Punjabi Stories/Kahanian
ਮਹਿੰਦਰ ਸਿੰਘ ਸਰਨਾ
Mohinder Singh Sarna

Punjabi Kavita
  

Hira Mirag Mohinder Singh Sarna

ਹੀਰਾ ਮਿਰਗ ਮਹਿੰਦਰ ਸਿੰਘ ਸਰਨਾ

ਲੌਢੇ ਵੇਲੇ ਤੋਂ ਪਿੰਡ ਵਿਚ ਮੱਚੇ ਕੋਹਰਾਮ ਦੀ ਧਮਕ ਸਹਿਜੇ-ਸਹਿਜੇ ਮੱਠੀ ਪੈਂਦੀ ਗਈ, ਤੇ ਜਦੋਂ ਨਾਅਰੇ ਲਾਉਂਦੇ ਚਾਂਗਰਾਂ ਮਾਰਦੇ ਢਾਣੇ ਦਾ ਆਖਰੀ ਮੁਜਾਹਿਦ ਪਿੰਡੋਂ ਬਾਹਰ ਹੋ ਗਿਆ ਤਾਂ ਤਿਕਾਲਾਂ ਉਤਰ ਆਈਆਂ ਸਨ।
ਅਲੀ ਮੁਹੰਮਦ ਨੇ ਕੋਠੜੀ ਦਾ ਕੁੰਡਾ ਖੋਲ੍ਹਿਆ ਤੇ ਬਾਹਰ ਨਿਕਲਿਆ। ਉਹ ਔੜ ਮਾਰੇ ਟਾਂਡੇ ਵਾਂਗ ਕੰਬ ਰਿਹਾ ਸੀ। ਉਹਦੀ ਘਰਵਾਲੀ ਦੋ-ਚਾਰ ਵਾਰੀ ਕੋਠੜੀ ਦਾ ਭਿਤ ਠਕੋਰ ਕੇ ਉਹਨੂੰ ਬਾਹਰ ਨਿਕਲਣ ਲਈ ਆਖ ਗਈ ਸੀ, ਪਰ ਅਲੀ ਮੁਹੰਮਦ ਦਾ ਜੇਰਾ ਨਹੀਂ ਸੀ ਪਿਆ। ਉਤਰ ਵਿਚ ਸਗੋਂ ਉਹ ਬਰਕਤੇ ਨੂੰ ਅੰਦਰ ਆ ਕੇ ਲੁਕ ਜਾਣ ਲਈ ਪ੍ਰੇਰਦਾ ਰਿਹਾ ਸੀ। ਹੁਣ ਜਦੋਂ ਉਹ ਬਾਹਰ ਨਿਕਲਿਆ ਤਾਂ ਮੁੱਠ ਵਿਚ ਕਾਲਜਾ ਫੜੀ ਹਰਾਸਿਆ ਹੋਇਆ ਸੀ।
ਉਹਨੇ ਵੇਖਿਆ, ਰਸੋਈ ਵਿਚ ਬੈਠੀ ਬਰਕਤੇ ਮਿੱਟੀ ਦੀ ਕੁਨਾਲੀ ਵਿਚ ਆਟਾ ਗੁੰਨ੍ਹ ਰਹੀ ਸੀ। ਲਾਲਟੈਣ ਦੀ ਮੱਧਮ ਰੋਸ਼ਨੀ ਵਿਚ ਉਹਦਾ ਮੂੰਹ ਪੀਲਾ ਵਸਾਰ ਸੀ ਤੇ ਉਹਦੀਆਂ ਅੱਖਾਂ ਡਰੀਆਂ ਹੋਈਆਂ ਚੌੜ ਚੁਪੱਟ ਖੁੱਲ੍ਹੀਆਂ ਸਨ। ਉਹ ਆਪ ਤਾਂ ਕਾਂਬੇ ਦੇ ਮੂੰਹ ਆਇਆ ਹੋਇਆ ਸੀ, ਪਰ ਉਹਨੇ ਵੇਖਿਆ ਕਿ ਬਰਕਤੇ ਉਕਾ ਨਹੀਂ ਸੀ ਕੰਬ ਰਹੀ। ਸ਼ਾਇਦ ਕਿਸੇ ਵੇਲੇ ਉਹ ਕੰਬੀ ਹੋਵੇ, ਪਰ ਹੁਣ ਉਹਨੇ ਆਪਣਾ ਕਾਂਬਾ ਘਰ ਦੇ ਖਲਜਗਣਾਂ ਵਿਚ ਸਮੋ ਲਿਆ ਸੀ।
ਬਰਕਤੇ ਨੇ ਇਕ ਛਿਣ ਮਾਤਰ ਲਈ ਅਲੀ ਮੁਹੰਮਦ ਵੱਲ ਵੇਖਿਆ ਤੇ ਫਿਰ ਆਟਾ ਗੁੰਨਣ ਵਿਚ ਰੁੱਝ ਗਈ। ਉਹ ਜਾਣਦੀ ਸੀ ਕਿ ਜੁੱਸੇ ਵੱਲੋਂ ਉਹਦਾ ਘਰਵਾਲਾ ਵਹਿੜਕੇ ਵਰਗਾ ਸੀ, ਪਰ ਦਿਲ ਉਹਦਾ ਚਿੜੀ ਜਿੰਨਾ ਸੀ, ਪਰ ਉਹ ਉਹਨੂੰ ਇਸ ਗੱਲੋਂ ਠਿੱਠ ਨਹੀਂ ਸੀ ਕਰਨਾ ਚਾਹੁੰਦੀ।
“ਤੂੰ ਆਟਾ ਪਈ ਗੁੰਨ੍ਹਨੀ ਏਂ?” ਅਲੀ ਮੁਹੰਮਦ ਨੇ ਏਦਾਂ ਪੁੱਛਿਆ ਜਿਵੇਂ ਉਹ ਕੋਈ ਬੜੀ ਅਲੋਕਾਰ ਗੱਲ ਕਰ ਰਹੀ ਹੋਵੇ।
ਬਰਕਤੇ ਨੇ ਬੇਮਾਲੂਮੀ ‘ਹਾਂ’ ਵਿਚ ਸਿਰ ਹਿਲਾਇਆ।
“ਕਾਹਦੇ ਲਈ?”
“ਆਟਾ ਕਾਹਦੇ ਲਈ ਗੁੰਨ੍ਹੀਦਾ ਏ?”
ਜਦੋਂ ਅਲੀ ਮੁਹੰਮਦ ਨੇ ਕੋਈ ਉਤਰ ਨਾ ਦਿੱਤਾ ਤਾਂ ਉਹ ਬੋਲੀ, “ਰੋਟੀ ਨਹੀਂ ਖਾਣੀ?”
“ਰੋਟੀ!” ਜਾਪਦਾ ਸੀ ਜਿਵੇਂ ਅਲੀ ਮੁਹੰਮਦ ਨੇ ਇਹ ਲਫਜ਼ ਪਹਿਲੀ ਵਾਰੀ ਸੁਣਿਆ ਹੋਵੇ।
ਬਰਕਤੇ ਨੇ ਆਟੇ ਦੀ ਤੌਣ ਸਵਾਹਰੀ ਕਰ ਕੇ ਕੁਨਾਲੀ ਵਿਚ ਥਪਥਪਾਈ ਤੇ ਕੁਨਾਲੀ ਨੂੰ ਧਾਤ ਦੀ ਟੁੱਟੀ ਹੋਈ ਥਾਲੀ ਨਾਲ ਢੱਕ ਦਿਤਾ। ਫਿਰ ਮੋਟੀ ਮਲਮਲ ਦੇ ਕਾਲੇ ਦੁਪੱਟੇ ਨਾਲ ਹੱਥ ਪੂੰਝਦਿਆਂ ਉਹਨੇ ਆਪਣੇ ਘਰਵਾਲੇ ਨੂੰ ਸਿਰ ਤੋਂ ਪੈਰਾਂ ਤੱਕ ਜੋਖਿਆ।
ਉਹ ਜਾਣਦੀ ਸੀ ਕਿ ਉਹਦੇ ਘਰਵਾਲੇ ਵਰਗਾ ਸਾਊ ਅਤੇ ਅਸੀਲ ਬੰਦਾ ਸਾਰੇ ਕਾਜ਼ੀ ਦੇ ਕੋਟ ਵਿਚ ਹੋਰ ਕੋਈ ਨਹੀਂ ਸੀ। ਪਾਕਬਾਜ਼ ਨਮਾਜ਼ੀ ਸੀ ਤੇ ਮੋਈ ਕੀੜੀ ਉਤੇ ਪੈਰ ਨਹੀਂ ਸੀ ਧਰਦਾ। ਇਸੇ ਲਈ ਪਿੰਡ ਵਿਚ ਝੁੱਲੇ ਜ਼ੁਲਮ ਦੇ ਵਾਵਰੋਲੇ ਵਿਚ ਉਹ ਕੱਖਾਂ ਕਾਨਾਂ ਵਾਂਗ ਹੋ ਗਿਆ ਸੀ।
ਲਾਲਟੈਣ ਚੁੱਕ ਕੇ ਬਰਕਤੇ ਨੇ ਬੱਤੀ ਸੀਖੀ। ਫਿਰ ਅਲੀ ਮੁਹੰਮਦ ਦੇ ਮੋਢੇ ਉਤੇ ਹੱਥ ਧਰਦੀ ਬੋਲੀ, “ਚਲ ਤੁਰ।”
“ਕਿਥੇ?”
“ਕੋਈ ਪਿੰਡ ਦੀ ਖਬਰ ਸੁਰਤ ਲਈਏ। ਖਬਰੇ ਕੀ-ਕੀ ਕਾਰੇ ਵਰਤ ਗਏ ਨੇ।”
“ਨਹੀਂ। ਨਹੀਂ। ਮੈਂ ਨਹੀਂ ਜਾਣਾ।” ਅਲੀ ਮੁਹੰਮਦ ਨੇ ਅੱਖਾਂ ਚੁਰਾਂਦਿਆਂ ਕੋਠੜੀ ਵੱਲ ਵੇਖਿਆ।
“ਕਿਉਂ, ਹੁਣ ਤੈਨੂੰ ਕਾਹਦਾ ਖਤਰਾ ਏ। ਲੁੱਟ ਮਾਰ ਕਰਨ ਵਾਲੇ ਤਾਂ ਕਦੋਂ ਦੇ ਆਪੋ ਆਪਣੇ ਪਿੰਡ ਦੇ ਰਾਹੇ ਪੈ ਗਏ ਨੇ।”
“ਨਹੀਂ। ਨਹੀਂ। ਮੇਰੇ ਤੋਂ ਵੇਖੀ ਨਹੀਂ ਜਾਣੀ।”
“ਕੀ?”
“ਜਿਹੜੀ ਕਿਆਮਤ ਉਹ ਪਿੱਛੇ ਛੱਡ ਗਏ ਨੇ।”
“ਫਿਰ ਤੂੰ ਵੜ ਕੇ ਬੈਠਾ ਰਹੁ ਆਪਣੇ ਘੁਰਨੇ ਵਿਚ, ਮੈਂ ਜਾਨੀ ਆਂ। ਪਤਾ ਨਹੀਂ ਵਿਚਾਰੀ ਖੇਮ ਕੌਰ ਤੇ ਬੀਰੋ ‘ਤੇ ਕੀ ਬਣੀਆਂ।”
ਖੇਮ ਕੌਰ ਦਾ ਨਾਂ ਸੁਣਦਿਆਂ ਏਦਾਂ ਲੱਗਾ ਜਿਵੇਂ ਕਾਂਬਾ ਅਲੀ ਮੁਹੰਮਦ ਨੂੰ ਸਿਰ ਦੇ ਵਾਲਾਂ ਤੀਕ ਛਿੜ ਪਿਆ ਹੋਵੇ। ਖੇਮ ਕੌਰ ਦਾ ਨਾਂ ਸੁਣ ਕੇ ਉਸ ਨੇ ਕੋਠੜੀ ਵੱਲੋਂ ਮੂੰਹ ਭਵਾ ਲਿਆ ਤੇ ਬਰਕਤੇ ਦੀਆਂ ਅੱਖਾਂ ਵਿਚ ਸਿੱਧਾ ਵੇਖਦਾ ਬੋਲਿਆ, “ਤੁਰ ਛੇਤੀ ਕਰ।”
ਉਹ ਪਿੰਡ ਦੀਆਂ ਹਨੇਰੀਆਂ ਸੁੰਨਸਾਨ ਗਲੀਆਂ ਵਿਚ ਨਿਕਲ ਤੁਰੇ। ਸਾਰੇ ਪਿੰਡ ਵਿਚ ਜਿਵੇਂ ਸਾਹੜਸਤੀ ਵਰਤੀ ਪਈ ਸੀ। ਫਿਜ਼ਾ ਖਾਮੋਸ਼ ਹੋ ਗਏ ਨਾਅਰਿਆਂ ਨਾਲ ਅਜੇ ਤੀਕ ਪਾਟੀ ਪਈ ਸੀ। ਅੱਜ ਸਰਘੀ ਤੀਕ ਭਾਦਰੋਂ ਦੀ ਝੜੀ ਲੱਗੀ ਰਹੀ ਤੇ ਗਲੀਆਂ ਵਿਚ ਤਿਲ੍ਹਕਣ ਅਤੇ ਖੋਭਾ ਸੀ। ਉਹ ਬੜੇ ਸੋਘੇ ਹੋ ਕੇ ਕਦਮ ਪੁੱਟ ਰਹੇ ਸਨ। ਧਰਮਸਾਲ ਦੀ ਡਿਉਢੀ ਸਾਹਮਣੇ ਉਹ ਅਚਨਚੇਤ ਠਠੰਬਰ ਕੇ ਖੜੋ ਗਏ। ਬਰੂਹਾਂ ਉਤੇ ਇਕ ਲੋਥ ਮੂਧੜੇ ਮੂੰਹ ਇਸ ਤਰ੍ਹਾਂ ਪਈ ਸੀ ਜਿਵੇਂ ਕੋਈ ਡੰਡੌਤ ਕਰ ਰਿਹਾ ਹੋਵੇ। ਖੱਦਰ ਦੀ ਕਾਲੀ ਪੱਗ ਅਤੇ ਗਾਤਰੇ ਤੋਂ ਉਨ੍ਹਾਂ ਪਛਾਣਿਆ, ਇਹ ਤਾਂ ਧਰਮਸਾਲ ਦੇ ਗ੍ਰੰਥੀ ਭਾਈ ਠਾਕਰ ਸਿੰਘ ਦੀ ਲੋਥ ਸੀ। ਵੇਖਦੇ ਸਾਰ ਅਲੀ ਮੁਹੰਮਦ ਦਾ ਸਾਰਾ ਕਾਂਬਾ ਲੱਥ ਗਿਆ। ਕ੍ਰੋਧ ਨਾਲ ਉਹਦੀਆਂ ਪਿਪਣੀਆਂ ਸੜਨ ਲੱਗੀਆਂ ਤੇ ਉਹਨੂੰ ਲੱਗਾ ਜਿਵੇਂ ਕੋਈ ਖੁੰਢੀ ਕਰਦ ਉਹਦੀ ਆਪਣੀ ਹਿੱਕ ਪਾੜ ਕੇ ਉਹਦੇ ਅੰਦਰ ਟੁੱਟ ਗਈ ਸੀ।
“ਸੂਰ ਨਾ ਹੋਣ ਤੇ।” ਉਹਨੇ ਪਾਟੀ ਹੋਈ ਆਵਾਜ਼ ਵਿਚ ਆਖਿਆ, “ਲੈ ਕੇ ਅਸਲਾਮ ਦੀ ਮਿੱਟੀ ਪਲੀਤ ਕਰਨ ਲੱਗੇ ਨੇ।”
ਭਾਈ ਠਾਕਰ ਸਿੰਘ ਜਿਸ ਦੇ ਬੁੱਲ੍ਹ ਹਰ ਵੇਲੇ ਅੱਲ੍ਹਾ ਦੀ ਬੰਦਗੀ ਵਿਚ ਫਰਕਦੇ ਰਹਿੰਦੇ ਸਨ! ਉਸ ਨੇਕ ਸੀਰਤ ਫਰਿਸ਼ਤੇ ਨੂੰ ਮਾਰ ਕੇ ਬਦ ਦੇ ਤੁਖਮਾਂ ਕੀ ਸਵਾਬ ਖੱਟਿਆ ਸੀ। ਅਲੀ ਮੁਹੰਮਦ ਦੇ ਕਦਮ ਬੱਧੇ ਗਏ। ਲੋਥ ਦੇ ਮੋਢੇ ਅਤੇ ਧੌਣ ਡਿਉਢੀ ਦੀ ਮੁਹਾਠ ‘ਤੇ ਟਿਕੀ ਸੀ, ਤੇ ਬਾਕੀ ਦਾ ਧੜ ਬਾਹਰ ਗਲੀ ਦੇ ਚਿੱਕੜ ਵਿਚ ਲਥਪਥ ਸੀ। ਅਲੀ ਮੁਹੰਮਦ ਨੇ ਦੋਹਾਂ ਪੈਰਾਂ ਤੋਂ ਫੜ ਕੇ ਲੋਥ ਨੂੰ ਭਵਾ ਕੇ ਡਿਉਢੀ ਦੇ ਅੰਦਰ ਕੀਤਾ। ਫਿਰ ਪਰਤ ਕੇ ਚਿਹਰਾ ਉਪਰ ਕੀਤਾ। ਲਾਲਟੈਣ ਦੇ ਚਾਨਣ ਵਿਚ ਉਨ੍ਹਾਂ ਵੇਖਿਆ, ਪੁਣਛ ਦੇ ਗੱਭਰੂ ਦਾ ਚਿਹਰਾ ਜੋ ਕਸ਼ਮੀਰੀ ਸੇਉ ਵਾਂਗ ਭਖਦਾ ਸੀ, ਉਹਦੇ ਉਤੇ ਹੁਣ ਮੌਤ ਦੀ ਜ਼ਰਦੀ ਧੁੰਮੀ ਹੋਈ ਸੀ। ਉਹਦੀ ਪੁੜਪੁੜੀ ‘ਤੇ ਡੂੰਘਾ ਫੱਟ ਸੀ ਤੇ ਉਹਦੀ ਵੱਖੀ ਵਿਚੋਂ ਤਿੱਖੀ ਦਾਤਰੀ ਨੇ ਉਹਦੀਆਂ ਆਂਦਰਾਂ ਬਾਹਰ ਖਿੱਚ ਕੱਢੀਆਂ ਸਨ।
ਕਾਜ਼ੀ ਨੂਰ ਬਖ਼ਸ਼ ਦੀ ਹਵੇਲੀ ਦੀਆਂ ਢਠਵਾਹਣਾਂ ਵਿਚ ਕੁੱਤਾ ਹੁਆਂਕ ਰਿਹਾ ਸੀ। ਇਸ ਹੁਆਂਕ ਨਾਲ ਅਲੀ ਮੁਹੰਮਦ ਦੀ ਕੰਗਰੋੜ ਵਿਚੋਂ ਠੰਢੀ ਕੰਬਣੀ ਲੰਘ ਗਈ। ਕਾਜ਼ੀ ਨੂਰ ਬਖ਼ਸ਼ ਜਿਸ ਨੇ ਕਾਜ਼ੀ ਦਾ ਕੋਟ ਵਸਾਇਆ ਸੀ, ਉਹਦੀ ਰੂਹ, ਅਲੀ ਮੁਹੰਮਦ ਨੂੰ ਜਾਪਿਆ, ਏਸ ਕੁੱਤੇ ਦੀ ਹੁਆਂਕ ਆਪਣੇ ਪਿੰਡ ਦੀ ਬਰਬਾਦੀ ਦਾ ਵਿਰਲਾਪ ਕਰ ਰਹੀ ਸੀ।
ਹਵੇਲੀ ਦੀ ਥੇਹ ਅਤੇ ਕੁੱਤੇ ਦੀ ਹੁਆਂਕ ਕੋਲੋਂ ਤਿੱਖੇ ਕਦਮੀਂ ਦੂਰ ਹੁੰਦੇ ਉਹ ਉਸ ਗਲੀ ਵੱਲ ਮੁੜ ਗਏ ਜੋ ਲਾਂਬਿਆਂ ਦੇ ਵਿਹੜੇ ਵੱਲ ਜਾਂਦੀ ਸੀ। ਕਾਜ਼ੀ ਦੇ ਕੋਟ ਵਿਚ ਹਿੰਦੂਆਂ-ਸਿੱਖਾਂ ਦੇ ਗਿਣਤੀ ਦੇ ਪੰਦਰਾਂ-ਵੀਹ ਘਰ ਸਨ। ਬਹੁਤੇ ਉਨ੍ਹਾਂ ਵਿਚੋਂ ਉਸ ਅਹਾਤੇ ਵਿਚ ਸਨ, ਜੋ ਲਾਂਬਿਆਂ ਦਾ ਵਿਹੜਾ ਅਖਵਾਉਂਦਾ ਸੀ। ਉਹ ਦੋਵੇਂ ਧਾਈ ਕਰ ਕੇ ਛੇਤੀ ਤੋਂ ਛੇਤੀ ਖੇਮ ਕੌਰ ਦੇ ਘਰ ਅਪੜਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਲਾਂਭੇ-ਚਾਂਭੇ ਹੋਰ ਘਰਾਂ ਵਿਚ ਨਾ ਝਾਕਿਆ, ਪਰ ਬਿਨਾ ਝਾਕੇ ਹੀ ਉਨ੍ਹਾਂ ਘਰਾਂ ਦੀ ਬਰਬਾਦੀ ਉਨ੍ਹਾਂ ਦੀ ਚੇਤਨਾ ‘ਤੇ ਉਕਰੀ ਗਈ। ਬਾਰ ਬੂਹੇ ਟੁੱਟੇ ਪਏ ਸਨ ਤੇ ਹਾਬੜੀਆਂ ਧਾੜਾਂ ਘਰਾਂ ਦੀਆਂ ਚੁਗਾਠਾਂ ਤੀਕ ਲਾਹ ਕੇ ਲੈ ਗਈਆਂ ਸਨ। ਖੇਮ ਕੌਰ ਦੇ ਘਰ ਦਾ ਬਾਰ ਉਨ੍ਹਾਂ ਨੂੰ ਠਕੋਰਨਾ ਨਾ ਪਿਆ, ਕਿਉਂ ਜੋ ਉਹ ਬਾਰ ਦੀ ਚੁਗਾਠ ਸਮੇਤ ਲੁੱਟਿਆ-ਪੁੱਟਿਆ ਗਿਆ ਸੀ। ਇਹੀ ਹਾਲ ਪਸਾਰ, ਕੋਠੜੀ ਤੇ ਰਸੋਈ ਦੇ ਬਾਰਾਂ ਚੁਗਾਠਾਂ ਦਾ ਸੀ। ਅਖਵਾਨਿਆਂ ਵਿਚੋਂ ਜਿਵੇਂ ਕਿਸੇ ਨੇ ਅੱਖਾਂ ਕੱਢ ਲਈਆਂ ਸਨ ਤੇ ਬਿਨਾ ਭਿਤਾਂ ਚੁਗਾਠਾਂ ਦੇ ਸਾਰਾ ਘਰ ਅੰਨ੍ਹਾ ਖੋਲਾ ਨਜ਼ਰ ਆਉਂਦਾ ਸੀ। ਰਸੋਈ ਅਤੇ ਪਸਾਰ ਦੇ ਵਿਚਕਾਰ ਚੌਂਕੇ ਦੇ ਫਰਸ਼ ‘ਤੇ ਕੁੱਤਾ ਮਰਿਆ ਪਿਆ ਸੀ। ਉਹਦੀ ਕਾਲੀ ਸ਼ਾਹ ਜਤ ਤੋਂ ਬਰਕਤੇ ਨੇ ਪਛਾਣਿਆ, ਉਹ ਲਾਂਬਿਆਂ ਦੇ ਵਿਹੜੇ ਦੇ ਕੁੱਤਿਆਂ ਵਿਚੋਂ ਸੀ। ਕੁੱਤੇ ਦੀ ਗਰਦਨ ‘ਤੇ ਕੁਹਾੜੀ ਦਾ ਡੂੰਘਾ ਫੱਟ ਸੀ ਤੇ ਉਹਦੇ ਸਰੀਰ ਦਾ ਸਾਰਾ ਲਹੂ ਚੌਂਕੇ ਦੇ ਕੱਚੇ ਫਰਸ਼ ਵਿਚ ਜੀਰ ਗਿਆ ਸੀ।
ਪਸਾਰ ਵੜ੍ਹਦਿਆਂ ਹੀ ਉਨ੍ਹਾਂ ਨੂੰ ਦੋ ਜਨਾਨਾ ਲੋਥਾਂ ਨਜ਼ਰ ਆਈਆਂ। ਵੇਖ ਕੇ ਬਰਕਤੇ ਦਾ ਅੰਦਰ ਵੱਢ ਹੋ ਗਿਆ, ਪਰ ਜਦੋਂ ਉਨ੍ਹਾਂ ਲਾਲਟੈਣ ਦੇ ਚਾਨਣ ਵਿਚ ਨੀਝ ਲਾਈ ਤਾਂ ਖੇਮ ਕੌਰ ਦੇ ਸਵਾਸਾਂ ਦੀ ਆਵਾਜਾਈ ਵੇਖ ਕੇ ਉਹ ਤ੍ਰਭਕੇ। ਖੇਮ ਕੌਰ ਬੇਸੁਰਤ ਸੀ। ਮੱਥੇ ‘ਤੇ ਫੱਟ ਸੀ ਜੋ ਬਹੁਤਾ ਡੂੰਘਾ ਨਹੀਂ ਸੀ। ਡਾਂਗ ਦਾ ਫੱਟ ਜਾਪਦਾ ਸੀ। ਖੇਮ ਕੌਰ ਵੱਲੋਂ ਉਨ੍ਹਾਂ ਤੁਰੰਤ ਆਪਣੀ ਸੁਰਤ ਉਹਦੀ ਮੁਟਿਆਰ ਧੀ ਵੱਲ ਮੋੜੀ। ਕੀ ਜਾਣੀਏ, ਉਹ ਵੀ ਜਿਉਂਦੀ ਹੋਵੇ। ਕੁੜੀ ਦੇ ਪਿੰਡੇ ‘ਤੇ ਫੱਟ ਦਾ ਕੋਈ ਨਿਸ਼ਾਨ ਨਹੀਂ ਸੀ, ਪਰ ਮੂੰਹ ਵਿਚੋਂ ਵਗੇ ਲਹੂ ਨੇ ਉਹਦੀ ਸੰਦਲੀ ਚੁੰਨੀ ਉਤੇ ਕਾਲਾ ਡੱਬ ਪਾ ਦਿੱਤਾ ਸੀ। ਬਰਕਤੇ ਨੇ ਕੁੜੀ ਦਾ ਮੱਥਾ ਛੂਹਿਆ। ਮੌਤ ਦੀ ਐਸੀ ਠਾਰ ਸੀ ਜਿਵੇਂ ਉਹਨੇ ਸਿਆਲ ਵਿਚ ਸੰਗਮਰਮਰ ਦੀ ਸਿੱਲ੍ਹ ਛੋਹ ਲਈ ਹੋਵੇ।
ਸਿਰੋਂ ਲਾਹ ਕੇ ਕਾਲੀ ਮਲਮਲ ਦਾ ਲੀੜਾ ਬਰਕਤੇ ਨੇ ਬੀਰੋ ਦੀ ਲੋਥ ‘ਤੇ ਪਾ ਦਿੱਤਾ। ਉਹ ਉਭੇ ਸਾਹ ਭਰ ਰਹੀ ਸੀ। ਅਲੀ ਮੁਹੰਮਦ ਦੰਦ ਕਰੀਚ ਰਿਹਾ ਸੀ ਕਿ ਇਹ ਸਾਰੀ ਕਰਨੀ ਕਰਤੂਤ ਉਹਦੇ ਹਮ-ਮਜ਼ਹਬਾਂ ਦੀ ਸੀ, ਸੋਚ ਕੇ ਉਹ ਅੰਦਰੋਂ ਪਾਣੀ ਪਾਣੀ ਹੋ ਰਿਹਾ ਸੀ। ਅੰਤਾਂ ਦੀ ਗਿਲਾਨੀ ਉਹਨੂੰ ਇਸ ਗੱਲੋਂ ਆ ਰਹੀ ਸੀ ਕਿ ਜਦੋਂ ਟਾਹਰਾਂ ਮਾਰਦੀਆਂ ਧਾੜਾਂ ਪਿੰਡ ਵਿਚ ਆਣ ਵੜੀਆਂ ਸਨ ਤਾਂ ਉਹਨੇ ਆਪਣੇ ਘਰ ਦੀ ਕੋਠੜੀ ਵਿਚ ਵੜ ਕੇ ਕੁੰਡਾ ਚੜ੍ਹਾ ਲਿਆ ਸੀ।
ਬੀਰੋ ਲਈ ਉਹ ਕੁਝ ਨਹੀਂ ਸਨ ਕਰ ਸਕਦੇ। ਖੇਮ ਕੌਰ ਲਈ ਉਨ੍ਹਾਂ ਇਕ ਪਲ ਨਾ ਗਵਾਇਆ। ਬੇਹੋਸ਼ ਸਵਾਣੀ ਦਾ ਨਿਤਾਣਾ ਤੇ ਇਕਹਿਰਾ ਸਰੀਰ ਅਲੀ ਮੁਹੰਮਦ ਨੇ ਆਪਣੇ ਚੌੜੇ ਮੋਢੇ ‘ਤੇ ਸੁੱਟ ਲਿਆ ਤੇ ਉਹਨੂੰ ਆਪਣੇ ਘਰ ਲੈ ਆਏ।
ਘਿਉ ਵਿਚ ਹਲਦੀ ਸਾੜ ਕੇ ਬਰਕਤੇ ਨੇ ਖੇਮ ਕੌਰ ਦੇ ਫੱਟ ‘ਤੇ ਲਾਈ। ਫਿਰ ਪੁਰਾਣੇ ਲੀੜੇ ਦੀ ਕਾਤਰ ਪਾੜ ਕੇ ਉਹਦਾ ਮੱਥਾ ਬੰਨ੍ਹ ਦਿਤਾ।
ਸਾਰੀ ਰਾਤ ਖੇਮ ਕੌਰ ਬੇਸੁਰਤ ਪਈ ਰਹੀ। ਕਦੀ-ਕਦੀ ਉਹਦੇ ਸਿਕਰਾਏ ਬੁੱਲ੍ਹ ਕੰਬਦੇ। ਅੱਧੀ ਰਾਤ ਮਗਰੋਂ ਫੱਟ ਦੇ ਕਾਰਨ ਉਹਨੂੰ ਤਾਪ ਚੜ੍ਹ ਗਿਆ। ਪਿੰਡੇ ਵਿਚੋਂ ਲਾਟਾਂ ਸੇਕ ਮਾਰਨ ਲੱਗੀਆਂ। ਸਾਰੀ ਰਾਤ ਬਰਕਤੇ ਅਤੇ ਅਲੀ ਮੁਹੰਮਦ ਨੇ ਗਿੱਲੇ ਗੋਹੇ ਵਾਂਗ ਧੁਖਦੀਆਂ ਅੱਖਾਂ ਵਿਚ ਕਟੀ। ਸਾਰੀ ਰਾਤ ਬਰਕਤੇ ਦੇ ਖੈਰ ਮੰਗਦੇ ਹੱਥ ਦੁਆ ਵਿਚ ਉਠੇ ਰਹੇ।
ਖੇਮ ਕੌਰ ਵਰਗੀ ਸਾਊ ਸੁਆਣੀ, ਉਹ ਦੋਵੇਂ ਜੀਅ ਸੋਚਦੇ ਰਹੇ, ਰੱਜ ਕੇ ਮਿਠਬੋਲੀ, ਕਦੀ ਅੱਖ ਵਿਚ ਪਾਇਆਂ ਨਹੀਂ ਰੜਕੀ। ਆਪਣੀ ਬਾਰਾਂ ਕਿੱਲੇ ਭੌਂ ਨਾਲ ਉਹਨੇ ਆਪਣਾ ਰੰਡੇਪਾ ਪਤ ਅਬਰੋ ਵਿਚ ਕੱਟਿਆ ਸੀ। ਅਲੀ ਮੁਹੰਮਦ ਉਹਦਾ ਸੀਰੀ ਸੀ। ਵਾਹੀ ਕਰ ਕੇ ਤੀਜਾ ਹਿੱਸਾ ਲੈਂਦਾ ਸੀ। ਹਰ ਦੁੱਖ ਦਰਦ ਵੇਲੇ ਖੇਮ ਕੌਰ ਨੇ ਉਨ੍ਹਾਂ ਨੂੰ ਬਾਂਹ ਦਿਤੀ ਸੀ ਤੇ ਹੋਰ ਕਈ ਲੋੜਵੰਦਾਂ ਦੀਆਂ ਲੋੜਾਂ ਸਾਰੀਆਂ ਸਨ।
ਕਈ ਵਾਰੀ ਬਰਕਤੇ ਆਪਣੀਆਂ ਚਾਂਦੀ ਦੀਆਂ ਮੁਰਕੀਆਂ ਦੁਪੱਟੇ ਕੰਨੀਂ ਬੰਨ੍ਹ ਲਿਜਾਂਦੀ ਤੇ ਆਖਦੀ, “ਭਣੇਵੀ ਮੇਰੀ ਦਾ ਵਿਆਹ ਏ, ਆਉਂਦੀ ਜੁਮੇਰਾਤ ਨੂੰ। ਵੀਹ ਰੁਪਈਆਂ ਬਾਝੋਂ ਮੇਰਾ ਝਟ ਨਹੀਂ ਸਰਨਾ। ਆਹ ਟੂੰਬਾਂ ਅਮਾਨਤ ਨੇ।”
ਅੱਗੋਂ ਖੇਮ ਕੌਰ ਬੜੇ ਨਿਹੋਰੇ ਨਾਲ ਕਹਿੰਦੀ, “ਕਮਲੀਆਂ ਗੱਲਾਂ ਨਾ ਕਰਿਆ ਕਰ ਬਰਕਤੇ। ਮੈਂ ਵਿਆਜ ਲੈਣ ਵਾਲੀ ਸ਼ਾਹਣੀ ਨਹੀਂ, ਨਾ ਮੈਨੂੰ ਕੋਈ ਬੇਵਿਸਾਹੀ ਏ। ਟੂੰਬਾਂ ਮੈਂ ਕਦੀ ਕਿਸੇ ਦੀਆਂ ਬੇਬੇ ਪਾਈਆਂ ਨੇ ਜੋ ਤੇਰੀਆਂ ਪਾਵਾਂ। ਰੁਪਈਏ ਲੋੜ ਗੋਚਰੇ ਲੈ ਜਾ।”
ਇਹੋ ਜਿਹੀ ਨੇਕ ਦਿਲ ਸਵਾਣੀ ‘ਤੇ ਇਹ ਕੀ ਬਣੀਆਂ। ਆਪਣੇ ਏਡੇ ਭਲੇ ਬੰਦਿਆਂ ‘ਤੇ ਰੱਬ ਕਿਉਂ ਜ਼ੁਲਮ ਢਾਹੁੰਦਾ ਏ। ਬਰਕਤੇ ਦਾ ਈਮਾਨ ਮੁਨਕਰ ਹੁੰਦਾ ਜਾਂਦਾ ਸੀ।
ਲੰਬੀ ਹਨੇਰੀ ਰਾਤ ਮਗਰੋਂ ਜਦੋਂ ਲੋ ਲੱਗੀ ਤਾਂ ਏਦਾਂ ਜਿਵੇਂ ਰਾਤ ਨੂੰ ਕਿਸੇ ਨੇ ਖੁੰਢੀ ਛੁਰੀ ਨਾਲ ਜ਼ਿਬਾਹ ਕਰ ਦਿਤਾ ਹੋਵੇ।
ਅਗਲਾ ਸਾਰਾ ਦਿਨ ਵੀ ਖੇਮ ਕੌਰ ਤਾਪ ਨਾਲ ਹੂੰਗਰਦੀ ਬੇਸੁਰਤ ਪਈ ਰਹੀ। ਕਈ ਵਾਰੀ ਬਰਕਤੇ ਨੇ ਗਰਮ ਦੁੱਧ ਦਾ ਚਿਮਚਾ ਉਹਦੇ ਮੂੰਹ ਵਿਚ ਪਾਇਆ, ਪਰ ਉਹ ਵਰਾਛਾਂ ਵਿਚੋਂ ਵਗ ਗਿਆ।
ਆਥਣ ਵੇਲੇ ਖੇਮ ਕੌਰ ਦੀਆਂ ਅੱਖਾਂ ਨੇ ਛੱਪਰ ਚੁੱਕੇ। ਕਿੰਨਾ ਚਿਰ ਉਹਦੀਆਂ ਡੌਰ-ਭੌਰ ਤੱਕਣੀਆਂ ਬਰਕਤੇ ਦੇ ਮੂੰਹ ‘ਤੇ ਫਟੱਕਦੀਆਂ ਰਹੀਆਂ। ਫਿਰ ਜਦੋਂ ‘ਵਾਜ਼ ਉਹਦੇ ਮੂੰਹੋਂ ਨਿਕਲੀ “ਹਾਏ ਨੀ ਬਰਕਤੇ! ਮੈਂ ਕਿਥੇ ਆਂ। ਕੀ ਹੋਇਆ ਏ ਮੈਨੂੰ। ਮੇਰੇ ਸਿਰ ਨੂੰ ਲਾਟਾਂ ਚੜ੍ਹ ਰਹੀਆਂ ਨੇ, ਤੇ ਮੇਰਾ ਮੰਜਾ ਭੁਆਂਟਣੀਆਂ ਖਾ ਰਿਹਾ ਏ।”
ਹੁਣ ਬਰਕਤੇ ਨੇ ਅੰਦਰੇ ਅੰਦਰ ਪੀੜ ਦੀ ਬੁੱਕਲ ਮਾਰੀ ਰੱਖੀ ਸੀ। ਉਹਨੂੰ ਡੋਬੂ ਪੈਂਦੇ ਰਹੇ ਸਨ, ਪਰ ਉਹਨੇ ਕਸੀਸ ਵੱਟ ਕੇ ਜਰੇ ਸਨ। ਖੇਮ ਕੌਰ ਦੀਆਂ ਪੁੱਛਾਂ ਦੇ ਰੂਬਰੂ ਉਹਦੇ ਜ਼ਬਤ ਦਾ ਕੜ ਪਾਟ ਗਿਆ।
“ਕਹੇ ਚੰਦਰੇ ਦਿਨ ਆ ਗਏ ਸ਼ਾਹਣੀਏ! ਹਾਏ ਅੰਗਰੇਜ਼ ਦੇ ਰਾਜ ਵਿਚ ਕਿੰਨਾ ਸੁੱਖ ਸੀ। ਚਿੜੀ ਪਰ ਨਹੀਂ ਸੀ ਮਾਰਦੀ। ਨਿਜ ਆਉਂਦਾ ਇਹ ਆਪਣਾ ਰਾਜ ਤੇ ਨਿਜ ਬਣਦਾ ਪਾਕਿਸਤਾਨ।”
ਅਲੀ ਮੁਹੰਮਦ ਕੁਝ ਬੋਲ ਨਹੀਂ ਸੀ ਰਿਹਾ, ਪਰ ਉਹਦੇ ਮਨ ਦਾ ਭਰਿਆ ਗੱਚ ਬਰਕਤੇ ਦਾ ਮੂਕ ਹੁੰਗਾਰਾ ਭਰ ਰਿਹਾ ਸੀ।
ਬਰਕਤੇ ਦੀ ਗੱਲ ਸੁਣ ਖੇਮ ਕੌਰ ਨੂੰ ਸਭ ਕੁਝ ਯਾਦ ਆ ਗਿਆ।
“ਹਾਏ ਮੇਰੀ ਧੀ।” ਉਹ ਡਡਿਆਈ, “ਮੇਰੀ ਕੁਆਰੀ ਕੰਜਕ ਨੂੰ ਲੈ ਗਏ ਉਹ ਚੰਦਰੇ। ਮੈਂ ਉਨ੍ਹਾਂ ਨੂੰ ਬਹੁੜੀਆਂ ਪਾਉਂਦੀ ਰਹੀ। ਅੱਲ੍ਹਾ ਰਸੂਲ ਦੇ ਵਾਸਤੇ ਪਾਉਂਦੀ ਰਹੀ। ਹਾਏ ਟੁੱਟ ਪੈਣਿਓਂ, ਤੁਹਾਡਾ ਕਿਸੇ ਜੁਗ ਭਲਾ ਨਾ ਹੋਵੇ।”
“ਨਹੀਂ ਸ਼ਾਹਣੀਏ, ਕੁੜੀ ਨੂੰ ਤਾਂ ਜ਼ਾਲਮਾਂ ਨੇ ਮਾਰ ਮੁਕਾਇਆ। ਮੈਂ ਤੇ ਮੇਰਾ ਘਰ ਵਾਲਾ ਉਹਦੀ ਲੋਥ ਪਸਾਰ ਵਿਚ ਅੱਖੀਂ ਵੇਖ ਕੇ ਆਏ ਹਾਂ।”
ਖੇਮ ਕੌਰ ਦੇ ਚਿਹਰੇ ‘ਤੇ ਮੱਧਮ ਜਿਹੀ ਧਰਵਾਸ ਦੀ ਲੋ ਆਈ ਤੇ ਲੋਪ ਹੋ ਗਈ।
“ਨਹੀਂ ਨਹੀਂ।” ਉਹ ਵਿਲਕੀ, “ਮੈਨੂੰ ਬੁਢੜੀ ਨੂੰ ਉਨ੍ਹਾਂ ਜਾਨੋਂ ਨਾ ਮਾਰਿਆ। ਜਵਾਨ ਕੁੜੀ ਨੂੰ ਉਨ੍ਹਾਂ ਕਾਹਨੂੰ ਮਾਰਨਾ ਸੀ।”
ਫਿਰ ਜਿਵੇਂ ਉਹਦੀ ਧੁੰਦਲੀ ਚੇਤਨਾ ਵਿਚ ਕੋਈ ਝਰੋਖਾ ਖੁੱਲ੍ਹ ਗਿਆ ਹੋਵੇ।
“ਹਾਂ ਸੱਚ। ਮੈਨੂੰ ‘ਵਾਜ਼ ਆਈ ਸੀ ਬੀਰੋ ਦੀ। ਆਂਹਦੀ ਸੀ, ਬੇਬੇ ਮੈਨੂੰ ਪੁੜੀ ਲੱਭ ਪਈ ਏ। ਜ਼ਰੂਰ ਉਹਨੇ ਖਾ ਲਈ ਹੋਵੇਗੀ। ਹਾਏ ਬਰਕਤੇ, ਮੈਨੂੰ ਮੇਰੀ ਮੋਈ ਧੀ ਦਾ ਮੂੰਹ ਵਿਖਾ ਦੇ। ਮੇਰੇ ਕਲੇਜੇ ਠੰਢ ਪੈ ਜਾਏ।”
ਅਚਨਚੇਤ ਅਲੀ ਮੁਹੰਮਦ ਦੇ ਅੰਦਰੋਂ ਰੋਣ ਦਾ ਬੰਨ੍ਹ ਪਾਟ ਗਿਆ। ਸਿਰ ਫੜਦਿਆਂ ਉਹਨੇ ਧਾਹ ਮਾਰੀ।
ਉਹਦੇ ਮੋਢੇ 'ਤੇ ਹੱਥ ਧਰ ਕੇ ਉਹਨੂੰ ਵਰਚਾਣ ਦਾ ਜਤਨ ਕਰਦੀ ਬਰਕਤੇ ਆਪ ਭੁੱਬਾਂ ਮਾਰ ਉਠੀ।
ਜਦੋਂ ਉਨ੍ਹਾਂ ਦਾ ਰੋਣ ਠੱਲ੍ਹਿਆ ਤਾਂ ਉਨ੍ਹਾਂ ਸੁਣਿਆ, ਖੇਮ ਕੌਰ ਆਖ ਰਹੀ ਸੀ, “ਹਾਏ ਨੀ ਬਰਕਤੇ, ਮੇਰੀ ਧੀ ਦੇ ਸਸਕਾਰ ਦਾ ਕੋਈ ਉੜ੍ਹਪੋੜ ਕਰੋ।”
ਤਿਕਾਲਾਂ ਡੂੰਘੀਆਂ ਪੈ ਗਈਆਂ ਸਨ। ਅੱਗੇ-ਅੱਗੇ ਅਲੀ ਮੁਹੰਮਦ ਜਾ ਰਿਹਾ ਸੀ। ਉਹਦੇ ਹੱਥ ਵਿਚ ਲਾਲਟੈਣ ਤੇ ਦੂਜੇ ਵਿਚ ਘਿਉ ਦਾ ਕੁੱਜਾ ਸੀ। ਬਰਕਤੇ ਨੇ ਦੋਹਾਂ ਹੱਥਾਂ ਨਾਲ ਖੇਮ ਕੌਰ ਨੂੰ ਥੰਮ੍ਹਿਆ ਹੋਇਆ ਸੀ। ਨਿੱਕੇ ਨਿੱਕੇ ਕਦਮ ਪੁੱਟਦੇ ਉਹਨੂੰ ਉਹਦੇ ਘਰ ਲੈ ਆਏ।
ਬਾਲਣ ਵਾਲੀ ਕੋਠੜੀ ਖਾਲੀ ਕਰ ਕੇ ਉਨ੍ਹਾਂ ਵਿਹੜੇ ਵਿਚ ਚਿਖਾ ਬਣਾਈ। ਬਰਕਤੇ ਨੇ ਕਾਲੇ ਦੁਪੱਟੇ ਵਿਚ ਵਲ੍ਹੇਟੀ ਬੀਰੋ ਦੀ ਲੋਥ ਨੂੰ ਉਤੇ ਟਿਕਾ ਦਿਤਾ।
“ਹਾਏ ਧੀਏ।” ਖੇਮ ਕੌਰ ਕੀਰਨੇ ਪਾ ਰਹੀ ਸੀ, “ਮੈਂ ਤੈਨੂੰ ਬੁੱਕਲਾਂ ਵਿਚ ਲੁਕਾ ਲੁਕਾ ਪਾਲਿਆ ਸੀ। ਨੀਂ ਮੇਰੀਏ ਚੰਦਨ ਗੇਲੀਏ, ਨੀਂ ਮੇਰੀਏ ਸੁਹਣੀਏਂ ਲਾੜੀਏ, ਤੈਨੂੰ ਰੱਤੇ ਡੋਲੇ ਪਾ ਚਲੀ ਆਂ।”
ਚਿਖਾ ਦੀਆਂ ਲਾਟਾਂ ਬਰਕਤੇ ਦੇ ਦਿਲ ਅਤੇ ਦਿਮਾਗ ਵਿਚ ਮੱਚ ਉਠੀਆਂ।
“ਅੱਗ ਲੱਗ ਜਾਏ ਇਹੋ ਜਿਹੇ ਪਾਕਿਸਤਾਨ ਨੂੰ।” ਉਹ ਕੁਰਲਾਈ, “ਇਹੋ ਜਿਹੇ ਪਾਕਿਸਤਾਨ ਨੂੰ ਅਸਾਂ ਫੂਕਣਾ ਏਂ।”
ਭੜਮਚਿਆਂ ਦਾ ਚਾਨਣ ਚੌਂਕੇ ਵਿਚ ਪੁੱਜਾ ਤਾਂ ਖੇਮ ਕੌਰ ਦੀਆਂ ਨੀਝਾਂ ਮੋਏ ਕੁੱਤੇ 'ਤੇ ਪਈਆਂ।
“ਵੇ ਮੋਤੀ। ਹਾਏ ਕਸਾਈਓ ਤੁਸਾਂ ਮੇਰਾ ਮੋਤੀ ਵੀ ਮਾਰ ਮੁਕਾਇਆ। ਨੀਂ ਬਰਕਤੇ ਆਹ ਫੜ ਮੇਰਾ ਦੁਪੱਟਾ। ਮੇਰੇ ਮੋਤੀ ‘ਤੇ ਪਾ ਦੇ। ਇਹ ਮੇਰਾ ਸ਼ੇਰ ਪੁੱਤਰ ਈ। ਇਹਦੇ ਸਦਕਾ ਮੇਰੀ ਧੀ ਦੀ ਪਾਣ ਪਤ ਸਲਾਮਤ ਰਹੀ ਏ। ਜਦੋਂ ਉਨ੍ਹਾਂ ਸਾਡਾ ਬਾਹਰਲਾ ਬਾਰ ਭੰਨਣਾ ਸ਼ੁਰੂ ਕੀਤਾ ਤਾਂ ਬੀਰੋ ਨੂੰ ਉਹ ਮੋਹਰੇ ਦੀ ਪੁੜੀ ਨਾ ਲੱਭੇ, ਜਿਹੜੀ ਪਿਛਲੀ ਸੰਗਰਾਂਦ ਨੂੰ ਉਹ ਧਰਮਸਾਲੋਂ ਲਿਆਈ ਸੀ। ਮੋਹਰੇ ਦੀਆਂ ਪੁੜੀਆਂ ਭਾਈ ਠਾਕਰ ਸਿੰਘ ਨੇ ਸਭ ਕੁੜੀਆਂ ਨੂੰ ਆਪ ਵੰਡੀਆਂ ਸਨ। ਸੰਭਾਲ ਕੇ ਬੀਰੋ ਨੇ ਚੁੰਨੀ ਦੀ ਕੰਨੀਂ ਨਾਲ ਬੰਨ੍ਹ ਛੱਡੀ ਸੀ, ਪਰ ਵੇਲੇ ਸਿਰ ਉਹਨੂੰ ਉਹ ਚੁੰਨੀ ਨਾ ਲੱਭੇ। ਮੋਤੀ ਉਨ੍ਹਾਂ ਕਸਾਈਆਂ ਨਾਲ ਢੇਰ ਚਿਰ ਭਿੜਦਾ ਰਿਹਾ। ਭੌਂਕ ਭੌਂਕ ਕੇ ਉਨ੍ਹਾਂ ਦੇ ਗਲ ਨੂੰ ਆਉਂਦਾ ਰਿਹਾ। ਫਿਰ ਲੰਮੀ ਚਾਂਗਰ ਮਗਰੋਂ ਉਹਦੀ ‘ਵਾਜ਼ ਆਉਣੀ ਬੰਦ ਹੋ ਗਈ ਤੇ ਉਸੇ ਘੜੀ ਉਨ੍ਹਾਂ ਸਾਡੇ ਪਸਾਰ ਦਾ ਬੂਹਾ ਤੋੜ ਦਿਤਾ।”
ਬਰਕਤੇ ਤੇ ਅਲੀ ਮੁਹੰਮਦ ਸੁੰਨਸਾਨ ਨਜ਼ਰਾਂ ਨਾਲ ਕਦੀ ਖੇਮ ਕੌਰ ਨੂੰ ਤੇ ਕਦੀ ਬਲਦੀ ਚਿਖਾ ਨੂੰ ਵੇਖ ਰਹੇ ਸਨ।
“ਵੇ ਭਰਾਵਾ ਅਲੀ ਮੁਹੰਮਦਾ!” ਖੇਮ ਕੌਰ ਨੇ ਆਖਿਆ, “ਏਸ ਮੇਰੇ ਸਰਵਣ ਪੁੱਤਰ ਨੂੰ ਵੀ ਏਸੇ ਚਿਖਾ ਵਿਚ ਲਿਟਾ ਦੇ। ਇਹਦੇ ਸਿਦਕ ਤੋਂ ਮੈਂ ਘੋਲ ਘਤੀ ਆਂ। ਵੇਖੇਂ ਨਾ ਕਮਲੇ ਜਿਹੇ ਨੇ ਸੁੱਕੇ ਟੁੱਕਰ ਦੀਆਂ ਚਾਰ ਬੁਰਕੀਆਂ ਬਦਲੇ ਆਪਣੀ ਜਾਨ ਦੇ ਦਿਤੀ। ਵੇ ਮੇਰੇ ਸੁੱਚੇ ਮੋਤੀਆ, ਵੇ ਮੇਰੇ ਹੀਰੇ ਮਿਰਗਾ, ਤੇਰੀਆਂ ਦੇਣੀਆਂ ਮੈਂ ਕਿਥੇ ਦੇਵਾਂਗੀ। ਜਾਹ ਤੇਰਾ ਸੁਰਗਾਂ ਵਿਚ ਵਾਸਾ ਹੋਵੇ। ਜੇ ਕਦੀ ਮੁੜ ਜੰਮੇਂ ਤਾਂ ਤੈਨੂੰ ਇਹੋ ਜੂਨ ਮਿਲੇ। ਰੱਬ ਤੈਨੂੰ ਕਦੀ ਨਿਜ-ਹੋਣੀ ਮਨੁੱਖਾ ਜੂਨ ਵਿਚ ਨਾ ਪਾਏ।”

ਪੰਜਾਬੀ ਕਹਾਣੀਆਂ (ਮੁੱਖ ਪੰਨਾ)