Aakhari Kaani (Punjabi Story) : Prem Gorkhi

ਆਖ਼ਰੀ ਕਾਨੀ (ਕਹਾਣੀ) : ਪ੍ਰੇਮ ਗੋਰਖੀ

ਬਾਬੂ ਅਤਰੀ ਹੜ-ਬੜਾ ਕੇ ਉੱਠਿਆ ਤੇ ਡਰਿਆ ਜਿਹਾ ਕਮਰੇ ਅੰਦਰਲੀ ਹਰ ਚੀਜ਼ ਨੂੰ ਘੂਰਨ ਲੱਗਾ। ਪਤਨੀ ਤੇ ਬੱਚਾ ਘੂਕ ਸੌਂ ਰਹੇ ਸੀ। ਉਹਨੂੰ ਸੁਖ ਦਾ ਸਾਹ ਆਇਆ ਕਿ ਉਹਨੇ ਸੁਪਨਾ ਹੀ ਦੇਖਿਆ ਸੀ। ਪੁਲਿਸ ਥਾਣਾ, ਸਾਹਮਣੇ ਭੀੜ ਭਰਿਆ ਬਾਜ਼ਾਰ ਤੇ ਗੌਰੀ ਉਹਨੂੰ ਮਾਰ ਰਿਹਾ ਸੀ।
ਬਾਬੂ ਅਤਰੀ ਨੂੰ ਹੁਣ ਨੀਂਦ ਨਹੀਂ ਸੀ ਆ ਰਹੀ। ਉਹ ਡਰ ਰਿਹਾ ਸੀ ਕਿ ਉਹ ਜਿਉਂ ਹੀ ਸੌਂਵੇਂਗਾ ਉਹਨੂੰ ਗੌਰੀ ਫਿਰ ਆ ਕੇ ਮਾਰਨ ਲੱਗੇਗਾ। ਗੌਰੀ ਦਾ ਚਿਹਰਾ ਭਿਆਨਕ ਰੂਪ ਵਟਾ ਵਟਾ ਕੇ ਉਹਨੂੰ ਡਰਾਏਗਾ।
ਇਸੇ ਮੁਹੱਲੇ ਵਿਚ ਰਹਿੰਦਾ ਹੈ ਗੌਰੀ ਜਿਸ ਮੁਹੱਲੇ ਵਿਚ ਬਾਬੂ ਅਤਰੀ ਰਹਿੰਦਾ ਹੈ। ਕਈ ਸਾਲ ਪਹਿਲਾਂ ਰਾਮ ਲੀਲਾ ਕਲੱਬ `ਚ ਬੈਂਜੋ ਵਜਾਉਂਦਾ ਸੀ, ਫਿਰ ਉੁਹਨੇ ਆਰਕੈਸਟਰਾ ਗਰੁੱਪ ਬਣਾ ਲਿਆ ਤੇ ਵਿਆਹਾਂ ਉੱਪਰ ਜਾਣ ਲੱਗਾ। ਹੌਲੀ ਹੌਲੀ ਦਿਨ ਫਿਰਨ ਲੱਗੇ। ਗੌਰੀ ਨੇ ਆਪਣੇ ਪਿਤਾ ਨੂੰ ਸਫਾਈ ਦੇ ਕੰਮ ਤੋਂ ਹਟਾ ਕੇ ਨਾਲ ਤੋਰ ਲਿਆ, ਛੋਟਾ ਭਰਾ ਵੀ ਡਰੰਮ ਵਜਾਉਣ ਲੱਗਾ ਤੇ ਦਿਨਾਂ ਵਿਚ ਹੀ ਗੌਰੀ ਪੈਸੇ ਵਿਚ ਖੇਡਣ ਲੱਗਾ।
‘ਇਹ ਆਪਣੀ ਔਕਾਤ ਭੁੱਲ ਗਿਆ ਸਾਲਾ… ਕੱਲ੍ਹ ਇਹਦਾ ਪੇ ਪਾਟੀ ਲੁੰਗੀ ਲਾਈ, ਤਸਲਾ ਕਹੀ ਚੁੱਕੀ ਗਧੇ ਦੇ ਮਗਰ ਮਗਰ ਤੁਰਿਆ ਫਿਰਦਾ ਸੀ, ਮੁਹੱਲੇ `ਚੋਂ ਗੰਦ ਚੁੱਕਦਾ। ‘ਨਮਸਤੇ ਬਾਊ ਜੀ` ਉਹ ਲੰਘਦਾ ਵੜਦਾ ਮੱਥੇ ਨੂੰ ਹੱਥ ਛੁਹਾ ਕੇ ਸਿਰ ਝੁਕਾਉਂਦਾ ਸੀ ਵੱਡੇ ਭਾਪਾ ਜੀ ਅੱਗੇ, ਝਾਈ ਜੀ ਅੱਗੇ ਤੇ ਗਲੀ ਦੇ ਹੋਰ ਲੋਕਾਂ ਅੱਗੇ ਵੀ। ਤੇ ਗੌਰੀ ਦੀ ਮਾਂ ਕਿਦਾਂ ਸਾਰਾ ਸਾਰਾ ਦਿਨ ਲੋਕਾਂ ਦੇ ਘਰਾਂ ਦਾ ਗੰਦ ਸਿਰ ਉੱਤੇ ਢੋਂਦੀ ਹੁੰਦੀ ਸੀ…ਫੇ ਦਰ ਦਰ ਉੱਤੇ ਟੁਕੜ ਮੰਗਦੇ ਫਿਰਨਾ.. ਚੰਗੀ ਕਿਸਮਤ ਨੂੰ ਕਮੇਟੀ ਵਾਲਿਆਂ ਨੇ ਸੀਵਰੇਜ ਵਿਛਾ ਦਿੱਤਾ ਤੇ ਲੋਕਾਂ ਨੇ ਫਲੱਸ਼ਾਂ ਲੁਆ ਲਈਆਂ… ਸਕੂਲ ਪੜ੍ਹਦੇ ਦੇ ਮੇਰੇ ਪੁਰਾਣੇ ਕੱਪੜੇ ਕਈ ਵਾਰੀ ਝਾਈ ਨੇ ਗੌਰੀ ਦੀ ਮਾਂ ਨੂੰ ਦਿੱਤੇ ਸੀ… ਤੇ ਇਹ ਕਮੀਨਾ ਮੇਰੇ ਕੱਪੜੇ ਪਾ ਕੇ ਬੈਟ-ਬੱਲਾ ਖੇਡਿਆ ਕਰਦਾ ਸੀ…. ਤੇ ਅੱਜ ਸਾਨੂੰ ਸੂਟ `ਤੇ ਸੂਟ ਪਾ ਕੇ ਦਿਖਾਉਂਦਾ ਆ… ਮੋਟਰ ਸਾਈਕਲ `ਤੇ ਘੁੰਮ ਘੁੰਮ ਦਿਖਾ ਰਿਹਾ ਤੇ ਨਾਲੇ ਸਾਡੀ ਕੁੜੀ ਨੂੰ ….` ਬਾਬੂ ਅਤਰੀ ਨੇ ਥੁਕਣਾ ਚਾਹਿਆ ਤੇ ਉੱਠ ਕੇ ਕਮਰੇ `ਚੋਂ ਬਾਹਰ ਆ ਗਿਆ।
‘ਤੁਸੀਂ ਉਹਦੇ ਪਿਛੋਕੜ ਨੂੰ ਭੁੱਲ ਕਿਉਂ ਨੀ ਜਾਂਦੇ। ਉਹਨੇ ਦੇਖੋ ਕਿੰਨਾ ਰਾਈਜ਼ ਕੀਤਾ… ਉਹਨੇ ਲੋਕਾਂ ਨੂੰ ਦਿਖਾ ਦਿੱਤਾ ਈ ਕਿ ਦੇਖੋ ਜੇ ਬੰਦਾ ਮਿਹਨਤ ਕਰੇ, ਹਿੰਮਤ ਨਾ ਹਾਰੇ ਤਾਂ ਉਹ ਇਸ ਤਰ੍ਹਾਂ ਵੀ ਪਾਸੇ ਪਲਟ ਸਕਦਾ ਹੈ। ਅੱਜ ਉਹ ਇਕ ਪ੍ਰੋਗਰਾਮ ਦੇ ਸੱਤਰ ਹਜ਼ਾਰ ਰੁਪਏ ਲੈਂਦਾ ਆ ਤੇ ਸੁਣਿਆ ਏ ਪਈ ਦੋ ਦੋ ਮਹੀਨੇ ਪਹਿਲਾਂ ਈ ਉਹਦੀ ਬੁਕਿੰਗ ਹੋਈ ਰਹਿੰਦੀ ਆ… ਦੇਖ ਲਓ ਕਿਹੋ ਜਿਹੀ ਆਲੀਸ਼ਾਨ ਕੋਠੀ ਮੋਤਾ ਸਿੰਘ ਨਗਰ ਵਿਚ ਬਣਾਈ ਆ… ਤੇ ਤੁਹਾਡਾ ਟੱਬਰ ਦੇਖ ਲਓ ਅਗਾਂਹ ਤੋਂ ਪਿਛਾਂਹ ਵੱਲ ਨੂੰ ਜਾਂਦੇ ਨੇ… ਤੁਸੀਂ ਆਪਣੇ ਵੱਲ ਈ ਦੇਖੋ… ਜੱਦੀ ਪੋਥੀ ਵਾਚਣੀ ਛੱਡ ਕੇ ਮਾੜੀ ਮੋਟੀ ਕਲਰਕੀ ਕੀਤੀ… ਹੁਣ ਉਹ ਵੀ ਛੱਡ ਕੇ ਬੈਠੇ ਆ… ਪਤਨੀ ਜੁ ਕਮਾਉਂਦੀ ਆ…` ਰੇਸ਼ਮਾ ਨੇ ਇਹ ਗੱਲ ਆਖਕੇ ਮੇਰੇ ਜ਼ਖ਼ਮਾਂ ਉੱਤੇ ਲੂਣ ਭਰੂਰ ਦਿੱਤਾ ਸੀ। ਬਹੁਤਾ ਕਸੂਰ ਤਾਂ ਰੇਸ਼ਮਾ ਦਾ ਈ ਆ… ਏਸੇ ਨੇ ਤਾਂ ਜੱਸੀ ਨੂੰ ਸ਼ਹਿ ਦਿੱਤੀ।` … ਬਾਥਰੂਮ ਵਿਚ ਖੜ੍ਹਾ ਬਾਬੂ ਅਤਰੀ ਖੰਘਣ ਲੱਗਾ।
……………………………
"ਉੱਠ ਜਾਓ ਹੁਣ… ਦੇਖੋ ਜ਼ਰਾ ਘੜੀ"
"ਕਿੰਨੇ ਵਜ ਗਏ?"
"ਨੌਂ ਵੱਜਣ ਲੱਗੇ ਆ…" ਜੂੜੇ ਦੇ ਵਾਲ ਠੀਕ ਕਰਦੀ ਹੋਈ ਰੇਸ਼ਮਾ ਬੋਲੀ…" ਉੱਠ ਕੇ ਨਹਾ ਲਓ, ਜੱਸੀ ਹੁਣੇ ਆ ਜਾਊ, ਟੋਸਟ ਬਣਾ ਦਏਗੀ…"
"ਉਹ ਕਿੱਥੇ ਗਈ ਆ ਸਵੇਰੇ ਸਵੇਰੇ…?" ਅਤਰੀ ਉੱਠ ਕੇ ਬੈਠਦਾ ਤਲਖੀ `ਚ ਬੋਲਿਆ।
"ਕਿਤੇ ਨਈਂ ਗਈ… ਐਵੇਂ ਚੀਕੋ ਨਾ ਰਿੰਕੂ ਉੱਠ ਜਾਵੇਗਾ, ਉਹ ਬਰੈੱਡ ਲੈ ਕੇ ਆਉਂਦੀ ਹੋਏਗੀ। … ਜਦੋਂ ਗੌਰੀ ਆਵੇਗਾ ਮੈਂ ਸੁਨੇਹਾ ਭੇਜਾਂਗੀ ਤੇ ਆ ਜਾਣਾ… ਉਹਦੇ ਨਾਲ ਗੱਲ ਠੰਡੇ ਦਿਮਾਗ ਨਾਲ ਕਰਨੀ…"
"ਠੀਕ ਈ ਕਰਾਂਗਾ…ਜਾਹ ਤੂੰ ਆਫਿਸ…" ਮੱਥੇ ਡਿਊੜੀ ਪਾ ਕੇ ਬਾਬੂ ਅਤਰੀ ਬੋਲਿਆ।
"ਮੇਰੇ ਵੱਲ ਦੇਖ ਕੇ ਕਿਉਂ ਮੱਥੇ ਨੂੰ ਸਾੜਦੇ ਆਂ… ਉਹ ਤੁਹਾਡੀ ਭੈਣ ਆ… ਤੁਹਾਡਾ ਈ ਲਹੂ ਆ…" ਰੇਸ਼ਮਾ ਵੀ ਥੋੜ੍ਹਾ ਗੁੱਸੇ ਵਿਚ ਬੋਲੀ ਤੇ ਬੈਗ ਚੁੱਕ ਕੇ ਤੁਰ ਪਈ।
"ਬਈ ਜਾਹ ਨਾ ਹੁਣ… ਸਵੇਰੇ ਸਵੇਰੇ…" ਬਾਬੂ ਅਤਰੀ ਖਿਝ ਕੇ ਬੋਲਿਆ ਤੇ ਤੌਲੀਆ ਲੱਭਣ ਲੱਗਾ।
……………………..
ਬਾਬੂ ਅਤਰੀ ਸ਼ੇਵ ਬਨਾਉਣ ਲੱਗਾ ਸੀ। ਉਹਨੂੰ ਕਦੇ ਗੌਰੀ ਰੋਕ ਕੇ ਖੜ੍ਹਾ ਹੋ ਜਾਂਦਾ, ਕਦੇ ਜੱਸੀ ਉਹਦੇ ਸਾਹਮਣੇ ਆ ਖੜ੍ਹਦੀ, ਕਦੇ ਰੇਸ਼ਮਾ ਘੂਰ ਘੂਰ ਦੇਖਣ ਲੱਗਦੀ। …. "ਸਾਰੇ ਪੁਆੜੇ ਦੀ ਜੜ੍ਹ ਈ ਤੂੰ ਏਂ… ਤੂਹੀਂ ਕੰਮ ਖ਼ਰਾਬ ਕੀਤਾ ਆ… ਨਾ ਇਹਨੂੰ ਘਰੋਂ ਏਥੇ ਕੋਲ ਲਿਆਉਂਦੀ ਤੇ ਨਾ ਇਹ ਅਵਾਰਾ ਫਿਰਦੀ ਓਸ ਗੌਰੀ ਦੇ ਬੱਚੇ ਨਾਲ…"
"ਮੈਂ ਕੋਈ ਆਪਣੇ ਲਈ ਨਈਂ ਸੀ ਲਿਆਂਦੀ, ਤੁਹਾਡੇ ਸ਼ਹਿਜ਼ਾਦੇ ਦੀ ਦੇਖਭਾਲ ਲਈ ਹੀ ਲਿਆਂਦੀ ਸੀ… ਮੈਨੂੰ ਕੋਈ ਇਨਟਰੈਸਟ ਨਈਂ…. ਖ਼ਬਰਦਾਰ ਜੇ ਮੈਨੂੰ ਕੋਈ ਗੱਲ ਆਖੀ ਤਾਂ…"
ਬਾਬੂ ਅਤਰੀ ਰੇਸ਼ਮਾ ਦੀ ਭਬਕ ਸੁਣ ਕੇ ਚੁੱਪ ਕਰ ਗਿਆ ਸੀ। ਪਰ ਫਿਰ ਉਹਨੂੰ ਕੋਈ ਗੱਲ ਯਾਦ ਆ ਗਈ ਤੇ ਉਸੇ ਤਲਖੀ `ਚ ਬੋਲਿਆ ਸੀ, "ਤੈਨੂੰ ਕਿਦਾਂ ਨਾ ਆਖੀਏ ਬਈ… ਸਾਰੀ ਗੱਲ ਦੱਬੀ ਹੋਈ ਨੂੰ ਤੂੰ ਮੁੜ ਕੇ ਜਗਾ ਦਿੱਤਾ… ਜਦੋਂ ਗੌਰੀ ਤੇ ਜੱਸੀ ਦੇ ਸਬੰਧਾਂ ਬਾਰੇ ਘਰ ਵਿਚ ਪਤਾ ਲੱਗਾ ਸੀ ਤਾਂ ਬਹੁਤ ਸਖਤੀ ਨਾਲ ਪਿਤਾ ਜੀ ਨੇ ਸਾਰੀ ਗੱਲ ਸਮੇਟ ਦਿੱਤੀ ਸੀ। ਪਿਤਾ ਜੀ ਦੀਆਂ ਧਮਕੀਆਂ ਅੱਗੇ ਗੌਰੀ ਦਾ ਪਿਓ ਕਿੰਨਾ ਡਰ ਗਿਆ ਸੀ ਤੇ ਆਪਣੀ ਪੱਗ ਪਿਤਾ ਜੀ ਦੇ ਪੈਰੀਂ ਰੱਖ ਦਿੱਤੀ ਸੀ। ਜੱਸੀ ਨੇ ਗੌਰੀ ਨੂੰ ਮਿਲਣਾ ਬੰਦ ਕਰ ਦਿੱਤਾ ਸੀ। ਘਰ ਦੇ ਸਾਰੇ ਜੀਆਂ ਨੇ ਸੁੱਖ ਦਾ ਸਾਹ ਲਿਆ ਸੀ। ਸਾਰਾ ਮੁਹੱਲਾ ਵੀ ਜਿਵੇਂ ਸ਼ਾਂਤ ਹੋ ਗਿਆ ਸੀ। ਨਹੀਂ ਤਾਂ ਨਿੱਤ ਹੀ ਕੋਈ ਨਾ ਕੋਈ ਘਰ ਝਾਈ ਜੀ ਜਾਂ ਪਿਤਾ ਜੀ ਨੂੰ ਆ ਕੇ ਦੱਸਦਾ ਸੀ….` ਬਾਬੂ ਜੀ, ਸ਼ੀ ਸ਼ੀ… ਜ਼ਹਿਰ ਦੀ ਚੁਟਕੀ ਦੇ ਕੇ ਪਾਰ ਕਿਉਂ ਨੀ ਕਰ ਦਿੰਦੇ ਐਹੋ ਜੀ ਧੀ ਨੂੰ… ਕੈਸਾ ਜ਼ਮਾਨਾ ਆ ਗਿਆ… ਮੁੰਡਿਆਂ ਨੂੰ ਕਹੋ ਏਸ ਕਲਮੂੰਹੀਂ ਦਾ ਸਿਰ ਵੱਢ ਦੇਣ ਅੰਦਰ ਵਾੜ ਕੇ…`
"ਮੇਰੇ ਘਰ ਦੀ ਤਾਂ ਯਾਰੋ ਤਾਣੀ ਈ ਉਲਝ ਗਈ ਆ… ਏਸ ਅਤਰੀ ਨੇ ਈ ਮੇਰੀ ਬੇੜੀ ਡੋਬ ਦਿੱਤੀ… ਬਹੁਤ ਰੋਕਿਆ ਸੀ ਮੈਂ ਇਹਨੂੰ ਪਰ ਏਸ ਕੰਬਖਤ ਨੇ ਇਕ ਨੀ ਮੰਨੀ ਮੇਰੀ… ਜਦ ਤੁਸੀਂ ਬੇਗਾਨਿਆਂ ਦੀਆਂ ਧੀਆਂ ਨਾਲ ਇਹ ਕੁਛ ਕਰੋਗੇ ਤਾਂ ਤੁਹਾਡੀਆਂ ਧੀਆਂ ਭੈਣਾਂ ਨਾਲ ਵੀ ਉਹੋ ਕੁਛ ਹਊਗਾ…" ਪਿਤਾ ਜੀ ਮੇਰੇ ਉੱਪਰ ਗੁੱਸਾ ਕੱਢਣ ਲੱਗੇ ਸੀ।
"ਬਾਊ ਜੀ, ਤੁਸੀਂ ਗੌਰੀ ਨੂੰ ਤਾਂ ਰੇਸ਼ਮਾ ਨਾਲ ਨਾ ਮਿਲਾਈ ਜਾਓ… ਉਹ ਸਰਦਾਰਾਂ ਦੀ ਧੀ ਆ… ਜਟ ਫੈਮਲੀ ਆ… ਉਹ ਸਾਲਾ ਗੋਰੀ…"
"ਓਏ, ਬੰਦ ਕਰ ਬਕਵਾਸ… ਇਹਦੇ ਵਿਚ ਜਾਤ ਦੀ ਗੱਲ ਨਈਂ… ਇਹ ਪਰਾਏ ਘਰ ਦੀ ਧੀ ਦਾ ਮਸਲਾ ਆ… ਆਪਣੇ ਸਬੰਧਾਂ ਨੂੰ ਤਾਂ ਤੂੰ ਪਿਆਰ ਕਹਿੰਦਾ ਏਂ…. ਤੇ ਭੈਣ ਦੇ ਪਿਆਰ ਵਿਚ ਜਾਤ ਨੂੰ ਲਿਆ ਖੜ੍ਹਾ ਕਰਦਾ ਏਂ…. ਕਾਕਾ, ਜੇ ਆਪ ਆਜ਼ਾਦੀ ਮਾਣਨ ਦਾ ਚਾਅ ਹੈਗਾ ਤਾਂ ਦੂਸਰਿਆਂ ਨੂੰ ਵੀ ਆਜ਼ਾਦੀ ਦਿਓ…"

ਪਤਾ ਨਹੀਂ ਕਿਸੇ ਦੇਸ਼ ਭਗਤ ਦੇ ਨਾਲ ਆਜ਼ਾਦੀ ਅੰਦੋਲਨ ਵੇਲੇ ਕੋਈ ਜਲਸਾ-ਜਲੂਸ ਕੱਢਿਆ ਕਿ ਨਹੀਂ ਪਰ ਘਰ ਵਿਚ ਜ਼ਰੂਰ ਆਜ਼ਾਦੀ ਦਾ ਮਸਲਾ ਲੈ ਕੇ ਬਹਿ ਜਾਣਗੇ ਪਿਤਾ ਜੀ। ਅਸੀਂ ਤਿੰਨਾਂ ਭਰਾਵਾਂ ਨੇ ਗੌਰੀ ਦਾ ਕਤਲ ਕਰਨ ਦੀ ਧਮਕੀ ਦਿੱਤੀ ਤਾਂ ਜਾ ਕੇ ਪਿਤਾ ਜੀ ਨੇ ਗੌਰੀ ਦੇ ਪਿਓ ਨੂੰ ਘਰ ਸੱਦਿਆ, ਗੌਰੀ ਨੂੰ ਸੱਦਿਆ ਤੇ ਗੱਲ ਕੀਤੀ। ਸਾਰੀ ਗੱਲ ਸੱਤ-ਅੱਠ ਮਹੀਨੇ ਠੱਪ ਰਹੀ ਸੀ। ਰੇਸ਼ਮਾ ਨੂੰ ਰਿੰਕੂ ਜੰਮਿਆ ਤਾਂ ਬਹੁਤੀ ਦੇਖ ਭਾਲ ਜੱਸੀ ਨੇ ਹੀ ਕੀਤੀ। ਸੱਤਿਆ ਤੇ ਲਿੱਲ੍ਹੀ ਤਾਂ ਰੇਸ਼ਮਾ ਨਾਲ ਬਹੁਤੀਆਂ ਭਿੱਜਦੀਆਂ ਈ ਨਹੀਂ ਸੀ। ਜੇ ਉਹ ਵਿਆਹੀਆਂ ਨਾ ਹੁੰਦੀਆਂ ਉਹਨੀਂ ਤਾਂ ਰੇਸ਼ਮਾ ਦਾ ਘਰ `ਚ ਟਿਕਣਾ ਮੁਹਾਲ ਕਰ ਦੇਣਾ ਸੀ। ਦੋਨੋਂ ਹੁਣ ਤੱਕ ਰੇਸ਼ਮਾ ਦੇ ਹੱਥ ਦੀ ਪਕਾਈ ਰੋਟੀ ਨਹੀਂ ਖਾਂਦੀਆਂ। ਦੋਹਾਂ ਦਾ ਸੁਭਾਅ ਝਾਈ ਉੱਪਰ ਹੈ। ਝਾਈ ਵੀ ਆਨੇ-ਬਹਾਨੇ ਰੇਸ਼ਮਾ ਨੂੰ ਰਸੋਈ `ਚ ਖੜ੍ਹੀ ਨਹੀਂ ਹੋਣ ਦਿੰਦੀ… "ਨਈਂ ਪ ੁੱਤਰ… ਬਹੂੁ ਰਾਣੀ ਤੂੰ ਕਿਉਂ ਕੰਮ ਕਰੇਂ… ਮੈਂ ਜੁ ਹਾਂ… ਜਾਹ ਤੂੰ ਅੰਦਰ ਬੈਠ ਪੱਖੇ ਹੇਠ ਜਾ ਕੇ… ਤੂੰ ਤਾਂ ਦਫਤਰ ਵਿਚ ਈ ਥਕ ਜਾਂਦੀ ਏ… ਤੂੰ ਨਾ ਕਰਿਆ ਕਰ ਖਾਣ-ਪਕਾਣ ਦਾ ਕੰਮ…" ਇਨ੍ਹਾਂ ਦੀਆਂ ਇਹੋ ਜਿਹੀਆਂ ਫਰਕ ਵਾਲੀਆਂ ਗੱਲਾਂ ਕਰਕੇ ਹੀ ਤਾਂ ਰੇਸ਼ਮਾ ਨੇ ਰਿਸ਼ਵਤ ਦੇ ਕੇ ਏਸ ਸ਼ਹਿਰ ਵਿਚ ਬਦਲੀ ਕਰਾ ਲਈ ਸੀ। ਅਜੇ ਉਹ ਮਟੈਰਨਟੀ ਲੀਵ `ਤੇ ਈ ਸੀ ਜਦੋਂ ਸਮਾਨ ਚੁੱਕ ਲਿਆਂਦਾ ਸੀ। ਬੱਚੇ ਦੀ ਦੇਖ ਭਾਲ ਲਈ ਜੱਸੀ ਨੂੰ ਵੀ ਨਾਲ ਲੈ ਆਂਦਾ ਸੀ। ਉਹ ਬੀ ਏ ਕਰਕੇ ਹੁਣ ਘਰ `ਚ ਵਿਹਲੀ ਈ ਰਹਿੰਦੀ ਸੀ। ਉਹ ਚਾਹੁੰਦੀ ਸੀ ਬੀ.ਐੱਡ ਕਰਨ ਲਈ ਜਲੰਧਰ ਦਾਖਲਾ ਲੈ ਲਵੇ ਪਰ ਝਾਈ ਤੇ ਸੱਤਿਆ ਭੈਣ ਨੇ ਬਹੁਤ ਵਿਰੋਧ ਕੀਤਾ ਸੀ…"ਫੇ ਬਦਨਾਮੀ ਹੋਣੀ ਆਂ… ਫੇ ਉਹੀ ਰੰਡੀ-ਰੋਣਾ ਸ਼ੁਰੂ ਹੋ ਜਾਣਾ… ਚੁੱਪ ਕਰਕੇ ਬੈਠੇ ਉਹ ਘਰ `ਚ ਹੀ"

ਤੇ ਫਿਰ ਅਚਾਨਕ ਪਤਾ ਲੱਗਾ ਸੀ ਕਿ ਜੱਸੀ ਤੇ ਰੇਸ਼ਮਾ ਇਕ ਦਿਨ ਗੌਰੀ ਨੂੰ ਮਿਲੀਆਂ ਸੀ। ਫਿਰ ਗੌਰੀ ਦੂਜੇ ਤੀਜੇ ਹਫਤੇ ਸ਼ਹਿਰ ਵਿਚ ਆਉਂਦਾ ਸੀ ਤੇ ਰੇਸ਼ਮਾ ਕੋਲ ਆ ਕੇ ਉਹਦੇ ਰਾਹੀਂ ਜੱਸੀ ਨੂੰ ਮਿਲ ਕੇ ਜਾਂਦਾ ਸੀ। ਇਹ ਗੱਲ ਪਤਾ ਨਹੀਂ ਕਿਵੇਂ ਘਰ ਝਾਈ ਤੱਕ ਵੀ ਜਾ ਪਹੁੰਚੀ ਸੀ ਤੇ ਝਾਈ ਕੋਲੋਂ ਸਤਿਆ ਤੱਕ। ਜਦੋਂ ਮੈਂ ਘਰ ਗਿਆ ਸੀ ਤਾਂ ਸੱਤਿਆ ਭੈਣ ਕਿਵੇਂ ਵਧ ਘੱਟ ਬੋਲੀ ਸੀ, "ਉਹ ਦੂਜੀ ਜਾਤ ਦੀ ਆ ਨਾ… ਏਸੇ ਕਰਕੇ ਸਾਡੇ ਤੋਂ ਬਦਲਾ ਲੈ ਰਹੀ ਆ… ਉਹ ਸ਼ਹਿ ਦਿੰਦੀ ਆ ਜੱਸੀ ਨੂੰ … ਆਪ ਮਿਲਾਉਂਦੀ ਆ ਨਾਲ ਹੋ ਕੇ… ਸਾਡੀ ਤਾਂ ਜਾਤ ਈ ਭ੍ਰਿਸ਼ਟ ਕਰ ਦਿੱਤੀ ਆ ਭਾ ਜੀ ਤੇਰੀ ਏਸ ਸਰਦਾਰਨੀ ਨੇ…"
"ਨਾਸ਼ਤਾ ਠੰਡਾ ਹੋ ਰਿਹਾ ਭਾਜੀ… ਲੈ ਲਓ ਆ ਕੇ"
ਰਸੋਈ ਵਿਚੋਂ ਜੱਸੀ ਦੀ ਅਵਾਜ਼ ਆਈ ਤਾ ਬਾਬੂ ਅਤਰੀ ਕਾਹਲੀ ਕਾਹਲੀ ਮੂੰਹ ਸਾਫ ਕਰਨ ਲੱਗਾ।
………………….

ਬਾਬੂ ਅਤਰੀ ਨਾਸ਼ਤੇ ਵਾਲੀ ਪਲੇਟ ਤੇ ਕੱਪ ਚੁੱਕੀ ਬਾਹਰ ਵਿਹੜੇ ਵਿਚ ਆ ਗਿਆ। ਤੇਜ਼ ਧੁੱਪ ਵਿਚ ਆਲਾ-ਦੁਆਲਾ ਉਹਨੂੰ ਨਿੱਘਾ-ਨਿੱਘਾ ਲੱਗਾ। ਸਾਹਮਣੇ ਖੇਤਾਂ ਤੋਂ ਪਾਰ ਭੱਠੇ ਦੀਆਂ ਚਿਮਨੀਆਂ ਵਿਚੋਂ ਧੂੰਆਂ ਨਿਕਲ ਰਿਹਾ ਸੀ, ਜਿਹਨੇ ਖੱਬੇ ਹੱਥ ਉੱਚੇ ਸਫੈਦਿਆਂ ਦੇ ਰੁੱਖਾਂ ਉੱਪਰ ਇਕ ਲੰਮੀ ਤਹਿ ਵਿਛਾ ਦਿੱਤੀ ਸੀ। ਇਕ ਪਾਸੇ ਦੂਰ ਪਿੰਡ ਦੇ ਘਰ ਦਿਸ ਰਹੇ ਸਨ, ਗੁਰਦੁਆਰੇ ਦਾ ਚਿੱਟਾ ਗੁੰਬਦ ਚਮਕ ਰਿਹਾ ਸੀ। ਸੱਜੇ ਹੱਥ, ਸੜਕ ਤੋਂ ਪਾਰ ਸ਼ਿਵਾਲੇ ਵਾਲਿਆਂ ਨੇ ਗਊਆਂ ਖੁੱਲ੍ਹੀਆਂ ਛੱਡ ਕੇ ਉਨ੍ਹਾਂ ਅੱਗੇ ਪੱਠੇ ਸੁੱਟ ਦਿੱਤੇ ਸਨ। ਸ਼ਿਵਾਲੇ ਦੇ ਨੇੜੇ ਸਕੂਲ ਦੇ ਬੱਚੇ ਗਰਾਊਂਡ ਵਿਚ ਖੇਡ ਰਹੇ ਸੀ। ਸਕੂਲ ਦੇ ਪਾਰ ਕਸਬੇ ਦੀ ਸੰਘਣੀ ਅਬਾਦੀ ਦਿਸ ਰਹੀ ਸੀ। ਇਸੇ ਘੜੀ ਦੂਰ ਸੰਘਣੀ ਦਰੱਖਤਾਂ ਦੀ ਝਿੜੀ ਤੋਂ ਪਾਰ, ਰੇਲਵੇ ਲਾਈਨ ਉੱਪਰ ਆਉਂਦੀ ਗੱਡੀ ਬਾਬੂ ਅਤਰੀ ਨੂੰ ਦਿਸੀ ‘ਹੈਂ, ਦਸ ਵਜ ਰਹੇ ਆ… ਰੇਸ਼ਮਾ ਨੇ ਦਸ ਵਜੇ ਦਾ ਸਮਾਂ ਹੀ ਦੱਸਿਆ ਸੀ… ਠੀਕ ਟਾਈਮ ਨਾਲ ਜੱਸੀ ਨੇ ਨਾਸ਼ਤਾ ਬਣਾ ਕੇ ਦਿੱਤਾ, ਪਈ ਇਹ ਵੇਲੇ ਸਿਰ ਤਿਆਰ ਹੋ ਕੇ ਰਹੇ… ਪਰ ਨਈਂ, ਜੱਸੀ ਤਾਂ ਰੋਜ਼ ਈ ਏਸੇ ਤਰ੍ਹਾਂ ਆ ਕੇ……। ਦੇਖੋ ਭਾਜੀ ਗੌਰੀ ਨਾਲ ਕੀ ਗੱਲ ਨਬੇੜਦਾ ਹੈ… ਮੈਂ ਕੀ ਗੱਲ ਨਬੇੜਾਂ… ਜੱਸੀ ਗੌਰੀ ਦੇ ਨਾਲ ਚਲੀ ਜਾਵੇ… ਤੋਬਾ ਤੋਬਾ, ਇਹ ਤਾਂ ਸੋਚ ਹੀ ਮੇਰੇ ਜ਼ਿਹਨ `ਚ ਨਈਂ ਸਮਾ ਰਹੀ… ਪਰ ਰੇਸ਼ਮਾ… ਰੇਸ਼ਮਾ ਵੀ ਕੀ ਕਰੇ… ਬਹੁਤ ਅਹਿਸਾਨ ਨੇ ਜੱਸੀ ਦੇ ਰੇਸ਼ਮਾ ਉੱਪਰ। ਕਿੱਦਾਂ ਝਾਈ ਨੇ ਤੋੜ ਕੇ ਜਵਾਬ ਦੇ ਦਿੱਤਾ ਸੀ ਜਦੋਂ ਉਹਨੂੰ ਏਥੇ ਆ ਕੇ ਬੱਚੇ ਨੂੰ ਸੰਭਾਲਣ ਲਈ ਕਿਹਾ ਸੀ… "ਮੈਂ ਉਹਦੀ ਨੌਕਰਾਣੀ ਆਂ… ਉਹਨੂੰ ਕਹਿ ਆਪਣੀ ਮਾਂ ਨੂੰ ਸੱਦ ਲਵੇ ਜਾਂ ਉਹਦੀ ਭਰਜਾਈ ਨੂੰ ਆਖ…"

"ਅਤਰੀ, ਏਥੋਂ ਕੋਈ ਨੀ ਤੇਰੇ ਨਾਲ ਜਾਣ ਲੱਗਾ…. ਵਹੁਟੀ ਲਈ ਕੋਈ ਨੌਕਰਾਣੀ ਰੱਖ ਲੈ… ਕਿਉਂ ਕਲੇਸ਼ ਕਰਦਾ ਇਨ੍ਹਾਂ ਨਾਲ।" ਬਾਊ ਜੀ ਨੇ ਰਾਹ ਦੱਸਿਆ ਸੀ।
"ਚਲੋ ਭਾਜੀ ਮੈਂ ਚਲਦੀ ਆਂ…" ਜੱਸੀ ਤਿਆਰ ਹੋ ਗਈ ਸੀ। ਸਹੁਰਿਆਂ ਤੋਂ ਆਈ ਸੱਤਿਆ ਭੈਣ ਖਿਝ ਗਈ ਸੀ-"ਹਾਂ ਇਹਨੂੰ ਲੈ ਜਾ ਵੇ… ਇਹ ਦਾਦੀ ਮਾਂ ਜੁ ਹੋਈ… ਪ੍ਰਧਾਨ ਵੱਡੀ-"
ਘਰ ਵਿਚ ਭਾਂਡੇ ਮਾਂਜਣੇ, ਛੋਟੇ ਵੱਡੇ ਕੱਪੜੇ ਧੋਣੇ, ਬਾਹਰ ਅੰਦਰ ਦੀਆਂ ਸਫਾਈਆਂ, ਰੋਟੀ ਦਾ ਸਾਰਾ ਕੰਮ, ਬਾਜ਼ਾਰ ਦਾ ਵੀ ਬਹੁਤਾ ਕੰਮ ਆਪ ਹੀ ਜੱਸੀ ਨੇ ਕਰਨਾ। ਰਾਤ ਦਿਨ ਨਿੱਕੇ ਜਿਹੇ ਬੱਚੇ ਨੂੰ ਸਾਂਭਣਾ ਕਿਹੜਾ ਸੌਖਾ ਹੁੰਦੈ… ਦਫਤਰ ਤੋਂ ਥੱਕੀ ਰੇਸ਼ਮਾ ਨੂੰ ਤਾਂ ਹੋਸ਼ ਨਾ ਰਹਿੰਦੀ… ਜੱਸੀ ਹੀ ਬੱਚੇ ਨੂੰ ਸਾਂਭਦੀ, ਉਹਦੀ ਸਾਫ-ਸਫਾਈ ਕਰਦੀ।
ਤੇ ਅਚਾਨਕ ਇਕ ਦਿਨ ਉਹ ਗੱਲ ਹੋ ਗਈ ਜਿਹਦੇ ਬਾਰੇ ਕਈ ਮਹੀਨਿਆਂ ਤੋਂ ਮੈਂ ਕਦੇ ਸੋਚਿਆ ਹੀ ਨਹੀਂ ਸੀ। ਮੈਨੂੰ ਸ਼ਰਾਬ ਲਈ ਪੈਸੇ ਚਾਹੀਦੇ ਸੀ। ਰੇਸ਼ਮਾ ਦੇ ਪਰਸ ਵਿਚੋਂ ਪੈਸੇ ਕੱਢਣ ਲੱਗਾ ਤਾਂ ਵਿਚੋਂ ਚਿੱਠੀ ਦੇਖ ਲਈ। ਮੈਂ ਗੌਰੀ ਦੀ ਲਿਖਾਈ ਝੱਟ ਪਛਾਣ ਲਈ। ਮੈਂ ਰੇਸ਼ਮਾ ਨੂੰ ਪੁੱਛਿਆ ਤਾਂ ਉਹ ਕਾਹਲੀ ਵਿਚ ਬੋਲੀ, "ਮੈਂ ਤੁਹਾਡੇ ਲਈ ਈ ਰੱਖੀ ਸੀ, ਦਫਤਰੋਂ ਆ ਕੇ ਬਾਜ਼ਾਰ ਚਲੀ ਗਈ, ਚੇਤਾ ਈ ਭੁੱਲ ਗਿਆ ਸੀ।"
"ਦੇਖੋ ਜੱਸੀ ਨੀ ਰੁਕਣ ਵਾਲੀ… ਚਲੀ ਗਈ ਤਾਂ ਬੜੀ ਬਦਨਾਮੀ ਹੋਏਗੀ… ਮੈਂ ਕਹਿੰਦੀ ਆਂ ਚੁੱਪ ਕਰਕੇ ਗੱਲ ਮੁਕਾਓ ਤੇ ਕੋਰਟ ਮੈਰਿਜ ਕਰ ਦਿਓ… ਮੇਰੀ ਤਾਂ ਆਖਰੀ ਗੱਲ ਆ… ਕੱਲ੍ਹ ਆਵੇਗਾ ਤਾਂ ਗੱਲ ਮੁਕਾ ਲਓ…"
……………………..
"ਭਾ ਜੀ ਇਹ ਕੀ ਕਰਦੇ ਆਂ…. ਤੁਸੀਂ ਤਾਂ ਕਹਿੰਦੇ ਸੀ ਅੱਜ ਨਈਂ ਮੈਂ ਪੀਣੀ…" ਪੋਚਾ ਫੇਰਨ ਲਈ ਜੱਸੀ ਬੈਠਕ ਅੰਦਰ ਆਈ ਤਾਂ ਅਤਰੀ ਨੂੰ ਸ਼ਰਾਬ ਪੀਂਦਿਆਂ ਦੇਖ ਕੇ ਦੁਖੀ ਹੋ ਗਈ। "ਰਾਤੀਂ ਤੁਸੀਂ ਐਨੀ ਪੀਤੀ ਸੀ ਕਿ ਡਿੱਗ ਕੇ ਮੂੰਹ `ਤੇ ਸੱਟ ਵੀ ਲੁਆ ਲਈ…"
"ਜਾਹ ਤੂੰ ਸੇਬ ਕੱਟ ਕੇ ਲਿਆ ਦੇ… ਜਾਹ ਸ਼ਾਬਾਸ਼ੇ" ਦੋ ਪੈੱਗ ਪੀਣ ਨਾਲ ਹੀ ਅਤਰੀ ਨੂੰ ਨਸ਼ਾ ਹੋ ਗਿਆ ਸੀ।
ਇਸੇ ਪਲ ਬਾਹਰ ਕਿਸੇ ਨੇ ਪੌੜੀਆਂ ਵਿਚ ਆਵਾਜ਼ ਮਾਰੀ। ਜੱਸੀ ਨੇ ਅੱਗੇ ਵਧ ਕੇ ਹੇਠਾਂ ਦੇਖਿਆ, ਭਰਜਾਈ ਦੇ ਦਫਤਰ ਵਾਲੀ ਮਾਈ ਕੈਲਾਸ਼ੋ ਸੀ। "ਗੁੱਡੀ, ਤੁਹਾਡੇ ਗੈਸਟ ਆ ਗਏ ਆ, ਮੈਡਮ ਤੇ ਉਹ ਥੋੜ੍ਹੀ ਦੇਰ ਤੱਕ ਘਰ ਈ ਆ ਜਾਣਗੇ…"
ਜੱਸੀ ਨੂੰ ਤਾਂ ਖੁਸ਼ੀ ਹੋਣੀ ਹੀ ਸੀ। ਉਹਨੇ ਦੋਨਾਂ ਕਮਰਿਆਂ ਵਿਚ ਨਜ਼ਰ ਦੁੜਾ ਕੇ, ਜੋ ਕੁਝ ਠੀਕ ਕਰਨ ਵਾਲਾ ਲੱਗਾ ਠੀਕ ਕੀਤਾ। ਬੋਤਲ ਵਿਚ ਦੁੱਧ ਪਾ ਕੇ ਰਿੰਕੂ ਦੇ ਮੂੰਹ ਨੂੰ ਲਾਈ ਤੇ ਫਿਰ ਟੀ. ਵੀ. ਅੱਗੇ ਆ ਬੈਠੀ।
ਬਾਬੂ ਅਤਰੀ ਸਿਗਰਟ ਪੀਣ ਲੱਗਾ ਤੇ ਬਾਹਰ ਛੱਤ ਉੱਪਰ ਆ ਗਿਆ। ਗੌਰੀ ਉਹਨੂੰ ਨਸ਼ਾ ਨਹੀਂ ਸੀ ਚੜ੍ਹਨ ਦੇ ਰਿਹਾ। ਉਹਦੇ ਦਿਮਾਗ ਅੰਦਰ, ਉਹਦੀਆਂ ਅੱਖਾਂ ਵਿਚ, ਉਹਦੇ ਖਿ਼ਆਲਾਂ ਵਿਚ ਗੌਰੀ ਹੀ ਘੁੰਮੀ ਜਾ ਰਿਹਾ ਸੀ। ਉਹਦਾ ਦਿਲ ਨਹੀਂ ਸੀ ਕਰਦਾ ਕਿ ਉਹ ਗੌਰੀ ਦਾ ਸਾਹਮਣਾ ਕਰੇ, ਉਹਦੇ ਮੱਥੇ ਨਹੀਂ ਸੀ ਲਗਣਾ ਚਾਹੁੰਦਾ ਪਰ ਹੁਣ ਕਰਦਾ ਵੀ ਕੀ, ਉਹਨੇ ਆਪ ਹੀ ਤਾਂ ਇਹ ਫੈਸਲਾ ਕੀਤਾ ਸੀ, ਰੋਜ਼ ਰੋਜ਼ ਦੀ ਬਦਨਾਮੀ ਤੋਂ ਡਰ ਕੇ ਮਜਬੂਰਨ ਇਹੋ ਸੋਚਿਆ ਸੀ ਕਿ ਜੇ ਜੱਸੀ ਨਹੀਂ ਹਟ ਰਹੀ ਤਾਂ ਗੌਰੀ ਨਾਲ ਸਾਰੀ ਗੱਲ ਸਾਫ ਸਾਫ ਕਰਕੇ ਇਹ ਸਿਆਪਾ ਖ਼ਤਮ ਕੀਤਾ ਜਾਵੇ।
"ਭਾ ਜੀ, ਆ ਜੋ ਥੱਲੇ…ਭਾਬੀ ਜੀ ਆ ਗਏ।"
ਜੱਸੀ ਦੇ ਖਿੜੇ ਚਿਹਰੇ ਵੱਲ ਦੇਖ ਕੇ ਬਾਬੂ ਅਤਰੀ ਦੀਆਂ ਅੱਖਾਂ ਵਿਚ ਜਲਨ ਜਿਹੀ ਹੋਈ। ਉਹ ਹੌਲੀ ਹੌਲੀ ਤੁਰਦਾ ਬੂਹੇ ਤੱਕ ਆ ਗਿਆ। ਗੌਰੀ ਕੁਰਸੀ `ਤੇ ਬੈਠਾ ਸੀ, ਕੋਲ ਹੀ ਰੇਸ਼ਮਾ ਬੈਠੀ ਸੀ। ਬਾਬੂ ਅਤਰੀ ਅੰਦਰ ਆਇਆ ਤਾ ਗੌਰੀ ਨੇ ਉੱਠ ਕੇ ਨਮਸਤੇ ਬੁਲਾਈ, ਹੱਥ ਮਿਲਾਉਣ ਲਈ ਉਹ ਅੱਗੇ ਨਹੀਂ ਵਧਿਆ। ਬਾਬੂ ਅਤਰੀ ਦੀਵਾਨ ਉੱਪਰ ਹੀ ਬਹਿ ਗਿਆ।
"ਗੌਰੀ, ਤੂੰ ਬਈ ਚਾਹੁੰਦਾ ਕੀ ਐਂ? ਕਿਉਂ ਨਈਂ ਕੁੜੀ ਦਾ ਪਿੱਛਾ ਛੱਡਦਾ… ਕਿਉਂ ਤੂੰ ਸਖਤ ਕਦਮ ਚੁੱਕਣ ਲਈ ਮਜਬੂਰ ਕਰਦੈਂ" ਬਾਬੂ ਅਤਰੀ ਬੜੇ ਤਣਾਓ ਵਿਚ ਕਦੇ ਗੌਰੀ ਤੇ ਕਦੇ ਰੇਸ਼ਮਾ ਵੱਲ ਦੇਖਦਾ ਬੋਲਿਆ।
"ਜਿਹੜੀ ਗੱਲ ਕਰਨ ਲਈ ਤੁਸੀਂ ਮੈਨੂੰ ਸੱਦਿਆ, ਉਹ ਗੱਲ ਕਰੋ… ਇਹ ਧਮਕੀਆਂ ਡਰਾਵੇ ਤਾਂ ਦੋ ਢਾਈ ਸਾਲ ਤੋਂ ਚੱਲ ਈ ਰਹੇ ਆ…" ਇਹੋ ਗੱਲ ਈ ਰੇਸ਼ਮਾ ਕਰਨ ਲੱਗੀ ਸੀ ਕਿ ਗੌਰੀ ਬੋਲ ਪਿਆ ਸੀ। "ਮੈਂ ਝਗੜਾ ਕਰਨ ਨਈਂ ਆਇਆ… ਜੱਸੀ ਨੂੰ ਬੁਲਾ ਲਓ ਅਸੀਂ ਫੈਸਲਾ ਦੱਸ ਦਿੰਦੇ ਆਂ।"
"ਕਾਹਦਾ ਫੈਸਲਾ…?"
"ਐਹੋ, ਮੈਰਿਜ ਬਾਰੇ।"
"ਤੂੰ ਕਰਾਏਂਗਾ ਮੈਰਿਜ?" ਬਾਬੂ ਅਤਰੀ ਨੂੰ ਅੰਦਰੇ-ਅੰਦਰ ਕਰੋਧ ਨੇ ਸਾੜ ਦਿੱਤਾ। ਉਹਦੇ ਜ਼ਿਹਨ ਵਿਚ ਜ਼ਹਿਰ ਚੜ੍ਹਨ ਲੱਗਾ…’ਇਹ ਕੁੱਤਾ ਮੇਰੀ ਭੈਣ ਨਾਲ ਮੈਰਿਜ ਕਰਾਏਗਾ… ਸਾਰੇ ਮੁਹੱਲੇ ਦਾ ਗੰਦ ਸਿਰ ਉੱਪਰ ਢੋਂਦੇ ਮਾਂ ਪਿਓ ਬੁੱਢੇ ਹੋ ਗਏ… ਮੰਗ ਮੰਗ ਇਹ ਤਨ ਢਕਦੇ ਰਹੇ ਹੁਣ ਤੱਕ… ਨੀਚ ਸਾਲਾ… ਮੇਰੇ ਸਾਹਮਣੇ ਬਹਿ ਕੇ ਸਾਡੀ ਧੀ ਨੂੰ ਵਿਆਹ ਕੇ ਲੈ ਜਾਣ ਬਾਰੇ ਗੱਲ ਕਰਦਾ ਪਿਆ…` ਉਹ ਗੁੱਸੇ ਵਿਚ ਬੋਲਿਆ, "ਚੱਲ ਕਰ ਫਿਰ ਮੈਰਿਜ… ਮੈਂ ਦੇਖਾਂਗਾ ਤੈਨੂੰ ਸੂਰਮੇ ਨੂੰ…"
"ਤੁਸੀਂ ਇਕੱਲੇ ਹੀ ਕਿਉਂ ਸਾਰਾ ਜਹਾਨ ਦੇਖੇਗਾ…ਇਹ ਤਾਂ ਰਸਮ ਹੀ ਐਸੀ ਆ।" ਕਹਿ ਕੇ ਗੌਰੀ ਨੇ ਪਹਿਲਾਂ ਬਾਬੂ ਅਤਰੀ ਵੱਲ ਦੇਖਿਆ ਫਿਰ ਰੇਸ਼ਮਾ ਵੱਲ।
"ਬੱਚੂ…ਓਸ ਦਿਨ ਤੈਨੂੰ ਮੈਂ ਸ਼ੂਟ ਕਰ ਦਿਆਂਗਾ ਜਿਸ ਦਿਨ ਇਹ ਕੰਮ ਤੂੰ ਕੀਤਾ।"
"ਤੁਸੀਂ ਹੌਲੀ ਬੋਲੋ ਤਾਂ… ਦੁਹਾਈ ਕਿਉਂ ਪਾਉਂਦੇ ਆਂ… ਤੁਹਾਡੇ ਕੋਲੋਂ ਅਰਾਮ ਨਾਲ ਨੀ ਗੱਲ ਕੀਤੀ ਜਾਂਦੀ।" ਰੇਸ਼ਮਾ ਨੇ ਵਿਚ ਦਖਲ ਦਿੱਤਾ। ਬਾਬੂ ਅਤਰੀ ਨੇ ਦੋਹਾਂ ਵੱਲ ਚੀਰਵੀਂ ਨਜ਼ਰ ਸੁੱਟੀ
"ਭਾ ਜੀ ਮੈਂ ਲੜਨ ਲਈ ਏਥੇ ਨਈਂ ਆਇਆ… ਮੈਂ ਗੱਲ ਮੁਕਾਉਣ ਆਇਆ ਤਾਂ ਅਸੀਂ ਇਕ ਦੂਜੇ ਨੂੰ ਪਿਆਰ ਕਰਦੇ ਆਂ… ਏਸੇ ਗੱਲ ਕਰਕੇ ਤੁਸੀਂ ਉਹਨੂੰ ਪ੍ਰੇਸ਼ਾਨ ਕਰਦੇ ਓ… ਉਹਨੂੰ ਅੱਗੇ ਪੜ੍ਹਾਈ ਨਈਂ ਕਰਨ ਦਿੱਤੀ…"
"ਓਏ ਤੂੰ ਕੌਣ ਹੁੰਦੈ ਉਹਦੇ ਕੈਰੀਅਰ ਦਾ ਖਿਆਲ ਕਰਨ ਵਾਲਾ… ਤੇਰਾ ਪਿਆਰ-ਪਿਊਰ ਸਭ ਫਰੇਬ ਆ। ਮੈਂ ਚਾਹਾਂ ਤਾਂ ਤੈਨੂੰ ਇੱਥੇ ਹੀ ਅਰੈਸਟ ਕਰਵਾ ਦਿਆਂਗਾ… ਮੈਂ ਪੁਲਿਸ ਵਾਲਿਆਂ ਨਾਲ ਵੀ ਗੱਲ ਕਰ ਰੱਖੀ ਆ…"
"ਚਲੋ ਐਂ ਈ ਕਰ ਲਓ… ਸ਼ਾਇਦ ਏਦਾਂ ਕਰਨ ਨਾਲ ਈ ਤੁਹਾਡੀ ਸ਼ੋਭਾ ਵਧੇ।"
"ਚਲ ਗੌਰੀ ਚੁੱਪ ਕਰ ਤੂੰ… ਗੁੱਸਾ ਨਈ ਕਰਨਾ ਇਨ੍ਹਾਂ ਦਾ… ਵੱਡੇ ਭਰਾਵਾਂ ਵਾਂਗ ਈ ਆ…" ਰੇਸ਼ਮਾ ਨੇ ਗੱਲ ਕੀਤੀ ਤਾਂ ਇਸੇ ਘੜੀ ਨਾਲ ਵਾਲੇ ਕਮਰੇ ਵਿਚ ਬੱਚੇ ਦੇ ਰੋਣ ਦੀ ਆਵਾਜ਼ ਆਈ ਰੇਸ਼ਮਾ ਉੱਠ ਕੇ ਦੂਸਰੇ ਕਮਰੇ ਵੱਲ ਚਲੀ ਗਈ।
ਰੇਸ਼ਮਾ ਦੇ ਨਾਲ ਜੱਸੀ ਵੀ ਚਾਹ ਵਾਲੀ ਟਰੇਅ ਚੁੱਕੀ ਕਮਰੇ ਅੰਦਰ ਆਈ। ਟਰੇਅ ਮੇਜ਼ ਉੱਤੇ ਰੱਖਣ ਲੱਗੀ ਜੱਸੀ ਨੇ ਗੌਰੀ ਨਾਲ ਨਜ਼ਰ ਮਿਲਾਈ।
"ਜੱਸੀ ਤੂੰ ਕੀ ਚਾਹੁੰਦੀ ਆਂ." ਬਾਬੂ ਅਤਰੀ ਤਲਖ਼ੀ ਵਿਚ ਬੋਲਿਆ।
ਜੱਸੀ ਰਤਾ ਕੁ ਤ੍ਰਬਕੀ ਤੇ ਹੱਥ ਵਿਚ ਫੜਿਆ ਕੱਪ ਕੰਬ ਗਿਆ, ਉਹਨੇ ਰੇਸ਼ਮਾ ਵੱਲ ਦੇਖਿਆ ਤੇ ਨੀਵੀਂ ਪਾ ਲਈ।
"ਜੱਸੀ ਬੋਲੀ ਨਈਂ… ਮੈਂ ਪੁੱਛਦਾਂ ਤੂੰ ਕੀ ਚਾਹੁੰਦੀ ਆਂ?"
"ਮੈਨੂੰ ਨੀ ਪਤਾ…" ਗੁੱਸੇ ਵਿਚ ਜੱਸੀ ਨੇ ਬਿਸਕੁਟਾਂ ਵਾਲੀ ਪਲੇਟ ਠਾਹ ਕਰਦੀ ਮੇਜ਼ `ਤੇ ਰੱਖੀ ਤੇ ਖਾਲੀ ਟਰੇਅ ਲੈ ਕੇ ਚਲੀ ਗਈ।
"ਰੇਸ਼ਮਾ ਮੇਰਾ ਨੀ ਖਿ਼ਆਲ ਜੱਸੀ ਮੰਨੇ…ਉਹਦੀਆਂ ਅੱਖਾਂ ਅੱਗੋਂ ਪਰਦਾ ਹੁਣ ਹਟ ਚੁੱਕੈ… ਬੱਚਾ ਗਲਤੀ ਕਰ ਲੈਂਦਾ… ਜਦੋਂ ਉਹਨੂੰ ਪਤਾ ਲੱਗ ਜਾਏ ਕਿ ਗਲਤੀ ਹੋ ਗਈ ਸੀ ਉਹ ਸੁਧਾਰ ਵੀ ਤਾਂ ਕਰ ਲੈਂਦਾ… ਹੁਣ ਇਹ ਕੰਮ ਨੀ ਹੋ ਸਕਦਾ… ਗੌਰੀ ਤੂੰ ਚਾਹ ਪੀ ਤੇ ਆਪਣੇ ਘਰ ਬਹਿ ਜਾ ਕੇ… ਜੇ ਤੂੰ ਹੁਣ ਵੀ ਨਾ ਹਟਿਆ ਤਾਂ ਅਸੀਂ ਤੇਰਾ ਬੁਰਾ ਹਾਲ ਕਰਾਂਗੇ…" ਬਾਬੂ ਅਤਰੀ ਫਿਰ ਤੈਸ਼ ਵਿਚ ਆਉਣ ਲੱਗਾ।
"ਮੈਂ ਜੱਸੀ ਨੂੰ ਬੁਲਾਉਂਦੀ ਆਂ… ਉਹਦੇ ਨਾਲ ਠੀਕ ਤਰ੍ਹਾਂ ਗੱਲ ਕਰੋ… ਏਸੇ ਗੱਲ ਕਰਕੇ ਤਾਂ ਗੌਰੀ ਨੂੰ ਸੱਦਿਆ… ਇਹ ਰੋਜ਼ ਦੀ ਪ੍ਰੇਸ਼ਾਨੀ ਮੁਕਾਓ… ਇੱਧਰ ਜਾਂ ਉੱਧਰ ਗੱਲ ਕਰੋ…" ਰੇਸ਼ਮਾ ਨੇ ਵੀ ਤਲਖੀ ਵਿਚ ਗੱਲ ਕੀਤੀ ਤੇ ਜੱਸੀ ਨੂੰ ਆਵਾਜ਼ ਮਾਰੀ।
ਜੱਸੀ ਰੋ ਰਹੀ ਸੀ। ਉਹ ਆ ਕੇ ਦਰਵਾਜ਼ੇ ਦੇ ਨਾਲ ਹੀ ਖੜ੍ਹੀ ਹੋ ਗਈ।
"ਜੱਸੀ, ਬਈ ਤੂੰ ਗੱਲ ਕਲੀਅਰ ਕਰ… ਸ਼ਬਾਸ਼ੇ" ਰੇਸ਼ਮਾ ਨੇ ਉਹਨੂੰ ਕੋਲ ਸੱਦਦਿਆਂ ਪੁਚਕਾਰ ਨੇ ਕਿਹਾ।
"ਭਾਬੀ ਜੀ, ਗੱਲ ਕੀ ਕਲੀਅਰ ਕਰਨੀ ਆਂ… ਭਾਜੀ ਤਾਂ ਜਾਣ ਕੇ ਜ਼ਲੀਲ ਕਰਦੇ ਆ… ਸਾਰੀ ਗੱਲ ਹੋ ਚੁੱਕੀ ਆ… ਨਾਲੇ ਘਰ ਸੱਦ ਲਿਆ, ਹੁਣ ਬੇਇੱਜ਼ਤੀ ਕਰਦੇ ਆ…" ਜੱਸੀ ਫਿਰ ਰੋਣ ਲੱਗ ਪਈ ਤੇ ਕਮਰੇ `ਚੋਂ ਬਾਹਰ ਚਲੀ ਗਈ।
ਬਾਬੂ ਅਤਰੀ ਜੱਸੀ ਦੀ ਗੱਲ ਤੋਂ ਖਿਝ ਗਿਆ।
ਗਲੀ ਤੋਂ ਪਾਰਲੇ ਘਰ ਦੀ ਛੱਡ ਉੱਤੋਂ ਇਕ ਔਰਤ ਨੇ ਆਵਾਜ਼ ਮਾਰੀ, "ਰੇਸ਼ਮ… ਇਹ ਰੇਸ਼ਮ…" ਰੇਸ਼ਮਾ ਬਾਹਰ ਆਈ," ਜਲੰਧਰ ਤੋਂ ਫੋਨ ਆਂ… ਤੇਰੀ ਸੱਸ ਆ, ਕਹਿੰਦੀ ਆ ਰੇਸ਼ਮ ਨੂੰ ਹੀ ਬੁਲਾਓ…" ਰੇਸ਼ਮਾ ਉਹਨੀਂ ਪੈਰੀਂ ਟੈਲੀਫੋਨ ਸੁਣਨ ਤੁਰ ਪਈ।
"ਚੱਲ ਫੇ ਨਿਕਲ ਏਥੋਂ… ਐਵੇਂ ਬਕਵਾਸ ਕਰਦੀ ਆ" ਬਾਬੂ ਅਤਰੀ ਤੈਸ਼ ਵਿਚ ਆ ਗਿਆ, ਉਹ ਗੌਰੀ ਵੱਲ ਦੇਖਦਾ ਬੋਲਿਆ, "ਲੈ ਜਾ ਏਥੋਂ ਇਹਨੂੰ…ਓਥੇ ਜਾ ਕੇ ਇਹਦੀ ਮਾਂ ਵਾਲਾ ਝਾੜੂ ਫੜ ਲਈਂ ਤੇ ਤੁਰ ਪਈਂ ਗਲੀਆਂ ਵਿਚ…"
"ਮੂੰਹ ਸੰਭਾਲ ਕੇ ਗੱਲ ਕਰੋ… ਜ਼ਬਾਨ ਨੂੰ ਲਗਾਮ ਦਿਓ… ਤੁਹਾਡੇ ਘਰ `ਚ ਖੜ੍ਹਾਂ ਤਾਂ ਇਹਦਾ ਇਹ ਮਤਲਬ ਨਈਂ ਜੋ ਮਰਜ਼ੀ ਆ ਭੌਂਕੀ ਜਾਓ… ਮੈਂ ਤੁਹਾਡੀ ਸਿਰੀ ਮਰੋੜ ਕੇ ਰੱਖ ਦਊਂ ਜੇ ਇਹਨਾਂ ਗੱਲਾਂ `ਤੇ ਉਤਰ ਆਏ ਤਾਂ…" ਗੌਰੀ ਤਪ ਕੇ ਬਲਣ ਲੱਗਾ ਤੇ ਖੜ੍ਹਾ ਹੁੰਦਾ ਬੋਲਿਆ, "ਜੱਸੀ, ਮੈਂ ਨੀ ਇਹ ਗੱਲਾਂ ਸੁਣ ਸਕਦਾ… ਐਡੇ ਗੰਦੇ ਇਨਸਾਨ ਨਾਲ ਮੈਂ ਗੱਲ ਈ ਨੀ ਕਰਨੀ…" ਫਰਸ਼ `ਤੇ ਪੈਰ ਪਟਕਦਾ, ਗੁੱਸੇ ਵਿਚ ਕੰਬਦਾ ਗੌਰੀ ਫਟਾ-ਫਟ ਪੌੜੀਆਂ ਉਤਰ ਗਿਆ।
ਕਮਰਾ ਖਾਲੀ ਹੋਇਆ ਤਾਂ ਬਾਬੂ ਅਤਰੀ ਨੂੰ ਸੌਖਾ ਜਿਹਾ ਸਾਹ ਆਇਆ। ਪਲੇਟ `ਚੋਂ ਬਿਸਕੁਟ ਚੁੱਕ ਕੇ ਖਾਣ ਲੱਗਾ। ਅਚਾਨਕ ਉੱਠ ਪਿਆ ਜਿਵੇਂ ਕੁਝ ਯਾਦ ਆ ਗਿਆ ਹੋਵੇ, ਅਲਮਾਰੀ ਵਿਚੋਂ ਬੋਤਲ ਕੱਢੀ ਤੇ ਮੂੰਹ ਨੂੰ ਲਾ ਲਈ।
ਰੇਸ਼ਮਾ ਜਦੋਂ ਵਾਪਸ ਆਈ ਤਾਂ ਉੱਪਰ ਚੁੱਪ ਪਸਰੀ ਦੇਖ ਕੇ ਉਹਦਾ ਮੱਥਾ ਠਣਕਿਆ। ਸਾਹ ਰੋਕੀ, ਦੱਬੇ ਪੈਰੀਂ ਕਮਰੇ ਅੰਦਰ ਆਈ…ਬਾਬੂ ਅਤਰੀ ਦੀਵਾਨ `ਤੇ ਪਿਆ ਛੱਤ ਨੂੰ ਘੂਰ ਰਿਹਾ ਸੀ।
"ਸ਼ੀਲਾ ਨੇ ਮੱਲੋ ਮੱਲੀ ਮੈਨੂੰ ਬਿਠਾ ਲਿਆ… ਅਖੇ ਮੇਰੀ ਸੱਸ ਦਾ ਪੈਨਸ਼ਨ ਫਾਰਮ ਭਰ ਦੇ… ਗੌਰੀ ਓਧਰ ਆ ਦੂਸਰੇ ਕਮਰੇ ਵਿਚ ਜੱਸੀ ਕੋਲ…?" ਰੇਸ਼ਮਾ ਜਿਵੇਂ ਆਪਣੇ ਆਪ ਨਾਲ ਹੀ ਗੱਲ ਕਰਦੀ ਦੂਸਰੇ ਕਮਰੇ ਵਿਚ ਗਈ। ਰਿੰਕੂ ਸੁੱਤਾ ਪਿਆ ਸੀ ਪਰ ਕਮਰੇ ਅੰਦਰ ਜੱਸੀ ਨਹੀਂ ਸੀ, ਨਾ ਹੀ ਗੌਰੀ। "ਮੈਂ ਕਿਹਾ, ਗੌਰੀ ਕਿੱਥੇ ਆ?" ਉਹ ਪਹਿਲੇ ਕਮਰੇ ਵਿਚ ਮੁੜਦੀ ਕੁਝ ਉੱਚੀ ਬੋਲੀ।
"ਮੇਰੀਆਂ ਗੱਲਾਂ ਦਾ ਉਹਦੇ ਕੋਲ ਕੋਈ ਜਵਾਬ ਨਈਂ ਸੀ…ਸਾਲਾ ਦੌੜ ਗਿਆ…ਮੈਨੂੰ ਤਾਂ ਪਹਿਲਾਂ ਈ ਪਤਾ ਸੀ…" ਬਾਬੂ ਅਤਰੀ ਲੰਮਾ ਪਿਆ ਹੀ ਬੋਲਿਆ।
ਸੁਣਕੇ ਰੇਸ਼ਮਾ ਖੜ੍ਹੀ ਰਹਿ ਗਈ। ਉਹਨੂੰ ਕੋਈ ਗੱਲ ਨਹੀਂ ਆਈ।
"ਜੱਸੀ ਕਿੱਥੇ ਆ…?" ਰੇਸ਼ਮਾ ਦੂਜੇ ਕਮਰੇ ਵੱਲ ਜਾਂਦੀ ਬੋਲੀ।
"ਏਥੇ ਈ ਹੋਣੀ ਆਂ… ਰੋ ਰੋ ਕੇ ਦੱਸਦੀ ਆ…ਹੁਣ ਗੱਲ ਕਰਕੇ ਦਿਖਾਵੇ ਇਹ ਮੈਨੂੰ… ਦੌੜ ਗਿਆ ਨਾ ਕੁੱਤਾ"
"ਕੀ ਗੱਲ ਕਰਨੀ ਆਂ… ਚਲੀ ਗਈ ਉਹ ਗੌਰੀ ਦੇ ਨਾਲ ਈ… ਆਹ ਮੇਰੀਆਂ ਚੂੜੀਆਂ ਲਾਹ ਕੇ ਸੁੱਟ ਗਈ… ਇਹ ਸਲਿਪ ਲਿਖ ਗਈ ਆ…" ਰੇਸ਼ਮਾ ਇਕ ਪਰਚੀ `ਤੇ ਸੋਨੇ ਦੀਆਂ ਦੋ ਵੰਗਾਂ ਮੇਜ਼ `ਤੇ ਰੱਖਦੀ ਬੋਲੀ।
ਬਾਬੂ ਅਤਰੀ ਉੱਠ ਕੇ ਬੈਠ ਗਿਆ ਤੇ ਮੇਜ਼ ਨੂੰ ਘੂਰ ਘੂਰ ਦੇਖਣ ਲੱਗਾ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਪ੍ਰੇਮ ਗੋਰਖੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ