Ahmed Al-Hlo Kitthe Ho (Hindi Travelogue in Punjabi) : Surendra Manan

ਅਹਿਮਦ ਅਲ-ਹਲੋ, ਕਿੱਥੇ ਹੋ? : (ਯਾਤਰਾ-ਕਥਾ) : ਸੁਰਿੰਦਰ ਮਨਨ - (ਪੰਜਾਬੀ ਅਨੁਵਾਦ) : ਨਰਿੰਦਰ ਕੁਮਾਰ

ਦੇਸ਼-ਦੁਨੀਆ ਤੇ ਸਮਕਾਲ ਦੀ ਧੜਕਨ ਦਾ ਬਖਾਣ ਕਰਦੀਆਂ ਯਾਤਰਾ-ਕਥਾਵਾਂ
ਅਹਿਮਦ ਅਲ-ਹਲੋ, ਕਿੱਥੇ ਹੋ? : ਸੁਰਿੰਦਰ ਮਨਨ ਅਨੁਵਾਦ ਨਰਿੰਦਰ ਕੁਮਾਰ

* * * * *

ਮੇਰਾ ਦੋਸ਼ ਸਿਰਫ਼ ਇਹ ਹੈ ਕਿ ਮੈਂ ਫ਼ਿਲਿਸਤੀਨੀ ਹਾਂ। ਮੇਰਾ ਇਕ ਸ਼ਨਾਖ਼ਤੀ ਕਾਰਡ ਹੈ ਜੋ ਇਹ ਕਹਿੰਦਾ ਹੈ ਕਿ ਮੈਂ ਫ਼ਲਿਸਤੀਨੀ ਹਾਂ। ਉਸ ਕਾਰਡ ਬਿਨਾਂ ਮੈਂ ਕੁਝ ਵੀ ਨਹੀਂ ਮੈਂ ਕਿਤੇ ਦਾ ਨਹੀਂ!”
ਫ਼ਲਿਸਤੀਨੀ ਸ਼ਰਨਾਰਥੀਆਂ ਦੀ ਸਮੱਸਿਆ ਬਾਰੇ ਜ਼ਿਕਰ ਅਤੇ ਉਸ ਕਾਰਡ ਦੇ ਕਾਰਨ ਕਰਦੇ ਹੋਏ ਅਹਿਮਦ ਅਲ-ਹਲੋ, ਕਿਥੇ ਹੋ?” ਕਿਤਾਬ ਵਿੱਚ ਸਵਾਲ ਕੀਤਾ ਗਿਆ ਹੈ ਇਸ ਸੱਭਿਆ ਦੁਨੀਆ 'ਚ ਨਾਗਰਿਕ ਘੱਟ ਕਿਉਂ ਹੋਈ ਜਾ ਰਹੇ ਹਨ ਅਤੇ ਸ਼ਰਨਾਰਥੀਆਂ ਦੀ ਗਿਣਤੀ ਲਗਾਤਾਰ ਵਧਦੀ ਕਿਉਂ ਜਾ ਰਹੀ ਹੈ ?

‘ਜਦੋਂ ਕੋਈ ਨਹੀਂ ਬੋਲਦਾ ਤਾਂ ਭੂਤ ਬੋਲਦੇ ਹਨ’

‘ਅਹਿਮਦ ਅਲ ਹਲੋ, ਕਿਥੇ ਹੋ?’ ਕਿਤਾਬ ਦਾ ਅਧਿਆਏ ਪੜ੍ਹਦੇ ਹੋਏ ਇਹ ਇਬਾਰਤ ਜ਼ੇਹਨ ’ਚ ਅਟਕੀ ਰਹਿ ਗਈ ਸੀ, ਅਤੇ ਜਿਉਂ-ਜਿਉਂ ਅਗਲੇ ਅਧਿਆਏ ਪੜ੍ਹਦਾ ਗਿਆ, ਇਹ ਅਹਿਸਾਸ ਹੋਰ ਵੀ ਗਹਿਰਾ ਤੇ ਤਿੱਖਾ ਹੁੰਦਾ ਗਿਆ ਕਿ ਕਿਤਾਬ ਦੇ ਵੱਖ ਵੱਖ ਅਧਿਆਵਾਂ ਵਿੱਚ ਸਮਾਜ ਤੇ ਇਤਿਹਾਸ ਦੇ ਅਜਿਹੇ ਹੌਲਨਾਕ ਬਿਰਤਾਂਤ ਦਰਜ ਹਨ ਜਿਨ੍ਹਾਂ ਨੂੰ ਲੋਕ ਭੁਲਾ ਚੁੱਕੇ ਹਨ, ਜਾਂ ਜਿਨ੍ਹਾਂ ਬਾਰੇ ਕੋਈ ਵਿਰਲਾ ਹੀ ਬੋਲਦਾ ਹੈ। ਵਿਡੰਬਨਾ ਇਹ ਕਿ ਮਾਨਵੀ ਸਭਿਅਤਾ ਦੇ ਇਹ ਸੰਕਟ ਨਾ ਤਾਂ ਟਲੇ ਹਨ, ਨਾ ਅਪ੍ਰਸੰਗਿਕ ਹੋਏ ਹਨ, ਬਲਕਿ ਆਪਣਾ ਰੂਪ ਬਦਲ-ਬਦਲ ਕੇ ਨਵੇਂ ਸਿਰੇ ਤੋਂ ਪੂਰੀ ਭਿਆਨਕਤਾ ਨਾਲ ਪ੍ਰਗਟ ਹੁੰਦੇ ਰਹਿੰਦੇ ਹਨ।

ਜਿਵੇਂ, ‘ਉਫ਼ ਕੰਬੋਡੀਆ’ ਅਧਿਆਏ ਵਿੱਚ ਪੋਲ ਪੋਟ ਵਲੋਂ ਵਰਤੀ ਗਈ ਨ੍ਰਿਸ਼ੰਸ਼ਤਾ ਦਾ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ ਕਿ “ਪੋਲ ਪਾਟ ਆਪਣੇ ਨਾਂ ਦੇ ਹਿੱਜੇ ਬਦਲ ਕੇ ਕਿਤੇ ਵੀ ਪ੍ਰਗਟ ਹੋ ਸਕਦਾ ਹੈ ਜਾਂ ਕੋਈ ਵੀ ਨਿਰੰਕੁਸ਼ ਸ਼ਾਸਕ ਕਦੇ ਵੀ ਪੋਲ ਪੋਟ ਦਾ ਰੂਪ ਧਾਰਨ ਕਰ ਸਕਦਾ ਹੈ। ਫਿਰ ਉਹ ਆਪਣੇ ਦੇਸ਼ ਦੇ ਨਾਗਰਿਕਾਂ ਦਾ ਖ਼ੂਨ ਬਹਾਏਗਾ, ਅੰਨ ਉਗਾਉਂਦੇ ਖੇਤ ਕਬਰਾਂ ’ਚ ਬਦਲ ਜਾਣਗੇ, ਥਾਂ ਥਾਂ ’ਤੇ ਅਸਥ- ਪਿੰਜਰ ਅਤੇ ਖੋਪੜੀਆਂ ਰੁਲਣਗੀਆਂ, ਮਾਨਵਤਾ ਨਸ਼ਟ ਹੋ ਜਾਵੇਗੀ। ਫੇਰ ਕੁਝ ਸਾਲਾਂ ਬਾਅਦ ਖੰਡਰਾਂ ਨੂੰ ਵੇਖਣ ਆਏ ਸੈਲਾਨੀਆਂ ਨੂੰ ਦੰਦ ਵਜਾਉਂਦੀਆਂ ਹੋਈਆਂ ਖੋਪੜੀਆਂ ਪੁੱਛਣਗੀਆਂ ਕਿ ਸਾਡੇ ਨਾਲ ਇਹ ਕਿਉਂ ਹੋਇਆ?”

ਇਸੇ ਤਰ੍ਹਾਂ ਫਲਿਸਤੀਨੀ ਸ਼ਰਨਾਰਥੀਆਂ ਦੀ ਸਮੱਸਿਆ ਬਾਰੇ ਜ਼ਿਕਰ ਕਰਦੇ ਹੋਏ ‘ਅਹਿਮਦ ਅਲ-ਹਲੋ, ਕਿਥੇ ਹੋ?’ ਅਧਿਆਏ ਵਿੱਚ ਸਵਾਲ ਕੀਤਾ ਗਿਆ ਹੈ — ‘ਇਸ ਸੱਭਿਆ ਦੁਨੀਆ ’ਚ ਨਾਗਰਿਕ ਘੱਟ ਕਿਉਂ ਹੋਈ ਜਾ ਰਹੇ ਹਨ ਅਤੇ ਸ਼ਰਨਾਰਥੀਆਂ ਦੀ ਗਿਣਤੀ ਲਗਾਤਾਰ ਵਧਦੀ ਕਿਉਂ ਜਾ ਰਹੀ ਹੈ?’

‘ਚੀੜ੍ਹਾਂ ਦੀਆਂ ਚਾਂਗਾਂ’ ਵਿੱਚ ਦਗਸ਼ਾਈ ਦੀ ਭਿਆਨਕ ਬਰਤਾਨਵੀ ਜੇਲ੍ਹ ਦਾ ਜ਼ਿਕਰ ਕਰਦੇ ਹੋਏ ਦੱਸਿਆ ਗਿਆ ਹੈ — ‘ਗੋਰਖਾ ਵਿਦ੍ਰੋਹੀ ਹੋਣ ਜਾਂ ਕਾਮਾਗਾਟਾ-ਮਾਰੂ ਦੇ ਕ੍ਰਾਂਤੀਕਾਰੀ ਜਾਂ ਆਇਰਿਸ਼ ਵਿਦ੍ਰੋਹੀ — ਦਗਸ਼ਾਈ ਜੇਲ੍ਹ ਵਿੱਚ ਉਨ੍ਹਾਂ ਸਾਰਿਆਂ ਨੂੰ ਫਾਂਸੀ ਤੇ ਲਟਕਾ ਦਿੱਤਾ ਗਿਆ ਸੀ ਜਾਂ ਗੋਲੀਆਂ ਨਾਲ ਛਲਨੀ ਕਰ ਦਿੱਤਾ ਗਿਆ ਸੀ, ਜਾਂ ਵਰ੍ਹਿਆਂ-ਬੱਧੀ ਹਨੇਰੀਆਂ ਕੋਠੜੀਆਂ ਦੀਆਂ ਕੰਧਾਂ ਵਿਚਕਾਰ ਬੰਦ ਰਹਿੰਦੇ-ਰਹਿੰਦੇ ਉਹ ਆਪ ਵੀ ਕਿਸੀ ਕੰਧ ਵਿੱਚ ਬਦਲ ਗਏ ਸਨ।’

ਮਾਨਵੀ ਇਤਿਹਾਸ ਵਿੱਚ ਦਰਜ ਹੋਏ ਨਸਲਕੁਸ਼ੀ ਦੇ ਦੀ ਪਹਿਲੀ ਉਦਾਹਰਨ ਦਾ ਜ਼ਿਕਰ ਕਰਦੇ ਹੋਏ ‘ਠੰਢੀਆਂ ਸਿਲਾਂ ਤੇ ਬਲ਼ਦੇ ਸ਼ਬਦ’ ਅਧਿਆਏ ਵਿੱਚ ਕਿਹਾ ਗਿਆ ਹੈ - .. ਪਰ ਕੀ ਇਹ ਸਮਾਰਕ ਨਸਲਕੁਸ਼ੀ ਦੌਰਾਨ ਮਾਰੇ ਗਏ ਲੋਕਾਂ ਦੀ ਸਿਰਫ ਗਿਣਤੀ ਨੂੰ ਯਾਦ ਰੱਖਣ ਲਈ ਬਣਾਇਆ ਗਿਆ ਸੀ, ਜਾਂ ਇਹ ਦੱਸਣ ਲਈ ਕਿ ਇਨਸਾਨ ਦੇ ਅੰਦਰ ਕਿਹੋ ਜਿਹੀਆਂ ਦਾਨਵੀ ਤਾਕਤਾਂ ਲੁਕੀਆਂ ਬੈਠੀਆਂ ਰਹਿੰਦੀਆਂ ਹਨ, ਜਿਹੜੀਆਂ ਪ੍ਰਗਟ ਹੋਣ ’ਤੇ ਕਿਵੇਂ ਇਨਸਾਨੀ ਨਸਲ ਨੂੰ ਹੀ ਨਿਗਲ ਜਾਂਦੀਆਂ ਹਨ... ’

ਇਸੇ ਤਰ੍ਹਾਂ ਦੇ ਦਿਲ ਨੂੰ ਟੁੰਬਣ ਵਾਲੇ ਸਵਾਲ ਖੜ੍ਹੇ ਕਰਦੇ ਹੋਏ ਪ੍ਰਸੰਗ ਇਸ ਕਿਤਾਬ ਵਿੱਚ ਜਗ੍ਹਾ-ਜਗ੍ਹਾ ਪੜ੍ਹਨ ਨੂੰ ਮਿਲਣਗੇ।

ਪੰਜਾਬੀ ਦੇ ਪਾਠਕਾਂ ਲਈ ਬੋਲਦੇ ਹੋਏ ਭੂਤਾਂ ਦੀ ਬਤਕਹੀ ਹਾਜ਼ਰ ਹੈ।

ਨਰਿੰਦਰ ਕੁਮਾਰ

ਅਹਿਮਦ ਅਲ-ਹਲੋ, ਕਿੱਥੇ ਹੋ?

ਇੱਕ ਲੰਬਾ ਦਲਾਨ-ਨੁਮਾ ਕਮਰਾ ਸੀ ਜਿਸ ਵਿਚ ਕੂਲਰ ਚੱਲਣ ਦੀ ‘ਘਰੜ ਘਰੜ’ ਆਵਾਜ਼ ਅਤੇ ਹੁੰਮਸ ਭਰੀ ਹੋਈ ਸੀ।

ਕਮਰੇ ਦੀਆਂ ਕੰਧਾਂ ’ਤੇ ਸਲ੍ਹਾਬੇ ਦੇ ਧੱਬੇ ਸਨ ਅਤੇ ਪਲਸਤਰ ਜਗ੍ਹਾ ਜਗ੍ਹਾ ਤੋਂ ਉੱਖੜ ਚੁੱਕਾ ਸੀ। ਦਰਵਾਜ਼ਾ ਬੰਦ ਸੀ ਅਤੇ ਕਮਰੇ ਦੇ ਉਸ ਨੀਮ ਹਨੇਰੇ ਵਿਚ ਇਸ ਤਰ੍ਹਾਂ ਦੇ ਬੇਚੈਨ ਤੇ ਬਦਹਵਾਸ ਚਿਹਰਿਆਂ ਦਾ ਇਕੱਠ ਸੀ ਜੋ ਬੜੀ ਬੇਸਬਰੀ ਨਾਲ ਆਪਣੇ ਮਨ ਦੇ ਵਲਵਲਿਆਂ ਨੂੰ ਜ਼ਾਹਰ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਸੀ। ਪਰ ਨਾ ਤਾਂ ਉਨ੍ਹਾਂ ਨੂੰ ਢੁਕਵੇਂ ਸ਼ਬਦ ਮਿਲ ਰਹੇ ਸਨ, ਨਾ ਹੀ ਵਾਰਤਾਲਾਪ ਦਾ ਕੋਈ ਦੂਸਰਾ ਤਰੀਕਾ, ਕਿ ਆਪਣੀ ਗੱਲ ਸਮਝਾ ਸਕਣ। ਕਦੇ ਉਹ ਇਕ ਸਾਰ ਅਰਬੀ ਬੋਲਣ ਲੱਗਦੇ ਪਰ ਜਦੋਂ ਇਹ ਧਿਆਨ ਆਉਂਦਾ ਕਿ ਉਨ੍ਹਾਂ ਦੀ ਗੱਲ ਸਮਝੀ ਨਹੀਂ ਜਾ ਰਹੀ ਤਾਂ ਅੰਗਰੇਜ਼ੀ ਦੇ ਟੱਟੇ ੁ ਫੁੱਟੇ ਸ਼ਬਦਾਂ ਦਾ ਸਹਾਰਾ ਲੈਣ ਲੱਗਦੇ। ਜਦੋਂ ਖ਼ੁਦ ਹੀ ਅੰਗਰੇਜ਼ੀ ਦੇ ਤਾਣੇ ਬਾਣੇ ’ਚ ਉਲ਼ਝ ਜਾਂਦੇ ਤਾਂ ਹਿੰਦੀ, ਉਰਦੂ ਦੇ ਕੁਝ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਹੱਥ ਦੇ ਇਸ਼ਾਰਿਆਂ ਅਤੇ ਚਿਹਰੇ ਦੇ ਭਾਵਾਂ ਨਾਲ ਕਿਸੇ ਤਰ੍ਹਾਂ ਆਪਣੀ ਗੱਲ ਦੱਸਣ ਦੀ ਜੱਦੋ ਜਹਿਦ ’ਚ ਲੱਗ ਜਾਂਦੇ। ਅਤੇ ਕਈ ਵਾਰ ਆਵੇਸ਼ ’ਚ ਆ ਕੇ ਇਨ੍ਹਾਂ ਸਾਰੇ ਤਰੀਕਿਆਂ ਦੀ ਇੱਕੋ ਵੇਲ਼ੇ ਅਜ਼ਮਾਇਸ਼ ਕਰਨ ਲੱਗ ਪੈਂਦੇ।

“ਦਿਸ... ਦਿਸ... ਫਲਸਤੀਨੀ ਪੀਪਲ... ਚਲੋ ਚਲੋ! ਨੋ ਚਲੋ? ਕੱਟ! ਬੇਬੀ, ਵੁਮਨ, ਬਿਗ ਮੈਨ, ਸਮਾਲ ਬੁਆਏ... ਚਲੋ, ਚਲੋ!” ਅਬਦੁੱਲਾ ਹੱਥ ਵਿਚ ਫੜੇ ਇੱਕ ਮੁਚਕੜੇ ਹੋਏ ਪੋਸਟਰ ’ਤੇ ਲਿਖੀ ਇਬਾਰਤ ਵੱਲ ਇਸ਼ਾਰਾ ਕਰਦੇ ਹੋਏ ਕਹਿ ਰਿਹਾ ਸੀ। ਉਸ ਨੇ ਆਪਣਾ ਹੱਥ ਗਰਦਨ ’ਤੇ ਚਾਕੂ ਵਾਂਗ ਚਲਾ ਕੇ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ “ਨੋ ਗੋਇੰਗ? ਕੱਟ!”

ਪੋਸਟਰ ’ਤੇ ਲਾਲ ਰੰਗ ਨਾਲ ਫਲਸਤੀਨ ਦਾ ਨਕਸ਼ਾ ਬਣਿਆ ਹੋਇਆ ਸੀ। ਉਸ ਦੇ ਉੱਪਰ ਅਤੇ ਥੱਲੇ ਅਰਬੀ ਭਾਸ਼ਾ ’ਚ ਇਬਾਰਤ ਲਿਖੀ ਹੋਈ ਸੀ। ਪੋਸਟਰ ਹਵਾ ਵਿਚ ਇਵੇਂ ਫੜਫੜਾ ਰਿਹਾ ਸੀ ਜਿਵੇਂ ਕੋਈ ਪਰ ਕੱਟਿਆ ਪਰਿੰਦਾ!

“ਨੋ ਫਲਸਤੀਨੀ! ਓਨਲੀ ਇਰਾਕੀ!” ਅਸਦ ਨੇ ਅਬਦੁੱਲਾ ਦੀ ਗੱਲ ਦੀ ਤਸਦੀਕ ਕਰਦੇ ਹੋਏ ਭਾਰੀ-ਖਰ੍ਹਵੀ ਆਵਾਜ਼ ਵਿਚ ਕਿਹਾ। ਉਸ ਨੇ ਸਾਹਮਣੀ ਕੰਧ ’ਤੇ ਦੋ ਤਿੰਨ ਵਾਰ ਧੱਫੇ ਮਾਰ ਕੇ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ - “ਮਾਈ ਡੋਰ... ਨੋਟਿਸ... ਗੋ.. ਗੋ! ਨੋਟਿਸ ਮਾਈ ਡੋਰ!”

“ਇਰਾਕੀ ਮਿਲੀਸ਼ੀਆ... ਬੁਮ ਬੁਮ ਬੁਮ...” ਅਬਦੁੱਲਾ ਨੇ ਹੱਥਾਂ ਨਾਲ ਮਸ਼ੀਨਗੰਨ ਵਾਂਗ ਚਾਰੇ ਪਾਸੇ ਗੋਲੀਆਂ ਚਲਾਉਂਦੇ ਹੋਏ ਕਿਹਾ, “ਕਿੱਲ, ਕਿੱਲ... ਫਲਸਤੀਨੀ ਪੀਪਲ, ਕਿੱਲ!”

ਉਸ ਨੇ ਦੋਵੇਂ ਹੱਥ ਫੈਲਾ ਕੇ ਭੈ ਨਾਲ ਡਰਿਆ ਹੋਇਆ ਚਿਹਰਾ ਬਣਾਇਆ ਤੇ ਚਾਰੇ ਪਾਸੇ ਇੰਝ ਵੇਖਣ ਲੱਗਾ ਜਿਵੇਂ ਕੋਈ ਦਿਲ ਦਹਿਲਾ ਦੇਣ ਵਾਲਾ ਦ੍ਰਿਸ਼ ਵੇਖ ਰਿਹਾ ਹੋਵੇ। ਪਰ ਜਦ ਉਸ ਨੂੰ ਲੱਗਿਆ ਕਿ ਉਹ ਪੂਰੀ ਗੱਲ ਚੰਗੀ ਤਰ੍ਹਾਂ ਨਹੀਂ ਸਮਝਾ ਸਕਿਆ ਤਾਂ ਉਸ ਨੇ ਮੰਜੇ ਦੀ ਚਾਦਰ ਹੇਠੋਂ ਇੱਕ ਫਾਈਲ ਖਿੱਚ ਲਈ। ਫ਼ਾਈਲ ’ਚ ਅਖ਼ਬਾਰਾਂ ਦੀਆਂ ਕਈ ਕਤਰਨਾਂ ਲੱਗੀਆਂ ਹੋਈਆਂ ਸਨ। ਇੱਕ ਕਤਰਨ ’ਚ ਚਾਰੇ ਪਾਸੇ ਫੈਲ਼ੇ ਮਲਬੇ ਦੇ ਵਿਚਕਾਰ ਬੈਠੇ, ਇਕ ਰੋਂਦੇ ਕੁਰਲਾਂਦੇ ਹੋਏ ਬੱਚੇ ਦੀ ਤਸਵੀਰ ਸੀ। ਇਕ ਕਤਰਨ ’ਚ ਜ਼ਮੀਨ ’ਤੇ ਦੋ ਵੱਢੀਆਂ ਟੁੱਕੀਆਂ ਲਾਸ਼ਾਂ ਪਈਆਂ ਸਨ। ਇਕ ਹੋਰ ਕਤਰਨ ’ਚ ਬੁਰਕਾ ਪਾਈ ਕੁਝ ਔਰਤਾਂ ਰੋ ਰਹੀਆਂ ਸਨ ਜਿਨ੍ਹਾਂ ਦੇ ਸਾਹਮਣੇ ਇਕ ਨੌਜਵਾਨ ਦੀ ਗੋਲੀਆਂ ਨਾਲ ਵਿੰਨ੍ਹੀ ਹੋਈ ਲਾਸ਼ ਪਈ ਸੀ।

ਅਬਦੁੱਲਾ ਸਫ਼ੇ ਪਲਟਦਾ ਹੋਇਆ ਬੋਲੀ ਜਾ ਰਿਹਾ ਸੀ ਅਤੇ ਬਾਕੀ ਸਭ ਜ਼ੋਰ ਸ਼ੋਰ ਨਾਲ ਉਸ ਦਾ ਸਾਥ ਦੇਂਦੇ ਹੋਏ ਆਪਣੀਆਂ ਟਿੱਪਣੀਆਂ ਜੋੜ ਰਹੇ ਸਨ। ਇੱਕ ਦੂਜੇ ’ਚ ਘੁਲ਼ੀਆਂ ਮਿਲ਼ੀਆਂ, ਇਕ ਦੂਜੇ ਨੂੰ ਕੱਟਦੀਆਂ ਹੋਈਆਂ ਰੋਹ ਭਰੀਆਂ ਅਵਾਜ਼ਾਂ ਕੂਲਰ ਦੀ ਆਵਾਜ਼ ਦੇ ਰੌਲ਼ੇ ਨਾਲ ਕਮਰੇ ’ਚ ਮੰਦਰ ਰਹੀਆਂ ਸਨ। ਭਾਵੇਂ ਅੰਗਰੇਜ਼ੀ, ਹਿੰਦੀ, ਉਰਦੂ ਦੇ ਸਿਰਫ਼ ਕੁਝ ਸ਼ਬਦ ਹੀ ਪਕੜ ਵਿੱਚ ਆਉਂਦੇ ਪਰ ਫਿਰ ਵੀ ਉਨ੍ਹਾਂ ਦੀ ਭਾਵ-ਭੰਗਿਮਾ ਨਾਲ ਉਨ੍ਹਾਂ ਨੂੰ ਜੋੜ ਕੇ ਇਹ ਅੰਦਾਜ਼ਾ ਤਾਂ ਲਾਇਆ ਹੀ ਜਾ ਸਕਦਾ ਸੀ ਕਿ ਉਹ ਕੀ ਦੱਸਣਾ ਚਾਹ ਰਹੇ ਹਨ।

ਉਸੇ ਵੇਲ਼ੇ ਦਰਵਾਜ਼ਾ ਖੜਕਿਆ। ਸਾਰੇ ਇੱਕਦਮ ਚੁੱਪ ਹੋ ਕੇ ਉਸ ਵੱਲ ਵੇਖਣ ਲੱਗੇ, ਸਿਰਫ਼ ਕੂਲਰ ਦੀ ਘਰੜ ਘਰੜ ਗੂੰਜਦੀ ਰਹੀ। ਅਬਦੁੱਲਾ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਕਾਲ਼ਾ ਚਸ਼ਮਾ ਲਾਈ ਇਕ ਉੱਚਾ ਲੰਮਾ ਨੌਜਵਾਨ ਅੰਦਰ ਆਇਆ। ਉਸ ਦੀਆਂ ਉਂਗਲਾਂ ’ਚ ਫਸੀ ਸਿਗਰਟ ਸੁਲਗ ਰਹੀ ਸੀ। ਉਸ ਨੇ ਢਿੱਲੀ ਜਿਹੀ ਜੀਨ ਤੇ ਫਤੂਹੀ ਵਰਗੀ ਬਨੈਣ ਪਾਈ ਹੋਈ ਸੀ ਜਿਹੜੀ ਪਸੀਨੇ ਨਾਲ ਭਿੱਜੀ ਪਈ ਸੀ। ਸਾਰਿਆਂ ਨੇ ਗਰਮਜੋਸ਼ੀ ਨਾਲ ਉਸ ਦਾ ਸੁਆਗਤ ਕੀਤਾ। ਕੁਝ ਨੇ ਦੁਆ ਸਲਾਮ ਕੀਤੀ, ਕੁਝ ਜੱਫੀ ਪਾ ਕੇ ਮਿਲੇ ਅਤੇ ਮੰਜੇ ’ਤੇ ਉਸ ਦੇ ਬੈਠਣ ਦੀ ਜਗ੍ਹਾ ਬਣਾ ਦਿੱਤੀ।

ਅਬਦੁੱਲਾ ਨੇ ਨੌਜਵਾਨ ਨਾਲ ਮੇਰੀ ਜਾਣ ਪਛਾਣ ਕਰਵਾਈ, ਫਿਰ ਉਨ੍ਹਾਂ ਦੀ ਆਪਸ ’ਚ ਗੱਲਬਾਤ ਹੋਣ ਲੱਗੀ ਉਹ ਸ਼ਾਇਦ ਉਸ ਨੌਜਵਾਨ ਨੂੰ ਮੇਰੇ ਇਥੇ ਆਉਣ ਦਾ ਮਕਸਦ ਸਮਝਾ ਰਹੇ ਸੀ। ਜਦੋਂ ਤਕ ਉਹ ਬੋਲਦੇ ਰਹੇ, ਨੌਜਵਾਨ ਲਗਾਤਾਰ ਸਿਗਰਟ ਦੇ ਕਸ਼ ਖਿੱਚਦਾ ਹੋਇਆ ਉਨ੍ਹਾਂ ਨੂੰ ਬੇਧਿਆਨ ਜਿਹਾ ਹੋ ਕੇ ਸੁਣਦਾ ਰਿਹਾ ਅਤੇ ਮੇਰੇ ਚਿਹਰੇ ਵੱਲ ਟੋਲਦੀ ਨਜ਼ਰਾਂ ਨਾਲ ਵੇਖਦਾ ਰਿਹਾ। ਫਿਰ ਉਸ ਨੇ ਉਨ੍ਹਾਂ ਨੂੰ ਕੁਝ ਸਵਾਲ ਕੀਤੇ। ਉਹ ਜਿਵੇਂ ਕੁਝ ਸਪਸ਼ਟੀਕਰਨ ਜਿਹਾ ਦੇਣ ਲੱਗੇ। ਨੌਜਵਾਨ ਆਪਣੀ ਬੱਕਰ ਦਾੜ੍ਹੀ ਨੂੰ ਖੁਰਕਦਾ ਹੋਇਆ ਹਲਕਾ ਹਲਕਾ ਸਿਰ ਹਿਲਾਉਂਦਾ ਰਿਹਾ। ਫਿਰ ਉਸ ਨੇ ਬਚੀ ਹੋਈ ਸਿਗਰਟ ਥੱਲੇ ਸੁੱਟ ਕੇ ਮਸਲ ਦਿੱਤੀ ਅਤੇ ਮੇਰੇ ਵੱਲ ਮੁਖ਼ਾਤਬ ਹੋਇਆ।

“ਮੇ ਆਈ ਸੀ ਯੋਰ ਆਈ ਡੀ ਪਲੀਜ਼?”

ਅਹਿਮਦ ਅਲ-ਹਲੋ ਨਾਲ ਮੇਰੀ ਇਹ ਪਹਿਲੀ ਮੁਲਾਕਾਤ ਸੀ।

ਇਸ ਮੁਲਾਕਾਤ ਤੋਂ ਬਾਅਦ ਕਦਮ-ਬ-ਕਦਮ ਮੈਂ ਜਿੰਨਾ ਅਹਿਮਦ ਦੇ ਨਜ਼ਦੀਕ ਆਉਂਦਾ ਗਿਆ, ਉਨੇ ਹੀ ਕਰੀਬ ਤੋਂ ਨਾ ਸਿਰਫ਼ ਉਸ ਨੂੰ ਬਲਕਿ ਉਸ ਦੇ ਜ਼ਰੀਏ ਉਨ੍ਹਾਂ ਉੱਜੜੇ, ਜਲਾਵਤਨ, ਦੁਨੀਆ ਭਰ ’ਚ ਪਨਾਹ ਤੇ ਆਪਣੀ ਪਛਾਣ ਲੱਭਣ ਲਈ ਭਟਕਦੇ ਉਨ੍ਹਾਂ ਇਨਸਾਨਾਂ ਨੂੰ ਵੀ ਜਾਨਣ ਲੱਗਾ, ਜਿਨ੍ਹਾਂ ਨੂੰ ਫਲਸਤੀਨੀ ਕਿਹਾ ਜਾਂਦਾ ਹੈ। ਉਨ੍ਹਾਂ ਦੇ ਸਮਾਜਿਕ- ਰਾਜਨੀਤਿਕ ਹਾਲਾਤਾਂ ਬਾਰੇ ਲਿਖੇ ਹਰ ਤਰ੍ਹਾਂ ਦੇ ਲੇਖਾਂ-ਵਿਸ਼ਲੇਸ਼ਣ -ਟਿੱਪਣੀਆਂ ਵਿਚ ਜਿਹੜਾ ਪੱਖ ਲਗਭਗ ਅਣਛੋਹ ਰਹਿੰਦਾ, ਜਾਂ ਜਿਸ ਦਾ ਜ਼ਿਕਰ ਸਰਸਰੀ ਤੌਰ ’ਤੇ ਹੁੰਦਾ, ਉਸ ਨੂੰ ਸਮਝਣ ਲਈ ਅਹਿਮਦ ਮੈਨੂੰ ਜਿਵੇਂ ਉਂਗਲ ਫੜਾ ਕੇ ਇਸ ਤਰ੍ਹਾਂ ਦੇ ਮੁਕਾਮ ਤਕ ਲੈ ਗਿਆ ਕਿ ਮੈਂ ਉਨ੍ਹਾਂ ਦੇ ਮਨ ਦੀਆਂ ਪਰਤਾਂ ’ਚ ਝਾਕ ਸਕਣ ਅਤੇ ਉਥੇ ਉੱਠ ਰਹੇ ਵਲਵਲਿਆਂ ਨੂੰ ਮਹਿਸੂਸ ਕਰ ਸਕਾਂ। ਤਦੇ ਮੈਨੂੰ ਇਹ ਅਹਿਸਾਸ ਹੋ ਸਕਿਆ ਕਿ ਉਨ੍ਹਾਂ ਗਹਿਰਾਈਆਂ ’ਚ ਉੱਤਰੇ ਬਿਨਾਂ ਅਤੇ ਉਨ੍ਹਾਂ ਦੀ ਥਾਹ ਪਾਏ ਬਿਨਾਂ, ਇਨ੍ਹਾਂ ਬੇਸ਼ਨਾਖ਼ਤ ਕਰ ਦਿੱਤੇ ਗਏ ਇਨਸਾਨਾਂ ਦੇ ਸੰਕਟ ਅਤੇ ਉਨ੍ਹਾਂ ਦੇ ਸੰਤਾਪ ਨੂੰ ਸਮਝ ਸਕਣਾ ਲਗਭਗ ਅਸੰਭਵ ਹੀ ਹੈ। ਅਤੇ ਇਹ ਵੀ, ਕਿ ਇਸ ਸਮਝ ਤੋਂ ਬਿਨਾਂ ਮਨੁੱਖਤਾ, ਨੈਤਿਕਤਾ, ਆਜ਼ਾਦੀ, ਸੱਭਿਅਤਾ ਵਰਗੀਆਂ ਧਾਰਨਾਵਾਂ ਕੋਰਾ ਪਖੰਡ ਹੀ ਹਨ। ਧੋਖਾ ਦੇਣ ਅਤੇ ਧੋਖੇ ’ਚ ਬਣੇ ਰਹਿਣ ਲਈ ਰਚੇ ਗਏ ਸਿਰਫ਼ ਸ਼ਬਦ ਹਨ, ਹੋਰ ਕੁਝ ਵੀ ਨਹੀਂ।

ਇੱਕ ਲੰਮੇ ਸਮੇਂ ਤੱਕ ਖ਼ੁਦ ਅਹਿਮਦ ਵੀ ਇਸ ਧੋਖੇ ਦਾ ਸ਼ਿਕਾਰ ਰਿਹਾ ਸੀ। ਜਾਂ ਉਸ ਨੇ ਖ਼ੁਦ ਉਸ ਸੰਕਟ ਨੂੰ ਉਨੀ ਗਹਿਰਾਈ ਨਾਲ ਮਹਿਸੂਸ ਨਹੀਂ ਕੀਤਾ, ਜਿੰਨਾ ਉਸ ਦੇ ਬਾਪ ਜਾਂ ਦਾਦੇ ਨੇ ਕੀਤਾ ਸੀ। ਜਾਂ ਉਸ ਦੀ ਕਚੋਟ ਅਤੇ ਉਸ ਦੀ ਚੋਭ ਨੂੰ ਇਸ ਲਈ ਟਾਲਦਾ ਜਾ ਰਿਹਾ ਸੀ ਕਿਉਂਕਿ ਜੰਮਣ ਤੋਂ ਲੈ ਕੇ ਹੀ ਉਹ ਬਗਦਾਦ ਨੂੰ ਆਪਣਾ ਸ਼ਹਿਰ ਅਤੇ ਇਰਾਕ ਨੂੰ ਆਪਣਾ ਦੇਸ ਮੰਨਦਾ ਰਿਹਾ ਸੀ। ਫਲਸਤੀਨ ਵਿਚ ਜੋ ਕੁਝ ਵਾਪਰ ਰਿਹਾ ਸੀ, ਉਹ ਉਸ ਤੋਂ ਬੇਚੈਨ ਤਾਂ ਹੁੰਦਾ ਸੀ ਪਰ ਇਰਾਕ ਨੂੰ ਆਪਣਾ ਸ਼ਰਨ-ਸਥਲ ਜਾਣਦੇ ਹੋਏ ਵੀ ਖ਼ੁਦ ਨੂੰ ਇਕ ਸ਼ਰਨਾਰਥੀ ਵਾਂਗ ਮਹਿਸੂਸ ਇਸ ਲਈ ਨਹੀਂ ਕਰਦਾ ਸੀ ਕਿਉਂਕਿ ਬਚਪਨ ਤੋਂ ਹੀ ਉਸ ਦੇ ਦੋਸਤ, ਗੁਆਂਢੀ, ਜਮਾਤੀ, ਸ਼ੁਭਚਿੰਤਕ ਇਰਾਕੀ ਸਨ। ਪਰ ਇੱਕ ਝਟਕੇ ਨਾਲ ਹੀ ਸਭ ਕੁਝ ਬਦਲ ਗਿਆ ਸੀ।

ਸੱਦਾਮ ਹੁਸੈਨ ਦਾ ਤਖ਼ਤਾ ਕੀ ਪਲਟਿਆ, ਨਾ ਤਾਂ ਉਸ ਦਾ ਘਰ ਆਪਣਾ ਰਿਹਾ ਨਾ ਪਰਿਵਾਰ, ਨਾ ਸ਼ਹਿਰ ਨਾ ਹੀ ਦੇਸ। ਹੁਣ ਹਰ ਪਾਸੇ ਬੰਬਾਰੀ, ਗੋਲੀਆਂ ਦੀ ਠਾਹ ਠਾਹ ਅਤੇ ਅੱਗ ਦੀਆਂ ਉਠਦੀਆਂ ਲਾਟਾਂ ਸਨ ਜਿਨ੍ਹਾਂ ਵਿਚ ਹਰੇਕ ਰਿਸ਼ਤੇ ਦਾ ਅਰਥ ਸੜ ਕੇ ਭਸਮ ਹੋ ਗਿਆ ਸੀ। ਜੋ ਬਚਿਆ, ਉਹ ਸੀ ਉਨ੍ਹਾਂ ਦੇ ਢੱਠੇ ਹੋਏ ਮਕਾਨਾਂ, ਦੁਕਾਨਾਂ ਦਾ ਮਲਬਾ, ਮਲਬੇ ’ਚ ਦੱਬੀਆਂ ਸਕੇ ਸੰਬੰਧੀਆਂ ਦੀਆਂ ਲਾਸ਼ਾਂ ਅਤੇ ਹਰ ਪਾਸੇ ਮੱਚਿਆ ਚੀਕ ਚਿਹਾੜਾ।

ਇਰਾਕ ਵਿਚ ਦਹਾਕਿਆਂ ਤੋਂ ਰਹਿ ਰਹੇ ਫਲਸਤੀਨੀ ਸ਼ਰਨਾਰਥੀਆਂ ਨੂੰ ਚੁਣ ਚੁਣ ਕੇ ਖਦੇੜਿਆ ਜਾ ਰਿਹਾ ਸੀ।

* * * * *

ਅਹਿਮਦ ਦਾ ਪਰਿਵਾਰ ਲਾਪਤਾ ਸੀ। ਉਸ ਦੇ ਦੋਸਤ ਇਸ ਤੋਂ ਸਿਵਾਏ ਹੋਰ ਕੁਝ ਨਹੀਂ ਕਰ ਸਕਦੇ ਸਨ ਕਿ ਕਿਸੇ ਵੀ ਤਰੀਕੇ ਨਾਲ ਉਸ ਨੂੰ ਇਰਾਕੀ ਬਾਰਡਰ ਸੁਰੱਖਿਅਤ ਪਾਰ ਕਰਵਾ ਦੇਣ। ਸੋ ਇੱਕ ਏਜੰਟ ਰਾਹੀਂ ਜਾਅਲੀ ਪਾਸਪੋਰਟ ਬਣਵਾ ਕੇ ਉਨ੍ਹਾਂ ਨੇ ਅਹਿਮਦ ਨੂੰ ਬਗਦਾਦ ਤੋਂ ਦਿੱਲੀ ਲਈ ਰਵਾਨਾ ਕਰ ਦਿੱਤਾ। ਅਹਿਮਦ ਵੀ ਬਗਦਾਦ ਛੱਡ ਕੇ ਉਸੇ ਤਰ੍ਹਾਂ ਭੱਜਿਆ ਜਿਵੇਂ ਸੱਠ ਸਾਲ ਪਹਿਲਾਂ ਉਸ ਦਾ ਦਾਦਾ ਉਸ ਦੇ ਬਾਪ ਨੂੰ ਨਾਲ ਲੈ ਕੇ ਫਲਸਤੀਨ ਤੋਂ ਭੱਜਾ ਸੀ।

ਅਹਿਮਦ ਦਾ ਦੁੱਖ ਇਹ ਸੀ ਕਿ ਉਸ ਦੀ ਅਸਲੀ ਸ਼ਨਾਖਤ, ਜਿਸ ਨੂੰ ਉਹ ਹਾਲੇ ਤੱਕ ਭੁਲਿਆ ਹੋਇਆ ਸੀ, ਹੁਣ ਉੁ ਹੀ ਉਸ ਦੀ ਬਰਕਰਾਰੀ ਲਈ ਸਭ ਤੋਂ ਵੱਡਾ ਖ਼ਤਰਾ ਬਣ ਚੁੱਕੀ ਸੀ। ਨਾ ਸਿਰਫ ਉਸ ਲਈ, ਬਲਕਿ ਉਨ੍ਹਾਂ ਸਾਰਿਆਂ ਫਲਸਤੀਨੀਆਂ ਲਈ ਵੀ, ਜਿਹੜੇ ਸੰਨ।948 ਤੋਂ ਹੀ ਬਗਦਾਦ ਵਿਚ ਰਹਿ ਰਹੇ ਸਨ, ਜਿਨ੍ਹਾਂ ਦੇ ਬੱਚੇ ਉਥੇ ਦੇ ਸਕੂਲਾਂ- ਕਾਲਜਾਂ ਵਿਚ ਪੜ੍ਹ ਰਹੇ ਸਨ, ਜਿਨ੍ਹਾਂ ਦੀਆਂ ਦੁਕਾਨਾਂ ਅਤੇ ਕਾਰੋਬਾਰ ਉਥੇ ਸਨ, ਜਿਹੜੇ ਉਥੇ ਦੀਆਂ ਕੰਪਨੀਆਂ ਵਿਚ ਕੰਮ ਕਰਦੇ ਸਨ, ਪਰ ਹੁਣ ਸਾਰੇ ਆਪਣੇ ਘਰ-ਬਾਰ ਛੱਡ ਕੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲੁਕਦੇ ਫਿਰ ਰਹੇ ਸਨ। ਹਾਲਾਤ ਇਹ ਬਣ ਚੁੱਕੇ ਸਨ ਕਿ ਬਗਦਾਦ ਵਿਚ ਉਹ ਰਹਿ ਨਹੀਂ ਸੀ ਸਕਦੇ, ਕਿਸੇ ਦੂਸਰੇ ਦੇਸ ਜਾ ਨਹੀਂ ਸਕਦੇ ਸਨ। ਇਰਾਕ ਵਿਚ ਉਨ੍ਹਾਂ ਨੂੰ ਕੋਈ ਸੁਰੱਖਿਆ ਦੇਣ ਵਾਲਾ ਨਹੀਂ ਸੀ, ਨਾ ਹੀ ਬਾਹਰ ਕੋਈ ਉਨ੍ਹਾਂ ਦੀ ਮਦਦ ਨੂੰ ਤਿਆਰ ਸੀ। ਉਨ੍ਹਾਂ ਵਿਚ ਕੁਝ ਅਜਿਹੇ ਸਨ ਜਿਹੜੇ ਏਜੰਟਾਂ ਨੂੰ ਆਪਣੀ ਜਮ੍ਹਾ-ਪੂੰਜੀ ਦੇ ਕੇ ਅਹਿਮਦ ਵਾਂਗ ਬਿਨਾਂ ਕਿਸੇ ਯੋਜਨਾ ਦੇ, ਕਿਸੇ ਤਰ੍ਹਾਂ ਦਿੱਲੀ ਆ ਪਹੁੰਚੇ ਸਨ। ਇਹ ਲੋਕ ਦਿੱਲੀ ਦੇ ਖਿੜਕੀ, ਮਾਲਵੀਆ ਨਗਰ, ਲਾਜਪਤ ਨਗਰ, ਨੇਬਸਰਾਏ, ਕਿਸ਼ਨਗੜ੍ਹ ਵਰਗੇ ਇਲਾਕਿਆਂ ਵਿੱਚ ਦੁਬਕੇ ਹੋਏ ਸਨ।

ਦਿੱਲੀ ਦੀ ਚਹਿਲ ਪਹਿਲ, ਦੌੜ ਭੱਜ ਅਤੇ ਰੌਲ਼ੇ ਗੌਲ਼ੇ ਵਾਲੇ ਮਾਹੌਲ ਵਿਚ ਇਹ ਲੋਕ ਬਿਲਕੁਲ ਬਗਾਨੇ ਤੇ ਨਕਾਰਾ ਬਣ ਕੇ ਹਨੇਰੇ ਕਮਰਿਆਂ ’ਚ ਡਰੇ ਸਹਿਮੇ ਲੁਕੇ ਬੈਠੇ ਸਨ। ਨਾ ਉਹ ਉਨ੍ਹਾਂ ਲੋਕਾਂ ਨੂੰ ਜਾਣਦੇ ਸਨ ਜਿਨ੍ਹਾਂ ਵਿਚ ਉਹ ਰਹਿ ਰਹੇ ਸਨ, ਨਾ ਲੋਕ ਜਾਨਣਾ ਚਾਹੁੰਦੇ ਸਨ ਕਿ ਉਹ ਕੌਣ ਹਨ, ਕਿਥੋਂ ਆਏ ਹਨ, ਕਿਉਂ ਆਏ ਨੇ, ਇਥੇ ਹਨੇਰੇ ਕਮਰਿਆਂ ’ਚ ਬੰਦ ਹੋ ਕੇ ਕਿਉਂ ਬੈਠੇ ਰਹਿੰਦੇ ਹਨ? ਇਰਾਕ ਬਾਰੇ ਤਾਂ ਉਹ ਜਾਣਦੇ ਸਨ ਪਰ ਫਲਸਤੀਨ ਕਿਥੇ ਹੈ ਅਤੇ ਫਲਸਤੀਨੀ ਸ਼ਰਨਾਰਥੀ ਕੀ ਬਲਾ ਹੈ, ਇਸ ਨਾਲ ਉਨ੍ਹਾਂ ਦਾ ਕੋਈ ਮਤਲਬ ਨਹੀਂ ਸੀ। ਉਨ੍ਹਾਂ ਦਾ ਸਰੋਕਾਰ ਬਸ ਇੰਨਾ ਹੀ ਸੀ ਕਿ ਹਰ ਮਹੀਨੇ ਉਨ੍ਹਾਂ ਨੂੰ ਕਮਰੇ ਦਾ ਕਿਰਾਇਆ ਮਿਲ ਜਾਣਾ ਚਾਹੀਦਾ।

ਅਹਿਮਦ ਉਨ੍ਹਾਂ ਸਾਰਿਆਂ ਨੂੰ ਜੋੜਨ ਵਾਲੀ ਇਕ ਕੜੀ ਸੀ ਅਤੇ ਮੈਂ ਅਹਿਮਦ ਦੇ ਰਾਹੀਂ ਹੀ ਉਨ੍ਹਾਂ ਸਭ ਲੋਕਾਂ ਤੱਕ ਪਹੁੰਚ ਸਕਿਆ ਸਾਂ। ਅਹਿਮਦ ਜਦੋਂ ਚਾਹਵੇ ਕਿਸੇ ਦੇ ਵੀ ਘਰ ਜਾ ਸਕਦਾ ਸੀ ਅਤੇ ਸਭ ਉਸ ਨੂੰ ਪਰਿਵਾਰ ਦੇ ਜੀਅ ਦੇ ਵਾਂਗ ਮੰਨਦੇ ਸਨ। ਅਲੱਗ ਅਲੱਗ ਇਲਾਕਿਆਂ ’ਚ ਰਹਿੰਦੇ ਹੋਏ ਵੀ ਉਹ ਇਸ ਕੜੀ ਨਾਲ ਇਕ ਦੂਜੇ ਦੇ ਸੰਪਰਕ ਵਿੱਚ ਸਨ। ਅਹਿਮਦ ਚੂੰਕਿ ਅੰਗਰੇਜ਼ੀ ਬੋਲ ਲੈਂਦਾ ਸੀ ਇਸ ਲਈ ਇਸ ਅਨਜਾਣ ਸ਼ਹਿਰ ਵਿਚ ਇਕ ਤਰ੍ਹਾਂ ਨਾਲ ਉਹ ਸਭ ਦੀ ਜ਼ਬਾਨ ਸੀ ਅਤੇ ਜਿੱਥੇ ਕਦੀ ਜਦੋਂ ਵੀ, ਜਿਵੇਂ ਦੀ ਵੀ ਜ਼ਰੂਰਤ ਪਵੇ — ਉਹ ਉਨ੍ਹਾਂ ਦੇ ਪ੍ਰਤੀਨਿੱਧ ਦੇ ਤੌਰ ’ਤੇ ਹਾਜ਼ਰ ਰਹਿੰਦਾ। ਅਹਿਮਦ ਨੇ ਬਖ਼ੂਬੀ ਜਿਹੜੀ ਦੁਭਾਸ਼ੀਏ ਦੀ ਭੂਮਿਕਾ ਨਿਭਾਈ ਉਸੇ ਕਾਰਨ ਹੀ ਮੈਂ ਇਹ ਪਤਾ ਲਾ ਸਕਿਆ ਕਿ ਉਹ ਸਭ ਕਿਵੇਂ ਦੀ ਮਾਨਸਿਕ ਪੀੜ ਸਹਿ ਰਹੇ ਸਨ।

ਅਹਿਮਦ ਇਕ ਦਿਨ ਮੈਨੂੰ ਨੇਬ ਸਰਾਏ ਦੇ ਇਕ ਪੁਰਾਣੇ ਮਕਾਨ ’ਚ ਲੈ ਗਿਆ ਜਿੱਥੇ ਕੁਝ ਸ਼ਰਨਾਰਥੀ ਟਿਕੇ ਹੋਏ ਸਨ। ਟੇਢੀਆਂ-ਮੇਢੀਆਂ ਗਲੀਆਂ ਪਾਰ ਕਰ ਕੇ ਜਦੋਂ ਅਸੀਂ ਉਥੇ ਪਹੁੰਚੇ ਤਾਂ ਹਲਕਾ ਹਨੇਰਾ ਹੋ ਚੁੱਕਾ ਸੀ। ਮਕਾਨ ਦੀਆਂ ਪੌੜੀਆਂ ਟੁੱਟੀਆਂ ਭੱਜੀਆਂ ਸਨ ਅਤੇ ਰੋਸ਼ਨੀ ਦਾ ਕੋਈ ਇੰਤਜ਼ਾਮ ਨਹੀਂ ਸੀ, ਪਰ ਉਸ ਹਨੇਰੇ ਵਿਚ ਵੀ ਜਿਵੇਂ ਅਹਿਮਦ ਬਿਨਾਂ ਰੁਕੇ ‘ਧੱਪ ਧੱਪ’ ਉੱਪਰ ਚੜ੍ਹ ਰਿਹਾ ਸੀ ਉਸ ਤੋਂ ਮੈਨੂੰ ਲੱਗਿਆ ਕਿ ਉਸ ਦਾ ਇਥੇ ਆਮ ਆਉਣਾ-ਜਾਣਾ ਹੈ। ਤੀਜੀ ਮੰਜ਼ਲ ’ਤੇ ਪਹੁੰਚ ਕੇ ਉਸ ਨੇ ਦਰਵਾਜ਼ੇ ਦੇ ਬਾਹਰ ਲੱਗੀ ਘੰਟੀ ਵਜਾਈ। ਕੁਝ ਦੇਰ ਬਾਅਦ ਇਕ ਅੱਧਖੜ ਆਦਮੀ ਨੇ ਹੌਲ਼ੀ ਜਿਹੀ ਦਰਵਾਜ਼ਾ ਖੋਲ੍ਹ ਕੇ ਬਾਹਰ ਝਾਕਿਆ। ਚਿਹਰੇ ’ਤੇ ਖਿਚੜੀ ਦਾੜ੍ਹੀ ਅਤੇ ਚੌਕਸ ਅੱਖਾਂ। ਅਹਿਮਦ ਨੂੰ ਵੇਖ ਕੇ ਉਸ ਨੇ ਮੁਸਕਰਾਉਂਦੇ ਹੋਏ ਜੱਫੀ ਪਾਈ ਅਤੇ ਸਾਨੂੰ ਅੰਦਰ ਲੈ ਗਿਆ।

ਛੋਟੀ ਜਿਹੀ ਗੈਲਰੀ ਪਾਰ ਕਰਦੇ ਹੀ ਇਕ ਲੰਮਾ ਕਮਰਾ ਸੀ ਜਿਸ ਦੇ ਫਰਸ਼ ’ਤੇ ਕੰਧ ਦੇ ਨਾਲ ਨਾਲ ਬਿਸਤਰੇ ਵਿਛੇ ਹੋਏ ਸਨ। ਕੁਝ ਬੱਚੇ ਉਨ੍ਹਾਂ ’ਤੇ ਖੇਡ-ਮੱਲ ਰਹੇ ਸਨ। ਉਨ੍ਹਾਂ ਤੋਂ ਬੇਖ਼ਬਰ ਇਕ ਆਦਮੀ ਕੰਧ ਵੱਲ ਮੂੰਹ ਕੀਤੀ ਸੌਂ ਰਿਹਾ ਸੀ। ਕੋਲ ਹੀ ਸਫ਼ੈਦ ਬੁਰਕੇ ’ਚ ਬੈਠੀ ਇਕ ਔਰਤ ਮਣਕੇ ਫੇਰ ਰਹੀ ਸੀ। ਦੂਜੇ ਖੂੰਜੇ ’ਚ ਬੈਠੀਆਂ ਦੋ ਔਰਤਾਂ ਸਬਜ਼ੀ ਛਿੱਲ ਰਹੀਆਂ ਸਨ। ਸੱਜੇ ਪਾਸੇ ਬਣੀ ਹੋਈ ਰਸੋਈ ਦੇ ਦਰਵਾਜ਼ੇ ਵਿਚ ਇਕ ਮੁਟਿਆਰ ਖੜ੍ਹੀ ਸੀ ਜੋ ਸਾਡੀ ਆਵਾਜ਼ ਸੁਣ ਕੇ ਬਾਹਰ ਆ ਗਈ ਸੀ।

ਅਸੀਂ ਥੱਲੇ ਜ਼ਮੀਨ ’ਤੇ ਬੈਠ ਗਏ ਤਾਂ ਅਹਿਮਦ ਨੇ ਉਸ ਅੱਧਖੜ ਆਦਮੀ ਨਾਲ ਮੇਰੀ ਜਾਣ ਪਛਾਣ ਕਰਵਾਈ। ਉਹ ਨਾਸਿਰ ਸੀ। ਬਿਨਾਂ ਸਮਾਂ ਗੁਆਏ ਨਾਸਿਰ ਮੇਰੇ ਨਾਲ ਇਵੇਂ ਗੱਲ ਕਰਨ ਲੱਗਾ, ਜਿਵੇਂ ਕਈ ਵਰ੍ਹਿਆਂ ਤੋਂ ਉਸ ਦੀ ਕਿਸੇ ਨੇ ਗੱਲ ਨਾ ਸੁਣੀ ਹੋਵੇ, ਬਿਨਾਂ ਇਹ ਜਾਣੇ ਕਿ ਮੈਂ ਉਸ ਦੀ ਭਾਸ਼ਾ ਬਿਲਕੁਲ ਨਹੀਂ ਸੀ ਸਮਝ ਰਿਹਾ। ਅਹਿਮਦ ਨੇ ਉਸ ਨੂੰ ਟੋਕ ਕੇ ਮੈਨੂੰ ਦੱਸਿਆ ਕਿ ਉਹ ਕੀ ਕਹਿ ਰਿਹਾ ਹੈ। ਇਸ ਦੌਰਾਨ ਸੁੱਤਾ ਹੋਇਆ ਆਦਮੀ ਵੀ ਉੱਠ ਕੇ ਆ ਗਿਆ ਅਤੇ ਗੱਲਬਾਤ ’ਚ ਸ਼ਾਮਲ ਹੋ ਗਿਆ। ਅਹਿਮਦ ਹੁਣ ਪੂਰੀ ਤਰ੍ਹਾਂ ਦੁਭਾਸ਼ੀਏ ਦੀ ਭੂਮਿਕਾ ਨਿਭਾ ਰਿਹਾ ਸੀ।

ਉਸ ਕਮਰੇ ’ਚ ਬਾਰਾਂ ਲੋਕ ਰਹਿੰਦੇ ਸਨ ਅਤੇ ਸਾਰੇ ਬਗਦਾਦ ਤੋਂ, ਆਪਣੇ ਪਰਿਵਾਰਾਂ ਨਾਲੋਂ ਵਿਛੜ ਕੇ ਆਏ ਸਨ। ਨਾਸਿਰ ਖ਼ੁਦ ਕਿਸੇ ਤਰ੍ਹਾਂ ਜਾਨ ਬਚਾ ਕੇ ਛੋਟੇ ਪੁੱਤਰ ਨੂੰ ਨਾਲ ਲਈ ਭੱਜ ਆਇਆ ਸੀ, ਪਰ ਵੱਡਾ ਪੁੱਤਰ ਉਥੇ ਹੀ ਛੁੱਟ ਗਿਆ ਸੀ। ਯਾਸਮੀਨ ਆਪਣੀਆਂ ਦੋ ਧੀਆਂ ਨਾਲ ਇਥੇ ਪਹੁੰਚ ਗਈ ਸੀ ਅਤੇ ਪਤੀ ਬਗਦਾਦ ਵਿਚ ਸੀ। ਹਸਨ ਨੂੰ ਏਜੰਟ ਨੇ ਜਹਾਜ਼ ਚੜ੍ਹਾ ਦਿੱਤਾ ਸੀ ਪਰ ਉਸ ਦਾ ਭਰਾ ਏਅਰਪੋਰਟ ਦੇ ਬਾਹਰ ਹੀ ਫੜਿਆ ਗਿਆ ਸੀ। ਇਸੇ ਤਰ੍ਹਾਂ ਬਾਕੀ ਸਭ ਵੀ ਅੱਧੇ-ਅਧੂਰੇ ਸਨ ਅਤੇ ਖੰਡਿਤ ਸੰਬੰਧਾਂ ਦਾ ਦਰਦ ਝੱਲ ਰਹੇ ਸਨ।

“ਮੇਰਾ ਕਸੂਰ ਇੰਨਾ ਹੀ ਹੈ ਕਿ ਇਰਾਕੀ ਹੁੰਦੇ ਹੋਏ ਮੈਂ ਇਕ ਫਲਸਤੀਨੀ ਨਾਲ ਵਿਆਹ ਕਰਵਾਇਆ ਅਤੇ ਉਹ ਮੈਨੂੰ ਸਜ਼ਾ ਦੇਣਾ ਚਾਹੁੰਦੇ ਹਨ” ਫ਼ਾਤਿਮਾ ਨੇ ਦੱਸਿਆ। ਉਸ ਦੇ ਇਕ ਹੱਥ ਵਿਚ ਮਣਕਿਆਂ ਦੀ ਮਾਲਾ ਹਾਲੇ ਵੀ ਸੀ। ਖੇਡਦੀ ਹੋਈ ਬੱਚੀ ਉਸ ਦੀ ਗੋਦੀ ’ਚ ਆ ਬੈਠੀ ਸੀ। ਫ਼ਾਤਿਮਾ ਉਸ ਦੇ ਸਿਰ ’ਤੇ ਹੱਥ ਫੇਰਦੀ ਹੋਈ ਕਹਿ ਰਹੀ ਸੀ, “ਮੈਂ ਇਸ ਡਰ ਕਾਰਨ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਭੇਜ ਸਕਦੀ ਸੀ ਕਿ ਉਹ ਉਨ੍ਹਾਂ ਨੂੰ ਕਿਡਨੈਪ ਕਰ ਲੈਣਗੇ, ਪਤੀ ਕੰਮ ’ਤੇ ਨਹੀਂ ਜਾ ਸਕਦਾ ਸੀ ਕਿ ਉਸ ਨੂੰ ਗੋਲੀ ਮਾਰ ਦੇਣਗੇ... ਕਿਉਂਕਿ ਮੇਰਾ ਪਤੀ ਫਲਸਤੀਨੀ ਹੈ... ਸਿਰਫ਼ ਇਸ ਲਈ ਸਾਡੀ ਜਾਨ ਨੂੰ ਹਰ ਵੇਲ਼ੇ ਖ਼ਤਰਾ ਸੀ।”

“ਅਸਲ ’ਚ ਜਦੋਂ ਤੋਂ ਅਮਰੀਕੀ ਇਰਾਕ ’ਚ ਆਏ, ਸਰਕਾਰ ’ਚ ਸਾਰੇ ਸ਼ੀਆ ਹਨ। ਇੱਕ ਵੀ ਸੁੰਨੀ ਨਹੀਂ। ਅਤੇ ਮਿਲੀਸ਼ੀਆ ਨਾਲ ਉਨ੍ਹਾਂ ਦੀ ਮਿਲੀਭੁਗਤ ਹੈ” ਹਸਨ ਨੇ ਫ਼ਾਤਿਮਾ ਦੀ ਗੱਲ ਨੂੰ ਸਪਸ਼ਟ ਕਰਦੇ ਹੋਏ ਕਿਹਾ, “ਇਸ ਲਈ ਮਿਲੀਸ਼ੀਆ ਨੂੰ ਖੁੱਲ੍ਹੀ ਛੋਟ ਹੈ, ਉਨ੍ਹਾਂ ਦੀ ਕੋਈ ਜਵਾਬਦੇਹੀ ਨਹੀਂ –ਉਹ ਕੁਝ ਵੀ ਕਰਨ।” ਕੁਝ ਦੇਰ ਲਈ ਉਹ ਰੁਕਿਆ, ਫਿਰ ਗੁੱਸੇ ’ਚ ਆਪਣਾ ਹੱਥ ਹਿਲਾਉਂਦੇ ਹੋਏ ਕਹਿਣ ਲੱਗਾ, “ਮਿਲੀਸ਼ੀਅਨਾਂ ਨੇ ਮੇਰੀ ਦੁਕਾਨ ’ਤੇ ਰੇਡ ਕੀਤੀ, ਸਾਰਾ ਸਮਾਨ ਤੋੜ ਭੰਨ ਦਿੱਤਾ ਤੇ ਗੋਲੀਆਂ ਚਲਾਉਣ ਲੱਗੇ। ਮੈਂ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਉੱਥੋਂ ਭੱਜਿਆ।”

ਯਾਸਮੀਨ ਨੇ ਸਬਜ਼ੀ ਕੱਟ ਕੇ ਕਟੋਰਾ ਇਕ ਪਾਸੇ ਰੱਖ ਦਿੱਤਾ ਸੀ ਅਤੇ ਚੁੱਪਚਾਪ ਹਸਨ ਵੱਲ ਵੇਖ ਰਹੀ ਸੀ। ਉਸ ਦੀਆਂ ਅੱਖਾਂ ’ਚ ਵਿਚਲਿਤ ਕਰ ਦੇਣ ਵਾਲਾ ਖ਼ਾਲੀਪਨ ਸੀ। ਉਹ ਇਕ ਟੱਕ ਵੇਖਦੀ ਰਹਿੰਦੀ ਅਤੇ ਬੜੀ ਦੇਰ ਬਾਅਦ ਪਲਕਾਂ ਝਪਕਾਉਂਦੀ ਸੀ। ਮੈਂ ਉਸ ਨਾਲ ਗੱਲ ਕਰਨੀ ਚਾਹੀ ਤਾਂ ਉਹ ਸੁੰਨੀਆਂ ਅੱਖਾਂ ਨਾਲ ਦੇਰ ਤੱਕ ਮੇਰੇ ਵੱਲ ਤੱਕਦੀ ਰਹੀ।

“ਮੈਂ ਤਿੰਨ ਮਹੀਨੇ ਤੋਂ ਇਥੇ ਹਾਂ ਪਰ ਲੱਗਦਾ ਏ ਜਿਵੇਂ ਤਿੰਨ ਸਾਲ ਬੀਤ ਗਏ ਹੋਣ” ਉਸ ਨੇ ਟੁੱਟੇ-ਭੱਜੇ ਸ਼ਬਦਾਂ ਵਿੱਚ ਹੌਲ਼ੀ ਜਿਹੀ ਕਿਹਾ “ਅੱਜ ਕੱਲ੍ਹ ਪਰਸੋਂ... .ਹਰ ਰੋਜ਼ ਇੱਕੋ ਜਿਹਾ ਹੈ। ਮੈਂ ਆਪਣੀਆਂ ਦੋ ਜਵਾਨ ਧੀਆਂ ਨਾਲ ਇਥੇ ਹਾਂ। ਹਰ ਦਿਨ ਮੈਂ ਡਰਦੀ ਹੋਈ ਗੁਜ਼ਾਰਦੀ ਹਾਂ। ਕੀ ਕਰ ਸਕਦੀ ਹਾਂ?... ਦਿਨ ਰਾਤ ਅਸੀਂ ਇਥੇ ਬੰਦ ਰਹਿੰਦੇ ਹਾਂ। ਸ਼ਾਮ ਨੂੰ ਕਦੇ ਕਦੇ ਬਾਹਰ ਬਾਲਕੋਨੀ ’ਚ ਖੜ੍ਹੇ ਹੋ ਜਾਂਦੇ ਹਾਂ, ਬਸ।”

ਮੁਟਿਆਰ ਕਾਹਵਾ ਬਣਾ ਕੇ ਲੈ ਆਈ। ਇਹ ਯਾਸਮੀਨ ਦੀ ਧੀ ਸੀ।

“ਅਸੀਂ ਰੇਤ ’ਤੇ ਚੱਲ ਰਹੇ ਹਾਂ। ਗਹਿਰੀ ਰੇਤ ’ਤੇ।” ਨਾਸਿਰ ਨੇ ਕੱਪ ਮੈਨੂੰ ਫੜਾਉਂਦੇ ਹੋਏ ਕਿਹਾ, “ਸਮਝ ਰਹੇ ਹੋ ਤੁਸੀਂ? ਸਾਡੇ ਪੈਰ ਚੱਲ ਰਹੇ ਨੇ ਪਰ ਅਸੀਂ ਕਿਤੇ ਨਹੀਂ ਪਹੁੰਚ ਰਹੇ। ਅਸੀਂ ਪਿਛਲੇ ਸੱਠ ਸਾਲਾਂ ਤੋਂ ਇਸੇ ਤਰ੍ਹਾਂ ਚੱਲੇ ਜਾ ਰਹੇ ਹਾਂ।” ਉਸ ਦਿਨ ਮੈਂ ਦੇਰ ਤੱਕ ਉਨ੍ਹਾਂ ਸਭਨਾਂ ਨਾਲ ਗੱਲ-ਬਾਤ ਕਰਦਾ ਰਿਹਾ ਸਾਂ। ਉੱਥੋਂ ਪਰਤਿਆ ਤਾਂ ਖ਼ੁਦ ਕਿਸੇ ਭਰਮਜਾਲ ਵਿੱਚ ਉਲ਼ਝਿਆ ਹੋਇਆ ਸਾਂ। ਹਾਲੇ ਤੱਕ ਇਹ ਤੱਥ ਮੇਰੇ ਕੋਲ ਸਿਰਫ਼ ਜਾਣਕਾਰੀ ਦੇ ਤੌਰ ’ਤੇ ਹੀ ਸੀ ਕਿ ਫਲਸਤੀਨੀ ਸ਼ਰਨਾਰਥੀ ਸੰਸਾਰ ਭਰ ਵਿਚ ਹੋਰ ਸਭ ਸ਼ਰਨਾਰਥੀਆਂ ਤੋਂ ਸਭ ਤੋਂ ਵੱਧ ਗਿਣਤੀ ’ਚ ਹਨ ਅਤੇ ਉਨ੍ਹਾਂ ਦੀ ਸਮੱਸਿਆ ਦਾ ਹਾਲੇ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ — ਇਸ ਤਰ੍ਹਾਂ ਦੀ ਹੋਰ ਕੋਈ ਸਮੱਸਿਆ ਇੰਨੇ ਲੰਮੇ ਸਮੇਂ ਤਕ ਨਹੀਂ ਲਟਕਦੀ ਰਹੀ। ਪਰ ਇਨ੍ਹਾਂ ਲੋਕਾਂ ਨੂੰ ਪ੍ਰਤੱਖ ਮਿਲ ਕੇ ਅਤੇ ਨੇੜਿਓਂ ਜਾਨਣ ਤੋਂ ਬਾਅਦ ਹੀ ਮੈਂ ਉਨ੍ਹਾਂ ਦੀ ਅਸਲ ਤ੍ਰਾਸਦੀ ਨੂੰ ਸਮਝ ਸਕਿਆ। ਅਤੇ ਇਸ ਤ੍ਰਾਸਦੀ ਦਾ ਅੰਤ ਕਦੋਂ ਹੋਵੇਗਾ — ਇਸ ਬਾਰੇ ਕੁਝ ਤੈਅ ਨਹੀਂ ਸੀ। ਕਈ ਦਹਾਕੇ ਗੁਜ਼ਰ ਚੁੱਕੇ ਸਨ ਅਤੇ ਆਉਣ ਵਾਲੇ ਕਿੰਨੇ ਦਹਾਕਿਆਂ ਤੱਕ ਇਹ ਕਾਇਮ ਰਹੇਗੀ, ਕੁਝ ਕਿਹਾ ਨਹੀਂ ਸੀ ਜਾ ਸਕਦਾ। ਦਿੱਲੀ ਵਿਚ ਤਾਂ ਉਨ੍ਹਾਂ ਦਾ ਸਿਰਫ਼ ਇਕ ਛੋਟਾ ਜਿਹਾ ਹੀ ਹਿੱਸਾ ਸੀ। ਬਗਦਾਦ ਦੇ ਬਾਹਰ ਬਸਰਾ, ਮੌਸਿਲ, ਸੈਇਦ ਦੇ ਛੋਟੇ ਛੋਟੇ ਕੈਂਪਾਂ ’ਚ ਹੀ ਨਹੀਂ, ਇਹ ਸ਼ਰਨਾਰਥੀ ਹਜ਼ਾਰਾਂ ਦੀ ਤਾਦਾਦ ’ਚ ਸੀਰੀਆ, ਜਾਰਡਨ ਦੀਆਂ ਸਰਹੱਦਾਂ ’ਤੇ ਬਣੇ ਕੈਂਪਾਂ ਵਿਚ ਝੁਲਸਾ ਦੇਣ ਵਾਲੀ ਗਰਮੀ ਅਤੇ ਕੜਾਕੇ ਦੀ ਠੰਢ ਵਿਚ ਕਈ ਮਹੀਨਿਆਂ ਤੋਂ ਪਏ ਸਨ। ਉਨ੍ਹਾਂ ਦਾ ਵਰਤਮਾਨ ਉਜੜ ਚੁੱਕਾ ਸੀ ਅਤੇ ਭਵਿੱਖ ਦਾ ਕੁਝ ਪਤਾ ਨਹੀਂ ਸੀ। ਉਹ ਨਹੀਂ ਜਾਣਦੇ ਸਨ ਕਿ ਕੈਂਪਾਂ ’ਚ ਕਦ ਤੱਕ ਇਨ੍ਹਾਂ ਹਾਲਾਤਾਂ ’ਚ ਰਹਿਣਗੇ। ਉਹ ਇਹ ਵੀ ਨਹੀਂ ਜਾਣਦੇ ਸਨ ਕਿ ਇਸ ਤੋਂ ਬਾਅਦ ਕਿੱਥੇ ਜਾਣਗੇ? ਉਨ੍ਹਾਂ ਨੂੰ ਕੋਈ ਖ਼ਬਰ ਨਹੀਂ ਸੀ ਕਿ ਇਥੋਂ ਉਨ੍ਹਾਂ ਨੂੰ ਜਿੱਥੇ ਵੀ ਭੇਜਿਆ ਜਾਵੇਗਾ, ਉੱਥੇ ਉਨ੍ਹਾਂ ਦੀ ਜ਼ਿੰਦਗੀ ਕੀ ਰੂਪ ਲਵੇਗੀ? ਇਸ ਦਾ ਵੀ ਕੋਈ ਅੰਦਾਜ਼ਾ ਨਹੀਂ ਸੀ... ਅਤੇ ਉਹ ਇਹ ਸਜ਼ਾ ਆਖ਼ਿਰ ਕਿਉਂ ਭੋਗ ਰਹੇ ਹਨ, ਇਸ ਦਾ ਵੀ ਕਿਸੇ ਕੋਲ ਕੋਈ ਵਾਜਬ ਜਵਾਬ ਨਹੀਂ ਸੀ।

ਅਹਿਮਦ ਨੇ ਉਨ੍ਹਾਂ ਸਾਰਿਆਂ ਦੇ ਦੁੱਖ ਨੂੰ ਜਿਵੇਂ ਆਪਣੇ ਅੰਦਰ ਉਤਾਰ ਲਏ ਸੀ। ਆਪਣੇ ਵਜੂਦ ਦੀ ਅਸਰਤਾ ਤੋਂ ਬੇਚੈਨ ਅਤੇ ਆਪਣੇ ਪੂਰਵਜਾਂ ਦੇ ਦੁੱਖਾਂ ਦੀ ਗਠੜੀ ਪਿੱਠ ’ਤੇ ਲੱਦੀ ਅਹਿਮਦ ਦਿੱਲੀ ਦੀਆਂ ਗਲ਼ੀਆਂ ’ਚ ਭਟਕਦਾ ਸੀ। ਉਸ ਦਾ ਸਰੀਰ ਇਥੇ ਸੀ ਪਰ ਆਤਮਾ ਬਗਦਾਦ ਡੋਲਦੀ ਫਿਰਦੀ ਸੀ। ਉਸ ਦੀ ਹਾਲਤ ਇਹ ਸੀ ਕਿ ਉਹ ਘੁੰਮ-ਫਿਰ ਸਕਦਾ ਸੀ, ਗੱਲਬਾਤ ਕਰ ਸਕਦਾ ਸੀ, ਪਰ ਹਰੇਕ ਸਥਿਤੀ ‘ਚ, ਹਰ ਸਮੇਂ, ਹਰ ਪਲ ਉਸ ਦੇ ਆਪਣਿਆਂ ਦੇ ਚਿਹਰੇ ਉਸ ਦੇ ਆਸਪਾਸ ਮੰਡਰਾਉਂਦੇ ਰਹਿੰਦੇ। ਉਨ੍ਹਾਂ ਦੀਆਂ ਚੀਕਾਂ ਤੇ ਉਨ੍ਹਾਂ ਦੀ ਕੁਰਲਾਹਟ ਉਸ ਦੇ ਕੰਨਾਂ ’ਚ ਵੱਜਦੀਆਂ ਰਹਿੰਦੀਆਂ। ਉਨ੍ਹਾਂ ਦ੍ਰਿਸ਼ਾਂ ਤੋਂ ਉਹ ਦਹਿਲਿਆ ਰਹਿੰਦਾ ਜਿਨ੍ਹਾਂ ਤੋਂ ਅਲੱਗ ਤਾਂ ਹੋ ਚੁੱਕਾ ਸੀ, ਪਰ ਮੁਕਤ ਨਹੀਂ ਸੀ ਹੋ ਸਕਿਆ। ਉਹ ਦ੍ਰਿਸ਼ ਹਰ ਵੇਲ਼ੇ ਉਸ ਦੇ ਅੰਗ- ਸੰਗ ਬਣੇ ਰਹਿੰਦੇ। ਉਹ ਜਿੱਥੇ ਵੀ ਜਾਂਦਾ, ਉਨ੍ਹਾਂ ਨੂੰ ਨਾਲ ਲੈ ਕੇ ਜਾਂਦਾI ਉਹ ਉਸ ਦੇ ਵਜੂਦ ਦਾ ਹਿੱਸਾ ਬਣ ਚੁੱਕੇ ਸਨ। ਉਨ੍ਹਾਂ ਦੇ ਜਾਲ ’ਚ ਫਸਿਆ ਉਹ ਕਿਸੇ ਪਰਿੰਦੇ ਵਾਂਗ ਛਟਪਟਾਉਂਦਾ ਸੀ। ਮੈਂ ਅਹਿਮਦ ਦੀ ਬੇਚੈਨੀ ਦਾ ਸਿਰਫ਼ ਅੰਦਾਜ਼ਾ ਹੀ ਲਾ ਸਕਦਾ ਸੀ। ਉਸ ਵਰਗੇ ਸੰਵੇਦਨਸ਼ੀਲ ਨੌਜਵਾਨ ਦੇ ਦੁੱਖ ਦੀ ਥਾਹ ਤਾਂ ਸਿਰਫ਼ ਇਕ ਸ਼ਰਨਾਰਥੀ ਹੀ ਪਾ ਸਕਦਾ ਹੈ!

“ਮੈਂ ਇਕ ਸ਼ਰਨਾਰਥੀ ਹਾਂ, ਮੇਰਾ ਬਾਪ ਸ਼ਰਨਾਰਥੀ ਹੈ, ਮੇਰਾ ਦਾਦਾ ਸ਼ਰਨਾਰਥੀ ਸੀ, ਅੱਗੇ ਮੇਰੇ ਬੱਚੇ ਵੀ ਸ਼ਰਨਾਰਥੀ ਹੋਣਗੇ, ਕਿਉਂ?” ਅਹਿਮਦ ਨੇ ਤੀਸਰੀ ਸਿਗਰਟ ਸੁਲਗਾ ਲਈ ਸੀ। ਗਹਿਰੇ ਧੂੰਏਂ ਦਾ ਫੁਆਰਾ ਛੱਡ ਕੇ ਉਸ ਨੇ ਸਵਾਲ ਕੀਤਾ, ਫਿਰ ਖ਼ੁਦ ਹੀ ਜਵਾਬ ਦਿੱਤਾ “ਮੇਰਾ ਦੋਸ਼ ਸਿਰਫ਼ ਇਹ ਹੈ ਕਿ ਮੈਂ ਫਲਸਤੀਨੀ ਹਾਂ। ਸਭ ਤੋਂ ਪਹਿਲਾ ਅਤੇ ਸਭ ਤੋਂ ਵੱਡਾ ਦੋਸ਼! ਮੇਰਾ ਇਕ ਸ਼ਨਾਖ਼ਤੀ ਕਾਰਡ ਹੈ ਜੋ ਇਹ ਕਹਿੰਦਾ ਹੈ ਕਿ ਮੈਂ ਫਲਸਤੀਨੀ ਹਾਂ। ਉਸ ਕਾਰਡ ਬਿਨਾਂ ਮੈਂ ਕੁਝ ਵੀ ਨਹੀਂ ਅਤੇ ਉਸ ਕਾਰਡ ਦੇ ਕਾਰਨ ਹੀ ਮੈਂ ਕਿਤੇ ਦਾ ਨਹੀਂ!”

ਅਸੀਂ ਦੱਖਣੀ ਦਿੱਲੀ ਦੇ ਇਲਾਕੇ ਖਿੜਕੀ ਵਿੱਚ ਇਕ ਮਕਾਨ ਦੀ ਚੌਥੀ ਮੰਜ਼ਲ ’ਤੇ ਬਣੇ ਤੰਗ ਹਨੇਰੇ ਕਮਰੇ ’ਚ ਬੈਠੇ ਸੀ। ਕਮਰੇ ’ਚ ਧੂੰਆਂ ਭਰਿਆ ਹੋਇਆ ਸੀ। ਅਹਿਮਦ ਦੇ ਸਾਹਮਣੇ ਪਏ ਸਿਗਰਟ ਦੇ ਟੋਟਿਆਂ ਨਾਲ ਭਰੇ ਕਟੋਰੇ ਵਿਚੋਂ ਵੀ ਧੂੰਏਂ ਦੀ ਪਤਲੀ ਲਕੀਰ ਉੱਠ ਰਹੀ ਸੀ। ਬਾਹਰ ਖੁੱਲ੍ਹਣ ਵਾਲੀ ਇਕ ਛੋਟੀ ਰੋਸ਼ਨਦਾਨ ਵਰਗੀ ਬਾਰੀ ’ਤੇ ਵੀ ਧੂੰਏਂ ਦੀਆਂ ਪਰਤਾਂ ਮਚਲ ਰਹੀਆਂ ਸਨ ਅਤੇ ਅਹਿਮਦ ਦੀਆਂ ਖ਼ੁਸ਼ਕ ਅੱਖਾਂ ’ਚੋਂ ਵੀ ਜਿਵੇਂ ਧੂੰਆਂ ਉੱਠ ਰਿਹਾ ਸੀ। ਇਸ ਲੰਮੀ ਗੱਲਬਾਤ ਤੋਂ ਬਾਅਦ ਉਸ ਦਾ ਸਰੀਰ ਨਿਢਾਲ ਜਿਹਾ ਹੋ ਕੇ ਕੰਧ ਦੇ ਨਾਲ ਟਿਕਿਆ ਹੋਇਆ ਸੀ ਅਤੇ ਟੰਗਾਂ ਜ਼ਮੀਨ ’ਤੇ ਪਸਰੀਆਂ ਹੋਈਆਂ ਸਨ।

ਉਸ ਦੇ ਨਿਢਾਲ ਹੋਣ ਦਾ ਕਾਰਨ ਗੱਲਬਾਤ ਨਹੀਂ, ਬਲਕਿ ਇਹ ਉਸ ਸਫ਼ਰ ਦੇ ਕਾਰਨ ਸੀ ਜਿਹੜਾ ਗੱਲਬਾਤ ਦੇ ਦੌਰਾਨ ਉਸ ਨੇ ਤੈਅ ਕੀਤਾ ਸੀ। ਗੋਡਿਆਂ ਤੱਕ ਉਚੀ ਆਪਣੀ ਢਿੱਲੀ ਜਿਹੀ ਜੀਨ ਦੀ ਜੇਬ ’ਚ ਹੱਥ ਪਾ ਕੇ ਉਸ ਨੇ ਇਕ ਤਸਵੀਰ ਕੱਢੀ, ਕੁਝ ਦੇਰ ਉਸ ਨੂੰ ਵੇਖਦਾ ਰਿਹਾ, ਫੇਰ ਤਸਵੀਰ ਮੇਰੇ ਵੱਲ ਵਧਾ ਦਿੱਤੀ।

ਤਸਵੀਰ ਨੂੰ ਮੈਂ ਗੌਰ ਨਾਲ ਵੇਖਦਾ ਰਿਹਾ। ਮੈਂ ਸਮਝ ਸਕਦਾ ਸੀ ਕਿ ਚੌਵੀ-ਪੱਚੀ ਸਾਲ ਦਾ ਇਹ ਨੌਜਵਾਨ ਆਪਣੇ ਘਰ-ਪਰਿਵਾਰ ਤੋਂ ਟੁੱਟ ਕੇ ਅਣਜਾਣ ਲੋਕਾਂ, ਅਣਜਾਣ ਦੇਸ ਅਤੇ ਬਗਾਨੇ ਮਾਹੌਲ ਵਿਚ ਭਟਕਦੇ ਹੋਏ ਮਨ ਦੀ ਕਿਸ ਅਵਸਥਾ ਵਿਚੋਂ ਦੀ ਲੰਘ ਰਿਹਾ ਹੋਵੇਗਾ। ਤਸਵੀਰ ਵਿਚ ਜਿਵੇਂ ਉਹ ਆਪਣੇ ਸਕੇ ਸੰਬੰਧੀਆਂ ਨਾਲ ਖੜ੍ਹਾ ਮੁਸਕਰਾ ਰਿਹਾ ਸੀ, ਨਾ ਤਾਂ ਉਨ੍ਹਾਂ ਬਾਰੇ ਉਸ ਨੂੰ ਕੋਈ ਖ਼ਬਰ ਸੀ, ਨਾ ਹੀ ਉਵੇਂ ਦੀ ਮੁਸਕਰਾਹਟ ਨਾਲ ਹੀ ਉਸ ਦਾ ਹੁਣ ਕੋਈ ਵਾਸਤਾ ਰਿਹਾ ਸੀ।

“ਪਤਾ ਮੈਂ ਆਪਣੇ ਆਪ ਨੂੰ ਕਿਵੇਂ ਦਾ ਲਗਦਾ ਹਾਂ?” ਅਹਿਮਦ ਨੇ ਪੁੱਛਿਆ। ਉਸ ਨੇ ਤੀਲੀ ਬਾਲ਼ ਕੇ ਸਿਗਰਟ ਸੁਲਗਾਈ, ਫੇਰ ਧੂੰਆਂ ਛਡਦੇ ਹੋਏ ਅੰਗੂਠੇ ਅਤੇ ਉਂਗਲ ਨੂੰ ਮਿਲਾ ਕੇ ਗੋਲਾ ਬਣਾਇਆ ਅਤੇ ਹੌਲ਼ੀ ਜਿਹੀ ਬੋਲਿਆ — “ਸਿਫ਼ਰ!”

ਧੂੰਏਂ ਨਾਲ ਭਰੇ ਹੋਏ ਕਮਰੇ ਵਿਚ ਮੈਨੂੰ ਇਕ ਵੱਡੇ ਆਕਾਰ ਦਾ ਸਿਫ਼ਰ ਉਭਰਦਾ ਹੋਇਆ ਵਿਖਾਈ ਦੇਣ ਲੱਗਾ। ਧੁਖਦਾ ਹੋਇਆ। ਅਹਿਮਦ ਦੇ ਸਿਰ ’ਤੇ ਨੱਚਦਾ ਹੋਇਆ। ਤੇ ਫੇਰ ਉਸ ਨੂੰ ਆਪਣੇ ਲਪੇਟੇ ’ਚ ਲੈਂਦਾ ਹੋਇਆ। ਮੇਰੇ ਸਾਹਮਣੇ ਬੈਠਾ ਅਹਿਮਦ ਇਕ ਬੱਚੇ ’ਚ ਤਬਦੀਲ ਹੋ ਗਿਆ। ਆਪਣੀ ਗਲੀ ਮੁਹੱਲੇ ’ਚ ਖੇਡਦਾ ਹੋਇਆ, ਫਿਰ ਜਮਾਤੀਆਂ ਨਾਲ ਸਕੂਲ ਜਾਂਦਾ ਹੋਇਆ, ਫਿਰ ਭੈਣਾਂ-ਭਰਾਵਾਂ ਨਾਲ ਬਜ਼ਾਰ ਜਾਂਦਾ ਹੋਇਆ, ਖ਼ਰੀਦਾਰੀ ਕਰਦਾ ਹੋਇਆ, ਫਿਰ ਆਪਣੀ ਮਨਪਸੰਦ ਮੋਟਰ ਸਾਈਕਲ ’ਤੇ ਕਾਲਜ ਜਾਂਦਾ ਹੋਇਆ, ਆਉਂਦੇ ਜਾਂਦੇ ਹਰ ਸ਼ਖਸ ਨੂੰ ਦੁਆ-ਸਲਾਮ ਕਰਦਾ ਹੋਇਆ, ਆਪਣੇ ਪਿਤਾ ਦੀ ਫੈਕਟਰੀ ਦੇ ਕੰਮ ’ਚ ਹੱਥ ਵਟਾਉਂਦਾ ਹੋਇਆ... ਅਤੇ ਫੇਰ ਅਚਾਨਕ ਟੱਡੀਆਂ ਅੱਖਾਂ ਨਾਲ ਆਪਣੇ ਦੁਆਲ਼ੇ ਤੱਕਦਾ ਹੋਇਆ। ਇਹ ਪਤਾ ਲੱਗਣ ’ਤੇ ਕਿ ਹੁਣ ਨਾ ਆਪਣੇ ਘਰ, ਗਲੀ, ਸ਼ਹਿਰ ਨਾਲ ਉਸ ਦਾ ਕੋਈ ਰਿਸ਼ਤਾ ਰਿਹਾ ਹੈ ਅਤੇ ਨਾ ਹੀ ਇਹ ਦੇਸ਼ ਉਸ ਦਾ ਹੈ। ਇਨ੍ਹਾਂ ਸਾਰਿਆਂ ਤੋਂ ਉਹ ਅਲੱਗ ਅਤੇ ਜੁਦਾ ਹੋ ਚੁੱਕਿਆ ਹੈ। ਉਸ ਦੀ ਪਛਾਣ ਦਾ ਹਰੇਕ ਚਿੰਨ੍ਹ ਰਗੜ-ਪੂੰਝ ਕੇ ਮਿਟਾ ਦਿੱਤਾ ਗਿਆ ਹੈ ਅਤੇ ਉਹ ਨਾ ਸਿਰਫ਼ ਦੂਜਿਆਂ ਲਈ ਬਲਕਿ ਖ਼ੁਦ ਆਪਣੇ ਲਈ ਵੀ ਅਜਨਬੀ ਬਣ ਚੁੱਕਾ ਹੈ। ਹੁਣ ਉਹ ਅੰਦਰ-ਬਾਹਰ ਤੋਂ ਬਿਲਕੁਲ ਖ਼ਾਲੀ ਹੈ— ਕਿਸੇ ਸਿਫ਼ਰ ਵਰਗਾ!

ਅਹਿਮਦ ਦੀ ਬੇਚੈਨੀ ਅਤੇ ਛਟਪਟਾਹਟ ਦੀ ਇਕ ਹੋਰ ਵਜ੍ਹਾ ਇਹ ਸੀ ਕਿ ਹੁਣ ਉਸ ਦੀ ਸ਼ਰਨਾਰਥੀ ਹੋਣ ਦੀ ਪਛਾਣ ਵੀ ਖੁੱਸ ਚੁੱਕੀ ਸੀ। ਉਹ ਇਹ ਨਹੀਂ ਜਾਣਦਾ ਸੀ ਕਿ ਇਸ ਦੇਸ਼ ਵਿੱਚ ਉਸ ਨੂੰ ਸ਼ਰਨਾਰਥੀ ਕਾਰਡ ਕਦੋਂ ਜਾਰੀ ਕੀਤਾ ਜਾਵੇਗਾ ਅਤੇ ਬਿਨਾਂ ਕਾਰਡ ਦੇ ਉਹ ਕਦ ਤੱਕ ਇਥੇ ਰਹਿ ਸਕੇਗਾ? ਉਹ ਕਦੀ ਬਗਦਾਦ ਵਾਪਸ ਜਾ ਵੀ ਸਕੇਗਾ ਕਿ ਨਹੀਂ? ਪਰ ਨਾ ਤਾਂ ਖ਼ੁਦ ਉਸ ਦੇ ਕੋਲ ਇਸ ਦਾ ਕੋਈ ਜਵਾਬ ਸੀ, ਨਾ ਹੀ ਦੂਸਰੇ ਸ਼ਰਨਾਰਥੀ ਜਾਣਦੇ ਸਨ। ਉਨ੍ਹਾਂ ਸਾਰਿਆਂ ਦੀਆਂ ਉਮੀਦਾਂ ਸਿਰਫ਼ “ਯੂਨਾਇਟੇਡ ਨੇਸ਼ਨਜ਼ ਹਿਊ ਰਾਈਟਸ ਕਮਿਸ਼ਨ ਫ਼ਾਰ ਰਿਫਊਜੀਸ “(ਯੂ.ਐੱਨ.ਐਚ.ਸੀ.ਆਰ) ’ਤੇ ਟਿਕੀਆਂ ਹੋਈਆਂ ਸਨ।

ਇਹੀ ਇਕ ਸੰਸਥਾ ਸੀ ਜਿਹੜੀ ਉਨ੍ਹਾਂ ਨੂੰ ਇਸ ਘੁੱਪ ਹਨੇਰੇ ‘ਚੋਂ ਬਾਹਰ ਕੱਢ ਸਕਦੀ ਸੀ। ਭਾਰਤ ਵਿਚ ਉਨ੍ਹਾਂ ਨੂੰ ਸ਼ਰਨਾਰਥੀ ਵਜੋਂ ਪਛਾਣ ਦਿੱਤੀ ਜਾ ਸਕਦੀ ਹੈ ਜਾਂ ਨਹੀਂ, ਇਥੇ ਉਹ ਕਿੰਨੇ ਸਮੇਂ ਲਈ ਰਹਿ ਸਕਦੇ ਨੇ, ਇਥੇ ਰਹਿੰਦੇ ਹੋਏ ਉਨ੍ਹਾਂ ਦੇ ਅਧਿਕਾਰ ਅਤੇ ਫ਼ਰਜ਼ ਕੀ ਹਨ... ਇਨ੍ਹਾਂ ਸਭ ਗੱਲਾਂ ਦਾ ਫ਼ੈਸਲਾ ਯੂ.ਐੱਨ ਐਚ.ਸੀ ਆਰ ਨੇ ਹੀ ਕਰਨਾ ਸੀ। ਜਿਹੜੇ ਆਪਣੇ ਛੱਡੇ ਹੋਏ ਦੇਸ ਵਾਪਸ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਵਾਪਸ ਭਿਜਵਾਉਣ ਦਾ ਫ਼ੈਸਲਾ ਵੀ ਇਸੇ ਸੰਸਥਾ ਨੇ ਕਰਨਾ ਸੀ। ਭਾਰਤ ਵਿਚ ਕੰਮ ਧੰਦਾ ਕਰਨ ਦਾ ਉਨ੍ਹਾਂ ਕੋਲ ਕੋਈ ਅਧਿਕਾਰ ਨਹੀਂ ਸੀ ਕਿਉਂਕਿ ਹਾਲੇ ਤੱਕ ਉਨ੍ਹਾਂ ਨੂੰ ‘ਰੈਜ਼ੀ ਡੇਂਸ਼ੀਆਲ ਪਰਮਿਟ’ ਜਾਰੀ ਨਹੀਂ ਕੀਤਾ ਗਿਆ ਸੀ। ਇਸ ਲਈ ਉਹ ਪੂਰੀ ਤਰ੍ਹਾਂ ਯੂ.ਐੱਨ.ਐਚ.ਸੀ.ਆਰ ਵੱਲੋਂ ਦਿੱਤੀ ਜਾ ਰਹੀ ਆਰਥਕ ਮਦਦ ’ਤੇ ਹੀ ਨਿਰਭਰ ਸਨ, ਜਿਹੜੀ ਤਦੇ ਮਿਲ ਸਕਦੀ ਸੀ ਜਦੋਂ ਉਨ੍ਹਾਂ ਨੂੰ ‘ਰਿਫਊਜੀ ਸਟੇਟਸ ਦੇ ਦਿੱਤਾ ਜਾਂਦਾ ਅਤੇ ਕਿ ਜਿਸ ਦਾ ਪਿਛਲੇ ਦਸ ਮਹੀਨਿਆਂ ਤੋਂ ਫ਼ੈਸਲਾ ਨਹੀਂ ਸੀ ਹੋਇਆ। ਉਹ ਸਿਰਫ਼ ਇੰਤਜ਼ਾਰ ਕਰ ਰਹੇ ਸਨ ਅਤੇ ਇੰਤਜ਼ਾਰ ਲਗਾਤਾਰ ਲੰਮਾ ਹੁੰਦਾ ਜਾ ਰਿਹਾ ਸੀ।

ਇਸ ਵਾਰ ਉਨ੍ਹਾਂ ਦੀ ਹੋਣ ਵਾਲੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਜਦੋਂ ਮੈਂ ਜ਼ੋਰ ਬਾਗ ਵਿਖੇ ਯੂ.ਐੱਨ.ਐਚ.ਸੀ.ਆਰ ਦੇ ਦਫਤਰ ਪਹੁੰਚਿਆ ਤਾਂ ਉੱਥੇ ਹੰਗਾਮਾ ਮਚਿਆ ਹੋਇਆ ਸੀ। ਉਨ੍ਹਾਂ ਦੀ ਅਪਾਇੰਟਮੈਂਟ ਰੱਦ ਕਰ ਦਿੱਤੀ ਗਈ ਸੀ। ਦਫ਼ਤਰ ਦੇ ਮੁੱਖ ਦਰਵਾਜ਼ੇ ਤੋਂ ਉਹ ਅੰਦਰ ਨਹੀਂ ਜਾ ਸਕਦੇ ਸੀ, ਇਸ ਲਈ ਵਿਰੋਧ ਪ੍ਰਦਰਸ਼ਨ ਲਈ ਉਹ ਸਾਰੇ ਇਮਾਰਤ ਦੇ ਪਿਛਲੇ ਪਾਸੇ ਬਣੀ ਖੁੱਲੀ ਜਗ੍ਹਾ ’ਤੇ ਧਰਨੇ ’ਤੇ ਬੈਠ ਗਏ ਸੀ। ਜਦੋਂ ਲੱਗਿਆ ਕਿ ਉਹ ਹਟਣਗੇ ਨਹੀਂ ਤਾਂ ਪਿਛਲੇ ਦਰਵਾਜ਼ੇ ਤੋਂ ਹੀ ਇਕ ਅਧਿਕਾਰੀ ਦੋ ਸੁਰੱਖਿਆ ਕਰਮੀਆਂ ਨਾਲ ਉਨ੍ਹਾਂ ਨੂੰ ਸਮਝਾਉਣ ਲਈ ਬਾਹਰ ਆਇਆ। ਅਹਿਮਦ ਉਸ ਨਾਲ ਉਲ਼ਝਿਆ ਹੋਇਆ ਸੀ।

“ਤੁਸੀਂ ਸਾਨੂੰ ਐਪੁਆਇੰਟਮੈਂਟ ਨਹੀਂ ਦੇਂਦੇ, ਸਾਡੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ, ਸਾਡਾ ਕੇਸ ਕੰਸਿਡਰ ਨਹੀਂ ਕਰਦੇ, ਹਰ ਵਾਰ ਗੋਲਮੋਲ ਜਵਾਬ ਦੇਂਦੇ ਹੋ, ਸਿਰਫ਼ ਇਸ ਲਈ ਕਿਉਂਕਿ ਅਸੀਂ ਤੁਹਾਡੀ ਪਰਿਓਰਿਟੀ ’ਤੇ ਨਹੀਂ...” ਅਹਿਮਦ ਕਿਸੇ ਤਰ੍ਹਾਂ ਆਪਣੇ ਗੁੱਸੇ ਤੇ ਕਾਬੂ ਪਾਈ ਕਹਿ ਰਿਹਾ ਸੀ, “ਕਿਉਂਕਿ ਅਸੀਂ ਫਲਸਤੀਨੀ ਰਿਫਊਜੀ ਹਾਂ, ਕਿਉਂਕਿ ਅਸੀਂ ਕਈ ਪੀੜੀਆਂ ਤੋਂ ਰਿਫਊਜੀ ਹਾਂ, ਇਸ ਲਈ। ਤੁਸੀਂ ਦੂਜੇ ਦੇਸ਼ਾਂ ਦੇ ਸ਼ਰਨਾਰਥੀਆਂ ਨੂੰ ਤਰਜੀਹ ਦੇਵੋਗੇ ਸਾਨੂੰ ਅੰਦਰ ਵੀ ਨਹੀਂ ਆਉਣ ਦੇਂਦੇ, ਕਿਉਂ?”

ਬਾਕੀ ਸਾਰੇ ਵੀ ਬੇਚੈਨ ਹੋ ਰਹੇ ਸਨ। ਉਹ ਸਾਰੇ ਉਸ ਅਧਿਕਾਰੀ ਦੇ ਆਲ਼ੇ ਦੁਆਲ਼ੇ ਘੇਰਾ ਪਾਈ ਤੈਸ਼ ’ਚ ਬੋਲਣ ਲੱਗ ਪਏ। ਅਧਿਕਾਰੀ ਕੁਝ ਦੇਰ ਤਾਂ ਉਨ੍ਹਾਂ ਨੂੰ ਭਰੋਸਾ ਦੇਣ ਦੀ ਕੋਸ਼ਿਸ਼ ਕਰਦਾ ਰਿਹਾ, ਫੇਰ ਕਿਸੇ ਤਰ੍ਹਾਂ ਉਨ੍ਹਾਂ ਦੇ ਝੁੰਡ ’ਚੋਂ ਨਿੱਕਲ ਕੇ ਉਹ ਦਰਵਾਜ਼ੇ ਵੱਲ ਭੱਜ ਲਿਆ। ਸੁਰੱਖਿਆ ਕਰਮਚਾਰੀਆਂ ਨੇ ਦਰਵਾਜ਼ਾ ਬੰਦ ਕਰ ਦਿੱਤਾ। ਉਹ ਸਾਰੇ ਬੇਬਸੀ ਵਿੱਚ ਦਰਵਾਜ਼ੇ ਵੱਲ ਤੱਕਦੇ ਰਹਿ ਗਏ। ਅਹਿਮਦ ਨੇ ਗੁੱਸੇ ਨਾਲ ਆਪਣਾ ਪੈਰ ਜ਼ਮੀਨ ’ਤੇ ਪਟਕਿਆ ਤੇ ਬੋਝੇ ਚੋਣ ਸਿਗਰਟ ਕੱਢ ਕੇ ਲਾ ਲਈ।

ਦਰਅਸਲ ਉਨ੍ਹਾਂ ਦੇ ਸਬਰ ਦਾ ਬੰਨ੍ਹ ਹੁਣ ਟੁੱਟ ਚੁੱਕਾ ਸੀ। ਜਿਵੇਂ -ਜਿਵੇਂ ਸਮਾਂ ਬੀਤਦਾ ਜਾ ਰਿਹਾ ਸੀ, ਉਨ੍ਹਾਂ ਦੀਆਂ ਉਲਝਣਾਂ ਵੀ ਵਧਦੀਆਂ ਜਾ ਰਹੀਆਂ ਸਨ ਅਤੇ ਨਾਲ ਨਾਲ ਬੇਸਬਰੀ ਵੀ। ਉਨ੍ਹਾਂ ਦੇ ਰੋਹ ਦਾ ਮੁੱਖ ਕਾਰਨ ਇਹ ਸੀ ਕਿ ‘ਯੂ.ਐੱਨ. ਐਚ.ਸੀ.ਆਰ’’ ਦਾ ਵਤੀਰਾ ਉਨ੍ਹਾਂ ਦੇ ਪ੍ਰਤੀ ਇੰਨਾ ਰੁੱਖਾ ਤੇ ਸੰਵੇਦਨਹੀਣ ਕਿਉਂ ਹੈ? ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲੈ ਰਹੇ ਅਤੇ ਇੰਨੇ ਕਾਹਿਲ ਕਿਉਂ ਹਨ? ਜਦ ਕਿ ਉਨ੍ਹਾਂ ਦੀ ਮਾਲੀ ਹਾਲਤ ਇਹ ਸੀ ਕਿ ਜੋ ਕੁਝ ਵੀ ਬਚਿਆ-ਖੁਚਿਆ ਸੀ, ਉਹ ਵੀ ਖ਼ਰਚ ਹੋ ਚੁੱਕਾ ਸੀ ਅਤੇ ਆਮਦਨੀ ਦਾ ਕੋਈ ਸਾਧਨ ਨਹੀਂ ਸੀ। ਹੁਣ ਰੋਜ਼ ਦੇ ਜ਼ਰੂਰੀ ਖ਼ਰਚਿਆਂ ਲਈ ਵੀ ਮੁਸ਼ਕਿਲ ਹੋ ਰਹੀ ਸੀ। ਨਜੀਤਨ ਉਹ ਬੇਕਾਰੀ, ਤੰਗਹਾਲੀ, ਬਿਮਾਰੀ ਦੇ ਕੁਚੱਕਰ ’ਚ ਫਸੇ ਹੋਏ ਸਨ।

ਮੁਹੰਮਦ ਦੀ ਹਾਲਤ ਬੇਹੱਦ ਖ਼ਸਤਾ ਸੀ। ਉਹ ਕਿਸ਼ਨਗੜ੍ਹ ਫੱਤੇ ਪਹਿਲਵਾਨ ਦੇ ਘਰ ਵਿਚ ਆਪਣੀ ਪਤਨੀ ਤੇ ਦੋ ਪੁੱਤਰਾਂ ਨਾਲ ਰਹਿੰਦਾ ਸੀ। ਵੱਡਾ ਪੁੱਤਰ ਹਰ ਵੇਲ਼ੇ ਬੂਹਾ ਬੰਦ ਕੀਤੀ ਹਨੇਰੇ ਕਮਰੇ ’ਚ ਪਿਆ ਰਹਿੰਦਾ ਅਤੇ ਬਾਹਰ ਨਿਕਲਣ ਤੋਂ ਡਰਦਾ ਸੀ। ਉਸ ਨੂੰ ਖਾਣਾ ਦੇਣ ਲਈ ਵੀ ਵਾਰ ਵਾਰ ਬੂਹਾ ਖੜਕਾਉਣਾ ਪੈਂਦਾ ਸੀ। ਉਹ ਵਿਥ ਵਿੱਚੋਂ ਦੀ ਝਾਕਦਾ ਅਤੇ ਮੁਹੰਮਦ ਨੂੰ ਵੇਖ ਕੇ ਹੀ ਬੂਹਾ ਖੋਲ੍ਹਦਾ। ਉਸ ਦੀ ਇਹ ਹਾਲਤ ਉਦੋਂ ਤੋਂ ਸੀ ਜਦੋਂ ਇਰਾਕੀ ਮਿਲੀਸ਼ੀਅਨਾਂ ਨੇ ਉਨ੍ਹਾਂ ਦੇ ਘਰ ’ਤੇ ਹਮਲਾ ਕੀਤਾ ਅਤੇ ਉਸ ਦੀਆਂ ਅੱਖਾਂ ਸਾਹਮਣੇ ਉਸ ਦੇ ਚਾਚੇ ਨੂੰ ਗੋਲੀਆਂ ਨਾਲ ਛਨਣੀ ਕਰ ਦਿੱਤਾ ਸੀ।

ਮੁਹੰਮਦ ਦੀ ਪਤਨੀ ਦਵਾਈਆਂ ’ਤੇ ਜਿਉਂਦੀ ਸੀ ਅਤੇ ਕਿਸੇ ਤਰ੍ਹਾਂ ਸਰੀਰ ਨੂੰ ਸੰਭਾਲੀ, ਘਰ ਦਾ ਕੰਮ ਕਾਜ ਕਰਦੀ ਰਹਿੰਦੀ। ਇਸ ਘਰ ਵਿਚ ਮੰਜੇ-ਬਿਸਤਰੇ ਤੋਂ ਲੈ ਕੇ ਬਰਤਨ-ਭਾਂਡੇ ਤੱਕ ਜੋ ਕੁਝ ਵੀ ਸੀ, ਫੱਤੇ ਪਹਿਲਵਾਨ ਦਾ ਸੀ। ਮੁਹੰਮਦ ਪੂਰੀ ਤਰ੍ਹਾਂ ਕੰਗਾਲ ਹੋ ਚੁੱਕਾ ਸੀ ਅਤੇ ਉਸ ਕੋਲ ਬਿਮਾਰ ਪਤਨੀ ਲਈ ਦਵਾਈ ਖ਼ਰੀਦਣ ਤੱਕ ਦੇ ਪੈਸੇ ਨਹੀਂ ਸਨ। ਹਾਲਤ ਇਹ ਸੀ ਕਿ ਸਾਰਾ ਪਰਿਵਾਰ ਉਨ੍ਹਾਂ ਕੱਪੜਿਆਂ ’ਚ ਗੁਜ਼ਾਰਾ ਕਰ ਰਿਹਾ ਸੀ, ਜਿਹੜੇ ਦਸ ਮਹੀਨੇ ਪਹਿਲਾਂ ਬਗਦਾਦ ਤੋਂ ਭੱਜਦੇ ਹੋਏ ਉਹ ਪਾ ਕੇ ਆਏ ਸਨ ਅਤੇ ਜਿਹੜੇ ਹੁਣ ਪੂਰੀ ਤਰ੍ਹਾਂ ਛਿੱਜ ਚੁੱਕੇ ਸਨ।

ਯੂ.ਐੱਨ.ਐਚ.ਸੀ.ਆਰ ਦੇ ਦਫ਼ਤਰ ਦੇ ਬਾਹਰ ਹੋਏ ਹੰਗਾਮੇ ਤੋਂ ਬਾਅਦ ਅਹਿਮਦ ਅਤੇ ਮੈਂ ਮੁਹੰਮਦ ਦੇ ਨਾਲ ਹੀ ਉਸ ਦੇ ਘਰ ਆ ਗਏ ਸਾਂ। ਉਸ ਦਾ ਗੁੱਸਾ ਹਾਲੇ ਵੀ ਸ਼ਾਂਤ ਨਹੀਂ ਸੀ ਹੋਇਆ ਅਤੇ ਉਹ ਵਾਰ ਵਾਰ ਇਹੀ ਸਵਾਲ ਕਰ ਰਿਹਾ ਸੀ ਕਿ ਉਹ ਆਖ਼ਰ ਕਦੋਂ ਕਦ ਤੱਕ ਇੰਤਜ਼ਾਰ ਕਰਦਾ ਰਹੇ?

ਉਸ ਦੀ ਪਤਨੀ ਕਾਹਵਾ ਬਣਾ ਕੇ ਲੈ ਆਈ। ਉਸ ਦੇ ਚਿਹਰੇ ’ਤੇ ਉਹੋ-ਜਿਹੀ ਹੀ ਹਲਕੀ ਜਿਹੀ ਮੁਸਕਰਾਹਟ ਸੀ, ਜਿਹੜੀ ਹਰ ਸਮੇਂ ਬਣੀ ਰਹਿੰਦੀ ਸੀ। ਕੱਪ ਫੜਾਉਂਦੇ ਹੋਏ ਉਹ ਚੁਪਚਾਪ ਮੁਹੰਮਦ ਵੱਲ ਵੇਖਦੀ ਰਹੀ, ਫਿਰ ਉਸ ਦੇ ਮੋਢੇ ’ਤੇ ਹੱਥ ਫੇਰਨ ਲੱਗ ਪਈ। ਮੁਹੰਮਦ ਨੇ ਉਸ ਦਾ ਹੱਥ ਫੜ ਲਿਆ ਅਤੇ ਗੁੱਸੇ ਨਾਲ ਮੈਨੂੰ ਦੱਸਣ ਲੱਗਾ “ਦਵਾਈ, ਜ਼ਰੂਰਤ... ਵੱਡੀ ਜ਼ਰੂਰਤ... ! ਨੋ ਜ਼ੁਕਾਮ ..ਨੋ ਸਿਰ ਦਰਦ... ਨੋ ਬੁਖ਼ਾਰ। ਜ਼ਰੂਰਤ! ਨੋ ਦਵਾ... .ਸ਼ੀ ਡੈੱਡ! ਸ਼ੀ ਮਰ ਗਿਆ!”

ਮੈਂ ਚੰਗੀ ਤਰ੍ਹਾਂ ਸਮਝ ਰਿਹਾ ਸੀ ਕਿ ਉਹ ਕੀ ਕਹਿਣਾ ਚਾਹ ਰਿਹਾ ਹੈ? ਆਪ੍ਰੇਸ਼ਨ ਦੇ ਬਾਅਦ ਉਸ ਦੀ ਪਤਨੀ ਨੂੰ ਜਿਨ੍ਹਾਂ ਦਵਾਈਆਂ ਦੀ ਹਰ ਰੋਜ਼ ਜ਼ਰੂਰਤ ਸੀ, ਮੁਹੰਮਦ ਉਹ ਖ਼ਰੀਦਣ ਦੀ ਹਾਲਤ ’ਚ ਨਹੀਂ ਸੀ।

ਉਹ ਜਦੋਂ ਵੀ ਯੂ.ਐੱਨ.ਐਚ.ਸੀ. ਆਰ ਆਪਣੀ ਫ਼ਰਿਆਦ ਲੈ ਕੇ ਜਾਂਦਾ, ਉਸ ਨੂੰ ਇੱਕ ਹੀ ਜਵਾਬ ਮਿਲਦਾ—”ਇੰਤਜ਼ਾਰ ਕਰੋ।” ਇੰਤਜ਼ਾਰ ਕਰਦੇ ਕਰਦੇ ਲੰਮੀ -ਚੌੜੀ ਕੱਦ-ਕਾਠੀ ਵਾਲਾ ਮੁਹੰਮਦ ਹੁਣ ਇੰਨਾ ਬੇਬਸ ਅਤੇ ਵਿਚਾਰਾ ਬਣ ਚੁੱਕਾ ਸੀ ਕਿ ਖ਼ੁਦ ਆਪਣੀ ਹਾਲਤ ’ਤੇ ਬੌਂਦਲ ਜਾਂਦਾ ਸੀ।

“ਭੈਆ ਮੈਂ ਆਦਮੀ! …ਨੋ ਐਨੀਮਲ” ਉਸ ਨੇ ਕਿਹਾ ਫੇਰ ਮੈਨੂੰ ਸਵਾਲ ਕਰਨ ਲੱਗਾ “ਮੈਂ ਐਨੀਮਲ, ਸ਼ੀ ਐਨੀਮਲ?” ਫੇਰ ਉਹ ਅਹਿਮਦ ਨੂੰ ਦੱਸਣ ਲੱਗਾ ਕਿ ਸਿਰਫ਼ ਇਕ ਹਫਤਾ ਉਹ ਹੋਰ ਇੰਤਜ਼ਾਰ ਕਰੇਗਾ ਅਤੇ ਜੇਕਰ ਕੋਈ ਜਵਾਬ ਨਹੀਂ ਮਿਲਦਾ ਤਾਂ ਆਪਣੀ ਪਤਨੀ ਤੇ ਬੱਚਿਆਂ ਨੂੰ ਲੈ ਕੇ ਯੂ.ਐੱਨ. ਐਚ.ਸੀ ਆਰ ਦੇ ਦਫ਼ਤਰ ਦੇ ਬਾਹਰ ਸੜਕ ’ਤੇ ਬੈਠ ਜਾਵੇਗਾ। ਜਦੋਂ ਤੱਕ ਉਹ ਕੋਈ ਫ਼ੈਸਲਾ ਨਹੀਂ ਕਰਦੇ, ਉੱਥੋਂ ਹਿੱਲੇਗਾ ਨਹੀਂ। ਦਿਨ ਰਾਤ ਉੱਥੇ ਹੀ ਬੈਠਾ ਰਹੇਗਾ। ਉਂਝ ਵੀ ਉਹ ਇਥੇ ਮਰ ਰਹੇ ਹਨ, ਹੁਣ ਉਹ ਬਾਹਰ ਸੜਕ ’ਤੇ ਮਰਨਗੇ।

ਯੂ.ਐੱਨ.ਐਚ.ਸੀ.ਆਰ ਦੇ ਨਿਯਮਾਂ ਮੁਤਾਬਕ ਆਪਣੀ ਮਰਜ਼ੀ ਨਾਲ ਆਪਣੇ ਦੇਸ ਵਾਪਸ ਜਾਣਾ ਸ਼ਰਨਾਰਥੀ ਸਮੱਸਿਆ ਦਾ ਇੱਕ ਹੱਲ ਸੀ, ਪਰ ਸ਼ਰਨਾਰਥੀਆਂ ਨੂੰ ਉਸੇ ਸਥਿਤੀ ’ਚ ਵਾਪਸ ਭੇਜ ਸਕਦੇ ਸਨ ਜੇਕਰ ਉਨ੍ਹਾਂ ਦਾ ਵਾਪਸ ਜਾਣਾ ਸੁਰੱਖਿਅਤ ਹੋਵੇ ਅਤੇ ਜੇਕਰ ਉਸ ਦੇਸ ਦੀ ਮਨੁੱਖੀ ਅਧਿਕਾਰਾਂ ਦੇ ਹਨਨ ਦੀ ਸਥਿਤੀ ’ਚ ਸੁਧਾਰ ਹੋ ਚੁੱਕਾ ਹੋਵੇ। ਜਦਕਿ ਇਨ੍ਹਾਂ ਸ਼ਰਨਾਰਥੀਆਂ ਦੇ ਮਾਮਲੇ ’ਚ ਕੋਈ ਵੀ ਸ਼ਰਤ ਪੂਰੀ ਨਹੀਂ ਸੀ ਹੋ ਰਹੀ। ਇਰਾਕ ਵਿੱਚ ਹਾਲਾਤ ਬਦ ਤੋਂ ਬਦਤਰ ਹੋ ਰਹੇ ਸਨ। ਸੁੰਨੀ ਜਨਸੰਖਿਆ ਨੂੰ ਦੇਸ ਤੋਂ ਲਗਾਤਾਰ ਬਾਹਰ ਭਜਾਇਆ ਜਾ ਰਿਹਾ ਸੀ। ਇਸ ਲਈ ਨਾ ਤਾਂ ਉਨ੍ਹਾਂ ਨੂੰ ਵਾਪਸ ਇਰਾਕ ਭੇਜਿਆ ਜਾ ਸਕਦਾ ਸੀ ਤੇ ਨਾ ਹੀ ਭਾਰਤ ਸਰਕਾਰ ਦੇ ਕਨੂੰਨ ਮੁਤਾਬਕ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾ ਸਕਦੀ ਸੀ, ਕਿ ਉਹ ਇਥੇ ਵੱਸ ਜਾਣ। ਇਕ ਹੋਰ ਉਲ਼ਝਣ ਇਹ ਵੀ ਸੀ ਕਿ ਯੂ..ਐੱਨ.ਐਚ.ਸੀ.ਆਰ ਤਕਨੀਕੀ ਅਤੇ ਰਾਜਨੀਤਿਕ ਤੌਰ ’ਤੇ ਸ਼ਰਨਾਰਥੀਆਂ ਨੂੰ ਉਨ੍ਹਾਂ ਦੇ ਆਪਣੇ ਵਤਨ ਹੀ ਵਾਪਸ ਭੇਜ ਸਕਦੀ ਸੀ ਅਤੇ ਇਸ ਮਾਮਲੇ ’ਚ ਉਨ੍ਹਾਂ ਦਾ ਵਤਨ ਫਲਸਤੀਨ ਸੀ, ਇਰਾਕ ਨਹੀਂ। ਅਤੇ ਇਨ੍ਹਾਂ ਸ਼ਰਨਾਰਥੀਆਂ ਕੋਲ ਇਹ ਅਧਿਕਾਰ ਵੀ ਨਹੀਂ ਸੀ ਕਿ ਮੁੜ ਵਸੇਬੇ ਲਈ ਉਹ ਕਿਸੇ ਹੋਰ ਦੇਸ਼ ਦੀ ਚੋਣ ਕਰ ਸਕਣ।

ਕੁੱਲ ਮਿਲਾ ਕੇ ਨਤੀਜਾ ਇਹੀ ਨਿਕਲਦਾ ਸੀ ਕਿ ਨਾ ਤਾਂ ਇਹ ਅਭਾਗੇ ਖ਼ੁਦ ਕੁਝ ਕਰ ਸਕਣ ਦੀ ਹਾਲਤ ’ਚ ਸਨ, ਨਾ ਹੀ ਕੋਈ ਹੋਰ ਉਨ੍ਹਾਂ ਵਾਸਤੇ ਕੁਝ ਕਰਨ ਲਈ ਤਿਆਰ ਸੀ। ਸਾਰਿਆਂ ਕੋਲ ਆਪਣੇ ਆਪਣੇ ਕਾਇਦੇ-ਕਨੂੰਨ ਸਨ। ਸਾਰੇ ਤਰਕਸ਼ੀਲ ਸਨ। ਸਭ ਦੇ ਕੋਲ ਕਾਰਨ ਸਨ। ਸਾਰੇ ਜਾਇਜ਼ ਸਨ। ਸਭ ਦਾ ਮਨੋਰਥ ਮਨੁੱਖੀ ਅਧਿਕਾਰਾਂ ਦੀ ਰੱਖਿਆ ਅਤੇ ਮਨੁੱਖੀ ਜੀਵਨ ਦੇ ਗੌਰਵ ਨੂੰ ਬਰਕਰਾਰ ਰੱਖਣਾ ਸੀ। ਫੇਰ ਵੀ ਇਹ ਲੋਕ ਉਨ੍ਹਾਂ ਦੀ ਨਜ਼ਰ ਦੇ ਦਾਇਰੇ ਤੋਂ ਬਾਹਰ ਸਨ। ਜਾਂ ਇਹ ਮਨੁੱਖ ਸੀ ਹੀ ਨਹੀਂ?

ਦਰਅਸਲ ਉਹ ਸਿਰਫ਼ ਸ਼ਤਰੰਜ ਦੇ ਮੋਹਰੇ ਸਨ। ਖੇਤਰੀ, ਰਾਸ਼ਟਰੀ, ਅੰਤਰ-ਰਾਸ਼ਟਰੀ ਰਾਜਨੀਤੀ ਅਤੇ ਡਿਪਲੋਮੇਸੀ ਦੇ ਖੇਡ ਦੀ ਬਿਸਾਤ ’ਤੇ ਰੱਖੇ ਹੋਏ ਮੋਹਰੇ! ਇਹ ਮੋਹਰੇ ਖ਼ੁਦ ਆਪਣੀ ਮਰਜ਼ੀ ਨਾਲ ਨਹੀਂ ਚੱਲ ਸਕਦੇ ਸਨ। ਉਨ੍ਹਾਂ ਨੂੰ ਅਲੱਗ ਅਲੱਗ ਤਰ੍ਹਾਂ ਦੀਆਂ ਅਦ੍ਰਿਸ਼ ਤਾਕਤਾਂ ਜਦੋਂ ਚਾਹੁਣ, ਜਿਸ ਤਰ੍ਹਾਂ ਚਾਹੁਣ, ਆਪਣੀ ਅਗਲੀ ਚਾਲ ਦੇ ਮੁਤਾਬਕ ਚਲਾਉਂਦੀਆਂ ਸਨ।

ਫਿਰ ਭਲਾ ਅਹਿਮਦ, ਜਿਹੜਾ ਆਪਣੇ ਪਰਿਵਾਰ, ਆਪਣੇ ਸ਼ਹਿਰ ਆਪਣੇ ਦੇਸ ਅਤੇ ਖ਼ੁਦ ਆਪ ਨੂੰ ਲੈ ਕੇ ਜਿਨ੍ਹਾਂ ਸਵਾਲਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ, ਉਨ੍ਹਾਂ ਦਾ ਜਵਾਬ ਕਿਵੇਂ ਲੱਭਦਾ? ਉਹ ਕਿਵੇਂ ਸਮਝ ਸਕਦਾ ਕਿ ਇਕ ਨਾਗਰਿਕ ਕਿਵੇਂ ਅਤੇ ਕਿਉਂ ਇਕ ਸ਼ਰਨਾਰਥੀ ਵਿਚ ਤਬਦੀਲ ਹੋ ਜਾਂਦਾ ਹੈ? ਕਿ ਇਸ ਸ਼ਿਸ਼ਟ-ਸਭਿਅ ਦੁਨੀਆ ਵਿੱਚ ਨਾਗਰਿਕਾਂ ਦੀ ਗਿਣਤੀ ਘਟਦੀ ਕਿਉਂ ਜਾ ਰਹੀ ਹੈ ਅਤੇ ਸ਼ਰਨਾਰਥੀਆਂ ਦੀ ਤਾਦਾਦ ਲਗਾਤਾਰ ਵਧਦੀ ਹੀ ਕਿਉਂ ਜਾ ਰਹੀ ਹੈ? ਕਿ ਆਪਣੇ ਘਰਾਂ ਤੋਂ ਉੱਜੜ ਕੇ ਕਰੋੜਾਂ ਲੋਕ ਖੁੱਲ੍ਹੇ ਅਸਮਾਨ ਦੇ ਥੱਲੇ ਟੈਂਟਾਂ ’ਚ ਕਿਉਂ ਪਏ ਨੇ? ਉਹ ਕਿਉਂ, ਨਾ ਇਸ ਦੇਸ ਦੇ ਹਨ ਨਾ ਉਸ ਦੇਸ ਦੇ ਅਤੇ ਸਰਹੱਦਾਂ ਦੇ ਬਾਹਰ ਇਸ ਇੰਤਜ਼ਾਰ ’ਚ ਖੜ੍ਹੇ ਹਨ ਕਿ ਕਦ ਉਨ੍ਹਾਂ ਨੂੰ ਕੋਈ ਅੰਦਰ ਬੁਲਾਵੇ?

ਅਹਿਮਦ ਹੁਣ ਸਿਰਫ਼ ਇਕ ਸਵਾਲ ਸੀ। ਸਿਰ ਤੋਂ ਪੈਰ ਤੱਕ ਇਕ ਧੁਖਦਾ ਹੋਇਆ ਸਵਾਲ। ਆਪਣੇ ਲਈ ਵੀ ਅਤੇ ਦੂਸਰਿਆਂ ਲਈ ਵੀ। ਉਹ ਹਰ ਵਕਤ ਖ਼ੁਦ ਵੀ ਬੇਚੈਨ ਸੀ ਅਤੇ ਦੂਜਿਆਂ ਦਾ ਚੈਨ ਵੀ ਖੋਂਹਦਾ ਸੀ। ਆਪਣੇ ਵਜੂਦ ਦਾ ਨਾ ਤਾਂ ਉਸ ਕੋਲ ਕੋਈ ਜਵਾਬ ਸੀ, ਨਾ ਕਿਸੇ ਦੂਸਰੇ ਕੋਲ ਉਸ ਦਾ ਕੋਈ ਹੱਲ। ਉਹ ਆਪਣੇ ਖ਼ੁਦਾ ਤੋਂ ਪੁੱਛਦਾ ਸੀ ਕਿ ਉਸ ਨੇ ਇਸ ਦੁਨੀਆ ਵਿਚ ਉਸ ਨੂੰ ਕਿਉਂ ਭੇਜਿਆ ਹੈ? ਉਹ ਇਥੇ ਕੀ ਕਰ ਰਿਹਾ ਹੈ? ਉਸ ਦੀ ਹੋਂਦ ਦਾ ਮਤਲਬ ਕੀ ਹੈ? ਕੀ ਇਹ, ਕਿ ਕਿਸੇ ਤਰ੍ਹਾਂ ਆਪਣਾ ਢਿੱਡ ਭਰ ਕੇ ਇਕ ਅਨਜਾਣ ਜਗ੍ਹਾ ਅਤੇ ਦੇਸ ਵਿਚ ਕੁਝ ਅਜਿਹਾ ਹੋਣ ਦੇ ਇੰਤਜ਼ਾਰ ’ਚ ਪਿਆ ਰਹੇ ਜਿਹੜਾ ਬਿਲਕੁਲ ਅਨਿਸ਼ਚਿਤ ਹੈ? ਇਨ੍ਹਾਂ ਤਮਾਮ ਸਵਾਲਾਂ ਦਾ ਉਸ ਨੂੰ ਕੋਈ ਜਵਾਬ ਨਾ ਮਿਲਦਾ। ਉਹ ਜਿਵੇਂ ਕਿ ਜੰਮਿਆ ਹੀ ਇਸ ਲਈ ਸੀ ਕਿ ਦੁਨੀਆ ਦੇ ਇਸ ਸਿਰੇ ਤੋਂ ਉਸ ਸਿਰੇ ਤੱਕ ਸਵਾਲ ਬਣ ਕੇ ਘੁੰਮਦਾ ਰਹੇ ਅਤੇ ਹਰ ਸਭਿਅਕ, ਅਤੇ ਸੁਸ਼ਿਕਸ਼ਿਤ ਮਨੁੱਖ ਨੂੰ ਸ਼ਰਮਿੰਦਾ ਕਰ ਸਕੇ!

ਅਹਿਮਦ ਨੇ ਹੁਣ ਆਪਣੇ ਆਪ ਨੂੰ ਹਰ ਪਾਸਿਓਂ ਲਪੇਟ ਕੇ ਬੰਦ ਕਰ ਲਿਆ। ਉਸ ਦੇ ਸਿਰ ’ਤੇ ਬਸ ਇੱਕੋ ਧੁਨ ਸਵਾਰ ਹੋ ਗਈ। ਉਹ ਕਿਸੇ ਵੀ ਕੀਮਤ ’ਤੇ ਬਗਦਾਦ ਵਾਪਸ ਜਾਣਾ ਚਾਹੁੰਦਾ ਸੀ। ਉਸ ਨੂੰ ਲੱਗਦਾ ਸੀ ਕਿ ਉਸ ਦੇ ਸਾਰੇ ਸਵਾਲਾਂ ਦਾ ਜਵਾਬ ਉੱਥੇ ਹੀ ਮਿਲ ਸਕਦਾ ਹੈ। ਇਕ ਵਾਰ ਜਦੋਂ ਮੈਂ ਉਸ ਦੇ ਕਮਰੇ ’ਚ ਗਿਆ ਤਾਂ ਉਹ ਨਿਢਾਲ ਜਿਹਾ ਪਿਆ ਛੱਤ ਨੂੰ ਘੂਰ ਰਿਹਾ ਸੀ। ਰੋਜ਼ੇ ਚਲ ਰਹੇ ਸਨ। ਅਹਿਮਦ ਨੇ ਕੁਝ ਵੀ ਖਾਧਾ-ਪੀਤਾ ਨਹੀਂ ਸੀ। ਵੈਸੇ ਵੀ ਬੜਾ ਕਮਜ਼ੋਰ ਜਿਹਾ ਲੱਗ ਰਿਹਾ ਸੀ। “ਮੈਂ ਵਾਪਸ ਬਗਦਾਦ ਜਾਣਾ ਹੈ।” ਕੁਝ ਦੇਰ ਬਾਅਦ ਉਸ ਨੇ ਭਰੇ ਗਲੇ ਨਾਲ ਕਿਹਾ ਅਤੇ ਮੂੰਹ ਫੇਰ ਲਿਆ। ਉਹ ਨਹੀਂ ਚਾਹੁੰਦਾ ਸੀ ਕਿ ਮੈਂ ਉਸ ਦੇ ਅੱਥਰੂ ਵੇਖਾਂ। ਅਸੀਂ ਉਸ ਦੇ ਕਮਰੇ ਦੀ ਬਾਲਕੋਨੀ ’ਚ ਰੇਲਿੰਗ ਦੇ ਕੋਲ ਖੜ੍ਹੇ ਸਾਂ। ਮੈਂ ਕੁਝ ਨਾ ਬੋਲਿਆ, ਉਸ ਦੀ ਪਿੱਠ ਥਾਪੜ ਕੇ ਥੱਲੇ ਗਲੀ ’ਚ ਵੇਖਣ ਲੱਗਾ ਜਿਥੇ ਕੁਝ ਬੱਚੇ ਖੇਡ ਰਹੇ ਸਨ। “ਪਰ ਤੂੰ ਜਾਣਦਾ ਏਂ, ਉੱਥੇ ਕੀ ਹਾਲਾਤ ਹਨ... ਤੂੰ ਕਿੱਦਾਂ... ” ਕੁਝ ਦੇਰ ਬਾਅਦ ਮੈਂ ਕਹਿਣਾ ਚਾਹਿਆ।

“ਮੈਂ ਜਾਣਦਾ ਹਾਂ ਉੱਥੇ ਮੇਰੀ ਜਾਨ ਨੂੰ ਖ਼ਤਰਾ ਹੈ, ਪਰ ਮੈਂ ਉੱਥੇ ਵਾਪਸ ਜਾਣਾ ਚਾਹੁੰਦਾ ਹਾਂ ਜਿੱਥੇ ਪੈਦਾ ਹੋਇਆ ਸਾਂ। “ਮੇਰੀ ਗੱਲ ਕੱਟ ਕੇ ਉਸ ਨੇ ਬੜੀ ਬੇਚਾਰਗੀ ਨਾਲ ਕਿਹਾ, “ਮੈਂ ਉਨ੍ਹਾਂ ਗਲੀਆਂ ’ਚ ਜਾਣਾ ਚਾਹੁੰਦਾ ਹਾਂ ਜਿੱਥੇ ਮੈਂ ਵੱਡਾ ਹੋਇਆ, ਮੈਂ ਆਪਣੇ ਮਾਂ ਬਾਪ ਨੂੰ ਲੱਭਣਾ ਚਾਹੁੰਦਾ ਹਾਂ, ਉਨ੍ਹਾਂ ਨੂੰ ਮਿਲਣਾ ਚਾਹੁੰਦਾ ਹਾਂ... ..ਕੀ ਹੋਵੇਗਾ, ਮੈਨੂੰ ਗੋਲੀ ਮਾਰ ਦੇਣਗੇ? ਪਰ ਇਥੇ ਵੀ ਤਾਂ ਮੈਂ ਸਲੋਲੀ ਮਰ ਰਿਹਾ ਹਾਂ। ਮੈਂ ਇਥੇ ਇਸ ਤਰ੍ਹਾਂ ਨਹੀਂ ਮਰਨਾ। ਮੈਨੂੰ ਗੋਲੀ ਖਾ ਕੇ ਮਰਨਾ ਮਨਜ਼ੂਰ ਹੈ। ਕਵਿਕ ਡੈਥ! ਉੱਥੇ ਹੋ ਸਕਦਾ ਹੈ ਇੱਕ ਦੋ ਦਿਨਾਂ ’ਚ ਮਰ ਜਾਵਾਂ। ਇਥੇ ਇਕ ਦੋ ਮਹੀਨਿਆਂ ਬਾਅਦ ਮਰ ਜਾਵਾਂਗਾ। ਬਸ ਇੰਨਾ ਹੀ ਤੇ ਫ਼ਰਕ ਹੈ।”

“ਪਰ ਤੂੰ ਉੱਥੇ ਜਾਵੇਂਗਾ ਕਿਵੇਂ?” ਮੈਂ ਪੁੱਛਿਆ, “ਨਾ ਤਾਂ ਯੂ.ਐੱਨ.ਐਚ.ਸੀ.ਆਰ ਤੈਨੂੰ ਭੇਜ ਸਕਦੀ ਹੈ, ਨਾ ਤੇਰੇ ਕੋਲ ਪਾਸਪੋਰਟ ਹੈ ਤੇ ਨਾ ਕਿਸੇ ਸਮਗਲਰ ਨੂੰ ਦੇਣ ਲਈ ਪੈਸੇ... ”

“ਮੈਂ ਕਿਸੇ ਵੀ ਤਰ੍ਹਾਂ ਵੀ ਉੱਥੇ ਜਾਵਾਂਗਾ... ਕਿਸੇ ਵੀ ਤਰ੍ਹਾਂ।” ਉਸ ਨੇ ਜਿਵੇਂ ਜ਼ਿਦ ’ਚ ਆ ਕੇ ਕਿਹਾ। ਮੈਂ ਕੁਝ ਬੋਲ ਨਾ ਸਕਿਆ। ਦਰਅਸਲ ਕਹਿਣ ਨੂੰ ਕੁਝ ਸੀ ਵੀ ਨਹੀਂ। ਮੈਨੂੰ ਸਮਝ ਆ ਗਿਆ ਸੀ ਕਿ ਅਹਿਮਦ ਖ਼ੁਦ ਨੂੰ ਉੱਥੇ ਤੱਕ ਖਿੱਚ ਕੇ ਲੈ ਆਇਆ ਹੈ, ਜਿਹੜੀ ਹੁਣ ਆਰ ਜਾਂ ਪਾਰ ਦੀ ਸਥਿਤੀ ਹੈ। ਵਿਚਲੇ ਰਸਤੇ ਅਤੇ ਉਮੀਦਾਂ ਉਸ ਦੇ ਲਈ ਬੇਮਾਅਨੀ ਹੋ ਚੁੱਕੀਆਂ ਹਨ। ਉਸ ਦੀਆਂ ਸਭ ਇੰਦਰੀਆਂ ਹੁਣ ਇੱਕੋ ਦਿਸ਼ਾ ਵੱਲ ਇਕਾਗਰ ਸਨ, ਜਿਹੜੀ ਸਿੱਧੀ ਬਗਦਾਦ ਤਕ ਲੈ ਜਾਂਦੀ ਹੈ। ਇਹ ਸਥਿਤੀ ਹੋਰ ਵੀ ਕਸ਼ਟਭਰੀ ਸੀ, ਕਿਉਂਕਿ ਇਸ ਵਿਚ ਉਸ ਦੀ ਬੇਬਸੀ ਦੀ ਚੋਭ ਕੇਂਦਰਤ ਹੋ ਕੇ ਹੋਰ ਵੀ ਤਿੱਖੀ ਹੋ ਗਈ ਸੀ। ਉਸ ਨੂੰ ਲੱਗਦਾ ਸੀ ਜਿਵੇਂ ਉਸ ਨੂੰ ਕਿਸੇ ਖ਼ਲਾਅ ’ਚ ਬੰਦ ਕਰ ਦਿੱਤਾ ਹੋਵੇ। ਕਿਸੇ ਘੇਰਾਬੰਦੀ ’ਚ ਕੈਦ ਕਰ ਦਿੱਤਾ ਹੋਵੇ। ਇਹੋ ਜਿਹੀ ਘੇਰਾਬੰਦੀ, ਜਿਸ ਵਿਚ ਫਸਿਆ ਹੋਇਆ ਉਹ ਸਿਰ ਤੋਂ ਪੈਰ ਤੱਕ ਅਦਿੱਖ ਜ਼ੰਜੀਰਾਂ ਨਾਲ ਇਸ ਤਰ੍ਹਾਂ ਜਕੜਿਆ ਹੋਇਆ ਹੈ ਕਿ ਹਿੱਲ ਜੁੱਲ ਵੀ ਨਹੀਂ ਸਕਦਾ। ਉਹ ਅਕਸਰ ਮਹਿਮੂਦ ਦਰਵੇਸ਼ ਦੀ ਕਵਿਤਾ ਦੀਆਂ ਸਤਰਾਂ ਦੁਹਰਾਉਂਦਾ :

‘ਘੇਰਾਬੰਦੀ, ਇੰਤਜ਼ਾਰ ਦੀ ਇਕ ਮਿਆਦ ਹੈ
ਤੂਫ਼ਾਨ ਵਿਚ ਅਟਕੀ ਹੋਈ ਇਕ ਟੇਢੀ ਪੌੜੀ ’ਤੇ
ਇੰਤਜ਼ਾਰ!”

ਬਾਕੀ ਸਾਰੇ ਵੀ ਇਸੇ ਘੇਰਾਬੰਦੀ ਵਿਚ ਜਕੜੇ ਹੋਏ ਸਨ। ਬਸ ਸਾਰੇ ਇੰਤਜ਼ਾਰ ਹੀ ਕਰ ਰਹੇ ਸਨ। ਲਗਾਤਾਰ ਇੰਤਜ਼ਾਰ। ਅੰਤਹੀਣ ਇੰਤਜ਼ਾਰ। ਹਨੇਰੇ ਕਮਰਿਆਂ ’ਚ ਬੰਦ। ਯੂ.ਐੱਨ.ਐਚ ਸੀ.ਆਰ ਦਫ਼ਤਰ ਦੇ ਬਾਹਰ ਸੜਕ ’ਤੇ ਬੈਠੇ। ਜ਼ਮੀਨ ਅਤੇ ਅਸਮਾਨ ਵਿਚ ਅਟਕੇ ਹੋਏ।

ਮੈਂ ਦਿੱਲੀ ਤੋਂ ਕੁਝ ਅਰਸਾ ਬਾਹਰ ਰਿਹਾ। ਜਦੋਂ ਵਾਪਸ ਆਇਆ ਤਾਂ ਕਈ ਤਰ੍ਹਾਂ ਦੇ ਕੰਮਾਂ ’ਚ ਉਲ਼ਝਿਆ ਰਿਹਾ, ਇਸ ਲਈ ਅਹਿਮਦ ਅਤੇ ਉਸ ਦੇ ਸਾਥੀਆਂ ਨੂੰ ਮਿਲ ਨਾ ਸਕਿਆ। ਇਸੇ ਤਰ੍ਹਾਂ ਤਿੰਨ ਮਹੀਨੇ ਬੀਤ ਗਏ। ਇਕ ਦਿਨ ਅਹਿਮਦ ਨੂੰ ਫੋਨ ਮਿਲਾਇਆ। ਕਈ ਵਾਰ ਕੋਸ਼ਿਸ਼ ਕੀਤੀ ਪਰ ਹਰ ਵਾਰ ਫੋਨ ਸਵਿੱਚ ਆਫ ਮਿਲਿਆ। ਸ਼ਾਇਦ ਉਸ ਨੇ ਨੰਬਰ ਬਦਲ ਲਿਆ ਹੋਵੇ, ਮੈਂ ਸੋਚਿਆ। ਮੈਂ ਮਾਲਵੀਆ ਨਗਰ ਉਸ ਦੇ ਕਮਰੇ ਵੱਲ ਗਿਆ, ਪਰ ਨਾ ਤਾਂ ਉਹ ਉੱਥੇ ਰਹਿੰਦਾ ਸੀ ਨਾ ਉਸ ਬਾਰੇ ਕੋਈ ਖ਼ਬਰ ਮਿਲੀ। ਮੈਨੂੰ ਲੱਗਿਆ ਅਹਿਮਦ ਜਿਸ ਘੇਰਾਬੰਦੀ ਵਿਚ ਜਕੜਿਆ ਕਸਮਸਾ ਰਿਹਾ ਸੀ, ਉਸ ਨੂੰ ਤੋੜਨ ’ਚ ਕਾਮਯਾਬ ਹੋ ਗਿਆ ਹੈ। ਜ਼ਰੂਰ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਬਗਦਾਦ ਪਹੁੰਚ ਹੀ ਗਿਆ ਹੋਵੇਗਾ। ਹੋ ਸਕਦਾ ਕਿ ਉਸ ਨੂੰ ਆਪਣਾ ਪਰਿਵਾਰ ਮਿਲ ਗਿਆ ਹੋਵੇ ਅਤੇ ਉਹ ਉਨ੍ਹਾਂ ਨਾਲ ਹੋਵੇ। ਮੈਨੂੰ ਇਸ ਤਰ੍ਹਾਂ ਦੇ ਸੰਤੋਖ ਦੀ ਅਨੁਭੂਤੀ ਹੋਈ ਜਿਵੇਂ ਕਿ ਇਸ ਕੰਮ ਵਿਚ ਮੇਰਾ ਵੀ ਕੋਈ ਹੱਥ ਹੋਵੇ। ਪਰ ਕਿ ਸੱਚੀ ਇਸੇ ਤਰ੍ਹਾਂ ਹੋਇਆ ਹੈ? ਮੈਂ ਤੈਅ ਕੀਤਾ ਕਿ ਕਿਸ਼ਨਗੜ੍ਹ ਜਾ ਕੇ ਮੁਹੰਮਦ ਤੋਂ ਸਾਰੀ ਜਾਣਕਾਰੀ ਲਵਾਂ।

ਕਿਸ਼ਨਗੜ੍ਹ ਮੁੱਖ ਚੌਰਾਹੇ ’ਤੇ ਪਹੁੰਚਿਆ ਹੀ ਸੀ ਕਿ ਸਾਹਮਣੇ ਇਕ ਫਲਸਤੀਨੀ ਸਾਈਕਲ ’ਤੇ ਆਉਂਦਾ ਵਿਖਾਈ ਦਿੱਤਾ। ਮੈਂ ਉਸ ਨੂੰ ਜ਼ੋਰ ਬਾਗ਼ ਧਰਨੇ ’ਤੇ ਬੈਠਾ ਵੇਖਿਆ ਸੀ ਇਸ ਲਈ ਪਛਾਣ ਗਿਆ। ਉਸ ਨੂੰ ਰੋਕ ਕੇ ਮੈਂ ਅਹਿਮਦ ਬਾਰੇ ਪੁੱਛ ਗਿੱਛ ਕੀਤੀ।

“ਅਹਿਮਦ?” ਉਹ ਕੁਝ ਸੋਚਣ ਲੱਗਾ “ਵਿੱਚ ਅਹਿਮਦ?” ਉਸ ਨੇ ਪੁੱਛਿਆ-

“ਦੈਟ ਟਾਲ ਯੰਗ ਮੈਨ... ” ਮੈਂ ਉਸ ਦੇ ਡੀਲ ਡੌਲ ਬਾਰੇ ਦੱਸਦੇ ਹੋਏ ਕਿਹਾ-

“ਯਸ ਯਸ, ਅਹਿਮਦ ਮਨਸੂਰ ਹੀ... ..”

“ਨੋ... ”ਮੈਂ ਉਸ ਦੀ ਗੱਲ ਕੱਟ ਕੇ ਸਪਸ਼ਟ ਕੀਤਾ, “ਨਾਟ ਮਨਸੂਰ, ਅਹਿਮਦ ਅਲ ਹਲੋ... ਹੈਂਡਸਮ ਯੰਗ ਮੈਨ... .”

“ਅਹਿਮਦ ਅਲ-ਹਲੋ?” ਉਸ ਨੇ ਤ੍ਰਭਕ ਕੇ ਪੁੱਛਿਆ, “ਸਪੀਕਿੰਗ ਇੰਗਲਿਸ਼ ਵੈਰੀ ਗੁੱਡ?”

ਅਤੇ ਹੈਰਾਨੀ ਨਾਲ ਮੈਨੂੰ ਵੇਖਣ ਲੱਗਾ।

“ਯਸ, ਆਈ ਐਮ ਲੁਕਿੰਗ ਫ਼ਾਰ ਅਹਿਮਦ ਅਲ-ਹਲੋ” ਮੈਂ ਉਤਾਵਲਤਾ ’ਚ ਕਿਹਾ। ਉਹ ਹਾਲ਼ੇ ਵੀ ਮੈਨੂੰ ਹੈਰਾਨੀ ਨਾਲ ਵੇਖੀ ਜਾ ਰਿਹਾ ਸੀ। ਫੇਰ ਉਸ ਨੇ ਹੱਥ ਝਾੜ ਦਿੱਤੇ ਅਤੇ ਅਫਸੋਸ ’ਚ ਸਿਰ ਹਿਲਾਉਣ ਲੱਗਾ “ਯੂ ਡੋਂਟ ਨੋ?... .ਅਹਿਮਦ ਇਜ਼ ਡੈੱਡ!”

“ਵਆਟ?” ਮੈਨੂੰ ਆਪਣੇ ਕੰਨਾਂ ’ਤੇ ਵਿਸ਼ਵਾਸ ਨਾ ਹੋਇਆ। “ਅਹਿਮਦ ਅਲ- ਹਲੋ?” ਮੈਂ ਫੇਰ ਜ਼ੋਰ ਨਾਲ ਪੁੱਛਿਆ।

“ਯਸ, ਵੋ ਮਰ ਗਿਆ! ਹੀ ਸਿਟ ਯੂ.ਐੱਨ.ਐਚ.ਸੀ.ਆਰ ਆਫਿਸ... ਇਕ ਹਫਤਾ। ਬਿਮਾਰ ਹੋ ਗਿਆ। ਡੈੱਡ! ਗੋਇੰਗ ਨੋ ਵੇਅਰ। ਦਫ਼ਨ ਹੋ ਗਿਆ ਇਸ ਜ਼ਮੀਨ ਮੇਂ।”

ਉਸ ਨੇ ਜ਼ਮੀਨ ਵੱਲ ਦੋਵੇਂ ਹੱਥ ਫਲਾਅ ਕੇ ਕਿਹਾ “ਸਭ ਖ਼ਤਮ!”

ਮੈਨੂੰ ਉਸ ਦੀ ਗੱਲ ’ਤੇ ਹਾਲ਼ੇ ਵੀ ਯਕੀਨ ਨਹੀਂ ਸੀ ਹੋ ਰਿਹਾ। ਹਾਲ਼ੇ ਵੀ ਲੱਗ ਰਿਹਾ ਸੀ ਕਿ ਉਹ ਅਹਿਮਦ ਨਹੀਂ, ਕਿਸੇ ਹੋਰ ਬਾਰੇ ਦੱਸ ਰਿਹਾ ਹੈ। ਅਹਿਮਦ ਇਸ ਤਰ੍ਹਾਂ ਕਿਵੇਂ ਖ਼ਤਮ ਹੋ ਸਕਦਾ ਹੈ? ਇਸ ਧਰਤੀ ਤੋਂ ਉਹ ਇਵੇਂ ਕਿਵੇਂ ਅਦ੍ਰਿਸ਼ ਹੋ ਸਕਦਾ ਹੈ? ਜ਼ਰੂਰ ਇਸ ਨੂੰ ਕੋਈ ਗ਼ਲਤਫ਼ਹਿਮੀ ਹੋਈ ਹੈ।

ਉਸ ਨੂੰ ਨਾਲ ਲੈ ਕੇ ਮੈਂ ਖਿੜਕੀ ਇਲਾਕੇ ਦੇ ਉਸ ਕਬਰਿਸਤਾਨ ਗਿਆ ਜਿਸ ਦਾ ਉਸ ਨੇ ਜ਼ਿਕਰ ਕੀਤਾ ਸੀ। ਤੰਗ, ਘੁੰਮਣਘੇਰੀਆਂ ਵਾਲੀਆਂ ਗਲੀਆਂ ਲੰਘ ਕੇ ਉੱਥੇ ਇਕ ਪੁਰਾਣੀ ਮਸਜਿਦ ਸੀ, ਜਿਸ ਦੀ ਪਿਛਲੀ ਕੰਧ ਨਾਲ ਜੁੜਿਆ ਇਕ ਕਬਰਿਸਤਾਨ ਸੀ। ਆਦਮੀ ਮਸਜਿਦ ਦੇ ਇਕ ਕਰਿੰਦੇ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਮੈਂ ਉਸ ਦੇ ਪਿੱਛੇ ਨੀਵੀਂ ਪਾਈ ਇਸ ਤਰ੍ਹਾਂ ਖੜ੍ਹਾ ਸੀ ਜਿਵੇਂ ਕਿਸੇ ਨਲੈਕ ਵਿਦਿਆਰਥੀ ਦਾ ਨਤੀਜਾ ਸੁਣਾਇਆ ਜਾਣ ਵਾਲਾ ਹੋਵੇ। ਕਰਿੰਦਾ ਫਾਟਕ ’ਤੇ ਲੱਗਾ ਤਾਲਾ ਖੋਲ੍ਹਣ ਲਈ ਨਾਲ ਆ ਗਿਆ।

ਅੰਦਰ ਹਰ ਪਾਸੇ ਕਬਰਾਂ ਸਨ। ਪੁਰਾਣੀਆਂ, ਟੁੱਟੀਆਂ ਹੋਈਆਂ, ਜਿਨ੍ਹਾਂ ’ਤੇ ਬੂਝੇ, ਸਲਵਾੜ ਉੱਗੀ ਹੋਈ ਸੀ। ਵਿਚਕਾਰ ਬਣੇ ਹੋਏ ਰਸਤਿਆਂ ’ਤੇ ਸੁੱਕੇ ਪੱਤੇ ਖਿੱਲਰੇ ਪਏ ਸਨ। ਪੈਰਾਂ ਥੱਲੇ ਕਚਰ ਕਚਰ ਕਰਦੇ। ਮੈਂ ਹਾਲ਼ੇ ਵੀ ਨਾ-ਉਮੀਦ ਨਹੀਂ ਸੀ ਹੋਇਆ। ਸੱਜੇ-ਖੱਬੇ ਦੇਖੇ ਬਿਨਾਂ ਨਜ਼ਰਾਂ ਆਪਣੇ ਅੱਗੇ ਤੁਰ ਰਹੇ ਆਦਮੀ ’ਤੇ ਟਿਕਾਈ, ਇੰਝ ਅੱਗੇ ਵਧ ਰਿਹਾ ਸੀ ਜਿਵੇਂ ਉਹ ਮੈਨੂੰ ਜਿੱਥੇ ਲੈ ਕੇ ਜਾ ਰਿਹਾ ਹੈ, ਉਸ ਕਬਰ ਤੋਂ ਉੱਠ ਕੇ ਕੋਈ ਉਸ ਨੂੰ ਦੱਸਣ ਵਾਲਾ ਹੋਵੇ ਕਿ ਬਈ ਤੁਹਾਨੂੰ ਗਲਤਫ਼ਹਿਮੀ ਹੋਈ ਹੈ, ਮੈਂ ਉਹ ਨਹੀਂ ਜਿਸ ਨੂੰ ਤੁਸੀਂ ਵਿਖਾਉਣ ਲਿਆਏ ਹੋ।

ਆਦਮੀ ਸੱਜੇ ਪਾਸੇ ਮੁੜਿਆ ਅਤੇ ਕੁਝ ਕਦਮ ਚੱਲਣ ਤੋਂ ਬਾਅਦ ਇਕ ਕਬਰ ਦੇ ਕੋਲ ਰਕੁ ਗਿਆ। ਦੋਵੇਂ ਹੱਥਾਂ ਦੀਆਂ ਉਂਗਲਾਂ ਆਪਸ ’ਚ ਫ਼ਸਾ ਕੇ ਉਸ ਨੇ ਸਿਰ ਝੁਕਾ ਲਿਆ। ਮੈਂ ਦੇਖਿਆ, ਉਹ ਇਕ ਨਵੀਂ ਬਣੀ ਕਬਰ ਸੀ। ਉਸ ਦੇ ਇਰਦ-ਗਿਰਦ ਬਣੀ ਇੱਟਾਂ ਦੀ ਚੌਹਦੀ ’ਤੇ ਚੂਨਾ ਫੇਰਿਆ ਹੋਇਆ ਸੀ। ਕਬਰ ਦੇ ਸਿਰਹਾਣੇ ਗੱਡੇ ਹੋਏ ਸਫੈਦ ਪੱਥਰ ’ਤੇ ‘ਅਹਿਮਦ ਅਲ-ਹਲੋ’ ਉਕਰਿਆ ਹੋਇਆ ਸੀ।

ਮੈਂ ਇਕ ਟੱਕ ਕਬਰ ਨੂੰ ਵੇਖਦਾ ਰਿਹਾ। ਮੈਨੂੰ ਮਿੱਟੀ ਦੇ ਥੱਲੇ ਦਬਿਆ ਉਹ ਬੇਚੈਨ, ਬੇਸਬਰ ਅਹਿਮਦ ਵਿਖਾਈ ਦੇ ਰਿਹਾ ਸੀ, ਜਿਹੜਾ ਕਿਸੇ ਵੀ ਤਰ੍ਹਾਂ, ਛੇਤੀ ਤੋਂ ਛੇਤੀ ਮੁੜ ਆਪਣੇ ਵਤਨ ਪਹੁੰਚਣਾ ਚਾਹੁੰਦਾ ਸੀ। ਉਸ ਨੂੰ ਇੰਨੀ ਕਾਹਲੀ ਸੀ ਕਿ ਆਪਣੇ ਸਰੀਰ ਨੂੰ ਵੀ ਨਾਲ ਨਾ ਲੈ ਜਾ ਸਕਿਆ!

ਅਹਿਮਦ ਦੇ ਜੀਵਨ ਦੀ ਕਹਾਣੀ ਅਚਾਨਕ ਹੀ ਖ਼ਤਮ ਹੋ ਗਈ। ਬਿਨਾਂ ਕਿਸੇ ਦਾ ਧਿਆਨ ਖਿੱਚੇ, ਬਿਨਾਂ ਕਿਤੇ ਕੋਈ ਅੜਚਨ-ਅੜਿੰਗਾ ਪਾਈ, ਜਾਂ ਹਲਚਲ ਮਚਾਏ, ਇਕ ਝਟਕੇ ਨਾਲ ਉਸ ਦਾ ਅੰਤ ਹੋ ਗਿਆ।

ਅਫ਼ਸੋਸ! ਕੈਸੀ ਬੇਅਸਰ, ਬੇਮਤਲਬ ਅਤੇ ਤੁੱਛ ਕਿਸਮ ਦੀ ਕਹਾਣੀ ਸੀ ਇਹ!

  • ਮੁੱਖ ਪੰਨਾ : ਸੁਰਿੰਦਰ ਮਨਨ ਦੀਆਂ ਕਹਾਣੀਆਂ ਤੇ ਲੇਖ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ