Punjabi Stories/Kahanian
ਮੈਕਸਿਮ ਗੋਰਕੀ
Maxim Gorky

Punjabi Kavita
  

Neelian Akkhan Wali Aurat Maxim Gorky

ਨੀਲੀਆਂ ਅੱਖਾਂ ਵਾਲ਼ੀ ਔਰਤ ਮੈਕਸਿਮ ਗੋਰਕੀ

1.
ਸਹਾਇਕ ਪੁਲਿਸ-ਅਫ਼ਸਰ ਪੋਦਸ਼ਿਬਲੋ ਯੂਕਰੇਨ ਦਾ ਵਾਸੀ ਸੀ, ਮੋਟਾ ਤੇ ਉਦਾਸ ਸੁਭਾਅ। ਦਫ਼ਤਰ ਵਿੱਚ ਬੈਠਾ ਉਹ ਆਪਣੀਆਂ ਮੁੱਛਾਂ ਨੂੰ ਵੱਟ ਚਾੜ ਰਿਹਾ ਸੀ ਅਤੇ ਉਦਾਸ ਮੂੰਹ ਬਣਾਈ ਬਾਰੀ ਤੋਂ ਬਾਹਰ ਵਿਹੜੇ ਵੱਲ ਝਾਕ ਰਿਹਾ ਸੀ। ਦਫ਼ਤਰ ਹਨੇਰਾ, ਸਾਹਘੁੱਟੂ ਅਤੇ ਬਹੁਤ ਹੀ ਸ਼ਾਂਤ ਸੀ। ਟਾਇਮ-ਪੀਸ ਦੇ ਪੈਂਡੂਲਮ ਦੀ ਟਿਕ-ਟਿਕ ਤੋਂ ਬਿਨਾਂ, ਜੋ ਇੱਕ ਸੁਰ ਵਿੱਚ ਘੜੀਆਂ ਗਿਣ ਰਿਹਾ ਸੀ, ਹੋਰ ਕੋਈ ਅਵਾਜ਼ ਨਹੀਂ ਆ ਰਹੀ ਸੀ। ਬਾਹਰ ਵਿਹੜਾ ਪੂਰਾ ਚਾਨਣਾ ਸੀ ਅਤੇ ਮੱਲੋ-ਮੱਲੀ ਦਿਲ ਨੂੰ ਖਿੱਚਦਾ ਸੀ। ਉਸਦੇ ਵਿਚਾਲ਼ੇ ਉੱਗਰੇ ਬਿਰਚ ਦੇ ਤਿੰਨ ਦਰੱਖ਼ਤਾਂ ਨੇ ਚੰਗੀ ਛਾਂ ਕੀਤੀ ਹੋਈ ਸੀ ਅਤੇ ਇਸ ਛਾਂ ਹੇਠ ਸਿਪਾਹੀ ਕੁਖ਼ਾਰਿਨ ਜੋ ਹਾਲੇ ਆਪਣੀ ਡਿਊਟੀ ਪੂਰੀ ਕਰਕੇ ਪਰਤਿਆ ਸੀ, ਅੱਗ ਬੁਝਾਉਣ ਵਾਲ਼ੇ ਘੋੜਿਆਂ ਲਈ ਉੱਥੇ ਜੋੜੇ ਗਏ ਘਾਹ ਦੇ ਇੱਕ ਢੇਰ ‘ਤੇ ਸੁੱਤਾ ਪਿਆ ਸੀ। ਇਹੀ ਉਹ ਦ੍ਰਿਸ਼ ਸੀ ਜਿਸਨੇ ਸਹਾਇਕ ਪੁਲਿਸ-ਅਫ਼ਸਰ ਪੋਦਸ਼ਿਬਲੋ ਦਾ ਪਾਰਾ ਚੜ੍ਹਾ ਦਿੱਤਾ ਸੀ। ਉਹਦਾ ਮਾਤਹਿਤ ਸੌਂ ਸਕਦਾ ਸੀ ਜਦ ਕਿ ਉਸਨੂੰ ਅਭਾਗੇ ਚੀਫ਼ ਨੂੰ ਇਸ ਖੁੱਡੇ ਵਿੱਚ ਬੈਠਣਾ ਤੇ ਸਾਹਘੁੱਟੂ ਹਵਾ ਵਿੱਚ ਸਾਹ ਲੈਣਾ ਪੈ ਰਿਹਾ ਸੀ। ਪੱਥਰ ਦੀਆਂ ਕੰਧਾਂ ‘ਚੋਂ ਬੋ ਆ ਰਹੀ ਸੀ। ਉਸਨੇ ਕਲਪਨਾ ਕੀਤੀ ਕਿੰਨਾ ਨਜ਼ਾਰਾ ਆਉਂਦਾ ਜੇਕਰ ਉਹ ਉੱਥੇ, ਬਿਰਚ ਦੇ ਦਰੱਖ਼ਤਾਂ ਦੀ ਛਾਂਵੇਂ ਮਹਿਕਦੇ ਘਾਹ ਦੇ ਉਸ ਢੇਰ ‘ਤੇ ਸੌਂ ਸਕਦਾ। ਪਰ ਇਸ ਲਈ ਸਮਾਂ ਕਿੱਥੇ ਸੀ? ਫਿਰ ਉਸਦਾ ਅਹੁਦਾ ਵੀ ਇਸਦੀ ਆਗਿਆ ਨਹੀਂ ਦਿੰਦਾ ਸੀ। ਸੋ, ਸੋਚਦੇ-ਸੋਚਦੇ ਉਸਨੇ ਆਪਣੇ ਸਰੀਰ ਨੂੰ ਤਾਣਿਆ, ਉਬਾਸੀ ਲਈ ਅਤੇ ਹੋਰ ਖਿੱਝਿਆ। ਉਸਦੇ ਮਨ ਵਿੱਚ ਸਿਪਾਹੀ ਕੁਖ਼ਾਰਿਨ ਨੂੰ ਜਗਾਉਣ ਦੀ ਇੱਛਾ ਇੰਨੇ ਜ਼ੋਰਾਂ ਨਾਲ਼ ਉੱਭਰੀ ਕਿ ਦਬਾਇਆਂ ਵੀ ਦਬਾਈ ਨਾ ਗਈ।
“ਓਏ, ਕੁਖ਼ਾਰਿਨ! ਏ, ਕੁਖ਼ਾਰਿਨ ਸੂਰਾ!” ਉਹ ਗੱਜਿਆ।
ਉਸਦੇ ਪਿਛਲਾ ਬੂਹਾ ਖੁੱਲ੍ਹਿਆ ਅਤੇ ਕਿਸੇ ਨੇ ਅੰਦਰ ਪੈਰ ਧਰਿਆ। ਪੋਦਿਸ਼ਬਲੋ, ਪਹਿਲਾਂ ਵਾਂਗ, ਬਾਰੀ ਦੇ ਬਾਹਰ ਦੇਖਦਾ ਰਿਹਾ, ਨਾ ਤਾਂ ਉਸਨੇ ਮੁੜਕੇ ਪਿੱਛੇ ਵੱਲ ਦੇਖਿਆ ਅਤੇ ਨਾ ਹੀ ਇਹ ਜਾਣਨ ਲਈ ਥੋੜ੍ਹੀ ਜਿਹੀ ਵੀ ਉਤਸੁਕਤਾ ਦਿਖਾਈ ਕਿ ਕੌਣ ਆਇਆ ਹੈ ਅਤੇ ਬਾਰ ਵਿਚਾਲ਼ੇ ਖੜ੍ਹਾ ਆਪਣੇ ਬੋਝ ਨਾਲ਼ ਫਰਸ਼ ‘ਤੇ ਤਖ਼ਤੇ ਦੀ ਚਰ-ਚਰ ਕਰਾ ਰਿਹਾ ਹੈ। ਕੁਖ਼ਾਰਿਨ ‘ਤੇ ਉਸਦੇ ਗਰਜਨ ਦਾ ਕੋਈ ਅਸਰ ਨਹੀਂ ਹੋਇਆ, ਉਹ ਕੁਸਕਿਆ ਵੀ ਨਾ। ਉਹ ਗੂੜ੍ਹੀ ਨੀਂਦ ਸੌਂ ਰਿਹਾ ਸੀ। ਆਪਣੇ ਹੱਥ ਦਾ ਉਹਨੇ ਸਿਰ੍ਹਾਣਾ ਲਗਾ ਰੱਖਿਆ ਸੀ, ਅਤੇ ਉਸਦੀ ਦਾੜ੍ਹੀ ਉੱਪਰ ਨੂੰ ਨੋਕ ਕਰਕੇ ਅਸਮਾਨ ਨਾਲ਼ ਗੱਲਾਂ ਕਰ ਰਹੀ ਸੀ। ਸਹਾਇਕ ਪੁਲਿਸ ਅਫ਼ਸਰ ਨੂੰ ਜਾਪਿਆ ਜਿਵੇਂ ਉਸਦੇ ਮਾਤਹਿਤ ਦੇ ਘੁਰਾੜਿਆਂ ਦੀ ਅਵਾਜ਼ ਉਸਦਾ ਮਜ਼ਾਕ ਜਿਹਾ ਉਡਾ ਰਹੀ ਹੋਵੇ, ਝਮਕਾ ਲਾਉਣ ਦੀ ਉਸਦੀ ਆਪਣੀ ਇੱਛਾ ਨੂੰ ਭੜਕਾ ਰਹੀ ਹੋਵੇ ਅਤੇ ਅਜਿਹਾ ਨਾ ਕਰ ਸਕਣ ‘ਤੇ ਉਸਨੂੰ ਕੋਸ ਅਤੇ ਕੁਰੇਦ ਰਹੀ ਹੋਵੇ। ਇਸ ਨਾਲ਼ ਉਸਦੀ ਖਿੱਝ ਹੋਰ ਵੀ ਤੇਜ਼ ਹੋ ਗਈ। ਉਸਦਾ ਜੀ ਕਰ ਰਿਹਾ ਸੀ ਕਿ ਹੁਣੇ ਉੱਠ ਕੇ ਜਾਵੇ ਅਤੇ ਕੁਖ਼ਾਰਿਨ ਦੀ ਮੋਟੀ ਗੋਗੜ ‘ਤੇ ਕਸਕੇ ਇੱਕ ਲੱਤ ਜੜੇ, ਫਿਰ ਉਸਦੀ ਦਾੜ੍ਹੀ ਫੜ੍ਹ੍ਹਕੇ ਖਿੱਚਦਾ ਹੋਇਆ ਉਸਨੂੰ ਛਾਂ ਤੋਂ ਬਾਹਰ ਲੈ ਆਵੇ ਅਤੇ ਝੁਲਸਾ ਦੇਣ ਵਾਲ਼ੀ ਧੁੱਪ ਵਿੱਚ ਖੜ੍ਹਾ ਕਰ ਦੇਵੇ।
“ਓਏ, ਇੱਥੇ ਪਿਆ ਘੁਰਾੜੇ ਮਾਰ ਰਿਹਾਂ! ਸੁਣਦਾ ਨੀ!”
“ਜੀ ਜਨਾਬ, ਡਿਊਟੀ ‘ਤੇ ਹੁਣ ਮੈਂ ਆਂ”, ਉਸਦੇ ਪਿੱਛੇਓਂ ਨਰਮ ਅਵਾਜ਼ ਆਈ।
ਪੋਦਸ਼ਿਬਲੋ ਘੁੰਮਿਆ ਅਤੇ ਉਸ ਸਿਪਾਹੀ ‘ਤੇ ਆਪਣੀ ਹੈਂਕੜ ਵਾਲ਼ੀ ਨਜ਼ਰ ਗੱਡ ਦਿੱਤੀ ਜੋ ਸੁੰਨੀਆਂ ਅੱਖਾਂ ਨਾਲ਼, ਡੇਲੇ ਅੱਡੀ, ਉਸ ਵੱਲ ਇਵੇਂ ਦੇਖ ਰਿਹਾ ਸੀ ਕਿ ਕਦੋਂ ਹੁਕਮ ਮਿਲ਼ੇ ਜਿਸਦੀ ਪਾਲਣਾ ਵਿੱਚ ਉਹ ਝੱਟ ਜ਼ਮੀਨ-ਅਸਮਾਨ ਇੱਕ ਕਰ ਦੇਵੇ।
“ਕੀ ਮੈਂ ਤੈਨੂੰ ਬੁਲਾਇਆ ਸੀ?”
“ਨਹੀਂ, ਜਨਾਬ।”
“ਕੀ ਤੇਰੀ ਪੇਸ਼ੀ ਸੀ?” ਪੋਦਸ਼ਿਬਲੋ ਨੇ ਆਪਣੀ ਅਵਾਜ਼ ਤੇਜ਼ ਕੀਤੀ ਅਤੇ ਆਪਣੀ ਕੁਰਸੀ ‘ਤੇ ਵਲ਼ ਖਾਣ ਲੱਗਿਆ।
“ਨਹੀਂ, ਜਨਾਬ।”
“ਤਾਂ, ਜੇ ਆਪਣੇ ਮੱਦੂ ਦੀ ਖ਼ੈਰ ਚਾਹੁੰਦਾ ਏ ਤਾਂ ਇੱਥੋਂ ਹੁਣੇ ਦਫ਼ਾ ਹੋ ਜਾ!” ਉਸਦਾ ਖੱਬਾ ਹੱਥ ਕਿਸੇ ਅਜਿਹੀ ਚੀਜ਼ ਦੀ ਟੋਹ ‘ਚ ਮੇਜ਼ ‘ਤੇ ਪਹੁੰਚਿਆ ਜਿਸ ਨਾਲ਼ ਉਸਦੇ ਸਿਰ ਦੀ ਮੁਰੰਮਤ ਕੀਤੀ ਜਾ ਸਕੇ ਅਤੇ ਸੱਜੇ ਹੱਥ ਨੇ ਮਜ਼ਬੂਤੀ ਨਾਲ਼ ਕੁਰਸੀ ਦੀ ਪਿੱਠ ਫੜੀ ਸੀ। ਪਰ ਸਿਪਾਹੀ ਪਹਿਲਾਂ ਹੀ ਬੂਹੇ ਵਿੱਚੋਂ ਚੁੱਪਚਾਪ ਓਝਲ਼ ਹੋ ਗਿਆ। ਉਸਦਾ ਇਸ ਤਰ੍ਹਾਂ ਜਾਣਾ ਸਹਾਇਕ ਪੁਲਿਸ-ਅਫ਼ਸਰ ਨੂੰ ਚੰਗਾ ਨਹੀਂ ਲੱਗਿਆ, ਉਸਨੂੰ ਇਹ ਅਸੱਭਿਅਕ ਲੱਗਿਆ। ਇਸ ਤੋਂ ਬਿਨਾਂ ਉਸ ਲਈ ਆਪਣੀ ਖਿੱਝ ਲਾਹੁਣੀ ਵੀ ਬਹੁਤ ਜ਼ਰੂਰੀ ਸੀ ਜਿਸਨੂੰ ਦਫ਼ਤਰ ਦੀ ਹੁੰਮਸ, ਕੰਮ ਦੇ ਬੋਝ, ਸੌਂ ਰਹੇ ਕੁਖ਼ਾਰਿਨ, ਆਉਣ ਵਾਲ਼ੇ ਮੇਲੇ ਅਤੇ ਹੋਰ ਕਿੰਨੀਆਂ ਹੀ ਬੇਹੂਦਾ ਗੱਲਾਂ ਨੇ ਬਿਨਾਂ ਬੁਲਾਏ ਦਿਮਾਗ਼ ਵਿੱਚ ਵੜਕੇ ਭੜਕਾ ਦਿੱਤਾ ਸੀ।
“ਇੱਧਰ ਆ!” ਉਹ ਬੂਹੇ ਵਿੱਚੋਂ ਚੀਕਿਆ।
ਸਿਪਾਹੀ ਪਰਤ ਆਇਆ ਅਤੇ ਬੂਹੇ ਵਿੱਚ ਤਣਕੇ ਖਲ੍ਹੋ ਗਿਆ। ਉਸਦੇ ਚਿਹਰੇ ‘ਤੇ ਡਰ ਦਾ ਭਾਵ ਝਲਕ ਉੱਠਿਆ ਸੀ।
“ਮੂਰਖ਼!” ਪੋਦਸ਼ਿਬਲੋ ਗਰਜਿਆ “ਵਿਹੜੇ ਵਿੱਚ ਜਾਹ ਅਤੇ ਉਸ ਖੋਤੇ ਦੇ ਪੁੱਤਰ ਕੁਖ਼ਾਰਿਨ ਨੂੰ ਜਗਾ ਕੇ ਕਹਿ ਕਿ ਥਾਣੇ ਦਾ ਵਿਹੜਾ ਘੁਰਾੜੇ ਮਾਰਣ ਦੀ ਥਾਂ ਨਹੀਂ ਹੈ। ਚੱਲ, ਦਫ਼ਾ ਹੋ ਜਾ!”
“ਜੀ, ਜਨਾਬ। ਇੱਕ ਔਰਤ ਥਾਣੇ ‘ਚ ਆਈ ਹੈ ਅਤੇ…”
“ਕੀ-ਆ-ਆ?”
“ਇੱਕ ਔਰਤ…”
“ਕਿਹੋ ਜਿਹੀ ਔਰਤ?”
“ਲੰਬਾ ਕੱਦ…”
“ਮੂਰਖਾ! ਉਹ ਕੀ ਚਾਹੁੰਦੀ ਹੈ?”
“ਤੁਹਾਨੂੰ ਮਿਲਣਾ…”
“ਪੁੱਛ, ਕਿਉਂ ਮਿਲਣਾ ਚਾਹੁੰਦੀ ਹੈ। ਜਾਹ!”
“ਮੈਂ ਪੁੱਛਿਆ ਸੀ। ਪਰ ਉਹਨੇ ਨਹੀਂ ਦੱਸਿਆ। ਕਹਿਣ ਲੱਗੀ, ਉਹ ਖੁਦ ਜਨਾਬ ਨਾਲ਼ ਗੱਲ ਕਰਨਾ ਚਾਹੁੰਦੀ ਹੈ।”
“ਅਜੀਬ ਸਮੱਸਿਆ ਨੇ ਇਹ ਔਰਤਾਂ ਵੀ। ਉਹਨੂੰ ਇੱਥੇ ਲੈ ਆਉ। ਕੀ ਉਹ ਮੁਟਿਆਰ ਹੈ?”
“ਹਾਂ, ਜਨਾਬ!”
“ਚੰਗਾ, ਉਹਨੂੰ ਪੇਸ਼ ਕਰੋ। ਪਰ ਜਲਦੀ”, ਪੋਦਸ਼ਿਬਲੋ ਨੇ ਨਰਮ ਪੈਂਦੇ ਹੋਏ ਕਿਹਾ। ਉਹ ਆਕੜ ਕੇ ਬੈਠ ਗਿਆ ਅਤੇ ਮੇਜ਼ ‘ਤੇ ਪਏ ਕਾਗਜ਼ਾਂ ਨੂੰ ਉਲ਼ਟਾਉਣ-ਪਲਟਾਉਣ ਲੱਗਿਆ। ਉਸਨੇ ਆਪਣੇ ਉਦਾਸ ਚਿਹਰੇ ‘ਤੇ ਨੌਕਰਸ਼ਾਹੀ ਦਾ ਸਖ਼ਤ ਨਕਾਬ ਪਾ ਲਿਆ।
ਪਿੱਛੋਂ ਔਰਤ ਦੀ ਸਕਰਟ ਦੇ ਸਰਕਣ ਦੀ ਅਵਾਜ਼ ਸੁਣਾਈ ਦਿੱਤੀ।
ਉਸਨੇ ਕੁਝ ਮੁੜਕੇ ਆਪਣੀ ਅਸਾਮੀ ਵੱਲ ਦੇਖਿਆ ਅਤੇ ਤਿੱਖੀ ਨਿਗ੍ਹਾ ਨਾਲ਼ ਉਸਦਾ ਜ਼ਾਇਜਾ ਲੈਂਦੇ ਹੋਏ ਬੋਲਿਆ – “ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ?”
ਬਿਨਾਂ ਕੁਝ ਕਹੇ, ਸਿਰ ਝੁਕਾ ਕੇ, ਉਸਨੇ ਨਮਸਕਾਰ ਕੀਤੀ ਅਤੇ ਹੌਲ਼ੀ-ਹੌਲ਼ੀ ਮੇਜ਼ ਵੱਲ ਉੱਲਰੀ। ਉਸਦੀਆਂ ਭਵਾਂ ਤਣੀਆਂ ਸਨ ਅਤੇ ਆਪਣੀਆਂ ਗੰਭੀਰ ਨੀਲ਼ੀਆਂ ਅੱਖਾਂ ਨਾਲ਼ ਉਹ ਅਫ਼ਸਰ ਵੱਲ ਦੇਖ ਰਹੀ ਸੀ। ਹੇਠਲੇ-ਮੱਧਵਰਗ ਦੀ ਔਰਤ ਵਾਂਗ ਉਸਨੇ ਆਮ ਜਿਹੇ ਅਤੇ ਸਾਦੇ ਕੱਪੜੇ ਪਾਏ ਸਨ। ਉਸਦੇ ਸਿਰ ‘ਤੇ ਇੱਕ ਸ਼ਾਲ ਲਿਆ ਸੀ ਅਤੇ ਉਹਨੇ ਬਿਨਾਂ ਬਾਹਾਂ ਦਾ ਇੱਕ ਭੂਰਾ ਚੋਗਾ ਪਾਇਆ ਸੀ ਜਿਸਦੀਆਂ ਕੰਨੀਆਂ ਨੂੰ ਉਹ ਆਪਣੇ ਛੋਟੇ-ਛੋਟੇ ਸੋਹਣੇ ਹੱਥਾਂ ਦੀਆਂ ਕੋਮਲ ਉਂਗਲ਼ਾਂ ਨਾਲ਼ ਮਰੋੜ ਰਹੀ ਸੀ। ਉਸਦਾ ਕੱਦ ਲੰਬਾ, ਸਰੀਰ ਨਰਮ ਅਤੇ ਹਿੱਕ ਪੂਰੀ ਉੱਭਰੀ ਹੋਈ ਸੀ। ਉਸਦਾ ਮੱਥਾ ਉੱਚਾ ਤੇ ਜ਼ਿਆਦਾਤਰ ਔਰਤਾਂ ਨਾਲੋਂ ਜ਼ਿਆਦਾ ਗੰਭੀਰ ਤੇ ਸਖ਼ਤ ਸੀ। ਉਸਦੀ ਉਮਰ ਸਤਾਈ ਦੇ ਨੇੜੇ-ਤੇੜੇ ਜਾਪਦੀ ਸੀ। ਉਹ ਬਹੁਤ ਹੀ ਹੌਲ਼ੀ-ਹੌਲ਼ੀ ਅਤੇ ਵਿਚਾਰਾਂ ਵਿੱਚ ਡੁੱਬੀ ਮੇਜ਼ ਵੱਲ਼ ਵੱਧ ਰਹੀ ਸੀ, ਜਿਵੇਂ ਮਨ ‘ਚ ਕਹਿ ਰਹੀ ਹੋਵੇ “ਕੀ ਪੁੱਠੇ ਪੈਰੀਂ ਮੁੜ ਜਾਣਾ ਚੰਗਾ ਨਾ ਹੋਵੇਗਾ?”
“ਨਮੂਨਾ ਵਧੀਆ ਹੈ, ਜਿਸਨੂੰ ਨਿਸ਼ਾਨਾ ਬਣਾਵੇ ਉਡਾ ਦੇਵੇ!” ਪਹਿਲੀ ਹੀ ਝਲਕ ‘ਚ ਪੋਦਸ਼ਿਬਲੋ ਨੇ ਸੋਚਿਆ “ਮੁਸੀਬਤ ਦੀ ਪੁੜੀ!”
“ਮੈਂ ਜਾਣਨਾ ਚਾਹੁੰਦੀ ਹਾਂ”, ਭਰਵੀਂ ਅਤੇ ਦ੍ਰਿੜ ਅਵਾਜ਼ ਵਿੱਚ ਉਸਨੇ ਕਹਿਣਾ ਸ਼ੁਰੂ ਕੀਤਾ ਅਤੇ ਫਿਰ ਰੁਕ ਗਈ। ਉਸਦੀਆਂ ਨੀਲ਼ੀਆਂ ਅੱਖਾਂ ਜੱਕੋ-ਤੱਕੀ ਨਾਲ਼ ਅਫ਼ਸਰ ਦੇ ਸੁਡੌਲ਼ ਚਿਹਰੇ ‘ਤੇ ਟਿਕੀਆਂ ਸਨ।
“ਬੈਠ ਜਾਹ। ਹੁਣ ਬੋਲ, ਤੂੰ ਕੀ ਜਾਨਣਾ ਚਾਹੁੰਦੀ ਹੈਂ?”
ਪੋਦਸ਼ਿਬਲੋ ਨੇ ਅਫ਼ਸਰੀ ਅੰਦਾਜ਼ ‘ਚ ਪੁੱਛਿਆ ਅਤੇ ਮਨ ਹੀ ਮਨ ਸੋਚਿਆ “ਹੈ ਵਧੀਆ, ਪੂਰੀ ਰਸਭਰੀ!”
“ਮੈਂ ਉਹਨਾਂ ਕਾਰਡਾਂ ਲਈ ਆਈ ਹਾਂ”, ਉਸਨੇ ਕਿਹਾ।
“ਕਿਹੜੇ ਕਾਰਡ, ਰਿਹਾਇਸ਼ ਦੇ?”
“ਨਹੀਂ, ਉਹ ਨਹੀਂ।”
“ਤਾਂ ਫਿਰ ਕਿਹੜੇ?”
“ਉਹ, ਜੋ… ਉਹਨਾਂ ਨੂੰ ਦਿੱਤੇ ਜਾਂਦੇ ਹਨ… ਔਰਤਾਂ ਨੂੰ”, ਉਸਨੇ ਅੜਕਦੇ ਅਤੇ ਸ਼ਰਮ ਨਾਲ਼ ਲਾਲ ਹੁੰਦੇ ਹੋਏ ਕਿਹਾ।
“ਔਰਤਾਂ? ਕਿਹੜੀਆਂ ਔਰਤਾਂ? ਕੀ ਮਤਲਬ ਹੈ ਤੇਰਾ?” ਆਪਣੀਆਂ ਭਵਾਂ ਨੂੰ ਚੁੱਕਦੇ ਅਤੇ ਛੇੜਛਾੜ ਦੇ ਭਾਵ ਨਾਲ਼ ਮੁਸਕਰਾਉਂਦੇ ਹੋਏ ਪੁਦਸ਼ਿਬਲੋ ਨੇ ਪੁੱਛਿਆ।
“ਦੂਜੀ ਤਰ੍ਹਾਂ ਦੀਆਂ ਔਰਤਾਂ… ਉਹ, ਜੋ ਸੜਕਾਂ ‘ਤੇ ਘੁੰਮਦੀਆਂ ਹਨ… ਰਾਤ ਨੂੰ।”
“ਤਕ!ਤਕ!ਤਕ! ਤੇਰਾ ਮਤਲਬ ਹੈ ਕਿ ਵੇਸਵਾਵਾਂ?” ਪੋਦਸ਼ਿਬਲੋ ਦੀਆਂ ਵਾਛਾਂ ਖਿੜ ਗਈਆਂ।
“ਹਾਂ, ਮੇਰਾ ਮਤਲਬ ਇਹੀ ਹੈ”, ਔਰਤ ਨੇ ਇੱਕ ਡੂੰਘਾ ਸਾਹ ਲਿਆ ਅਤੇ ਮੁਸਕਰਾਈ ਵੀ, ਕਿਉਂਕਿ ਹੁਣ, ਜਦ ਇਹ ਸ਼ਬਦ ਉਚਾਰਿਆ ਹੀ ਜਾ ਚੁੱਕਾ ਹੈ, ਉਸਦਾ ਕੰਮ ਸੌਖਾ ਹੋ ਗਿਆ।
“ਓਏ, ਇਹ ਤੂੰ ਕੀ ਕਹਿੰਦੀ ਹੈਂ? ਹਾਂ ਤਾਂ?…” ਪੋਦਸ਼ਿਬਲੋ ਨੇ ਉਸਨੂੰ ਫਿਰ ਉਕਸਾਇਆ। ਉਹ ਕਿਸੇ ਦਿਲਚਸਪ ਰਹੱਸ ਦੇ ਪ੍ਰਗਟ ਹੋਣ ਦੀ ਆਸ ਕਰ ਰਿਹਾ ਸੀ।
“ਹਾਂ, ਮੈਂ ਉਸੇ ਤਰ੍ਹਾਂ ਦੇ ਕਾਰਡਾਂ ਦੇ ਮਾਮਲੇ ‘ਚ ਆਈ ਹਾਂ”, ਔਰਤ ਨੇ ਕਹਿਣਾ ਸ਼ੁਰੂ ਕੀਤਾ ਅਤੇ ਇੱਕ ਹਉਂਕਾ ਭਰਕੇ ਤੇ ਆਪਣੇ ਸਿਰ ਨੂੰ ਅਜੀਬ ਢੰਗ ਨਾਲ਼ ਝਟਕਾ ਦਿੰਦੇ ਹੋਏ, ਜਿਵੇਂ ਕਿਸੇ ਨੇ ਉਸ ‘ਤੇ ਹਮਲਾ ਕੀਤਾ ਹੋਵੇ, ਕੁਰਸੀ ‘ਤੇ ਢਹਿ ਗਈ।
“ਸਮਝਿਆ! ਤਾਂ ਤੂੰ ਕੋਠਾ ਚਲਾਉਣ ਦੀ ਗੱਲ ਕਰ ਰਹੀ ਹੈਂ?”
“ਨਹੀਂ, ਮੈਂ ਆਪਣੇ ਲਈ ਇੱਕ ਕਾਰਡ ਚਾਹੁੰਦੀ ਹਾਂ”, ਅਤੇ ਉਸਦਾ ਸਿਰ ਝੁਕਦਾ ਚਲਾ ਗਿਆ ਵਾਹਵਾ ਹੇਠਾਂ ਤੱਕ।
“ਅੱਛਾ! ਤੇਰਾ ਪੁਰਾਣਾ ਕਾਰਡ ਕਿੱਥੇ ਹੈ?” ਆਪਣੀ ਕੁਰਸੀ ਨੂੰ ਉਸਦੀ ਕੁਰਸੀ ਦੇ ਹੋਰ ਨੇੜੇ ਰਸਕਾਉਂਦੇ ਅਤੇ ਉਸਦੇ ਲੱਕ ਵੱਲ ਆਪਣਾ ਹੱਥ ਵਧਾਉਂਦੇ ਹੋਏ ਪੋਦਸ਼ਿਬਲੋ ਨੇ ਪੁੱਛਿਆ। ਉਸਦੀ ਇੱਕ ਅੱਖ ਨਾਲ਼ ਹੀ ਦਰਵਾਜੇ ‘ਤੇ ਟਿਕੀ ਸੀ।
“ਕਿਹੜਾ ਪੁਰਾਣਾ ਕਾਰਡ? ਮੇਰੇ ਕੋਲ ਕੋਈ ਕਾਰਡ-ਕੂਰਡ ਨਹੀਂ ਹੈ”, ਤਿੱਖੀ ਨਜ਼ਰ ਨਾਲ਼ ਉਸਨੇ ਉਸਦੇ ਵੱਲ ਦੇਖਿਆ, ਪਰ ਉਸਦੇ ਹੱਥ ਦੀ ਛੋਹ ਤੋਂ ਬਚਣ ਦਾ ਕੋਈ ਯਤਨ ਨਾ ਕੀਤਾ।
“ਤਾਂ ਤੂੰ ਲੁਕ-ਛਿਪ ਕੇ ਧੰਦਾ ਕਰਦੀ ਸੀ, ਕਿਉਂ? ਬਿਨਾਂ ਨਾਂ ਦਰਜ ਕਰਾਏ? ਕਿੰਨੀਆਂ ਅਜਿਹਾ ਕਰਦੀਆਂ ਹਨ। ਪਰ ਹੁਣ ਤੂੰ ਨਾਂ ਦਰਜ ਕਰਾਉਣਾ ਚਾਹੁੰਦੀ ਹੈਂ। ਇਹ ਠੀਕ ਹੈ। ਜ਼ਿਆਦਾ ਸੁਰੱਖਿਅਤ”, ਉਸਨੂੰ ਹੁਲਾਰਾ ਦਿੰਦੇ ਅਤੇ ਉਸਦੇ ਸਰੀਰ ‘ਤੇ ਹੋਰ ਵੀ ਖੁੱਲ੍ਹ ਕੇ ਹੱਥ ਪਾਉਂਦੇ ਹੋਏ ਪੋਦਸ਼ਿਬਲੋ ਨੇ ਕਿਹਾ।
“ਮੈਂ ਪਹਿਲਾਂ ਕਦੇ ਇਹ ਧੰਦਾ ਨਹੀਂ ਕੀਤਾ”, ਔਰਤ ਦੇ ਮੂੰਹੋਂ ਨਿੱਕਲ਼ਿਆ ਅਤੇ ਉਸਨੇ ਆਪਣੀਆਂ ਅੱਖਾਂ ਝੁਕਾ ਲਈਆਂ।
“ਕੀ ਸੱਚੀਂ? ਇਹ ਕਿਵੇਂ ਹੋ ਸਕਦਾ ਹੈ? ਮੇਰੀ ਸਮਝ ਵਿੱਚ ਨਹੀਂ ਆਉਂਦਾ”, ਆਪਣੇ ਮੋਢਿਆਂ ਨੂੰ ਸੰਗੋੜਦੇ ਹੋਏ ਪੋਦਸ਼ਿਬਲੋ ਨੇ ਕਿਹਾ।
“ਮੈਂ ਇਸ ‘ਤੇ ਹੁਣੇ ਸੋਚਣਾ ਸ਼ੁਰੂ ਕੀਤਾ ਹੈ। ਪਹਿਲੀ ਵਾਰ ਮੇਲੇ ‘ਚ ਇੱਥੇ ਆਣ ‘ਤੇ”, ਹੌਲ਼ੀ ਆਵਾਜ਼ ਵਿੱਚ, ਆਪਣੀਆਂ ਅੱਖਾਂ ਨੂੰ ਚੁੱਕੇ ਬਿਨਾਂ ਔਰਤ ਨੇ ਸਪੱਸ਼ਟ ਕੀਤਾ।
“ਤਾਂ ਇਹ ਗੱਲ ਹੈ”, ਪੋਦਸ਼ਿਬਲੋ ਨੇ ਆਪਣਾ ਹੱਥ ਉਸਦੇ ਲੱਕ ਤੋਂ ਹਟਾ ਲਿਆ, ਆਪਣੀ ਕੁਰਸੀ ਨੂੰ ਫਿਰ ਵਾਪਸ ਖਿਸਕਾਇਆ ਅਤੇ ਉਹਦੀ ਪਿੱਠ ਨਾਲ਼ ਲੱਗਕੇ ਬੈਠ ਗਿਆ, ਗਵਾਚਿਆ ਜਿਹਾ।
ਦੋਵੇਂ ਹੀ ਚੁੱਪ ਸਨ।
“ਤਾਂ ਗੱਲ ਇਹ ਹੈ। ਠੀਕ। ਤੂੰ ਚਾਹੁੰਦੀ ਹੈਂ… ਓਹ… ਇਹ ਗ਼ਲਤ ਹੈ। ਬੇਸ਼ੱਕ ਗ਼ਲਤ ਹੈ ਅਤੇ ਮੁਸ਼ਕਿਲ ਹੈ। ਯਾਨੀ, ਦੇਖੋ ਨਾ… ਪਰ ਆਖਰ… ਹਾਂ ਤਾਂ… ਬੜੀ ਅਜੀਬ ਗੱਲ ਹੈ… ਜੇਕਰ ਸੱਚ ਪੁੱਛੇਂ ਤਾਂ ਮੇਰੀ ਸਮਝ ‘ਚ ਨਹੀਂ ਆਉਂਦਾ ਕਿ ਤੂੰ ਕਿਵੇਂ ਉਹ ਸਭ ਕਰ ਸਕੇਂਗੀ। ਯਾਨੀ, ਜੇਕਰ ਤੂੰ ਸੱਚੀਂ ਉਹੀ ਕਰਨਾ ਚਾਹੁੰਦੀ ਹੈ ਜੋ ਤੂੰ ਕਹਿੰਦੀ ਹੈ।”
ਸਹਾਇਕ ਪੁਲਿਸ-ਅਫ਼ਸਰ ਤਜ਼ਰਬੇਕਾਰ ਸੀ। ਉਸਨੇ ਦੇਖਿਆ ਕਿ ਸੱਚਮੁੱਚ ਗੱਲ ਅਜਿਹੀ ਹੀ ਹੈ। ਉਹ ਇੰਨੀ ਸਹਿਜ, ਤੰਦਰੁਸਤ ਤੇ ਭਲੀ ਸੀ ਕਿ ਉਹ ਉਸ ਬਦਨਾਮ ਧੰਦੇ ਦੀ ਮੈਂਬਰ ਨਹੀਂ ਬਣ ਸਕਦੀ ਸੀ। ਇਸ ਧੰਦੇ ਦੇ ਚਿੰਨ੍ਹ, ਜੋ ਕਿ ਹਰ ਵੇਸਵਾ ਦੇ ਚਿਹਰੇ ‘ਤੇ ਅੰਕਿਤ ਹੁੰਦੇ ਹਨ – ਭਾਵੇਂ ਉਹ ਕਿੰਨੀ ਵੀ ਸਿਖਾਂਦਰੂ ਜਾਂ ਗ਼ੈਰ-ਤਜ਼ਰਬੇਕਾਰ ਕਿਉਂ ਨਾ ਹੋਵੇ – ਉਸ ‘ਚੋਂ ਗ਼ੈਰ-ਹਾਜ਼ਰ ਸਨ।
“ਤੁਸੀਂ ਸੱਚ ਕਹਿੰਦੇ ਹੋ”, ਉਸਦੇ ਮੂੰਹੋਂ ਨਿੱਕਲ਼ਿਆ ਅਤੇ ਵਿਸ਼ਵਾਸ ਨਾਲ਼ ਉੱਭਰਕੇ ਉਸ ਵੱਲ ਝੁਕ ਗਈ “ਸੱਚ, ਮੇਰਾ ਰੋਮ-ਰੋਮ ਇਸਦਾ ਗਵਾਹ ਹੈ। ਕੀ ਮੈਂ ਝੂਠ ਬੋਲਾਂਗੀ ਮੈਂ, ਜੋ ਇਸ ਭੈੜੇ ਧੰਦੇ ਨੂੰ ਵੀ ਅਪਣਾਉਣ ਦਾ ਇੱਕ ਵਾਰ ਨਿਹਚਾ ਕਰ ਚੁੱਕੀ ਹਾਂ? ਨਿਸ਼ਚਿਤ ਹੀ ਨਹੀਂ। ਪਰ ਮੈਂ ਧਨ ਕਮਾਉਣਾ ਹੈ। ਮੈਂ ਵਿਧਵਾ ਹਾਂ। ਮੇਰਾ ਪਤੀ ਉਹ ਜਹਾਜ਼ ਚਲਾਉਂਦਾ ਸੀ, ਪਿਛਲੀ ਅਪ੍ਰੈਲ ਵਿੱਚ ਬਰਫ਼ ਤਿੜਕਣ ਨਾਲ਼ ਡੁੱਬਕੇ ਮਰ ਗਿਆ। ਮੇਰੇ ਦੋ ਬੱਚੇ ਹਨ ਨੌਂ ਸਾਲਾਂ ਦਾ ਇੱਕ ਮੁੰਡਾ ਤੇ ਸੱਤ ਸਾਲਾਂ ਦੀ ਇੱਕ ਛੋਟੀ ਜਿਹੀ ਕੁੜੀ ਤੇ ਪੈਸਾ ਇੱਕ ਵੀ ਨਹੀਂ। ਸਕੇ-ਸਬੰਧੀ ਵੀ ਕੋਈ ਨਹੀਂ। ਜਦ ਮੇਰਾ ਵਿਆਹ ਹੋਇਆ, ਮੈਂ ਯਤੀਮ ਸੀ। ਮੇਰੇ ਪਤੀ ਦੇ ਸਬੰਧੀ ਬਹੁਤ ਦੂਰ ਰਹਿੰਦੇ ਹਨ ਅਤੇ ਉਹ ਮੈਨੂੰ ਭਿਖਾਰੀ ਤੋਂ ਵੱਧ ਨੀਂ ਗਿਣਦੇ। ਮੈਂ ਕਿਸਦਾ ਮੂੰਹ ਦੇਖਾਂ? ਮੈਂ ਕੋਈ ਮਜ਼ਦੂਰੀ ਕਰ ਸਕਦੀ ਸੀ, ਇਸ ਵਿੱਚ ਸ਼ੱਕ ਨਹੀਂ। ਪਰ ਮੈਨੂੰ ਕਾਫ਼ੀ ਧਨ ਚਾਹੀਦਾ ਹੈ, ਇੰਨਾ ਜ਼ਿਆਦਾ ਜਿੰਨਾ ਕਿ ਮਜ਼ਦੂਰੀ ਤੋਂ ਮੈਨੂੰ ਕਦੇ ਨਾ ਮਿਲ਼ ਸਕਦਾ। ਮੇਰਾ ਮੁੰਡਾ ਸਕੂਲ ਵਿੱਚ ਪੜ੍ਹਦਾ ਹੈ। ਮੇਰਾ ਖ਼ਿਆਲ ਹੈ ਕਿ ਉਸਦੀ ਫੀਸ ਮੁਆਫ਼ ਕਰਨ ਲਈ ਮੈਂ ਅਰਜ਼ੀ ਦੇ ਸਕਦੀ ਹਾਂ। ਪਰ ਉਸ ‘ਤੇ ਮੇਰੇ ਵਰਗੀ ਇਕੱਲੀ ਔਰਤ ਦੀ ਦਰਖ਼ਾਸਤ ‘ਤੇ ਕੌਣ ਧਿਆਣ ਦੇਵੇਗਾ? ਅਤੇ ਉਹ ਇੰਨਾ ਛੋਟਾ ਹੁੰਦੇ ਹੋਏ ਵੀ, ਬਹੁਤ ਹੁਸ਼ਿਆਰ ਮੁੰਡਾ ਹੈ। ਉਸਨੂੰ ਸਕੂਲ ‘ਚੋਂ ਹਟਾਉਣਾ ਬਹੁਤ ਹੀ ਬੁਰਾ ਹੋਵੇਗਾ। ਅਤੇ ਮੇਰੀ ਛੋਟੀ ਕੁੜੀ, ਉਹਦੇ ਲਈ ਵੀ ਸੰਸਾਰ ਭਰ ਦੀਆਂ ਚੀਜ਼ਾਂ ਚਾਹੀਦੀਆਂ। ਜਿੱਥੋਂ ਤੱਕ ਖਰੇ ਧੰਦਿਆਂ ਦਾ ਸਵਾਲ ਹੈ, ਉਹ ਮਿਲ਼ਦੇ ਹੀ ਕਿੱਥੇ ਹਨ? ਅਤੇ ਜੇਕਰ ਕੋਈ ਮਿਲ਼ ਵੀ ਜਾਵੇ ਤਾਂ ਕੀ ਮੈਂ ਕਮਾਵਾਂਗੀ ਅਤੇ ਉਸ ਨਾਲ਼ ਕੀ ਮੈਂ ਕਰ ਸਕਾਂਗੀ? ਜੇਕਰ ਕਿਸੇ ਦੇ ਘਰ ਰੋਟੀ ਪਕਾਉਣ ਦਾ ਕੰਮ ਕਰਾਂ? ਮਹੀਨੇ ਵਿੱਚ ਕੇਵਲ ਪੰਜ ਰੂਬਲ ਹੱਥ ਲੱਗਣਗੇ। ਇਹ ਕਾਫ਼ੀ ਨਹੀਂ ਹੈ। ਬਿਲਕੁਲ ਕਾਫ਼ੀ ਨਹੀਂ ਹੈ। ਜਦਕਿ ਇਸ ਧੰਦੇ ਵਿੱਚ, ਜੇਕਰ ਔਰਤ ਦੇ ਭਾਗ ਚਮਕ ਉੱਠਣ ਤਾਂ, ਉਹ ਇੰਨਾ ਜ਼ਿਆਦਾ ਪੈਦਾ ਕਰ ਸਕਦੀ ਹੈ ਕਿ ਆਪਣੇ ਪਰਿਵਾਰ ਦਾ ਪੂਰੇ ਇੱਕ ਸਾਲ ਤੱਕ ਢਿੱਡ ਭਰ ਸਕਦੀ ਹੈ। ਪਿਛਲੇ ਮੇਲੇ ਵਿੱਚ ਸਾਡੇ ਪਿੰਡ ਦੀ ਇੱਕ ਔਰਤ ਨੇ ਚਾਰ ਸੌ ਤੋਂ ਵੀ ਜ਼ਿਆਦਾ ਰੂਬਲ ਬਣਾਏ ਸਨ। ਪੈਸੇ ਦੇ ਇਸ ਅੰਬਾਰ ਦੇ ਜ਼ੋਰ ਨਾਲ਼ ਉਸਨੇ ਜੰਗਲ਼ਾਂ ਦੇ ਵਾਰਡਨ ਨਾਲ਼ ਵਿਆਹ ਕਰ ਲਿਆ ਅਤੇ ਹੁਣ ਕੁਲੀਨ ਘਰਾਣੇ ਦੀ ਔਰਤ ਵਾਂਗ ਜ਼ਿੰਦਗੀ ਜਿਉਂਦੀ ਹੈ। ਪੂਰੀ ਮੌਜ ਨਾਲ਼ ਰਹਿੰਦੀ ਹੈ। ਜੇਕਰ ਉਸਨੇ ਉਹ ਨਾ ਕੀਤਾ ਹੁੰਦਾ ਉਸਦੀ ਲਾਜ ‘ਤੇ ਉਹ ਦਾਗ ਨਾ ਲੱਗਿਆ ਹੁੰਦਾ। ਪਰ ਤੁਸੀਂ ਆਪ ਫੈਸਲਾ ਕਰੋ। ਮੈਨੂੰ ਲੱਗਦਾ ਹੈ ਕਿ ਇਹ ਭਾਗਾਂ ਦੀ ਖੇਡ ਹੈ। ਹਮੇਸ਼ਾ ਭਾਗ ਹੀ ਸਭ ਕਰਾਉਂਦੇ ਹਨ ਅਤੇ ਜਦ ਇਹ ਵਿਚਾਰ ਮੇਰੇ ਦਿਮਾਗ਼ ਵਿੱਚ ਜੰਮ ਗਿਆ ਹੈ, ਮੈਂ ਸਮਝਦੀ ਹਾਂ ਕਿ ਕਿਸਮਤ ਮੈਥੋਂ ਇਹੀ ਕਰਾਉਣਾ ਚਾਹੁੰਦੀ ਹੈ। ਜੇਕਰ ਮੈਂ ਪੈਸਾ ਕਮਾ ਲੈਂਦੀ ਹਾਂ ਅੰਤ ਭਲਾ ਤਾਂ ਸਭ ਭਲਾ ਅਤੇ ਜੇਕਰ ਬਿਨਾਂ ਦੁੱਖ ਤੇ ਕਲੰਕ ਦੇ ਕੁੱਝ ਹੱਥ ਨਹੀਂ ਲੱਗਦਾ ਤਾਂ ਮੇਰੇ ਭਾਗ! ਇਸ ਤਰ੍ਹਾਂ ਮੈਂ ਇਸਨੂੰ ਦੇਖਦੀ ਹਾਂ।”
ਪੋਦਸ਼ਿਬਲੋ ਉਸਦੇ ਹਰ ਸ਼ਬਦ ਨੂੰ ਫੜ ਰਿਹਾ ਸੀ, ਉਸਦੇ ਲਈ ਜਿਵੇਂ ਉਸਦਾ ਪੂਰਾ ਚਿਹਰਾ ਬੋਲ ਰਿਹਾ ਸੀ। ਪਹਿਲਾਂ ਉਸਦੇ ਚਿਹਰੇ ‘ਤੇ ਡਰ ਦੀ ਇੱਕ ਝਲਕ ਦਿਸੀ, ਪਰ ਹੌਲ਼ੀ-ਹੌਲ਼ੀ ਉਸ ਦ੍ਰਿੜ ਇਰਾਦੇ ਦਾ ਭਾਵ ਉਸਦੇ ਚਿਹਰੇ ‘ਤੇ ਝਲਕਣ ਲੱਗਿਆ।
ਸਹਾਇਕ ਪੁਲਿਸ-ਅਫ਼ਸਰ ਬੜੀ ਬੇਚੈਨੀ ਅਤੇ ਇੱਕ ਹੱਦ ਤੱਕ ਘਬਰਾਹਟ ਵੀ ਮਹਿਸੂਸ ਕਰ ਰਿਹਾ ਸੀ।
ਪਹਿਲੀ ਵਾਰ ਉਸਨੂੰ ਦੇਖਣ ‘ਤੇ ਉਸਦੇ ਦਿਲ ਵਿੱਚ ਸ਼ੱਕ ਉੱਭਰਿਆ ਸੀ ਅਤੇ ਉਸਨੇ ਸੋਚਿਆ ਸੀ “ਇਸ ਵਰਗੀ ਔਰਤ ਹੱਥੀਂ ਕਿਸੇ ਮੂਰਖ ਦੇ ਫਸਣ ਦੀ ਹੀ ਦੇਰ ਹੈ, ਇਹ ਜਿਉਂਦੇ-ਜੀ ਉਸਦੀ ਖੱਲ੍ਹ ਲਾਹ ਲਵੇਗੀ ਅਤੇ ਉਸਦੀਆਂ ਹੱਡੀਆਂ ‘ਤੇ ਭੋਰਾ ਵੀ ਮਾਸ ਨਹੀਂ ਰਹਿਣ ਦੇਵੇਗੀ”, ਪਰ ਹੁਣ – ਉਸਦੀ ਕਹਾਣੀ ਸੁਣਨ ਤੋਂ ਬਾਅਦ ਉਸਨੇ ਰੁੱਖ਼ੀ ਆਵਾਜ਼ ਵਿੱਚ ਕਿਹਾ –
“ਮੈਨੂੰ ਦੁੱਖ ਹੈ ਕਿ ਮੈਂ ਤੇਰੇ ਲਈ ਕੁਝ ਨਹੀਂ ਕਰ ਸਕਦਾ। ਚੀਫ਼ ਆਫ਼ ਪੁਲਿਸ ਦੇ ਕੋਲ਼ ਆਪਣੀ ਦਰਖ਼ਾਸਤ ਭੇਜੋ। ਇਹ ਉਹਨਾਂ ਦਾ ਕੰਮ ਹੈ ਅਤੇ ਡਾਕਟਰੀ ਕਮੀਸ਼ਨ ਦਾ। ਮੇਰਾ ਇਸ ਨਾਲ਼ ਕੋਈ ਵਾਸਤਾ ਨਹੀਂ ਹੈ।”
ਉਹ ਹੁਣ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ। ਉਹ ਝੱਟ ਖੜ੍ਹੀ ਹੋ ਗਈ, ਨਮਸਕਾਰ ਵਜੋਂ ਊਂ ਹੀ ਥੋੜ੍ਹਾ ਜਿਹਾ ਸਿਰ ਉਸ ਨੇ ਝੁਕਾਇਆ ਅਤੇ ਹੌਲ਼ੀ-ਹੌਲ਼ੀ ਬੂਹੇ ਵੱਲ ਚਲੀ ਗਈ। ਪੋਦਸ਼ਿਬਲੋ, ਆਪਣੇ ਬੁੱਲ੍ਹਾਂ ਨੂੰ ਘੁੱਟ ਕੇ ਮੀਚੀ ਤੇ ਅੱਖਾਂ ਸੁੰਗੇੜੀ, ਉਸਨੂੰ ਜਾਂਦੇ ਹੋਏ ਦੇਖਦਾ ਰਿਹਾ। ਉਸਦੀ ਪਿੱਠ ‘ਤੇ ਥੁੱਕਣ ਤੋਂ ਆਪਣੇ-ਆਪ ਨੂੰ ਰੋਕਣ ਲਈ ਇਸ ਤੋਂ ਇਲਾਵਾ ਉਹ ਕਰ ਵੀ ਕੀ ਸਕਦਾ ਸੀ?
“ਤਾਂ ਮੈਨੂੰ ਚੀਫ਼ ਆਫ਼ ਪੁਲਿਸ ਦੇ ਕੋਲ ਜਾਣਾ ਚਾਹੀਦੈ?” ਬੂਹੇ ਤੱਕ ਪਹੁੰਚਣ ‘ਤੇ ਉਸਨੇ ਘੁੰਮਕੇ ਪੁੱਛਿਆ। ਉਸਦੀਆਂ ਨੀਲ਼ੀਆਂ ਅੱਖਾਂ ਸ਼ਾਂਤ ਸੰਕਲਪ ਦੀ ਦ੍ਰਿੜਤਾ ਨਾਲ਼ ਉਸਨੂੰ ਦੇਖ ਰਹੀਆਂ ਸਨ ਅਤੇ ਉਸਦੇ ਮੱਥੇ ‘ਤੇ ਇੱਕ ਡੂੰਘੀ ਸਖ਼ਤ ਲਕੀਰ ਖਿੱਚੀ ਹੋਈ ਸੀ।
“ਹਾਂ ਠੀਕ ਹੈ”, ਪੋਦਸ਼ਿਬਲੋ ਨੇ ਤੁਰੰਤ ਜਵਾਬ ਦੇ ਕੇ ਉਸਨੂੰ ਨਿਪਟਾ ਦਿੱਤਾ।
“ਚੰਗਾ ਤਾਂ ਵਿਦਾ। ਧੰਨਵਾਦ”, ਅਤੇ ਉਹ ਬਾਹਰ ਨਿੱਕਲ਼ ਗਈ।
ਸਹਾਇਕ ਪੁਲਿਸ-ਅਫ਼ਸਰ ਨੇ ਮੇਜ਼ ‘ਤੇ ਆਪਣੀਆਂ ਕੁਹਣੀਆਂ ਟਿਕਾ ਦਿੱਤੀਆਂ ਅਤੇ ਉੱਥੇ ਬੈਠਾ ਸੀਟੀ ਦੀ ‘ਵਾਜ ਵਿੱਚ ਮਨ ਹੀ ਮਨ ਦਸ ਕੁ ਮਿੰਟ ਤੱਕ ਕੁਝ ਗੁਣਗੁਣਾਉਂਦਾ ਰਿਹਾ।
“ਕੁੱਤੀ, ਓਹ!” ਆਪਣਾ ਸਿਰ ਚੁੱਕੇ ਬਿਨਾਂ ਉਹ ਜ਼ੋਰ ਨਾਲ਼ ਬਰੜਾ ਉੱਠਿਆ “ਬੱਚੇ! ਭਲਾ ਬੱਚਿਆਂ ਦਾ ਇਸ ਨਾਲ਼ ਕੀ ਵਾਸਤਾ? ਹੂੰਅ, ਗਸ਼ਤੀ ਕਿਤੋਂ ਦੀ!”
ਅਤੇ ਇੱਕ ਬਾਰ ਫਿਰ ਉਹ ਚੁੱਪ ਹੋ ਗਿਆ, ਕਾਫ਼ੀ ਦੇਰ ਲਈ।
“ਪਰ ਇਹ ਜ਼ਿੰਦਗੀ ਕਿਹੜਾ ਘੱਟ ਨਿਰਦਈ ਹੈ, – ਉਸਨੇ ਜੋ ਕਿਹਾ ਜੇਕਰ ਇਹ ਸੱਚ ਹੈ ਤਾਂ। ਉਹ ਬੰਦੇ ਨੂੰ ਉਹਦੀ ਚੀਚੀ ਉਂਗਲ਼ ‘ਤੇ ਨਚਾਉਂਦੀ ਹੈ। ਸੱਚਾ ਬੰਦਾ ਭਲਾ ਕੀ ਕਰੇ, ਕਿੱਥੇ ਮੱਥਾ ਰਗੜੇ?”
ਅਤੇ ਫਿਰ, ਇੱਕ ਪਲ ਰੁਕ ਕੇ ਆਪਣੇ ਦਿਮਾਗ਼ ਦੀ ਕਾਰਗੁਜ਼ਾਰੀ ਦੇ ਅਖ਼ੀਰੀ ਬੁਲਾਵੇ ਦੇ ਰੂਪ ‘ਚ ਉਸਨੇ ਡੂੰਘਾ ਸਾਹ ਲਿਆ, ਆਪਣੀਆਂ ਉਂਗਲ਼ਾਂ ਦੇ ਕੜਾਕੇ ਕੱਢੇ ਅਤੇ ਜ਼ੋਰ ਨਾਲ਼ ਕਿਹਾ:
“ਗਸ਼ਤੀ!”
“ਕੀ ਤੁਸੀਂ ਮੈਨੂੰ ਬੁਲਾਇਆ ਜਨਾਬ?” ਡਿਊਟੀ ‘ਤੇ ਤੈਨਾਤ ਸਿਪਾਹੀ ਫਿਰ ਬੂਹੇ ‘ਤੇ ਆ ਖੜ੍ਹਾ ਹੋਇਆ।
“ਥੂਹ…”
“ਕੀ ਤੁਸੀਂ ਮੈਨੂੰ ਬੁਲਾਇਆ ਸੀ, ਜਨਾਬ?”
“ਦਫ਼ਾ ਹੋ ਜਾ!”
“ਅੱਛਾ, ਜਨਾਬ।”
“ਮੂਰਖ!” ਪੋਦਸ਼ਿਬਲੋ ਦੇ ਮੂੰਹੋਂ ਨਿੱਕਲ਼ਿਆ ਅਤੇ ਉਸਨੇ ਬਾਰੀ ਤੋਂ ਬਾਹਰ ਨਜ਼ਰ ਮਾਰੀ।
ਕੁਖ਼ਾਰਿਨ ਹਾਲੇ ਵੀ ਘਾਹ ਦੇ ਢੇਰ ‘ਤੇ ਸੌਂ ਰਿਹਾ ਸੀ। ਸਪੱਸ਼ਟ ਸੀ ਕਿ ਡਿਊਟੀ ‘ਤੇ ਤੈਨਾਤ ਸਿਪਾਹੀ ਉਹਨੂੰ ਜਗਾਉਣਾ ਭੁੱਲ ਗਿਆ ਸੀ।
ਪਰ ਸਹਾਇਕ ਪੁਲਿਸ-ਅਫ਼ਸਰ ਦੀ ਚਿੜ ਗੁੰਮ ਹੋ ਚੁੱਕੀ ਸੀ, ਸੌਂਦੇ ਹੋਏ ਸਿਪਾਹੀ ਨੂੰ ਦੇਖ ਕੇ ਹੁਣ ਉਸ ‘ਤੇ ਭੋਰਾ ਵੀ ਅਸਰ ਨਹੀਂ ਹੋਇਆ। ਕਿਸੇ ਚੀਜ਼ ਨੇ ਉਸਨੂੰ ਦਹਿਸ਼ਤ ਨਾਲ਼ ਭਰ ਦਿੱਤਾ ਸੀ। ਉਸ ਔਰਤ ਦੀਆਂ ਸ਼ਾਂਤ ਨੀਲ਼ੀਆਂ ਅੱਖਾਂ ਉਸਦੀ ਕਲਪਨਾ ਵਿੱਚ ਤੈਰ ਰਹੀਆਂ ਸਨ। ਉਹ ਉਸਦਾ ਪਿੱਛਾ ਨਹੀਂ ਛੱਡ ਰਹੀਆਂ ਸਨ। ਦ੍ਰਿੜ ਨਿਹਚੇ ਨਾਲ਼ ਸਿੱਧਾ ਉਸਦੇ ਵੱਲ ਤੱਕ ਰਹੀਆਂ ਸਨ। ਇਸਨੇ ਉਸਦਾ ਦਿਲ ਘਟਾ ਦਿੱਤਾ ਸੀ ਅਤੇ ਉਹ ਇੱਕ ਬੇਚੈਨੀ ਮਹਿਸੂਸ ਕਰ ਰਿਹਾ ਸੀ।
ਘੜੀ ‘ਤੇ ਉਸਨੇ ਇੱਕ ਨਜ਼ਰ ਮਾਰੀ, ਆਪਣੀ ਪੇਟੀ ਨੂੰ ਕਸਿਆ ਅਤੇ ਫਿਰ ਦਫ਼ਤਰ ਤੋਂ ਬਾਹਰ ਚਲਾ ਗਿਆ।
“ਲੱਗਦਾ ਹੈ ਕਿ ਉਸ ਨਾਲ਼ ਫਿਰ ਕਦੇ ਮੇਰੀ ਮੁਲਾਕਾਤ ਹੋਵੇਗੀ, – ਮੁਲਾਕਾਤ ਹੋ ਕੇ ਰਹੇਗੀ,” ਉਹ ਬੁੜਬੁੜਾਇਆ।

2.
ਅਤੇ ਉਸਦੀ ਮੁਲਾਕਾਤ ਹੋਈ।
ਆਥਣ ਦਾ ਵੇਲ਼ਾ ਸੀ। ਵੱਡੇ ਦਫ਼ਤਰ ਦੇ ਮੂਹਰੇ ਉਹ ਡਿਊਟੀ ‘ਤੇ ਖੜ੍ਹਾ ਸੀ। ਉਦੋਂ ਹੀ, ਕੋਈ ਪੰਜ ਕਰਮਾਂ ਦੂਰ, ਉਸਦੀ ਨਿਗ੍ਹਾ ਉਸ ‘ਤੇ ਪਈ। ਉਹ ਚੌਂਕ ਵੱਲ ਜਾ ਰਹੀ ਸੀ ਉਵੇਂ ਹੀ ਹੌਲ਼ੀ-ਹੌਲ਼ੀ ਜਿਵੇਂ ਤੈਰ ਰਹੀ ਹੋਵੇ। ਉਸਦੀਆਂ ਨੀਲ਼ੀਆਂ ਅੱਖਾਂ ਸਿੱਧਾ ਸਾਹਮਣੇ ਵੱਲ ਤੱਕ ਰਹੀਆਂ ਸਨ ਅਤੇ ਉਸਦੀ ਸਮੁੱਚੀ ਕੱਦਕਾਠ ਵਿੱਚ, ਜੋ ਇੰਨੀ ਉੱਚੀ ਅਤੇ ਕਾਮੁਕ ਸੀ, ਉਸਦੀ ਪਿੱਠ ਅਤੇ ਛਾਤੀ ਦੀ ਹਰਕਤ ‘ਚ, ਉਸਦੀਆਂ ਅੱਖਾਂ ਦੇ ਉਸ ਨਿਸੰਗ ਭਾਵ ਵਿੱਚ ਅਜਿਹਾ ਕੁਝ ਸੀ ਜੋ ਕਿਸੇ ਨੂੰ ਨੇੜੇ ਨਹੀਂ ਫਟਕਣ ਦਿੰਦਾ ਸੀ। ਉਸਦੀਆਂ ਭਵਾਂ ਦੀ ਡੂੰਘੀ ਲੀਕ ਨੇ, ਜੋ ਕਿਸਮਤ ਅੱਗੇ ਬਹੁਤ ਹੀ ਮਾਸੂਮਤਾ ਦੀ ਸੂਚਕ ਸੀ ਅਤੇ ਜੋ ਹੁਣ ਉਸ ਸਮੇਂ ਦੀ ਤੁਲਨਾ ਵਿੱਚ, ਜਦ ਪਹਿਲੀ ਵਾਰ ਉਸਨੇ ਉਸਨੂੰ ਦੇਖਿਆ ਸੀ – ਕਿਤੇ ਵੱਧ ਪ੍ਰਤੱਖ ਜਾਪਦੀ ਸੀ, ਉਸਦੇ ਗੋਲ਼ ਰੂਸੀ ਚਿਹਰੇ ਨੂੰ ਬਹੁਤ ਹੀ ਸਖ਼ਤ ਬਣਾ ਕੇ ਵਿਗਾੜ ਦਿੱਤਾ ਸੀ।
ਪੋਦਸ਼ਿਬਲੋ ਨੇ ਆਪਣੀਆਂ ਮੁੱਛਾਂ ਮਰੋੜੀਆਂ, ਮਨੋਰੰਜਕ ਕਲਪਨਾਵਾਂ ਵਿੱਚ ਗਵਾਚ ਗਿਆ ਅਤੇ ਫੈਸਲਾ ਕੀਤਾ ਕਿ ਉਹ ਉਸਨੂੰ ਆਪਣੀਆਂ ਅੱਖਾਂ ਓਹਲੇ ਨਹੀਂ ਹੋਣ ਦੇਵੇਗਾ।
“ਥੋੜ੍ਹਾ ਠਹਿਰ ਖਾਂ, ਫੱਫੇਕੁੱਟਣੀਏ, ਕਿੱਥੇ ਭੱਜੀ ਜਾਂਦੀ ਏਂ!” ਮਨ ਹੀ ਮਨ ਉਸਨੇ ਉਸਨੂੰ ਵੰਗਾਰਿਆ।
ਇਸ ਤੋਂ ਪੰਜ ਮਿੰਟ ਬਾਅਦ ਚੌਂਕ ਵਿੱਚ ਵਿੱਚ ਪਏ ਇੱਕ ਬੈਂਚ ‘ਤੇ ਉਹ ਉਸਦੇ ਨਾਲ਼ ਬੈਠਾ ਸੀ।
“ਕਿਉਂ, ਮੈਨੂੰ ਪਛਾਣਿਆ ਨੀ?” ਉਸਦੇ ਮੁਸਕਰਾਉਂਦੇ ਹੋਏ ਪੁੱਛਿਆ।
ਉਸਨੇ ਆਪਣੀਆਂ ਅੱਖਾਂ ਚੁੱਕੀਆਂ ‘ਤੇ ਸ਼ਾਂਤ ਭਾਵ ਨਾਲ਼ ਉਸ ‘ਤੇ ਨਜ਼ਰ ਮਾਰੀ।
“ਪਛਾਣਿਆ! ਕਹੋ, ਕਿਵੇਂ ਹੋ?” ਉਸਨੇ ਨਿਰਾਸ਼ ਅਵਾਜ਼ ਵਿੱਚ ਕਿਹਾ ਅਤੇ ਉਸਨੂੰ ਆਪਣਾ ਹੱਥ ਵੀ ਨਾ ਭੇਂਟ ਕੀਤਾ।
“ਤੂੰ ਸੁਣਾ, ਕਿਵੇਂ ਚੱਲ ਰਿਹਾ ਹੈ? ਕੀ ਤੈਨੂੰ ਤੇਰਾ ਕਾਰਡ ਮਿਲ਼ ਗਿਆ?”
“ਇਹ ਰਿਹਾ,” ਅਤੇ ਉਹ, ਉਸੇ ਨਿਸੰਗ ਭਾਵ ਨਾਲ਼, ਆਪਣੇ ਕੱਪੜਿਆਂ ਦੀ ਜੇਬ ਟੋਹਣ ਲੱਗੀ। ਇਸ ਤੋਂ ਉਹਨੂੰ ਘਬਰਾਹਟ ਹੋਈ।
“ਉਏ ਨਹੀਂ, ਉਸਨੂੰ ਦਿਖਾਉਣ ਦੀ ਲੋੜ ਨਹੀਂ। ਮੈਂ ਤੇਰਾ ਯਕੀਨ ਕਰਦਾ ਹਾਂ। ਇਸ ਤੋਂ ਬਿਨਾਂ, ਮੈਨੂੰ ਕੋਈ ਹੱਕ ਨਹੀਂ… ਮਤਲਬ ਇਹ ਕਿ… ਕਿਵੇਂ ਚੱਲ ਰਿਹਾ ਹੈ?” ਅਤੇ ਇਸ ਸਵਾਲ ਦੇ ਮੂੰਹੋਂ ਨਿੱਕਲ਼ਦੇ ਹੀ ਉਸਨੇ ਮਨ ਹੀ ਮਨ ਕਿਹਾ “ਢੱਠੇ ਖੂਹ ‘ਚ ਪਵੇ ਮੇਰੇ ਵੱਲੋਂ! ਅਤੇ ਇਹ ਲੱਗ-ਲਬੇੜ ਅਤੇ ਆਸ-ਪਾਸ ਤੋਂ ਲੁਕ-ਛਿਪ ਕੀ? ਕੀ ਉਸਨੂੰ ਛੂੰਹਦੇ ਡਰ ਲੱਗਦਾ ਹੈ? ਸੁਣ, ਪੋਦਸ਼ਿਬਲੋ, ਕਿਉਂ ਨਹੀਂ ਇੱਕਦਮ ਖੁੱਲ੍ਹਕੇ ਸਿੱਧਾ ਕਿੱਸਾ ਪਾਰ ਲਾਉਂਦਾ!”
ਪਰ, ਇਸ ਅਤੇ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਨਾਲ਼ ਖੁਦ ਨੂੰ ਲੱਖ ਹੱਲਾਸ਼ੇਰੀ ਦੇਣ ‘ਤੇ ਵੀ, ਉਹ ‘ਇੱਕਦਮ ਖੁੱਲ੍ਹਕੇ ਕਿੱਸਾ ਪਾਰ’ ਨਹੀਂ ਲਾ ਸਕਿਆ। ਉਸ ਔਰਤ ਵਿੱਚ ਕੁਝ ਸੀ ਜੋ ਬੰਦੇ ਨੂੰ ਇੱਕ ਨਿਸ਼ਚਿਤ ਪ੍ਰਸੰਗ ਛੇੜਣ ਤੋਂ ਰੋਕਦਾ ਹੈ।
“ਗੁਜ਼ਾਰਾ ਕਿਵੇਂ ਚੱਲ ਰਿਹਾ? ਕੋਈ ਖ਼ਾਸ ਬੁਰੀ ਨਹੀਂ, ਭਲਾ ਹੋਵੇ ਉਸ…” ਉਹ ਅੱਗੇ ਨਹੀਂ ਬੋਲ ਸਕੀ। ਉਸਦੀਆਂ ਗੱਲ੍ਹਾਂ ਸ਼ਰਮ ਨਾਲ਼ ਲਾਲ਼ ਹੋ ਗਈਆਂ।
“ਫੇਰ ਤਾਂ ਬਹੁਤ ਚੰਗਾ ਹੈ। ਵਧਾਈ। ਪਰ ਇਸ ਧੰਦੇ ਨੂੰ ਨਿਭਾਉਣਾ ਬੜਾ ਔਖਾ ਹੈ, – ਜਦ ਤੱਕ ਕਿ ਉਸਦੀ ਆਦਤ ਨਾ ਪੈ ਜਾਵੇ। ਕਿਉਂ, ਠੀਕ ਹੈ ਨਾ?”
ਅਚਾਨਕ ਉਹ ਉਸ ਵੱਲ ਝੁਕ ਗਈ ਚਿੱਟਾ ਤੇ ਵਲ਼ ਖਾਂਦਾ ਹੋਇਆ ਚਿਹਰਾ, ਗੋਲ਼ ਮੂੰਹ, – ਲੱਗਦਾ ਸੀ ਜਿਵੇਂ ਉਹ ਰੋਣ ਲਈ ਉਮੜ ਰਹੀ ਹੋਵੇ, ਪਰ ਉਹ ਉਸੇ ਤਰ੍ਹਾਂ ਚਾਣਚੱਕ ਪਿੱਛੇ ਵੀ ਹਟ ਗਈ ਖੁਦ ਨੂੰ ਪਿੱਛੇ ਖਿੱਚ ਕੇ ਉਹ ਫਿਰ ਉਹੋ-ਜਿਹੀ ਹੀ ਨਿਸੰਗ ਹੋ ਗਈ।
“ਠੀਕ ਹੈ। ਮੈਂ ਇਸਦੀ ਆਦੀ ਵੀ ਹੋ ਜਾਵਾਂਗੀ,” ਉਸਨੇ ਸਪੱਸ਼ਟ ਅਤੇ ਸਮਤਲ ਅਵਾਜ਼ ਵਿੱਚ ਕਿਹਾ, ਫਿਰ ਰੁਮਾਲ ਕੱਢਕੇ ਜ਼ੋਰ ਨਾਲ਼ ਆਪਣਾ ਨੱਕ ਸਾਫ਼ ਕੀਤਾ।
ਉਸਦੀ ਨੇੜਤਾ, ਉਸਦਾ ਹਿੱਲਣਾ-ਜੁੱਲਣਾ ਅਤੇ ਉਸਦੀਆਂ ਸ਼ਾਂਤ ਅਡੋਲ ਨੀਲ਼ੀਆਂ ਅੱਖਾਂ, – ਪੋਦਸ਼ਿਬਲੋ ਨੂੰ ਅਜਿਹਾ ਜਾਪਿਆ ਜਿਵੇਂ ਉਹ ਅੰਦਰ ਹੀ ਅੰਦਰ ਕਿਸੇ ਪਤਾਲ ਦੀ ਡੂੰਘਾਈ ‘ਚ ਡੁੱਬ ਰਿਹਾ ਹੋਵੇ।
ਉਸਦੀ ਘਬਰਾਹਟ ਹੱਦ ਪਾਰ ਕਰ ਚੱਲੀ ਸੀ। ਉਹ ਬੈਠਾ ਨਾ ਰਹਿ ਸਕਿਆ। ਉਹ ਉੱਠ ਖੜ੍ਹਾ ਹੋਇਆ ਅਤੇ ਬਿਨਾਂ ਇੱਕ ਸ਼ਬਦ ਮੂੰਹੋਂ ਕੱਢੇ ਉਸਨੇ ਆਪਣਾ ਹੱਥ ਵਧਾਅ ਦਿੱਤਾ।
“ਚੰਗਾ ਤਾਂ ਹੁਣ ਚੱਲਦੇ ਹਾਂ,” ਉਸਨੇ ਹੌਲ਼ੀ ਜਿਹੀ ਕਿਹਾ।
ਉਸਨੇ ਆਪਣਾ ਸਿਰ ਹਿਲਾਇਆ ਅਤੇ ਤੇਜ਼ ਪੁਲਾਂਘਾਂ ਪੁੱਟਦਾ ਆਪਣੀ ਮੂਰਖਤਾ ‘ਤੇ ਖੁਦ ਨੂੰ ਕੋਸਦਾ ਉੱਥੋਂ ਚੱਲ ਪਿਆ।
“ਪਰ ਥੋੜ੍ਹਾ ਰੁਕ, ਮੇਰੀ ਸ਼ਰੀਫ ਗਸ਼ਤੀ। ਤੂੰ ਹਾਲੇ ਮੇਰੇ ਹੱਥ ਨੀਂ ਦੇਖੇ। ਇੱਕ ਦਿਨ, ਜਦ ਤੈਨੂੰ ਪਤਾ ਲੱਗੇਗਾ ਕਿ ਮੈਂ ਕੀ ਹਾਂ, ਤਾਂ ਭੁੱਲ ਜਾਵੇਂਗੀ ਆਪਣੇ ਹਵਾਈ ਘੋੜੇ ‘ਤੇ ਸਵਾਰ ਹੋਣਾ!” ਉਹ ਮਨ ਹੀ ਮਨ ਬੁੜਬੜਾਇਆ ਅਤੇ ਨਾਲ਼ ਹੀ ਉਸਨੇ ਇਹ ਵੀ ਮਹਿਸੂਸ ਕੀਤਾ ਕਿ ਉਹ ਬੇਕਾਰ ਹੀ ਉਸ ‘ਤੇ ਆਪਣਾ ਤਾਪ ਲਾਹ ਰਿਹਾ ਹੈ।
ਅਤੇ ਇਸ ਨਾਲ਼ ਉਹ ਹੋਰ ਜ਼ਿਆਦਾ ਬੌਂਦਲ ਗਿਆ।

3.
ਅਗਲੇ ਹਫ਼ਤੇ, ਇੱਕ ਦਿਨ ਸ਼ਾਮ ਵੇਲੇ, ਪੋਦਸ਼ਿਬਲੋ ਕਾਰਵਾਂ-ਸਰਾਂ ਤੋਂ ਸਾਇਬੇਰੀਆਈ ਘਾਟ ਵੱਲ ਜਾ ਰਿਹਾ ਸੀ। ਉਦੋਂ ਹੀ ਗਾਲ਼ੀ-ਗਲੋਚ, ਔਰਤਾਂ ਦਾ ਚੀਕ-ਚਿਹਾੜਾ ਤੇ ਹੋਰ ਰੌਲ਼ੇ-ਰੱਪੇ ਦੀਆਂ ਅਵਾਜ਼ਾਂ ਸੁਣ ਕੇ ਉਹ ਰੁਕ ਗਿਆ। ਇਹ ਅਵਾਜ਼ਾਂ ਇੱਕ ਸ਼ਰਾਬਖ਼ਾਨੇ ਦੀ ਬਾਰੀ ਵੱਲੋਂ ਆ ਰਹੀਆਂ ਸਨ।
“ਮਦਦ! ਪੁਲਿਸ!” ਕਿਸੇ ਔਰਤ ਦੀ ਮਰੀ ਹੋਈ ਅਵਾਜ਼ ਆਈ। ਅਚਾਨਕ ਘਸੁੰਨਾਂ ਦੀ ਮਾਰ-ਧਾੜ, ਮੇਜ਼-ਕੁਰਸੀਆਂ ਦੀ ਖਿੱਚਧੂਹ ਅਤੇ ਇਹਨਾਂ ਸਾਰੀਆਂ ਅਵਾਜ਼ਾਂ ਵਿੱਚ ਡੁੱਬਦੀ ਹੋਈ ਇੱਕ ਬੰਦੇ ਦੀ ਡੂੰਘੀ ਅਵਾਜ਼।
“ਵਧੀਆ, ਬਹੁਤ ਵਧੀਆ! ਤੇ, ਇੱਕ ਵਾਰ ਹੋਰ ਸਿੱਧਾ ਬੂਥੇ ‘ਤੇ!” ਉਹ ਜ਼ੋਰ ਨਾਲ਼ ਚੀਕ-ਚੀਕ ਕੇ ਉਕਸਾ ਰਿਹਾ ਸੀ।
ਸਹਾਇਕ ਪੁਲਿਸ-ਅਫ਼ਸਰ ਤੇਜ਼ੀ ਨਾਲ਼ ਭੱਜ ਕੇ ਪੌੜੀਆਂ ‘ਤੇ ਚੜ੍ਹ, ਸ਼ਰਾਬਖ਼ਾਨੇ ਦੇ ਬੂਹੇ ‘ਤੇ ਇਕੱਠੇ ਤਮਾਸ਼ਾ ਦੇਖਣ ਵਾਲ਼ਿਆਂ ਦੀ ਭੀੜ ਨੂੰ ਧੱਕਦਾ ਅੰਦਰ ਵੜਿਆ ਅਤੇ ਇਹ ਦ੍ਰਿਸ਼ ਉਸਨੇ ਦੇਖਿਆ ਨੀਲ਼ੀਆਂ ਅੱਖਾਂ ਵਾਲ਼ੀ ਉਸਦੀ ਵਾਕਫ਼ ਔਰਤ ਇੱਕ ਮੇਜ਼ ‘ਤੇ ਪਈ ਆਪਣੇ ਖੱਬੇ ਹੱਥ ਨਾਲ਼ ਇੱਕ ਹੋਰ ਔਰਤ ਦੇ ਵਾਲ਼ਾਂ ਨੂੰ ਫੜੀ ਖੜ੍ਹੀ ਸੀ ਅਤੇ ਸੱਜੇ ਹੱਥ ਨਾਲ਼ ਉਸ ਔਰਤ ਦੇ ਸੁੱਜੇ ਮੂੰਹ ‘ਤੇ ਤੇਜ਼ ਅਤੇ ਬੇਰਹਿਮ ਘਸੁੰਨਾਂ ਦਾ ਮੀਂਹ ਵਰ੍ਹਾ ਰਹੀ ਸੀ।
ਆਪਣੀਆਂ ਨੀਲ਼ੀਆਂ ਅੱਖਾਂ ਨੂੰ ਉਹਨੇ ਬੇਰਹਿਮੀ ਨਾਲ਼ ਸੁੰਗੋੜ ਰੱਖਿਆ ਸੀ ਅਤੇ ਉਸਦੇ ਬੁੱਲ੍ਹ ਕਸਕੇ ਮੀਚੇ ਹੋਏ ਸਨ। ਉਸਦੇ ਮੂੰਹ ਦੇ ਸਿਰਿਆਂ ਤੋਂ ਠੋਡੀ ਤੱਕ ਦੋ ਲਕੀਰਾਂ ਖਿੱਚੀਆਂ ਸਨ ਅਤੇ ਉਸਦਾ ਚਿਹਰਾ ਜੋ ਕਦੇ ਇੰਨਾ ਵਿਕਾਰ ਰਹਿਤ ਸੀ ਕਿ ਦੇਖ ਕੇ ਹੈਰਾਨੀ ਹੁੰਦੀ ਸੀ ਹੁਣ ਜੰਗਲ਼ੀ ਜਾਨਵਰ ਵਾਂਗ ਬੇਰਹਿਮ ਗੁੱਸੇ ਨਾਲ਼ ਲਿਸ਼ਕ ਰਿਹਾ ਸੀ, -ਇੱਕ ਅਜਿਹੇ ਜੀਵ ਦਾ ਚਿਹਰਾ, ਜੋ ਇੱਕ ਸਜਾਤੀ ਨੂੰ ਨਿਰਦਈ ਤਸੀਹੇ ਦੇਣ ਅਤੇ ਇਸ ਵਿੱਚੋਂ ਆਨੰਦ ਲੈਣ ਲਈ ਉਤਸੁਕ ਸੀ।
ਜਿਸ ਔਰਤ ‘ਤੇ ਉਹ ਹਮਲਾ ਕਰ ਰਹੀ ਸੀ, ਉਹ ਕੇਵਲ ਹੌਲ਼ੀ ਅਵਾਜ਼ ਵਿੱਚ ਹੀ ਗੁਣਗੁਣਾ ਰਹੀ ਸੀ, ਖੁਦ ਨੂੰ ਛੁਡਾਉਣ ਦਾ ਯਤਨ ਕਰ ਰਹੀ ਸੀ ਅਤੇ ਹਵਾ ਵਿੱਚ ਆਪਣੀਆਂ ਬਾਹਾਂ ਲਹਿਰਾ ਰਹੀ ਸੀ।
ਪੋਦਸ਼ਿਬਲੋ ਨੂੰ ਇਹ ਮਹਿਸੂਸ ਹੋਇਆ ਜਿਵੇਂ ਉਸਦਾ ਸਮੁੱਚਾ ਖ਼ੂਨ ਤੇਜ਼ੀ ਨਾਲ਼ ਦਿਮਾਗ਼ ਦੇ ਵੱਲ ਦੌੜ ਰਿਹਾ ਹੋਵੇ। ਕਿਸੇ ਤੋਂ ਕਿਸੇ ਚੀਜ਼ ਦਾ ਬਦਲਾ ਲੈਣ ਦੀ ਅੰਨ੍ਹੀ ਇੱਛਾ ਨਾਲ਼ ਉਹ ਉਤਾਵਲਾ ਹੋ ਗਿਆ ਅਤੇ ਤੇਜ਼ੀ ਨਾਲ਼ ਅੱਗੇ ਉੱਲਰ ਕੇ, ਗੁੱਸੇ ਨਾਲ਼ ਪਾਗਲ ਉਸ ਔਰਤ ਦੇ ਲੱਕ ਨੂੰ ਫੜ ਕੇ, ਉਸਨੂੰ ਅਲੱਗ ਖਿੱਚ ਲਿਆ।
ਮੇਜ਼ ਉਲਟ ਗਿਆ। ਰਕਾਬੀਆਂ ਖੜਕਦੀਆਂ ਫਰਸ਼ ‘ਤੇ ਜਾ ਡਿੱਗੀਆਂ। ਦਰਸ਼ਕਾਂ ਦੀਆਂ ਜੰਗਲ਼ੀ ਚੀਕਾਂ ਅਤੇ ਹਾਸਾ ਗੁੰਜਿਆ।
ਗੁੱਸੇ ਅਤੇ ਚਿੜ ਵਿੱਚ ਪੋਦਸ਼ਿਬਲੋ ਦੀਆਂ ਅੱਖਾਂ ਮੂਹਰੇ ਕਈ ਸਾਰੇ ਵੰਨ-ਸੁਵੰਨੇ ਚਿਹਰੇ ਚਮਕੇ – ਹੱਸਦੇ ਹੋਏ ਲਾਲ। ਔਰਤ ਨੂੰ ਉਹ ਆਪਣੀਆਂ ਬਾਹਾਂ ਵਿੱਚ ਦਬੋਚੀ ਬੈਠਾ ਸੀ ਅਤੇ ਉਹ ਹੱਥ-ਪੈਰ ਮਾਰ ਰਹੀ ਸੀ। ਉਹ ਉਹਦੇ ਕੰਨਾਂ ਕੋਲ ਆਪਣਾ ਮੂੰਹ ਲੈ ਗਿਆ ਅਤੇ ਫੁੰਕਾਰ ਉੱਠਿਆ।
“ਸੋ ਇਹ ਤੂੰ ਹੈਂ, -ਕਿਉਂ? ਇਸ ਤਰ੍ਹਾਂ ਤਮਾਸ਼ਾ ਖੜ੍ਹਾ ਕਰਦੀ, ਖਰੂਦ ਮਚਾਉਂਦੀ?”
ਨੀਲ਼ੀਆਂ ਅੱਖਾਂ ਵਾਲ਼ੀ ਔਰਤ ਦੀ ਸ਼ਿਕਾਰ ਦੂਜੀ ਔਰਤ – ਟੁੱਟੀਆਂ ਰਕਾਬੀਆਂ ਵਿਚਾਲ਼ੇ ਫਰਸ਼ ‘ਤੇ ਪਈ ਹਟਕੋਰੇ ਲੈ ਰਹੀ ਸੀ ਅਤੇ ਸੁੱਧ-ਬੁੱਧ ਭੁੱਲ ਕੇ ਕਲ਼ਪ ਰਹੀ ਸੀ।
ਛੋਟੇ ਕੱਦ ਦਾ ਇੱਕ ਛੋਹਲਾ ਬੰਦਾ, ਜਿਸਨੇ ਲੰਬਾ ਕੋਟ ਪਹਿਣਿਆ ਸੀ, ਪੋਦਸ਼ਿਬਲੋ ਨੂੰ ਘਟਨਾ ਦਾ ਹਾਲ ਦੱਸ ਰਿਹਾ ਸੀ
“ਗੱਲ ਇਹ ਹੋਈ, ਜਨਾਬ, ਕਿ ਉਸਨੇ ਜੋ ਉੱਥੇ ਪਈ ਹੈ, ਇਸਨੂੰ ਗਾਲ੍ਹਾਂ ਦਿੱਤੀਆਂ। ਕਿਹਾ ‘ਗਸ਼ਤੀ, ਕੁੱਤੀ!’ ਸੋ ਇਸਨੇ ਇੱਕ ਥੱਪੜ ਜੜ ਦਿੱਤਾ ਅਤੇ ਇਸਨੇ ਇਸ ‘ਤੇ ਚਾਹ ਦਾ ਗਿਲਾਸ ਸੁੱਟ ਦਿੱਤਾ ਅਤੇ ਤਦ ਇਸਨੇ ਉਸਦਾ ਝਾਟਾ ਫੜ ਕੇ ਚਿੱਤ ਕਰ ਦਿੱਤਾ ਅਤੇ ਧੈਂ ਧੈਂ! ਇੱਕ ਤੋਂ ਬਾਅਦ ਇੱਕ ਧੈਂ ਧੈਂ! ਇਸਨੇ ਉਸਨੂੰ ਅਜਿਹੀ ਮਾਰ ਮਾਰੀ ਕਿ ਕੋਈ ਵੀ ਉਸ ‘ਤੇ ਮਾਣ ਕਰ ਸਕਦਾ ਹੈ। ਸੱਚੀਂ, ਬੜੇ ਮਜ਼ਬੂਤ ਪੱਠੇ ਹਨ ਇਸਦੇ ਇਸ ਔਰਤ ਦੇ।”
“ਮਜ਼ਬੂਤ ਪੱਠੇ ਕਿਉਂ?” ਔਰਤ ਨੂੰ ਆਪਣੀਆਂ ਬਾਹਾਂ ਵਿੱਚ ਹੋਰ ਵੀ ਜ਼ਿਆਦਾ ਕਸਦਾ ਹੋਇਆ ਪੋਦਸ਼ਿਬਲੋ ਗਰਜਿਆ ਅਤੇ ਖੁਦ ਉਸਦਾ ਦਿਲ ਕਿਸੇ ਨਾਲ਼ ਜੂਝਣ ਦੀ ਭਿਆਨਕ ਇੱਛਾ ਨਾਲ਼ ਬੇਚੈਨ ਹੋ ਉੱਠਿਆ।
ਲਾਲ ਧੌਣ ਤੇ ਚੌੜੀ ਪਿੱਠ ਵਾਲ਼ਾ ਇੱਕ ਬੰਦਾ ਬਾਰੀ ‘ਚੋਂ ਆਪਣੀ ਧੌਣ ਕੱਢੀ ਅਤੇ ਹਸਾਉਣੇ ਢੰਗ ਨਾਲ਼ ਆਪਣੀ ਚੌੜੀ ਪਿੱਠ ਨੂੰ ਕਮਾਨ ਬਣਾਏ ਹੇਠਾਂ ਸੜਕ ਵੱਲ ਚੀਕਿਆ:
“ਉਏ ਕੋਚਵਾਨ, ਇੱਧਰ ਆਓ!”
“ਚੱਲੋ ਹੁਣ। ਥਾਣੇ ਚੱਲੋ। ਦੋਵੇਂ ਹੀ। ਓਹ, ਉੱਠਕੇ ਖੜ੍ਹੀ ਹੋ… ਅਤੇ ਤੂੰ ਕਿੱਥੇ ਮਰ ਰਿਹਾ ਸੀ ਹੁਣ ਤੱਕ? ਆਪਣੀ ਡਿਊਟੀ ਦਾ ਕੁਝ ਖਿਆਲ ਨਹੀਂ? ਮੂਰਖ! ਲੈ ਜਾ ਇਹਨਾਂ ਨੂੰ ਥਾਣੇ, – ਜਲਦੀ ਕਰ। ਦੋਵਾਂ ਨੂੰ, ਸਮਝਿਆ!”
ਸਿਪਾਹੀ ਪਹਿਲਾਂ ਇੱਕ ਦੇ ਅਤੇ ਫਿਰ ਦੂਜੀ ਦੇ ਸਰੀਰ ਨੂੰ ਡੰਡੇ ਨਾਲ਼ ਹੁੰਝਾਂ ਲਾਉਂਦਾ ਬਹਾਦਰੀ ਨਾਲ਼ ਉਹਨਾਂ ਨੂੰ ਲੈ ਗਿਆ।
“ਬਰਾਂਡੀ ਅਤੇ ਸੋਡਾ-ਵਾਟਰ, ਛੇਤੀ ਲਿਆਓ ਫਟਾਫਟ!” ਬਾਰੀ ਦੇ ਕੋਲ ਇੱਕ ਕੁਰਸੀ ‘ਤੇ ਢਹਿੰਦੇ ਹੋਏ ਪੋਦਸ਼ਿਬਲੋ ਨੇ ਬੈਰ੍ਹੇ ਨੂੰ ਕਿਹਾ। ਥਕਾਵਟ ਅਤੇ ਹਰ ਕਿਸੇ ਤੋਂ ਅਤੇ ਹਰ ਚੀਜ਼ ਤੋਂ ਉਹ ਖਿਝ ਮਹਿਸੂਸ ਕਰ ਰਿਹਾ ਸੀ।

...

ਅਗਲੀ ਸਵੇਰ ਉਹ ਉਸਦੇ ਸਾਹਮਣੇ ਖੜ੍ਹੀ ਸੀ ਓਵੇਂ ਹੀ ਸ਼ਾਂਤ ਅਤੇ ਦ੍ਰਿੜ ਜਿਵੇਂ ਉਹ ਪਹਿਲੀ ਮੁਲਾਕਾਤ ਵੇਲ਼ੇ ਸੀ। ਉਹ ਆਪਣੀਆਂ ਨੀਲ਼ੀਆਂ ਅੱਖਾਂ ਨਾਲ਼ ਸਿੱਧਾ ਉਸਦੇ ਵੱਲ਼ ਦੇਖ ਰਹੀ ਸੀ ਅਤੇ ਉਸਦੇ ਬੋਲਣ ਦੀ ਉਡੀਕ ਕਰ ਰਹੀ ਸੀ।
ਪੋਦਸ਼ਿਬਲੋ ਨੇ, ਜਿਸਨੂੰ ਰਾਤ ਢੰਗ ਨਾਲ਼ ਨੀਂਦ ਨਹੀਂ ਆਈ ਸੀ ਅਤੇ ਜੋ ਇਸ ਕਾਰਨ ਹੋਰ ਵੀ ਵੱਧ ਖਿੱਝਿਆ ਹੋਇਆ ਸੀ, ਮੇਜ਼ ‘ਤੇ ਪਏ ਕਾਗ਼ਜਾਂ ਨੂੰ ਇੱਧਰ-ਉੱਧਰ ਰੱਖਿਆ, ਪਰ ਉਸ ਨਾਲ਼ ਉਸਨੂੰ ਕੁਝ ਮਦਦ ਨਹੀਂ ਮਿਲ਼ੀ ਅਤੇ ਅਜਿਹੀ ਕੋਈ ਗੱਲ ਉਸਨੂੰ ਨਾ ਸੁੱਝੀ ਜੋ ਉਹ ਉਸਨੂੰ ਕਹਿੰਦਾ। ਇਹ ਪੱਖਪਾਤੀ ਪੈਰਵੀ ਕਰਨ ਵਾਲ਼ੇ ਅਤੇ ਕਲੰਕਿਤ ਜੁਮਲੇ, ਜਿਹਨਾਂ ਦੀ ਅਜਿਹੇ ਮੌਕਿਆਂ ‘ਤੇ ਆਮ ਤੌਰ ‘ਤੇ ਵਰਤੋਂ ਕੀਤੀ ਜਾਂਦੀ ਹੈ, ਉਸਦੇ ਮੂੰਹੋਂ ਨਾ ਹੀ ਨਿੱਕਲ਼ੇ। ਉਹ ਉਸ ਤੋਂ ਕਿਤੇ ਵੱਧ ਜ਼ੋਰਦਾਰ ਅਤੇ ਬਦਲਾ ਲਉ ਚੀਜ਼ ਉਸਦੇ ਮੂੰਹ ‘ਤੇ ਮਾਰਨਾ ਚਾਹੁੰਦਾ ਸੀ।
“ਹਾਂ ਤਾਂ ਦੱਸ, ਉਸ ਝਗੜੇ ਦੀ ਸ਼ੁਰੂਆਤ ਕਿੱਥੋਂ ਹੋਈ?”
“ਉਸਨੇ ਮੇਰੀ ਬੇਇੱਜਤੀ ਕੀਤੀ,” ਔਰਤ ਨੇ ਕਿਹਾ।
“ਅੱਛਾ, ਬਹੁਤ ਵੱਡਾ ਅਪਰਾਧ ਕੀਤਾ!” ਪੋਦਸ਼ਿਬਲੋ ਨੇ ਵਿਅੰਗ ਨਾਲ਼ ਕਿਹਾ।
“ਉਸਨੂੰ ਇਸਦਾ ਕੋਈ ਹੱਕ ਨਹੀਂ ਸੀ। ਮੇਰਾ ਉਸ ਨਾਲ਼ ਕੋਈ ਮੁਕਾਬਲਾ ਨਹੀਂ ਕੀਤਾ ਜਾ ਸਕਦਾ।”
“ਹੇ ਰੱਬਾ! ਤਾਂ ਤੂੰ ਖੁਦ ਨੂੰ ਕੀ ਸਮਝਦੀ ਹੈਂ?”
“ਮੈਂ ਮਜ਼ਬੂਰੀ ਨਾਲ਼ ਇਸ ਧੰਦੇ ਨੂੰ ਅਪਣਾਇਆ ਹੈ, ਪਰ ਉਹ…”
“ਤਾਂ ਤੇਰੇ ਹਿਸਾਬ ਨਾਲ਼ ਉਹ ਮੌਜ-ਮੇਲੇ ਲਈ ਇਹ ਕਰਦੀ ਹੈ। ਕਿਉਂ, ਇਹੀ ਨਾ?”
“ਉਹ?”
“ਹਾਂ, ਉਹ!”
“ਉਸਦੇ ਕੋਈ ਬਾਲ-ਬੱਚੇ ਨਹੀਂ ਹਨ।”
“ਬਸ ਕਰ, ਨਾਲ਼ੀ ਦੇ ਚਿੱਕੜ! ਕੀ ਤੂੰ ਸਮਝਦੀ ਹੈ ਕਿ ਆਪਣੇ ਬੱਚਿਆਂ ਦਾ ਰੋਣਾ ਰੋ ਕੇ ਮੈਨੂੰ ਭਰਮਾ ਲਵੇਂਗੀ? ਇਸ ਵਾਰ ਤਾਂ ਮੈਂ ਤੈਨੂੰ ਛੱਡ ਦੇਵਾਂਗਾ, ਪਰ ਜੇਕਰ ਤੂੰ ਫਿਰ ਕੋਈ ਗੜਬੜ ਕੀਤੀ ਤਾਂ ਚੌਵੀਂ ਘੰਟਿਆਂ ਦੇ ਅੰਦਰ ਤੈਨੂੰ ਇਹ ਸ਼ਹਿਰ ਛੱਡਣਾ ਪਵੇਗਾ। ਮੇਲੇ ਤੋਂ ਆਪਣੇ ਪੈਰ ਦੂਰ ਹੀ ਰੱਖੀਂ। ਸਮਝੀ! ਘਬਰਾਉਂਦੀ ਕਿਉਂ ਹੈਂ, ਤੇਰੇ ਵਰਗੀਆਂ ਨੂੰ ਮੈਂ ਖ਼ੂਬ ਸਮਝਦਾ ਹਾਂ। ਥੋੜ੍ਹੇ ਸਮੇਂ ਵਿੱਚ ਠੀਕ ਕਰ ਦੇਵਾਂਗਾ। ਖਰੂਦ ਮਚਾਉਂਦੀ ਏ, ਕਿਉਂ? ਉਹ ਪਾਠ ਪੜ੍ਹਾਵਾਂਗਾ ਕਿ ਯਾਦ ਰੱਖੇਗੀ, – ਗਸ਼ਤੀ ਕਿਤੋਂ ਦੀ!” ਸ਼ਬਦ ਤੇਜ਼ੀ ਨਾਲ਼, ਬਿਨਾਂ ਕਿਸੇ ਯਤਨ ਦੇ, ਉਸਦੇ ਮੂੰਹੋਂ ਨਿੱਕਲ਼ ਰਹੇ ਸਨ, ਹਰ ਸ਼ਬਦ ਪਿਛਲੇ ਤੋਂ ਵੱਧ ਬੇਇੱਜਤੀ ਵਾਲ਼ਾ ਸੀ। ਔਰਤ ਦਾ ਚਿਹਰਾ ਪੀਲ਼ਾ ਪੈ ਗਿਆ ਸੀ ਅਤੇ ਉਸਨੇ ਆਪਣੀਆਂ ਅੱਖਾਂ ਨੂੰ ਠੀਕ ਓਵੇਂ ਹੀ ਸੁੰਗੋੜ ਰੱਖਿਆ ਸੀ ਜਿਵੇਂ ਕਿ ਪਿਛਲੀ ਰਾਤ ਸ਼ਰਾਬਖ਼ਾਨੇ ਵਿੱਚ ਉਸਨੇ ਸੁੰਗੋੜਿਆ ਸੀ।
“ਜਾਹ, ਦਫ਼ਾ ਹੋ ਜਾਹ ਇੱਥੋਂ!” ਮੇਜ਼ ‘ਤੇ ਮੁੱਕਾ ਮਾਰਦੇ ਹੋਏ ਪੋਦਸ਼ਿਬਲੋ ਚੀਕਿਆ।
“ਪ੍ਰਮਾਤਮਾ ਹੀ ਤੁਹਾਡਾ ਨਿਆਂ ਕਰੇਗਾ,” ਉਸਨੇ ਰੁੱਖੀ ਅਤੇ ਧਮਕੀ ਭਰੀ ਅਵਾਜ਼ ਵਿੱਚ ਕਿਹਾ ਅਤੇ ਤੇਜ਼ ਪੁਲਾਂਘਾਂ ਨਾਲ਼ ਦਫ਼ਤਰ ਤੋਂ ਬਾਹਰ ਚਲੀ ਗਈ।
“ਨਿਆਂ ਦੀ ਬੱਚੀ!” ਪੋਦਸ਼ਿਬਲੋ ਚੀਕਿਆ। ਉਸਦੀ ਬੇਇੱਜਤੀ ਕਰਨ ਵਿੱਚ ਉਸਨੇ ਸੁੱਖ ਮਹਿਸੂਸ ਕੀਤਾ। ਉਸਦੇ ਸ਼ਾਂਤ ਅਤੇ ਚਿਰ ਦੇ ਖਰੇ ਚਿਹਰੇ ਨਾਲ਼ ਅਤੇ ਜਿਸ ਢੰਗ ਨਾਲ਼ ਆਪਣੀਆਂ ਨੀਲ਼ੀਆਂ ਅੱਖਾਂ ਨਾਲ਼ ਸਿੱਧਾ ਉਸਦੇ ਵੱਲ਼ ਉਹ ਦੇਖਦੀ ਸੀ ਉਸ ਨਾਲ਼ ਉਹ ਬੁਰੀ ਤਰ੍ਹਾਂ ਘਬਰਾ ਉੱਠਿਆ ਸੀ। ਪਤਾ ਨਹੀਂ, ਖੁਦ ਨੂੰ ਕੀ ਸਮਝਦੀ ਹੈ? ਬੱਚੇ? ਗ਼ਲਤ, ਨਿਰਾ ਬਹਾਨਾ! ਬੱਚਿਆਂ ਦਾ ਭਲਾ ਇਸ ਨਾਲ਼ ਕੀ ਵਾਸਤਾ? ਇੱਕ ਮਾਮੂਲੀ ਵੇਸਵਾ ਸੜਕਾਂ ‘ਤੇ ਧੂੜ ਫੱਕਣ ਵਾਲ਼ੀ ਮੇਲੇ ਆਈ ਕਿ ਪੈਸਾ ਕਮਾਏਗੀ ਪਰ ਬਣਦੀ ਹੈ ਸ਼ਰਾਫਤ ਦੀ ਪੁਤਲੀ! ਪਤਾ ਨਹੀਂ ਕਿਉਂ? ਇੱਕ ਸ਼ਹੀਦ … ਮਜ਼ਬੂਰੀ ਬੱਚੇ, – ਭਲਾ ਕਿਸਦੇ ਗਲ਼ੇ ਤੋਂ ਹੇਠ ਉਤਰੇਗੀ ਇਹ ਬਹਾਨੇਬਾਜ਼ੀ? ਇੰਨੀ ਹਿੰਮਤ ਹੈ ਨਹੀਂ ਕਿ ਖੁਦ ਨੂੰ ਉਸੇ ਰੂਪ ਵਿੱਚ ਦੇਖ ਸਕੇ ਜੋ ਕਿ ਉਹ ਹੈ, ਸੋ ਹਾਲਤਾਂ ਦੇ ਸਿਰ ਦੋਸ਼ ਮੜ੍ਹ ਖੁਦ ਨੂੰ ਦੁੱਧ ਧੋਤਾ ਸਮਝਦੀ ਹੈ! ਵਾਹ!

4.
ਪਰ ਬੱਚੇ ਵੀ ਆਖ਼ਰ ਸਨ ਹੀ। ਗੋਰੇ ਚਿਹਰੇ ਦਾ ਇੱਕ ਛੋਟਾ ਸੰਗਾਊ ਮੁੰਡਾ, ਸਕੂਲ ਦੀ ਪੁਰਾਣੀ ਫਟੀ ਵਰਦੀ ਪਹਿਨੀ, ਕੰਨਾਂ ‘ਤੇ ਕਾਲ਼ਾ ਰੁਮਾਲ ਬੰਨ੍ਹੀਂ, ਅਤੇ ਇੱਕ ਛੋਟੀ ਕੁੜੀ, ਪਲੇਟਦਾਰ ਲੰਬਾ ਕੋਟ ਪਾਈ, ਜੋ ਉਸਦੇ ਸਰੀਰ ਤੋਂ ਕਾਫ਼ੀ ਵੱਡੀ ਤੇ ਢਿੱਲੀ-ਢਾਲੀ ਸੀ। ਦੋਵੇਂ ਕਾਸ਼ਿਨ ਘਾਟ ਦੇ ਤਖਤਾਂ ‘ਤੇ ਬੈਠੇ ਸਰਦ ਦੀ ਹਵਾ ਨਾਲ਼ ਕੰਬ ਰਹੇ ਸਨ ਅਤੇ ਚੁੱਪਚਾਪ ਗੱਲਾਂ ਕਰ ਰਹੇ ਸਨ। ਉਹਨਾਂ ਦੀ ਮਾਂ ਉਹਨਾਂ ਦੇ ਪਿੱਛੇ ਖੜ੍ਹੀ ਸੀ, ਕੁਝ ਗੰਢਾਂ ਨੂੰ ਢੋਅ ਲਾਈ ਅਤੇ ਮੁਗਧ ਨੀਲ਼ੀਆਂ ਅੱਖਾਂ ਨਾਲ਼ ਉਹਨਾਂ ਨੂੰ ਦੇਖ ਰਹੀ ਸੀ।
ਛੋਟੇ ਮੁੰਡੇ ਦੀ ਸ਼ਕਲ ਉਸ ਨਾਲ਼ ਮਿਲ਼ਦੀ-ਜੁਲ਼ਦੀ ਸੀ। ਉਸਦੀਆਂ ਅੱਖਾਂ ਵੀ ਨੀਲ਼ੀਆਂ ਸਨ। ਉਹ ਵਾਰ-ਵਾਰ ਆਪਣਾ ਸਿਰ ਚੁੱਕਦਾ, – ਜਿਸ ‘ਤੇ ਉਸਨੇ ਅਜਿਹੀ ਟੋਪੀ ਲੈ ਰੱਖੀ ਸੀ, ਜਿਸਦੀ ਕਲਗੀ ਟੁੱਟੀ ਹੋਈ ਸੀ, -ਆਪਣੀ ਮਾਂ ਵੱਲ ਦੇਖ ਕੇ ਮੁਸਕਰਾਉਂਦਾ ਅਤੇ ਕੁਝ ਕਹਿੰਦਾ। ਛੋਟੀ ਕੁੜੀ ਦੇ ਚਿਹਰੇ ‘ਤੇ ਬੁਰੀ ਤਰ੍ਹਾਂ ਚੇਚਕ ਦੇ ਦਾਗ਼ ਸਨ। ਛੋਟਾ ਜਿਹਾ ਤਿੱਖਾ ਨੱਕ ਅਤੇ ਦੋ ਵੱਡੀਆਂ-ਵੱਡੀਆਂ ਭੂਰੀਆਂ ਅੱਖਾਂ, ਜਿਹਨਾਂ ਵਿੱਚ ਚੰਚਲਤਾ ਅਤੇ ਸਮਝਦਾਰੀ ਦੀ ਚਮਕ ਸੀ। ਘਾਟ ਦੇ ਤਖ਼ਤਾਂ ‘ਤੇ ਉਸਦੇ ਆਸ-ਪਾਸ, ਭਾਂਤ-ਭਾਂਤ ਦੇ ਬੰਡਲ ਅਤੇ ਪੋਟਲੇ-ਪੋਟਲੀਆਂ ਪਈਆਂ ਸਨ।
ਸਤੰਬਰ ਦੇ ਅੰਤਲੇ ਦਿਨ ਸਨ। ਸਾਰਾ ਦਿਨ ਮੀਂਹ ਪੈਂਦਾ ਰਿਹਾ। ਨਦੀ ਦੇ ਕੰਡੇ ਚਿੱਕੜ ਫੈਲਿਆ ਸੀ ਅਤੇ ਠੰਡੀ ਨਮ ਹਵਾ ਚੱਲ ਰਹੀ ਸੀ।
ਵੋਲਗਾ ਨਦੀ ਚੜੀ ਹੋਈ ਸੀ। ਗੰਧਲੀਆਂ ਲਹਿਰਾਂ ਜ਼ੋਰਾਂ ਨਾਲ਼ ਅਵਾਜ਼ ਕਰਦੀਆਂ ਕੰਢੇ ਨਾਲ਼ ਟਕਰਾ ਰਹੀਆਂ ਸਨ ਅਤੇ ਹਵਾ ਵਿੱਚ ਇੱਕ ਮੱਠੀ ਸੁਰ ਗੂੰਜ ਰਹੀ ਸੀ। ਭਾਂਤ-ਭਾਂਤ ਦੇ, ਸਭ ਤਰ੍ਹਾਂ ਦੇ, ਲੋਕ ਆ-ਜਾ ਰਹੇ ਸਨ। ਉਹਨਾਂ ਸਾਰਿਆਂ ਦੇ ਚਿਹਰਿਆਂ ‘ਤੇ ਘਬਰਾਹਟ ਦੀ ਇੱਕ ਝਲਕ ਸੀ, ਜਿਵੇਂ ਉਹਨਾਂ ਨੂੰ ਆਪਣੇ ਕੰੰਮ ਦੀ ਕਾਹਲ਼ੀ ਹੋਵੇ। ਨਦੀ ਦੇ ਦ੍ਰਿਸ਼ ਦੀ ਇਹ ਉਤਾਰ-ਚੜਾਅ ਦੀ ਪਿੱਠਭੂਮੀ ਵਿੱਚ ਇੱਕ ਮਾਂ ਅਤੇ ਦੋ ਬੱਚਿਆਂ ਦੀ ਇਹ ਸ਼ਾਂਤ ਤਿੱਕੜੀ ਆਪਣੇ ਵੱਲ ਤੁਰੰਤ ਧਿਆਨ ਖਿੱਚਦੀ ਸੀ।
ਸਹਾਇਕ ਪੁਲਿਸ-ਮੁਲਾਜ਼ਮ ਪੋਦਸ਼ਿਬਲੋ ਦੀ ਨਜ਼ਰ ਉਹਨਾਂ ‘ਤੇ ਪੈ ਚੁੱਕੀ ਸੀ ਅਤੇ ਦੂਰ ਖੜ੍ਹੇ ਰਹਿਣ ‘ਤੇ ਵੀ, ਉਹ ਇਹਨਾਂ ਤਿੰਨਾਂ ਨੂੰ ਬੜੀ ਬਰੀਕੀ ਨਾਲ਼ ਦੇਖ ਰਿਹਾ ਸੀ। ਉਹ ਉਹਨਾਂ ਦੀ ਹਰੇਕ ਹਰਕਤ ਤੋਂ ਜਾਣੂ ਸੀ ਅਤੇ ਪਤਾ ਨਹੀਂ ਕਿਉਂ ਸ਼ਰਮ ਮਹਿਸੂਸ ਕਰ ਰਿਹਾ ਸੀ।
ਕਾਸ਼ਿਨ ਵਾਲ਼ਾ ਸਟੀਮ-ਬੋਟ ਅੱਧੇ ਘੰਟੇ ਵਿੱਚ ਘਾਟ ਤੋਂ ਚੱਲ ਕੇ ਵੋਲਗਾ ਦੇ ਚੜਾਅ ਵੱਲ ਜਾਣ ਵਾਲ਼ਾ ਸੀ।
ਲੋਕ ਬਾਹਰ ਘਾਟ ‘ਤੇ ਪਹੁੰਚਣ ਲੱਗੇ।
ਨੀਲ਼ੀਆਂ ਅੱਖਾਂ ਵਾਲ਼ੀ ਔਰਤ ਝੁਕੀ, ਥੈਲੇ ਅਤੇ ਪੋਟਲੇ-ਪੋਟਲੀਆਂ ਨੂੰ ਆਪਣੇ ਮੋਢਿਆਂ ਤੇ ਕੱਛ ‘ਚ ਦਬਾਅ ਕੇ ਸਿੱਧੀ ਹੋ ਗਈ ਅਤੇ ਪੌੜੀਆਂ ਉੱਤਰਦੀ ਚੱਲ ਪਈ। ਬੱਚੇ ਉਸਦੇ ਅੱਗੇ ਚੱਲ ਰਹੇ ਸਨ ਹੱਥ ‘ਚ ਹੱਥ ਪਾਈ ਅਤੇ ਆਪਣੇ ਹਿੱਸੇ ਦੀਆਂ ਪੋਟਲੀਆਂ ਆਪਣੇ ਮੋਢਿਆਂ ‘ਤੇ ਰੱਖੀ।
ਪੋਦਸ਼ਿਬਲੋ ਨੇ ਵੀ ਬਾਹਰ ਘਾਟ ‘ਤੇ ਪਹੁੰਚਣਾ ਸੀ। ਉਹ ਚਾਹੁੰਦਾ ਤਾਂ ਇਹੀ ਸੀ ਕਿ ਨਾ ਜਾਵੇ, ਪਰ ਉਸ ਕੋਲ਼ ਕੋਈ ਚਾਰਾ ਨਹੀਂ ਸੀ। ਸੋ ਕੁਝ ਦੇਰ ਬਾਅਦ ਉਹ ਵੀ ਉੱਥੇ, ਟਿਕਟ ਘਰ ਤੋਂ ਕੁਝ ਦੂਰ, ਜਾ ਕੇ ਖੜ੍ਹਾ ਹੋ ਗਿਆ।
ਉਸਦੀ ਵਾਕਫ਼ ਔਰਤ ਟਿਕਟ ਖਰੀਦਣ ਆਈ। ਇੱਕ ਹੱਥ ਉਸਨੇ ਆਪਣਾ ਭਾਰੀ ਬਟੁਆ ਫੜਿਆ ਸੀ ਜਿਸ ਵਿੱਚੋਂ ਨੋਟਾਂ ਦੀ ਇੱਕ ਗੁੱਟੀ ਬਾਹਰ ਝਾਕ ਰਹੀ ਸੀ।
“ਮੈਂ ਚਾਹੁੰਦੀ ਹਾਂ,” ਉਸਨੇ ਕਿਹਾ “… ਮਤਲਬ ਇਹ … ਉਹ, ਗੱਲ ਇਹ ਹੈ ਕਿ ਬੱਚੇ ਤਾਂ ਦੂਜੇ ਦਰਜੇ ਵਿੱਚ ਕੋਸਤ੍ਰੋਮਾ ਜਾਣਗੇ … ਅਤੇ ਮੈਂ ਤੀਜੇ ਵਿੱਚ, ਪਰ ਇਹ ਦੱਸੋ, ਕੀ ਮੈਂ ਉਹਨਾਂ ਦੋਵਾਂ ਲਈ ਇੱਕ ਹੀ ਟਿਕਟ ਨਹੀਂ ਖਰੀਦ ਸਕਦੀ? ਨਹੀਂ? ਛੋਟ ਵਜੋਂ – ਖ਼ਾਸ ਤੌਰ ‘ਤੇ ਤਾਂ ਬਣਾ ਸਕਦੇ ਹੋ ਨਾ? ਓਹ, ਧੰਨਵਾਦ, ਬਹੁਤ-ਬਹੁਤ ਧੰਨਵਾਦ! ਰੱਬ ਤੁਹਾਡਾ ਭਲਾ ਕਰੇ।”
ਅਤੇ ਉਹ ਟਿਕਟ ਲੈ ਕੇ ਚੱਲ ਪਈ। ਉਸਦਾ ਚਿਹਰਾ ਖਿੜਿਆ ਹੋਇਆ ਸੀ। ਬੱਚੇ ਉਸ ਨਾਲ਼ ਚਿੰਬੜਦੇ ਜਾ ਰਹੇ ਸਨ, ਘੱਗਰਾ ਖਿੱਚ-ਖਿੱਚ ਕੇ ਉਸ ਤੋਂ ਪੁੱਛ ਰਹੇ ਸਨ। ਉਸਨੇ ਉਹਨਾਂ ਦੀ ਗੱਲ ਸੁਣੀ ਤੇ ਮੁਸਕਰਾਈ।
“ਤੁਸੀਂ ਵੀ ਖੂਬ ਹੋ। ਮੈਂ ਕਿਹਾ ਨਾ ਕਿ ਖਰੀਦ ਦੇਵਾਂਗੀ, – ਕਿਉਂ, ਕਿਹਾ ਸੀ ਨਾ? ਕੀ ਮੈਂ ਕਦੇ ਕਿਸੇ ਚੀਜ਼ ਤੋਂ ਤੁਹਾਨੂੰ ਵਾਂਝਾਂ ਰੱਖ ਸਕਦੀ ਹਾਂ? ਹਰੇਕ ਦੇ ਲਈ ਦੋ-ਦੋ? ਚੰਗੀ ਗੱਲ ਹੈ। ਤੁਸੀਂ ਇੱਥੇ ਰੁਕੋ। ਹੁਣੇ ਲੈ ਕੇ ਆਉਂਦੀ ਹਾਂ।”
ਉਹ ਦਰਵਾਜੇ ਦੇ ਕੋਲ ਕੁਝ ਦੁਕਾਨਾਂ ‘ਤੇ ਗਈ ਜਿੱਥੇ ਫਲ ਅਤੇ ਮਿਠਾਈਆਂ ਵਿਕਦੀਆਂ ਸਨ।
ਉੱਥੋਂ ਮੁੜ ਕੇ ਉਹ ਫਿਰ ਆਪਣੇ ਬੱਚਿਆਂ ਵਿਚਾਲ਼ੇ ਆ ਗਈ ਸੀ ਅਤੇ ਉਹਨਾਂ ਨੂੰ ਕਹਿ ਰਹੀ ਸੀ।
“ਬਹੁਤ ਹੀ ਵਧੀਆ ਖੁਸ਼ਬੂਦਾਰ ਸਾਬਣ ਤੇਰੇ ਲਈ ਹੈ, ਵਾਰੀਆ, – ਥੋੜ੍ਹਾ ਸੁੰਘ ਕੇ ਦੇਖ! ਅਤੇ ਇਹ ਕਲਮ ਤਰਾਸ਼ ਚਾਕੂ ਤੇਰੇ ਲਈ ਹੈ, ਪੇਤਯਾ! ਦੇਖਿਆ, ਮੈਂ ਬਿਲਕੁਲ ਵੀ ਨਹੀਂ ਭੁੱਲੀ। ਅਤੇ ਇਹ ਨੇ ਪੂਰੀ ਇੱਕ ਦਰਜਨ ਸੰਤਰੇ। ਪਰ ਇਹਨਾਂ ਨੂੰ ਇੱਕੋ ਵਾਰ ਵਿੱਚ ਹੀ ਖ਼ਤਮ ਨਾ ਕਰ ਦੇਣਾ!”
ਸਟੀਮ-ਬੋਟ ਘਾਟ ਨਾਲ਼ ਆ ਲੱਗਿਆ। ਇੱਕ ਝਟਕਾ। ਲੋਕ ਡੋਲ ਗਏ। ਔਰਤ ਨੇ ਆਪਣੇ ਦੋਵੇਂ ਬੱਚਿਆਂ ਨੂੰ ਇਕੱਠੇ ਕਰਕੇ ਆਪਣੇ ਨਾਲ਼ ਘੁੱਟ ਲਿਆ ਅਤੇ ਚੌਕੰਨੀਆਂ ਅੱਖਾਂ ਨਾਲ਼ ਇੱਧਰ-ਓਧਰ ਦੇਖਿਆ। ਖ਼ਤਰੇ ਦਾ ਕੋਈ ਚਿੰਨ੍ਹ ਨਾ ਦੇਖ ਉਹ ਹੱਸੀ। ਬੱਚੇ ਵੀ ਹੱਸੇ। ਸਟੀਮ-ਬੋਟ ‘ਤੇ ਚੜ੍ਹਨ ਦੀ ਪੌੜੀ ਲਟਕਾ ਦਿੱਤੀ ਗਈ ਅਤੇ ਲੋਕਾਂ ਦੀ ਧਾਰਾ ਬੋਟ ਦੇ ਵੱਲ ਵੱਧ ਚੱਲੀ।
“ਓਏ ਹੌਲ਼ੀ-ਹੌਲ਼ੀ! ਧੱਕੇ ਨਾ ਮਾਰੋ!” ਪੋਦਸ਼ਿਬਲੋ ਭੀੜ ‘ਤੇ ਗਰਜਿਆ।
“ਓਏ ਮੂਰਖ!” ਉਹ ਇੱਕ ਤਰਖ਼ਾਣ ‘ਤੇ ਗਰਜਿਆ ਜੋ ਹਥੌੜੀਆਂ, ਆਰੀਆਂ, ਬਰਮੇ, ਰੇਤੀਆਂ ਅਤੇ ਹੋਰ ਸੰਦਾਂ ਨਾਲ਼ ਲੱਦਿਆ ਹੋਇਆ ਸੀ “ਇਹ ਕੀ ਕਬਾੜ ਚੁੱਕ ਲਿਆਇਆ ਹੈ? ਇੱਕ ਪਾਸੇ ਹਟ ਅਤੇ ਔਰਤ ਨੂੰ ਰਾਹ ਦੇ ਜਿਹਦੇ ਨਾਲ਼ ਬੱਚੇ ਹਨ। ਓ! ਹੋ! ਕਿੰਨਾ ਮੂਰਖ ਬੰਦਾ।” ਕਹਿੰਦੇ-ਕਹਿੰਦੇ ਉਸਦੀ ਸੁਰ ਇੱਕਦਮ ਮੁਲਾਇਮ ਪੈ ਗਈ ਜਦ ਉਹ ਔਰਤ ਨੀਲ਼ੀਆਂ ਅੱਖਾਂ ਵਾਲ਼ੀ ਉਸਦੀ ਜਾਣੂ ਲੰਘਦੇ ਸਮੇਂ ਉਸ ਵੱਲ ਦੇਖ ਕੇ ਮੁਸਕਰਾਈ ਅਤੇ ਬੋਟ ‘ਤੇ ਪਹੁੰਚ ਜਾਣ ਬਾਅਦ ਸਿਰ ਝੁਕਾਕੇ ਉਸਨੇ ਨਮਸਕਾਰ ਕੀਤੀ।
ਤੀਜੀ ਸੀਟੀ।
“ਰੱਸੇ ਖੋਲ੍ਹ ਦੇਵੋ!” ਕਪਤਾਨ ਦੇ ਮੰਚ ਤੋਂ ਕਮਾਨ ਦੀ ਅਵਾਜ਼ ਆਈ।
ਬੋਟ ਕੰਬਿਆ ਤੇ ਹਰਕਤ ਕਰਨ ਲੱਗਿਆ।
ਪੋਦਸ਼ਿਬਲੋ ਡੈਕ ‘ਤੇ ਖੜ੍ਹੇ ਲੋਕਾਂ ਵਿੱਚੋਂ ਆਪਣੀ ਵਾਕਫ਼ ਨੂੰ ਟੋਹ ਰਿਹਾ ਸੀ ਅਤੇ ਜਦ ਉਹ ਦਿਖਾਈ ਪਈ ਤਾਂ ਉਸਨੇ ਆਪਣੀ ਟੋਪੀ ਲਾਹ ਲਈ ਅਤੇ ਸਿਰ ਝੁਕਾ ਕੇ ਨਮਸਕਾਰ ਕੀਤੀ।
ਜਵਾਬ ਵਿੱਚ, ਰੂਸੀ ਢੰਗ ਨਾਲ਼, ਉਹ ਝੁਕੀ ਤੇ ਕਰਾਸ ਦਾ ਚਿੰਨ੍ਹ ਬਣਾਇਆ।
ਅਤੇ ਇਸ ਤਰ੍ਹਾਂ ਉਹ ਤੇ ਉਸਦੇ ਬੱਚੇ ਕੋਸਤ੍ਰਾਮਾ ਪਰਤ ਗਏ।
ਉਹਨਾਂ ਨੂੰ ਵਿਦਾ ਕਰਨ ਤੋਂ ਬਾਅਦ ਸਹਾਇਕ ਪੁਲਿਸ ਮੁਲਾਜ਼ਮ ਪੋਦਸ਼ਿਬਲੋ ਨੇ ਇੱਕ ਡੂੰਘਾ ਸਾਹ ਛੱਡਿਆ ਅਤੇ ਆਪਣੀ ਡਿਊਟੀ ‘ਤੇ ਪਰਤ ਆਇਆ – ਭਾਰੀ ਉਦਾਸੀ ਤੇ ਦੁੱਖ ਦਾ ਅਹਿਸਾਸ ਕਰਦੇ ਹੋਏ।
(1895)
(ਅਨੁਵਾਦ: ਕੁਲਦੀਪ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)
 
 

To veiw this site you must have Unicode fonts. Contact Us

punjabi-kavita.com