਾਣਦੇ ਕਿ ਰੋਮ ਨੂੰ ਕਿਸ ਨੇ ਉਸਾਰਿਆ ਏਨਿਆਸ ਨੇ ਜਾਂ ਰੋਮੁਲਸ ਨੇ, ਪਰ ਅਸੀਂ ਅਲਾਰਿਕ ਅਤੇ ਹੋਰਨਾਂ ਬਹਾਦਰਾਂ ਦੇ ਨਾਂ ਚੰਗੀ ਤਰ੍ਹਾਂ ਜਾਣਦੇ ਹਾਂ, ਜਿਨ੍ਹਾਂ ਨੇ ਰੋਮ ਨੂੰ ਤਹਿਸ-ਨਹਿਸ ਕੀਤਾ…”
”ਪਰ ਰੋਮ ਦਾ ਨਾਂ ਨਾ ਮਰਿਆ।” ਮਾਂ ਨੇ ਕਿਹਾ।
ਇਸ ਤਰ੍ਹਾਂ ਦੋਵੇਂ, ਸੂਰਜ ਡੁੱਬਣ ਤੀਕ ਗੱਲਾਂ ਕਰਦੇ ਰਹੇ, ਮਾਂ ਉਸ ਦੀਆਂ ਜੋਸ਼ ਭਰੀਆਂ ਗੱਲਾਂ ਵਿੱਚ ਹੌਲ਼ੀ-ਹੌਲ਼ੀ ਆਪਣੀ ਟੋਕ-ਟੁਕਾਈ ਘੱਟ ਕਰਦੀ ਗਈ ਤੇ ਉਸਦਾ ਮਾਣਮੱਤਾ ਸਿਰ ਸਹਿਜੇ-ਸਹਿਜੇ ਨਿਉਂਦਾ ਗਿਆ।
ਮਾਂ ਉਸਾਰਦੀ ਹੈ, ਰੱਖਿਆ ਕਰਦੀ ਹੈ, ਤੇ ਉਸ ਦੇ ਸਾਹਮਣੇ ਤਬਾਹੀ ਦੀਆਂ ਗੱਲਾਂ ਕਰਨੀਆਂ ਉਸ ਦੇ ਉਲਟ ਬੋਲਣਾ ਹੈ, ਪਰ ਪੁੱਤਰ ਨੂੰ ਇਹ ਪਤਾ ਨਹੀਂ ਸੀ।
ਮਾਂ ਸਦਾ ਹੀ ਮੌਤ ਦਾ ਵਿਰੋਧ ਕਰਦੀ ਹੈ। ਜੋ ਹੱਥ ਮਨੁੱਖ ਦੇ ਘਰ ਵਿੱਚ ਮੌਤ ਨੂੰ ਸੱਦ ਲਿਆਉਂਦੇ ਹਨ ਉਹ ਮਾਵਾਂ ਲਈ ਘਿਰਣਾ ਭਰੇ ਹਨ, ਪਰ ਪੁੱਤਰ ਇਹ ਜਾਣ ਨਾ ਸਕਿਆ ਕਿਉਂਕਿ ਦਿਨ ਨੂੰ ਮਾਰ ਦੇਣ ਵਾਲ਼ੀ ਆਪਣੀ ਸ਼ਾਨ ਦੀ ਠੰਡੀ ਯਖ਼ ਜਗਮਗਾਹਟ ਸਦਕਾ ਉਸ ਦੀਆਂ ਅੱਖਾਂ ਵਿੱਚ ਚਕਾਚੌਂਧ ਛਾ ਗਈ ਸੀ।
ਉਸ ਨੂੰ ਇਹ ਵੀ ਪਤਾ ਨਹੀਂ ਸੀ ਕਿ ਮਾਂ ਜਿੰਨੀ ਨਿਡਰ ਹੁੰਦੀ ਹੈ, ਓਨ ਹੀ ਚਲਾਕ ਤੇ ਸਖ਼ਤ ਵੀ ਹੁੰਦੀ ਹੈ, ਜਦ ਉਹ ਵੇਖਦੀ ਹੈ ਕਿ ਉਸ ਜ਼ਿੰਦਗੀ ਨੂੰ ਖ਼ਤਰਾ ਹੈ ਜਿਸ ਨੂੰ ਉਸ ਨੇ ਸਿਰਜਿਆ ਹੈ ਤੇ ਪ੍ਰਵਾਨ ਚੜ੍ਹਾਇਆ ਹੈ।
ਮਾਂ ਸਿਰ ਨਿਵਾਈ ਬੈਠੀ ਸੀ ਤੇ ਸ਼ਾਨਦਾਰ ਤੰਬੂ ਦੇ ਖੁੱਲ੍ਹੇ ਹਿੱਸੇ ‘ਚੋਂ ਉਸ ਸ਼ਹਿਰ ਨੂੰ ਵੇਖ ਰਹੀ ਸੀ ਜਿੱਥੇ ਉਸ ਨੇ ਆਪਣੀ ਕੁੱਖ ਵਿੱਚ ਜ਼ਿੰਦਗੀ ਦੀ ਮਿੱਠੀ ਕੰਬਣੀ ਮਹਿਸੂਸ ਕੀਤੀ ਸੀ ਤੇ ਜੰਮਣ-ਪੀੜਾਂ ਸਹੀਆਂ ਸਨ ਤੇ ਜਿਸ ਪੁੱਤਰ ਨੂੰ ਜਨਮ ਦਿੱਤਾ ਸੀ ਉਹੀ ਹੁਣ ਉਸ ਸ਼ਹਿਰ ਦੀ ਤਬਾਹੀ ਲਈ ਤਰਸ ਰਿਹਾ ਸੀ।
ਸੂਰਜ ਦੀਆਂ ਲਾਲ ਸੂਹੀਆਂ ਕਿਰਨਾਂ ਨੇ ਸ਼ਹਿਰ ਦੀਆਂ ਕੰਧਾਂ ਅਤੇ ਮੁਨਾਰਿਆਂ ਨੂੰ ਰੰਗ ਦਿੱਤਾ ਤੇ ਬਾਰੀਆਂ ਦੇ ਸ਼ੀਸ਼ਿਆਂ ਨੂੰ ਇੰਝ ਲਿਸ਼ਕਾਇਆ ਕਿ ਸਾਰਾ ਸ਼ਹਿਰ ਜ਼ਖ਼ਮਾਂ ਨਾਲ਼ ਭਰੇ ਸਰੀਰ ਵਰਗਾ ਦਿਸਣ ਲੱਗਾ, ਜਿਸ ਦੇ ਹਰ ਡੂੰਘੇ ਜ਼ਖ਼ਮ ਵਿੱਚੋਂ ਜ਼ਿੰਦਗੀ ਦੇ ਲਹੂ ਦੀ ਧਾਰ ਵਹਿ ਰਹੀ ਸੀ। ਛੇਤੀ ਹੀ ਸ਼ਹਿਰ ਲੋਥ ਵਾਂਗ ਕਾਲ਼ਾ ਪੈ ਗਿਆ। ਉਸ ਦੇ ਉੱਪਰ ਅਣਗਿਣਤ ਤਾਰੇ ਅੰਤਲੇ ਸੰਸਕਾਰ ਵੇਲ਼ੇ ਬਾਲ਼ੀਆਂ ਗਈਆਂ ਮੋਮਬੱਤੀਆਂ ਵਾਂਗ, ਚਮਕ ਰਹੇ ਸਨ।
ਉਸ ਨੇ ਉਨ੍ਹਾਂ ਹਨੇਰੇ ਘਰਾਂ ਨੂੰ ਵੇਖਿਆ ਜਿਨ੍ਹਾਂ ਵਿੱਚ ਲੋਕ ਬੱਤੀਆਂ ਜਗਾਉਣੋਂ ਡਰ ਰਹੇ ਸਨ ਮਤੇ ਦੁਸ਼ਮਣ ਦਾ ਧਿਆਨ ਉਨ੍ਹਾਂ ਵੱਲ ਖਿੱਚਿਆ ਜਾਏ, ਉਸ ਨੇ ਉਨ੍ਹਾਂ ਸੜਕਾਂ ਨੂੰ ਵੇਖਿਆ ਜਿਨ੍ਹਾਂ ‘ਤੋ ਹਨੇਰਾ ਸੀ ਅਤੇ ਲੋਥਾਂ ਦੀ ਬੋ ਪਸਰੀ ਹੋਈ ਸੀ। ਮੌਤ ਦੀ ਉਡੀਕ ਵਿੱਚ ਜ਼ਿੰਦਗੀ ਦੀਆਂ ਘੜੀਆਂ ਗਿਣਨ ਵਾਲ਼ੇ ਲੋਕਾਂ ਦੀਆਂ ਮੱਧਮ ਅਵਾਜ਼ ਵਿੱਚ ਗੱਲਾਂ ਉਸ ਨੇ ਸੁਣ ਲਈਆਂ — ਉਸ ਨੇ ਇਹ ਸਭ ਵੇਖਿਆ। ਉਸ ਲਈ ਜੋ ਕੁਝ ਆਪਣਾ ਅਤੇ ਪਿਆਰਾ ਸੀ, ਉਹ ਸਭ ਉਸ ਦੇ ਸਾਹਮਣੇ ਉਸ ਦੇ ਫ਼ੈਸਲੇ ਦੀ ਉਡੀਕ ਵਿੱਚ ਚੁੱਪ ਖਲੋਤਾ ਰਿਹਾ ਤੇ ਉਸ ਨੇ ਮਹਿਸੂਸ ਕੀਤਾ ਕਿ ਉਹ ਸ਼ਹਿਰ ਵਿੱਚ ਰਹਿਣ ਵਾਲ਼ੇ ਸਾਰੇ ਲੋਕਾਂ ਦੀ ਮਾਂ ਹੈ।
ਪਹਾੜਾਂ ਦੇ ਕਾਲ਼ੇ ਸਿਖਰਾਂ ਤੋਂ ਬੱਦਲ ਘਾਟੀ ਵਿੱਚ ਲੱਥ ਆਏ ਤੇ ਉਸ ਤਬਾਹ ਹੋਏ ਸ਼ਹਿਰ ‘ਤੇ ਖੰਭਾਂ ਵਾਲ਼ੇ ਘੋੜਿਆਂ ਵਾਂਗ ਝਪਟ ਪਏ।
”ਅਸੀਂ ਸ਼ਾਇਦ ਅੱਜ ਰਾਤੀਂ ਹੱਲਾ ਕਰਾਂਗੇ,” ਪੁੱਤਰ ਨੇ ਕਿਹਾ, ”ਜੇ ਰਾਤ ਚੋਖੀ ਹਨੇਰੀ ਹੋਈ ਤਾਂ! ਜਦ ਸੂਰਜ ਅੱਖਾਂ ਨੂੰ ਚਕਾਚੌਂਧ ਕਰਦਾ ਹੈ ਤੇ ਹਥਿਆਰਾਂ ਦੀ ਲਿਸ਼ਕ ਸਿਪਾਹੀਆਂ ਦੀਆਂ ਅੱਖਾਂ ਨੂੰ ਅੰਨ੍ਹਿਆਂ ਕਰ ਦਿੰਦੀ ਹੈ, ਤਦ ਦੁਸ਼ਮਨ ਨੂੰ ਮਾਰਨਾ ਔਖਾ ਹੁੰਦਾ ਏ ਤੇ ਕਈ ਸਾਰੇ ਵਾਰ ਵਿਅਰਥ ਜਾਂਦੇ ਹਨ।” ਆਪਣੀ ਤਲਵਾਰ ਨੂੰ ਵੇਖਦਿਆਂ ਉਸ ਨੇ ਕਿਹਾ!
ਮਾਂ ਨੇ ਉਸ ਨੂੰ ਕਿਹਾ, ”ਆ ਮੇਰੇ ਲਾਲ ਮੇਰੀ ਛਾਤੀ ‘ਤੇ ਸਿਰ ਰੱਖ ਕੇ ਰਤਾ ਅਰਾਮ ਕਰ ਲੈ। ਰਤਾ ਚੇਤੇ ਕਰ ਕਿ ਬਚਪਨ ਵਿੱਚ ਤੂੰ ਕਿੰਨਾਂ ਖ਼ੁਸ਼ ਤੇ ਦਿਆਲੂ ਸੈਂ ਤੇ ਕਿਸ ਤਰ੍ਹਾਂ ਹਰ ਕੋਈ ਤੈਨੂੰ ਪਿਆਰ ਕਰਦਾ ਸੀ…”
ਪੁੱਤਰ ਨੇ ਮਾਂ ਦੀ ਗੱਲ ਮੰਨ ਲਈ ਤੇ ਆਪਣਾ ਸਿਰ ਉਸ ਦੀ ਗੋਦ ਵਿੱਚ ਰੱਖ ਕੇ ਅਤੇ ਅੱਖਾਂ ਮੀਟ ਕੇ ਕਿਹਾ:
”ਮੈਂ ਪਿਆਰ ਕਰਦਾ ਹਾਂ ਸਿਰਫ਼ ਉੱਚੀ ਸ਼ਾਨ ਨੂੰ ਤੇ ਤੈਨੂੰ ਇਸ ਲਈ ਪਿਆਰ ਕਰਦਾ ਹਾਂ ਕਿ ਤੂੰ ਮੈਨੂੰ ਅਜਿਹਾ ਬਣਾਇਆ ਏ।”
”ਤੇ, ਤੂੰ ਤੀਵੀਂਆਂ ਨੂੰ ਪਿਆਰ ਨਹੀਂ ਕਰਦਾ?” ਉਸ ਦੇ ਚਿਹਰੇ ‘ਤੇ ਨਿਉਂਦਿਆਂ ਮਾਂ ਨੇ ਪੁੱਛਿਆ।
”ਭਲਾ ਉਨ੍ਹਾਂ ਦੀ ਕੀ ਘਾਟ ਏ? ਪਰ ਆਦਮੀ ਉਨ੍ਹਾਂ ਤੋਂ ਉਸੇ ਤਰ੍ਹਾਂ ਅੱਕ ਜਾਂਦਾ ਏ ਜਿਸ ਤਰ੍ਹਾਂ ਹਰ ਉਸ ਸ਼ੈ ਤੋਂ ਜੋ ਬਹੁਤ ਮਿੱਠੀ ਹੋਵੇ।”
”ਤੇ ਕੀ ਤੂੰ ਇਹ ਨਹੀਂ ਚਾਹੁੰਦਾ ਕਿ ਤੇਰੇ ਬੱਚੇ ਹੋਣ?” ਮਾਂ ਨੇ ਅਖ਼ੀਰ ਪੁੱਛਿਆ।
”ਕਾਹਦੇ ਲਈ? ਤਾਂ ਜੋ ਉਹ ਮਰ ਜਾਣ? ਮੇਰੇ ਹੀ ਵਰਗਾ ਕੋਈ ਉਨ੍ਹਾਂ ਨੂੰ ਮਾਰ ਸੁੱਟੇਗਾ, ਇਸ ਲਈ ਮੈਨੂੰ ਬੜਾ ਦੁੱਖ ਹੋਵੇਗਾ ਤੇ ਤਦ ਤਾਈਂ ਮੈਂ ਏਨਾ ਬੁੱਢਾ ਅਤੇ ਕਮਜ਼ੋਰ ਬਣ ਜਾਵਾਂਗਾ ਕਿ ਬੱਚਿਆਂ ਦੀ ਮੌਤ ਦਾ ਬਦਲਾ ਨਹੀਂ ਲੈ ਸਕਾਂਗਾ।”
ਤੂੰ ਸੁਹਣਾ ਏ, ਪਰ ਓਨਾ ਹੀ ਰੁੱਖਾਂ ਏਂ, ਬਾਂਝ ਧਰਤੀ ਵਰਗਾ।” ਮਾਂ ਨੇ ਆਹ ਭਰ ਕੇ ਕਿਹਾ।
”ਹਾਂ, ਬਾਂਝ ਧਰਤੀ ਵਰਗਾ…..” ਪੁੱਤਰ ਨੇ ਮੁਸਕਰਾ ਕੇ ਜਵਾਬ ਦਿੱਤਾ।
ਹੁਣ ਉਹ ਮਾਂ ਛਾਤੀ ‘ਤੇ ਬੱਚੇ ਵਾਂਗ ਸੌਂ ਰਿਹਾ ਸੀ।
ਮਾਂ ਨੇ ਪੁੱਤਰ ਨੂੰ ਆਪਣੇ ਕਾਲੇ ਪੱਲੇ ਨਾਲ਼ ਢੱਕ ਦਿੱਤਾ, ਉਸ ਦੇ ਦਿਲ ਵਿੱਚ ਉਸ ਨੇ ਛੁਰਾ ਖੋਭ ਦਿੱਤਾ ਤੇ ਇੱਕਵਾਰਗੀ ਕੰਬ ਕੇ ਪੁੱਤਰ ਨੇ ਪ੍ਰਾਣ ਛੱਡ ਦਿੱਤੇ। ਹਾਂ, ਮਾਂ ਤੋਂ ਛੁੱਟ ਉਸ ਦੇ ਦਿਲ ਦੀ ਹਰਕਤ ਨੂੰ ਵਧੇਰੇ ਚੰਗੀ ਤਰ੍ਹਾਂ ਹੋਰ ਕੌਣ ਜਾਣ ਸਕਦਾ ਸੀ? ਹੈਰਾਨ ਹੋਏ ਸਿਪਾਹੀਆਂ ਦੇ ਪੈਰਾਂ ਕੋਲ਼ ਪੁੱਤਰ ਦੀ ਲੋਥ ਨੂੰ ਸੁੱਟ ਕੇ ਉਸ ਨੇ ਆਪਣੇ ਸ਼ਹਿਰ ਵੱਲ ਸੈਣਤ ਕਰਦਿਆਂ ਕਿਹਾ:
”ਇੱਕ ਸ਼ਹਿਰੀ ਹੋਣ ਸਦਕਾ ਮੈਂ ਆਪਣੇ ਮੁਲਕ ਲਈ ਉਹ ਸਭ ਕੁਝ ਕਰ ਦਿੱਤਾ ਜੋ ਮੈਂ ਕਰ ਸਕਦੀ ਸਾਂ ਤੇ ਮਾਂ ਹੋਣ ਸਦਕਾ ਮੈਂ ਆਪਣੇ ਪੁੱਤਰ ਦੇ ਨਾਲ਼ ਹਾਂ! ਹੁਣ ਮੇਰੇ ਲਈ ਫੇਰ ਪੁੱਤਰ ਨੂੰ ਪਾਉਣਾ ਅਸੰਭਵ ਹੈ ਕਿਉਂਕਿ ਮੇਰੀ ਉਮਰ ਢਲ਼ ਗਈ ਏ। ਮੈਂ ਮੰਨਦੀ ਹਾਂ ਕਿ ਹੁਣ ਮੇਰੇ ਜਿਉਂਦੀ ਰਹਿਣ ਨਾਲ਼ ਕਿਸੇ ਨੂੰ ਕੋਈ ਫਾਇਦਾ ਨਹੀਂ ਹੁੰਦਾ।”
ਤੇ ਇਹ ਕਹਿ ਕੇ ਉਸ ਨੇ ਆਪਣੇ ਪੁੱਤਰ ਦੇ ਲਹੂ ਨਾਲ਼, ਖ਼ੁਦ ਆਪਣੇ ਹੀ ਲਹੂ ਨਾਲ਼ ਲਿੱਬੜਿਆ ਉਹ ਗਰਮ ਛੁਰਾ, ਜ਼ੋਰ ਨਾਲ਼ ਆਪਣੀ ਛਾਤੀ ਵਿੱਚ ਖੋਭ ਲਿਆ— ਤੇ ਏਸ ਵਾਰ ਵੀ ਉਹ ਉੱਕੀ ਨਹੀਂ ਕਿਉਂਕਿ ਦਰਦ ਭਰੇ ਦਿਲ ਨੂੰ ਲੱਭਣਾ ਔਖਾ ਨਹੀਂ ਹੁੰਦਾ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com