Akhran De Mangte : Pargat Singh Satauj

ਅੱਖਰਾਂ ਦੇ ਮੰਗਤੇ : ਪਰਗਟ ਸਿੰਘ ਸਤੌਜ

ਜ਼ਿੰਦਗੀ ਦੇ ਪੰਧ ’ਤੇ ਤੁਰੇ ਜਾਂਦਿਆਂ ਸਾਡਾ ਕਿੰਨੇ ਹੀ ਤਰ੍ਹਾਂ ਦੇ ਮੰਗਤਿਆਂ ਨਾਲ ਹਰ ਰੋਜ਼ ਵਾਂਗ ਵਾਹ ਪੈਂਦਾ ਰਹਿੰਦਾ ਹੈ। ਪੈਸੇ ਦੇ ਮੰਗਤੇ, ਸ਼ਰਾਬ ਦੇ ਮੰਗਤੇ, ਵੋਟਾਂ ਦੇ ਮੰਗਤੇ ਤੇ ਹੋਰ ਪਤਾ ਨਹੀਂ ਕਿਸ-ਕਿਸ ਚੀਜ਼ ਦੇ ਮੰਗਤੇ। ਮੰਗਣਾ ਮਨੁੱਖ ਦੀ ਪ੍ਰਵਿਰਤੀ ਹੈ ਪਰ ਕਈ ਵਾਰ ਇਹ ਮੰਗਣ ਪ੍ਰਵਿਰਤੀ ਏਨੀ ਪ੍ਰਬਲ ਹੋ ਜਾਂਦੀ ਹੈ ਕਿ ਜਿਸ ਚੀਜ਼ ਤੱਕ ਸਾਡੀ ਪਹੁੰਚ ਆਸਾਨੀ ਨਾਲ ਹੋ ਸਕਦੀ ਹੈ ਅਸੀਂ ਉਹ ਵੀ ਮੰਗਣ ਤੋਂ ਗੁਰੇਜ਼ ਨਹੀਂ ਕਰਦੇ।
ਇਨ੍ਹਾਂ ਮੰਗਤਿਆਂ ਵਿਚੋਂ ਅੱਖਰਾਂ ਦੇ ਮੰਗਤਿਆਂ ਨਾਲ ਮੇਰਾ ਬਹੁਤਾ ਵਾਹ ਪੈਂਦਾ ਹੈ। ਅੱਖਰਾਂ ਦੇ ਮੰਗਤਿਆਂ ਵਿਚ ਸਿਰਫ ਗਰੀਬ ਹੀ ਨਹੀਂ, ਵੱਡੇ-ਵੱਡੇ ਸ਼ਾਹੂਕਾਰ ਵੀ ਸ਼ਾਮਲ ਹਨ। ਇਨ੍ਹਾਂ ਮੰਗਤਿਆ ਨਾਲ ਸਬੰਧਤ ਅਨੇਕਾਂ ਘਟਨਾਵਾਂ ਮੇਰੇ ਦਿਮਾਗ ਦੇ ਖਾਨੇ ਵਿਚ ਬੰਦ ਹਨ। ਆਓ ਕੁਝ ਵੇਖ ਹੀ ਲਈਏ।
ਮੇਰੇ ਇਕ ਜਾਣ-ਪਹਿਚਾਣ ਵਾਲੀ ਮੈਡਮ ਮੈਥੋਂ ਮਿੰਨੀ ਕਹਾਣੀਆਂ ਦੀ ਕਿਤਾਬ ਮੰਗ ਕੇ ਲੈ ਗਈ। ਉਸਨੂੰ ਕਹਾਣੀਆਂ ਵਧੀਆ ਪਸੰਦ ਆਈਆਂ। ਕਿਤਾਬ ਮੋੜਦਿਆਂ ਉਹ ਬੋਲੀ, ‘‘ਅਜਿਹੀਆਂ ਕਹਾਣੀਆਂ ਦੀ ਕਿਤਾਬ ਹੋਰ ਲਿਆ ਕੇ ਦੇਈਂ।’’
‘‘ਇਸ ਤਰ੍ਹਾਂ ਦੀਆਂ ਕਹਾਣੀਆਂ ਦੀ ਕਿਤਾਬ ਤਾਂ ਮੇਰੇ ਕੋਲ ਇਹੋ ਸੀ।’’ ਮੈਂ ਕਿਹਾ।
‘‘ਮੈਨੂੰ ਨੀ ਪਤਾ ਜਿੱਥੋਂ ਮਰਜ਼ੀ ਲਿਆ ਕੇ ਦੇ।’’ ਉਸਨੇ ਏਨੀ ਦਾਬ ਪਾ ਕੇ ਕਿਹਾ ਜਿਵੇਂ ਕੋਈ ਕੁੜੀ ਦਾ ਵਿਆਹ ਕਰਨ ਵਾਲਾ ਵਿਆਜੂ ਪੈਸੇ ਮੰਗਣ ਵੇਲੇ ਪਾਉਂਦਾ ਹੈ।
‘‘ਚਲ ਮੈਂ ਮੁੱਲ ਲਿਆ ਕੇ ਦੇਦੂੰ।’’ ਮੈਂ ਉਹਦੀ ਸਾਹਿਤ ਪੜ੍ਹਨ ਦੀ ਰੁਚੀ ਅੱਗੇ ਸਲਾਮ ਕੀਤੀ।
‘‘ਨਹੀਂ, ਨਹੀਂ ਮੁੱਲ ਨ੍ਹੀਂ.. ਬੱਸ-ਬੱਸ ਰਹਿਣ ਦੇ!’’ ਉਹ ਮੁੱਲ ਦੇ ਨਾਂ ਨੂੰ ਇਸ ਤਰ੍ਹਾਂ ਤੜਫ਼ਦੀ ਪਿੱਛੇ ਹਟ ਗਈ ਜਿਵੇਂ ਮੈਂ ਉਸਦੇ ਤੱਤਾ ਖੁਰਚਣਾ ਲਾ ਦਿੱਤਾ ਹੋਵੇ। ਉਸਨੂੰ ਸੌ ਰੁਪਏ ਦੀ ਕਿਤਾਬ ਖਰੀਦਣੀ ਲੱਖਾਂ-ਕਰੋੜਾਂ ਦਾ ਘਾਟੇ ਵਾਲਾ ਸੌਦਾ ਜਾਪਿਆ। ਜਦਕਿ ਉਹ ਹਰ ਰੋਜ਼ ਦੋ ਸੌ ਰੁਪਏ ਤਾਂ ਆਪਣੇ ਮੇਕਅੱਪ ਉਪਰ ਖ਼ਰਚ ਦਿੰਦੀ ਹੈ। ਦੋਵਾਂ ਮੀਆਂ-ਬੀਵੀ ਦੀ ਚਾਲੀ-ਪਨਤਾਲੀ ਹਜ਼ਾਰ ਮਹੀਨੇ ਦੀ ਆਮਦਨੀ ਹੈ।
ਜਦ ਮੇਰਾ ਨਾਵਲ ਛਪਿਆ ਤਾਂ ਮੈਂ ਖੁਸ਼ੀ ਵਿਚ ਦੋਸਤਾਂ-ਮਿੱਤਰਾਂ ਨੂੰ ਸੁਨੇਹੇ ਲਾਏ। ਉਲਟਾ ਇਕ ਮਿੱਤਰ ਨੇ ਫੋਨ ’ਤੇ ਹੁਕਮ ਚਾੜ੍ਹ ਦਿੱਤਾ, ‘‘ਅੱਠ-ਦਸ ਨਾਵਲ ਦੀਆਂ ਕਾਪੀਆਂ ਭੇਜ ਦੇਈਂ, ਮੈਂ ਆਪਣੇ ਦੋਸਤਾਂ-ਮਿੱਤਰਾਂ ਨੂੰ ਪੜ੍ਹਨ ਨੂੰ ਦੇ ਦਿਊਂ।’’ ਸੋਚਿਆ, ‘ਮਨਾਂ ਕਿਤੇ ਨਾਵਲ ਛਪਵਾ ਕੇ ਮੈਂ ਕੋਈ ਗੁਨਾਹ ਤਾਂ ਨੀ ਕਰ ਲਿਆ? ਐਨੇ ਮੁੱਲ ਦੀਆਂ ਅੱਠ-ਦਸ ਕਾਪੀਆਂ ਭੇਜਣਾ ’ਤੇ ਉਪਰੋਂ ਭੇਜਣ’ਤੇ ਦੋ-ਢਾਈ ਸੌ ਰੁਪਏ ਦਾ ਹੋਰ ਖ਼ਰਚ। ਜੇ ਇੰਜ ਪੰਜ-ਚਾਰ ਦੋਸਤਾਂ ਨੇ ਹੋਰ ਮੰਗ ਲਈਆਂ ਤਾਂ ਮੇਰਾ ਘਰ ਤਾਂ ਉਜੜਿਆ ਸਮਝ।’
ਮੈਂ ਹਰ ਮਹੀਨੇ ਦੇ ਤੀਜੇ ਐਤਵਾਰ ਡਾਕਟਰ ਦੇ ਦਵਾਈ ਲੈਣ ਜਾਂਦਾ ਹਾਂ। ਮੇਰਾ ਨੰਬਰ ਦੋ-ਤਿੰਨ ਘੰਟਿਆਂ ਬਾਅਦ ਆਉਂਦਾ ਹੈ। ਇਨ੍ਹਾਂ ਦੋ-ਤਿੰਨ ਘੰਟਿਆਂ ਨੂੰ ਮੈਂ ਸਾਰਥਕ ਕੰਮ ਵਿਚ ਲਗਾਉਣ ਲਈ ਘਰ ਆਉਂਦੇ ‘ਪੰਜਾਬੀ ਟ੍ਰਿਬਿਊਨ’ ਤੇ ‘ਦੇਸ਼ ਸੇਵਕ’ ਤੋਂ ਇਲਾਵਾ ਸ਼ਹਿਰ ਤੋਂ ਦੋ ਅਖ਼ਬਾਰ ਹੋਰ ਖਰੀਦ ਕੇ ਲੈ ਜਾਂਦਾ ਹਾਂ ਤਾਂ ਕਿ ਇਨ੍ਹਾਂ ਵਿਚਲਾ ਸਾਹਿਤਕ ਮੈਟਰ ਮੈਂ ਇਨ੍ਹਾਂ ਦੋ-ਤਿੰਨ ਘੰਟਿਆਂ ਵਿਚ ਪੜ੍ਹ ਲਵਾਂ। ਇਸ ਸਮੇਂ ਵਿਚੋਂ ਮੇਰਾ ਥੋੜ੍ਹਾ ਸਮਾਂ ਪੜ੍ਹਨ ਉੱਤੇ ਅਤੇ ਬਹੁਤਾ ਸਮਾਂ ਦਵਾਈ ਲੈਣ ਆਏ ਉਨ੍ਹਾਂ ਸ਼ਹਿਰੀ ਬਾਬੂ ਮੰਗਤਿਆਂ ਤੋਂ ਅਖ਼ਬਾਰ ਇਕੱਠਾ ਕਰਨ ’ਤੇ ਲੱਗ ਜਾਂਦਾ ਹੈ ਜਿਹੜੇ ਮਹਿੰਗੀਆਂ ਸ਼ਰਾਬਾਂ ਪੀ-ਪੀ ਅਤੇ ਵਾਧੂ ਖਾ-ਖਾ ਹਜ਼ਾਰਾਂ ਬਿਮਾਰੀਆਂ ਸਹੇੜ ਕੇ ਦਵਾਈਆਂ ’ਤੇ ਤਾਂ ਹਜ਼ਾਰਾਂ ਰੁਪਏ ਲਗਾ ਦਿੰਦੇ ਹਨ ਪਰ ਤਿੰਨ ਰੁਪਏ ਦਾ ਅਖ਼ਬਾਰ ਨਹੀਂ ਖਰੀਦ ਸਕਦੇ। ਇਹ ਅਖ਼ਬਾਰ ਮੰਗਤੇ ਲੱਖਾਂ ਦੀਆਂ ਗੱਡੀਆਂ ਵਿਚ ਆਉਂਦੇ ਹਨ ਜਦਕਿ ਇਨ੍ਹਾਂ ਨੂੰ ਅਖ਼ਬਾਰ ਪੜ੍ਹਨ ਲਈ ਦੇਣ ਵਾਲਾ ਬੱਸ ’ਤੇ। ਕਿੰਨਾ ਉਲਟ ਹੈ, ਮੰਗਣ ਵਾਲੇ ਵੱਡੇ ’ਤੇ ਦੇਣ ਵਾਲਾ ਛੋਟਾ। ਸਾਡੀ ਸੋਚ ਕਿੰਨੀ ਟੇਢੀ ਹੈ। ਅਸੀਂ ਸੌ ਦੋ ਸੌ ਰੁਪਏ ਸ਼ਰਾਬ ਦੀ ਬੋਤਲ ’ਤੇ ਤਾਂ ਲਾ ਦਿੰਦੇ ਹਾਂ ਪਰ ਕਿਤਾਬ ’ਤੇ ਨਹੀਂ ਜਦਕਿ ਸ਼ਰਾਬ ਦੀ ਬੋਤਲ ਸਾਨੂੰ ਸ਼ੈਤਾਨ ਬਣਾਉਂਦੀ ਹੈ, ਕਿਤਾਬ ਇਨਸਾਨ। ਸ਼ਰਾਬ ਪੀ ਕੇ ਸਾਡਾ ਮਨ ਡਾਂਗ ਫੜਨ ਨੂੰ ਕਰਦਾ ਹੈ ਤੇ ਕਿਤਾਬ ਪੜ੍ਹ ਕੇ ਜੱਫ਼ੀ ਪਾਉਣ ਨੂੰ। ਸ਼ਰਾਬ ਪੀ ਕੇ ਸ਼ਾਂਤ ਗੁਜ਼ਰਦੀ ਜ਼ਿੰਦਗੀ ’ਚ ਤੂਫਾਨ ਆਉਂਦਾ ਹੈ ਤੇ ਕਿਤਾਬ ਪੜ੍ਹ ਕੇ ਸ਼ਾਂਤੀ। ਪਰ ਅਸੀਂ ਸ਼ਰਾਬ ਜ਼ਿਆਦਾ ਖਰੀਦਦੇ ਹਾਂ ਤੇ ਕਿਤਾਬ ਘੱਟ।
ਜੇ ਤੁਸੀਂ ਅੱਖ਼ਰਾਂ ਨੂੰ ਖਰੀਦੋਂਗੇ ਤਾਂ ਉਹ ਹਮੇਸ਼ਾ ਲਈ ਤੁਹਾਡੇ ਬਣ ਜਾਣਗੇ। ਤੁਹਾਡੇ ਬਣੇ ਅੱਖਰ, ਤੁਹਾਡੇ ਪਰਿਵਾਰ ਦੀਆਂ ਦੋ-ਤਿੰਨ ਪੀੜ੍ਹੀਆਂ ਨੂੰ ਗਿਆਨ ਦੇਣਗੇ, ਮਨੋਰੰਜਨ ਕਰਨਗੇ। ਕਿਤਾਬ ਅਜਿਹਾ ਮਨੋਰੰਜਨ ਦਾ ਸਾਧਨ ਹੈ ਜਿਸ ਨੂੰ ਅਸੀਂ ਕਿਤੇ ਵੀ ਬੈਠ ਕੇ ਪੜ੍ਹ ਸਕਦੇ ਹਾਂ, ਆਨੰਦ ਮਾਣ ਸਕਦੇ ਹਾਂ। ਬੱਸ! ਉਸਨੂੰ ਆਪਣਾ ਬਣਾਉਣ ਦੀ ਦੇਰ ਹੈ।
ਵਿਕਸਿਤ ਦੇਸ਼ਾਂ ਵਿਚ ਚਾਹੇ ਇਲੈਕਟ੍ਰਾਨਿਕ ਸਾਧਨਾਂ ਦੀ ਭਰਮਾਰ ਹੈ ਪਰ ਉੱਥੇ ਲੋਕ ਸਫ਼ਰ ’ਤੇ ਜਾਣ ਲੱਗਿਆਂ ਬੈਗ ਵਿਚ ਕੱਪੜੇ ਬਾਅਦ ’ਚ ਪਾਉਂਦੇ ਹਨ, ਕਿਤਾਬਾਂ ਪਹਿਲਾਂ। ਤੇ ਅਸੀਂ…?
ਸਾਡੇ ਘਰਾਂ ’ਚੋਂ ਇਕ ਪੱਚੀ ਹਜ਼ਾਰ ਮਹੀਨੇ ਦੀ ਨੌਕਰੀ ’ਤੇ ਹੈ ਅਤੇ ਉਸਦੇ ਘਰ ਵਾਲੀ ਡਬਲ ਐਮ.ਏ.। ਪਿਤਾ ਵੀ ਪੜ੍ਹਾਨ ਜਾਣਦਾ ਹੈ ਪਰ ਇਨ੍ਹਾਂ ਦੇ ਘਰ ਦੋ ਰੁਪਏ ਦਾ ਅਖ਼ਬਾਰ ਨਹੀਂ ਆਉਂਦਾ। ਜੇ ਲੋੜ ਪੈ ਜਾਵੇ ਤਾਂ ਮੰਗ ਕੇ ਹੀ ਡੰਗ ਸਾਰ ਲੈਂਦੇ ਹਨ। ਜੇ ਆਪਾਂ ਦਸ ਕਿਤਾਬਾਂ ਪੜ੍ਹਨ ਮਗਰ ਇਕ-ਦੋ ਵੀ ਖਰੀਦ ਕੇ ਪੜ੍ਹਦੇ ਹਾਂ ਤਾਂ ਆਪਾਂ ਮੰਗਤੇ ਨਹੀਂ। ਮੰਗਤੇ ਤਾਂ ਸਿਰਫ ਉਹ ਹਨ ਜਿਹੜੇ ਅਖ਼ਬਾਰ ਜਾਂ ਕਿਤਾਬ ਮੰਗਣ ਨੂੰ ਤਾਂ ਵੀਹ ਵਰਗੇ ਹਨ ਪਰ ਜੇ ਖਰੀਦਣ ਨੂੰ ਕਹਿ ਦੇਵੋ ਤਾਂ ਇੰਜ ਡਰਦੇ ਹਨ ਜਿਵੇਂ ਕੋਬਰਾ ਸੱਪ ਡੰਗ ਮਾਰਦਾ ਹੋਵੇ।
ਪੰਜਾਬੀਓ! ਜੇ ਆਪਾਂ ਆਪਣੀ ਹਜ਼ਾਰਾਂ ਦੀ ਕਮਾਈ ’ਚੋਂ ਮਹੀਨੇ ਦਾ ਸੌ ਰੁਪਈਆ ਵੀ ਕੱਢ ਲਈਏ ਤਾਂ ਸਾਲ ਵਿਚ ਬਾਰਾਂ ਸੌ ਦੇ ਅੱਖਰ ਆਪਣੇ ਬਣਾ ਸਕਦੇ ਹਾਂ। ਆਓ ਆਪਾਂ ਅੱਖਰਾਂ ਨੂੰ ਮੰਗਣ ਦੀ ਨਹੀਂ, ਖਰੀਦ ਕੇ ਆਪਣਾ ਬਣਾਉਣ ਦੀ ਆਦਤ ਪਾਈਏ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਪਰਗਟ ਸਿੰਘ ਸਤੌਜ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ