Akhan Vich Mar Gai Khushi : Waryam Singh Sandhu
ਅੱਖਾਂ ਵਿਚ ਮਰ ਗਈ ਖੁਸ਼ੀ : ਵਰਿਆਮ ਸਿੰਘ ਸੰਧੂ
''ਸੁਣਾਓ ਮਾਸਟਰ ਸ਼ਾਮ ਸੁੰਦਰ ਜੀ! ਤੁਸੀਂ ਕਿਹੜੇ ਪਾਸੇ ਹੋ ਕੇ ਸਮਾਜਵਾਦ ਲਿਆਉਣ ਲਈ ਯਤਨ ਆਰੰਭ ਕਰੋਂਗੇ?''
ਮਾਸਟਰ ਸ਼ਾਮ ਸੁੰਦਰ ਨੇ ਡਾਕਟਰ ਧਰਮ ਸਿੰਘ ਦੇ ਬੋਲਾਂ ਦਾ ਕੋਈ ਉੱਤਰ ਦੇਣਾ ਉਚਿਤ ਨਾ ਸਮਝਿਆ। ਉਸ ਦੇ ਝੁਰੜੀਆਂ ਵਾਲੇ ਮੱਥੇ ਉਤੇ ਇਕ ਤਿਊੜੀ, ਨਵੀਂ ਝੁਰੜੀ ਬਣ ਕੇ ਉਭਰ ਆਈ। ਉਸ ਟੁੱਟੇ ਹੋਏ ਸਾਈਕਲ ਦੇ ਪਿੱਛੇ ਲੱਦੀ ਪੱਠਿਆਂ ਦੀ ਭਾਰੀ ਪੰਡ ਸੰਭਾਲਦੇ ਹੋਏ ਜ਼ੋਰ ਦੀ ਪੈਡਲ ਮਾਰਨ ਦੀ ਕੋਸ਼ਿਸ਼ ਕੀਤੀ। ਕੋਸ਼ਿਸ਼ ਸਾਈਕਲ ਦਾ ਚੇਨ ਲੱਥ ਜਾਣ ਦੀ ਅਸਫਲਤਾ ਦਾ ਰੂਪ ਧਾਰ ਗਈ। ਉਹ ਡਿੱਗਦਾ-ਡਿੱਗਦਾ ਮਸੀਂ ਸੰਭਲਿਆ।
ਉਸ ਨੂੰ ਡਾਕਟਰ ਧਰਮ ਸਿੰਘ ਉਤੇ ਖ਼ਾਹ-ਮਖ਼ਾਹ ਫਿਰ ਗੁੱਸਾ ਆ ਗਿਆ। ਇਹ ਸਮਾਜਵਾਦ ਦਾ ਰੌਲਾ-ਰੱਪਾ ਜਿਹਾ ਉਹ ਕਈ ਚਿਰ ਤੋਂ ਸੁਣਦਾ ਆ ਰਿਹਾ ਸੀ। ਤੇ ਜਿਹੜੀ ਗੱਲ 'ਰੌਲਾ-ਰੱਪਾ' ਬਣ ਕੇ ਹੀ ਰਹਿੰਦੀ ਜਾ ਰਹੀ ਸੀ, ਉਸ ਬਾਰੇ ਸੁਣ ਕੇ ਉਹਦੇ ਮਨ ਦਾ ਸੁਆਦ ਹੋਰ ਵੀ ਖਰਾਬ ਹੋ ਗਿਆ। ਸਾਈਕਲ ਨੂੰ ਚੇਨ ਚੜ੍ਹਾ ਕੇ ਉਹ ਫਿਰ ਤੁਰ ਪਿਆ। ਕਮਜ਼ੋਰ ਬੁੱਢਾ ਸਰੀਰ ਮਸੀਂ ਪੱਠਿਆਂ ਦੀ ਪੰਡ ਸਾਇਕਲ ਤੇ ਧੂਹ ਰਿਹਾ ਸੀ। ਉਧਰੋਂ ਹਵਾ ਵੀ ਅੱਗੋਂ ਦੀ ਸੀ। ਸਾਈਕਲ ਵੀ ਉਸ ਦਾ ਉਮਰੋਂ ਹਾਣੀ ਲੱਗਦਾ ਸੀ।
ਪਿੰਡ ਦੀ ਸੱਥ ਵਿਚ ਵੜਦਿਆਂ ਉਸ ਮੱਥੇ ਉਤੇ ਮੁੜਕਾ ਪੂੰਝਿਆ। ਡਾਕਟਰ ਧਰਮ ਸਿੰਘ ਉਤੇ ਕ੍ਰਿਝਦਾ ਉਹ ਆਪਣੇ ਨਾਲ ਔਖਾ ਹੋਣ ਲੱਗ ਪਿਆ। ਅਖੇ : ''ਸੁਣਾਓ ਮਾਸਟਰ ਸ਼ਾਮ ਸੁੰਦਰ ਜੀ!...''
ਉਸ ਨੂੰ ਡਾਕਟਰ ਵਲੋਂ ਆਪਣੇ ਉਤੇ ਕੀਤੇ ਗਏ ਵਿਅੰਗ ਨਾਲੋਂ ਬਹੁਤਾ ਗੁੱਸਾ ਇਸ ਗੱਲ ਦਾ ਆਇਆ ਕਿ ਉਸ ਨੇ ਉਹਨੂੰ ਮਾਸਟਰ ਸ਼ਾਮ ਸੁੰਦਰ ਜੀ!' ਕਿਉਂ ਕਿਹਾ ਸੀ!
'ਸ਼ਾਮ ਸੁੰਦਰ...' ਉਹ ਆਪ ਹੀ ਬੁੜਬੁੜਾਇਆ। ਆਪਣੇ ਨਾਂ ਬਾਰੇ ਸੋਚਦਿਆਂ ਉਸ ਨੂੰ ਕਦੀ ਵੀ 'ਸ਼ਾਮ ਮੁਰਾਰੀ ਕ੍ਰਿਸ਼ਨ ਭਗਵਾਨ' ਦੀ ਸੁੰਦਰਤਾ ਚੇਤੇ ਨਹੀਂ ਸੀ ਆਈ। ਸਗੋਂ ਡੁੱਬਦਾ ਹੋਇਆ ਸੂਰਜ ਚੇਤੇ ਆ ਜਾਂਦਾ ਸੀ। 'ਸ਼ਾਮ ਸੁੰਦਰ!' ਉਸ ਫਿਰ ਕਿਹਾ ਤੇ ਪੱਛਮ ਦੀ ਬੁੱਕਲ ਵਿਚ ਵੜਦੇ ਜਾਂਦੇ ਸੂਰਜ ਵੱਲ ਤੱਕਿਆ। ਇਹ ਪੈਂਦੀ ਜਾ ਰਹੀ 'ਸ਼ਾਮ' ਉਸ ਨੂੰ ਕਦੀ 'ਸੁੰਦਰ' ਨਹੀਂ ਸੀ ਲੱਗੀ। ਤੇ ਉਸ ਨੂੰ ਆਪ ਸਮਝ ਨਹੀਂ ਸੀ ਆਉਂਦੀ ਕਿ ਉਹ ਕਿਉਂ ਆਪਣੇ ਨਾਂ ਨੂੰ 'ਸ਼ਾਮ' ਨਾਲ ਤੁਲਨਾ ਦੇਂਦਾ ਸੀ। ਉਸ ਨੂੰ ਰਹਿ-ਰਹਿ ਕੇ ਐਵੇਂ ਹੀ ਕ੍ਰੋਧ ਆਉਂਦਾ ਕਿ ਉਸ ਦਾ ਇਹ ਨਾਂ ਕਿਉਂ ਹੈ। ਤੇ ਗੁੱਸੇ ਵਿਚ ਉਹ ਮੁਗਲ ਸ਼ਹਿਨਸ਼ਾਹ ਜਹਾਂਗੀਰ ਵਰਗੀਆਂ ਮੁੱਛਾਂ ਨੂੰ ਦੰਦ ਨਾਲ ਟੁੱਕਣ ਲੱਗ ਪੈਂਦਾ।
ਹਰ 'ਸ਼ਾਮ' ਉਸ ਨੂੰ 'ਸੁੰਦਰ' ਨਹੀਂ ਭੱਦੀ ਲੱਗਦੀ ਸੀ। ਸਾਰੀ ਉਮਰ ਪਹਿਲਾਂ ਮਾਸਟਰੀ ਕੀਤੀ। ਹੁਣ ਕੌਮ ਤੇ ਉਸਰਈਏ ਨੇ ਸੌ ਸਿਫਾਰਸ਼ਾਂ ਪਾ ਕੇ, ਪੇਟ ਪਾਲਣ ਲਈ, ਪੰਜ ਮੀਲ ਦੂਰ ਇਕ ਬਰਾਂਚ ਦਾ ਡਾਕਖਾਨਾ ਲਿਆ ਸੀ। ਸਵੇਰੇ ਪੰਜ ਮੀਲ ਜਾਂਦਾ। ਤਿੰਨਾਂ ਪਿੰਡਾਂ ਦੀ ਡਾਕ ਘਰ-ਘਰ ਵੰਡਦਾ। ਸ਼ਾਮ ਨੂੰ ਗਾਂ ਤੇ ਵੱਛੇ ਜੋਗੇ ਰਾਹ ਵਿਚ ਮੁੱਲ ਲਏ ਪੱਠਿਆਂ ਦੀ ਪੰਡ ਟੁੱਟੇ ਸਾਈਕਲ ਉਤੇ ਪਿੰਡ ਲਿਆਉਂਦਾ। ਪਿੰਡ ਪਹੁੰਚਦਿਆਂ ਰਾਤ ਪੈ ਰਹੀ ਹੁੰਦੀ। ਉਹਦਾ ਬੁੱਢਾ ਕਮਜ਼ੋਰ ਸਰੀਰ ਥਕੇਵੇਂ ਨਾਲ ਚੂਰ ਹੋਇਆ ਹੁੰਦਾ। ਫਿਰ ਪੱਠੇ ਕੁਤਰ ਕੇ ਗਾਂ ਨੂੰ ਪਾਉਣੇ। ਇੰਜ ਉਸ ਦੀ ਸਾਰੀ ਦਿਹਾੜੀ ਰੁਝੇਵੇਂ ਵਿਚ ਲੰਘਦੀ ਤੇ ਸ਼ਾਮ ਪੈ ਜਾਂਦੀ। ਉਹ ਮਹਿਸੂਸ ਕਰਦਾ ਕਿ ਉਸ ਦੇ ਕਮਜ਼ੋਰ ਹੁੰਦੇ ਜਾ ਰਹੇ ਬੁੱਢੇ ਸਰੀਰ ਲਈ ਇਹ ਕੰਮ ਜ਼ਿਆਦਾ ਸੀ। ਆਪਸ ਵਿਚ ਦੋ-ਦੋ ਮੀਲਾਂ ਦੀ ਵਿੱਥ ਵਾਲੇ ਤਿੰਨਾਂ ਪਿੰਡਾਂ ਦੀ ਡਾਕ ਵੰਡਣੀ। ਸਾਰੀ ਦਿਹਾੜੀ ਕੇਵਲ ਚਾਲੀ ਰੁਪਈਆਂ ਪਿੱਛੇ ਸਈਕਲ ਚਲਾਉਂਦੇ ਰਹਿਣਾ। ਪਰ ਇਹ ਤਾਂ ਪੇਟ ਦਾ ਸੁਆਲ ਸੀ। ਜਿਸਦੇ ਜਵਾਬ ਵਿਚ ਉਸ ਦੇ ਬੁੱਢੜ ਸਰੀਰ ਨੂੰ ਇਹ ਔਖਿਆਈ ਝੱਲਣੀ ਹੀ ਪੈ ਰਹੀ ਸੀ। ਪਰ ਇੰਜ ਸ਼ਾਮ ਨੂੰ ਥਕੇਵੇਂ ਵਿਚ ਚੂਰ ਹੋਏ ਨੂੰ ਜਦੋਂ ਉਸ ਨੂੰ ਆਪਣਾ ਨਾਂ ਚੇਤੇ ਆ ਜਾਂਦਾ ਤਾਂ ਉਸ ਦਾ ਜੀਅ ਕਰਦਾ, ਉਹਦੀ ਮਾਂ ਕੋਲ ਹੋਵੇ ਤੇ ਉਹ ਉਸ ਨੂੰ ਪੁੱਛੇ ਕਿ ਉਸ ਨੇ ਕੀਹਦੇ ਕੋਲੋਂ ਪੁੱਛ ਕੇ ਉਹਦਾ ਇਹ ਨਾ ਰੱਖਿਆ ਸੀ।
ਉਹ ਸਾਇਕਲ ਤੋਂ ਉਤਰਿਆ। ਖਲੋ ਕੇ ਲੱਕ ਨੂੰ ਸਿੱਧਾ ਕੀਤਾ ਤੇ ਅੰਗੜਾਈ ਭਰਨ ਦੀ ਕੋਸ਼ਿਸ਼ ਕੀਤੀ। ਲੱਕ ਵਿਚੋਂ ਚੀਸ ਨਿਕਲੀ ਤੇ ਉਹ ਸਾਰੇ ਦਾ ਸਾਰਾ ਜਿਵੇਂ ਇਕੱਠਾ ਹੋ ਗਿਆ। ਮੱਥੇ ਉਤੇ ਤਰੇਲੀ ਆ ਗਈ। ਉਸ ਦੀ ਜ਼ਿੰਦਗੀ ਦੀ 'ਸ਼ਾਮ' ਵੀ ਕਿੰਨੀ 'ਸੁੰਦਰ' ਸੀ! ਤੇ ਐਵੇਂ ਉਸ ਨੂੰ ਆਪਣੇ ਨਾ ਨਾਲ ਫਿਰ ਗੁੱਸਾ ਆ ਗਿਆ। ਇਹ ਭਲਾ ਕੋਈ ਗੱਲ ਵੀ ਸੀ।
ਉਸ ਦੂਰੋਂ ਵੇਖਿਆ, ਉਹਦੇ ਘਰ ਦੀ ਡਿਊਢੀ ਉਤੇ ਚਰਖੇ ਵਾਲਾ ਤਿਰੰਗਾ ਕਾਂਗਰਸੀ ਝੰਡਾ ਲਹਿਰਾ ਰਿਹਾ ਸੀ। ਉਸ ਨੂੰ ਰਾਹ ਵਿਚ ਮਿਲੇ ਡਾਕਟਰ ਧਰਮ ਸਿੰਘ ਦਾ ਵਿਅੰਗ ਚੇਤੇ ਆ ਗਿਆ। ਹੁਣੇ ਹੁਣੇ ਦੇਸ਼ ਦੀ ਹਾਕਮ ਪਾਰਟੀ ਵਿਚ ਦੋ ਧੜੇ ਬਣੇ ਸਨ। ਤੇ ਡਾਕਟਰ ਉਸ ਨੂੰ ਪੁੱਛ ਰਿਹਾ ਸੀ ਕਿ ਉਹ ਕਿਹੜੇ ਧੜੇ ਨਾਲ ਸ਼ਾਮਲ ਹੋ ਕੇ ਸਮਾਜਵਾਦ ਲਿਆਵੇਗਾ। ਉਸ ਨੇ ਆਪਣੇ ਘਸੇ ਹੋਏ ਕੱਪੜਿਆਂ, ਟੁੱਟੇ ਸਾਈਕਲ ਤੇ ਉਸ ਪਿੱਛੇ ਪੱਠਿਆਂ ਦੀ ਪੰਡ ਨੂੰ ਤੱਕਿਆ। ਉਮਰ ਦਾ ਬਾਹਠਵਾਂ ਸਾਲ ਚੇਤੇ ਆਇਆ। ਤੇ ਉਹ ਸਮਾਜਵਾਦ ਬਾਰੇ ਸੋਚ ਕੇ ਐਵੇਂ ਹੀ ਮੁਸਕਰਾ ਪਿਆ। ਡਿਊਢੀ ਉਤੇ ਤਿਰੰਗਾ ਝੁੱਲ ਰਿਹਾ ਸੀ।
ਘਰ ਪਹੁੰਚ ਕੇ ਉਸ ਨੇ ਡਿਊਢੀ ਵਿਚ ਸਾਈਕਲ ਤੋਂ ਪੱਠਿਆਂ ਦੀ ਪੰਡ ਉਤਾਰੀ। ਸਾਈਕਲ ਕੰਧ ਨਾਲ ਲਾਇਆ। ਲੱਕ ਤੇ ਗੋਡਿਆਂ ਵਿਚੋਂ ਇਕੱਠੀ ਪੀੜ ਨਿਕਲੀ। ਉਸ ਹੱਥ ਲਾ ਕੇ ਵੇਖਿਆ, ਗੋਡੇ ਸੁੱਜੇ ਹੋਏ ਲੱਗਦੇ ਸਨ। ਇਕ ਛਿਣ ਲਈ ਉਸ ਦੇ ਮਨ ਵਿਚ ਮਰ ਜਾਣ ਦਾ ਵਿਚਾਰ ਆਇਆ, ''ਮਾੜੇ ਨੂੰ ਮੌਤ ਵੀ ਕਿੱਥੇ!'' ਉਸ ਆਪਣੇ ਆਪ ਨੂੰ ਕਿਹਾ 'ਇਹ ਵੀ ਸਾਲੇ ਤਗੜਿਆਂ ਨੂੰ ਫੱਟ ਦੇਣੀ ਆਉਂਦੀ ਏ। ਚਲੋ ਜੀ ਹਾਰਟ ਫੇਲ੍ਹ ਹੋ ਗਿਆ ਤੇ ਔਹ ਗਏ। ਸਾਡਾ ਹਾਰਟ ਵੀ ਖ਼ਬਰੇ ਕਾਹਦਾ ਏ ਜਿਹੜਾ ਫੇਲ੍ਹ ਨਹੀਂ ਹੁੰਦਾ। ਸੋਚਦਾ ਸੋਚਦਾ ਉਹ ਉਚੀ ਹੁੰਗਾਰ ਪਿਆ 'ਸਾਡੇ ਤਾਂ ਮੁੰਡੇ ਹੀ ਫੇਲ੍ਹ ਹੁੰਦੇ ਨੇ।' ਉਸ ਨੂੰ ਛੋਟੇ ਮੁੰਡੇ ਚਰਨ ਦਾਸ ਦਾ ਖਿਆਲ ਆ ਗਿਆ, ਜਿਹੜਾ ਤਿੰਨ ਵਾਰ ਦਸਵੀਂ 'ਚੋਂ ਫੇਲ੍ਹ ਹੋਇਆ ਸੀ ਤੇ ਹੁਣ ਬਿਜਲੀ ਦੇ ਮਹਿਕਮੇ ਵਿਚ ਖੰਭੇ ਗੱਡਣ ਵਿਚ 'ਭਰਤੀ' ਹੋ ਗਿਆ ਸੀ।
ਵਿਹੜੇ ਵਿਚ ਦੀ ਹੁੰਦਾ ਉਹ ਸਿੱਧਾ ਅੰਦਰ ਲੰਘ ਗਿਆ। ਚੌਂਕੇ ਵਿਚ ਵੱਡੀ ਧੀ ਸੁਸ਼ਮਾ ਤੇ ਉਸ ਦੀ ਮਾਂ ਬੈਠੀਆਂ ਹੋਈਆਂ ਸਨ। ਵੱਡੇ ਲੜਕੇ ਧਰਮਪਾਲ ਦੀ ਵਿਧਵਾ ਨਲਕੇ ਲਾਗੇ ਬੈਠੀ ਕੋਈ ਕੱਪੜਾ ਧੋ ਰਹੀ ਸੀ। ਕਿਸੇ ਵੱਲ ਵੀ ਵੇਖ ਕੇ ਉਹਦੇ ਮਨ ਨੂੰ ਕੋਈ ਖੁਸ਼ੀ ਨਹੀਂ ਹੋਈ। ਕਮਰੇ ਅੰਦਰ ਵੜਦਿਆਂ ਹੀ ਉਹ ਮੰਜੇ ਉਤੇ 'ਧਹਿ' ਕਰਕੇ ਡਿੱਗ ਪਿਆ। ਦਰਵਾਜ਼ੇ ਵਿਚੋਂ ਵੇਖਿਆ, ਬਾਹਰ ਡਿਉਢੀ ਉਤੇ ਝੁੱਲਦਾ ਤਿਰੰਗਾ ਦਿਸ ਰਿਹਾ ਸੀ। ਉਧਰੋਂ ਧਿਆਨ ਪਰਤਾ ਕੇ ਉਸ ਨੇ ਅੰਗੀਠੀ ਵੱਲ ਤੱਕਿਆ, ਧਰਮਪਾਲ ਦੀ ਫੋਟੋ ਕੋਲ ਸ਼ਹੀਦ ਭਗਤ ਸਿੰਘ ਦੀ ਘਸਮੈਲੀ ਤਸਵੀਰ ਫਰੇਮ ਕੀਤੀ ਪਈ ਸੀ ਤੇ ਉਸ ਦੀਆਂ ਅੱਖਾਂ ਅੱਗੋਂ ਉਹ ਦ੍ਰਿਸ਼ ਗੁਜ਼ਰ ਗਿਆ।
... ਉਸ ਨੂੰ ਚੰਗੀ ਤਰ੍ਹਾਂ ਚੇਤੇ ਸੀ। ਉਹ ਉਦੋਂ ਕਸੂਰ ਪੜ੍ਹਦੇ ਸਨ। ਅੰਗਰੇਜ਼ ਵਾਇਸਰਾਏ ਲਾਹੌਰ ਆ ਰਿਹਾ ਸੀ। ਹੋਰਨਾਂ ਸਕੂਲਾਂ ਵਾਂਗ ਉਹਨਾਂ ਦੇ ਸਕੂਲ ਦੇ ਵਿਦਿਆਰਥੀ ਵੀ ਸਕਾਊਟਾਂ ਦੇ ਰੂਪ ਵਿਚ ਵਾਇਸਰਾਏ ਦੇ ਸਵਾਗਤ ਲਈ ਲਾਹੌਰ ਗਏ ਸਨ। ਬੜਾ ਵੱਡਾ ਜਲੂਸ ਸੀ। ਵਿਦਿਆਰਥੀਆਂ ਨੇ ਹੱਥਾਂ ਵਿਚ 'ਯੂਨੀਅਨ ਜੈਕ' ਫੜੇ ਹੋਏ ਸਨ। ੳਹ ਬਾਦਸ਼ਾਹ ਸਲਾਮਤ ਦੀ ਬਾਦਸ਼ਾਹੀ ਵਧਣ-ਫੁੱਲਣ ਲਈ ਸੰਘ ਪਾੜ-ਪਾੜ ਕੇ ਨਾਹਰੇ ਲਾ ਰਹੇ ਸਨ। ਉਹ ਤੇ ਉਹਦਾ ਬੜਾ ਹੀ ਪਿਆਰਾ ਸਾਥੀ ਮਰ੍ਹਾਜਦੀਨ 'ਯੂਨੀਅਨ ਜੈਕ' ਫੜੀ ਵਿਦਿਆਰਥੀਆਂ ਦੇ ਅੱਗੇ ਅੱਗੇ ਸਨ। ਅਚਾਨਕ ਇਕ ਗਲੀ ਵਿਚੋਂ ਕੁਝ ਨੌਜਵਾਨ ਨਿਕਲੇ ਤੇ ਉਹਨਾਂ ਨਾਹਰੇ ਲਾਉਣੇ ਸ਼ੁਰੂ ਕਰ ਦਿੱਤੇ।
''ਅੱਪ! ਅੱਪ!! ਦੀ ਨੈਸ਼ਨਲ ਫ਼ਲੈਗ''
'ਡਾਊਨ! ਡਾਊਨ!! ਦੀ ਯੂਨੀਅਨ ਜੈਕ'
''ਇਨਕਲਾਬ! .... ਜ਼ਿੰਦਾਬਾਦ!!''
ਉਹਨਾਂ ਦੀ ਆਵਾਜ਼ ਵਿਚ ਗਰਜ ਸੀ। 'ਨੈਸ਼ਨਲ ਫ਼ਲੈਗ' ਕਿਧਰੇ ਨਹੀਂ ਸੀ ਦਿਸਦਾ। ਪਰ 'ਯੂਨੀਅਨ ਜੈਕ' ਸ਼ਾਮ ਸੁੰਦਰ ਤੇ ਮਰ੍ਹਾਜਦੀਨ ਨੇ ਆਪਣੇ ਹੱਥਾਂ ਵਿਚ ਘੁੱਟ ਕੇ ਫੜਿਆ ਹੋਇਆ ਸੀ। ਉਚਾ ਚੁੱਕਿਆ ਹੋਇਆ।
'ਅੱਪ! ਅੱਪ!! ਦੀ ਨੈਸ਼ਨਲ ਫ਼ਲੈਗ'
''ਡਾਊਨ! ਡਾਊਨ!! ਦੀ ਯੂਨੀਅਨ ਜ਼ੈਕ''
ਨੌਜਵਾਨ ਨਾਹਰੇ ਲਾ ਰਹੇ ਸਨ। ਸ਼ਾਮ ਸੁੰਦਰ ਨੇ ਉਹਨਾਂ ਵਿਚੋਂ ਲੰਮੇ ਗੱਭਰੂ ਦੇ ਚਿਹਰੇ ਵੱਲ ਵੇਖਿਆ, ਜੋ ਜ਼ੋਰ ਜ਼ੋਰ ਦੀ ਨਾਹਰੇ ਲਾ ਰਿਹਾ ਸੀ। ਕਿੰਨਾ ਜਲਾਲ ਸੀ ਉਸ ਦੇ ਚਿਹਰੇ ਉਤੇ! ਕਿੰਨਾ ਜੋਸ਼ ਸੀ ਉਸ ਦੇ ਬੋਲਾਂ ਵਿਚ! .. ਤੇ ਸ਼ਾਮ ਸੁੰਦਰ ਦੀਆਂ ਆਪਣੀਆਂ ਅੱਖਾਂ ਅੱਗੇ ਜਲ੍ਹਿਆਂਵਾਲਾ ਬਾਗ ਵਿਚ ਚਲਦੀ ਗੋਲੀ ਦਾ ਦ੍ਰਿਸ਼ ਆ ਗਿਆ। ਜਿਥੇ ਉਸ ਦਾ ਪਿਤਾ ਗੁਲਾਮੀ ਦੀ ਛੱਟ ਉਤਾਰਨ ਤੇ ਸੱਚ ਦੀ ਆਵਾਜ਼ ਉਚੀ ਕਰਨ ਗਿਆ, ਗੋਲੀ ਦਾ ਨਿਸ਼ਾਨਾ ਬਣ ਗਿਆ ਸੀ।
ਨੌਜਵਾਨ ਨਾਹਰਾ ਲਾ ਰਿਹਾ ਸੀ...
'ਡਾਊਨ! ਡਾਊਨ!! ਦੀ ਯੂਨੀਅਨ ਜੈਕ''
ਸ਼ਾਮ ਸੁੰਦਰ ਨੇ ਮਰ੍ਹਾਜਦੀਨ ਵੱਲ ਵੇਖਿਆ। ਦੋਹਾਂ ਦੀਆਂ ਅੱਖਾਂ ਮਿਲੀਆਂ ਤੇ ਅੱਖਾਂ ਹੀ ਅੱਖਾਂ ਵਿਚ ਜਿਵੇਂ ਉਹਨਾਂ ਨੇ ਫੈਸਲਾ ਕਰ ਲਿਆ। ਉਹਨਾਂ ਨੇ ਹੱਥਾਂ ਵਿਚ ਫੜਿਆ ਹੋਇਆ ਯੂਨੀਅਨ ਜੈਕ ਮੂਧਾ ਕਰ ਦਿੱਤਾ।
ਸਕੂਲ ਜਾ ਕੇ ਉਹਨੂੰ ਤੇ ਮਰ੍ਹਾਜਦੀਨ ਨੂੰ ਅਧਿਆਪਕ ਕੋਲੋਂ ਅੰਤਾਂ ਦੀ ਮਾਰ ਖਾਣੀ ਪਈ ਸੀ। ਕਈ ਦਿਨਾਂ ਤੱਕ ਉਹਨਾਂ ਦੇ ਹੱਥ ਸੁੱਜੇ ਰਹੇ ਸਨ। ਪਰ ਉਹ ਖੁਸ਼ ਸਨ ਕਿ ਉਹਨਾਂ ਨੇ ਯੂਨੀਅਨ ਜੈਕ ਨੀਵਾਂ ਕਰ ਦਿੱਤਾ ਸੀ। ਤੇ ਪਿੱਛੇ ਜਦ ਉਸ ਨੂੰ ਪਤਾ ਲੱਗਾ ਕਿ ਉਹ ਨੌਜੁਆਨ ਸ. ਭਗਤ ਸਿੰਘ ਤੇ ਉਸ ਦੇ ਸਾਥੀ ਸਨ ਤਾਂ ਉਹਨੇ ਇਹ ਗੱਲ ਮਰ੍ਹਾਜਦੀਨ ਨੂੰ ਬੜੀ ਖੁਸ਼ੀ ਨਾਲ ਦੱਸੀ। ਤੇ ਬਾਅਦ ਵਿਚ ਜਦੋਂ ਭਗਤ ਸਿੰਘ ਕੌਮੀ ਹੀਰੋ ਬਣ ਗਿਆ ਸੀ ਤੇ ਉਹਦੀ ਸ਼ਹੀਦੀ ਨੇ ਜੁਆਨਾਂ ਦੇ ਦਿਲਾਂ ਵਿਚ ਨਵਾਂ ਰਾਂਗਲਾ ਉਤਸ਼ਾਹ ਭਰ ਦਿੱਤਾ ਸੀ-ਉਦੋਂ ਸ਼ਾਮ ਸੁੰਦਰ ਨੂੰ ਆਪਣੇ ਆਪ ਉਤੇ ਫ਼ਖਰ ਆਉਂਦਾ ਕਿ ਉਸ ਨੇ ਭਗਤ ਸਿੰਘ ਦੇ ਕਹੇ ਉਤੇ ਯੂਨੀਅਨ ਜੈਕ ਨੀਵਾਂ ਕਰ ਦਿੱਤਾ ਸੀ। ਉਸ ਅਤੇ ਮਰ੍ਹਾਜਦੀਨ ਦੋਹਾਂ ਨੇ ਭਗਤ ਸਿੰਘ ਦੀ ਇਕ ਇਕ ਫੋਟੇ ਅਖਬਾਰਾਂ ਵਿਚੋਂ ਕੱਟ ਕੇ ਰੱਖ ਲਈ ਸੀ। ਇਹ ਉਹ ਦਿਨ ਸਨ ਜਦੋਂ ਭਗਤ ਸਿੰਘ ਦੀ ਫੋਟੋ ਰੱਖਣਾ ਵੀ ਜ਼ੁਰਮ ਸਮਝਿਆ ਜਾਂਦਾ ਸੀ। ਤੇ ਉਹ ਫੋਟੋ ਅੱਜ ਉਹ ਅੰਗੀਠੀ ਉਤੇ ਪਈ ਵੇਖ ਰਿਹਾ ਸੀ। ਇਹ ਨਜ਼ਾਰਾ ਉਸ ਦੇ ਸਰੀਰ ਨੂੰ ਗਰਮਾ ਰਿਹਾ ਸੀ। ਉਸ ਨੇ ਤਸਵੀਰ ਵੱਲ ਵੇਖ ਕੇ ਮੁੜ ਤਿਰੰਗੇ ਵੱਲ ਤੱਕਿਆ। ਝੰਡਾ ਹਵਾ ਨੂੰ ਚੁੰਮਦਾ ਫਰਫਰਾ ਰਿਹਾ ਸੀ। ਪਰ ਉਸ ਦੇ ਮਨ ਨੂੰ ਉਹ ਖੁਸ਼ੀ ਨਾ ਹੋਈ, ਜੋ ਯੂਨੀਅਨ ਜੈਕ ਨੂੰ ਨੀਵਾਂ ਕਰਕੇ ਤੇ ਤਿਰੰਗੇ ਝੰਡੇ ਨੂੰ ਉੱਚਾ ਕੀਤਿਆਂ ਉਸ ਨੂੰ ਮਿਲਣੀ ਚਾਹੀਦੀ ਸੀ।
ਕਈ ਸਾਲ ਉਸ ਨੂੰ ਨਿਰਾਸ਼ ਹੋਣਾ ਪਿਆ ਸੀ। ਪਰ ਅਜੇ ਵੀ ਉਸ ਨੂੰ ਆਸ ਸੀ ਕਿ ਇਹ ਖੁਸ਼ੀ ਉਸ ਨੂੰ ਜ਼ਰੂਰ ਪ੍ਰਾਪਤ ਹੋਵੇਗੀ। ਉਸ ਦੇ ਪਿਤਾ ਨੇ ਐਵੇਂ ਤਾਂ ਨਹੀਂ ਸੀ ਜਲ੍ਹਿਆਂਵਾਲੇ ਬਾਗ ਵਿਚ ਗੋਲੀ ਖਾਧੀ। ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਐਵੇਂ ਤਾਂ ਨਹੀਂ ਸੀ ਫਾਂਸੀ ਦਾ ਰੱਸਾ ਚੁੰਮਿਆ। ਉਹਨਾਂ ਆਪ ਐਵੇਂ ਤਾਂ ਨਹੀਂ ਸੀ ਯੂਨੀਅਨ ਜੈਕ ਨੂੰ ਨੀਵਾਂ ਕਰ ਕੇ ਬੈਂਤਾਂ ਦੀ ਮਾਰ ਖਾਧੀ। ਤੇ ਕਈ ਸਾਲ ਉਹ ਆਪਣੇ ਦਿਲ ਨੂੰ ਇਸ ਖੁਸ਼ੀ ਦੀ ਆਮਦ ਦੇ ਭੁਲੇਖੇ ਦਾ ਧੋਖਾ ਦਿੰਦਾ ਰਿਹਾ ਸੀ। ਕਈ ਸਾਲ ਤੋਂ ਚਰਖੇ ਵਾਲਾ ਤਿਰੰਗਾ ਉਸ ਦੀ ਉਡੀਕ ਉਤੇ ਝੁਲ ਰਿਹਾ ਸੀ। ਪਰ ਖੁਸ਼ੀ ਅਜੇ ਨਹੀਂ ਸੀ ਆਈ। ਖੁਸ਼ੀ ਖ਼ਬਰੇ ਭੁੱਲ ਕੇ ਕਿਹੜੇ ਮਹਿਲਾਂ ਵਿਚ ਜਾ ਵੜੀ ਸੀ।
''ਮੈਂ ਕਿਹਾ ਸਗੋਂ ਰਾਜ਼ੀ ਤੇ ਓ ਨਾ? ਗਾਂ ਨੂੰ ਪੱਠੇ ਨ੍ਹੀਂ ਕੁਤਰ ਕੇ ਪਾਉਣੇ?'' ਉਸ ਦੀ ਪਤਨੀ ਧੰਨ ਦੇਵੀ ਅੰਦਰ ਆਈ ਤੇ ਉਸ ਦੇ ਚਿਹਰੇ ਵੱਲ ਤੱਕਣ ਲੱਗੀ। ਉਹ ਇਕ ਟੱਕ ਝੰਡੇ ਵੱਲ ਵੇਖੀ ਜਾ ਰਿਹਾ ਸੀ, ਜਿਵੇਂ ਉਸ ਨੂੰ ਘੂਰ ਰਿਹਾ ਹੋਵੇ। ਧੰਨ ਦੇਵੀ ਖਾਮੋਸ਼ ਉਸ ਦਾ ਉੱਤਰ ਉਡੀਕ ਰਹੀ ਸੀ। ਪਰ ਕੋਈ ਉੱਤਰ ਨਾ ਆਇਆ। ਧੰਨ ਦੇਵੀ ਦੇ ਹੋਠ ਫ਼ਰਕ ਉਠੇ, ਜਿਵੇਂ ਉਹ ਕੁਝ ਹੋਰ ਕਹਿਣਾ ਚਾਹੁੰਦੀ ਹੋਵੇ! ਤੇ ਆਖ਼ਰ ਉਸ ਡਰਦੀ-ਡਰਦੀ ਨੇ ਪੁੱਛਣ ਦਾ ਹੌਂਸਲਾ ਕਰ ਹੀ ਲਿਆ।
''ਸੁਣਾਓ! ਕੁੜੀ ਵਾਸਤੇ ਕੋਈ ਕੰਮ ਬਣਿਆ? ਕਈ ਦਿਨ ਵਿਚਾਰੀ ਨੂੰ ਆਈ ਨੂੰ ਹੋ ਗਏ ਨੇ।'' ਉਸ ਨੇ ਪਤੀ ਦੇ ਝੁਰੜੀਆਂ ਵਾਲੇ ਚਿਹਰੇ ਵੱਲ ਤੱਕਣਾ ਸ਼ੁਰੂ ਕੀਤਾ। ਉਹ ਓਸ ਦੇ ਚਿਹਰੇ ਤੋਂ ਕੁਝ ਲੱਭਣਾ ਚਾਹੁੰਦੀ ਸੀ। ਪਰ ਜਿਵੇਂ ਸਾਰਾ ਕੁੱਝ ਉਸ ਦੀਆਂ ਝੁਰੜੀਆਂ ਦੇ ਜੰਗਲ ਵਿਚ ਗਵਾਚ ਗਿਆ ਸੀ।
''ਦੋਂਹ ਚੌਂਹ ਥਾਵਾਂ ਤੋਂ ਪੁੱਛਿਆ ਸੀ। ਵਿਆਜ ਦੇਣ ਬਾਰੇ ਵੀ ਮੈਂ ਤਾਂ ਆਖਿਆ ਸੀ। ਪਰ ਕੋਈ ਕੰਜਰ ਨੰਨਾਂ ਨ੍ਹੀਂ ਧਰਦਾ। ਤੂੰ ਸ਼ੁਸ਼ਮਾ ਨੂੰ ਆਪ ਕੁਝ ਨਾ ਕਹੀਂ, ਮੈਂ ਆਪੇ ਗੱਲ ਕਰ ਲਾਂਗਾ।'' ਉਹ ਜਿਵੇਂ ਖੂਹ ਵਿਚੋਂ ਬੋਲ ਰਿਹਾ ਸੀ। ਛੋਟੀ ਕੁੜੀ ਬਿਮਲਾ ਉਂਜ ਗਰੀਬ ਘਰ ਵਿਆਹੀ ਸੀ ਤੇ ਸਦਾ ਕੁਝ ਨਾ ਕੁਝ ਮੰਗਦੀ ਹੀ ਰਹਿੰਦੀ ਸੀ। ਤੇ ਇਹ ਵੱਡੀ ਸ਼ੁਸ਼ਮਾ ਅਮੀਰ ਘਰ ਵਿਆਹੀ ਸੀ। ਪਰ ਇਹ ਅਮੀਰ, ਗਰੀਬਾਂ ਨਾਲੋਂ ਵੀ ਭੁੱਖੇ ਨਿਕਲੇ ਸਨ। ਦਾਜ ਘੱਟ ਲਿਜਾਣ ਕਰਕੇ ਉਸ ਦਾ ਸੱਸ ਸਹੁਰਾ ਸਦਾ ਹੀ ਸ਼ੁਸ਼ਮਾ ਨਾਲ ਨੱਕ ਮੂੰਹ ਵੱਟਦੇ ਰਹਿੇੰਦੇ ਸਨ। ਜ਼ਰਾ-ਜ਼ਰਾ ਜਿੰਨੀ ਗੱਲ ਉਤੇ ਸੱਸ ਉਸ ਨੂੰ ਝਿੜਕਦੀ ਝੰਬਦੀ ਰਹਿੰਦੀ ਸੀ। ਹੁਣ ਉਸ ਦੇ ਪਤੀ ਨੇ ਭੇਜਿਆ ਸੀ ਕਿ ਜਾ ਕੇ ਉਹ ਘੱਟੋ-ਘੱਟ ਪੰਜ ਸੌ ਰੁਪਈਆ ਪੇਕਿਆਂ ਤੋਂ ਲਿਆਵੇ, ਉਸ ਨੇ ਮੋਟਰਸਾਈਕਲ ਖਰੀਦਣਾ ਹੈ। ਰੁਪਏ ਨਹੀਂ ਲਿਆਉਣੇ ਤਾਂ ਉਸ ਕਿਹਾ ਸੀ ਏਥੇ ਆਉਣ ਦੀ ਵੀ ਕੋਈ ਲੋੜ ਨਹੀਂ। ਤੇ ਹੁਣ ਕਈ ਦਿਨਾਂ ਤੋਂ ਸੁਸ਼ਮਾਂ ਪੇਕੇ ਆਈ ਬੈਠੀ ਸੀ। ਪਰ ਅਜੇ ਤੱਕ ਪੈਸਿਆਂ ਦਾ ਕੋਈ ਪ੍ਰਬੰਧ ਨਹੀਂ ਸੀ ਹੋ ਸਕਿਆ।
ਤੇ ਸ਼ਾਮ ਸੁੰਦਰ ਧੰਨ ਦੇਵੀ ਵੱਲ ਵੇਖਦਾ ਆਪਣੀਆਂ ਮੁੱਝਾਂ ਟੁੱਕਣ ਲੱਗ ਪਿਆ।
''ਸ਼ੁਸ਼ਮਾਂ ਦੇ ਘਰ ਵਾਲੇ ਦਾ ਅੱਜ ਖ਼ਤ ਆਇਐ। ਉਟ ਪਟਾਂਗ ਲਿਖ ਮਾਰਿਆ ਸੂ। ਕੁੜੀ ਸਗੋਂ ਸਵੇਰ ਦੀ ਰੋ ਰੋ ਕੇ ਆਪਣਾ ਆਪ ਹੰਗਾਲ ਬੈਠੀ ਏ...।'' ਧੰਨ ਦੇਈ ਦੇ ਬੋਲ ਥਿੜਕ ਗਏ। ਉਸ ਦਾ ਗੱਚ ਭਰ ਆਇਆ। ਪਰ ਸ਼ਾਮ ਸੁੰਦਰ ਅੱਗੋਂ ਕੁਝ ਨਹੀਂ ਬੋਲਿਆ। ਉਹ ਉਂਜ ਦਾ ਉਂਜ ਝੰਡੇ ਨੂੰ ਘੂਰੀ ਜਾ ਰਿਹਾ ਸੀ।
''ਧਰਮਪਾਲ ਦਾ ਮੁੰਡਾ ਵੀ ਰੌਂਦਾ ਸੀ। ਉਹਦੇ ਕੱਪੜੇ ਪਾਟੇ ਹੋਏ ਨੇ ਸਾਰੇ। ਬਸਤਾ ਤਾਂ ਕਿਤਾਬਾਂ ਪਾਉਣ ਵਾਲਾ ਸਾਰਾ ਹੀ ਔਂਤਰਾ ਪਾਟ ਗਿਆ।'' ਉਹ ਬੋਲਦੀ ਬੋਲਦੀ ਚੁੱਪ ਕਰ ਗਈ। ਤੇ ਸ਼ਹੀਦ ਭਗਤ ਸਿੰਘ ਦੀ ਫੋਟੋ ਕੋਲ ਪਈ ਆਪਣੇ ਵੱਡੇ ਪੁੱਤਰ ਧਰਮਪਾਲ ਦੀ ਫੋਟੋ ਵੇਖਣ ਲੱਗ ਪਈ, ਜਿਹੜਾ ਪੁੱਤਰ ਭਾਰਤ-ਪਾਕਿਸਤਾਨ ਦੀ ਲੜਾਈ ਵਿਚ ਦੇਸ਼ ਦੀ ਰੱਖਿਆ ਕਰਦਾ ਸ਼ਹੀਦ ਹੋ ਗਿਆ ਸੀ। ਸ਼ਾਮ ਸੁੰਦਰ ਦੀਆਂ ਨਜ਼ਰਾਂ ਵੀ ਧੰਨ ਦੇਈ ਨਾਲ ਹੀ ਫੋਟੋ ਵੱਲ ਮੁੜ ਪਈਆਂ। ਫੋਟੋ ਹੇਠਾਂ ਲਿਖਿਆ ਹੋਇਆ ਸੀ ਕਿ ਉਹ ਫ਼ਲਾਂ ਸੈਕਟਰ ਵਿਚ ਐਨੀ ਤਰੀਕ ਨੂੰ ਦੇਸ਼ ਦੀ ਰੱਖਿਆ ਕਰਦਾ 'ਸ਼ਹੀਦ' ਹੋ ਗਿਆ।
'ਦੇਸ਼ ਦੀ ਰੱਖਿਆ!' ਉਹ ਬੁੜਬੁੜਾਇਆ। 'ਦੇਸ਼ ਦੀ ਰੱਖਿਆ' ਕਰਨ ਵਾਲੇ ਦੇ ਮਰ ਜਾਣ ਪਿਛੋਂ ਉਸ ਦੇ ਪਰਿਵਾਰ ਦੀ ਰੱਖਿਆ ਕਰਨਾ ਕਿਸ ਦਾ ਫ਼ਰਜ਼ ਬਣਦਾ ਹੈ!...'' ਉਸ ਸੋਚਿਆ ਤੇ ਫਿਰ ਭਗਤ ਸਿੰਘ ਦੀ ਤਸਵੀਰ ਵੱਲ ਵਿੰਹਦਿਆਂ ਖ਼ਬਰੇ ਉਸ ਨੂੰ ਕਿਵੇਂ ਮਰ੍ਹਾਜਦੀਨ ਦਾ ਚੇਤਾ ਆ ਗਿਆ। ਤੇ ਉਹ ਸੋਚਣ ਲੱਗਾ। ਉਹ ਤੇ ਮਰ੍ਹਾਜਦੀਨ ਆਪਸ ਵਿਚ ਕਿਵੇਂ ਲੜ ਸਕਦੇ ਹਨ! ਉਹਦਾ ਪੁੱਤਰ ਤੇ ਮਰ੍ਹਾਜਦੀਨ ਦਾ ਪੁੱਤਰ ਇਕ ਦੂਜੇ ਦੀ ਹਿੱਕ ਵਿਚ ਕਿਹੜੀ ਗੱਲੋਂ ਗੋਲੀ ਮਾਰ ਸਕਦੇ ਹਨ। ਉਹਨਾਂ ਨੂੰ ਇਕ ਦੂਜੇ ਤੋਂ ਰੱਖਿਆ ਕਰਨ ਦੀ ਲੋੜ ਕਿਵੇਂ ਭਾਸ ਸਕਦੀ ਹੈ!...
ਤੇ ਉਸ ਨੂੰ ਇਸ ਸਾਰੇ ਮਾਮਲੇ ਦੀ ਸਮਝ ਨਾ ਆਈ। ਉਹਦਾ ਜੀਅ ਕੀਤਾ ਉਹ ਉੱਚੀ ਸਾਰੀ ਚੀਕੇ। ਪਰ ਚੀਕ ਜਿਵੇਂ ਉਸ ਦੇ ਸੰਘ ਵਿਚ ਅੜ ਗਈ। ਧੰਨ ਦੇਵੀ ਚੁੱਪ ਕੀਤੀ ਦਰਵਾਜ਼ੇ 'ਚੋਂ ਬਾਹਰ ਨਿਕਲ ਗਈ। ਉਸੇ ਵੇਲੇ ਹੀ ਸ਼ਾਮ ਸੁੰਦਰ ਦਾ ਪੋਤਰਾ, ਧਰਮਪਾਲ ਦਾ ਮੁੰਡਾ, ਅੰਦਰ ਆਇਆ ਤੇ ਉਸ ਉਤੇ ਡਿੱਗਦਾ ਬੋਲਿਆ, ''ਬਾਊ ਜੀ! ਮੈਨੂੰ ਕੱਪੜੇ ਬਣਾ ਦਿਓ! ਸਾਰੇ ਪਾਟ ਗਏ ਨੇ, ਨਾਲੇ ਬਸਤਾ ਤਾਂ ਮੇਰਾ ਹੈ ਈ ਨਹੀਂ! ਬਾਊ ਜੀ!... ਪਰਸੋਂ ਦਾ ਕਿਤਾਬਾਂ ਵੀ ਹੱਥ 'ਚ ਫੜ ਕੇ ਲਿਜਾਂਦਾ। ਇੰਜ ਮੁੰਡੇ ਚੁੱਕ ਲੈਂਦੇ ਆ।... ਬਾਊ ਜੀ ਲੈ ਦਿਉ ਨਾ!''
ਉਸ ਨੇ ਤਰਲਾ ਕੀਤਾ। ਸ਼ਾਮ-ਸੁੰਦਰ ਨੇ ਉਸ ਦੀ ਪਿੱਠ ਉਤੇ ਹੱਥ ਫੇਰਿਆ। ਫੇਰ ਭਗਤ ਸਿੰਘ ਤੇ ਧਰਮਪਾਲ ਦੀਆਂ ਤਸਵੀਰਾਂ ਵੱਲ ਤੱਕਿਆ। ਪਤਾ ਨਹੀਂ ਉਸ ਦੇ ਚਿਹਰੇ ਉਤੇ ਕਿਹੋ ਜਿਹਾ ਅਜੀਬ ਪ੍ਰਭਾਵ ਸੀ। ਬੱਚਾ ਫੇਰ ਕੁਝ ਨਾ ਬੋਲਿਆ। ਸਾਹਮਣੇ ਵਿਹੜੇ ਵਿਚ ਸੁਸ਼ਮਾ ਕੋਈ ਕੰਮ ਕਰਨ ਲਈ ਦੋ ਵਾਰ ਇਧਰ ਉਧਰ ਗਈ। ਉਹ ਉਸ ਵੱਲ ਵੀ ਅੱਖਾਂ ਪਾੜ ਪਾੜ ਵੇਖਣ ਲੱਗਾ। ਉਸ ਦੇ ਮਨ ਵਿਚ ਕਈ ਵਿਚਾਰ ਇਕ ਦੂਜੇ ਨੂੰ ਦਬਾਉਂਦੇ ਗੁਜ਼ਰ ਰਹੇ ਸਨ। ਉਹ ਚੁੱਪ ਚਾਪ ਉਠਿਆ। ਵਿਹੜੇ ਵਿਚੋਂ ਹੁੰਦਾ ਹੋਇਆ ਉਹ ਡਿਊਢੀ ਦੀਆਂ ਪੌੜੀਆਂ ਚੜ੍ਹ ਗਿਆ।
ਕੋਠੇ ਤੋਂ ਉਤਰ ਕੇ, ਉਸ ਨੇ ਰਸੋਈ ਵੱਲ ਹੁੰਦਿਆਂ.. ਜਿਥੇ ਸਾਰਾ ਪਰਿਵਾਰ ਬੈਠਾ ਸੀ, ਧੰਨ ਦੇਵੀ ਵੱਲ ਚਰਖੇ ਵਾਲਾ ਤਿਰੰਗਾ ਝੰਡਾ ਸੁੱਟਦਿਆਂ ਕਿਹਾ, ਲੈ ਇਹਨੂੰ ਪਾੜ ਕੇ ਮੁੰਡੇ ਨੂੰ ਬਸਤਾ ਤਾਂ ਬਣਾ ਕੇ ਦੇ ਤੇ ਬਾਕੀ ਫਿਰ...
ਸਾਰਾ ਪਰਿਵਾਰ ਹੈਰਾਨ ਹੋਇਆ ਉਸ ਦੇ ਚਿਹਰੇ ਵੱਲ ਵੇਖ ਰਿਹਾ ਸੀ। ਧੰਨ ਦੇਵੀ ਕੰਬਦੇ ਹੱਥਾਂ ਵਿਚ ਝੰਡੇ ਦਾ ਕੱਪੜਾ ਸੰਭਾਲ ਰਹੀ ਸੀ। ਸਾਰਿਆ ਦੀਆਂ ਅੱਖਾਂ ਵਿਚ ਪਾਣੀ ਸਿੰਮ ਆਇਆ। ਪਰ ਸ਼ਾਮ ਸੁੰਦਰ ਦੀਆਂ ਆਪਣੀਆਂ ਅੱਖਾਂ ਖੁਸ਼ਕ ਸਨ। ਉਸ ਨੂੰ ਮਹਿਸੂਸ ਹੋਇਆ ਜਿਵੇਂ ਸਾਰਿਆਂ ਦੀਆਂ ਅੱਖਾਂ ਵਿਚ ਉਹ ਖੁਸ਼ੀ ਮਰ ਗਈ ਸੀ-ਜਿਹੜੀ ਖੁਸ਼ੀ ਯੂਨੀਅਨ ਜੈਕ ਦੇ ਨੀਵੇਂ ਹੋਣ ਤੋਂ ਪਿਛੋਂ ਤਿਰੰਗੇ ਝੰਡੇ ਦੇ ਉਚੇ ਹੋਣ ਨਾਲ ਆਉਣੀ ਸੀ। ਜਿਸ ਨੂੰ ਉਹ ਕਈ ਸਾਲ ਉਡੀਕਦਾ ਰਿਹਾ ਸੀ।
ਤੇ ਜਿਸ ਖੁਸ਼ੀ ਲਈ ਉਹਦੇ ਪਿਤਾ ਨੇ ਜਲ੍ਹਿਆਂਵਾਲੇ ਬਾਗ ਵਿਚ ਗੋਲੀ ਖਾਧੀ ਸੀ। ਜਿਸ ਖੁਸ਼ੀ ਲਈ ਭਗਤ ਸਿੰਘ ਨੇ ਫਾਂਸੀ ਦਾ ਰੱਸਾ ਚੁੰਮਿਆ ਸੀ। ਜਿਸ ਖੁਸ਼ੀ ਦੀ ਉਡੀਕ ਵਿਚ ਉਹਨੇ ਤੇ ਮਰ੍ਹਾਜਦੀਨ ਨੇ ਬੈਂਤਾਂ ਦੀ ਮਾਰ ਖਾਧੀ ਸੀ। ਤੇ ਸ਼ਾਇਦ! ਜਿਸ ਖੁਸ਼ੀ ਨੂੰ ਉਡੀਕਦਾ ਉਹਨਾਂ ਦਾ ਪੁੱਤਰ ਧਰਮਪਾਲ ਪਤਾ ਨਹੀਂ ਕੀਹਦੇ ਲਈ ਲੜਦਾ ਮਰ ਗਿਆ ਸੀ....!
(ਕਹਾਣੀ ਸੰਗ੍ਰਹਿ: 'ਲੋਹੇ ਦੇ ਹੱਥ' ਵਿਚੋਂ)