Ababeel (Story in Punjabi) : Khwaja Ahmad Abbas

ਅਬਾਬੀਲ/ਕਾਲੀ ਚਿੜੀ (ਕਹਾਣੀ) : ਖ਼ਵਾਜਾ ਅਹਿਮਦ ਅੱਬਾਸ

ਉਸਦਾ ਨਾਂ ਤਾਂ ਰਹੀਮ ਖ਼ਾਂ ਸੀ, ਪਰ ਉਸ ਵਰਗਾ ਜਾਲਮ ਸਾਇਦ ਹੀ ਕੋਈ ਹੋਰ ਹੋਵੇ ! ਸਾਰਾ ਪਿੰਡ ਉਸਦੇ ਨਾਂ ਤੋਂ ਕੰਬਦਾ ਸੀ। ਇਕ ਦਿਨ ਇਕ ਲੁਹਾਰ ਦੇ ਪੁੱਤਰ ਨੇ ਉਸਦੇ ਬਲ੍ਹਦ ਦੀ ਪੂਛ ਨਾਲ ਛਾਪੇ ਬੰਨ੍ਹ ਦਿੱਤੇ, ਰਹੀਮ ਖ਼ਾਂ ਨੇ ਬੱਚੇ ਨੂੰ ਮਾਰ-ਮਾਰ ਕੇ ਅੱਧ ਮੋਇਆ ਕਰ ਛੱਡਿਆ ਅਗਲੇ ਦਿਨ ਸਰਕਾਰੀ ਅਫ਼ਸਰ ਦੀ ਘੋੜੀ ਉਸਦੇ ਖੇਤ ਵਿਚ ਆ ਵੜੀ ਤਾਂ ਰਹੀਮ ਖ਼ਾਂ ਨੇ ਉਸਨੂੰ ਐਨਾ ਕੁੱਟਿਆ ਕਿ ਉਹ ਲਹੂ-ਲੁਹਾਣ ਹੋ ਗਈ। ਲੋਕ ਕਹਿੰਦੇ ਕਿ 'ਕੰਬਖ਼ਤ ਨੂੰ ਰੱਬ ਦਾ ਭੈ ਵੀ ਨਹੀਂ …ਅਣਭੋਲ ਹੋਵੇ ਜਾਂ ਬੇਜ਼ੁਬਾਨ, ਕਿਸੇ ਨੂੰ ਵੀ ਨਹੀਂ ਬਖ਼ਸ਼ਦਾ। ਜ਼ਰੂਰ ਨਰਕਾਂ ਅੱਗ 'ਚ ਸੜੇਗਾ।' ਪਰ ਇਹ ਸਭ ਕੁਝ ਉਹ ਉਸਦੀ ਪਿੱਠ ਪਿੱਛੇ ਹੀ ਕਹਿੰਦੇ ਸਨ। ਇਕ ਦਿਨ ਇਕ ਵਿਚਾਰੇ ਦੀ ਸ਼ਾਮਤ ਆ ਗਈ ਕਿ ਉਹ ਰਹੀਮ ਖ਼ਾਂ ਨੂੰ ਆਖ ਬੈਠਾ :
"ਓਇ ਰਹੀਮ ਖ਼ਾਨਾ ! ਤੂੰ ਕਿਉਂ ਨਿਆਣਿਆਂ ਨੂੰ ਮਾਰਦਾ ਏਂ...?" ਬਸ ਉਸਦੀ ਓਹ ਗਤ ਬਣਾਈ ਕਿ ਉਸ ਦਿਨ ਤੋਂ ਲੋਕਾਂ ਰਹੀਮ ਖ਼ਾਂ ਨਾਲ ਗੱਲ ਕਰਨੀਂ ਛੱਡ ਦਿੱਤੀ, ਖਬਰੇ ਕਿਸ ਗੱਲ ਤੇ ਵਿਗੜ ਬੈਠਣਾ ਸੀ ਉਸਨੇ !
ਭਾਵੇਂ ਸਾਰੇ ਪਿੰਡ ਨੇ ਉਸ ਨਾਲ ਗੱਲ ਕਰਨੀ ਛੱਡ ਦਿੱਤੀ ਸੀ ਪਰ ਉਸ ਉੱਤੇ ਕੋਈ ਅਸਰ ਨਹੀਂ ਸੀ ਹੋਇਆ। ਸਵੇਰੇ ਸਵਖ਼ਤੇ ਹੀ ਉਹ ਹਲ ਮੋਢੇ ਉੱਤੇ ਧਰੀ ਖੇਤ ਵੱਲ ਜਾਂਦਾ ਦਿਸਦਾ। ਰਾਹ ਵਿਚ ਕਿਸੇ ਨਾਲ ਗੱਲ ਨਾ ਕਰਦਾ, ਪਰ ਖੇਤ ਪਹੁੰਚ ਕੇ ਬਲ੍ਹਦਾਂ ਨਾਲ ਬੰਦਿਆਂ ਵਾਂਗ ਗੱਲਾਂ ਕਰਨ ਲੱਗ ਪੈਂਦਾ। ਦੋਹਾਂ ਬਲ੍ਹਦਾਂ ਦੇ ਉਸਨੇ ਨਾਂ ਰੱਖੇ ਹੋਏ ਸਨ…ਨੱਥੂ ਤੇ ਛਿੱਦੂ। ਹਲ ਵਾਹੁੰਦਿਆਂ ਬੋਲਦਾ, "ਕਿਉਂ ਓਇ ਨੱਥੂ, ਤੈਂ ਸਿੱਧਾ ਨੀ ਤੁਰਨਾਂ…ਅਹਿ ਕਿਆਰਾ ਅੱਜ ਤੇਰੇ ਪਿਓ ਨੇ ਪੂਰਾ ਕਰਨੈਂ ?" ਤੇ, "ਓਇ ਛਿੱਦੂ, ਤੇਰੀ ਵੀ ਸ਼ਾਮਤ ਆਈ ਏ ਕਿ ?" ਤੇ ਉਦੋਂ ਸੱਚੀ-ਮੁੱਚੀ ਉਹਨਾਂ ਵਿਚਾਰਿਆਂ ਦੀ ਸ਼ਾਮਤ ਹੀ ਆ ਜਾਂਦੀ ਸੀ। ਦੋਹਾਂ ਬਲ੍ਹਦਾਂ ਦੀਆਂ ਪਿੱਠਾਂ ਉੱਤੇ ਚਟਾਕ ਬਣ ਜਾਂਦੇ।
ਰਹੀਮ ਖ਼ਾਂ ਸ਼ਾਮ ਨੂੰ ਘਰ ਪਰਤਦਾ ਤਾਂ ਪਤਨੀ, ਬੱਚਿਆਂ ਤੇ ਹਿਰਖ ਲਾਹੁੰਦਾ। ਦਾਲ ਜਾਂ ਸਾਗ ਵਿਚ ਲੂਣ ਘੱਟ ਹੁੰਦਾ ਤਾਂ ਪਤਨੀ ਦਾ ਚੰਮ ਉਧੇੜ ਛੱਡਦਾ। ਕੋਈ ਬੱਚਾ ਸ਼ਰਾਰਤ ਕਰਦਾ ਤਾਂ ਉਸਨੂੰ ਪੁੱਠਾ ਟੰਗ ਕੇ ਕੁੱਟ-ਕੁੱਟ ਕੇ ਬੇਸੁੱਧ ਕਰ ਦਿੰਦਾ। ਨਿੱਤ ਹੀ ਮੁਸੀਬਤ ਖੜ੍ਹੀ ਰਹਿੰਦੀ। ਮਾਰ ਖਾ-ਖਾ ਕੇ ਪਤਨੀ ਅੱਧਮਰੀ ਜਿਹੀ ਹੋ ਗਈ ਸੀ। ਚਾਲ੍ਹੀ ਵਰ੍ਹਿਆਂ ਦੀ ਉਮਰ ਵਿਚ ਹੀ ਸੱਠਾਂ ਦੀ ਲੱਗਣ ਲੱਗ ਪਈ ਸੀ। ਬੱਚੇ ਛੋਟੀ ਉਮਰ ਵਿਚ ਤਾਂ ਕੁੱਟ ਖਾਂਦੇ ਰਹੇ, ਪਰ ਵੱਡਾ ਮੁੰਡਾ ਜਦੋਂ ਬਾਰਾਂ ਸਾਲ ਦਾ ਹੋਇਆ ਤਾਂ ਇਕ ਦਿਨ ਕੁੱਟ ਖਾ ਕੇ ਅਜਿਹਾ ਭੱਜਿਆ ਕਿ ਮੁੜ ਘਰ ਵਾਪਸ ਨਹੀਂ ਆਇਆ। ਨਾਲ ਦੇ ਪਿੰਡ ਰਿਸ਼ਤੇਦਾਰੀ 'ਚੋਂ ਉਹਦਾ ਇਕ ਚਾਚਾ ਰਹਿੰਦਾ ਸੀ…ਉਹ ਉਸ ਕੋਲ ਜਾ ਕੇ ਰਹਿਣ ਲੱਗ ਪਿਆ ਸੀ। ਇਕ ਦਿਨ ਪਤਨੀ ਨੇ ਡਰਦਿਆਂ-ਡਰਦਿਆਂ ਆਖਿਆ :
"ਹਾਲਾਸਪੁਰ ਜਾਏਂ ਤਾਂ ਨੂਰੇ ਨੂੰ ਲੈਂਦਾ ਆਈਂ…"
ਤੇ ਨਾਲ ਦੀ ਨਾਲ ਉਹ ਭੜਕ ਉਠਿਆ ਤੇ ਬੋਲਿਆ, "ਮੈਂ ਉਸ ਬਦਮਾਸ਼ ਨੂੰ ਲੈਣ ਜਾਵਾਂ ? ਹੁਣ ਤਾਂ ਉਹ ਆਪੁ ਵੀ ਆਇਆ ਤਾਂ ਲੱਤਾਂ ਵੱਢ ਕੇ ਸੁੱਟ ਦਿਆਂਗਾ…" ਤੇ ਉਹ 'ਬਦਮਾਸ਼' ਭਲਾਂ ਕਿਉਂ ਮੌਤ ਦੇ ਮੂੰਹ ਵਿਚ ਆਉਂਦਾ ?
ਦੋ ਸਾਲ ਪਿੱਛੋਂ ਛੋਟਾ ਮੁੰਡਾ ਬਿੰਦੂ ਵੀ ਨੱਸ ਗਿਆ ਤੇ ਭਰਾ ਕੋਲ ਜਾ ਕੇ ਰਹਿਣ ਲੱਗ ਪਿਆ। ਹੁਣ ਰਹੀਮ ਖ਼ਾਂ ਕੋਲ ਗੁੱਸਾ ਠਾਰਨ ਲਈ ਸਿਰਫ ਪਤਨੀ ਹੀ ਰਹਿ ਗਈ ਸੀ ਤੇ ਉਸ ਨੇ ਏਨੀ ਮਾਰ ਖਾਧੀ ਸੀ ਕਿ ਉਸਨੂੰ ਇਸ ਦੀ ਆਦਤ ਜਿਹੀ ਪੈ ਗਈ ਸੀ।…ਤੇ ਇਕ ਦਿਨ ਰਹੀਮ ਖ਼ਾਂ ਨੇ ਉਸਨੂੰ ਏਨਾ ਕੁਟਾਪਾ ਚਾੜ੍ਹਿਆ ਕਿ ਉਸ ਤੋਂ ਵੀ ਸਬਰ ਨਾ ਹੋਇਆ ਤੇ ਉਹ ਮੌਕਾ ਵੇਖ ਕੇ ਆਪਣੀ ਮਾਂ ਦੇ ਘਰ ਚਲੀ ਗਈ ਤੇ ਆਪਣੀ ਗੁਆਂਢਣ ਨੂੰ ਕਹਿ ਗਈ ਕਿ ਰਹੀਮ ਖ਼ਾਂ ਆਏ ਤਾਂ ਉਸਨੂੰ ਦੱਸ ਦੇਈਂ ਕਿ ਉਹ ਕੁਝ ਦਿਨਾਂ ਲਈ ਆਪਣੇ ਪੇਕੇ, ਰਾਮ ਨਗਰ, ਚਲੀ ਗਈ ਏ।
ਸ਼ਾਮੀ ਰਹੀਮ ਖ਼ਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸਦਾ ਵਾਂਗ ਗੁੱਸੇ ਹੋਣ ਦੀ ਥਾਂ ਚੁੱਪ-ਚੁਪੀਤਾ ਆਪਣੇ ਬਲ੍ਹਦ ਬੰਨ੍ਹਣ ਤੁਰ ਗਿਆ। ਉਸਨੂੰ ਯਕੀਨ ਹੋ ਗਿਆ ਸੀ ਕਿ ਹੁਣ ਉਸਦੀ ਪਤਨੀ ਵੀ ਵਾਪਸ ਨਹੀਂ ਆਵੇਗੀ।
ਬਲ੍ਹਦ ਬੰਨ੍ਹ ਕੇ ਜਦੋਂ ਉਹ ਘਰ ਮੁੜਿਆ ਤਾਂ ਉੱਥੇ ਇਕ ਬਿੱਲੀ ਮਿਆਊਂ ਮਿਆਉਂ ਕਰਦੀ ਫਿਰਦੀ ਸੀ। ਕੋਈ ਹੋਰ ਘਰੇ ਹੈ ਨਹੀਂ ਸੀ, ਇਸ ਲਈ ਰਹੀਮ ਖ਼ਾਂ ਨੇ ਉਸੇ ਨੂੰ ਪੂਛੋਂ ਫੜ੍ਹ ਕੇ ਘਰੋਂ ਬਾਹਰ ਵਗਾਹ ਮਾਰਿਆ। ਚੁੱਲ੍ਹਾ ਠੰਡਾ ਪਿਆ ਸੀ। ਅੱਗ ਬਾਲ ਕੇ ਰੋਟੀ ਕੌਣ ਪਕਾਉਂਦਾ ? ਬਿਨਾਂ ਕੁਝ ਖਾਧੇ ਪੀਤੇ ਹੀ ਉਹ ਸੌਂ ਗਿਆ।
...
ਅਗਲੇ ਦਿਨ ਜਦੋਂ ਉਹ ਉਠਿਆ ਤਾਂ ਚਿੱਟਾ ਦਿਨ ਚੜ੍ਹਿਆ ਹੋਇਆ ਸੀ। ਪਰ ਅੱਜ ਉਸਨੂੰ ਖੇਤ ਜਾਣ ਦੀ ਬਹੁਤੀ ਕਾਹਲ ਨਹੀਂ ਸੀ। ਬੱਕਰੀਆਂ ਦਾ ਦੁੱਧ ਚੋਅ ਕੇ ਪੀ ਲਿਆ ਤੇ ਹੁੱਕਾ ਭਰ ਕੇ ਮੰਜੇ ਤੇ ਆ ਬੈਠਾ। ਹੁਣ ਘਰ ਦੇ ਅੰਦਰ ਵਾਰ ਵੀ ਧੁੱਪ ਆ ਗਈ ਸੀ। ਇਕ ਕੋਠੇ ਵਿਚ ਜਾਲੇ ਲੱਗੇ ਹੋਏ ਸਨ। ਸੋਚਿਆ ਕਿ ਸਫ਼ਾਈ ਹੀ ਕਰ ਲਏ। ਉਹ ਇਕ ਸੋਟੀ ਨਾਲ ਕਪੜਾ ਬੰਨ੍ਹ ਕੇ ਜਾਲੇ ਲਾਹੁਣ ਲੱਗਿਆ ਤਾਂ ਖਪਰੈਲ ਵਿਚ ਅਬਾਬੀਲ (ਕਾਲੀ ਚਿੜੀ) ਦਾ ਆਲ੍ਹਣਾ ਦਿਸ ਪਿਆ। ਦੋ ਅਬਾਬੀਲਾਂ ਕਦੇ ਅੰਦਰ ਆ ਤੇ ਕਦੇ ਬਾਹਰ ਜਾ ਰਹੀਆਂ ਸਨ। ਪਹਿਲਾਂ ਤਾਂ ਉਸਦੇ ਚਿੱਤ ਵਿਚ ਆਈ ਕਿ ਸੋਟੀ ਨਾਲ ਆਲ੍ਹਣਾ ਖਿਲਾਰ ਸੁੱਟੇ ਪਰ ਫੇਰ ਪਤਾ ਨਹੀਂ ਕਿਉਂ ਇਕ ਘੜੌਂਜੀ ਲਿਆ ਕੇ ਉਹ ਉਸ ਉੱਤੇ ਚੜ੍ਹ ਗਿਆ ਤੇ ਆਲ੍ਹਣੇ ਅੰਦਰ ਝਤੀਆਂ ਮਾਰਨ ਲੱਗ ਪਿਆ। ਉੱਥੇ ਲਾਲ ਲੋਥੜਿਆਂ ਵਰਗੇ ਦੋ ਬੋਟ ਚੂੰ ਚੂੰ ਕਰ ਰਹੇ ਸਨ।…ਤੇ ਦੋਵੇਂ ਅਬਾਬੀਲਾਂ ਉਹਨਾਂ ਦੀ ਰੱਖਿਆ ਖਾਤਰ ਉੱਤੇ ਚੱਕਰ ਲਾਉਣ ਲੱਗ ਪਈਆਂ ਸਨ। ਰਹੀਮ ਖ਼ਾਂ ਨੇ ਆਲ੍ਹਣੇ ਵੱਲ ਹੱਥ ਵਧਾਇਆ ਹੀ ਸੀ ਕਿ ਇਕ ਨੇ ਉਸ ਉੱਤੇ ਆਪਣੀ ਚੁੰਝ ਨਾਲ ਵਾਰ ਕੀਤਾ :
"ਓਇ ਤੂੰ ਅੱਖ ਕਢੇਂਗੀ ਕਿ ?" ਉਸ ਕਿਹਾ ਤੇ ਘੜੌਂਜੀ ਤੋਂ ਉਤਰ ਆਇਆ। ਆਲ੍ਹਣਾ ਸਲਾਮਤ ਰਹਿ ਗਿਆ।
ਅਗਲੇ ਦਿਨ ਤੋਂ ਉਸਨੇ ਖੇਤ ਜਾਣਾ ਸ਼ੁਰੂ ਕਰ ਦਿੱਤਾ। ਪਿੰਡ 'ਚੋਂ ਹੁਣ ਵੀ ਉਸ ਨਾਲ ਕੋਈ ਗੱਲ ਨਹੀਂ ਸੀ ਕਰਦਾ। ਉਹ ਸਾਰਾ ਦਿਨ ਖੇਤ ਵਿਚ ਕੰਮ ਕਰਦਾ ਪਰ ਸ਼ਾਮ ਨੂੰ ਸੂਰਜ ਛਿਪਣ ਤੋਂ ਪਹਿਲਾਂ ਹੀ ਘਰ ਪਰਤ ਆਉਂਦਾ। ਹੁੱਕਾ ਭਰ ਕੇ ਲੇਟ ਜਾਂਦਾ ਤੇ ਆਲ੍ਹਣੇ ਵੱਲ ਤੱਕਦਾ ਰਹਿੰਦਾ।
ਹੁਣ ਦੋਵੇਂ ਬੋਟ ਉੱਡਣ ਲੱਗ ਪਏ ਸਨ। ਰਹੀਮ ਖ਼ਾਂ ਨੇ ਉਹਨਾਂ ਦੇ ਨਾਂ ਆਪਣੇ ਬੱਚਿਆਂ ਵਾਲੇ ਰੱਖ ਦਿੱਤੇ ਸਨ। ਦੁਨੀਆਂ ਵਿਚ ਹੁਣ ਉਸਦੇ ਦੋਸਤ ਇਹ ਚਾਰ ਪੰਛੀ ਹੀ ਸਨ। ਲੋਕ ਹੈਰਾਨ ਸਨ ਕਿ ਉਹਨਾਂ ਕਈ ਦਿਨਾਂ ਤੋਂ ਉਸ ਨੂੰ ਬਲ੍ਹਦਾਂ ਨੂੰ ਕੁੱਟਦਿਆਂ ਵੀ ਨਹੀਂ ਸੀ ਵੇਖਿਆ। ਦੋਵੇਂ ਬਲ੍ਹਦ ਖੁਸ਼ ਸਨ। ਉਹਨਾਂ ਦੀਆਂ ਪਿੱਠਾਂ ਤੋਂ ਜਖ਼ਮਾਂ ਦੇ ਨਿਸ਼ਾਨ ਲਗਭਗ ਅਲੋਪ ਹੋ ਗਏ ਸਨ।
ਰਹੀਮ ਖ਼ਾਂ ਇਕ ਦਿਨ ਖੇਤੋਂ ਕੁਝ ਸਵਖ਼ਤੇ ਮੁੜ ਰਿਹਾ ਸੀ ਕਿ ਰਾਹ ਵਿਚ ਕੁਝ ਮੁੰਡੇ ਕੌਡੀ ਖੇਡਦੇ ਮਿਲ ਗਏ…ਪਰ ਉਹ ਉਸਨੂੰ ਵੇਖਦਿਆਂ ਹੀ ਆਪਣੀਆਂ ਜੁੱਤੀਆਂ ਛੱਡ ਕੇ ਨੱਸ ਗਏ। ਉਹ ਕਹਿੰਦਾ ਹੀ ਰਹਿ ਗਿਆ, "ਓਇ ਐਂ ਮੈਂ ਕੋਈ ਖਾਂਦਾ ਤਾਂ ਨੀਂ ਥੁਹਾਨੂੰ…"
...
ਅਸਮਾਨ ਉੱਤੇ ਬੱਦਲ ਛਾਏ ਹੋਏ ਸਨ। ਉਹ ਬਲ੍ਹਦਾਂ ਨੂੰ ਕਾਹਲ ਨਾਲ ਹਿੱਕ ਕੇ ਘਰ ਪਹੁੰਚਿਆ। ਉਦੋਂ ਹੀ ਬੱਦਲ ਜ਼ੋਰ ਨਾਲ ਗਰਜੇ ਤੇ ਮੀਂਹ ਲੱਥ ਪਿਆ।
ਰਹੀਮ ਖ਼ਾਂ ਨੇ ਘਰ ਆ ਕੇ ਬੂਹੇ ਬੰਦ ਕੀਤੇ ਤੇ ਦੀਵਾ ਬਾਲ ਲਿਆ। ਫੇਰ ਰੋਜ਼ ਵਾਂਗ ਬੇਹੀ ਰੋਟੀ ਭੋਰ ਕੇ ਆਲ੍ਹਣੇ ਕੋਲ ਇਕ ਟਾਂਡ ਉੱਤੇ ਸੁੱਟ ਆਇਆ।
ਓਇ ਓ ਬਿੰਦੂ ! ਓਇ ਨੂਰਿਆ !! ਉਸ ਹਾਕ ਮਾਰੀ, ਪਰ ਬੋਟ ਆਲ੍ਹਣਿਓਂ ਬਾਹਰ ਨਾ ਨਿਕਲੇ। ਉਸਨੇ ਆਲ੍ਹਣੇ ਵਿਚ ਨਿਗਾਹ ਮਾਰੀ ਤਾਂ ਚਾਰੇ ਪੰਛੀ ਆਪਣੇ ਖੰਭਾਂ ਵਿਚ ਸਿਰ ਲਕੋਈ ਸਹਿਮੇ ਬੈਠੇ ਸਨ। ਉਹਨਾਂ ਉੱਤੇ ਛੱਤ ਚੋਂ ਪਾਣੀ ਤ੍ਰਿਪ ਰਿਹਾ ਸੀ। ਰਹੀਮ ਖ਼ਾਂ ਨੇ ਸੋਚਿਆ ਜੇ ਪਾਣੀ ਇਵੇਂ ਚੋਂਦਾ ਰਿਹਾ ਤਾਂ ਆਲ੍ਹਣਾ ਗਲ ਜਾਏਗਾ। ਉਹ ਘਰੋਂ ਬਾਹਰ ਨਿਕਲਿਆ ਤੇ ਵਰ੍ਹਦੇ ਮੀਂਹ ਵਿਚ ਛੱਤ ਉਪਰ ਚੜ੍ਹ ਕੇ ਮੋਰੀ ਬੰਦ ਕਰਨ ਲੱਗ ਪਿਆ। ਆਖ਼ੀਰ ਜਦੋਂ ਉਹ ਹੇਠਾਂ ਉਤਰਿਆ ਤਾਂ ਮੀਂਹ ਨਾਲ ਭਿੱਜ ਕੇ ਗੱਚ ਹੋ ਚੁੱਕਿਆ ਸੀ। ਅੰਦਰ ਆਇਆ ਤਾਂ ਉਸਨੂੰ ਛਿੱਕਾਂ ਆਉਣ ਲੱਗ ਪਈਆਂ।
ਉਸ ਗਿੱਲੇ ਕਪੜੇ ਬਦਲੇ ਤੇ ਚਾਦਰ ਤਾਣ ਕੇ ਲੇਟ ਗਿਆ। ਅਗਲੇ ਦਿਨ ਸਵੇਰੇ ਉਠਿਆ ਤਾਂ ਉਸਨੂੰ ਬੁਖ਼ਾਰ ਚੜ੍ਹਿਆ ਹੋਇਆ ਸੀ ਤੇ ਹੱਡ-ਭੱਨਣੀ ਲੱਗੀ ਹੋਈ ਸੀ। ਪਰ ਹਾਲ-ਚਾਲ ਕੌਣ ਪੁੱਛਦਾ ? ਕੌਣ ਦੁਆ-ਦਾਰੂ ਕਰਦਾ ? ਦੋ ਦਿਨ ਉਹ ਓਵੇਂ ਪਿਆ ਰਿਹਾ।
ਜਦੋਂ ਲੋਕਾਂ ਉਸਨੂੰ ਖੇਤ ਜਾਂਦਿਆਂ ਨਾ ਦੇਖਿਆ ਤਾਂ ਉਹਨਾਂ ਨੂੰ ਚਿੰਤਾ ਹੋਈ ਕਿ ਕਿਤੇ ਬਿਮਾਰ ਹੀ ਨਾ ਹੋ ਗਿਆ ਹੋਵੇ ! ਕੁਝ ਲੋਕ ਉਸਦੇ ਘਰ ਤੱਕ ਆਏ। ਉਹਨਾਂ ਅੰਦਰ ਝਾਕ ਕੇ ਵੇਖਿਆ ਤਾਂ ਉਹ ਬਿਸਤਰੇ ਉੱਤੇ ਲੇਟਿਆ ਹੋਇਆ ਸੀ ਤੇ ਆਪ-ਮੁਹਾਰੇ ਗੱਲਾਂ ਕਰੀ ਜਾ ਰਿਹਾ ਸੀ…ਓਇ ਬਿੰਦੂ ! ਓਇ ਨੂਰਿਆ !!ਕਿੱਥੇ ਮਰ ਗਏ ਓਇ…ਅੱਜ ਤੁਹਾਨੂੰ ਕੌਣ ਰੋਟੀ ਖੁਆਊ ?
ਅਬਾਬੀਲਾਂ ਕਮਰੇ ਵਿਚ ਖੰਭ ਫੜਫੜਾਉਂਦੀਆਂ ਫਿਰ ਰਹੀਆਂ ਸਨ।
"ਲੱਗਦੈ, ਵਿਚਾਰਾ ਪਾਗਲ ਹੋ ਗਿਐ…" ਕਾਲੂ ਜ਼ਿਮੀਂਦਾਰ ਨੇ ਕਿਹਾ, "ਕੱਲ ਸਵੇਰੇ ਹਸਪਤਾਲ ਵਾਲਿਆਂ ਨੂੰ ਖਬਰ ਕਰ ਦਿਆਂਗੇ ਬਈ ਇਸਨੂੰ ਲੈ ਜਾਣ…"
...
ਦੂਜੇ ਦਿਨ ਸਵੇਰੇ ਲੋਕ ਹਸਪਤਾਲ ਵਾਲਿਆਂ ਨੂੰ ਸੱਦ ਲਿਆਏ, ਪਰ ਰਹੀਮ ਖ਼ਾਂ ਦੇ ਅੰਦਰ ਵੜੇ ਤਾਂ ਉਹ ਮਰਿਆ ਪਿਆ ਸੀ…ਚਾਰੇ ਅਬਾਬੀਲਾਂ ਉਸਦੀ ਪੁਆਂਦੀ ਨੀਵੀਂ ਪਾਈ ਬੈਠੀਆਂ ਸਨ।
(ਅਨੁਵਾਦ: ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਖ਼ਵਾਜਾ ਅਹਿਮਦ ਅੱਬਾਸ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ