Jathedar Mukand Singh (Punjabi Story) : Mohinder Singh Sarna

ਜਥੇਦਾਰ ਮੁਕੰਦ ਸਿੰਘ (ਕਹਾਣੀ) : ਮਹਿੰਦਰ ਸਿੰਘ ਸਰਨਾ

ਸੁਣਦਿਆਂ ਸਾਰ ਜਥੇਦਾਰ ਮੁਕੰਦ ਸਿੰਘ ਦੀਆਂ ਅੱਖਾਂ ਵਿਚ ਲਹੂ ਉਤਰ ਆਇਆ।
"ਪਰ ਇਹ ਹੋਇਆ ਕੀਕਣ?" ਕੜਕਦੀ ਆਵਾਜ਼ ਵਿਚ ਉਹਨੇ ਆਪਣੇ ਨਾਇਬ ਨੱਥੂ ਝੀਊਰ ਨੂੰ ਪੁੱਛਿਆ।
"ਜਾਣੋ ਜੀ, ਬਾਰ ਨੂੰ ਤਾਂ ਬਾਹਰੋਂ ਜਿੰਦਾ ਲੱਗਾ ਸੀ। ਅਜੇ ਵੀ ਚੱਲ ਕੇ ਅੱਖੀਂ ਵੇਖ ਲਵੋ।" ਨੱਥੂ ਨੇ ਸਫ਼ਾਈ ਪੇਸ਼ ਕੀਤੀ, "ਪਰ ਪਤੰਦਰਾਂ ਨੇ ਖਿੜਕੀ ਦੀ ਚਿਟਖਨੀ ਖੋਲ੍ਹ ਕੇ ਸੀਖਾਂ ਵਿੰਗੀਆਂ ਕਰ ਲਈਆਂ।"
"ਕਿੰਨੇ ਕੁ ਨੱਠਣ ਲੱਗੇ ਸੀ?"
"ਜਾਣੋ ਜੀ, ਤਿੰਨ ਤਾਂ ਬਾਹਰ ਨਿਕਲੇ। ਉਨ੍ਹਾਂ ਦੇ ਮਗਰ ਲੰਮੀ ਲਾਮਡੋਰੀ ਨੱਠਣ ਨੂੰ ਤਿਆਰ ਖੜ੍ਹੀ ਹੋਵੇਗੀ ਪਰ ਅਸਾਂ ਵੇਲੇ ਸਿਰ ਸਿਰੋਂ ਜਾ ਫੜਿਆ।"
"ਤੇ ਹੁਣ ਕਿਥੇ ਨੇ ਉਹ ਕੰਜਰ?"
ਮੁਸਲਮਾਨਾਂ ਵਿਰੁੱਧ ਨਫ਼ਰਤ ਨੇ ਜਥੇਦਾਰ ਦੇ ਮਨ ਵਿਚ ਫ਼ਣ ਚੁੱਕ ਲਿਆ।
"ਜਾਣੋ ਜੀ, ਮੁਸ਼ਕਾਂ ਕੱਸ ਕੇ ਮੂਹਰਲੇ ਬਰਾਂਡੇ ਵਿਚ ਗੁੱਠੇ ਲਾ ਦਿੱਤੇ।"
"ਚੰਗਾ ਤੂੰ ਚੱਲ।" ਜਥੇਦਾਰ ਨੇ ਦਬਦਬੇ ਨਾਲ ਆਖਿਆ, "ਜਥੇ ਨੂੰ ਆਖੀਂ ਚੌਕਸ ਰਹਿਣ। ਕਰਨੇ ਆਂ ਹੁਣੇ ਬੰਦੋਬਸਤ ਸਾਰਿਆਂ ਨੂੰ ਗੱਡੀ ਚੜ੍ਹਾਉਣ ਦਾ।"
ਗੱਡੀ ਚੜ੍ਹਾਉਣ ਦਾ ਮਤਲਬ ਨੱਥੂ ਭਲੀ ਪ੍ਰਕਾਰ ਜਾਣਦਾ ਸੀ। ਪਿਛਲੇ ਤਿੰਨ ਚਾਰ ਮਹੀਨਿਆਂ ਵਿਚ ਜਥੇਦਾਰ ਤੇ ਉਹਦੇ ਜਥੇ ਨੇ ਸੈਂਕੜੇ ਮੁਸਲਮਾਨ ਮਹਾਜਰਾਂ ਨੂੰ ਗੱਡੀ ਚੜ੍ਹਾਇਆ ਸੀ ਪਰ ਇਹ ਗੱਡੀ ਮੁਹੰਮਦ ਅਲੀ ਜਿਨਾਹ ਦੇ ਪਾਕਿਸਤਾਨ ਨਹੀਂ ਸੀ ਜਾਂਦੀ। ਇਸ ਗੱਡੀ ਦੀ ਮੰਜ਼ਲ ਮਲਕੁਲ ਮੌਤ ਦੀ ਰਾਜਧਾਨੀ ਸੀ। ਕੋਈ ਸਮਾਂ ਸੀ ਜਦੋਂ ਜਥੇਦਾਰ ਮੁਕੰਦ ਸਿੰਘ ਸਿਰਫ਼ ਮੁਕੰਦ ਸਿੰਘ ਸੀ ਤੇ ਜਦੋਂ ਉਹ ਮੋਈ ਕੀੜੀ 'ਤੇ ਪੈਰ ਨਹੀਂ ਸੀ ਧਰਦਾ ਪਰ ਹੁਣ ਤਾਂ ਉਹ ਬੰਦਾ ਮਾਰਨ ਲੱਗਿਆਂ 'ਸੀ' ਨਹੀਂ ਸੀ ਕਰਦਾ।
ਪੱਛਮੀ ਪੰਜਾਬ ਵਿਚ ਜੋ ਘੱਲੂਘਾਰਾ ਉਹਦੇ ਪਰਿਵਾਰ ਉਤੇ ਵਰਤਿਆ ਸੀ, ਉਸ ਤੋਂ ਉਪਜੀ ਬਦਲੇ ਦੀ ਹਵਸ ਨੇ ਉਹਨੂੰ ਬੇਕਿਰਕ ਬਣਾ ਦਿੱਤਾ ਸੀ। ਮਾਰਚ ਸੰਤਾਲੀ ਵਿਚ ਰਾਵਲਪਿੰਡੀ ਡਿਵੀਜ਼ਨ ਦੇ ਸਿੱਖ ਪਿੰਡਾਂ ਵਿਚ ਜਿਹੜਾ ਕਤਲਾਮ ਮਚਿਆ ਸੀ, ਉਹਦੇ ਅੰਦਰ ਨੜਾਲੀ ਪਿੰਡ ਵਿਚ ਮੁਕੰਦ ਸਿੰਘ ਦੇ ਖਾਨਦਾਨ ਦੇ ਅਠਾਰ੍ਹਾਂ ਜੀਅ ਵੱਢੇ ਗਏ ਸਨ। ਲੁੱਟ ਦੇ ਹਿਰਸਾਏ ਅਤੇ ਦੀਨੀ ਜੋਸ਼ ਨਾਲ ਹਲਕਾਏ ਹਜੂਮਾਂ ਨੇ ਕਿਸੇ ਬੱਚੇ ਬੁੱਢੇ ਦੀ ਵੀ ਜਾਨ ਨਹੀਂ ਸੀ ਬਖ਼ਸ਼ੀ। ਉਹਦੇ ਖਾਨਦਾਨ ਦੀਆਂ ਸੁਆਣੀਆਂ ਨੇ ਪਿੰਡ ਦੇ ਖੂਹ ਵਿਚ ਛਾਲ ਮਾਰਕੇ ਆਪਣੀ ਪੱਤ ਬਚਾਈ ਸੀ। ਇਹ ਕਹਿਰ ਸਿਰਫ਼ ਸਿੱਖ ਪਿੰਡਾਂ 'ਤੇ ਹੀ ਟੁੱਟਾ ਸੀ; ਕਿਉਂ ਜੋ ਸਿੱਖਾਂ ਨੇ ਜਿਨਾਹ ਦੇ ਪਾਕਿਸਤਾਨ ਨਾਲੋਂ ਇਕ ਵੱਡਾ ਪੜਛਾ ਲਾਹ ਲਿਆ ਸੀ। ਜਿਨਾਹ ਦੇ ਸੁਪਨੇ ਪਾਕਿਸਤਾਨ ਦੀ ਹਦ ਜਮਨਾ ਦਾ ਕੰਢਾ ਸੀ ਪਰ ਸਿੱਖਾਂ ਨੇ ਜਿਨਾਹ ਦਾ ਦੋਸਤੀ ਲਈ ਵਧਾਇਆ ਹੱਥ ਝਟਕ ਕੇ ਪਾਕਿਸਤਾਨ ਦੀ ਸਰਹੱਦ ਰਾਵੀਉਂ ਅੱਗੇ ਨਹੀਂ ਸੀ ਟੱਪਣ ਦਿੱਤੀ, ਤੇ ਅੱਧਾ ਪੰਜਾਬ ਪਾਕਿਸਤਾਨ ਵਿਚ ਜਾਣੋਂ ਬਚਾ ਲਿਆ ਸੀ। ਜਿਨਾਹ ਨੇ ਆਪਣੀ ਤਕਰੀਰ ਵਿਚ ਆਖਿਆ ਸੀ ਕਿ ਸਿੱਖਾਂ ਨੇ ਉਹਦੇ ਪਾਕਿਸਤਾਨ ਨੂੰ ਲੂਹਲਾ ਲੰਗੜਾ ਕਰ ਦਿੱਤਾ ਸੀ।
ਜਦੋਂ ਪੋਠੋਹਾਰ ਦੇ ਸਿੱਖ ਪਿੰਡਾਂ ਵਿਚ ਇਹ ਬਾਬਰਵਾਣੀ ਫ਼ਿਰੀ ਤਾਂ ਮੁਕੰਦ ਸਿੰਘ ਆਪ ਰਾਵਲਪਿੰਡੀ ਸ਼ਹਿਰ ਵਿਚ ਸੀ, ਜਿਥੇ ਉਹ ਆਰਡੀਨੈਂਸ ਡਿਪੋ ਵਿਚ ਮੁਲਾਜ਼ਮਤ ਕਰਦਾ ਸੀ। ਉਹਦੀ ਘਰਵਾਲੀ ਅਤੇ ਬੱਚੇ ਸਾਲਾਨਾ ਇਮਤਿਹਾਨ ਮਗਰੋਂ ਆਪਣੇ ਦਾਦਕੇ ਪਿੰਡ ਨੜਾਲੀ ਗਏ ਹੋਏ ਸਨ। ਉਨ੍ਹਾਂ ਵਿਚੋਂ ਕੋਈ ਜਿਉਂਦਾ ਨਾ ਪਰਤਿਆ। ਏਡਾ ਜ਼ੁਲਮ, ਏਡਾ ਕਸਾਈਪੁਣਾ ਕਦੀ ਵੇਖਣ ਸੁਣਨ ਵਿਚ ਨਹੀਂ ਸੀ ਆਇਆ। ਮੁਕੰਦ ਸਿੰਘ ਹਉਕੇ ਭਰਦਾ ਮੁੜ ਮੁੜ ਕਹਿੰਦਾ- "ਬਸ ਹੁਣ ਤਾਂ ਹਿੱਕਾ ਹਸਰਤ ਰਹਿ ਗਈ ਏ। ਹੱਥ ਵਿਚ ਹੋਵੈ ਸ੍ਰੀ ਸਾਹਬ ਤੇ ਨਾਲ ਹੋਵੇ ਪੰਜ ਸੌ ਸਿੰਘਾਂ ਦਾ ਜਥਾ, ਤਾਂ ਹਿੱਕ ਵਾਰੀ ਸਾਰੇ ਮੁਸਲਮਕੇ ਪਿੰਡਾਂ ਦੀ ਇੱਟ ਨਾਲ ਇੱਟ ਵਜਾ ਦਿਆਂ।"
ਮੁਸਲਮਾਨਾਂ ਵਿਰੁੱਧ ਨਫ਼ਰਤ ਦਾ ਜਨੂੰਨ ਵਰੋਲਾ ਬਣ ਕੇ ਉਹਦੇ ਸਿਰ ਨੂੰ ਚੜ੍ਹ ਗਿਆ ਸੀ। ਉਹਦੀ ਹਸਰਤ ਰਾਵਲਪਿੰਡੀ ਵਿਚ ਪੂਰੀ ਨਾ ਹੋਈ। ਉਥੇ ਤਾਂ ਹਰ ਕਿਸੇ ਨੂੰ ਆਪਣੀ ਜਾਨ ਦੀ ਪਈ ਹੋਈ ਸੀ। ਪੰਜ ਸੌ ਸਿੰਘਾਂ ਦਾ ਜਥਾ ਉਹਦਾ ਕਿਥੋਂ ਬਣਨਾ ਸੀ।
ਇਹ ਹਸਰਤ ਮਨ ਵਿਚ ਘੁੱਟੀ ਜਦੋਂ ਉਹ ਪਾਕਿਸਤਾਨ ਦੀ ਸਰਹੱਦ ਟੱਪ ਕੇ ਲੁਧਿਆਣੇ ਆਇਆ ਤਾਂ ਉਹ ਧੁਰ ਅੰਦਰ ਤੀਕ ਪੱਛਿਆ ਹੋਇਆ ਸੀ। ਸਦਮਿਆਂ ਦੀ ਪੀੜ ਉਹਦੀ ਰੂਹ ਦੇ ਮਾਰੂਥਲ ਵਿਚ ਜੀਰ ਗਈ ਸੀ। ਉਹਦੇ ਫਟ ਅਜਿਹੇ ਸਨ ਜਿਨ੍ਹਾਂ 'ਤੇ ਕਦੀ ਅੰਗੂਰ ਨਹੀਂ ਆਉਂਦਾ; ਪੁਰਾਣੇ ਹੋ ਕੇ ਜੋ ਨਾਸੂਰ ਬਣ ਜਾਂਦੇ ਹਨ। ਉਹ ਆਪ ਵੀ ਚਾਹੁੰਦਾ ਸੀ ਕਿ ਉਹਦੇ ਜ਼ਖ਼ਮ ਕਦੀ ਨਾ ਆਠਰਨ ਅਤੇ ਉਹਦੀ ਰੂਹ ਵਿਚ ਪੀੜ ਦੀ ਧੋਖਣੀ ਨਫ਼ਰਤ ਦੀ ਭੱਠੀ ਮਘਾਈ ਰੱਖੇ।
ਏਦਾਂ ਹੀ ਹੋਇਆ ਅਤੇ ਬਦਲੇ ਦੀ ਭਾਵਨਾ ਉਹਦੇ ਅੰਦਰ ਜੰਗਾਲੀ ਕਰਦ ਬਣ ਕੇ ਰੜਕਦੀ ਰਹੀ।
ਲੁਧਿਆਣੇ ਆ ਕੇ ਵੀ ਉਹਨੂੰ ਪੰਜ ਸੌ ਸਿੰਘਾਂ ਦਾ ਜਥਾ ਨਾ ਮਿਲਿਆ। ਪੰਦਰਾਂ ਵੀਹ ਵੈਲੀ, ਬਦਮਾਸ਼ ਤੇ ਲੁਟੇਰੇ ਉਹਦੇ ਸਾਥੀ ਜ਼ਰੂਰ ਬਣ ਗਏ। ਇਹ ਧਾੜ ਜੋ ਆਪਣੇ ਆਪ ਨੂੰ ਜਥਾ ਅਖਵਾਉਂਦੀ ਸੀ, ਅਸਲ ਵਿਚ ਜਥੇ ਵਰਗੇ ਪਵਿੱਤਰ ਸ਼ਬਦ ਲਈ ਕਲੰਕ ਸੀ।
ਮੁਕੰਦ ਸਿੰਘ ਦੇ ਜੋਸ਼ ਅਤੇ ਕੱਟੜਪੁਣੇ ਨੇ ਸਾਥੀਆਂ ਵਿਚ ਉਹਦੀ 'ਬੱਲੇ ਬੱਲੇ' ਕਰਾ ਦਿੱਤੀ ਸੀ। ਤੇ ਜਦੋਂ ਤੋਂ ਉਹਨੇ ਇਕ ਮੁਸਲਮਾਨ ਚੌਧਰੀ ਦੀ ਦੁਨਾਲੀ ਅਤੇ ਕਾਰਤੂਸਾਂ ਦੀ ਪੇਟੀ ਕਾਬੂ ਕੀਤੀ ਸੀ, ਉਹ ਇਸ ਧਾੜ ਦਾ ਜਥੇਦਾਰ ਬਣ ਗਿਆ ਸੀ।
ਹੁਣ ਤੀਕ ਜਥੇਦਾਰ ਮੁਕੰਦ ਸਿੰਘ ਨੇ ਮੁਸਲਮਾਨ ਮਹਾਜਰਾਂ ਦੇ ਕਾਫ਼ਲਿਆਂ ਉਤੇ ਨਿੱਕੇ ਮੋਟੇ ਸ਼ਬਖ਼ੂਨ ਮਾਰੇ ਸਨ ਪਰ ਅੱਜ ਲੁਧਿਆਣੇ ਜ਼ਿਲ੍ਹੇ ਦੇ ਇਸ ਸਮੁਲੜੇ ਮੁਸਲਮਕੇ ਪਿੰਡ ਠੀਕਰੀ ਮਾਜਰੇ 'ਤੇ ਹੱਲਾ ਬੋਲ ਕੇ ਉਹਦਾ ਦੁਮਾਲਾ ਉੱਚਾ ਹੋ ਗਿਆ ਸੀ।
ਠੀਕਰੀ ਮਾਜਰੇ ਦੇ ਬਖ਼ਤਾਵਰ ਵਸਨੀਕ ਜਿਨ੍ਹਾਂ ਕੋਲ ਅਸਲ੍ਹਾ ਸੀ, ਉਹ ਤਾਂ ਪਹਿਲੇ ਹੀ ਸਿਆਲਕੋਟ ਜਾਂ ਲਾਹੌਰ ਜਾ ਅੱਪੜੇ ਸਨ। ਉਨ੍ਹਾਂ ਦੇ ਚਲੇ ਜਾਣ ਨਾਲ ਠੀਕਰੀ ਮਾਜਰਾ ਵਿਚਾਰਾ ਜਿਹਾ ਹੋ ਕੇ ਰਹਿ ਗਿਆ ਸੀ। ਕਾਮਿਆਂ ਕਮੀਣਾਂ ਦੀ ਵਸੋਂ ਪਾਕਿਸਤਾਨ ਵੱਲ ਬਚ ਨਿਕਲਣ ਦਾ ਕੋਈ ਮੌਕਾ ਢੂੰਡ ਰਹੀ ਸੀ। ਉਨ੍ਹਾਂ ਦੇ ਹਰਾਸੇ ਚਿਹਰਿਆਂ ਉਤੇ ਆਸ ਦੀ ਨਿੰਮ੍ਹੀ ਜਹੀ ਲੋਅ ਜਗ ਪਈ ਜਦੋਂ ਸੁਣਿਆ ਕਿ ਅਗਲੇ ਦਿਨ ਮੁਸਲਮਾਨ ਮਹਾਜਰਾਂ ਦਾ ਵੱਡਾ ਕਾਫ਼ਲਾ ਜਰਨੈਲੀ ਸੜਕ ਤੋਂ ਲੰਘਣਾ ਸੀ। ਜਰਨੈਲੀ ਸੜਕ ਠੀਕਰੀ ਮਾਜਰੇ ਤੋਂ ਬੱਸ ਅੱਧੇ ਕੋਹ ਦੀ ਵਾਟ ਸੀ। ਉਨ੍ਹਾਂ ਸਭਨਾਂ ਇਸ ਕਾਫ਼ਲੇ ਨਾਲ ਰਲਣ ਦੀ ਵਿਉਂਤ ਬਣਾਈ। ਸਾਰਾ ਦਿਨ ਉਹ ਨਿੱਕ-ਸੁੱਕ ਗੰਢੜੀਆਂ ਅਤੇ ਟਰੰਕੀਆਂ ਵਿਚ ਸਾਂਭਦੇ ਰਹੇ ਅਤੇ ਲੱਦਣ ਲਈ ਗੱਡੇ ਤਿਆਰ ਕਰਦੇ ਰਹੇ। ਉਹ ਅਗਲੇ ਦਿਨ ਦੀ ਦੁਪਹਿਰ ਨੂੰ ਉਡੀਕ ਰਹੇ ਸਨ ਜਦੋਂ ਕਾਫ਼ਲੇ ਨੇ ਠੀਕਰੀ ਮਾਜਰੇ ਲਾਗਿਓਂ ਲੰਘਣਾ ਸੀ।
ਪਰ ਜਿਓਂ ਹੀ ਪੱਛਮ ਵਿਚ ਖਿਲਰੀ ਲੱਪ ਕੁ ਲਾਲੀ ਸੁੰਗੜਦੀ ਸਿਮਟਦੀ ਲਕੀਰ ਜਿਹੀ ਰਹਿ ਗਈ ਤਾਂ ਹੋਣੀ ਜਥੇਦਾਰ ਮੁਕੰਦ ਸਿੰਘ ਦੇ ਜਥੇ ਦਾ ਰੂਪ ਧਾਰ ਕੇ ਧੂੜਾਂ ਪੁੱਟਦੀ ਪਿੰਡ 'ਤੇ ਆਣ ਚੜ੍ਹੀ। ਅਸਬਾਬ ਸਾਰਾ ਜਥੇ ਨੇ ਲੁੱਟ ਲਿਆ। ਮਾਲ ਡੰਗਰ ਕਿੱਲਿਆਂ ਤੋਂ ਅਰੜਾਂਦਾ ਤਖ਼ਤਿਆਂ ਵਾਲੀ ਸਕੂਲ ਦੀ ਇਮਾਰਤ ਵਿਚ ਡੱਕ ਦਿੱਤਾ। ਥਾਏਂ ਮਾਰ ਸੁੱਟਣਾ ਸੌਖਾ ਸੀ ਪਰ ਏਡੀ ਸੌਖੀ ਮੌਤ ਦੇਣੀ ਜਥੇਦਾਰ ਨੂੰ ਮਨਜ਼ੂਰ ਨਹੀਂ ਸੀ। ਮਾਰਨ ਤੋਂ ਪਹਿਲਾਂ ਉਹ ਉਨ੍ਹਾਂ ਨੂੰ ਛਿੰਨ ਛਿੰਨ ਕਰਕੇ ਹਜ਼ਾਰ ਵਾਰੀ ਮਾਰਨਾ ਚਾਹੁੰਦਾ ਸੀ। ਪੁਰਾਣੇ ਸੰਸਕਾਰਾਂ ਸਦਕਾ ਏਨੀ ਕੁ ਇਨਸਾਨੀਅਤ ਉਹਦੇ ਵਿਚ ਰਹਿ ਗਈ ਸੀ ਕਿ ਉਹਨੇ ਬੱਚਿਆਂ ਅਤੇ ਔਰਤਾਂ ਦੀ ਕਦੀ ਜਾਨ ਨਹੀਂ ਸੀ ਲਈ, ਨਾ ਹੀ ਪੱਤ ਨੂੰ ਹੱਥ ਪਾਇਆ ਸੀ। ਉਹਦੇ ਜੁੰਡੀਦਾਰ ਇਹ ਗੱਲ ਜਾਣਦੇ ਸਨ ਅਤੇ ਕਦੀ ਜੱਥੇਦਾਰ ਦੀ ਵਾਹੀ ਲੀਕ ਨਹੀਂ ਸੀ ਟੱਪਦੇ। ਸਕੂਲ ਦਾ ਹਾਲ ਕਮਰਾ ਉਸ ਵੇਲੇ ਬੁੱਚੜਾਂ ਦਾ ਵਾੜਾ ਨਜ਼ਰ ਆਉਂਦਾ ਸੀ। ਸਹਿਮ ਦੇ ਮੂੰਹ ਆਏ ਬੰਦੀ ਠੱਕੇ ਮਾਰੇ ਬਾਂਦਰਾਂ ਵਾਂਗ ਕੰਬੀ ਜਾ ਰਹੇ ਸਨ।
"ਖ਼ਬਰਦਾਰ, ਜੇ ਕਿਸੇ ਨੇ ਰਾਤੀਂ ਨੱਠਣ ਦੀ ਕੋਸ਼ਿਸ਼ ਕੀਤੀ।" ਜਥੇਦਾਰ ਨੇ ਭਬਕ ਮਾਰੀ, "ਬਾਹਰ ਨੰਗੀਆਂ ਤਲਵਾਰਾਂ ਦਾ ਪਹਿਰਾ ਏ।" ਉਹਦੇ ਮੁਛਹਿਰਿਆਂ ਦੇ ਕੁੰਡ ਕੰਬ ਰਹੇ ਸਨ।
ਬੰਦੀਆਂ ਨੂੰ ਚੇਤਾਵਨੀ ਦੇ ਕੇ ਉਹ ਦਰੋਂ ਬਾਹਰ ਹੋ ਗਿਆ। ਹਾਲ ਕਮਰੇ ਦੇ ਇਕੋ ਇਕ ਦਰਵਾਜ਼ੇ ਉਤੇ ਉਹਨੇ ਮੋਟਾ ਜਿੰਦਰਾ ਠੋਕ ਦਿੱਤਾ। ਫੇਰ ਉਹਨੇ ਜਥੇ ਨੂੰ ਚੌਕਸ ਰਹਿਣ ਦੀ ਤਾਕੀਦ ਕੀਤੀ ਤਾਂ ਉਹਦੇ ਇਕ ਮਲਵਈ ਢਾਣੀਦਾਰ ਨੇ ਆਖਿਆ, "ਬਾਈ, ਤੂੰ ਬਾਂਹ ਸਰਹਾਣੇ ਰੱਖ ਕੇ ਸੌਂ ਜਾ। ਸਵੇਰੇ ਗਿਣ ਕੇ ਲੈ ਲਈਂ ਆਪਣੇ ਮੁਸਲੇ।"
ਸਕੂਲ ਦੇ ਹਾਲ ਕਮਰੇ ਵਿਚ ਸੰਘਣਾ ਹਨ੍ਹੇਰਾ ਸੀ। ਕੋਈ ਦੀਵਾ ਵੱਟੀ ਨਹੀਂ ਸੀ ਬਲ ਰਿਹਾ। ਹਨ੍ਹੇਰੇ ਤੋਂ ਛੁੱਟ ਭੈਅ ਦੇ ਪਰਛਾਵਿਆਂ ਨੇ ਵੀ ਕੰਧਾਂ ਕਾਲੀਆਂ ਕਰ ਦਿੱਤੀਆਂ ਸਨ। ਔਰਤਾਂ, ਮਰਦ ਅਤੇ ਬੱਚੇ ਸਾਰੇ ਦੇ ਸਾਰੇ ਡੰਗਰਾਂ ਵਾਂਗ ਤੂਸੇ ਹੋਏ ਸਨ। ਉਹ ਜਾਣਦੇ ਸਨ, ਉਨ੍ਹਾਂ ਉਤੇ ਮੌਤ ਦਾ ਫ਼ਤਵਾ ਲੱਗ ਚੁੱਕਾ ਸੀ ਤੇ ਏਸ ਫ਼ਤਵੇ ਵਿਰੁੱਧ ਕੋਈ ਸੁਣਵਾਈ ਨਹੀਂ ਸੀ। ਮੌਤ ਦੀ ਦਹਿਸ਼ਤ ਨੇ ਸਭਨਾਂ ਦੇ ਹੋਸ਼ ਹਵਾਸ ਸੂਤ ਰਖੇ ਸਨ। ਉਨ੍ਹਾਂ ਦੀਆਂ ਅੱਖਾਂ ਵਿਚ ਉਦਾਸੀ ਨਾਲੋਂ ਵੀਰਾਨੀ ਕਿਤੇ ਵੱਧ ਸੀ। ਸਾਰੀ ਰਾਤ ਉਹ ਬਿੜਕਾਂ ਨਾਲ ਤ੍ਰਹਿੰਦੇ ਰਹੇ। ਸਾਰੀ ਰਾਤ ਉਹ ਅੱਲਾ ਅੱਗੇ ਵਾਸਤੇ ਪਾਂਦੇ ਅਤੇ ਹਾੜੇ ਘੱਤਦੇ ਰਹੇ ਪਰ ਅੱਲਾ ਤਾਂ ਕਿਤੇ ਲੰਮੀਆਂ ਤਾਣ ਕੇ ਸੌਂ ਗਿਆ ਸੀ!
ਲੋਅ ਲੱਗਣ ਵਾਲੀ ਸੀ ਕਿ ਕੁਝ ਬੰਦੀਆਂ ਨੇ ਖਿੜਕੀ ਦੀਆਂ ਸੀਖਾਂ ਵਿੰਗੀਆਂ ਕਰਕੇ ਨੱਠਣ ਦਾ ਬਾਨ੍ਹਣੂ ਬੰਨ੍ਹਿਆ ਪਰ ਅਜੇ ਤਿੰਨ ਜਣੇ ਹੀ ਖਿੜਕੀਓਂ ਬਾਹਰ ਹੋਏ ਸਨ ਕਿ ਜਥੇ ਦੇ ਚੌਕਸ ਪਹਿਰੂਆਂ ਨੇ ਆਣ ਦਬੋਚਿਆ।
ਜਦੋਂ ਜਥੇਦਾਰ ਸਕੂਲ ਦੇ ਬਰਾਂਡੇ ਵਿਚ ਅੱਪੜਿਆ ਤਾਂ ਉਹਨੇ ਮੰਡਾਸਾ ਮਾਰਿਆ ਹੋਇਆ ਸੀ। ਤਿੰਨਾਂ ਭਗੌੜਿਆਂ 'ਤੇ ਗੱਡੀਆਂ ਉਹਦੀਆਂ ਨਿੱਕੀਆਂ ਚਮਕੀਲੀਆਂ ਅੱਖਾਂ ਫ਼ਨੀਅਰ ਵਾਂਗ ਫੁੰਕਾਰੇ ਮਾਰ ਰਹੀਆਂ ਸਨ। ਜਥੇਦਾਰ ਦੀ ਸੈਨਤ ਬੁੱਝਦਿਆਂ ਨੱਥੂ ਝੀਊਰ ਨੇ ਤਿੰਨਾਂ ਭਗੌੜਿਆਂ ਦੀਆਂ ਮੁਸ਼ਕਾਂ ਖੋਲ੍ਹ ਦਿੱਤੀਆਂ ਪਰ ਉਹ ਬਰਾਂਡੇ ਦੇ ਫ਼ਰਸ਼ 'ਤੇ ਸਿੱਥਲ ਪਏ ਰਹੇ। ਉੱਠ ਕੇ ਖੜ੍ਹੋ ਸਕਣ ਦੀ ਸੱਤਿਆ ਉਨ੍ਹਾਂ ਵਿਚ ਨਹੀਂ ਸੀ ਰਹਿ ਗਈ ਜਾਪਦੀ।
"ਉੱਠੋ, ਉੱਠੋ, ਉੱਠੋ।" ਜਥੇਦਾਰ ਦੀ ਦੁਨਾਲੀ ਦੀਆਂ ਹੁੱਝਾਂ ਖਾ ਕੇ ਉਹ ਲੜਖੜਾਂਦੇ ਹੋਏ ਉੱਠੇ।
"ਉਪਰ ਵੇਖੋ। ਊਂਧੀ ਕਿਉਂ ਪਾ ਰੱਖੀ ਜੇ।" ਜਥੇਦਾਰ ਕੜਕਿਆ।
"ਉਏ ਮੈਂ ਤੁਹਾਡੇ ਨਾਲ ਆਂ ਕੁੱਤੀ ਦਿਉ ਪੁੱਤਰੋ।" ਮੁਕੰਦ ਸਿੰਘ ਨੇ ਤਿੰਨਾਂ ਨੂੰ ਗਲਮਿਉਂ ਫੜ ਕੇ ਝੰਜੋੜਾ ਮਾਰਿਆ।
ਤਿੰਨਾਂ ਮੰਦਭਾਗਿਆਂ ਨੇ ਆਪਣੀ ਨੀਵੀਂ ਚੁੱਕੀ।
"ਉਏ ਤੁਸੀਂ ਕੰਬਣ ਕਿਉਂ ਡਹੇ ਹੋ। ਹੁਣੇ ਮੇਰੀ ਦੁਨਾਲੀ ਤੁਹਾਡੇ ਅੰਦਰ ਚੰਗਿਆੜੇ ਬਾਲ ਦਏਗੀ।"
ਉਨ੍ਹਾਂ ਵਿਚੋਂ ਦੋ ਗੱਭਰੂ ਸਨ। ਤੀਜਾ ਪੰਜਾਹ ਪਚਵੰਜਾਂ ਨੂੰ ਢੁੱਕਦਾ ਅੱਧਖੜ ਸੀ। ਕੰਬ ਸਿਰਫ਼ ਦੋਵੇਂ ਗੱਭਰੂ ਰਹੇ ਸਨ। ਡਰ ਨਾਲ ਦੋਹਾਂ ਗੱਭਰੂਆਂ ਨੇ ਬੱਗੇ ਬੱਗੇ ਆਨੇ ਕੱਢ ਲਏ ਸਨ ਪਰ ਅੱਧਖੜ ਬੇਖ਼ੋਫ਼ ਖੜੋਤਾ ਸੀ। ਦੋਵੇਂ ਗੱਭਰੂ ਹੱਥ ਬੰਨ੍ਹੀਂ ਨਿਮਾਣੇ ਬਣੇ ਹੋਏ ਸਨ ਪਰ ਅੱਧਖੜ ਦੇ ਹੱਥਾਂ ਦੀ ਕੰਘੀ ਉਹਦੀ ਪਿੱਠ ਪਿੱਛੇ ਸੀ।
ਜਥੇਦਾਰ ਨੇ ਭਵਾਂ ਸੁਕੇੜ ਕੇ ਕੈਰੀਆਂ ਅੱਖਾਂ ਨਾਲ ਅੱਧਖੜ ਨੂੰ ਵਿੰਨ੍ਹਿਆ।
"ਬੋਲੋ ਕਿਹੜੇ ਪਿਉ ਨੂੰ ਪੁੱਛ ਕੇ ਨੱਠਣ ਲੱਗੇ ਸਉ। ਤੁਹਾਨੂੰ ਪਾਕਿਸਤਾਨ ਜਾਣ ਦੀ ਬਹੁਤੀ ਕਾਹਲੀ ਏ। ਐਹ ਹੁਣੇ ਦੁਨਾਲੀ ਤੁਹਾਨੂੰ ਬਗ਼ੈਰ ਟਿਕਟ ਦੇ ਲਾਹੌਰ ਪੁਚਾ ਦਏਗੀ ਪਰ ਨਹੀਂ, ਗੋਲੀ ਨਾਲ ਤਾਂ ਤੁਸੀਂ ਸੁਖਾਲੇ ਛੁੱਟ ਜਾਉਗੇ। ਤੁਹਾਡੇ ਤਿੰਨਾਂ ਦਾ ਤਾਂ ਕੁਤਰਾ ਕਰਨਾ ਚਾਹੀਦਾ ਹੈ।"
ਦੁਹਾਂ ਗੱਭਰੂਆਂ ਦੇ ਮੂੰਹ 'ਤੇ ਮੌਤ ਦੀ ਪਿਲੱਤਣ ਵਰਤੀ ਹੋਈ ਸੀ। ਕਾਂਬੇ ਨਾਲ ਉਨ੍ਹਾਂ ਦੇ ਗੋਡੇ ਤੇ ਗਿੱਟੇ ਭਿੜ ਰਹੇ ਸਨ। ਬਚ ਨਿਕਲਣ ਦੀ ਫ਼ਟੜ ਹੋ ਗਈ ਉਮੀਦ ਉਨ੍ਹਾਂ ਦੇ ਉੱਭੇ ਸਾਹਾਂ ਵਿਚ ਸਿਸਕ ਰਹੀ ਸੀ। ਹੱਥ ਬੰਨ੍ਹੀਂ ਉਹ ਬਾਹੁੜੀਆ ਪਾ ਰਹੇ ਸਨ।
"ਸਰਦਾਰਾ, ਵਾਸਤਾ ਈ ਆਪਣੇ ਗੁਰੂ ਦਾ। ਸਾਡੀ ਜਾਨ ਬਕਸ਼ ਦੇ। ਸਾਨੂੰ ਸਿੱਖ ਬਣਾ ਲੈ। ਸਾਰੀ ਉਮਰ ਤੇਰੀ ਚਾਕਰੀ ਕਰਾਂਗੇ।"
"ਤੁਹਾਡੇ ਵਰਗਿਆਂ ਬਾਝੋਂ ਸਿੱਖੀ ਦਾ ਕੁਝ ਨਹੀਂ ਥੁੜਿਆ।" ਜਥੇਦਾਰ ਨੇ ਬੜ੍ਹਕ ਮਾਰੀ। ਉਹਦਾ ਵਿਕਰਾਲ ਚਿਹਰਾ ਸੇਕ ਛੱਡ ਰਿਹਾ ਸੀ।
ਦੋਵੇਂ ਗੱਭਰੂ ਜਥੇਦਾਰ ਦੇ ਪੈਰੀਂ ਡਿੱਗੇ ਗਿੜਗਿੜਾ ਰਹੇ ਸਨ। ਜਥੇਦਾਰ ਨੇ ਦੁਨਾਲੀ ਦੀਆਂ ਹੁੱਝਾਂ ਨਾਲ ਦੋਨਾਂ ਨੂੰ ਮੁੜ ਖੜ੍ਹਾ ਕੀਤਾ। ਅੱਧਖੜ ਚੁੱਪ-ਚਪੀਤਾ ਜਥੇਦਾਰ ਦੀ ਦੁਨਾਲੀ ਨੂੰ ਨੀਝ ਰਿਹਾ ਸੀ। ਉਹਦੀ ਬੇਖ਼ੌਫ਼ ਤੱਕਣੀ ਜਿਵੇਂ ਕਹਿ ਰਹੀ ਹੋਵੇ,
"ਹੁਣ ਚਲਾ ਵੀ ਗੋਲੀ ਤੇ ਮੁਕਾ ਇਹ ਟੰਟਾ।"
ਉਹਦੀ ਨਿਝੱਕ ਅਤੇ ਨਿਸ਼ੰਗ ਤੱਕਣੀ ਜਥੇਦਾਰ ਦੇ ਮੱਥੇ ਵਿਚ ਠੀਕਰ ਵਾਂਗ ਵੱਜੀ। ਦੁਹਾਂ ਗੱਭਰੂਆਂ ਦੀ ਸ਼ਕਲ ਸੂਰਤ ਐਸੀ ਸੀ ਕਿ ਧਿਆਨ ਨਾਲ ਵੇਖੇ ਬਿਨਾਂ ਨਿਰਣਾ ਕਰਨਾ ਕਠਿਨ ਸੀ ਕਿ ਉਹ ਹਿੰਦੂ ਸਨ ਜਾਂ ਮੁਸਲਮਾਨ ਪਰ ਅੱਧਖੜ ਦਾ ਚਿਹਰਾ ਮੁਹਰਾ ਖਾਸ ਇਸਲਾਮੀ ਸੀ। ਉਹਦੀ ਦਾੜ੍ਹੀ ਦੀਆਂ ਕਲਮਾਂ ਲਬਾਂ ਸ਼ਰੀਅਤ ਦੇ ਮੁਤਾਬਕ ਤ੍ਰਾਸ਼ੀਆਂ ਸਨ। ਅਜਿਹੀ ਮੁਸਲਮਕੀ ਸ਼ਕਲ ਸੂਰਤ ਲਈ ਮੁਕੰਦ ਸਿੰਘ ਦੇ ਮਨ ਵਿਚ ਘ੍ਰਿਣਾ ਪੈਦਾ ਹੋ ਗਈ ਸੀ।
ਦੁਨਾਲੀ ਉਹਨੇ ਅੱਧਖੜ ਦੀ ਪੁੜਪੁੜੀ ਨਾਲ ਜੋੜ ਦਿੱਤੀ। ਅੱਧਖੜ ਅਹਿਲ ਖੜੋਤਾ ਰਿਹਾ। ਨਾ ਉਹਨੇ ਪਲਕ ਝਮਕੀ, ਨਾ ਉਹਦੇ ਚਿਹਰੇ ਦੀ ਆਬ ਗਵਾਚੀ। ਉਹਦੀ ਤੱਕਣੀ ਮੌਤ ਦੇ ਮੂੰਹ ਉਤੇ ਪੁੱਠੇ ਹੱਥ ਦਾ ਥੱਪੜ ਮਾਰਦੀ ਦਿਸਦੀ ਸੀ। ਗੋਲੀ ਮੂੰਹ ਆਇਆ ਵੀ ਉਹ ਏਦਾਂ ਲਾਪਰਵਾਹ ਸੀ ਜਿਵੇਂ ਸੂਲੀ ਵੱਲ ਜਾਂਦਾ ਮਨਸੂਰ ਹੋਵੇ।
ਰਫ਼ਲ ਦਾ ਘੋੜਾ ਦੱਬਣ ਦੀ ਬਜਾਏ ਜਥੇਦਾਰ ਨੇ ਹੁੱਝ ਮਾਰ ਕੇ ਰਫ਼ਲ ਉਹਦੀ ਪੁੜਪੁੜੀ ਨਾਲੋਂ ਲਾਹ ਲਈ। ਪੁੜਪੁੜੀ ਵਿਚੋਂ ਲਹੂ ਸਿੰਮ ਪਿਆ। "ਬਾਕੀਆਂ ਨੂੰ ਵੀ ਬਾਹਰ ਕਢੋ।" ਜਥੇਦਾਰ ਨੇ ਹੁਕਮ ਚਾੜ੍ਹਿਆ। ਨੱਥੂ ਝੀਊਰ ਨੇ ਤਾਲੇ ਵਿਚ ਚਾਬੀ ਘੁਮਾ ਕੇ ਦਰਵਾਜ਼ੇ ਦੇ ਤਾਕ ਖੋਲ੍ਹ ਦਿੱਤੇ। "ਬਾਹਰ ਨਿਕਲ ਆਉ ਸਾਰੇ।" ਨੱਥੂ ਨੇ ਗਰਜਵੀਂ ਆਵਾਜ਼ ਵਿਚ ਆਖ ਸੁਣਾਇਆ।
ਪਰ ਕੋਈ ਬਾਹਰ ਨਾ ਨਿਕਲਿਆ। ਉਹ ਸਾਰੇ ਜਾਣਦੇ ਸਨ ਕਿ ਬਾਹਰ ਮੌਤ ਖੜ੍ਹੀ ਉਨ੍ਹਾਂ ਨੂੰ ਉਡੀਕ ਰਹੀ ਸੀ। ਅਖ਼ੀਰ ਜਥੇ ਨੇ ਫੜ ਫੜ ਕੇ, ਧਕ ਧਕ ਕੇ, ਘਸੀਟ ਘਸੀਟ ਕੇ ਔਰਤਾਂ ਅਤੇ ਬੱਚਿਆਂ ਨੂੰ ਬਾਹਰ ਕੱਢਿਆ। ਮਰਦ ਆਪਣੇ ਆਪ ਬੀਵੀ ਬੱਚਿਆਂ ਦੇ ਮਗਰ ਬਾਹਰ ਨਿਕਲ ਆਏ।
"ਜ਼ਨਾਨੀਆਂ ਅਤੇ ਬੱਚਿਆਂ ਨੂੰ ਵੱਖ ਕਰ ਦਿਓ।" ਜਥੇਦਾਰ ਨੇ ਦੂਜਾ ਹੁਕਮ ਚਾੜ੍ਹਿਆ। ਬੰਦੀਆਂ ਦੀਆਂ ਦੋ ਢਾਣੀਆਂ ਬਣ ਗਈਆਂ। ਇਕ ਤੀਵੀਂਆਂ ਤੇ ਬੱਚਿਆਂ ਦੀ, ਦੂਜੀ ਮਰਦਾਂ ਦੀ। ਬੱਚੇ ਰੋ ਰਹੇ ਸਨ, ਚਿਚਲਾ ਰਹੇ ਸਨ ਅਤੇ ਸਹਿਮੀਆਂ ਮਾਵਾਂ ਉਨ੍ਹਾਂ ਨੂੰ ਬੁੱਕਲ ਵਿਚ ਲੁਕਾਂਦੀਆਂ ਜਿਵੇਂ ਮੌਤ ਤੋਂ ਉਹਲਾ ਕਰ ਰਹੀਆਂ ਸਨ।
"ਬੱਚਿਆਂ ਨੂੰ ਚੁੱਪ ਕਰਾਓ।" ਜਥੇਦਾਰ ਨੇ ਤੀਵੀਆਂ ਨੂੰ ਦਬਕਾ ਮਾਰਿਆ, "ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਕੋਈ ਖ਼ਤਰਾ ਨਹੀਂ।
ਪਾਕਿਸਤਾਨ ਵਿਚ ਤੁਹਾਡੇ ਕੁਝ ਲੱਗਦਿਆਂ ਨੇ ਸਾਡੀਆਂ ਮਾਵਾਂ, ਸਾਡੀਆਂ ਧੀਆਂ ਭੈਣਾਂ, ਸਾਡੇ ਬੱਚਿਆਂ ਨੂੰ ਨਹੀਂ ਬਖਸ਼ਿਆ ਪਰ ਤੁਹਾਨੂੰ ਅਸੀਂ ਦੁਪਹਿਰੇ ਜਰਨੈਲੀ ਸੜਕ 'ਤੇ ਕਾਫ਼ਲੇ ਵਿਚ ਰਲਾ ਕੇ ਆਵਾਂਗੇ। ਪਹਿਲੇ ਤੁਹਾਡੇ ਖਸਮਾਂ ਸਾਈਂਆਂ ਨੂੰ ਗੱਡੀ ਚੜ੍ਹਾ ਲਈਏ। ਇਹ ਗੱਡੀ ਇਨ੍ਹਾਂ ਨੂੰ ਸਿੱਧਾ ਜੰਨਤ ਜਾ ਉਤਾਰੇਗੀ ਜਿੱਥੇ ਇਨ੍ਹਾਂ ਨੂੰ ਹੂਰਾਂ ਮਿਲਣਗੀਆਂ।"
ਜਥੇਦਾਰ ਦੀ ਇਸ ਦਿਲਜੋਈ ਨੇ ਕਿਸੇ ਨੂੰ ਕੋਈ ਧਰਵਾਸ ਨਾਲ ਦਿੱਤਾ। ਬੱਚੇ ਰੋਂਦੇ ਚਿਚਲਾਂਦੇ ਰਹੇ ਤੇ ਮਾਵਾਂ ਦਹਿਸ਼ਤ ਨਾਲ ਅਧਮੋਈਆਂ ਥਰਥਰ ਕੰਬਦੀਆਂ ਰਹੀਆਂ।
"ਚਲੋ", ਜਥੇਦਾਰ ਮੁੜ ਤਿੰਨਾਂ ਭਗੌੜਿਆਂ ਵੱਲ ਹੋਇਆ, "ਤੁਹਾਨੂੰ ਹੂਰਾਂ ਦਵਾਈਏ। ਘਾਬਰੋ ਨਾ, ਸਿਰਫ ਤੁਸੀਂ ਤਿੰਨ ਗੱਡੀ ਨਹੀਂ ਚੜ੍ਹਨ ਲਗੇ। ਸਾਰਾ ਢਾਣਾ ਤੁਹਾਡੇ ਨਾਲ ਜਾਏਗਾ ਪਰ ਮੈਨੂੰ ਇਕ ਸਬੀਲ ਸੁੱਝੀ ਏ ਜਿਸਦੇ ਨਾਲ ਤੁਹਾਡੇ ਬਹੁਤ ਸਾਰੇ ਭਰਾ ਗੱਡੀ ਚੜ੍ਹਨੋਂ ਬਚ ਜਾਣਗੇ। ਤੁਸੀਂ ਤਿੰਨੇ ਉਸ ਢਾਣੇ ਵਿਚੋਂ ਇਕ ਇਕ ਸਾਥੀ ਆਪਣੇ ਆਖ਼ਰੀ ਸਫ਼ਰ ਦਾ ਚੁਣ ਲਵੋ। ਤੁਹਾਨੂੰ ਤਿੰਨਾਂ ਨੂੰ ਤੇ ਚੁਣੇ ਹੋਏ ਤਿੰਨ ਸਾਥੀਆਂ ਨੂੰ ਅਸੀਂ ਹੁਣੇ ਸ਼ਹਾਦਤ ਦਾ ਜਾਮ ਪਿਲਾ ਦਿਆਂਗੇ। ਮੈਂ ਵਾਅਦਾ ਕਰਦਾ ਹਾਂ ਕਿ ਬਾਕੀ ਕਿਸੇ 'ਤੇ ਆਂਚ ਨਹੀਂ ਆਏਗੀ, ਤੇ ਬਾਕੀ ਦੇ ਮਰਦ ਤੇ ਸਾਰੇ ਜ਼ਨਾਨੀਆਂ ਬੱਚੇ ਦੁਪਹਿਰੇ ਕਾਫ਼ਲੇ ਨਾਲ ਜਾ ਰਲਣਗੇ।"
ਇਸ ਅਨੋਖੀ ਤਜਵੀਜ਼ ਉਤੇ ਜਥੇਦਾਰ ਦੇ ਢਾਣੀਦਾਰਾਂ ਨੂੰ ਲੰਮੀ ਹੈਰਾਨੀ ਨਾ ਹੋਈ। ਉਹ ਜਾਣਦੇ ਸਨ ਕਿ ਉਹ ਨਿੱਤ ਅਜਿਹੇ ਕੌਤਕ ਕਰਦਾ ਰਹਿੰਦਾ ਸੀ। ਇਕ ਵਾਰੀ ਕਾਫ਼ਲੇ ਨਾਲੋਂ ਪਛੜ ਗਿਆ ਇਕ ਲੰਗੜਾ ਬੁੱਢਾ ਜਥੇ ਦੇ ਕਾਬੂ ਆ ਗਿਆ ਸੀ।
ਜਥੇਦਾਰ ਦੇ ਰੂਪ ਵਿਚ ਮਲਕੁਲ ਮੌਤ ਦਾ ਦੀਦਾਰ ਕਰਕੇ ਬੁੱਢਾ ਪੱਤੇ ਵਾਂਗ ਕੰਬ ਰਿਹਾ ਸੀ। ਉਹਦੇ ਹੋਸ਼ ਹਵਾਸ ਨਾਲ ਉਹਦੀ ਜ਼ਬਾਨ ਵੀ ਥਿੜਕਦੀ ਜਾ ਰਹੀ ਸੀ। ਸੁੱਕੇ ਸੰਘ ਦਾ ਘੁੱਟ ਭਰਦਿਆਂ ਉਹਨੇ ਬੋਲਣ ਦਾ ਮਰੀਅਲ ਜਿਹਾ ਜਤਨ ਕੀਤਾ।
"ਮੈਨੂੰ ਮਾਰ ਲਵੋ, ਕੁੱਟ ਲਵੋ, ਪਰ ਜਾਨੋਂ ਨਾ ਮਾਰਨਾ। ਆਹ ਵੇਖ ਮੇਰੇ ਹੱਥ ਬੱਧੇ। ਤੇਰੀ ਵਾਹਿਗੁਰੂ ਜੀ ਕੀ ਫ਼ਤਹ ਸਰਦਾਰਾ, ਤੇਰੀ ਵਾਹਿਗੁਰੂ ਜੀ ਕੀ ਫ਼ਤਹ, ਤੇਰੀ ਵਾਹਿਗੁਰੂ ਜੀ ਕੀ ਫ਼ਤਹ।" ਕਹਿੰਦਾ ਬੁੱਢਾ ਜਥੇਦਾਰ ਦੇ ਪੈਰੀਂ ਡਿੱਗ ਪਿਆ। ਮੁਕੰਦ ਸਿੰਘ ਨੂੰ ਹਾਸਾ ਆ ਗਿਆ। ਉਹਨੇ ਬੁੱਢੇ ਨੂੰ ਬਾਹੋਂ ਫੜ ਕੇ ਉਠਾਲ ਲਿਆ ਤੇ ਉਹਦੇ ਮੂੰਹੋਂ ਤਿੰਨ ਵਾਰੀ 'ਪਾਕਿਸਤਾਨ ਮੁਰਦਾਬਾਦ' ਦਾ ਨਾਅਰਾ ਲਵਾ ਕੇ ਉਹਨੂੰ ਛੱਡ ਦਿੱਤਾ।
ਇਕ ਵਾਰੀ ਇਕ ਅੱਧਖੜ ਤੀਵੀਂ ਤੇ ਉਹਦਾ ਜਵਾਨ ਪੁੱਤਰ ਉਨ੍ਹਾਂ ਦੇ ਢਹੇ ਚੜ੍ਹ ਗਏ। ਉਹ ਜਰਨੈਲੀ ਸੜਕ ਤੋਂ ਲੰਘ ਰਹੇ ਕਾਫ਼ਲੇ ਵਿਚ ਸ਼ਾਮਲ ਸਨ। ਤਿਕਾਲਾਂ ਦੇ ਘੁਸਮੁਸੇ ਵਿਚ ਉਹ ਆਪਣੇ ਡੰਗਰਾਂ ਲਈ ਪੱਠੇ ਵੱਢਣ ਸੜਕ ਲਾਗਲੀ ਬਰਸੇਮ ਦੀ ਪੈਲੀ ਵਿਚ ਆਣ ਵੜੇ। ਕਾਫ਼ਲੇ ਦੇ ਲਾਗੇ ਤਾਗੇ ਗਿਰਝਾਂ ਵਾਂਗ ਮੰਡਲਾਂਦੇ ਜਥੇ ਨੇ ਉਨ੍ਹਾਂ ਨੂੰ ਆਣ ਘੇਰਿਆ।
ਜਥੇਦਾਰ ਦੇ ਹੱਥ ਨੰਗੀ ਤਲਵਾਰ ਸੂਤੀ ਵੇਖ ਕੇ ਤੀਵੀਂ ਬੋਲੀ- "ਵੇ ਵੀਰਾ, ਹਾੜਾ ਵੇ। ਸਾਨੂੰ ਵੱਢ ਛੱਡੀਂ ਭਾਵੇਂ, ਪਰ ਪਹਿਲੋਂ ਮੇਰੀ ਗੱਲ ਸੁਣ ਲੈ।"
"ਬੋਲ, ਕੀ ਕਹਿਨੀ ਏ?"
ਜਥੇਦਾਰ ਦਾ ਬੋਲ ਦਾਤ ਵਰਗਾ ਤਿੱਖਾ ਸੀ। "ਬੱਸ, ਮੈਂ ਏਨਾ ਈ ਆਖਣਾ ਏ ਵੀਰਾ, ਮੇਰੇ ਪੇਕੇ ਮਲੇਰਕੋਟਲੇ ਨੇ, ਤੇ ਆਹ ਮੇਰਾ ਪੁੱਤ ਮਲੇਰਕੋਟਲੇ ਦਾ ਦੋਹਤਰਾ ਈ।"
ਬਿੰਦ ਕੁ ਲਈ ਮੁਕੰਦ ਸਿੰਘ ਭੰਬਲਭੂਸਿਆਂ ਵਿਚ ਪਿਆ ਰਿਹਾ। ਇਹ ਜ਼ਨਾਨੀ ਕੀ ਆਖ ਰਹੀ ਸੀ। ਕੀ ਡਰ ਨਾਲ ਉਹ ਪਾਗ਼ਲ ਹੋ ਗਈ ਸੀ। ਇਹ ਮਲੇਰਕੋਟਲਾ ਕੀ ਬਲਾ ਸੀ। ਫੇਰ ਅਚਨਚੇਤ ਮਲੇਰਕੋਟਲਾ ਇਕ ਲਿਸ਼ਕਾਰੇ ਵਾਂਗ ਉਹਦੇ ਦਿਮਾਗ ਵਿਚ ਜਗ ਉੱਠਿਆ। ਮਲੇਰਕੋਟਲੇ ਦਾ ਨਵਾਬ ਹੀ ਤਾਂ ਸੀ ਜਿਸਨੇ ਛੋਟੇ ਸਾਹਿਬਜ਼ਾਦਿਆਂ ਉਤੇ ਲਾਏ ਗਏ ਫ਼ਤਵੇ ਵਿਰੁੱਧ ਆਵਾਜ਼ ਉਠਾਈ ਸੀ। ਤੇ ਜਦੋਂ ਹੱਕ ਦੀ ਇਹ ਆਵਾਜ਼ ਸੂਬਾ ਸਰਹੰਦ ਨੇ ਨਾ ਸੁਣੀ ਤਾਂ ਰੋਸ ਵਜੋਂ ਮਲੇਰਕੋਟਲਾ ਜ਼ਾਲਮਾਂ ਦੀ ਕਚਹਿਰੀ ਵਿਚੋਂ ਉੱਠ ਗਿਆ ਸੀ।
ਕਿਰਪਾਨ ਦੇ ਕਬਜ਼ੇ 'ਤੇ ਉਹਦਾ ਹੱਥ ਤ੍ਰੇਲੀ ਨਾਲ ਭਿੱਜ ਗਿਆ। ਉਹ ਇਹ ਕੀ ਕਹਿਰ ਕਮਾਣ ਲੱਗਾ ਸੀ। ਇਹ ਕਲੰਕ ਸਾਰੀ ਉਮਰ ਉਹਦੇ ਮੱਥਿਉਂ ਨਹੀਂ ਸੀ ਧੁਪਣਾ।
"ਛੇਤੀ ਕਰ ਭੈਣੇ ਮੇਰੀਏ", ਉਹਨੇ ਨੀਵੀਂ ਪਾਈ ਆਖਿਆ, "ਨੱਠ ਕੇ ਕਾਫ਼ਲੇ ਵਿਚ ਜਾ ਰਲੋ। ਪੱਠਿਆਂ ਖਾਤਰ ਜਿੰਦ ਦਾ ਖ਼ਤਰਾ ਨਾ ਸਹੇੜਿਆ ਕਰੋ।"
...ਯਾਦ ਕਰਕੇ ਮੁਕੰਦ ਸਿੰਘ ਦੇ ਜੁੰਡੀਦਾਰਾਂ ਨੂੰ ਉਹਦੀ ਏਸ ਨਵੀਂ ਤਜਵੀਜ਼ ਉਤੇ ਹੈਰਾਨੀ ਨਾ ਹੋਈ।
"ਬੋਲੋ", ਜਥੇਦਾਰ ਭਵਾਂ ਸੁਕੇੜਦਾ ਬੋਲਿਆ, "ਮਨਜ਼ੂਰ ਏ ਤੁਹਾਨੂੰ ਮੇਰੀ ਗੱਲ?"
ਤਿੰਨਾਂ ਵਿਚੋਂ ਕਿਸੇ ਹੁੰਗਾਰਾ ਨਾ ਭਰਿਆ। ਲੱਗਦਾ ਸੀ ਜਥੇਦਾਰ ਮੁਕੰਦ ਸਿੰਘ ਦੀ ਗੱਲ ਚੰਗੀ ਤਰ੍ਹਾਂ ਉਨ੍ਹਾਂ ਦੀ ਸਮਝ ਵਿਚ ਨਹੀਂ ਸੀ ਆਈ। ਜਥੇਦਾਰ ਨੇ ਆਪਣੀ ਤਜਵੀਜ਼ ਦੁਹਰਾਈ। ਇਸ ਵਾਰੀ ਵੀ ਤਿੰਨਾਂ ਵਿਚੋਂ ਕਿਸੇ ਨੇ ਕੋਈ ਜਵਾਬ ਨਾ ਦਿੱਤਾ।
"ਹਾਂ ਜਾਂ ਨਾ, ਕੁਝ ਤਾਂ ਬੋਲੋ।"
ਇਕ ਹਠੀਲੀ ਚੁੱਪ ਉਨ੍ਹਾਂ ਦਾ ਉੱਤਰ ਸੀ।
"ਮਰੋ ਫ਼ਿਰ ਸਾਰੇ ਈ। ਮੁਲਕੇ ਅਦਮ ਵੱਲ 'ਕੱਠਿਆਂ ਈ ਹਿਜਰਤ ਕਰੋ।"
"ਲੈ ਚੱਲੋ ਸਾਰਿਆਂ ਨੂੰ ਹਿੱਕ ਕੇ ਸਕੂਲ ਦੇ ਪਿਛਵਾੜੇ।" ਜਥੇਦਾਰ ਨੇ ਆਪਣੇ ਨਾਇਬ ਨੱਥੂ ਝੀਊਰ ਨੂੰ ਹੁਕਮ ਕੀਤਾ।
"ਸਾਨੂੰ ਮਨਜ਼ੂਰ ਏ।"
ਇਹ ਆਵਾਜ਼ ਉਸ ਅੱਧਖੜ ਬੰਦੀ ਦੀ ਸੀ ਜਿਸਦੀ ਨਿਡਰਤਾ ਮੁਕੰਦ ਸਿੰਘ ਨੂੰ ਬੁਰੀ ਤਰ੍ਹਾਂ ਰੜਕ ਰਹੀ ਸੀ।
"ਮਨਜ਼ੂਰ ਏ ਤਾਂ ਚੁਣ ਲਵੋ ਆਪੋ ਆਪਣਾ ਸਾਥੀ ਦੋਜ਼ਖ ਜਾਣ ਲਈ। ਚੱਲ ਓਏ ਪਹਿਲੇ ਤੂੰ।"
ਬਿੰਦ ਕੁ ਲਈ ਗੱਭਰੂ ਦੁਚਿਤੀਆਂ ਵਿਚ ਖੜੋਤਾ ਰਿਹਾ ਪਰ ਅਗਲੇ ਪਲ ਜਥੇਦਾਰ ਦੀ ਦੁਨਾਲੀ ਉਹਦੀਆਂ ਮੌਰਾਂ ਵਿਚ ਵੱਜੀ ਤੇ ਬਧੋਰੁੱਧਾ ਉਹ ਮਰਦਾਂ ਦੀ ਢਾਣੀ ਵੱਲ ਹੋ ਤੁਰਿਆ। ਜਿਸਦੇ ਲਾਗਿਉਂ ਉਹ ਲੰਘਿਆ, ਉਹਨੂੰ ਮੌਤ ਸੁੰਘ ਗਈ।
ਜਿਸਦੇ ਕੋਲ ਉਹ ਰੁਕਿਆ, ਉਹਨੇ ਨੀਵੀਂ ਪਾ ਲਈ; ਇਸ ਉਮੀਦ 'ਤੇ ਕਿ ਹੇਠਾਂ ਗੱਡੀਆਂ ਨੀਝਾਂ ਨਾਲ ਉਹ ਕਿਸੇ ਨੂੰ ਨਜ਼ਰ ਨਹੀਂ ਆਏਗਾ। ਇਕ ਇਕ ਕਰਕੇ ਗੱਭਰੂ ਸਭ ਦੇ ਕੋਲੋਂ ਲੰਘ ਗਿਆ। ਜਦ ਢਾਣੀ ਦਾ ਅਖ਼ੀਰਲਾ ਬੰਦਾ ਰਹਿ ਗਿਆ ਤਾਂ ਹਾਰ ਕੇ ਉਹਨੇ ਉਹਦੇ ਮੋਢੇ 'ਤੇ ਹੱਥ ਧਰ ਦਿੱਤਾ।
ਏਸੇ ਤਰ੍ਹਾਂ ਦੂਜੇ ਗੱਭਰੂ ਨੇ ਕੀਤਾ।
"ਚੱਲ ਬੜੇ ਮੀਆਂ, ਹੁਣ ਤੇਰੀ ਵਾਰੀ ਏ।" ਮੁਕੰਦ ਸਿੰਘ ਅੱਧਖੜ ਵੱਲ ਹੋਇਆ।
ਅਧਖੜ ਇਕ ਪਲ ਨਾ ਝਿਜਕਿਆ ਤੇ ਢਾਣੀ ਵਿਚੋਂ ਤੁਰਤ 17-18 ਵਰ੍ਹਿਆਂ ਦੇ ਮੁੰਡੇ ਨੂੰ ਆਪਣੇ ਕਲਾਵੇ ਵਿਚ ਵਲਦਾ ਜਥੇਦਾਰ ਦੇ ਪੇਸ਼ ਹੋ ਗਿਆ।
ਅਚਨਚੇਤ ਅੱਸੀ ਕੁ ਸਾਲਾਂ ਦਾ ਬੁੱਢਾ ਜੋ ਢਾਣੀ ਵਿਚ ਸਭ ਤੋਂ ਵਡੇਰਾ ਲੱਗਦਾ ਸੀ, ਭੁੜਕ ਕੇ ਅੱਗੇ ਆਉਂਦਾ ਚੀਖ਼ਿਆ-
"ਰਮਜ਼ਾਨਿਆਂ ਇਹ ਕੀ ਕਹਿਰ ਕਮਾਣ ਲਗਾ ਏਂ। ਨਜ਼ੀਰ ਤੇਰਾ ਇਕੋ ਇਕ ਪੁੱਤਰ ਏ। ਇਹਨੂੰ ਮੌਤ ਦੇ ਮੂੰਹ ਧੱਕਣ ਦਾ ਤੇਰਾ ਜਿਗਰਾ ਕਿਵੇਂ ਪਿਆ।"
ਰਮਜ਼ਾਨ ਨੇ ਕੋਈ ਉੱਤਰ ਨਾ ਦਿੱਤਾ। ਸਿਰਫ਼ ਆਪਣੇ ਕਲਾਵੇ ਦੀ ਕਸ ਮੁੰਡੇ ਦੁਆਲੇ ਪੀਡੀ ਕਰ ਲਈ।
"ਇਹਦੇ ਬਦਲੇ ਤੂੰ ਮੈਨੂੰ ਚੁਣ ਲੈ", ਬੁੱਢੇ ਤਰਲਿਆ, "ਮੈਂ ਖਾ-ਹੰਢਾਅ ਬੈਠਾਂ ਹਾਂ।"
ਏਨਾ ਕਹਿੰਦਿਆਂ ਬਜ਼ੁਰਗ ਨਜ਼ੀਰ ਦਾ ਹੱਥ ਫ਼ੜ ਕੇ ਪਿਛਾਂਹ ਖਿੱਚਣ ਲੱਗਾ।
"ਛੱਡ ਦੇ ਚਾਚਾ।" ਅੱਧਖੜ ਨੇ ਉਹਨੂੰ ਵਰਜਿਆ, "ਚੋਣ ਕਰਨ ਦਾ ਹੱਕ ਮੇਰਾ ਏ ਤੇ ਮੈਂ ਨਜ਼ੀਰ ਨੂੰ ਚੁਣਿਆ ਏ।"
"ਵਾਸਤਾ ਈ ਕਿਸੇ ਵੱਡੇ ਵਡੇਰੇ ਦਾ ਰਮਜ਼ਾਨਿਆਂ, ਮੁੰਡੇ ਨੂੰ ਅਨਿਆਈਂ ਮੌਤੇ ਨਾ ਮਰਵਾ। ਤੇਰੇ ਖ਼ਾਨਦਾਨ ਦਾ ਇਕੋ ਇਕ ਚਰਾਗ ਏ। ਇਹਦੇ ਨਾਲ ਈ ਤੇਰੀ ਕੁਲ ਦਾ ਨਾਮ ਨਿਸ਼ਾਨ ਮਿਟ ਜਾਏਗਾ।"
"ਮਿਟ ਜਾਏ।" ਰਮਜ਼ਾਨ ਦੀ ਆਵਾਜ਼ ਵਿਚ ਆਖ਼ਰਾਂ ਦਾ ਠਰ੍ਹੰਮਾ ਸੀ।
"ਪਰ ਤੂੰ ਮੈਨੂੰ ਕਿਉਂ ਨਹੀਂ ਚੁਣ ਲੈਂਦਾ। ਮੇਰੀਆਂ ਲੱਤਾਂ ਤਾਂ ਪਹਿਲੇ ਈ ਕਬਰ ਵਿਚ ਹਨ।"
"ਮੇਰਾ ਹੱਕ ਸਿਰਫ਼ ਆਪਣੇ ਪੁੱਤਰ ਦੀ ਜਿੰਦ 'ਤੇ ਏ। ਕਿਸੇ ਹੋਰ ਦੀ 'ਤੇ ਨਹੀਂ।"
ਅੱਧਖੜ ਦਾ ਇਖਲਾਕੀ ਹੌਸਲਾ ਵੇਖ ਜਥੇਦਾਰ ਮੁਕੰਦ ਸਿੰਘ ਅਚਨਚੇਤ ਪੈਰੋਂ ਉੱਖੜ ਗਿਆ। ਉਹਨੇ ਮੁੜ ਅੰਦਰਲੇ ਨੂੰ ਨਫ਼ਰਤ ਦੇ ਜ਼ਬਤ ਵਿਚ ਸਾਵਧਾਨ ਕਰਨਾ ਚਾਹਿਆ ਪਰ ਉਹਦੇ ਅੰਦਰ ਸਭ ਕੁਝ ਟੁੱਟ ਗਿਆ ਜਾਪਦਾ ਸੀ। ਉਹਦੇ ਸਰੀਰ ਦੀ ਸੱਤਿਆ ਜਿਵੇਂ ਪੈਰਾਂ ਵਿਚੋਂ ਦੀ ਹੁੰਦੀ ਧਰਤੀ ਵਿਚ ਨਿੱਘਰ ਗਈ ਹੋਵੇ।
ਉਹਨੂੰ ਲੱਗਾ ਰਮਜ਼ਾਨ ਇਨਸਾਨੀਅਤ ਦਾ ਮੁਜੱਸਮਾ ਸੀ ਤੇ ਰੂਹਾਨੀਅਤ ਦੀ ਉਸ ਉਚਾਈ 'ਤੇ ਖੜੋਤਾ ਸੀ ਜਿਥੋਂ ਮੁਕੰਦ ਸਿੰਘ ਆਪ ਮੂੰਧੜੇ ਮੂੰਹ ਡਿੱਗਾ ਸੀ।
ਜਥੇਦਾਰ ਨੂੰ ਜਾਪਿਆ ਜਿਵੇਂ ਉਹਦਾ ਮੂੰਹ, ਉਹਦੀ ਦਾੜ੍ਹੀ, ਉਹਦੀ ਦਸਤਾਰ ਹੈਵਾਨੀਅਤ ਦੇ ਬਦਬੂਦਾਰ ਚਿੱਕੜ ਨਾਲ ਲਿਬੜ ਘੱਤੀ ਹੋਵੇ। ਰਮਜ਼ਾਨ ਦੇ ਪੱਲੇ ਇਨਸਾਨੀਅਤ ਸੀ, ਨੇਕੀ ਸੀ, ਕੁਰਬਾਨੀ ਸੀ। ਰਮਜ਼ਾਨ ਦੇ ਪੱਲੇ ਸੱਚ ਸੀ, ਚਿੱਟੇ ਦਿੰਹੁ ਵਰਗਾ ਸੱਚ, ਜਿਹੋ ਜਿਹਾ ਮਲੇਰਕੋਟਲੇ ਦੇ ਨਵਾਬ ਦੇ ਪੱਲੇ ਸੀ। ਜਥੇਦਾਰ ਮੁਕੰਦ ਸਿੰਘ ਨੂੰ ਲੱਗਾ, ਠੀਕਰੀ ਮਾਜਰਾ ਦੂਜਾ ਮਲੇਰਕੋਟਲਾ ਸੀ।
"ਤੁਹਾਡਾ ਵਾਲ ਵਿੰਗਾ ਨਹੀਂ ਹੋਏਗਾ", ਉਹਨੇ ਸਾਰੇ ਬੰਦੀਆਂ ਨੂੰ ਧਰਵਾਸ ਦੇਂਦਿਆਂ ਆਖਿਆ, "ਤੁਹਾਡਾ ਮਾਲ ਅਸਬਾਬ, ਢੋਰ ਡੰਗਰ ਤੁਹਾਨੂੰ ਹੁਣੇ ਮੋੜ ਦਿੱਤੇ ਜਾਣਗੇ। ਅੱਜ ਦੁਪਹਿਰੀਂ ਮੈਂ ਤੇ ਮੇਰਾ ਜਥਾ ਆਪਣੀ ਨਿਗਰਾਨੀ ਵਿਚ ਤੁਹਾਨੂੰ ਕਾਫ਼ਲੇ ਨਾਲ ਰਲਾ ਕੇ ਆਵਾਂਗੇ।"
ਜਥੇਦਾਰ ਦੇ ਹੁਕਮ ਦੀ ਨਾਬਰੀ ਕਰੇ, ਏਨੀ ਮਜਾਲ ਜਥੇ ਵਿਚ ਕਿਸੇ ਦੀ ਨਹੀਂ ਸੀ।

  • ਮੁੱਖ ਪੰਨਾ : ਕਹਾਣੀਆਂ, ਮਹਿੰਦਰ ਸਿੰਘ ਸਰਨਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ