Adhikar (Punjabi Story) : Harnam Singh Narula

ਅਧਿਕਾਰ (ਕਹਾਣੀ) : ਹਰਨਾਮ ਸਿੰਘ ਨਰੂਲਾ

⁠ਉਹਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਰੇਲ ਗੱਡੀ ਦਾ ਸਟੇਸ਼ਨ 'ਤੇ ਆਉਣ ਦਾ ਠੀਕ ਸਮਾਂ ਢਾਈ ਵਜੇ ਦੁਪਹਿਰ ਦਾ ਏ। ਇਹ ਵੀ ਪਤਾ ਸੀ ਕਿ ਸਟੇਸ਼ਨ ਪਿੰਡ ਤੋਂ ਪੂਰੇ ਛੇ ਮੀਲ ਦੂਰ ਏ। ਉਹ ਇਹ ਵੀ ਜਾਣਦੀ ਸੀ ਕਿ ਤਿੰਨ ਮੀਲ ਟੋਟਾ ਪੱਕਾ ਏ ਅਤੇ ਤਿੰਨ ਮੀਲ ਰੇਤਾ ਤੇ ਖੱਡੇ ਖਪੇ ਹੀ ਨੇ ਅਤੇ ਕੋਈ ਵੀ ਘੋੜਾ ਚਾਰ ਵਜੇ ਤੋਂ ਪਹਿਲਾਂ ਤਾਂਗਾ ਨਹੀਂ ਪਹੁੰਚਾ ਸਕਦਾ।

ਪਰ ਫਿਰ ਵੀ ਨਵਾਬ ਬੇਗਮ ਸਵੇਰ ਦੀ ਕਿੰਨੀ-ਵਾਰ ਬਾਰ-ਬਾਰ ਕੋਠੇ ਤੇ ਬੇ-ਇਰਾਦਾ ਚੜ੍ਹਦੀ, ਨੀਝ ਲਾ ਅੱਖਾਂ ਪਾੜ-ਪਾੜ ਸਟੇਸ਼ਨ ਵਲੋਂ ਆਉਂਦੇ ਰਾਹ ਵੱਲ ਵੇਖਦੀ, ਕਿਸੇ ਤਾਂਗੇ ਕਿਸੇ ਘੋੜੇ ਦਾ ਅਕਾਰ ਲੱਭਦੀ। ਅੱਖਾਂ ਵਿਚ ਪਾਣੀ ਦਾ ਡਲਕਾ ਉੱਤਰ ਆਉਂਦਾ, ਪੱਲੇ ਨਾਲ ਅੱਖਾਂ ਪੂੰਝਦੀ-ਝਦੀ ਹੇਠਾਂ ਉੱਤਰ ਆਉਂਦੀ, ਅਤੇ ਢਿੱਲੇ ਜਿਹੇ ਪਲੰਘ ਤੇ ਢੇਰੀ ਹੋ ਜਾਂਦੀ।

ਨਵਾਬ ਬੇਗਮ ਨੂੰ ਆਪਣੇ ਆਪ ਤੋਂ ਹੀ ਘਿਰਣਾ ਹੋ ਰਹੀ ਸੀ। ਸਰੀਰ ਬੇਸ ਤੇ ਦਿਮਾਗ ਖੋਖਲਾ ਜਿਹਾ ਹੋ ਗਿਆ ਸੀ। ਬੀਤੀ ਸਾਰੀ ਰਾਤ ਉਸ ਜਾਰੀ ਕੇ ਸੋਚਾਂ ਵਿਚ ਗੋਤੇ ਖਾਧੇ ਸਨ। ਨਰਮ-ਗਰਮ ਬਿਸਤਰਾ ਉਸਨੂੰ ਸੂਲਾਂ ਸੀਖਾਂ ਵਾਰਾਂ ਚੁਭਦਾ ਰਿਹਾ ਸੀ। ਕਲ਼ ਤੀਜੇ ਪਹਿਰ ਤੋਂ ਉਸ ਨਾ ਕੁਝ ਖਾਧਾ ਸੀ ਤੇ ਨਾ ਹੀ ਪੀਤਾ ਸੀ। ਪਹਿਰ ਰਾਤ ਗਈ, ਘਰੇਲੂ ਨੌਕਰਾਣੀ ਈਦਨ ਨੇ ਆ ਕੇ ਪੁਛਿਆ, "ਬੜੀ ਬੀ, ਕੀ ਗਲ ਏ? ਤੁਸੀ ਏਨੇ ਉਦਾਸ ਕਿਉਂ ਹੈ, ਨਾ ਕੁਝ ਖਾਧਾ ਨਾ ਪੀਤਾ?"

ਤਾਂ ਨਵਾਬ ਬੇਗਮ ਮੂੰਹੋ ਕੁਝ ਨਾ ਬੋਲ ਸਕੀ ਅਤੇ ਜਲ ਅੱਖਾਂ ਨਾਲ ਉਸ ਵਲ ਵੇਖਿਆ ਅਤੇ ਹੱਥ ਵਿਚ ਫੜਿਆ ਕਾਗਜ਼ ਉਸ ਵਲ ਵਧਾ ਦਿੱਤਾ।

ਈਦਨ ਕਿਹੜਾ ਪੜੀ ਹੋਈ ਸੀ। ਉਸ ਕਾਗਜ਼ ਤਾਂ ਫੜ ਲਿਆ ਪਰ ਪੁਛਿਆ, "ਇਸ ਵਿਚ ਬੜੀ ਬੀ, ਕੀ ਲਿਖਿਆ ਏ, ਸੁਖ ਤਾਂ ਹੈ?"

ਪਰ ਬੇਗਮ ਨੂੰ ਨਾ ਹਾਂ, ਫਟੀਆਂ ਫਟੀਆਂ ਨਜ਼ਰਾਂ ਨਾਲ ਉਸ ਵੱਲ ਵੇਖਦਾ ਰਹੀ ਜਿਨ੍ਹਾਂ ਵਿਚ ਨਦਾਮਤ ਅਤੇ ਪਛਤਾਵੇ ਦੇ ਚਿੰਨ ਸਾਫ ਦਿਸਦੇ ਸਨ। ਈਦਨ ਦੇ ਦੁਬਾਰਾ ਪੁੱਛਣ ਤੇ ਬੇਗਮ ਬਿਨਾਂ ਬੋਲੇ ਹੀ ਉੱਬਲ ਪਈ।

ਨਵਾਬ ਬੇਗਮ ਦੀ ਜ਼ਿੰਦਗੀ ਵਿਚ ਪਹਿਲਾਂ ਵੀ ਕਈ ਤੁਫਾਨ ਉੱਠੇ ਸਨ ਪਰ ਉਸ ਨੇ ਸਦਾ ਸਾਬਤ ਕਦਮੀਂ ਤੇ ਹੋਂਸਲੇ ਹਿੰਮਤ ਨਾਲ ਮੁਕਾਬਲਾ ਕੀਤਾ ਅਤੇ ਦਿਮਾਗੀ ਸਤੁੰਲਨ ਕਦੀ ਨਾ ਗਵਾਇਆ। ਪਰ ਅੱਜ ਤਾਂ ਉਹ ਹਰ ਕਿਸੇ ਤੋਂ ਅਤੇ ਖਾਸ ਕਰ ਘਰੇਲੂ ਨੌਕਰਾਣੀ ਈਦਨ ਤੇ ਉਹਦੀ ਧੀ, ਰਸ਼ੀਦਾਂ ਦੇ ਸਾਹਮਣੇ ਅੱਖਾਂ ਚੁੱਕਣੋਂ ਡਰ ਰਹੀ ਸੀ ਅਤੇ ਆਪਣੇ ਆਪ ਨੂੰ ਜਵਾਬਦੇਹ ਸਮਝ ਰਹੀ ਸੀ। ਕੱਲ ਤੀਜੇ ਪਹਿਰ ਜਦ ਚਿੱਠੀ ਉਸ ਨੂੰ ਮਿਲੀ ਤਾਂ ਲੰਬੇ ਚੌੜੇ ਪੱਤਰ ਦੇ ਚਾਰ ਅੱਖਰ ਹੀ ਸਨ ਜਿਹੜੇ ਉਸਨੂੰ ਨਿਢਾਲ ਕਰ ਗਏ। ਅੱਖਰ ਪੜ੍ਹਦਿਆਂ ਹੀ ਉਹਨੂੰ ਧੱਕਾ ਜਿਹਾ ਲੱਗਾ। ਚਾਰ ਅੱਖਰ ਨੱਚੇ ਤੇ ਆਪੇ ਵਿਚ ਗੱਡ-ਅੱਡ ਹੋ ਗਏ ਅਤੇ ਫਿਰ ਪੂਰੇ ਪੱਤਰ ਤੇ ਸਿਆਹੀ ਫੈਲ ਗਈ।

ਨਵਾਬ ਬੇਗਮ ਤੇ ਪਹਿਲਾ ਤੂਫਾਨ ਉਸ ਵੇਲੇ ਝੱਲਿਆ ਜਦੋਂ ਉਹ ਅਜੇ ਨਵਾਬ ਬਾਨੋ ਹੀ ਸੀ ਅਤੇ ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਣ ਨੂੰ ਕਰਦੀ ਸੀ। ਸਧਰਾਂ ਸਨ, ਉਮੰਗਾਂ ਸਨ, ਕੋਈ ਸਿਤਾਰਾ ਤੋੜ ਕੇ ਝੋਲੀ ਪਾ ਲੈਣ ਦੀਆਂ। ਉਹ ਦਰਮਿਆਨੇ ਦਰਜੇ ਦੇ ਰੱਜੇ-ਪੁੱਜੇ ਨਵਾਬ ਖਾਨਦਾਨ ਦੀ ਸੁੰਦਰ ਸੁਲਝੀ ਤੇ ਪੜੀ ਲਿਖੀ ਕੁੜੀ ਸੀ। ਉਹਦੀ ਨਜ਼ਰ ਵਿਚ ਭਾਵੇਂ ਕੋਈ ਸਿਤਾਰਾ ਫਿਟ ਨਹੀਂ ਸੀ ਹਇਆ ਪਰ ਫਿਰ ਵੀ ਉਹਦੀਆਂ ਉਮੰਗਾਂ ਮਿੱਧ ਕੇ ਉਹਦੀ ਮਰਜ਼ੀ ਦੇ ਖਿਲਾਫ ਮਾਪਿਆਂ ਨੇ ਉਹਦੀ ਸ਼ਾਦੀ ਇਕ ਬੁੱਢੇ ਖੋਸਟ ਨਵਾਬ, ਜਿਸਦਾ ਪੂਰਾ ਨਾ ਨਵਾਬ ਅਖਤਰ ਨਵਾਜ਼ ਸੀ, ਨਾਲ ਕਰ ਦਿੱਤੀ। ਬਾਨੋ ਉਸ ਨਵਾਬ ਦੀ ਚੌਥੀ ਬੀਵੀ ਬਣ ਕੇ ਗਈ।

ਅਯਾਸ਼ ਨਵਾਬ ਨੂੰ ਘਰ ਦਾ ਵਾਰਿਸ ਚਾਹੀਦਾ ਸੀ ਕਿਉਂਕਿ ਪਹਿਲੀਆਂ ਬੀਵੀਆਂ ਵਿਚੋਂ ਕਿਸੇ ਦੇ ਵੀ ਉਲਾਦ ਨਹੀਂ ਸੀ ਹੋਈ। ਨਵਾਬ ਬਾਨੋ ਆਪਣੇ ਨੂੰ ਅਯਾਸ਼ ਨਵਾਬ ਦੀ ਕੈਦੀ ਸਮਝਦੀ ਸੀ। ਬੁਢੇ ਅਯਾਸ਼ ਨਵਾਬ ਦਾ ਦਿਨ ਮਹਿਫਲਾਂ ਵਿਚ ਤੇ ਰਾਤ ਕੰਜਰ ਕੋਠਿਆਂ ਤੇ ਮੁਜ਼ਰਿਆਂ ਵਿਚ ਹੀ ਲੰਘਦੀ। ਬਾਨੋ ਨਹੀਂ ਚਾਹੁੰਦੀ ਕਿ ਵੱਡੀਆਂ ਬੇਗਮਾਂ ਵਾਂਗ ਉਹਦਾ ਵੀ ਪੂਰਾ ਜੀਵਨ ਬੰਦ ਹਵੇਲੀ ਦੇ ਪਰਦੇ ਵਿਚ ਗਲੋਰੀ ਛਾਲੀਆ ਕਟਦਿਆਂ ਤੇ ਪਾਨ ਖਾਂਦਿਆਂ, ਪੀਕਾਂ ਸੁਟਦਿਆਂ ਲੰਘ ਜਾਵੇ।

ਬੁੱਢਾ ਨਵਾਬ ਉਸ ਨੂੰ ਇਕ ਅੱਖ ਵੀ ਨਹੀ ਸੀ ਭਾਂਦਾ ਪਰ ਫਿਰ ਵੀ ਨਵਾਬ ਬਾਨੋ ਨੇ ਅਖਤਰ ਨਿਵਾਜ਼ ਲਈ ਵਾਰਸ ਤਾਂ ਪੈਦਾ ਕਰ ਦਿੱਤਾ ਪਰ ਨਾਲ ਹੀ ਤਲਾਕ ਦੀ ਮੰਗ ਕੀਤੀ। ਸਭ ਕੁਝ ਹੀ ਸਮਝੌਤੇ ਨਾਲ ਹੋਇਆ। ਹੱਕੇ ਮੋਹਰ ਅਦਾ ਹੋਈ। ਨਵਾਬ ਨੇ ਮੁੰਡਾ ਲੈ ਲਿਆ ਅਤੇ ਤਲਾਕ ਹੋ ਗਿਆ। ਨਵਾਬ ਬਾਨੋ ਮਾਪਿਆਂ ਨਾਲ ਤੇ ਨਵਾਬੀ ਅਯਾਸ਼ੀਆਂ ਨਾਲ ਬਦਲੇ ਦੀ ਭਾਵਨਾ ਰੱਖਦੀ ਸੀ। ਏਸੇ ਇੰਤਕਾਮ ਦੀ ਅੱਗ ਬੁਝਾਣ ਲਈ ਹੀ ਉਸ ਬਿਨਾਂ ਕਿਸੇ ਦੀ ਰਾਏ ਆਪਣੀ ਮਰਜ਼ੀ ਨਾਲ ਆਪਣੀ ਹੀ ਬੱਘੀ ਦੇ ਕੋਚਵਾਨ ਅੱਬੂ ਨਾਲ ਨਿਕਾਹ ਪੜਾ ਲਿਆ ਅਤੇ ਨਵਾਂ ਜਿੰਦਗੀ ਸ਼ੁਰੂ ਕੀਤੀ।

ਅੱਬੂ ਦਾ ਪੂਰਾ ਨਾਂ ਅਬਦੁਲ ਕਰੀਮ ਸੀ। ਅਤੇ ਉਹ ਚੰਗਾ ਬਣਦਾ ਫੱਬਦਾ ਜਵਾਨ ਸੀ। ਅੱਬੂ ਅਜੇ ਦੱਸ ਸਾਲਾਂ ਦਾ ਸੀ ਜਦ ਉਹਨਾਂ ਦੇ ਘਰ ਤੇ ਮੌਤ ਮੁਸੀਬਤਾਂ ਦਾ ਚੱਕਰ ਚਲਿਆ ਅਤੇ ਉਹ ਘਰ ਵਿੱਚ ਦੋ ਹੀ ਜੀਅ ਰਹਿ ਗਏ, ਅੱਬੂ ਅਤੇ ਬਿਰਧ ਬਾਪ ਗਫੂਰਾ। ਉਹ ਕਸਬ ਤੋਂ ਕਸਾਈ ਸਨ। ਥਾਂ ਨੂੰ ਮਨਹੂਸ ਸਮਝੇ ਕੇ ਗਵਰੇ ਨੇ ਘਰ ਨੂੰ ਜਿੰਦਾ ਲਾਇਆ ਅਤੇ ਅੱਬੂ ਨੂੰ ਉਂਗਲੀ ਫੜਾ ਪਿੰਡ ਤੇ ਤੁਰਿਆ। ਗਿਆ ਉੱਤਰ ਪ੍ਰਦੇਸ਼ ਨੂੰ ਪਰ ਪਿੰਡ ਵਿਚ ਕਿਸੇ ਨੂੰ ਪਤਾ ਨਹੀਂ ਸੀ ਕਿ ਕਿਸ ਸ਼ਹਿਰ, ਕਿਸ ਗਰਾਂ ਜਾਂ ਕਿਸ ਦਿਸ਼ਾ ਨੂੰ ਉਹ ਰੋਟੀ ਰੋਜ਼ੀ ਦੀ ਤਲਾਸ਼ ਨੂੰ ਨਿਕਲੇ।

ਦਿਨ, ਹਫਤੇ, ਮਹੀਨੇ, ਰੁੱਤਾਂ, ਸਾਲ, ਫਿਰ ਸਾਲ ਹੀ ਸਾਲ ਲੰਘਦੇ ਗੁਣ ਮਕਾਨ ਮਲਬੇ ਦਾ ਢੇਰ ਹੋ ਗਿਆ। ਨਿੱਕੀਆਂ ਕਿਕਰੋਟੀਆਂ ਜਵਾਨ ਹੋ ਗਈਆ ਬੱਚੇ ਗੱਭਰੂ ਤੇ ਗੱਭਰੂ ਬੁੱਢੇ ਕੁੱਕੜ ਹੋ ਗਏ। ਬਿਰਧ ਕਬਰੀਂ ਯਾਨੀ ਸ਼ਹਿਰ ਖਾਮੋਸ਼ਾਂ ਜਾ ਸੁੱਤੇ ਕਿ ਅੱਬੂ ਦਾ ਦਿਲ ਜੰਮਣ ਭੋਂਏ ਨੇ ਖਿੱਚ ਲਿਆ।

ਉਹ ਪਿੰਡ ਆਇਆ। ਹੁਣ ਉਹ ਅੱਬੂ ਜਾਂ ਅਬਦੁਲ ਨਹੀਂ ਅਬਦੁਲ ਕਾਦਰ ਸੀ। ਚੋਖੇ ਸਾਜ਼ ਸਮਾਨ ਤੋਂ ਬਿਨਾਂ ਨਾਲ ਛੋਟਾ ਜਿਹਾ ਪਰਿਵਾਰ ਵੀ ਸੀ। ਨਵਾਬੀ ਪਹਿਰਾਵੇ ਅਤੇ ਚੰਗੀ ਦਿਖ ਤੇ ਰੋਹਬ-ਦਾਬ ਵਾਲੀ ਬੀਵੀ ਨਵਾਬ ਬੇਗਮ, ਦੋ ਸਾਲਾਂ ਦੀ ਬੱਚੀ ਸ਼ੈਹਨਾਜ਼, ਘਰੇਲੂ ਨੌਕਰਾਣੀ ਈਦਨ, ਉਹਦੀ ਨਿੱਕੀ ਜਿਹੀ ਧੀ ਰਸ਼ੀਦਾਂ ਜੋ ਕਿ ਸ਼ੈਹਨਾਜ਼ ਤੋਂ ਕੁਝ ਵੱਡੀ ਸੀ।

ਨਵਾਬ ਬੇਗਮ ਨਵਾਬੀ ਪਹਿਰਾਵੇ ਅਤੇ ਪਰਦੇ ਦੀ ਪਾਬੰਦ ਅਤੇ ਲਸ਼-ਲਸ਼ ਕਰਦੀ ਕਾਲੀ ਸਾਟਨ ਦੀ ਪੇਟੀ ਕੋਟ ਬੁਰਕੇ ਵਿਚ ਸੀ। ਪਰ ਇਸ ਦੇ ਅੰਗਾਂ ਤੋਂ ਹੀ ਲੋਕਾਂ ਨੂੰ ਉਸ ਦੇ ਹੁਸਨ ਅਤੇ ਸਲੀਕੇ ਤੈਹਜ਼ੀਬੋ ਤਮਦਨ ਦਾ ਪਤਾ ਲਗਦਾ ਸੀ। ਇਸਦੇ ਅੰਗਾਂ ਤੋਂ ਹੀ ਲੋਕਾਂ ਨੇ ਉਸਦੇ ਨੈਣ ਨਕਸ਼ ਚਿਤਰੇ ਕਿ ਉਹ ਬਹੁਤ ਸੁੰਦਰ ਤੇ ਨੌਜਵਾਨ ਔਰਤ ਏ।

ਭਾਵੇਂ ਇਹ ਕਿਸੇ ਨੂੰ ਨਹੀਂ ਸੀ ਪਤਾ ਕਿ ਅਬਦੁਲ ਨੇ ਇਹ ਔਰਤ ਵਿਆਹੀ, ਫਸਾਈ ਜਾਂ ਉਡਾਈ ਏ, ਪਰ ਏਨਾਂ ਗਵੇੜ ਸਾਰੇ ਲਾਂਦੇ ਸਨ ਕਿ ਇਹ ਧਨ ਦੌਲਤ ਤਾਂ ਸਭ ਨਵਾਬ ਬਾਨੋਂ ਦਾ ਹੀ ਏ, ਜੋ ਕਿ ਸੀ ਵੀ ਬਿਲਕੁਲ ਠੀਕ ਕਿਉਂ ਕਿ ਪੈਸੇ ਦੇ ਜ਼ੋਰ ਡਿੱਗੇ ਹੋਏ ਮਕਾਨ ਦਾ ਮਲਬਾ ਚੁਕਾ ਦਿਨਾਂ ਵਿਚ ਹੀ ਉਸ ਨੇ ਨਵਾਬੀ ਢੰਗ ਦੀ ਛੋਟੀ ਪਰ ਆਲੀਸ਼ਾਨ ਹਵੇਲੀ ਉਸਾਰ ਲਈ। ਹਵੇਲੀ ਦੇ ਨਾਲ ਲਗਦੇ ਲੰਬੇ ਚੌੜੇ ਬਾੜੇ ਜਿਸ ਵਿਚ ਉਹ ਕਦੀ ਭੇਡਾਂ ਬੱਕਰੀਆਂ ਵਲਦੇ ਹੁੰਦੇ ਸਨ ਅਤੇ ਹੁਣ ਕਿੱਕਰ ਹੀ ਕਿੱਕਰ ਖਲੋਤੇ ਸਨ ਲਕੜੀ ਕਟਾਈ ਅਤੇ ਸਿਰ-ਸਿਰ ਉੱਚਾ ਕੋਟ ਉਸਾਰਿਆ ਅਤੇ ਫਾਟਕ ਦੇ ਨਾਲ ਇਕ ਬਰਾਂਡਾ ਤੇ ਦੋ ਕਮਰੇ ਬਣਾਏ। ਤਿੰਨ ਪੱਕੇ ਨੌਕਰ ਰੱਖੇ ਤੇ ਭੇਡ ਪਾਲਣ ਦਾ ਕੰਮ ਸ਼ੁਰੂ ਕੀਤਾ। ਸ਼ੁਰੂ-ਸ਼ੁਰੂ ਵਿਚ ਢਾਈ-ਤਿੰਨ ਸੌ ਭੇਡ ਸੀ ਪਰ ਦੋ ਰੁੱਤਾਂ ਲੰਘਾ ਇੱਜੜ ਹਜ਼ਾਰ ਤੋਂ ਟੱਪ ਗਿਆ। ਕਦੀ ਕਦੀ ਦੂਰ ਪਾਰ ਦੇ ਵਪਾਰੀ ਆਉਂਦੇ ਅਤੇ ਤਿੰਨ-ਤਿੰਨ ਸੌ ਭੇਡ ਇਕੱਠੀ ਹੀ ਵਿਕ ਜਾਂਦੀ। ਉਹ ਪਹਾੜਾਂ ਵਲੋਂ ਅੰਗਰਾ ਨਸਲ ਦੀਆਂ ਭੇਡਾਂ ਹੋਰ ਲੈ ਆਉਂਦਾ ਅਤੇ ਆਪਣਾ ਗੱਲਾ ਬਾਰਾਂ ਪੰਦਰਾਂ ਸੌ ਤੋਂ ਘਟਣ ਨਾ ਦਿੰਦਾ।

ਸਿਆਲ ਲੰਘ ਜਾਂਦਾ ਤੇ ਧੁੱਪ ਚਮਕਣ ਲਗ ਜਾਂਦੀ ਤਾਂ ਭੇਡਾਂ ਦੀ ਮੋਨੀ ਸ਼ਰ ਹੋ ਜਾਂਦੀ। ਪਿੰਡ ਦੇ ਨਾਈ ਉਸਤਰੇ ਕੈਂਚੀ ਛੱਡ ਵੱਡੇ-ਵੱਡੇ ਕਾਤ ਫੜ ਲੈਂਦੇ ਅਤੇ ਲੰਮੇ ਮੁਲਾਇਮ ਉੱਨ ਦੇ ਰੇਸ਼ੇ ਕੱਟ-ਕੱਟ ਢੇਰ ਲਾਈ ਜਾਂਦੇ ਅਤੇ ਚੰਗੀ ਖਰੀ ਦਿਹਾੜੀ ਪਾਂਦੇ। ਛੀਬੇ ਉੱਨ ਧੋ-ਧੋ ਦੁੱਧ ਚਿੱਟੀ ਕਰ ਕਰ ਸਕਾਂਦੇ। ਲਲਾਰੀ ਕਾਲੇ, ਹਰੇ, ਭੂਰੇ ਰੰਗ ਦੀ ਰੰਗਾਈ ਕਰਦੇ। ਫਿਰ ਪਿੰਡ ਦੀਆਂ ਬੁੱਢੀਆਂ ਅਤੇ ਮਿਹਨਤੀ ਤੀਵੀਆਂ ਤੂੰਬਨਿਆਂ ਤੇ ਤੂੰਬ-ਤੁੰਬ ਲੱਛੇ ਬਣਾਂਦੀਆਂ ਅਤੇ ਚਰਖੇ ਦੀ ਘੂਕਰ ਵਿਚ ਮਧੁਰ ਲੈਅ ਦਾ ਬਿਰਹਾ ਗੀਤ ਛੋਹ ਕੱਤ ਕੱਤ ਢਿਆਂ ਦੇ ਟੋਕਰੇ ਭਰ ਦਿੰਦੀਆਂ। ਜੁਲਾਹੀਆਂ ਕਾਨੇ ਗੱਡ ਗੱਡ ਤਾਣੇ ਤਣਦੀਆਂ ਅਤੇ ਜੁਲਾਹੇ ਕੰਘੀ ਚੋਪੜ ਚੋਪੜ, ਠੋਕ ਠੋਕ ਤਾਣੇ ਵਿਚ ਪੇਟਾ ਭਰੀ ਜਾਂਦੇ ਅਤੇ ਫਿਰ ਕੰਬਲ, ਲੋਈਆਂ, ਪੇਟ ਬੁਣ ਬੁਣ ਰੱਖੀ ਜਾਂਦੇ ਅਤੇ ਵਪਾਰੀ ਬੰਦੇ ਡੱਗੀਆਂ ਵਿਚ ਬੰਨ੍ਹ ਬੰਨ੍ਹ ਦੂਰ-ਦੂਰ ਵਿੱਚ ਆਉਂਦੇ।

ਇਸ ਤਰ੍ਹਾਂ ਕਾਫੀ ਕਾਰਿੰਦੇ ਉਹਦੇ ਘੇਰੇ ਵਿਚ ਰਹਿੰਦੇ ਤੇ ਰੁਜ਼ਗਾਰ ਚਲਾਂਦੇ ਅਤੇ ਹਰ ਇਕ ਨੂੰ ਯੋਗ ਮਿਹਨਤ ਮਿਲਦੀ ਅਤੇ ਇਹ ਲਿਖਾ ਪੜ੍ਹੀ ਤੇ ਲੈਣ ਦੇਣ ਦਾ ਸਾਰਾ ਕੰਮ ਨਵਾਬ ਬੇਗਮ ਦੇ ਹੱਥ ਹੀ ਸੀ। ਅੱਬੂ ਤਾਂ ਸਿਰਫ ਉਤਲੀ ਦੇਖ-ਭਾਲ ਹੀ ਕਰਦਾ ਸੀ ਜਾਂ ਫਿਰ ਬਾੜੇ ਦੇ ਗੇਟ ਕੋਲ ਮੰਜੇ ਜਾਂ ਬੈਂਚ ਤੇ ਬੈਠਾ ਰਹਿੰਦਾ ਜਿਥੇ ਬਰਾਂਡੇ ਵਿਚ ਤਾਸ, ਪਾਸਾ, ਸਤਰੰਜ ਖੇਡਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਅਤੇ ਨਾਲ ਦੀ ਦੁਕਾਨ ਵਿਚ ਨੌਕਰ ਮੁੰਡਾ ਤਾਜੇ ਤੇ ਨਿੱਗਰ ਭੇਡੂ ਦਾ ਰਸ ਕੱਟ-ਕੱਟ ਵੇਚੀ ਜਾਂਦਾ।

ਨਵਾਬ ਬੇਗਮ ਦੇ ਭਾ ਸਲੀਕੇ ਤੋਂ ਸਮੁਚੇ ਕਾਮੇ ਖੁਸ਼ ਤੇ ਸੰਤੁਸ਼ਟ ਸਨ ਤਾਂ ਹੀ ਅੱਬੂ ਦੇ ਪੂਰਾ ਹੋ ਜਾਣ ਮਗਰੋਂ ਵੀ ਕੰਮ ਵਿਚ ਨਾ ਘਾਟ ਤੇ ਨਾ ਹੀ ਖੜੌਤ ਆਈ ਸਗੋਂ ਘੇਰਾ ਹੋਰ ਵੱਧ ਗਿਆ ਸੀ। ਸੋਹਲਵੇਂ ਸਤਾਰਵੇਂ ਸਾਲ ਦੀ ਸ਼ੈਜਨਾਜ਼ ਹੁਣ ਹਿਸਾਬ ਕਿਤਾਬ ਵਿਚ ਮਾਂ ਦਾ ਕਾਫੀ ਹੱਥ ਵਟਾਂਦੀ। ਸ਼ੈਹਨਾਜ਼ ਨੂੰ ਨਵਾਬ ਬੇਗਮ ਨੇ ਆਪ ਘਰ ਵਿਚ ਹੀ ਤਾਲੀਮ ਦਿੱਤੀ, ਤਰਤੀਬ ਅਤੇ ਆਦਾਬ ਸਲੀਕੇ ਸਿੱਖਏ। ਸਗੋਂ ਨਾਲ ਹੀ ਉਹਦੀ ਸਹੇਲੀ ਈਦਨ ਦੀ ਧੀ ਰਸ਼ੀਦਾਂ ਨੂੰ ਵੀ ਪੜ੍ਹਾਈ ਵਿੱਚ ਪਰਵਾਨ ਚਾੜ੍ਹਿਆ। ਸ਼ੈਹਨਾਜ਼ ਅਤੇ ਰਸ਼ੀਦਾਂ ਦਾ ਭੈਣਾਂ ਵਾਂਗ ਮੋਹ ਸੀ ਦੇ ਸਵੇਰੇ ਵੱਡੇ-ਵੱਡੇ ਬਾਲਟੇ ਲੈ ਕੇ ਬਾੜੇ ਵਿਚ ਜਾਂਦੀਆਂ। ਦੋਹਾਂ ਪਾਲੀਆਂ ਪੀਰੇ ਅਤੇ ਵਜ਼ੀਰੇ ਦੀ ਮਦਦ ਨਾਲ ਲਵੇਰੀਆਂ ਭੇਡਾਂ ਫੜ-ਫੜ ਹਵਾਨੇ ਦੱਬ-ਦੱਬ ਨਿੱਕੇ-ਨਿੱਕੇ ਬੁਘਿਆਂ ਵਿਚ ਦੁੱਧ ਚੋ-ਚੋ ਬਾਲਟੇ ਭਰ ਲਿਆਉਂਦੀਆਂ।

ਅੱਬੂ ਦੇ ਫੌਤ ਹੋ ਜਾਣ ਤੋਂ ਪਿੱਛੋ, ਨਵਾਬ ਬੇਗਮ ਦੇ ਭਰਾ ਜਿਹੜੇ ਅੱਬੂ ਨਾਲ ਨਿਕਾਹ ਪੜ੍ਹਨ ਤੋਂ ਰੁੱਸ ਗਏ ਸਨ, ਆਉਣ ਜਾਣ ਲਗ ਪਏ। ਕਈ ਹੋਰ ਵੀ ਦੂਰ ਦੇ ਰਿਸਤੇਦਾਰ ਵੀ ਆਉਣ ਲੱਗ ਪਏ। ਨਵਾਬ ਬੇਗਮ ਨੇ ਪਿੰਡ ਦੇ ਨੇੜੇ ਇਕ ਚੰਗੀ ਜ਼ਮੀਨ ਦਾ ਟੁਕੜਾ ਖਰੀਦ ਲਿਆ ਸੀ ਜਿੱਥੇ ਦੋ ਕਾਮੇ ਹੋਰ ਰੱਖ ਖੇਤੀ ਸ਼ੁਰੂ ਕਰਾ ਦਿੱਤੀ ਪਰ ਜਿਆਦਾ ਭੇਡਾਂ ਦੀ ਖੁਰਾਕ ਹੀ ਬੀਜੀ ਜਾਂਦੀ।

ਇਕ ਦਿਨ ਨਵਾਬ ਬੇਗਮ ਦਾ ਵੱਡਾ ਭਰਾ ਅਤੇ ਭਰਜਾਈ ਆਏ ਅਤੇ ਪੂਰੀ ਰਾਤ ਤਿੰਨੇ ਇਕਾਂਤ ਵਿਚ ਗੱਲਾਂ ਕਰਦੇ ਰਹੇ। ਉਹ ਆਪਣੇ ਸਾਲੇ ਨਵਾਬ ਅਕਰਮ ਲਈ ਸ਼ੈਹਨਾਜ਼ ਦਾ ਰਿਸ਼ਤਾ ਚਾਹੁੰਦੇ ਸਨ। ਪਰ ਬੇਗਮ ਬਾਨੋ ਇਸ ਗੱਲ ਤੇ ਰਾਜ਼ੀ ਨਹੀਂ ਸੀ। ਉਹ ਚਾਹੁੰਦੀ ਸੀ ਕਿ ਕੋਈ ਯੋਗ ਮੁੰਡਾ ਮਿਲੇ ਜਿਸਨੂੰ ਘਰ ਜਵਾਈ ਰੱਖਾਂ ਅਤੇ ਬਣਿਆ ਕੰਮ ਬਣਿਆ ਰਹੇ। ਪਰ ਸਾਰੀ ਰਾਤ ਭਰਾ ਭਰਜਾਈ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਤੇ ਮਿੰਨਤ ਸਮਾਜਤ ਕੰਮ ਆਈ ਅਤੇ ਬੇਗਮ ਨੇ ਹਾਂ ਕਰ ਦਿੱਤੀ ਅਤੇ ਇਸ ਹਾਂ ਦੀ ਭਿਨਕ ਜਦ ਸ਼ੈਹਨਾਜ਼ ਦੇ ਕੰਨੀ ਪਈ ਤਾਂ ਉਸ ਰਸ਼ੀਦਾਂ ਨਾਲ ਗੱਲ ਕੀਤੀ ਅਤੇ ਆਪਣੀ ਦਿਲ ਦੀ ਗਲ ਬੇਗਮ ਤਕ ਪਹੁੰਚਾਣ ਲਈ ਈਦਨ ਦਾ ਸਹਾਰਾ ਲਿਆ। ਦੋਹਾਂ ਕੁੜੀਆਂ ਨੇ ਈਦਨ ਤੇ ਦਬਾ ਪਾਇਆ ਕਿ ਉਹ ਬੜੀ ਬੀਬੀ ਤਕ ਗਲ ਪਹੁੰਚਾ ਦੇਵੇ। ਈਦਨ ਡਰਦੀ ਮੂੰਹ ਅੱਗੇ ਨਹੀਂ ਸੀ ਆਉਣਾ ਚਾਹੁੰਦੀ ਪਰ ਦੋਹਾਂ ਸਹੇਲੀਆਂ ਨੇ ਮਜ਼ਬੂਰ ਕਰ ਉਹਨੂੰ ਮਨਾ ਲਿਆ ਅਤੇ ਡਰੀ ਸਹਿਮੀ ਜਿਹੀ ਈਦਨ ਕਿਤਾਬ ਪੜ੍ਹਦੀ ਬੇਗਮ ਦੇ ਕੋਲ ਜਾ ਧੜਕਦੇ ਦਿਲ ਤੇ ਥਿੜਕਦੀ ਜੁਬਾਨ ਨਾਲ ਭੇਦ ਭਰੀ ਗੱਲ ਉਸ ਕੰਧਾਂ ਤੋਂ ਵੀ ਪਰਦਾ ਰੱਖ ਕੇ ਬੇਗਮ ਦੇ ਕੰਨੀ ਪਾ ਦਿੱਤੀ।

ਬੇਗਮ ਦਾ ਸਰੀਰ ਇਕ ਦਮ ਅੱਗ ਵਾਂਗ ਭਖ ਗਿਆ ਅਤੇ ਅੱਖਾਂ ਲਾਲ ਅੰਗਿਆਰ ਹੋ ਗਈਆਂ ਅਤੇ ਉਸ ਇਸ ਤਰ੍ਹਾਂ ਈਦਨ ਵਲ ਵੇਖਿਆ ਜਿਵੇਂ ਅੱਖਾਂ ਦੇ ਸੇਕ ਨਾਲ ਹੀ ਲੁਹ ਦੇਣਾ ਹੋਵੇ।

"ਖਬਰਦਾਰ, ਈਦਾ, ਪੇਟ ਕੀ ਬਾਤ ਪੇਟ ਮੇਂ, ਮੂੰਹ ਕੀ ਬਾਤ ਜ਼ਬਾਨ ਪਰ ਨਾ ਆਏ।"

ਈਦਨ ਗਲ ਕਹਿ ਤਾਂ ਬੈਠੀ ਸੀ ਅਤੇ ਸੀ ਵੀ ਉਹ ਘਰ ਦੇ ਮੈਂਬਰਾਂ ਵਾਂਗ। ਆਖਰ ਤਾ ਬਾਂਦੀ ਹੀ ਸੀ। ਉਹ ਤਾਂ ਪਹਿਲਾਂ ਹੀ ਅੱਧੀ ਪੌਣੀ ਹੋ ਕੇ ਆਈ ਸੀ। ਪਰ ਦੂਜੇ ਪਲ ਹੀ ਬੇਗਮ ਦਾ ਭਖਦਾ ਰੰਗ ਮਟਿਆਲਾ ਹੋ ਗਿਆ। ਲਾਲ ਅੱਖਾਂ ਧੁਆਂਖੀਆਂ ਗਈਆਂ। ਅੱਖਾਂ ਦੁਆਲੇ ਦੇ ਸੁੰਦਰ ਸੁਨਿਹਰੀ ਹਾਲੇ ਸਿਆਹ ਹੋ ਗਏ। ਅਤੇ ਉਸ ਠਰੰਮੇ ਨਾਲ ਕਿਹਾ, "ਵੇਖ ਈਦਾਂ, ਖਾਨਦਾਨ ਦੀ ਇੱਜ਼ਤ ਦਾ ਸਵਾਲ ਏ। ਤੂੰ ਇਹ ਗਲ ਮੇਰੇ ਨਾਲ ਪਹਿਲਾਂ ਕਰਦੀ ਤਾਂ ਮੈਂ ਸੋਚਦੀ ਅਤੇ ਕੁਝ ਵਿਚਾਰ ਕਰਦੀ ਪਰ ਹੁਣ ਗਲ ਮੇਰੇ ਹੱਥੋਂ ਨਿਕਲ ਗਈ ਹੈ। ਹੁਣ ਮੈਂ ਹਾਂ ਕਰ ਬੈਠੀ ਹਾਂ"

ਅਤੇ ਫਿਰ ਉਸ ਰਾਤੀਂ ਸ਼ੈਹਨਾਜ਼ ਨੂੰ ਕੋਲ ਬਿਠਾਇਆ, "ਵੇਖ ਬੇਟੀ, ਜੋ ਮੈਂ ਸੋਚਿਆ, ਜੋ ਮੈਂ ਕੀਤਾ, ਤੇਰੇ ਭਲੇ ਲਈ ਹੀ ਕੀਤਾ ਏ।"

ਪਰ ਬੇਗਮ ਨੂੰ ਸ਼ੈਹਨਾਜ਼ ਦੇ ਸੁਲਝੇ ਅਤੇ ਤਿੱਖੇ ਸਵਾਲਾਂ ਨੇ ਉਲਝਾ ਦਿੱਤਾ, "ਮਾਂ, ਮੈਨੂੰ ਨਵਾਬ ਘਰਾਨਿਆਂ ਅਤੇ ਕੈਦੋਂ ਬੰਦ ਵਰਗੇ ਮਹੌਲ ਤੋਂ ਨਫਰਤ ਏ। ਮਾਂ ਕੀ ਤੂੰ ਆਪਣੇ ਉੱਤੇ ਬੀਤੀ ਕਹਾਣੀ ਮੇਰੇ ਉਪਰ ਵੀ ਹਰਾਣਾ ਚਾਹ ਰਹੀਂ ਏ? ਕੀ ਤੇਰੇ ਆਪਣੇ ਉੱਤੇ ਨਵਾਬੀ ਅਯਾਸ਼ੀ ਦੇ ਤਜ਼ਰਬੇ ਅਧੂਰੇ ਰਹਿ ਗਏ ਨੇ ਕਿ ਮੈਂ ਵੀ ਉਸ ਰਾਹ ਪਾ ਰਹੀ ਏ?"

ਸ਼ੈਹਨਾਜ਼ ਦੇ ਸਵਾਲਾਂ ਤੋਂ ਲਾਜਵਾਬ ਹੋ ਕੇ ਮਾਂ ਬਖਲਾ ਗਈ। ਉਸ ਦੀਆਂ ਧਮਕੀਆਂ, ਲਾਡ ਪਿਆਰ, ਚਾਪਲੋਸ਼ੀਆਂ ਦਾ ਸ਼ੈਹਨਾਜ਼ ਤੇ ਕੋਈ ਅਸਰ ਹੋਇਆ।

ਤਾਲੀਮ ਤਰਤੀਬ ਅਤੇ ਸੁਲਝੀ ਹੋਈ ਸ਼ੈਹਨਾਜ ਇਕ ਦਿਨ ਰਸ਼ੀਦਾ ਹੈ ਸਿਖਰ ਦੁਪਹਿਰੇ ਘਰੋਂ ਬਾਹਰ ਨਿਕਲੀ। ਭੇਡਾਂ ਦਾ ਆਜੜੀ ਵਜ਼ੀਰ ਪ੍ਰਹੁਣਾਚਾਰੀ ਗਿਆ ਹੋਇਆ ਸੀ। ਇੱਜੜ ਦੇ ਮਗਰ ਪੀਰਾ 'ਕੱਲਾ ਹੀ ਸੀ। ਰਸ਼ੀਦਾਂ ਨੇ ਉਸਦੀ ਰੋਟੀ ਪਹੁੰਚਾਣੀ ਸੀ।

"ਚਲ ਰਸ਼ੀਦਾਂ, ਅੱਜ ਮੈਂ ਵੀ ਘੁੰਮ ਫਿਰ ਆਵਾਂ।" ਇਸ ਤੋਂ ਪਹਿਲਾਂ ਉਹ ਕਦੀ ਘਰ ਤੋਂ ਵਾੜੇ ਦੀ ਹੱਦ ਤੱਕ ਵੀ ਨਹੀਂ ਸੀ ਟੱਪੀ। ਉਹਦਾ ਪਾਲਣ ਪੋਸ਼ਣ ਸਭ ਹਵੇਲੀ ਦੇ ਅੰਦਰ ਹੀ ਹੋਇਆ ਸੀ।

ਦੋਵੇਂ ਸਹੇਲੀਆਂ ਤੁਰ ਪਈਆਂ। ਪਿੰਡ ਤੋਂ ਦੂਰ ਖੇਤਾਂ ਤੋਂ ਅੱਗੇ ਰੋਹੀ ਵਿਚ ਸੇਮ ਨਾਲੀ ਦੇ ਕੰਢੇ ਜੰਡ ਕਿੱਕਰਾਂ ਅਤੇ ਵਣ ਛਿਛਰੇ ਦੀਆਂ ਪਾਲਾਂ ਵਿਚ ਭੇਡਾਂ ਧੁੱਪ ਤੋਂ ਬਚਣ ਲਈ ਸਿਰ ਲੁਕਾਈ ਹੱਕ ਰਹੀਆਂ ਸਨ ਅਤੇ ਪੀਰਾ ਕਾਂਬੇ ਦੇ ਤਾਪ ਨਾਲ ਸੇਮ ਨਾਲੀ ਦੇ ਕੰਢੇ ਪਿਆ ਹੁੰਘ ਰਿਹਾ ਸੀ। ਰੋਟੀ ਉਸ ਕੀ ਖਾਣੀ ਸੀ।

"ਬੇਟੀ, ਤੁਸੀਂ ਕਿਉਂ ਏਨੀ ਖੇਚਲ ਕੀਤੀ ਏਨੀ ਧੁੱਪ ਵਿਚ।"

ਸ਼ੈਹਨਾਜ਼ ਨੇ ਕਿਹਾ, "ਬਾਬਾ ਤੁਸੀਂ ਘਰ ਜਾਉ, ਕੋਈ ਦਵਾਈ ਬੂਟੀ ਲਉ ਅਸੀਂ ਇੱਜੜ ਸੰਭਾਲਾਗੀਆਂ।"

"ਨਹੀਂ ਪੁਤਰ, ਵਜ਼ੀਰੇ ਨੇ ਅੱਜ ਆ ਹੀ ਜਾਣਾ ਸੀ, ਸਾਇਦ ਬਿੰਦ ਝੱਟ ਨੂੰ ਆ ਜਾਏ, ਤੁਸੀਂ ਘਰ ਜਾਉ।"

ਪਰ ਦੋਹਾਂ ਦੇ ਕਹਿਣ ਕਹਾਣ ਤੇ ਉਹ ਘਰ ਚਲਾ ਗਿਆ।

ਭੇਡਾਂ ਦਾ ਇਕ ਤਰੰਡਾ ਛਾਂ ਹੇਠੋਂ ਨਿਕਲ ਕੇ ਖੇਤ ਨੂੰ ਹੋ ਤੁਰਿਆ। ਉਹਨਾਂ ਭੇਡਾਂ ਮੌੜ ਕੇ ਫਿਰ ਝਾੜਾਂ ਵਲ ਕਰ ਦਿੱਤੀਆਂ ਅਤੇ ਆਪ ਖੇਤਾਂ ਕੋਲ ਵੱਡੀ ਬੇਰੀ ਦੀ ਠੰਡੀ ਛਾਂ ਹੇਠ ਆ ਬੈਠੀਆਂ। ਕੜਕਦੀ ਧੁੱਪ ਤੇ ਸਿਖਰ ਸੂਰਜ ਪਰ ਬੇਰੀ ਦੀ ਠੰਡੀ ਛਾਂ ਅਤੇ ਹਰੇ ਕੂਲੇ ਘਾਹ ਤੇ ਸ਼ੈਹਨਾਜ਼ ਲੇਟ ਗਈ। ਪਤਾ ਨਹੀਂ ਕਦੋਂ ਨੀਂਦ ਦੇਵੀ ਦੀ ਗੋਦ ਚਲੀ ਗਈ ਅਤੇ ਨੀਂਦ ਦੇਵੀ ਨੇ ਲੋਰੀ ਦੇ ਸੁਲਾ ਦਿੱਤੀ। ਰਸ਼ੀਦਾਂ ਉੱਠੀ ਅਤੇ ਖੇਤ ਵਲ ਆਉਂਦੀਆਂ ਕੁਝ ਭੇਡਾਂ ਵਲ ਕੇ ਫਿਰ ਸੇਮ ਵਲ ਲੈ ਗਈ। ਗਰਮੀ ਅਤੇ ਪਿਆਸ ਅਤੇ ਸੇਮ ਨਾਲੀ ਦਾ ਕੁੰਗੂ ਪਾਣੀ। ਹੱਥ ਪਾਣੀ ਵਿਚ ਪਾਇਆ, ਪਾਣੀ ਉਛਾਲਿਆ ਮੁੰਹ ਤੇ ਪਾਇਆ, ਮੂੰਹ ਧੋਤਾ, ਪੈਰ ਧੋਤੇ ਅਤੇ ਪਾਣੀ ਵਿਚ ਅਠਖੇਲੀਆਂ ਕਰਦੀਆਂ ਮੱਛੀਆਂ ਦੇ ਧਿਆਨ ਲਗ ਗਈ। ਕਦੋਂ ਇਕ ਰੰਗਾ ਭੇਡਾਂ ਦਾ ਫਿਰ ਖੇਤ ਵਲ ਜਾ ਵੜਿਆ ਉਹਨੂੰ ਕੋਈ ਪਤਾ ਨਹੀਂ।

ਸ਼ਹਿਰ ਵਲੋਂ ਪੜ੍ਹ ਕੇ ਆ ਰਹੇ ਸਲੀਮ ਨੇ ਖੇਤ ਪੈਦੀਆਂ ਭੇਡਾਂ ਦਰੋਂ ਦੇਖੀਆਂ, ਤਿੱਖੇ ਪੈਰੀਂ ਖੇਤ ਵਲ ਆਇਆ, ਭੇਡਾਂ ਕੱਢੀਆਂ ਤੇ ਸੇਮ ਦੇ ਝਾੜਾਂ ਵਲ ਹਿੱਕ ਦਿੱਤੀਆਂ। ਉਹਨੂੰ ਆਜੜੀ ਕੋਈ ਨਾ ਦਿਸਿਆ। ਮੁੜਕੋ-ਮੁੜਕੀ ਬੇਰੀ ਵਲ ਵੱਧਿਆ ਤਾਂ ਕਿ ਛਾਵੇਂ ਦਮ ਮਾਰੇ। ਪਰ ਇਕ ਦਮ ਧੜਕ ਗਿਆ, "ਇਹ ਰੂਪ, ਸਹਿਜ਼ਾਦੀ ਕੌਣ ਏ?" ਉਹਨੂੰ ਇੰਝ ਲੱਗਾ ਜਿਵੇਂ ਚੰਦ ਨਾਲੋਂ ਟੁਕੜਾ ਧਰਤੀ ਉੱਤੇ ਆ ਲੱਥਾ ਹੋਵੇ। ਸਾਫ ਸੰਗਮਰਮਰੀ ਰੂਪ ਤੇ ਨਜ਼ਰ ਟਿਕੀ ਅਤੇ ਟਿਕੀ ਹੀ ਰਹਿ ਗਈ "ਕੋਣ ਏ .? ਕੋਈ ਪਰੀ ਜਾਂ ਹੂਰ ਤੇ ਨਹੀਂ, ਅਕਾਸ਼ੋਂ ਉਤਰ ਅਤੇ ਬੇਰੀ ਹੇਠਾਂ ਅਰਾਮ ਕਰਨ ਆ ਗਈ।" ਉਹਦੀ ਆਂਗਸ ਜਿਵੇਂ ਜਵਾਬ ਦੇ ਗਈ ਹੋਵੇ। ਸੂਰਜ ਦੀਆਂ ਨਿੱਕੀਆਂ ਸੁਨਿਹਿਰੀ ਕਿਰਨਾਂ ਧੱਕੋ-ਧੱਕੀ ਪੱਤਿਆਂ ਵਿਚੋਂ ਨਿਕਲ ਕੇ ਪਲੰਮਪਲੰਮ ਸੁੰਦਰ ਰੂਪ ਤੇ ਮਾਨਕ ਮੋਤੀ ਜੜ ਰਹੀਆਂ ਸਨ।

ਸਲੀਮ ਸਾਹ-ਸਤ ਹੀਨ ਜਿਵੇਂ ਸੁੱਤੇ ਪਏ ਰੁਪ ਦੀ ਜਕੜ ਵਿਚ ਜਕੜਿਆ ਕੀਲਿਆ ਹੀ ਗਿਆ ਸੀ ਅਤੇ ਉਹਦਾ ਦਿਲ ਕਹਿ ਰਿਹਾ ਸੀ ਕਿ ਕਾਸ਼! ਇਹ ਸਭ ਕੁਝ ਏਥੇ ਹੀ ਜਾਮ ਹੋ ਜਾਏ ਅਤੇ ਇਕ ਤਸਵੀਰ ਦਾ ਰੂਪ ਧਾਰ ਲਵੇ। ਫਿੱਕੇ ਨੀਲ ਅਸਮਾਨ ਤੇ ਚਮਕਦਾ ਸੂਰਜ ਦਾ ਗੋਲਾ ਇੱਥੇ ਹੀ ਰੁਕ ਜਾਏ ਅਤੇ ਮੈਂ ਸੁੱਤੇ ਪਏ ਰੂਪ ਦੇ ਸਨਮੁੱਖ ਰਹਿੰਦੀ ਦੁਨੀਆਂ ਤਕ ਏਸੇ ਤਰ੍ਹਾਂ ਹੀ ਖੜਾ ਰਹਾਂ। ਉਹ ਸਾਹ ਰੋਕੀਂ ਚਾਰੇ ਪਾਸੇ ਤੋਂ ਬੇਖਬਰ ਇਕ-ਟਿਕ ਭੱਖਦੇ ਰੁਪ ਦਾ ਦਰਸ ਕਰ ਰਿਹਾ ਸੀ। ਧੜਕਦੇ ਦਿਲ ਨਾਲ ਪੋਲੇ ਪੈਰੀਂ ਸ਼ੈਹਨਾਜ਼ ਦੇ ਪੈਰਾਂ ਕੋਲ ਬੈਠ ਗਿਆ। ਉਹਦਾ ਦਿਲ ਉਹਦੇ ਹੱਥੋਂ ਨਿਕਲ ਕੇ ਸੁੱਤੇ ਰੂਪ ਦੇ ਪੈਰੀਂ ਜਾਂ ਵਿਛਿਆ ਸੀ।

ਸਲੀਮ ਚੌਧਰੀ ਮੁਹੰਮਦ ਹੁਸੈਨ ਦਾ ਤੀਜੇ ਥਾਂ ਛੋਟਾ ਮੁੰਡਾ ਸੀ। ਪ੍ਰਾਇਮਰੀ ਸਕੂਲੋਂ ਪਾਸ ਕਰ ਉਹ ਕਈ ਸਾਲਾਂ ਤੋਂ ਉਹ ਸ਼ਹਿਰ ਦੇ ਮਦਰ_ਸੇ ਵਿੱਚ ਪੜ੍ਹਦਾ ਸੀ ਅਤੇ ਉੱਥੇ ਹੀ ਬੋਰਡਿੰਗ ਹਾਊਸ ਵਿਚ ਰਹਿੰਦਾ ਸੀ ਜਿੱਥੇ ਇੱਕ ਤੋਂ ਇਕ ਵੱਧ ਛੈਲ ਛਬੀਲੇ ਗੱਭਰੂ ਅਤੇ ਭਾਂਤ-ਭਾਂਤ ਦੀਆਂ ਸੁੰਦਰ ਮੁਟਿਆਰਾਂ ਸਨ।

ਕਿਸੇ ਵੀ ਸੁੰਦਰ ਮੁਟਿਆਰ ਜਾਂ ਕਿਸੇ ਸੁੰਦਰ ਰੁਪ ਨੇ ਸਲੀਮ ਦਾ ਦਿਲ ਨਹੀਂ ਸੀ ਧੜਕਾਇਆ। ਕਿਸੇ ਵੀ ਕਟੀਲੀ ਜਾਂ ਮੱਧਮਸਤ ਅੱਖ ਨੇ ਖਿੱਚ ਨਹੀ ਪਾਈ ਪਰ ਅੱਜ ਸੁੱਤੇ ਪਏ ਬੇਖਬਰ ਸ਼ੈਹਨਾਜ਼ ਦੇ ਰੁਪ ਨੇ ਉਸਨੂੰ ਸਿਖਰ ਦੁਪਹਿਰੇ ਪੈਰਾਂ ਵਲ ਬਿਠਾ ਲਿਆ ਸੀ।

ਸੂਰਜ ਥੋੜਾ ਜਿਹਾ ਸਰਕਿਆ ਅਤੇ ਇਕ ਵੱਡੀ ਸਾਰੀ ਸੁਨਿਹਰੀ ਕਿਰਨ ਪੱਤਿਆਂ ਵਿਚੋਂ ਪਲੰਮ ਪਈ ਅਤੇ ਸ਼ੈਹਨਾਜ਼ ਦੇ ਚਿਹਰੇ ਤੇ ਸੋਨੇ ਦਾ ਲੇਪ ਕਰ ਦਿੱਤਾ ਜਿਸ ਨਾਲ ਸੁੱਤੇ ਪਏ ਰੂਪ ਦੀ ਨੀਂਦ ਟੁੱਟ ਗਈ ਅਤੇ ਕੰਵਲ ਪੱਤਿਆਂ ਵਰਗੀਆਂ ਪਲਕਾਂ ਹੌਲੀ-ਹੌਲੀ ਉਠੀਆਂ। ਚਾਰ ਸੁੰਦਰ ਖੁਮਾਰ ਭਰੀਆਂ ਅੱਖਾਂ ਆਪਸ ਵਿਚ ਗੱਡ-ਅੱਡ ਹੋ ਗਈਆਂ। ਦੋ ਹੱਥ ਅਦਾਬ ਵਜੋਂ ਮੱਥੇ ਤਕ ਚਲੇ ਗਏ।

ਸ਼ੈਹਨਾਜ਼ ਉੱਠ ਕੇ ਬੈਠ ਗਈ। ਪਰ ਉੱਠਣ ਲੱਗਿਆਂ ਮੁਲਾਇਮ ਨਾਜੁਕ ਕੂਲਾ ਹੱਥ ਸਲੀਮ ਦੇ ਹੱਥਾਂ ਵਿਚ ਆ ਗਿਆ। ਇਕ ਝਟਕੇ ਨਾਲ ਦਿਲ ਧੜਕੇ ਅਤੇ ਪ੍ਰੇਮ ਮੁਗਧ ਹੋ ਗਏ। ਚੰਦਰਮਾਂ ਦੇ ਮੁਖੜੇ ਤੇ ਮੁੜਕੇ ਦੇ ਨਿੱਕੇ-ਨਿੱਕੇ ਮੋਤੀ ਉਭਰੇ। ਮੱਧ ਮਸਤ ਅੱਖਾਂ ਵਿਚ ਗੁਲਾਬੀ ਪੀਘਾਂ ਲਹਿਰਾ ਗਈਆਂ। ਇਕ ਅਦਿੱਖ ਤੀਰ ਦੋ ਦਿਲਾਂ ਵਿਚੋਂ ਵਿੰਨ ਕੇ ਨਿਕਲ ਗਿਆ ਤੇ ਦੋਹਾਂ ਨੂੰ ਮਿੱਠਾ-ਮਿੱਠਾ ਦਰਦ ਦੇ ਗਿਆ।

"ਗੁਸਤਾਖੀ ਨਾ ਸਮਝੋ ਤਾਂ ਹੱਥ ਚੁੰਮਣ ਦਾ ਸ਼ਰਫ ਬਖਸ਼ੋ।" ਸਲੀਮ ਨੇ ਕੰਬਦੀ ਜਬਾਨ ਨਾਲ ਸਰਗੋਸ਼ੀ ਕੀਤੀ।

"ਜਦੋਂ ਹੱਥ ਹੱਥ ਵਿਚ ਆ ਹੀ ਗਿਆ ਤਾਂ ਪੁਛਣਾ ਕੀ?" ਸ਼ੈਹਨਾਜ਼ ਨੇ ਦਿਲ ਹੀ ਦਿਲ ਵਿਚ ਕਿਹਾ ਪਰ ਹੱਥ ਖਿਚਣ ਦੀ ਕੋਸ਼ਿਸ਼ ਨਾ ਕੀਤੀ ਅਤੇ ਨਜ਼ਰ ਨੀਵੀਂ ਕਰ ਲਈ ਜੋ ਹਾਂ ਦੀ ਪ੍ਰਤੀਕ ਸੀ।

ਸਲੀਮ ਨੇ ਹੱਥ ਮੱਥੇ ਤੇ ਘੁਟਿਆ ਫਿਰ ਪਿਆਸੇ ਤਪਦੇ ਹੋਂਠ ਹੱਥ ਤੇ ਧਰ ਦਿੱਤੇ। ਦੋਹੀਂ ਪਾਸੀਂ ਮਿੱਠੀ ਜਿਹੀ ਪੀੜ ਹੋਰ ਵਧ ਗਈ। ਦੋ ਅਨਜਾਣ ਮੁਸਾਫਿਰ ਪਿਆਰ ਪੰਧ ਪੈ ਗਏ। ਦੋਵੇਂ ਇਕ ਦੂਜੇ ਨੂੰ ਜਾਣਦੇ ਨਹੀਂ ਸਨ ਪਰ ਖੁਮਾਰ ਭਰੀਆਂ ਮੱਦਮਾਤੀ, ਸਰਬਤੀ ਅਤੇ ਨੀਲੀਆਂ ਅੱਖਾਂ ਜਿਵੇਂ ਜਨਮ-ਜਨਮ ਤੋਂ ਜਾਣੂ ਸਨ। ਚਾਰ ਚੁਫੇਰਿਉਂ ਬੇਖਬਰ ਦੋਵੇਂ ਇਕ ਦੂਜੇ ਵਿਚ ਗਵਾਚ ਗਏ। ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਕਿ ਰਸ਼ੀਦਾਂ ਦੋ ਵਾਰ ਉਹਨਾਂ ਦੇ ਕੋਲੋਂ ਭੇਡਾਂ ਮੋੜ ਕੇ ਲੈ ਗਈ ਸੀ।

ਸੂਰਜ ਨੇ ਤੀਜੇ ਪਹਿਰ ਦਾ ਪੰਧ ਪੂਰਾ ਕਰ ਲਿਆ ਅਤੇ ਛਿਪਦੇ ਵਲ ਤਿਲਕਣ ਲੱਗਾ ਜਿਵੇਂ ਥੱਕ ਗਿਆ ਹੋਵੇ।

ਵਜ਼ੀਰਾ ਇੱਜੜ ਕੋਲ ਆ ਗਿਆ ਸੀ। ਰਸ਼ੀਦਾਂ ਟੈਹਕਦੀ-ਟੈਹਕਦੀ ਉਹਨਾਂ ਕੋਲ ਆਈ ਅਤੇ ਦੋਹਾਂ ਦੀ ਰਹਿੰਦੀ ਪਹਿਚਾਨ ਕਰਾ ਦਿੱਤੀ। ਫਿਰ ਤਿੰਨੇ ਪਿੰਡ ਵਲ ਤੁਰ ਪਏ। ਵਿਛੜਨ ਲੱਗੇ ਤਾਂ ਦੋਹਾਂ ਦਿਲਾਂ ਨੂੰ ਧੱਕਾ ਜਿਹਾ ਲੱਗਾ। ਦੋ ਕੰਵਾਰੇ ਖਿਆਲਾਂ ਤੇ ਖਾਬਾਂ ਵਿਚ ਪ੍ਰੇਮ ਰੰਗਾਂ ਤੇ ਉਮੰਗਾਂ ਦੇ ਨਾਲ-ਨਾਲ ਬਿਰਹਾ, ਪੀੜ ਤੇ ਉਦਾਸੀ। ਬਿਰਹਾ ਤੂੰ ਸੁਲਤਾਨ। ਦੋਹੀਂ ਪਾਸੀਂ ਪੱਤਰ ਵਿਵਹਾਰ ਚਲ ਪਿਆ ਅਤੇ ਪ੍ਰੇਮ ਪੱਤਰਾਂ ਰਾਹੀਂ ਪਿਆਰ ਗੰਢਾਂ ਪੀਢੀਆਂ ਹੋ ਗਈਆਂ।

ਅਚਾਨਕ ਨਵਾਬ ਬੇਗਮ ਨੇ ਸ਼ੈਹਨਾਜ਼ ਦਾ ਰਿਸ਼ਤਾ ਨਵਾਬ ਅਕਰਮ ਲਈ ਦੇ ਦਿੱਤਾ ਅਤੇ ਜਦ ਸ਼ੈਹਨਾਜ਼ ਤੇ ਪਿਆਰ ਦਿਲਾਸਿਆਂ ਦਾ ਕੋਈ ਅਸਰ ਨਾ ਹੋਇਆ ਤਾਂ ਨਵਾਬ ਬਾਨੋਂ ਨੇ ਧੀ ਨੂੰ ਆਤਮ ਹੱਤਿਆ ਕਰ ਲੈਣ ਦੀ ਧਮਕੀ ਦਿੱਤੀ ਅਤੇ ਮਾਂ ਦੇ ਮਰ ਮਿਟਣ ਦੀ ਧਮਕੀ ਅੱਗੇ ਸ਼ੇਹਨਾਜ਼ ਨੇ ਹੱਥਿਆਰ ਸੁਟ ਦਿੱਤੇ ਅਤੇ ਆਤਮ ਸਮਰਪਣ ਕਰ ਦਿਤਾ ਅਤੇ ਏਨਾਂ ਹੀ ਕਿਹਾ, "ਮਾਂ, ਤੇਰੀ ਮਰਜ਼ੀ ਏ। ਜੇ ਤੂੰ ਮੈਨੂੰ ਖੂਹ ਵਿਚ ਹੀ ਸੁਟਣਾ ਚਾਹੁੰਦੀ ਏ ਤਾਂ ਸੁਟ ਦੇ, ਕਿਉਂਕਿ ਮੇਰਾ ਵਜੂਦ ਮੇਰਾ ਸਰੀਰ ਤੇਰੀ ਦੇਣ ਏ ਪਰ ਰੂਹ ਅਤੇ ਦਿਲ ਮੇਰਾ ਹੈ ਅਤੇ ਇਹ ਦੋਵੇਂ ਮੈਂ ਸਲੀਮ ਨੂੰ ਦੇ ਦਿੱਤੇ ਹਨ। ਰੂਹ ਅਤੇ ਦਿਲ ਅਕਰਮ ਨੂੰ ਨਹੀਂ ਮਿਲ ਸਕਣਗੇ।"

ਨਵਾਬ ਬੇਗਮ ਦੀ ਜਾਨ ਵਿਚ ਜਾਨ ਆਈ। ‘ਚਲੋ ਬੇਟੀ ਦਾ ਹੱਠ ਟੁੱਟਾ। ਅਣਜਾਣ ਏ, ਆਪੇ ਹੌਲੀ-ਹੌਲੀ ਦਿਲ ਧਰ ਜਾਏਗੀ। ਇਹ ਇਸ਼ਕ ਮੁਸ਼ਕ ਤੇ ਬਚਪਨ ਦਾ ਸੁਦਾ ਹੁੰਦਾ ਏ। ਅਲੜ ਤੇ ਅਨਜਾਣ-ਪੁਣਾ।'

ਸਲੀਮ ਦੀ ਨਿਘਰਦੀ ਹਾਲਤ ਦੇਖ ਕੇ ਮਹੰਮਦ ਹੁਸੈਨ ਨੇ ਪੁਛਿਆ ਅਤੇ ਤਿੰਨ ਚਾਰ ਬਾਇਤਬਾਰ ਬੁਢੀਆਂ ਰਾਹੀਂ ਨਵਾਬ ਬਾਨੋ ਤਕ ਪਹੁੰਚ ਕੀਤੀ ਪਰ ਬੇਗਮ ਦਾ ਨਾਪਿਆ ਤੋਲਿਆ ਜਵਾਬ ਸੀ ਪਹਿਲਾਂ ਕਹਿੰਦੇ ਤਾਂ ਤੁਹਾਡੀ ਗੱਲ ਸਿਰ ਮੱਥੇ, ਪਰ ਹੁਣ ਮੈਂ ਬਚਨ-ਬੱਧ ਹਾਂ।" ਅਤੇ ਨਾਲ ਹੀ ਬੇਗਮ ਨੇ ਝੱਟ ਮੰਗਣੀ ਪਟ ਵਿਆਹ ਦੇ ਦਿੱਤਾ।

ਫਿਰ ਰਸ਼ੀਦਾਂ ਨੇ ਭਿੱਜੀਆਂ ਅੱਖਾਂ ਨਾਲ ਸਲੀਮ ਨੂੰ ਸ਼ੈਹਨਾਜ਼ ਦਾ ਪੱਤਰ ਦਿੱਤਾ। ਯਾਨੀ ਆਖਰੀ ਪੱਤਰ, ਜਿਸ ਵਿਚ ਲਿਖਿਆ ਸੀ: "ਮੇਰੇ ਸਲੀਮ, ਮੈਂ ਤੇਰੀ ਹਾਂ ਅਤੇ ਜਨਮ-ਜਨਮ ਤੱਕ ਤੇਰੀ ਰਹਾਂਗੀ। ਮੇਰੇ ਜਿਸਮ ਤੇ ਇਹਨਾਂ ਦਾ ਅਧਿਕਾਰ ਹੈ। ਲੈ ਜਾਣਗੇ, ਪਰ ਮੇਰੇ ਅਧਿਕਾਰ ਵਾਲੇ ਮੇਰਾ ਦਿਲ ਅਤੇ ਮੇਰੀ ਰੂਹ ਦੋਵੇਂ ਤੇਰੇ ਕੋਲ ਹਨ ਅਤੇ ਤੇਰੇ ਕੋਲ ਰਹਿਣਗੇ। ਤੇਰੀ ਸ਼ੈਹਨਾਜ਼।"

ਫਿਰ ਸ਼ੈਹਨਾਜ਼ ਗੁੰਮ-ਸੁੰਮ ਹੋ ਗਈ ਜਦੋਂ ਨਿਕਾਹ ਵੇਲੇ ਕਾਜ਼ੀ ਨੇ ਹਾਂ ਪੁੱਛੀ ਤਾਂ ਚੁੱਪ।

ਸ਼ੈਹਨਾਜ਼ ਨੂੰ ਮਾਂ ਨੇ ਕਿਹਾ, "ਬੋਲ ਬੋਟੀ, ਕਹੋ ‘ਕਬੂਲ ਏ'।"

ਤਾਂ ਸ਼ੈਹਨਾਜ਼ ਨੇ ਕਿਹਾ, "ਮੇਰੇ ਹੋਠ ਮੇਰੀ ਜੀਭ ਜ਼ਰੂਰ ਸ਼ਰੀਰ ਦਾ ਅੰਗ ਨੇ ਪਰ ਅਵਾਜ਼ ਦਿਲ ਅਤੇ ਰੂਹ ਵਿਚੋਂ ਫਰਕਦੀ ਏ ਅਤੇ ਰੂਹ ਤੇ ਦਿਲ ਮੈਂ ਭੇਜ ਦਿੱਤੇ ਨੇ।"

ਫਿਰ ਇਹੋ ਹੀ ਗਲ ਉਸ ਲਿਬਾਸੇ ਅਰੂਸੀ ਵਿਚ ਲਿਪਟੀ ਗੁਲਾਬ ਤੇ ਮੋਤੀਏ ਦੇ ਫੁੱਲਾਂ ਦੀਆਂ ਲੜੀਆਂ ਤੇ ਚੰਬੇਲੀ ਨਾਲ ਸਜ਼ੀ ਹੋਈ ਸੇਜ਼ ਤੇ ਅਕਰਮ ਖਾਂ ਨੂੰ ਕਹੀ, "ਨਵਾਬ ਸਾਹਿਬ, ਮੇਰੇ ਜਿਸਮ ਨਾਲ ਖੇਲੋ ਪਰ ਮੁਹੱਬਤ ਨਹੀਂ, ਪਿਆਰ ਨਹੀਂ ਮਿਲੇਗਾ।"

ਅਕਰਮ ਦਾ ਖੁਮਾਰ ਟੁਟ ਗਿਆ। ਕੰਨਾ ਚੋਂ ਅਤਰ ਦੇ ਫੰਬੇ ਕੱਢ ਕੇ ਸੁਟੇ। ਗਲ ਵਿਚੋਂ ਮਹਿਕਦੇ ਚਮੇਲੀ ਦੇ ਫੁੱਲਾਂ ਦੀ ਮਾਲਾ ਮਚੋੜੀ। ਸੇਜ਼ ਦੀਆਂ ਲੜੀਆਂ ਖਿੱਚ-ਖਿੱਚ ਤੋੜੀਆਂ ਤੇ ਦੰਦ ਪੀਂਹਦਾ ਬਾਹਰ ਚਲਾ ਗਿਆ।

ਫਿਰ ਇਕ-ਇਕ ਦਿਨ, ਪੂਰਾ ਇਕ ਸਾਲ ਸ਼ੈਹਨਾਜ਼ ਤੇ ਕੀ ਬੀਤੀ, ਲਿਖਣਾ ਦੱਸਣਾ ਵਾਧੂ ਜਿਹਾ ਏ। ਪਰ ਸਾਲ ਬਾਦ ਇਕ ਪੱਤਰ ਦੇ ਚਾਰ ਅੱਖਰਾਂ ਨੇ ਨਵਾਬ ਬੇਗਮ ਦੇ ਹੋਸ਼ ਹਵਾਸ ਉਡਾ ਦਿੱਤੇ। "ਤੁਹਾਡੀ ਸ਼ੈਹਨਾਜ਼ ਪੀਰ ਵਾਲੇ ਦਿਨ ਤੁਹਾਡੇ ਕੋਲ ਆ ਰਹੀ ਏ ਸਦਾ ਸਦਾ ਲਈ, ਨਵਾਬ ਅਕਰਮ।"

ਬੇਗਮ ਨੂੰ ਸਮਝ ਨਹੀਂ ਸੀ ਆ ਰਹੀ ਕਿ ਸ਼ੈਹਨਾਜ਼ ਨਾਲ ਕਿਵੇਂ ਅੱਖਾਂ ਸਿੱਧੀਆਂ ਕਰੇਗੀ। ਅੱਜ ਉਹ ਆਪਣੇ ਆਪ ਨੂੰ ਦੋਸ਼ੀ ਸਮਝ ਰਹੀ ਸੀ। ਉਹ ਹਰ ਇਕ ਤੋਂ ਸਗੋਂ ਈਦਾਂ ਤੇ ਰਸ਼ੀਦਾਂ ਤੋਂ ਵੀ ਝੇਪ ਰਹੀ ਸੀ। ਉਹਦੇ ਹਵਾਸ ਉੱਡੇ ਹੋਏ ਸਨ। ਉਹ ਈਦਨ ਨੂੰ ਕੁਝ ਨਾ ਦੱਸ ਸਕੀ ਅਤੇ ਈਦਨ ਨੇ ਚਿੱਠੀ ਪੜ੍ਹਨ ਲਈ ਰਸ਼ੀਦਾਂ ਨੂੰ ਜਾ ਉਠਾਇਆ। ਰਸ਼ੀਦਾਂ ਚਿੱਠੀ ਪੜ੍ਹ ਕੇ ਚਾਦਰ ਦੀ ਬੁੱਕਲ ਮਾਰ ਬਾਹਰ ਨਿਕਲ ਗਈ।

ਰੇਲ ਗੱਡੀ ਠੀਕ ਸਟੇਸ਼ਨ ਤੇ ਢਾਈ ਵਜੇ ਆ ਕੇ ਰੁਕੀ। ਸਵੇਰ ਦੇ ਆ ਕੇ ਬੈਠੇ ਸਲੀਮ ਨੂੰ ਇੰਝ ਲੱਗਾ ਜਿਵੇਂ ਗੱਡੀ ਕਈ ਘੰਟੇ ਸਗੋਂ ਕਈ ਸਾਲ ਲੇਟ ਆਈ ਹੋਵੇ। ਸਵੇਰ ਤੋਂ ਹੀ ਉਹ ਦੂਰ ਤੱਕ ਸੁੰਨੀ ਪਟੜੀ ਤੇ ਅੱਪ ਸਿਗਨਲ ਨੂੰ ਦੇਖ-ਦੇਖ ਥੱਕ ਗਿਆ ਸੀ। ਕਈ ਵਾਰ ਉਸ ਸਟੇਸ਼ਨ ਮਾਸਟਰ ਨੂੰ ਜਾ ਪੁਛਿਆ ਸੀ ਕਿ ਗੱਡੀ ਕਦੋਂ ਆਵੇਂਗੀ। ਉਸ ਨੂੰ ਹਰ ਵਾਰ ਇਹੋ ਜਵਾਬ ਮਿਲਿਆ ਸੀ ਕਿ ਢਾਈ ਵਜੇ। ਰੇਲ ਗੱਡੀ ਆ ਜਾਣ ਤੇ ਉਸ ਵਿਚ ਇਕ ਨਵੀਂ ਰੂਹ ਫੂਕੀ ਗਈ। ਉਹਦੀਆਂ ਥੱਕੀਆਂ ਪਥਰਾਈਆਂ ਅੱਖਾਂ ਉੱਤਰਦੀਆਂ ਸਵਾਰੀਆਂ ਵਿਚੋਂ ਸ਼ੈਹਨਾਜ਼ ਨੂੰ ਲਭ ਰਹੀਆਂ ਸਨ।

ਛੋਟੇ ਜਿਹੇ ਸਟੇਸ਼ਨ ਤੋਂ ਪੰਜ-ਸੱਤ ਹੀ ਸਵਾਰੀਆਂ ਉਤਰੀਆਂ। ਕੁਲੀ ਨੇ ਸਮਾਨ ਖਿਚ ਕੇ ਪਲੇਟ ਫਾਰਮ ਤੇ ਰੱਖਿਆ ਅਤੇ ਇਕ ਕਮਜ਼ੋਰ ਜਿਹੀ ਔਰਤ ਉਤਰੀ। ਇਹੀ ਤਾਂ ਸ਼ੈਹਨਾਜ਼ ਸੀ। ਭਖਦੇ ਜੇਠ ਮਹੀਨੇ ਦੀ ਦੁਪਹਿਰ ਵਰਗੀ ਮੁਟਿਆਰ ਭਾਦੋਂ ਦੀ ਸਿੱਲੀ ਰਾਤ ਵਰਗੀ ਹੋਈ ਪਈ ਸੀ। ਸਾਹਮਣੇ ਸਲੀਮ ਖੜਾ ਸੀ। ਦੋਵੇਂ ਇਕ ਦੂਜੇ ਨੂੰ ਆਹਮਣੇ ਸਾਹਮਣੇ ਖਲੋ ਕੇ ਦੇਖ ਰਹੇ ਸਨ। ਸ਼ੈਹਨਾਜ਼ ਦਾ ਸੰਧੂਰੀ ਸੇਬ ਵਰਗਾ ਚਮਕਦਾ ਚਿਲਕਦਾ ਰੰਗ ਹਲਦੀ ਵਰਗਾ ਪੀਲਾ ਸੀ ਇੰਝ ਸੀ ਜਿਵੇਂ ਰਤ ਨਾ ਦੀ ਕੋਈ ਚੀਜ਼ ਹੀ ਨਾ ਹੋਵੇ ਇਸ ਵਿਚ ਅਤੇ ਸਲੀਮ ਦਾ ਤਾਂ ਇਸ ਤਰ੍ਹਾਂ ਸੀ ਜਿਵੇਂ ਇਕ ਸਾਲ ਵਿਚ ਦਸ ਸਾਲ ਅੱਗੇ ਯਾਨੀ ਬੁਢਾਪੇ ਵਲ ਗਿਆ ਹੋਵੇ।

ਦੋਹਾਂ ਪਰੇਮੀਆਂ ਦੀ ਇਹ ਦੂਜੀ ਮਿਲਣੀ ਸੀ। ਖਮਾਰ ਭਰੀਆ ਹੈ ਵਿਚ ਮੱਧਮਸਤੀ ਦੀ ਥਾਂ ਹੰਝੂ ਤਰ ਰਹੇ ਸਨ। ਉਮਾਹ ਤੇ ਸ਼ੋਕ ਦੀ ਥਾਂ ਵਿਚ ਪੀੜ ਹੀ ਪੀੜ ਸੀ।

"ਮੇਰੇ ਸਲੀਮ, ਸ਼ਹਿਨਾਜ਼ ਦੇ ਮੂੰਹੋਂ ਨਿਕਲਿਆ ਅਤੇ ਚੱਕਰ ਜਿਹਾ ਗਿਆ। ਪਰ ਸਲੀਮ ਨੇ ਉਸਨੂੰ ਬਾਹਾਂ ਦੀ ਬੁੱਕਲ ਵਿਚ ਲੈ ਲਿਆ। ਮੇਰੀ ਸ਼ੈਹਨਾਜ਼!" ਦੋ ਦਿਲ ਇਕ ਹੋ ਧੜਕੇ।

"ਮੇਰੀ ਰੂਹ! ਮੇਰੇ ਦਿਲ ਦੇ ਮਾਲਕ!"

"ਮੇਰੀ ਜ਼ਿੰਦਗੀ! ਮੇਰੇ ਸਾਹਾਂ ਦੀ ਰਵਾਨੀ!"

ਦੋਹਾਂ ਇਕ ਦੂਜੇ ਦੀ ਪੀੜ ਚੁਗ ਲਈ। ਕਿਸ ਨਾਲ ਕੀ ਬੀਤੀ ਕੋਈ ਪੁੱਛਣ ਦੱਸਣ ਦੀ ਲੋੜ ਨਹੀਂ ਰਹੀ।

ਹਚਕੋਲੇ ਖਾਂਦਾ ਤਾਂਗਾ ਜਦ ਪਿੰਡ ਕੋਲ ਪਹੁੰਚਿਆਂ ਤਾਂ ਦਿਨ ਤਰਾਂਦਾ ਜਿਹਾ ਸੀ। ਸਲੀਮ ਨੇ ਉਤਰਨ ਲਈ ਤਾਂਗਾ ਰੁਕਾਇਆ।

"ਨਹੀਂ ਨਹੀਂ ਸਲੀਮ, ਇਹ ਉਹੋ ਥਾਂ ਏ ਜਿਥੇ ਅਸੀਂ ਪਹਿਲੀ ਵਾਰ ਵਿਛੜੇ ਅਤੇ ਜੇ ਹੁਣ ਵੀ ਵਿਛੜੇ ਤਾਂ ਸ਼ਾਇਦ ਕਦੀ ਨਾ ਮਿਲ ਸਕੀਏ। ਮੇਥੋਂ ਸ਼ਾਇਦ ਵਿਛੋੜਾ ਝੱਲਿਆ ਨਾ ਜਾਏ।

ਅਤੇ ਜਦ ਤਾਂਗਾ ਹਵੇਲੀ ਦੇ ਬੂਹੇ ਅੱਗੇ ਰੁਕਿਆ ਤਾਂ ਈਦਨ, ਰਸ਼ੀਦਾਂ ਅਤੇ ਹੋਰ ਨਿਕਟਵਰਤੀ ਖੜੇ ਸਨ। ਬੇਗਮ ਵੀ ਖੜੀ ਸੀ ਪਰ ਉਹਦੇ ਵਿਚ ਹਿੰਮਤ ਨਹੀਂ ਸੀ ਧੀ ਵੱਲ ਅੱਖ ਚੁੱਕ ਕੇ ਦੇਖਣ ਦੀ। ਸਲੀਮ ਨੇ ਸ਼ੈਹਨਾਜ਼ ਨੂੰ ਸਹਾਰਾ ਦੇ ਕੇ ਤਾਂਗੇ ਤੋਂ ਉਤਾਰਿਆ। ਬਹਿਬਲ ਹੋ ਬੇਗਮ ਨੇ ਸ਼ੈਹਨਾਜ਼ ਨੂੰ ਛਾਤੀ ਨਾਲ ਲਾ ਲਿਆ। ਰਸ਼ੀਦਾਂ ਤੇ ਈਦਾਂ ਦੀਆਂ ਅੱਖਾਂ ਪਾਣੀ ਨਾਲ ਉਬਲ ਰਹੀਆਂ ਸਨ। ਅੰਦਰ ਜਾਕੇ ਬੇਗਮ ਨੇ ਸਲੀਮ ਦਾ ਸ਼ੁਕਰੀਆ ਅਦਾ ਕੀਤਾ। ਉਹ ਇਹ ਨਹੀਂ ਸੀ ਜਾਣਦੀ ਕਿ ਇਹ ਨੌਜਵਾਨ ਪਿੰਡ ਤੋਂ ਏ ਜਾਂ ਹੋਰ ਕਿਤੋਂ। ਸਿਰਫ ਇਸ ਕਰਕੇ ਕਿ ਉਸਨੇ ਸ਼ੈਹਨਾਜ਼ ਨੂੰ ਘਰ ਤਕ ਪਹੁੰਚਾਣ ਵਿਚ ਸਹਾਇਤਾ ਕੀਤੀ ਅਤੇ ਜਦ ਸਲੀਮ ਕੁਝ ਦੇਰ ਬੈਠ ਕੇ ਤੁਰਨ ਲੱਗਾ ਤੇ ਇਜ਼ਾਜਤ ਮੰਗੀ ਤਾਂ ਸ਼ੈਹਨਾਜ਼ ਨੇ ਕਿਹਾ, ਸਲੀਮ, ਮੈਂ ਬਿਖੜੇ ਪੈਂਡੇ ਤੇ ਔਖੇ ਪੰਧ ਕੱਟ ਆਈਆਂ। ਹੁਣ ਵਿਛੋੜਾ ਅਸਿਹ ਹੋਵੇਗਾ। ਮੈਂ ਥੱਕ ਗਈ ਹਾਂ ਜੁਲਮ ਦੀ ਚੱਕੀ ਵਿਚ ਲਹੂ ਦੇ ਗਾਲੇ ਪਾਂਦੀ।"

ਸਲੀਮ ਦਾ ਨਾਂ ਸੁਣਦਿਆਂ ਹੀ ਬੇਗਮ ਉੱਠੀ ਅਤੇ ਸਲੀਮ ਨੂੰ ਛਾਤੀ ਨਾਲ ਲਾ ਲਿਆ। "ਬੇਟਾ, ਮੈਨੂੰ ਮਾਫ ਕਰੋ। ਮੈਂ ਤੁਹਾਡੇ ਦੋਹਾਂ ਦੀ ਦੇਣਦਾਰ ਹਾਂ, ਦੋਸ਼ੀ ਹਾਂ। ਮੈਂ ਆਪਣੇ ਤਜਰਬੇ ਧੀ ਤੇ ਨਹੀਂ ਸਗੋਂ ਤੁਹਾਡੇ ਦੋਹਾਂ ਤੇ ਦੁਹਰਾਏ। ਬੇਟਾ, ਇਹ ਤੁਹਾਡਾ ਘਰ ਏ। ਕਬੂਲ ਕਰੋ।"

ਉਸੇ ਸ਼ਾਮ ਬੇਗਮ ਨੇ ਈਦਨ ਰਾਹੀਂ ਚੌਧਰੀ ਮੁਹੰਮਦ ਹੁਸੈਨ ਤਕ ਪਹੁੰਚ ਕੀਤੀ।

ਮੁਹੰਮਦ ਹੁਸੈਨ ਵੀ ਕੁਝ ਨੱਕ ਮੂੰਹ ਰੱਖਦਾ ਸੀ ਅਤੇ ਹਰ ਵਰਗ ਵਿਚ ਉਹਦਾ ਮਾਨ-ਇੱਜਤ ਸੀ ਅਤੇ ਉਹ ਨਹੀਂ ਸੀ ਚਾਹੁੰਦਾ ਚੱਜ ਨਾਲ ਪੜ੍ਹਾਏ ਲਿਖਾਏ ਮੁੰਡੇ ਨੂੰ ਤਲਾਕ ਹੋਈ ਜਨਾਨੀ ਨਾਲ ਵਿਆਹੇ। ਤਾਂ ਹੀ ਉਸ ਸਾਫ ਨਾਂਹ ਕਰ ਦਿੱਤੀ। ਉਸ ਸਲੀਮ ਨੂੰ ਬੜੇ ਪਿਆਰ ਨਾਲ ਸਮਝਾਣਾ ਸ਼ੁਰੂ ਕੀਤਾ। ਕਈ ਉੱਚ ਘਰਾਂ ਤੋਂ ਆਉਂਦੇ ਰਿਸ਼ਤਿਆਂ ਅਤੇ ਉਹਨਾਂ ਦੀ ਪਹੁੰਚ ਬਾਰੇ ਦੱਸਿਆ ਅਤੇ ਕਿਹਾ, "ਜਿਸ ਘਰ ਤੋਂ ਮਰਜੀ ਹੈ ਲੜਕੀ ਦੇਖ ਕੇ ਪਸੰਦ ਕਰ ਲੈ।"

ਪਰ ਸਲੀਮ ਨੇ ਕਿਹਾ, "ਅੱਬਾ, ਮੈ ਸ਼ੈਹਨਾਜ਼ ਨੂੰ ਦਿਲ ਰੂਹ ਅਤੇ ਅੱਖਾ ਵਿਚ ਵਸਾ ਬੈਠਾਂ ਅਤੇ ਮੇਰੀਆਂ ਅੱਖਾਂ ਸੈਹਨਾਜ਼ ਤੋਂ ਬਿਨਾਂ ਕਿਸੇ ਨੂੰ ਨਹੀਂ ਦੇਖਦੀਆਂ।

ਪਿਉ ਪੁਤਰ ਵਿਚ ਖਿਚਾ ਹੋ ਗਿਆ। ਸਲੀਮ ਦਾ ਚੌਖਾ ਟੈਮ ਸੈਹਨਾਜ਼ ਕੋਲ ਹੀ ਗੁਜਰਦਾ। ਦਿਨਾਂ ਵਿਚ ਹੀ ਉਹ ਆਪਣੇ ਅਸਲੀ ਰੰਗ ਰੂਪ ਵਿਚ ਆ ਗਈ। ਜਵਾਨੀ ਫਿਰ ਦੁਪਹਿਰ ਖਿੜੀ ਵਾਂਗ ਖਿੜ ਗਈ। ਫਿਰ ਇਕ ਦਿਨ ਦਾ ਨੂੰ ਨਾਲ ਲੈ ਸ਼ੈਹਨਾਜ, ਚੌਧਰੀ ਮੁਹੰਮਦ ਹੁਸੈਨ ਦੇ ਘਰ ਗਈ। ਮੁਹੰਮਦ ਹੁਸੈਨ? ਬਿਮਾਰੀ ਅਤੇ ਕੁਝ ਪੁਤਰ ਨਾਲ ਖਿਚਾ ਦਾ ਗਮ ਕਮਜ਼ੋਰ ਹੋ ਗਿਆ ਸੀ। ਤਸਲਾਮ ਅਦਾਬ ਤੋਂ ਬਾਦ ਸ਼ੈਹਨਾ ਨੇ ਬੜੇ ਸਲੀਕੇ ਤੇ ਤਹੱਮਲ ਨਾਲ ਕਿਹਾ "ਅੱਬਾ ਹਜੂਰ, ਮੈਂ ਸ਼ੈਹਨਾਜ਼ ਹਾਂ। ਮੈਂ ਅੱਗ ਦੇ ਸਮੁੰਦਰ ਵਿਚ ਛਾਲ ਮਾਰੀ ਤਾਂ ਸਲੀਮ ਵਾਸਤੇ ਅਤੇ ਜੇ ਖੁਦਾ ਨੇ ਮੈਨੂੰ ਅੱਗ ਦੇ ਸਮੁੰਦਰੋ ਵਿਚੋਂ ਜਿੰਦਾ ਕੱਢ ਲਿਆ ਹੈ ਤਾਂ ਸਲੀਮ ਵਾਸਤੇ। ਤੁਸੀਂ ਮੈਨੂੰ ਹੁਣ ਠੁਕਰਾਉ ਨਾ।"

ਕੁਝ ਦੇਰ ਉਹ ਗੁੰਮ ਸੁੰਮ ਬੈਠਾ ਰਿਹਾ। ਸ਼ੈਹਨਾਜ਼ ਦਾ ਲਹਿਜਾ ਸਲੀਕਾ ਉਸ ਨੂੰ ਬਹੁਤ ਚੰਗਾ ਲੱਗਾ। ਉਹ ਸ਼ੈਹਨਾਜ਼ ਵਲ ਓਪਰੀ ਤਕਣੀ ਵੇਖਿਆ ਤਾਂ, ਅੱਖਾਂ ਵਿਚ ਮਮਤਾ ਫੁੱਟਦੀ ਜਾਪੀ ਪਰ ਉਸ ਖਾਨਦਾਨੀ ਹਠ ਕਾਇਮ ਰੱਖਣ ਲਈ ਮਮਤਾ ਨੂੰ ਮਿਧਿਆ ਅਤੇ ਦਿਲ ਕਰੜਾ ਕਰ ਕੇ ਕਿਹਾ, "ਅੱਛਾ ਬੇਟਾ, ਮੈਨੂੰ ਸੋਚ ਲੈਣ ਦਿਉ।"

ਸ਼ੈਹਨਾਜ਼ ਉੱਠ ਕੇ ਤੁਰਨ ਲੱਗੀ ਤਾਂ ਚੌਧਰੀ ਮੁਹੰਮਦ ਹੁਸੈਨ ਨੇ ਕਿਹਾ, "ਠਹਿਰੋ ਬੇਟੀ, ਰਲਿਆਂ ਨਹੀਂ ਜਾਂ ਰੁੱਸ ਕੇ ਨਹੀਂ ਜਾਈਦਾ। ਨੂੰਹ ਧੀ ਇੱਜਤ ਦੀ ਹੱਕਦਾਰ ਏ।"

ਅਗਲੇ ਪਲ ਸ਼ੈਹਨਾਜ਼ ਦਾ ਸਿਰ ਮਹੁੰਮਦ ਹੁਸੈਨ ਦੀ ਛਾਤੀ ਤੇ ਸੀ। ਉਹ ਪਿਤਾ ਪਿਆਰ ਅਤੇ ਅਸੀਸ ਦੇ ਰਿਹਾ ਸੀ। ਕੋਲ ਖਲੋਤੀ ਰਸ਼ੀਦਾਂ ਖੁਸ਼ੀ ਅਤੇ ਫਤੇਹ ਦੇ ਮੋਤੀ ਸਮੇਟ ਰਹੀ ਸੀ। "ਜੁਗ-ਜੁਗ ਜੀਉ! ਬੇਟਾ, ਤੁਹਾਡਾ ਪਿਆਰ ਸਲਾਮਤ ਰਹੇ।"

ਜਦੋਂ ਸ਼ੈਹਨਾਜ਼ ਘਰ ਆਈ ਤਾਂ ਉਸ ਨਾਲ 'ਕੱਲੀ ਰਸ਼ੀਦਾਂ ਹੀ ਨਹੀਂ ਮੁਹੰਮਦ ਹੁਸੈਨ ਦੀਆਂ ਦੋਵੇਂ ਨੂੰਹਾਂ ਅਤੇ ਤਿੰਨ ਚਾਰ ਗਵਾਂਢਣਾਂ ਵੀ ਸਨ ਜਿਹਨਾਂ ਕੋਲ ਪਿਆਰ ਸਮੱਗਰੀ ਅਤੇ ਸ਼ਗਨ ਸਮਾਨ ਨਾਲ ਸੀ। ਫਿਰ ਨਵਾਬ ਬੇਗਮ ਕੰਮ ਕਾਰ ਦੀ ਵਿਉਂਤ ਸਲੀਮ ਨੂੰ ਦੱਸ ਕੇ ਕਹਿ ਰਹੀ ਸੀ, "ਬੇਟਾ, ਸਾਂਭੋ ਆਪਣਾ ਕੰਮ, ਮੈਂ ਤਾਂ ਥੱਕ ਗਈ ਹਾਂ।"

  • ਮੁੱਖ ਪੰਨਾ : ਕਹਾਣੀਆਂ, ਹਰਨਾਮ ਸਿੰਘ ਨਰੂਲਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ