Addhi Sadi Da Waqt (Punjabi Story) : Dr. Maheep Singh
ਅੱਧੀ ਸਦੀ ਦਾ ਵਕਤ (ਕਹਾਣੀ) : ਡਾ. ਮਹੀਪ ਸਿੰਘ
ਮੈਂ ਇਕ ਦਮ ਅਚਾਨਕ ਬੌਂਦਲ ਗਿਆ ਸੀ। ਉਹ ਮੇਰੇ ਪੈਰਾਂ 'ਤੇ ਝੁਕ ਕੇ ਕਹਿ ਰਿਹਾ ਸੀ "ਮਾਮਾ ਜੀ, ਪੈਰੀਂ ਪੈਣਾ।"
ਮੈਂ ਉਸਦੇ ਚਿਹਰੇ 'ਤੇ ਝਾਕ ਕੇ ਕੋਈ ਜਾਣੇ ਪਹਿਚਾਣੇ ਨਕਸ਼ਾਂ ਨੂੰ ਲੱਭਣਾ ਚਾਹਿਆ। ਉਸਦੇ ਚਿਹਰੇ 'ਤੇ ਛੋਟੀ ਜਿਹੀ ਦਾੜ੍ਹੀ ਸੀ। ਉਸ ਨੇ ਸਲਵਾਰ ਉਪਰ ਦੀ ਲੰਬੀ ਕਮੀਜ਼ ਪਹਿਨੀ ਹੋਈ ਸੀ। ਗਲ਼ ਵਿਚ ਤਵੀਤ ਸੀ। ਸਿਰ 'ਤੇ ਖਿਚੜੀ ਹੋਏ ਵਾਲ ਜੋ ਉਸਨੇ ਪਿੱਛੇ ਵਲ ਨੂੰ ਵਾਹੇ ਹੋਏ ਸਨ। ਓਸ ਵਿਚ ਕੁਝ ਵੀ ਅਨੋਖਾ ਨਹੀਂ ਸੀ। ਲਾਹੌਰ ਦੀਆਂ ਸੜਕਾਂ 'ਤੇ ਅਜਿਹੇ ਚਿਹਰੇ ਕਿਸੇ ਵੀ ਪਾਕਿਸਤਾਨੀ ਦੀ ਪਹਿਚਾਨ ਬਣਾਉਂਦੇ ਹਨ।
ਲਾਹੌਰ ਵਿਚ ਭਾਰਤੀ ਤੇ ਪਾਕਿਸਤਾਨੀ ਲੇਖਕਾਂ ਦਾ ਤਿੰਨ ਦਿਨਾਂ ਦਾ ਸੰਮੇਲਨ ਸੀ, ਜਿਹਦੇ ਵਿਚ ਦੋਵਾਂ ਪਾਸਿਆਂ ਦੇ ਲੇਖਕ ਸ਼ਾਮਿਲ ਹੋਏ ਸਨ। ਦਿਨ ਦਾ ਸੰਮੇਲਨ ਖ਼ਤਮ ਹੋਣ ਤੋਂ ਮਗਰੋਂ, ਜਦੋਂ ਸਾਰੇ ਲੋਕ ਹੋਟਲ ਦੀ ਵੱਡੀ ਸਾਰੀ ਲਾਬੀ ਵਿਚ ਟੋਲੀਆਂ ਬਣਾਅ ਕੇ ਗੱਪ-ਸ਼ਪ ਕਰ ਰਹੇ ਸਨ ਤਾਂ, ਮੁਹੰਮਦ ਹਸਨ ਅਚਾਨਕ ਮੇਰੇ ਸਾਹਮਣੇ ਆ ਕੇ ਖੜ੍ਹਾ ਹੋ ਗਿਆ ਸੀ। ਮੇਰੇ ਆਸੇ ਪਾਸੇ ਤਿੰਨ ਚਾਰ ਪਾਕਿਸਤਾਨੀ ਲੇਖਕ ਬੈਠੇ ਹੋਏ ਸਨ। ਉਹਨਾਂ ਨੇ ਵੀ ਜਦੋਂ ਉਸਨੂੰ ਮੇਰੇ ਸਾਹਮਣੇ ਝੁਕਦੇ ਤੇ ਮੈਨੂੰ ਮਾਮਾ ਜੀ ਕਹਿੰਦਿਆਂ ਸੁਣਿਆਂ ਤਾਂ ਉਹਨਾਂ ਦੇ ਚਿਹਰਿਆਂ 'ਤੇ ਵੀ ਕੁਝ ਅਜੀਬ ਕਿਸਮ ਦੀਆਂ ਲਕੀਰਾਂ ਉੱਭਰ ਆਈਆਂ। "ਮੈਂ ਭਗਵੰਤ ਕੌਰ ਦਾ ਪੁੱਤਰ ਹਾਂ…।"
ਭਗਵੰਤ… ਜ਼ਿੰਦਗੀ 'ਚ ਅਜਿਹਾ ਬਹੁਤ ਘਟ ਵਾਪਰਦਾ ਹੈ ਜੋ ਆਦਮੀ ਨੂੰ ਅਵਾਕ ਕਰ ਦਿੰਦਾ ਹੈ। ਪਰ ਹਰੇਕ ਅਵਾਕ ਕਰ ਦੇਣ ਵਾਲੀ ਗੱਲ ਛੇਤੀ ਹੀ ਆਪਣਾ ਰਾਹ ਲੱਭ ਲੈਂਦੀ ਹੈ। ਓਦੋਂ ਅਸੀਂ ਸਮੁੱਚੀ ਹਾਲਤ 'ਤੇ ਹੈਰਾਨੀ ਪਰਗਟ ਕਰਦੇ ਹੋਏ ਆਪਣੀਆਂ ਅੱਖਾਂ ਝਪਕਦੇ ਹਾਂ। ਪਰ ਇਹ ਗੱਲ ਤਾਂ ਇਵੇਂ ਸੀ ਜਿਵੇਂ ਕਈ ਵਰ੍ਹੇ ਪਹਿਲਾਂ ਮਰਿਆ ਹੋਇਆ ਬੰਦਾ ਸਾਹਮਣੇ ਆ ਕੇ ਖੜ੍ਹਾ ਹੋ ਜਾਵੇ… "ਦੇਖੋ… ਮੈਂ ਉਹੀ ਹਾਂ ਨਾ।"
ਉਹ ਕਿਤਨੇ ਡਰਾਉਣੇ ਦਿਨ ਸਨ। ਅਸੀਂ ਲੋਕਾਂ ਨੇ ਜਿਹੜੇ ਕੈਂਪ ਵਿਚ ਆਸਰਾ ਲਿਆ ਹੋਇਆ ਸੀ ਉਸ ਉਤੇ ਅਕਸਰ ਦੰਗਾਈਆਂ ਦਾ ਹਮਲਾ ਹੋ ਜਾਂਦਾ ਸੀ। ਉਹਨਾਂ ਦੀ ਨਿਗਾਹ ਜਵਾਨ ਔਰਤਾਂ 'ਤੇ ਹੁੰਦੀ ਸੀ। ਆਪਣੇ ਆਪ ਨੂੰ ਬਚਾਉਣ ਲਈ ਉਹ ਚੀਖਦੀਆਂ ਚਿਲਾਉਂਦੀਆਂ ਤੇ ਏਧਰ ਓਧਰ ਭੱਜਦੀਆਂ ਫਿਰਦੀਆਂ ਸਨ। ਸਾਰੇ ਕੈਂਪ ਵਿਚ ਭਾਜੜ ਮਚ ਜਾਂਦੀ ਸੀ। ਵਿੰਹਦੇ ਵਿੰਹਦੇ ਦਸ-ਪੰਦਰਾਂ ਆਦਮੀ ਦੰਗਾਈਆਂ ਦੀਆਂ ਕੁਹਾੜੀਆਂ, ਤਲਵਾਰਾਂ ਤੇ ਲੰਮੇ ਛੁਰਿਆਂ ਦੇ ਸ਼ਿਕਾਰ ਹੋ ਜਾਂਦੇ ਸਨ। ਉਸ ਵੇਲੇ ਕਿਸੇ ਨੂੰ ਕਿਸੇ ਦੀ ਸੁੱਧ ਨਹੀਂ ਰਹਿੰਦੀ ਸੀ। ਜਦੋਂ ਦੰਗਾਈ ਚਲੇ ਜਾਂਦੇ ਤਾਂ ਰੋਂਦੇ ਚੀਖਦੇ ਆਪਣੇ ਪਰਿਵਾਰ ਦੇ ਲੋਕਾਂ ਦੀ ਗਿਣਤੀ ਕਰਦੇ ਸਨ। ਅਜਿਹੇ ਹੀ ਇਕ ਹਮਲੇ ਤੋਂ ਬਾਅਦ ਜਦੋਂ ਅਸੀਂ ਗਿਣਤੀ ਕੀਤੀ ਤਾਂ ਪਤਾ ਲਗਿਆ ਕਿ ਭਗਵੰਤ ਤੇ ਸੁਖਵੰਤ ਦੋਵੇਂ ਹੀ ਨਹੀਂ ਸਨ। ਦੰਗਾਈ ਹੋਰ ਬਹੁਤ ਸਾਰੀਆਂ ਜ਼ਨਾਨੀਆਂ ਸਮੇਤ ਉਹਨਾਂ ਨੂੰ ਵੀ ਚੁੱਕ ਕੇ ਲੈ ਗਏ ਸਨ।
ਕਿਸੇ ਅਗਲੇ ਹਮਲੇ ਦੀ ਸ਼ੰਕਾ ਕਾਰਨ ਅਸੀਂ ਬੁਰੀ ਤਰ੍ਹਾਂ ਡਰੇ ਹੋਏ ਇੱਕ ਇੱਕ ਸਾਹ ਦੀ ਗਿਣਤੀ ਕਰ ਰਹੇ ਸਾਂ ਕਿ ਉਸੇ ਵੇਲੇ ਫ਼ੌਜ ਦੀਆਂ ਕੁਝ ਗੱਡੀਆਂ ਆ ਗਈਆਂ ਤੇ ਸਾਨੂੰ ਤੂੜੀ ਵਾਂਗ ਭਰ ਕੇ ਸਰਹੱਦ ਦੇ ਪਾਰ ਲੈ ਆਈਆਂ ਸਨ।
ਅਠਾਰਾਂ ਸਾਲਾਂ ਦੀ ਭਗਵੰਤ ਤੇ ਸੋਲਾਂ ਸਾਲਾਂ ਦੀ ਸੁਖਵੰਤ ਨੂੰ ਮੈਂ ਤੇ ਮੇਰੇ ਚਾਚੇ ਦੇ ਪੁੱਤਾਂ ਨੇ ਓਵੇਂ ਹੀ ਰੱਬ ਦਾ ਭਾਣਾ ਮੰਨ ਲਿਆ ਸੀ ਜਿਵੇਂ ਸਾਡੇ ਮਾਤਾ-ਪਿਤਾ ਤੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਦੀਆਂ ਲਹੂ ਭਿੱਜੀਆਂ ਲੋਥਾਂ ਨੂੰ ਆਪਣੀਆਂ ਸੁੰਨੀਆਂ ਅੱਖਾਂ 'ਚ ਡੁਬੋਅ ਲਿਆ ਸੀ।
ਉਹਨਾਂ ਦਿਨਾਂ ਵਿਚ ਦੋਵੇਂ ਪਾਸੇ ਦੀਆਂ ਸਰਕਾਰਾਂ ਨੇ ਜ਼ਬਰਦਸਤੀ ਅਗਵਾ ਕੀਤੀਆਂ ਗਈਆਂ ਔਰਤਾਂ ਦੀ ਖੋਜ ਪੜਤਾਲ ਸ਼ੁਰੂ ਕਰ ਦਿੱਤੀ ਸੀ। ਭਾਰਤੀ ਪੰਜਾਬ ਤੇ ਅਨੇਕਾਂ ਔਰਤਾਂ ਓਧਰ ਭੇਜੀਆਂ ਗਈਆਂ ਸਨ ਤੇ ਓਧਰੋਂ ਬਹੁਤ ਸਾਰੀਆਂ ਔਰਤਾਂ ਏਧਰ ਆਈਆਂ ਸਨ। ਸੁਖਵੰਤ ਵੀ ਉਹਨਾਂ ਵਿਚ ਆਈ ਸੀ। ਉਸੇ ਨੇ ਸਾਨੂੰ ਦੱਸਿਆ ਕਿ ਨੇੜੇ ਦੇ ਇਕ ਪਿੰਡ ਦੇ ਅਮਜਦ ਲੁਹਾਰ ਨੇ ਭਗਵੰਤ ਨੂੰ ਆਪਣੇ ਘਰ ਪਾ ਲਿਆ ਸੀ। ਜਦੋਂ ਫ਼ੌਜ ਦੀ ਟੁਕੜੀ ਓਸ ਪਿੰਡ ਵਿਚ ਪਹੁੰਚੀ ਤਾਂ ਓਸ ਨੇ ਭਗਵੰਤ ਨੂੰ ਅਜਿਹੀ ਹਨੇਰੀ ਕੋਠੜੀ 'ਚ ਛਿਪਾਅ ਦਿੱਤਾ ਸੀ ਕਿ ਓਸ ਦੀ ਹੂਕ ਨੂੰ ਵੀ ਕੋਈ ਸੁਣ ਨਹੀਂ ਸਕਦਾ ਸੀ।
ਮੁਹੰਮਦ ਹਸਨ ਕਹਿ ਰਿਹਾ ਸੀ, "ਕਲ ਅੰਮੀ ਨੇ ਤੁਹਾਨੂੰ ਟੈਲੀਵਿਜ਼ਨ 'ਤੇ ਵੇਖਿਆ ਸੀ। ਉਸ ਵਿਚ ਤੁਸੀਂ ਆਪਣੇ ਪੁਰਾਣੇ ਪਿੰਡ ਦਾ ਨਾਂ ਦੱਸਿਆ ਸੀ ਤੇ ਨਾਨਾ ਜੀ ਦਾ ਨਾਂ ਵੀ। ਸੁਣ ਕੇ ਅੰਮੀ ਨੇ ਚੀਕ ਮਾਰੀ ਸੀ— 'ਵੇ ਇਹ ਤਾਂ ਪ੍ਰੀਤਮ ਹੈ – ਮੇਰਾ ਸਕਾ ਭਰਾ!' ਉਹਦੇ ਹੰਝੂ ਰੁਕਦੇ ਨਹੀਂ ਸਨ। ਮੈਨੂੰ ਕਿਹਾ 'ਹਸਨ, ਕਿਸੇ ਤਰ੍ਹਾਂ ਇੱਕ ਵਾਰ ਮੇਰੇ ਭਰਾ ਨੂੰ ਮਿਲਾਅ ਦੇ।' ਮੈਂ ਕਿਹਾ ਮੈਂ ਤੁਹਾਨੂੰ ਜ਼ਰੂਰ ਉਹਨਾਂ ਦੇ ਕੋਲ ਲੈ ਕੇ ਆਵਾਂਗਾ।"
"ਤੁਸੀਂ ਕਿਥੇ ਰਹਿੰਦੇ ਹੋ?"
"ਦਸ ਸਾਲ ਹੋਏ ਅੱਬੂ ਬਹਿਸ਼ਤਾਂ ਨੂੰ ਚਲੇ ਗਏ ਸੀ। ਉਹ ਸਾਡੇ ਪਿੰਡ ਵਿਚ ਲੁਹਾਰ ਦਾ ਕੰਮ ਕਰਦੇ ਸਨ। ਓਥੇ ਹੀ ਮੈਂ ਦਸਵੀਂ ਜਮਾਤ ਪਾਸ ਕਰ ਲਈ ਸੀ। ਲਹੌਰ ਵਿਚ ਮੈਨੂੰ ਇਕ ਟਰਾਂਸਪੋਰਟ ਕੰਪਨੀ 'ਚ ਨੌਕਰੀ ਮਿਲ ਗਈ। ਉਦੋਂ ਦੇ ਅਸੀਂ ਏਥੇ ਹੀ ਹਾਂ।"
ਦੂਜੇ ਦਿਨ ਸਵੇਰ ਦੀ ਫ਼ਲਾਈਟ 'ਤੇ ਅਸੀਂ ਦਿੱਲੀ ਵਾਪਸ ਜਾਣਾ ਸੀ। ਮੈਂ ਪੁੱਛਿਆ "ਹਸਨ, ਆਪਾਂ ਹੁਣੇ ਹੀ ਚੱਲੀਏ?"
ਉਹ ਬੋਲਿਆ, "ਮਾਮਾ ਜੀ, ਮੇਰੇ ਕੋਲ ਮੋਟਰਸਾਈਕਲ ਹੈ।"
"ਠੀਕ ਹੈ," ਮੈਂ ਜਦੋਂ ਉਠਿਆ ਤਾਂ ਮੇਰੇ ਪਾਕਿਸਤਾਨੀ ਮਿੱਤਰ ਅਸਲਮ ਨੇ ਪੁੱਛਿਆ, "ਲਾਹੌਰ 'ਚ ਤੁਹਾਡੀ ਭੈਣ ਰਹਿੰਦੀ ਹੈ?"
ਮੈਂ ਕੁਝ ਬੋਲਿਆ ਨਹੀਂ। ਪਤਾ ਨਹੀਂ ਕਿਉਂ। ਮੈਂ ਬਹੁਤ ਉਖੜ ਗਿਆ ਸੀ। ਏਸ ਸਾਰੀ ਘਟਨਾ ਨੇ ਮੈਨੂੰ ਬਹੁਤ ਵਿਆਕੁਲ-ਅਵਾਜਾਰ ਤੇ ਉਦਾਸ ਕਰ ਦਿੱਤਾ ਸੀ। ਮੈਨੂੰ ਲੱਗਦਾ ਸੀ ਕਿ ਜੇ ਹਸਨ ਮੈਨੂੰ ਨਾ ਮਿਲਦਾ ਤਾਂ ਚੰਗਾ ਸੀ। ਤਿੰਨ ਦਿਨਾਂ ਦੇ ਇਸ ਸੰਮੇਲਨ ਕਾਰਨ ਮੈਂ ਬਹਤ ਖੁਸ਼ ਸਾਂ। ਪਾਕਿਸਤਾਨ ਦੇ ਕਿੰਨੇ ਹੀ ਉਰਦੂਤੇ ਪੰਜਾਬੀ ਦੇ ਲੇਖਕਾਂ ਨਾਲ ਮੇਰੀ ਜਾਣ ਪਹਿਚਾਨ ਹੋਈ ਸੀ। ਲਾਹੌਰ ਦੇ ਕਾਫ਼ੀ ਹਾਊਸ 'ਚ ਪਿਛਲੀ ਸ਼ਾਮ ਮੈਂ ਪਾਕਿਸਤਾਨੀ ਲੇਖਕਾਂ ਨਾਲ ਕਿਤਨਾ ਹਸੀ-ਮਜ਼ਾਕ ਕੀਤਾ ਸੀ। ਓਥੇ ਅਸੀਂ ਸਭ ਖੂਬ ਰੱਜ ਕੇ ਹੱਸੇ ਸਾਂ। ਸਾਡੇ ਠਹਾਕਿਆਂ ਨਾਲ ਪੂਰਾ ਕਾਫ਼ੀ ਹਾਊਸ ਗੂੰਜ ਉਠਿਆ ਸੀ। ਅੱਜ ਦਾ ਦਿਨ ਵੀ ਬਹੁਤ ਅੱਛਾ ਸੀ। ਸਵੇਰ ਦੀ ਪਾਰੀ 'ਚ ਮੈਂ ਪ੍ਰਧਾਨਗੀ ਕੀਤੀ ਸੀ। ਸ਼ਾਮ ਨੂੰ ਜਦੋਂ ਮੈਂ ਬਹੁਤ ਖੁਸ਼, ਹੋਟਲ ਦੀ ਲਾਬੀ 'ਚ ਗੱਪ-ਸ਼ਪ ਕਰ ਰਿਹਾ ਸੀ, ਓਦੋਂ ਹਸਨ ਨੇ ਆ ਕੇ ਕਿਹਾ ਸੀ — "ਮਾਮਾ ਜੀ…।"
ਆਪਣੀ ਮੋਟਰਸਾਈਕਲ ਦੀ ਪਿਛਲੀ ਸੀਟ 'ਤੇ ਬਿਠਾਅ ਕੇ ਉਹ ਮੈਨੂੰ ਪੁਰਾਣੇ ਲਾਹੌਰ ਦੀਆਂ ਭੀੜੀਆਂ ਸੜਕਾਂ 'ਤੇ ਘੁਮਾਉਂਦਾ ਲਈ ਜਾਂਦਾ ਸੀ। ਭਗੰਵਤ ਜਦੋਂ ਵਿਛੜੀ ਸੀ ਤਾਂ ਉਹ ਅਠਾਰਾਂ ਸਾਲ ਦੀ ਸੀ, ਹੁਣ ਤਾਂ ਉਹ ਸੱਤਰਾਂ ਨੂੰ ਟੱਪ ਗਈ ਹੋਵੇਗੀ… ਕਿਵੇਂ ਲਗਦੀ ਹੋਵੇਗੀ? ਏਨਾ ਲੰਮਾ ਸਮਾਂ… ਅਮਜਦ ਲੁਹਾਰ…। ਮੈਂ ਮਨ ਹੀ ਮਨ ਵਿਚ ਉਸਦੀ ਸ਼ਕਲ ਬਨਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ।
ਹਸਨ ਦੀ ਮੋਟਰਸਾਈਕਲ ਇਕ ਪੁਰਾਣੇ, ਬਿਨ ਪਲੱਸਤਰ ਮਟ-ਮੈਲੀਆਂ ਇੱਟਾਂ ਵਾਲੇ ਘਰ ਸਾਹਮਣੇ ਰੁਕੀ। ਉਸਨੇ ਬੂਹਾ ਖੜਕਾਇਆ ਤੇ ਓਥੋਂ ਹੀ ਬੋਲਿਆ, "ਅੰਮੀ, ਵੇਖ ਮੈਂ ਕਿਹਨੂੰ ਲੈ ਕੇ ਆਇਆ ਹਾਂ!"
ਬੂਹਾ ਖੁੱਲ੍ਹਿਆ ਤਾਂ ਵੇਖਿਆ ਕਿ ਸਾਹਮਣੇ ਇੱਕ ਬਜ਼ੁਰਗ ਤੇ ਕਮਜ਼ੋਰ ਔਰਤ ਖੜ੍ਹੀ ਹੈ। ਉਹ ਭਗਵੰਤ ਸੀ। ਮੈਨੂੰ ਦੇਖਦਿਆਂ ਹੀ ਉਹ ਚੀਕ ਪਈ। ਦੋਵਾਂ ਹੱਥਾਂ ਨਾਲ ਦਲ੍ਹੀਜ ਟਪਾਉਂਦੀ ਹੋਈ ਉਹ ਇਕੋ ਸਾਹ, ਇਕ ਹੀ ਸ਼ਬਦ ਬੋਲ ਰਹੀ ਸੀ" …ਵੀਰਾ … ਵੀਰਾ…।"
ਮੈਂ ਏਸ ਦ੍ਰਿਸ਼ ਦੀ ਕਲਪਨਾ ਕਰਦਾ ਰਿਹਾ ਸੀ ਤੇ ਅੰਦਰ ਹੀ ਅੰਦਰ ਡਰ ਰਿਹਾ ਸੀ। ਅੰਦਰ ਦੀ ਧੜਕਣ ਇੱਕ ਦਮ ਤੇਜ਼ ਹੋ ਗਈ।
ਕੱਲ੍ਹ ਆਥਣ ਤੋਂ ਹੀ ਮੇਰੇ ਅੰਦਰ ਬੱਦਲ ਛਾ ਰਹੇ ਸਨ ਤੇ ਉਹਨਾਂ ਦੀ ਗੜਗੜਾਹਟ ਵੀ ਸੁਣਦੀ ਰਹੀ ਸੀ। ਮੈਂ ਬੜਾ ਕਮਜ਼ੋਰ ਬੰਦਾ ਹਾਂ। ਥੋੜ੍ਹੀ ਜਿਹੀ ਗਲ 'ਤੇ ਮੇਰਾ ਗੱਚ ਭਰ ਆਉਂਦਾ ਹੈ। ਵੱਡੀਆਂ ਵੱਡੀਆਂ ਮੁਸ਼ਕਲਾਂ ਦਾ ਟਾਕਰਾ ਕਰਨ ਤੋਂ ਡਰਦਾ ਰਹਿੰਦਾ ਹਾਂ। ਆਮ ਤੌਰ 'ਤੇ ਬਚਣਾ ਚਾਹੁੰਦਾ ਹਾਂ – ਚੁੱਪ ਚਾਪ ਉਹਨਾਂ ਕੋਲ ਦੀ ਨਿਕਲ ਜਾਣਾ ਚਾਹੁੰਦਾ ਹਾਂ।
ਭਗਵੰਤ ਨੇ ਮੈਨੂੰ ਚਾਦਰ ਵਿਛੀ ਮੰਜੀ 'ਤੇ ਆਪਣੇ ਨਾਲ ਬਿਠਾਅ ਲਿਆ ਸੀ। ਉਸ ਨੇ ਮੇਰੇ ਦੋਵੇਂ ਹੱਥ ਫੜੇ ਹੋਏ ਸਨ ਤੇ ਉਹ ਰੋਈ ਜਾਂਦੀ ਸੀ। ਮੈਂ ਵੀ ਰੋ ਰਿਹਾ ਸੀ। ਅਸੀਂ ਦੋਵੇਂ ਚੁੱਪ ਸਾਂ ਤੇ ਕੇਵਲ ਰੋ ਰਹੇ ਸਾਂ।
ਹਸਨ ਕੋਲ ਹੀ ਖੜ੍ਹਾ ਸੀ। ਉਸਦੇ ਨਾਲ ਉਸਦੀ ਘਰ ਵਾਲੀ ਤੇ ਦੋ ਛੋਟੇ ਛੋਟੇ ਬੱਚੇ ਸਾਨੂੰ ਹੈਰਾਨੀ ਨਾਲ ਦੇਖ ਰਹੇ ਸਨ।
ਹਸਨ ਨੇ ਅੱਗੇ ਹੋ ਕੇ ਆਪਣੀ ਮਾਂ ਦੇ ਮੋਢੇ 'ਤੇ ਹੱਥ ਰੱਖ ਕੇ ਕਿਹਾ, "ਅੰਮੀ, ਮਾਮਾ ਜੀ ਦੀ ਵੀ ਖੈਰੀਅਤ ਪੁੱਛੋ। ਕੁਝ ਸੇਵਾ ਪਾਣੀ ਵੀ ਕਰੋ।"
ਭਗਵੰਤ ਨੇ ਮੇਰੇ ਹੱਥ ਛੱਡ ਦਿੱਤੇ ਤੇ ਆਪਣ ਦੁਪੱਟੇ ਨਾਲ ਅੱਖਾਂ ਪੂੰਝਣ ਲੱਗੀ।
ਹਸਨ ਨੇ ਆਪਣੀ ਘਰ ਵਾਲੀ ਵਲ ਦੇਖਿਆ — "ਫ਼ਾਤਿਮਾ…।"
ਉਹ ਝਟਪਟ ਮੁੜ ਕੇ ਰਸੋਈ ਵਲ ਚਲੀ ਗਈ।
ਮੈਂ ਦੋਵਾਂ ਬੱਚਿਆਂ ਨੂੰ ਆਪਣੇ ਕੋਲ ਆਉਣ ਲਈ ਬੁਲਾਇਆ।
ਉਹ ਦੋਵੇਂ ਡਰੇ ਹੋਏ ਦੂਰ ਖੜ੍ਹੇ ਸਨ। ਹਸਨ ਉਹਨਾਂ ਨੂੰ ਮੇਰੇ ਕੋਲ ਲੈ ਅਇਆ। ਇਹ ਬਿਲਾਵਲ ਹੈ ਤੇ ਇਹ ਅਮੀਨਾ ਹੈ। ਬਿਲਾਵਲ ਪੰਜਵੀਂ 'ਚ ਤੇ ਅਮੀਨਾ ਤੀਜੀ ਜਮਾਤ ਵਿਚ ਪੜ੍ਹਦੀ ਹੈ।
ਮੈਂ ਦੋਵਾਂ ਨੂੰ ਆਪਣੇ ਕੋਲ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਪਿਓ ਦੀਆਂ ਉਂਗਲਾਂ ਫੜੀ ਖੜ੍ਹੇ ਮੈਨੂੰ ਘੂਰ ਘੂਰ ਵਿੰਹਦੇ ਰਹੇ। ਮੈਂ ਉਹਨਾਂ ਲਈ ਬਹੁਤ ਓਪਰਾ ਜੋ ਸਾਂ।
ਫ਼ਾਤਿਮਾ ਕਈ ਗਲਾਸਾਂ 'ਚ ਸਰਬਤ ਲੈ ਆਈ। ਬੋਲੀ… ਤੁਸੀਂ ਅੰਮੀ ਜੀ ਦੇ ਭਾਈ ਹੋ। ਕੀਹਨੇ ਸੋਚਿਆ ਸੀ ਕਿ ਅੱਲ੍ਹਾ ਏਡੇ ਲੰਮੇ ਸਮੇਂ ਬਾਅਦ ਭੈਣ-ਭਾਈ ਨੂੰ ਇਸ ਤਰ੍ਹਾਂ ਮਿਲਾ ਦਊਗਾ।
ਉਹਦੀਆਂ ਅੱਖਾਂ 'ਚ ਜਿਵੇਂ ਸਮੁੰਦਰ ਭਰ ਆਇਆ — "ਮੈਂ ਰੋਟੀ ਪਕਾਅ ਰਹੀ ਹਾਂ।" ਕਹਿ ਕੇ ਉਹ ਮੁੜਨ ਨੂੰ ਹੋਈ — ਫੇਰ ਰੁਕ ਗਈ। "ਮੈਂ ਮਾਸ ਨਹੀਂ ਰਿੰਨ੍ਹਾਂਗੀ… ਮੈਨੂੰ ਪਤਾ ਹੈ… ਸਿੱਖ ਹਲਾਲ ਨਹੀਂ ਖਾਂਦੇ।"
"ਤੈਨੂੰ ਕਿਵੇਂ ਪਤਾ ਹੈ?" ਮੈਂ ਮੁਸਕਾਇਆ, … ਪਾਕਿਸਤਾਨ ਵਿਚ ਸਿੱਖ ਤਾਂ ਹੈਨ ਹੀ ਨਹੀਂ।"
"ਨਨਕਾਣਾ ਸਾਹਿਬ 'ਚ ਮੇਰੇ ਪੇਕੇ ਹਨ। ਓਥੇ ਕੁਝ ਸਿੱਖ ਪਰਿਵਾਰ ਹਨ। ਕਿੰਨੀਆਂ ਹੀ ਸਿੱਖਾਂ ਦੀਆਂ ਕੁੜੀਆਂ ਮੇਰੀਆਂ ਸਹੇਲੀਆਂ ਸਨ। ਉਹ ਸਾਡੇ ਘਰ ਸਭ ਕੁਝ ਖਾ ਲੈਂਦੀਆਂ ਸਨ ਪਰ ਮਾਸ ਨਹੀਂ ਖਾਂਦੀਆਂ ਸਨ।"
ਮੈਨੂੰ ਵੰਡ ਤੋਂ ਪਹਿਲਾਂ ਦੀਆਂ ਗੱਲਾਂ ਯਾਦ ਆਈਆਂ। ਸਾਡੇ ਪਿੰਡ ਵਿਚ ਜ਼ਿਆਦਾਤਰ ਘਰ ਮੁਸਲਮਾਨਾਂ ਦੇ ਸਨ। ਬਹਤੁ ਥੋੜ੍ਹੇ ਜਿਹੇ ਹਿੰਦੂ-ਸਿੱਖ ਪਰਿਵਾਰ ਉਸ ਪਿੰਡ ਵਿਚ ਰਹਿੰਦੇ ਸਨ। ਮੁਸਲਮਾਨ ਸਾਨੂੰ ਝਟਕਾ ਨਹੀਂ ਕਰਨ ਦਿੰਦੇ ਸਨ। ਅਸੀਂ ਜਦੋਂ ਕਦੇ ਨਜ਼ਦੀਕ ਦੇ ਸ਼ਹਿਰ ਜਾਂਦੇ ਤਾਂ ਓਥੋਂ ਝਟਕਾ ਕੀਤਾ ਮਾਸ ਲੈ ਆਉਂਦੇ ਸਾਂ ਤੇ ਉਹ ਵੀ ਚੋਰੀ ਛਿਪੇ।
ਮੈਂ ਕਿਹਾ, "ਧੀਏ, ਤੂੰ ਜੋ ਵੀ ਪਕਾਂਏਗੀ ਮੈਂ ਖਾ ਲਵਾਂਗਾ।"
ਆਦਮੀ ਨੂੰ ਆਪਣੀ ਰਸੋਈ ਵਿਚ ਲਕੀਰਾਂ ਖਿੱਚਣੀਆਂ ਕਿੰਨੀਆਂ ਚੰਗੀਆਂ ਲਗਦੀਆਂ ਹਨ। ਇਹ ਖਾਣਾ ਉਹਨਾਂ ਦਾ ਹੈ ਜੋ ਪਿਆਜ਼-ਲਹਸਣ ਨਹੀਂ ਖਾਂਦੇ ਹਨ… ਜੋ ਪਿਆਜ਼-ਲਹਸਣ ਤਾਂ ਖਾ ਲੈਂਦੇ ਹਨ ਪਰ ਮਾਸ-ਮੱਛੀ ਦੇ ਨਾਂ ਤੋਂ ਹੀ ਉਲਟੀ ਆ ਜਾਂਦੀ ਹੈ। ਇਹ ਉਹਨਾਂ ਦਾ ਹੈ ਜੋ ਮਾਸ-ਮੱਛੀ ਤਾਂ ਡਟ ਕੇ ਖਾਂਦੇ ਹਨ ਪਰ ਗਾਂ ਦੇ ਮਾਸ ਦਾ ਨਾਂ ਸੁਣਦਿਆਂ ਉਹਨਾਂ ਦੀ ਰੂਹ ਕੰਬਣ ਲੱਗ ਜਾਂਦੀ ਹੈ। ਇਹ ਉਹ ਲੋਕ ਹਨ ਜੋ ਮੰਨਦੇ ਹਨ ਕਿ ਮਾਸ ਬਿਨਾ ਸਭ ਘਾਸ ਰਸੋਈ, ਪਰ ਹੋਣਾ ਚਾਹੀਦਾ ਹੈ ਝਟਕਾ… ਇਕ ਹੀ ਵਾਰ ਨਾਲ ਬਕਰੇ ਦਾ ਸਿਰ ਧੜ ਤੋਂ ਅਲੱਗ। ਇਹ ਉਹ ਲੋਕ ਹਨ ਜਿਨ੍ਹਾਂ ਦੇ ਘਰ ਬਕਰਾ, ਭੇਡ, ਊਠ, ਗਾਂ, ਬਲਦ, ਮੱਝ, ਝੋਟਾ ਸਾਰਿਆਂ ਦਾ ਮਾਸ ਪੱਕਣ 'ਤੇ ਬੜਾ ਸਵਾਦ ਦਿੰਦਾ ਹੈ, ਪਰ ਹੋਣਾ ਚਾਹੀਦਾ ਹੈ ਹਲਾਲ, ਕਲਮਾ ਪੜ੍ਹ ਕੇ ਪਾਕ ਕੀਤਾ ਹੋਇਆ।
ਫ਼ਾਤਿਮਾ ਜਾਣਦੀ ਸੀ, ਸਿੱਖ ਕੇਵਲ ਝਟਕਾ ਕੀਤਾ ਹੋਇਆ ਮਾਸ ਖਾਂਦੇ ਹਨ।
ਹਸਨ ਬੋਲਿਆ — "ਮਾਮਾ ਜੀ, ਤੁਸੀਂ ਆਪਣੀ ਭੈਣ ਕੋਲ ਬੈਠ ਕੇ ਗੱਲਾਂ ਕਰੋ। ਮੈਂ ਥੋੜ੍ਹੇ ਸਮੇਂ ਲਈ ਦਫ਼ਤਰ ਹੋ ਆਉਂਦਾ ਹਾਂ। ਟਰਾਂਸਪੋਰਟ ਕੰਪਨੀਆਂ 'ਚ ਆਥਣ ਨੂੰ ਕੰਮ ਬਹੁਤ ਵਧ ਜਾਂਦਾ ਹੈ। ਮੈਂ ਛੇਤੀ ਹੀ ਵਾਪਿਸ ਆ ਜਾਵਾਂਗਾ।"
ਮੈਂ ਕਿਹਾ — "ਧਿਆਨ ਰੱਖਣਾ, ਮੈਂ ਹੋਟਲ ਪਹੁੰਚਣਾ ਹੈ। ਕਲ ਸਵੇਰੇ ਸਾਰ ਸਾਡੀ ਫ਼ਲਾਈਟ ਹੈ।"
ਹਸਨ ਨੇ ਮੇਰਾ ਹੱਥ ਫੜ ਲਿਆ — "ਤੁਸੀਂ ਬਿਲਕੁਲ ਫ਼ਿਕਰ ਨਾ ਕਰੋ, ਇਹ ਮੇਰੀ ਜ਼ਿੰਮੇਵਾਰੀ ਹੈ।"
ਹਸਨ ਚਲਿਆ ਗਿਆ। ਫ਼ਾਤਿਮਾ ਰਸੋਈ ਦੇ ਕੰਮ 'ਚ ਲੱਗ ਗਈ। ਬੱਚੇ ਆਪਣਾ ਹੋਮ-ਵਰਕ ਕਰਨ ਲਈ ਦੂਜੇ ਕਮਰੇ 'ਚ ਚਲੇ ਗਏ।
ਮੈਂ ਬੋਲਿਆ — "ਭਗਤੋ! ਮੈਨੂੰ ਇੰਝ ਲਗਿਐ ਜਿਵੇਂ ਮੈਂ ਪੰਜਾਹ ਸੱਠ ਸਾਲ ਪਿੱਛੇ ਚਲਿਆ ਗਿਆ ਹਾਂ।" ਭਗਤੋ ਤੇ ਸੁੱਖੋ ਦੋਵੇਂ ਭੈਣਾਂ ਮੇਰੇ ਨਾਲੋਂ ਸਾਲ ਦੋ ਸਾਲ ਛੋਟੀਆਂ ਸਨ। ਇਹ ਨਾਮ ਸੁਣ ਕੇ ਉਹ ਫੇਰ ਛਲਕ ਪਈ। "ਮੈਨੂੰ ਉਮੀਦ ਨਹੀਂ ਸੀ ਕਿ ਭਗਤੋ ਕਹਿਣ ਵਾਲਾ ਮੇਰਾ ਵੀਰ ਕਦ ਮੇਰੇ ਸਾਹਮਣੇ ਬੈਠਾ ਹੋਵੇਗਾ।"
"ਮੈਂ ਜਾਣਦਾ ਹਾਂ… ਤੇਰੇ ਨਾਲ ਕਿਹੜੇ ਕਿਹੜੇ ਜ਼ੁਲਮ ਹੋਏ ਹੋਣਗੇ।"
ਉਹ ਸੋਚ ਵਿਚ ਡੁੱਬ ਗਈ। ਸੋਚ ਦੇ ਇਸ ਰਿੜਕਨ ਨਾਲ ਕੋਈ ਮੱਖਣ ਤਾਂ ਨਿਕਲਣਾ ਨਹੀਂ ਸੀ।
"ਵੀਰਾ, ਮੈ ਹੈਵਾਨੀਅਤ ਵੀ ਵੇਖੀ ਤੇ ਇਨਸਾਨੀਅਤ ਵੀ। ਮੇਰੇ ਨਾਲ ਨਾਲ ਜਿਹੜੀਆਂ ਹੋਰ ਔਰਤਾਂ ਉਧਾਲੀਆਂ ਗਈਆਂ ਸਨ ਉਹਨਾਂ ਨੂੰ ਧਾੜਵੀਆਂ ਨੇ ਏਸ ਤਰ੍ਹਾਂ ਆਪਸ ਵਿਚ ਵੰਡ ਲਿਆ ਜਿਵੇਂ ਉਹ ਬੇਰੀਆਂ ਤੋਂ ਬੇਰ ਤੋੜ ਕੇ ਲਿਆਏ ਹੋਣ। ਤੈਨੂੰ ਲਾਜੋ ਤੇ ਰਾਣੀ ਯਾਦ ਹੋਣਗੀਆਂ — ਲਾਲਾ ਫ਼ਕੀਰ ਚੰਦ ਦੀਆਂ ਕੁੜੀਆਂ। ਮੇਰੇ ਵੇਖਦੇ ਵੇਖਦੇ ਉਹਨਾਂ ਨੇ ਇਕ ਖੂਹ ਵਿਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਸੀ। ਮੈਂ ਵੀ ਇਵੇਂ ਕਰਨਾ ਚਾਹੁੰਦੀ ਸੀ ਪਰ ਸੁੱਖੋ ਦਾ ਧਿਆਨ ਕਰ ਕੇ ਮੈਂ ਅਜਿਹਾ ਨਾ ਕੀਤਾ। ਧਾੜਵੀਆਂ ਦਾ ਇੱਕ ਟੋਲਾ ਕੁਝ ਔਰਤਾਂ ਨੂੰ ਲਈ ਕਿਸੇ ਦੂਜੇ ਪਿੰਡ ਵਲ ਚਲਿਆ ਗਿਆ ਸੀ। ਸੁਖੋ ਵੀ ਉਹਨਾਂ ਵਿਚ ਸੀ। ਮੈਨੂੰ ਪਤਾ ਨਹੀਂ ਉਹਦੇ ਨਾਲ ਕੀ ਬੀਤੀ। ਪਰ ਕੁਝ ਦਿਨਾਂ ਬਾਅਦ ਮੈਨੂੰ ਪਤਾ ਲੱਗ ਗਿਆ ਸੀ ਕਿ ਭਾਰਤੀ ਫ਼ੌਜ ਉਸ ਨੂੰ ਲੱਭ ਕੇ ਬਹੁਤ ਸਾਰੀਆਂ ਅਭਾਗਣਾਂ ਨਾਲ ਸਰਹੱਦ ਦੇ ਉਸ ਪਾਰ ਲੈ ਗਈ ਹੈ।"
"ਕੀ ਫ਼ੌਜ ਦੇ ਲੋਕ ਤੈਨੂੰ ਲੱਭ ਨਾ ਸਕੇ?"
"ਫ਼ੌਜ ਸਾਡੇ ਪਿੰਡ ਵਿਚ ਵੀ ਆਈ ਸੀ — ਪਰ ਜਾਣ ਬੁੱਝ ਕੇ ਮੈਂ ਇਕ ਹਨੇਰੀ ਕੋਠੜੀ ਵਿਚ ਲੁਕ ਗਈ ਸੀ।" ਮੇਰੀਆਂ ਅੱਖਾਂ ਉਸ 'ਤੇ ਟਿਕ ਗਈਆਂ ਸਨ।
"ਵੀਰਾ, ਮੇਰੇ ਨਾਲ ਵੀ ਕੋਈ ਘਟ ਅਨਹੋਣੀ ਨਹੀਂ ਹੋਈ।" ਭਗਵੰਤ ਦੀਆਂ ਅੱਖਾਂ 'ਚ ਇਕਦਮ ਸੁੰਨ ਵਰਤ ਗਈ।
"ਧਾੜਵੀ ਜਦੋਂ ਮੈਨੂੰ ਲਈ ਪਿੰਡ ਵਿਚ ਆਏ ਤਾਂ ਆਪਸ ਵਿਚ ਲੜਨ ਲਗ ਪਏ। ਜਦੋਂ ਏਸ ਗੱਲ ਦਾ ਪਤਾ ਅਮਜਦ ਨੂੰ ਲੱਗਿਆ ਤਾਂ ਉਹ ਪਿੰਡ ਦੇ ਕੁਝ ਬੰਦਿਆਂ ਨਾਲ ਓਥੇ ਆ ਗਿਆ। ਉਹਨਾਂ ਵਿਚ ਪਿੰਡ ਦਾ ਮੌਲਵੀ ਵੀ ਸੀ। ਉਹ ਬੋਲਿਆ "ਅੱਲ੍ਹਾ ਦੇ ਵਾਸਤੇ ਏਸ ਬੱਚੀ 'ਤੇ ਜ਼ੁਲਮ ਨਾ ਕਰੋ, ਖ਼ੁਦਾ ਤੁਹਾਨੂੰ ਕਦੇ ਮਾਫ਼ ਨਾ ਕਰੇਗਾ। ਤੁਹਾਡੇ 'ਚੋਂ ਕੋਈ ਇਕ ਇਸ ਲੜਕੀ ਨਾਲ ਨਿਕਾਹ ਕਰ ਲਵੋ।" ਉਹ ਮੌਲਵੀ ਦੀ ਗੱਲ ਸੁਣ ਕੇ ਸੋਚਾਂ 'ਚ ਪੈ ਗਏ। ਓਸੇ ਵੇਲੇ ਅਮਜਦ ਨੇ ਅੱਗੇ ਹੋ ਕੇ ਕਿਹਾ, "ਮੌਲਵੀ ਸਾਹਿਬ ਮੈਂ ਏਸ ਕੁੜੀ ਨਾਲ ਨਿਕਾਹ ਕਰਨ ਲਈ ਤਿਆਰ ਹਾਂ। ਪਿਛਲੇ ਸਾਲ ਹੀ ਮੇਰੀ ਘਰ ਵਾਲੀ ਦੀ ਮੌਤ ਹੋ ਗਈ ਸੀ। ਮੈਂ ਪੂਰੀ ਦਿਆਨਤਦਾਰੀ ਨਾਲ ਏਸ ਨੂੰ ਆਪਣੀ ਬੀਵੀ ਦਾ ਦਰਜਾ ਦੇਵਾਂਗਾ।"
ਪਿੰਡ ਦੇ ਲੋਕਾਂ ਤੇ ਮੌਲਵੀ ਦਾ ਰੁਖ ਦੇਖ ਕੇ ਧਾੜਵੀ ਖੂਨ ਦਾ ਘੁੱਟ ਪੀ ਕੇ ਰਹਿ ਗਏ। ਪਿੰਡ ਦਾ ਨੰਬਰਦਾਰ ਮੈਨੂੰ ਆਪਣੀ ਧੀ ਬਣਾਅ ਕੇ ਆਪਣੇ ਘਰ ਲੈ ਗਿਆ। ਤਿੰਨ ਚਾਰ ਦਿਨਾਂ ਬਾਅਦ ਮੈਨੂੰ ਕਲਮਾ ਪੜ੍ਹਾਇਆ ਗਿਆ ਤੇ ਅਮਜਦ ਨਾਲ ਮੇਰਾ ਨਿਕਾਹ ਕਰ ਦਿੱਤਾ ਗਿਆ। ਜਿਸ ਵੇਲੇ ਫ਼ੌਜ ਸਾਡੇ ਪਿੰਡ ਜਬਰਨ ਲਿਆਈਆਂ ਕੁੜੀਆਂ ਲੱਭਣ ਆਈ ਤਾਂ ਹਸਨ ਮੇਰੀ ਕੁੱਖ ਵਿਚ ਆ ਚੁੱਕਿਆ ਸੀ। ਮੈਂ ਇਹ ਮੰਨ ਲਿਆ ਸੀ ਕਿ ਹੁਣ ਅਮਜਦ ਹੀ ਮੇਰਾ ਪਤੀ ਹੈ… ਇਹ ਘਰ ਮੇਰਾ ਘਰ ਹੈ।"
ਮੇਰੇ ਸਾਹਮਣੇ ਇਨਸਾਨੀਅਤ ਦੀ ਇਕ ਪੂਰੀ ਕਹਾਣੀ ਪੋਲੇ ਪੋਲੇ ਪੈਰ ਰੱਖਦੀ ਤੁਰੀ ਜਾ ਰਹੀ ਸੀ। ਇਹਦੇ ਵਿਚ ਕੋਈ ਖੜਕਾ ਨਹੀਂ ਸੀ – ਕੋਈ ਪੈੜ ਚਾਲ ਵੀ ਨਹੀਂ ਸੀ ਸੁਣਦੀ – ਹਵਾ ਦੀ ਸਰ ਸਰ ਵੀ ਨਹੀਂ ਸੀ। ਸਭ ਕੁਝ ਬਹੁਤ ਹੀ ਚੁੱਪ ਚਾਪ ਵਰਤ ਰਿਹਾ ਸੀ।
ਭਗਵੰਤ ਆਪਣੇ ਗੋਡਿਆਂ 'ਤੇ ਹੱਥ ਰੱਖ ਮੰਜੀ ਤੋਂ ਉਤਰੀ। ਉਹਦੇ ਮੂੰਹੋਂ ਨਿਕਲਿਆ… "ਹੇ ਵਾਹਿਗੁਰੂ…।"
ਜਦੋਂ ਵਾਪਸ ਆ ਕੇ ਮੰਜੀ 'ਤੇ ਬੈਠੀ, ਉਸਦੇ ਮੂੰਹ 'ਚੋਂ ਨਿਕਲਿਆ… ਵਾਹਿਗੁਰੂ…।
"ਅਮਜਦ ਨੇ ਤੇਰਾ ਸਾਥ ਕਿਵੇਂ ਨਿਭਾਇਆ?"
"ਉਹ ਬਹੁਤ ਚੰਗਾ ਇਨਸਾਨ ਸੀ… ਪੱਕਾ ਨਮਾਜ਼ੀ ਤੇ ਖ਼ੁਦਾ ਪ੍ਰਸਤ…। ਕਲਮਾ ਪੜ੍ਹਨ ਤੋਂ ਬਾਅਦ ਮੇਰਾ ਨਾਂ ਮਦੀਹਾ ਰੱਖ ਦਿੱਤਾ ਗਿਆ ਸੀ ਪਰ ਅਮਜਦ ਮੈਨੂੰ ਭਗਵੰਤ ਕਹਿ ਕੇ ਬੁਲਾਉਂਦਾ ਸੀ। ਉਸਨੇ ਮੈਨੂੰ ਕਦੇ ਵੀ ਕਿਸੇ ਗੱਲੋਂ ਮਜਬੂਰ ਨਾ ਕੀਤਾ। ਇਕ ਵਾਰੀ ਤਾਂ ਉਸ ਮੈਨੂੰ ਇਹ ਵੀ ਕਿਹਾ ਸੀ… ਜੇ ਤੇਰਾ ਮਨ ਪਾਠ ਕਰਨ 'ਚ ਲਗਦਾ ਹੈ ਤਾਂ ਮੈਂ ਤੈਨੂੰ ਗੁਰਬਾਣੀ ਦਾ ਇਕ ਗੁਟਕਾ ਲਿਆ ਦੇਵਾਂਗਾ।"
ਕੁਝ ਸਮੇਂ ਬਾਅਦ ਹਸਨ ਆ ਗਿਆ। ਫ਼ਾਤਿਮਾ ਨੇ ਖਾਣਾ ਤਿਆਰ ਕਰ ਦਿੱਤਾ ਸੀ। ਅਸੀਂ ਸਾਰਿਆਂ ਦਸਤਰਖਾਨ 'ਤੇ ਬੈਠ ਕੇ ਇਕੱਠਿਆਂ ਰੋਟੀ ਖਾਧੀ। ਫ਼ਾਤਿਮਾ ਨੇ ਮਟਰ ਪੁਲਾਅ ਬਣਾਇਆ ਸੀ। ਮਸਰ ਦੀ ਦਾਲ ਤੇ ਆਲੂਕੋਰਮੇ ਦੀ ਸਬਜ਼ੀ ਵੀ ਬੜੀ ਸਵਾਦੀ ਸੀ। ਉਹ ਬੋਲੀ, "ਮਾਮਾ ਜੀ, ਮੈਂ ਬਾਜਰੇ ਦੀ ਰੋਟੀ ਖਾਸ ਤੁਹਾਡੇ ਲਈ ਬਣਾਈ ਹੈ। ਬਾਜਰੇ ਦਾ ਆਟਾ ਮੈਂ ਦੁੱਧ ਵਿਚ ਗੁੰਨ੍ਹਿਆ ਹੈ। ਤੁਸੀਂ ਬਾਜਰਾ ਖਾਂਦੇ ਹੋ ਨਾ?" ਮੈਂ ਕੇਵਲ ਏਨਾ ਹੀ ਬੋਲ ਸਕਿਆ, "ਤੂੰ ਜੋ ਖਵਾਏਂਗੀ ਮੈਂ ਖਾ ਲਵਾਂਗਾ।"
ਰੋਟੀ ਤੋਂ ਬਾਅਦ, ਪਿਸਤੇ-ਬਦਾਮ ਵਾਲੀ ਖੀਰ ਖਾ ਜਦੋਂ ਅਸੀਂ ਉਠੇ ਤਾਂ ਰਾਤ ਦੇ ਗਿਆਰਾਂ ਵੱਜ ਚੁੱਕੇ ਸਨ।
ਭਗਵੰਤ ਨੇ ਮੈਨੂੰ ਭਰੀਆਂ ਅੱਖਾਂ ਨਾਲ ਵੇਖਿਆ ਤੇ ਆਪਣੇ ਦੋਵਾਂ ਹੱਥਾਂ 'ਚ ਮੇਰਾ ਹੱਥ ਫੜ ਕੇ ਬੋਲੀ "ਵੀਰ… ਵਾਅਦਾ ਕਰੋ… ਜਦੋਂ ਵੀ ਲਾਹੌਰ ਆਉਗੇ… ਆਪਣੀ ਇਸ ਭੈਣ ਨੂੰ ਜ਼ਰੂਰ ਮਿਲੋਗੇ।"
ਮੈਂ ਕੁਝ ਬੋਲਿਆ ਨਹੀਂ। ਗਲ਼ਾ ਤੇ ਅੱਖਾਂ ਦੋਵੇਂ ਹੀ ਮੈਨੂੰ ਬੇਵੱਸ ਕਰ ਰਹੇ ਸਨ। ਕੁਝ ਹੀ ਘੰਟਿਆਂ 'ਚ ਪੂਰੀ ਅੱਧੀ ਸਦੀ ਮੇਰੇ ਅੱਗਿਉਂ ਨਿਕਲ ਗਈ ਸੀ। ਅਠਾਰਾਂ ਸਾਲਾਂ ਦੀ ਭਗਵੰਤ ਦਾ ਝੁਰੜੀਆਂ ਨਾਲ ਭਰਿਆ ਚਿਹਰਾ ਮੇਰੇ ਸਾਹਮਣੇ ਸੀ।