Aakhri Sabak (French Story in Punjabi) : Alphonse Daudet
ਆਖ਼ਰੀ ਸਬਕ (ਫ੍ਰਾਂਸੀਸੀ ਕਹਾਣੀ) : ਅਲਫਾਉਂਸ ਦੋਦੇ
(ਇਹ ਕਹਾਣੀ ਇੱਕ ਸਕੂਲੀ ਬੱਚੇ ਦੀਆਂ ਨਜ਼ਰਾਂ ਤੋਂ ਵਾਪਰ ਰਹੇ ਬਦਲਾਅ ਨੂੰ ਵੇਖੇ ਜਾਣ ਬਾਰੇ ਹੈ। 1870 ਵਿੱਚ ਰਾਜੇ ਬਿਸਮਾਰਕ ਦੀ ਅਗਵਾਈ ਵਿੱਚ ਪ੍ਰਸ਼ੀਆਈ ਫ਼ੌਜਾਂ ਨੇ ਫ਼ਰਾਂਸ ’ਤੇ ਹਮਲਾ ਕਰ ਉਸ ਦੇ ਦੋ ਇਲਾਕੇ-ਅਲਸੇਸ ਤੇ ਲੌਰੇਨ-ਕਬਜ਼ਾ ਲਏ। ਨਵੇਂ ਹਾਕਮਾਂ ਨੇ ਇਹਨਾਂ ਇਲਾਕੇ ਦੇ ਸਕੂਲਾਂ ਵਿੱਚ ਫ਼ਰਾਂਸੀਸੀ ’ਤੇ ਪਬੰਦੀ ਲਾ ਜਰਮਨ ਥੋਪ ਦਿੱਤੀ। ਕਹਾਣੀ ਉਸ ਦਿਨ ਬਾਰੇ ਹੈ ਜਦੋਂ ਇਹ ਨਵੇਂ ਹੁਕਮ ਲਾਗੂ ਕੀਤੇ ਜਾ ਰਹੇ ਸਨ-ਅਨੁਵਾਦ)
ਅੱਜ ਦੀ ਸਵੇਰ ਮੈਂ ਸਕੂਲ ਪਹੁੰਚਣ ਵਿੱਚ ਕਿੰਨੀ ਹੀ ਦੇਰ ਕਰ ਦਿੱਤੀ ਸੀ ਤੇ ਮੈਨੂੰ ਡਰ ਲੱਗਾ ਹੋਇਆ ਸੀ ਕਿ ਮੈਨੂੰ ਮੇਰੇ ਅਧਿਆਪਕ ਹੈਮਲ ਵੱਲੋਂ ਝਾੜ ਪਾਈ ਜਾਵੇਗੀ ਕਿਉਂਕਿ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਉਹ ਸਾਡਾ ਵਿਆਕਰਣ ਦਾ ਅੱਜ ਇਮਤਿਹਾਨ ਲੈਣਗੇ ਤੇ ਮੈਨੂੰ ਤਾਂ ਪਾਠ ਦਾ ੳ, ਅ ਵੀ ਨਹੀਂ ਆਉਂਦਾ ਸੀ! ਮੇਰੇ ਮਨ ਵਿੱਚ ਇਕੇਰਾਂ ਆਇਆ ਕਿ ਮੈਂ ਅੱਜ ਦੀ ਕਲਾਸ ਛੱਡਕੇ ਖੇਤਾਂ ਵੱਲ ਨੱਸ ਜਾਂਵਾਂ! ਦਿਨ ਬੜਾ ਸੋਹਣਾ-ਨਿੱਘਾ ਸੀ, ਟਾਹਣੀਆਂ ਦਿਆਂ ਸਿਰਿਆਂ ’ਤੇ ਕੋਇਲਾਂ ਕੂਕਦੀਆਂ ਪਈਆਂ ਸਨ ਤੇ ਓਧਰ, ਆਰੇ ਤੋਂ ਪਿਛਲੇ ਪਾਸੇ ਬੇਲਿਆਂ ਵਿੱਚ ਜਰਮਨ ਆਪਣਾ ਨਿੱਤ ਦਾ ਅਭਿਆਸ ਕਰ ਰਹੇ ਸਨ। ਵਿਆਕਰਣ ਦੇ ਨਿਯਮਾਂ ਨਾਲ਼ੋਂ ਤਾਂ ਹਰ ਸ਼ੈਅ ਈ ਸੋਹਣੀ ਲੱਗ ਰਹੀ ਸੀ; ਪਰ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰ ਮੈਂ ਸਕੂਲ ਵੱਲ ਦੌੜਿਆਂ। ਕਸਬੇ ਦੇ ਸਾਂਝੇ ਭਵਨ ਕੋਲੋਂ ਲੰਘਦਿਆਂ ਮੈਂ ਇੱਕ ਸੂਚਨਾ ਬੋਰਡ ਕੋਲ਼ ਲੋਕਾਂ ਦੇ ਝੁੰਡ ਨੂੰ ਇਕੱਠਿਆਂ ਹੋਏ ਵੇਖਿਆ। ਇਹੀ ਸੂਚਨਾ ਬੋਰਡ ਹੀ ਸੀ ਜਿੱਥੋਂ ਪਿਛਲੇ ਦੋ ਸਾਲਾਂ ਤੋਂ ਸਾਨੂੰ ਸਾਰੀਆਂ ਮਾੜੀਆਂ ਖ਼ਬਰਾਂ ਮਿਲ਼ਦੀਆਂ ਰਹੀਆਂ ਸਨ – ਜੰਗਾਂ ਜਿਹੜੀਆਂ ਅਸੀਂ ਹਾਰ ਰਹੇ ਸਾਂ, ਸਾਡੇ ’ਤੇ ਥੋਪੀਆਂ ਜਾ ਰਹੀਆਂ ਨਵੀਆਂ ਸ਼ਰਤਾਂ, ਨਵੇਂ ਹੁਕਮ, ਆਦਿ ਸਭ ਕੁਝ; ਤੇ ਬਿਨਾਂ ਰੁਕੇ ਮੈਂ ਸੋਚਿਆ: “ਹੁਣ ਭਲਾ ਕੀ ਭਾਣਾ ਵਾਪਰਿਆ ਹੋਵੇਗਾ?” ਫੇਰ ਜਿਉਂ ਹੀ ਮੈਂ ਲੁਹਾਰ ਵਾਖਤਰ ਦੇ ਕੋਲ਼ੋਂ ਲੰਘਿਆ ਜਿਹੜਾ ਉਸ ਵੇਲੇ ਆਪਣੇ ਸਿਖਾਂਦਰੂ ਨਾਲ਼ ਸੂਚਨਾ ਪੜ੍ਹ ਰਿਹਾ ਸੀ, ਤਾਂ ਉਸ ਨੇ ਮੈਨੂੰ ਅਵਾਜ਼ ਮਾਰਦਿਆਂ ਕਿਹਾ; “ਅਰਾਮ ਨਾਲ਼ ਜਾ ਨਿੱਕਿਆ! ਹੁਣ ਤੇਰੇ ਕੋਲ਼ ਸਕੂਲ ਪਹੁੰਚਣੇ ਲਈ ਬੜਾ ਵਕਤ ਏ!” ਮੈਨੂੰ ਇਉਂ ਲੱਗਿਆ ਜਿਵੇਂ ਉਸ ਨੇ ਮੈਨੂੰ ਸੈਣਤ ਮਾਰੀ ਹੋਵੇ। ਅਧਿਆਪਕ ਹੈਮਲ ਤੱਕ ਪਹੁੰਚਦਿਆਂ ਮੈਂ ਪੂਰੀ ਤਰਾਂ ਹਫਿਆ ਹੋਇਆ ਸਾਂ।
ਆਮ ਤੌਰ ’ਤੇ ਸੁਬ੍ਹਾ-ਸਵੇਰ ਨੂੰ ਜਦ ਕਲਾਸ ਸ਼ੁਰੂ ਹੁੰਦੀ ਤਾਂ ਗਲੀ ਤੱਕ ਚਹਿਲ-ਪਹਿਲ ਸੁਣਾਈ ਦਿੰਦੀ। ਬੱਚੇ ਮੇਜ਼ਾਂ ਨੂੰ ਅੱਗੇ-ਪਿੱਛੇ ਕਰਦੇ, ਰਲ਼ਕੇ ਉੱਚੀ ਅਵਾਜ਼ ਵਿੱਚ ਤੇ ਹੱਥ ਕੰਨਾਂ ’ਤੇ ਰੱਖ ਆਪਣੇ ਅਧਿਆਪਕ ਮਗਰ ਪਾਠ ਦੁਹਰਾਉਂਦੇ, ਤੇ ਵਿੱਚ-ਵਿਚਾਲੇ ਅਧਿਆਪਕ ਦਾ ਸਖ਼ਤ ਡੰਡਾ ਮੇਜ਼ ’ਤੇ ਠਾਹ ਵੱਜਦਾ ਤੇ ਨਾਲ ਹੀ ਬੱਚਿਆਂ ਨੂੰ ਸਾਵਧਾਨ ਕਰਦੀ ਅਵਾਜ਼ ਵੀ ਆਉਂਦੀ – “ਚੁੱਪ ਕਰੋ ਸਾਰੇ!”। ਮੈਂ ਤਾਂ ਇਹ ਸੋਚਿਆ ਸੀ ਕਿ ਇਸ ਰੌਲ਼ੇ-ਰੱਪੇ ਦੌਰਾਨ ਹੀ ਕਲਾਸ ਵਿੱਚ ਚੁੱਪ-ਚੁਪੀਤੇ ਆਪਣੀ ਜਗ੍ਹਾ ’ਤੇ ਜਾ ਬੈਠਾਂਗਾ; ਪਰ ਅੱਜ ਤਾਂ ਸਭ ਕੁੱਝ ਸੁੰਨ-ਮਸੁੰਨਾ ਸੀ, ਸਭ ਪਾਸੇ ਚੁੱਪ ਵਰਤੀ ਪਈ ਸੀ ਜਿਵੇਂ ਐਤਵਾਰ ਦੀ ਕੋਈ ਸਵੇਰ ਹੋਵੇ। ਖੁੱਲ੍ਹੀ ਬਾਰੀ ਥਾਣੀਂ ਮੈਂ ਆਪਣੀ ਕਲਾਸ ਦੇ ਵਿਦਿਆਰਥੀਆਂ ਨੂੰ ਆਪੋ-ਆਪਣੀ ਥਾਂ ’ਤੇ ਬੈਠਿਆਂ ਵੇਖਿਆ ਤੇ ਦੂਜੇ ਪਾਸੇ ਸਾਡੇ ਅਧਿਆਪਕ ਹੈਮਲ ਆਪਣਾ ਡਾਢਾ ਡੰਡਾ ਬਾਂਹ ਹੇਠ ਰੱਖੀ ਅੱਗੇ-ਪਿੱਛੇ ਤੁਰ ਰਹੇ ਸਨ। ਮੇਰੇ ਭੈਅ ਦਾ ਤੁਸੀਂ ਸਹਿਜੇ ਅੰਦਾਜ਼ਾ ਲਾ ਸਕਦੇ ਹੋ ਕਿ ਮੈਨੂੰ ਅਜਿਹੀ ਚੁੱਪ ਵਿੱਚ ਕਲਾਸ ਵਿੱਚ ਦਾਖ਼ਲ ਹੋਣਾ ਪੈਣਾ ਸੀ!
ਪਰ ਆਸ ਤੋਂ ਉਲਟ, ਅਧਿਆਪਕ ਹੈਮਲ ਨੇ ਮੇਰੇ ਵੱਲ ਧੀਰਜ ਨਾਲ਼ ਵੇਖਿਆ ਤੇ ਨਰਮੀ ਨਾਲ ਬੋਲੇ -“ਫਰਾਂਜ਼, ਛੇਤੀ ਨਾਲ਼ ਆਪਣੀ ਥਾਂ ਮੱਲ੍ਹ ਲਾ, ਅਸੀਂ ਤੇਰੇ ਤੋਂ ਬਿਨਾਂ ਹੀ ਸ਼ੁਰੂ ਕਰਨ ਲੱਗੇ ਸਾਂ।” ਮੈਂ ਤੇਜ਼ੀ ਨਾਲ਼ ਟੱਪਕੇ ਆਪਣੀ ਕੁਰਸੀ ’ਤੇ ਬੈਠ ਗਿਆ। ਪਰ ਆਪਣੀ ਥਾਂ ਮੱਲ੍ਹਣ ਤੋਂ ਮਗਰੋਂ ਹੀ ਮੈਂ ਇਸ ਗੱਲ ’ਤੇ ਗੌਰ ਕਰ ਸਕਿਆ ਕਿ ਸਾਡੇ ਅਧਿਆਪਕ ਨੇ ਤਾਂ ਅੱਜ ਆਪਣਾ ਫ਼ੱਬਵਾਂ ਹਰਾ ਕੋਟ ਪਾਇਆ ਹੋਇਆ ਸੀ ਤੇ ਨਾਲ਼ ਪਸੰਦ ਦੀ ਕਮੀਜ਼ ਤੇ ਉੱਤੋਂ ਕਢਾਈ ਵਾਲ਼ੀ ਰੇਸ਼ਮੀ ਟੋਪੀ। ਇਹ ਜੋੜਾ ਤਾਂ ਉਹ ਸਿਰਫ਼ ਮੁਆਇਨਿਆਂ ਦੇ ਦਿਨ ਜਾਂ ਫ਼ੇਰ ਕਿਸੇ ਸਨਮਾਨ ਸਮਾਰੋਹ ’ਤੇ ਪਾਉਂਦੇ ਹੁੰਦੇ ਸਨ, ਫ਼ੇਰ ਅੱਜ ਕਿਵੇਂ? ਨਾਲ਼ੇ ਮੈਨੂੰ ਸਾਰੇ ਕਮਰੇ ਦੀ ਵਾਅ ਵੀ ਅਜਬ ਗੰਭੀਰ ਜਿਹੀ ਲੱਗ ਰਹੀ ਸੀ। ਪਰ ਜਿਹੜੀ ਗੱਲ ਨੇ ਮੈਨੂੰ ਸਭ ਤੋਂ ਵੱਧ ਹੈਰਾਨ ਕੀਤਾ ਕਿ ਕਲਾਸ ਦੀਆਂ ਪਿਛਲੀਆਂ ਕੁਰਸੀਆਂ, ਜਿਹੜੀ ਹਰ ਵੇਲੇ ਖ਼ਾਲੀ ਰਹਿੰਦੀਆਂ ਸਨ, ਅੱਜ ਉਹਨਾਂ ’ਤੇ ਵੀ ਸਾਡੇ ਜਿਹੇ, ਪਿੰਡ ਦੇ ਲੋਕ ਬੈਠੇ ਹੋਏ ਸਨ – ਮੁੜਵੀਂ ਤਿਕੋਣੀ ਟੋਪੀ ਪਾਈ ਬੁੱਢਾ ਹੌਸਰ ਬੈਠਾ ਸੀ, ਸ਼ਹਿਰ ਦਾ ਸਾਬਕਾ ਸਦਰ, ਸਾਬਕਾ ਡਾਕੀਆ ਤੇ ਕੁੱਝ ਹੋਰ ਲੋਕ। ਸਾਰੇ ਉਦਾਸ ਜਿਹੇ ਲੱਗ ਰਹੇ ਸਨ। ਤੇ ਹੌਸਰ ਤਾਂ ਕੰਨੀਆਂ ਤੋਂ ਬੋਦਾ ਹੋ ਚੁੱਕਾ ਆਪਣਾ ਪੁਰਾਣਾ ਕਾਇਦਾ ਵੀ ਲਿਆਇਆ ਸੀ ਜਿਹੜਾ ਉਸ ਨੇ ਖੋਲ੍ਹਕੇ ਆਪਣੇ ਗੋਢਿਆਂ ’ਤੇ ਟੇਕ ਰੱਖਿਆ ਸੀ ਤੇ ਕਾਇਦੇ ’ਤੇ ਆਪਣੀਆਂ ਐਨਕਾਂ ਟਿਕਾਈਆਂ ਹੋਈਆਂ ਸਨ।
ਅਜੇ ਮੈਂ ਇਹ ਹਜਮ ਕਰ ਹੀ ਰਿਹਾ ਸੀ ਕਿ ਆਪਣੀ ਕੁਰਸੀ ਕੋਲ ਖਲੋਏ ਅਧਿਆਪਕ ਹੈਮਲ ਉਸੇ ਭਾਰੀ ਨਰਮ ਅਵਾਜ਼ ਵਿੱਚ ਬੋਲ ਪਏ ਜਿਹੋ ਜਿਹੀ ਅਵਾਜ਼ ਵਿੱਚ ਉਹਨਾਂ ਮੇਰਾ ਸਵਾਗਤ ਕੀਤਾ ਸੀ – “ਬੱਚਿਓ, ਅੱਜ ਤੁਹਾਡਾ ਇਹ ਆਖ਼ਰੀ ਸਬਕ ਹੈ। ਬਰਲਿਨ ਤੋਂ ਹੁਕਮ ਆਏ ਨੇ ਕਿ ਅਲਸੇਸ ਤੇ ਲੌਰੇਨ ਦੇ ਸਕੂਲਾਂ ਵਿੱਚ ਹੁਣ ਤੋਂ ਸਿਰਫ਼ ਜਰਮਨ ਹੀ ਪੜ੍ਹਾਈ ਜਾਵੇਗੀ…ਨਵਾਂ ਅਧਿਆਪਕ ਕੱਲ੍ਹ ਆ ਰਿਹਾ ਹੈ। ਅੱਜ ਤੁਹਾਡਾ ਫ਼ਰਾਂਸੀਸੀ ਦਾ ਆਖ਼ਰੀ ਸਬਕ ਹੈ। ਮੈਂ ਚਾਹੁੰਦਾ ਹਾਂ ਤੁਸੀਂ ਇਸ ਨੂੰ ਬੜੀ ਨੀਝ ਲਾ ਕੇ ਸੁਣੋ!” ਅਧਿਆਪਕ ਦੇ ਇਹ ਬੋਲ ਮੇਰੇ ’ਤੇ ਸੱਟ ਵਾਂਗ ਵੱਜੇ। ਤਾਂ ਉਹ ਘਿਨਾਉਣੇ ਜਾਨਵਰਾਂ ਨੇ ਕਸਬਾ ਹਾਲ ਵਿੱਚ ਇਹੀ ਸੂਚਨਾ ਲਾਈ ਹੋਈ ਸੀ! ਮੇਰਾ ਆਖ਼ਰੀ ਫਰਾਂਸੀਸੀ ਸਬਕ…!
ਪਰ ਮੈਨੂੰ ਤਾਂ ਚੱਜ ਨਾਲ਼ ਲਿਖਣਾ ਤੱਕ ਨਹੀਂ ਆਉਂਦਾ ਸੀ! ਮੈਂ ਅਜੇ ਤੱਕ ਕੁੱਝ ਵੀ ਨਹੀਂ ਸਿੱਖਿਆ! ਤੇ ਹੁਣ ਹੋਰ ਸਿੱਖ ਵੀ ਨਹੀਂ ਸਕਾਂਗਾ! ਮੇਰਾ ਹੁਣ ਕਿੰਨਾ ਦਿਲ ਕਰਦਾ ਪਿਆ ਸੀ ਕਿ ਆਪਣੇ ਗੁਆਚੇ ਹੋਏ ਵੇਲ਼ੇ ਨੂੰ ਵਾਪਸ ਖਿੱਚ ਲਿਆਵਾਂ, ਉਹ ਸਾਰੀਆਂ ਕਲਾਸਾਂ ਨੂੰ ਵਾਪਸ ਲੈ ਆਵਾਂ ਜਿਹੜੀਆਂ ਮੈਂ ਛੱਡਕੇ ਆਂਡਿਆਂ ਦਾ ਸ਼ਿਕਾਰ ਕਰਨ ਚਲਾ ਜਾਂਦਾ ਸਾਂ ਜਾਂ ਫ਼ੇਰ ਸਾਰ ’ਤੇ ਸਕੇਟਿੰਗ ਖੇਡਣ ਚਲਿਆ ਜਾਂਦਾ ਸਾਂ! ਜਿਹੜੀਆਂ ਕਿਤਾਬਾਂ ਮੈਨੂੰ ਹਮੇਸ਼ਾ ਅਕਾਊ ਲੱਗਦੀਆਂ ਰਹੀਆਂ ਸਨ, ਮੇਰੀ ਵਿਆਕਰਨ ਦੀ ਕਿਤਾਬ, ਸੰਤਾਂ ਦਾ ਇਤਿਹਾਸ, ਜਿਹੜੀਆਂ ਚੁੱਕਣ ਵੇਲੇ ਮੇਰੇ ਲਈ ਹਮੇਸ਼ਾ ਇੱਕ ਬੋਝ ਸਨ – ਅੱਜ ਅਚਾਨਕ ਮੇਰੀਆਂ ਪੁਰਾਣੀਆਂ ਮਿੱਤਰ ਬਣ ਗਈਆਂ ਸਨ ਜਿਹਨਾਂ ਨੂੰ ਮੈਂ ਹੁਣ ਛੱਡ ਨਹੀਂ ਸੀ ਸਕਦਾ! ਤੇ ਅਧਿਆਪਕ ਹੈਮਲ ਜਿਹਨਾਂ ਦੀ ਪਾਈ ਝਾੜ-ਝੰਭ ਤੇ ਡੰਡੇ ਦੀ ਮਾਰ ਮੈਂ ਸਹਿੰਦਾ ਰਿਹਾ ਸਾਂ, ਇਹ ਸਭ ਕੁੱਝ ਮੈਂ ਹੁਣ ਭੁੱਲ ਗਿਆ ਸਾਂ। ਸਾਡਾ ਵਿਚਾਰਾ ਅਧਿਆਪਕ…
ਇਹ ਇਸ ਆਖ਼ਰੀ ਸਬਕ ਦੇ ਮਾਣ ਵਿੱਚ ਹੀ ਸੀ ਕਿ ਅਧਿਆਪਕ ਨੇ ਆਪਣਾ ਸਭ ਤੋਂ ਵਧੀਆ ਐਤਵਾਰੀ ਸੂਟ ਪਾਇਆ ਸੀ, ਤੇ ਹੁਣ ਮੈਨੂੰ ਸਮਝ ਆਈ ਕਿ ਕਿਉਂ ਪਿੰਡ ਦੇ ਬਜ਼ੁਰਗ ਕਲਾਸ ਦੇ ਪਿਛਲੇ ਪਾਸੇ ਇਕੱਠੇ ਹੋਏ ਸਨ। ਉਹ ਵੀ ਓਥੇ ਆਪਣੀ ਇਹ ਭੁੱਲ ਬਖਸ਼ਾਉਣ ਲਈ ਆਏ ਸਨ ਕਿ ਉਹਨਾਂ ਨੇ ਸਕੂਲ ਵਿੱਚ ਕਦੇ ਆਪਣੀ ਹਾਜ਼ਰੀ ਨਹੀਂ ਸੀ ਭਰੀ। ਨਾਲ਼ੇ ਇਹ ਉਸ ਮਿਹਨਤੀ ਅਧਿਆਪਕ ਨੂੰ ਵੀ ਇੱਕ ਸਿਜਦਾ ਸੀ ਜਿਸ ਨੇ ਆਪਣੀ ਜ਼ਿੰਦਗੀ ਦੇ ਚਾਲੀ ਸਾਲ ਲੋਕਾਂ ਦੀ ਸੇਵਾ ਵਿੱਚ ਲਾਏ ਸਨ ਤੇ ਉਸ ਦੇਸ਼ ਨੂੰ ਵੀ ਸਤਿਕਾਰ ਸੀ ਜਿਹੜਾ ਹੁਣ ਅਲੋਪ ਹੋ ਰਿਹਾ ਸੀ।
ਮੈਂ ਅਜੇ ਇਹ ਸਭ ਗੱਲਾਂ ਸੋਚ ਈ ਰਿਹਾ ਸੀ ਜਦ ਮੇਰਾ ਨਾਮ ਪੁਕਾਰਿਆ ਗਿਆ। ਪੜ੍ਹਨ ਦੀ ਹੁਣ ਮੇਰੀ ਵਾਰੀ ਸੀ। ਵਿਆਕਰਨ ਦੇ ਉਹਨਾਂ ਨਿਯਮਾਂ ਨੂੰ ਸਹੀ, ਸਪੱਸ਼ਟ, ਜ਼ੋਰ ਨਾਲ਼ ਬੋਲਣ ਲਈ ਮੈਂ ਕੀ ਕੁੱਝ ਨਾ ਕਰ ਦਿੰਦਾ! ਪਰ ਮੇਰੀ ਜ਼ਬਾਨ ਪਹਿਲੇ ਹੀ ਸ਼ਬਦਾਂ ’ਤੇ ਉਲਝਕੇ ਰਹਿ ਗਈ ਤੇ ਮੈਂ ਓਥੇ ਮੇਜ਼ ’ਤੇ ਨੀਵੀਂ ਪਾਈ ਝੁਕਿਆ ਖੜ੍ਹਾ ਸੀ ਤੇ ਮੇਰਾ ਦਿਲ ਡੋਬੂੰ-ਡੋਬੂੰ ਕਰਦਾ ਪਿਆ ਸੀ। ਐਨੇ ਨੂੰ ਮੈਂ ਅਧਿਆਪਕ ਹੈਮਲ ਦੀ ਅਵਾਜ਼ ਸੁਣੀ – “ਮੈਂ ਤੈਨੂੰ ਕੋਈ ਝਾੜ ਨਹੀਂ ਪਾਉਣੀ ਨਿੱਕੇ ਫਰਾਂਜ਼, ਤੈਨੂੰ ਹੁਣ ਆਪ ਨੂੰ ਹੀ ਬੁਰਾ ਲੱਗ ਰਿਹਾ…ਤੂੰ ਹੁਣ ਆਪ ਹੀ ਸਮਝ ਲੈ। ਅਸੀਂ ਹਮੇਸ਼ਾ ਕਹਿੰਦੇ ਰਹੇ , “ਚਲੋ ਕੋਈ ਨਾ! ਅਜੇ ਬਥੇਰਾ ਸਮਾਂ। ਮੈਂ “ਕੱਲ੍ਹ” ਨੂੰ ਯਾਦ ਕਰ ਲਵਾਂਗਾ।” ਤੇ ਹੁਣ ਤੁਸੀਂ ਵੇਖ ਲਓ ਕੀ ਭਾਣਾ ਵਾਪਰ ਗਿਆ ਏ। ਇਹ ਸਾਡੇ ਅਲਸੇਸ ਵਾਲ਼ਿਆਂ ਦੀ ਵੱਡੀ ਬਿਪਤਾ ਏ ਕਿ ਅਸੀਂ ਸਿੱਖਣ ਨੂੰ ਹਮੇਸ਼ਾਂ ਭਲਕ ’ਤੇ ਟਾਲ ਦਿੰਦੇ ਹਾਂ। ਹੁਣ ਲੋਕਾਂ ਕੋਲ਼ ਇੱਕ ਜਾਇਜ਼ ਬਹਾਨਾ ਹੋਵੇਗਾ ਇਹ ਕਹਿਣ ਨੂੰ ਕਿ “ਤੁਸੀਂ ਆਵਦੇ-ਆਪ ਨੂੰ ਕਹਾਉਂਦੇ ਤਾਂ ਫ਼ਰਾਂਸੀਸੀ ਹੋ ਪਰ ਤੁਹਾਨੂੰ ਆਪਣੀ ਭਾਸ਼ਾ ਤਾਂ ਪੜ੍ਹਨੀ-ਲਿਖਣੀ ਆਉਂਦੀ ਨਹੀਂ!” ਪਰ ਫਰਾਂਜ਼ ਤੂੰ ਇਕੱਲਾ ਹੀ ਇਸ ਲਈ ਕਸੂਰਵਾਰ ਨਹੀਂ। ਅਸੀਂ ਸਾਰੇ ਹੀ ਆਪੋ-ਆਪਣੀ ਥਾਂ ਇਸ ਲਈ ਜੁੰਮੇਵਾਰ ਹਾਂ।”
“ਤੇਰੇ ਘਰਦਿਆਂ ਨੇ ਵੀ ਤੇਰੇ ’ਤੇ ਸਬਕ ਯਾਦ ਕਰਨ ਲਈ ਜ਼ੋਰ ਨਹੀਂ ਪਾਇਆ। ਉਹਨਾਂ ਤੈਨੂੰ ਪੜ੍ਹਾਉਣ ਦੀ ਥਾਵੇਂ ਖੇਤਾਂ ਜਾਂ ਕਾਰਖ਼ਾਨੇ ਵਿੱਚ ਕੰਮ ਕਰਨ ਲਈ ਭੇਜਣਾ ਵਧੇਰੇ ਠੀਕ ਸਮਝਿਆ ਤਾਂ ਜੋ ਤੂੰ ਥੋੜ੍ਹੀ ਆਮਦਨ ਘਰੇ ਲਿਆ ਸਕੇਂ। ਤੇ ਮੈਂ? ਮੈਂ ਵੀ ਇਸ ਪਾਪ ਤੋਂ ਮੁਕਤ ਨਹੀਂ। ਮੈਂ ਵੀ ਤੈਨੂੰ ਸਬਕ ਦੀ ਥਾਵੇਂ ਆਪਣੇ ਬਗੀਚੇ ਨੂੰ ਪਾਣੀ ਦੇਣ ਲਈ ਭੇਜ ਦਿੰਦਾ ਸਾਂ। ਤੇ ਜਦ ਮੈਂ ਮੱਛੀਆਂ ਫੜ੍ਹਨ ਜਾਣਾ ਹੁੰਦਾ ਸੀ ਤਦ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਛੁੱਟੀ ਕਰ ਦਿੰਦਾ ਸਾਂ।”
ਇਸ ਮਗਰੋਂ ਅਧਿਆਪਕ ਹੈਮਲ ਇੱਕ ਤੋਂ ਬਾਅਦ ਦੂਜੀ ਗੱਲ ਕਰਦੇ ਗਏ; ਫ਼ਰਾਂਸੀਸੀ ਬੋਲੀ ਬਾਰੇ ਗੱਲ ਕੀਤੀ ਤੇ ਦੱਸਿਆ ਕਿ ਕਿਸ ਤਰਾਂ ਇਹ ਬੋਲੀ ਸੰਸਾਰ ਦੀ ਸਭ ਤੋਂ ਸੋਹਣੀ ਤੇ ਸੁਥਰੀ ਬੋਲੀ ਹੈ। ਕਿ ਸਾਨੂੰ ਇਸ ਨੂੰ ਬਚਾਈ ਰੱਖਣਾ ਹੈ ਕਿਉਂਕਿ ਜਿੰਨਾ ਚਿਰ ਅਸੀਂ ਲੋਕਾਂ ਨੇ ਆਪਣੀ ਬੋਲੀ ਨੂੰ ਬਚਾਈ ਰੱਖਿਆ ਓਨਾ ਚਿਰ ਸਮਝੋ ਸਾਡੇ ਕੋਲ਼ ਆਪਣੀ ਅਜ਼ਾਦੀ ਦੀ ਚਾਬੀ ਮੌਜੂਦ ਹੈ।
ਫੇਰ ਉਹਨਾਂ ਵਿਆਕਰਨ ਦੀ ਕਿਤਾਬ ਚੁੱਕੀ ਤੇ ਸਾਨੂੰ ਸਾਡਾ ਪਾਠ ਪੜ੍ਹਕੇ ਸੁਣਾਉਣ ਲੱਗੇ। ਮੈਂ ਇਹ ਵੇਖਕੇ ਹੈਰਾਨ ਰਹਿ ਗਿਆ ਕਿ ਮੈਨੂੰ ਇਹ ਪਾਠ ਕਿੰਨੀ ਚੰਗੀ ਤਰਾਂ ਸਮਝ ਪੈ ਰਿਹਾ ਸੀ। ਜੋ ਉਹ ਪੜ੍ਹ ਰਹੇ ਸਨ ਸਭ ਕਿੰਨਾ ਸੌਖਾ ਲੱਗ ਰਿਹਾ ਸੀ! ਮੈਨੂੰ ਇੰਝ ਲੱਗਿਆ ਜਿਵੇਂ ਮੈਂ ਅੱਜ ਤੋਂ ਪਹਿਲਾਂ ਕਦੇ ਐਨੇ ਧਿਆਨ ਨਾਲ ਪਾਠ ਸੁਣਿਆ ਹੀ ਨਾ ਹੋਵੇ ਤੇ ਉਹਨਾਂ ਵੀ ਐਨੇ ਠਰੰਮੇ ਨਾਲ਼ ਅੱਗੇ ਕਦੇ ਸਾਨੂੰ ਪੜ੍ਹਾਇਆ ਨਾ ਹੋਵੇ। ਇਉਂ ਲੱਗਦਾ ਸੀ ਜਿਵੇਂ ਸਾਡਾ ਇਹ ਵਿਚਾਰਾ ਅਧਿਆਪਕ ਇਹ ਕੋਸ਼ਿਸ਼ ਕਰ ਰਿਹਾ ਸੀ ਕਿ ਸਾਨੂੰ ਸਭ ਨੂੰ ਇੱਕੋ ਵਾਰੀ ਵਿੱਚ ਹੀ ਆਪਣਾ ਸਮੁੱਚਾ ਗਿਆਨ ਨਿਚੋੜ ਦੇਵੇ।
ਵਿਆਕਰਨ ਤੋਂ ਮਗਰੋਂ ਅਸੀਂ ਲਿਖਣ ਵੱਲ ਵਧੇ। ਅੱਜ ਦੇ ਦਿਨ ਦੀ ਲੇਖਣੀ ਲਈ ਅਧਿਆਪਕ ਹੈਮਲ ਨੇ ਨਵੀਆਂ ਮਿਸਾਲਾਂ ਤਿਆਰ ਕੀਤੀਆਂ ਹੋਈਆਂ ਸਨ ਜਿਹਨਾਂ ਨੂੰ ਉਹਨਾਂ ਨੇ ਤਖਤੇ ’ਤੇ ਬੜੀ ਹੀ ਸੋਹਣੀ, ਗੋਲ ਲਿੱਪੀ ਵਿੱਚ ਲਿਖਿਆ – ਫ਼ਰਾਂਸ, ਅਲਸੇਸ, ਫ਼ਰਾਂਸ, ਅਲਸੇਸ। ਇਹ ਇਉਂ ਲੱਗ ਰਿਹਾ ਸੀ ਜਿਵੇਂ ਤਾਰ ਨਾਲ਼ ਪੂਰੀ ਕਲਾਸ ਵਿੱਚ ਨਿੱਕੇ-ਨਿੱਕੇ ਝੰਡੇ ਲਮਕਾਏ ਹੋਣ। ਇਹ ਦੇਖਕੇ ਕਿੰਨਾ ਰਸ਼ਕ ਹੋ ਰਿਹਾ ਸੀ ਕਿ ਸਾਰੇ (ਸਾਰੇ!) ਇਸ ਕੰਮ ਨੂੰ ਕਿੰਨੀ ਸ਼ਿੱਦਤ ਨਾਲ਼ ਕਰਨ ’ਤੇ ਰੁੱਝੇ ਹੋਏ ਸਨ, ਤੇ ਕਿੰਨੀ ਸ਼ਾਂਤੀ ਨਾਲ਼! ਸਿਰਫ਼ ਕਲਮਾਂ ਨਾਲ਼ ਕਾਗਜ਼ ਝਰੀਟੇ ਜਾਣ ਦੀ ਹੀ ਅਵਾਜ਼ ਸੁਣਾਈ ਦੇ ਰਹੀ ਸੀ। ਇਕੇਰਾਂ ਕਮਰੇ ਵਿੱਚ ਮੱਖੀਆਂ ਭਿਣਕਦੀਆਂ ਆ ਗਈਆਂ ਪਰ ਕਿਸੇ ਨੇ ਵੀ ਉਹਨਾਂ ਵੱਲ ਧਿਆਨ ਨਾ ਦਿੱਤਾ, ਨਿੱਕੇ-ਨਿੱਕੇ ਬਾਲਾਂ ਨੇ ਵੀ ਨਹੀਂ ਜਿਹੜੇ ਪੂਰੀ ਲਗਨ ਨਾਲ਼ ਹੁਣ ਇੱਕ ਸੁਰ ਇੱਕ ਸਾਹ ਹੋ ਕੇ ਘੁੱਗੂ-ਘਾਂਗ ਵਾਹੀ ਜਾ ਰਹੇ ਸਨ ਜਿਵੇਂ ਇਹ ਸਭ ਵੀ ਫ਼ਰਾਂਸੀਸੀ ਹੀ ਹੋਵੇ…ਉੱਪਰ ਕੁਝ ਕਬੂਤਰ ਗੁਟਕ ਰਹੇ ਸਨ। ਉਹਨਾਂ ਨੂੰ ਸੁਣਕੇ ਮੈਂ ਆਪਣੇ ਮਨੀਂ ਖ਼ਿਆਲ ਕੀਤਾ – “ਕੀ ਇਹਨਾਂ ਨੂੰ ਵੀ ਹੁਣ ਜਰਮਨ ਵਿੱਚ ਗਾਉਣ ਲਈ ਮਜ਼ਬੂਰ ਕੀਤਾ ਜਾਵੇਗਾ?” ਲਿਖਣ ਦੌਰਾਨ ਜਦ ਮੈਂ ਸਮੇਂ-ਸਮੇਂ ’ਤੇ ਅੱਖਾਂ ਚੁੱਕਦਾ ਤਾਂ ਵੇਖਦਾ ਕਿ ਅਧਿਆਪਕ ਹੈਮਲ ਆਪਣੀ ਕੁਰਸੀ ’ਤੇ ਅਹਿੱਲ ਬੈਠੇ ਆਸੇ-ਪਾਸੇ ਦੀਆਂ ਵਸਤਾਂ ਨੂੰ ਨੀਝ ਨਾਲ਼ ਵੇਖ ਰਹੇ ਸਨ ਜਿਵੇਂ ਇੱਕ ਆਖ਼ਰੀ ਵਾਰੀ ਆਪਣੇ ਮਨ ਵਿੱਚ ਬਿਠਾ ਲੈਣਾ ਚਾਹੁੰਦੇ ਹੋਣ ਕਿ ਇਸ ਛੋਟੇ ਜਿਹੇ ਸਕੂਲ ਵਿੱਚ ਚੀਜ਼ਾਂ ਕਿਸ ਤਰਤੀਬ ਪਈਆਂ ਹੋਈਆਂ ਸਨ।
ਜ਼ਰਾ ਸੋਚੋ! ਪਿਛਲੇ ਚਾਲੀਆਂ ਸਾਲਾਂ ਤੋਂ ਇਹ ਸ਼ਖਸ ਆਪਣੇ ਨਿੱਕੇ ਬਗੀਚੇ ਵਾਲ਼ੀ ਇਸੇ ਜਗ੍ਹਾ ’ਤੇ ਰਹਿ ਰਿਹਾ ਸੀ ਤੇ ਇਹੋ ਹੀ ਕਲਾਸ ਸੀ। ਪਾਲਸ਼ ਕੀਤੇ ਕੁਰਸੀਆਂ-ਮੇਜ਼ ਵਰਤੋਂ ਨਾਲ਼ ਘਸਰ ਗਏ ਸਨ। ਅਖ਼ਰੋਟ ਦੇ ਰੁੱਖ ਵਧ ਗਏ ਸਨ, ਅਧਿਆਪਕ ਦੇ ਆਪਣੇ ਹੱਥੀਂ ਲਾਏ ਹਾਪ ਦੇ ਰੁੱਖ ਬਾਰੀਆਂ ਦੁਆਲੇ ਹੋ ਛੱਤ ਤੱਕ ਜਾ ਪਹੁੰਚੇ ਸਨ। ਇਸ ਵਿਚਾਰੇ ਅਧਿਆਪਕ ਲਈ ਇਹ ਕਿੰਨਾ ਅਸਹਿ ਹੋਵੇਗਾ ਕਿ ਇਸ ਸਭ ਨੂੰ ਛੱਡਕੇ ਚਲਿਆ ਜਾਣਾ; ਉੱਪਰਲੇ ਕਮਰੇ ਵਿੱਚ ਸਮਾਨ ਬੰਨ੍ਹ ਰਹੀ ਭੈਣ ਦੀ ਅਵਾਜ਼ ਸੁਣਨਾ!
ਉਹਨਾਂ ਕੱਲ੍ਹ ਨੂੰ ਵਤਨ ਛੱਡ ਜਾਣਾ ਸੀ, ਹਮੇਸ਼ਾ ਲਈ।
ਪਰ ਫ਼ੇਰ ਵੀ, ਉਹਨਾਂ ਬੜੇ ਢਾਰਸ ਨਾਲ਼ ਕਲਾਸ ਅੰਤ ਤੱਕ ਚਲਦੀ ਰੱਖੀ। ਲੇਖਣ ਤੋਂ ਮਗਰੋਂ ਸਾਡੀ ਇਤਿਹਾਸ ਦੀ ਕਲਾਸ ਲੱਗੀ ਤੇ ਉਸ ਮਗਰੋਂ ਬਾਲ ਨਿਆਣਿਆਂ ਨੇ ਇਕੱਠਿਆਂ ਹੋ ਕੇ ਆਪਣੇ ੳ ਊਠ, ਅ ਅੰਬ ਸੁਣਾਏ। ਕਮਰੇ ਦੇ ਪਿਛਲੇ ਪਾਸੇ ਦੋਹੇਂ ਹੱਥਾਂ ਨਾਲ਼ ਆਪਣਾ ਕਾਇਦਾ ਘੁੱਟੀ ਬੈਠੇ ਬਜ਼ੁਰਗ ਹੌਸਰ ਨੇ ਵੀ ਆਪਣੇ ਚਸ਼ਮੇ ਪਾ ਲਏ ਤੇ ਬੱਚਿਆਂ ਸੰਗ ਦੁਹਰਾਉਣ ਲੱਗਾ। ਵਿਚਾਰੇ ਲਈ ਇਹ ਕਿੰਨਾ ਮੁਸ਼ਕਲ ਸੀ! ਉਸ ਦੀ ਜ਼ਬਾਨ ਭਾਵੁਕ ਹੋ ਲਰਜ਼ ਰਹੀ ਸੀ ਤੇ ਉਸ ਨੂੰ ਇਸ ਹਾਲ ਵਿੱਚ ਵੇਖਕੇ ਸਾਡਾ ਹੱਸਣੇ ਨੂੰ ਵੀ ਚਿੱਤ ਕਰਦਾ ਤੇ ਰੌਣੇ ਨੂੰ ਵੀ!
ਮੈਨੂੰ ਕਿਸ ਤਰਾਂ ਉਹ ਆਖ਼ਰੀ ਸਬਕ ਅੱਜ ਵੀ ਚੇਤੇ ਹੈ…
ਅਚਾਨਕ ਗਿਰਜੇ ਦੇ ਘੰਟੇ ਨੇ ਬਾਰਾਂ ਵਜਾ ਦਿੱਤੇ। ਦੁਪਹਿਰ ਦੀ ਪ੍ਰਾਥਨਾ ਵੇਲੇ ਪ੍ਰਸ਼ਿਆਈ ਫ਼ੌਜਾਂ ਨੂੰ ਆਪਣੀਆਂ ਮਸ਼ਕਾਂ ਤੋਂ ਮੁੜਦੇ ਸੁਣ ਸਕਦੇ ਸਾਂ। ਬੇਰੰਗ ਹੋਏ ਅਧਿਆਪਕ ਹੈਮਲ ਨੇ ਆਪਣੀ ਕੁਰਸੀ ਛੱਡੀ ਤੇ ਖੜ੍ਹੇ ਹੋ ਗਏ। ਅੱਜ ਤੋਂ ਪਹਿਲਾਂ ਉਹਨਾਂ ਦੀ ਦੇਹ ਐਨੀ ਭਾਰੀ ਕਦੇ ਨਹੀਂ ਸੀ ਲੱਗੀ।
“ਮੇਰੇ ਪਿਆਰੇ ਦੋਸਤੋ…ਮੈਂ….” ਪਰ ਉਹ ਆਪਣੀ ਗੱਲ ਕਹਿ ਨਾ ਸਕੇ, ਜਿਵੇਂ ਗਲ਼ੇ ਵਿੱਚ ਕੁਝ ਫਸ ਕੇ ਰਹਿ ਗਿਆ ਹੋਵੇ…
ਉਹ ਤਖ਼ਤੇ ਵੱਲ ਮੁੜੇ, ਇੱਕ ਸਲੇਟ ਚੁੱਕੀ ਤੇ ਆਪਣਾ ਕੁੱਲ ਤਾਣ ਲਾ ਕੇ ਜਿੰਨਾ ਵੱਡਾ ਲਿਖ ਸਕਦੇ ਸੀ ਉਹਨਾਂ ਲਿਖਿਆ –
“ਫ਼ਰਾਂਸ ਅਮਰ ਰਹੇ!”
ਤੇ ਆਪਣਾ ਸਿਰ ਕੰਧ ਨਾਲ਼ ਟੇਕ ਲਾਈ, ਉਹ ਥਾਈਂ ਖਲੋਤੇ ਰਹੇ ਤੇ ਬਿਨਾਂ ਬੋਲੇ ਸਾਨੂੰ ਬੱਸ ਹੱਥ ਦੇ ਇਸ਼ਾਰੇ ਨਾਲ਼ ਕਹਿ ਦਿੱਤਾ “…ਤੁਸੀਂ ਜਾ ਸਕਦੇ ਹੋ…ਕਲਾਸ ਖ਼ਤਮ ਹੈ…!”
ਅਨੁਵਾਦ – ਮਾਨਵ