Aapna Aapna Patar : Atamjit Singh

ਆਪਣਾ ਆਪਣਾ ਪਾਤਰ : ਆਤਮਜੀਤ

ਪਾਤਰ, ਅਜਮੇਰ ਔਲਖ ਅਤੇ ਵਰਿਆਮ ਸੰਧੂ, ਮੈਂ ਤਿੰਨਾਂ ਤੋਂ ਸਾਹਿਤਕ ਉਮਰ ਵਿਚ ਛੋਟਾ ਹਾਂ ਅਤੇ ਤਿੰਨਾਂ ਵੱਲ ਅਜਿਹੀ ਨਜ਼ਰ ਨਾਲ ਦੇਖਦਾ ਰਿਹਾ ਹਾਂ ਜਿਹੜੀ ਉਨ੍ਹਾਂ ਵਿੱਚੋਂ ਪ੍ਰੇਰਨਾ ਭਾਲਦੀ ਸੀ। ਪਾਤਰ ਪਹਿਲੀ ਵਾਰ ਅਮ੍ਰਿਤਸਰ ਆਇਆ ਤਾਂ ਉਹ ਪੰਜਾਬੀ ਯੂਨੀਵਰਸਟੀ ਦਾ ਵਡੇਰੀ ਪੱਧਰ ਦਾ ਵਿਦਿਆਰਥੀ ਸੀ; ਮੈਂ ਖਾਲਸਾ ਕਾਲਜ ਵਿਚ ਬੀਏ ਦੇ ਦੂਜੇ ਸਾਲ ਵਿਚ ਸੀ। ਉਸਦੀ ਗ਼ਜ਼ਲ ਅਤੇ ਸ਼ਖ਼ਸੀਅਤ, ਦੋਹਾਂ ਨੇ ਆਪਣੇ ਵੱਲ ਖਿੱਚਿਆ। ਲੁਧਿਆਣੇ ਵਿਚ ਮੇਰਾ ਨਾਟਕ ‘ਮੁਰਗੀਖਾਨਾ’ ਦੇਖ ਕੇ ਉਸਨੇ ਇਸ ਅੰਦਰਲੀ ਕਾਵਿਕਤਾ ਦੀ ਤਾਰੀਫ਼ ਕੀਤੀ; ਇਹ ਮੇਰੇ ਖ਼ੁਸ਼ ਹੋਣ ਦਾ ਵੱਡਾ ਕਾਰਨ ਸੀ । 1994 ਵਿਚ ਪਾਤਰ ਦੇ ਨਾਲ ਜਨਮੇਜਾ ਜੌਹਲ ਅਤੇ ਕੰਵਲਜੀਤ ਨੀਲੋਂ ਦੀ ਸੰਗਤ ਵਿਚ ਕਾਫ਼ੀ ਦਿਨ ਕੈਨੇਡਾ ਵਿਚ ਰਹਿਣ ਅਤੇ ਮਿਲਕੇ ਲੰਮੀ ਯਾਤਰਾ ਕਰਨ ਦਾ ਮੌਕਾ ਮਿਲਿਆ। ਇਸ ਸਫ਼ਰ ਨੇ ਮੈਨੂੰ ਪਾਤਰ ਨੂੰ ਹੋਰ ਨੇੜਿਉਂ ਵੇਖਣ-ਵਾਚਨ ਦਾ ਅਵਸਰ ਦਿੱਤਾ। 15 ਕੁ ਸਾਲ ਪਹਿਲਾਂ ਚੰਡੀਗੜ੍ਹ ਸਾਹਿਤ ਅਕਾਦਮੀ ਵੱਲੋਂ ਮੈਂ ਪਾਤਰ ਨਾਲ ਦਰਸ਼ਕਾਂ ਦੇ ਸਨਮੁਖ ਇਕ ਘੰਟਾ ਲੰਮਾ ਇੰਟਰਵਿਊ ਕੀਤਾ। ਨਿਸਚੈ ਹੀ ਉਹ ਸਭ ਤੋਂ ਵੱਧ ਤਸੱਲੀ ਵਾਲੀ ਗੱਲਬਾਤ ਸੀ ਹਾਲਾਂ ਕਿ ਡਾ ਹਰਿਭਜਨ ਸਿੰਘ, ਤਾਰਾ ਸਿੰਘ, ਜਸਵਿੰਦਰ, ਮਨਮੋਹਨ ਆਦਿਕ ਕਵੀਆਂ ਨਾਲ ਵੀ ਮੈਂ ਅਜਿਹੇ ਰੂਬਰੂ ਕਰ ਚੁੱਕਾ ਹਾਂ।

ਸੁਰਜੀਤ ਪਾਤਰ ਆਪਣੀ ਰਚਨਾ ਪ੍ਰਤੀ ਬਹੁਤ ਈਮਾਨਦਾਰ ਲੇਖਕ ਸੀ। ਕੁਝ ਆਲੋਚਕਾਂ ਨੂੰ ਇਤਰਾਜ਼ ਹੈ ਕਿ ਉਹ ਰੁਦਨ ਦਾ ਲੇਖਕ ਹੈ। ਉਹ ਦੁਖੜੇ ਫੋਲਕੇ ਅਤੇ ਗਾਇਕੀ ਦਾ ਇਸਤੇਮਾਲ ਕਰਕੇ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਦਾ ਰਿਹਾ ਹੈ। ਇਕ-ਅੱਧ ਨੂੰ ਗਿਲਾ ਹੈ ਕਿ ਉਸਦੀ ਕਵਿਤਾ ਪੰਜਾਬ ਦੇ ਸਮੁੱਚੇ ਦਰਦ ਦਾ ਪ੍ਰਗਟਾਵਾ ਨਹੀਂ ਕਰਦੀ। ਇਸਦੇ ਉਲਟ ਕਈਆਂ ਦਾ ਰੋਸਾ ਹੈ ਕਿ ਉਹ ਦਿੱਲੀ ਵਿਚਲੇ ਸਿੱਖ ਦੰਗਿਆਂ ਉੱਤੇ ਲਿਖਦਿਆਂ ਉਲਾਰ ਹੋ ਗਿਆ। ਪਰ ਸਾਡੀ ਨਜ਼ਰ ਵਿਚ ਉਹ ਇੱਕੀਵੀਂ ਸਦੀ ਦਾ ਮਹਾਨਤਮ ਪੰਜਾਬੀ ਸ਼ਾਇਰ ਹੈ ਜਿਸਦਾ ਸਮੁੱਚੀ ਪੰਜਾਬੀ ਸ਼ਾਇਰੀ ਵਿਚ ਵੀ ਮਾਣਮੱਤਾ ਸਥਾਨ ਹੈ। ਵਰਿਆਮ ਸੰਧੂ ਦਾ ਇਹ ਕਹਿਣਾ ਵੱਡਾ ਸੱਚ ਹੈ ਕਿ ਵਾਰਿਸ ਸ਼ਾਹ ਤੋਂ ਬਾਅਦ ਪਾਤਰ ਨੂੰ ਹੀ ਲੇਖਕਾਂ, ਲੀਡਰਾਂ ਤੇ ਆਮ ਲੋਕਾਂ ਨੇ ਅਪਣਾਇਆ ਅਤੇ ਆਪਣੀ ਗੱਲ ਕਹਿਣ ਵਾਸਤੇ ਉਸਦੀ ਕਵਿਤਾ ਨੂੰ ਹਵਾਲੇ ਵੱਜੋਂ ਵਰਤਿਆ। ਪਾਤਰ ਦੀ ਇਸ ਤਾਕਤ ਦੇ ਪਿੱਛੇ ਬਹੁਤ ਸਾਰੇ ਕਾਰਨ ਹਨ। ਪਰਿਵਾਰ ਕਰਕੇ ਉਸਦਾ ਕਿਰਤੀ ਪਿਛਕੋੜ, ਅੰਦਰ ਰਮਿਆ ਸੰਗੀਤ, ਸਿੱਖ ਧਰਮ ਦਾ ਦਾਰਸ਼ਨਿਕ ਆਧਾਰ, ਆਪਣੀ ਕਮਾਈ ਬੋਲੀ ਦੀ ਮਹੀਨ ਪਛਾਣ, ਸੂਖਮ ਸੰਵੇਦਨਾਵਾਂ, ਸੁਭਾਅ ਦਾ ਠਰ੍ਹਮਾ, ਸੁਹਜਾਤਮਕ ਬਿੰਬਾਵਲੀ ਆਦਿਕ ਉਸਦੇ ਖ਼ਾਸ ਗੁਣ ਹਨ। ਪਰ ਆਪਣੇ-ਆਪ ਅਤੇ ਰਚਨਾ ਪ੍ਰਤੀ ਈਮਾਨਦਾਰੀ ਵੀ ਉਸਦਾ ਮੀਰੀ ਗੁਣ ਹੈ। ਅਤਿ ਦੀ ਸੁਹਿਰਦਤਾ ਉਸਦੇ ਕਾਵਿ-ਸੰਸਾਰ ਨੂੰ ਅਜਿਹੀ ਗਹਿਰਾਈ ਦੇਂਦੀ ਹੈ ਕਿ ਈਮਾਨਦਾਰ ਪਾਠਕ ਅਤੇ ਲੇਖਕ ਵਿਚਲੀ ਵਿੱਥ ਖ਼ਤਮ ਹੋ ਜਾਂਦੀ ਹੈ।

ਪਾਤਰ ਜਾਣਦਾ ਹੈ ਕਿ ਉਸਦੀ ਕਵਿਤਾ ‘ਧੁਰ ਕੀ ਬਾਣੀ’ ਨਹੀਂ ਹੈ। ਜਦੋਂ ਉਹ ਲਿਖਦਾ ਹੈ ਕਿ “ਇਬਾਰਤ ਮੈਂ ਨਹੀਂ ਕੋਈ, ਸ਼ਿਲਾਲੇਖੀਂ ਲਿਖੀ ਹੋਈ; ਮੈਂ ਹਾਂ ਇਕ ਬਣ ਰਿਹਾ ਫ਼ਿਕਰਾ, ਜੋ ਅਕਸਰ ਬਦਲਦਾ ਰਹਿਨਾਂ” ਤਾਂ ਸਪਸ਼ਟ ਹੈ ਕਿ ਉਹ ਆਪਣੀ ਸੋਚ-ਪ੍ਰਕਿਰਿਆ ਵਿਚ ਵਿਗਸ ਰਿਹਾ ਹੈ। ਉਸਦੇ ਸ਼ਬਦ ‘ਬਦਲਦਾ ਰਹਿਨਾਂ’ ਕਾਰਨ ਉਸਤੇ ਇਲਜ਼ਾਮ ਧਰਿਆ ਜਾ ਸਕਦਾ ਹੈ ਕਿ ਉਹ ਸਮੇਂ ਅਨੁਸਾਰ ਬਦਲ ਜਾਂਦਾ ਹੈ। ਪਰ ਜੇ ਅਸੀਂ ਇਸ ਤੁਕ ਨੂੰ ਸਮੱਗਰ ਤੌਰ ਤੇ ਦੇਖੀਏ ਤਾਂ ਪਾਤਰ ਦੀ ਈਮਾਨਦਾਰੀ ਉੱਤੇ ਕੋਈ ਸ਼ਕ-ਸ਼ੁਬ੍ਹਾ ਨਹੀਂ ਬਚਦਾ। ਉਹ ਬਣ ਰਹੇ ਫਿਕਰੇ (ਨਾ ਕਿ ਬਦਲ ਰਹੇ ਫਿਕਰੇ) ਪ੍ਰਤੀ ਚਿੰਤਿਤ ਹੈ ਜੋ ਉਸਦੇ ਅੰਦਰ ਖੌਰੂ ਪਾ ਰਿਹਾ ਹੈ। ਇਹੀ ਵਿਗਾਸ ਹੈ। ਅੰਤਿਮ ਸੱਚ ਨੂੰ ਜਾਨਣ ਦੀ ਗੱਲ ਤਾਂ ਦੂਰ, ਸੱਚ ਜਾਂ ਝੂਠ ਕੀ ਹੈ, ਇਸਦੀ ਪਛਾਣ ਵੀ ਸੁਖਾਲੀ ਨਹੀਂ ਹੁੰਦੀ। ਪਾਤਰ ਉਸ ਮਨੁੱਖੀ ਦੁਬਿਧਾ ਨੂੰ ਜ਼ੁਬਾਨ ਦੇ ਰਿਹਾ ਹੈ ਜੋ ਸਾਡੇ ਸਾਰਿਆਂ ਦੇ ਅੰਦਰ ਵੱਸਦੀ ਹੈ ਅਤੇ ਜਿਸ ਦੁਬਿਧਾ ਵਿਚੋਂ ਨਿਕਲਣ ਲਈ ਕੋਈ ਵੀ ਚਿੰਤਨਸ਼ੀਲ ਅਤੇ ਸੰਵੇਦਨਸ਼ੀਲ ਇਨਸਾਨ ਹਮੇਸ਼ਾ ਤਤਪਰ ਹੈ। ਇਹ ਦੁਬਿਧਾ ਉਸਨੂੰ ਸਵੈ-ਪੜਚੋਲ ਦੇ ਰਾਹੇ ਪਾਉਂਦੀ ਹੈ। ਇਸ ਦੁਬਿਧਾ ਦੀ ਇਕ ਲੰਮੀ ਪੈੜ ਹੈ ਜੋ ਉਸਦੀ ਕਾਵਿ-ਧਰਤ ਉੱਤੇ ਆਸਾਨੀ ਨਾਲ ਪਛਾਣੀ ਜਾ ਸਕਦੀ ਹੈ: “ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮ੍ਹਾਦਾਨ ਕੀ ਕਹਿਣਗੇ?” ਜਾਂ ਉਹ ਲਿਖਦਾ ਹੈ: “ ਉਜਲੇ ਸ਼ੀਸ਼ੇ ਸਨਮੁਖ ਮੈਨੂੰ ਚਿਰ ਤਕ ਨਾ ਖਲ੍ਹਿਆਰ, ਮੈਲੇ ਮਨ ਵਾਲੇ ਮੁਜਰਿਮ ਨੂੰ, ਇਸ ਮੌਤੇ ਨਾ ਮਾਰ; ਮਿੱਟੀ ਉੱਤੇ, ਫ਼ੁੱਲ ਦੇ ਉੱਤੇ, ਤੇ ਸ਼ਾਇਰ ਦੇ ਦਿਲ ਤੇ, ਇਕ ਮੋਈ ਤਿਤਲੀ ਦਾ ਹੁੰਦਾ ਵੱਖੋ-ਵੱਖਰਾ ਭਾਰ।” ਉਸਦੇ ਅੰਦਰਲਾ ਵਾਰਤਾਲਾਪ ਸਿਰਫ਼ ਵਰਤਮਾਨ ਤਕ ਸੀਮਿਤ ਨਹੀਂ, ਊਹ ਡੂੰਘ ਅਤੀਤ ਵਿਚ ਵੀ ਉਤਰ ਕੇ ਆਪਣੇ-ਆਪ ਅਤੇ ਨਵੀਆਂ-ਪੁਰਾਣੀਆਂ ਪੀੜੀਆਂ ਨਾਲ ਗੱਲਾਂ ਕਰਦਿਆਂ ਆਪਣਾ ਅਧੂਰਾ ਫ਼ਿਕਰਾ ਮੁਕੰਮਲ ਕਰਨ ਦੇ ਰਾਹੇ ਹੈ:

ਮੇਰੇ ਅੰਦਰ ਵੀ ਚੱਲਦੀ ਹੈ ਇਕ ਗੁਫ਼ਤਗੂ
ਜਿੱਥੇ ਮੇਰੇ ਲਫ਼ਜ਼ਾਂ ‘ਚ ਢਲਦਾ ਹੈ ਮੇਰਾ ਲਹੂ
ਜਿੱਥੇ ਮੇਰੀ ਬਹਿਸ ਹੈ ਮੇਰੇ ਨਾਲ
ਜਿੱਥੇ ਵਾਰਿਸ ਤੇ ਪੁਰਖੇ ਖੜੇ ਰੂਬਰੂ

ਜਦੋਂ ਉਹ ਲਿਖਦਾ ਹੈ ਕਿ “ਦੂਰ ਜੇਕਰ ਅਜੇ ਸਵੇਰਾ ਹੈ, ਇਸ ‘ਚ ਕਾਫ਼ੀ ਕਸੂਰ ਮੇਰਾ ਹੈ” ਤਾਂ ਉਹ ਨਿਸਚੇ ਹੀ ਆਪਣੀ ਜ਼ਾਤੀ ਗੱਲ ਨਹੀਂ ਕਰ ਰਿਹਾ; ਉਹ ਤੁਹਾਡੀ ਅਤੇ ਮੇਰੀ ਗੱਲ ਵੀ ਕਹਿ ਰਿਹਾ ਹੈ। ਪਰ ਪੇਸ਼ਕਾਰੀ ਦਾ ਸੁਰ ਏਨਾ ਮੱਧਮ ਪਰ ਸਪਸ਼ਟ ਹੈ ਕਿ ਉਸਦੀ ਗੱਲ ਦਾ ਸਾਧਾਰਨੀਕਰਨ ਹੋ ਜਾਂਦਾ ਹੈ ਅਤੇ ਉਸਦਾ ਸ਼ੇ’ਰ ਸਰਬਵਿਆਪੀ ਬਣਦਾ ਹੈ। ਉਸਦਾ ਅਗਲਾ ਸ਼ੇ’ਰ ਬਹੁਤ ਪ੍ਰਮਾਣੀਕਤਾ ਨਾਲ ਸਾਡੀ ਉਪਰੋਕਤ ਸਾਰੀ ਗੱਲ ਦੀ ਪੁਸ਼ਟੀ ਕਰੇਗਾ: “ਹਉਮੈ, ਮਮਤਾ, ਖੌਫ਼, ਦੁਚਿਤੀ, ਚਾਰੇ ਪਾਸੇ ਕੰਧਾਂ ਨੇ; ਐ ਮਨ ਟੋਲ ਕੋਈ ਦਰਵਾਜ਼ਾ, ਹੋਣਾ ਬੰਦ-ਖਲਾਸ ਵੀ ਹੈ।”

ਜਦੋਂ ਮੈਂ ਪਾਤਰ ਦੀਆਂ ਪੁਸਤਕਾਂ ਦੇ ਨਾਮ ਦੇਖਦਾ ਹਾਂ ਤਾਂ ਮੈਨੁੰ ਉਸ ਅੰਦਰਲੀ ਦੁਬਿਧਾ ਅਤੇ ਸੰਘਰਸ਼ ਦਾ ਅਕਸ ਹੋਰ ਵੀ ਗੂੜ੍ਹਾ ਹੁੰਦਾ ਨਜ਼ਰ ਆਉਂਦਾ ਹੈ। ਉਹ ਆਪਣੇ ‘ਹਰਫ਼ਾਂ’ ਨੂੰ ‘ਹਵਾ’ ਵਿਚ ਲਿਖਦਾ ਹੈ, ਉਸਦੇ ਜ਼ਿਹਨ ਵਿਚ ‘ਬਿਰਖ’ ‘ਅਰਜ’ ਕਰਦਾ ਹੈ, ਉਸਦੇ ‘ਅੱਖਰ’ ‘ਹਨੇਰੇ’ ਵਿਚ ‘ਸੁਲਘਦੇ’ ਹਨ, ਉਹ ‘ਲਫ਼ਜ਼ਾਂ ਦੀ ਦਰਗਾਹ’ ਅਤੇ ‘ਪੱਤਝੜ ਦੀ ਪਾਜ਼ੇਬ’ ਬਣਾਉਂਦਾ ਹੈ। ਉਸਦੀ ਰਹਿਤਲ ਜਾਂ ‘ਜ਼ਮੀਨ’ ਵੀ ‘ਸੁਰਾਂ’ ਦੀ ਹੈ। ‘ਇਹ ਬਾਤ ਸਿਰਫ਼ ਏਨੀ ਹੀ ਨਹੀਂ’ ਉਸਦੀ ਇਕੱਲੀ ਅਜਿਹੀ ਪੁਸਤਕ ਹੈ ਜਿਸ ਦੇ ਟਾਈਟਲ ਨਾਲ ਉਹ ਇਕ ਸਪਸ਼ਟ ਸੰਦੇਸ ਸਿਰਜਦਾ ਜਾਪਦਾ ਹੈ। ਇਸ ਪੁਸਤਕ ਵਿਚ ਵਾਰਤਕ ਦੀਆਂ ਟੁਕੜੀਆਂ ਵੀ ਹਨ ਅਤੇ ਇਹ ਸਿੱਧੇ ਤੌਰ ਤੇ ਕਿਸਾਨੀ ਸੰਘਰਸ਼ ਦੀ ਕਿਤਾਬ ਹੈ। ਇਸ ਵਿਸ਼ੇਸ਼ ਰਚਨਾ ਵਿਚ ਕੋਈ ਦੁਬਿਧਾ ਨਹੀਂ। ਉਹ ਲਿਖਦਾ ਹੈ: “ਤੇਰੇ ਨਾਲ ਵਜ਼ੀਰ ਖੜੇ, ਮੇਰੇ ਨਾਲ ਪੈਗੰਬਰ ਪੀਰ ਖੜੇ; ਰਵਿਦਾਸ, ਫ਼ਕੀਰ ਕਬੀਰ ਖੜੇ, ਮੇਰੇ ਨਾਨਕ ਸ਼ਾਹ ਫ਼ਕੀਰ ਖੜ੍ਹੇ”। ਇਸ ਨਜ਼ਮ ਵਿਚ ਉਹ ਸਿੱਧੇ ਤੌਰ ਤੇ ਸੱਤਾ ਤੇ ਉਸਦੇ ਤਾਨਾਸ਼ਾਹੀ ਅਤੇ ਸਰਮਾਏਦਾਰੀ ਹੱਥਕੰਡਿਆਂ ਨੂੰ ਵੰਗਾਰਦਿਆਂ ਕਿਸਾਨਾਂ ਦੀ ਦੁਬਿਧਾ ਅਤੇ ਮੰਦ-ਸਥਿਤੀ ਨੂੰ ੳਭਾਰਦਾ ਹੈ। ਪਰ ਜ਼ਰੂਰੀ ਗੱਲ ਇਹ ਵੀ ਹੈ ਕਿ ਭਾਵੇਂ ਬਾਕੀ ਲਗਪਗ ਸਾਰੀਆਂ ਪੁਸਤਕਾਂ ਦੇ ਨਾਂ ਐਬਸਟਰੈਕਟ ਹਨ ਪਰ ਉਹ ਆਪਣੀ ਹਰ ਰਚਨਾ ਵਿਚ ਦੁਬਿਧਾਗ੍ਰਸਤ ਨਹੀਂ। ਬਲਕਿ ਪਾਤਰ ਦਾ ਕਮਾਲ ਇਹ ਹੈ ਕਿ ਉਹ ਹਰ ਕਾਲ-ਖੰਡ ਵਿਚ ਇਸ ਦੁਬਿਧਾ ਨਾਲ ਲੜਦਾ ਹੋਇਆ ਇਸ ਵਿੱਚੋਂ ਬਾਹਰ ਵੀ ਆਉਂਦਾ ਹੈ ਅਤੇ ਆਸ ਦਾ ਇਕ ਬਲਵਾਨ ਸੰਦੇਸ ਸਿਰਜਦਾ ਹੈ। ਉਸਦਾ ਸੰਦੇਸ ਹਰ ਹਾਲਤ ਵਿਚ ਉਸਦੀ ਅੰਦਰੂਨੀ ਜੰਗ ਵਿੱਚੋਂ ਨਿਕਲਿਆ ਹੋਣ ਕਾਰਨ ਜ਼ਿਆਦਾ ਵਿਸ਼ਵਾਸਯੋਗ ਹੈ। ਉਸਦਾ ਸੰਦੇਸ ਯਥਾਰਥ ਦੀ ਜ਼ਮੀਨ ਤੇ ਟਿਕਿਆ ਪ੍ਰਤੀਤ ਹੁੰਦਾ ਹੈ, ਚੇਪਿਆ ਹੋਇਆ ਨਹੀਂ ਲਗਦਾ। ਉਸਦੀ ਇਸ ਪੂਰੀ ਪ੍ਰਕਿਰਿਆ ਨੂੰ ਇਨ੍ਹਾਂ ਅਸ਼ਰਾਰ ਵਿਚ ਬਾਖੂLਬੀ ਪਛਾਣਿਆਂ ਜਾ ਸਕਦਾ ਹੈ: “ਹੈ ਮੇਰੇ ਸੀਨੇ ‘ਚ ਕੰਪਨ, ਮੈਂ ਇਮਤਿਹਾਨ ‘ਚ ਹਾਂ; ਮੈਂ ਖਿੱਚਿਆ ਤੀਰ ਹਾਂ, ਐਪਰ ਅਜੇ ਕਮਾਨ ‘ਚ ਹਾਂ। ਜ਼ਮੀਨ ਰਥ ਹੈ ਮੇਰਾ, ਬਿਰਖ ਨੇ ਮੇਰੇ ਪਰਚਮ; ਤੇ ਮੇਰਾ ਮੁਕਟ ਹੈ ਸੂਰਜ, ਤੇ ਮੈਂ ਸ਼ਾਨ ‘ਚ ਹਾਂ।” ਪਰ ਉਹ ਆਪਣੀ ਤਾਕਤ ਨੂੰ ਆਪਣੇ ਅੰਦਰੋਂ ਲੱਭਣ ਦੀ ਗੱਲ ਕਰਦਾ ਹੈ, ਕਿਉਂਕਿ ਉਸਦੀ ਜ਼ਾਤੀ ਪ੍ਰਕਿਰਿਆ ਇਹੋ ਸੀ। ਇਸੇ ਲਈ ਉਹ ਸਾਨੂੰ ਕਹਿੰਦਾ ਹੈ ਕਿ ਅਸੀਂ ਸਾਜ਼ ਵੀ ਹਾਂ ਅਤੇ ਸਾਜ਼-ਨਵਾਜ਼ ਵੀ ਹਾਂ। ਆਪਣੀ ਖ਼ਾਮੋਸ਼ੀ ਦੀਆਂ ਧੁਨਾਂ ਸੁਣ ਕੇ ਉਸ ਸਾਜ਼ ਨਾਲ ਇਕਸੁਰ ਹੋਣ ਦੀ ਗੱਲ ਕਰਦਾ ਹੈ ਸੁਰਜੀਤ ਪਾਤਰ। ਉਸ ਅਨੁਸਾਰ ਸਾਨੂੰ ਆਪਣੀ ਤਾਕਤ ਸੱਚੇ ਵਾਕ ਅਤੇ ਸੱਚੇ ਸਾਕ ਸਿਰਜਣ ਵਾਸਤੇ ਲਾ ਦੇਣੀ ਚਾਹੀਦੀ ਹੈ। ਉਹ ਅਸਤ-ਵਿਅਸਤ ਹੋਏ ਲੋਕਾਂ ਅਤੇ ਲਫ਼ਜ਼ਾਂ ਨੂੰ ਇਕੱਠੇ ਹੋਣ ਦੀ ਗੱਲ ਤਾਂ ਕਰਦਾ ਹੈ ਪਰ ਉਹ ਕਿਸੇ ਜੁਗ-ਗਰਦੀ ਦੀ ਸਿਰਜਣਾ ਲਈ ਨਹੀਂ ਪ੍ਰੇਰਦਾ; ਉਸਦੀ ਮੰਗ ਤਾਂ ਸਿਰਫ਼ ਇਹ ਹੈ ਕਿ ਉਸਦੀ ਜ਼ਿੰਦਗੀ ਵਿਚ ਸੁੱਚਾ ਸ਼ਬਦ ਅਤੇ ਸੱਚਾ ਸੁਰ ਟਿਕ ਜਾਵੇ: “ਇਕ ਖਾਬ ਦੇ ਤੇ ਕਿਤਾਬ ਦੇ, ਇਕ ਇੰਤਜ਼ਾਰ ਦੇ; ਤੇ ਫੇਰ ਭਾਵੇਂ ਉਮਰ ਭਰ ਕਿਧਰੇ ਖਲਾਰ ਦੇ; ਸ਼ੀਸ਼ਾ ਨਾ ਬਣ, ਦਿਖਾ ਨਾ ਬਸ ਚਿਹਰੇ ਦੀ ਧੂੜ ਹੀ; ਤੂੰ ਨੀਰ ਬਣ ਤੇ ਧੂੜ ਵੀ ਮੁਖ ਤੋਂ ਉਤਾਰ ਦੇ; ਇਹ ਤੇਗ ਪਾਸੇ ਰੱਖ ਦੇ ਜੇ ਮੈਨੂੰ ਮਾਰਨਾ; ਸੀਨੇ ਚ ਕੋਈ ਸ਼ਬਦ, ਕੋਈ ਸੁਰ ਉਤਾਰ ਦੇ।” ਉਹ ਹਰ ਗੱਲ ਦਾ ਸੱਤਾ ਉੱਤੇ ਇਲਜ਼ਾਮ ਧਰਨ ਨਾਲੋਂ ਸਵੈ-ਪੜਚੋਲ ਦੀ ਗੱਲ ਵੀ ਕਰਦਾ ਹੈ: “ਦੂਰ ਜੇਕਰ ਅਜੇ ਸਵੇਰਾ ਹੈ, ਇਸ ‘ਚ ਕਾਫ਼ੀ ਕਸੂਰ ਮੇਰਾ ਹੈ।”

ਪਰ ਪਾਤਰ ਨੂੰ ਇਸ ਗਲ ਦਾ ਅਫ਼ਸੋਸ ਜ਼ਰੂਰ ਹੈ ਕਿ ਉਸ ਜੇਹੇ ਨਿਮਨ ਸੁਰ ਵਾਲੇ ਬੰਦਿਆਂ ਦੀ ਅੰਦਰੂਨੀ ਅਤੇ ਬਾਹਰੀ ਲੜਾਈ ਨੂੰ ਹਮੇਸ਼ਾ ਅਣਗੌਲਿਆ ਕੀਤਾ ਗਿਆ। ਇਕ ਛੋਟੀ ਜਿਹੀ ਨਜ਼ਮ ਵਿਚ ਉਹ ਦੱਸਦਾ ਹੈ ਕਿ “ਉਹ ਜਿਨ੍ਹਾਂ ਲੋਕਾਂ ਲਈ ਪੁਲ ਬਣਿਆਂ, ਉਸੇ ਤੋਂ ਲੰਘਦਿਆਂ ਉਹੀ ਲੋਕ ਕਹਿ ਰਹੇ ਸਨ ਕਿ ਇਹ ਚੁੱਪ ਜਿਹਾ ਬੰਦਾ (ਪਾਤਰ) ਕਿੱਥੇ ਰਹਿ ਗਿਆ, ਉਹ ਜ਼ਰੂਰ ਪਰਤ ਗਿਆ ਹੋਣੈ; ਸਾਨੂੰ ਪਤਾ ਸੀ ਉਹਦੇ ਵਿਚ ਦਮ ਨਹੀਂ ਹੈ।” ਆਪਣੇ ਇਸ ਗਿਲੇ ਨੂੰ ਜ਼ਿਆਦਾ ਸਪਸ਼ਟ ਤੌਰ ਤੇ ਇਉਂ ਵੀ ਪੇਸ਼ ਕਰਦਾ ਹੈ: “ਏਨਾ ਹੀ ਬਹੁਤ ਹੈ ਕਿ ਮੇਰੇ ਖ਼ੂਨ ਨੇ ਰੁੱਖ ਸਿੰਜਿਆ, ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ ?” ਉਸਦਾ ਆਸ਼ਾਵਾਦ ਜ਼ਿੰਦਗੀ ਦੇ ਯਥਾਰਥ ਵਿਚੋਂ ਉਸ ਨਾਲ ਖਹਿ ਕੇ ਨਿਕਲਦਾ ਹੈ। ਉਹ ਉਸ ਬਲਦੇ ਰੁੱਖ ਵਾਂਗ ਹੈ ਜਿਹੜਾ ਦੂਜਿਆਂ ਵਾਸਤੇ ਬਹਾਰ ਦੀ ਉਡੀਕ ਵਿਚ ਹੈ। ਉਹ ਇਮਾਰਤਾਂ ਦੇ ਅੰਦਰ ਇਬਾਰਤਾਂ ਤੇ ਪੱਥਰਾਂ ਵਿਚ ਆਤਮਾ ਭਰਦਾ ਰਿਹਾ। ਉਸਦੀ ਲੋਅ ਦੀਵੇ ਜਿਹੀ ਸੀ ਪਰ ਉਸਦਾ ਵਿਸ਼ਵਾਸ ਹੈ ਕਿ ਉਹ ਤਾਰੇ ਵਾਂਗ ਚਮਕੇਗਾ, ਤੇ ਇਸ ਸੱਚ ਨੂੰ ਅੱਜ ਦੇਖਿਆ ਜਾ ਸਕਦਾ ਹੈ। ਪਾਤਰ ਆਪਣੇ ਯੁੱਗ ਦੇ ਦੋ ਮਹਾਨ ਕਵੀਆਂ ਸ਼ਿਵ ਕੁਮਾਰ ਅਤੇ ਪਾਸ਼ ਨਾਲੋਂ ਇਸ ਲਈ ਵੱਖਰਾ ਹੈ ਕਿਉਂਕਿ ਦੋਹਾਂ ਦੀਆਂ ਰਚਨਾਵਾਂ ਮਾਣਦਿਆਂ ਵੀ ਕੋਈ ਸ਼ਿਵ ਨਹੀਂ ਹੋਣਾ ਚਾਹੁੰਦਾ; ਪਾਸ਼ ਬਣਨਾ ਤਾਂ ਹੈ ਹੀ ਬਹੁਤ ਮੁਸ਼ਕਲ। ਪਾਠਕ ਊਹਨਾਂ ਨੂੰ ਵਿੱਥ ਤੇ ਖਲੋ ਕੇ ਮਾਣਦੇ ਤੇ ਪਿਆਰਦੇ ਹਨ। ਪਰ ਪਾਤਰ ਜ਼ਿੰਦਗੀ ਦੇ ਬਹੁਤ ਨੇੜੇ ਹੈ। ਪਾਤਰ ਵਿੱਚੋਂ ਪਾਠਕ ਆਪਣਾ-ਆਪ ਦੇਖਦਾ ਹੈ, ਉਸਨੁੰ ਆਪਣਾ ਚਿਹਰਾ ਲੱਭਦਾ ਹੈ। ਪਾਠਕ ਪਾਤਰ ਦੀ ਕਵਿਤਾ ਨਾਲ ਇਕ ਦਮ ਆਤਮਸਾਤ ਹੋ ਜਾਂਦਾ ਹੈ। ਉਸਦਾ ਹੇਠਲਾ ਸੁਨੇਹਾ ਦੁਨੀਆਂ ਦੇ ਹਰ ਬਸ਼ਰ ਨੂੰ ਆਪਣੇ ਵੱਲ ਖਿੱਚਦਾ ਹੈ ਅਤੇ ਹਰੇਕ ਬੰਦਾ ਪਾਤਰ ਵਰਗਾ ਹੋਣਾ ਚਾਹੁੰਦਾ ਹੈ:

ਜੇ ਆਈ ਪਤਝੜ ਤਾਂ ਫ਼ੇਰ ਕੀ ਏ, ਤੂੰ ਅਗਲੀ ਰੁੱਤ ‘ਚ ਯਕੀਨ ਰੱਖੀਂ
ਮੈਂ ਲੱਭ ਕੇ ਕਿਤਿਉਂ ਲਿਆਉਨਾਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀਂ

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਤਰਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ