Aatmanand (Punjabi Story) : Tauqeer Chughtai
ਆਤਮਾਨੰਦ (ਕਹਾਣੀ) : ਤੌਕੀਰ ਚੁਗ਼ਤਾਈ
ਅੱਧ ਚਾਨਣੀ ਰਾਤ 'ਚ ਖੁੱਲੀ ਹੋਈ ਬਾਰੀ ਵਿੱਚੋਂ ਧਰੇਕ ਦੀਆਂ ਟਾਹਣੀਆਂ ਦਾ ਪਰਛਾਵਾਂ ਸਾਡੇ ਦੋਹਾਂ ਦੇ ਪਿੰਡਿਆਂ 'ਤੇ ਡੋਲ ਰਿਆ ਸੀ। ਅਸੀਂ ਪਲੰਗ 'ਤੇ ਇੱਕ ਦੂਜੇ ਦੇ ਲਾਗੇ ਇੰਝ ਲੇਟੇ ਹੋਏ ਸਾਂ ਜਿਵੇਂ ਦੋ ਦੁਸ਼ਮਣ ਲੜ ਲੜ ਕੇ ਹਾਰ ਜਾਂਦੇ ਨੇ ਪਰ ਫ਼ਿਰ ਵੀ ਲੜਨ ਤੋਂ ਨਹੀਂ ਹਟਦੇ।ਸਾਡੇ ਵਿਆਹ ਨੂੰ ਬਾਰਾਂ ਸਾਲ ਹੋ ਗਏ ਸਨ ਪਰ ਬੱਚਾ ਕੋਈ ਨਹੀਂ ਸੀ। ਮੈਂ ਬੱਚਾ ਜੰਮਣਾ ਵੀ ਨਹੀਂ ਸੀ ਚਾਹੁੰਦੀ, ਇਹ ਗੱਲ ਨਹੀਂ ਕਿ ਮੈਨੂੰ ਬੱਚੇ ਚੰਗੇ ਨਹੀਂ ਲੱਗਦੇ, ਮੈਨੂੰ ਉਹ ਤੀਵੀਆਂ ਨਹੀਂ ਚੰਗੀਆਂ ਲੱਗਦੀਆਂ, ਜੋ ਉੱਤੇ ਤਲੇ ਬਾਲ ਜੰਮ ਜੰਮ ਕੇ ਆਪਣੀ ਜਵਾਨੀ ਨੂੰ ਘੁਣ ਲਾ ਲੈਂਦੀਆਂ ਨੇ ਤੇ ਪੰਝੀ ਸਾਲ ਦੀ ਉਮਰੇ ਹੀ ਪੰਜਾਹ ਸਾਲ ਦੀਆਂ ਲਗਦੀਆਂ ਨੇ । ਉਹਦੇ ਹੱਥ ਮੇਰੇ ਪਿੰਡੇ ਦਾ ਸੇਕ ਟੋਹ ਰਹੇ ਸਨ ਪਰ ਮੈਨੂੰ ਕੁਝ ਵੀ ਨਹੀਂ ਸੀ ਹੋ ਰਿਆ। ਇਸ ਲਈ ਕਿ ਉਹਦਾ ਮਨ ਤਾਂ ਸਭ ਕੁਝ ਚਾਹ ਰਿਆ ਸੀ ਪਰ ਮੇਰਾ ਮਨ ਖ਼ਾਲੀ ਖਾਲੀ ਸੀ।
"ਰੇਸ਼ਮਾਂ !"
"ਜੀ"
" ਕੀ ਗਲ ਏ ਤੂੰ ਦਿਨੋ ਦਿਨੀਂ ਬਰਫ਼ ਦੀ ਡਲੀ ਬਣੀ ਜਾਂਦੀ ਏਂ ।"
" ਨਹੀਂ ਐਸੀ ਤਾਂ ਕੋਈ ਗੱਲ ਨਹੀਂ ।" ਮੈਂ ਉਹਨੂੰ ਆਖਿਆ ।
" ਹਾਲੀ ਕੱਲ੍ਹ ਈ ਤਾਂ ਅਸਾਂ ਸਭ ਕੁਝ ਕੀਤਾ ਸੀ, ੳਦੋਂ ਤੂੰ ਬਰਫ਼ ਦੀ ਡਲੀ ਬਣਿਆ ਹੋਇਆ ਸੈਂ, ਮੇਰੇ ਪੋਟਿਆਂ ਨੇ ਟੋਹ ਟੋਹ ਕੇ ਤੇਰੀ ਭੜਾਸ ਬਾਹਰ ਕੱਢੀ ਸੀ।"
" ਕੱਲ੍ਹ ਮੇਰਾ ਮਨ ਨਹੀਂ ਸੀ ਕਰ ਰਿਆ।" ਉਹਨੇ ਆਖਿਆ।
" ਖਾਲੀ ਮਨ ਨਹੀਂ ਸੀ ਕਰ ਰਿਆ, ਤੇਰਾ ਤਾਂ ਤਨ ਵੀ ਨਹੀਂ ਸੀ ਕਰ ਰਿਆ,ਸਗੋਂ.....।"
" ਹਾਂ ਤੂਂ ਠੀਖ ਕਹਿੰਦੀ ਏਂ, ਜਦੋਂ ਮਨ ਨਾ ਚਾਹੁੰਦਾ ਹੋਵੇ ਤਾਂ ਕੁਝ ਵੀ ਨਹੀਂ ਹੋ ਸਕਦਾ ,ਪਰ ਮੇਰਾ ਮਨ ਬਰਕਰਾਰ ਏ।" ਕਹਿੰਦਿਆਂ ਉਹਨੇ ਮੇਰਾ ਪਿੰਡਾ ਆਪਣੇ ਪਿੰਡੇ ਨਾਲ ਕੱਜ ਲਿਤਾ ਤੇ ਮੇਰਾ ਸੀਨਾ ਵੀ ਢੋਲਕੀ 'ਤੇ ਮੜ੍ਹੇ ਚਮ ਵਰਗਾ ਹੋ ਗਿਆ।
ਮਨ ਦੀ ਦੇਗ ਹੇਠਾਂ ਜਦੋਂ ਸਾਹਵਾਂ ਦੀ ਅਗ ਬਲੀ ਤਾਂ ਮੇਰੀ ਭੁੱਖ ਵੀ ਦੂਣੀ ਹੋ ਗਈ।
"ਮੈਨੂੰ ਰਾਹ 'ਚ ਨਾ ਛੱਡਣਾ,ਅੱਜ ਤੁਰੀ ਜਾ ਜਿੰਨਾ ਲੰਮਾ ਤੁਰ ਸਕਦਾਂ, ਮੇਰਾ ਜੀ ਕਰਦਾ ਏ ਅੱਜ ਦਾ ਪੈਂਡਾ ਸੌ ਕੋਹ ਲੰਮਾ ਹੋ ਜਾਵੇ।" ਮੈਂ ਮੁੜ੍ਹਕੇ 'ਚ ਭਿੱਜੀ ਨੇ ਉਹਨੂੰ ਆਖਿਆ। ਉਹਨੇ "ਹਛਾ" ਆਖਿਆ ਤੇ ਚੁੱਪ ਕਰ ਕੇ ਮੇਰੇ ਪਿੰਡੇ ਦੀ ਥਾਂ ਥਾਂ ਪੱਧਰੀ ਕਰਣ 'ਚ ਜੁੱਟ ਗਿਆ।
" ਤੈਨੂੰ ਯਾਦ ਏ ਜਦੋਂ ਸਾਡੀ ਸ਼ਾਦੀ ਹੋਈ ਸੀ ,ਤੇ ਪਹਿਲੀ ਰਾਤ ਦੀ ਪਹਿਲੀ ਮੁਲਾਕਾਤ....।"
" ਆਹੋ...।"
"ਤੇ ਜਦੋਂ ਤੀਜੇ ਦਿਨ ਮੈਨੂੰ ਲੈਕੇ ਗਏ ਸਨ...।"
"ਹਾਂ...।"
"ਤੈਨੂੰ ਸਤਵਾਂ ਵੀ ਯਾਦ ਏ ਨਾ...।"
"ਆਹੋ...।"
"ਤੂੰ ਬੋਲਦਾ ਕਯੋਂ ਨਹੀਂ,ਐੇਵੇਂ ਆਹੋ ਆਹੋ ਤੇ ਹਾਂ ਹਾਂ ਕਰੀ ਜਾਂਦਾ ਐਂ ......।" ਮੈਂ ਖਿੱਝ ਕੇ ਉਹਨੂੰ ਆਖਿਆ।
ਉਹਨੇ ਰੋਹ ਨਾਲ ਮੈਨੂੰ ਵੇਖਿਆ ਤੇ ਲੀੜੇ ਸਾਂਭਦਾ ਹੋਇਆ ਗੁਸਲ ਖਾਨੇ 'ਚ ਵੜ ਗਿਆ...
"ਬਸ ਹੋ ਗਿਆ ਨਾ ਤੇਰਾ ਕੰਮ ,ਮੈਨੂੰ ਅੱਧ 'ਚ ਛੱਡ ਕੇ ਦਫ਼ਾ ਹੋ ਗਿਆ,ਪਰ ਤੂੰ ਜਾਏਂਗਾ ਕਿੱਥੇ, ਬਾਹਰ ਆ ਮੈਂ ਤੈਨੂੰ ਨਹੀਂ ਛਡਣਾ।" ਮੈਂ ਗੁਸੇ ਨਾਲ ਉਹਨੂੰ ਆਖਿਆ।
"ਉਹਨੇ ਗੁਸਲ ਖਾਨੇ ਦੇ ਬੂਹੇ ਦੀ ਕੁੰਡੀ ਲਾ ਲਈ ਤੇ ਕੁਝ ਚਿਰ ਮਗਰੋਂ ਸ਼ਾਵਰ ਦੀ ਵਾਜ ਆਣ 'ਤੇ ਮੈਂ ਸਮਝ ਗਈ ਕਿ ਉਹ ਨ੍ਹਾਣ ਲਗ ਪਿਆ,ਇਹਦੇ ਨਾਲ ਈ ਮੈਰਾ ਪਿੰਡਾ ਹੋਲੀ ਹੋਲੀ ਢਲਦਾ ਢਲਦਾ ਮੰਜੀ 'ਤੇ ਖਿਲਰ ਗਿਆ।
ਜਦੋਂ ੳਹ ਬਾਹਰ ਆਇਆ ਤਾਂ ਮੈਂ ਉਹਨੂੰ ਅਖਿਆ " ਤੂੰ ਮੈਨੂੰ ਅਧੂਰਾ ਕਰ ਕੇ ਕਾਹਨੂੰ ਛੱਡ ਗਿਆ ਸੈਂ ?"
"ਮੈਂ ਕਦੋਂ ਤੋੜ ਚੜ੍ਹਿਆ ਸਾਂ।" ਉਹਨੇ ਆਖਿਆ ਪਰ ਉਹਦੀਆਂ ਅੱਖੀਆਂ 'ਚ ੳਹ ਤ੍ਰੇਹ ਨਹੀਂ ਸੀ ਜਿਹੜੀ ਘੰਟਾ ਕੁ ਪਹਿਲਾਂ ਸੀ।
"ਤੂੰ ਵੀ ਤੋੜ ਨਹੀਂ ਸੀ ਚੜ੍ਹਿਆ ?"
" ਨਹੀਂ ਮੈਂ ਅੰਦਰ ਵੜ ਕੇ......।"
"ਜੋ ਕਮ ਦਿਲ,ਦਿਮਾਗ਼ ਤੇ ਆਤਮਾ ਨਾਲ ਹੋਂਦੇ ਨੇ ਉਹਨਾਂ ਨੂੰ ਹੱਥ ਨਾਲ ਕਰਨਾ ਗੁਨਾਹ ਹੋਂਦਾ ਏ।" ਮੈਂ ਉਹਨੂੰ ਆਖਿਆ।
"ਹੱਥ ਨਾਲ ਹੱਥ, ਦਿਲ ਨਾਲ ਦਿਲ ਤੇ ਸੋਚ ਨਾਲ ਸੋਚ ਮਿਲਦੀ ਏ,ਪਰ ਇਨ੍ਹਾਂ ਸਾਰਿਆਂ ਦਾ ਅੰਤ ਆਤਮਾ 'ਤੇ ਜਾ ਕੇ ਹੋਂਦਾ ਏ, ਜਦੋਂ ਆਤਮਾ ਤੇ ਆਤਮਾ ਰਲ ਕੇ ਕੋਈ ਕਮ ਕਰਦੀਆਂ ਹੋਣ ਤਾਂ ਵਾ ਦਾ ਬੁਲਾ ਵੀ ਭਾਰਾ ਲਗਦਾ ੲੇ,ਬਸ ਚੁੱਪ ਦੀ ਕੁੱਖ ਵਿਚੋਂ ਬਾਹਰ ਆਂਦੇ ਸੁਫ਼ਨੇ ਹੀ ਚੰਗੇ ਲਗਦੇ ਨੇ।ਗੱਲਾਂ ਤਾਂ ਅਸੀਂ ਹਰ ਵੇਲੇ ਕਰਦੇ ਈ ਰਹਿੰਦੇ ਆਂ..।"
ਉਹ ਭਿੱਜੇ ਹੋਏ ਪਿੰਡੇ ਨਾਲ ਮੇਰੇ ਲਾਗੇ ਲਮਾ ਪੇ ਗਿਆ। ਮੈਂ ਅੱਖਾਂ ਬੰਦ ਕਰ ਕੇ ੳੁਹਦੇ ਸਿਰ ਦੇ ਵਾਲ ਪਲੋਸਣ ਲੱਗ ਪਈ। ਕੋਈ ਵਾਜ ਨਹੀਂ ਸੀ ਆ ਰਹੀ,ਚੰਨ ਹੋਰ ਵੀ ਨੀਵਾਂ ਹੋ ਗਿਆ ਸੀ,ਅੱਧ ਚਾਣਨੀ ਰਾਤ ਨਹੀਂ ਸੀ ਰਹੀ,ਅੱਖਾਂ ਵਿੱਚ ਨੀਂਦਰ ਨੇ ਡੇਰੇ ਲਾ ਲਏ ਸਨ ਪਰ ਫਿਰ ਵੀ ਇੰਜ ਲਗਦਾ ਸੀ ਜਿਵੇਂ ਮੈਂ ਆਪਣੇ ਪੇਕੇ ਘਰੋਂ ਤੀਜਾ ਕਰ ਕੇ ਅੱਜ ਈ ਆਈ ਹੋਵਾਂ ।