Mohinder Singh Sarna
ਮਹਿੰਦਰ ਸਿੰਘ ਸਰਨਾ

ਮਹਿੰਦਰ ਸਿੰਘ ਸਰਨਾ (੧੯੨੩-੨੦੦੧) ਦਾ ਜਨਮ ਸਰਦਾਰ ਭਗਵਾਨ ਸਿੰਘ ਦੇ ਘਰ ਰਾਵਲਪਿੰਡੀ (ਹੁਣ ਪਾਕਿਸਤਾਨ) ਵਿੱਚ ਹੋਇਆ। ਉਸਨੇ ਅੰਗਰੇਜ਼ੀ ਦੇ ਵਿਸ਼ੇ ਵਿੱਚ ਬੀ: ਏ ਆਨਰਜ਼ ਦੀ ਡਿਗਰੀ ਹਾਸਲ ਕੀਤੀ ਅਤੇ ਫ਼ਿਰ ਦਫ਼ਤਰੀ ਅਮਲੇ ਵਿੱਚ ਨੌਕਰ ਹੋ ਗਿਆ। ਤਰੱਕੀ ਕਰਦਾ ਉਹ ਇੰਡੀਅਨ ਆਡਿਟ ਐਂਡ ਅਕਾਊਂਟਸ ਸਰਵਿਸ ਦੇ ਮਹਿਕਮੇ ਵਿੱਚ ਅਕਾਊਂਟੈਂਟ ਜਨਰਲ ਦੇ ਉੱਚ ਅਹੁਦੇ ਤੱਕ ਪਹੁੰਚਿਆ । ਉਸਨੇ ਨਾਵਲ, ਵਾਰਤਕ ਅਤੇ ਮਹਾਂਕਾਵਿ ਦੇ ਖ਼ੇਤਰ ਵਿੱਚ ਵੀ ਗੌਲਣਯੋਗ ਰਚਨਾ ਕੀਤੀ ਪਰ ਇੱਕ ਕਹਾਣੀਕਾਰ ਵਜੋਂ ਉਸਨੂੰ ਉਚੇਚਾ ਆਦਰ ਸਨਮਾਨ ਪ੍ਰਾਪਤ ਹੋਇਆ। ਉਸਦੇ ਪ੍ਰਕਾਸ਼ਿਤ ਯਾਰਾਂ ਕਹਾਣੀ-ਸੰਗ੍ਰਹਿਆਂ ਵਿੱਚ ਉਸਦੀਆਂ ੨੩੫ ਕਹਾਣੀਆਂ ਉਪਲਬਧ ਹਨ। ਉਸਦੀਆਂ ਕਥਾ ਰਚਨਾਵਾਂ ਹਨ: ਪੱਥਰ ਦੇ ਆਦਮੀ, ਸ਼ਗਨਾਂ ਭਰੀ ਸਵੇਰ, ਸੁਪਨਿਆਂ ਦੀ ਸੀਮਾ, ਵੰਝਲੀ ਅਤੇ ਵਿਲਕਣੀ, ਛਵੀਆਂ ਦੀ ਰੁੱਤ, ਕਾਲਿੰਗਾ, ਸੁੰਦਰ ਘਾਟੀ ਦੀ ਸਹੁੰ, ਸੂਹਾ ਸਾਲੂ-ਸੂਹਾ ਗੁਲਾਬ, ਕਾਲਾ ਬੱਦਲ, ਕੂਲੀ ਧੁੱਪ, ਨਵੇਂ ਯੁਗ ਦੇ ਵਾਰਿਸ, ਔਰਤ ਈਮਾਨ, ਮੇਰੀਆਂ ਚੋਣਵੀਆਂ ਕਹਾਣੀਆਂ ।੧੯੯੪ ਵਿੱਚ ਉਸਨੂੰ 'ਨਵੇਂ ਯੁਗ ਦੇ ਵਾਰਿਸ' ਵਾਸਤੇ ਸਾਹਿਤ ਅਕਾਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ ।