Amma (Story in Punjabi) : Ram Lal
ਅੰਮਾਂ (ਕਹਾਣੀ) : ਰਾਮ ਲਾਲ
“ਅੰਮਾਂ ਆ ਗਈ, ਅੰਮਾਂ ਆ ਗਈ!”
ਚਾਂਦੀ ਵਰਗੇ ਸਫੇਦ ਵਾਲਾਂ ਵਾਲੀ ਛੋਟੇ ਜਿਹੇ ਕੱਦ ਦੀ ਬੁੱਢੀ ਨੂੰ ਮਕਾਨ ਦੇ ਫਾਟਕ ਅੰਦਰ ਵੜਦਿਆਂ ਦੇਖ ਕੇ ਘਰ ਦੇ ਸਾਰੇ ਛੋਟੇ-ਵੱਡੇ ਜੀਅ ਖੁਸ਼ੀ ਨਾਲ ਕੂਕ ਉਠੇ। ਕਈਆਂ ਨੇ ਅੱਗੇ ਵਧ ਕੇ ਉਸਦੇ ਪੈਰੀਂ ਹੱਥ ਲਾਇਆ ਤੇ ਕਈ ਹੱਥ ਉਸਦੀ ਕੱਛ ਵਿਚ ਮਾਰੀ ਛੋਟੀ ਜਿਹੀ ਗੰਢੜੀ ਨੂੰ ਫੜਨ ਲਈ ਅੱਗੇ ਵਧੇ।
“ਅੰਮਾਂ, ਆਪਣੀ ਗੰਢੜੀ ਮੈਨੂੰ ਫੜਾ ਦੇ।”
“ਦੇਖਾਂ, ਮੇਰੇ ਵਾਸਤੇ ਕੀ ਲਿਆਈ ਏ ਅੰਮਾਂ!”
ਪਰ ਉਸਨੇ ਕਿਸੇ ਨੂੰ ਵੀ ਗੰਢੜੀ ਨੂੰ ਹੱਥ ਨਾ ਲਾਉਣ ਦਿੱਤਾ—ਇਕ ਕੱਛ ਵਿਚੋਂ ਕੱਢ ਕੇ ਦੂਜੀ ਵਿਚ ਮਾਰਦੀ ਹੋਈ ਤੁਰਦੀ ਰਹੀ। ਨਾਲ ਨਾਲ ਉਹ ਕਈਆਂ ਨੂੰ ਪਿਆਰ ਦਿੰਦੀ ਤੇ ਕਈਆਂ ਨੂੰ ਸਿਰਫ ਪੁਚਕਾਰ ਕੇ ਹੀ ਅੱਗੇ ਵਧ ਜਾਂਦੀ—ਜਿਹੜਾ ਪੈਰ ਫੜ ਕੇ ਬੈਠ ਜਾਂਦਾ ਬੜੇ ਪਿਆਰ ਨਾਲ ਉਸਦਾ ਸਿਰ ਪਲੋਸਦੀ ਤੇ ਮੱਥਾ ਚੁੰਮ ਲੈਂਦੀ। ਕਿਸੇ ਕਿਸੇ ਨੂੰ ਤਾਂ ਖਾਸੀ ਦੇਰ ਤਕ ਛਾਤੀ ਨਾਲ ਲਾ ਕੇ ਖੜ੍ਹੀ ਰਹਿੰਦੀ। ਉਸਦੀਆਂ ਬੁਝਦੇ ਹੋਏ ਚਿਰਾਗ਼ਾਂ ਵਰਗੀਆਂ ਤੇ ਛੇਤੀ ਛੇਤੀ ਝਪਕ ਰਹੀਆਂ ਅੱਖਾਂ ਵਿਚ ਅੱਥਰੂ ਵੀ ਤੈਰ ਰਹੇ ਸਨ, ਜਿਹੜੇ ਉਸਦੇ ਚਿਹਰੇ ਉੱਤੇ ਵਿਛੇ ਝੁਰੜੀਆਂ ਦੇ ਜਾਲ ਵਿਚੋਂ ਹੋ ਕੇ ਉਸਦੀ ਗਰਦਨ ਤਕ ਪਹੁੰਚਦੇ-ਪਹੁੰਚਦੇ ਅਲੋਪ ਹੋ ਜਾਂਦੇ ਸਨ। ਉਸ ਕੋਲ ਏਨੇ ਅੱਥਰੂ ਹੈ ਵੀ ਕਿੱਥੇ ਸਨ ਕਿ ਲਗਾਤਾਰ ਵਹਿ ਸਕਦੇ! ਅੱਖਾਂ ਝਪਕਣ ਕਰਕੇ ਜਿਹੜੇ ਵਹਿ ਨਿਕਲਦੇ ਸਨ, ਉਹ ਉਹਨਾਂ ਨੂੰ ਆਪਣੇ ਦੁੱਪਟੇ ਦੇ ਪੱਲੇ ਵਿਚ ਸਮੇਟ ਲੈਂਦੀ ਸੀ। ਇੱਥੇ ਛੋਟੇ ਵੱਡੇ ਸਾਰੇ ਉਸਨੂੰ ਅੰਮਾਂ ਕਹਿ ਕੇ ਬੁਲਾਉਂਦੇ ਸਨ—ਉਸਦੇ ਹਮ-ਉਮਰ ਕੁੜਮ,ਕੁੜਮਣੀ ਵੀ ਹੁਣ ਉਸਨੂੰ ਅੰਮਾਂ ਕਹਿ ਕੇ ਹੀ ਬੁਲਾਉਣ ਲੱਗ ਪਏ ਸਨ, ਪਰ ਉਹ ਅਸਲ ਅੰਮਾਂ ਤਾਂ ਆਪਣੀ ਧੀ ਕੌਸ਼ਲਿਆ ਦੀ ਸੀ ਜਿਸਦਾ ਤਿੰਨ ਸਾਲ ਪਹਿਲਾਂ ਇਸ ਘਰ ਵਿਚ ਵਿਆਹ ਹੋਇਆ ਸੀ। ਉਸਨੂੰ ਮਿਲਣ ਵਾਸਤੇ ਹੀ ਉਹ ਲਖ਼ਨਊ ਤੋਂ ਕਾਨ੍ਹਪੁਰ ਦਾ ਇਕ ਮਹੀਨੇ ਵਿਚ ਇਕ ਫੇਰਾ ਜ਼ਰੂਰ ਪਾਉਂਦੀ ਹੁੰਦੀ ਸੀ।
ਪਰ ਕੌਸ਼ਲਿਆ ਆਪਣੀ ਮਾਂ ਨੂੰ ਦੇਖ ਕੇ ਖੁਸ਼ ਨਜ਼ਰ ਨਹੀਂ ਸੀ ਆਈ। ਉਦੋਂ ਉਹ ਆਪਣੇ ਸਾਲ ਕੁ ਦੇ ਬੱਚੇ ਦੀ ਦੁੱਧ ਵਾਲੀ ਬੋਤਲ ਧੋ ਰਹੀ ਸੀ। ਉਹ ਬੋਤਲ ਵਿਚ ਬੁਰਸ਼ ਫੇਰਦੀ ਹੋਈ ਉਠ ਕੇ ਅੰਦਰ ਚਲੀ ਗਈ। ਮਨ ਹੀ ਮਨ ਵਿਚ ਕੁੜ੍ਹ ਵੀ ਰਹੀ ਸੀ ਉਹ ਕਿ ਅੰਮਾਂ ਇੱਥੇ ਕਿਉਂ ਆਈ ਏ? ਕਿਸਨੇ ਬੁਲਾਇਆ ਹੈ ਉਸਨੂੰ?
ਅੰਮਾਂ ਉਸਦੀ ਸਕੀ ਮਾਂ ਸੀ ਜਿਸਨੇ ਉਸਨੂੰ ਨੌਂ ਮਹੀਨੇ ਕੁੱਖ ਵਿਚ ਰੱਖਣ ਦੀਆਂ ਤਕਲੀਫ਼ਾਂ ਝੱਲੀਆਂ ਸਨ ਤੇ ਉਸਨੂੰ ਜਨਮ ਦਿੱਤਾ ਸੀ—ਉਸਦੀ ਅਤਿ ਨਾਜ਼ੁਕ-ਮਲੂਕ, ਕੋਮਲ ਕਰੂੰਭਲ ਵਰਗੀ ਦੇਹ ਨੂੰ ਆਪਣੇ ਸਰੀਰ ਦਾ ਜੀਵਨ ਭਰਪੂਰ ਨਿੱਘ ਦੇ ਕੇ ਪਾਲਿਆ ਸੀ, ਉਸਨੇ। ਰਾਤਾਂ ਨੂੰ ਜਾਗ ਜਾਗ ਕੇ ਕਿਸੇ ਨੌਕਰਾਣੀ ਵਾਂਗ ਹੀ ਉਸਦੇ ਮਾਮੂਲੀ ਜਿਹੇ ਇਸ਼ਾਰੇ ਨੂੰ ਸਮਝ ਕੇ ਉਸਦੀ ਟਹਿਲ ਸੇਵਾ ਕੀਤੀ ਸੀ। ਹੁਣ ਉਹ ਆਪਣੇ ਘਰਬਾਰ ਵਾਲੀ ਹੋ ਗਈ ਹੈ ਤੇ ਇਕ ਬੱਚੇ ਦੀ ਮਾਂ ਵੀ ਬਣ ਚੁੱਕੀ ਹੈ, ਜਿਸ ਦੀ ਖਾਤਰ ਉਹ ਆਪ ਵੀ ਉਸੇ ਕਿਸਮ ਦੀਆਂ ਤਕਲੀਫ਼ਾਂ ਸਹਿ ਰਹੀ ਹੈ, ਜਿਹੋ-ਜਿਹੀਆਂ ਉਸਦੀ ਮਾਂ, ਉਸ ਦੀ ਖਾਤਰ ਝੱਲਦੀ ਰਹੀ ਹੈ—ਪਰ ਇਹ ਸਭ ਕੁਝ ਜਾਣਦਿਆਂ ਹੋਇਆਂ ਵੀ ਕੌਸ਼ਲਿਆ ਆਪਣੇ ਦਿਲ ਵਿਚੋਂ ਆਪਣੀ ਮਾਂ ਪ੍ਰਤੀ ਨਫ਼ਰਤ ਦੇ ਅਹਿਸਾਸ ਨੂੰ ਨਹੀਂ ਸੀ ਕੱਢ ਸਕੀ।
ਬਾਹਰਲੀਆਂ ਆਵਾਜ਼ਾਂ ਤੋਂ ਕੌਸ਼ਲਿਆ ਨੂੰ ਪਤਾ ਲੱਗ ਰਿਹਾ ਸੀ ਕਿ ਮਾਂ ਹੁਣ ਆਪਣੀ ਗੰਢੜੀ ਵਿਚੋਂ ਇਕ ਛੋਟੀ ਜਿਹੀ ਪੋਟਲੀ ਕੱਢ ਕੇ ਬੈਠ ਗਈ ਹੈ, ਜਿਸ ਵਿਚ ਲਖ਼ਨਊ ਦੀਆਂ ਖੁਸ਼ਬੂਦਾਰ ਰਿਓੜੀਆਂ ਨੇ। ਉਹ ਹਰੇਕ ਦੇ ਹੱਥ ਉੱਤੇ ਦੋ ਦੋ, ਚਾਰ ਚਾਰ ਰਿਓੜੀਆਂ ਰੱਖ ਰਹੀ ਹੈ। ਅੰਮਾਂ ਤੋਂ ਅਮੀਨਾਬਾਦ ਦਾ ਪ੍ਰਸ਼ਾਦ ਲੈ ਕੇ ਹਰ ਕੋਈ ਖੁਸ਼ ਹੋ ਰਿਹਾ ਹੈ। ਉਹਨਾਂ ਸਾਰਿਆਂ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਅੰਮਾਂ ਉਹਨਾਂ ਵਾਸਤੇ ਰਿਓੜੀਆਂ ਜ਼ਰੂਰ ਲਿਆਈ ਹੋਏਗੀ ਤੇ ਖਿਡੌਣੇ ਤੇ ਕੱਪੜੇ ਵੀ—ਪਰ ਉਹ ਕਿਸੇ ਦੇ ਸਾਹਮਣੇ ਆਪਣੀ ਪੂਰੀ ਗੰਢੜੀ ਕਦੀ ਨਹੀਂ ਖੋਲ੍ਹਦੀ। ਜੇ ਕੋਈ ਸ਼ਰਾਰਤ ਵੱਸ ਉਸਦੀ ਗੰਢੜੀ ਨੂੰ ਖੋਹਣਾ ਚਾਹੇ ਤਾਂ ਉਹ ਉਸਦੀ ਹਿਫ਼ਾਜ਼ਤ ਦੰਦੀਆਂ ਵੱਢ-ਵੱਢ ਕੇ ਵੀ ਕਰ ਲੈਂਦੀ ਹੈ। ਉਹ ਕਿਸੇ ਨੂੰ ਵੀ ਆਪਣੀ ਇਸ ਗੰਢੜੀ ਨੂੰ ਫਰੋਲਨ ਦੀ ਇਜਾਜ਼ਤ ਨਹੀਂ ਦਿੰਦੀ, ਜਿਸ ਵਿਚ ਆਮ ਤੌਰ 'ਤੇ ਇਕ ਪੁਰਾਣਾ ਕੰਬਲ, ਇਕ ਮੈਲੀ-ਜਿਹੀ ਦਰੀ, ਇਕ-ਅੱਧਾ ਸੇਰ ਚੌਲ ਤੇ ਕਣਕ ਦੇ ਆਟੇ ਦੇ ਇਲਾਵਾ ਹੋਰ ਕੁਝ ਵੀ ਨਹੀਂ ਹੁੰਦਾ। ਚੌਲ ਤੇ ਆਟਾ ਉਹ ਇਸ ਕਰਕੇ ਨਾਲ ਲਿਆਉਂਦੀ ਹੈ ਕਿ ਉਹ ਆਪਣੀ ਧੀ ਦੇ ਘਰ ਦਾ ਨਹੀਂ ਖਾ ਸਕਦੀ। ਭਾਵੇਂ ਹਮੇਸ਼ਾ ਉਸਨੂੰ ਕਈ ਆਂਢ-ਗੁਆਂਢ ਦੇ ਲੋਕ ਖਾਣਾ ਖਵਾਉਣ ਦੇ ਇੱਛੁਕ ਰਹਿੰਦੇ ਨੇ, ਪਰ ਉਹ ਕਿਸੇ ਦੇ ਘਰ ਦਾ ਕੁਝ ਨਹੀਂ ਖਾਂਦੀ। ਉਸ ਲਈ ਤਾਂ ਇਹ ਸਾਰਾ ਮੁਹੱਲਾ ਹੀ ਕੁੜੀ ਦੇ ਸਹੁਰਿਆਂ ਦਾ ਹੈ। ਇਸੇ ਕਰਕੇ ਲੋਕ ਹਰ ਵੇਲੇ ਉਸਦੀਆਂ ਤਾਰੀਫ਼ਾਂ ਕਰਦੇ ਰਹਿੰਦੇ ਨੇ। ਪਰ ਕੌਸ਼ਲਿਆ ਨੂੰ ਇਸਦੇ ਬਾਵਜੂਦ ਵੀ ਕੋਈ ਖੁਸ਼ੀ ਨਹੀਂ ਹੁੰਦੀ। ਉਹ ਤਾਂ ਬਸ ਅੰਦਰੇ-ਅੰਦਰ ਖਿਝਦੀ ਰਹਿੰਦੀ ਹੈ। ਇਸ ਵੇਲੇ ਵੀ ਉਸਦੀ ਇਹੀ ਹਾਲਤ ਹੈ, ਜਿਵੇਂ ਬਸ ਕਿਸੇ ਵੀ ਪਲ ਫਿਸ ਪਏਗੀ! ਅੱਜ ਉਹ ਕਿਸੇ ਵੀ ਤਰ੍ਹਾਂ ਆਪਣੇ ਆਪ ਨੂੰ ਰੋਕ ਨਹੀਂ ਸਕੇਗੀ!
ਆਪਣੇ ਵਿਆਹ ਪਿੱਛੋਂ ਜਦੋਂ ਉਹ ਪਹਿਲੀ ਵਾਰੀ ਸਹੁਰਿਓਂ, ਪੇਕੇ ਗਈ ਸੀ ਤਾਂ ਉਹ ਆਪਣੀਆਂ ਚਾਰੇ ਛੋਟੀਆਂ ਭੈਣਾ ਵਾਸਤੇ ਕੱਪੜੇ ਲੈ ਕੇ ਗਈ ਸੀ, ਜਿਹੜੇ ਉਸਦੀ ਸੱਸ ਨੇ ਹੀ ਉਸਦੇ ਟਰੰਕ ਵਿਚ ਪਾ ਦਿੱਤੇ ਸਨ। ਏਨੇ ਸਾਰੇ ਕੀਮਤੀ ਕੱਪੜੇ ਦੇਖ ਕੇ ਮੁਹੱਲੇ ਦੀਆਂ ਔਰਤਾਂ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਸਨ। ਇਹ ਆਸ ਕਿਸੇ ਨੂੰ ਵੀ ਨਹੀਂ ਸੀ ਕਿ ਸਾਬਨ ਵਾਲੇ ਜਿਹਨਾਂ ਨੇ ਕੋਸ਼ਲਿਆ ਦਾ ਦਾਜ ਦੇਖ ਕੇ ਨੱਕ ਬੁੱਲ੍ਹ ਵੱਟੇ ਸਨ, ਆਪਣੀ ਬਹੂ ਨੂੰ ਏਨਾਂ ਕੁਝ ਦੇ ਕੇ ਪੇਕੇ ਭੇਜਣਗੇ! ਪਰ ਉਹਨਾਂ ਦੀ ਦਰਿਆ-ਦਿਲੀ ਦੀ ਤਾਂ ਕੌਸ਼ਲਿਆ ਦੇ ਪੇਕੇ ਪਿੰਡ ਵਿਚ ਧਾਕ ਬੈਠ ਗਈ ਸੀ। ਸਾਰਿਆਂ ਨੇ ਹੀ ਕੌਸ਼ਲਿਆ ਦੇ ਭਾਗਾਂ ਨੂੰ ਸਲਾਇਆ ਸੀ—ਅਜਿਹੇ ਵਰ ਤਾਂ ਲੇਖਾਂ-ਸੰਯੋਗਾਂ ਨਾਲ ਹੀ ਮਿਲਦੇ ਨੇ। ਨਹੀਂ ਤਾਂ ਵੱਡੇ-ਵੱਡੇ ਘਰਾਂ ਦੀਆਂ ਕੁੜੀਆਂ ਜਿਊਂਦੇ ਜੀ ਨਰਕ ਭੋਗਦੀਆਂ ਹੀ ਨਜ਼ਰ ਆਉਂਦੀਆਂ ਨੇ।
ਕੁਝ ਚਿਰ ਮਾਂ ਕੋਲ ਰਹਿ ਕੇ ਜਦੋਂ ਉਹ ਸਹੁਰੇ ਵਾਪਸ ਆਉਣ ਲੱਗੀ ਤਾਂ ਇਕ ਦਿਨ ਮਾਂ ਨੇ ਉਸਨੂੰ ਇਕਾਂਤ ਵਿਚ ਲੈ ਜਾ ਕੇ ਕਿਹਾ ਸੀ, “ਦੇਖ ਪੁੱਤਰ, ਦੇਣ ਨੂੰ ਤਾਂ ਮੈਂ ਵੀ ਤੈਨੂੰ ਬਥੇਰਾ ਕੁਛ ਦੇ ਕੇ ਵਿਦਾਅ ਕਰਾਂ...ਏਨਾ ਕਿ ਸਾਬਨ ਵਾਲੇ ਤੇਰੇ ਪੈਰ ਧੋ-ਧੋ ਪੀਣ। ਪਰ ਧੀਆਂ ਨੂੰ ਦੇਣ ਦਾ ਇਕ ਦਿਨ ਤਾਂ ਨਹੀਂ ਹੁੰਦਾ, ਉਹਨਾਂ ਨੂੰ ਦੇਂਦਿਆਂ-ਦੇਂਦਿਆਂ ਤਾਂ ਸਾਰੀ ਉਮਰ ਲੰਘ ਜਾਂਦੀ ਏ। ਤੇ ਧੀਆਂ ਦਾ ਕਰਜਾ ਕਦੀ ਮਾਪਿਆਂ ਦੇ ਸਿਰੋਂ ਨਹੀਂ ਉਤਰਦਾ। ਕਦੀ ਕਿਸੇ ਦਾ ਵਿਆਹ, ਜੰਮਣਾ-ਮਰਨਾ, ਕੋਈ ਨਾ ਕੋਈ ਵਾਰ-ਤਿਹਾਰ ਆਇਆ ਈ ਰਹਿੰਦਾ ਏ—ਹਰ ਮੌਕੇ ਕੁਝ ਨਾਲ ਕੁਝ ਦੇਣਾ ਈ ਪੈਂਦਾ ਏ। ਤੂੰ ਸਿਆਣੀ ਏਂ, ਤੇਰੀਆਂ ਛੋਟੀਆਂ ਭੈਣਾ ਵੀ ਹੁਣ ਗਲੋ ਵਾਂਗ ਵਧੀਆਂ ਜਾ ਰਹੀਆਂ ਨੇ—ਹਰ ਸਾਲ ਕਿਸੇ ਨਾ ਕਿਸੇ ਦਾ ਵਿਆਹ ਕਰਨਾ ਪੈਣਾ ਏਂ। ਹੁਣ ਸਭ ਕੁਝ ਤੈਨੂੰ ਈ ਕੱਢ ਕੇ ਦੇ ਦਿਆਂ ਤਾਂ ਫੇਰ ਉਹਨਾਂ ਵਾਸਤੇ ਕਿਹੜਾ ਖੂਹ ਪੁੱਟਾਂਗੀ! ਤੂੰ ਖ਼ੁਦ ਸੋਚ! ਤੇ ਫੇਰ ਤੂੰ ਜੋ ਕੁਝ ਵੀ ਇੱਥੋਂ ਲੈ ਕੇ ਜਾਏਂਗੀ, ਉਹ ਤੇਰੇ ਆਪਣੇ ਕੋਲ ਈ ਰਹਿਣਾ ਏਂ—ਸੱਸ-ਸਹੁਰਾ ਤੇ ਹੋਰ ਲੋਕ ਤਾਂ ਦੇਖ ਕੇ ਬਸ ਦੋ ਸ਼ਬਦ ਤਾਰੀਫ਼ ਦੇ ਈ ਕਹਿਣਗੇ, ਉਹ ਵੀ ਤੇਰੇ ਮੂੰਹ 'ਤੇ। ਇਸੇ ਲਈ ਕਹਿੰਦੀ ਆਂ, ਆਪਣੇ ਪੇਕਿਆਂ ਦੀ ਲੱਜ ਰੱਖਣੀ ਤੇਰੇ ਆਪਣੇ ਹੱਥ ਏ ਹੁਣ।” ਕਹਿੰਦਿਆਂ ਹੋਇਆਂ ਉਹ ਰੋ ਵੀ ਪਈ ਸੀ। ਕੌਸ਼ਲਿਆ ਦੀਆਂ ਅੱਖਾਂ ਵੀ ਸਿੱਜਲ ਹੋ ਗਈਆਂ ਸਨ। ਜਿਹਨਾਂ ਨੂੰ ਦੇਖ ਕੇ ਉਸਦੀ ਮਾਂ ਨੇ ਹੋਰ ਵੀ ਗੰਭੀਰ ਹੋ ਕੇ ਕਿਹਾ ਸੀ, “ਮੈਂ ਤੈਨੂੰ ਸਿਰਫ ਤਿੰਨ ਸੂਟ ਦੇ ਸਕਦੀ ਆਂ। ਤੇਰੇ ਦੇਖੇ ਹੋਏ ਵੀ ਨੇ—ਇਕ ਤਾਂ ਓਹੀ ਏ ਜਿਹੜਾ ਮੈਨੂੰ ਤੇਰੇ ਮਾਮੇ ਦੇ ਵਿਆਹ 'ਚ ਮਿਲਿਆ ਸੀ, ਤੇ ਸ਼ਨੀਲ ਦਾ ਸੂਟ ਮੈਨੂੰ ਮੇਰੀ ਅੰਬਾਲੇ ਵਾਲੀ ਭੈਣ ਨੇ ਦਿੱਤਾ ਸੀ—ਤੇ ਇਕ ਸੂਟ ਤੇਰੇ ਪਿਤਾ ਜੀ ਕਲ੍ਹ ਈ ਬਾਜ਼ਾਰੋਂ ਲਿਆਏ ਨੇ। ਤੂੰ ਵੀ ਤਾਂ ਕਲ੍ਹ ਬਾਜ਼ਾਰ ਜਾ ਕੇ ਕੁਝ ਖਰੀਦਨ ਲਈ ਕਹਿ ਰਹੀ ਸੈਂ। ਉਹ ਸਭ ਜੇ ਤੂੰ ਮੇਰੇ ਕੱਪੜਿਆਂ ਨਾਲ ਸ਼ਾਮਲ ਕਰਕੇ ਗਿਣਵਾ ਦਏਂ ਤਾਂ ਕਿਸੇ ਨੂੰ ਕੀ ਪਤਾ ਲੱਗਦਾ ਏ! ਘਰ ਦੀ ਇੱਜ਼ਤ ਬਚਾਉਣ ਦਾ ਹੁਣ ਇਹੀ ਇਕ ਤਰੀਕਾ ਰਹਿ ਗਿਆ ਏ।”
ਉਸਨੇ ਮਾਂ ਦੀ ਸਲਾਹ ਮੰਨ ਲਈ ਸੀ ਤੇ ਆਪਣੇ ਸਹੁਰੇ ਜਾ ਕੇ, ਦੁਗਣੇ ਕੱਪੜੇ ਤੇ ਦੁੱਗਣੇ ਪੈਸੇ ਵੀ ਦਿਖਾਅ ਦਿੱਤੇ ਸਨ। ਲੋਕਾਂ ਨੇ ਉਸਦੇ ਪੇਕਿਆਂ ਦੀ ਬੜੀ ਤਾਰੀਫ਼ ਕੀਤੀ ਸੀ। ਪਰ ਉਸਦਾ ਦਿਲ ਅੰਦਰੇ-ਅੰਦਰ ਬੈਠ ਗਿਆ ਸੀ।...ਤੇ ਫੇਰ ਇੰਜ ਵਾਰੀ-ਵਾਰੀ ਹੁੰਦਾ ਰਿਹਾ। ਕਈ ਅਜਿਹੇ ਨਾਜ਼ੁਕ ਮੌਕਿਆਂ ਉੱਤੇ ਉਸਨੇ ਆਪਣੇ ਮਾਪਿਆਂ ਦੀ ਲੱਜ ਰੱਖੀ। ਪਰ ਉਸਦੀ ਮਾਂ ਨੇ ਤਾਂ ਹੁਣ ਜਿਵੇਂ ਇਹੀ ਦਸਤੂਰ ਬਣਾ ਲਿਆ ਸੀ—ਉਹ ਪਹਿਲਾਂ ਹੀ ਬੜਾ ਘੱਟ ਦਿੰਦੀ ਸੀ, ਤੇ ਫੇਰ ਦੇਣੋ ਈ ਹਟ ਗਈ ਸੀ। ਉਹ ਆਪ ਹੀ ਉਸਦੇ ਨਾਂ 'ਤੇ ਆਪਣੇ ਕੋਲੋਂ ਦਿਖਾਅ ਦਿੰਦੀ ਤੇ ਲੋਕ ਸਮਝਦੇ ਕਿ ਇਹ ਸਭ ਕੁਝ ਉਸਦੀ ਮਾਂ ਹੀ ਦੇ ਕੇ ਜਾਂਦੀ ਹੈ—ਤੇ ਜਦੋਂ ਵੀ ਉਹ ਆਉਂਦੀ ਹੈ, ਆਪਣੀ ਗੰਢੜੀ ਵਿਚ ਉਸਦੀ ਖਾਤਰ ਸੁਗਾਤਾਂ ਲੁਕਾ ਕੇ ਲਿਆਉਂਦੀ ਹੈ।
ਕੌਸ਼ਲਿਆ ਦਾ ਮਨ ਪਹਿਲੀ ਵਾਰੀ ਉਸ ਦਿਨ ਖੱਟਾ ਹੋਇਆ ਸੀ ਜਦੋਂ ਉਸਦੇ ਬੱਚਾ ਹੋਇਆ ਸੀ ਤੇ ਉਸਦੀ ਮਾਂ, ਬੱਚੇ ਲਈ ਏਨੀ ਘਟੀਆ ਸੁਗਾਤ ਲੈ ਕੇ ਆਈ ਸੀ ਕਿ ਜੇ ਉਸਨੂੰ ਉਸਦੇ ਸਹੁਰਿਆਂ ਵਿਚੋਂ ਕੋਈ ਦੇਖ ਲੈਂਦਾ ਤਾਂ ਉਹ ਕਿਸੇ ਨੂੰ ਵੀ ਮੂੰਹ ਦਿਖਾਉਣ ਜੋਗੀ ਨਾ ਰਹਿੰਦੀ; ਉਸਦਾ ਸਾਰਾ ਭਰਮ ਹੀ ਟੁੱਟ ਜਾਂਦਾ। ਪਰ ਉਸਨੇ ਉਸ ਮੌਕੇ ਵੀ ਆਪਣੀ ਮਾਂ ਦੀ ਕੰਜੂਸੀ ਉੱਤੇ ਪਰਦਾ ਪਾਇਆ ਸੀ। ਮਾਂ ਦੀਆਂ ਹਰਕਤਾਂ ਨੂੰ ਹੁਣ ਉਹ ਕੰਜੂਸੀ ਹੀ ਸਮਝਣ ਲੱਗ ਪਈ ਸੀ, ਜਿਹਨਾਂ ਨੂੰ ਉਹ ਪਹਿਲਾਂ ਉਸਦੀ ਮਜ਼ਬੂਰੀ ਸਮਝਦੀ ਰਹੀ ਸੀ।
ਜਦੋਂ ਉਸਦੀ ਨਣਾਨ ਰੁਕਮਣੀ ਦਾ ਵਿਆਹ ਸੀ, ਉਦੋਂ ਤਾਂ ਭਾਂਡਾ ਹੀ ਫੁੱਟ ਚੱਲਿਆ ਸੀ, ਉਸਦਾ। ਜਿਹੜੇ ਕੱਪੜੇ ਉਸਨੇ ਆਪਣੀ ਮਾਂ ਦੇ ਨਾਂ 'ਤੇ ਆਪਣੀ ਸੱਸ ਦੇ ਸਾਹਮਣੇ ਜਾ ਰੱਖੇ ਸਨ, ਉਹਨਾਂ ਵਿਚ ਇਕ ਕੱਪੜਾ ਅਜਿਹਾ ਵੀ ਸੀ ਜਿਹੜਾ ਉਸਦੀ ਸੱਸ ਨੇ ਹੀ ਉਸਨੂੰ ਲਿਆ ਕੇ ਦਿੱਤਾ ਸੀ। ਉਸਨੂੰ ਦੇਖ ਕੇ ਉਸਦੀ ਸੱਸ ਹੈਰਾਨੀ ਨਾਲ ਤ੍ਰਬਕੀ ਤਾਂ ਕੌਸ਼ਲਿਆ ਨੇ ਝੱਟ ਗੱਲ ਬਣਾ ਕੇ ਕਿਹਾ, “ਮੇਰੀ ਮਾਂ ਨੂੰ ਇਹ ਕੱਪੜਾ ਏਨਾ ਚੰਗਾ ਲੱਗਿਆ ਸੀ ਕਿ ਉਸਨੇ ਮੈਨੂੰ ਇਸਦੇ ਪੈਸੇ ਦੇ ਕੇ, ਇਸ ਨੂੰ ਰੁਕਮਣੀ ਨੂੰ ਦੇ ਦੇਣ ਲਈ ਕਿਹਾ ਏ।”
ਤੇ ਉਸਦੀ ਅੰਮਾਂ ਨੇ ਵੀ ਬਗ਼ੈਰ ਝਿਜਦਿਆਂ ਸਾਰਿਆਂ ਸਾਹਵੇਂ ਉਸਦੀ ਹਾਂ ਵਿਚ ਹਾਂ ਮਿਲਾ ਦਿੱਤੀ ਸੀ। ਪਰ ਕੌਸ਼ਲਿਆ ਖੁਸ਼ ਨਹੀਂ ਸੀ ਹੋਈ। ਉਦੋਂ ਤੋਂ ਹੀ ਉਸਨੂੰ ਉਸਦਾ ਇੱਥੇ ਆਉਣਾ ਫੁੱਟੀ ਅੱਖ ਨਹੀਂ ਸੀ ਭਾਉਂਦਾ। ਪਹਿਲਾਂ ਉਹ ਵੀ ਉਸਨੂੰ ਉਡੀਕਦੀ ਹੁੰਦੀ ਸੀ—ਉਸਨੂੰ ਖ਼ਤ ਲਿਖ-ਲਿਖ ਕੇ ਆਉਣ ਦੇ ਸੁਨੇਹੇ ਵੀ ਭੇਜਦੀ ਰਹਿੰਦੀ ਸੀ। ਆਪਣੇ ਕੋਲ, ਆਪਣੇ ਕਮਰੇ ਵਿਚ ਹੀ ਉਸਨੂੰ ਪਾਉਂਦੀ ਹੁੰਦੀ ਸੀ। ਪਰ ਹੁਣ ਹੌਲੀ-ਹੌਲੀ ਉਸਨੇ ਉਸਦੀ ਪ੍ਰਵਾਹ ਕਰਨੀ ਛੱਡ ਦਿੱਤੀ ਸੀ। ਇੱਥੋਂ ਤਕ ਕਿ ਇੱਥੇ ਆ ਕੇ ਅੰਮਾਂ ਕਿੱਥੇ ਸੌਂਦੀ ਹੈ, ਕੀ ਖਾਂਦੀ ਹੈ—ਕੁਝ ਖਾਂਦੀ ਵੀ ਹੈ ਜਾਂ ਨਹੀਂ! ਪਰ ਅਜੇ ਤਕ ਉਸਦੇ ਮੂੰਹ ਉੱਤੇ ਉਸਨੂੰ ਕੁਝ ਵੀ ਨਹੀਂ ਸੀ ਕਹਿ ਸਕੀ ਉਹ। ਇਹ ਸਾਰੀ ਨਫ਼ਰਤ ਉਸਦੇ ਅੰਦਰੇ-ਅੰਦਰ ਇਕੱਠੀ ਹੁੰਦੀ ਜਾ ਰਹੀ ਸੀ—ਤੇ ਅੱਜ ਉਹ ਇੰਜ ਮਹਿਸੂਸ ਕਰ ਰਹੀ ਸੀ ਜਿਵੇਂ ਉਸਦੇ ਸਬਰ ਦਾ ਬੰਨ੍ਹ ਟੁੱਟਣ ਵਾਲਾ ਹੋਏ। ਉਹ ਸਾਫ-ਸਾਫ ਕਹਿ ਦਏਗੀ, ਜਦੋਂ ਉਹ ਉਸਨੂੰ ਹੁਣ ਬੁਲਾਉਂਦੀ ਹੀ ਨਹੀਂ ਤਾਂ ਉਹ ਆਪਣੇ ਆਪ ਕਿਉਂ ਆ ਜਾਂਦੀ ਹੈ ਇੱਥੇ? ਹੁਣ ਉਹ ਉਸਨੂੰ ਕਦੀ ਵੀ ਨਹੀਂ ਬੁਲਾਏਗੀ। ਅਜਿਹੀ ਮਾਂ ਨੂੰ ਬੁਲਾਵੇ ਵੀ ਕਿਉਂ ਜਿਹੜੀ ਉਸ ਉੱਤੇ ਕਿਸੇ ਭੂਤ ਵਾਂਗ ਸਵਾਰ ਹੋ ਗਈ ਏ—ਨਾ ਉਸਨੂੰ ਖੁਸ਼ੀ ਦੇ ਸਕਦੀ ਏ ਤੇ ਨਾ ਹੀ ਕਿਸੇ ਕਿਸਮ ਦੇ ਸਵੈਮਾਣ ਦਾ ਅਹਿਸਾਸ!
ਅਚਾਨਕ ਉਸ ਕੋਲ ਉਸਦੀ ਨਣਾਨ ਰੁਕਮਣੀ ਆ ਖੜ੍ਹੀ ਹੋਈ। ਉਹ ਵਿਆਹ ਪਿੱਛੋਂ ਪਹਿਲੀ ਵਾਰੀ ਪੇਕੇ ਆਈ ਸੀ ਤੇ ਦੋ ਮਹੀਨੇ ਰਹਿ ਕੇ, ਅੱਜ ਵਾਪਸ ਜਾ ਰਹੀ ਸੀ। ਉਸਨੂੰ ਮਿਲਣ ਵਾਸਤੇ ਦੂਰੋਂ-ਨੇੜਿਓਂ ਕਈ ਲੋਕ ਆਏ ਸਨ। ਉਹ ਉਸਨੂੰ ਰੁਪਏ ਜਾਂ ਕੱਪੜੇ ਕੁਝ ਨਾ ਕੁਝ ਦੇ ਕੇ ਵੀ ਗਏ ਸੀ—ਇਸ ਕਰਕੇ ਉਹ ਬੜੀ ਖੁਸ਼ ਸੀ। ਨਵੀਂ ਵਿਆਹੀ ਕੁੜੀ ਉਂਜ ਵੀ ਪੇਕਿਆਂ ਤੋਂ ਸਹੁਰੇ ਜਾਣ ਲੱਗਿਆਂ ਖੁਸ਼ ਹੀ ਨਜ਼ਰ ਆਉਂਦੀ ਹੁੰਦੀ ਹੈ। ਪੇਕਿਆਂ ਵਿਚ ਉਸਦਾ ਜਿੰਨਾਂ ਮਾਣ-ਇੱਜ਼ਤ ਹੋਇਆ ਸੀ, ਉਸ ਤੋਂ ਵੀ ਉਹ ਖੁਸ਼ ਤੇ ਤ੍ਰਿਪਤ ਨਜ਼ਰ ਆ ਰਹੀ ਸੀ। ਪਰ ਕੌਸ਼ਲਿਆ ਨੂੰ ਇਹ ਦੇਖ ਕੇ ਵੀ ਇਕ ਠੇਸ ਜਿਹੀ ਲੱਗੀ ਤੇ ਇਸ ਸਮੇਂ ਉਸਦਾ ਆ ਕੇ ਉਸਦੇ ਇਕਾਂਤ ਵਿਚ ਖ਼ਲਲ਼ ਪਾਉਣਾ ਵੀ ਚੰਗਾ ਨਹੀਂ ਲੱਗਿਆ।
“ਭਾਬੀ, ਤੁਹਾਡੀ ਅੰਮਾਂ ਆਈ ਏ...ਬਾਹਰ ਬੈਠੀ ਏ, ਤੇ ਤੁਹਾਡੇ ਬਾਰੇ ਪੁੱਛ ਰਹੀ ਏ।”
ਕੌਸ਼ਲਿਆ ਨੂੰ ਪਤਾ ਸੀ ਉਸਦੀ ਮਾਂ ਬਾਹਰ ਹੈ—ਬੈਠੀ ਏ ਤਾਂ ਬੈਠੀ ਰਹੇ। ਪਰ ਉਸਨੇ ਰੁਕਮਣੀ ਦੀ ਗੱਲ ਨੂੰ ਸੁਣਿਆ-ਅਣਸੁਣਿਆ ਕਰ ਦਿੱਤਾ ਤੇ ਦੁੱਧ ਵਾਲੀ ਬੋਤਲ ਚੁੱਕ ਕੇ ਝੂਲੇ ਵਲ ਵਧ ਗਈ। ਉਸਦਾ ਬੱਚਾ ਸੁੱਤਾ ਪਿਆ ਸੀ, ਜਿਸਨੂੰ ਬੇਧਿਆਨੀ ਵਿਚ ਹੀ ਜਗਾ ਦਿੱਤਾ—ਉਹ ਰੋਣ ਲੱਗ ਪਿਆ ਤਾਂ ਰੁਕਮਣੀ ਨੇ ਅੱਗੇ ਵਧ ਕੇ ਉਸਨੂੰ ਚੁੱਕਿਆ, ਕਈ ਵਾਰੀ ਚੁੰਮਿਆਂ ਤੇ ਇਹ ਕਹਿੰਦੀ ਹੋਈ ਬਾਹਰ ਲੈ ਗਈ...:
“ਅੰਮਾਂ, ਭਾਬੀ ਆਪਣੇ ਕਮਰੇ 'ਚ ਈ ਏ, ਏਥੇ।”
ਤੇ ਕੁਝ ਪਲਾਂ ਬਾਅਦ ਬੁੱਢੀ ਆਪਣੀ ਗੰਢੜੀ ਕੱਛ ਵਿਚ ਮਾਰੀ ਪੋਲੇ ਪੈਰਾਂ ਨਾਲ ਤੁਰਦੀ ਹੋਈ ਅੰਦਰ ਆ ਗਈ। ਕੌਸ਼ਲਿਆ ਨੇ ਬੁਰਸ਼ ਨੂੰ ਏਨੇ ਜ਼ੋਰ ਨਾਲ ਬੋਤਲ ਅੰਦਰ ਧਕਿਆ ਕਿ ਉਹ ਵਿੰਗਾ ਹੋ ਗਿਆ। ਫੇਰ ਅੰਮਾਂ ਵਲ ਭੌਂ ਕੇ ਉਸਨੇ ਕਿਹਾ, “ਹੁਣ ਮੈਥੋਂ ਕੁਝ ਨਾ ਮੰਗੀਂ ਅੰਮਾਂ...ਮੇਰੇ ਕੋਲ ਕੋਈ ਵੀ ਅਜਿਹੀ ਸ਼ੈ ਨਹੀਂ ਜਿਹੜੀ ਮੇਰੇ ਘਰ ਵਾਲਿਆਂ ਨੇ ਪਹਿਲਾਂ ਨਾ ਦੇਖੀ ਹੋਏ।”
ਬੁੱਢੀ ਜਿੱਥੇ ਸੀ ਉੱਥੇ ਹੀ ਖੜ੍ਹੀ ਰਹਿ ਗਈ; ਹੈਰਾਨ ਤੇ ਗੁੰਮਸੁੰਮ ਜਿਹੀ! ਉਸ ਵਿਚ ਆਪਣੀ ਧੀ ਨਾਲ ਨਜ਼ਰਾਂ ਮਿਲਾਉਣ ਦੀ ਹਿੰਮਤ ਵੀ ਨਹੀਂ ਸੀ ਰਹੀ ਜਾਪਦੀ। ਉਸਨੇ ਨੀਵੀਂ ਪਾ ਲਈ ਤੇ ਕੌਸ਼ਲਿਆ ਕਾਹਲ ਨਾਲ ਬਾਹਰ ਚਲੀ ਗਈ। ਉਹ ਏਨੀ ਤੇਜ਼ੀ ਨਾਲ ਬਾਹਰ ਨਿਕਲੀ ਸੀ—ਜਿਵੇਂ ਡਰ ਰਹੀ ਹੋਏ ਕਿ ਉਸਦੀ ਮਾਂ ਉਸਦਾ ਪੱਲਾ ਫੜ੍ਹ ਕੇ ਆਪਣੀ ਗਰੀਬੀ ਦਾ ਰੋਣਾ ਹੀ ਨਾ ਰੋਣ ਬਹਿ ਜਾਏ। ਪਰ ਅੱਜ ਉਹ ਉਸਦੀ ਕੋਈ ਵੀ ਗੱਲ ਸੁਨਣ ਲਈ ਤਿਆਰ ਨਹੀਂ ਸੀ। ਉਹ ਅੱਜ ਨਾ ਹੀ ਆਉਂਦੀ ਤਾਂ ਕਿੰਨਾ ਚੰਗਾ ਹੁੰਦਾ। ਉਹ ਆਪਣੀ ਕੁੜਮਣੀ ਦੀ ਧੀ ਨੂੰ ਮਿਲਣ ਤੋਂ ਵੀ ਬਚ ਜਾਂਦੀ, ਜਿਸਨੂੰ ਕੁਝ ਨਾ ਕੁਝ ਤਾਂ ਦੇਣਾ ਹੀ ਪੈਣਾ ਸੀ। ਉਸਦੀ ਧੀ ਵੀ ਇਹੀ ਚਾਹੁੰਦੀ ਹੈ—ਵਾਕਈ ਉਹ ਨਾ ਆਉਂਦੀ ਤਾਂ ਉਸਦੀ ਇੱਜ਼ਤ ਰਹਿ ਜਾਂਦੀ। ਪਰ ਉਹ ਹੁਣ ਆਪਣੀ ਮਾਂ ਦੀ ਕੋਈ ਮਦਦ ਨਹੀਂ ਕਰੇਗੀ, ਭਾਵੇਂ ਕੁਝ ਵੀ ਹੋ ਜਾਏ!
ਕੌਸ਼ਲਿਆ ਕਿਸੇ ਨਾ ਕਿਸੇ ਬਹਾਨੇ ਏਧਰੋਂ ਉਧਰ ਤੁਰੀ ਫਿਰਦੀ ਰਹੀ। ਘਰ ਵਿਚ ਕੰਮ ਦਾ ਘਾਟਾ ਨਹੀਂ ਸੀ। ਉਹ ਆਪਣੇ ਆਪ ਨੂੰ ਹਰ ਪਾਸੇ ਉਲਝਾਈ ਰੱਖ ਸਕਦੀ ਸੀ। ਅਸਲ ਵਿਚ ਉਹ ਆਪਣੀ ਮਾਂ ਤੋਂ ਲੁਕਦੀ ਫਿਰ ਰਹੀ ਸੀ। ਉਸ ਤੋਂ ਦੂਰ ਹੀ ਰਹਿਣਾ ਚਾਹੁੰਦੀ ਸੀ।
ਫੇਰ ਘਰ ਵਿਚ ਅਚਾਨਕ ਰੌਲਾ ਜਿਹਾ ਪੈਣ ਲੱਗਿਆ—
“ਅੰਮਾਂ ਦੀ ਗੰਢੜੀ ਚੋਰੀ ਹੋ ਗਈ।”
ਅੰਮਾਂ ਰੋ ਰੋ ਕੇ ਸਾਰਿਆਂ ਸਾਹਮਣੇ ਫਰਿਆਦਾਂ ਕਰ ਰਹੀ ਸੀ। ਗੰਢੜੀ ਵਿਚ ਵੱਝੀਆਂ ਕਈ ਚੀਜ਼ਾਂ ਗਿਣਵਾ ਰਹੀ ਸੀ—“ਮੈਂ ਰੁਕਮਣੀ ਖਾਤਰ ਇਕ ਜਪਾਨੀ ਸਾੜ੍ਹੀ ਲਿਆਈ ਸਾਂ...ਪੱਪੂ ਲਈ ਕੁਝ ਖਿਡੌਣੇ ਵੀ ਸੀ...ਤੇ, ਤੇ ਕੌਸ਼ਲਿਆ ਲਈ ਗੁਲਾਬੀ ਚਿਕਨ ਦੀ ਧੋਤੀ...”
ਉਹ ਹਰੇਕ ਚੀਜ਼ ਦੇ ਗੁਣ ਤੇ ਕੀਮਤ ਵੀ ਦੱਸ ਰਹੀ ਸੀ ਤੇ ਇਹ ਵੀ ਕਹਿ ਰਹੀ ਸੀ—“ਮੈਂ ਗੰਢੜੀ ਨੂੰ ਦਰਵਾਜ਼ੇ ਪਿੱਛੇ ਰੱਖ ਕੇ ਕੁਝ ਚਿਰ ਲਈ ਬਾਹਰ ਗਈ ਸਾਂ। ਹਾਏ ਮੈਂ ਅਜੇ ਤਾਂ ਉਸਨੂੰ ਖੋਹਲ ਕੇ ਕਿਸੇ ਨੂੰ ਦਿਖਾਇਆ ਵੀ ਨਹੀਂ ਸੀ। ਪਤਾ ਨਹੀਂ ਕਿਹੜਾ ਚੁੱਕ ਕੇ ਲੈ ਗਿਆ! ਹਾਏ, ਮੇਰੇ ਬੁਢੇਪੇ ਦੀ ਪਤ ਰੁਲ ਗਈ। ਹੁਣ ਮੈਂ ਆਪਣੀ ਧੀ ਤੇ ਕੁੜਮਾਂ ਨੂੰ ਕੀ ਮੂੰਹ ਦਿਖਾਵਾਂਗੀ!”
ਕੌਸ਼ਲਿਆ ਨੇ ਇਹ ਸਭ ਸੁਣਿਆ ਤੇ ਉਸਦੇ ਸੱਤੀਂ ਕੱਪੜੀਂ ਅੱਗ ਲੱਗ ਗਈ—ਉਸਨੂੰ ਮਾਂ ਤੋਂ ਇਹ ਉਮੀਦ ਨਹੀਂ ਸੀ। ਉਹ ਤਾਂ ਉਸਦੇ ਸਹੁਰਿਆਂ ਦੀ ਨੱਕ ਕੱਟ ਰਹੀ ਸੀ। ਉਹ ਤੁਰੰਤ ਸਾਰੇ ਕੰਮ ਛੱਡ ਕੇ ਅੰਮਾਂ ਕੋਲ ਆ ਗਈ ਤੇ ਉਸਨੂੰ ਆਪਣੇ ਕਮਰੇ ਵਿਚ ਲੈ ਜਾ ਕੇ ਦੱਬਵੀਂ ਪਰ ਕੁਰਖ਼ਤ ਆਵਾਜ਼ ਵਿਚ ਕਹਿਣ ਲੱਗੀ...:
“ਤੂੰ ਹੁਣ ਚਲੀ ਜਾ ਅੰਮਾਂ, ਚਲੀ ਜਾ। ਇਸ ਘਰੋਂ ਫ਼ੌਰਨ ਬਾਹਰ ਨਿਕਲ ਜਾ। ਨਹੀਂ ਤਾਂ ਮੈਂ ਤੇਰੀ ਗੰਢੜੀ ਸਾਰਿਆਂ ਦੇ ਸਾਹਮਣੇ ਕੱਢ ਕੇ ਰੱਖ ਦੇਣੀ ਏਂ। ਮੈਨੂੰ ਪਤਾ ਏ ਉਸਨੂੰ ਕਿੱਥੇ ਛਿਪਾਅ ਕੇ ਰੱਖਿਆ ਏ ਤੂੰ।”
ਧੀ ਦੀਆਂ ਅੱਖਾਂ ਵਿਚ ਭੜਕੀ ਹੋਈ ਗੁੱਸੇ ਦੀ ਅੱਗ ਨੂੰ ਦੇਖ ਕੇ ਬੁੱਢੀ ਸਹਿਮ ਗਈ। ਕਈ ਪਲ ਬੜੀ ਬੇਵਸੀ ਜਿਹੀ ਨਾਲ ਉਸਦੇ ਸਾਹਮਣੇ ਖੜ੍ਹੀ ਉਸ ਵੱਲ ਇਕਟੱਕ ਦੇਖਦੀ ਰਹੀ—ਫੇਰ ਉਸਦੇ ਜੀਵਨ ਭਰ ਦੇ ਰੁਕੇ ਹੰਝੂਆ ਦਾ ਬੰਨ੍ਹ ਟੁੱਟ ਗਿਆ, ਉਹ ਉਸਦੇ ਚਿਹਰੇ ਦੀਆਂ ਪੇਚਦਾਰ ਝੁਰੜੀਆਂ ਵਿਚੋਂ ਹੁੰਦੇ ਹੋਏ ਉਸਦੀ ਗਰਦਨ ਤਕ ਜਾ ਪਹੁੰਚੇ। ਘਰ ਕੌਸ਼ਲਿਆ ਉਸੇ ਤਰ੍ਹਾਂ ਮੁੱਠੀਆਂ ਘੁੱਟੀ ਤੇ ਜਬਾੜੇ ਕਸੀ ਖੜ੍ਹੀ ਰਹੀ ਤੇ ਉਸ ਵਲ ਓਵੇਂ ਹੀ ਗੁੱਸੇ ਨਾਲ ਦੇਖਦੀ ਰਹੀ। ਬੁੱਢੀ ਨੇ ਆਪਣੇ ਭਾਰੇ ਦੁੱਪਟੇ ਦੇ ਪੱਲੇ ਨਾਲ ਆਪਣਾ ਹੁੰਝੂਆਂ ਭਿਜਿਆ ਚਿਹਰਾ ਪੂੰਝਿਆ ਤੇ ਹੌਲੀ-ਹੌਲੀ ਤੁਰਦੀ ਹੋਈ ਬਾਹਰ ਨਿਕਲ ਗਈ।
ਉਸਦੇ ਜਾਣ ਪਿੱਛੋਂ ਕੌਸ਼ਲਿਆ ਨੇ ਆਪਣਾ ਕਮਰਾ ਅੰਦਰੋਂ ਬੰਦ ਕਰ ਲਿਆ ਤੇ ਰੋਣ ਲੱਗ ਪਈ। ਉਹ ਕਿੰਨਾਂ ਹੀ ਚਿਰ ਬੇਵਸੀ ਜਿਹੀ ਨਾਲ ਹੁਭਕੀਂ-ਹੌਂਕੀਂ ਰੋਂਦੀ ਰਹੀ। ਅੱਜ ਉਸਦਾ ਦਿਲ ਟੁੱਟ ਗਿਆ ਸੀ। ਰੋਂਦਿਆਂ-ਰੋਂਦਿਆਂ ਉਹ ਆਪਣੀ ਮਾਂ ਨੂੰ ਵੀ ਯਾਦ ਕਰ ਰਹੀ ਸੀ। ਉਸਦੀਆਂ ਅੱਖਾਂ ਸਾਹਵੇਂ ਉਸਦਾ ਹੰਝੂਆਂ ਭਿਜਿਆ ਚਿਹਰਾ ਤੇ ਉਸਦਾ ਹੌਲੀ-ਹੌਲੀ ਕਮਰੇ ਵਿਚੋਂ ਬਾਹਰ ਜਾਣ ਦਾ ਦ੍ਰਿਸ਼ ਘੁੰਮ ਰਿਹਾ ਸੀ।
ਜਦੋ ਰੋ-ਰੋ ਕੇ ਉਸਦਾ ਜੀਅ ਹਲਕਾ ਹੋ ਗਿਆ ਤਾਂ ਉਹ ਆਪਣੇ ਹੰਝੂ ਪੂੰਝ ਕੇ ਬਾਹਰ ਨਿਕਲ ਆਈ। ਉਸਨੂੰ ਪਤਾ ਸੀ ਮਾਂ ਉਸ ਸਮੇਂ ਕਿੱਥੇ ਗਈ ਹੋਏਗੀ! ਉਹ ਸਟੇਸ਼ਨ ਉੱਤੇ ਹੀ ਹੋਏਗੀ। ਜਦੋਂ ਤਕ ਉਸਨੂੰ ਲਖ਼ਨਊ ਜਾਣ ਵਾਲੀ ਗੱਡੀ ਨਹੀਂ ਮਿਲਦੀ ਉਹ ਉੱਥੇ ਹੀ ਬੈਠੀ ਰਹੇਗੀ। ਉਹ ਕਾਹਲ ਨਾਲ ਘਰੋਂ ਬਾਹਰ ਨਿਕਲੀ। ਰਿਕਸ਼ਾ ਕੀਤਾ ਤੇ ਉਸ ਵਿਚ ਬੈਠ ਕੇ ਤੁਰ ਪਈ।
ਪਰ ਜਦੋਂ ਉਹ ਆਪਣੇ ਮੁਹੱਲੇ ਦੀ ਆਖ਼ਰੀ ਗਲੀ ਵਿਚੋਂ ਬਾਹਰ ਨਿਕਲੀ ਤਾਂ ਅਚਾਨਕ ਉਸਦੀ ਨਜ਼ਰ ਇਕ ਦੁਕਾਨ ਅੰਦਰ ਚਲੀ ਗਈ। ਉਸਦੀ ਮਾਂ ਉੱਥੇ ਬੈਠੀ ਸੀ। ਦੁਕਾਨਦਾਰ ਦਸ ਦਸ ਦੇ ਕੁਝ ਨੋਟ ਗਿਣ ਕੇ ਉਸਨੂੰ ਫੜਾ ਰਿਹਾ ਸੀ...ਤੇ ਉਸਦੀ ਮਾਂ ਦੇ ਦੋਵੇਂ ਕੰਨਾਂ ਦੀਆਂ ਵਾਲੀਆਂ ਗ਼ਾਇਬ ਸਨ।
(ਅਨੁਵਾਦ : ਮਹਿੰਦਰ ਬੇਦੀ, ਜੈਤੋ)