Anokha Vasal (Punjabi Story) : Rashpinder Sroye
ਅਨੋਖਾ ਵਸਲ (ਕਹਾਣੀ) : ਰਸ਼ਪਿੰਦਰ ਸਰੋਏ
ਬੱਸ ਬਹੁਤ ਹੋ ਚੁੱਕਿਆ ਆਖਰ ਹੁਣ ਮੈਨੂੰ ਉਸ ਕੋਲ ਜਾਣਾ ਹੀ ਪੈਣਾ। ਇਹ ਅਨੋਖਾ ਵਸਲ ਹੋਣਾ ਹੀ ਸੀ। ਮੈਂ ਉਸਨੂੰ ਖੁਦ ਹੀ ਗੁਆਇਆ ਸੀ ਤੇ ਹੁਣ ਮੈਨੂੰ ਖੁਦ ਨੂੰ ਹੀ ਲੱਭਣਾ ਪਵੇਗਾ। ਉਸਨੂੰ ਮੁੜ ਪਾਉਣ ਦੇ ਰਾਸਤੇ ਡਾਢੇ ਲੰਮੇ ਤੇ ਕਠਿਨ ਹਨ ਪਰ ਨਾਂਮਾਤਰ ਨਹੀਂ। ਉਹ ਮੇਰੇ ਤਨ ਮਨ ਨਾਲ ਜੁੜੀ ਹੋਈ ਹੈ। ਮੇਰੇ ਹੱਡਾਂ ਵਿੱਚ ਰਚ ਚੁੱਕੀ ਹੈ। ਉਸਦਾ ਵਿਯੋਗ ਮੇਰੀਆਂ ਸਾਂਹਵਾਂ ਨੂੰ ਉਲਝਾ ਰਿਹਾ ਹੈ। ਮੈਂ ਤੜਫ ਰਿਹਾਂ ਹੂਬਹੂ ਉਸ ਮੱਛੀ ਵਾਂਗ ਜੋ ਸ਼ਿਕਾਰੀ ਦੇ ਜਾਲ ਵਿੱਚ ਫਸ ਚੁੱਕੀ ਹੈ।
ਇਸ ਦੁਨੀਆਂ ਦੇ ਦਿਸਹੱਦਿਆਂ ਤੋਂ ਪਰੇ ਇੱਕ ਅਨੋਖੀ ਦੁਨੀਆਂ ਹੈ। ਜਿੱਥੇ ਉਹ ਮੈਨੂੰ ਮਿਲੀ ਤੇ ਮੈਂ ਜਾਣਦਾ ਹਾਂ ਉਹ ਉੱਥੇ ਹੀ ਹੋਵੇਗੀ। ਫੁੱਲਾਂ ਨੂੰ ਮਹਿਕਾਂ ਵੰਡਦੀ। ਤਿੱਤਲੀਆਂ ਨਾਲ ਅਠਖੇਲੀਆਂ ਕਰਦੀ। ਰੁੱਤਾਂ ਦਾ ਸੰਤਰਗੀ ਬਾਣਾ ਪਹਿਨ ਕੇ ਚੰਨ ਦੇ ਸ਼ੀਸ਼ੇ ਵਿੱਚ ਸਜਦੀ ਸੰਵਰਦੀ। ਸੂਰਜ ਨਾਲ ਖੇਡਦੀ। ਸ਼ਰਾਰਤੀ ਜਿਹੇ ਨੀਲੇਆਂ ਨੈਣਾਂ ਨਾਲ ਬੁਝਾਰਤਾਂ ਪਾਂਉਦੀ। ਆਪਣੀ ਦੀਨ ਦੁਨੀ ਦੀ ਲਾਡਲੀ।
ਮੈਨੂੰ ਪਤਾ ਹੈ ਉਸਨੂੰ ਵੀ ਮੇਰੇ ਨਾਲ ਉਨੀਂ ਹੀ ਮੁਹੱਬਤ ਹੈ ਜਿੰਨੀ ਕੇ ਮੈਨੂੰ। ਕੁਝ ਸਮੇਂ ਲਈ ਬੇਸ਼ੱਕ ਮੈਂ ਉਸਨੂੰ ਆਪਣੇ ਮਨੋਂ ਵਿਸਾਰ ਦਿੱਤਾ ਸੀ ਪਰ ਮੈਨੂੰ ਯਕੀਨ ਹੈ ਕਿ ਉਸਨੇਂ ਇੱਕ ਪਲ ਛਿਣ ਲਈ ਵੀ ਮੈਨੂੰ ਨਹੀਂ ਭੁਲਾਇਆ। ਤੇ ਇਸ ਕਾਰਨ ਮੈਂ ਉਸ ਦਾ ਅਹਿਸਾਨਮੰਦ ਰਹਾਂਗਾ। ਹਮੇਸ਼ਾ ਲਈ।
ਸੋ ਮੈਨੂੰ ਉਸਨੂੰ ਪਾਉਣ ਦਾ ਰਾਸਤਾ ਮਿਲ ਚੁੱਕਾ ਹੈ। ਆਪਣਾ ਜਿਸਮਾਨੀ ਪਹਿਰਨ ਨੂੰ ਮੈਂ ਲਾਹ ਸੁੱਟਿਆ। ਇੱਕ ਉੱਚੀ ਪਹਾੜੀ ਉੱਪਰ ਜਾ ਕੇ ਮੈਂ ਆਪਣੇ ਨੈਣ ਉਸਦੀ ਯਾਦ ਵਿੱਚ ਮੁੰਦ ਲਏ। ਚਾਰੇ ਪਾਸੜ ਚੁੱਪ ਦਾ ਪਸਾਰਾ ਹੈ ਤੇ ਇੱਕ ਪਲ ਲਈ ਸਭ ਸਾਂਤ ਹੋ ਜਾਂਦਾ ਹੈ।
ਮੈਂ ਅੱਖਾਂ ਖੋਲੀਆਂ। ਉਸਦੀ ਅਲੌਕਿਕ ਦੁਨੀਆਂ ਵਿੱਚ ਜਿੱਥੇ ਚਾਰੇ ਪਾਸੇ ਲਿਸ਼ਕਦੀ ਹਰਿਆਲੀ ਹੀ ਹਰਿਆਲੀ ਸੀ। ਸਾਰੀ ਧਰਤੀ ਭਾਂਤ ਭਤੀਲੀਆਂ ਬਨਸਪਤੀਆਂ ਨਾਲ ਲਬਰੇਜ਼ ਸੀ।
ਗੁਲਾਬੀ ਰੰਗ ਦੀ ਸਵੇਰ ਸੀ। ਰੁੱਖਾਂ ਦੇ ਜਾਲ ਵਿੱਚੋਂ ਸੂਰਜ ਦੀਆਂ ਸੁਨਹਿਰੀ ਕਿਰਨਾਂ ਛਣ ਕੇ ਆਂਉਦੀਆਂ। ਸਾਰੇ ਪੰਛੀ ਇੱਕੋ ਸੁਰ ਵਿੱਚ ਆਪਣੇ ਮਿੱਠੇ ਮਿੱਠੇ ਗੀਤਾਂ ਰਾਂਹੀ ਕੁਦਰਤਗਾਣ ਕਰ ਰਹੇ ਸਨ। ਜਿੰਨਾਂ ਨਾਲ ਪਾਣੀ ਦੇ ਝਰਨੇ ਆਪਣੇ ਰਾਗ ਅਲਾਪਦੇ। ਸਾਰਾ ਵਾਤਾਵਰਨ ਫੁੱਲਾਂ ਦੀ ਵੰਨ-ਸੁਵੰਨੀਆਂ ਮਹਿਕਾਂ ਨਾਲ ਨੱਕੋ ਨੱਕ ਭਰਿਆ ਹੋਇਆ ਸੀ। ਨੀਲੇ ਅੰਬਰ ਦੀ ਛੱਤ ਇੰਨਾਂ ਤਮਾਮ ਰੁੱਖਾਂ ਦੇ ਸਹਾਰੇ ਹੀ ਖੜੀ ਸੀ। ਪੱਤਿਆਂ ਦੇ ਬਿਸਤਰੇ ਚੋਂ ਅੰਗੜਾਈਆਂ ਲੈਂਦੀ ਹਵਾ ਲੰਬੀ ਸੈਰ ਤੇ ਨਿੱਕਲੀ ਹੋਈ ਸੀ। ਅਨੇਕਾਂ ਜੀਵ ਜੰਤੂ ਮੇਰੇ ਵੱਲ ਟਿਕਟਿਕੀ ਲਗਾ ਕੇ ਵੇਖ ਰਹੇ ਸੀ। ਘਾਹ ਦੀਆਂ ਨਿੱਕੀਆਂ ਨਟਖਟ ਪੱਤੀਆਂ ਆਪਣੇ ਨਿੱਕੇ ਨਿੱਕੇ ਸਿਰ ਬਾਹਰ ਕੱਢ ਕੇ ਮੇਰੇ ਵੱਲ ਚੋਰੀ ਚੋਰੀ ਝਾਕਦੀਆਂ। ਫੁੱਲਾਂ ਨੂੰ ਸੁਨੇਹੇ ਦਿੰਦੀਆਂ ਤਿੱਤਲੀਆਂ ਮੇਰੀਆਂ ਕੰਨਸੋਆਂ ਲੈ ਰਹੀਆਂ ਸਨ। ਮੈਨੂੰ ਪਤਾ ਸੀ ਉਹ ਕਿਸੇ ਨਦੀ ਦੇ ਕਲਕਲ ਕਰਦੇ ਪਾਣੀ ਕੋਲ , ਮੇਰੇ ਤੋਂ ਖਫਾ, ਹੋਈ ਬੈਠੀ ਹੋਵੇਗੀ। ਕਦੇ ਰਾਤ ਦੀ ਕਾਲੀ ਚੁੰਨੀ ਤੇ ਸੁਪਨਿਆਂ ਦੇ ਤਾਰੇ ਜੜਦੀ ਹੋਵੇਗੀ। ਕਦੇ ਸਵੇਰ ਦੀ ਬਾਣੀ ਪੜਦੀ ਹੋਵੇਗੀ। ਹੰਸਾਂ ਤੇ ਮੋਰਾਂ ਨੂੰ ਆਪਣੀ ਤੜਫਨ ਦਾ ਬਿਆਨ ਕਰ ਰਹੀ ਹੋਵੇਗੀ। ਬੁਲਬੁਲ ਦੇ ਗੀਤਾਂ ਵਿੱਚ ਆਪਣੇ ਜਜਬਾਤ ਭਰ ਰਹੀ ਹੋਵੇਗੀ। ਪਪੀਹਾ ਬਣ ਕੇ ਕੁਰਲਾ ਰਹੀ ਹੋਵੇਗੀ। ਉਸਦੇ ਚੇਤੇ ਦੀਆਂ ਚਿੜੀਆਂ ਮੈਨੂੰ ਲੱਭਦੀਆਂ ਆਉਣਗੀਆਂ ਤੇ ਮੈਨੂੰ ਪੋਟਿਆਂ ਤੋਂ ਫੜ ਕੇ ਉਸਦੇ ਕੋਲ ਲੈ ਜਾਣਗੀਆਂ। ਤੇ ਮੈਂ ਉਸਨੂੰ ਫਿਰ ਮਨਾਂਵਾਗਾਂ।
ਅਚਾਨਕ ਮੇਰੀ ਨਜਰ ਸਾਹਮਣੇ ਇੱਕ ਲਿਸ਼ਕਦੇ ਚਸ਼ਮੇ ਦੇ ਕਿਨਾਰੇ ਪਏ ਪਲੰਗ ਤੇ ਪਈ। ਜਿਸ ਉੱਪਰ ਆਪਣੀ ਅਦਾ ਚ ਮੈਥੋਂ ਨਰਾਜ ਹੋਈ ਬੈਠੀ ਸੀ ਮੇਰੀ ਕੁਦਰਤ ਰਾਣੀ।
ਜਿਉਂ ਮੈਂ ਉਸਦੇ ਨਜਦੀਕ ਜਾ ਰਿਹਾ ਸਾਂ ਸਾਰਾ ਵਾਤਾਵਰਨ ਸ਼ਾਂਤਮਈ ਮਾਹੌਲ ਵਿੱਚ ਤਬਦੀਲ ਹੋ ਰਿਹਾ ਸੀ। ਸਾਰੇ ਪੰਛੀ ਆਪਣੇਆਂ ਆਲਣੇਆਂ ਵਿੱਚ ਜਾ ਲੁਕੇ। ਫੁੱਲਾਂ ਨੇਂ ਆਪਣੀਆਂ ਗਰਦਨਾਂ ਥੱਲੇ ਸੁੱਟ ਲਈਆਂ। ਹਵਾਵਾਂ ਨੇਂ ਰੁੱਖ ਬਦਲ ਲਿਆ। ਵਗਦੇ ਝਰਨੇਂਆ ਨੇਂ ਆਪਣਾ ਸੰਗੀਤ ਬੰਦ ਕਰ ਦਿੱਤਾ। ਤੇ ਉਹ ਆਪਣੇ ਪਲੰਗ ਤੇ ਲੇਟ ਗਈ। ਉਸਦੀ ਹਾਲਤ ਪਹਿਲਾਂ ਨਾਲੋਂ ਪਤਲੀ ਹੋ ਚੁੱਕੀ ਸੀ। ਮੈਂ ਆਪਣਾ ਹੱਥ ਉਸਦੇ ਮੱਥੇ ਤੇ ਜਾ ਰੱਖਿਆ। ਪਰ ਉਸਦੇ ਮੁੱਖ ਤੇ ਇੱਕ ਵੀ ਸ਼ਿਕਨ ਨਾਂ ਆਇਆ।
ਉਹ ਸ਼ਾਂਤ ਪਈ ਰਹੀ । ਅਡੋਲ ।
"ਆਖਿਰ ਮੋਹ-ਮਾਇਆ ਦੀ ਸ਼ਹਿਜ਼ਾਦੀ ਨੇਂ ਮੈਥੋਂ ਮੇਰਾ ਮਨੁੱਖ ਖੋਹ ਹੀ ਲਿਆ।" ਉਸਦੇ ਬੋਲਾਂ ਵਿੱਚ ਕੌੜੀ ਸਚਾਈ ਸੀ
"ਮੈਂ ਮੁੜ ਆਇਆ ਹਾਂ। "
"ਕਿਸ ਲਈ? ਚਾਰ ਪੰਜ ਰੁੱਖ ਲਗਾ ਕੇ ਫੇਰ ਤੋਂ ਮੈਨੂੰ ਮਨਾਉਣ ਲਈ? ਵੇਖ ਅੱਜ ਤੈਨੂੰ ਲੈਣ ਲਈ ਮੇਰੇ ਚੇਤੇ ਦੀਆਂ ਚਿੜੀਆਂ ਨਹੀਆਂ ਆਈਆਂ!
ਕਿਉਂਕਿ ਜੋ ਚਿੜੀਆਂ ਮੈਂ ਭੇਜਦੀ ਰਹੀ ਉਹ ਤਾਂ ਤੂੰ ਮਾਰ ਹੀ ਮੁਕਾ ਦਿੱਤੀਆਂ।"
ਮੈਂ ਉਸ ਅੱਗੇ ਕੁਝ ਵੀ ਬੋਲਣ ਦੇ ਕਾਬਿਲ ਨਾਂ ਰਿਹਾ।
"ਦੇਖ ਤੈਨੂੰ ਵੇਖ ਕੇ ਸਾਰੇ ਪਸ਼ੂ ਪੰਛੀ ਕਿਵੇਂ ਲੁਕ ਗਏ ਨੇਂ। ਕਿਉਕਿ ਉਹ ਜਾਣਦੇ ਨੇਂ ਕੇ ਮਨੁੱਖ ਜਿਹੜੇ ਜੰਗਲਾਂ ਤੋਂ ਲੈ ਕੇ ਖਾਂਦਾ ਉਸਨੂੰ ਵੱਢ ਕੇ ਅੱਗ ਵੀ ਲਗਾ ਦਿੰਦਾ। ਤੂੰ ਆਪਣੇ ਬਸੇਰੇ ਲਈ ਉਨਾਂ ਦੀਆਂ ਅਨੇਕਾਂ ਜਾਤੀਆਂ ਮੌਤ ਦੀ ਘਾਟ ਉਤਾਰ ਦਿੱਤੀਆਂ।"
ਉਹ ਉਦਾਸੀ ਭਰੇ ਬੋਲਾਂ ਨਾਲ ਬੋਲਦੀ ਰਹੀ। ਉਸਦੇ ਇੱਕ ਇੱਕ ਬੋਲ ਵਿੱਚ ਦਰਦ ਪਲਸੇਟੇ ਮਾਰ ਰਿਹਾ ਸੀ।
"ਤੂੰ ਮੇਰੇ ਕੇਸ ਆਪਣੇ ਹੱਥੀਂ ਪੁੱਟ ਛੱਡੇ ਜੋ ਤੇਰੇ ਮੁੱਖ ਤੇ ਛਾਂਵਾਂ ਕਰਦੇ। ਜਿੰਨਾਂ ਦੀ ਓਟ ਤੂੰ ਤੱਕਦਾ ਰਹਿੰਦਾ ਸੈਂ। ਤੂੰ ਮੇਰੀਆਂ ਨਿਲੀਆਂ ਨਾੜਾਂ ਵਿੱਚ ਜਹਿਰ ਭਰ ਦਿੱਤਾ। ਤੇਰੀਆਂ ਪੈਦਾ ਕੀਤੀਆਂ ਗੈਸਾਂ ਤੇ ਜਹਿਰਲੇ ਧੂੰਏ ਨੇਂ ਮੇਰੀ ਸੂਰਤ, ਮੇਰੇ ਫੇਫੜੇ, ਮੇਰੀਆਂ ਛਾਤੀਆਂ ਨੂੰ ਅੰਦਰੋ ਖੋਖਲਾ ਕਰ ਦਿੱਤਾ । ਮੇਰੇ ਨੈਣਾਂ ਦੇ ਚਿੱਟੇ ਬੱਦਲਾਂ ਵਿੱਚੋਂ ਸਿਰਫ ਖਾਰਾ ਪਾਣੀ ਵਗ ਰਿਹਾ ਹੈ। ਮੇਰਾ ਤਨ ਦਿਨ ਬ ਦਿਨ ਖੁਰ ਰਿਹਾ ਹੈ। "
ਇੱਕ ਦਮ ਆਲੇ ਦੁਆਲੇ ਦੇ ਸਾਰੇ ਰੁੱਖ ਛਾਂਗੇ ਗਏ ਇੱਕ ਆਖਰੀ ਪੱਤਾ ਮੇਰੀ ਝੋਲੀ ਵਿੱਚ ਆ ਡਿੱਗਾ । ਨਾਲ ਹੀ ਵਗਦੀ ਨਦੀ ਵਿਚਲਾ ਪਾਣੀ ਕਾਲਾ ਹੋ ਗਿਆ ਜਿਸ ਵਿੱਚੋਂ ਮਰਦੇ ਜਲ- ਜੀਵ ਤੜਫ - ਤੜਫ ਬਾਹਰ ਆ ਡਿੱਗਦੇ। ਚਾਰੇ ਪਾਸੇ ਅੰਬਰ ਵਿੱਚ ਕਾਲਖ ਮਲੀ ਗਈ। ਫੁੱਲਾਂ ਦੀ ਮਹਿਕ ਉੱਪਰ ਮੇਰੀ ਕੁਦਰਤ ਰਾਣੀ ਦੇ ਝੁਲਸੇ ਗਏ ਅੰਗਾਂ ਦੀ ਸੜਾਂਦ ਭਾਰੂ ਹੋ ਗਈ। ਜੋ ਮੇਰੀਆਂ ਸਾਂਹਾਂ ਵਿੱਚ ਲਹੂ ਦੀ ਗੰਧ ਮਿਲਾਂਉਦੀ।
"ਦੇਖ ਇਹੀ ਸੱਚਾਈ ਹੈ ਮੇਰੀ । ਤੂੰ ਜਾਣਦਾ ਹੈਂ! ਕਿ ਆਪਾਂ ਇੱਕ ਦੂਜੇ ਤੋਂ ਵੱਖ ਨਹੀਂ। ਫਿਰ ਤੂੰ ਮੈਥੋਂ ਵੱਖ ਕਿਉਂ ਹੋ ਗਿਆ? ਮੈਂ ਤਾਂ ਅੱਜ ਵੀ ਆਪਣਾ ਵਚਨ ਪਾਲ ਰਹੀ ਹਾਂ। ਤੇਰੀ ਜ਼ਿੰਦਗੀ ਜੋਗਾ ਸਾਂਹ ਮੈਂ ਆਪਣੀ ਹਿੱਕ ਵਿੱਚੋਂ ਕੱਢ ਕੇ ਤੈਨੂੰ ਦੇ ਰਹੀਂ ਹਾਂ ਕਿਉਂਕਿ ਮੈਂ ਸੁਆਰਥ ਤੋਂ ਮੁਕਤ ਹਾਂ।
ਮੈਂ ਆਪਣੀ ਨੰਗੀ ਅੱਖ ਨਾਲ ਸਭ ਨੂੰ ਬਰਾਬਰ ਵੇਖਦੀ ਹਾਂ। ਮੇਰੇ ਲਈ ਸਾਰੇ ਜੀਵ ਜੰਤੂ ਇੱਕ ਸਮਾਨ ਹਨ।
"ਅਵਲ ਅੱਲਾ ਨੂਰ ਉਪਾਯਾ, ਕੁਦਰਤ ਕੇ ਸਬ ਬੰਦੇ।
ਏਕ ਨੂਰ ਤੇ ਸਬ ਜਗ ਉਪਜਿਯਾ, ਕੌਣ ਭਲੇ ਕੋ ਮੰਦੇ। "
"ਤੇਰੇ ਯੁੱਧਾਂ ਨੇਂ, ਤੇਰੀਆਂ ਜੰਗਾਂ ਨੇਂ ਬਹੁਤ ਵਾਰ ਮੇਰੀ ਕੁੱਖ ਦਾ ਕਤਲ ਕੀਤਾ ਹੈ। ਤੂੰ ਸਿਰਫ ਹੱਦਾਂ - ਸਰਹੱਦਾਂ, ਜਾਤਾਂ ਪਾਤਾਂ ਬਣਾਉਣ ਜੋਗਾ ਹੀ ਰਹਿ ਚੁੱਕਾ ਹੈਂ। ਕਿਉਂਕਿ ਤੂੰ ਸੁਅਰਥ ਨਾਲ ਭਰ ਚੁੱਕਾ ਹੈਂ।
ਮੈਂ ਆਪਣਾ ਆਖਿਆ ਹਾਲੇ ਤੱਕ ਨਿਭਾ ਰਹੀ ਹਾਂ ਅਤੇ ਆਖਰੀ ਸਾਂਹ ਤੱਕ ਨਿਭਾਂਉਦੀ ਰਹਾਂਗੀ । ਪਰ ਅਫਸੋਸ ਤੂੰ ਆਪਣਾ ਇੱਕ ਵੀ ਫਰਜ ਨਾਂ ਸਮਝਿਆ ਹੈ ਤੇ ਨਾਂ ਹੀ ਨਿਭਾਇਆ ਏ।
ਮੈਂ ਭਲਾ ਅੱਜ ਤੱਕ ਤੇਰੇ ਤੋਂ ਮੰਗਿਆ ਹੀ ਕੀ ਸੀ? ਹਮੇਸ਼ਾ ਤੈਨੂੰ ਦਿੱਤਾ ਹੀ ਹੈ। ਅਤੇ ਉਹ ਵੀ ਤੇਰੇ ਮੰਗਣ ਤੋਂ ਪਹਿਲਾਂ।"
ਇਸ ਸੱਚਾਈ ਨੇਂ ਮੇਰਾ ਸਿਰ ਥੱਲੇ ਝੁਕਾ ਦਿੱਤਾ। ਮੇਰਾ ਗੱਚ ਭਰ ਆਇਆ। ਮੈ ਉਸਦੇ ਕਦਮਾਂ ਅੱਗੇ ਝੁਕ ਗਿਆ ਸਾਂ।
ਉਸਦੀ ਅੱਖ ਦਾ ਇੱਕ ਹੰਝੂ ਧਰਤੀ ਤੇ ਆ ਡਿੱਗਾ ਤੇ ਉੱਥੇ ਹੀ ਇੱਕ ਫੁੱਲ ਉੱਗ ਆਇਆ। ਉਸਦੇ ਇੱਕ ਹੰਝੂ ਨੇਂ ਮੇਰੀਆਂ ਅੱਖਾਂ ਦਾ ਪਾਣੀ ਖਿੱਚ ਲਿਆ ਤੇ ਅਫਸੋਸ ਜਿੱਥੇ ਮੇਰਾ ਹੰਝੂ ਡਿੱਗਾ ਉੱਥੇ ਘਾਹ ਦੀ ਉੱਗਦੀ ਨਿੱਕੀ ਜਹੀ ਪੱਤੀ ਦਾ ਕਤਲ ਹੋ ਗਿਆ । ਉਹ ਸੁੱਕ ਗਈ। ਮੈਂ ਡਰ ਨਾਲ ਇੱਕ ਦਮ ਪਿੱਛੇ ਹੋ ਗਿਆ। ਇਹ ਮੇਰੇ ਨੀਚ ਕੰਮਾਂ ਤੇ ਇੱਕ ਕਰਾਰੀ ਚੋਟ ਸੀ। ਜੋ ਨਿੱਕੀ ਜਿਹੀ ਪੱਤੀ ਨੇਂ ਮੇਰੇ ਮਨੁੱਖ ਹੋਣ ਤੇ ਲਾਹਨਤ ਵੱਜੋਂ ਮਾਰੀ। ਇਹ ਰੂਹ ਤੇ ਲੱਗਦੀਆਂ ਸੱਟਾਂ ਸਨ ਜਿੰਨਾਂ ਦੇ ਜਖਮ ਭਰਨ ਔਖੇ ਸੀ। ਉਸ ਦੀ ਇਸ ਹਾਲਤ ਦਾ ਜਿੰਮੇਵਾਰ ਮੈਂ ਸਾਂ।।
ਮੈਂ ਆਪਣੀ ਕੁਦਰਤ ਰਾਣੀ ਆਪਣੇ ਹੱਥੀਂ ਤਬਾਹ ਕਰ ਬੈਠਾ ਸੀ। ਅੰਤ ਮੈਂ ਉਸਦੇ ਫੁੱਲਾਂ ਨਾਲ ਸਜਾਏ ਹੋਏ ਪਲੰਗ ਉੱਤੇ ਸਿਰ ਸਿੱਟ ਕੇ ਬੈਠ ਗਿਆ। ਮੈਂ ਆਪਣੇ ਅੱਥਰੂਆਂ ਨੂੰ ਆਪ ਹੀ ਰੋਕ ਰਿਹਾ ਸੀ ਜੋ ਨਹੀ ਰੁਕ ਰਹੇ ਸੀ। ਮੈਂ ਉਸਨੂੰ ਰੋ-ਕੁਰਲਾ ਕੇ ਕਹਿ ਰਿਹਾ ਸਾਂ ਕੇ ਉਹ ਪੂਰੀ ਮਨੁੱਖਜਾਤੀ ਹੀ ਖਤਮ ਕਰ ਦੇਵੇ। ਇਹੀ ਮੇਰੀ ਸਜਾ ਸੀ। ਕਿਉਂਕਿ ਮੈਂ ਉਸਦੀ ਕਾਦਰ ਨਹੀ ਸੀ ਪਛਾਣ ਸਕਿਆ। ਮੈਂ ਉਸਦੀਆਂ ਅਨਮੋਲ ਦਾਤਾਂ ਨੂੰ ਕੌਡੀਆਂ ਦੇ ਭਾਅ ਖ਼ਤਮ ਕਰ ਦਿੱਤਾ ਸੀ। ਮੋਹ ਮਾਇਆ ਦੀ ਸ਼ਪਾਟ ਅਤੇ ਤੇਜ ਰੌਸਨੀ ਨੇਂ ਮੇਰੀ ਸੱਚ ਦੇਖਣ ਦੀ ਸ਼ਕਤੀ ਖੋਹ ਲਈ ਸੀ। ਮੈਂ ਆਪਣੀਆਂ ਕੀਤੀਆਂ ਗਲਤੀਆਂ ਦੀ ਨਿਰੰਤਰ ਮਾਫ਼ੀ ਮੰਗ ਰਿਹਾ ਸਾਂ । ਜੋ ਮਾਫ਼ੀ ਦੇ ਕਾਬਿਲ ਨਹੀਂ ਸਨ।
ਆਖਿਰ ਉਸਨੇਂ ਮੈਨੂੰ ਆਪਣੀ ਹਿੱਕ ਨਾਲ ਲਾ ਲਿਆ। ਉਹ ਮੈਨੂੰ ਦਿਲਾਸੇ ਦਿੰਦੀ ਤੇ ਆਪਣੇ ਮਖਮਲੀ ਹੱਥਾਂ ਨਾਲ ਮੇਰੇ ਹੰਝੂ ਪੂੰਝਦੀ ਰਹੀ। ਉਸਦੀ ਧੜਕਣ ਵਿੱਚ ਪਨਪਦੀ ਪੂਰੀ ਕਾਇਨਾਤ ਦਾ ਅੱਜ ਅਤੇ ਕੱਲ ਮੈਂ ਮਹਿਸੂਸ ਕਰ ਰਿਹਾ ਹਾਂ। ਮੈਂ ਹੁਣ ਕਦੇ ਵੀ ਉਸ ਤੋਂ ਮੁੱਖ ਨਹੀਂ ਫੇਰਾਂਗਾ। ਮੈਂ ਹਮੇਸਾ ਉਸਦੀ ਸੇਵਾ ਕਰਦਾ ਰਹਾਂਗਾ। ਭਾਂਵੇ ਮੇਰੀ ਸੇਵਾ ਨਾਂਮਾਤਰ ਹੀ ਹੋਵੇਗੀ ਪਰ ਮੈਂ ਹਿੰਮਤ ਨਹੀਂ ਹਾਰਾਂਗਾ। ਮੈਂਨੂੰ ਉਮੀਦ ਹੈ ਉਸਦੇੇ ਲੰਮੇ ਕੇਸ ਮੁੜ ਮੈਨੂੰ ਸੰਘਣੀਆਂ ਛਾਂਵਾਂ ਪ੍ਰਦਾਨ ਕਰਨਗੇ। ਉਸਦੀਆਂ ਨੀਲੀਆਂ ਤੇ ਸੁੱਕੀਆਂ ਨਾੜਾਂ ਫਿਰ ਸਾਫ ਅਤੇ ਸਵੱਛ ਨੀਲੇ ਲਹੂ ਨਾਲ ਲਗਾਤਾਰ ਚੱਲਣਗੀਆਂ। ਵਹਿਣਗੀਆਂ। ਉਸਦੇ ਫੇਫੜੇ ਫੇਰ ਲੰਮੀਆਂ ਲੰਮੀਆਂ ਸਾਂਹਾਂ ਭਰਨਗੇ । ਉਸਦੀਆਂ ਛਾਤੀਆਂ ਮੁੜ ਭਰਨਗੀਆਂ। ਉਹ ਜੋ ਸਭ ਤੋਂ ਖ਼ੂਬਸੂਰਤ ਸੀ ਮੁੜ ਆਪਣਾ ਰੂਪ ਨਿਖਾਰੇਗੀ। ਤੇ ਉਸਦੇ ਨੈਣਾਂ ਦੀਆਂ ਬਦਲੋਟੀਆਂ ਵਿੱਚੋਂ ਪਿਆਰ ਦੀ ਵਰਖਾ ਹੋਵੇਗੀ, ਸਾਡੇ ਦੋਵਾਂ ਦੇ ਵਸਲ ਦੀ ਖੁਸ਼ੀ ਨਾਲ ਗੜੁੱਚ।
ਮੇਰਾ ਜਿਸਮਾਨੀ ਜਾਮਾ ਮੇਰੀ ਨਵੀਂ ਮਨੁੱਖਤਾ ਦੇ ਨਾਮ। ਆਪਣੇ ਪੰਜ ਤੱਤਾਂ ਨਾਲ ਉਹ ਹਮੇਸ਼ਾ ਮੇਰੇ ਅੰਗ ਸੰਗ ਰਹੇਗੀ ਮੇਰੀ ਕੁਦਰਤ ਰਾਣੀ!
ਤੇਰਾ ਮਨੁੱਖ ।