1965 Di Jang De Shahi Qaidi (Punjabi Story) : Gulzar Singh Sandhu

1965 ਦੀ ਜੰਗ ਦੇ ਸ਼ਾਹੀ ਕੈਦੀ (ਕਹਾਣੀ) : ਗੁਲਜ਼ਾਰ ਸਿੰਘ ਸੰਧੂ

੧੯੬੫ ਦੀ ਭਾਰਤ-ਪਾਕਿਸਤਾਨ ਜੰਗ ਵੇਲੇ ਮੈਂ ਦਿੱਲੀ ਰਹਿੰਦਾ ਸਾਂ। ਮੇਰੇ ਜਾਣਨ ਵਾਲੀ ਇਕ ਕੁੜੀ ਦੇ ਦਫਤਰ ਵਾਲਿਆਂ ਨੇ ਫੈਸਲਾ ਕੀਤਾ ਕਿ ਉਹ ਭਾਰਤੀ ਫੌਜਾਂ ਵੱਲੋਂ ਪਾਕਿਸਤਾਨ ਦੇ ਜਿੱਤੇ ਹੋਏ ਪਿੰਡ ਵੇਖਣ ਜਾਣਗੇ। ਉਨ੍ਹਾਂ ਨੇ ਆਪਣੇ ਦਫਤਰ ਦੀ ਬੱਸ ਵਿਚ ਕੂਚ ਕੀਤਾ ਅਤੇ ਮੈਂ ਤੇ ਮੇਰੇ ਇਕ ਮਿੱਤਰ ਨੇ ਮੇਰੀ ਮੋਟਰ ਸਾਈਕਲ ਉਤੇ। ਰਸਤੇ ਵਿਚ ਹੁਸ਼ਿਆਰਪੁਰ ਨੇੜੇ ਮੇਰਾ ਪਿੰਡ ਸੀ। ਮੈਂ ਤੇ ਮੇਰਾ ਮਿੱਤਰ ਇਕ ਰਾਤ ਮੇਰੇ ਪਿੰਡ ਰਹਿ ਕੇ ਦੂਜੇ ਦਿਨ ਬੱਸ ਵਾਲਿਆਂ ਨੂੰ ਜਾ ਮਿਲੇ। ਮੇਰੀ ਜਾਣੂ ਕੁੜੀ ਨੇ ਦੱਸਿਆ ਕਿ ਜਿੱਤੇ ਹੋਏ ਪਿੰਡਾਂ ਵਿਚ ਉਸ ਦੀ ਭੂਆ ਦਾ ਪਿੰਡ ਨੁਸ਼ਹਿਰਾ ਪਢਾਣਾ ਵੀ ਸੀ। ਤੇ ਉਹ ਆਪਣੀ ਭੂਆ ਦਾ ਘਰ ਦੇਖਣਾ ਚਾਹੁੰਦੀ ਸੀ। ਮੈਂ ਤੇ ਮੇਰਾ ਮਿੱਤਰ ਉਹਦੇ ਨਾਲ ਨੁਸ਼ਹਿਰੇ ਪਢਾਣੇ ਗਏ ਤਾਂ ਭਾਰਤੀ ਫੌਜ ਦਾ ਇਕ ਜਵਾਨ ਪਿੰਡ ਵਿਚ ਪਿੱਛੇ ਰਹਿ ਗਏ ਬੁੱਢੇ-ਬੁੱਢੀਆਂ ਨਾਲ ਗੱਲਾਂ ਕਰ ਰਿਹਾ ਸੀ। ਅਸੀਂ ਵੀ ਗੱਲਾਂ ਸੁਣਨ ਲਈ ਰੁਕ ਗਏ। "ਕੀ ਦੱਸੀਏ ਸਰਦਾਰੋ! ਏਧਰ ਆਏ ਤਾਂ ਇਹ ਸਾਡੇ ਨਾਲੋਂ ਵੀ ਭੁੱਖੇ। ਅਸੀਂ ਤਾਂ ਇਨ੍ਹਾਂ ਕੋਲ਼ ਪਨਾਹ ਲੈਣ ਆਏ ਸੀ, ਇਹ ਸਾਥੋਂ ਪਹਿਲਾਂ ਪਨਾਹਗੀਰ ਬਣੇ ਬੈਠੇ ਸਨ।" ਮੁਸਲਮਾਨ ਬਾਬਾ, ਪਿੰਡ ਦਾ ਹਾਲ ਵੇਖਣ ਆਏ ਭਾਰਤੀ ਸੈਨਾ ਦੇ ਅਫਸਰਾਂ ਨੂੰ ਸੰਤਾਲੀ ਦੀ ਵੰਡ ਦੀਆਂ ਗੱਲਾਂ ਸੁਣਾ ਰਿਹਾ ਸੀ।
"ਅਸੀਂ ਤੁਹਾਡੇ ਹੀ ਪਿੰਡਾਂ ਦੇ ਰਹਿਣ ਵਾਲੇ ਹਾਂ, ਮਾਲਕੋ! ਮੇਰਾ ਪਿੰਡ ਤਰਨ ਤਾਰਨ ਕੋਲ ਸੀ- ਸਰ੍ਹਾਲੀ। ਸਰ੍ਹਾਲੀ ਦੇ ਸਰਦਾਰਾਂ ਨਾਲ ਮੇਰਾ ਬਹਿਣ-ਉਠਣ ਸੀ।" ਉਹ ਏਸ ਤਰ੍ਹਾਂ ਗੱਲਾਂ ਕਰ ਰਿਹਾ ਸੀ ਜਿਵੇਂ ਚਿਰ ਵਿਛੜੇ ਪਿਓ ਨੂੰ ਉਸ ਦਾ ਪੁੱਤਰ ਮਿਲ ਗਿਆ ਹੋਵੇ। ਉਸ ਦਾ ਦਿਲ ਭਰ ਆਇਆ ਸੀ, ਨੱਕੋ-ਨੱਕ। "ਇੱਥੇ ਆ ਕੇ ਤੇ ਮੈਂ ਪਕੌੜੇ ਤਲ਼ ਕੇ ਹੀ ਗੁਜ਼ਾਰਾ ਕੀਤੈ, ਅਠਾਰਾਂ ਵਰ੍ਹੇ।" ਉਹ ਰੋਣਹਾਕਾ ਹੋ ਕੇ ਬੋਲਿਆ।
ਭਾਰਤ-ਪਾਕਿਸਤਾਨ ਜੰਗ ਦੇ ਦਿਨਾਂ ਵਿਚ ਪਾਕਿਸਤਾਨੀ, ਅਨੇਕਾਂ ਬਿਰਧ ਜੀਆਂ ਨੂੰ ਪਿੱਛੇ ਛੱਡ ਕੇ ਭੱਜ ਗਏ ਸਨ- ਲਾਹੌਰ ਵੱਲ, ਰਾਵਲਪਿੰਡੀ ਵੱਲ। ਭਾਰਤੀ ਸੈਨਾ ਦੇ ਅਫਸਰ ਉਨ੍ਹਾਂ ਦੀ ਦੇਖ-ਭਾਲ ਕਰ ਰਹੇ ਸਨ, ਉਨ੍ਹਾਂ ਦੀਆਂ ਰੋਜ਼ਮੱਰਾ ਦੀਆਂ ਲੋੜਾਂ ਪੂਰੀਆਂ ਕਰ ਰਹੇ ਸਨ। ਉਜੜੇ ਹੋਏ ਪਿੰਡ ਵਿਚੋਂ ਹਰ ਇਕ ਨੂੰ ਭੈਅ ਆਉਂਦਾ ਹੈ, ਇਹ ਨਿਰਬਲ ਲੋਕ ਵੀ ਡਰੇ ਹੋਏ ਸਨ। ਗਲੀਆਂ ਵਿਚੋਂ ਜਾਨਵਰ ਵੀ ਭੱਜ ਗਏ ਸਨ। ਬਾਜ਼ਾਰ ਦੀਆਂ ਦੁਕਾਨਾਂ ਦੇ ਦਰਵਾਜ਼ੇ ਟੁੱਟੇ ਹੋਏ ਸਨ। ਸਕੂਲ ਦੀ ਵਿਗਿਆਨਸ਼ਾਲਾ ਦਾ ਸਮਾਨ ਸ਼ੀਸ਼ਾ-ਸ਼ੀਸ਼ਾ ਹੋਇਆ ਪਿਆ ਸੀ। ਸਕੂਲ ਦੇ ਬੱਚਿਆਂ ਦੀਆਂ ਕਾਪੀਆਂ ਇਧਰ-ਉਧਰ ਰੁਲ ਰਹੀਆਂ ਸਨ। ਤੂੜੀ ਦਿਆਂ ਕੁੱਪਾਂ ਵਿਚੋਂ ਅੱਗ ਸੁਲਘ ਰਹੀ ਸੀ। ਡੰਗਰ ਘਰਾਂ ਵਿਚੋਂ ਸੰਗਲ ਤੁੜਾ ਕੇ ਆਪਣੇ ਮਾਲਕਾਂ ਦੀਆਂ ਫਸਲਾਂ ਉਜਾੜ ਰਹੇ ਸਨ। ਘਰਾਂ ਦੇ ਦਰਵਾਜ਼ੇ ਵੀ ਚੁਪੱਟ ਖੁੱਲ੍ਹੇ ਪਏ ਸਨ। ਦੁਕਾਨਾਂ ਵਿਚ ਪਈਆਂ ਪੈਸੇ ਦੀਆਂ ਤਿਜੌਰੀਆਂ ਦੇ ਕੁਫਲ ਟੁੱਟੇ ਪਏ ਸਨ, ਪਰ ਪਿੱਛੇ ਰਹਿ ਗਏ ਬਿਰਧਾਂ ਨੂੰ ਇਸ ਨੁਕਸਾਨ ਦਾ ਕੋਈ ਦੁੱਖ ਨਹੀਂ ਸੀ। ਉਹ ਆਪਣੀ ਸਰਕਾਰ ਨੂੰ ਦੋਸ਼ ਦੇ ਰਹੇ ਸਨ ਜਿਸ ਨੇ ਜੰਗ ਛੇੜਨ ਦੀ ਵਧੀਕੀ ਕੀਤੀ ਸੀ। ਉਨ੍ਹਾਂ ਨੂੰ ਆਪਣੇ ਧੀਆਂ-ਪੁੱਤਰਾਂ 'ਤੇ ਵੀ ਕੋਈ ਹਿਰਖ ਨਹੀਂ ਸੀ ਜਿਹੜੇ ਉਨ੍ਹਾਂ ਨੂੰ ਪਿੱਛੇ ਛੱਡ ਗਏ ਸਨ। ਉਹ ਸਮਝਦੇ ਸਨ ਕਿ ਉਨ੍ਹਾਂ ਦੀ ਕਿਸਮਤ ਵਿਚ ਹੀ ਇਉਂ ਲਿਖਿਆ ਸੀ। ਉਂਝ ਵੀ ਸੈਨਿਕ ਜਵਾਨ ਉਨ੍ਹਾਂ ਦੇ ਧੀਆਂ-ਪੁੱਤਰਾਂ ਵਾਂਗ ਹੀ ਸਨ। ਹਰ ਲੋੜ ਪੂਰੀ ਕਰਦੇ ਸਨ। ਹਲੀਮੀ ਨਾਲ ਪੇਸ਼ ਆਉਂਦੇ ਸਨ। ਰੋਟੀ ਦਿੰਦੇ ਸਨ, ਕੱਪੜਾ ਦਿੰਦੇ ਸਨ। ਹਾਲ-ਚਾਲ ਪੁੱਛਦੇ ਸਨ। ਇਸ ਉਜੜੇ ਪਿੰਡ ਵਿਚ ਜਾਂ ਸੈਨਿਕ ਸਨ, ਤੇ ਜਾਂ ਉਹ ਆਪ।
ਇਕ ਬੁੱਢੇ ਨੂੰ ਅੱਖਾਂ ਤੋਂ ਨਹੀਂ ਸੀ ਦਿਸਦਾ। ਜੰਗ ਦੀ ਕਾਲਖ ਨਾਲ ਰੰਗੀ ਉਸ ਦੀ ਦਾੜ੍ਹੀ, ਮਟੀ ਵਾਲੇ ਸਾਧ ਦੀਆਂ ਜਟਾਂ ਵਰਗੀ ਹੋਈ ਹੋਈ ਸੀ। ਦੂਸਰਾ ਬੁੱਢਾ ਮਾਮਦੀਨ, ਅਧਰੰਗ ਦਾ ਰੋਗੀ ਸੀ। ਉਹ ਇਸ ਪਿੰਡ ਵਿਚ ਆਪਣਾ ਇਲਾਜ ਕਰਵਾਉਣ ਆਇਆ ਹੀ ਫਸ ਗਿਆ ਸੀ। ਇਕ ਹੋਰ ਬੁੱਢਾ ਮੰਜੀ ਉਤੇ ਸੁੱਤਾ ਪਿਆ ਸੀ ਤੇ ਇਕ ਬਹੁਤ ਹੀ ਬਿਰਧ ਮਾਈ ਮੰਜੀ ਉਤੇ ਇੰਝ ਲਟਕੀ ਹੋਈ ਸੀ ਕਿ ਉਸ ਦਾ ਅੱਧਾ ਧੜ ਮੰਜੀ ਦੇ ਉਤੇ ਸੀ ਤੇ ਅੱਧਾ ਥੱਲੇ। ਕੇਵਲ ਦੋ ਹੀ ਸਰੀਰਾਂ ਦੇ ਅੰਗ ਚਲਦੇ ਸਨ। ਇਕ ਇਹ ਬਾਬਾ ਤੇ ਇਕ ਏਸੇ ਵਰਗੀ ਹੀ ਬੇਬੇ। ਬੇਬੇ ਕੰਨਾਂ ਤੋਂ ਬੋਲੀ ਹੋਣ ਕਾਰਨ ਆਪਣਾ ਹੀ ਰਾਗ ਅਲਾਪੀ ਜਾ ਰਹੀ ਸੀ। ਉਹ ਬਾਕੀਆਂ ਦੇ ਢਿੱਡ ਨੂੰ ਝੁਲਕਾ ਦੇਣ ਲਈ ਚੌਲ ਧੋ ਰਹੀ ਸੀ।
"ਜਿਹੜੇ ਚੰਗੇ ਹਨ, ਉਨ੍ਹਾਂ ਨੂੰ ਚੰਗਾ ਕਿਉਂ ਨਾ ਆਖੀਏ। ਉਨ੍ਹਾਂ ਨਾਲੋਂ ਤਾਂ ਚੰਗੇ ਹਨ ਜਿਹੜੇ ਪਿੱਛੇ ਹੀ ਛੱਡ ਕੇ ਭੱਜ ਗਏ। ਭੱਠੀ ਵਿਚ ਪਏ ਦਾਦਣੀ ਸਰਕਾਰ। ਨਿੱਤ ਕਜੀਆ।" ਉਹ ਸੁਣਦੀ ਨਹੀਂ ਸੀ, ਬੱਸ ਬੋਲੀ ਜਾ ਰਹੀ ਸੀ।
ਬੇਬੇ ਨਾਲੋਂ ਬਾਬਾ ਕੁਝ ਤੰਦਰੁਸਤ ਸੀ ਜਿਹੜਾ ਸਭ ਨੂੰ ਸੰਭਾਲੀ ਬੈਠਾ ਸੀ। ਫੌਜੀ ਅਫਸਰ ਵੀ ਉਸ ਨਾਲ ਗੱਲਾਂ ਕਰਨ ਲੱਗ ਪਿਆ।
"ਤੇਰਾ ਨਾਂ ਕੀ ਏ?"
"ਖੁਦਾ ਬਖਸ਼।"
"ਕੋਈ ਦੁੱਖ ਤਕਲੀਫ।"
"ਕੋਈ ਨਹੀਂ ਜੀ।"
"ਇੱਥੇ ਕਦੋਂ ਆਇਆ, ਸੰਤਾਲੀ ਵਿਚ?"
"ਹਾਹੋ ਜੀ, ਰੌਲਿਆਂ ਵਿਚ। ਦੱਸਿਆ ਜੂ ਏ। ਇੱਥੇ ਆਏ ਤੇ ਇਹ ਸਾਡੇ ਤੋਂ ਵੀ ਭੁੱਖੇ। ਜੋ ਲੀੜਾ-ਲੱਤਾ ਸਾਨੂੰ ਤੁਰਨ ਲੱਗਿਆਂ ਨੂੰ ਸਰਦਾਰਾਂ ਨੇ ਦਿੱਤਾ ਸੀ, ਸਾਡੇ ਕੋਲੋਂ ਖੋਹ-ਖਿੰਝ ਕੇ ਖਾ ਗਏ। ਮੈਂ ਤਾਂ ਜੀ ਇੱਥੇ ਪਕੌੜੇ ਤਲ ਕੇ ਗੁਜ਼ਾਰਾ ਕਰਦਾ ਰਿਹਾਂ।"
"ਕੋਈ ਤੰਗ ਤਾਂ ਨਹੀਂ ਕਰਦਾ ਤੁਹਾਨੂੰ।"
"ਨਹੀਂ ਜੀ। ਕੋਈ ਤੰਗੀ ਨਹੀਂ। ਤੁਹਾਡੇ ਵਰਗੇ ਗੱਭਰੂ ਪੁੱਛ-ਪੁਛਾ ਜਾਂਦੇ ਹਨ। ਆਟਾ ਦਾਣਾ ਦੇ ਜਾਂਦੇ ਹਨ। ਇੱਥੇ ਘਰਾਂ ਵਿਚ ਬੜਾ ਅੰਨ ਹੈ। ਇੱਥੋਂ ਹੀ ਮਿਲ ਜਾਂਦੈ।"
"ਇਸੇ ਤਰ੍ਹਾਂ ਹੁੰਦਾ ਏ, ਜੰਗ ਵਿਚ ਦੋਸ਼ੀ ਵੀ ਮਾਰੇ ਜਾਂਦੇ ਹਨ, ਬੇਦੋਸ਼ੇ ਵੀ।"
"ਹਾਹੋ ਜੀ। ਸਾਨੂੰ ਤੁਹਾਡੇ ਆਸਰੇ ਕੋਈ ਫਿਕਰ ਨਹੀਂ।"
"ਕਿਸੇ ਚੀਜ਼ ਦੀ ਲੋੜ ਹੈ ਤਾਂ ਦੱਸੋ। ਝਿਜਕੋ ਨਾ।" ਫੌਜੀ ਅਫਸਰ ਨੇ ਆਪਣਾ ਹੋ ਕੇ ਪੁੱਛਿਆ।
"ਤੁਹਾਡਾ ਦਿੱਤਾ ਸਭ ਕੁਝ ਹੈ।"
"ਕੋਈ ਰੋਟੀ, ਕੋਈ ਕੱਪੜਾ?"
"ਸਭ ਠੀਕ ਹੀ ਹੈ, ਕੋਈ ਲੋੜ ਨਹੀਂ।"
"ਦਿਲ ਵਿਚ ਨਾ ਰੱਖੀਂ।"
"ਦਿਲ ਵਿਚ ਕੀ ਰੱਖਣਾ, ਸਾਹਬ ਜੀ। ਜਿਹੋ ਜਿਹੀ ਰੋਟੀ ਪਕੌੜਿਆਂ ਦੀ ਕਮਾਈ ਨਾਲ ਮਿਲਦੀ ਸੀ, ਉਹੋ ਜਿਹੀ ਹੁਣ ਮਿਲੀ ਜਾਂਦੀ ਹੈ। ਬਾਲ ਬੱਚਾ ਮੇਰਾ ਹੈ ਕੋਈ ਨਹੀਂ, ਜਿਸ ਦਾ ਮੈਨੂੰ ਫਿਕਰ ਹੋਵੇ।"
ਖੁਦਾ ਬਖਸ਼ ਥੋੜ੍ਹੀ ਦੇਰ ਚੁੱਪ ਰਿਹਾ। ਅਫਸਰ ਨੇ ਉਸ ਵੱਲ ਤੱਕਿਆ। ਉਸ ਦੀ ਭੂਆ ਦੇ ਪਿੰਡ ਸਰ੍ਹਾਲੀ ਦਾ ਹੋਣ ਕਾਰਨ ਸੈਨਿਕ ਅਫਸਰ ਨੂੰ ਉਸ ਨਾਲ ਅਪਣੱਤ ਆ ਗਈ ਸੀ।
ਉਹ ਹਾਲੀ ਵੀ ਚੁੱਪ ਸੀ।
ਅਫਸਰ ਤੁਰਨ ਲੱਗਿਆ।
"ਜੀ ਇਕ ਕੰਮ ਕਰੋਗੇ।" ਖੁਦਾ ਬਖਸ਼ ਨੇ ਝਕਦਿਆਂ-ਝਕਦਿਆਂ ਕਿਹਾ।
"ਜ਼ਰੂਰ।"
ਬਾਬਾ ਫੇਰ ਚੁੱਪ ਕਰ ਗਿਆ।
"ਦੱਸੋ ਨਾ।"
"ਜੀ ਕੀ ਦੱਸਾਂ। ਤੁਸੀਂ ਆਖੋਗੇ, ਕੀ ਮੰਗਦਾ ਹੈ। ਭਾਵੇਂ ਗੱਲ ਤਾਂ ਤੁਹਾਡੇ ਲਈ ਮਾਮੂਲੀ ਜਿਹੀ ਹੈ।"
"ਤੂੰ ਝਕ ਨਾ, ਫਟਾ ਫਟ ਦੱਸ ਦੇ।"
"ਜੀ ਮੈਨੂੰ ਇਕ ਵੱਡੀ ਜੰਤਰੀ ਭਿਜਵਾ ਦਿਓ। ਤੁਸੀਂ ਸ਼ਹਿਰ ਦੇ ਰਹਿਣ ਵਾਲੇ ਹੋ। ਫਲਾਣੇ ਪਿੰਡ ਦੇ ਫਲਾਣੇ ਬੰਦੇ ਨੂੰ ਭੇਜ ਦੇਣੀ, ਮੈਂ ਲੈ ਲਵਾਂਗਾ।"
"ਜੰਤਰੀ? ਤੂੰ ਜੰਤਰੀ ਕੀ ਕਰੇਂਗਾ? ਤੂੰ ਜੋਤਸ਼ ਵੀ ਲਾਉਣਾ ਜਾਣਦੈਂ?"
"ਨਹੀਂ ਜੀ, ਜੋਤਸ਼ ਜਾਣੇ ਮੇਰੀ ਬਲਾ। ਮੈਨੂੰ ਹੋਰ ਕੰਮ ਲਈ ਚਾਹੀਦੀ ਹੈ।"
"ਜੇ ਐਸਾ ਵੈਸਾ ਨਹੀਂ ਤਾਂ ਸਾਨੂੰ ਕੰਮ ਹੀ ਦੱਸ ਦੇ।"
"ਐਸਾ ਵੈਸਾ ਤਾਂ ਉਕਾ ਹੀ ਨਹੀਂ, ਪਰ ਤੁਸੀਂ ਹੱਸੋਗੇ।"
"ਨਹੀਂ ਕੋਈ ਗੱਲ ਨਹੀਂ, ਤੂੰ ਦੱਸ ਦੇ।"
"ਜੀ ਮੈਨੂੰ ਕਈ ਦਿਨਾਂ ਤੋਂ।" ਉਹ ਕਹਿੰਦਾ-ਕਹਿੰਦਾ ਰੁਕ ਗਿਆ।
"ਹਾਂ ਬੋਲ ਨਾ।"
"ਮੈਨੂੰ ਜੀ ਰੋਟੀ ਕੱਪੜੇ ਦੀ ਉਕੀ ਹੀ ਕੋਈ ਤਕਲੀਫ਼ ਨਹੀਂ ਪਰ।"
"ਦੱਸ ਵੀ ਬਾਬਾ।"
"ਪਰ ਮੈਨੂੰ ਕਈ ਦਿਨਾਂ ਤੋਂ ਦਿਨਾਂ ਦਾ ਹਿਸਾਬ ਨਹੀਂ ਰਿਹਾ। ਪਤਾ ਨਹੀਂ ਅੱਜ ਕਿਹੜੇ ਮਹੀਨੇ ਦੀ ਕਿਹੜੀ ਤਰੀਕ ਹੈ? ਪਤਾ ਨਹੀਂ ਅੱਜ ਕੀ ਵਾਰ ਹੈ?"
ਸਾਰੇ ਸੈਨਿਕ ਉਸ ਵੱਲ ਤੱਕਣ ਲੱਗ ਪਏ।
"ਮੈਨੂੰ ਜਾਪਦਾ ਏ ਜਿਵੇਂ ਮੇਰਾ ਸਾਹ ਘੁਟ ਰਿਹਾ ਹੋਵੇ।" ਉਹ ਦਮੇ ਦੇ ਮਰੀਜ਼ ਵਾਂਗ ਬੋਲਿਆ।
"ਲੜਾਈ ਛੇਤੀ ਹੀ ਖਤਮ ਹੋ ਜਾਵੇਗੀ, ਤੂੰ ਫਿਕਰ ਨਾ ਕਰ।"
"ਲੜਾਈ ਤਾਂ ਸਰਦਾਰ ਜੀ ਖਤਮ ਹੁੰਦਿਆਂ ਹੀ ਹੋਵੇਗੀ। ਮੈਨੂੰ ਤਾਂ ਜੁਮਾਰਾਤ ਤਕ ਦਾ ਪਤਾ ਨਹੀਂ। ਮੈਂ ਨਮਾਜ਼ੀ ਹਾਂ, ਤੁਸੀਂ ਗੁੱਸਾ ਨਾ ਕਰਨਾ। ਮੇਰਾ ਦੀਨ।"
"ਤੇਰਾ ਦੀਨ ਹੀ ਸਾਡਾ ਦੀਨ ਹੈ, ਬਾਬਾ। ਤੂੰ ਫਿਕਰ ਨਾ ਕਰ। ਤੂੰ ਸਾਡੀ ਧਰਤੀ ਦਾ ਅੰਨ ਖਾਧਾ ਏ। ਤੂੰ ਸਾਡਾ ਬੰਦਾ ਏਂ।"
"ਮੈਂ ਦੀਨ ਨੂੰ ਨਹੀਂ ਰੋਂਦਾ, ਸਰਦਾਰਾ। ਮੈਨੂੰ ਕੱਪੜੇ ਦੀ ਫਿਕਰ ਨਹੀਂ, ਰੋਟੀ ਦੀ ਵੀ ਨਹੀਂ, ਪਰ ਮੈਂ ਕਿਸ ਤਰ੍ਹਾਂ ਸਮਝਾਵਾਂ।" ਉਹ ਕਹਿੰਦਾ-ਕਹਿੰਦਾ ਰੁਕ ਗਿਆ। ਉਸ ਦਾ ਅੰਦਰ ਰੋ ਰਿਹਾ ਸੀ। ਉਹ ਕੀ ਦੱਸਦਾ ਕਿ ਉਸ ਨੂੰ ਕਿਸ ਚੀਜ਼ ਦੀ ਲੋੜ ਸੀ। ਰੋਟੀ ਕੱਪੜਾ ਜਾਂ ਦੀਨ-ਧਰਮ ਹੀ ਤਾਂ ਨਹੀਂ ਨਾ ਹੁੰਦਾ ਸਭ ਕੁਝ। ਬੰਦਾ ਸੰਸਾਰ ਦੇ ਬਾਕੀ ਜੀਵਾਂ ਨੂੰ ਮਿਲਣਾ ਚਾਹੁੰਦੈ। ਉਨ੍ਹਾਂ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਨੀ ਚਾਹੁੰਦੈ। ਕੁਝ ਦੱਸਣਾ ਚਾਹੁੰਦੈ ਤੇ ਕੁਝ ਸੁਣਨਾ ਚਾਹੁੰਦੈ। ਉਹ ਕੀ ਦੱਸਦਾ ਤੇ ਕੀ ਸੁਣਦਾ। ਉਸ ਨੂੰ ਤਾਂ ਇਹ ਵੀ ਭੁੱਲ ਗਿਆ ਸੀ ਕਿ ਉਹ ਕਿਹੜੀ ਰੁੱਤ ਵਿਚ ਜੀਅ ਰਿਹਾ ਹੈ। ਗਰਮੀ ਕਿੰਨੇ ਦਿਨ ਹੋਰ ਪੈਣੀ ਏ, ਸਿਆਲ ਕਿੰਨੇ ਦਿਨਾਂ ਬਾਅਦ ਆਉਣਾ ਏ। ਧੁੱਪ ਦੇ ਸੇਕ ਤੋਂ ਕੋਈ ਅੰਦਾਜ਼ਾ ਨਹੀਂ ਸੀ ਲੱਗ ਸਕਦਾ। ਮੀਂਹ ਦੀ ਘਾਟ ਤੇ ਜੰਗ ਦੇ ਸੇਕ ਕਾਰਨ ਧਰਤੀ ਹਾਲੀ ਵੀ ਅੱਗ ਉਗਲ ਰਹੀ ਸੀ। ਧਰਤੀ ਨੇ ਇਹ ਅੱਗ ਉਗਲਣੋਂ ਕਦੋਂ ਹਟਣਾ ਸੀ? ਉਹ ਕੁਝ ਨਾ ਬੋਲਿਆ।
"ਤੂੰ ਝਕ ਨਾ ਬਾਬਾ, ਕਹਿ ਦੇ ਜੋ ਕਹਿਣਾ ਏ। ਮੈਂ ਤੇਰਾ ਹੀ ਪੁੱਤਰ ਹਾਂ।" ਫੌਜੀ ਅਫਸਰ ਨੇ ਬਾਬੇ ਦਾ ਵਿਸ਼ਵਾਸ ਜਿੱਤਿਆ।
"ਇੱਥੇ ਕੋਈ ਅਖਬਾਰ ਨਹੀਂ ਆਉਂਦੀ। ਕੋਈ ਰੇਡੀਓ ਨਹੀਂ ਬੋਲਦਾ। ਕਿਸੇ ਘਰ ਵਿਚ ਕੈਲੰਡਰ ਤਕ ਨਹੀਂ ਰਿਹਾ। ਸਾਨੂੰ ਦਿਨ ਭੁੱਲ ਗਏ ਹਨ, ਤਿੱਥਾਂ ਭੁੱਲ ਗਈਆਂ ਹਨ। ਸਾਡਾ ਕਿਸੇ ਤੋਂ ਦਿਨ-ਤਿੱਥ ਪੁੱਛਣ ਨੂੰ ਹੌਸਲਾ ਨਹੀਂ ਪੈਂਦਾ। ਅਸੀਂ ਕੈਦੀਆਂ ਤੋਂ ਵੀ ਬੁਰੇ ਹਾਂ ਕਾਕਾ, ਬੇਦੋਸ਼ੇ ਕੈਦੀ। ਤੁਸੀਂ ਹਾਲ ਪੁੱਛਿਆ ਏ, ਤੁਹਾਡਾ ਸ਼ੁਕਰੀਆ। ਬਹੁਤ-ਬਹੁਤ ਸ਼ੁਕਰੀਆ। ਜਿਉਂਦੇ ਰਹੇ ਤਾਂ ਫੇਰ ਦਰਸ਼ਨ ਹੋਣਗੇ। ਸਲਾਮ।" ਏਨਾ ਕਹਿ ਕੇ ਬੁੱਢਾ ਭੁੱਬੀਂ ਰੋ ਪਿਆ।
ਮੈਂ ਫੌਜੀ ਅਫਸਰ ਤੋਂ ਆਗਿਆ ਲੈ ਕੇ ਖੁਦਾ ਬਖਸ਼ ਨੂੰ ਕਿਹਾ ਕਿ ਉਹ ਖੁੱਲ੍ਹ ਕੇ ਗੱਲ ਕਰੇ। ਇੰਝ ਕੀਤਿਆਂ ਉਸ ਦਾ ਮਨ ਹੌਲਾ ਹੋ ਜਾਵੇਗਾ।
"ਤੁਸੀਂ ਤਾਂ ਸਾਡੇ ਸ਼ੇਰ ਪੁੱਤ ਹੋ। ਏਨੇ ਪਿਆਰ ਨਾਲ ਸਾਡੀ ਸਾਰ ਲੈਂਦੇ ਹੋ। ਅਸੀਂ ਤਾਂ ਏਥੇ ਸ਼ਾਹੀ ਕੈਦੀਆਂ ਵਰਗੇ ਹਾਂ। ਖਾਣ-ਪੀਣ ਨੂੰ ਸਭ ਕੁਝ ਹੈ, ਪਰ ਉਦਾਸੀ ਨਹੀਂ ਜਾਂਦੀ। ਜੇ ਸੱਚ ਪੁੱਛੋਂ ਤਾਂ ਅਸੀਂ ਉਸ ਸ਼ਾਹ ਜਹਾਨ ਨਾਲੋਂ ਵੀ ਲਾਚਾਰ ਹਾਂ ਜਿਸ ਨੂੰ ਔਰੰਗਜ਼ੇਬ ਨੇ ਆਗਰਾ ਦੇ ਕਿਲ੍ਹੇ ਵਿਚ ਕੈਦ ਕਰ ਛੱਡਿਆ ਸੀ। ਉਸ ਨੂੰ ਆਪਣਾ ਬਣਾਇਆ ਤਾਜ ਮਹਿਲ ਵੀ ਸ਼ੀਸ਼ੇ ਰਾਹੀਂ ਦਿਸਦਾ ਸੀ। ਅਸੀਂ ਤਾਂ ਉਹਦੇ ਨਾਲੋਂ ਵੀ ਵੱਡੇ ਕੈਦੀ ਹਾਂ। ਤੁਸੀਂ ਜਿਉਂਦੇ ਵਸਦੇ ਰਹੋ, ਸਾਡਾ ਹਾਲ ਪੁੱਛਣ ਆਏ ਹੋ। ਸਾਡੀ ਸਲਾਮ ਕਬੂਲ ਕਰੋ ਤੇ ਆਪਣੇ ਕੰਮ ਵੱਲ ਧਿਆਨ ਦਿਓ।"

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਲਜ਼ਾਰ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ