ਅੱਧੀ ਛੁੱਟੀ ਪੂਰੀ ਛੁੱਟੀ (ਕਹਾਣੀ) : ਬਲੀਜੀਤ

ਦੋ ਵਾਰ ਉਠਾਇਆ । ਪਰ ਬਬਲੀ ਫੇਰ ਵੀ ਕਿਸੇ ਨਸ਼ੇੜੀ ਵਾਂਗ ਵਟਾ ਖਾ ਕੇ ਵੱਖੀ ਭਾਰ ਵਿਹੜੇ 'ਚ ਲੰਮੀ ਪਈ ਰਹੀ । ਅੱਖਾਂ ਬੰਦ । ਸੁਆਲੀਆ ਨਿਸ਼ਾਨ ਵਾਂਗ ਪਈ ਕੁੜੀ ਦੀ ਗੱਲ੍ਹ ਉੱਤੇ ਉਸ ਨੇ ਛੋਟੀ ਜਿਹੀ ਥਪਕੀ ਮਾਰੀ:

'' ਬਬਲੀ... ਬਬਲੀ ਉੱਠ...'' ਕੁੜੀ ਨੇ ਅੱਖਾਂ ਖੋਲ੍ਹੀਆਂ । ਪੂਰੀਆਂ ਨਹੀਂ । ਤੇ ਅੱਖਾਂ ਫੇਰ ਮੀਚ ਲਈਆਂ । ਬਿੱਲੂ ਨੂੰ ਕੁੱਝ ਸੁੱਝੇ ਨਾ । ਜਿਹੜੀ ਸਵੇਰ ਦੀ ਟੱਪਦੀ ਫਿਰਦੀ ਸੀ ਹੁਣ ਉਸ ਤੋਂ ਲੱਤਾਂ ਉੱਤੇ ਖੜਿ੍ਹਆ ਵੀ ਨਹੀਂ ਸੀ ਜਾਂਦਾ । ਆਲੇ ਦੁਆਲੇ ਵੇਖਿਆ । ਘਰ 'ਚ ਹੋਰ ਕੋਈ ਨਾ ਦਿਸਿਆ । ਸਿਵਾਏ ਡੁੱਬਦੇ ਸੂਰਜ ਦੇ ਬਣਾਏ ਆਪਣੇ ਹੀ ਘਰ ਦੇ ਪ੍ਰਛਾਵੇਂ ਤੋਂ । ਉਹ ਬੇਹੱਦ ਸ਼ਸ਼ੋਪੰਜ ਵਿੱਚ ਪੈ ਗਿਆ । ਸੋਚਿਆ ਮਾਂ ਕਿੱਥੇ ਹੋਵੇਗੀ? ਬੇਬੇ ਅੰਮਾਂ ਕਿੱਥੇ ਹੋਵੇਗੀ? ਬਾਪੂ? ਅੱਖਾਂ ਬੰਦ ਕਰਨ ਨਾਲ ਤਾਂ ਮਰ ਜਾਂਦੇ ਹਨ । ਕਿਆ ਛੇ ਸਾਲ ਦੀ ਉਸ ਦੀ ਭੈਣ ਮਰ ਰਹੀ ਸੀ? ਜਾਂ ਮਰ ਗਈ ਸੀ? ਛੋਟੇ ਪੌਣੇ ਕੁ ਘਰ 'ਚ ਸਭ ਕੁੱਝ ਉਵੇਂ ਈ ਸੀ । ਪਰ ਕੋਈ ਵੱਡਾ ਮਰਦ ਔਰਤ ਉੁੱਥੇ ਨਹੀਂ ਸੀ ਜਿਸ ਨੂੰ ਮਰ ਰਹੀ ਬਬਲੀ ਦੀ ਸਪੁਰਦਗੀ ਕਰ ਕੇ ਬਿੱਲੂ ਸੁਰਖ਼ਰੂ ਹੋ ਸਕਦਾ । ਉਸ ਦਾ ਰੋਣਾ ਨਿਕਲਣ ਵਾਲਾ ਸੀ ਪਰ ਹੰਝੂ ਅੱਖਾਂ ਵਿੱਚ ਨਹੀਂ, ਕਿਸੇ ਹੋਰ ਅੰਗ 'ਚ ਸਨ । ਮਾਂ... ਉਹ ਤਾਂ ਸਾਰੀਆਂ ਇੱਕਠੀਆਂ ਹੋ ਕੇ ਸੜਕ ਪਾਰ ਧਾਨਾਂ ਦੇ ਖੇਤਾਂ 'ਚੋਂ ਡੀਲਾ ਤੇ ਹੋਰ ਨਦੀਣ ਪੁੱਟਣ ਗਈਆਂ ਹੋਈਆਂ ਸਨ । ਖ਼ਿਆਲ ਆਇਆ ਕਿ ਬਬਲੀ ਨੂੰ ਚੁੱਕ ਕੇ ਮਾਂ ਕੋਲ ਲੈ ਜਾਂਦਾ ਹਾਂ । ਕਿੰਨੀ ਬੋਝਲ ਸੀ ਕੁੜੀ ਜਦੋਂ ਉਸ ਨੇ ਚੁੱਕ ਕੇ ਮੋਢੇ 'ਤੇ ਲਟਕਾਈ । ਉਹ ਕੁੱਝ ਨਾ ਬੋਲੀ । ਰੋਣ ਹਾਕਾ ਹੋਇਆ ਕੁੜੀ ਨੂੰ ਸੱਜੇ ਮੋਢੇ 'ਤੇ ਸੰਭਾਲਦਾ ਘਰੋਂ ਨਿਕਲਿਆ... ਤੇ ਸੜਕ ਪਾਰ ਕਰ ਗਿਆ... ਸੜਕ 'ਤੇ ਇੱਕ ਸਾਈਕਲ ਸੁਆਰ ਨੇ ਉਨ੍ਹਾਂ ਨੂੰ ਦੇਖਿਆ । ਬਿੱਲੂ ਨੂੰ ਸੰਗ ਆਈ । ਪਰ ਸਾਇਕਲ ਵਾਲਾ ਰੁਕਿਆ ਨਹੀਂ ਸੀ । ਅਗਾਂਹ ਖੇਤਾਂ ਨੂੰ ਚੀਰਦੇ ਮਿੱਟੀ ਦੇ ਉੱਚੇ ਰਸਤੇ ਉੱਤੋਂ ਲੰਘਦਿਆਂ... ਤੇ ਧਾਨਾਂ ਦੇ ਲੰਮੇ ਖੇਤਾਂ ਦੀ ਹਰਿਆਈ ਦੇਖਦਿਆਂ ਉਸ ਦੀਆਂ ਅੱਖਾਂ ਉੱਤੇ ਤੋਤੀਆ ਰੰਗਾ ਛਾਓਰਾ ਪੈ ਗਿਆ । ਉਸ ਦਾ ਦਮ ਟੁੱਟ ਰਿਹਾ ਸੀ । ਖੇਤਾਂ ਵਿੱਚ ਦੂਰ ਝੁਕੇ, ਡੌਲਾਂ 'ਤੇ ਬੈਠੇ ਕੰਮ ਕਰਦੇ ਲੋਕ ਜਿਨ੍ਹਾਂ ਵਿੱਚ ਇੱਕ ਉਸ ਦੀ ਮਾਂ, ਇੱਕ ਬਾਪੂ ਤੇ ਇੱਕ ਅੰਮਾਂ ਸੀ ਟਿਮਕਣਿਆਂ ਵਾਂਗ ਦਿਸਣ ਲੱਗੇ । ਕੁੜੀ ਦਾ ਬੋਝ ਉਸ ਦੀਆਂ ਬਾਂਹਾਂ ਦੀ ਜਕੜ ਵਿੱਚੋਂ ਜ਼ੋਰ ਮਾਰ ਕੇ ਫਿਸਲਣ ਲੱਗਾ ਤਾਂ ਉਸ ਨੇ ਸਾਰੇ ਜਿਸਮ ਦੀ ਤਾਕਤ ਆਪਣੀਆਂ ਬਾਂਹਾਂ 'ਚ ਲੈ ਆਂਦੀ ... ਫੇਰ ਉਸ ਨੂੰ ਖੇਤਾਂ ਵਿੱਚਲੇ ਆਦਮ ਜਾਤ ਟਿਮਕਣਿਆਂ ਦੇ ਆਕਾਰ ਨੇੜੇ ਹੁੰਦੇ, ਉਸ ਵੱਲ ਨੂੰ ਵਧਦੇ ਵੱਡੇ ਹੁੰਦੇ ਦਿਸੇ । ਕੁੜੀ ਦਾ ਬੋਝ ਹੁਣ ਘਟ ਰਿਹਾ ਲੱਗਿਆ... ਬੜੀ ਲੰਮੀ ਉਡੀਕ ਤੋਂ ਬਾਅਦ ਜਦ ਕਿਸੇ ਨੇ ਜੋ ਔਰਤ ਨਹੀਂ ਸੀ, ਮਾਂ ਨਹੀਂ ਸੀ, ਕੁੜੀ ਦਾ ਬੋਝ ਉਸ ਦੇ ਮੋਢੇ ਤੋਂ ਚੁੱਕ ਕੇ ਆਪਣੇ ਹੱਥਾਂ ਵਿੱਚ ਲੈ ਲਿਆ ਤਾਂ... ਤਾਂ ਉਸ ਦੇ ਗਲੇ ਦੇ ਅੰਦਰੋ ਅੰਦਰ ਹੇਠਾਂ ਨੂੰ ਕੁੱਝ ਡਿੱਗ ਕੇ ਉਸ ਨੂੰ ਕੁੱਝ ਹੌਲਾ ਕਰ ਗਿਆ ਸੀ ।

''ਕਿਆ ਹੋਇਆ'' ਸਭ ਕੁੜੀ ਦੇ ਅੰਗ ਪੈਰ ਦੇਖਣ ਲੱਗੇ ।

''ਕਿੱਥੋਂ ਲਿਆਇਆ ੲ੍ਹੀਨੂੰ?''

''ਘਰ ਤੋਂ'', ਬਿੱਲੂ ਮਿਣਮਿਣਾਇਆ ।

''ਕਿਤੇ?'' ਇੱਕ ਹੱਥ ਬ੍ਹੰਨੇ ਕਿ ਕਿਤੇ ਕੁੜੀ ਨੂੰ 'ਕੀੜਾ'' ਤਾਂ ਨੀਂ ਲੜ ਗਿਆ । ਬੰਦੇ ਨੇ ਕੁੜੀ ਨੂੰ ਰਸਤੇ 'ਤੇ ਖੜ੍ਹੀ ਕਰ ਕੇ ਝੰਜੋੜਿਆ ।

'' ਬਬਲੀ... ਬਬਲੀ... ਪੁੱਤ''

''ਬੀਬੀ... ਅ... '', ਮਾਂ ਦੀ ਆਵਾਜ਼ ਸੁਣ ਕੇ ਬਬਲੀ ਜਾਗ ਪਈ... ਤੇ ਆਪਣੇ ਪੈਰਾਂ 'ਤੇ ਖੜ੍ਹ ਗਈ । ਬੰਦੇ ਇਕੱਠੇ ਹੋਏ ਦੇਖ ਘਬਰਾ ਗਈ ।

''ਬੀਬੀ... ਅ...'', ਰੋਣ ਲੱਗ ਪਈ ਤੇ ਹੇਠਾਂ ਬਹਿ ਗਈ ।

''ਊਂਈ ਘਬਰਾ ਗਿਆ ਮੁੰਡਾ...''

''ੲ੍ਹੀਨੂੰ ਤਾਂ ਨੀਂਦ ਆਈ ਹੋਈ ਆ । ਗਰਮੀ!?''

''ਕੁੱਝ ਨੀਂ ਹੋਇਆ ਪੁੱਤ । ਸੌਣਾ ੲ੍ਹੀਨੇ । ਤੜਕੇ ਦੀ ਉੱਠੀ ਵੀ । ਨੱਚਦੀ ਟੱਪਦੀ ਥੱਕ ਗੀ ।''

ਉਸ ਦੀ ਭੈਣ ਜਿਊਂਦੀ ਸੀ । ਮਰੀ ਨਹੀਂ ਸੀ । ਉਸ ਦੇ ਸ੍ਹਾਮਣੇ ਬੈਠੀ ਰੋ ਰਹੀ ਸੀ । ਹੁਣ ਸਾਰੇ ਉਸ ਦੇ ਨਾਲ ਸਨ । ਫ਼ਿਕਰ ਉਤਰਨ ਲੱਗਿਆ । ਕਿਸੇ ਨੇ ਚੁੱਕ ਕੇ ਫੇਰ ਕੁੜੀ ਨੂੰ ਮੋਢੇ ਲਾ ਲਿਆ ਤੇ ਸਭ ਉਹਨਾਂ ਦੇ ਘਰ ਵੱਲ ਨੂੰ ਮੁੜ ਪਏ...

ਬਿੱਲੂ ਦੀਆਂ ਲੱਤਾਂ ਵਿੱਚ ਜਾਨ ਆ ਗਈ ਸੀ । ਕੁੜੀ ਥੱਕੀ, ਉਨੀਂਦੀ ਸੀ । ਬਸ ਸੌਣ ਦੀ ਲੋੜ ਸੀ । ਉਸ ਨੂੰ ਹੁਣੇ ਸੁਲਾ ਦੇਣਾ ਚਾਹੀਦਾ । ਹੁਣੇ... ਉਹ ਕਿਸੇ ਪਤਾਲ ਵਿੱਚੋਂ ਵਾਪਸ ਆ ਗਿਆ ਸੀ । ਉਸ ਨੂੰ ... ਕਿਸੇ ਨੂੰ ਵੀ ਪਤਾ ਨਹੀਂ ਲੱਗਿਆ ਕਿ ਕੁੜੀ ਤਾਂ ਬਸ ਥੱਕੀ ਹੋਈ ਸੀ । ਸਾਰੇ ਬਿੱਲੂ ਨੂੰ ਇੰਝ ਦੇਖ ਰਹੇ ਸਨ ਜਿਵੇਂ ਉਸ ਨੇ ਕੋਈ ਵੱਡੀ ਗਲਤੀ ਕਰ ਦਿੱਤੀ ਹੋਵੇ । ਕੁੜੀ ਨੂੰ ਮੰਜੇ 'ਤੇ ਦਰੀ ਵਿਛਾ ਕੇ ਪਾ ਦਿੱਤਾ । ਉਹ ਪਹਿਲਾਂ ਈ ਸੁੱਤੀ ਪਈ ਸੀ । ਕੁੱਝ ਕੁ ਨੇ ਪਾਣੀ ਪੀਤਾ । ਫੇਰ ਸਾਰੇ ਜਣੇ ਘੱਟ ਹੁੰਦੇ ਗਏ । ਉਹ ਵੀ ਜਿਵੇਂ ਘਰ ਅੰਦਰਲੇ ਕਾਲੇ ਪ੍ਰਛਾਂਵਿਆਂ ਤੋਂ ਡਰਦਾ ਬਾਹਰ ਨੂੰ ਭੱਜ ਗਿਆ...

ਬਾਹਰ ਨੂੰ ਭੱਜੇ ਜਾਂਦੇ ਨੂੰ ਮੋੜ ਲਿਆਉਣ ਅੱਜ ਮਗਰ ਕੋਈ ਨਹੀਂ ਭੱਜਿਆ ਆਇਆ । ਜਦੋਂ ਬਬਲੀ ਨਹੀਂ ਸੀ ਜੰਮੀ ਤੇ... ਉਦੋਂ ਉਸ ਦਾ ਬਾਬਾ ਜਿਊਂਦਾ ਸੀ... ਤੇ ਉਸ ਦੀ ਭੂਆ ਐਦਾਂ ਈ ਸਕੂਲਾਂ ਦੀਆਂ ਛੁੱਟੀਆਂ 'ਚ ਬੱਚਿਆਂ ਸਮੇਤ ਪਿਓਕੇ ਆਈ ਹੋਈ ਸੀ ਤਾਂ ਕਈ ਦਿਨਾਂ ਤੱਕ ਇਹੀ ਘਰ ਉਸ ਨੂੰ ਕੰਢਿਆਂ ਤੱਕ ਭਰਿਆ ਭਕੁੰਨਿਆ ਲੱਗਦਾ ਰਿਹਾ ਸੀ । ਜਦੋਂ ਭੂਆ ਵਾਪਸ ਮੁੜਨ ਲੱਗੀ ਤਾਂ ਬਿੱਲੂ ਨੇ ਉਸ ਦੇ ਸਭ ਤੋਂ ਛੋਟੇ ਬੱਚੇ ਦੀ ਬਾਂਹ ਘੁੱਟ ਕੇ ਫੜ ਲਈ ਅਤੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ । ਬਾਂਹ ਏਨੀ ਜ਼ੋਰ ਨਾਲ ਪਕੜੀ ਕਿ ਛੋਟੇ ਬੱਚੇ ਦੀਆਂ ਵੀ ਡਾਡਾਂ ਨਿਕਲ ਗਈਆਂ । ਜਦੋਂ ਮਾਂ ਨੇ ਗੁੱਸੇ 'ਚ ਜ਼ੋਰ ਨਾਲ ਬੱਚੇ ਦੀ ਬਾਂਹ ਛੁਡਾਈ ਤਾਂ ਬਿੱਲੂ ਜ਼ਾਰ ਜ਼ਾਰ ਰੋਂਦਾ ਬਾਹਰ ਨੂੰ ਭੱਜ ਗਿਆ ਸੀ । ਉਸ ਦਾ ਬਾਬਾ ਲੰਮੀਆਂ ਡਿੰਘਾਂ ਭਰਦਾ ਪਿੱਛੇ ਪਿੱਛੇ... ਬਬਲੀ ਜੰਮੀ ਤਾਂ ਉਹ ਚਪਲੀ ਮਾਰ ਉਹਦੇ ਕੋਲ ਬੈਠਾ ਰਹਿੰਦਾ... ਹੱਥ ਲਾ ਕੇ ਹਿੱਲਦੀ ਕੁੜੀ ਨੂੰ ਦੇਖਦਾ... ਦਿਖਾਉਂਦਾ ।

ਹੁਣ ਉਹ ਚੌਥੀ 'ਚ ਸੀ ਤੇ ਇਸੇ ਸਾਲ ਬਬਲੀ ਵੀ ਪਹਿਲੀ ਕੱਚੀ ਵਿੱਚ ਉਸ ਦੇ ਨਾਲ ਜਾਣ ਲੱਗ ਪਈ ਸੀ । ਕੁੜੀ ਦਾ ਸਕੂਲ 'ਚ ਪਹਿਲਾ ਦਿਨ ਬਿੱਲੂ ਲਈ ਬੜਾ ਭਾਰਾ ਬੋਝਲ ਸੀ । ਭਾਵੇਂ ਬਾਅਦ 'ਚ ਉਹ ਆਪਣੇ ਪੈਰੀਂ ਤੁਰ ਕੇ ਸਕੂਲ ਤਾਂ ਆਪੇ ਜਾ ਪੁੱਜਦੀ ਪਰ ਬਿੱਲੂ ਦੇ ਮਨ ਤੋਂ ਪੂਰਾ ਬੋਝ ਕਦੇ ਨਾ ਹਟਦਾ । ਇਨ੍ਹਾਂ ਛੁੱਟੀਆਂ ਤੋਂ ਪਹਿਲਾਂ ਇੱਕ ਸੰਕਟ ਉਸ ਉੱਤੇ ਆ ਉਤਰਿਆ । ਅੱਧੀ ਛੁੱਟੀ ਵੇਲੇ ਪੰਜਵੀਂ ਜਮਾਤ ਦੇ ਦੋ ਬੱਚੇ ਸਕੂਲ ਦੀ ਕੰਧ ਦੇ ਪ੍ਰਛਾਵੇਂ 'ਚ ਖੜ੍ਹੇ ਮਰੁੰਡਾ ਖਾ ਰਹੇ ਸਨ । ਮਰੁੰਡੇ ਦੇ ਭੋਰੇ ਉਨ੍ਹਾਂ ਦੇ ਬੁੱਲ੍ਹਾਂ ਦੇ ਕਿਨਾਰਿਆਂ, ਕਮੀਜਾਂ ਦੇ ਪੱਲਿਆਂ 'ਤੇ ਵੀ ਚਿਪਕੇ ਹੋਏ ਸਨ । ਉਹ ਖਾਈ ਜਾ ਰਹੇ ਸਨ । ਜੀਭਾਂ ਨਾਲ ਬੁੱਲ੍ਹ ਵੀ ਸਾਫ਼ ਕਰੀ ਜਾ ਰਹੇ ਸਨ । ਕਮੀਜਾਂ ਦੇ ਪੱਲੇ ਵੀ ਝਾੜੀ ਜਾ ਰਹੇ ਸਨ । ਬਿੱਲੂ ਕੋਲੇ ਨਾ ਪੈਸੇ ਸਨ । ਨਾ ਮਰੁੰਡਾ । ਬਿੱਲੂ ਉਨ੍ਹਾਂ ਵੱਲ ਬਿੱਟ ਬਿੱਟ ਝਾਕੀ ਜਾ ਰਿਹਾ ਸੀ । ਉਨ੍ਹਾਂ ਦੇ ਮੂੰਹਾਂ ਵਿੱਚ ਦਰੜ ਹੁੰਦੇ ਮਰੁੰਡੇ ਦੀ ਆਵਾਜ਼ ਉਸ ਦੇ ਮੂੰਹ ਵਿੱਚ ਪਾਣੀ ਲਿਆ ਰਹੀ ਸੀ । ਇੱਕ ਸੁਆਦ ਜੋ ਉਸ ਕੋਲ ਨਹੀਂ ਸੀ । ਇੱਕ ਮਹਿਰੂਮੀਅਤ । ਕਿੰਨਾ ਵਧੀਆ ਸਮਾਂ ਅੱਧੀ ਛੁੱਟੀ ਦਾ । ਅੱਧੀ ਛੁੱਟੀ ਦੇ ਸਕੂਲ ਦੀ ਹਲ–ਚਲ, ਰੌਲਾ–ਰੱਪਾ, ਚਹਿਲ–ਪਹਿਲ । ਪਿੱਛੇ ਮੁੜ ਕੇ ਦੇਖਿਆ ਤਾਂ ਬਬਲੀ ਵੀ ਮਰੁੰਡੇ ਵਾਲੇ ਮੂੰਹਾਂ ਵੱਲ ਭੁੱਖੀਆਂ ਅੱਡੀਆਂ ਅੱਖਾਂ ਨਾਲ ਝਾਕਦੀ ਚੀਚੀ ਦਾ ਨਹੁੰ ਟੁੱਕ ਟੁੱਕ ਖਾ ਰਹੀ ਸੀ । ਆਪਾ ਭੁੱਲ ਕੇ ਉਸ ਨੂੰ ਕੁਝ ਹੋ ਗਿਆ... ਜੋ ਪਹਿਲਾਂ ਕਦੀ ਨਹੀਂ ਸੀ ਹੋਇਆ । ਬਬਲੀ ਨੂੰ ਐਂਜ ਖੜ੍ਹੀ ਦੇਖ ਉਹ ਧਰਤੀ 'ਚ ਗਰਕ ਹੋ ਗਿਆ ਸੀ । ਉਸ ਨੂੰ ਕੁੱਝ ਕਰਨਾ ਚਾਹੀਦਾ ਸੀ... ਤੇ ਪੂਰੀ ਛੁੱਟੀ... ਪੂਰੀ ਛੁੱਟੀ ਤੋਂ ਬਾਅਦ ਘਰ ਜਾ ਕੇ ਰੋਂਦਾ ਰੋਂਦਾ ਮਾਂ ਨਾਲ ਲੜਿਆ ਕਿ ਜੇ ਉਸ ਨੂੰ ਕੱਲ੍ਹ ਨੂੰ ਪੈਸੇ ਨਾ ਦਿੱਤੇ ਤਾਂ ਉਹ ਸਕੂਲ ਨਹੀਂ ਜਾਵੇਗਾ । ਹੁਣ ਮਾਂ ਬਾਪ ਨੂੰ ਕੀ ਪਤਾ ਸਕੂਲ 'ਚ ਕੀ ਹੁੰਦਾ । ਉਹ ਤਾਂ ਆਪਣੇ ਕੰਮੀਂ ਜੁਤੇ ਰਹਿੰਦੇ । ਨਾ ਪਤਾ ਪੈਸੇ ਸਕੂਲ 'ਚ ਜਾ ਕੇ ਕੀ ਕਰਨਗੇ, ਤਾਂ ਵੀ ਬੱਚੇ ਦੀ ਜਿੱਦ ਮੂਹਰੇ ਬਿੱਲੂ ਦੇ ਬਾਪ ਨੇ ਸਵੇਰੇ ਉਸ ਨੂੰ ਇੱਕ ਸਿੱਕਾ ਦੇ ਦਿੱਤਾ ਸੀ ।

'' ਕਿਆ ਖਾਧਾ ਸਕੂਲ 'ਚ ।''

''ਮਰੁੰਡਾ''

''ਬਬਲੀ ਨੂੰ ਵੀ ਦਿੰਦਾ?''

ਮਰੂੰਡਾ ਦੋਵਾਂ ਨੇ ਅੱਧੀ ਛੁੱਟੀ ਵੇਲੇ ਉੱਥੇ ਹੀ ਖੜ੍ਹ ਕੇ ਖਾਧਾ ਸੀ ਪਰ ਉਨ੍ਹਾਂ ਨੂੰ ਕਿਸੇ ਨੇ ਉਵੇਂ ਨਹੀਂ ਸੀ ਦੇਖਿਆ । ਪੈਸੇ ਵੀ ਖਰਚ ਦਿੱਤੇ ਸਨ । ਮਰੁੰਡਾ ਖਾਂਦਿਆਂ ਮਿੰਟ ਵੀ ਨਾ ਲੱਗਿਆ... ਜਦੇ ਹੀ ਮੁੱਕ ਗਿਆ ਸੀ । ਮਨ ਖਿੜਿਆ ਨਹੀਂ ਸੀ । ਬਿੱਲੂ ਨੂੰ ਅੱਖਾਂ ਅੱਡ ਕੇ ਚੀਚੀ ਦਾ ਨਹੁੰ ਚੱਬਦੀ ਬਬਲੀ ਦੀ ਸ਼ਕਲ ਨਹੀਂ ਸੀ ਭੁੱਲਦੀ... ਤੇ ਉਸ ਨੂੰ ਕੱਲ੍ਹ ਉਸੇ ਵੇਲੇ ਚੁੱਪ ਚੁਪੀਤੇ ਆਪਣੇ ਆਪ ਨਾਲ ਖਾਧੀ ਸਹੁੰ ਯਾਦ ਆ ਗਈ ਸੀ ਕਿ ਉਹ ਰੋਜ਼... ਹਰ ਰੋਜ਼...

***

... ਕੀ ਕਰਨਾ ਸੀ ਬਬਲੀ ਦਾ ਹਰ ਰੋਜ਼ ... ਕੀ...? ਪੰਦਰਾਂ ਛੁੱਟੀਆਂ ਲੰਘ ਗਈਆਂ ਸਨ । ਛੁੱਟੀਆਂ ਵਿੱਚ ਉਸ ਨੂੰ ਭੈਣਜੀਆਂ ਨੇ ਮੋਟੇ ਅੱਖਰਾਂ ਤੇ ਫ਼ੋਟੋਆਂ ਵਾਲੀਆਂ ਪੰਜਾਬੀ, ਹਿੰਦੀ ਦੀਆਂ ਕਿਤਾਬਾਂ ਵਿੱਚੋਂ ਨਕਲ ਮਾਰ ਕੇ ਲਿਖਣ ਦਾ ਕੰਮ ਦਿੱਤਾ ਸੀ । ਪਹਾੜੇ ਲਿਖਣੇ ਤੇ ਯਾਦ ਕਰਨੇ ਸਨ । ਗੁਰਮੁੱਖੀ 'ਚ ਹਰੇਕ ਪਾਠ ਦੇ ਅਖ਼ੀਰ ਉੱਤੇ ਲਿਖਿਆ ਹੁੰਦਾ: ਤੁਸੀਂ ਕੀ ਸਿੱਖਿਆ ਹੈ? ਤੇ ਏਹਤੋਂ ਹੇਠਾਂ 1, 2, 3 ਨੁਕਤੇ ਲਿਖੇ ਹੁੰਦੇ । ਇਹ ਨੁਕਤੇ ਕਾਪੀ ਵਿੱਚ ਖੁਸ਼ਕਤ ਕਰ ਕੇ ਲਿਖਣੇ ਤੇ ਯਾਦ ਕਰਨੇ ਸਨ । ਪਹਾੜੇ ਦਸ ਤੱਕ ਲਿਖਣੇ, ਯਾਦ ਕਰਨੇ ਸਨ । ਯਾਦ ਤਾਂ ਕੀਹਨੇ ਕੀ ਕਰਨਾ ਸੀ । ਪਰ ਲਿਖਣ ਦਾ ਅੱਧਾ ਕੰਮ ਉਸ ਨੇ ਕਿੱਲ੍ਹ ਕਿੱਲ੍ਹ ਕੇ ਦੋ ਤਿੰਨ ਦਿਨਾਂ 'ਚ ਈ ਮੁਕਾ 'ਤਾ ਸੀ... ਪਰ ਬਬਲੀ ਨੇ ਤਾਂ ਡੱਕਾ ਨਹੀਂ ਸੀ ਤੋੜਿਆ । ਉਸ ਨੂੰ ਪਤਾ ਹੀ ਨਹੀਂ ਸੀ ਕਿ ਉਸ ਨੇ ਪੈਂਤੀ ਦੇ ਪੰਜ ਅੱਖਰ ੳ, ਅ, ੲ, ਸ, ਹ ਅਤੇ 1 ਤੋਂ 10 ਤੱਕ ਹਿੰਦਸੇ ਲਿਖ ਲਿਖ ਕਾਪੀ ਭਰਨੀ ਸੀ । ਮਾਂ ਬਾਪ ਨੂੰ ਐਨੀ ਸਮਝ ਦਾ ਈ ਚਾਓ ਸੀ ਕਿ ਨਿਆਣੇ ਸਕੂਲ ਜਾਣ ਲੱਗ ਗਏ । ਮਾਂ ਸਾਗ ਸਬਜ਼ੀ ਦੀ ਤੌੜੀ ਧਰ ਕੇ .. ਤੇ ਸਾਰੇ ਦਿਨ ਜੋਗੀਆਂ ਰੋਟੀਆਂ ਦਾ ਬੋਹੀਆ ਭਰ ਕੇ ਨਿਸਚਿੰਤ ਹੋ ਜਾਂਦੀ ।

''ਬਬਲੀ ਤੂੰ ਅਪਣਾ ਕੰਮ ਕਰ ਲਾ । ਤੇਰੇ ਚਟਾਕੇ ਪੈਣੇ ।'' ਪਰ ਬਬਲੀ ਕਾਪੀ ਓ ਨਹੀਂ ਸੀ ਫੜਦੀ । ਬਬਲੀ ਨੂੰ ਪੈਣ ਵਾਲੀਆਂ ਝਿੜਕਾਂ ਜਿਵੇਂ ਉਸ ਨੂੰ ਪੈਣੀਆਂ ਹੋਣ ਤਾਂ ਉਸ ਨੇ ਸੋਚਿਆ....

' ਕਿਉਂ... ਕਿਉਂ ਨਾ ਮੈਂ ਬਬਲੀ ਦਾ ਕੰਮ ਆਪੇ ਕਰ ਦਮਾਂ' ਤੇ ਉਸ ਨੇ ਬਬਲੀ ਦੀ ਕਾਪੀ ਦੇ ਵਰਕੇ ਖੱਬੇ ਹੱਥ ਨਾਲ ਟੁੱਟੇ ਫੁੱਟੇ ਅੱਖਰਾਂ ਨਾਲ ਭਰ ਦਿੱਤੇ... ਤੇ ਸਮਝਿਆ ਕਿ ਦੋਵਾਂ ਦਾ ਕੰਮ ਹੋ ਗਿਆ... ਤੇ ਖ਼ੁਸ਼ੀ 'ਚ ਦੜੂੰਗੇ ਮਾਰਦਾ ਘਰ ਦੇ ਬਾਹਰ ਉਸਾਰੀ ਜਾ ਰਹੀ ਪਾਣੀ ਦੀ ਉੱਚੀ ਟੈਂਕੀ ਪਾਰ ਕਰ ਗਿਆ । ਜਦੋਂ ਪੂਰਾ ਸਾਹ ਚੜ੍ਹੇ ਤੋਂ ਰੁਕਿਆ ਤਾਂ ਪਿੱਛੇ ਮੁੜ ਕੇ ਵੇਖਿਆ । ਟੈਂਕੀ ਦੇ ਉੱਚੇ ਥਮਲਿਆਂ ਉੱਤੇ ਚੜ੍ਹੇ ਮਜਦੂਰਾਂ ਦੇ ਹੱਥ ਤੇ ਹਥੌੜੇ ਹਿਲਦੇ ਦਿੱਸੇ ।

***

ਤਾਂ ਉਸ ਨੂੰ ਫੇਰ ਆਪਣੀ ਉਹ ਸਹੁੰ ਯਾਦ ਆਈ ਜੋ ਉਸ ਨੇ ਚੁੱਪ ਚੁਪੀਤੇ ਆਪਣੇ ਆਪ ਸਕੂਲ 'ਚ ਖਾਧੀ ਸੀ ਕਿ ਉਹ ਬਬਲੀ ਨੂੰ ਹਰ ਰੋਜ਼ ਕੁਝ ਨਾ ਕੁਝ ਚੀਜ਼ੀ, ਬਾਤੀ ਜ਼ਰੂਰ ਖਲਾਏਗਾ । ਬਿਨਾਂ ਨਾਗਾ । ਖਾਣ ਵਾਲੀਆਂ ਚੀਜ਼ਾਂ ਜੋ ਘਰ ਵਿੱਚ ਆਮ ਨਹੀਂ ਹੁੰਦੀਆਂ । ਨੌਂ ਦਸ ਸਾਲ ਦੀ ਛੋਟੀ ਜਿਹੀ ਉਮਰ ਲਈ ਲੱਤਾਂ ਵਿੰਗੀਆਂ ਕਰ ਦੇਣ ਵਾਲੀ ਸੁਗੰਦ । ਕੀ ਸੀ ਉਸ ਕੋਲ ਜਿਸ ਨਾਲ ਉਹ ਇਸ ਸਹੁੰ ਨੂੰ ਸਿਰੇ ਚੜ੍ਹਾ ਸਕਦਾ । ਕਦੇ ਮਾਂ ਨੇ ਹੱਟੀ ਤੋਂ ਕੁਝ ਲੈਣ ਭੇਜਿਆ ਤਾਂ ਪੈਸਿਆਂ ਵਿੱਚੋਂ ਕੁਝ ਕਤਰ–ਵਿਉਂਤ ਹੋ ਕੇ ਕੋਈ ਸਿੱਕਾ ਬਚ ਗਿਆ । ਤੇ ਗੱਚਕ ਆਪ ਵੀ ਭੋਰ ਭੋਰ ਕੇ ਖਾਂਦਾ ਘਰ ਨੂੰ ਮੁੜ ਆਇਆ ।

''ਬਬਲੀ ਲੈ ਗੱਚਕ ਦਮਾਂ ਤੈਨੂੰ'' ਭਾਵੇਂ ਕਿ ਗੱਚਕ ਦੇ ਤਿੰਨ ਹਿੱਸੇ ਤੋਂ ਵੱਧ ਉਹ ਆਪ ਪਹਿਲਾਂ ਹੀ ਖਾ ਚੁੱਕਾ ਸੀ । ਤਾਂ ਵੀ ਕਦੇ ਖੇਤਾਂ 'ਚੋਂ ਅਮਰੂਦ ਚੋਰੀ ਕਰ ਲਿਆਉਂਦਾ । ਅੰਬੀਆਂ । ਖਰਬੂਜੇ । ਖਜੂਰਾਂ । ਕੱਚੇ ਬੇਰ ।

***

ਬਸੰਤ ਪੰਚਮੀ ਵਾਲੇ ਦਿਨ ਉਹ ਬਹੁਤ ਖ਼ੁਸ਼ ਸੀ । ਉਸ ਨੇ ਪਤੰਗ ਤੇ ਡੋਰ ਖਰੀਦਣ ਦੀ ਜਿੱਦ ਕਰ ਕੇ ਬਾਪ ਤੋਂ ਇੱਕ ਰੁਪੱਈਆ ਲੈ ਲਿਆ ਸੀ । ਭਾਵੇਂ ਕਿ ਡੋਰ ਉਸ ਕੋਲ ਪਹਿਲਾਂ ਈ ਪਈ ਸੀ । ਪੰਦਰਾਂ, ਵੀਹਾਂ ਪੈਸਿਆਂ ਦੇ ਪਤੰਗ ਖਰੀਦ ਖਰੀਦ ਕੇ ਉਡਾਉਂਦਾ ਕਟਾਉਂਦਾ ਉਹ ਦੁਪਹਿਰ ਤੱਕ ਅੱਸੀ ਪੈਸੇ ਖਰਚ ਕਰ ਚੁੱਕਾ ਸੀ । ਡੋਰ ਵੀ ਮੁਕਾ ਚੁੱਕਾ ਤਾਂ ਉਹ ਹੋਰ ਬੱਚਿਆਂ ਨਾਲ ਰਲ ਕੇ ਸ਼ਹਿਰ ਦੇ ਉੱਚੇ ਪਾਸੇ ਵੱਲ ਪਤੰਗ ਲੁੱਟਣ ਤੁਰ ਪਿਆ । ਬਚੇ ਵੀਹ ਪੈਸੇ ਜੇਬ ਵਿੱਚ ਖੜਕਦੇ ਉਸ ਦੀ ਅੱਜ ਦੀ ਸਹੁੰ ਸਿਰੇ ਚੜ੍ਹਾਉਣ ਲਈ ਕਾਫ਼ੀ ਸਨ । ਫੇਰ ਉਸ ਨੇ ਆਪਣੇ ਆਪ ਨੂੰ ਸਭ ਤੋਂ ਅਲੱਗ ਕਰ ਕੇ ਆਪਣੀ ਨਿਗ੍ਹਾ ਸਭ ਤੋਂ ਉੱਚੀ ਉੱਡਦੀ ਪੀਲੀ ਤੁੱਕਲ ਤੇ ਛੋਟੀ ਪਤੰਗੀ ਦੇ ਪੇਚੇ ਉੱਤੇ ਲਾ ਲਈ । ਅੰਦਾਜ਼ਾ ਲਾਇਆ ਕਿ ਜੇ ਤੁੱਕਲ ਕਟੀ ਤਾਂ ਰਾਜੋ ਸੁਆਣੀ ਦੇ ਮਕਾਨ ਤੋਂ ਪਾਰ ਗਿਰੂ । ਤੁੱਕਲ ਗੋਤੇ ਖਾਣ ਲੱਗੀ ਤਾਂ ਉੱਚੇ ਮਕਾਨਾਂ ਦੇ ਚੁਬਾਰਿਆਂ ਤੋਂ ਖ਼ੁਸ਼ੀ ਦੀਆਂ ਕਿਲਕਾਰੀਆਂ ਕੱਟੀ ਡੋਰ ਦਾ ਪਿੱਛਾ ਕਰਨ ਲੱਗੀਆਂ:

''ਬੋ... ਕਾਟਾ... ਓਏ... ਬੋ ਕਾਟਾ''

ਛੋਟੀ ਜਹੀ ਪਤੰਗੀ ਨੇ ਵੱਡੀ ਤੁੱਕਲ ਕੱਟ ਦਿੱਤੀ ਸੀ । ਉਹ ਹੋਰਾਂ ਬੱਚਿਆਂ ਤੋਂ ਕਿਤੇ ਅੱਗੇ ਸੀ । ਸਿਰ ਉੱਪਰੋਂ ਲੰਘਦੀ ਡੋਰ ਨੂੰ ਉੱਛਲ ਕੇ ਵਿਚਾਲਿਓਂ ਫੜਦਾ ਉਹ ਡਿੱਗ ਪਿਆ ਤਾਂ ਇੱਕ ਹੱਥ ਨਾਲ ਉਸ ਨੇ ਜੇਬ 'ਚ ਖੜਕਦੇ ਦੋ ਸਿੱਕੇ ਪਹਿਲਾਂ ਹੀ ਫੜ ਲਏ ਸਨ । ਕਿਤੇ ਡਿੱਗ ਕੇ ਗੁੰਮ ਨਾ ਜਾਣ । ਦਿਨ ਡੁੱਬ ਰਿਹਾ ਸੀ । ਤੁੱਕਲ ਨੂੰ ਕਬਜੇ 'ਚ ਕੀਤਾ ਤੇ ਫਟਾਫ਼ਟ ਸੱਜੇ ਹੱਥ ਦੀ ਚੀਚੀ ਤੇ ਅੰਗੂਠੇ ਦਾ ਅਟੇਰਨਾ ਘੁੰਮਾ ਕੇ ਡੋਰ ਇਕੱਠੀ ਕੀਤੀ । ਡੋਰ ਦਾ ਬਣਿਆ ਆਠਾ ਨਿੱਕਰ ਦੀ ਜੇਬ 'ਚ ਘੁਸੋਇਆ ਤੇ ਘਰ ਨੂੰ ਭੱਜ ਪਿਆ ।

''ਬਬਲੀ ਆਹ ਡੋਰ, ਤੁੱਕਲ ਅੰਦਰ ਰੱਖ... ਮੈਂ ਆਇਆ ।'' ਤੇ ਹਫ਼ੇ ਹਫਾਏ ਬਜ਼ਾਰ ਦੇ ਉਸ ਪਾਸੇ ਵੱਲ ਨੂੰ ਰੁਖ਼ ਕੀਤਾ ਜੋ ਸਭ ਤੋਂ ਉੱਚੀ ਥਾਂ ਉੱਤੇ ਸੀ । ਉੱਥੇ ਪ੍ਰਚੂਨ ਦੀਆਂ ਦੁਕਾਨਾਂ ਸਨ ਜਿਨ੍ਹਾਂ ਦੇ ਫਰਸ਼ਾਂ ਉੱਤੇ ਹੇਠਾਂ ਬੈਠੇ ਭਾਪੇ ਸਾਰਾ ਦਿਨ ਚੀਜ਼ਾਂ, ਵਸਤਾਂ ਦੀ ਵਿਕਰੀ ਕਰਦੇ ਸਨ । ਕਿੰਨੀਆਂ ਹੀ ਦੁਕਾਨਾਂ ਸਨ । ਉਸ ਦੀ ਮਨਸ਼ਾ ਬੁੱਢੇ ਸਰਦਾਰ ਬਾਬੇ ਦੀ ਦੁਕਾਨ 'ਤੇ ਪੁੱਜਣ ਦੀ ਸੀ ਜਿਸ ਦੀ ਇਮਲੀ ਬੜੀ ਸੁਆਦ ਹੁੰਦੀ ਸੀ । ਜਿਹੜਾ ਦਸ ਪੈਸੇ ਦੀ ਖਾਸੀ ਸਾਰੀ ਇਮਲੀ ਚਿੱਟਾ ਕਾਲਾ ਲੂਣ ਭੁੱਕ ਕੇ ਅਖ਼ਬਾਰ ਦੇ ਟੁੱਕੜੇ 'ਚ ਭਰ ਦਿੰਦਾ ਸੀ । ਭਾਵੇਂ ਕਿ ਇਹ ਦੁਕਾਨ ਘਰ ਤੋਂ ਵਾਹਵਾ ਦੂਰ ਸੀ ਤੇ ਉਹ ਸਾਰੇ ਦਿਨ ਦੀ ਪਤੰਗਬਾਜ਼ੀ ਤੋਂ ਥੱਕਿਆ ਹੋਇਆ ਵੀ ਸੀ । ਵੀਹ ਪੈਸੇ ਦੀ ਤਾਂ ਉਸ ਨੇ ਕਿੰਨੀ ਸਾਰੀ ਇਮਲੀ ਦੇ ਦੇਣੀ ਸੀ । ਘਰ ਮੁੜਦੇ ਖਾਂਦੇ ਖਾਂਦੇ ਸਾਰੇ ਰਾਹ ਮੁਕਣੀ ਨਹੀਂ ਸੀ ਤੇ ਘਰ ਜਾ ਕੇ ਉਸ ਨੇ ਬਬਲੀ ਨੂੰ ਬਿਨਾਂ ਕੁਝ ਬੋਲਿਆਂ ਇੰਜ ਦਸੱਣਾ ਸੀ:

'' ਦੱਸ ਕੀ ਲਿਆਂਦਾ''

''ਇਮਲੀ''

''ਹਾਂ''

ਪਰ ਬੋਲਣਾ ਉਸ ਨੇ ਕੁੱਝ ਨਹੀਂ ਸੀ । ਬੋਲਦਾ ਤਾਂ ਉਹ ਆਪਣੇ ਆਪ ਨਾਲ ਹੀ ਸੀ । ਇਮਲੀ... ਇਮਲੀ... ਨਾਲ ਨੂਣ । 'ਬਾਬੇ ਨੂਣ ਹੋਰ ਪਾ ਥੋੜ੍ਹਾ' । ਇਮਲੀ... ਇਮਲੀ... ਖੱਟੇ ਗੁੱਦੇ ਨਾਲ ਭਰੀਆਂ ਫਲੀਆਂ ਦੇ ਗੁੱਛੇ । ਮੂੰਹ ਵਿੱਚ ਪਾਣੀ ਆਈ ਜਾ ਰਿਹਾ ਸੀ । ਮੂੰਹ 'ਚ ਪਾ ਕੇ ਖਾਈ ਜਾਓ । ਚੂਸੀ ਜਾਓ । ਚੂਸੀ ਜਾਓ ਜਦ ਤੱਕ ਗਿਟਕ ਨੀਂ ਮੂੰਹ 'ਚ ਆ ਜਾਂਦੀ । ਗਿਟਕ ਨੂੰ ਮੂੰਹ ਵਿੱਚ ਟਪਾਈ ਜਾਓ ਤੇ ਫੇਰ ਜੀਭ ਨਾਲ ਬਾਹਰ ਸੁੱਟਣ ਦੀ ਖੇਡ ਵੀ ਓਨੀ ਈ ਸੁਆਦ ।

''ਕੀ ਦੇਸਾਂ ਬੱਚਾ''

''ਇਮਲੀ'' ਬਿੱਲੂ ਨੇ ਵੀਹ ਪੈਸੇ ਬਾਬੇ ਦੇ ਹੱਥ 'ਤੇ ਰੱਖ ਦਿੱਤੇ ਸਨ ।

''ਲੂਣ ਪਾਣਾ ਕਿ ਨਹੀਂ?''

''ਪਾਉਣਾ ।''

ਉਸ ਨੇ ਚੂਰਨ ਵਰਗਾ ਨੂਣ ਹੋਰ ਪਾਉਣ ਲਈ ਕਹਿਣਾ ਈ ਸੀ ਕਿ ਬਾਬੇ ਨੇ ਇਮਲੀ ਅਖ਼ਬਾਰ 'ਚ ਮਰੋੜ ਕੇ ਉਸ ਦੇ ਹੱਥ 'ਚ ਦੇ ਦਿੱਤੀ ਤੇ ਉੱਠ ਕੇ ਦੁਕਾਨ ਦੇ ਪਿਛਲੇ ਖਾਲੀ ਹਿੱਸੇ ਵੱਲ ਚਲਾ ਗਿਆ । ਬਿੱਲੂ ਨੂੰ ਝਟਕਾ ਲੱਗਿਆ । ਇਮਲੀ ਬੜੀ ਥੋੜ੍ਹੀ ਸੀ । ਵੀਹ ਪੈਸੇ ਦੀ ਇਮਲੀ ਦਸ ਪੈਸਿਆਂ ਤੋਂ ਵੀ ਘੱਟ ਦਿੱਤੀ ਸੀ । ਪਰ ਬਾਬੇ ਨੂੰ ਉਹ ਕੀ ਕਹਿ ਸਕਦਾ ਸੀ । ਕੁੱਝ ਪਲ ਉਡੀਕਿਆ ਤੇ ਫੇਰ ਢਿੱਲੇ ਜਹੇ ਮੂੰਹ ਨਾਲ ਘਰ ਨੂੰ ਮੁੜ ਪਿਆ । ਪਤਾ ਨਹੀਂ ਬਾਬੇ ਨੂੰ ਪਤਾ ਈ ਨਾ ਲੱਗਿਆ ਹੋਵੇ ਕਿ ਮੈਂ ਉਸ ਨੂੰ ਦਸ ਦਸ ਪੈਸੇ ਦੇ ਦੋ ਸਿੱਕੇ ਵੀਹ ਪੈਸੇ ਦਿੱਤੇ ਸਨ । ਹਨੇਰਾ ਹੋ ਰਿਹਾ ਸੀ । ਅਖ਼ਬਾਰ ਖੋ੍ਹਲ ਕੇ ਵਿੱਚੋਂ ਇਮਲੀ ਠੁੰਗਣੀ ਸ਼ੁਰੂ ਕਰ ਦਿੱਤੀ । ਸੀ ਸੁਆਦ । ਟੋਹ ਟੋਹ ਕੇ ਗੁੱਦੇ ਨਾਲ ਭਰੀਆਂ ਗਿਟਕਾਂ ਮੂੰਹ 'ਚ ਪਾਈ ਜਾਂਦਾ । ਨਮਕ ਤੇ ਖਟਾਸ ਮੂੰਹ ਵਿੱਚ ਘੁਲਦੇ । ਮੂੰਹ ਗਾੜੇ ਪਾਣੀ ਨਾਲ ਭਰ ਜਾਂਦਾ ਤੇ ਚਲ ਅੰਦਰ । ਫੇਰ ਗਿਟਕ ਦੇ ਉਪਰਲੇ ਗਿੱਲੇ ਬਰੀਕ ਕਪੜੇ ਵਰਗੇ ਫੋਲਕ ਨੂੰ ਕੁਤਰਦਾ । ਟੁੱਕਦਾ । ਫੇਰ ਮੂੰਹ ਪਹਿਲਾਂ ਨਾਲੋਂ ਘੱਟ ਖਟਾਸ ਵਾਲੇ ਪਾਣੀ ਨਾਲ ਭਰਦਾ । ਤਾਂ ਵੀ ਚੱਲ ਸੁੱਟ ਅੰਦਰ । ਤੇ ਫੇਰ ਗਿਟਕ ਈ ਮੂੰਹ 'ਚ ਰਹਿ ਜਾਂਦੀ । ਚਲ ਬਾਹਰ । ਜੋ ਬੰਟੇ ਵਾਂਗ ਟਪਦੀ ਨਾਲੀ 'ਚ ਜਾ ਗਿਰਦੀ ।

ਬਾਬੇ ਦੀ ਉੱਚੀ ਦੁਕਾਨ ਤੋਂ ਉਤਰਦਾ ਹੁਣ ਉਹ ਨੀਵੇਂ ਪੱਧਰੇ ਰਸਤਿਓਂ ਗੁਰਦਵਾਰਾ ਵੀ ਪਾਰ ਕਰ ਆਇਆ ਸੀ । ਇਮਲੀ ਖਾਂਦਾ ਵੱਡਾ ਨਾਲਾ ਵੀ ਲੰਘ ਚੁੱਕਿਆ ਸੀ । ਅਖ਼ਬਾਰ ਵਿੱਚ ਲਪੇਟੀ ਇਮਲੀ ਘਟੀ ਜਾ ਰਹੀ ਸੀ । ਬਹੁਤ ਸੁਆਦ ਸੀ । ਅਖ਼ਬਾਰ ਦੇ ਟੁਕੜੇ ਦੀ ਫਿੰਡ ਵੀ ਛੋਟੀ ਹੁੰਦੀ ਜਾ ਰਹੀ ਸੀ । ਮੂੰਹ ਦੇ ਸੁਆਦ ਦਾ ਰਾਜਾ ਬਣਾਇਆ ਚਟਕਾਰੇ ਲੈਂਦਾ ਉਹ ਚੌਂਕ 'ਚ ਖੜ੍ਹੇ ਬੁੱਤ ਨੂੰ ਦੇਖਦਾ ਗੁਜ਼ਰ ਰਿਹਾ ਸੀ । ਚੌਂਕ ਦੇ ਬੁੱਤ ਨੂੰ ਦੇਖਦੇ ਦੇਖਦੇ ਉਸ ਨੇ ਇਮਲੀ ਦੀ ਆਖ਼ਰੀ ਗਿਟਕ ਵੀ ਬਿਨਾਂ ਸੋਚਿਆਂ ਸਮਝਿਆਂ ਮੂੰਹ ਵਿੱਚ ਪਾ ਲਈ । ਤੇ ... ਅਖ਼ਬਾਰ ਦੀ ਫਿੰਡ ਖੋਹਲ ਕੇ ਦੇਖੀ । ਖਾਲੀ । ਘਰ ਤਾਂ ਅਜੇ ਪੁਲੀ ਟੱਪ ਕੇ ਆਉਣਾ ਸੀ । ਆਖ਼ਰੀ ਗਿੱਟਕ ਮੂੰਹ 'ਚ । ਕਿੰਨੀ ਸੁਆਦ । ਮੂੰਹ 'ਚੋਂ ਕੱਢ ਲਵਾਂ । ਜੀਭ ਗਿੱਟਕ ਨੂੰ ਛੱਡਣ ਨੂੰ ਨਾ ਮੰਨੇ । ਥੋੜ੍ਹੀ ਚੂਸ ਕੇ ਕੱਢ ਲਵਾਂਗਾ... ਬੇਚੈਨੀ... ਬੇਬਸੀ... ਖਾਲੀ ਅਖ਼ਬਾਰ ਕੀ ਕਰਨਾ । ਸੁੱਟ ਦਿੰਦਾਂ । ਉਸ ਨੂੰ ਘਬਰਾਹਟ ਹੋਈ । ਤੇਜ਼ ਤੇਜ਼ ਤੁਰਨ ਲੱਗਿਆ । ਅੱਧੀ ਚੂਸੀ ਲਾਲਾਂ ਨਾਲ ਭਿੱਜੀ ਗਿਟਕ ਹੱਥ 'ਚ ਫੜ ਲਈ । ਪੁਲੀ ਅਜੇ ਵੀ ਨਹੀਂ ਆਈ ਸੀ । ਅੱਜ ਸਹੁੰ ਦੇ ਟੁੱਟ ਜਾਣ ਦਾ ਭੈਅ ਉਸ ਦੇ ਸਿਰ 'ਤੇ ਤਲਵਾਰ ਵਾਂਗ ਲਟਕ ਰਿਹਾ ਸੀ । ਅੱਜ ਉਹ ਹਾਰ ਜਾਏਗਾ । ਆਪਣੇ ਸਾਹਮਣੇ... ਆਪਣੇ ਆਪ ਕਰਕੇ... ਆਪਣੇ ਆਪ ਤੋਂ ਮਾਰ ਖਾ ਜਾਏਗਾ । ਜਦੋਂ ਦੀ ਸਹੁੰ ਖਾਧੀ ਸੀ ਉਦੋਂ ਤੋਂ ਰੋਜ਼ ਹੀ ਉਸ ਲਈ ਧਰਮ ਸੰਕਟ ਪੈਦਾ ਹੋਇਆ ਰਹਿੰਦਾ । ਉਦੋਂ ਤੱਕ ਜਦੋਂ ਤੱਕ ਸਹੁੰ ਦੀ ਸ਼ਰਤ ਪੂਰੀ ਨਾ ਹੋ ਜਾਂਦੀ । ਚੀਚੀ ਦਾ ਨਹੁੰ ਟੁੱਕਦੀ ਬਬਲੀ ਦਾ ਅਕਸ ਯਾਦ ਆਇਆ । ਪੁਲੀ ਆ ਗਈ । ਘਰ ਦਿਸਣ ਲੱਗ ਪਿਆ । ਪਰ ਉਸ ਕੋਲ ਅੱਜ ਭੈਣ ਦੇ ਮੂੰਹ ਵਿੱਚ ਪਾਉਣ ਨੂੰ ... ਹੱਥ ਖਾਲੀ ਸਨ... ਹੈਂ... ਹੈਂ... ਗਿੱਟਕ ਕਿੱਥੇ ਗਈ? ਗਿਟਕ ਮੂੰਹ ਵਿੱਚ ਸੀ । ਹੱਥ ਉੱਤੇ ਕੁਝ ਸੁੱਕ ਕੇ ਆਕੜ ਜਿਹਾ ਗਿਆ ਸੀ । ਉਹ ਵੀ ਦੰਦਾਂ ਨਾਲ ਖੁਰਚ ਕੇ ਖਾ ਲਿਆ ਸੀ । ਹੁਣ ਸਿਰਫ਼ ਮੂੰਹ ਵਿੱਚ ਗਿਟਕ ਖੜਕ ਰਹੀ ਸੀ । ਉਸ ਨੂੰ ਤਰੇਲੀ ਆ ਗਈ । ਅੱਜ ਉਸ ਦੀ ਕਸਮ ਟੁੱਟ ਗਈ ਸੀ । ਸਿਰ ਸਾਈਕਲ ਦੇ ਪਹੀਏ ਵਾਂਗ ਘੁੰਮ ਰਿਹਾ ਸੀ । ਜਾਂ ਮੱਥੇ 'ਤੇ ਹਥੌੜੇ ਵਾਲੇ ਹੱਥਾਂ ਦੇ ਵਾਰ ਹੋ ਰਹੇ ਸਨ । ਗਿੱਟਕ ਥੁੱਕ ਦਿੱਤੀ । ਉਦਾਸ ਗ਼ਮਗ਼ੀਨ ਹਾਰਿਆ ਹੋਇਆ ਬਾਂਹਾਂ ਲਟਕਾਉਂਦਾ ਘਰ ਪੁੱਜਿਆ... ਤਾਂ... ਬਬਲੀ ਜਿਵੇਂ ਉਸ ਨੂੰ ਉਡੀਕ ਹੀ ਰਹੀ ਸੀ... ਬੇਤਾਬ ਖੜ੍ਹੀ... ਕੀ ਕਰੇ?? ਕਾਹਨੂੰ?? ਨਹੀਂ ਪੁਗਾ ਸਕਿਆ... ਥੋੜ੍ਹੇ ਦਿਨ ਹੀ ਪੁਗਾ ਸਕਿਆ... ਕਿੰਨੇ ਦਿਨ? ਅੱਧਾ...?? ਕਿੰਨੇ ਦਿਨ ਪੂਰਾ ਉਤਰ ਸਕਿਆ?? ਬਬਲੀ ਵੱਲ ਨੂੰ ਦੇਖ ਨਹੀਂ ਸੀ ਸਕਦਾ । ਬਬਲੀ ਦੇ ਨੰਗੇ ਪੈਰ ਉਸ ਵੱਲ ਨੂੰ ਵਧੇ... ਕਿ ਅਚਾਨਕ... ਉਸ ਦੀ ਜੀਭ ਨੂੰ ਮੂੰਹ ਵਿੱਚੋਂ ਕਿਤੋਂ ਇਮਲੀ ਦੇ ਫੋਲਕ ਦਾ ਇੱਕ ਛੋਟਾ ਜਿਹਾ ਭੋਰਾ ਚੁੱਭ ਗਿਆ ਜਿਹੜਾ ਉਸ ਨੇ ਝੱਟ ਪੋਟਿਆਂ 'ਚ ਫੜ ਕੇ ਕੁੜੀ ਦੇ ਮੂੰਹ ਵਿੱਚ ਦੇ ਦਿੱਤਾ ।

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ