Aarti-Jagannath Puri : Saakhi Guru Nanak Dev Ji
ਆਰਤੀ-ਜਗਨਨਾਥ ਪੁਰੀ : ਗੁਰੂ ਨਾਨਕ ਦੇਵ ਜੀ ਸੰਬੰਧੀ ਸਾਖੀ
ਲੋਕਾਂ ਨੂੰ ਸੱਚੇ ਧਰਮ ਦਾ ਉਪਦੇਸ ਦਿੰਦੇ, ਗੁਰੂ ਨਾਨਕ ਦੇਵ ਜੀ ਜਗਨਨਾਥ ਪੁਰੀ ਜਾ ਪਹੁੰਚੇ । ਇਹ ਸਹਿਰ ਸਮੁੰਦਰ ਦੇ ਕੰਢੇ ਉੱਪਰ ਹੈ। ਇਥੇ ਹਿੰਦੂਆਂ ਦਾ ਵੱਡਾ ਤੀਰਥ ਹੈ। ਇਕ ਮੰਦਰ ਦੇ ਅੰਦਰ ਜਗਨਨਾਥ ਦੀ ਮੂਰਤੀ ਹੈ, ਜਿਸ ਦੀ ਬੜੀ ਪੂਜਾ ਹੁੰਦੀ ਹੈ।
ਗੁਰੂ ਜੀ ਮੰਦਰ ਤੋਂ ਕੁਝ ਵਿੱਥ ਤੇ ਜਾ ਕੇ ਬਹਿ ਗਏ ਭਾਈ ਮਰਦਾਨਾ ਜੀ ਰਬਾਬ ਵਜਾਉਣ ਲੱਗੇ। ਲੋਕ ਉਦਾਲੇ ਆ ਜੁੜੇ। ਕੀਰਤਨ ਸੁਣ ਕੇ ਮੋਹੇ ਗਏ। ਲੋਕਾਂ ਨੇ ਗੁਰੂ ਜੀ ਤੋਂ ਰੱਬ ਬਾਰੇ, ਗੱਲਾਂ ਪੁੱਛੀਆਂ। ਗੁਰੂ ਜੀ ਨੇ ਸਭ ਸਵਾਲਾਂ ਦੇ ਉੱਤਰ ਦਿਤੇ। ਤਿਰਕਾਲਾਂ ਪੈ ਗਈਆਂ। ਬ੍ਰਾਹਣਾਂ ਤੇ ਪੁਜਾਰੀਆਂ ਨੇ ਕਿਹਾ “ਜਗਨਨਾਥ ਦੀ ਆਰਤੀ ਹੋਣ ਲੱਗੀ ਹੈ, ਤੁਸੀਂ ਵੀ ਸਾਮਲ ਹੋਵੋ।”
ਗੁਰੂ ਜੀ ਨੇ ਕਿਹਾ, “ਜਗਤ ਦੇ ਨਾਥ ਪ੍ਰਮਾਤਮਾ ਦੀ ਆਰਤੀ ਵਿਚ ਅਸੀਂ ਜਰੂਰ ਸਾਮਲ ਹੋਵਾਗੇ।” ਗੁਰੂ ਜੀ ਜਗਨਨਾਥ ਦੇ ਮੰਦਰ ਪੁੱਜੇ। ਉਹ ਕੀ ਵੇਖਦੇ ਹਨ ਕਿ ਇਕ ਵੱਡੇ ਸਾਰੇ ਸੁਨਹਿਰੀ ਥਾਲ ਵਿਚ ਹੀਰੇ ਮੋਤੀ ਅਤੇ ਲਾਲ ਜੜੇ ਹੋਏ ਹਨ। ਇਸ ਵਿਚ ਇਕ ਵੱਡਾ ਸਾਰਾ ਚਹੁੰ ਵੱਟਿਆਂ ਵਾਲਾ ਦੀਵਾ ਹੈ। ਦੀਵੇ ਦੀਆਂ ਚਾਰੇ ਵੱਟੀਆਂ ਬਲ ਰਹੀਆਂ ਹਨ। ਦੀਵੇ ਦੇ ਲਾਗੇ ਥਾਲ ਵਿਚ ਧੂਪ ਧੁਖ ਰਹੀ ਹੈ। ਇਕ ਪਾਸੇ ਚਾਂਦੀ ਦੀ ਥਾਲੀ ਵਿਚ ਸੰਦਲ ਦਾ ਬੂਰ ਪਿਆ ਹੈ। ਉਸ ਉਪਰ ਮੁਸਕ ਕਾਫੂਰ ਦੀ ਡਲੀ ਰੱਖੀ ਹੋਈ ਹੈ, ਜਿਸ ਨੂੰ ਅੱਗ ਲਾਈ ਹੋਈ ਹੈ, ਮੂਰਤੀ ਨੂੰ ਚੌਰ ਹੋ ਰਿਹਾ ਹੈ। ਢੋਲਕੀਆਂ, ਛੈਣੇ ਵੱਜ ਰਹੇ ਹਨ। ਮੂਰਤੀ ਦੀ ਆਰਤੀ ਹੋ ਰਹੀ ਹੈ। ਥਾਲ ਨੂੰ ਹੇਠਾਂ-ਉਪਰ ਅਤੇ ਗੋਲ ਚੱਕਰ ਵਿਚ ਘੁਮਾਇਆ ਜਾ ਰਿਹਾ ਹੈ। ਨਾਲ ਨਾਲ ਬ੍ਰਾਹਮਣ ਤੇ ਹੋਰ ਲੋਕ ਭਜਨ ਗਾ ਰਹੇ ਹਨ।
ਗੁਰੂ ਜੀ ਚੁੱਪ ਕੀਤੇ ਬਾਹਰ ਆ ਗਏ। ਆਪ ਤਾਰਿਆਂ ਨਾਲ ਜੜ੍ਹਤ ਨੀਲੇ ਅਸਮਾਨ ਨੂੰ ਵੇਖਦੇ ਰਹੇ ਤੇ ਰੱਬ ਦੀ ਕੁਦਰਤ ਨੂੰ ਵੇਖ ਕੇ ਉਸ ਦਾ ਜਸ ਕਰਦੇ ਰਹੇ। ਜਦੋਂ ਲੋਕੀ ਆਰਤੀ ਕਰਕੇ ਬਾਹਰ ਆਏ ਤਾਂ ਉਹਨਾਂ ਨੇ ਗੁਰੂ ਜੀ ਨੂੰ ਪੁੱਛਿਆ, “ਤੁਸੀਂ ਆਰਤੀ ਵਿਚ ਸਾਮਲ ਕਿਉਂ ਨਹੀ ਹੋਏ ?” ਗੁਰੂ ਜੀ ਨੇ ਬੜੇ ਧੀਰਜ ਨਾਲ ਉੱਤਰ ਦਿੱਤਾ, “ਮੈਂ ਤਾਂ ਜਗਤ ਦੇ ਮਾਲਕ ਪ੍ਰਮਾਤਮਾ ਦੀ ਸੱਚੀ ਆਰਤੀ ਕਰ ਰਿਹਾ ਸਾਂ। ਤੁਸੀਂ ਆਪ ਉਸ ਸੱਚੀ ਆਰਤੀ ਵਿਚ ਸਾਮਲ ਨਹੀਂ ਹੋਏ।”
ਇਕ ਬ੍ਰਾਹਮਣ ਨੇ ਪੁੱਛਿਆ, “ਤੁਸੀਂ ਇੱਥੇ ਬੈਠੇ ਕਿਹੜੀ ਆਰਤੀ ਕਰਦੇ ਰਹੇ ਹੋ ? ਆਰਤੀ ਤਾਂ ਮੰਦਰ ਦੇ ਅੰਦਰ ਹੋ ਰਹੀ ਸੀ।”
ਗੁਰੂ ਜੀ ਨੇ ਦੱਸਿਆ, “ਜਗਤ ਦੇ ਮਾਲਕ ਦੀ ਸੱਚੀ ਆਰਤੀ ਹਰ ਸਮੇਂ, ਹਰ ਜਗ੍ਹਾਂ ਹੋ ਰਹੀ ਹੈ। ਅਸੀਂ ਇਨਸਾਨ ਦੇ ਹੱਥੀਂ ਘੜੀ ਹੋਈ ਕਿਸੇ ਮੂਰਤੀ ਦੀ ਆਰਤੀ ਨਹੀਂ ਕਰਦੇ। ਅਸੀਂ ਤਾਂ ਪ੍ਰਮਾਤਮਾ ਦੀ ਸੱਚੀ ਆਰਤੀ ਕਰਦੇ ਹਾਂ।” ਇਹ ਬਚਨ ਕਹਿ ਕੇ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਇਸਾਰਾ ਕੀਤਾ। ਭਾਈ ਮਰਦਾਨਾ ਜੀ ਨੇ ਰਬਾਬ ਵਜਾਈ। ਗੁਰੂ ਜੀ ਨੇ ਧਨਾਸਰੀ ਰਾਗ ਵਿਚ ਇਹ ਸਬਦ ਉਚਾਰਿਆ:
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥
ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ ॥
ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥
ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥
ਸਭ ਮਹਿ ਜੋਤਿ ਜੋਤਿ ਹੈ ਸੋਇ ॥
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥
ਗੁਰ ਸਾਖੀ ਜੋਤਿ ਪਰਗਟੁ ਹੋਇ ॥
ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥
ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ ॥੪॥੧॥੭॥੯॥ (663)
ਸਬਦ ਦਾ ਕੀਰਤਨ ਕਰਨ ਮਗਰੋਂ ਗੁਰੂ ਜੀ ਨੇ ਉਸ ਦੇ ਅਰਥ ਸਮਝਾਏ । ਗੁਰੂ ਜੀ ਨੇ ਦੱਸਿਆ ਕਿ ਅਸਮਾਨ ਇਕ ਥਾਲ ਹੈ। ਸੂਰਜ ਅਤੇ ਚੰਦ ਉਸ ਥਾਲ ਵਿਚ ਮਾਨੋ ਦੀਵੇ ਹਨ, ਤਾਰੇ ਮੋਤੀ ਹਨ। ਸੁਗੰਧੀ ਵਾਲੇ ਫੁੱਲ ਤੇ ਚੰਦਨ ਦੇ ਰੁੱਖ ਧੂਪ ਹਨ, ਵਗ ਰਹੀ ਹਵਾ ਚੋਰ ਕਰ ਰਹੀ ਹੈ। ਵਾਹਿਗੁਰੂ ਇਹ ਆਰਤੀ ਹਰ ਸਮੇਂ ਆਪ ਵੇਖ ਰਿਹਾ ਹੈ ਅਤੇ ਖੁਸ ਹੋ ਰਿਹਾ ਹੈ। ਇਹ ਆਰਤੀ ਹਰ ਸਮੇਂ ਹੁੰਦੀ ਰਹਿੰਦੀ ਹੈ। ਤੁਸੀਂ ਵੀ ਸਾਰੇ ਐਸੀ ਸੱਚੀ ਆਰਤੀ ਵਿਚ ਸਾਮਲ ਹੋਵੇ। ਪ੍ਰਭੂ ਦੀ ਆਰਤੀ ਇਹਨਾਂ ਥਾਲਾਂ ਨਾਲ ਨਹੀਂ ਉਤਾਰੀ ਜਾ ਸਕਦੀ ਤੇ ਨਾ ਹੀ ਕੋਈ ਮਨੁੱਖ ਜਾਂ ਉਸ ਦੀ ਮੂਰਤੀ ਜਗਨਨਾਥ ਪ੍ਰਭੂ ਹੋ ਸਕਦੀ ਹੈ। ਸਭ ਨੂੰ ਸੱਚੀ ਆਰਤੀ ਦਾ ਪਤਾ ਲੱਗਾ। ਲੋਕਾਂ ਨੂੰ ਸਮਝ ਆਈ ਕਿ ਮੂਰਤੀ ਪੂਜਾ ਦਾ ਕੋਈ ਲਾਭ ਨਹੀਂ। ਸਾਨੂੰ ਜਗਤ ਦੇ ਸੱਚੇ ਮਾਲਕ ਪ੍ਰਮਾਤਮਾ ਦੀ ਬੰਦਗੀ ਕਰਨੀ ਚਾਹੀਦੀ ਹੈ।
(ਵਿਸ਼ੇਸ਼: ਮਹਾਂਕਵੀ ਰਾਬਿੰਦਰ ਨਾਥ ਟੈਗੋਰ ਨੇ ਵੀ ਇਸ ਸ਼ਬਦ ਨੂੰ ਬ੍ਰਹਿਮੰਡੀ-ਆਰਤੀ ਕਹਿਕੇ ਸਨਮਾਨ ਦਿੱਤਾ ਹੈ)