As You Like It : William Shakespeare
ਜੰਗਲ ਵਿਚ ਮੰਗਲ : ਵਿਲੀਅਮ ਸ਼ੈਕਸਪੀਅਰ
(ਵਿਲੀਅਮ ਸ਼ੈਕਸਪੀਅਰ ਦੇ ਨਾਟਕ 'As You Like It' ਦਾ ਪੰਜਾਬੀ ਕਹਾਣੀ ਰੂਪ)
ਢੇਰ ਚਿਰ ਹੋਇਆ ਹੈ ਕੋਟ ਗੜ੍ਹ ਦੀ ਰਿਆਸਤ ਵਿਚ ਇਕ ਚੰਗਾ ਭਲਾ ਲੋਕ ਰਾਜ ਕਰਦਾ ਸੀ। ਰਿਆਸਤ ਵਿਚ ਹਰ ਪ੍ਰਕਾਰ ਅਮਨ ਚੈਨ ਸੀ, ਤੇ ਪਰਜਾ ਸੁਖੀ ਸਾਂਦੀ ਵਸਦੀ ਸੀ, ਪਰ ਇਸ ਸੰਸਾਰ ਵਿਚ ਭਲੇ ਲੋਕ ਹੀ ਵਧੇਰੇ ਦੁੱਖਾਂ ਦਾ ਸ਼ਿਕਾਰ ਹੁੰਦੇ ਹਨ। ਸੱਚ ਹੈ-
ਕਲਜੁਗ ਦੇ ਏਸ ਜ਼ਮਾਨੇ ਵਿਚ ਸਤਵਾਦੀ ਤੋੜਾ ਖਾਂਦੇ ਨੇ !
ਦੰਭੀ ਪਾਖੰਡੀ ਵਧਦੇ ਨੇ ਤੇ ਮਾਣ ਮਰਤਬੇ ਪਾਂਦੇ ਨੇ !
ਇਸ ਰਾਜੇ ਦਾ ਨਿੱਕਾ ਭਰਾ ਪਰਧਾਨ ਰਾਏ ਸੀ। ਜਿਤਨਾ ਰਾਜਾ ਭਲਾ ਤੇ ਸ਼ੁਭ ਆਚਰਣ ਵਾਲਾ ਸੀ, ਪਰਧਾਨ ਰਾਏ ਉਤਨਾ ਹੀ ਬੁਰਾ ਤੇ ਕਮੀਨਾ ਸੀ। ਹੌਲੇ ਹੌਲੇ ਇਹ ਨਿੱਕਾ ਭਰਾ ਜ਼ੋਰ ਪਕੜਦਾ ਰਿਹਾ, ਫ਼ੌਜ ਦੇ ਸਰਦਾਰਾਂ ਨੂੰ ਲਾਲਚ ਦੇ ਕੇ ਆਪਣੇ ਨਾਲ ਗੰਢ ਕੇ ਇਕ ਰੋਜ਼ ਉਸ ਨੇ ਅਜੇਹੀ ਚਾਲ ਖੇਡੀ ਜੋ ਵਡੇ ਭਰਾ ਕੋਲੋਂ ਤਖ਼ਤ ਆਦਿ ਖੋਹ ਆਪ ਰਾਜਾ ਬਣ ਬੈਠਾ ਤੇ ਅਸਲੀ ਰਾਜੇ ਨੂੰ ਬਨਵਾਸ ਦਾ ਹੁਕਮ ਦੇ ਦਿਤਾ। ਕੁਝ ਅਮੀਰਾਂ ਵਜ਼ੀਰਾਂ ਨੇ (ਜੇਹੜੇ ਪਰਧਾਨ ਰਾਏ ਦੀਆਂ ਚਾਲਾਂ ਤੋਂ ਭਲੀ ਪ੍ਰਕਾਰ ਜਾਣੂ ਸਨ ਤੇ ਉਸ ਦੇ ਰਾਜ ਵਿਚ ਆਪਣੀ ਖ਼ੈਰ ਨਹੀਂ ਸਮਝਦੇ ਸਨ), ਬਨਵਾਸੀ ਰਾਜੇ ਦਾ ਸਾਥ ਦਿਤਾ ਤੇ ਉਸ ਦੇ ਨਾਲ ਹੀ ਰਿਆਸਤ ਨੂੰ ਛੱਡ ਕੇ ਤੁਰ ਪਏ।
ਤੁਰਦਿਆਂ ਤੁਰਦਿਆਂ ਉਹ ਅਖ਼ੀਰ ਇਕ ਘਣੇ ਜੰਗਲ ਵਿਚ ਪੁੱਜੇ, ਜਿਸਨੂੰ ਉਸ ਵੇਲੇ ਅਰਜਨ ਜੂਹ ਆਖਦੇ ਸਨ ਤੇ ਸਾਰਿਆਂ ਨੇ ਸਲਾਹ ਕਰ ਕੇ ਉਥੇ ਹੀ ਡੇਰੇ ਲਾ ਦਿਤੇ। ਸੰਸਾਰ ਦੇ ਸੁੱਖਾਂ ਨੂੰ ਤਾਂ ਇਹ ਲਤ ਮਾਰ ਹੀ ਆਏ ਸਨ, ਸੋ ਇਥੇ ਹਰ ਵੇਲੇ ਪ੍ਰਸੰਨ ਰਹਿੰਦੇ ਤੇ ਬਨਵਾਸ ਦੇ ਦੁੱਖਾਂ ਨੂੰ ਖਿੜੇ ਮਥੇ ਝਲਦੇ। ਗਰਮੀ ਦੀ ਰੁਤ ਰਾਜਾ ਤੇ ਉਸ ਦੇ ਸਾਥੀ ਜੰਗਲ ਦੇ ਘਣੇ ਬ੍ਰਿਛਾਂ ਦੀ ਛਾਵੇਂ ਬੈਠ ਕੇ ਜੰਗਲੀ ਹਰਨਾਂ ਨੂੰ ਭਜਦਿਆਂ ਵੇਖ ਪ੍ਰਸੰਨ ਹੁੰਦੇ ਤੇ ਹਾਸੇ ਖੇਡੇ ਵਿਚ ਸਮਾਂ ਬਤੀਤ ਕਰਦੇ। ਸਰਦੀਆਂ ਬਰਫ਼ ਕੱਕਰ ਦੇ ਕਾਰਨ ਇਹੋ ਜਹੀਆਂ ਸੁਖੈਨ ਨਹੀਂ ਗੁਜ਼ਰਦੀਆਂ ਸਨ, ਪਰ ਰਾਜਾ ਕੁਝ ਇਹੋ ਜਿਹਾ ਪੱਕੇ ਦਿਲ ਵਾਲਾ ਤੇ ਗਹਿਰ ਗੰਭੀਰ ਸੁਭਾਵ ਵਾਲਾ ਸੀ ਜੋ ਕਦੇ ਭੀ ਰੁਤ ਦੇ ਦੁਖ ਦੀ ਸ਼ਕੈਤ ਜ਼ਬਾਨ ਤੇ ਨਹੀਂ ਸੀ ਲਿਉਂਦਾ, ਕਦੇ ਕਦੇ ਮੌਜ ਵਿਚ ਆ ਕੇ ਦੁਨੀਆਂਦਾਰਾਂ ਨੂੰ ਪ੍ਰੇਰਦਾ ਹੋਇਆ ਆਖਦਾ :-
੧ -ਜੇ ਜੰਗਲ ਵਿਚ ਸੌਣਾ ਚਾਹੇਂ ਵੇ ਬੀਬਾ
ਗੀਤ ਜੇ ਮਿਠੇ ਗੌਣਾ ਚਾਹੇਂ ਵੇ ਬੀਬਾ
ਜੀਵਣ ਸਾਡੇ ਨਾਲ ਬਿਤਾ
ਪਾਲੇ ਦੇ ਬਿਨ ਕੋਈ ਨਾ ਵੈਰੀ
ਸੁਖ ਦੇ ਦਿਨ ਲੰਘਾ ਐਧਰ ਆ।
੨- ਝੂਠੀ ਮਿਤ੍ਰਤਾਈ ਜਗ ਦੀ, ਹੇ ਮਨਾ !
ਦੁਖ ਵਿਚ ਆ ਕੇ ਪਤਾ ਲਗਦਾ, ਹੇ ਮਨਾ !
ਆ ਦਿਲ ਦੁਨੀਆਂ ਨਾਲ ਨਾ ਲਾ
ਜੇ ਦੁਨੀਆਂ ਪਰਤਾਣੀ ਹੋਵੀ
ਠੰਡੀਆਂ ਪੌਣਾ ਖਾ, ਐਧਰ ਆ !
ਰਾਜਾ ਹਰ ਰੋਜ਼ ਅੰਮ੍ਰਿਤ ਵੇਲੇ ਪਾਠ ਪੂਜਾ ਮਗਰੋਂ ਆਪਣੇ ਸਾਥੀਆਂ ਨੂੰ ਉਪਦੇਸ਼ ਕੀਤਾ ਕਰਦਾ ਸੀ,-- "ਇਹ ਮੂੰਹ ਫੇਰ ਦੇਣ ਵਾਲੀ ਠੰਡੀ ਹਵਾ ਹੀ ਸਚੀ ਮਿਤ੍ਰ ਹੈ, ਇਹ ਹੀ ਮੈਨੂੰ ਆਪਣੀ ਅਸਲੀ ਦਸ਼ਾ ਦਸਦੀ ਹੈ, ਝੂਠੇ ਸਾਥੀਆਂ ਵਾਂਗ ਐਵੇਂ ਝੋਲੀ ਨਹੀਂ ਚੁਕਿਆ ਕਰਦੀ। ਬਰਫ਼ ਤੇ ਠੰਡ ਦਾ ਕਸ਼ਟ ਏਹੋ ਜਿਹਾ ਅਸਹਿ ਨਹੀਂ ਜਿਹੋ ਜਿਹਾ ਆਪਣਿਆਂ ਦੀ ਅਕ੍ਰਿਤਘਣਤਾ ਤੇ ਧ੍ਰੋਹ ਦਾ ਦੁਖ ਹੈ।”
ਏਸੇ ਪ੍ਰਕਾਰ ਕੁਦਰਤ ਦੀ ਹਰ ਇਕ ਸ਼ੈ ਤੋਂ ਕੋਈ ਨਾ ਕੋਈ ਸਿਖਿਆ ਲੈਂਦਾ ਤੇ ਦੁਖ ਵਿਚ ਭੀ ਸੁਖ ਮਨਾਉਂਦਾ। ਹਾਂ ! ਕਦੇ ਕਦੇ ਆਪਣੀ ਪਿਆਰੀ ਬੱਚੀ ਰਾਜਵਤੀ ਦੇ ਵਿਛੋੜੇ ਦਾ ਸਲ ਉਸ ਦੇ ਹਿਰਦੇ ਨੂੰ ਕੰਬਾ ਦਿੰਦਾ ਤੇ ਜਦੋਂ ਵੀ ਉਹ ਯਾਦ ਆ ਜਾਂਦੀ ਨੇਤ੍ਰਾਂਂ ਵਿਚੋਂ ਨੀਰ ਵਗ ਤੁਰਦਾ। ਰਾਜਵਤੀ ਤਾਂ ਆਪਣੇ ਪਿਆਰੇ ਪਿਤਾ ਦੇ ਨਾਲ ਹੀ ਰਹਿਣਾ ਚਾਹੁੰਦੀ ਸੀ, ਪ੍ਰੰਤੂ ਪ੍ਰਧਾਨ ਰਾਏ ਦੀ ਆਪਣੀ ਧੀ ਸ਼ੀਲਾਵਤੀ ਦਾ ਰਾਜਵਤੀ ਨਾਲ ਇਤਨਾ ਹਿਤ ਸੀ ਜੋ ਉਹ ਇਕ ਪਲ ਭਰ ਭੀ ਉਸ ਤੋਂ ਵੱਖ ਨਹੀਂ ਰਹਿ ਸਕਦੀ ਸੀ, ਇਸ ਲਈ ਉਸ ਨੇ ਜ਼ੋਰੋ ਜ਼ੋਰੀ ਰਾਜ ਨੂੰ ਪਿਤਾ ਤੋਂ ਖੋਹ ਕੇ ਆਪਣੇ ਕੋਲ ਰਖ ਲੀਤਾ ਸੀ। ਪਹਿਲਾਂ ਤਾਂ ਪਿਤਾ ਦੇ ਵਿਛੋੜੇ ਵਿਚ ਰਾਜ ਬਥੇਰਾ ਤੜਫੀ ਪਰ ਡਾਢੇ ਦਾ ਸਤਾਂ ਵੀਹਾਂ ਦਾ ਸੌ, ਵਿਚਾਰੀ ਕੀ ਕਰਦੀ ਰੋ ਰੋ ਕੇ ਸਬਰ ਦਾ ਘੁੱਟ ਪੀ ਅਰ ਚੁਪ ਕਰ ਰਹੀ। ਸ਼ੀਲਾ ਹਰ ਵੇਲੇ ਉਸ ਨੂੰ ਦਿਲਾਸਾ ਦਿੰਦੀ, ਉਸ ਦਾ ਦੁਖ ਵੰਡਦੀ ਤੇ ਹੁਣ ਇਸ ਬਿਪਤਾ ਵਿਚ ਦੁਵੱਲੀ ਪਿਆਰ ਦੀ ਗੰਢ ਹੋਰ ਭੀ ਪੱਕੀ ਹੋ ਗਈ।
ਵਰ੍ਹੇ ਬੀਤ ਗਏ, ਪਰਧਾਨ ਰਾਏ ਦੀ ਗੁੱਡੀ ਉਚੇ ਅਕਾਸ਼ ਤੇ ਸੀ ਤੇ ਲੋਕੀ ਤਖ਼ਤ ਦੇ ਅਸਲੀ ਹਕਦਾਰ ਨੂੰ ਭੁਲ ਚੁਕੇ ਸਨ। ਨਿੱਕੀਆਂ ਕੁਮਾਰੀਆਂ ਹੁਣ ਜਵਾਨ ਮੁਟਿਆਰਾਂ ਹੋ ਚੁਕੀਆਂ ਸਨ, ਪਰ ਅਜ ਤਾਈਂ ਉਨ੍ਹਾਂ ਦੇ ਪ੍ਰੇਮ ਵਿਚ ਕੋਈ ਫ਼ਰਕ ਨਹੀਂ ਸੀ ਪਿਆ, ਸਗੋਂ ਇਹ ਵਧਦਾ ਹੀ ਗਿਆ ਸੀ !
ਇਕ ਦਿਨ ਰਾਜੇ ਨੇ ਪਹਿਲਵਾਨਾਂ ਦੇ ਘੋਲ ਦਾ ਤਮਾਸ਼ਾ ਵੇਖਣ ਲਈ ਦੋਹਾਂ ਰਾਜ ਕੁਮਾਰੀਆਂ ਨੂੰ ਸਦ ਘਲਿਆ। ਰਾਜੇ ਦਾ ਮਲ ਚਰਨਾ ਇਕ ਪ੍ਰਸਿਧ ਪਹਿਲਵਾਨ ਸੀ। ਕਿਤਨੇ ਹੀ ਅਖਾੜੇ ਜਿਤ ਚੁਕਾ ਸੀ, ਕਿਤਨੇ ਹੀ ਘੋਲਾਂ ਵਿਚ ਇਨਾਮ ਪ੍ਰਾਪਤ ਕਰ ਚੁਕਾ ਸੀ, ਪਰ ਅਜ ਇਕ ਨੌਜਵਾਨ ਅਨਾੜੀ ਨੇ ਉਸ ਨੂੰ ਘੋਲ ਲਈ ਵੰਗਾਰਿਆ ਸੀ, ਇਸ ਲਈ ਰਾਜੇ ਦੇ ਹੁਕਮ ਨਾਲ ਮਹੱਲ ਦੇ ਵੇਹੜੇ ਵਿਚ ਅਖਾੜਾ ਬਝ ਗਿਆ। ਜਦੋਂ ਰਾਜੇ ਨੇ ਦੋਹਾਂ ਕੁੜੀਆਂ ਨੂੰ ਦੇਖਿਆ ਤਾਂ ਹੱਸ ਕੇ ਆਖਿਆ, “ਆਓ ਬੱਚੀਓ, ਆ ਗਈਆਂ ਹੋ ! ਮੈਨੂੰ ਡਰ ਹੈ ਇਸ ਘੋਲ ਵਿਚ ਤੁਹਾਨੂੰ ਕੋਈ ਸਵਾਦ ਨਹੀਂ ਆਉਣਾ। ਮੇਰੀ ਜਾਚੇ ਤਾਂ ਇਨ੍ਹਾਂ ਦੋਹਾਂ ਦਾ ਕੋਈ ਟਾਕਰਾ ਹੀ ਨਹੀਂ, ਇਹ ਨੌਜਵਾਨ ਅਨਾੜੀ ਚਰਨੇ ਦੇ ਮੁਕਾਬਲੇ ਦਾ ਕਿਵੇਂ ? ਐਵੇਂ ਹੀ ਆਪਣੀ ਜਾਨ ਗਵਾਉਣ ਲਗਾ ਹੈ।”
ਰਾਜ ਨੇ ਕਿਹਾ, “ਫਿਰ ਚਾਚਾ ਜੀ, ਤੁਸੀਂ ਇਸ ਘੋਲ ਨੂੰ ਰੋਕ ਹੀ ਕਿਉਂ ਨਹੀਂ ਦੇਂਦੇ ?"
ਰਾਜੇ ਨੇ ਉੱਤਰ ਦਿੱਤਾ, “ਮੈਂ ਤਾਂ ਇਸ ਨੂੰ ਬਥੇਰਾ ਹੀ ਸਮਝਾਇਆ ਹੈ, ਪਰ ਇਸ ਨੂੰ ਕੁਝ ਪੋਂਹਦਾ ਹੀ ਨਹੀਂ। ਕੁੜੀਉ, ਤੁਸੀਂ ਹੀ ਇਸ ਨੂੰ ਸਮਝਾਓ ਖਾਂ ਸ਼ਾਇਦ ਬਾਜ਼ ਆ ਜਾਵੇ। ਇਹ ਵਡੇ ਪੁੰਨ ਦਾ ਕੰਮ ਹੈ ਜੇ ! ਮੈਨੂੰ ਇਸ ਦੀ ਜਵਾਨੀ ਤੇ ਵਡਾ ਤਰਸ ਆਉਂਦਾ ਹੈ।"
ਕੁੜੀਆਂ ਨੂੰ ਉਸ ਮਲ ਦੇ ਵੇਖਦਿਆਂ ਹੀ ਨਿਸਚਾ ਹੋ ਗਿਆ ਜੋ ਜੇ ਕਦੇ ਜਾਨੋਂ ਬਚ ਗਿਆ ਤਾਂ ਭੀ ਉਸ ਨੂੰ ਸਖ਼ਤ ਸੱਟਾਂ ਲਗਣਗੀਆਂ। ਇਸ ਲਈ ਉਸ ਨੂੰ ਆਪਣੇ ਕੋਲ ਬੁਲਾ ਕੇ ਉਹ ਸਮਝਾਣ ਬੁਝਾਣ ਲਗੀਆਂ ਪਰ ਰਾਜ-ਕੁਮਾਰੀਆਂ ਉਸਨੂੰ ਆਪਣੇ ਮਨੋਰਥ ਤੋਂ ਰੋਕ ਨਾ ਸਕੀਆਂ। ਜਿਉਂ ਜਿਉਂ ਰਾਜਵਤੀ ਉਸ ਨੂੰ ਵਰਜਣ ਲਈ ਤਰਲੇ ਲੈਂਦੀ, ਤਿਉਂ ਤਿਉਂ ਉਸ ਨੌਜਵਾਨ ਨੂੰ ਘੋਲ ਦਾ ਵਧੀਕ ਚਾਉ ਚੜ੍ਹਦਾ। ਰਾਜਵਤੀ ਦਾ ਮਤਲਬ ਤਾਂ ਉਸ ਨੂੰ ਵਰਜਣ ਦਾ ਸੀ ਪਰ ਇਸ ਸੁੰਦਰੀ ਨਾਲ ਗਲ ਬਾਤ ਨੇ ਉਸ ਦੇ ਮਨ ਤੇ ਕੁਝ ਹੋਰ ਹੀ ਅਸਰ ਕੀਤਾ। ਅਖਾੜਾ ਜਿੱਤ ਕੇ ਉਸ ਦੇ ਕੋਲੋਂ ਸ਼ਾਬਾਸ਼ ਲੈਣ ਦੇ ਖ਼ਿਆਲ ਨੇ ਉਸ ਦੇ ਅੰਦਰ ਇਕ ਹੋਰ ਹੀ ਤਾਕਤ ਭਰ ਦਿਤੀ।
ਨੌਜਵਾਨ ਨੇ ਵਡੀ ਅਧੀਨਗੀ ਨਾਲ ਆਖਿਆ, “ਮੈਨੂੰ ਘੜੀ ਮੁੜੀ ਆਖ ਕੇ ਸ਼ਰਮਿੰਦਾ ਨਾ ਕਰੋ। ਜੇ ਜਾਨ ਮੰਗੋ ਤਾਂ ਹਾਜ਼ਰ ਹੈ, ਪਰ ਸ਼ੋਕ ਹੈ ਜੋ ਮੈਂ ਤੁਹਾਡਾ ਇਹ ਹੁਕਮ ਨਹੀਂ ਮੰਨ ਸਕਦਾ। ਮੇਰਾ ਤੁਸੀਂ ਕੋਈ ਫ਼ਿਕਰ ਨਾ ਕਰੋ ਮੈਂ ਹਾਰ ਗਿਆ ਤਾਂ ਕੋਈ ਸ਼ਰਮ ਨਹੀਂ, ਮੈਨੂੰ ਅਗੇ ਕੌਣ ਜਾਣਦਾ ਹੈ ? ਜੇ ਮੈਂ ਮਾਰਿਆ ਗਿਆ ਤਾਂ ਕੋਈ ਡਰ ਨਹੀਂ, ਮੈਂ ਅਗੇ ਹੀ ਮਰਨ ਨੂੰ ਤਿਆਰ ਹਾਂ। ਮੇਰੀ ਮੌਤ ਦਾ ਕਿਸ ਨੂੰ ਸ਼ੋਕ ਹੋਣਾ ਹੈ ? ਮੇਰਾ ਮਿੱਤਰ ਕੋਈ ਨਹੀਂ। ਉਸ ਸੰਸਾਰ ਨੂੰ ਮੇਰੇ ਚਲੇ ਜਾਣ ਤੇ ਕੀ ਸ਼ੋਕ ਹੋ ਸਕਦਾ ਹੈ ਜਿਸ ਵਿਚ ਮੇਰਾ ਕੋਈ ਭੀ ਨਹੀਂ।
“ਜਗਤ ਤੇ ਕੌਣ ਹੈ ਮੇਰੇ ਜਹੇ ਝੱਲੇ ਦਿਵਾਨੇ ਦਾ,
ਨਾ ਦੁਨੀਆਂ ਦੀ ਹਿਰਸ ਬਾਕੀ ਨਾ ਟੰਟਾ ਆਸ਼ੀਆਨੇ ਦਾ।
ਨਾ ਕੋਈ ਰੋਣ ਵਾਲਾ ਹੈ ਨਾ ਮੈਂ ਰੋਣਾ ਕਿਸੇ ਨੂੰ ਹੈ,
ਰਵ੍ਹਾਂ ਕਿਉਂ ਏਸ ਦੁਨੀਆਂ ਤੇ ਮੈਂ ਬਦ-ਕਿਸਮਤ ਜ਼ਮਾਨੇ ਦਾ।"
ਇਹ ਦਰਦ ਭਰਿਆ ਗੀਤ ਸੁਣ ਕੇ ਰਾਜਵਤੀ ਦੀਆਂ ਅੱਖੀਆਂ ਵਿਚ ਅੱਥਰੂ ਭਰ ਆਏ, ਪਰ ਉਸ ਨੇ ਦਿਲ ਪਕਾ ਕਰ ਕੇ ਆਖਿਆ, ਮੈਂ ਅਬਲਾ ਕੁੜੀ ਹਾਂ, ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦੀ, ਪਰ ਮੇਰੀ ਰੱਬ ਅਗੇ ਪ੍ਰਾਰਥਨਾ ਹੈ ਜੋ ਇਹ ਥੋੜਾ ਜਿਹਾ ਬਲ ਜੇਹੜਾ ਮੇਰੇ ਵਿਚ ਹੈ, ਉਹ ਤੁਹਾਡੇ ਵਿਚ ਚਲ ਜਾਏ ਤੇ ਤੁਹਾਨੂੰ ਜਿਤ ਹੋਵੇ।"
ਘੋਲ ਦੇ ਸਮੇਂ ਰਾਜਵਤੀ ਦੀਆਂ ਸਧਰਾਈਆਂ ਹੋਈਆਂ ਅੱਖੀਆਂ ਉਸ ਨੌਜਵਾਨ ਵਲ ਹੀ ਲੱਗੀਆਂ ਰਹੀਆਂ, ਉਸ ਨੂੰ ਸੁਭਾਵਕ ਉਸ ਨਾਲ ਪਿਆਰ ਪੈ ਗਿਆ ਸੀ।
ਰਾਜ ਦਿਲੋਂ ਮਨੋਂ ਇਹ ਪ੍ਰਾਰਥਨਾ ਕਰ ਰਹੀ ਸੀ, ਜੋ ਇਹ ਗਭਰੂ (ਜਿਸ ਦਾ ਨਾ ਹੀ ਉਥੇ ਕੋਈ ਦਰਦੀ ਸੀ, ਤੇ ਨਾ ਮਿਤ੍ਰ ) ਉਸ ਘੋਲ ਵਿਚ ਬਾਜ਼ੀ ਜਿਤ ਕੇ ਲੈ ਜਾਏ।
ਮਜਨੂੰ ਨੇ ਜੰਗਲ ਗਾਹ ਮਾਰੇ, ਲੇਲਾਂ ਦੇ ਦਰਸ਼ਨ ਪਾਵਣ ਨੂੰ।
ਫਰਿਹਾਦ ਏ ਪਰਬਤ ਚੀਰ ਲਿਆ,ਇਕ ਸ਼ੀਰੀਂ ਦੇ ਪਰਚਾਵਣ ਨੂੰ।
ਕੱਛੇ ਗਏ ਵਾਟ ਝਨਾਵਾਂ ਦੇ, ਮਹੀਵਾਲ ਦੇ ਇਕ ਇਸ਼ਾਰੇ ਤੇ।
ਖੱਲਾਂ ਲਹਿ ਗਈਆਂ ਮੈਲ ਵਾਂਗ , ਇਕ ਅਨਲਹਕ ਦੇ ਨਾਹਰੇ ਤੇ।
ਸੱਸੀ ਥਲਾਂ ਨੂੰ ਚੀਰ ਗਈ, ਬੱਧੀ ਹੋਈ ਪ੍ਰੇਮ ਪਿਆਰਾਂ ਦੀ।
ਇਕ ਪੁਨੂੰ ਦੇ ਦੀਦਾਰ ਲਈ, ਪਰਵਾਹ ਨਾ ਰਹੀ ਅਜ਼ਾਰਾਂ ਦੀ।
ਇਹ ਪ੍ਰੇਮ ਨਹੀਂ ਇਕ ਬਿਜਲੀ ਏ ਜੋ ਦਿਲ ਨੂੰ ਪਾਰ ਕਰ ਦੇਵੇ।
ਉਹ ਰਾਤ ਦਾ ਟੋਟਾ ਤੂਰ ਬਣੇ ਜਿਸ ਤਰਫ਼ ਇਸ਼ਾਰਾ ਕਰ ਦੇਵੇ।
+ + +
ਕਰਤਾਰ ਦੇ ਰੰਗ ! ਰਾਜ-ਕੁਮਾਰੀ ਦੇ ਪ੍ਰੇਮ ਭਰੇ ਬਚਨਾਂ ਨੇ ਉਸ ਨੂੰ ਹੌਸਲਾ ਦਿੱਤਾ ਤੇ ਉਸ ਦੀ ਦਿਲ ਖਿਚਵੀਂ ਨਜ਼ਰ ਨੇ ਉਸ ਦੇ ਅੰਦਰ ਇਕ ਇਹੋ ਜਹੀ ਬਿਜਲੀ ਭਰ ਦਿਤੀ ਜੋ ਉਸ ਨੇ ਛੇਤੀ ਚਰਨੇ ਨੂੰ ਪਟਾਕ ਧਰਤੀ ਤੇ ਦੇਹ ਮਾਰਿਆ !
ਤਮਾਸ਼ਬੀਨਾਂ ਦਾ ਖ਼ਿਆਲ ਸੀ ਜੋ ਓਸ ਨੂੰ ਡੇਗਣ ਵਿਚ ਚਰਨੇ ਨੂੰ ਰਤੀ ਵੀ ਚਿਰ ਨਹੀਂ ਲਗੇਗਾ ਪਰ ਹੁਣ ਪਾਸਾ ਪਰਤਿਆ ਵੇਖ ਕੇ ਸਾਰਿਆਂ ਨੇ ਤਾੜੀਆਂ ਨਾਲ ਅਸਮਾਨ ਗੁੰਜਾ ਦਿਤਾ।
ਇਸ ਨੌਜਵਾਨ ਦੇ ਹੌਸਲੇ ਤੇ ਬਲ ਨੂੰ ਵੇਖ ਕੇ ਰਾਜੇ ਨੇ ਪਰਸੰਨ ਹੋ ਕੇ ਉਸ ਦਾ ਨਾਉਂ ਪਤਾ ਪੁਛਿਆ, ਤਾਂ ਉਸ ਨੇ ਉੱਤਰ ਦਿਤਾ,“ਮੇਰਾ ਨਾਉਂ ਅਰਜਨ ਹੈ ਤੇ ਮੈਂ ਸ੍ਵਰਗਵਾਸੀ ਰਾਮੇਸ਼ਵਰ ਰਾਏ ਦਾ ਨਿੱਕਾ ਪੁੱਤਰ ਹਾਂ !"
ਰਾਮੇਸ਼ਵਰ ਦਾ ਨਾਉਂ ਸੁਣਦਿਆਂ ਹੀ ਰਾਜੇ ਦੇ ਸਤੀਂ ਕੱਪੜੀਂ ਅੱਗ ਲੱਗ ਗਈ, ਕਿਉਂ ਜੋ ਇਹ ਰਾਮੇਸ਼ਵਰ ਰਾਏ ਬਨਵਾਸੀ ਰਾਜੇ ਦਾ ਡੂੰਘਾ ਮਿਤ੍ਰ ਰਿਹਾ ਸੀ। ਹਾਂ ! ਰਾਜਵਤੀ ਨੂੰ ਜਦੋਂ ਪਤਾ ਲਗਾ ਜੋ ਉਹ ਨੌਜਵਾਨ ਉਸ ਦੇ ਪਿਤਾ ਦੇ ਇਕ ਸਚੇ ਮਿਤ੍ਰ ਦਾ ਪੁੱਤਰ ਸੀ, ਤਾਂ ਉਹ ਹੋਰ ਵੀ ਪ੍ਰਸੰਨ ਹੋਈ ਤੇ ਉਸ ਨੇ ਆਪਣੇ ਗਲੋਂ ਹਾਰ ਲਾਹ ਕੇ ਉਸ ਦੇ ਹਥ ਦੇਂਂਦਿਆਂ ਆਖਿਆ, “ਇਸ ਨੂੰ ਮੇਰੀ ਤੁਛ ਨਿਸ਼ਾਨੀ ਸਮਝ ਕੇ ਸਵੀਕਾਰ ਕਰੋ।ਤੁਹਾਨੂੰ ਪਤਾ ਹੀ ਹੋਣਾ ਹੈ ਜੋ ਸਾਨੂੰ ਕਿਸਮਤ ਹਾਰ ਦੇ ਗਈ ਹੈ, ਨਹੀਂ ਤਾਂ ਮੈਂ ਕੋਈ ਵਧੀਆ ਸੁਗ਼ਾਤ ਆਪ ਦੇ ਭੇਟਾ ਕਰਦੀ।"
ਨੌਜਵਾਨ ਭੀ ਉਸ ਉਤੇ ਮੋਹਿਤ ਹੋ ਗਿਆ ਸੀ, ਪਰ ਇਹ ਵਿਚਾਰ ਕੇ ਜੋ ਕਿਧਰੇ ਰਾਜੇ ਨੂੰ ਇਸ ਦਾ ਪਤਾ ਨਾ ਲਗ ਜਾਵੇ ਤੇ ਉਹ ਉਸ ਨੂੰ ਬੰਦੀਖਾਨੇ ਵਿਚ ਨਾ ਡਕ ਦੇਵੇ, ਜਾਂ ਮਰਵਾ ਨਾ ਛਡੇ, ਚੁਪ ਚੁਪਾਤੇ ਮਹਿਲੋਂ ਬਾਹਿਰ ਨਿਕਲ ਗਿਆ।
ਜਦੋਂ ਕੁੜੀਆਂ ਇਕੱਲੀਆਂ ਰਹਿ ਗਈਆਂ, ਰਾਜਵਤੀ ਨੂੰ ਸਿਵਾਏ ਅਰਜਨ ਦੀਆਂ ਗੱਲਾਂ ਦੇ ਹੋਰ ਕੁਝ ਸੁੱਝਦਾ ਹੀ ਨਹੀਂ ਸੀ, ਉਹ ਤਾਂ ਪ੍ਰੇਮ ਵਿਚ ਮਸਤ ਹੋਈ ‘ਅਰਜਨ’, ‘ਅਰਜਨ’ ਕਰ ਰਹੀ ਸੀ।
ਭੁਲਿਆ ਆਪਾ, ਭੁਲੀ ਦੁਨੀਆਂ ਛਾਇਆ ਪ੍ਰੇਮ ਅਜਿਹਾ।
ਮਸਤੀ ਦੇ ਮੰਡਲ ਵਿਚ ਜੀਉੜਾ ਤੂਹੀ ਤੂਹੀ ਕਰ ਰਿਹਾ।
ਸ਼ੀਲਾ ਨੂੰ ਨਿਸਚੇ ਹੋ ਗਿਆ ਜੋ ਉਸਦੀ ਭੈਣ ਨੌਜਵਾਨ ਅਰਜਨ ਨੂੰ ਦਿਲ ਦੇ ਬੈਠੀ ਹੈ। ਕੁਝ ਚਿਰ ਮਗਰੋਂ ਰਾਜਾ ਪਰਧਾਨ ਰਾਏ ਮੁੜ ਉਨ੍ਹਾਂ ਦੇ ਕਮਰੇ ਆਇਆ, ਉਸਦਾ ਚੇਹਰਾ ਕ੍ਰੋਧ ਦੇ ਮਾਰੇ ਅੰਗਾਰਿਆਂ ਵਾਂਗ ਭਖ ਰਿਹਾ ਸੀ ਕਿਉਂ ਜੋ ਉਸ ਨੂੰ ਕਿਸੇ ਨੇ ਖਬਰ ਜਾ ਦਿਤੀ ਸੀ ਜੋ ਰਾਜਵਤੀ ਨੇ ਰਾਮੇਸ਼ਵਰ ਦੇ ਪੁੱਤਰ ਨੂੰ ਆਪਣੇ ਗਲੋਂ ਹਾਰ ਲਾਹ ਦਿਤਾ ਹੈ। ਆਉਂਦਿਆਂ ਹੀ ਡਾਢੇ ਰੋਹ ਵਿਚ ਉਸ ਨੇ ਕੜਕ ਕੇ ਆਖਿਆ----
ਮਿਰੀ ਇਜ਼ਤ ਮਿਰੇ ਜਲਾਲ ਤੇ ਬਿਜਲੀ ਗਿਰਾਵਣ ਵਾਲੀ।
ਮਿਰੇ ਇਕਬਾਲ ਤੇ ਪ੍ਰਤਾਪ ਨੂੰ ਵਟਾ ਲਗਾਵਣ ਵਾਲੀ।
ਤਿਰੀ ਕਰਤੂਤ ਸਾਰੇ ਜਗਤ ਤੇ ਮਸ਼ਹੂਰ ਹੋ ਗਈ ਏ।
ਤਿਰੀ ਇਜ਼ਤ ਮਿਰੇ ਦਿਲ ਤੋਂ ਨਿਪਟ ਕਾਫ਼ੂਰ ਹੋ ਗਈ ਏ।
ਸਿਰਫ਼ ਮੇਰੇ ਮਹਿਲ ਨਹੀਂ ਮੇਰੀ ਰਿਆਸਤ ਵਿਚੋਂ ਨਿਕਲ ਜਾਹ, ਤੈਨੂੰ ਦਸ ਦਿਨਾਂ ਦੀ ਮੋਹਲਤ ਦਿੰਦਾ ਹਾਂ ਜੇ ਇਸ ਦੇ ਮਗਰੋਂ ਕਿਧਰੇ ਨਜ਼ਰੀਂ ਪੈ ਗਈ ਤਾਂ ਜਾਨੋਂ ਮੁਕਾ ਦਿਆਂਗਾ।"
ਰਾਜ ਨੇ ਜਦੋਂ ਆਪਣਾ ਕਸੂਰ ਪੁਛਿਆ ਤਾਂ ਉਸ ਦਾ ਉਤਰ ਘੜਿਆ ਘੜਾਇਆ ਹੋਇਆ ਹੀ ,"ਮੈਨੂੰ ਨਿਸਚਾ ਹੋ ਗਿਆ ਹੈ ਕਿ ਤੂੰ ਪਿਉ ਦੀ ਹੀ ਧੀ ਹੈਂਂ, ਸਪ ਦੇ ਬੱਚੇ ਨੂੰ ਕਿੰਨਾ ਹੀ ਦੁਧ ਪਿਆਈਏ, ਉਹ ਮੁੜ ਵਿਹੁ ਪਲਟਦਾ ਹੈ। ਬਸ ਮੇਰਾ ਇਹ ਅਖੀਰਲਾ ਹੁਕਮ ਹੈ।"
ਸ਼ੀਲਾ ਨੇ ਭੈਣ ਲਈ ਬਥੇਰੇ ਹਾੜੇ ਕਢੇ, ਪ੍ਰੰਤੂ ਅਭਿਮਾਨੀ ਪਿਤਾ ਦੇ ਅਗੇ ਉਸ ਦੀ ਭੀ ਕੋਈ ਪੇਸ਼ ਨਾ ਗਈ ਤੇ ਰਾਜੇ ਦਾ ਰੋਹ ਨਾ ਟਾਲ ਸਕੀ। ਜਦੋਂ ਸ਼ੀਲਾ ਆਪਣਾ ਸਾਰਾ ਵਾਹ ਲਾ ਚੁਕੀ ਅਤੇ ਕਿਸੇ ਹੀਲੇ ਵਿਚ ਪਿਤਾ ਨੂੰ ਰਾਜ ਸੰਬੰਧੀ ਹੁਕਮ ਵਾਪਸ ਲੈਣ ਲਈ ਮਨਾ ਨਾ ਸਕੀ ਤਾਂ ਉਸ ਨੇ ਭੀ ਭੈਣ ਦਾ ਸਾਥ ਦੇਣ ਦਾ ਫ਼ੈਸਲਾ ਕਰ ਕੇ ਆਖਿਆ, “ਭੈਣ ਰਾਜ ! ਪਿਤਾ ਜੀ ਨੇ ਤੈਨੂੰ ਹੀ ਇਹ ਬਨਬਾਸ ਨਹੀਂ ਦਿਤਾ, ਮੈਂ ਭੀ ਤੇਰੇ ਨਾਲ ਹਾਂ। ਮੈਨੂੰ ਤੇਰੇ ਬਿਨਾਂ ਇਨ੍ਹਾਂ ਮਹਲਾਂ ਵਿਚ ਇਕ ਪਲ ਭੀ ਰਹਿਣਾ ਹਰਾਮ ਹੈ। ਵਾਹਿਗੁਰੂ ਸਾਖੀ ਹੈ ਮੈਂ ਤੇਰੇ ਦੁਖ ਵਿਚ ਸਦਾ ਸਾਂਝੀਵਾਲ ਹੋਵਾਂਗੀ।
ਮੇਰੇ ਸੁਖਾਂ ਤੋਂ ਆਪਣੇ ਸੁਖ ਤੈਂ ਕੁਰਬਾਨ ਕੀਤੇ ਸਨ।
ਤੇਰੇ ਸੁਖਾਂ ਵਾਸਤੇ ਮੈਂ ਜਿੰਦੜੀ ਭੀ ਵਾਰ ਦੇਵਾਂਗੀ।"
ਰਾਜ ਸ਼ੀਲਾ ਨੂੰ ਬਥੇਰਾ ਵਰਜ ਰਹੀ, ਪਰ ਉਸ ਨੇ ਉਸਦੀ ਇਕ ਵੀ ਨਾ ਮੰਨੀ ਤੇ ਆਪਣੇ ਹਠ ਤੇ ਡਟੀ ਰਹੀ।
ਟੁਰਨ ਤੋਂ ਪਹਿਲਾਂ ਉਨ੍ਹਾਂ ਨੇ ਸੋਚਿਆ ਜੋ ਇਸ ਪਰਕਾਰ ਰਾਜ ਕੁਮਾਰੀਆਂ ਦੀ ਪੁਸ਼ਾਕ ਵਿਚ ਜਾਣ ਨਾਲ ਰਾਹ ਵਿਚ ਕਈ ਪਰਕਾਰ ਦੇ ਕਸ਼ਟ ਆਉਣਗੇ, ਇਸ ਲਈ ਉਨ੍ਹਾਂ ਨੇ ਆਪਣੇ ਭੇਸ ਵਟਾਉਣ ਦਾ ਪ੍ਰਬੰਧ ਕਰ ਲਿਆ। ਸਲਾਹ ਇਹ ਪਕੀ ਜੋ ਰਾਜਵਤੀ ਜੇਹੜੀ ਦੋਹਾਂ ਵਿਚੋਂ ਉੱਚੀ ਲੰਮੀ ਸੀ, ਇਕ ਪੇਂਡੂ ਮਰਦ ਦਾ ਭੇਸ ਕਰੇ ਤੇ ਆਪਣੇ ਆਪ ਨੂੰ ਗਿਆਨ ਚੰਦ ਅਖਵਾਏ ਤੇ ਸ਼ੀਲਾ ਪੇਂਡੂ ਕੁੜੀ ਦੀ ਪੁਸ਼ਾਕ ਪਾ ਕੇ ਆਪਣਾ ਨਾਉਂ ਰੂਪਵਤੀ ਦਸੇ ਤੇ ਗਿਆਨ ਚੰਦ ਦੀ ਭੈਣ ਅਖਵਾਏ।
ਦੋਵੇਂ ਕੁੜੀਆਂ ਇਸ ਪ੍ਰਕਾਰ ਭੇਸ ਵਟਾ ਕੇ ਤੇ ਆਪਣਾ ਗਹਿਣਾ ਗੱਟਾ ਕਾਬੂ ਕਰ ਕੇ ਚੁਪ ਚਪੀਤੇ ਚੋਰੀ ਜੰਗਲ ਵਲ ਤੁਰ ਪਈਆਂ। ਮਰਦਾਵੇਂ ਭੇਸ ਵਿਚ ਹੁਣ ਰਾਜਕੁਮਾਰੀ ਨੂੰ ਮਰਦਾਂ ਵਾਂਗ ਟੁਰਨਾ ਪੈਂਦਾ ਤੇ ਉਨ੍ਹਾਂ ਵਾਂਗ ਹੀ ਉਹ ਗਲਾਂ ਕਥਾਂ ਕਰਦੀ ਤੇ ਰਾਹ ਵਿਚ ਸ਼ੀਲਾ ਦੀ ਇਉਂ ਹੀ ਸਹਾਇਤਾ ਕਰਦੀ, ਜਿਵੇਂ ਇਕ ਭਰਾ ਪੇਂਡੂ ਤੇ ਭੋਲੀ ਭਾਲੀ ਭੈਣ ਦੀ ਕਰਦਾ ਹੈ।
ਬਹੁਤ ਦਿਨ ਪੈਂਡਾ ਕਰਨ ਮਗਰੋਂ ਅਖੀਰ ਇਕ ਦਿਨ ਉਹ ਜੰਗਲ ਦੇ ਲਾਗੇ ਜਾ ਪੁਜੇ, ਪ੍ਰੰਤੂ ਦੋਵੇਂ ਕੁੜੀਆਂ ਥਕ ਟੁੱਟ ਕੇ ਹਾਰ ਚੁਕੀਆਂ ਸਨ। ਰੂਪ ਵਤੀ ਤਾਂ ਬਹੁਤ ਹੀ ਲਿੱਸੀ ਹੋ ਗਈ ਸੀ ਤੇ ਇਕ ਕਦਮ ਭੀ ਅਗੇ ਟੁਰਨ ਨੂੰ ਤਿਆਰ ਨਹੀਂ ਸੀ। ਗਿਆਨ ਚੰਦ ਨੇ ਬਹੁਤ ਧੀਰਜ ਦਿਤੀ,ਪਰ ਸਚ ਤਾਂ ਇਹ ਹੈ ਜੋ ਉਹ ਆਪ ਭੀ ਰਹਿ ਚੁਕੀ ਸੀ। ਅਖੀਰ ਦੋਵੇਂ ਲਿਸੇ ਮਾਂਦੇ ਨਿਰਾਸਤਾ ਤੇ ਉਦਾਸੀ ਦੀਆਂ ਮੂਰਤਾਂ ਬਣ ਸੜਕ ਦੇ ਕੰਢੇ ਤੇ ਹੀ ਰਤੀ ਕੁ ਦਮ ਲੈਣ ਲਈ ਬੈਠ ਗਏ।
ਉਹ ਇਸ ਮੰਦੀ ਦਸ਼ਾ ਵਿਚ ਬੈਠੇ ਹੋਏ ਸਨ ਜੋ ਲਾਗਿਉਂ ਇਕ ਆਜੜੀ ਆ ਲੰਘਿਆ। ਗਿਆਨ ਚੰਦ ਨੇ ਇਕ ਵਾਰੀ ਮੁੜ ਮਰਦਾਂ ਵਾਂਗ ਹੌਂਸਲੇ ਨਾਲ ਆਖਿਆ, "ਭਰਾ ਜੀ! ਅਸੀਂ ਥਕੇ ਹੋਏ ਹਾਂ ਤੇ ਕਿਤਨੇ ਦਿਨਾਂ ਤੋਂ ਭੋਜਨ ਵੀ ਨਹੀਂ ਪਾਇਆ, ਜਿਸ ਕਰਕੇ ਮੇਰੀ ਇਹ ਭੈਣ ਇਤਨੀ ਨਿਢਾਲ ਹੋਈ ਪਈ ਹੈ ਜੋ ਇਕ ਕਦਮ ਭੀ ਹੋਰ ਨਹੀਂ ਤੁਰ ਸਕਦੀ। ਜੇ ਕਦੇ ਤੁਸੀਂ ਕ੍ਰਿਪਾ ਕਰ ਕੇ ਸਾਨੂੰ ਕਿਸੇ ਇਹੋ ਜਿਹੇ ਥਾਂ ਲੈ ਚਲੋ ਜਿਥੇ ਅਸੀਂ ਅਮਨ ਨਾਲ ਕੁਝ ਚਿਰ ਟਿਕ ਸਕੀਏ ਤਾਂ ਤੁਹਾਡਾ ਵਡਾ ਐਹਸਾਨ ਮੰਨਾਂਗੇ ਤੇ ਇਸ ਤਕਲੀਫ਼ ਬਦਲੇ ਕੁਝ ਮਾਇਆ ਭੇਟ ਕਰਨ ਨੂੰ ਭੀ ਤਿਆਰ ਹਾਂ।"
ਆਜੜੀ ਨੇ ਕਿਹਾ, "ਸ਼ੋਕ ਹੈ ਜੋ ਮੈਂ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦਾ, ਮੈਂ ਤਾਂ ਇਕ ਨੌਕਰ ਹਾਂ ਤੇ ਉਹ ਨੌਕਰੀ ਭੀ ਛੁਟਣ ਵਾਲੀ ਹੈ, ਕਿਉਂ ਜੋ ਮੇਰਾ ਮਾਲਕ ਇਹ ਅਜੜ ਤੇ ਝੁੱੱਗੀ ਜਿਥੇ ਮੈਂ ਰਹਿੰਦਾ ਹਾਂ ਵੇਚਣ ਲਗਾ ਹੈ, ਹਾਂ ਜੇ ਕਦੀ ਤੁਸੀ ਇਹ ਦੋਵੇਂ ਚੀਜ਼ਾਂ ਖਰੀਦ ਲਵੋ ਤਾਂ ਮੈਂ ਤੁਹਾਡੀ ਸੇਵਾ ਵਿਚ ਹੀ ਟਿਕਿਆ ਰਹਾਂਗਾ।” ਉਨ੍ਹਾਂ ਦੋਹਾਂ ਨੇ ਇਹ ਗਲ ਪਰਵਾਨ ਕਰ ਲਈ ਤੇ ਆਜੜੀ ਉਨਾਂ ਨੂੰ ਆਪਣੀ ਝੁਗੀ ਵਿਚ ਲੈ ਗਿਆ।ਜਦੋਂ ਖਾ ਪੀ ਕੇ ਉਹ ਕੁਝ ਸੁਰਜੀਤ ਹੋਏ ਤਾਂ ਉਨ੍ਹਾਂ ਨੇ ਉਹ ਝੁੱਗੀ ਤੇ ਅਜੜ ਖ਼ਰੀਦ ਲਏ ਤੇ ਉਹ ਉਥੇ ਹੀ ਰਹਿਣ ਲਗ ਪਈਆਂ। ਥੋੜਿਆਂ ਦਿਨਾਂ ਵਿਚ ਹੀ ਉਹ ਸੁੰਦਰੀਆਂ ਮੁੜ ਆਪਣੀ ਅਸਲੀ ਦਸ਼ਾ ਤੇ ਆ ਗਈਆਂ ਤੇ ਉਸ ਆਜੜੀ ਦੀ ਝੁੱੱਗੀ ਵਿਚ ਖੁਸ਼ੀ ਖੁਸ਼ੀ ਸਮਾਂ ਬੀਤਣ ਲਗਾ।
ਕਰਤਾਰ ਦੇ ਰੰਗ। ਅਰਜਨ ਵੀ ਉਸੇ ਜੰਗਲ ਵਿਚ ਹੀ ਰਹਿੰਦਾ ਸੀ। ਪਾਠਕਾਂ ਨੂੰ ਤਾਂ ਪਤਾ ਹੈ,ਪ੍ਰੰਤੂ ਉਨ੍ਹਾਂ ਸੁੰਦਰੀਆਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ।
ਅਰਜਨ ਸੂਰਗਵਾਸੀ ਰਾਮੇਸ਼ਵਰ ਰਾਏ ਦਾ ਨਿੱਕਾ ਪੁੱਤ੍ਰ ਸੀ, ਉਸ ਦੀ ਸੋਹਣੀ ਸੂਰਤ, ਸ਼ੁਭ ਆਚਰਨ ਤੇ ਪਿਤਾ ਨਾਲ ਨੁਹਾਰ ਮਿਲਨ ਕਰਕੇ ਲੋਕ ਉਸ ਦੇ ਨਾਲ ਪਿਆਰ ਕਰਦੇ ਸਨ, ਜਿਸ ਕਰਕੇ ਉਸਦਾ ਵੱਡਾ ਭਰਾ ਸੜਦਾ ਸੀ ਤੇ ਸਦਾ ਕ੍ਰੋਧਵਾਨ ਰਹਿੰਦਾ ਸੀ। ਹੁਣ ਜਦੋਂ ਚਰਨੇ ਉਤੇ ਜਿੱਤ ਦੀ ਖਬਰ ਉਸ ਦੀ ਕੰਨੀ ਪਈ, ਉਹ ਗੁੱਸੇ ਨਾਲ ਆਪੇ ਤੋਂ ਬਾਹਰ ਹੋ ਗਿਆ ਤੇ ਉਸ ਨੂੰ ਮਾਰ ਮੁਕਾਉਣ ਲਈ ਤੁਰ ਪਿਆ। ਸੁਤੇ ਪਿਆਂ ਉਸ ਦੀ ਕੋਠੀ ਨੂੰ ਅੱਗ ਲਾਉਣ ਦੀ ਗੋਂਂਦ ਗੁੰਦੀ, ਪਰ ਇਸ ਦੀ ਸੋ ਇਕ ਬੁੱਢੇ ਨੌਕਰ ਅੰਗ ਪਾਲ ਨੂੰ ਲਗ ਗਈ, ਜਿਸ ਨੇ ਅਰਜਨ ਨੂੰ ਇਸ ਭਿਆਨਕ ਖਤਰੇ ਤੋਂ ਖਬਰਦਾਰ ਕਰਦੇ ਹੋਇਆਂ ਉਸੇ ਰਾਤ ਘਰ ਤੋਂ ਬਾਹਰ ਨਿਕਲ ਜਾਣ ਲਈ ਪ੍ਰਾਰਥਨਾ ਕੀਤੀ। ਅਰਜਨ ਨੇ ਘਬਰਾ ਕੇ ਆਖਿਆ, "ਮੈਂ ਕਿਥੇ ਜਾਵਾਂ ? ਮੇਰੇ ਕੋਲ ਇਕ ਫੁਟੀ ਕੌਡੀ ਭੀ ਨਹੀਂ। ਕੀ ਰਾਮੇਸ਼ਵਰ ਰਾਏ ਦਾ ਪੁੱਤਰ ਭਿਖ ਮੰਗ ਕੇ ਪੇਟ ਭਰੇ ?"
ਬੁੱਢੇ ਨੌਕਰ ਨੇ ਉਸ ਦੇ ਪਿਤਾ ਦੀ ਨੌਕਰੀ ਵਿਚ ਪੰਜ ਸੌ ਰੁਪਿਆ ਜੋੜਿਆ ਸੀ। ਇਹ ਰਕਮ ਹੁਣ ਅਰਜਨ ਦੇ ਹਵਾਲੇ ਕਰਦਿਆਂ ਉਸ ਨੇ ਆਖਿਆ, "ਇਹ ਮਾਇਆ ਤੁਸੀ ਲੈ ਲਵੋ ਤੇ ਜੇਹੜਾ ਦਾਤਾ ਪੱਥਰਾਂ ਵਿਚ ਪੈਦਾ ਕੀਤੇ ਜੰਤਾਂ ਨੂੰ ਅਹਾਰ ਪੁਚਾਂਦਾ ਹੈ, ਓਹੀ ਮੇਰਾ ਇਸ ਬੁਢੇਪੇ ਦੀ ਉਮਰ ਵਿਚ ਫਿਕਰ ਕਰੇਗਾ। ਹਾਂ ਜੇ ਹੁਕਮ ਕਰੋ ਤਾਂ ਮੈਂ ਵੀ ਤੁਹਾਡੇ ਨਾਲ ਹੀ ਚਲ ਕੇ ਤੁਹਾਡਾ ਸੇਵਾ ਕਰਾਂ। ਭਾਵੇਂ ਮੈਂ ਬੁੱਢਾ ਹਾਂ, ਪਰ ਨਿਸਚਾ ਰਖੋ ਜੋ ਮੈਂ ਨੌਜਵਾਨਾਂ ਕੋਲੋਂ ਬਹੁਤ ਚੰਗੀ ਤੁਹਾਡੀ ਸੇਵਾ ਕਰ ਸਕਾਂਗਾ।"
ਬੁੱਢੇ ਅੰਗ ਪਾਲ ਦੀ ਇਹ ਗੱਲ ਸੁਣ ਕੇ ਅਰਜਨ ਦਾ ਦਿਲ ਭਰ ਆਇਆ ਤੇ ਉਸ ਦਾ ਹੱਥ ਫੜ ਕੇ ਉਸ ਨੇ ਆਖਿਆ, "ਅਸੀ ਕਠੇ ਹੀ ਰਹਾਂਗੇ ਤੇ ਮੈਨੂੰ ਪੂਰਨ ਆਸ ਹੈ, ਜੋ ਤੁਹਾਡੀ ਇਸ ਰਕਮ ਮੁਕਣ ਤੋਂ ਪਹਿਲਾਂ ਹੀ ਪ੍ਰਮਾਤਮਾ ਸਾਡੇ ਦੋਹਾਂ ਦੇ ਗੁਜਾਰੇ ਦਾ ਕੋਈ ਪ੍ਰਬੰਧ ਕਰ ਦੇਵੇਗਾ।"
ਇਹ ਮਤਾ ਪਕਾ ਕੇ ਅੰਗਪਾਲ ਤੇ ਉਸ ਦਾ ਨੌਜਵਾਨ ਮਾਲਕ ਦੋਵੇਂ ਰਾਤ ਨੂੰ ਘਰੋਂ ਨਿਕਲ ਤੁਰੇ ਤੇ ਜਾਂਦਿਆਂ ਜਾਂਦਿਆਂ ਅਖੀਰ ਅਰਜਨ ਜੂਹ ਪੁਜ ਗਏ। ਇਸ ਔਖੇ ਪੰਧ ਦੇ ਕਾਰਨ ਬੁੱਢਾ ਇਤਨਾ ਨਿਢਾਲ ਹੋ ਗਿਆ ਸੀ, ਜੋ ਲਾਚਾਰ ਉਸ ਨੇ ਨੀਰ ਭਰੇ ਨੇਤਰਾਂ ਨਾਲ ਅਰਜਨ ਵਲ ਵੇਖ ਕੇ ਕਿਹਾ, “ਸ਼ੋਕ, ਸੇਵਾ ਕਰਨ ਦੀ ਥਾਂ ਮੈਂ ਤੁਹਾਡੇ ਤੇ ਭਾਰੂ ਹੋਇਆ ਪਿਆ ਹਾਂ, ਪਰ ਮੈਂ ਕੀ ਕਰਾਂ, ਭੁੱਖ ਦੇ ਕਾਰਨ ਮੇਰੇ ਪੇਟ ਵਿਚ ਵੱਟ ਪੈਂਦਾ ਹੈ, ਮੈਂ ਤਾਂ ਹੋਰ ਇਕ ਕਦਮ ਵੀ ਨਹੀਂ ਚਲ ਸਕਦਾ। ਤੁਸੀਂ ਜਾਓ,ਆਪਣੇ ਲਈ ਕੋਈ ਠਿਕਾਣਾ ਟੋਲੋ, ਮੈਨੂੰ ਇਥੇ ਹੀ ਮਰਨ ਦਿਓ।"
ਅਰਜਨ ਨੇ ਉਸ ਨੂੰ ਧੀਰਜ ਦੇ ਕੇ ਇਕ ਘਣੇ ਬ੍ਰਿਛ ਦੀ ਛਾਉਂ ਤਲੇ ਲਿਟਾ ਦਿਤਾ ਤੇ ਆਪ ਕਿਸੇ ਖੁਰਾਕ ਦੀ ਭਾਲ ਵਿਚ ਗਿਆ। ਜੰਗਲ ਵਿਚ ਥੋੜੀ ਦੂਰ ਹੀ ਗਿਆ ਸੀ, ਜੋ ਉਸ ਨੇ ਰਾਜੇ ਤੇ ਉਸ ਦੇ ਮਿੱਤਰਾਂ ਨੂੰ ਇਕ ਬ੍ਰਿਛ ਤਲੇ ਬੈਠੇ ਪ੍ਰਸ਼ਾਦ ਛਕਦੇ ਵੇਖਿਆ। ਅਰਜਨ ਹੁਣ ਨਿਰਾਸ ਹੋ ਚੁਕਾ ਸੀ,ਇਸ ਲਈ ਆਪਣੀ ਤਲਵਾਰ ਮਿਆਨੋਂ ਧੂਹ ਕੇ ਧਿੰਗੋ ਜ਼ੋਰੀ ਰੋਟੀ ਖੋਹਣ ਨੂੰ ਅਗੇ ਵਧਿਆ। ਬਨਬਾਸੀ ਸਰਦਾਰਾਂ ਨੇ ਨੌਜਵਾਨ ਦਾ ਮੰਤਵ ਸਮਝ ਕੇ ਉਸ ਨੂੰ ਅਜੇਹੇ ਪ੍ਰੇਮ ਨਾਲ ਬੈਠ ਕੇ ਪ੍ਰਸ਼ਾਦ ਛਕਣ ਨੂੰ ਆਖਿਆ, ਜੋ ਉਹ ਆਪਣੀ ਕਰਨੀ ਤੇ ਸ਼ਰਮ ਦੇ ਮਾਰੇ ਪਾਣੀ ਪਾਣੀ ਹੋ ਗਿਆ। ਸ੍ਰਦਾਰਾਂ ਦੇ ਮੁੜ ਆਖਣ ਤੇ ਉਸ ਨੇ ਸਿਰ ਨੀਵਾਂ ਸੁਟ ਕੇ ਆਖਿਆ, "ਮੈਨੂੰ ਰੋਟੀ ਪਾਣੀ ਦੀ ਲੋੜ ਤਾਂ ਹੈ, ਪਰੰਤੂ ਆਪਣੇ ਲਈ ਨਹੀਂ ਸਗੋਂ ਆਪਣੇ ਗਰੀਬ ਨੌਕਰ ਲਈ, ਜੇਹੜਾ ਡਾਢਾ ਨਿਢਾਲ ਹੋ ਕੇ ਅਧ ਕੁ ਮੀਲ ਦੀ ਵਿਥ ਤੇ ਇਕ ਬ੍ਰਿਛ ਦੇ ਤਲੇ ਲੇਟਿਆ ਹੋਇਆ ਹੈ।”
ਰਾਜੇ ਨੇ ਕਿਹਾ, "ਫਿਰ ਉਸ ਨੂੰ ਭੀ ਇਥੇ ਲੈ ਆਓ, ਜੋ ਕੁਝ ਸਾਡੇ ਕੋਲ ਹੈ ਵੰਡ ਛਕਾਂਗੇ।” ਇਹ ਹੁਕਮ ਸੁਣ ਕੇ ਅਰਜਨ ਭੱਜਦਾ ਗਿਆ ਤੇ ਥੋੜੇ ਚਿਰ ਵਿਚ ਹੀ ਅੰਗ ਪਾਲ ਨੂੰ ਮੋਢੇ ਚੁਕ ਲੈ ਆਇਆ। ਪ੍ਰਸ਼ਾਦ ਪਾਣੀ ਛੱਕਣ ਨਾਲ ਬੁੱਢੇ ਦੀ ਜਾਨ ਵਿਚ ਜਾਨ ਪੈ ਗਈ ਤੇ ਜਦੋਂ ਰਾਜੇ ਨੂੰ ਪਤਾ ਲਗਾ ਕਿ ਅਰਜਨ ਕੌਣ ਹੈ ਤੇ ਕਿਉਂ ਘਰੋਂ ਨਿਕਲ ਕੇ ਆਇਆ ਹੈ, ਉਸ ਨੇ ਉਸ ਨੂੰ ਵੀ ਆਪਣੀ ਮੰਡਲੀ ਵਿਚ ਹੀ ਰਖ ਲਿਆ।
ਆਉ ਹੁਣ ਵੇਖੀਏ ਜੋ ਗਿਆਨ ਚੰਦ ਤੇ ਰੂਪ ਵਤੀ ਆਪਣੀ ਝੁੱਗੀ ਵਿਚ ਕਿਵੇਂ ਦਿਨ ਕਟੀ ਕਰਦੇ ਹਨ। ਇਕ ਦਿਨ ਜਦੋਂ ਜੰਗਲ ਵਿਚ ਉਹ ਸੈਰ ਨੂੰ ਗਏ, ਇਹ ਵੇਖ ਕੇ ਅਤੀ ਅਸਚਰਜ ਹੋਏ ਜੋ ਦੂਰ ਨੇੜੇ ਦੇ ਬ੍ਰਿਛਾ ਉਤੇ ਰਾਜਵਤੀ ਦਾ ਨਾਉਂ ਉਕਰਿਆ ਹੋਇਆ ਹੈ ਤੇ ਥਾਂ ਥਾਂ ਪੱਤ੍ਰਾਂ ਉਤੇ ਉਸ ਦੇ ਪ੍ਰੇਮ ਤੇ ਉਸਤਤੀ ਵਿਚ ਇਹੋ ਜਹੇ ਕਵਿਤਾ ਦੇ ਬੰਦ ਲਿਖੇ ਪਏ ਹਨ:-
ਸਜਨ ਇਕ ਭੋਰੀ ਨ ਵਿਛੋੜ !
ਛਲੀਏ ਨੈਣ ਪੀਆ ਦੇ ਛਲ ਗਏ !
ਤੀਰ ਨਜ਼ਰ ਦੇ ਸੀਨਾ ਸਲ ਗਏ !
ਹੇ ਮੇਰੇ ਮਤਵਾਲੇ ਸਾਜਨ
ਦੀਨਾਂ ਦੇ ਰਖਵਾਲੇ ਸਾਜਨ
ਕਦੀ ਬਾਗ ਇਧਰ ਭੀ ਮੋੜ......ਸਜਨ ਇਕ ਭੋਰੀ ਨ ਵਿਛੋੜ।
੨. ਤੁਧ ਬਾਝੋ ਮੇਰਾ ਝੜਿਆ ਜੀਵਨ।
ਯਾਦ ਤਿਰੀ ਲੁਟ ਖੜਿਆ ਜੀਵਨ।
ਮੁਰਦਾ ਜੀਵਨ ਮੇਰਾ ਕੀ ਏ ਜੀਵਨ।
ਤੁਰਦਾ ਜੀਵਨ ਮੇਰਾ ਕੀ ਏ ਜੀਵਨ।
ਹੇ ਸਾਈਂ ! ਹੇ ਜੀਵਨ ਰਾਜ !
ਇਸ ਜੀਵਨ ਵਿਚ ਜੀਵਨ ਪਾਜ।
ਉਸ ਟਿਕਾ ਦੀ ਉਸ ਵਸਤੀ ਦੀ !
ਉਸ ਜੀਵਨ ਦੀ ਉਸ ਹਸਤੀ ਦੀ !
ਚਿਣਗ ਮਿਰੇ ਕੰਨ ਪਾ ਜਾ।
ਭੋਲੇ ਭਾਲੇ ਬਾਲਕ ਵਾਗੋਂ।
ਆ ਜਾ
ਦਿਲ ਵਿੱਚ ਬਹਿ ਜਾ ਮੌਜ ਰਚਾ ਜਾ !
ਤਾਰ ਹਿਲਾ ਜਾ ਠੰਡਕ ਪਾ ਜਾ !
ਉਹ ਹੈਰਾਨ ਹੀ ਪਏ ਹੁੰਦੇ ਸਨ ਜੋ ਇਹ ਕੌਣ ਲਿਖ ਗਿਆ ਹੈ ਜਦੋਂ ਅਰਜਨ ਗਲ ਵਿਚ ਉਹੋ ਹੀ ਰਾਜਵਤੀ ਦਾ ਹਾਰ ਪਾਏ ਉਧਰੋਂ ਆ ਨਿਕਲਿਆ। ਰਾਜਵਤੀ ਨੇ ਝਟ ਪਟ ਉਸ ਨੂੰ ਪਛਾਣ ਲਿਆ ਤੇ ਮੁੜ ਉਸ ਨੂੰ ਵੇਖ ਉਸ ਦੇ ਕਲੇਜੇ ਠੰਢ ਪਈ, ਪਰੰਤੂ ਅਰਜਨ ਨੂੰ ਪਤਾ ਨ ਲੱਗਾ ਜੋ ਗਿਆਨ ਚੰਦ ਦੇ ਭੇਸ ਵਿਚ ਇਹ ਸੁੰਦਰੀ ਉਸ ਦੀ ਪਿਆਰੀ ਰਾਜਵਤੀ ਹੀ ਹੈ। ਰਾਜਵਤੀ ਨੇ ਆਪਣੇ ਆਪ ਨੂੰ ਪ੍ਰਗਟ ਕਰਨਾ ਯੋਗ ਨ ਸਮਝਿਆ ਤੇ ਮਰਦਾਵੀਂ ਅਵਾਜ਼ ਵਿਚ ਉਸ ਨਾਲ ਗੱਲਾਂ ਬਾਤਾਂ ਛੇੜ ਦਿੱਤੀਆਂ, ਜਿਨ੍ਹਾਂ ਵਿੱਚ ਹੱਸਦਿਆਂ ਹੱਸਦਿਆਂ ਉਸ ਨੇ ਆਖਿਆ, “ਵੇਖਿਆ ਜੇ ਹਰ ਬ੍ਰਿਛ ਤੇ ਇਹ ਕਿਸੇ ਦਾ ਨਾਉਂ ਤੇ ਕਵਿਤਾ ਦੇ ਬੰਦ ਉੱਕਰੇ ਪਏ ਹਨ, ਇਹ ਕਿਸੇ ਪ੍ਰੇਮ ਕੁੱਠੇ ਦੇ ਦਿਲ ਦੀ ਭੜਾਸ ਹੈ। ਜੇ ਕਦੇ ਮੈਨੂੰ ਇਹ ਪ੍ਰੇਮੀ ਮਿਲ ਜਾਏ ਤਾਂ ਮੈਂ ਉਸ ਨੂੰ ਜਹੀ ਮਤ ਦੇਵਾਂ ਜਿਹੜੀ ਉਸ ਦੇ ਪ੍ਰੇਮ-ਦੁਖ ਦਾ ਦਾਰੂ ਬਣੇ।"
ਇਹ ਸੁਣ ਕੇ ਅਰਜਨ ਨੇ ਅੱਥਰੂ ਕੇਰਦੇ ਹੋਏ ਆਖਿਆ, "ਉਹ ਅਭਾਗ ਦੁਖੀਆ ਮੈਂ ਹੀ ਹਾਂ, ਜੇ ਤੁਸੀਂ ਮੇਰੀ ਕੋਈ ਸਹਾਇਤਾ ਕਰ ਸਕਦੇ ਹੋ ਤਾਂ ਕਰੋ ਤੇ ਮੈਨੂੰ ਮਤ ਦੇਵੋ।'
ਇਸ ਤੇ ਗਿਆਨ ਚੰਦ ਨੇ ਉਸ ਨੂੰ ਹਰ ਰੋਜ਼ ਉਸ ਝੁੱਗੀ ਵਿਚ ਜਿਥੇ ਉਹ ਤੇ ਉਸ ਦੀ ਭੈਣ ਰਹਿੰਦੇ ਸਨ, ਆਉਣ ਨੂੰ ਕਿਹਾ। ਜਦੋਂ ਅਰਜਨ ਆਉਂਦਾ ਗਿਆਨ ਚੰਦ ਰਾਜਵੰਤੀ ਦਾ ਸਾਂਗ ਬਣ ਇਹੋ ਜਿਹੀਆਂ ਗੱਲਾਂ ਕਰਦਾ, ਜਿਨ੍ਹਾਂ ਤੋਂ ਤੀਵੀਆਂ ਦਾ ਆਪਣੇ ਪ੍ਰੇਮੀ ਨਾਲ ਧਰੋਹ ਪ੍ਰਗਟ ਹੁੰਦਾ। ਇਸ ਤੋਂ ਸ਼ਾਇਦ ਉਸ ਦਾ ਭਾਵ ਅਰਜਨ ਦੇ ਦਿਲ ਵਿਚੋਂ ਉਸ ਆਪਣੀ ਪਿਆਰੀ ਲਈ ਘ੍ਰਿਣਾ ਪੈਦਾ ਕਰਨ ਦਾ ਸੀ ਤੇ ਇਸ ਪਰਕਾਰ ਉਹ ਇਸ ਦੁਖ ਦਾ ਇਲਾਜ ਕਰਨਾ ਚਾਹੁੰਦੀ ਸੀ।
ਭਾਵੇਂ ਅਰਜਨ ਨੂੰ ਇਸ ਦਾਰੂ ਤੇ ਕੋਈ ਭਰੋਸਾ ਨਹੀਂ ਸੀ ਤਾਂ ਭੀ ਉਹ ਹਰ ਰੋਜ਼ ਉਥੇ ਆਉਣ ਨੂੰ ਰਾਜ਼ੀ ਹੋ ਗਿਆ। ਹਰ ਰੋਜ਼ ਉਹ ਉਥੇ ਆਉਂਦਾ ਤੇ ਗਿਆਨ ਚੰਦ ਨੂੰ ਆਪਣੀ ਪਿਆਰੀ ਰਾਜ ਸੱਦ ਕੇ ਉਸ ਦੇ ਨਾਲ ਜੀ ਪਰਚਾਉਂਦਾ। ਪਾਠਕ ਸਮਝ ਸਕਦੇ ਹਨ ਜੋ ਇਸ ਪਰਕਾਰ ਉਸ ਦੇ ਪ੍ਰੇਮ ਸਲ ਨੇ ਵੱਲ ਕੀ ਹੋਣਾ ਸੀ, ਸਗੋਂ ਇਹ ਨੁਸਖ਼ਾ ਤਾਂ ਉਲਟਾ ਬੈਠਿਆ। ਜਿਉਂ ਜਿਉਂ ਦਾਰੂ ਕੀਤਾ, ਮਰਜ਼ ਵਧਦੀ ਗਈ, ਰਾਜ ਲਈ ਉਸ ਦੇ ਦਿਲ ਵਿਚ ਪਿਆਰ ਵਧੀਕ ਉਛਾਲੇ ਮਾਰਨ ਲੱਗਾ।
ਇਸ ਪਰਕਾਰ ਹਾਸੇ ਖੇਡੇ ਵਿਚ ਕੁਝ ਸਾਤੇ ਬੀਤ ਗਏ। ਇਕ ਦਿਨ ਜੰਗਲ ਵਿਚ ਫਿਰਦਿਆਂ ਗਿਆਨ ਚੰਦ ਨੂੰ ਬਨਵਾਸੀ ਰਾਜਾ ਟੱਕਰ ਗਿਆ: ਪਿਤਾ ਨੇ ਮਰਦਾਨੇ ਭੇਸ ਵਿਚ ਆਪਣੀ ਪੁੱਤ੍ਰੀ ਨੂੰ ਮੂਲੋਂ ਹੀ ਨ ਪਛਾਤਾ, ਪਰੰਤੂ ਇਸ ਆਜੜੀ ਦੀ ਮਨ-ਮੋਹਣੀ ਸੂਰਤ ਨੇ ਉਸ ਦੇ ਦਿਲ ਨੂੰ ਖਿਚਿਆ ਜੋ ਉਸ ਕੋਲੋਂ ਨਾਉਂ ਪਤਾ ਪੁਛ ਬੈਠਾ। ਗਿਆਨ ਚੰਦ ਨੇ ਹੱਸਦੇ ਹੱਸਦੇ ਕੇਵਲ ਇਹ ਆਖ ਕੇ "ਮੇਰੇ ਮਾਤਾ ਪਿਤਾ ਵੀ ਇਹੋ ਜਹੇ ਪ੍ਰਸਿੱਧ ਘਰਾਣੇ ਦੇ ਹਨ, ਜਿਹੋ ਜਹੇ ਰਾਜੇ ਦੇ" ਟਾਲ ਦਿੱਤਾ ਤੇ ਵਧੇਰਾ ਪਤਾ ਦੇਣਾ ਕਿਸੇ ਹੋਰ ਸਮੇਂ ਲਈ ਰੱਖਿਆ।
ਇਕ ਦਿਨ ਅੰਮ੍ਰਿਤ ਵੇਲੇ ਜਦੋਂ ਅਰਜਨ ਗਿਆਨ ਚੰਦ ਨੂੰ ਮਿਲਣ ਲਈ ਜਾ ਰਿਹਾ ਸੀ ਤਾਂ ਉਹ ਕੀ ਵੇਖਦਾ ਹੈ ਕਿ ਇਕ ਪੁਰਸ਼ ਧਰਤੀ ਤੇ ਸੁੱਤਾ ਹੋਇਆ ਹੈ ਤੇ ਇਕ ਸੱਪ ਉਸ ਦੀ ਗਰਦਨ ਦੇ ਦਵਾਲੇ ਕੁੰਡਲ ਮਾਰੀ ਪਿਆ ਹੈ। ਸੱਪ ਅਰਜਨ ਨੂੰ ਵੇਖ ਕੇ ਭਜ ਕੇ ਇਕ ਝਾੜੀ ਵਿਚ ਛੁਪ ਗਿਆ। ਅਰਜਨ ਨੇ ਨੇੜੇ ਜਾਕੇ ਵੇਖਿਆ ਜੋ ਇਕ ਸੇ਼ਰਨੀ ਸੁੱਤੇ ਪਏ ਪੁਰਸ਼ ਤੇ ਝਪਟਾ ਮਾਰਨ ਨੂੰ ਤਿਆਰ ਖੜੀ ਹੈ, ਕੇਵਲ ਉਸ ਦੇ ਜਾਗਣ ਜਾਂ ਹਿਲਣ ਜੁਲਣ ਦੀ ਉਡੀਕ ਵਿਚ ਹੈ ਤਾਂ ਜੁ ਉਸ ਨੂੰ ਨਿਸਚਾ ਹੋ ਜਾਏ ਜੋ ਉਹ ਜੀਂਂਵਦਾ ਹੈ। ਜਦੋਂ ਅਰਜਨ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿਉਂ ਜੁ ਉਹ ਪੁਰਸ਼ ਉਸ ਦਾ ਵੱਡਾ ਭਰਾ ਸੀ ਜਿਸ ਦੇ ਹੱਥੋਂ ਤੰਗ ਹੋ ਕੇ ਉਹ ਅੱਜ ਜੰਗਲ ਦੀ ਮਿੱਟੀ ਪਿਆ ਛਾਣਦਾ ਸੀ। ਪਹਿਲਾਂ ਤਾਂ ਉਸ ਦੇ ਦਿਲ ਵਿਚ ਭਰਾ ਨੂੰ ਆਪਣੀ ਕਿਸਮਤ ਤੇ ਛੱਡ ਕੇ ਆਪਣੀ ਜਾਨ ਬਚਾਉਣ ਦਾ ਖ਼ਿਆਲ ਆਇਆ, ਪਰੰਤੂ ਝਟ ਪਟ ਹੀ ਉਸ ਦੇ ਖੂਨ ਨੇ ਉਛਾਲਾ ਖਾਧਾ ਤੇ ਉਸ ਨੇ ਤਲਵਾਰ ਧੂਹ ਕੇ ਸ਼ੇਰਨੀ ਤੇ ਵਾਰ ਕੀਤਾ। ਸ਼ੇਰਨੀ ਨੇ ਝਪੱਟਾ ਮਾਰਿਆ ਤੇ ਆਪਣੇ ਤਿੱਖੇ ਪੰਜੇ ਨਾਲ ਉਸ ਦੀ ਇਕ ਬਾਹ ਨੂੰ ਲਹੂ ਲੁਹਾਨ ਕਰ ਦਿੱਤਾ, ਪਰ ਅਖ਼ੀਰ ਜਿੱਤ ਅਰਜਨ ਦੀ ਹੀ ਰਹੀ ਤੇ ਸ਼ੇਰਨੀ ਭਾਰੀ ਸੱਟ ਖਾ ਕੇ ਮਰ ਗਈ। ਇਸ ਰੌਲੇ ਰੱਪੇ ਵਿਚ ਭਰਾ ਦੀ ਅੱਖ ਭੀ ਖੁਲ੍ਹ ਗਈ। ਜਦੋਂ ਉਸ ਨੇ ਵੇਖਿਆ ਜੋ ਉਸੇ ਭਰਾ ਨੇ ਜਿਸ ਨੂੰ ਉਹ ਜੀਂਵਦਾ ਸਾੜ ਕੇ ਮੁਕਾਣਾ ਚਾਹੁੰਦਾ ਸੀ, ਕਿਵੇਂ ਆਪਣੀ ਜਾਨ ਜੋਖੋਂ ਵਿਚ ਪਾ ਕੇ ਉਸ ਨੂੰ ਲਹੂ ਦੀ ਤਿਹਾਈ ਸ਼ੇਰਨੀ ਤੋਂ ਬਚਾਇਆ ਹੈ, ਉਹ ਆਪਣੇ ਦਿਲ ਵਿਚ ਡਾਢਾ ਸ਼ਰਮਿੰਦਾ ਹੋਇਆ ਤੇ ਹੱਥ ਜੋੜ ਕੇ ਅਰਜਨ ਕੋਲੋਂ ਆਪਣੀ ਭੁਲ ਦੀ ਖ਼ਿਮਾ ਮੰਗੀ। ਅਰਜਨ ਨੇ ਵੱਡੀ ਖ਼ੁਸ਼ੀ ਨਾਲ ਉਸ ਦੇ ਪਾਪ ਨੂੰ ਬਖ਼ਸ਼ ਦਿੱਤਾ ਤੇ ਇਸ ਘਟਨਾ ਦੇ ਮਗਰੋਂ ਉਹ ਦੋਵੇਂ ਸੱਚੇ ਭਰਾ ਬਣ ਕੇ ਰਹਿਣ ਲੱਗੇ।
ਇਸ ਇਕ ਦਇਆ ਤੇ ਉਪਕਾਰ ਦੇ ਕੰਮ ਨਾਲ ਅਰਜਨ ਨੇ ਆਪਣੇ ਭਰਾ ਅਵਤਾਰ ਨੂੰ ਆਪਣਾ ਗੋਲਾ ਬਣਾ ਲਿਆ, ਜੇਹੜਾ ਕਿ ਉਸੇ ਦੇ ਮਾਰਨ ਲਈ ਹੀ ਜੰਗਲ ਵਿਚ ਉਸ ਦੇ ਪਿੱਛੇ ਆਇਆ ਸੀ। ਇਸ ਦਾ ਕਾਰਨ ਇਹ ਸੀ ਜੋ ਰਾਜਵਤੀ ਤੇ ਸ਼ੀਲਾ ਦੇ ਮਹਿਲਾਂ ਤੋਂ ਭੱਜ ਨਿਕਲਨ ਦੇ ਮਗਰੋਂ ਪ੍ਰਧਾਨ ਰਾਏ ਅਰਜਨ ਦੇ ਮਗਰ ਪੈ ਗਿਆ। ਪਰੰਤੂ ਜਦੋਂ ਟੋਲ ਭਾਲ ਦੇ ਮਗਰੋਂ ਭੀ ਉਨ੍ਹਾਂ ਦਾ ਕੋਈ ਪਤਾ ਨ ਲਭਿਆ ਤਾਂ ਰਾਜੇ ਨੇ ਅਵਤਾਰ ਨੂੰ ਬੁਲਾ ਕੇ ਪੁੱਛਿਆ। ਪਰ ਜਦ ਉਸ ਨੇ ਭੀ ਕਿਹਾ ਜੋ ਘੋਲ ਦੇ ਮਗਰੋਂ ਉਹ ਘਰ ਨਹੀਂ ਰਿਹਾ ਤਾਂ ਰਾਜੇ ਨੇ ਉਸ ਉਤੇ ਇਤਬਾਰ ਨ ਕੀਤਾ ਤੇ ਉਸ ਨੂੰ ਹੁਕਮ ਦਿੱਤਾ ਜੋ ਇਕ ਵਰ੍ਹੇ ਦੇ ਅੰਦਰ ਉਸ ਦਾ ਪਤਾ ਕੱਢ ਦੇਵੇ ਨਹੀਂ ਤਾਂ ਉਸ ਦੀ ਜਾਗੀਰ ਜ਼ਬਤ ਕਰ ਲਈ ਜਾਏਗੀ ਤੇ ਉਸ ਨੂੰ ਬੰਦੀਖ਼ਾਨੇ ਪਾ ਦਿੱਤਾ ਜਾਵੇਗਾ। ਇਸੇ ਲਈ ਹੁਣ ਅਵਤਾਰ ਭਰਾ ਦੀ ਭਾਲ ਵਿਚ ਜੰਗਲ ਛਾਣ ਰਿਹਾ ਸੀ। ਉਸ ਦੇ ਇਕੱਲੇ ਆਉਣ ਵਿਚ ਭੀ ਇਕ ਭੇਦ ਸੀ, ਉਹ ਡਰਦਾ ਸੀ ਕਿ ਜੇ ਗੱਲ ਬਾਹਰ ਨਿਕਲ ਗਈ ਤੇ ਅਰਜਨ ਦੇ ਕੰਨਾਂ ਤਕ ਜਾ ਪੁੱਜੀ ਤਾਂ ਉਹ ਪਕੜਾਈ ਨਹੀਂ ਦੇਵੇਗਾ। ਉਸ ਨੂੰ ਆਪਣੇ ਕੰਮ ਵਿੱਚ ਸਫਲਤਾ ਨਾ ਹੋਈ ਤੇ ਇਸ ਤਲਾਸ਼ ਵਿਚ ਥਕ ਟੁਟ ਕੇ ਤਲੇ ਲੇਟਿਆ ਹੋਇਆ ਸੀ ਜਦੋਂ ਅਰਜਨ ਨੇ ਸੱਪ ਤੇ ਸ਼ੇਰਨੀ ਕੋਲੋਂ ਉਸ ਦੀ ਜਾਨ ਬਚਾਈ।
ਅਰਜਨ ਦੀ ਬਾਂਹ ਲਹੂ ਲੁਹਾਨ ਹੋਈ ਪਈ ਸੀ ਤੇ ਫਟਾਂ ਵਿਚੋਂ ਇਤਨਾ ਲਹੂ ਵਗਿਆ ਸੀ, ਜੋ ਹੁਣ ਇਸ ਵਿਚ ਗਿਆਨ ਚੰਦ ਦੇ ਕੋਲ ਪੁੱਜਣ ਦੀ ਹਿੰਮਤ ਨਾ ਰਹੀ ਸੀ। ਇਸ ਲਈ ਉਸ ਨੇ ਆਪਣੇ ਭਰਾ ਅਵਤਾਰ ਨੂੰ ਆਖਿਆ ਜੋ ਉਹ ਜਾ ਕੇ ਆਜੜੀਆਂ ਨੂੰ ਦਸ ਆਵੇ ਜੋ ਉਸ ਦੇ ਮਿੱਤ੍ਰ ਦੇ ਸਿਰ ਕੀ ਬੀਤੀ ਹੈ ਤਾਂ ਜੁ ਉਹ ਉਡੀਕਦਾ ਨ ਰਹੇ।
ਅਵਤਾਰ ਨੇ ਝਟ ਪਟ ਉਨ੍ਹਾਂ ਦੇ ਨਿਵਾਸ ਅਸਥਾਨ ਪੁੱਜ ਕੇ ਆਜੜੀ ਤੇ ਉਸ ਦੀ ਭੈਣ ਨੂੰ ਸਾਰਾ ਸਮਾਚਾਰ ਜਾ ਸੁਣਾਇਆ ਜੋ ਕਿਵੇਂ ਅਰਜਨ ਨੇ ਆਪਣੀ ਜਾਨ ਹੂਲ ਕੇ ਉਸ ਨੂੰ ਮੌਤ ਤੋਂ ਬਚਾਇਆ। ਇਸ ਤੋਂ ਛੁਟ ਸ਼ਰਮ ਮਾਰੇ ਸਿਰ ਨੀਵਾਂ ਕਰ ਕੇ ਉਸ ਨੇ ਆਖਿਆ, “ਹੈਰਾਨੀ ਤਾਂ ਇਹ ਹੈ ਜੋ ਇਸ ਨੇ ਇਹ ਸਭ ਕੁਝ ਉਸ ਭਰਾ ਲਈ ਕੀਤਾ ਹੈ ਜੋ ਸਦਾ ਹੀ ਉਸ ਦਾ ਬੁਰਾ ਚਿਤਵਦਾ ਰਿਹਾ ਹੈ, ਅਤੇ ਉਸ ਨੂੰ ਮਾਰ ਮੁਕਾਣ ਦੀਆਂ ਗੋਂਦਾਂ ਹੀ ਗੁੰਦਦਾ ਰਿਹਾ ਹੈ। ਇਹ ਅਹਿਸਾਨ ਕਰ ਕੇ ਅੱਜ ਉਸ ਨੇ ਮੈਨੂੰ ਮੁੱਲ ਖ਼ਰੀਦ ਲਿਆ ਹੈ। ਮੈਂ ਤਾਂ ਉਸ ਨੂੰ ਮਾਰਨ ਦੀਆਂ ਤਦਬੀਰਾਂ ਹੀ ਸੋਚਦਾ ਰਿਹਾ, ਪਰ ਅੱਜ ਇਸ ਪਰਕਾਰ ਬੁਰੇ ਦਾ ਭਲਾ ਕਰ ਕੇ ਉਸ ਮੈਨੂੰ ਹੀ ਮਾਰ ਮੁਕਾਇਆ ਹੈ।"
ਇਸ ਆਪਣੀ ਗੱਲ ਦੇ ਸਬੂਤ ਵਿਚ ਉਸ ਨੇ ਲਹੂ ਨਾਲ ਲਿਬੜਿਆ ਹੋਇਆ ਇਕ ਰੁਮਾਲ ਦੱਸਿਆ ਜਿਸ ਦੇ ਨਾਲ ਉਸ ਨੇ ਅਰਜਨ ਦੇ ਫੱਟਾਂ ਨੂੰ ਬਧਾ ਸੀ। ਇਸ ਦੇ ਵੇਖਦਿਆਂ ਹੀ ਗਿਆਨ ਨੂੰ ਗਸ਼ ਆ ਗਈ ਪਰ ਛੇਤੀ ਹੀ ਹੋਸ਼ ਜੋ ਪਰਤੀ ਤਾਂ ਉਸ ਨੇ ਆਪਣੀ ਕਮਜ਼ੋਰੀ ਨੂੰ ਮਖੌਲ ਵਿਚ ਉਡਾਉਣ ਲਈ ਆਖਿਆ, "ਭਰਾ ਨੂੰ ਜਾ ਕੇ ਦਸ ਦੇਵੀਂ ਜੋ ਗਿਆਨ ਚੰਦ ਨੇ ਜਿਸ ਨੂੰ ਤੂੰ ਆਪਣੀ "ਰਾਜ” ਆਖ ਕੇ ਸੱਦਦਾ ਹੁੰਦਾ ਹੈਂ, ਅੱਜ ਤੀਵੀਂ ਦਾ ਸਾਂਗ ਇਸ ਖੂਬੀ ਨਾਲ ਨਿਭਾਇਆ ਹੈ ਸੂ ਕਿ ਲਹੂ ਵੇਖਦਿਆਂ ਹੀ ਅਜਿਹਾ ਮੱਕਰ ਕੀਤਾ ਸੂ ਜੋ ਸਾਰਿਆਂ ਸਮਝਿਆ ਜੋ ਸੱਚ ਮੁੱਚ ਹੀ ਗਸ਼ ਪੈ ਗਈ ਸੂ।"
ਹੁਣ ਸੁਣੋ ਰੂਪ-ਵਤੀ ਦੀ, ਅਵਤਾਰ ਦੀ ਸਾਫ਼ ਦਿਲੀ, ਆਪਣੇ ਕੀਤੇ ਤੇ ਪਸ਼ਚਾਤਾਪ ਤੇ ਭਰਾ ਲਈ ਦੁਖ ਨੇ ਉਸ ਦੇ ਦਿਲ ਉਤੇ ਕੁਝ ਇਹੋ ਜਿਹਾ ਅਸਰ ਕੀਤਾ ਜੋ ਉਹ ਉਸ ਉਤੇ ਮੋਹਿਤ ਹੀ ਹੋ ਗਈ।
ਅਵਤਾਰ ਨੇ ਹੁਣ ਵਾਪਸ ਆ ਕੇ ਭਰਾ ਨੂੰ ਸਾਰਾ ਹਾਲ ਦੱਸਿਆ ਜੋ ਕਿਵੇਂ ਉਸ ਦੇ ਫੱਟੜ ਹੋਣ ਦੀ ਖ਼ਬਰ ਸੁਣ ਕੇ ਗਿਆਨ ਨੂੰ ਗਸ਼ ਆ ਗਈ ਸੀ। ਉਸ ਨੇ ਭਰਾ ਤੋਂ ਏਹ ਵੀ ਨਾ ਲੁਕਾਇਆ ਜੋ ਉਹ ਤਾਂ ਆਪਣਾ ਦਿਲ ਉਸ ਆਜੜੀ ਦੀ ਭੈਣ ਰੂਪਵਤੀ ਨੂੰ ਦੇ ਬੈਠਾ ਹੈ ਤੇ ਉਸ ਕੋਲੋਂ ਵਿਵਾਹ ਦਾ ਪ੍ਰਣ ਭੀ ਲੈ ਆਇਆ ਹੈ। ਜਦੋਂ ਅਰਜਨ ਨੇ ਪੁੱਛਿਆ ਜੁ ਕਦੋਂ ਤੋੜੀ ਵਿਵਾਹ ਦੀ ਸਲਾਹ ਹੈ, ਤਾਂ ਉਸ ਨੇ ਉੱਤਰ ਦਿੱਤਾ, “ਮੈਂ ਚਾਹੁੰਦਾ ਹਾਂ ਜੋ ਭਲਕੇ ਸਵੇਰੇ ਹੀ ਇਹ ਸ਼ੁਭ ਕਾਰਜ ਹੋ ਜਾਵੇ। ਮੈਂ ਹੁਣ ਘਰ ਮੁੜ ਕੇ ਜਾਣਾ ਨਹੀਂ ਚਾਹੁੰਦਾ, ਇਸ ਰੂਪਵਤੀ ਦੀ ਝੁੱਗੀ ਵਿਚ ਹੀ ਕੱਠੇ ਰਵ੍ਹਾਂਗੇ। ਤੁਸੀਂ ਜਾਓ, ਜਾ ਕੇ ਜਾਇਦਾਦ ਤੇ ਘਰ ਬਾਰ ਸੰਭਾਲੋ ! ਉਸ ਉਤੇ ਮੇਰਾ ਕੋਈ ਹੱਕ ਨਹੀਂ, ਆਪਣੀ ਚੀਜ਼ ਦਾ ਆਪ ਪ੍ਰਬੰਧ ਕਰੋ।"
ਅਰਜਨ ਨੇ ਆਖਿਆ, “ਜੇ ਪਿਆਰ ਦੁਵੱਲੀ ਹੈ, ਦੋਵੇਂ ਇਕ ਦੂਜੇ ਨੂੰ ਦਿਲ ਦੇ ਚੁਕੇ ਹੋ ਤਾਂ ਵਿਆਹ ਵਿਚ ਢਿੱਲ ਨਹੀਂ ਲਾਉਣੀ ਚਾਹੀਦੀ। ਮੈਂ ਬਨਵਾਸੀ ਰਾਜੇ ਤੇ ਉਸ ਦੇ ਮਿੱਤ੍ਰਾਂ ਨੂੰ ਭੀ ਇਸ ਖ਼ੁਸ਼ੀ ਵਿਚ ਸ਼ਰੀਕ ਹੋਣ ਲਈ ਜਾ ਆਖਦਾ ਹਾਂ। ਬਾਕੀ ਰਹੀ ਮੇਰੇ ਘਰ ਜਾਣ ਦੀ ਗੱਲ ਉਥੇ ਜਾ ਕੇ ਕੀ ਲੈਣਾ ਹੈ ? (ਠੰਢਾ ਹਉਕਾ ਭਰ ਕੇ) ਤੇ ਵਾਹਿਗੁਰੂ ਜਾਣੇ, ਮੇਰੀ ਕਿਸਮਤ ਵਿਚ ਕੀ ਹੈ ? ਕਿਹਾ ਚੰਗਾ ਹੋਵੇ ਜੇ ਕਦੇ ਇਸ ਸ਼ੁਭ ਸਮੇਂ ਮੇਰਾ ਵਿਆਹ ਵੀ ਰਾਜ ਨਾਲ ਹੋ ਜਾਵੇ...........................ਪਰ ਇਹ ਅਸੰਭਵ ਹੈ, ਮੇਰੇ ਇਹੋ ਜਿਹੇ ਭਾਗ ਕਿੱਥੋਂ ?
ਨਸੀਬਾਂ ਦੀ ਜ਼ੰਜੀਰਾਂ ਤੋਂ ਰਿਹਾਈ ਪਾ ਨਹੀਂ ਸਕਦੀ,
ਮਿਟਾ ਦੇਵੇਗੀ ਮੈਨੂੰ ਭੀ ਨਿਕੰਮੀ ਆਰਜ਼ੂ ਮੇਰੀ।"
ਅਜੇ ਇਹ ਗੱਲਾਂ ਹੋ ਹੀ ਰਹੀਆਂ ਸਨ ਜੋ ਗਿਆਨ ਚੰਦ ਦੇ ਵਿਚ ਰਾਜਵਤੀ ਜਿਹੜੀ ਅਰਜਨ ਦੇ ਫੱਟਾਂ ਨੂੰ ਸੁਣ ਕੇ ਬਿਨਾ ਨੀਰ ਮੱਛੀ ਵਾਂਗ ਤੜਫ ਰਹੀ ਸੀ, ਉਸ ਨੂੰ ਵੇਖਣ ਲਈ ਉਥੇ ਆ ਪੁਜੀ। ਅਰਜਨ ਨੇ ਅਵਤਾਰ ਦੇ ਰੂਪਵਤੀ ਲਈ ਪ੍ਰੇਮ ਦਾ ਵਰਨਣ ਕਰਦਿਆਂ ਹੋਇਆਂ ਆਪਣੀ ਦਿਲੀ ਮੁਰਾਦ ਭੀ ਪ੍ਰਗਟ ਕਰ ਦਿੱਤੀ, ਜਿਸ ਨੂੰ ਸੁਣ ਕੇ ਉਸ ਨੇ ਆਖਿਆ, "ਜੇ ਕਦੇ ਸੱਚ ਮੁੱਚ ਤੁਹਾਡਾ ਰਾਜ ਨਾਲ ਇਤਨਾ ਪ੍ਰੇਮ ਹੈ ਤਾਂ ਕੋਈ ਕਾਰਨ ਨਹੀਂ ਜੋ ਉਹ ਤੁਹਾਨੂੰ ਨਾ ਲੋਚਦੀ ਹੋਵੇ। ਜੇ ਕਦੇ ਸੰਸਾਰ ਵਿਚ ਤੁਹਾਡਾ ਸੁਖ ਇਸੇ ਰਾਜ ਵਿਚ ਹੀ ਹੈ ਤਾਂ ਮੈਂ ਕੱਲ੍ਹ ਹੀ ਰਾਜ ਨੂੰ ਤੁਹਾਡੇ ਕੋਲ ਲੈ ਆ ਸਕਦਾ ਹਾਂ। ਫਿਰ ਤੁਹਾਨੂੰ ਆਪਣੇ ਪ੍ਰੇਮ ਦਾ ਸਬੂਤ ਵੀ ਮਿਲ ਜਾਵੇਗਾ, ਕਿਉਂ ਜੋ ਜੇ ਕਦੇ ਤੁਸੀਂ ਉਸ ਦੇ ਪ੍ਰੇਮ ਦੇ ਤੀਰਾਂ ਨਾਲ ਵਿੰਨ੍ਹੇ ਹੋਏ ਹੋ ਤਾਂ ਉਹ ਵੀ ਜ਼ਰੂਰ ਤੁਹਾਡੇ ਪ੍ਰੇਮ ਵਿਚ ਕੁੱਠੀ ਹੋਵੇਗੀ। ਜੇ ਸੱਚ ਮੁੱਚ ਇਹ ਦਸ਼ਾ ਹੋਵੇ ਤਾਂ ਵਿਆਹ ਵਿਚ ਕੀ ਢਿੱਲ ਹੋ ਸਕਦੀ ਹੈ ?"
ਅਰਜਨ ਨੇ ਕਿਹਾ, "ਪਰ ਤੁਸੀਂ ਇਸ ਨੂੰ ਇਥੇ ਕਿਵੇਂ ਲਿਆ ਸਕਦੇ ਹੋ ? ਮੇਰੀ ਸੁੱਤੀ ਹੋਈ ਕਿਸਮਤ ਕਿਵੇਂ ਜਗ ਸਕਦੀ ਹੈ ?"
ਗਿਆਨ-ਡਰੋ ਨਹੀਂ, ਰੱਬ ਕਰਨ ਕਾਰਨ ਸਮਰਥ ਹੈ। ਮੇਰੇ ਉਤੇ ਨਿਸਚਾ ਰਖੋ। ਮੈਂ ਆਪਣੇ ਚਾਚੇ ਕੋਲੋਂ ਜਿਹੜੇ ਇਕ ਪ੍ਰਸਿਧ ਜਾਦੂਗਰ ਸਨ, ਇਹ ਮੰਤ੍ਰ ਸਿਖਿਆ ਹੋਇਆ ਹੈ ਕਿ ਆਪਣੇ ਜਾਦੂ ਦੇ ਜ਼ੋਰ ਨਾਲ ਮੈਂ ਉਸ ਨੂੰ ਤੁਹਾਡੇ ਕੋਲ ਹਾਜ਼ਰ ਕਰ ਸਕਦਾ ਹਾਂ। ਮਾਰੋ ਪੁੱਠੀਆਂ ਛਾਲਾਂ, ਕਪੜੇ ਬਦਲੋ ਤੇ ਆਪਣੇ ਮਿੱਤ੍ਰਾਂ ਨੂੰ ਸੱਦ ਘੱਲੋ। ਜੇ ਤੁਹਾਡੀ ਸਲਾਹ ਭਲਕੇ ਹੀ ਵਿਵਾਹ ਦੀ ਹੈ ਭਲਕੇ ਹੀ ਹੋ ਜਾਵੇਗਾ ਤੇ ਉਹ ਵੀ ਰਾਜਵਤੀ ਨਾਲ ਹੀ। ਘਬਰਾਓ ਨਹੀਂ, ਹੁਣ ਤਾਂ ਮੂੰਹ ਮਿੱਠਾ ਕਰਾਉ।"
ਦੂਜੇ ਦਿਨ ਬਨਬਾਸੀ ਰਾਜਾ ਤੇ ਉਸ ਦੇ ਮਿੱਤ੍ਰ ਇਨ੍ਹਾਂ ਦੋਹਾਂ ਸੁਭਾਗ ਜੋੜੀਆਂ ਦਾ ਵਿਵਾਹ ਕਰਾਉਣ ਲਈ ਆ ਇਕੱਤ੍ਰ ਹੋਏ। ਅਵਤਾਰ ਰੂਪਵਤੀ ਦਾ ਹੱਥ ਫੜੇ ਹੋਏ ਰਾਜੇ ਦੇ ਕੋਲ ਆਇਆ, ਅਰਜਨ ਵੀ ਮੌਜੂਦ ਸੀ, ਪਰ ਨਾ ਹੀ ਕਿਧਰੇ ਰਾਜਵਤੀ ਵਿਖਾਈ ਦੇਂਦੀ ਸੀ ਤੇ ਨਾ ਹੀ ਗਿਆਨ ਚੰਦ। ਜਦੋਂ ਰਾਜੇ ਨੂੰ ਪਤਾ ਲੱਗਾ ਜੋ ਜਿਸ ਕੁੜੀ ਦੀ ਉਹ ਉਡੀਕ ਕਰ ਰਹੇ ਹਨ, ਉਹ ਉਸ ਦੀ ਬੱਚੀ ਰਾਜ ਹੈ, ਤਾਂ ਉਸ ਨੇ ਅਰਜਨ ਨੂੰ ਪੁਛਿਆ, ਮੈਨੂੰ ਸਮਝ ਨਹੀਂ ਆਉਂਦੀ, ਜੋ ਕਿਵੇਂ ਉਹ ਆਜੜੀ ਮੁੰਡਾ ਉਸ ਨੂੰ ਲਿਆ ਸਕਦਾ ਹੈ ? ਕੀ ਤੁਹਾਨੂੰ ਉਸ ਉਤੇ ਭਰੋਸਾ ਹੈ ਜੋ ਉਹ ਆਪਣੇ ਇਕਰਾਰ ਨੂੰ ਪੂਰਾ ਕਰ ਵਿਖਾਵੇਗਾ।"
ਅਰਜਨ ਨੇ ਹਉਕਾ ਭਰ ਕੇ ਆਖਿਆ, “ਮੈਂ ਕੀ ਦਸਾਂ, ਮੈਨੂੰ ਤਾਂ ਕੁਝ ਸੁਝਦਾ ਨਹੀਂ।
ਇਤਨੇ ਵਿਚ ਗਿਆਨ ਚੰਦ ਭੀ ਆ ਗਿਆ, ਉਸ ਨੇ ਸਿਰ ਨਿਵਾ ਕੇ ਰਾਜੇ ਨੂੰ ਆਖਿਆ, “ਜੀ ਤੁਸੀਂ ਰਾਜਵਤੀ ਤੇ ਅਰਜਨ ਦੇ ਵਿਆਹ ਵਿਚ ਰਾਜ਼ੀ ਹੋ ?"
ਰਾਜਾ-"ਰਾਜ਼ੀ ਹਾਂ ! ਜੇ ਕਦੇ ਮੈਂ ਦਾਜ ਵਿਚ ਆਪਣੀ ਰਿਆਸਤ ਦੇ ਸਕਦਾ, ਤਾਂ ਵੀ ਖ਼ੁਸ਼ੀ ਨਾਲ ਬੱਚੀ ਦਾ ਵਿਆਹ ਇਸ ਦੇ ਨਾਲ ਰਚਾ ਦਿੰਦਾ।"
ਹੁਣ ਅਰਜਨ ਵਲ ਮੂੰਹ ਕਰ ਕੇ ਗਿਆਨ ਨੇ ਕਿਹਾ, "ਜੇ ਕਦੇ ਮੈਂ ਉਸ ਨੂੰ ਇਥੇ ਲਿਆਵਾਂ ਤਾਂ ਕੀ ਤੁਸੀਂ ਉਸ ਨੂੰ ਸਵੀਕਾਰ ਕਰੋਗੇ ?"
ਅਰਜਨ ਨੇ ਉੱਛਲ ਕੇ ਆਖਿਆ, “ਭਾਵੇਂ ਮੈਂ ਸਾਰੀ ਦੁਨੀਆਂ ਦਾ ਰਾਜਾ ਹੋ ਜਾਵਾਂ, ਜੇ ਵਿਆਹ ਕਰਾਂਗਾ ਤਾਂ ਉਸੇ ਨਾਲ ਹੀ।”
ਇਹ ਸੁਣ ਕੇ ਰਾਜੇ ਤੋਂ ਆਗਿਆ ਲੈ ਕੇ ਗਿਆਨ ਚੰਦ ਤੇ ਰੂਪਵਤੀ ਆਪਣੀ ਝੁੱਗੀ ਵਲ ਗਏ। ਉਥੇ ਪੁਜ ਕੇ ਆਜੜੀ ਮੁੰਡਾ ਮਰਦਾਵਾਂ ਭੇਸ ਲਾਹ,ਤੀਵੀਆਂ ਵਾਲੇ ਆਪਣੇ ਸੁੰਦਰ ਬਸਤਰ ਸਜਾ ਝਟ ਪਟ ਬਿਨਾਂ ਕਿਸੇ ਜਾਦੂ ਦੀ ਸਹਾਇਤਾ ਦੇ ਰਾਜਵਤੀ ਬਣ ਗਿਆ। ਰੂਪਵਤੀ ਨੇ ਵੀ ਪੇਂਡੂਆਂ ਵਾਲੀ ਪੁਸ਼ਾਕ ਉਤਾਰ ਕੇ ਆਪਣੇ ਵੱਡਮੁੱਲੇ ਕਪੜੇ ਪਾ ਲਏ ਤੇ ਉਹ ਸ਼ੀਲਾ ਹੋ ਗਈ। ਇਧਰ ਇਹ ਦੋਵੇਂ ਆਪਣੀ ਝੁਗੀ ਵਿਚ ਪੁਸ਼ਾਕਾਂ ਵਟਾ ਰਹੀਆਂ ਸਨ, ਓਧਰ ਰਾਜੇ ਤੇ ਉਸ ਦੇ ਮਿਤ੍ਰਾਂ ਵਿਚ ਗਿਆਨ ਦੇ ਜਾਦੂ ਵਾਲੇ ਕੌਤਕ ਸੰਬੰਧੀ ਚਰਚਾ ਹੋ ਰਹੀ ਸੀ।
ਰਾਜੇ ਨੇ ਆਖਿਆ, "ਇਹ ਆਜੜੀ ਮੁੰਡਾ ਸ਼ਕਲ ਨੁਹਾਰ ਵਿਚ ਹੂ-ਬ-ਹੂ ਮੇਰੀ ਰਾਜ ਨਾਲ ਮਿਲਦਾ ਹੈ।"
ਅਰਜਨ ਨੇ ਕਿਹਾ, "ਇਸੇ ਕਰਕੇ ਤਾਂ ਮੈਂ ਉਸ ਨੂੰ ਰਾਜ ਦੇ ਨਾਮ ਨਾਲ ਬੁਲਾਇਆ ਕਰਦਾ ਹਾਂ।"
ਠੀਕ ਉਸੇ ਵੇਲੇ ਰਾਜਵਤੀ ਤੇ ਸ਼ੀਲਾ ਆਪਣੇ ਅਸਲੀ ਰੂਪ ਵਿਚ ਪੁੱਜੀਆਂ ਤੇ ਇਸ ਤਰ੍ਹਾਂ ਸਾਰਾ ਭੇਦ ਖੁਲ੍ਹ ਗਿਆ। ਰਾਜਵਤੀ ਨੇ ਪਿਤਾ ਦੇ ਚਰਨਾਂ ਤੇ ਢਹਿ ਕੇ ਅਸੀਸ ਮੰਗਦਿਆਂ ਹੋਇਆਂਂ ਦੱਸਿਆ ਜੋ ਕਿਵੇਂ ਉਨ੍ਹਾਂ ਨੂੰ ਬਨਬਾਸ ਮਿਲਿਆ ਤੇ ਕਿਵੇਂ ਉਹ ਤੇ ਸ਼ੀਲਾ ਆਜੜੀਆਂ ਦੇ ਭੇਸ ਵਿਚ ਭੈਣ ਭਰਾ ਬਣ ਕੇ ਬਨ ਵਿਚ ਟਿਕੇ ਰਹੇ।
ਚਿਰਾਂ ਦੇ ਵਿਛੜਿਆਂ ਦੇ ਇਸ ਪ੍ਰਕਾਰ ਮਿਲਾਪ ਹੋਣ ਤੇ ਸਾਰਿਆਂ ਨੇ ਰੱਜ ਰੱਜ ਕੇ ਖ਼ੁਸ਼ੀ ਮਨਾਈ ਤੇ ਦੋਵੇਂ ਸੁਭਾਗ ਜੋੜੀਆਂ ਦੇ ਵਿਵਾਹ ਦੀਆਂ ਰੀਤਾਂ ਵੱਡੇ ਚਾਅ ਨਾਲ ਸੰਪੂਰਨ ਕੀਤੀਆਂ ਤੇ ਇਕ ਵਾਰੀ ਤਾਂ ‘ਜੰਗਲ ਵਿਚ ਮੰਗਲ` ਦਾ ਡਾਢਾ ਦਿਲ ਖਿੱਚਵਾਂ ਨਜ਼ਾਰਾ ਬਣ ਗਿਆ। ਇਸ ਕਾਰਜ ਤੋਂ ਵਿਹਲੇ ਹੋ ਕੇ ਜਦੋਂ ਸਾਰੇ ਪ੍ਰਸ਼ਾਦ ਛਕਣ ਨੂੰ ਬੈਠੇ ਤਾਂ ਠੀਕ ਉਸ ਵੇਲੇ ਇਕ ਪੁਰਾਣੇ ਮਿੱਤਰ ਨੇ ਜੂਹ ਵਿਚ ਪੁਜ ਕੇ ਇਕ ਹੋਰ ਖ਼ੁਸ਼ੀ ਦੀ ਗੱਲ ਸੁਣਾਈ। ਉਸ ਦਸਿਆ ਜੋ ਜਦੋਂ ਸ਼ੀਲਾ ਵੀ ਰਾਜਵਤੀ ਨਾਲ ਜੰਗਲ ਵਲ ਭੱਜ ਆਈ, ਰਾਜੇ ਪ੍ਰਧਾਨ ਰਾਏ ਨੂੰ ਇਤਨਾ ਕ੍ਰੋਧ ਆਇਆ ਜੋ ਰੋਜ਼ ਦਿਹਾੜੇ ਦਾ ਟੰਟਾ ਮੁਕਾਉਣ ਲਈ ਇਕੋ ਵਾਰੀ ਉਸ ਦੇ ਭਰਾ ਨੂੰ ਤੇ ਉਸ ਦੇ ਸਾਥੀਆਂ ਮਿੱਤਰਾਂ ਨੂੰ ਜਿਹੜੇ ਬਨਾਂ ਵਿਚ ਰਹਿੰਦੇ ਸਨ, ਤਲਵਾਰ ਦੇ ਘਾਟ ਉਤਾਰਨ ਦੀ ਸਲਾਹ ਕੀਤੀ। ਇਸ ਭਾਵਨੀ ਨਾਲ ਫ਼ੌਜ ਦਾ ਇਕ ਤਕੜਾ ਦਸਤਾ ਲੈ ਕੇ ਉਸ ਨੇ ਜੂਹ ਵਲ ਕੂਚ ਕੀਤਾ। ਦੇਵਨੇਤ ਨਾਲ ਰਾਹ ਵਿਚ ਉਸ ਨੂੰ ਇਕ ਰੱਬ ਦਾ ਪਿਆਰਾ ਬੁੱਢਾ ਸੰਤ ਮਿਲ ਪਿਆ। ਜਦੋਂ ਰਾਜੇ ਨੇ ਉਸ ਤੋਂ ਅਸੀਸ ਮੰਗੀ ਤਾਂ ਉਸ ਮਹਾਤਮਾਂ ਨੇ ਉਸ ਨੂੰ ਇਸ ਕੁਕਰਮ ਤੋਂ ਵਰਜਿਆ ਤੇ ਪਿਛਲੇ ਕੀਤੇ ਹੋਏ ਪਾਪਾਂ ਤੋਂ ਪਸਚਾਤਾਪ ਕਰਨ ਲਈ ਪ੍ਰੇਰਨਾ ਕੀਤੀ। ਰੱਬ ਦੀ ਕੁਦਰਤ ਉਸ ਦੇ ਉਪਦੇਸ਼ ਨੇ ਪ੍ਰਧਾਨ ਰਾਏ ਦੇ ਦਿਲ ਦੀ ਤਾਰ ਨੂੰ ਹਿਲਾ ਦਿਤਾ ਤੇ ਅੱਗੇ ਵਧਣ ਦੀ ਥਾਂ ਉਥੇ ਹੀ ਪਸਚਾਤਾਪ ਕਰਨ ਲਗ ਪਿਆ ਤੇ ਉਸੇ ਸਾਈਂ ਲੋਕ ਦੇ ਕੋਲ ਟਿਕ ਪਿਆ। ਹੁਣ ਉਹ ਆਪਣੀ ਬਾਕੀ ਆਯੂ ਭਜਨ ਬੰਦਗੀ ਵਿਚ ਬਤੀਤ ਕਰਨਾ ਚਾਹੁੰਦਾ ਸੀ, ਇਸ ਲਈ ਉਸ ਨੇ ਭਰਾ ਨੂੰ ਸੁਨੇਹਾ ਘੱਲਿਆ ਹੋ ਜੋ ਮੁੜ ਆਪਣਾ ਰਾਜ ਭਾਗ ਆ ਕੇ ਸੰਭਾਲੇ। ਇਸ ਖ਼ੁਸ਼ਖ਼ਬਰੀ ਨੇ ਵਿਵਾਹ ਦੀ ਖ਼ੁਸ਼ੀ ਨੂੰ ਚੌਂਣਾ ਕਰ ਦਿਤਾ ਤੇ ਰਾਜੇ ਨੂੰ ਹਰ ਪਾਸਿਉਂ ਵਧਾਈਆਂ ਮਿਲਣ ਲੱਗ ਪਈਆਂ।
ਰਾਜੇ ਨੇ ਰਾਜਧਾਨੀ ਵਲ ਕੂਚ ਕੀਤਾ, ਜਿਥੇ ਪੁਜ ਕੇ ਉਸ ਨੇ ਆਪਣੇ ਸਾਥੀ ਮਿੱਤਰਾਂ ਨੂੰ ਉਨ੍ਹਾਂ ਦੀ ਨਿਮਕ ਹਲਾਲੀ ਤੇ ਨਿਸ਼ਕਾਮ ਸੇਵਾ ਦੇ ਬਦਲੇ ਇਨਾਮ ਵੰਡੇ ਤੇ ਹੁਦੇ ਵਧਾਏ।
ਸ਼ੀਲਾ ਤੇ ਰਾਜਵਤੀ ਅਗੇ ਵਾਂਗੂ ਕੱਠੀਆਂ ਰਹਿਣ ਲੱਗੀਆਂ ਤੇ ਇਕ ਦੂਜੇ ਨੂੰ ਉਸੇ ਪ੍ਰਕਾਰ ਪਿਆਰ ਕਰਦੀਆਂ ਰਹੀਆਂ। ਭਾਵੇਂ ਸ਼ੀਲਾ ਹੁਣ ਸਿੰਘਾਸਣ ਬੈਠ ਰਾਜੇ ਦੀ ਧੀ ਨਹੀਂ ਸੀ, ਪਰ ਉਸ ਦਾ ਪਿਆਰਾ ਅਵਤਾਰ ਉਸ ਦੇ ਕੋਲ ਸੀ ਤੇ ਉਹ ਉਸ ਤੋਂ ਵਧੀਕ ਕੁਝ ਹੋਰ ਮੰਗਦੀ ਵੀ ਨਹੀਂ ਸੀ। ਇਸ ਲਈ ਪਿਤਾ ਦੇ ਰਾਜ ਦੇ ਚਲੇ ਜਾਣ ਦਾ ਉਸ ਨੂੰ ਰਾਈ ਭਰ ਵੀ ਸ਼ੋਕ ਨਾ ਹੋਇਆ, ਸਗੋਂ ਉਹ ਪ੍ਰਸੰਨ ਸੀ ਜੋ ਹੱਕਦਾਰਾਂ ਨੂੰ ਉਨ੍ਹਾਂ ਦਾ ਹੱਕ ਮਿਲ ਗਿਆ।
(ਅਨੁਵਾਦਕ: ਬਲਵੰਤ ਸਿੰਘ ਚਤਰਥ)