Annhe Sujakhe (Punjabi Story) : Ajmer Sidhu

ਅੰਨ੍ਹੇ-ਸੁਜਾਖੇ (ਕਹਾਣੀ) : ਅਜਮੇਰ ਸਿੱਧੂ

ਡਾ. ਏ. ਐਸ. ਬਾਠ ਦੀ ਸੋਚ ਉਸ ਬਹੁਤ ਵੱਡੇ ਪਲੇਟਫਾਰਮ ਉੱਤੇ ਟਿਕੀ ਹੋਈ ਹੈ, ਜਿਹੜਾ ਸਕਾਟਲੈਂਡ ਦੇ ਇੰਜੀਨੀਅਰਾਂ ਨੇ ਸਮੁੰਦਰ ਵਿਚ ਬਣਾਇਆ ਹੋਇਆ ਹੈ। ਉਨ੍ਹਾਂ ਇਸ ਪਲੇਟ ਫਾਰਮ ਉੱਤੇ ਪੂਰੇ ਦਾ ਪੂਰਾ ਸ਼ਹਿਰ ਵਸਾ ਲਿਆ ਸੀ। ਇਸ ਨੂੰ ਧਰਤੀ ਤੋਂ ਰੇਲ ਅਤੇ ਸੜਕਾਂ ਨਾਲ ਵੀ ਜੋੜਿਆ ਹੋਇਆ ਹੈ। ਭੂਚਾਲ ਵੀ ਇਸ ਤੈਰਨ ਵਾਲੇ ਪਲੇਟ ਫਾਰਮ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਜਦੋਂ ਪ੍ਰਬੰਧਕੀ ਸਿੰਡੀਕੇਟ ਨੂੰ ਲਗਦਾ ਹੈ ਕਿ ਪਲੇਟ ਫਾਰਮ ਦੀ ਥਾਂ ਸਹੀ ਨਹੀਂ ਤਾਂ ਉਹ ਉਸਨੂੰ ਖਿਸਕਾ ਕੇ ਦੂਜੀ ਥਾਂ ਲੈ ਜਾਂਦੇ ਹਨ।
‘ਰੋਸਲਿਨ ਇੰਸਟੀਚਿਊਟ’ ਦੇ ਵਿਗਿਆਨਕਾਂ ਨੇ ਉਸ ਪਲੇਟਫਾਰਮ ਉੱਤੇ ਦਰਸ਼ਕਾਂ ਲਈ ਇਕ ਪ੍ਰਯੋਗਸ਼ਾਲਾ ਸਥਾਪਤ ਕੀਤੀ ਸੀ। ਕਈ ਸਾਲ ਇਸ ਪ੍ਰਯੋਗਸ਼ਾਲਾ ਦਾ ਇੰਚਾਰਜ ਏ. ਐਸ. ਬਾਠ ਰਿਹਾ ਸੀ। ਇਥੇ ਵਿਗਿਆਨੀ ਅਸਮਾਨੀ ਬਿਜਲੀ ਤੋਂ ਊਰਜਾ ਦਾ ਕੰਮ ਲੈਂਦੇ ਹਨ। ਜਦੋਂ ਅਕਾਸ਼ ਵਿਚ ਬੱਦਲਵਾਈ ਹੁੰਦੀ ਹੈ ਤਾਂ ਉਹ ਆਪਣਾ ਰਾਕੇਟ ਦਾਗ ਦਿੰਦੇ ਹਨ, ਜਿਹੜਾ ਆਪਣੇ ਪੰਧ ਦੇ ਰਸਤੇ ਵਿਚਲੇ ਕਣਾਂ ਨੂੰ ਚਾਰਜਤ ਕਰਦਾ ਹੋਇਆ ਬੱਦਲਾਂ ਵਿਚ ਦੀ ਲੰਘ ਜਾਂਦਾ ਹੈ। ਅਸਮਾਨੀ ਬਿਜਲੀ ਉਸੇ ਰਸਤੇ ਉੱਤੇ ਧਰਤੀ ਵੱਲ ਨੂੰ ਤੁਰ ਪੈਂਦੀ ਹੈ। ਬਿਜਲੀ ਰਾਕੇਟ ਦਾਗਣ ਵਾਲੇ ਸਥਾਨ ਤੇ ਪਏ ਉਪਕਰਣਾਂ ਉੱਤੇ ਆ ਡਿੱਗਦੀ ਹੈ। ਇਸ ਤਰ੍ਹਾਂ ਜਮ੍ਹਾਂ ਹੋਈ ਬਿਜਲੀ ਨਾਲ ਹੀ ਉਸ ਪ੍ਰਯੋਗਸ਼ਾਲਾ ਵਿਚ ਨਿਰੰਤਰ ਕੰਮ ਚਲਦਾ ਰਹਿੰਦਾ ਹੈ।
ਇਸ ਪ੍ਰਯੋਗਸ਼ਾਲਾ ਵਿਚ ਉਨ੍ਹਾਂ ‘ਜੀਨ ਚਿਪ ਮਸ਼ੀਨ’ ਵੀ ਰੱਖੀ ਹੋਈ ਹੈ। ਜਿਹੜੀ ਬਾਇਓ ਟੈਕਨੀਕ ਰਾਹੀਂ ਮਨੁੱਖ ਦੀ ਰਹਿੰਦੀ ਉਮਰ ਅਤੇ ਜੀਵਨ ਕਾਲ ਵਿਚ ਹੋਣ ਵਾਲੀਆਂ ਗੰਭੀਰ ਕਿਸਮ ਦੀਆਂ ਬਿਮਾਰੀਆਂ ਦੀ ਜਾਣਕਾਰੀ ਦਿੰਦੀ ਹੈ। ਇਥੋਂ ਦੇ ਵਿਗਿਆਨੀਆਂ ਨੇ ਸਮੁੰਦਰ ਦੀਆਂ ਡੂੰਘਾਈਆਂ ਵਿਚ ਸਫ਼ਰ ਕਰਨ ਵਾਲਾ ਘੋੜਾ ਵੀ ਬਣਾਇਆ ਹੋਇਆ ਹੈ। ਦਰਸ਼ਕ ਇਸ ਉਪਰ ਬੈਠ ਕੇ ਨਜ਼ਾਰਾ ਦੇਖਣ ਸਮੁੰਦਰ ਦੇ ਅੰਦਰ ਚਲੇ ਜਾਂਦੇ ਹਨ। ਉਥੇ ਸਾਹ ਲੈਣ ਲਈ ਆਕਸੀਜਨ ਦਾ ਪ੍ਰਬੰਧ ਹੁੰਦਾ ਹੈ।
ਇਸ ਭਾਰਤੀ ਵਿਗਿਆਨੀ ਦਾ ਪਿੰਡ ਪੰਜਾਬ ਵਿਚ ਹੈ। ਉਹ ਉੱਨੀ ਸੌ ਪਝੱਤਰ ਵਿਚ ਪੱਚੀ ਸਾਲ ਦੀ ਉਮਰ ਵਿਚ ਉਚੇਰੀ ਪੜ੍ਹਾਈ ਲਈ ਇੰਗਲੈਂਡ ਗਿਆ ਸੀ। ਉਸ ਪੜ੍ਹਾਈ ਪੂਰੀ ਕਰਨ ਉਪਰੰਤ ਸਕਾਟਲੈਂਡ ਦੀ ਵਿਗਿਆਨ ਸੰਸਥਾ ਵਿਚ ਵਿਗਿਆਨੀ ਦੇ ਤੌਰ ’ਤੇ ਨੌਕਰੀ ਕਰਨੀ ਸ਼ੁਰੂ ਕੀਤੀ ਸੀ। ਉਸਦਾ ਪੂਰਾ ਨਾਂ ਅਰਜਨ ਸਿੰਘ ਬਾਠ ਹੈ। ਜੈਨੇਟਿਕ ਇੰਜੀਨੀਅਰਿੰਗ ਦੇ ਖੇਤਰ ਵਿਚ ਇਸ ਵਿਗਿਆਨੀ ਦਾ ਵੱਡਾ ਨਾਂ ਹੈ, ‘‘ਰੋਸਲਿਨ ਇੰਸਟੀਚਿਊਟ’ ਦੀ ਜਿਸ ਟੀਮ ਨੇ ‘ਡੌਲੀ’ ਨਾਂ ਦੀ ਭੇਡ ਦਾ ਕਲੋਨ ਤਿਆਰ ਕੀਤਾ ਸੀ, ਡਾ. ਏ. ਐਸ. ਬਾਠ ਉਸ ਵਿਚ ਸ਼ਾਮਿਲ ਸੀ।
ਉਹ ਆਪਣੀ ਨੌਕਰੀ ਤੋਂ ਸੇਵਾ ਮੁਕਤ ਹੋ ਕੇ ਪੱਕੇ ਤੌਰ ’ਤੇ ਆਪਣੇ ਪਿੰਡ ਵਿਚ ਵਸ ਗਿਆ ਹੈ। ਉਸਨੇ ਆਪਣੀ ਜ਼ਮੀਨ ਵਿਚ ਪ੍ਰਯੋਗਸ਼ਾਲਾ, ਇਕ ਹਾਲ ਅਤੇ ਉਪਰ ਰਿਹਾਇਸ਼ ਵਾਲੀ ਇਮਾਰਤ ਦੀ ਉਸਾਰੀ ਕਰਵਾਈ। ਵੱਡੀ ਗਿਣਤੀ ਵਿਚ ਛਾਂ ਦਾਰ ਦਰਖਤ, ਸੁੰਦਰ ਫੁੱਲ ਅਤੇ ਫ਼ਲਾਂ ਦੇ ਬੂਟੇ ਲਾਏ। ਇਮਾਰਤ ਦੇ ਬਾਹਰ ‘ਨਿਊਟਨ ਪਾਥ’ ਦੇ ਨਾਂ ਵਾਲੀ ਪਲੇਟ ਲਾ ਦਿੱਤੀ। ਉਹ ਤੇ ਉਸਦਾ ਸਹਾਇਕ ਹਮੇਸ਼ਾ ਕੰਮ ਵਿਚ ਰੁਝੇ ਰਹਿੰਦੇ। ਬੂਟਿਆਂ ਤੇ ਦਰਖ਼ਤਾਂ ਦੀ ਕੱਟ ਵੱਢ, ਸਫ਼ਾਈ ਅਤੇ ਪਾਣੀ ਆਪ ਹੀ ਲਾਉਂਦੇ। ਨੌਕਰਾਂ ਵਾਲੇ ਸਮਝੇ ਜਾਂਦੇ ਕੰਮ, ਯੂਰਪੀ ਸੁਭਾਅ ਮੁਤਾਬਕ ਉਹ ਆਪ ਹੀ ਕਰਦਾ। ਸਧਾਰਨ ਕੱਦ, ਛੀਂਟਕਾ ਸਰੀਰ ਤੇ ਲਾਲ ਦਗ਼-ਦਗ਼ ਕਰਦੇ ਚਿਹਰੇ ਤੋਂ ਉਹ ਵਲੈਤੀਆ ਲਗਦਾ। ਸੰਘਣੇ ਚਿੱਟੇ ਵਾਲਾਂ ਵਿਚ ਵੀ ਉਹ ਫੁਰਤੀਲਾ ਜਵਾਨ ਦਿਸਦਾ ਹੈ। ਤੜਕੇ ਉੱਠ ਕੇ ਲੰਮੀ ਤੇ ਤੇਜ਼ ਤੇਜ਼ ਸੈਰ ਕਰਨੀ ਅਤੇ ਆਪਣੇ ਬਾਗ਼ ਬਗੀਚੇ ਵਿਚ ਪੁੱਜ ਕੇ ਕਸਰਤ ਕਰਨੀ ਉਸਦਾ ਨਿੱਤ ਨੇਮ ਹੈ।
ਇਕ ਦਿਨ ਉਹਨਾਂ ਦੀ ਪ੍ਰਯੋਗਸ਼ਾਲਾ ਵਿਚ ਬਹੁਤ ਸਾਰੇ ਪ੍ਰੋਫੈਸਰ, ਲੇਖਕ ਅਤੇ ਪੱਤਰਕਾਰ ਆਏ। ਆਰੀਆ ਕਾਲਜ ਦਾ ਪ੍ਰੋਫੈਸਰ ਪੁਰੀ ਵੀ ਉਨ੍ਹਾਂ ਵਿਚ ਸ਼ਾਮਿਲ ਸੀ, ਜੋ ਉਸਦਾ ਗੂੜਾ ਮਿੱਤਰ ਹੈ। ਬਾਠ ਦੇ ਪਿੰਡ ਦਾ ਹੀ ਐਮ. ਐਸ. ਸੀ. ਕਰ ਰਿਹਾ ਬਲਰਾਜ ਸਿੰਘ ਪ੍ਰੋਫੈਸਰ ਪੁਰੀ ਦਾ ਵਿਦਿਆਰਥੀ ਹੈ। ਪ੍ਰੋਫੈਸਰ ਸਾਹਿਬ ਨੇ ਉਸਨੂੰ ਵੀ ਪ੍ਰਯੋਗਸ਼ਾਲਾ ਸੱਦ ਲਿਆ ਸੀ। ਬਾਠ ਸਾਹਿਬ ਨੇ ਪ੍ਰੈੱਸ ਨੂੰ ਦੱਸਿਆ ਕਿ ਉਹ ਪਿੰਡ ਵਿਚ ‘ਐਡਵਾਂਸਡ ਸੈੱਲ ਟੈਕਨਾਲੋਜੀ’ ਸਥਾਪਤ ਕਰ ਰਹੇ ਹਨ। ਤਾਂ ਕਿ ਉਸਦੇ ਆਪਣੇ ਪਿੰਡ, ਇਲਾਕੇ, ਪੰਜਾਬ ਜਾਂ ਦੇਸ਼ ਦੇ ਨੌਜਵਾਨ ਵੀ ਵਧੀਆ ਵਿਗਿਆਨਕ ਸੋਚ ਦੇ ਧਾਰਨੀ ਬਣ ਸਕਣ ਅਤੇ ਹੋ ਸਕਦੈ ਕੁਝ ਵਿਗਿਆਨੀ ਵੀ ਬਣ ਜਾਣ। ਇਥੇ ਉਹ ਵਿਦਿਆਰਥੀਆਂ ਨੂੰ ਵਿਗਿਆਨਕ ਖੋਜਾਂ ਵਿਚ ਸ਼ਾਮਿਲ ਕਰਨਗੇ। ਵਿਗਿਆਨਕ ਮੈਗਜ਼ੀਨ ‘ਨੇਚਰ’ ਦਾ ਪੰਜਾਬੀ ਵਿਚ ਉਲੱਥਾ ਕਰਕੇ ਛਾਪਿਆ ਕਰਨਗੇ। ਪੰਜ ਸਾਲ ਤੱਕ ਇਹ ਪ੍ਰੋਜੈਕਟ ਸ਼ੁਰੂ ਕਰ ਦੇਣਗੇ। ਪ੍ਰੋਫੈਸਰ ਪੁਰੀ ਨੇ ਬਲਰਾਜ ਸਿੰਘ ਨੂੰ ਵੀ ਉਨ੍ਹਾਂ ਨਾਲ ਜੋੜ ਦਿੱਤਾ ਸੀ।
ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਜਦੋਂ ਤੱਕ ‘ਐਡਵਾਂਸਡ ਸੈੱਲ ਟੈਕਨਾਲੌਜੀ’ ਸਥਾਪਤ ਹੋਣਾ ਹੈ, ਉਦੋਂ ਤੱਕ ਉਹ ਹੋਣਹਾਰ ਵਿਦਿਆਰਥੀਆਂ ਅਤੇ ਨੌਜਵਾਨਾਂ ਵਿਚ ਵਿਗਿਆਨਕ ਚੇਤਨਾ ਪੈਦਾ ਕਰਨਗੇ। ਇਸ ਤੋਂ ਪਹਿਲਾਂ ਉਸਨੇ ਉਨ੍ਹਾਂ ਦੇ ਮਾਪਿਆਂ ਅੰਦਰ ਇਸਦਾ ਫੈਲਾਓ ਕਰਨਾ ਚਾਹਿਆ। ਇਸ ਦੀ ਸ਼ੁਰੂਆਤ ਉਸ ਆਪਣੇ ਪਿੰਡ ਤੋਂ ਹੀ ਕੀਤੀ। ਉਸਨੇ ਪੜ੍ਹੇ ਲਿਖੇ ਪੱਚੀ ਔਰਤਾਂ ਅਤੇ ਪੱਚੀ ਮਰਦ ਚੁਣੇ, ਜਿਨ੍ਹਾਂ ਦੇ ਬੱਚੇ ਵਿਦਿਆਰਥੀ ਸਨ। ਉਸਨੇ ਉਨ੍ਹਾਂ ਦੇ ਨਾਂ ਅਤੇ ਵੇਰਵੇ ਕੰਪਿਊਟਰ ਵਿਚ ਫੀਡ ਕਰ ਲਏ।
ਹਰ ਐਤਵਾਰ ਕਲਾਸ ਲਗਣੀ ਸ਼ੁਰੂ ਹੋਈ। ਇਨ੍ਹਾਂ ਐਤਵਾਰਾਂ ਨੂੰ ਉਸ ਵਿਗਿਆਨ ਕੀ ਹੈ? ਮਨੁੱਖੀ ਜੀਵਨ ਵਿਚ ਵਿਗਿਆਨ ਦੀ ਵੀ ਮਹੱਤਤਾ ਹੈ? ਵਿਗਿਆਨ ਹੀ ਕਿਉਂ ਪੜ੍ਹੀਏ? ਵਿਗਿਆਨ ਨਾਲ ਹੀ ਕਿਉਂ ਜੁੜੀਏ? ਆਦਿ ਵਿਸ਼ਿਆਂ ’ਤੇ ਚਰਚਾ ਕਰਵਾਈ। ਸਵੇਰੇ ਉੱਠਦੇ ਸਾਰ ਬੁਰਸ ਕਰਨ ਤੋਂ ਲੈ ਕੇ ਰਾਤ ਬੈੱਡ ’ਤੇ ਸੌਣ ਤੱਕ ਹਰ ਵਸਤ ਜੋ ਵਿਗਿਆਨੀਆਂ ਨੇ ਬਣਾਈ ਹੈ, ਦੀ ਵਰਤੋਂ ਬਾਰੇ ਬੜੀਆਂ ਖੁੱਲ੍ਹੀਆਂ ਅਤੇ ਬਰੀਕ ਗੱਲਾਂ ਕੀਤੀਆਂ। ਲੋਕਾਂ ਲਈ ਇਹ ਨਵੀਆਂ ਗੱਲਾਂ ਸਨ। ਉਹ ਹਰ ਵਾਰ ਨਵਾਂ ਵਿਸ਼ਾ ਛੁਹ ਲੈਂਦਾ ਅਤੇ ਪ੍ਰੋਜੈਕਟਰ ਰਾਹੀਂ ਵਿਗਿਆਨ ਦੇ ਚਮਤਕਾਰ ਪੇਸ਼ ਕਰਦਾ।
ਸਰੋਤੇ ਵੀ ਉਸਨੂੰ ਖੁਭ ਕੇ ਸੁਣਦੇ। ਉਸ ਨਾਲ ਵਿਚਾਰ ਵਟਾਂਦਰਾਂ ਕਰਨ ਲੱਗੇ। ਇਕ ਦਿਨ ਉਨ੍ਹਾਂ ਉਸਨੂੰ ਅਨੇਕਾਂ ਸਵਾਲ ਕੀਤੇ,
‘‘ਅਸੀਂ ਮਨੁੱਖ ਕਿਉਂ ਹਾਂ? ਸ਼ੇਰ ਜਾਂ ਲੰਗੂਰ ਕਿਉਂ ਨਹੀਂ ਬਣ ਰਹੇ?
ਲੰਗੂਰ ਤੋਂ ਮਨੁੱਖ ਕਿਵੇਂ ਬਣੇ? ਹੁਣ ਲੰਗੂਰਾਂ ਤੋਂ ਮਨੁੱਖ ਕਿਉਂ ਨਹੀਂ ਬਣ ਰਹੇ? ਕੁੱਤਾ, ਬਿੱਲੀ, ਗਾਂ, ਬਲਦ... ਆਦਿ ਵੱਖ ਕਿਉਂ ਹਨ? ਜੀਵ ਮਾਸਾਹਾਰੀ ਜਾਂ ਸਾਕਾਹਾਰੀ ਕਿਉਂ ਹੁੰਦੇ ਹਨ? ਚੂਹੇ ਨੂੰ ਛੇਤੀ ਕੀਤੇ ਦਰਦ ਜਾਂ ਕੈਂਸਰ ਕਿਉਂ ਨਹੀਂ ਹੁੰਦਾ? ਸੋਹਣੀ ਜਿਹੀ ਮੋਨਾਰਕ ਤਿਤਲੀ ਕੌੜੀ ਤੇ ਜ਼ਹਿਰੀਲੀ ਕਿਉਂ ਹੁੰਦੀ ਹੈ? ਕੋਇਲ ਕਿਉਂ ਮਿੱਠਾ ਗਾਉਂਦੀ ਹੈ?’’
ਉਸਨੇ ਦੱਸਿਆ ਇਸਦਾ ਰਾਜ਼ ਜੀਨੋਮ ਵਿਚ ਪਿਆ ਹੈ। ਇਸ ਨਾਲ ਸਰੀਰ ਦੀ ਬਿਮਾਰੀ, ਤੰਦਰੁਸਤੀ, ਸਹਿਣ ਸ਼ਕਤੀ, ਆਦਤਾਂ, ਸਮਰੱਥਾ ਤੇ ਯੋਗਤਾ ਆਦਿ ਦਾ ਪਤਾ ਲੱਗ ਜਾਂਦਾ ਹੈ। ਸਹਾਇਕ ਨੇ ਲੈਪਟੋਪ ’ਤੇ ਉਂਗਲੀ ਘੁਮਾਉਣੀ ਸ਼ੁਰੂ ਕੀਤੀ ਸੀ। ਪਰਦੇ ਉੱਤੇ ਜੀਵਨ ਦੀ ਬ੍ਰਹਿਮੰਡੀ ਵਰਣਮਾਲਾ ਚਮਕ ਪਈ। ਉਸ ਦੱਸਿਆ ਜੀਨੋਮ ਦੀ ਇਹ ਲੜੀ ਲੱਭ ਜਾਣ ਨਾਲ ਵਿਗਿਆਨੀ ਨਾਮੁਰਾਦ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ਼ ਲੱਭ ਸਕਣਗੇ।
ਅੱਜ ਉਸ ਕਲੋਨ ਦੇ ਵਿਸ਼ੇ ’ਤੇ ਕਲਾਸ ਲਾਉਣੀ ਹੈ। ਜਿਸ ਵਿਗਿਆਨੀ ਨੇ ਭੇਡ, ਸੂਰ ਅਤੇ ਵੱਛੇ ਦੇ ਕਲੋਨ ਬਣਾਏ ਹੋਣ, ਉਸ ਕੋਲੋਂ ਕਲੋਨ ਬਣਾਉਣ ਦੀ ਵਿਧੀ ਸੁਣਨ ਦੀ ਸਰੋਤਿਆਂ ਵਿਚ ਬੜੀ ਉਤਸੁਕਤਾ ਹੈ। ਲੋਕ ‘ਨਿਊਟਨ ਪਾਥ’ ਦੇ ਹਾਲ ਅੰਦਰ ਕੁਰਸੀਆਂ ’ਤੇ ਬੈਠ ਗਏ ਹਨ। ਬਲਰਾਜ ਸਿੰਘ ਦੀ ਕੁਰਸੀ ’ਤੇ ‘ਨੇਚਰ’ ਮੈਗਜ਼ੀਨ ਦੀ 1998 ਵਾਲੀ ਕਾਪੀ ਪਈ ਹੈ। ਉਸਦੀ ਨਿਗਾ ਖੋਜ ਖ਼ਬਰ ’ਤੇ ਗਈ ਹੈ।
‘5 ਜੁਲਾਈ 1996 ਨੂੰ ਡਾ. ਈਅਨ ਇਲਮਟ ਦੀ ਟੀਮ ਨੇ ‘ਡੌਲੀ’ ਨਾਂ ਦੀ ਭੇਡ ਦਾ ਕਲੋਨ ਬਣਾ ਕੇ ਦੁਨੀਆਂ ਨੂੰ ਹੈਰਾਨ ਕੀਤਾ ਸੀ। ਜਦੋਂ ਪਿਛਲੇ ਸਾਲ 27 ਫਰਵਰੀ 1997 ਨੂੰ ਇਹ ਚਮਤਕਾਰੀ ਖੋਜ ਅਸੀਂ ਛਾਪੀ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਸ਼ੰਕੇ ਪ੍ਰਗਟ ਕੀਤੇ ਸਨ। ਹੁਣ ਖ਼ਬਰ ਆਈ ਹੈ ਕਿ ‘ਡੌਲੀ’ ਜੁਆਨ ਹੋ ਗਈ ਹੈ। ਨੈਸ਼ਨਲ ਸਾਇੰਸ ਮਿਊਜ਼ੀਅਮ ਲੰਡਨ ਵਾਲਿਆਂ ਨੇ ਉਸ ਤੋਂ ਉੱਨ ਲਾਹ ਕੇ ਸਵੈਟਰ ਬੁਣਾਏ ਹਨ। ਨੀਲ੍ਹੇ, ਹਰੇ ਤੇ ਚਿੱਟੇ ਰੰਗ ਦਾ ਡਿਜਾਇਨ ਕੀਤਾ ਸਵੈਟਰ ਇਕ ਬਾਰ੍ਹਾਂ ਸਾਲ ਦੀ ਬਾਲੜੀ ਹੋਲੀ ਨੇ ਪਹਿਨ ਕੇ ਕੌਮੀ ਪੱਧਰ ਦਾ ਮੁਕਾਬਲਾ ਜਿੱਤਿਆ ਹੈ। ਸਵੈਟਰ ਦੀ ਬੁਣਤੀ ਵਿਚ ਖੇਤਾਂ ਵਿਚ ਚੁਗਦੀਆਂ ਦੋ ਇਕੋ ਜਿਹੀਆਂ (ਕਲੋਨ) ਭੇਡਾਂ ਵੀ ਬਣਾਈਆਂ ਹੋਈਆਂ ਹਨ।’
ਅੱਜ ਡਾ. ਏ. ਐਸ. ਬਾਠ ਨੇ ਵੀ ਉਹੋ ਜਿਹਾ ਸਵੈਟਰ ਪਹਿਨਿਆ ਹੋਇਆ ਹੈ। ਇਸ ਉੱਤੇ ਭੇਡ ‘ਡੌਲੀ’ ਤੇ ਉਸਦੀ ਧੀ ‘ਬੌਨੀ’ ਦੀ ਬੁਣਤੀ ਪਾਈ ਹੋਈ ਹੈ। ਉਹ ਬਹੁਤ ਖੁਸ਼ ਨਜ਼ਰ ਆ ਰਿਹਾ ਹੈ। ਉਸਦੇ ਸਹਾਇਕ ਨੇ ਪ੍ਰੋਜੈਕਟਰ ਔਨ ਕੀਤਾ ਹੈ। ਪਰਦੇ ’ਤੇ ਕਲੋਨ ਦੇ ਅਰਥ ਲਿਖੇ ਗਏ ਹਨ।
-‘ਕਾਰਬਨ ਕਾਪੀ ਭਾਵ ਆਪਣੇ ਮਾਪੇ ਦੀ ਹੂ-ਬ-ਹੂ ਸ਼ਕਲ ਜਾਂ ਮੜੰਗਾ। ਉਸ ਪੂਰੇ ਟਾਇਮ ’ਤੇ ਆਪਣਾ ਲੈਕਚਰ ਸ਼ੁਰੂ ਕੀਤਾ ਹੈ-
‘‘ਜਦੋਂ ਅਸੀਂ 27 ਫਰਵਰੀ,1997 ਨੂੰ ‘ਡੌਲੀ’ ਦਾ ਕਲੋਨ ਬਣਾਉਣ ਦੀ ਖ਼ਬਰ ਨਸ਼ਰ ਕੀਤੀ। ਉਦੋਂ ਸੰਸਾਰ ਭਰ ਦੇ ਲੋਕਾਂ ਦੇ ਕੰਨ ਸਾਡੀ ਸਕਾਟਲੈਂਡ ਦੀ ਸੰਸਥਾ ‘ਰੋਸਲਿਨ ਇੰਸਟੀਚਿਊਟ’ ਵੱਲ ਲੱਗ ਗਏ। ਰਾਤੋ-ਰਾਤ ਖੰਭਾਂ ਦੀ ਡਾਰ ਵਾਂਗ ਇਹ ਖ਼ਬਰ ਦੁਨੀਆਂ ਦੇ ਕੋਨੇ ਕੋਨੇ ’ਚ ਫੈਲ ਗਈ ਸੀ। ਕੀ ਭਲਾ ਕਿਸੇ ਖਾਸ ਤਰੀਕੇ ਨਾਲ ਭੇਡ ਦੀ ਪੈਦਾਇਸ਼ ਕਰਵਾਈ ਗਈ ਸੀ। ਗਾਂ, ਕਲੋਨ ਵਿਧੀ ਨਾਲ। ਜਿਵੇਂ ਗੁਲਾਬ ਦੀ ਕਲਮ ਲਗਾ ਕੇ ਗੁਲਾਬ ਦੇ ਹੋਰ ਪੌਦੇ ਤਿਆਰ ਕਰ ਲਏ ਜਾਂਦੇ ਹਨ।’’
‘‘ਇਹ ਭੇਡ ਅਤੇ ਭੇਡੂ ਦੇ ਮੇਲ ਤੋਂ ਬਿਨਾਂ ਹੀ ਪੈਦਾ ਹੋ ਗਈ ਸੀ?’’ ਗੁਰਵਿੰਦਰ ਸਿੰਘ ਸਵਾਲ ਪੁੱਛ ਕੇ ਬੈਠ ਗਿਆ ਹੈ।
‘‘ਜੀ ਹਾਂ, ਬਿਨਾਂ ਮੇਲ ਤੋਂ। ਇਕ ਨਹੀਂ ਹਜ਼ਾਰਾਂ ਲੱਖਾਂ ਭੇਡਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਕਲੋਨਿੰਗ ਵਿਧੀ ਵਿਚ ਮਾਂ ਬਾਪ ਦੀ ਜ਼ਰੂਰਤ ਨਹੀਂ ਹੁੰਦੀ। ਦੋਹਾਂ ਵਿੱਚੋਂ ਇਕ ਹੀ ਔਲਾਦ ਪੈਦਾ ਕਰ ਸਕਦਾ ਹੈ।’’ ਬਾਠ ਸਾਹਿਬ ਦੀ ਗੱਲ ਸੁਣ ਕੇ ਸਾਰੇ ਜਣੇ ਭੁਚੱਕੇ ਰਹਿ ਗਏ ਹਨ।
‘‘ਕੀ ਇਸ ਵਿਧੀ ਨਾਲ ਹੋਰ ਜੀਵ-ਜੰਤੂ ਵੀ ਪੈਦਾ ਕੀਤੇ ਜਾ ਸਕਦੇ ਹਨ?’’ ਅਮਰ ਦੀ ਪਤਨੀ ਮਨੀਸ਼ਾ ਮੁਸਕਰਾਈ ਹੈ।
‘‘ਹਾਂ, ਬੀਬਾ। ਕੋਈ ਵੀ ਜੀਵ-ਜੰਤੂ। ਮਨੁੱਖ ਵੀ ਬਣਾਏ ਜਾ ਸਕਦੇ ਹਨ। ਤੁਸੀਂ ਕਿਸੇ ਵੀ ਔਰਤ ਜਾਂ ਮਰਦ ਦਾ ਸੈੱਲ ਲੈ ਕੇ ਉਸਦੇ ਮੁੜੰਗੇ ਦਾ ਕਲੋਨ ਤਿਆਰ ਕਰ ਸਕਦੇ ਹੋ।’’ ਬਾਠ ਨੇ ਸਾਹ ਲੈ ਕੇ ਗੱਲ ਅੱਗੇ ਤੋਰੀ ਹੈ।
‘‘ਇਕ ਵਿਚ ਦੋ ਆਪਸ਼ਨਜ਼ ਹਨ। ਜਿਸ ਵੀ ਔਰਤ ਜਾਂ ਮਰਦ ਦਾ ਹਮਸ਼ਕਲ ਤਿਆਰ ਕਰਨਾ ਹੈ। ਉਸਦੀ ਚਮੜੀ ਤੋਂ ਕੁਝ ਜਿਉਂਦੇ ਸੈੱਲ ਲੈ ਕੇ ਉਨ੍ਹਾਂ ਨੂੰ ਉਗਾਇਆ ਜਾਂਦਾ ਹੈ। ਜੇਕਰ ਤੁਸੀਂ ਦੋਹਰੀ ਸਖ਼ਸ਼ੀਅਤ ਤਿਆਰ ਕਰਨੀ ਹੈ ਤਾਂ ਇਕ ਦੇ ਸਰੀਰ ਦੇ ਸੈੱਲ ਅਤੇ ਦੂਸਰੇ ਦੇ ਦਿਮਾਗ਼ ਦੇ ਸੈੱਲ ਮਿਲਾ ਕੇ ਉਗਾਏ ਜਾਂਦੇ ਹਨ।’’
ਉਹ ਮਨੀਸ਼ਾ ਵੱਲ ਵੇਖ ਮੁਸਕਰਾਇਆ ਹੈ। ਉਸਨੂੰ ਸੰਬੋਧਨ ਹੋਇਆ ਹੈ-
‘‘ਮਸਲਨ ਜਿਸ ਬੀਬੀ ਨੇ ਸਵਾਲ ਕੀਤਾ ਹੈ। ਇਹ ਬਹੁਤ ਸੁੰਦਰ ਏ। ਮੰਨ ਲਓ ਇਸਦਾ ਦਿਮਾਗ਼ ਘੱਟ ਆ। ਪਲੀਜ਼ ਮਾਈਂਡ ਨ੍ਹੀਂ ਕਰਨਾ ਮਨੀਸ਼ਾ। ਇਹ ਬਲਰਾਜ ਸਿੰਘ ਬਾਇਓਲੋਜੀ ਵਿਚ ਮਾਸਟਰ ਕਰ ਰਹੇ ਨੇ ਪਰ ਸੋਹਣੇ ਸੁਨੱਖੇ ਨ੍ਹੀਂ ਪਰੀ ਵਰਗੀ ਬੀਬੀ ਮਨੀਸ਼ਾ ਦੇ ਚਮੜੀ ਦਾ ਸੈੱਲ ਅਤੇ ਬਲਰਾਜ ਦੇ ਦਿਮਾਗ਼ ਦਾ ਸੈੱਲ ਲੈ ਕੇ ਬਣੇ ਭਰੂਣ ਤੋਂ ਇਕ ਬਹੁਤ ਹੀ ਸੋਹਣਾ ਤੇ ਹੁਸ਼ਿਆਰ ਬੱਚਾ ਕਿਸੇ ਔਰਤ ਦੀ ਕੁੱਖ ਵਿਚ ਰੱਖ ਕੇ ਪੈਦਾ ਕੀਤਾ ਜਾ ਸਕਦਾ ਹੈ।’’
‘‘ਆਪਣੇ ਪਿੰਡ ਵਿਚ ਚਾਰ ਘਰ ਏਹੋ ਜਿਹੇ ਹਨ, ਜਿਨ੍ਹਾਂ ਦੇ ਬੱਚੇ ਨ੍ਹੀਂ ਹੋਏ। ਤੁਸੀਂ ਉਹਨਾਂ ਦੇ ਘਰ ਵਿਚ ਚਿਰਾਗ਼ ਬਾਲ਼ ਦਿਓਗੇ?’’ ਸ਼ਰਧਾ ਰਾਮ ਨੇ ਵਿਗਿਆਨੀ ਨੂੰ ਘੇਰਨਾ ਚਾਹਿਆ ਹੈ।
‘‘ਦਰਅਸਲ ਕਲੋਨ ਦੀ ਖੋਜ ਅਜਿਹੇ ਲੋੜਵੰਦ ਮਾਪਿਆਂ ਲਈ ਹੋਈ ਹੈ।’’ ਡਾ. ਬਾਠ ਨੇ ਕਲੋਨ ਦੀ ਮਹੱਤਤਾ ਬਾਰੇ ਦੱਸਿਆ ਹੈ।
‘‘ਇਹ ਸੰਭਵ ਹੈ ਜੀ?’’ ਬੈਂਕ ਮੁਲਾਜ਼ਮ ਪੁਨੀਤ ਅਜੇ ਵੀ ਸ਼ੰਕਾ ਵਿਚ ਹੈ।
‘‘ਅਮਰੀਕੀ ਸੰਸਥਾ ਕਲੋਨਾਇਡ ਦੇ ਵਿਗਿਆਨੀਆਂ ਨੇ ‘ਈਵ’ ਨਾਂ ਦੀ ਕਲੋਨ ਬੇਬੀ ਪੈਦਾ ਕਰਨ ਦਾ ਐਲਾਨ ਕੀਤਾ ਸੀ ਪਰ ਸਰਕਾਰਾਂ ਨੇ ਮਨੁੱਖੀ ਕਲੋਨ ਬਣਾਉਣ ’ਤੇ ਪਾਬੰਦੀ ਲਾ ਦਿੱਤੀ ਏ।’’ ਬਾਠ ਸਾਹਿਬ ਨੇ ਬੋਲ ਕੇ ਕਲੋਨ ਦੀ ਵਿਧੀ ਸਮਝਾਉਣ ਲਈ ਪਰਦੇ ਵੱਲ ਮੂੰਹ ਕੀਤਾ ਹੈ। ਉਹ ਮੁੜ ਸਰੋਤਿਆਂ ਨੂੰ ਸੰਬੋਧਨ ਹੋਇਆ ਹੈ।
‘‘ਆਉਣ ਵਾਲੇ ਸਾਲਾਂ ਵਿਚ ਵੱਡੇ ਸ਼ਹਿਰਾਂ ਵਿਚ ਪ੍ਰਯੋਗਸ਼ਾਲਾਵਾਂ ਖੁੱਲ੍ਹ ਜਾਣਗੀਆਂ, ਜਿਥੋਂ ਤੁਸੀਂ ਆਪਣੇ ਮਨਪਸੰਦ ਦੇ ਬੇਬੀ ਦੀ ਪੈਦਾਇਸ਼ ਕਰਵਾ ਸਕਦੇ ਹੋ। ਬੇਬੀ ਦੇ ਵਾਲਾਂ ਦਾ ਰੰਗ, ਉਸਦੇ ਨੈਣ-ਨਕਸ਼, ਕੱਦ... ਤੁਹਾਡੀ ਚੁਆਇਸ ਹੋਏਗੀ।’’ ਏ. ਐਸ. ਬਾਠ ਨੇ ਸਹਾਇਕ ਨੂੰ ਪ੍ਰੋਜੈਕਟਰ ’ਤੇ ਲਾਉਣ ਲਈ ਸੀਡੀ ਦਿੱਤੀ ਹੈ।
‘‘ਸਰ ਕਲੋਨਿੰਗ ਨਾਲ ਮਨੁੱਖ ਦੇ ਨਿਵੇਕਲੇਪਣ ਦਾ ਵਿਨਾਸ਼ ਨ੍ਹੀਂ ਹੋ ਜਾਵੇਗਾ? ਇਹ ਖਰੀਦੀ ਜਾਂ ਵੇਚੀ ਜਾ ਸਕਣ ਵਾਲੀ ਮਨੁੱਖੀ ਜਾਇਦਾਦ ਬਰਾਬਰ ਨ੍ਹੀਂ ਹੋ ਜਾਵੇਗਾ?’’ ਟੈਲੀਫੋਨ ਮਹਿਕਮੇ ਦਾ ਐਸ ਡੀ ਓ ਤਸਵੀਰ ਸਿੰਘ ਨੂੰ ਮਨੁੱਖੀ ਕਦਰਾਂ ਕੀਮਤਾਂ ਦੇ ਘਾਣ ਹੋ ਜਾਣ ਦਾ ਡਰ ਲੱਗ ਰਿਹਾ ਹੈ।
‘‘ਇਸ ਨਾਲ ਲੋਕਾਂ ਵਿੱਚੋਂ ਪਿਆਰ, ਜਜ਼ਬਾਤ ਤੇ ਮਨੁੱਖਤਾ ਅਲੋਪ ਹੋ ਜਾਣਗੇ।’’ ਸਕੂਲ ਅਧਿਆਪਿਕਾ ਰਵਦੀਪ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ।
‘‘ਤੁਸੀਂ ਸਾਰੇ ਪੜ੍ਹੇ ਲਿਖੇ ਹੋ। ਵਿਗਿਆਨ ਦੇ ਚੰਗੇ ਮਾੜੇ ਦਾ ਨਿਰਣਾ ਕਰ ਸਕਦੇ ਹੋ ਕਿ ਤੁਸੀਂ ਕੀ ਰੱਖਣਾ ਹੈ ਤੇ ਕੀ ਛੱਡਣਾ ਹੈ। ਵਿਗਿਆਨ ਨੇ ਦੁਨੀਆਂ ਨੂੰ ਚਾਨਣ ਦਿੱਤਾ ਹੈ। ਤੁਹਾਨੂੰ ਅੱਖਾਂ ਦਿੱਤੀਆਂ ਹਨ।’’ ਬਾਠ ਸੋਚ ਸੋਚ ਕੇ ਬੋਲ ਰਿਹਾ ਹੈ।
‘‘ਸਰਦਾਰ ਅਰਜਨ ਸਿੰਘ ਜੀ, ਕਿਉਂ ਗੱਪਾਂ ਛੱਡੀ ਜਾਂਦੇ ਓ? ... ਭਾਵੇਂ ਧਰਤੀ ’ਤੇ ਪਰਲੋ ਆ ਜਾਵੇ ਤਾਂ ਵੀ ਤੁਹਾਡੀ ਮੁਰਾਦ ਪੂਰੀ ਨ੍ਹੀਂ ਹੋਣੀ।’’ ਸਰਧਾ ਰਾਮ ਦੀਆਂ ਮੱਖੀ ਮੁੱਛਾਂ ਗੁੱਸੇ ਵਿਚ ਉਪਰ ਥੱਲੇ ਹੋਈਆਂ ਹਨ।
‘‘...ਉੱਠੋ ਬਈ, ਇਸ ਝੂਠੇ ਤੇ ਮਨਮੁਖ ਬੰਦੇ ਦੇ ਕੂੜ ਪ੍ਰਚਾਰ ਮਗਰ ਨ੍ਹੀਂ ਲਗਣਾ ਚਾਹੀਦਾ। ਜਿਹੜੀ ਗੱਲ ਹੋਏ ਨ੍ਹੀਂ ਸਕਦੀ, ਉਹ ਸੁਣਨੀ ਕਿਉਂ ਐ?’’ ਸਰਪੰਚ ਪ੍ਰਗਟ ਸਿੰਘ ਉੱਚੀ-ਉੱਚੀ ਬੋਲਦਾ ਤੁਰ ਪਿਆ ਹੈ।
ਏ. ਐਸ. ਬਾਠ ਦੇ ਚਿਹਰੇ ਦਾ ਰੰਗ ਉੱਡ ਗਿਆ ਹੈ। ਸਰਪੰਚ ਦੇ ਮਗਰ ਹੀ ਬਾਕੀ ਔਰਤਾਂ ਮਰਦ ਵੀ ਉੱਠ ਪਏ ਹਨ। ਬਾਠ, ਉਸਦਾ ਸਹਾਇਕ, ਬਲਰਾਜ ਸਿੰਘ ਤੇ ਪੰਜ ਸੱਤ ਨੌਜਵਾਨ ਹੀ ਹਾਲ ਵਿਚ ਰਹਿ ਗਏ ਹਨ। ਉਹ ਪ੍ਰੇਸ਼ਾਨ ਹੋ ਉੱਠਿਆ ਹੈ।... ਸਹਾਇਕ ਨੇ ਉਸ ਨੂੰ ਪਾਣੀ ਪਿਲਾਇਆ ਹੈ। ਇਹ ਵਲੈਤੀਆ ਬੰਦਾ ਹੈ। ਜਲਦੀ ਹੀ ਸੰਭਲ ਗਿਆ ਹੈ।
‘‘ਦੋਸਤੋ, ਆਪਣੇ ਲੋਕ ਤਰੱਕੀ ਨ੍ਹੀਂ ਕਰ ਸਕਦੇ। ਸਾਡਾ ਮੁਲਕ ਯੂਰਪ ਤੋਂ ਸੌ ਸਾਲ ਪਿੱਛੇ ਹੋਣਾ। ਮੈਂ ਤੁਹਾਨੂੰ ਇਕ ਘਟਨਾ ਸੁਣਾਉਣੀ ਚਾਹੁੰਨਾ-
ਭਾਰਤ ਵਿਚ ਸਾਇਕਲ ਅੰਗਰੇਜ਼ ਹਕੂਮਤ ਵੇਲੇ ਵੱਡੇ ਸ਼ਹਿਰਾਂ ਵਿਚ ਆ ਗਏ ਸਨ। ਪਿੰਡਾਂ ਵਿਚ ਤਾਂ ਕਿਸੇ ਰੱਜੇ ਪੁੱਜੇ ਦੋ ਚਾਰ ਘਰਾਂ ਵਿਚ ਹੀ ਹੁੰਦੇ ਸਨ। ਫੇਰ ਹੌਲੀ ਹੌਲੀ ਲੋਕ ਸਾਇਕਲ ਲੈਣ ਲੱਗੇ ਪਰ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੀ ਰਹੇ। 1960 ਤੱਕ ਸਾਡੇ ਪਿੰਡ ਜਾਂ ਕਿਤੇ ਆਲੇ ਦੁਆਲੇ ਦੇ ਲੋਕਾਂ ਨੇ ਕੋਈ ਔਰਤ ਸਾਇਕਲ ਚਲਾਉਂਦੀ ਨਹੀਂ ਸੀ ਦੇਖੀ। ਸਾਡੇ ਪਿੰਡ ਸਕੂਲ ਨਹੀਂ ਸੀ ਹੁੰਦਾ। ਉਦੋਂ ਅਸੀਂ ਆਪਣੇ ਨਾਲ ਦੇ ਪਿੰਡ ਬੀਬੀਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਜਾਂਦੇ ਹੁੰਦੇ ਸੀ। ਉਥੇ ਰਾਮਗੜ੍ਹ ਤੋਂ ਪੰਡਿਤ ਛੱਜੂ ਮੱਲ ਦੀ ਨੂੰਹ ਪੜ੍ਹਾਉਣ ਆਉਂਦੀ ਹੁੰਦੀ ਸੀ। ਸਾਡੀ ਇਸ ਭੈਣ ਜੀ ਦਾ ਨਾਂ ਕ੍ਰਿਸ਼ਨਾ ਦੇਵੀ ਸੀ। ਉਹ ਬਹੁਤ ਮਿਹਨਤੀ ਅਧਿਆਪਿਕਾ ਸੀ। ਉਹ ਹਰ ਰੋਜ਼ ਨਹਿਰ ਦੀ ਪਟੜੀ ’ਤੇ ਪੈਦਲ ਲਾਉਂਦੀ ਤੇ ਤੁਰ ਕੇ ਹੀ ਵਾਪਸ ਜਾਂਦੀ। ਇਕ ਦਿਨ ਪਿੰਡ ਵਿਚ ਰੌਲਾ ਪੈ ਗਿਆ ਕਿ ਰਾਮਗੜ੍ਹ ਵਾਲੀ ਭੈਣਜੀ ਸਾਇਕਲ ’ਤੇ ਸਕੂਲ ਗਈ ਹੈ। ਉਸ ਦਿਨ ਮੈਂ ਪੜ੍ਹਨ ਸਕੂਲ ਨਹੀਂ ਸੀ ਗਿਆ। ਦੁਪਹਿਰ ਵੇਲੇ ਵਡੇਰੀ ਉਮਰ ਦੇ ਬੰਦੇ ਪਿੰਡ ਦੇ ਦਰਵਾਜ਼ੇ ਕੋਲ ਬੈਠੇ ਬਹਿਸ ਕਰਦੇ ਰਹੇ ਕਿ ਗੱਲ ਸੱਚੀ ਹੈ ਜਾਂ ਝੂਠੀ? ਉਨ੍ਹਾਂ ਵਿਚ ਬਜ਼ੁਰਗ ਭਗਤਾ ਵੀ ਬੈਠਾ ਸੀ। ਉਹ ਅੱਖਾਂ ਤੋਂ ਬਿਲਕੁਲ ਅੰਨ੍ਹਾ ਸੀ। ਉਹਨੂੰ ਸਵੇਰੇ ਉਹਦਾ ਪੋਤਾ ਦਰਵਾਜ਼ੇ ਛੱਡ ਜਾਂਦਾ ਤੇ ਸ਼ਾਮਾਂ ਢਲੀਆਂ ਤੇ ਵਾਪਸ ਘਰ ਲੈ ਜਾਂਦਾ। ਜਦੋਂ ਸਕੂਲ ਵਿਚ ਛੁੱਟੀ ਦਾ ਟਾਇਮ ਹੋਇਆ, ਬਾਬੇ ਭਗਤੇ ਨੂੰ ਛੱਡ ਕੇ ਬਾਕੀ ਸਾਰਾ ਪਿੰਡ ਭੈਣਜੀ ਕ੍ਰਿਸ਼ਨਾ ਨੂੰ ਦੇਖਣ ਲਈ ਨਹਿਰ ਦੇ ਪੁਲ ’ਤੇ ਜਾ ਖੜ੍ਹਾ ਹੋਇਆ। ਲੋਕ ਕੀ ਵੇਖਦੇ ਹਨ? ਦੂਰੋਂ ਇਕ ਸਾਇਕਲ ਨਜ਼ਰੀਂ ਪਿਆ। ਉਹਦੇ ਉੱਤੇ ਔਰਤ ਬੈਠੀ ਹੋਈ ਸੀ। ਉਹ ਹੌਲੀ ਹੌਲੀ ਪੁਲ ਵੱਲ ਆ ਰਹੀ ਸੀ। ਮੈਂ ਆਪਣੀ ਭੈਣ ਜੀ ਨੂੰ ਦੇਖ ਕੇ ਓਹਲੇ ਹੋ ਗਿਆ। ਉਹ ਐਨਾ ਮੁਲੱਖ ਦੇਖ ਕੇ ਘਬਰਾ ਗਈ। ਉਹਦੇ ਸਾਇਕਲ ਨੇ ਝੋਲ ਖਾਧਾ। ਉਹ ਡਿੱਗਣ ਲੱਗੀ ਸੀ ਪਰ ਸੰਭਲ ਗਈ। ਉਹ ਅੱਧਾ ਪੈਡਲ ਮਾਰਦੀ ਸੀ। ਉਸ ਤੋਂ ਪੂਰੀ ਗਰਾਰੀ ਨਹੀਂ ਸੀ ਘੁੰਮਦੀ। ਉਹ ਲੋਕਾਂ ਵੱਲ ਬਿਨਾਂ ਦੇਖੇ, ਮੁਸਕਰਾਉਂਦੀ ਲੰਘ ਗਈ। ਉਹਦੇ ਅੰਦਰਲੀ ਘਬਰਾਹਟ ਉਹਦੇ ਚਿਹਰੇ ’ਤੇ ਸਾਫ਼ ਝਲਕਦੀ ਸੀ। ਔਰਤਾਂ-ਮਰਦਾਂ ਨੇ ਮੂੰਹਾਂ ਵਿਚ ਉਂਗਲਾਂ ਪਾਈਆਂ ਹੋਈਆਂ ਸਨ। ਮਰਦ ਔਰਤਾਂ ਬਾਰੇ ਗੱਲਾਂ ਕਰਦੇ-ਕਰਦੇ ਪਿੰਡ ਦੇ ਵੱਡੇ ਦਰਵਾਜ਼ੇ ਜਾ ਕੇ ਬਹਿ ਗਏ ਸਨ। ਬਾਬਾ ਭਗਤਾ ਭੈਣ ਜੀ ਕ੍ਰਿਸ਼ਨਾ ਵਲੋਂ ਸਾਇਕਲ ਚਲਾਉਣ ਬਾਰੇ ਜਾਣਨ ਲਈ ਕਾਹਲਾ ਸੀ।
‘‘ਤਾਇਆ ਸੱਚੀ ਗੱਲ ਆ।’’ ਬਾਬੇ ਨੂੰ ਚਾਚੇ ਮੁਣਸ਼ੇ ਨੇ ਕਿਹਾ ਸੀ।
‘‘ਸੌਰੀ ਦਿਓ, ਤੁਸੀਂ ਸਾਰੇ ਕੁਫ਼ਰ ਤੋਲਦੇ ਹੋ। ਕਦੇ ਜ਼ਨਾਨੀ ਵੀ ਸਾਇਕਲ ਚਲਾ ਸਕਦੀ ਆ? ਮੇਰੀ ਉਮਰ ਸੌ ਤੋਂ ਦੋ ਸਾਲ ਟੱਪ ਗਈ ਏ। ਪਹਿਲਾਂ ਕਦੇ ਇੱਦਾਂ ਹੋਇਆ ਨ੍ਹੀਂ। ਹੁਣ ਕਿੱਦਾਂ ਹੋ ਜੂ?’’ ਬਾਬੇ ਭਗਤੇ ਨੇ ਜ਼ੋਰ ਨਾਲ ਧਰਤੀ ’ਤੇ ਢਾਂਗੂੰ ਮਾਰਿਆ ਤੇ ਢਾਂਗੂੰ ਦੇ ਸਹਾਰੇ ਉਥੋਂ ਤੁਰ ਪਿਆ ਸੀ।
ਇਹ ਘਟਨਾ ਸੁਣਾਉਣ ਤੋਂ ਬਾਅਦ ਡਾ. ਏ. ਐਸ. ਬਾਠ ਦੇ ਚਿਹਰੇ ’ਤੇ ਚਿੰਤਾ ਦੀਆਂ ਰੇਖਾਵਾਂ ਡੂੰਘੀਆਂ ਹੋ ਗਈਆਂ ਹਨ। ਉਹਨੂੰ ਸ਼ਰਧਾ ਰਾਮ ਤੇ ਸਰਪੰਚ ਪ੍ਰਗਟ ਸਿੰਘ ਵਰਗੇ ਬੰਦੇ ਅੰਨ੍ਹੇ ਲੱਗੇ ਹਨ ਜੋ ਵਿਗਿਆਨ ਦੀਆਂ ਖੋਜਾਂ ਦਾ ਵਿਰੋਧ ਕਰ ਰਹੇ ਹਨ।
‘‘ਵਿਗਿਆਨ ਹੀ ਮਨੁੱਖ ਦਾ ਸਭ ਤੋਂ ਵੱਡਾ ਤੇ ਸੱਚਾ ਦੋਸਤ ਹੈ। ਉਸਦਾ ਅੰਨ੍ਹਿਆਂ ਵਾਂਗ ਵਿਰੋਧ ਨਹੀਂ ਕਰਨਾ ਚਾਹੀਦਾ।’’ ਉਹ ਇਹ ਗੱਲ ਕਹਿ ਕੇ ਆਪਣੇ ਬੈੱਡ ਰੂਮ ਵਿਚ ਚਲਾ ਗਿਆ ਹੈ।
ਉਹ ਬੈੱਡ ’ਤੇ ਪਿਆ, ਸਮੁੰਦਰ ਉੱਤੇ ਬਣੇ ਸ਼ਹਿਰ ਅਤੇ ਉਥੋਂ ਵਾਲੀ ਪ੍ਰਯੋਗਸ਼ਾਲਾ ਵਿਚ ਖੁਭਿਆ ਪਿਆ ਸੀ। ਉਸਦਾ ਧਿਆਨ ਪ੍ਰਯੋਗਸ਼ਾਲਾ ਵਲੋਂ ਟੁੱਟ ਕੇ ਕਿਤਾਬਾਂ ਦੇ ਰੈਕ ’ਤੇ ਗਿਆ ਹੈ। ਉਸਨੂੰ ਐਚ. ਜੀ. ਵੈਲਜ ਦੀ ਕਹਾਣੀ ‘ਦਾ ਕੌਨਟਰੀ ਆਫ ਬਲਾਈਂਡ’ ਯਾਦ ਆਈ ਹੈ।
‘‘ਇਸ ਕਹਾਣੀ ਦਾ ਮੁੱਖ ਪਾਤਰ ਨੂਨੇਜ਼ ਇਕ ਅਜਿਹੇ ਦੇਸ਼ ਵਿਚ ਪਹੁੰਚ ਜਾਂਦਾ ਹੈ, ਜਿਹੜਾ ਸੰਸਾਰ ਦੇ ਬਾਕੀ ਮੁਲਕਾਂ ਨਾਲੋਂ ਕੱਟਿਆ ਹੋਇਆ ਹੈ ਅਤੇ ਇਸ ਦੇਸ਼ ਦੇ ਸਭ ਵਸਨੀਕਾਂ ਦੇ ਅੱਖਾਂ ਨਹੀਂ ਸਨ। ਨੂਨੇਜ਼ ਉਸ ਦੇਸ਼ ਦਾ ਰਾਜਾ ਬਣਨ ਦਾ ਸੁਪਨਾ ਲੈਣ ਲਗਦਾ ਹੈ ਅਤੇ ਮਦੀਨੋ ਸਰੋਤ ਨਾਂ ਦੀ ਅਤਿ ਸੁੰਦਰ ਲੜਕੀ ਨਾਲ ਪਿਆਰ ਕਰਨ ਲਗਦਾ ਹੈ। ਬਿਨ ਅੱਖਾਂ ਤੋਂ ਇਹ ਲੜਕੀ ਵੀ ਉਸਨੂੰ ਚਾਹੁਣ ਲਗਦੀ ਹੈ। ਨੂਨੇਜ਼ ਜਦੋਂ ਰੋਸ਼ਨੀ, ਅੱਖਾਂ, ਨਿਗ੍ਹਾ ਸੂਰਜ, ਫੁੱਲ੍ਹਾਂ, ਬੱਦਲ, ਤਾਰੇ, ਚਿਹਰਾ, ਬੁੱਲ੍ਹ, ਹੱਥ, ਹਨੇਰੇ... ਦੀ ਗੱਲ ਕਰਦਾ ਹੈ ਤਾਂ ਕਬੀਲੇ ਵਾਲਿਆਂ ਨੂੰ ਅਚੰਭਾ ਲਗਦਾ ਹੈ। ਉਨ੍ਹਾਂ ਲਈ ਇਹ ਨਵੇਂ ਸ਼ਬਦ ਹਨ। ਉਨ੍ਹਾਂ ਨੂੰ ਇਹ ਬੰਦਾ ਅਸਧਾਰਨ ਸ਼ਕਤੀਆਂ ਦਾ ਮਾਲਕ ਲਗਦਾ ਹੈ। ਉਹ ਸੋਚਦੇ ਹਨ ਕਿ ਜੇਕਰ ਇਸ ਨੂੰ ਰਾਜਾ ਬਣਾ ਦਿੱਤਾ ਜਾਵੇ ਤਾਂ ਇਹ ਕਬੀਲੇ ਲਈ ਚੰਗਾ ਹੋਏਗਾ। ਜਦੋਂ ਉਹ ਕਹਿੰਦਾ ਹੈ ਕਿ ਉਹ ਦੇਖ ਸਕਦਾ ਹੈ... ਉਹ ਚੀਜ਼ਾਂ ਨੂੰ ਦੇਖ ਦੇਖ ਦਸਦਾ ਹੈ ਤਾਂ ਕਬੀਲੇ ਵਾਲੇ ਫ਼ੈਸਲਾ ਕਰਦੇ ਹਨ ਕਿ ਜੇਕਰ ਉਹ ਨਾਲ ਵਿਆਹ ਕਰਵਾਉਣਾ ਹੈ ਤਾਂ ਕਬੀਲੇ ਦਾ ਡਾਕਟਰ ਉਸਦੀਆਂ ਅੱਖਾਂ ਦਾ ਉਪਰੇਸ਼ਨ ਕਰਕੇ ਉਸਦੀ ਨਿਗ੍ਹਾ ਖਤਮ ਕਰ ਦੇਵੇਗਾ। ਲੜਕੀ ਦੇ ਪਿਆਰ ਖ਼ਤਿਰ ਉਹ ਇਹ ਕੁਰਬਾਨੀ ਕਰਨ ਲਈ ਤਿਆਰ ਵੀ ਹੋ ਜਾਂਦਾ ਹੈ। ਜਿਸ ਦਿਨ ਉਸਦੀ ਅੱਖਾਂ ਦੀ ਰੋਸ਼ਨੀ ਖੋਹੀ ਜਾਣੀ ਸੀ, ਉਸ ਤੋਂ ਇਕ ਦਿਨ ਪਹਿਲਾਂ ਉਹ ਲੜਕੀ ਦਾ ਸਾਥ ਮਾਣਦਾ ਹੋਇਆ ਡੁੱਬਦੇ ਸੂਰਜ ਨੂੰ ਦੇਖ ਰਿਹਾ ਹੁੰਦਾ ਹੈ। ਕੁਦਰਤ ਦੇ ਇਸ ਨਜ਼ਾਰੇ ਨੂੰ ਦੇਖਦੇ ਸਮੇਂ ਉਸਦਾ ਆਪਣੀ ਪ੍ਰੇਮਿਕਾ ਨਾਲ ਪਿਆਰ ਘਟਣ ਲਗਦਾ ਹੈ ਅਤੇ ਸੂਰਜ ਦੀ ਰੋਸ਼ਨੀ ਦਾ ਜਲਵਾ ਵੱਡਾ ਹੁੰਦਾ ਜਾਂਦਾ ਹੈ। ਉਹ ਅੱਖਾਂ ਦੀ ਨਿਗ੍ਹਾ ਨਾ ਗੁਆਉਣ ਦਾ ਫ਼ੈਸਲਾ ਕਰਦਾ ਹੈ। ਕਬੀਲੇ ਅਤੇ ਪ੍ਰੇਮਿਕਾ ਵੱਲ ਪਿੱਠ ਕਰਕੇ ਰੋਸ਼ਨੀ ਵੱਲ ਮੂੰਹ ਕਰ ਲੈਂਦਾ ਹੈ।’’
ਹੁਣ ਡਾ. ਏ. ਐਸ. ਬਾਠ ਸੋਚ ਰਿਹਾ ਹੈ, ਉਹ ਕੀ ਕਰੇ? ਕਿਥੇ ਜਾਵੇ? ਨੂਨੇਜ਼ ਤਾਂ ਕਬੀਲੇ ਵਾਲਿਆਂ ਤੋਂ ਬਚ ਕੇ ਭੱਜ ਆਇਆ ਸੀ। ਉਹ ਆਪਣੀ ਰੋਸ਼ਨੀ ਦਾ ਕੀ ਕਰੇ? ਦੁਨੀਆਂ ਦੇ ਵੱਖ ਵੱਖ ਮੁਲਕਾਂ ਨੇ ਵਿਗਿਆਨ ਦੇ ਖੇਤਰ ਵਿਚ ਬੇਮਿਸਾਲ ਤਰੱਕੀ ਕੀਤੀ ਹੈ ਪਰ ਉਸਦੇ ਆਪਣੇ ਦੇਸ਼ ਦੇ ਬਹੁਤੇ ਵਾਸੀ ਮਦੀਨੋ ਸਰੋਤ ਦੇ ਕਬੀਲੇ ਵਾਂਗ ਜੀਅ ਰਹੇ ਹਨ। ਉਹ ਇਨ੍ਹਾਂ ਸੋਚਾਂ ਵਿਚ ਡੁੱਬਿਆ ਵਾਪਸ ਸਕਾਟਲੈਂਡ ਜਾਣ ਦਾ ਫ਼ੈਸਲਾ ਕਰਦਾ ਹੈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਜਮੇਰ ਸਿੱਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ