Ajnabi (Story in Punjabi) : Ram Lal

ਅਜਨਬੀ (ਕਹਾਣੀ) : ਰਾਮ ਲਾਲ

ਕਲਰਕ ਨੇ ਕਾਗਜ਼ਾਂ ਦਾ ਪੁਲੰਦਾ ਦਸਖ਼ਤਾਂ ਲਈ ਰੱਖਿਆ। ਮੈਂ ਓਪਰੀ ਜਿਹੀ ਨਿਗ੍ਹਾ ਨਾਲ ਸਰਕਾਰੀ ਚਿੱਠੀਆਂ ਵੱਲ ਦੇਖਿਆ ਅਤੇ ਮਸ਼ੀਨੀ ਅੰਦਾਜ਼ ਵਿਚ ਸਰਕਾਰੀ ਚਿੱਠੀਆਂ 'ਤੇ ਆਪਣਾ ਨਾਮ ਲਿਖਣ ਲੱਗਾ। ਬਹੁਤ ਸਾਰੇ ਖ਼ਤ ਅਜਨਬੀਆਂ ਦੇ ਨਾਂ ਸਨ, ਜਿਹਨਾਂ ਲਈ ਮੈਂ ਅਜਨਬੀ ਸਾਂ। ਕੇਵਲ ਸਰਕਾਰੀ ਤੌਰ 'ਤੇ ਉਹ ਮੇਰੇ 'ਮਾਈ ਡੀਅਰ' ਸਨ ਅਤੇ ਮੈਂ ਉਹਨਾਂ ਦਾ ਹਿਤੂ। ਸ਼ਕਲ ਤੋਂ ਨਾਵਾਕਿਫ, ਆਦਤ ਤੋਂ ਅਨਜਾਣ। ਦਫ਼ਤਰੀ ਕੰਮਾਂ ਵਿਚ ਅਜਿਹਾ ਹੁੰਦਾ ਹੀ ਹੈ, ਇਹ ਰੋਜ਼ਾਨਾ ਜ਼ਿੰਦਗੀ ਦਾ ਨਿਯਮ ਹੈ। ਇੰਨੀ ਵੱਢੀ ਦੂਨੀਆਂ ਵਿਚ ਕੌਣ ਕਿਸੇ ਨੂੰ ਯਾਦ ਰਖਦਾ ਹੈ।
ਕਲਰਕ ਨੇ ਮਸ਼ੀਨੀ ਅੰਦਾਜ਼ ਵਿਚ ਕਾਗਜ਼ ਚੁੱਕੇ। ਕਠਪੁਤਲੀ ਵਾਂਗ ਸਲਾਮ ਕੀਤਾ ਅਤੇ ਚਲਾ ਗਿਆ।
ਚਪੜਾਸੀ ਨੇ ਕਿਹਾ, “ਜਨਾਬ ਇਕ ਸਿਪਾਹੀ ਪੇਸ਼ ਹੋਣਾ ਚਾਹੁੰਦਾ ਏ।”
“ਹੂੰ” ਮੈਂ ਸਿਰ ਹਿਲਾ ਕੇ ਬੁਲਾਉਣ ਦਾ ਇਸ਼ਾਰਾ ਕੀਤਾ। ਦਰਵਾਜ਼ਾ ਖੁੱਲ੍ਹਿਆ। ਦੋਵੇਂ ਅੰੜੀਆਂ ਇਕ ਦੂਜੀ ਨਾਲ ਟਕਰਾਈਆਂ, ਪੂਰੀ ਬਾਂਹ ਸਲਾਮ ਲਈ ਉਪਰ ਉਠੀ ਅਤੇ ਸਤਿਕਾਰ ਨਾਲ ਹੌਲੀ-ਜਿਹੀ ਕਿਹਾ, “ਜਨਾਬ ਸੱਤ ਦਿਨ ਦੀ ਛੁੱਟੀ ਚਾਹੀਦੀ ਐ, ਮਾਂ ਬਿਮਾਰ ਐ।”
ਅਰਦਲੀ ਨੇ ਅਰਜ਼ੀ ਮੇਰੇ ਸਾਹਮਣੇ ਰੱਖੀ, ਮੈਂ ਕੁਝ ਪਲ ਉਸ ਵਲ ਵੇਖਿਆ ਅਤੇ ਫਿਰ ਕਾਗਜ਼ ਉੱਤੇ ਲਿਖ ਦਿੱਤਾ—
'ਮਨਜ਼ੂਰ।'
ਇਹ ਹਰ ਰੋਜ਼ ਦਾ ਡਰਾਮਾ ਹੈ। ਸੂਰਜ ਆਪਣੀ ਥਾਂ ਖੜ੍ਹਾ ਰਹਿੰਦਾ ਏ ਤੇ ਛੋਟੇ ਮੋਟੇ ਗ੍ਰਹਿ ਉਸ ਦੇ ਆਸੇ-ਪਾਸੇ ਘੁੰਮਦੇ ਰਹਿੰਦੇ ਨੇ। ਜਿਸ ਦੀ ਅਰਜ਼ੀ ਮਨਜ਼ੂਰ ਹੋ ਜਾਂਦੀ ਏ ਉੱਥੇ ਦਿਨ ਚੜ੍ਹ ਜਾਂਦਾ ਹੈ, ਬੇਆਸ ਦੇ ਦਿਲ ਅਤੇ ਦਿਮਾਗ਼ 'ਤੇ ਹਨੇਰਾ ਛਾ ਜਾਂਦਾ ਏ। ਮਾਤਹਿਤ ਪੇਸ਼ ਹੁੰਦਾ ਏ, ਅਫ਼ਸਰ ਛੁੱਟੀ ਮਨਜ਼ੂਰ ਕਰਦਾ ਏ, ਹਰ ਥਾਂ ਅਜਿਹਾ ਹੁੰਦਾ ਏ। ਨਾ ਇਸ ਵਿਚ ਕੋਈ ਨਵੀਂ ਗੱਲ ਹੈ ਨਾ ਕੋਈ ਅਜੂਬਾ। ਸਰਕਾਰੀ ਤੌਰ 'ਤੇ ਸਿਪਾਹੀ ਤੇ ਅਫ਼ਸਰ ਦਾ ਰਿਸ਼ਤਾ ਖ਼ੂਨ ਦਾ ਨਹੀਂ ਹੁੰਦਾ, ਕਾਨੂੰਨ ਦਾ ਹੁੰਦਾ ਹੈ। ਉਹ ਇਕ ਦੂਜੇ ਦੇ ਨੇੜੇ ਰਹਿੰਦੇ ਹੋਏ ਵੀ ਇਕ ਦੂਜੇ ਤੋਂ ਦੂਰ ਰਹਿੰਦੇ ਨੇ।
ਅਫ਼ਸਰ ਮਾਤਹਿਤ ਦਾ ਕੰਮ ਵੇਖਦਾ ਹੈ, ਉਸ ਨੂੰ ਉਸ ਦੇ ਜਜ਼ਬਾਤ ਨਾਲ ਕੋਈ ਵਾਸਤਾ ਨਹੀਂ ਹੁੰਦਾ। ਕਦੀ ਕਿਸੇ ਵੇਲੇ ਕਿਸੇ ਦਾ ਕੋਈ ਵੀ ਬਿਮਾਰ ਹੋ ਜਾਂਦਾ ਏ : ਮਾਂ, ਭੈਣ, ਪਤਨੀ, ਭਰਾ, ਬਾਪ ਬੇਟਾ। ਪਰ ਇਹ ਰਿਸ਼ਤੇ ਉਸ ਦੇ ਨਿਜੀ ਹੁੰਦੇ ਨੇ, ਵਿਭਾਗੀ ਨਹੀਂ। ਬਿਮਰੀ ਅਤੇ ਮੌਤ ਕੁਦਰਤ ਦਾ ਕਾਨੂੰਨ ਹੈ, ਸਰਕਾਰੀ ਨਹੀਂ।
ਪਰ ਮੈਂ ਤੀਹ ਸਾਲ ਪਹਿਲਾਂ ਦੀ ਗੱਲ ਕਿਵੇਂ ਭੁੱਲ ਗਿਆ, ਮੈਨੂੰ ਆਪ ਇਸ ਦੀ ਹੈਰਾਨੀ ਹੈ। ਜਦੋਂ ਕਿ ਸਾਡੇ ਪਿਛਲੇ ਪਿੰਡ ਵਿਚ ਜੋ ਹੁਣ ਪਾਕਿਸਤਾਨ ਵਿਚ ਹੈ, ਮੈਂ ਇਸ ਸਿਪਾਹੀ ਦੀ ਮਾਂ ਨੂੰ ਚਾਚੀ ਕਹਿੰਦਾ ਹੁੰਦਾ ਸਾਂ। ਮੇਰੀ ਮਾਂ ਨਾਲ ਉਸਦਾ ਸਹੇਲਪੁਣਾ ਸੀ। ਛੋਟੇ ਜਿਹੇ ਪਿੰਡ ਵਿਚ ਛੋਟੇ-ਛੋਟੇ ਰਿਸ਼ਤੇ ਕਿੰਨੇ ਮਹੱਤਵਪੂਰਨ ਸਨ। ਉਸ ਵੇਲੇ ਮੈਂ ਇਕੀ ਬਾਈ ਵਰ੍ਹਿਆਂ ਦਾ ਸਾਂ ਤੇ ਇਹ ਸਿਪਾਹੀ ਕੋਈ ਪੰਜ ਸਾਲ ਦਾ। ਇਕ ਵਾਰੀ ਮੇਰੀ ਮਾਂ ਬਿਮਾਰ ਹੋ ਗਈ ਤਾਂ ਇਸ ਔਰਤ ਨੇ ਕਈ ਰਾਤਾਂ ਮੇਰੀ ਮਾਂ ਦੇ ਸਰ੍ਹਾਣੇ ਬੈਠਿਆਂ ਜਾਗ ਕੇ ਕੱਟੀਆਂ। ਅਤੇ ਸਿਪਾਹੀ ਦਾ, ਜੋ ਉਦੋਂ ਬੱਚਾ ਸੀ, ਮੈਂ ਧਿਆਨ ਰੱਖਦਾ ਸਾਂ। ਉਹ ਰਹਿੰਦਾ ਤੇ ਸੌਂਦਾ ਵੀ ਮੇਰੇ ਨਾਲ ਸੀ। ਪਰ ਹੁਣ, ਉਹ ਮਾਤਹਿਤ ਹੈ, ਮੈਂ ਉਸ ਦਾ ਅਫ਼ਸਰ। ਮੈਂ ਉਸ ਨੂੰ ਕਿਵੇਂ ਪੁੱਛਦਾ, “ਚਾਚੀ ਨੂੰ ਕੀ ਹੋ ਗਿਆ, ਮੈਂ ਵੀ ਛੁੱਟੀ ਲੈ ਕੇ ਚੱਲਾਂ?”
ਸਾਨੂੰ ਦੋਵਾਂ ਨੂੰ ਇਸ ਗੱਲ ਦਾ ਅਹਿਸਾਸ ਸੀ। ਦੋਵਾਂ ਦੇ ਦਿਲ ਵਿਚ ਪੁਰਾਣੇ ਰਿਸ਼ਤਿਆਂ ਦੀਆਂ ਤੰਦਾਂ ਮੌਜ਼ੂਦ ਸਨ, ਪਰ ਸਮੇਂ ਦੇ ਗੇਡ ਨੇ ਇਹਨਾਂ ਨੂੰ ਇੰਨੀਆਂ ਕੱਚੀਆਂ ਤੇ ਬੋਦੀਆਂ ਕਰ ਦਿੱਤਾ ਕਿ ਇਹਨਾਂ ਤੋਂ ਡੋਰ ਨਹੀਂ ਸੀ ਵੱਟੀ ਜਾ ਸਕਦੀ। ਸਾਡੇ ਦੋਵਾਂ ਦੇ ਵਿਚਕਾਰ ਨੌਕਰੀ ਦੇ ਕਾਇਦੇ ਕਾਨੂੰਨ ਦੀ ਕਿਤਾਬ ਰੁਕਾਵਟ ਬਣੀ ਹੋਈ ਸੀ। ਸਮੇਂ ਦੇ ਹਿਸਾਬ ਨਾਲ ਅਸੀਂ ਦੋਵੇਂ ਹੁਣ ਅਜਨਬੀ ਸਾਂ।
ਸਮਾਂ ਆਪਣੇ ਰਾਹ 'ਤੇ ਚਲਦਾ ਰਹਿੰਦਾ ਹੈ ਅਤੇ ਅਸੀਂ ਉਸ ਦੇ ਨਾਲ। ਪੁਰਾਣੀਆਂ ਯਾਦਾਂ ਥੋੜ੍ਹੀ ਦੇਰ ਲਈ ਇਸ ਪ੍ਰਵਾਹ ਨੂੰ ਬੰਨ੍ਹ ਲਾਉਣ ਦਾ ਯਤਨ ਕਰਦੀਆਂ ਨੇ ਪਰ ਬੇਅਰਥ। ਸੈਂਕੜੇ ਲੋਕ ਰਾਹ ਵਿਚ ਮਿਲਦੇ ਨੇ ਅਤੇ ਕੁਝ ਦੂਰ ਚਲ ਕੇ ਵਿੱਛੜ ਜਾਂਦੇ ਨੇ। ਕਦੀ ਕਦੀ ਜ਼ਿੰਦਗੀ ਦੀ ਤੇਜ਼ ਹਵਾ ਇਕੋ ਟਹਿਣੀ ਤੋਂ ਡਿੱਗੇ ਹੋਏ ਪੱਤਿਆਂ ਨੂੰ ਨੇੜੇ ਲੈ ਆਉਂਦੀ ਹੈ, ਪਰ ਉਹ ਇਕ ਦੂਜੇ ਤੋਂ ਬਿਲਕੁਲ ਬੇਗਾਨੇ ਹੁੰਦੇ ਨੇ। ਕਹਿੰਦੇ ਨੇ ਸੱਤਾਂ ਸਾਲਾਂ ਪਿੱਛੋ. ਸੋਚ ਬਦਲ ਜਾਂਦੀ ਹੈ ਅਤੇ ਤੀਹ ਸਾਲ ਪਿੱਛੋਂ ਨਸਲ। ਕੁਝ ਸਾਲ ਪਹਿਲਾਂ ਜੋ ਚੀਜ਼ਾਂ ਸਾਡੇ ਦਿਲ ਤੇ ਜਾਨ ਦਾ ਹਿੱਸਾ ਸਨ ਅੱਜ ਉਹਨਾਂ ਲਈ ਦਿਲ ਵਿਚ ਕੋਈ ਥਾਂ ਨਹੀ। ਇਸ ਦੇ ਬਾਵਜੂਦ ਪਤਾ ਨਹੀਂ ਕਿਸ ਕੋਨੇ ਵਿਚੋਂ ਉਹਨਾਂ ਦੀ ਯਾਦ ਦਿਲ ਵਿਚ ਚੂੰਢੀ ਜਿਹੀ ਭਰਦੀ ਹੈ ਅਤੇ ਓਪਰੇ ਦਿਲ ਨਾਲ ਅਸੀਂ ਪਰਗਟ ਕਰਦੇ ਹਾਂ ਕਿ ਸਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ। ਅਜੀਬ ਗੱਲ ਹੈ, ਕਿ ਬੰਦਾ ਸਾਰੀ ਉਮਰ ਸਵੈ ਨਿਰਮਾਣ ਵਿਚ ਲੱਗਾ ਰਹਿੰਦਾ ਹੈ। ਪਰਗਟ ਅਤੇ ਅਪਰਗਟ ਦੇ ਭੇਦ ਦਾ ਨਾਂ ਹੀ ਸੰਸਕ੍ਰਿਤੀ ਹੈ। ਦੁਨੀਆਂ ਅਸਲ ਵਿਚ ਇਕ ਰੰਗਮੰਚ ਹੈ।
ਜਦੋਂ ਮਾਂ ਬਿਮਾਰੀ ਤੋਂ ਠੀਕ ਹੋਈ ਤਾਂ ਦੂਜੀ ਵੱਡੀ ਜੰਗ ਜ਼ੋਰਾਂ 'ਤੇ ਸੀ। ਇਕ ਚੰਗੀ ਸਿਹਤ ਵਾਲੇ ਗਰੈਜੂਏਟ ਲਈ ਲੈਫਟੀਨੈਂਟ ਬਣਨਾ ਔਖਾ ਨਹੀਂ ਸੀ ਅਤੇ ਘਰ ਦੀ ਆਰਥਕ ਹਾਲਤ ਦੀ ਵੀ ਇਹੋ ਮੰਗ ਸੀ। ਅਤੇ ਜਦੋਂ ਮੈਂ ਮੋਢਿਆਂ ਉੱਤੇ ਸਟਾਰ ਲਗਾ ਕੇ ਵਾਪਸ ਮੁੜਿਆ ਤਾਂ ਫ਼ੌਜੀਆਂ ਦੀਆਂ ਕੁਝ ਵਿਸ਼ੇਸ਼ ਆਦਤਾਂ ਵੀ ਨਾਲ ਲੈ ਆਇਆ। ਜਦੋਂ ਉਸ ਨੂੰ ਮਿਲਣ ਲਈ ਗਿਆ ਤਾਂ ਉਸਨੇ ਮੇਰੇ ਮੂੰਹ ਵਿਚੋਂ ਸਿਗਰਟ ਕੱਢ ਕੇ ਆਪਦੇ ਸੈਂਡਲ ਨਾਲ ਮਸਲ ਕੇ ਕਿਹਾ..:
“ਇਹ ਭੈੜੀ ਆਦਤ ਕਿੱਥੋਂ ਸਿਖ ਆਏ ਓ?” ਮੈਂ ਕੀ ਕਹਿੰਦਾ? ਮੈਂ ਉਸ ਦੇ ਦੋਵੇਂ ਹੱਥ ਫੜ ਕੇ ਕਿਹਾ—
“ਵਾਅਦਾ ਕਰਦਾ ਹਾਂ ਅੱਗੇ ਤੋਂ ਕਦੀ ਵੀ ਨਹੀਂ ਪੀਵਾਂਗਾ।”
“ਪੱਕਾ?”
“ਪੱਕਾ।”
ਪਰ ਵਾਅਦੇ ਕਿਹੜਾ ਲੋਹੇ ਦੇ ਬਣੇ ਹੁੰਦੇ ਨੇ। ਜਦੋਂ ਮੈਂ 1945 ਈ. ਵਿਚ ਜੰਗ ਖਤਮ ਹੋਣ 'ਤੇ ਵਾਪਸ ਮੁੜਿਆ ਤਾਂ ਉਹ ਪਰਾਈ ਹੋ ਚੁੱਕੀ ਸੀ। ਪਤਾ ਨਹੀਂ ਕਿਉਂ ਮੈਂ ਤਿੰਨ ਸਾਲ ਪਿੱਛੋਂ ਫੇਰ ਸਿਗਰਟ ਸੁਲਗਾ ਲਈ, ਜਿਵੇਂ ਉਸ ਤੋਂ ਮਾਨਸਿਕ ਬਦਲਾ ਲੈ ਰਿਹਾ ਹੋਵਾਂ, ਆਪਣੇ ਆਪ ਨੂੰ ਫੂਕ ਕੇ। ਕਈ ਵਾਰ ਲਾਚਾਰ ਤੇ ਮਜ਼ਬੂਰ ਇਨਸਾਨ ਬੜੀਆਂ ਘਟੀਆਂ ਹਰਕਤਾਂ ਕਰਦਾ ਹੈ, ਹੋਛੇ ਹਥਿਆਰਾਂ 'ਤੇ ਉਤਰ ਆਉਂਦਾ ਹੈ। ਆਤਮ ਹੱਤਿਆ ਵੀ ਅਜਿਹੇ ਲੋਕ ਹੀ ਕਰਦੇ ਨੇ। ਪਰ ਸ਼ਾਇਦ ਫ਼ੌਜ ਵਿਚ ਏਨਾ ਖ਼ੂਨ-ਖਰਾਬਾ ਵੇਖਿਆ ਸੀ ਕਿ ਮੌਤ ਤੋਂ ਦਿਲ ਭਰ ਗਿਆ ਸੀ। ਫੇਰ ਵੀ ਜਿਊਂਦਾ ਇਨਸਾਨ ਕੁਝ ਨਾ ਕੁਝ ਕਰਨ ਦੇ ਬਹਾਨੇ ਜ਼ਿੰਦਗੀ ਦੀਆਂ ਪਗਡੰਡੀਆਂ 'ਤੇ ਤੁਰ ਪੈਂਦਾ ਹੈ। ਨਵੇਂ ਸ਼ੌਕ ਬਣਦੇ ਨੇ। ਪੁਰਾਣੀਆਂ ਆਦਤਾਂ ਵਿਗੜਦੀਆਂ ਨੇ। ਅਜੀਬ-ਅਜੀਬ ਗੱਲਾਂ ਆਪਣੇ ਆਪ ਪੈਦਾ ਹੋ ਜਾਂਦੀਆਂ ਨੇ।
ਫ਼ੌਜ ਤੋਂ ਸਿਵਲ ਵਿਚ ਆ ਗਿਆ। ਦਿਲ ਪਹਿਲਾਂ ਹੀ ਫੱਟੜ ਸੀ। ਮਹਿਕਮਾ ਵੀ ਅਜਿਹਾ ਮਿਲਿਆ ਜਿੱਥੇ ਮੇਰੇ ਚਾਰੇ ਪਾਸੇ ਦੁੱਖ ਸੀ। ਬੁਝੇ-ਬੁਝੇ, ਦੱਬੇ-ਦੱਬੇ ਅਰਮਾਨ, ਮੱਥੇ ਤੇ ਕਲੰਕ ਦਾ ਨਿਸ਼ਾਨ। ਇਉਂ ਲੱਗਣ ਲੱਗਾ ਜਿਵੇਂ ਮੈਂ ਉਹਨਾਂ ਦਾ ਹਾਕਮ ਨਹੀਂ ਸਗੋਂ ਉਹਨਾਂ 'ਚੋਂ ਇਕ ਹੋਵਾਂ। ਬੀਮਾਰ ਆਦਮੀ ਦਵਾਈ ਭਾਲਦਾ ਹੈ, ਗ਼ਮ ਦਾ ਮਾਰਿਆ ਤਸੱਲੀ।
ਮੈਂ ਉਹਨਾਂ ਦੀਆਂ ਦੁੱਖ ਭਰੀਆਂ ਕਹਾਣੀਆਂ ਸੁਣੀਆ ਤਾਂ ਦਿਲ ਦੀ ਚੀਸ ਮਿਟਾਣ ਲਈ ਕਿਤਾਬਾਂ ਦਾ ਆਸਰਾ ਲਿਆ। ਕਲਮ ਸੰਭਾਲੀ, ਸਮਾਜ ਸੁਧਾਰ 'ਤੇ ਲਿਖਿਆ। ਕੁਝ ਐਸੇ ਪੁਰਸ਼ਾਂ ਨਾਲ ਵੀ ਗੱਲਬਾਤ ਹੋਈ ਜੋ ਇਸ ਰਾਹ ਦੇ ਰਾਹੀ ਸਨ। ਗੱਲ ਕੀ, ਸਮੇਂ ਦੇ ਨਾਲ ਨਾਲ ਮੇਰਾ ਨਾਂ ਉਭਰਦਾ ਗਿਆ।
ਇਸ ਸੰਬੰਧ ਵਿਚ ਇਕ ਸੈਮੀਨਾਰ ਸੀ। ਮੈਨੂੰ ਵੀ ਬੁਲਾਇਆ ਗਿਆ। ਬਹੁਤ ਸਾਰੇ ਪ੍ਰਸਿੱਧ ਵਿਅਕਤੀ ਬੁਲਾਏ ਹੋਏ ਸਨ। ਪ੍ਰਧਾਨਗੀ ਕੋਈ ਮਿਸਿਜ਼ ਵਰਮਾ ਕਰ ਰਹੇ ਸਨ। ਆਮ ਤੌਰ 'ਤੇ ਔਰਤਾਂ ਇਸ ਖੇਤਰ ਵਿਚ ਅੱਗੇ ਨੇ। ਇਸ ਦਾ ਕਾਰਨ ਭਾਵੇਂ ਮਮਤਾ ਹੋਵੇ ਜਾਂ ਸਮੇਂ ਅਤੇ ਧਨ ਦਾ ਵਾਧੂ ਹੋਣਾ ਜਾਂ ਕਈ ਵਾਰ ਸਿਰਫ ਫੈਸ਼ਨ ਹੀ। ਇਸ ਲਈ ਕਿਸੇ ਔਰਤ ਦੀ ਪ੍ਰਧਾਨਗੀ ਤੇ ਮੈਨੂੰ ਹੈਰਾਨੀ ਨਹੀਂ ਹੋਈ। ਸੋਚਿਆ, ਹੋਵੇਗੀ ਕੋਈ। ਇਸ ਲਈ ਨਾ ਨਾਲ ਜਾਣ-ਪਛਾਣ ਸੀ, ਉਹ ਵੀ ਸਰਸਰੀ ਜਿਹੀ।
ਮੇਰੇ ਇਕ ਜਾਣਕਾਰ ਨੇ ਉਹਨਾਂ ਨਾਲ ਜਾਣ-ਪਛਾਣ ਕਰਵਾਈ—
“ਇਹ ਨੇ, ਸਾਡੇ ਪ੍ਰਧਾਨ, ਮਿਸੇਜ਼ ਯੂ. ਵਰਮਾ।”
ਤੇ ਫੇਰ ਉਹਨਾਂ ਵੱਲ ਵੇਖ ਕੇ ਕਿਹਾ, “ਇਹ ਹੈਨ ਸਾਡੇ ਪ੍ਰਸਿੱਧ ਸਮਾਜ ਸੁਧਾਰਕ ਤੇ ਫਿਲਮਕਾਰ ਸ਼੍ਰੀ ਐਸ. ਸ਼ਰਮਾ।” ਅਸੀਂ ਦੋਵੇਂ ਇਕ ਦੂਜੇ ਨੂੰ ਵੇਖ ਰਹੇ ਸਾਂ। ਸਨ ਚੁਤਾਲੀ ਅਤੇ ਉਨ੍ਹਤਰ ਵਿਚ 25 ਸਾਲ ਦਾ ਫਰਕ ਹੈ। ਇੰਨੇ ਲੰਮੇ ਸਮੇਂ ਵਿਚ ਜ਼ਮਾਨਾ ਕਿੱਥੋਂ ਦਾ ਕਿੱਥੇ ਚਲਾ ਗਿਆ। ਜਦੋਂ ਉਹਨਾਂ ਨੇ ਮੈਨੂੰ ਧਿਆਨ ਨਾਲ ਵੇਖਣ ਲਈ ਐਨਕ ਉਤਾਰ ਕੇ ਉਸ ਦੇ ਮੋਟੇ ਸ਼ੀਸ਼ੇ ਸਾਫ ਕੀਤੇ ਤਾਂ ਮੈਂ ਉਹਨਾਂ ਮੋਟੀਆਂ ਮੋਟੀਆਂ ਅੱਖਾਂ ਨੂੰ ਵੇਖਿਆ, ਜਿਹਨਾਂ ਵਿਚ ਕਈ ਵਾਰ ਮੈਂ ਡੁੱਬ ਜਾਂਦਾ ਹੁੰਦਾ ਸਾਂ ਪਰ ਅੱਜ ਉਹਨਾਂ ਵਿਚ ਤੂਫ਼ਾਨ ਸਿਮਟਿਆ ਹੋਇਆ ਸੀ। ਮੈਂ ਡਰਿਆ ਤਾਂ ਨਹੀਂ, ਝਿਜਕ ਜ਼ਰੂਰ ਗਿਆ। ਫੇਰ ਮੈਂ ਵੇਖਿਆ, ਉਹਨਾਂ ਅੱਖਾਂ ਦੀ ਡੂੰਘਾਈ ਵਿਚ ਹੈਰਾਨੀ ਸੀ। ਦੋਵੇਂ ਤ੍ਰਬਕੇ, ਦੋਵੇਂ ਸੰਭਲੇ।
ਉਹਨਾਂ ਨੇ ਇਕ ਅਜੀਬ ਲਹਿਜੇ ਵਿਚ ਕਿਹਾ...:
“ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ।” ਮੈਨੂੰ ਪਤਾ ਨਹੀਂ ਇਸ ਮੁਲਾਕਾਤ ਤੋਂ ਖੁਸ਼ੀ ਹੋਈ ਜਾਂ ਗ਼ਮ! ਪਰ ਇਸ ਜਜ਼ਬਾਤੀ ਹਾਲਾਤ 'ਤੇ ਕਾਬੂ ਪਾਉਣ ਲਈ ਮੈਂ ਨਾ ਚਾਹੁੰਦੇ ਹੋਏ ਵੀ ਸਿਗਰਟ ਸੁਲਗਾ ਲਈ। ਪਰ ਇਸ ਵਾਰ ਉਹਨਾਂ ਨੇ ਇਹ ਨਾ ਪੁੱਛਿਆ ਕਿ ਇਹ ਭੈੜੀ ਆਦਤ ਮੈਂ ਕਿੱਥੋਂ ਸਿਖ ਲਈ ਹੈ। ਭਲਾ ਅਜਨਬੀ ਇਕ ਦੂਜੇ ਦੀਆਂ ਆਦਤਾਂ 'ਤੇ ਕਿਉਂ ਨੁਕਤਾਚੀਨੀ ਕਰਨਗੇ ਅਤੇ ਵਾਅਦੇ ਸਮੇਂ ਦੇ ਨਾਲ ਨਾਲ ਕੱਚੇ ਪੱਕੇ ਹੁੰਦੇ ਰਹਿੰਦੇ ਨੇ।
ਤਿੰਨ ਦਿਨਾਂ ਦੇ ਸੈਮੀਨਾਰ ਵਿਚ ਉਹ ਸਿਰਫ ਵਕਤਾ ਹੀ ਸੀ ਤੇ ਮੈਂ ਸ਼ਰੋਤਾ। ਪ੍ਰਧਾਨਗੀ ਦੀ ਕੁਰਸੀ 'ਤੇ ਉਹ ਰੋਅਬ ਨਾਲ ਬੈਠੇ ਸਨ, ਸਾਰਿਆਂ ਵਿਚੋਂ ਅਦੁਤੀ। ਗਿਣਤੀ ਮਿਣਤੀ ਦੇ ਸ਼ਬਦਾਂ ਵਿਚ ਹਰ ਬੋਲਣ ਵਾਲੇ ਦੀ ਜਾਣ-ਪਛਾਣ ਕਰਵਾਉਂਦੇ, ਸਰਕਾਰ ਤੋਂ ਸਹਾਇਤਾ ਦੀ ਇੱਛਾ ਪ੍ਰਗਟ ਕਰਦੇ ਅਤੇ ਲੋਕਾਂ ਤੋਂ ਮਿਲਵਰਤਣ ਦੀ ਆਸ, ਮੈਂਬਰਾਂ ਨੂੰ ਸਰਗਰਮ ਹੋਣ ਦੀ ਨਸੀਹਤ। ਮੇਰੇ ਭਾਸ਼ਣ ਦੇ ਮੌਕੇ 'ਤੇ ਵੀ ਉਹਨਾਂ ਨੇ ਮੇਰੀ ਜਾਣ-ਪਛਾਣ ਕਰਵਾਉਣ ਲਈ ਮੇਰੇ ਜਾਣਕਾਰ ਦੇ ਸ਼ਬਦ ਉਧਾਰ ਲੈ ਲਏ। ਆਖਰ ਮੈਂ ਸੀ ਕੌਣ? ਬੁਲਾਏ ਹੋਏ ਡੈਲੀਗੇਟਾਂ ਵਿਚੋਂ ਇਕ।
ਸੈਮੀਨਾਰ ਦੇ ਅਖ਼ੀਰ ਵਿਚ ਇਕ ਵਿਦਾਇਗੀ ਮੀਟਿੰਗ ਹੋਈ। ਮਿਸਿਜ਼ ਵਰਮਾ ਹਰੇਕ ਮੈਂਬਰ ਨਾਲ ਸਮਾਜ ਸੁਧਾਰ ਦੇ ਵਿਸ਼ੇ 'ਤੇ ਕੁਝ ਕੁ ਸ਼ਬਦਾਂ ਵਿਚ ਵਿਚਾਰ-ਵਟਾਂਦਰਾ ਕਰ ਰਹੇ ਸਨ। ਚਿਹਰੇ ਉੱਤੇ ਇਕ ਦਿਲ ਖਿੱਚਵੀਂ ਮੁਸਕਾਣ ਸੀ। ਕਿਉਂ ਨਾ ਹੋਵੇ! ਇਹ ਸੈਮੀਨਾਰ ਬਹੁਤ ਸਫਲ ਹੋਇਆ ਸੀ। ਅਖ਼ਬਾਰਾਂ ਵਿਚ ਇਸ ਨੂੰ ਮੋਟੀਆਂ ਸੁਰਖੀਆਂ ਦੇ ਕੇ ਛਾਪਿਆ ਗਿਆ ਸੀ। ਸਰਕਾਰ ਨੇ ਸਹਾਇਤਾ ਦਾ ਵਾਅਦਾ ਕੀਤਾ ਸੀ। ਮੈਂਬਰਾਂ ਨੇ ਉਹਨਾਂ ਦੀ ਸ਼ਲਾਘਾ ਕੀਤੀ ਸੀ। ਕਿਉਂਕਿ ਇਹ ਸਭ ਉਹਨਾਂ ਦੀ ਮਿਹਨਤ ਦਾ ਫਲ ਸੀ। ਹਰੇਕ ਆਦਮੀ ਖੁਸ਼ ਸੀ। ਮੈਂ ਵੀ ਇਕ ਪਾਸੇ ਚਾਹ ਦੀ ਪਿਆਲੀ ਫੜੀ ਖੜ੍ਹਾ ਸਾਂ। ਪਰ ਜਦੋਂ ਮਿਸਿਜ਼ ਵਰਮਾ ਮੇਰੇ ਕੋਲ ਆਏ ਤਾਂ ਪਤਾ ਨਹੀਂ ਉਹਨਾਂ ਦੀ ਸੁੰਦਰ ਮੁਸਕਾਨ ਇਕਦਮ ਬੁਝ ਕਿਉਂ ਗਈ। ਬਹੁਤ ਨੇੜੇ ਆ ਕੇ ਕੰਨ ਵਿਚ ਕਹਿਣ ਲੱਗੇ...:
“ਤੁਹਾਡੇ ਕਿੰਨੇ ਬੱਚੇ ਨੇ, ਸੁਰੇਸ਼?”
ਮੈਨੂੰ ਮੇਰਾ ਨਾਂ ਲੈ ਕੇ ਬਹੁਤ ਦੇਰ ਪਿੱਛੋਂ ਕਿਸੇ ਨੇ ਬੁਲਾਇਆ ਸੀ। ਉਂਜ ਤਾਂ ਕਹਿੰਦੇ ਨੇ ਕਿ ਨਾਂ ਵਿਚ ਕੀ ਪਿਆ ਏ ਪਰ ਪਤਾ ਨਹੀਂ ਕਿਉਂ ਕਦੀ ਕਦੀ ਆਪਣਾ ਨਾਂ ਆਪਣਿਆ ਦੇ ਮੂੰਹੋਂ ਸੁਣ ਕੇ ਸੁਆਦ ਜਿਹਾ ਆਉਂਦਾ ਏ, ਜਿਵੇਂ ਇਸ ਵਿਚ ਨੇੜਤਾ ਹੋਵੇ। ਪਰ ਜੇ ਕੋਈ ਘਟਨਾ, ਚਾਹੇ ਉਹ ਚੰਗੀ ਹੋਵੇ, ਇਕ ਦਮ ਵਾਪਰ ਜਾਵੇ ਤਾਂ ਆਦਮੀ ਉਲਝ ਜਿਹਾ ਜਾਂਦਾ ਹੈ। ਮੈਂ ਉਹਨਾਂ ਦੇ ਬੁਲਾਉਣ ਦੇ ਇਸ ਢੰਗ ਉੱਤੇ ਖੁਸ਼ ਵੀ ਸੀ ਤੇ ਹੈਰਾਨ ਵੀ ਪਰ ਇਕ ਦਮ ਆਪਦੇ ਜਜ਼ਬਾਤ ਉੱਤੇ ਕਾਬੂ ਪਾ ਕੇ ਉਹਨਾਂ ਵੱਲ ਧਿਆਨ ਨਾਲ ਦੇਖਿਆ ਤੇ ਮੇਰੇ ਮਨ ਵਿਚ ਅਜੀਬ ਜਿਹੀ ਹਲਚਲ ਪੈਦਾ ਹੋਈ। ਹੁਣ ਅਨੁਭਵ ਹੋਇਆ ਜਿਵੇਂ ਪਾਲਸ਼ ਕੀਤੇ ਚਿਹਰੇ ਤੋਂ ਪਾਲਸ਼ ਦੀ ਤਹਿ ਖੁਰਚ ਦਿੱਤੀ ਗਈ ਹੋਵੇ। ਅਸਲੀ ਵਿਚੋਂ ਨਕਲੀ ਘਟਾ ਦਿਓ ਤਾਂ ਭਿਆਨਕ ਜਿਹੀ ਮੁਹੱਬਤ ਟਪਕ ਪੈਂਦੀ ਏ। ਇਸ ਵਿਚ ਸੱਚਾਈ ਦਾ ਕੌੜਾਪਨ ਤਾਂ ਜ਼ਰੂਰ ਹੁੰਦਾ ਹੈ ਪਰ ਲਾਭਦਾਇਕ ਹੀ। ਭਾਵੇਂ ਇਸ ਦੀ ਤਲਖੀ ਚੰਗੀ ਨਹੀਂ ਲੱਗਦੀ। ਮੈਂ ਸੰਭਲ ਕੇ ਕਿਹਾ—
“ਮੇਰੇ ਨਿੱਜੀ ਜੀਵਨ ਦਾ ਇਸ ਸੈਮੀਨਾਰ ਨਾਲ ਕੋਈ ਸੰਬੰਧ ਨਹੀਂ।” ਤੇ ਆਪਣੀ ਜ਼ਬਾਨ ਵਿਚ ਹੋਰ ਤਿੱਖਾਪਣ ਪੈਦਾ ਕਰਕੇ ਕਿਹਾ, “ਵੈਸੇ ਸ਼੍ਰੀਮਤੀ ਜੀ, ਮੈਂ ਧੰਨਵਾਦੀ ਹਾਂ ਕਿ ਤੁਸੀਂ ਆਪਣੇ ਮੈਂਬਰਾਂ ਨਾਲ ਇੰਨਾ ਡੂੰਘਾ ਸੰਬੰਧ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹੋ। ਇਹ ਇਨਸਾਨ ਦੀ ਸੁਭਾਵਕ ਕਮਜ਼ੋਰੀ ਹੈ ਕਿ ਜਦੋਂ ਵੀ ਉਸ ਨੂੰ ਅਜਿਹਾ ਮੌਕਾ ਕਿਸਮਤ ਨਾਲ ਮਿਲਦਾ ਹੈ ਤਾਂ ਉਸ ਨੂੰ ਆਪਣੇ 'ਤੇ ਬਿਲਕੁਲ ਕਾਬੂ ਨਹੀਂ ਰਹਿੰਦਾ ਭਾਵੇਂ ਬਾਅਦ ਵਿਚ ਉਹ ਕਿੰਨੀ ਦੇਰ ਪਛਤਾਉਂਦਾ ਰਹੇ। ਮੈਂ ਵੀ ਆਖਰ ਹੱਡ-ਮਾਸ ਦਾ ਇਕ ਪੁਤਲਾ ਹੀ ਹਾਂ। ਆਦਮੀ ਦੇ ਅੰਦਰ ਦਾ ਜਾਨਵਰ ਕਦੀ ਕਦੀ ਉਸ ਨੂੰ ਖ਼ੂਨਖਾਰ ਬਣਾ ਦਿੰਦਾ ਹੈ।” ਮੈਂ ਉਸਦਾ ਨਾਂ ਲੈਂਦੇ ਲੈਂਦੇ ਰੁਕ ਗਿਆ। ਕਿਉਂਕਿ ਉਸਦੇ ਨਾਂ ਦੇ ਨਾਲ ਕੁਝ ਯਾਦਾਂ ਜੁੜੀਆਂ ਹੋਈਆਂ ਸਨ ਅਤੇ ਮੈਂ ਉਹਨਾਂ ਨੂੰ ਕੁਰੇਦਨਾ ਨਹੀਂ ਸਾਂ ਚਾਹੁੰਦਾ। ਅਤੇ ਇਸ ਤੋਂ ਬਿਨਾਂ, ਸੋਚਿਆਂ ਕਿ ਏਨੇ ਸਮੇਂ ਪਿੱਛੋਂ ਨਵੀਂ ਵਾਕਫੀਅਤ ਦਾ ਕੀ ਫਾਇਦਾ। ਪਰ ਮੈਂ ਉਧਾਰ ਲਾਹੁਣ ਤੇ ਤੁਲਿਆ ਹੋਇਆ ਸੀ। ਮੈਂ ਉਸਨੂੰ ਹੋਰ ਹਲੂਣਾ ਦਿੰਦੇ ਹੋਏ ਕਿਹਾ, “ਮੈਂ ਵਿਆਹ ਨਹੀਂ ਕੀਤਾ, ਸ਼੍ਰੀਮਤੀ ਜੀ।”
ਮਿਸਿਜ਼ ਵਰਮਾ ਦੇ ਚਿਹਰੇ 'ਤੇ ਧੂੰਆਂ ਜਿਹਾ ਛਾ ਗਈ ਸੀ, ਜਿਵੇਂ ਕੋਈ ਦੌੜਿਆ ਹੋਇਆ ਮੁਜਰਿਮ ਅਚਾਨਕ ਫੜਿਆ ਜਾਵੇ।
ਉਹਨਾਂ ਨੇ ਚਿਹਰੇ 'ਤੇ ਬਣਾਉਟੀ ਮੁਸਕਾਨ ਪੈਦਾ ਕਰਦੇ ਹੋਏ ਕਿਹਾ, “ਤੁਸੀਂ ਬਿਲਕੁਲ ਨਹੀਂ ਬਦਲੇ।” ਤੇ ਫੇਰ ਗੱਲ ਬਦਲਣ ਲਈ ਕਿਹਾ, “ਹਾਂ, ਉਹ ਤੁਹਾਡਾ ਦੋਸਤ ਕੁਮਾਰ ਕਿੱਥੇ ਐ?” ਮੈਂ ਚੁੱਪ ਰਿਹਾ, ਦਿਲ ਵਿਚ ਤਾਂ ਆਇਆ ਕਹਿ ਦੇਵਾਂ ਕਿ ਮੈਂ ਬਿਲਕੁਲ ਬਦਲ ਚੁੱਕਿਆ ਹਾਂ, ਜੇ ਬਦਲਿਆ ਨਾ ਹੁੰਦਾ ਤਾਂ ਅੱਜ ਭਰੀ ਮਹਿਫਲ ਵਿਚ ਤੁਹਾਡੇ ਦੋਵੇਂ ਹੱਥ ਫੜ ਕੇ ਪੁੱਛਦਾ, “ਤੂੰ ਮੇਰੀ ਉਡੀਕ ਕਿਉਂ ਨਹੀਂ ਕੀਤੀ?” ਪਰ ਇਹ ਸਭ ਵਿਅਰਥ ਸੀ। ਸਮੇਂ ਦੀ ਮੰਗ ਸੀ ਕਿ ਅਸੀਂ ਇਕ ਦੂਜੇ ਤੋਂ ਅਜਨਬੀ ਰਹੀਏ ਤਾਂ ਚੰਗਾ ਹੈ। ਨਹੀਂ ਤਾਂ ਮੇਰੀ ਉਸ ਨਾਲ ਪੁਨਰ ਵਾਕਫੀਅਤ ਇਸ ਉਮਰ ਵਿਚ ਵੀ ਉਸਦੇ ਵਿਆਹੁਤਾ ਜੀਵਨ ਨੂੰ ਦਾਗ ਲਾ ਸਕਦੀ ਸੀ।
ਕੁਮਾਰ ਕਿੱਥੇ ਹੈ? ਉਸਦੇ ਸਵਾਲ ਵਿਚ ਬੀਤੇ ਦਿਨਾਂ ਦੀ ਇਕ ਕਹਾਣੀ ਛੁਪੀ ਹੋਈ ਸੀ। ਇਹ ਅਜੀਬ ਦੋਸਤ ਸੀ। ਮੇਰੇ ਲੰਗੋਟੀਆ, ਦੋਵਾਂ ਦੇ ਵਿਚਕਾਰ ਦੀ ਇਕ ਕੜੀ। ਕਿੰਨਾ ਇਤਬਾਰ ਸੀ ਸਾਨੂੰ ਦੋਵਾਂ ਨੂੰ ਉਸ ਉੱਤੇ, ਜਿਵੇਂ ਉਸਦੀ ਇਸ ਮਿਹਰਬਾਨੀ ਦੇ ਪਿੱਛੇ ਉਸ ਦੀਆਂ ਨਿਜੀ ਖਾਹਸ਼ਾਂ ਵੀ ਛਿਪੀਆਂ ਹੋਈਆਂ ਸਨ। ਉਹ ਦੋਸਤੀ ਨੂੰ ਰੁਹਾਨੀ ਨਹੀਂ ਇਕ ਪਦਾਰਥ ਜਜ਼ਬਾ ਮੰਨਦਾ ਸੀ ਅਤੇ ਇਸ ਜਜ਼ਬੇ ਅਧੀਨ ਉਹ ਇਸ ਪਦਾਰਥਵਾਦ ਦੀ ਦੌੜ ਵਿਚ ਬਹੁਤਾ ਸਫਲ ਹੋਇਆ। ਮੇਰੇ ਫ਼ੌਜ ਤੋਂ ਵਾਪਸ ਆਉਣ 'ਤੇ ਉਸਨੇ ਇਸ ਘਟਨਾ ਦੀ ਸੂਚਨਾ ਇਸ ਤਰ੍ਹਾਂ ਦਿੱਤੀ ਸੀ ਜਿਵੇਂ ਇਕ ਖਿਡੌਣਾ ਵਿਕ ਗਿਆ ਹੋਵੇ, ਮੈਂ ਕੋਈ ਹੋਰ ਖਰੀਦ ਲਵਾਂ।
ਦਸ ਕੁ ਸਾਲ ਪਹਿਲਾਂ ਉਹ ਮੈਨੂੰ ਮਿਲਿਆ ਸੀ। ਕੀ ਸ਼ਾਨ ਸੀ ਉਸਦੀ! ਚੰਗਾ ਵੱਡਾ ਠੇਕੇਦਾਰ ਸੀ। ਇਸੇ ਸਿਲਸਿਲੇ ਵਿਚ ਮੇਰੀ ਉਸ ਨਾਲ ਮੁਲਾਕਾਤ ਹੋਈ। ਮੈਂ ਸਰਕਾਰੀ ਤੌਰ 'ਤੇ ਉਸ ਕਮੇਟੀ ਦਾ ਮੈਂਬਰ ਸੀ, ਜਿਸ ਨੇ ਠੇਕਾ ਮੰਜ਼ੂਰ ਕਰਨਾ ਸੀ ਤੇ ਉਹ ਟੈਂਡਰ ਦੇਣ ਵਾਲਿਆਂ ਵਿਚੋਂ ਇਕ ਸੀ। ਉਸ ਦੇ ਰੇਟ ਵਾਜਬੀ ਸਨ। ਮਾਲ ਦਾ ਨਮੂਨਾ ਵੇਖਣ ਲਈ ਮੈਨੂੰ ਉਸਦੇ ਦਫ਼ਤਰ ਭੇਜਿਆ ਗਿਆ। ਰੱਬ ਜਾਣਾ ਏ, ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਇਸੇ ਕੁਮਾਰ ਦਾ ਦਫ਼ਤਰ ਹੈ, ਨਹੀਂ ਤਾਂ ਸ਼ਾਇਦ ਮੈਂ ਉੱਥੇ ਕਦੀ ਵੀ ਨਾ ਜਾਂਦਾ। ਮੈਂ ਸਰਕਾਰੀ ਕੰਮ ਲਈ ਗਲਤ ਆਦਮੀ ਨੂੰ ਮਿਲਣ ਆ ਗਿਆ ਹਾਂ। ਹਾਂ ਮਾਹੌਲ ਦੇ ਹਰ ਰੰਗ ਵਿਚ ਅਜਨਬੀਪਨ ਸੀ। ਕੁਮਾਰ ਤੇ ਮੈਂ ਉਸ ਨਾਟਕ ਦੇ ਦੋ ਪਾਤਰ ਸਾਂ, ਜਿਹਨਾਂ ਨੂੰ ਆਪਣੀ ਵਾਰਤਾਲਾਪ ਤੋਤੇ ਵਾਂਗ ਰਟੀ ਹੋਈ ਸੀ।
ਉਸਨੇ ਦਰਵਾਜ਼ੇ 'ਤੇ ਮੇਰਾ ਇਸ ਤਰ੍ਹਾਂ ਸਵਾਗਤ ਕੀਤਾ ਜਿਵੇਂ ਮੈਂ ਬਹੁਤ ਵੱਡਾ ਆਦਮੀ ਹੋਵਾਂ। ਭਾਵੇਂ ਜਦੋਂ ਉਹ ਮੈਨੂੰ ਦਰਵਾਜ਼ੇ 'ਤੇ ਮਿਲਿਆ ਤਾਂ ਮੇਰਾ ਖ਼ਿਆਲ ਸੀ ਕਿ ਜਦੋਂ ਦੋ ਦੋਸਤ ਏਨੀ ਦੇਰ ਪਿੱਛੋਂ ਮਿਲਦੇ ਨੇ ਤਾਂ ਉਹ ਬਹੁਤ ਜ਼ਰੂਰੀ ਕੰਮਾਂ ਨੂੰ ਵੀ ਪਿੱਛੇ ਪਾ ਕੇ ਬੀਤੇ ਦੀਆਂ ਕਹਾਣੀਆਂ ਹੀ ਦੁਹਰਾਉਂਦੇ ਨੇ। ਅਤੇ ਫਿਰ ਪੰਦਰਾਂ ਸਾਲ ਦਾ ਸਮਾਂ ਵੀ ਕੋਈ ਘੱਟ ਨਹੀਂ ਹੁੰਦਾ, ਪਰ ਉਸਦਾ ਰਵੱਈਆ ਵੇਖ ਤਾਂ ਮੈਨੂੰ ਏਨੀ ਹੈਰਾਨੀ ਹੋਈ ਕਿ ਮੇਰਾ ਆਪਦਾ ਰਵੱਈਆ ਆਪਣੇ ਆਪ ਉਸੇ ਮਾਹੌਲ ਵਿਚ ਢਲ ਗਿਆ। ਉਸ ਦੇ ਕਰਮਚਾਰੀ ਅਤੇ ਦਫ਼ਤਰੀ ਅਮਲਾ ਵੀ ਢੈ-ਢੇਰੀ ਹੁੰਦਾ ਜਾ ਰਿਹਾ ਸੀ। ਸ਼ਾਇਦ ਉਹਨਾਂ ਦੀ ਸਿਖਲਾਈ ਵੀ ਕੁਮਾਰ ਦੇ ਮਾਹਿਰ ਹੱਥਾਂ ਨੇ ਅਜਿਹੀ ਕੀਤੀ ਸੀ ਕਿ ਮੇਰੇ ਵਰਗਾ ਜਿਹੜਾ ਵੀ ਇਸ ਲਈ ਆਵੇ ਉਸ ਦੀ ਸੋਚ ਦੀ ਤਾਕਤ ਖੁਸ਼ਾਮਦ ਦੇ ਹਥੌੜੇ ਨਾਲ ਕੁੱਟ ਕੇ ਖਤਮ ਕਰ ਦਿੱਤੀ ਜਾਵੇ ਅਤੇ ਉਸਨੂੰ ਰਿਸ਼ਵਤ ਦੀ ਮਿਆਨ ਵਿਚ ਬੰਦ ਕਰਕੇ ਰੱਖ ਦਿੱਤਾ ਜਾਵੇ ਅਤੇ ਇਹ ਹੀ ਸ਼ਾਇਦ ਉਸਦੀ ਸਫਲਤਾ ਦਾ ਰਾਜ਼ ਸੀ। ਉਸਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਦੁਨੀਆਂ ਵਿਚ ਹਰ ਆਦਮੀ ਦੀ ਕੀਮਤ ਹੁੰਦੀ ਹੈ ਅਤੇ ਉਹ ਮੌਕਾ ਪ੍ਰਸਤ ਸੀ। ਪਰ ਫਾਰੂਨ ਨੂੰ ਕਦੀ ਨਾ ਕਦੀ ਮੂਸਾ ਨਾਲ ਵਾਸਤਾ ਪੈ ਹੀ ਜਾਂਦਾ ਹੈ ਅਤੇ ਜਦੋਂ ਕੁਮਾਰ ਨੇ ਫਰਸ਼ ਤਕ ਝੁਕ ਕੇ ਸਲਾਮ ਕਰਦੇ ਹੋਏ ਕਿਹਾ, “ਸਰ, ਏਧਰ ਤਸ਼ਰੀਫ਼ ਲੈ ਆਓ।” ਤਾਂ ਮੈਂ ਉਸ ਵੱਲ ਧਿਆਨ ਨਾਲ ਵੇਖਿਆ ਸੀ। ਉਹ ਕੁਮਾਰ ਹੀ ਸੀ ਪਰ ਕਿੰਨਾ ਵੱਖਰਾ। ਉਹ ਜੋ ਸਦਾ ਧੌਲ-ਧੱਫੇ ਤੋਂ ਕੰਮ ਲੈਂਦਾ ਸੀ ਤੇ ਹਮੇਸ਼ਾ ਗਾਲ੍ਹ ਕੱਢ ਕੇ ਗੱਲ ਕਰਦਾ ਸੀ, ਅੱਜ ਸਮੇਂ ਨੇ ਸਾਡੇ ਦੋਵਾਂ ਵਿਚਕਾਰ ਕਿੰਨਾ ਅਜਨਬੀਪਣ ਪੈਦਾ ਕਰ ਦਿੱਤਾ ਸੀ। ਦੋਵਾਂ ਦੀ ਗੱਲਬਾਤ ਵਿਚ ਸਰਾਸਰ ਬਨਾਵਟ ਸੀ ਅਤੇ ਮੈਂ ਜੋ ਉਸ ਨਾਲ ਲਿਪਟ ਜਾਂਦਾ ਹੁੰਦਾ ਸਾਂ ਅੱਜ ਢਿੱਲਾ ਢਿੱਲਾ ਜਿਹਾ ਹੱਥ ਵਧਾਇਆ ਅਤੇ ਮਸ਼ੀਨੀ ਅੰਦਾਜ਼ ਨਾਲ ਉਸਦੇ ਦਫ਼ਤਰ ਵਿਚ ਪੁਜਾ ਸਾਂ।
“ਤੁਸੀਂ ਕੀ ਪੀਓਗੇ, ਸਰ?” ਕੁਮਾਰ ਨੇ ਖੁਸ਼ਾਮਦ ਤੇ ਬੇਨਤੀ ਦੇ ਲਹਿਜੇ ਵਿਚ ਪੁੱਛਿਆ, “ਗਰਮ ਜਾਂ ਠੰਡਾ?” ਕੁਮਾਰ ਗਰਮ ਸੀ ਤੇ ਸਰ ਠੰਡਾ। ਕੁਮਾਰ ਮੇਰਾ ਨਾਂ ਜਾਣਦਾ ਸੀ ਮੈਨੂੰ ਪਛਾਣਦਾ ਸੀ, ਪਰ ਉਹ ਇਹ ਵੀ ਜਾਣਦਾ ਸੀ ਕਿ ਅਫ਼ਸਰ ਨੂੰ ਨਾਂ ਲੈ ਕੇ ਨਹੀਂ ਬੁਲਾਇਆ ਜਾਂਦਾ, ਸ਼ਾਇਦ ਬੁਰਾ ਮਨਾਏ। ਕਿਉਂਕਿ ਉਸਦੀ ਨਜ਼ਰ ਵਿਚ ਹਰ ਅਫ਼ਸਰ 'ਸਰ' ਹੈ ਤੇ ਉਹ ਉਸਦਾ ਨੌਕਰ। ਵਪਾਰ ਤੇ ਦੋਸਤੀ ਦੋ ਵੱਖੋ-ਵੱਖਰੇ ਖੇਤਰ ਨੇ ਤੇ ਇਹਨਾਂ ਨੂੰ ਇਕ ਪੱਧਰ 'ਤੇ ਲਿਆਉਣਾ ਗ਼ਲਤੀ ਹੈ। ਪਰ ਕਸੂਰ ਮੇਰਾ ਸੀ, ਮੈਂ ਹੁਣ ਤਕ ਉਸਨੂੰ ਕੁਮਾਰ ਸਮਝ ਰਿਹਾ ਸੀ, ਠੇਕੇਦਾਰ ਨਹੀਂ। ਭਾਵੇਂ ਸਰਕਾਰੀ ਤੌਰ 'ਤੇ ਮੇਰੀ ਸੋਚ ਵੀ ਭਿੰਨ ਹੋਣੀ ਚਾਹੀਦੀ ਸੀ। ਕੁਮਾਰ ਨੇ ਘੰਟੀ ਵਜਾਈ ਤੇ ਸਤਿਕਾਰ ਨਾਲ ਅਰਦਲੀ ਦੇ ਅੰਦਰ ਆਉਣ ਤੋਂ ਪਹਿਲਾਂ ਸਵਾਲ ਪੁੱਛਿਆ, “ਪਿਆਸ ਤਾਂ ਲੱਗੀ ਹੋਏਗੀ ਸਰ?”
ਮੈਂ ਨਾਂਹ ਵਿਚ ਸਿਰ ਹਿਲਾ ਦਿੱਤਾ ਤੇ ਕੁਮਾਰ ਸੋਚਾਂ ਵਿਚ ਪੈ ਗਿਆ, ਕਿਉਂਕਿ ਨਿਕੰਮੇ ਤੇ ਫਜ਼ੂਲ ਮਾਲ ਨੂੰ ਪਾਸ ਕਰਵਾਉਣ ਦਾ ਉਸ ਦਾ ਪਹਿਲਾ ਵਾਰ ਖਾਲੀ ਗਿਆ। ਇਸ ਦੇ ਉਲਟ ਮੈਂ ਸੋਚ ਰਿਹਾ ਸਾਂ ਕਿ ਅਸੀਂ ਕਿੰਨੇ ਸਾਲ ਇਕੱਠੇ ਬਿਤਾਏ ਨੇ ਤੇ ਮੈਨੂੰ ਪਤਾ ਹੈ ਕਿ ਕੁਮਾਰ ਕਿਸੇ ਨੂੰ ਪਾਣੀ ਦਾ ਗ਼ਲਾਸ ਨਹੀਂ ਪਿਲਾ ਸਕਦਾ। ਅੱਜ ਇਹ ਉਲਟੀ ਗੰਗਾ ਕਿਵੇਂ ਵਗ ਰਹੀ ਹੈ? ਪਰ ਹਾਲਾਤ ਹਰੇਕ ਚੀਜ਼ ਨੂੰ ਉਲਟ ਪਲਟ ਕੇ ਰਖ ਦਿੰਦੇ ਨੇ। ਕਿਉਂਕਿ ਅੱਜ ਅਸੀਂ ਦੋਸਤ ਨਹੀਂ ਸੀ, ਅਫ਼ਸਰ ਤੇ ਠੇਕੇਦਾਰ ਸੀ ਜਿਹਨਾਂ ਦੇ ਵਿਚਕਾਰ ਅਜਨਬੀਪਣ ਦੀ ਦੀਵਾਰ ਸੀ ਤੇ ਜਿਸਨੂੰ ਪਦਾਰਥਵਾਦ ਤੇ ਖੁਦਗਰਜ਼ੀ ਨੇ ਜਿਤਿਆ ਸੀ। ਜਦੋਂ ਰੁਖੇਪਣ ਨੇ ਉਸ ਦੀ ਅਸਫਲਤਾ ਯਕੀਨੀ ਬਣਾ ਦਿੱਤੀ ਤਾਂ ਸੁਣਿਆ ਏ ਉਸਦੇ ਵਾਕਿਫ ਨੇ ਹੈਰਾਨੀ ਨਾਲ ਪੁੱਛਿਆ, “ਤੁਸੀਂ ਤਾਂ ਕਹਿੰਦੇ ਸੀ ਕਿ ਉਹ ਤੁਹਾਡਾ ਆਪਣਾ ਦੋਸਤ ਹੈ?” ਤਾਂ ਕੁਮਾਰ ਨੇ ਨਫ਼ਰਤ ਭਰੇ ਲਹਿਜੇ ਵਿਚ ਕਿਹਾ, “ਮੇਰਾ ਦੋਸਤ? ਉਹ ਆਪਣੇ ਆਪ ਤੋਂ ਬੇਗਾਨਾ ਏ, ਮੇਰਾ ਆਪਣਾ ਕਿਵੇਂ ਬਣੇਗਾ।”
ਮੈਂ ਜਦੋਂ ਵਾਪਸ ਮੁੜਿਆ ਤਾਂ ਬਹੁਤ ਉਦਾਸ ਸਾਂ। ਪਤਾ ਨਹੀਂ ਕਿਉਂ? ਮੇਰਾ ਮਨ ਸੰਤੁਸ਼ਟ ਸੀ ਪਰ ਦਿਲ ਬੇਚੈਨ। ਦੁਨੀਆਂ ਦੀ ਨਾਸ਼ਮਾਨਤਾ ਬਾਰੇ ਸੋਚਣ ਲੱਗ ਪਿਆ। ਆਖ਼ਰ ਜੋ ਅੱਜ ਹੈ ਉਹ ਕਲ੍ਹ ਕਿਉਂ ਨਹੀਂ? ਸ਼ਾਇਦ ਕੇਵਲ ਤਬਦੀਲੀ ਹੀ ਸਦੀਵੀ ਹੈ। ਮੈਂ ਆਪ ਅੱਜ ਉਹ ਨਹੀਂ ਹਾਂ, ਜੋ ਕਲ੍ਹ ਸਾਂ ਤੇ ਆਉਣ ਵਾਲਾ ਕਲ੍ਹ, ਮੇਰੇ ਅੱਜ ਨੂੰ ਬਦਲ ਦੇਵੇਗਾ। ਇਸ ਭਰਪੂਰ ਦੁਨੀਆਂ ਵਿਚ ਮਨੋਵਿਗਿਆਨਕ ਤੌਰ 'ਤੇ। ਆਦਮੀ ਇਕ ਐਸਾ ਨੁਕਤਾ ਹੈ ਜੋ ਲਕੀਰ ਦਾ ਹਿੱਸਾ ਤਾਂ ਹੈ ਪਰ ਵਿਅਕਤੀਗਤ ਤੌਰ 'ਤੇ ਜਦੋਂ ਉਹ ਕਿਸੇ ਹੋਰ ਲਕੀਰ ਨਾਲ ਜਾ ਲੱਗਦਾ ਹੈ ਤਾਂ ਤਿਕੋਨ, ਕੋਨ, ਆਇਤ, ਦਾਇਰਾ,ਵਰਗ ਆਦਿ ਦਾ ਹਿੱਸਾ ਬਣ ਜਾਂਦਾ ਹੈ। ਬਿਲਕੁਲ ਇਹੋ ਹਾਲਤ ਦੂਜੀਆਂ ਚੀਜ਼ਾਂ ਦੀ ਵੀ ਹੈ। ਉਦਾਹਰਨ ਵਜੋਂ ਸਰਕਾਰੀ ਤੌਰ 'ਤੇ ਜਿਸ ਮਕਾਨ ਵਿਚ ਮੈਂ ਰਹਿੰਦਾ ਹਾਂ, ਉਹ ਇਕ ਬਹੁਤ ਵੱਡੀ ਜਹਾਜ਼ ਵਰਗੀ ਇਮਾਰਤ ਹੈ, ਕਿਉਂਕਿ ਇਸ ਰਹਾਇਸ਼ ਦਾ ਸੰਬੰਧ ਹੀ ਅਹੁਦੇ ਨਾਲ ਹੈ, ਜ਼ਰੂਰਤ ਨਾਲ ਨਹੀਂ। ਮੈਂ ਇਕੱਲਾ ਦਮ ਦਾ ਦਮ ਤੇ ਮਕਾਨ ਦੇ ਵੀਹ ਕਮਰੇ। ਮੇਰੇ ਮਾਤਹਿਤ ਦੇ ਛੇ ਬੱਚੇ ਤੇ ਇਕ ਕਮਰਾ। ਹਰ ਚੀਜ਼ ਸਮੇਂ ਦੇ ਸਮੁੰਦਰ ਵਿਚ ਤੈਰਦੀ ਹੈ, ਬੰਦਰਗਾਹ ਬਦਲ ਜਾਂਦੀ ਹੈ। ਇਕ ਦਿਨ ਇਕ ਸੱਜਣ ਆਏ। ਉਹ ਪਹਿਲਾਂ ਮੇਰੇ ਵਾਲੀ ਥਾਂ 'ਤੇ ਲੱਗੇ ਹੋਏ ਸਨ। ਜਦੋਂ ਉਹ ਮੇਰੇ ਬੈਠਣ ਵਾਲੇ ਕਮਰੇ ਵਿਚ ਗਏ ਤਾਂ ਕਹਿਣ ਲੱਗੇ, 'ਸਾਰਾ ਘਰ ਬਦਲਿਆ ਬਦਲਿਆ ਜਿਹਾ ਲੱਗ ਰਿਹਾ ਏ। ਇਉਂ ਲੱਗਦਾ ਏ, ਮੈਂ ਕਦੀ ਇੱਥੇ ਰਿਹਾ ਹੀ ਨਹੀਂ, ਭਾਵੇਂ ਕਿ ਇਸ ਮਕਾਨ ਵਿਚ ਮੈਂ ਚਾਰ ਸਾਲ ਬਿਤਾਏ ਨੇ। ਉਸ ਕਮਰੇ ਵਿਚ ਜਿੱਥੇ ਤੁਸੀਂ ਸੌਂਦੇ ਓ, ਮੇਰਾ ਸਟੋਰ ਸੀ, ਤੁਹਾਡੇ ਬੈਠਣ ਵਾਲੇ ਇਸ ਕਮਰੇ ਵਿਚ ਮੇਰੇ ਬੱਚੇ ਸੌਂਦੇ ਸਨ।' ਇਸੇ ਤਰ੍ਹਾਂ ਹੀ ਮੈਂ ਸੋਚਣ ਲੱਗਾ, ਸਿਰਫ ਆਦਮੀ ਹੀ ਨਹੀਂ ਬਦਲਦਾ, ਮਕਾਨ ਵੀ, ਉਸ ਵਿਚ ਰਹਿਣ ਵਾਲੇ ਨੂੰ ਭੁੱਲ ਜਾਂਦਾ ਹੈ ਤੇ ਕੁਝ ਸਾਲਾਂ ਪਿੱਛੋਂ ਸ਼ਾਇਦ ਇਹ ਮਕਾਨ ਮੈਨੂੰ ਵੀ ਨਾ ਪਛਾਣੇ ਤੇ ਮੈਂ ਵੀ ਫੇਰ ਕਦੀ ਆਵਾਂ ਤਾਂ ਹਰ ਦਰਵਾਜ਼ੇ ਖਿੜਕੀ ਨੂੰ ਹੈਰਾਨੀ ਨਾਲ ਵੇਖਾਂ, ਜੋ ਅੱਜ ਮੇਰੇ ਕਿੰਨੇ ਨੇੜੇ ਨੇ, ਜਿਹਨਾਂ ਦਾ ਹਰ ਕੋਨਾ ਮੇਰੇ ਪੈਰਾਂ ਨਾਲ ਗਿਣਿਆ ਮਿਥਿਆ ਹੈ ਤੇ ਹਰ ਕੋਨਾ ਮੇਰੀਆਂ ਨਜ਼ਰਾਂ ਤੋਂ ਜਾਣੂ ਹੈ। ਪਰ ਸੱਚਾਈ ਇਹ ਹੈ ਕਿ ਸਰਾਂ ਤੇ ਵੇਸ਼ਵਾ ਨੇ ਕਦੇ ਕਿਸੇ ਗਾਹਕ ਨਾਲ ਪਿਆਰ ਨਹੀਂ ਕੀਤਾ। ਕੀ ਸਮੇਂ ਨਾਲ ਹਰ ਚੀਜ਼ ਨਹੀਂ ਬਦਲ ਜਾਂਦੀ। ਹੋਰ ਤਾਂ ਹੋਰ ਤੁਹਾਡੀ ਜੁਆਨੀ ਤੁਹਾਡੇ ਬੁਢਾਪੇ ਨੂੰ ਪਛਾਣਨ ਤੋਂ ਨਾਂਹ ਕਰ ਦਿੰਦੀ ਹੈ। ਪਿਛਲੇ ਦਿਨੀਂ ਮੈਨੂੰ ਇਕ ਐਸੇ ਸ਼ਹਿਰ ਜਾਣ ਦਾ ਮੌਕਾ ਮਿਲਿਆ, ਜਿੱਥੇ ਕਈ ਸਾਲ ਪਹਿਲਾਂ ਮੈਂ ਆਪਣੀ ਜਵਾਨੀ ਤੇ ਅਧੇੜ ਉਮਰ ਦੇ ਪੰਦਰਾਂ ਸਾਲ ਬਿਤਾਏ ਸਨ, ਜਿਸ ਦੇ ਚੱਪੇ ਚੱਪੇ ਤੇ ਮੇਰੀਆਂ ਝਾਕਾਂ ਦੇ ਪਰਛਾਵੇਂ ਸਨ। ਅੰਤਰ ਕਰਣ ਵਿਚ ਉਸ ਦੀ ਖੁਸ਼ਬੂ ਰਚੀ ਹੋਈ ਸੀ। ਜਦੋਂ ਮੈਂ ਦਸ ਸਾਲ ਪਿੱਛੋਂ ਉੱਥੇ ਗਿਆ ਤਾਂ ਇਉਂ ਲੱਗਾ ਜਿਵੇਂ ਉੱਥੋਂ ਦੀਆਂ ਸੜਕਾਂ ਪੁੱਛ ਰਹੀਆਂ ਹੋਣ—
“ਪਰਦੇਸੀ ਕਿੱਥੋਂ ਆਇਆ ਏਂ? ਕਿੱਥੇ ਜਾਣਾ ਏਂ?” ਮੈਂ ਕੀ ਜਵਾਬ ਦਿੰਦਾ। ਚਿੱਤ ਵਿਚ ਤਾਂ ਆਇਆ ਕਿ ਕਹਿ ਦੇਵਾਂ ਜ਼ਰਾ ਮੈਨੂੰ ਸਮੇਂ ਦੀ ਧੂੜ ਝਾੜ ਲੈਣ ਦਿਓ। ਤੁਹਾਡੀ ਛਾਤੀ 'ਤੇ ਮੇਰੇ ਪੈਰਾਂ ਦੇ ਨਿਸ਼ਾਨ ਅਜੇ ਵੀ ਹੋਣਗੇ। ਪਰ ਸ਼ਾਇਦ ਉਹ ਮੇਰੇ ਦਿਲ ਦੀ ਗੱਲ ਬੁੱਝ ਗਈਆਂ। ਕਿਉਂਕਿ ਸੜਕ ਦੇ ਆਰ ਪਾਰ ਬਣੀਆ ਹੋਈਆਂ ਵਰਤਮਾਨ ਇਮਾਰਤਾਂ ਠੱਠਾ ਮਾਰ ਕੇ ਹੱਸ ਪਈਆਂ ਜਿਵੇਂ ਕਹਿ ਰਹੀਆਂ ਹੋਣ ਜਦੋਂ ਦੀ ਤੁਸੀਂ ਗੱਲ ਕਰਦੇ ਹੋ ਉਸ ਵੇਲੇ ਇੱਥੇ ਉਜਾੜ ਬੀਆਬਾਨ ਸੀ। ਦਸ ਸਾਲਾਂ ਵਿਚ ਕੌਣ ਕਿਸੇ ਨੂੰ ਯਾਦ ਰੱਖਦਾ ਏ? ਉਸ ਸਮੇਂ ਦੀਆਂ ਪੰਦਰਾਂ ਸੋਲਾਂ ਸਾਲ ਦੀਆਂ ਕੁਵਾਰੀਆਂ ਅੱਜ ਆਪਦੇ ਨੰਨ੍ਹੇ ਮੁੰਨਿਆਂ ਨੂੰ ਛਾਤੀ ਨਾਲ ਲਾਈ ਸਾਡੇ ਵਿਚ ਲੁਕੀਆਂ ਬੈਠੀਆਂ ਨੇ। ਫੇਰ ਇਉਂ ਲੱਗਿਆ ਜਿਵੇਂ ਉਹਨਾਂ ਦੇ ਬੁੱਲ੍ਹਾਂ ਤੇ ਚੰਚਲ ਮੁਸਕਰਾਹਟ ਹੋਵੇ ਤੇ ਮੈਨੂੰ ਸੁਣਾ ਸੁਣਾ ਕੇ ਕਹਿ ਰਹੀਆਂ ਹੋਣ ਕਿ ਤੁਹਾਡੇ ਸਮੇਂ ਦੇ ਜਵਾਨ ਲੋਕ ਜਿਹਨਾਂ ਸ਼ਾਮ ਦੀ ਮਹਿਫਲ ਵਿਚ ਔਰਤ ਤੇ ਸ਼ਰਾਬ ਦੀ ਗੱਲ ਤੁਰਦੀ ਸੀ, ਹੁਣ ਨਵੀਂ ਨਸਲ ਤੋਂ ਪਰੇਸ਼ਾਨ ਨੇ। ਨੀਤੀ ਦੀ ਸਿਖਿਆ ਦਿੰਦੇ ਨੇ। ਉਹਨਾਂ ਨੂੰ ਆਪ ਪਤਾ ਨਹੀਂ ਕਿ ਉਹ ਕਿੱਥੇ ਤੋਂ ਕਿੱਥੇ ਪਹੁੰਚ ਗਏ। ਤੈਨੂੰ ਕਿੱਥੇ ਯਾਦ ਰਖਣਗੇ। ਇਹ ਨਾ ਭੁੱਲੋ ਕਿ ਹਰ ਪਲ ਬਾਅਦ ਆਦਮੀ ਬੀਤੇ ਦਾ ਹਿੱਸਾ ਬਣਦਾ ਜਾ ਰਿਹਾ ਹੈ ਤੇ ਬੀਤਿਆ ਸਮਾਂ ਹਨੇਰਾ ਹੈ।'
ਮੈਂ ਝੰਜਲਾ ਕੇ ਸਿਰ ਦੇ ਵਾਲ ਖਿੱਚੇ ਤਾਂ ਗੰਜ ਤੋਂ ਪਿਛਾਂਹ ਥੋੜ੍ਹੇ ਜਿਹੇ ਵਾਲਾਂ ਦੇ ਗੁੱਛੇ ਵਿਚੋਂ ਕੁਝ ਧੌਲੇ ਮੇਰੇ ਨੌਹਾਂ ਵਿਚ ਫਸ ਗਏ, ਜਿਹਨਾਂ ਨੂੰ ਸਮੇਂ ਦੀ ਧੁੱਪ ਨੇ ਸਫ਼ੈਦ ਕੀਤਾ ਸੀ, ਨਹੀਂ ਤਾਂ ਜਵਾਨੀ ਦੀਆਂ ਕਾਲੀਆਂ ਕਰਤੂਤਾਂ ਇਹਨਾਂ ਹੀ ਸਿਆਹ ਕਾਲੇ ਵਾਲਾਂ ਦੀਆਂ ਘੁੰਗਰਾਲੀਆਂ ਜ਼ੁਲਫਾਂ ਨਾਲ ਜੁੜੀਆਂ ਹੋਈਆਂ ਸਨ। ਮੇਰਾ ਆਪਣਾ ਚਿਹਰਾ ਮੁਹਰਾ ਅਜਨਬੀ ਹੋ ਚੁੱਕਿਆ...ਤੇ ਸੀ ਤਾਂ ਇਹ ਪੱਥਰ ਦੀਆਂ ਬਣੀਆ ਹੋਈਆਂ ਪੱਥਰ ਦਿਲ ਇਮਾਰਤਾਂ ਤੇ ਮੇਰੀਆਂ ਯਾਦਾਂ ਵਾਂਗ ਵਿੰਗੀਆਂ-ਟੇਢੀਆਂ ਗਲੀਆਂ ਤੇ ਸੜਕਾਂ ਮੈਨੂੰ ਕਿਵੇਂ ਯਾਦ ਰੱਖਦੀਆਂ?
ਅੱਜ ਮੈਂ ਦਫ਼ਤਰ ਵਿਚ ਇਕੱਲਾ ਬੈਠਾ ਹਾਂ। ਖ਼ੁਦ ਆਪਣੇ ਆਪ ਤੋਂ ਅਜਨਬੀ। ਕੋਈ ਇਕ ਹਜ਼ਾਰ ਆਦਮੀ, ਮੇਰੇ ਦੋਸਤ ਨਹੀਂ, ਮਾਤਹਿਤ ਨੇ। ਤੇ ਮਾਤਹਿਤ ਹਮਦਮ ਨਹੀਂ ਹੁੰਦੇ। ਕਿਉਂਕਿ ਉਹ ਤੁਹਾਨੂੰ ਭੁੱਲ ਚੁੱਕੇ ਨੇ ਤੇ ਤੁਸੀਂ ਉਹਨਾਂ ਨੂੰ। ਸਭ ਨੇ ਬੁਰਕੇ ਪਾਏ ਹੋਏ ਨੇ। ਮੰਗੇ ਹੋਏ ਸ਼ਬਦਾਂ ਨਾਲ ਅਸੀਂ ਗੱਲਾਂ ਕਰਦੇ ਹਾਂ। ਜਿਹਨਾਂ ਵਿਚ ਪਿਆਰ, ਦੋਸਤੀ ਨਹੀਂ ਸਗੋਂ ਅਜਨਬੀਪਨ ਹੈ, ਬੇਗਾਨਾਪਨ ਹੈ ਤੇ ਇਸ ਪਦਾਰਥਵਾਦ ਦੇ ਦੌਰ ਵਿਚ, ਜੇ ਮੈਂ ਵਿਆਹ ਕੀਤਾ ਹੁੰਦਾ ਤਾਂ ਮੈਂ ਉਸ ਉੱਤੇ ਹੈਰਾਨ ਨਾ ਹੁੰਦਾ। ਬਾਪ ਤੇ ਬੇਟੇ ਦਾ ਰਿਸ਼ਤਾ ਇਕ ਸਰੀਰਕ ਘਟਨਾ ਹੈ ਤੇ ਦੋਸਤੀ ਇਕ ਜਜ਼ਬਾਤੀ ਅਮਲ।
ਇਸ ਸਮੇਂ ਜਦੋਂ ਹਰ ਆਦਮੀ ਮੈਂ ਦੀ ਪਕੜ ਵਿਚ ਹੈ, ਉਸਨੂੰ ਦੂਜੇ ਲਈ ਨਾ ਤਾਂ ਵਿਹਲ ਹੈ ਤੇ ਨਾ ਹੀ ਸਹਾਇਤਾ ਕਰਨ ਦੀ ਇੱਛਾ। ਹਾਲਾਤ ਦੇ ਅਧੀਨ ਹਰ ਆਦਮੀ ਆਪਣੇ ਆਪ ਤੋਂ ਬੇਗਾਨਾ ਹੈ, ਜੇ ਉਹ ਮੈਨੂੰ ਵੀ ਅਜਨਬੀ ਸਮਝਣ ਤਾਂ ਮਨ ਨੂੰ ਦੁਖੀ ਨਹੀਂ ਹੋਣਾ ਚਾਹੀਦਾ, ਸਗੋਂ ਸਮੇਂ ਦੀ ਆਵਾਜ਼ ਸੁਣ ਕੇ ਹਾਲਾਤ ਨਾਲ ਸਮਝੌਤਾ ਕਰਨਾ ਹੀ ਪੈਂਦਾ ਏ ਤੇ ਵਧਦੇ ਹੋਏ ਲੋਕ ਉਸ ਨੂੰ ਪਛਾਣਨ ਤੋਂ ਬਿਲਕੁਲ ਨਾਂਹ ਕਰ ਦਿੰਦੇ ਨੇ ਤੇ ਫੇਰ ਉਸਨੂੰ ਅਹਿਸਾਸ ਹੁੰਦਾ ਹੈ ਕਿ ਉਹ ਨਾ ਕੇਵਲ ਸਾਰੀ ਦੁਨੀਆਂ ਲਈ ਸਗੋਂ ਆਪਣੇ ਲਈ ਵੀ ਅਜਨਬੀ ਹੈ।
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ