Asal Jit (Bangla Story in Punjabi) : Rabindranath Tagore

ਅਸਲ ਜਿਤ (ਬੰਗਾਲੀ ਕਹਾਣੀ) : ਰਾਬਿੰਦਰਨਾਥ ਟੈਗੋਰ

ਅਮੀਰ ਪੁਰ ਦੇ ਮਹਾਰਾਜੇ ਦੀ ਰਾਜ ਕੁਮਾਰੀ ਦਾ ਨਾਂ ਅੰਜਨਾਂ ਸੀ, ਅਤੇ ਉਨਾਂ ਦੇ ਦਰਬਾਰੀ ਕਵੀ ਦਾ ਨਾਮ ਕੰਵਲ ਸੀ, ਉਹ ਜੁਆਨ ਸੀ, ਸੋਹਣਾ ਸੀ, ਉਹਦੀਆਂ ਮਸਤਾਨੀਆਂ ਅੱਖਾਂ ਰੰਗ ਗੋਰਾ, ਸਰੀਰ ਸੁਡੌਲ, ਤੇ ਉਸਦਾ ਮੁਖੜਾ ਨੂਰ ਭਰਿਆ ਸੀ,ਰਾਜ ਕੁਮਾਰੀ ਉਸਦੀ ਸ਼ਕਲ ਨੂੰ ਨਹੀਂ ਜਾਣ ਦੀ ਸੀ, ਅਤੇ ਉਸਦੀ ਅਵਾਜ਼ ਸੀ, ਚੰਗੀ ਤਰ੍ਹਾਂ ਜਾਣੂੰ ਸੀ, ਉਹ ਜਦੋਂ ਵੀ ਆਪਣੇ ਖਿਆਲਾਂ ਨਾਲ ਭਰੀ ਹੋਈ ਕੋਈ ਕਵਿਤਾ ਲਿਖ ਕੇ ਮਹਾਰਾਜ ਦੇ ਸਾਹਮਣੇ ਪੜ੍ਹਦਾ ਸੀ, ਤਾਂ ਉਸ ਦੀ ਅਵਾਜ਼ ਐਨੀ ਉਚੀ ਹੁੰਦੀ ਕਿ ਉਹ ਮਹਲ ਦੀਆਂ ਕੰਧਾਂ ਨਾਲ ਟਕਰਾ ਕੇ ਇਕ ਅਜੀਬ ਅਵਾਜ਼ ਪੈਦਾ ਕਰਦੀ ਸੀ, ਉਸ ਦੀ ਦਿਲ ਖਿਚਵੀਂ ਆਵਾਜ਼ ਰਾਜ ਕੁਮਾਰੀ ਦੇ ਕੰਨਾਂ ਰਸਤੇ ਦਿਲ ਵਿਚ ਜਾਂਦੀ, ਕੰਵਲ ਨੂੰ ਤਖਤ ਦੇ ਪਿਛੇ ਪੜ੍ਹਦੇ ਅੰਦਰ ਕੋਈ ਖਿਆਲੀ ਤਸਵੀਰ ਹਿਲਦੀ ਹੋਈ ਦਿਸਦੀ, ਅਤੇ ਸੋਨੇ ਦੇ ਗਹਿਣਿਆਂ ਦੀ ਛਨ ਛਨ ਸੁਣਾਈ ਦੇਂਦੀ, ਉਸ ਵੇਲੇ ਉਹ ਕਿਸੇ ਹੋਰ ਨਵੀਂ ਦੁਨੀਆਂ ਵਿਚ ਪਹੁੰਚ ਜਾਂਦਾ, ਉਸਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਕਿਸੇ ਦੇ ਨਰਮ ਅਤੇ ਸੋਹਲ ਪੈਰ ਬਹੁਤ ਹੌਲੀ ਹੌਲੀ ਉਸ ਵਲ ਵਧ ਰਹੇ ਹਨ।

ਰਾਜ ਕੁਮਾਰੀ ਦੀ ਇਕ ਦਾਸੀ ਸੀ, ਉਸਦਾ ਨਾਮ ਅਰੰਬਾ ਸੀ, ਉਹ ਸੂਰਜ ਚੜ੍ਹਣ ਤੋਂ ਪਹਿਲਾਂ ਗੰਗਾ ਦੇ ਇਸ਼ਨਾਨ ਲਈ ਜਾਂਦੀ ਸੀ ਅਤੇ ਰਸਤੇ ਵਿਚ ਕਵੀ ਦੇ ਮਕਾਨ ਕੋਲੋਂ ਲੰਘਦੀ ਸੀ ਕੰਵਲ ਦਾ ਮੂੰਹ ਉਸਨੂੰ ਵੇਖ ਕੇ ਕੰਵਲ ਦੇ ਫੁਲ ਦੀ ਤਰ੍ਹਾਂ ਖਿੜ ਜਾਂਦਾ ਉਹ ਹਸ ਹਸ ਕੇ ਇਸ ਨਾਲ ਗੱਲਾਂ ਕਰਦਾ ਕਿਉਂਕਿ ਅਰੰਬਾ ਆਪ ਵੀ ਉਸ ਦੀ ਚਾਹਵਾਨ ਸੀ, ਉਸ ਨੇ ਏਹ ਸੁਨਹਿਰੀ ਵੇਲਾ ਕਦੀ ਵੀ ਨਹੀਂ ਸੀ ਜਾਣ ਦਿੱਤਾ ਚੁਪ ਚਾਂ ਦੇ ਵੇਲੇ ਜਦੋਂ ਪ੍ਰਭਾਤ ਦਾ ਵੇਲਾ ਹੋਣ ਵਾਲਾ ਅਤੇ ਅਸਮਾਨ ਤੇ ਅਜੇ ਹਨੇਰਾ ਹੀ ਹੁੰਦਾ ਸੀ ਤਾਂ ਉਹ ਕਵੀ ਦੇ ਮਕਾਨ ਦੇ ਅੰਦਰ ਆਉਂਦੀ ਕੰਵਲ ਦਾ ਦਿਮਾਗ ਉਸਦੇ ਵਾਲਾਂ ਵਿਚ ਲਗੇ ਹੋਏ ਚੰਬੇਲੀ ਦੇ ਫੁੱਲਾਂ ਨਾਲ ਤਰ ਹੋ ਜਾਂਦਾ।

ਹੌਲੀ ਹੌਲੀ ਇਸ ਮਿਲਾਪ ਦੀ ਚਰਚਾ ਹੋਣ ਲੱਗੀ ਲੋਕੀ ਵੇਖਦੇ, ਹਸਦੇ ਅਤੇ ਹੌਲੀ ਹੌਲੀ ਗੱਲਾਂ ਕਰਦੇ ਸੈਂਕੜੇ ਮੂੰਹ ਅਤੇ ਹਜ਼ਾਰਾਂ ਗੱਲਾਂ ਸਨ ਇਸ ਸ਼ਕ ਨੇ ਹੌਲੀ ਹੌਲੀ ਭਰੋਸੇ ਦੀ ਸ਼ਕਲ ਧਾਰਨ ਕੀਤੀ ਜੋ ਡਰਾਮਾ ਚੁਪ ਹੋਕੇ ਖੇਡਿਆ ਜਾਂਦਾ ਸੀ ਉਹ ਪਰਤੱਖ ਵਿਚ ਜ਼ਾਹਰ ਹੋ ਗਿਆ ਕੰਵਲ ਨੇ ਕਦੀ ਵੀ ਇਸ ਗਲ ਨੂੰ ਲੁਕਾਉਣ ਦੀ ਕੋਸ਼ਸ਼ ਨਾ ਕੀਤੀ ਪਤਾ ਨਹੀਂ ਉਹ ਕਿਉਂ ਇਸ ਗਲ ਦੀ ਪਰਵਾਹ ਨਹੀਂ ਸੀ ਕਰਦਾ ਉਸਦੀ ਫਿਕੀ ਚੁਪ ਚੁਪੀਤੀ ਜ਼ਿੰਦਗੀ ਵਿਚ ਅਰੰਬਾ ਨੇ ਆ ਕੇ ਇਕਨਵੀਂ ਰੰਗਤ ਪੈਦਾ ਕਰ ਦਿੱਤੀ ਅਰੰਬਾ ਦਾ ਖੁਸ਼ ਕਰਨ ਵਾਲਾ ਨਾਂ ਲੋਕਾਂ ਲਈ ਖਾਸ ਧਿਆਨ ਵਾਲਾ ਸੀ ਪਰ ਕਵੀ ਨੂੰ ਇਸ ਨਾਂ ਵਿਚ ਆਪਣਾ ਜੀਵਨ ਦਿਸਦਾ ਸੀ।

ਬਸੰਤ ਰੁੱਤ ਆਈ ਹਰ ਚੀਜ਼ ਵਿਚ ਨਵਾਂ ਜੀਵਨ ਭਰ ਗਿਆ ਸਾਰੇ ਪਾਸੇ ਹਰਿਆਉਲ ਸੀ, ਕਵੀ ਨੇ ਵੀ ਦਿਲ ਸਮੁੰਦਰ ਦੀ ਤੈਹ ਵਿਚੋਂ ਨਵੇਂ ਖਿਆਲ ਕਢ ਕੇ ਕਵਿਤਾ ਲਿਖੀਆਂ, ਮਹਾਰਾਜ ਨੂੰ ਵਡਿਆਉਣ ਲਈ, ਸ਼ਾਮ ਨੂੰ ਕਿਸੇ ਦੂਰ ਜਗਾ ਤੇ ਚਲਾ ਜਾਂਦਾ ਅਤੇ ਮਖਮਲੀ ਘਾਹ ਤੇ ਬੈਹਕੇ ਓਸ ਦੀਆਂ ਅੱਖਾਂ ਨੂੰ ਨ੍ਰਗਸ, ਕੱਦ ਨੂੰ ਸਰੂ ਨਾਲ ਤੁਲਨਾ ਕਰਦਾ ਕਿਧਰੇ ਉਸ ਦੇ ਬੁਲ੍ਹਾਂ ਦੀ ਤਾਰੀਫ ਮਿਸਰੀ ਦੀਆਂ ਡਲੀਆਂ ਨਾਲੋਂ ਮਿਠੇ ਦਿਸਦੇ ਮਹਾਰਾਜ ਸ਼ਾਇਰ ਵਲ ਵੇਖਦੇ ਅਤੇ ਹਸ ਪੈਂਦੇ ਉਹ ਵੀ ਬੁਲ੍ਹਾਂ ਵਿਚ ਮੁਸਕਰਾ ਕੇ ਰਹਿ ਜਾਂਦਾ, ਮਹਾਰਾਜ ਪੁਛਦੇ?

"ਕੀ ਸ਼ਹਿਦ ਦੀ ਮੱਖੀ ਬਸੰਤ ਰੁਤ ਵਿਚ ਫੁਲਾਂ ਦੇ ਆਲੇ ਦੁਆਲੇ ਘੁੰਮਣਾ ਅਤੇ ਭੀਂ ਭੀਂ ਕਰਨਾ ਹੀ ਜਾਣਦੀ ਹੈ।"

"ਸਿਰਫ ਏਨਾ ਹੀ ਨਹੀਂ ਮਹਾਰਾਜ, ਫੁਲਾਂ ਦੇ ਜੋਬਨ ਦਾ ਰਸ ਚੂਸਨਾ ਵੀ ਉਸ ਦਾ ਕੰਮ ਹੈ।"

ਸਰੂ, ਅਖੀਰ, ਦਿਨ, ਰਾਤ, ਅਸਲੀ, ਨਕਲੀ, ਸਚ, ਅਤੇ ਝੂਠ, ਕੁਦਰਤ ਨੇ ਹਰ ਇਕ ਚੀਜ਼ ਦਾ ਜੋੜਾ ਬਨਾਇਆ ਹੈ ਪਰ ਇਹ ਗਲ ਨਹੀਂ ਸੀ, ਕਵੀ ਦੀ ਹਰ ਇਕ ਕਵਿਤਾ ਸਚਾਈ ਅਤੇ ਸਾਦੇ ਪਨ ਨਾਲ ਭਰੀ ਹੋਈ ਸੀ ਉਹ ਹਰ ਹਾਲ ਕੁਦਰਤੀ ਲਿਖਦਾ ਸੀ, ਜੋ ਗਲ ਉਸ ਦੇ ਦਿਲ ਦੇ ਅੰਦਰੋਂ ਨਿਕਲਦੀ, ਉਹ ਹੀ ਉਸਦੀ ਕਲਮ ਲਿਖ ਦੇਂਦੀ, ਉਸ ਵਿਚ ਬਨਾਵਟ ਦਾ ਨਾਂ ਨਹੀਂ ਸੀ ਹੁੰਦਾ, ਬਿਲਕੁਲ ਕੁਦਰਤੀ, ਹਰ ਇਕ ਦਾ ਦਿਮਾਗ ਉਸਦੇ ਗੀਤ ਦਾ ਅਸਲੀ ਮਤਲਬ ਨਹੀਂ ਸੀ ਸਮਝ ਸਕਦਾ ਉਸਦੇ ਗੀਤ ਵਿਚ ਉਹ ਹੀ ਦਿਲੀ ਪੀੜ ਸੀ, ਰੂਹ ਦਾ ਰੋਣਾ ਸੀ, ਉਸਦਾ ਉਹ ਹੀ ਅਰੰਭ ਸੀ, ਉਹ ਹੀ ਅੰਤ, ਨਕਲੀ ਅਤੇ ਝੂਠ ਤੋਂ ਉਚਾ।

ਵੇਲਾ ਲੰਘਦਿਆਂ ਚਿਰ ਨਹੀਂ ਲੱਗਦਾ ਉਹ ਬੀਤ ਦਾ ਗਿਆ, ਕਵੀ ਗੀਤ ਲਿਖਦਾ ਰਿਹਾ, ਮਹਾਰਾਜ ਖੁਸ਼ ਹੁੰਦੇ ਰਹੇ ਕਵੀ ਦੇ ਦਿਲ ਵਿਚ ਖਿਆਲੀ ਸੂਰਤ, ਪਲਦੀ ਰਹੀ, ਅਤੇ ਨਾਲ ਨਾਲ ਵੇਖਣ ਦੀ ਚਾਹ ਵੀ ਵਧਦੀ ਰਹੀ।

ਇਨ੍ਹਾਂ ਦਿਨਾਂ ਵਿਚ ਜਿਨ੍ਹਾਂ ਦਿਨਾਂ ਦੀ ਇਹ ਗਲ ਹੈ ਦੱਖਣ ਵਾਲੇ ਪਾਸੇ ਤੋਂ ਇਕ ਕਵੀ ਆਇਆ ਉਹ ਆਪਣੀ ਅਕਲ ਦੇ ਨਸ਼ੇ ਵਿਚ ਚੂਰ ਸੀ ਅਤੇ ਟਾਕਰੇ ਲਈ ਘਰੋਂ ਨਿਕਲਿਆ ਸੀ, ਉਹ ਕਈ ਰਾਜਿਆਂ ਦੇ ਦਰਬਾਰ ਵਿਚ ਗਿਆ ਕਈ ਵਾਰੀ ਇਸ ਕੰਮ ਵਿਚ ਉਸਨੂੰ ਜਿਤ ਹੋਈ ਕਾਮਯਾਬੀ ਹਰ ਵਾਰੀ ਉਸਦੇ ਪੈਰ ਚੁੰਮਦੀ ਰਹੀ, ਇਸ ਕਰਕੇ ਉਸਦਾ ਹੌਸਲਾ ਪੱਕਾ ਸੀ, ਉਹ ਆਪਣੀਆਂ ਕਵਿਤਾਵਾਂ ਨੂੰ ਪਵਿਤ੍ਰ ਅਤੇ ਜੀਵਨ ਵਿਚ ਪੂਰੀ ਸਮਝ ਦਾ ਸੀ, ਹਰ ਇਕ ਕਵੀ ਨੂੰ ਮੁਕਾਬਲੇ ਲਈ ਕਹਿੰਦਾ ਸੀ ਪਤਾ ਨਹੀਂ ਕੁਦਰਤ ਉਸ ਵਲ ਸੀ, ਉਹ ਗੀਤ ਗਾਉਂਦਾ ਲੋਕ ਤੌੜੀਆਂ ਵਜਾਂਦੇ ਜਿੱਤ ਉਹਦੀ ਹੁੰਦੀ ਅਗੇ ਵੱਧਦਾ ਵੱਧਦਾ ਅਮੀਰ ਪੁਰ ਪਹੁੰਚਿਆ ਅਤੇ ਸ਼ਾਹੀ ਦਰਬਾਰ ਵਿਚ ਹਾਜ਼ਰ ਹੋਇਆ ਮਹਾਰਾਜ ਦੀ ਵਡਿਆਈ ਦੇ ਕੁਝ ਫਿਕਰੇ ਪੜੇ ਮਹਾਰਾਜ ਬਹੁਤ ਖੁਸ਼ ਹੋਏ, ਉਸਦਾ ਆਦਰ ਕੀਤਾ ਅਤੇ ਕਿਆ।
"ਮੈਂ ਤੁਹਾਡੇ ਆਉਣ ਤੇ ਖੁਸ਼ ਹਾਂ ਕਿਸ ਤਰ੍ਹਾਂ ਆਉਣਾ ਹੋਇਆ।"
ਨਵੇਂ ਕਵੀ ਦਾ ਨਾਮ ਪੰਡਰਾਕ ਸੀ, ਪਹਿਲਾਂ ਉਸਨੇ ਚਾਰੇ ਪਾਸੇ ਵੇਖਿਆ, ਫੇਰ ਅਜੀਬ ਤਰ੍ਹਾਂ ਦੀ ਅਵਾਜ਼ ਨਾਲ ਕਿਆ।
"ਮਹਾਰਾਜ, ਮੈਂ ਤੁਹਾਡੇ ਕਵੀ ਨਾਲ ਮੁਕਾਬਲਾ ਕਰਨ ਲਈ ਆਇਆ ਹਾਂ।"

ਦਰਬਾਰੀ ਕਵੀ ਨੇ ਅਜ ਤਕ ਕਿਸੇ ਨਾਲ ਮੁਕਾਬਲਾ ਨਹੀਂ ਸੀ ਕੀਤਾ ਉਹ ਮੁਕਾਬਲੇ ਦੇ ਨਾ ਤੋਂ ਵੀ ਵਾਕਿਫ ਨਹੀਂ ਸੀ, ਉਸ ਦੇ ਦਿਲ ਉਤੇ ਕਾਰੀ ਸਟ ਵੱਜੀ ਮੁਕਾਬਲਾ ਪੰਡਰਾਕ ਵਰਗੇ ਲਾਇਕ ਅਤੇ ਮਸ਼ਹੂਰ ਕਵੀ ਨਾਲ! ਦਰਬਾਰ ਖਤਮ ਹੋਇਆ ਕੰਵਲ ਸਾਰੀ ਰਾਤ ਇਨ੍ਹਾਂ ਖਿਆਲਾਂ ਦੇ ਡੂੰਗੇ ਗੋਤਿਆਂ ਵਿਚ ਰਿਹਾ ਸਾਰੀ ਰਾਤ ਉਸਨੂੰ ਨੀਂਦ ਨਾ ਆਈ, ਸਾਰੀ ਰਾਤ ਉਸ ਦੀਆਂ ਅੱਖਾਂ ਅਗੇ ਪੰਡਰਾਕ ਦਾ ਭੇਤੀ ਚੇਹਰਾ ਅਤੇ ਮੋਟੀਆਂ ਮੋਟੀਆਂ ਅੱਖਾਂ ਫਿਰਦੀਆਂ ਰਹੀਆਂ।

ਸਵੇਰੇ ਵਿਚਾਰਾ ਕਵੀ ਧੜਕਦੇ ਜਹੇ ਦਿਲ ਨਾਲ ਦਰਬਾਰ ਵਿਚ ਆਇਆ ਅਜ ਸਾਰਾ ਸ਼ਹਿਰ ਕੱਠਾ ਹੋ ਕੇ ਸ਼ਾਹੀ ਦਰਬਾਰ ਵਿਚ ਆ ਗਿਆ ਸੀ, ਕੰਵਲ ਨੇ ਧਿਮੀ ਜਿਹੀ ਮੁਸਕ੍ਰਾਹਟ ਨਾਲ ਪੰਡਰਾਕ ਨੂੰ ਜੀ ਆਇਆਂ ਨੂੰ ਕਿਹਾ ਉਸ ਦੇ ਉਤਰ ਵਿਚ ਪੰਡਰਾਕ ਨੇ ਵੀ ਆਪਣੇ ਸਿਰ ਨੂੰ ਹੰਕਾਰ ਨਾਲ ਹਿਲਾਇਆ, ਫੇਰ ਇਕ ਤ੍ਰਿਖੀ ਜਹੀ ਨਜ਼ਰ ਸਭ ਲੋਕਾਂ ਉਤੇ ਮਾਰੀ।

ਕੰਵਲ ਦਾ ਇਕ ਦਿਮਾਗ ਅਤੇ ਸੈਂਕੜੇ ਖਿਆਲ ਉਸ ਨੇ ਸ਼ਾਹੀ ਮਹਲਾਂ ਵਲ ਵੇਖਿਆ ਅਤੇ ਕਿਸੇ ਦੀ ਖਿਆਲੀ ਤਸਵੀਰ ਉਸਦੇ ਸਾਫ ਦਿਲ ਉਤੇ ਚਮਕ ਪਈ, ਏਨੇ ਵਿਚ ਨਗਾਰੇ ਉਤੇ ਚੋਟ ਵਜੀ, ਅਤੇ ਲੋਕਾਂ ਨੇ ਮਹਾਰਾਜ ਦੀ ਜੈ ਦਾ ਉੱਚਾ ਨਾਹਰਾ ਲਾਯਾ। ਨਾਲ ਹੀ ਮਹਾਰਾਜ ਦੇ ਆਦਰ ਲਈ ਖੜੇ ਹੋ ਗਏ ਮਹਾਰਾਜ ਸ਼ਾਹੀ ਠਾਠ ਨਾਲ ਦਰਬਾਰ ਵਿਚ ਆਏ ਅਤੇ ਹੌਲੀ ਹੌਲੀ ਪੈਰ ਚੁਕਦੇ ਹੋਏ ਆਪਣੇ ਤਖਤ ਉਤੇ ਬੈਠ ਗਏ, ਲੋਕਾਂ ਨੇ ਸਿਰ ਨਿਵਾ ਕੇ ਪ੍ਰਨਾਮ ਕੀਤਾ ਤੇ ਇਸ਼ਾਰਾ ਪਾਕੇ ਬੈਠ ਗਏ, ਪੰਡਰਾਕ ਉਠ ਕੇ ਖੜਾ ਹੋ ਗਿਆ, ਇਸ ਵੇਲੇ ਸ਼ਾਹੀ ਦਰਬਾਰ ਵਿਚ ਹਰ ਪਾਸੇ ਮੌਤ ਵਰਗੀ ਚੁਪ ਚਾਂ ਸੀ, ਲੋਕੀ ਸ਼ੋਕ ਭਰੀਆਂ ਅਖਾਂ ਨਾਲ ਉਸ ਵਲ ਤੱਕ ਰਹੇ ਸਨ, ਪਹਿਲਾਂ ਉਸ ਨੇ ਤਿੰਨ ਵਾਰੀ ਮਹਾਰਾਜ ਨੂੰ ਸਿਰ ਨਿਵਾਕੇ ਪ੍ਰਨਾਮ ਕੀਤਾ ਫੇਰ ਆਪਨਾ ਸਿਰ ਉਚਾ ਕਰਕੇ ਗਜਦੀ ਹੋਈ ਜ਼ੋਸ਼ ਭਰੀ ਉੱਚੀ ਅਵਾਜ਼ ਨਾਲ ਕਵਿਤਾ ਪੜ੍ਹਨ ਲੱਗਾ।

ਉਸ ਦੇ ਖਿਆਲ ਸਮੁੰਦ੍ਰ ਦੀਆਂ ਖੁਲ੍ਹੀਆਂ ਲਹਿਰਾਂ ਵਾਂਗੂੰ ਮਹਲ ਦੀਆਂ ਕੰਧਾਂ ਨਾਲ ਟਕਰੌਨ ਲਗੇ ਇਕ ਇਕ ਕਵਿਤਾ ਉਤੇ ਵਾਹ ਵਾਹ ਦਾ ਰੌਲਾ ਪਿਆ, ਲੋਕ ਬੁਤ ਬਣੀ ਬੈਠੇ ਸਨ, ਅਤੇ ਉਨ੍ਹਾਂ ਦੇ ਸਿਰ ਮਸਤੀ ਵਿਚ ਝੂਮ ਰਹੇ ਸਨ ਓੜਕ ਓਹ ਬੈਠ ਗਿਆ ਉਸਦੀਆਂ ਕਵਿਤਾ ਨੇ ਦਰਬਾਰੀਆਂ ਤੇ ਜਾਦੂ ਦਾ ਅਸਰ ਕੀਤਾ।

ਮਹਾਰਾਜ ਨੇ ਇਕ ਨਜ਼ਰ ਦਰਬਾਰੀ ਕਵੀ ਵਲ ਕੀਤੀ ਉਤ੍ਰ ਵਿਚ ਉਸਨੇ ਵੀ ਸ਼ਰਮ ਭਰੀ ਨਜ਼ਰ ਨਾਲ ਆਪਣੇ ਮਾਲਕ ਵਲ ਵੇਖਿਆ ਉਸ ਦੇ ਮੂੰਹ ਤੇ ਉਦਾਸੀ ਛਾਈ ਹੋਈ ਸੀ ਉਸਦੇ ਚੇਹਰੇ ਦਾ ਰੰਗ ਫਿਕਾ ਪਇਆ ਹੋਇਆ ਸੀ ਉਸਨੇ ਹੌਸਲਾ ਕੀਤਾ ਤੇ ਸਟੇਜ਼ ਤੇ ਆਕੇ ਖਲੋ ਗਿਆ ਤੇ ਆਪਨੀ ਕਵਿਤਾ ਪੜ੍ਹਨ ਲੱਗਾ ਅੱਜ ਉਸ ਦੀ ਅਵਾਜ਼ ਮੱਧਮ ਸੀ ਸ਼ੁਰੂ ਦੇ ਬੰਦ ਮੁਸ਼ਕਲ ਨਾਲ ਸੁਨਾਈ ਦਿੰਦੇ ਪਰ ਹੌਲੀ ਹੌਲੀ ਉਸਦਾ ਗਲਾ ਸਾਫ ਹੋ ਗਿਆ ਤੇ ਅਵਾਜ਼ ਉੱਚੀ ਹੋ ਗਈ ਓਹ ਬੱਦਲ ਵਾਂਗ ਗੱਜਨ ਲੱਗਾ ਉਸਦੇ ਚੇਹਰੇ ਉਤੇ ਲਾਲੀ ਚੜ੍ਹ ਗਈ ਹੁਣ ਉਸ ਦੇ ਮੂੰਹ ਤੇ ਜਲਾਲ ਸੀ, ਅਖਾਂ ਵਿਚ ਨਸ਼ਾ, ਕਵਿਤਾ ਵਿਚ ਸ਼ਾਹੀ ਘਰਾਣੇ ਦੇ ਕੰਮਾ ਦਾ ਜ਼ਿਕਰ ਸੀ, ਉਸ ਨੇ ਉਸਤੱਤ ਕਰਦੇ ਕਰਦੇ ਜ਼ਮੀਨ ਅਤੇ ਅਸਮਾਨ ਇਕ ਕਰ ਦਿਤਾ ਉਸ ਦੀਆਂ ਨਜ਼ਰਾਂ ਮਹਾਰਾਜ ਦੇ ਮੂੰਹ ਤੇ ਟਿਕ ਗਈਆਂ ਸਨ ਸਾਰੇ ਸ਼ਾਹੀ ਘਰਾਣੇ ਦੇ ਅੰਗਾਂ ਵਿਚ ਆਪਣੇ ਵਡਿਆਂ ਦੀ ਬਹਾਦਰੀ ਦਾ ਜ਼ਿਕਰ ਸੁਣ ਸੁਣਕੇ ਖੂਨ ਉਬਾਲੇ ਮਾਰਨ ਲੱਗ ਪਿਆ।
ਕਵਿਤਾ ਖਤਮ ਹੋਈ, ਕਵੀ ਨੇ ਹੱਥ ਜੋੜਕੇ ਬੇਨਤੀ ਕੀਤੀ।
ਮਹਾਰਾਜ! ਮੈਂ ਦੁਨੀਆਂ ਦੇ ਮਕਰ ਫਰੇਬ ਅਤੇ ਅੱਖਰਾਂ ਦੇ ਹੇਰ ਫੇਰ ਤੋਂ ਬਿਲਕੁਲ ਅਨਜਾਨ ਹਾਂ ਪਤਾ ਨਹੀਂ ਮੈਂ ਹਾਰ ਜਾਵਾਂ ਪਰ ਤੁਹਾਡੇ ਪਿਆਰ ਵਿਚ ਹਾਰ ਨਹੀਂ ਸਕਦਾ।

ਕੰਵਲ, ਆਪਣੀ ਥਾਂ ਤੇ ਬੈਠ ਗਿਆ, ਸੁਨਣ ਵਾਲਿਆਂ ਦੀਆਂ ਅਖਾਂ ਗਿਲੀਆਂ ਹੋ ਗਈਆਂ, ਸ਼ਾਹੀ ਮਹਿਲਾਂ ਦੀਆਂ ਕੰਧਾ ਮਹਾਰਾਜ ਦੀ ਜੈ ਜੈ ਦੇ ਨਾਹਰਿਆਂ ਨਾਲ ਗੂੰਜ ਉਠੀਆਂ ਮਹਾਰਾਜ ਆਪ ਵੀ ਅਜੇ ਤੱਕ ਖੁਸ਼ੀ ਨਾਲ ਝੂਮ ਰਹੇ ਸਨ।
ਪੰਡਰਾਕ ਇਕ ਵਾਰੀ ਫੇਰ ਆਪਣੀ ਥਾਂ ਤੋਂ ਉਠਿਆ, ਸ਼ਕ ਭਰੀ, ਅਤੇ ਨਫ਼ਰਤ ਵਾਲੀ ਨਜ਼ਰ ਨਾਲ ਚਾਰੇ ਪਾਸੇ ਤਕਿਆ ਅਤੇ ਬੋਲਿਆ।
“ਬੰਦ ਅਤੇ ਖਿਆਲ ਦੋ ਹੀ ਚੀਜ਼ਾਂ ਸ਼ਾਇਰ ਦੀ ਸਜਾਵਟ ਹਨ।”

ਕੁਝ ਚਿਰ ਤਕ ਚੁਪ ਰਿਹਾ ਫੇਰ ਉਸ ਨੇ ਇਕ ਕੰਬਦੀ ਨਜ਼ਰ ਚਾਰੇ ਪਾਸੇ ਫੇਰੀ, ਅਤੇ ਸਾਰੇ ਦਰਬਾਰੀ ਕਵੀਆਂ ਅਤੇ ਅਕਲਮੰਦਾਂ ਨੂੰ ਮੁਕਾਬਲੇ ਲਈ ਵੰਗਾਰਿਆ ਪਰ ਕਿਸਦੀ ਤਾਕਤ ਸੀ ਕਿ ਉਸ ਨਾਲ ਮੁਕਾਬਲਾ ਕਰਦਾ ਸਭ ਉਸ ਵਲ ਹੈਰਾਨੀ ਦੀ ਨਜ਼ਰ ਨਾਲ ਦੇਖ ਰਹੇ ਸਨ ਅਤੇ ਕੰਵਲ, ਆਪ ਪਤਾ ਨਹੀਂ ਕੇਹੜੇ ਖਿਆਲ ਵਿਚ ਜ਼ਮੀਨ ਵਲ ਵੇਖ ਰਿਹਾ ਸੀ, ਜਿਸ ਤਰ੍ਹਾਂ ਉਸ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਸੀ।

ਦੂਸਰੇ ਦਿਨ, ਪਹਿਲਾਂ ਕੰਵਲ ਨੇ ਆਪਣੀ ਕਵਿਤਾ ਸ਼ੁਰੂ ਕੀਤੀ। ਇਸ ਕਵਿਤਾ ਵਿਚ ਬੀਤ ਚੁੱਕੇ ਸਮੇਂ ਦਾ ਹਾਲ ਸੀ, ਜਦੋਂ ਸ੍ਰੀ ਕ੍ਰਿਸ਼ਨ ਭਗਵਾਨ ਦੀ ਸੁਰੀਲੀ ਬੰਸਰੀ ਦੀ ਮਧ ਭਰੀ ਅਵਾਜ਼ ਬਿੰਦ੍ਰਾਬਨ ਦੀ ਧਰਤੀ ਤੇ ਹਿਲ ਜੁਲ ਪੈਦਾ ਕਰਦੀ ਸੀ, ਇਕ ਪਾਸੇ ਗਵਾਂਲ ਬਾਲ ਮੂੰਹ ਵਿਚ ਉਂਗਲੀ ਪਾਕੇ ਖੜੇ ਦਿਸਦੇ ਸਨ, ਦੂਸਰੇ ਪਾਸੇ ਗੋਪੀਆਂ ਹੈਰਾਨੀ ਵਿਚ ਸਾਂਵਲੇ ਚੇਹਰੇ ਵਲ ਵੇਖਦੀਆਂ ਸਨ ਸਾਹਮਣੇ ਜਮਨਾ ਵਹਿੰਦੀ ਦਿਸਦੀ ਸੀ, ਅਤੇ ਵਿਚਕਾਰ ਭਗਵਾਨ ਆਪਣੀ ਬੰਸਰੀ ਲੈ ਕੇ ਖੜੇ ਹੁੰਦੇ, ਖੁਸ਼ੀ ਵਾਲੀ, ਮਸਤੀ ਵਾਲੀ, ਜਿਸ ਦੀ ਯਾਦ ਅੱਜ ਤਕ ਵੀ ਭੁਲ ਨਹੀਂ ਸਕੀ।

ਬਹੁਤ ਦੂਰ ਪਹਾੜਾਂ ਦੀਆਂ ਚੋਟੀਆਂ ਉਤੇ ਬਦਲ ਝੂਲ ੨ ਆਉਂਦੇ ਦੂਸਰੇ ਪਾਸੇ ਬੰਸਰੀ ਆਪਣੀਆਂ ਦਿਲ-ਖਿਚਵੀਆਂ ਅਵਾਜ਼ਾਂ ਨਾਲ ਮਸਤ ਕਰਦੀ, ਜਮਨਾਂ ਦੇ ਪਰਲੇ ਕੰਢੇ ਦਰਖਤਾਂ ਦੇ ਝੁੰਡ ਦੇ ਪਿੱਛੇ ਡੁਬਦਾ ਹੋਇਆ ਸੂਰਜ ਮੈਲੇ ਪਾਣੀ ਵਿਚ ਚੁਬੀਆਂ ਲਗਾਂਦਾ, ਗੋਪਾਲ ਆਪਣੇ ਕੁਝ ਸਾਥੀਆਂ ਨਾਲ ਬੇੜੀ ਵਿਚ ਬੈਠਕੇ ਬਿੰਦ੍ਰਾਬਨ ਵਿਚ ਰਹਿਨ ਵਾਲਿਆਂ ਉਤੇ ਜਾਦੂ ਪਾਂਦੇ ਸਨ, ਹਰ ਪਾਸੇ, ਜੰਗਲ, ਪਹਾੜ, ਅਸਮਾਨ, ਸਤਾਰੇ ਅਤੇ ਘਾਹ ਉਸ ਤੇ ਮੋਹਿਤ ਹੋ ਜਾਂਦੇ ਸਨ।

ਇਸ ਵੇਲੇ ਲੋਕਾਂ ਦੇ ਦਿਲਾਂ ਵਿਚ ਜਿਸ ਖਿਆਲ ਦੀ ਲਹਿਰ ਉਠ ਰਹੀ ਸੀ, ਜੇ ਉਸਨੂੰ ਦਸਣਾ ਕੱਠਣ ਨਹੀਂ ਤਾਂ ਸੌਖਾ ਵੀ ਨਹੀਂ, ਦਿਲ ਇਸ ਸੰਸਾਰ ਤੋਂ ਚੁਕਿਆ ਦਿਸਦਾ ਸੀ, ਬਿੰਦ੍ਰਾਬਨ ਦੀਆਂ ਗਲੀਆਂ ਵਿਚ ਘੁੰਮ ਕੇ ਪ੍ਰਾਣ ਦੇਣ ਦੀ ਚਾਹ ਜਿਤ ਰਹੀ ਸੀ, ਅੱਖਾਂ ਪ੍ਰੇਮ ਦੇ ਨਾਲ ਭਰਪੂਰ ਸਨ, ਅਤੇ ਦਿਲ ਭਗਵਾਨ ਦੇ ਪ੍ਰੇਮ ਵਿਚ ਦਿਵਾਨਾ।

ਕਵੀ ਦੀ ਅਵਾਜ਼ ਕੋਇਲ ਵਾਂਗ ਸੁਰੀਲੀ ਅਤੇ ਦਿਲ ਖਿਚਵੀਂ ਸੀ, ਉਹ ਦੁਨੀਆਂ ਤੋਂ ਬੇ ਖਬਰ ਆਪਣੀ ਕਵਿਤਾ ਸੁਣਾਈ ਜਾਂਦਾ ਸੀ, ਉਸਨੂੰ ਅਜ ਇਹ ਵੀ ਪਤਾ ਨਹੀਂ ਸੀ ਕਿ ਮੇਰਾ ਟਾਕਰਾ ਪੰਡਰਾਕ ਨਾਲ ਹੈ, ਉਹ ਝੂਮਦਾ ਸੀ, ਅਤੇ ਆਪਣੀ ਕਵਿਤਾ ਸੁਣਾ ਰਿਹਾ ਸੀ, ਹਵਾ ਤੇਜ਼ ਸੀ, ਪੱਤੇ ਹਿਲ ਝੂਮ ਰਹੇ ਸਨ, ਦਰਖਤਾਂ ਤੋਂ ਸਰ ਸਰ ਦੀ ਅਵਾਜ਼ ਨਿਕਲ ਰਹੀ ਸੀ, ਪਰ ਉਸਨੂੰ ਕੀ, ਉਸਦੇ ਦਿਮਾਗ ਵਿਚ ਇਕ ਖੁਸ਼ੀ ਸੀ, ਅਤੇ ਕਿਸੇ ਖਿਆਲ ਦਾ ਦਿਲ ਉਤੇ ਕਾਬੂ ਸੀ, ਲੋਕ ਬਿਲਕੁਲ ਚੁਪ ਬੁਤ ਬਣਕੇ ਖਿਆਲ ਦੀ ਉਡਾਰੀ ਵਿਚ ਮਸਤ ਸੁਣ ਰਹੇ ਸਨ, ਉਨ੍ਹਾਂ ਦੀਆਂ ਅੱਖਾਂ ਅਗੇ ਬਿੰਦ੍ਰਾਬਨ ਦਾ ਨਜ਼ਾਰਾ ਫਿਰ ਰਿਹਾ ਸੀ।

ਕੰਵਲ ਆਪਣੇ ਅਤੇ ਦੁਨੀਆਂ ਦੇ ਖਿਆਲ ਤੋਂ ਬੇ ਪੱਤੇ ਤੇ ਗਾ ਰਿਹਾ ਸੀ ਇਸ ਵੇਲੇ ਉਸਨੂੰ ਮਹਾਰਾਜ ਅਤੇ ਮੁਕਾਬਲੇ ਦੇ ਕਵੀ ਦੇ ਹੋਣ ਦਾ ਵੀ ਪਤਾ ਨਹੀਂ ਸੀ, ਸਗੋਂ ਉਹ ਕ੍ਰਿਸ਼ਨ ਪ੍ਰੇਮ ਵਿਚ ਅਤੇ ਆਪਣੇ ਉਚੇ ਖਿਆਲਾਂ ਵਿਚ ਮਸਤ ਗਾ ਰਿਹਾ ਸੀ, ਦਿਲ ਉਤੇ ਇਕ ਬੇ ਖਬਰ ਸੋਹਣੀ ਤਸਵੀਰ ਸੀ, ਇਸ ਵੇਲੇ ਉਹ ਰੂਹ ਵਿਚ ਖੁਸ਼ੀ ਦੀ ਇਕ ਬਿਜਲੀ ਦੀ ਖਿਚ ਵਾਲੀ ਮਸਤੀ ਅਨੁਭਵ ਕਰ ਰਿਹਾ ਸੀ।

ਕਵਿਤਾ ਖਤਮ ਹੋਈ, ਪਰ ਲੋਕਾਂ ਦਾ ਉਹ ਖਿਆਲ ਨਾ ਹਟਿਆ, ਕੰਵਲ ਚੁਪ ਚਾਪ ਆਪਣੀ ਜਗਾਂ ਤੇ ਆ ਬੈਠਾ ਸਾਰੇ ਅਜੇ ਤਕ ਮਸਤ ਸਨ, ਉਨਾਂ ਦੇ ਦਿਮਾਗ, ਉਸ ਦੀ ਖਿਆਲ ਦੀ ਉਡਾਰੀ, ਬਿੰਦ੍ਰਾਬਨ ਦੀ ਧਰਤੀ ਦੀ ਸੈਰ ਵਿਚ ਮਸਤ ਸਨ ਸਰੋਤੇ ਕਵਿਤਾ ਸੁਣਕੇ ਆਪਣਾ ਆਪ ਭੁਲ ਗਏ, ਇਸ ਖਿਆਲਾਂ ਦੇ ਹੜ ਵਿਚ ਇਹ ਵੀ ਨਾ ਪਤਾ ਲਗਾ ਕਿ ਕੰਵਲ ਕਦੋਂ ਉਠਿਆ ਅਤੇ ਕਦੋਂ ਆਪਣਾ ਗੀਤ ਸਮਾਪਤ ਕਰ ਕੇ ਬੈਠ ਗਿਆ।

ਫੇਰ ਪੰਡਰਾਕ ਉਠਿਆ ਬਹੁਤ ਸੋਚਾਂ ਨਾਲ ਕੰਵਲ ਨੂੰ ਨੀਵਾਂ ਕਰਨ ਦੀ ਕੋਸ਼ਸ਼ ਕਰਨ ਲਗਾ ਲੋਕ ਉਸ ਦੇ ਅਕਲ ਵਾਲੇ ਲੈਕਚਰ ਤੋਂ ਬਹੁਤ ਖੁਸ਼ ਹੋਏ ਹਰ ਪਾਸਿਓਂ ਵਾਹ ਵਾਹ ਦਾ ਰੌਲਾ ਪੈਣ ਲਗ ਪਿਆ ਉਸ ਨੇ ਫੇਰ ਆਪਣੀ ਕਵਿਤਾ ਸੁਨਾਣੀ ਸ਼ੁਰੂ ਕੀਤੀ ਦਰਬਾਰੀ ਹੈਰਾਨ ਰਹਿ ਗਏ, ਸਭ ਲੋਕ ਕਲ ਦੀ ਤਰ੍ਹਾਂ ਵਾਹ ਵਾਹ ਕਰਨ ਲਗੇ, ਉਹ ਕੁਝ ਮਿੰਟਾਂ ਲਈ ਠਹਿਰ ਗਿਆ, ਅਤੇ ਲੋਕਾਂ ਵਲ ਤਕ ਕੇ ਪੁਛਿਆ।
“ਕ੍ਰਿਸ਼ਨ ਅਤੇ ਰਾਧਾ ਕੌਣ ਸਨ?"

ਕਿਸੇ ਨੂੰ ਐਨਾ ਹੌਸਲਾ ਨਾ ਹੋਇਆ ਕਿ ਜਵਾਬ ਦੇ ਸਕੇ, ਫੇਰ ਚਾਰੇ ਪਾਸਿਓਂ ਇਕ ਕਲ ਦੀ ਤਰ੍ਹਾਂ ਸ਼ਾਬਾਸ਼ ਦੀ ਅਵਾਜ਼ ਆਈ ਸਾਰੇ ਕਵੀ ਇਸ ਬਾਹਰਲੇ ਖਿਆਲ ਵਿਚ ਮਸਤ ਸਨ, ਅਤੇ ਵਾਹ ਵਾਹ ਦੇ ਬਿਨਾਂ ਕੁਝ ਨਹੀਂ ਸੀ ਜਾਣਦੇ, ਇਕ ਵਾਰੀ ਫੇਰ ਹਰ ਪਾਸੇ ਚੁਪ ਚਾਂ ਛਾ ਗਈ, ਹੁਣ ਲੋਕਾਂ ਦੇ ਦਿਲਾਂ ਵਿਚ ਕੰਵਲ ਦੀ ਕੋਈ ਇਜ਼ਤ ਨਹੀਂ ਸੀ, ਉਹ ਇਕ ਸਕੂਲ ਦੇ ਮੁੰਡੇ ਵਰਗਾ ਸੀ ਅਤੇ ਪੰਡਰਾਕ ਇਲਮ ਤੇ ਕਵਿਤਾ ਦਾ ਸ਼ਹਿਨਸ਼ਾਹ।

ਮਹਾਰਾਜ ਵੀ ਪੰਡਰਾਕ ਦੀ ਇਜ਼ਤ ਅਤੇ ਸਿਆਣਪ ਹੈਰਾਨੀ ਨਾਲ ਵੇਖ ਰਹੇ ਸਨ। ਇਸ ਦੇ ਦੋਹਰੇ ਅਤੇ ਬੋਲੀ ਨੂੰ ਅਸਮਾਨ ਤਕ ਫੈਲੀ ਹੋਈ ਸਮਝਦੇ ਸਨ, ਜਿਸ ਵੇਲੇ ਉਹ ਦਰਬਾਰ ਵਿਚ ਰਾਗ ਨਾਲ ਦਿਲ ਖਿਚਵੀਆਂ ਕਵਿਤਾ ਦੀ ਗੂੰਜ ਪੈਦਾ ਕਰ ਰਿਹਾ ਸੀ, ਸਭ ਲੋਕ ਕੰਵਲ ਤੇ ਟੋਕ-ਮ-ਟਾਕੀ ਕਰ ਰਹੇ ਸਨ, ਉਨ੍ਹਾਂ ਦਾ ਖਿਆਲ ਸੀ, ਕਿ ਕੰਵਲ ਜੋ ਕੁਝ ਲਿਖਦਾ ਹੈ ਬਿਲਕੁਲ ਬੇ-ਮਤਲਬ ਅਤੇ ਫਯੂਲ ਹੁੰਦਾ ਹੈ, ਅਤੇ ਜੇ ਅਸੀਂ ਵੀ ਧਿਆਨ ਦੇਂਦੇ, ਸਾਰੇ ਦੋਹਰੇ ਸਿਧੇ ਅਤੇ ਖਿਆਲਾਂ ਤੋਂ ਖਾਲੀ ਹੁੰਦੇ ਹਨ, ਪਰ ਇਹ ਖਿਆਲ ਬਿਲਕੁਲ ਗਲਤ ਸੀ, ਅਸਲ ਵਿਚ ਪੰਡਰਾਕ ਵਿਚ ਅਸਲੀਅਤ ਹੀ ਨਹੀਂ ਸੀ, ਸਭ ਕੁਝ ਜ਼ਾਹਰੀ ਅਤੇ ਬਨਾਵਟੀ ਸੀ, ਪਰ ਉਸ ਵੇਲੇ ਅਸਲੀ ਉਤੇ ਨਕਲੀ ਜਿੱਤ ਪਾ ਚੁਕੀ ਸੀ ਕੰਵਲ ਦਿਲੀ ਖਿਆਲ ਲਿਖਦਾ ਅਤੇ ਪੰਡਰਾਕ ਲੋਕਾਂ ਨੂੰ ਖੁਸ਼ ਕਰਨ ਲਈ ਬਾਹਲੀਆਂ ਗੱਲਾਂ ਉਸ ਦੇ ਸਾਰੇ ਦੋਹਰੇ ਅੱਖਰਾਂ ਦੀ ਬੰਦਸ਼ ਅਤੇ ਵਲ ਤੋਂ ਪਵਿਤ੍ਰ ਪਰ ਦਿਲ ਦੀ ਡੂੰਘਾਈ ਤੋਂ ਬਾਹਰ, ਉਸ ਦੇ ਦੋਹਰਿਆਂ ਵਿਚ ਮਿੱਠੀ ਮਿੱਠੀ ਪੀੜ ਹੁੰਦੀ ਅਤੇ ਕਿਸੇ ਦੀ ਪਾਜੇਬ ਦੀ ਛਨਕ ਹੁੰਦੀ ਸੀ, ਪਰ ਲੋਕ ਨਮਾਇਸ਼ ਤੇ ਮਸਤ ਹੁੰਦੇ ਸਨ।

ਨਾਰਾਇਣ ਰਾਓ ਨੇ ਹੈਰਾਨੀ ਦੀ ਨਜ਼ਰ ਨਾਲ ਕੰਵਲ ਵਲ ਵੇਖਿਆ ਕਿਉਂਕਿ ਉਨ੍ਹਾਂ ਨੂੰ ਆਪਣੇ ਦਰਬਾਰੀ ਕਵੀ ਦੀ ਬੇਇਜ਼ਤੀ ਮਨਜ਼ੂਰ ਨਹੀਂ ਸੀ, ਉਹ ਉਸਦੀ ਬੇਇਜ਼ਤੀ ਆਪਣੀ ਸਮਝ ਦੇ ਸਨ, ਇਸ ਕਰਕੇ ਉਨ੍ਹਾਂ ਨੇ ਫੇਰ ਕਿਸਮਤ ਪਰਖਣ ਲਈ ਉਸਨੂੰ ਸਟੇਜ ਤੇ ਆਉਣ ਲਈ ਕਿਹਾ, ਪਰ ਇਸ ਗਲ ਦਾ ਕੋਈ ਫਾਇਦਾ ਨਾ ਹੋਇਆ ਪਤਾ ਨਹੀਂ ਉਹ ਕਿਸ ਖਿਆਲ ਵਿਚ ਮਗਣ ਸੀ, ਉਸ ਦੇ ਦਿਲ ਤੇ ਦੁਸ਼ਮਨ ਦਾ ਰ੍ਹੋਬ ਕੁਝ ਇਸ ਤਰ੍ਹਾਂ ਛਾ ਚੁਕਾ ਸੀ ਕਿ ਉਠਣ ਦਾ ਨਾਂ ਨਹੀਂ ਸੀ ਲੈਂਦਾ ਉਸਨੂੰ ਉਸ ਵੇਲੇ ਆਪਣੇ ਮਾਲਕ ਦੇ ਇਸ਼ਾਰੇ ਦੀ ਵੀ ਪਰਵਾਹ ਨਹੀਂ ਸੀ, ਉਹ ਚੁਪ ਚਾਪ ਆਪਣੀ ਜਗ੍ਹਾ ਤੇ ਧਿਆਨ ਨੀਵਾਂ ਪਾ ਕੇ ਪਥਰ ਦੀ ਮੂਰਤੀ ਦੀ ਤਰ੍ਹਾਂ ਬੈਠਾ ਸੀ।

ਹੁਣ ਮਹਾਰਾਜ ਸ਼ਾਹੀ ਤਖਤ ਤੋਂ ਉਤਰ ਆਏ ਅਤੇ ਆਪਣੇ ਗਲੇ ਵਿਚੋਂ ਜਵਾਹਰਾਂ ਦਾ ਹਾਰ ਲਾਹ ਕੇ ਪੰਡਰਾਕ ਦੇ ਗਲੇ ਵਿਚ ਪਾ ਦਿਤਾ ਸਾਰਾ ਦਰਬਾਰ ਮਹਾਰਾਜ ਦੀ ਜੈ ਦੇ ਨਾਹਰਿਆਂ ਨਾਲ ਗੂੰਜ ਉਠਿਆ ਉਸੇ ਵੇਲੇ ਮਹਲ ਦੇ ਵਿਚੋਂ ਰੇਸ਼ਮੀ ਸਾੜੀ ਦੀ ਸੜਕ ਅਤੇ ਪੰਜੇਬਾਂ ਦੀ ਛਨ ਛਨ ਕੰਵਲ ਦੇ ਕੰਨਾਂ ਤੱਕ ਪਹੁੰਚੀ ਸਿਰਫ ਇਕ ਸਕਿੰਟ ਲਈ ਉਸ ਦਾ ਮੂੰਹ ਕਿਸੇ ਖਾਸ ਖਿਆਲ ਦੇ ਨਾਲ ਚਮਕਿਆ ਅਤੇ ਫੇਰ ਲਾਲ ਹੋ ਗਿਆ।

ਰਾਤ ਅੱਧੀ ਦੇ ਲੱਗ ਭੱਗ ਬੀਤ ਗਈ ਸੀ, ਅਸਮਾਨ ਤੇ ਪੂਰਨਮਾਸ਼ੀ ਦਾ ਚੰਦ ਪੂਰੇ ਜੋਬਨ ਵਿਚ ਅਜੀਬ ਰੰਗ ਦਿਖਾ ਰਿਹਾ ਸੀ, ਅਤੇ ਬੱਦਲਾਂ ਦੇ ਕੁਝ ਟੋਟੇ ਉਸਦੇ ਗਿਰਦ ਸਨ, ਬਾਗ ਵਿਚ 'ਪੀ ਕਹਾ, ਪੀ ਕਹਾ’ ਦੀ ਅਵਾਜ਼ ਆਉਂਦੀ ਸੀ, ਕੰਵਲ ਕੁਝ ਚਿਰ ਤਕ ਸਾਰਾ ਨਜ਼ਾਰਾ ਆਪਣੀਆਂ ਅਖਾਂ ਨਾਲ ਬਾਰੀ ਵਿਚ ਖੜਾ ਦੇਖਦਾ ਰਿਹਾ, ਫਿਰ ਇਕ ਦਮ ਉਸ ਦਾ ਦਿਲ ਘਬਰਾ ਗਿਆ, ਓਹ ਪਿਛੇ ਹਟਿਆ, ਅਤੇ ਬਾਰੀ ਬੰਦ ਕਰ ਦਿਤੀ, ਓਹ ਅੱਥਰੂ ਭਰੀਆਂ ਅੱਖਾਂ ਨਾਲ ਅਲਮਾਰੀ ਵੱਲ ਗਿਆ, ਉਸਨੂੰ ਖਲ੍ਹਿਆ, ਅਤੇ ਆਪਣੀਆਂ ਗ਼ਜ਼ਲਾਂ ਅਤੇ ਕਵਿਤਾ ਦੇ ਸਾਰੇ ਖੜੜੇ ਕੱਢ ਕੇ ਧਰਤੀ ਤੇ ਇਕ ਢੇਰ ਲਾ ਦਿਤਾ, ਉਨ੍ਹਾਂ ਵਿਚੋਂ ਕੁਝ ਕਾਗਜ਼ ਚੁਕਕੇ ਵੇਖੇ, ਉਨ੍ਹਾਂ ਵਿਚ ਕਈ ਚੀਜਾਂ ਬਹੁਤ ਪੁਰਾਨੀਆਂ ਸਨ, ਜਿਨ੍ਹਾਂ ਦੀ ਯਾਦ ਤੱਕ ਵੀ ਨਹੀਂ ਸੀ, ਉਹ ਉਨ੍ਹਾਂ ਸਾਰਿਆਂ ਕਾਗਜਾਂ ਨੂੰ ਜਾਨ ਤੋਂ ਵੱਧ ਪਿਆਰੇ ਜਾਨਦਾ ਸੀ, ਜਿਨ੍ਹਾਂ ਨੂੰ ਪੜ੍ਹ ਕੇ ਉਸਨੂੰ ਦੁਨੀਆਂ ਭੁਲ ਜਾਂਦੀ ਸੀ, ਅੱਜ ਬਿਲਕੁਲ ਫਜ਼ੂਲ ਅਤੇ ਨਿਕੰਮੇ ਦਿਸਨ ਲੱਗ ਪਏ ਇਨ੍ਹਾਂ ਕਾਗਜ਼ਾਂ ਦੀ ਹਸੀਅਤ ਰੱਦੀ ਤੋਂ ਵੱਧ ਨਹੀਂ ਸੀ, ਓਹ ਸਭ ਕਾਗਜ਼ ਜਿਨ੍ਹਾਂ ਨੂੰ ਅਜ ਤੋਂ ਕੁਝ ਦਿਨ ਪਹਿਲਾਂ ਉਹ ਜਿਗਰ ਦੇ ਟੁਕਰੇ ਸਮਝਦਾ ਸੀ, ਪਰ ਅਜ............

ਇਸ ਨੇ ਇਕ ਇਕ ਕਾਗਜ਼ ਨੂੰ ਫੜ ਕੇ ਉਸ ਦੇ ਕਈ ਟੋਟੇ ਕੀਤੇ ਅਤੇ ਫੇਰ ਡੱਬੀ ਦੀ ਤੀਲੀ ਬਾਲਕੇ ਉਨ੍ਹਾਂ ਨੂੰ ਸਾੜਦੇ ਹੋਏ ਕਿਹਾ।

"ਐ ਦਿਲ ਦੀ ਮਲਕਾ, ਮੈਂ ਸਭ ਕੁਝ ਤੇਰੇ ਲਈ ਕਰ ਰਿਹਾ ਹਾਂ, ਇਹ ਸਭ ਨਿੰਕਮੇ ਹਨ ਜੋ ਇਨ੍ਹਾਂ ਵਿਚ ਕੁਝ ਅਸਰ ਹੁੰਦਾ, ਤਾਂ ਅਜ ਇਸ ਮੁਕਾਬਲੇ ਦੀ ਅੱਗ ਵਿਚੋਂ ਇਹ ਕੁੰਦਨ ਬਣਕੇ ਨਿਕਲਦੇ, ਪਰ ਉਹ ਇਹ ਇਕ ਘਾਹ ਦੇ ਤੀਲੇ ਤੋਂ ਵੀ ਨਿੰਕਮੇ ਨਿਕਲੇ, ਅਤੇ ਹੁਣ ਕੁਝ ਮਿੰਟਾਂ ਤੋਂ ਪਿਛੋਂ ਇਹ ਸਿਰਫ ਸੁਆਹ ਦਾ ਢੇਰ ਬਣ ਜਾਣਗੇ ਮੇਰੇ ਹੀ ਸਾਹਮਣੇ ਮੇਰੀ ਮੇਹਨਤ ਸੜ ਕੇ ਸੁਆਹ ਦਾ ਢੇਰ ਹੋ ਜਾਏਗੀ, ਕੀ ਦੁਨੀਆਂ ਦੀ ਨਜ਼ਰ ਵਿਚ ਮੇਰੀ ਇਹੋ ਕੀਮਤ ਸੀ?"

ਉਸਦੀਆਂ ਅੱਖਾਂ ਵਿਚ ਅਥਰੂ ਸਨ, ਅਤੇ ਦਿਲ ਵਿਚ ਪੀੜ।

ਰਾਤ ਬਹੁਤੀ ਬੀਤ ਚੁਕੀ ਸੀ, ਚੰਦ ਬਦਲਾਂ ਵਿਚ ਛਪ ਗਿਆ, ਹਰ ਪਾਸੇ ਹਨੇਰਾ ਸੀ ਪਪੀਹਾ ਵੀ ਚੁੱਪ ਹੋ ਗਿਆ, ਹਰ ਪਾਸੇ ਚੁੱਪ ਸੀ, ਕੰਵਲ ਨੇ ਆਪਣੇ ਕਮਰੇ ਦੀਆਂ ਬਾਰੀਆਂ ਫੇਰ ਖੋਲੀਆਂ, ਪਰ ਹੁਣ ਉਹ ਪਹਿਲਾਂ ਵਰਗੀ ਰੌਣਕ ਅਤੇ ਸੁਹਪਣ ਨਹੀਂ ਸੀ, ਸਗੋਂ ਹਰ ਪਾਸੇ ਉਦਾਸੀ ਉਦਾਸੀ ਸੀ, ਕਾਲੀ ਅਤੇ ਡਰਾਉਣੀ ਰਾਤ ਦੇਖਕੇ ਉਸਦਾ ਦਿਲ ਡਰ ਗਿਆ ਉਸਨੂੰ ਖਲੋਣਾ ਕਠਣ ਹੋ ਗਿਆ, ਉਸਨੇ ਮਕਾਨ ਦੇ ਸਾਰੇ ਬੂਹੇ ਖੋਲ ਦਿਤੇ ਆਪਣੇ ਬਿਸਤਰੇ ਉਤੇ ਵਖੋ ਵਖ ਤਰ੍ਹਾਂ ਦੇ ਫੁਲ ਖਲੇਰ ਦਿਤੇ ਅਤੇ ਖਾਸ ਤੌਰ ਤੇ ਸਰ੍ਹਾਨੇ ਦੀ ਥਾਂ ਇਕ ਢੇਰ ਜਿਹਾ ਲਾ ਦਿਤਾ ਫੇਰ ਉਨ੍ਹਾਂ ਉਤੇ ਗੁਲਾਬ ਅਤਰ ਛਿਨਕ ਦਿਤਾ, ਫੇਰ ਕਮਰੇ ਵਿਚ ਲਗੇ ਹੋਏ ਸਾਰੇ ਫਲੂਸ ਵਖੋ ਵਖ ਰੰਗਾਂ ਦੀ ਰੌਸ਼ਨੀ ਨਾਲ ਜਗਾ ਦਿਤੇ ਬਾਹਰ ਹਨੇਰਾ ਹੋਣ ਕਰਕੇ ਹਰ ਪਾਸੇ ਰੌਸ਼ਨੀ ਚੰਗੀ ਲੱਗਣ ਲੱਗੀ।

ਫੇਰ ਉਸਨੇ ਅਲਮਾਰੀ ਵਿਚੋਂ ਜ਼ਹਿਰ ਦੀ ਸ਼ੀਸ਼ੀ ਕੱਢੀ, ਪਾਣੀ ਦੀਆਂ ਕੁਝ ਬੂੰਦਾਂ ਗਲਾਸ ਵਿਚ ਪਾਈਆਂ ਅਤੇ ਅੱਖਾਂ ਬੰਦ ਕਰਕੇ ਪੀ ਗਿਆ, ਫੇਰ....ਆਪਣੇ ਫੁਲਾਂ ਨਾਲ ਲਦੇ ਹੋਏ ਬਿਸਤਰੇ ਤੇ ਜਾਕੇ ਅਰਾਮ ਨਾਲ ਲੰਮਾ ਪੈ ਗਿਆ।

ਇਕ ਦਮ ਬਾਹਰ ਸੜਕ ਉਤੋਂ ਗਹਿਣਿਆਂ ਦੀ ਛਣਕ ਦੀ ਅਵਾਜ਼ ਆਈ, ਅਤੇ ਨਾਲ ਹੀ ਠੰਢੀ ਹਵਾ ਦਾ ਇਕ ਬੁੱਲਾ ਕਮਰੇ ਵਿਚ ਬਾਰੀ ਦੇ ਰਸਤੇ ਅੰਦ੍ਰ ਆਇਆ, ਭਿੰਨੀ ਭਿੰਨੀ ਸੁਗੰਧੀ ਨਾਲ ਕਵੀ ਦੇ ਦਿਮਾਗ ਵਿਹ ਫੇਰ ਜਾਗਰਤ ਪੈਦਾ ਹੋ ਗਈ, ਉਸਨੇ ਅੱਖਾਂ ਖ੍ਹੋਲੇ ਬਿਨਾਂ ਹੀ ਕਿਹਾ।
"ਮੇਰੇ ਦਿਲ ਦੀ ਮਲਕਾ, ਓੜਕ ਤੈਨੂੰ ਤਰਸ ਆਇਆ, ਤੂੰ ਆ ਗਈ।"
"ਬਹੁਤ ਸੁਰੀਲੀ, ਅਤੇ ਮਿੱਠੀ ਅਵਾਜ਼ ਉਸਦੇ ਕੰਨਾਂ ਵਿਚ ਆਈ, ਹਾਂ, ਕੰਵਲ ਮੈਂ ਆ ਗਈ।"

ਕੰਵਲ ਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਮੈਂ ਸੁਫਨਾ ਦੇਖ ਰਿਹਾ ਹਾਂ ਉਸ ਨੇ ਹੌਲੀ ਹੌਲੀ ਅੱਖਾਂ ਖ੍ਹੋਲੀਆਂ, ਉਸਦੀਆਂ ਅੱਖਾਂ ਵਿਚ ਹੈਰਾਨੀ ਪੈਦਾ ਹੋ ਗਈ, ਸੱਚ ਮੁੱਚ ਉਸਦੇ ਅੱਗੇ ਹੁਸਨ ਦੀ ਰਾਣੀ ਖੜੀ ਸੀ ਉਸ ਨੇ ਜਿਸ ਤਰ੍ਹਾਂ ਹੌਲੀ ਹੌਲੀ ਅੱਖਾਂ ਖੋਲੀਆਂ ਸਨ, ਉਸੇ ਤਰ੍ਹਾਂ ਬੰਦ ਕਰ ਲਈਆਂ, ਉਸਨੂੰ ਖਿਆਲ ਆਇਆ ਜੋ ਖਿਆਲੀ ਤਸਵੀਰ ਮੇਰੇ ਦਿਲ ਦੇ ਚੌਖੜੇ ਵਿਚ ਜੜੀ ਹੋਈ ਸੀ ਅਤੇ ਜਿਸ ਦੀ ਮੈਂ ਪੂਜਾ ਕਰਦਾ ਸੀ, ਅਜ ਜੀਵਨ ਦੇ ਅੰਤ ਵੇਲੇ ਦਿਲ ਵਿਚੋਂ ਬਾਹਰ ਆ ਗਈ।

ਪਤਾ ਨਹੀਂ ਮੈਨੂੰ ਵੇਖਨ ਲਈ? ਉਸ ਦਾ ਖਿਆਲ ਇਥੋਂ ਤਕ ਹੀ ਪਹੁੰਚਿਆ ਸੀ, ਕਿ ਫੇਰ ਉਹ ਹੀ ਸੁਰੀਲੀ ਅਵਾਜ਼ ਉਸਦੇ ਕੰਨਾਂ ਤਕ ਪਹੁੰਚੀ "ਮੈਂ ਰਾਜ ਕੁਮਾਰੀ ਹਾਂ।"

ਕੰਵਲ ਨੇ ਫੇਰ ਅੱਖਾਂ ਖੋਲ੍ਹੀਆਂ ਅਤੇ ਹੈਰਾਨੀ ਨਾਲ ਰਾਜ ਕੁਮਾਰੀ ਵਲ ਵੇਖਣ ਲੱਗਾ, ਫੇਰ ਇਕ ਦਮ ਪਲੰਗ ਉਤੋਂ ਉਠ ਪਿਆ, ਰਾਜਕੁਮਾਰੀ ਨੇ ਆਪਣਾ ਮੂੰਹ ਉਸ ਦੇ ਕੰਨ ਦੇ ਕੋਲ ਲੈ ਜਾ ਕੇ ਹੌਲੀ ਜਹੀ ਕਿਹਾ।

"ਮੁਕਾਬਲੇ ਵਿਚ ਤੂੰ ਕਾਮਯਾਬ ਰਿਹਾ ਹੈਂ ਮੈਂ ਜਿੱਤ ਦਾ ਸੇਹਰਾ ਤੇਰੇ ਗਲ ਵਿਚ ਪੌਣ ਆਈ ਹਾਂ, ਮੇਰੇ ਖਿਆਲ ਵਿਚ ਮਹਾਰਾਜ ਨੇ ਤੇਰੇ ਨਾਲ ਬੇ-ਇਨਸਾਫੀ ਕੀਤੀ ਹੈ।"

ਕਵੀ ਦੇ ਦਿਲ ਵਿਚ ਜਵਾਰ ਭਾਟੇ ਦੀ ਲਹਿਰ ਵਰਗੀ ਹਾਲਤ ਪੈਦਾ ਹੋ ਗਈ, ਉਸ ਨੇ ਹਸਾਨ ਭਰੀ ਨਿਗਾਹ ਨਾਲ ਰਾਜ ਕੁਮਾਰੀ ਵਲ ਵੇਖਿਆ, ਕਵੀ ਦੀਆਂ ਅੱਖਾਂ ਵਿਚ ਹੰਝੂ ਸਨ, ਅਤੇ ਹੰਝੂਆਂ ਵਿਚ ਜੀਵਨ ਦਾ ਰਾਜ਼ ਜਿਸ ਨੂੰ ਇਨਸਾਨੀ ਦਿਮਾਗ ਅਜ ਤਕ ਨਾ ਸਮਝ ਸਕਿਆ।

ਰਾਜ ਕੁਮਾਰੀ ਨੇ ਆਪਣੇ ਗਲੇ ਵਿਚੋਂ ਫੁਲਾਂ ਦਾ ਹਾਰ ਲਾਹ ਕੇ ਕੰਵਲ ਦੇ ਗਲੇ ਵਿਚ ਪਾ ਦਿਤਾ।

ਉਸ ਵੇਲੇ ਕਵੀ ਬਿਸਤਰੇ ਤੇ ਡਿਗ ਪਿਆ, ਅਤੇ ਉਸ ਦੀਆਂ ਅੱਖਾਂ ਸਦਾ ਲਈ ਬੰਦ ਹੋ ਗਈਆਂ।

(ਅਨੁਵਾਦਕ: ਸ਼ਾਂਤੀ ਨਾਰਾਇਣ ਕੁੰਜਾਹੀ)

  • ਮੁੱਖ ਪੰਨਾ : ਰਵਿੰਦਰਨਾਥ ਟੈਗੋਰ, ਬੰਗਾਲੀ ਕਹਾਣੀਆਂ ਤੇ ਨਾਵਲ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ