Aseen Kaahde Lai Aan (Punjabi Story): Amrit Kaur

ਅਸੀਂ ਕਾਹਦੇ ਲਈ ਆਂ (ਕਹਾਣੀ) : ਅੰਮ੍ਰਿਤ ਕੌਰ

" ਮੇਰੇ ਬਾਪੂ ਨੂੰ ਤਾਂ ਸਾਰੀ ਉਮਰ ਪੈਸਾ ਕਮਾਉਣਾ ਨੀ ਆਇਆ ਬੇਬੇ।" ਬਿੰਦਰ ਆਪਣੀ ਮਾਂ ਨੂੰ ਨਿਹੋਰਾ ਮਾਰਦਾ।

"ਕੋਈ ਨਾ ਪੁੱਤ... ਉਹਨੂੰ ਤਾਂ ਨਹੀਂ ਆਇਆ... ਤੂੰ ਹੁਣ ਆਵਦੇ ਹਿਸਾਬ ਨਾਲ ਕਮਾ ਲੈ।"

" ਦੇਖੀਂ ਤੇਰੇ ਪੁੱਤ ਦੀ ਚੜ੍ਹਾਈ...।" ਉਹ ਆਪਣੀ ਮਾਂ ਨੂੰ ਆਖਦਾ।

" ਰੱਬ ਤੇਰੀ ਕਮਾਈ 'ਚ ਬਰਕਤ ਪਾਵੇ।" ਉਹ ਅਸੀਸ ਦਿੰਦੀ।

" ਬਰਕਤ ਨੀ ਬੇਬੇ... ਬਰਕਤਾਂ ਆਖ।" ਉਹ ਚਾਮਲ੍ਹ ਕੇ ਆਖਦਾ। ਮਾਂ ਹੈਰਾਨੀ ਨਾਲ ਉਸ ਵੱਲ ਤੱਕਦੀ। ਕਈ ਵਾਰ ਉਸਦੀਆਂ ਇਹੋ ਜਿਹੀਆਂ ਗੱਲਾਂ ਬਾਪੂ ਦੇ ਕੰਨੀਂ ਵੀ ਪੈ ਚੁੱਕੀਆਂ ਸਨ। ਬਾਪੂ ਨੂੰ ਆਪਣੇ ਬਜ਼ੁਰਗਾਂ ਦੀਆਂ ਕਹੀਆਂ ਗੱਲਾਂ ਚੇਤੇ ਆਉਂਦੀਆਂ,

"ਜੇ ਔਲਾਦ ਤੇ ਸ਼ੱਕ ਹੋ ਜਾਵੇ ਤਾਂ ਉਸ ਦੀ ਹਰ ਹਰਕਤ ਤੇ ਨਜ਼ਰ ਰੱਖਣੀ ਜ਼ਰੂਰੀ ਹੁੰਦੀ ਐ। ਨਹੀਂ ਤਾਂ ਬਾਅਦ ਵਿੱਚ ਪਛਤਾਵੇ ਤੋਂ ਬਿਨਾਂ ਕੁਸ਼ ਨੀ ਹੱਥ ਲੱਗਦਾ...।"

ਬਿੰਦਰ ਦਾ ਬਹੁਤ ਜੀਅ ਕਰਦਾ ਕਿ ਬਾਪੂ ਨੂੰ ਦੱਸ ਦੇਵੇ... ਉਸ ਦੇ ਪੁੱਤ ਨੂੰ ਪੈਸਾ ਕਮਾਉਣਾ ਆ ਗਿਆ...। ਹਜ਼ਾਰ ਤੋਂ ਦੋ ਹਜ਼ਾਰ... ਪੰਜ ਤੋਂ ਦਸ, ਦਸ ਤੋਂ ਪੰਦਰਾਂ...। 'ਲੈ... ਪੈਸੇ ਕਮਾਉਣੇ ਕੀ ਔਖੇ ਨੇ। ਬਾਪੂ ਹੁਰੀਂ ਊਂਈਂ ਛੇ-ਛੇ ਮਹੀਨੇ ਫ਼ਸਲ ਕੰਨੀਂ ਝਾਕਦੇ ਰਹਿੰਦੇ ਨੇ। ਉਹ ਵੀ ਜੇ ਮੀਂਹ ਕਣੀ, ਝੱਖੜ-ਝੋਲੇ ਤੋਂ ਬਚਾਅ ਰਹਿ ਜਾਵੇ ਤਾਂ ਕੁੱਝ ਪੱਲੇ ਪੈਂਦੈ... ਨਹੀਂ ਤਾਂ ਬਸ ਆੜ੍ਹਤੀਏ ਜੋਗੇ। ਆੜ੍ਹਤੀਆ ਵੀ ਵਿਆਜ ਲਾਉਣ ਲੱਗਿਆਂ ਜਮਾਂ ਕਿਰਕ ਨੀ ਕਰਦਾ। ਹੁਣ ਆਪਾਂ ਵੀ ਬਾਣੀਏ ਦੇ ਪੈਸਿਆਂ ਦੇ ਸਿਰੋਂ ਪੈਸੇ ਬਣਾਉਣੇ ਨੇ।'

ਘਰਦਿਆਂ ਤੋਂ ਚੋਰੀ ਆੜ੍ਹਤੀਏ ਤੋਂ ਪੈਸੇ ਚੁੱਕ ਕੇ ਇੱਕ ਭਰੋਸੇਯੋਗ ਕੰਪਨੀ ਵਿੱਚ ਲਾ ਦਿੱਤੇ। ਭਰੋਸਾ ਹੋਣ ਕਰਕੇ ਆੜ੍ਹਤੀਏ ਨੇ ਵੀ ਕੋਈ ਨਾਂਹ-ਨੁੱਕਰ ਨਾ ਕੀਤੀ। ਜਿੱਥੋਂ ਵੀ ਆਸਾਨੀ ਨਾਲ ਪੈਸੇ ਮਿਲ ਸਕਦੇ ਸਨ... ਫੜ ਲਏ। ਉਹ ਸੋਚਦਾ... 'ਜੇ ਮੈਂ ਘਰਦਿਆਂ ਨੂੰ ਪਹਿਲਾਂ ਈ ਦੱਸ ਦਿੱਤਾ। ਫਿਰ ਉਹ ਸੁਆਦ ਨੀ ਰਹਿਣਾ। ਬਸ ਉਦੋਂ ਈ ਪਤਾ ਲੱਗੇ ਜਦੋਂ ਉਹ ਪੈਸੇ ਕਈ ਗੁਣਾਂ ਵਧਾ ਕੇ ਵਾਪਸ ਕਰੇਗਾ। ਸਾਰੇ ਕਿੰਨੇ ਖੁਸ਼ ਹੋਣਗੇ।' ਉਸ ਨੂੰ ਰਾਤਾਂ ਨੂੰ ਨੀਂਦ ਨਾ ਆਉਂਦੀ। ਸਾਰੀ ਸਾਰੀ ਰਾਤ ਆਪਣੇ ਘਰਦਿਆਂ ਦੀ ਖੁਸ਼ੀ ਬਾਰੇ ਸੋਚਦਾ। ਕਦੇ ਪਿਉ ਬਾਰੇ, ਕਦੇ ਮਾਂ ਬਾਰੇ, ਕਦੇ ਘਰਵਾਲੀ ਨੂੰ ਸੂਟ ਲੈ ਦਿੰਦਾ ਉਸ ਦੀਆਂ ਨਿੱਕੀਆਂ ਨਿੱਕੀਆਂ ਰੀਝਾਂ ਪੂਰੀਆਂ ਕਰਨ ਬਾਰੇ ਸੋਚਦਾ। ਖੇਤੀਬਾੜੀ ਦੇ ਸਿਰੋਂ ਸਾਰੀਆਂ ਰੀਝਾਂ ਪੂਰੀਆਂ ਨਹੀਂ ਹੋ ਸਕਦੀਆਂ। ਕੰਪਨੀ ਵਾਲ਼ਿਆਂ ਨੇ ਇੱਕ ਹੋਰ ਗੱਲ ਵੀ ਸਮਝਾਈ। ਕਹਿੰਦੇ ਕਿ ਜੇਕਰ ਆਪਾਂ ਹੋਰ ਮੈਂਬਰ ਤਿਆਰ ਕਰ ਲਈਏ। ਉਹਦੇ ਅੱਡ ਪੈਸੇ ਮਿਲਦੇ ਨੇ।

ਆਪਣੇ ਘਰਵਾਲ਼ੀ ਕੁਲਜੀਤ ਨੂੰ ਪੇਕੇ ਭੇਜ ਕੇ ਉਹਨਾਂ ਦੇ ਨਾਂ ਤੇ ਵੀ ਪੈਸੇ ਲਾ ਦਿੱਤੇ। ਅਸਲ ਗੱਲ ਕੁਲਜੀਤ ਨੂੰ ਨਹੀਂ ਦੱਸੀ। ਇਹੀ ਆਖਿਆ ਕਿ ਕਿਸੇ ਨੂੰ ਪੈਸਿਆਂ ਦੀ ਜ਼ਰੂਰਤ ਹੈ... ਅਗਲਾ ਵੱਧ ਵਿਆਜ ਦੇਣ ਨੂੰ ਤਿਆਰ ਹੈ।

ਜਦੋਂ ਉਹ ਪੈਸਾ ਲਵਾਉਣ ਵਾਲੇ ਏਜੰਟਾਂ ਦੀਆਂ ਗੱਲਾਂ ਸੁਣਦਾ ਤਾਂ ਅੰਬਰੀਂ ਉਡਾਰੀਆਂ ਲਾਉਣ ਲੱਗ ਪੈਂਦਾ। ਆਪਣੇ ਬਾਪੂ 'ਤੇ ਕਈ ਵਾਰ ਉਸ ਨੂੰ ਨਰਾਜ਼ਗੀ ਹੁੰਦੀ। ਸਾਰੀ ਉਮਰ ਉਸ ਨੇ ਖੇਤੀ ਕੀਤੀ। ਮਿੱਟੀ ਨਾਲ ਮਿੱਟੀ ਹੁੰਦਾ ਰਿਹਾ। ਕੀ ਖੱਟਿਆ? ... ਬਸ ਸਬਰ ਸ਼ੁਕਰ ਵਾਲੀ ਸੋਚ ਤੇ ਖੜ੍ਹਾ ਰਿਹਾ। ਉਸ ਨੂੰ ਪਤਾ ਨਹੀਂ ਕਿਉਂ ਨਹੀਂ ਸਮਝ ਆਈ ਕਿ ਪੈਸਾ ਕਿਵੇਂ ਕਮਾਈਦਾ। ਜੇ ਕਿਤੇ ਪਹਿਲਾਂ ਬਾਪੂ ਨੂੰ ਸਮਝ ਆ ਜਾਂਦੀ... ਅੱਜ ਉਹ ਵੀ ਕਾਰਾਂ ਕੋਠੀਆਂ ਵਾਲੇ ਹੁੰਦੇ। ਅਜੀਬ ਜਿਹੀ ਬੇਚੈਨੀ ਸੌਣ ਨਾ ਦਿੰਦੀ। ਅੰਦਰੋਂ ਹਮੇਸ਼ਾ ਖਿੜਿਆ ਰਹਿੰਦਾ। ਆਪਣੀ ਮਿਹਨਤ ਨਾਲ ਟਰੈਕਟਰ ਨਾਲ ਢੋ-ਢੁਆਈ ਕਰਕੇ ਪਹਿਲੀ ਵਾਰ ਪੈਸੇ ਜੋੜੇ। ਕੁੱਝ ਪੈਸੇ ਲੋਕਾਂ ਦੇ ਖੇਤਾਂ ਵਿੱਚੋਂ ਕੰਬਾਈਨ ਦੁਆਰਾ ਵੱਢੀ ਕਣਕ ਦੀ ਨਾੜ, ਜਿਸ ਨੂੰ ਆਮ ਕਰ ਕੇ ਕਈ ਲੋਕ ਅੱਗ ਲਾ ਦਿੰਦੇ ਸਨ... ਉਸ ਦੀ ਤੂੜੀ ਬਣਾ ਕੇ ਕਮਾਏ। ਕੁੱਝ ਘਰੇ ਫੜਾਏ, ਕੁੱਝ ਆਪਣੇ ਕੋਲ ਰੱਖੇ। ਉਹ ਕੰਮ ਵੀ ਵੱਧ ਕਰਨ ਲੱਗ ਪਿਆ ਤਾਂ ਕਿ ਵੱਧ ਕਮਾਈ ਕਰ ਕੇ, ਕੰਪਨੀ ਵਿੱਚ ਵੱਧ ਪੈਸੇ ਲਾ ਸਕੇ, ਛੇਤੀ ਹੀ ਵੱਧ ਪੈਸੇ ਕਮਾਵੇ। ਜੇ ਉਸ ਦੇ ਵਸ ਦੀ ਗੱਲ ਹੁੰਦੀ ਤਾਂ ਉਹ ਸਮੇਂ ਦੀ ਗਤੀ ਵਧਾ ਕੇ ਉਸ ਮਹੀਨੇ ਤੱਕ ਲੈ ਜਾਂਦਾ... ਜਦੋਂ ਉਸ ਨੂੰ ਲੱਖਾਂ ਰੁਪਏ ਇਕੱਠੇ ਮਿਲਣੇ ਸਨ। ਸੋਚ ਕੇ ਈ ਮਨ ਉਡਾਰੀਆਂ ਭਰਨ ਲੱਗ ਪੈਂਦਾ... ਸਾਰੇ ਘਰ ਦੀ ਗਰੀਬੀ ਚੱਕੀ ਜਾਊ...। ਦੋ ਚਾਰ ਵਾਰੀ ਤਾਂ ਉਸ ਨੂੰ ਪੰਜ-ਪੰਜ, ਦਸ-ਦਸ ਹਜ਼ਾਰ ਮਿਲ ਵੀ ਚੁੱਕੇ ਸਨ। ਇੱਕ ਦੋ ਵਾਰ ਘਰ ਦੀਆਂ ਜ਼ਰੂਰਤਾਂ ਲਈ ਵਰਤ ਲਏ... ਦੋ ਕੁ ਵਾਰ ਉਹਨਾਂ ਦੇ ਕਹਿਣ ਤੇ ਕੰਪਨੀ ਵਿੱਚ ਹੀ ਲਗਾ ਦਿੱਤੇ ਤਾਂ ਕਿ ਉਹਨਾਂ ਦੇ ਕਈ ਗੁਣਾਂ ਵੱਧ ਬਣ ਜਾਣ। ਐਨੇ ਥੋੜ੍ਹੇ ਪੈਸੇ ਲਾਉਣ ਦਾ ਵੀ ਕੋਈ ਸਵਾਦ ਨਹੀਂ ਸੀ।

ਕਿਸੇ ਨੂੰ ਬਿਨਾਂ ਦੱਸੇ ਹੀ ਸਹੁਰਿਆਂ ਵੱਲੋਂ ਪਾਇਆ ਸੋਨੇ ਦਾ ਕੜਾ ਅਤੇ ਛਾਪ ਵੇਚ ਕੇ ਵੀ ਪੈਸੇ ਲਾ ਦਿੱਤੇ। ਇਸ ਤੋਂ ਬਾਅਦ ਉਹ ਜਮਾਂ ਸੁਰਖ਼ਰੂ ਹੋ ਗਿਆ। ਕੁੱਝ ਸਮੇਂ ਲਈ ਸਭ ਫ਼ਿਕਰ-ਫ਼ਾਕੇ ਮੁਕਾ ਲਏ। ਬਸ ਉਡੀਕ ਸੀ... ਜਦੋਂ ਉਹ ਆਪਣੇ ਘਰ ਵਿੱਚ ਸਭ ਤੋਂ ਵੱਧ ਸਿਆਣਾ ਮੰਨਿਆ ਜਾਵੇਗਾ... ਬਾਪੂ ਉਸ ਨੂੰ ਗਲ਼ ਨਾਲ ਲਾਵੇਗਾ...। ਨਹੀਂ ਤਾਂ ਹੁਣ ਤੱਕ ਬਾਪੂ ਉਸ ਦੇ ਮੋਢੇ ਤੇ ਹੱਥ ਰੱਖ ਕੇ ਈ ਥਾਪੀ ਦੇ ਦਿੰਦਾ ਸੀ।

ਬਿੰਦਰ ਨੇ ਆਪਣੇ ਇੱਕ ਬਹੁਤ ਨਜ਼ਦੀਕੀ ਦੋਸਤ ਹਰਪਾਲ ਨਾਲ਼ ਗੱਲ ਸਾਂਝੀ ਕੀਤੀ। ਉਹ ਕਹਿਣ ਲੱਗਾ,

"ਧਿਆਨ ਰੱਖੀਂ ਬਿੰਦਰਾ, ਐਸ ਤਰ੍ਹਾਂ ਦੇ ਲੋਕ ਠੱਗ ਹੁੰਦੇ ਨੇ।"

"ਨਾ ਬਾਈ... ਇਹ ਤਾਂ ਚੰਗੇ ਬੰਦੇ ਨੇ। ਪਹਿਲਾਂ ਆਪਾਂ ਸਾਰੀ ਪੜਤਾਲ ਕੀਤੀ ਐ। ਮੈਂ ਆਪ ਇਹਨਾਂ ਦੇ ਦਫ਼ਤਰ ਗਿਆ ਸੀ। ਸਾਰਾ ਕੁਸ਼ ਇਹਨਾਂ ਨੇ ਨੈੱਟ ਤੇ ਪਾਇਆ ਹੋਇਐ, ਜਦੋਂ ਮਰਜ਼ੀ ਖੋਲ੍ਹ ਕੇ ਦੇਖ ਲਓ।" ਥੋੜ੍ਹਾ ਰੁਕ ਕੇ ਬਿੰਦਰ ਫਿਰ ਬੋਲਿਆ,

"ਇਹ ਤਾਂ ਸਗੋਂ ਆਪ ਕਹਿੰਦੇ ਹੁੰਦੇ ਨੇ... ਠੱਗਾਂ ਤੋਂ ਬਚ ਕੇ ਰਹੋ। ਤੂੰ ਮੇਰੇ ਨਾਲ ਚੱਲੀਂ ਤੈਨੂੰ ਆਪੇ ਪਤਾ ਲੱਗ ਜੂ। ਅਜੇ ਹੋਰ ਕਿਸੇ ਨੂੰ ਨਾ ਦੱਸੀਂ...।" ਬਿੰਦਰ ਨੇ ਆਪਣੇ ਨਾਲ ਲਿਜਾਣ ਲਈ ਦੋਸਤ ਨੂੰ ਪੱਕਾ ਕਰ ਲਿਆ।

ਜਾਣ ਤੋਂ ਦੋ ਦਿਨ ਪਹਿਲਾਂ ਜਦੋਂ ਬਿੰਦਰ ਨੇ ਫੋਨ ਲਾਇਆ ਉਹਨਾਂ ਦਾ ਫ਼ੋਨ ਅੱਗੋਂ ਟੂੰ... ਟੂੰ ਈ ਕਰੇ। ਕਿਸੇ ਹੋਰ ਨਾਲ ਗੱਲ ਕਰਦੇ ਹੋਣਗੇ... ਵੱਡੇ ਲੋਕਾਂ ਦੀ ਜਾਣ-ਪਛਾਣ ਵਾਲੇ ਵੀ ਬਥੇਰੇ ਹੁੰਦੇ ਨੇ... ਉਹ ਸੋਚਦਾ। ਉਸ ਨੂੰ ਯਾਦ ਆਇਆ ਗਵਾਂਢ ਪਿੰਡ ਦੇ ਮੁੰਡੇ ਨੇ ਵੀ ਇਸ ਕੰਪਨੀ ਵਿੱਚ ਪੈਸੇ ਲਾਏ ਹੋਏ ਸਨ। ਬਿੰਦਰ ਨੇ ਉਸ ਦਾ ਨੰਬਰ ਵੀ ਲੈ ਰੱਖਿਆ ਸੀ। ਫਟਾਫਟ ਨੰਬਰ ਲੱਭ ਕੇ ਫ਼ੋਨ ਲਾਇਆ।

" ਬਾਈ ਕੀ ਹਾਲ ਐ? ਕੰਮ ਸੀ ਤੇਰੇ ਤੱਕ।" ਬਿੰਦਰ ਨੇ ਸਧਾਰਣ ਜਿਹੀ ਗੱਲ ਬਾਤ ਸ਼ੁਰੂ ਕੀਤੀ।

" ਹਾਲ ਤਾਂ ਠੀਕ ਐ ਬਾਈ... ਕੰਮ ਕੀ ਐ?"

" ਕੰਪਨੀ ਵਾਲ਼ਿਆਂ ਦਾ ਮੇਰੇ ਕੋਲ ਇੱਕ ਹੀ ਨੰਬਰ ਹੈ। ਉਹੀ ਲੱਗ ਨੀ ਰਿਹਾ, ਜੇ ਤੇਰੇ ਕੋਲ ਕੋਈ ਹੋਰ ਨੰਬਰ ਹੈ ਤਾਂ ਮੈਨੂੰ ਭੇਜ ਦੇ।" ਉਸ ਨੇ ਸਿੱਧੀ ਮੁੱਦੇ ਦੀ ਗੱਲ ਕੀਤੀ।

" ਉਹਨਾਂ ਦਾ ਤਾਂ ਬਾਈ ਕੋਈ ਵੀ ਨੰਬਰ ਨੀ ਲੱਗ ਰਿਹਾ। ਸਾਡੇ ਪਿੰਡ ਵਿੱਚ ਤਾਂ ਪੂਰਾ ਰੌਲਾ ਪੈ ਰਿਹਾ ਐ। ਉਹ ਤਾਂ ਠੱਗ ਨਿਕਲੇ।"

" ਨਾ ਬਾਈ, ਐਂ ਕਿਵੇਂ... ਉਹਨਾਂ ਨੇ ਵੱਡੀਆਂ ਸਕਰੀਨਾਂ ਤੇ ਦਿਖਾਇਆ ਸੀ। ਸਾਰੀ ਜਾਣਕਾਰੀ ਨੈੱਟ ਤੇ ਰੱਖੀ ਹੋਈ ਐ।" ਬਿੰਦਰ ਨੂੰ ਧੱਕਾ ਤਾਂ ਲੱਗਿਆ ਪਰ ਉਸ ਦਾ ਭਰੋਸਾ ਨਹੀਂ ਸੀ ਟੁੱਟਿਆ।

" ਮੈਂ ਤਾਂ ਬਾਈ ਦਿਹਾੜੀ ਦੱਪੇ ਦੇ ਕੱਠੇ ਕਰੇ ਹੋਏ ਸੀ। ਕੁਸ਼ ਜੀਰੀ ਲਵਾਈ ਦੇ ਮਿਲੇ ਸੀ। ਪੂਰਾ ਵੀਹ ਹਜ਼ਾਰ।"

"ਮੈਂ ਵੀ ਐਨੇ ਕੁ ਹੀ ਲਾਏ ਹੋਏ ਨੇ।" ਉਸ ਤੋਂ ਸੱਚ ਨਾ ਬੋਲਿਆ ਗਿਆ। ਉਸ ਨੇ ਤਾਂ ਲੱਖਾਂ ਰੁਪਏ ਲਾ ਰੱਖੇ ਸਨ। ਫੋਨ ਕੱਟ ਕੇ ਨੈੱਟ ਤੋਂ ਉਹਨਾਂ ਦੀ ਜਾਣਕਾਰੀ ਫਰੋਲਣ ਲੱਗਿਆ। ਕੁੱਝ ਵੀ ਹੱਥ ਪੱਲੇ ਨਾ ਪਿਆ। ਮਨ ਘਬਰਾਉਣ ਲੱਗਿਆ।

ਜਦੋਂ ਇਹ ਸੋਚ ਦਿਲ ਦਿਮਾਗ਼ ਵਿੱਚ ਥਾਂ ਬਣਾਉਣ ਲੱਗੀ ਕਿ ਉਸ ਨਾਲ ਵੀ ਠੱਗੀ ਹੋ ਸਕਦੀ ਹੈ। ਸੁਫ਼ਨੇ ਵਾਂਗ ਲੱਗਦਾ। ਜਦੋਂ ਸੱਚ ਆਇਆ ਤਾਂ ਉਸ ਦੀਆਂ ਲੱਤਾਂ ਦੀ ਜਾਨ ਨਿਕਲਣ ਲੱਗੀ। ਉਸ ਲਈ ਸਭ ਖ਼ਤਮ ਹੋ ਗਿਆ। ਵਿਹੜੇ ਵਿੱਚ ਪਏ ਮੰਜੇ 'ਤੇ ਢੇਰੀ ਹੋ ਗਿਆ।

" ਬਿੰਦਰਾ ਕੀ ਹੋ ਗਿਆ ਪੁੱਤ?" ਮਾਂ ਨੇ ਕਾਹਲ਼ੀ ਨਾਲ਼ ਪਾਣੀ ਦਾ ਗਲਾਸ ਲਿਆਂਦਾ। ਪਾਣੀ ਦਾ ਘੁੱਟ ਪੀ ਕੇ ਥੋੜ੍ਹਾ ਸੂਤ ਹੋਇਆ।

" ਕੁਸ਼ ਨੀ ਬੇਬੇ... ਐਵੇਂ ਚੱਕਰ ਜਿਹਾ ਆ ਗਿਆ ਸੀ।"

" ਐਂ ਕਿਵੇਂ ਆ ਗਿਆ ਚੱਕਰ?" ਬੇਬੇ ਘਬਰਾਈ ਹੋਈ ਸੀ।‌

ਉਹ ਮਨੋ-ਮਨੀ ਆਪਣੇ ਆਪ ਨੂੰ ਸਮਝਾ ਰਿਹਾ ਸੀ,

"ਬਿੰਦਰਾ ਤੈਨੂੰ ਸੰਭਲਣਾ ਪਊ... ਉੱਠ... ਤੂੰ ਬਿਮਾਰ ਨੀ ਪੈਣਾ, ਪਹਿਲਾਂ ਈ ਤੂੰ ਘਰ ਉਜਾੜਤਾ... ਜੇ ਤੂੰ ਪੈ ਗਿਆ ਇਹਨਾਂ ਤੈਨੂੰ ਬਚਾਉਣ ਲਈ ਜੋ ਪੱਲੇ ਐ ਉਹ ਵੀ ਵੇਚ ਵੱਟ ਦੇਣੈ।"

" ਪੁੱਤ ਕੰਮ ਘੱਟ ਕਰ ਲਿਆ ਕਰ। ਕੋਈ ਨਾ ਘੱਟ ਖਾ ਲਾਂਅਗੇ... ਆਵਦੀ ਦੇਹ ਵੀ ਜ਼ਰੂਰੀ ਐ। ਸਾਰਾ ਦਿਨ ਨੀ ਟਿਕਦਾ।" ਬਿੰਦਰ ਦੀ ਬੇਬੇ ਉਸ ਦੇ ਕੋਲ ਖੜ੍ਹੀ ਆਖ ਰਹੀ ਸੀ।

" ਮੈਂ ਕਾਹਦੇ ਲਈ ਆਂ... ਜੇ ਔਖਾ ਹੁੰਨੈ। ਮੈਨੂੰ ਕਹਿ ਦਿਆ ਕਰ।" ਬਾਪੂ ਨੇ ਸਿਰ ਤੇ ਬੰਨ੍ਹਿਆ ਪਰਨਾ ਲਾਹ ਕੇ ਝਾੜਦਿਆਂ ਆਖਿਆ। ਬਿੰਦਰ ਨੂੰ ਘਰਦਿਆਂ 'ਤੇ ਖਿਝ ਆਉਣ ਲੱਗੀ।

" ਮੈਂ ਠੀਕ ਆਂ... ਕੁਸ਼ ਨੀ ਹੋਇਆ। ਬੇਬੇ ਰੋਟੀ ਫੜਾ ਦੇ ਮੈਨੂੰ।" ਉਸ ਨੇ ਮਾਂ ਨੂੰ ਕਿਹਾ।

ਰੋਟੀ ਤਾਂ ਮੰਗਵਾ ਲਈ ਪਰ ਬੁਰਕੀ ਸੰਘੋਂ ਹੇਠ ਨਹੀਂ ਸੀ ਜਾ ਰਹੀ। ਰੋਟੀਆਂ ਮਰੋੜ ਕੇ ਹੱਥ ਵਿੱਚ ਫੜ ਲਈਆਂ। ਥੋੜ੍ਹੀ ਦੇਰ ਬੈਠਾ ਰਿਹਾ ਫਿਰ ਉੱਠ ਕੇ ਮੱਝਾਂ ਦੀ ਖੁਰਲੀ ਵਿੱਚ ਸੁੱਟ ਦਿੱਤੀਆਂ। ਉਹ ਸੋਚ ਰਿਹਾ ਸੀ... ਸ਼ੁਕਰ ਐ ਕੁਲਜੀਤ ਪੇਕੇ ਗਈ ਹੋਈ ਐ ਨਹੀਂ ਤਾਂ ਉਹਨੇ ਵੀ ਸੌ ਸਵਾਲ ਕਰਨੇ ਸਨ। ਆਪਣੇ ਆਪ ਨੂੰ ਸੰਭਾਲਦਾ... ਆਪੇ ਹੀ ਆਪਣੀ ਹਿੰਮਤ ਬੰਨ੍ਹਦਾ। ਦਿਮਾਗ਼ ਵਿੱਚ ਆਇਆ... ਕਿਉਂ ਨਾ ਕੱਲ੍ਹ ਨੂੰ ਉਹਨਾਂ ਦੇ ਦਫ਼ਤਰ ਜਾ ਕੇ ਆਵਾਂ। ਹੋ ਸਕਦਾ ਇਹ ਗੱਲ ਝੂਠੀ ਹੋਵੇ।

ਦੂਸਰੇ ਦਿਨ ਸਵੇਰੇ ਹੀ ਬੱਸ ਚੜ੍ਹ ਗਿਆ। ਜਿੱਥੇ ਦਫ਼ਤਰ ਸੀ ਉਸ ਕਮਰੇ ਨੂੰ ਜਿੰਦਾ ਲੱਗਾ ਹੋਇਆ ਸੀ। ਆਲ਼ੇ-ਦੁਆਲ਼ਿਓਂ ਪਤਾ ਕਰਨ ਤੇ ਵੀ ਕੋਈ ਬਹੁਤੀ ਜਾਣਕਾਰੀ ਨਹੀਂ ਮਿਲੀ। ਉੱਥੇ ਖੜ੍ਹੇ ਖੜ੍ਹੇ ਨੇ ਕਿੰਨੀ ਵਾਰ ਫ਼ੋਨ ਲਾਇਆ। ਪਰ ਟੂੰ... ਟੂੰ ਹੀ ਸੁਣਾਈ ਦਿੰਦੀ। ਜਦੋਂ ਪਹਿਲਾਂ ਇਸ ਥਾਂ ਤੇ ਆਇਆ ਸੀ ਉਸ ਵੇਲੇ ਇੱਥੇ ਰੌਣਕ ਸੀ। ਦਫ਼ਤਰ ਦੇ ਨਾਲ ਵਾਲੀਆਂ ਦੁਕਾਨਾਂ ਵਿੱਚ ਵੀ ਰੌਣਕ ਸੀ। ਉਹ ਵੀ ਆਖਦੇ ਸਨ ਕਿ ਇਸ ਕੰਪਨੀ ਕਰਕੇ ਹੀ ਸ਼ਹਿਰ ਵਿੱਚ ਕਾਰੋਬਾਰ ਚੱਲ ਰਿਹਾ ਹੈ, ਨਹੀਂ ਤਾਂ ਦੋ ਡੰਗ ਦੀ ਰੋਟੀ ਵੀ ਔਖੀ ਹੋਈ ਪਈ ਸੀ। ਗਰੀਬ ਤੋਂ ਅਮੀਰ ਬਣੇ ਇਹਨਾਂ ਮੁੰਡਿਆਂ ਦੇ ਕੱਪੜਿਆਂ ਦੀ ਮਹਿਕ ਨਾਲ ਹੀ ਉਸ ਦੇ ਅੰਦਰ ਸੁਪਨੇ ਮਹਿਕਣ ਲੱਗੇ ਸਨ। ਜਦੋਂ ਉਹਨਾਂ ਨੇ ਇੱਥੇ ਬੁਲਾਇਆ ਸੀ। ਇਸ ਦਫ਼ਤਰ ਤੋਂ ਚਾਰ ਕੁ ਦੁਕਾਨਾਂ ਛੱਡ ਕੇ ਇੱਕ ਵੱਡੇ ਸਾਰੇ ਹਾਲ ਕਮਰੇ ਵਿੱਚ ਉਹਨਾਂ ਦਾ ਕੋਈ ਸਮਾਗਮ ਸੀ। ਚੰਗੇ ਸੂਟ ਬੂਟ ਵਾਲੇ ਬੰਦਿਆਂ ਨੇ ਪੈਸੇ ਕਮਾਉਣ ਦੇ ਤਰੀਕੇ ਦੱਸੇ ਸਨ। ਪਹਿਲੀ ਵਾਰ ਉਸ ਨੂੰ ਜਾਪਿਆ ਸੀ... ਜ਼ਿੰਦਗੀ ਤਾਂ ਇਹ ਲੋਕ ਜਿਉਂਦੇ ਨੇ ਅਸੀਂ ਤਾਂ ਵਖਤਕਟੀ ਹੀ ਕਰਦੇ ਆਂ।

ਪੁੱਛਣ ਤੇ ਪਤਾ ਲੱਗਿਆ ਕਿ ਇਹ ਜਗ੍ਹਾ ਕਿਸੇ ਨੇ ਕਿਰਾਏ ਤੇ ਲਈ ਸੀ। ਦਸ ਦਿਨ ਹੋ ਗਏ ਬੰਦ ਪਈ ਐ। ਸੁਣ ਕੇ ਹੈਰਾਨ ਹੋਇਆ। ਕੱਲ੍ਹ ਦਾ ਹੀ ਫ਼ੋਨ ਬੰਦ ਆਉਣ ਲੱਗਿਆ ਐ। ਅਜੇ ਚਾਰ ਕੁ ਦਿਨ ਪਹਿਲਾਂ ਹੀ ਫ਼ੋਨ ਤੇ ਗੱਲ ਕੀਤੀ ਸੀ। ਉਹਨਾਂ ਨੇ ਆਖ਼ਿਆ ਸੀ, "ਜਦੋਂ ਮਰਜ਼ੀ ਆ ਜਾਣਾ, ਸਾਡਾ ਇੱਕ ਬੰਦਾ ਹਮੇਸ਼ਾ ਦਫ਼ਤਰ 'ਚ ਹੀ ਬੈਠਾ ਹੁੰਦੈ ਤਾਂ ਕਿ ਸਾਡੇ ਪਰਿਵਾਰ ਦੇ ਜੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।" ਇਸ ਗੱਲ ਵਿੱਚ ਕਿੰਨੀ ਅਪਣੱਤ ਸੀ। ਪਰਿਵਾਰ ਦੇ ਜੀਅ ਸਮਝ ਕੇ ਕੋਈ ਧੋਖਾ ਕਿਵੇਂ ਕਰ ਸਕਦਾ ਐ। ਇੱਕਦਮ ਦਿਮਾਗ਼ ਵਿੱਚ ਆਇਆ... ਅੱਜ ਕੱਲ੍ਹ ਪਰਿਵਾਰ ਦੇ ਜੀਅ ਹੀ ਤਾਂ ਧੋਖਾ ਕਰਦੇ ਨੇ।

ਉਹ ਆਪਣੇ ਵਿਚਾਰਾਂ ਵਿੱਚ ਹੀ ਉਲਝ ਰਿਹਾ ਸੀ। ਹੋ ਸਕਦਾ ਐ ਮੇਰਾ ਵਹਿਮ ਹੋਵੇ। ਉਹਨਾਂ ਦੇ ਆਪਣੇ ਮਾਂ-ਪਿਉ, ਭੈਣ-ਭਰਾ, ਬੱਚੇ ਵੀ ਹੋਣਗੇ। ਇਹ ਵੀ ਹੋ ਸਕਦਾ ਐ... ਉਹਨਾਂ ਦੇ ਆਪਣੇ ਘਰਾਂ ਵਿੱਚ ਕੋਈ ਦੁੱਖ-ਸੁੱਖ ਆ ਗਿਆ ਹੋਵੇ। ਮਨ ਨਹੀਂ ਸੀ ਮੰਨ ਰਿਹਾ.. .ਪਰ ਦਿਮਾਗ਼ ਵਾਰ-ਵਾਰ ਇਹੀ ਸੋਚਦਾ... 'ਤੂੰ ਤਾਂ ਦਸਾਂ ਨਹੁੰਆਂ ਦੀ ਕਮਾਈ ਰੋੜ੍ਹ ਤੀ ਬਿੰਦਰਾ...।' ਇਸ ਖਿਆਲ ਦੇ ਨਾਲ ਹੀ ਉਸ ਨੂੰ ਹੌਲ ਜਿਹਾ ਪੈ ਜਾਂਦਾ। ਉੱਥੇ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਪਿੰਡਾਂ ਦੇ ਜ਼ਿਆਦਾਤਰ ਲੋਕ ਚਾਰ ਪੰਜ ਦਿਨਾਂ ਤੋਂ ਇੱਥੇ ਪੁੱਛਣ ਆਉਂਦੇ ਹਨ। ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਹੁੰਦਾ ਕਿ ਉਹਨਾਂ ਨਾਲ਼ ਠੱਗੀ ਹੋਈ ਹੈ। ਬਿੰਦਰ ਦੀ ਰਹਿੰਦੀ ਉਮੀਦ ਵੀ ਖੁਰਦੀ ਜਾ ਰਹੀ ਸੀ। ਘਰ ਵਾਪਸ ਜਾਣ ਤੋਂ ਡਰ ਲੱਗਣ ਲੱਗ ਪਿਆ। ਪਰ ਹੋਰ ਕਿਤੇ ਜਾਣ ਨੂੰ ਦਿਲ ਵੀ ਨਹੀਂ ਸੀ ਕਰਦਾ। ਡਿੱਗਦੇ ਢਹਿੰਦੇ ਮਨ ਅਤੇ ਸਰੀਰ ਨਾਲ਼ ਪਿੰਡ ਜਾਣ ਵਾਲ਼ੀ ਬੱਸ ਫੜ ਲਈ। ਘੰਟੇ ਕੁ ਦਾ ਸਫ਼ਰ ਸੀ। ਨਾਲ ਵਾਲੀ ਸੀਟ ਤੇ ਇੱਕ ਅੱਠਵੀਂ ਜਾਂ ਸ਼ਾਇਦ ਨੌਵੀਂ ਦਾ ਵਿਦਿਆਰਥੀ ਆਪਣੀ ਕਿਤਾਬ ਵਿੱਚੋਂ ਕੁੱਝ ਪੜ੍ਹ ਰਿਹਾ ਸੀ। ਭਰੀਆਂ ਅੱਖਾਂ ਕਾਰਨ ਬਿੰਦਰ ਨੂੰ ਧੁੰਦਲਾ ਦਿਸਣ ਕਰਕੇ ਸਮਝ ਨਹੀਂ ਸੀ ਆ ਰਿਹਾ ਕਿ ਉਹ ਕੀ ਪੜ੍ਹ ਰਿਹਾ ਹੈ। ਅੱਖਾਂ ਸਾਫ਼ ਕਰ ਕੇ ਉਸ ਨੇ ਧਿਆਨ ਨਾਲ ਦੇਖਿਆ ਤਾਂ ਬੱਚਾ ਕੋਈ ਕਹਾਣੀ ਪੜ੍ਹ ਰਿਹਾ ਸੀ। ਬੱਚੇ ਨੇ ਪੰਨਾ ਪਲਟ ਦਿੱਤਾ। ਇਸ ਪੰਨੇ ਤੇ ਕਹਾਣੀ ਤੋਂ ਜਿਹੜੀ ਸਿੱਖਿਆ ਮਿਲਦੀ ਹੈ ਉਹੀ ਇੱਕ ਸਤਰ ਲਿਖੀ ਹੋਈ ਸੀ... ਲਾਲਚ ਬੁਰੀ ਬਲਾ ਹੈ... ਉਸ ਦੇ ਦਿਮਾਗ਼ ਨੂੰ ਕਰੰਟ ਜਿਹਾ ਲੱਗਿਆ। ਉਸ ਨੇ ਵੀ ਸਕੂਲ ਪੜ੍ਹਨ ਸਮੇਂ ਇਹ ਕਹਾਣੀਆਂ ਪੜ੍ਹੀਆਂ ਸਨ। ਲਾਲਚੀ ਕੁੱਤੇ ਦੀ ਕਹਾਣੀ... ਜਿਸ ਨੇ ਵੱਧ ਭੋਜਨ ਪ੍ਰਾਪਤ ਕਰਨ ਲਈ ਜਿਹੜਾ ਕੋਲ ਹੈ ਸੀ... ਉਹ ਵੀ ਗਵਾ ਲਿਆ। ਅੱਜ ਇਸ ਕਹਾਣੀ ਦਾ ਮਤਲਬ ਕੁੱਝ ਹੋਰ ਹੀ ਸਮਝ ਆ ਰਿਹਾ ਐ। ਉਸ ਵੇਲੇ ਇਸ ਦੀ ਕੋਈ ਸਮਝ ਨਹੀਂ ਸੀ। ਜੇ ਸਮਝ ਹੈ ਸੀ ਤਾਂ ਐਨੀ ਕੁ... ਜੇ ਵੱਧ ਨੰਬਰ ਲੈਣੇ ਨੇ ਤਾਂ ਚੰਗੀ ਤਰ੍ਹਾਂ ਰੱਟਾ ਮਾਰ ਲਿਆ ਜਾਵੇ। ਅੱਖਾਂ ਬੰਦ ਕਰਕੇ ਆਪਣੇ ਬੀਤੇ ਵਿੱਚ ਗੁਆਚ ਗਿਆ। ਅੱਜ ਮਹਿਸੂਸ ਹੋ ਰਿਹਾ ਸੀ... ਪੜ੍ਹਾਈ ਨੰਬਰ ਲੈਣ ਵਾਸਤੇ ਨਹੀਂ ਹੁੰਦੀ। ਇਹ ਤਾਂ ਜ਼ਿੰਦਗੀ ਜਿਉਣ ਦਾ ਚੱਜ ਸਿੱਖਣ ਲਈ ਹੁੰਦੀ ਹੈ। ਪਾਣੀ ਵਿੱਚ ਆਪਣਾ ਪਰਛਾਵਾਂ ਦੇਖਣ ਵਾਲਾ ਕੁੱਤਾ ਵਾਰ-ਵਾਰ ਦਿਮਾਗ਼ ਵਿੱਚ ਘੁੰਮ ਰਿਹਾ ਸੀ। ਕੁੱਤੇ ਦੀ ਜਗ੍ਹਾ ਉਹ ਆਪਣੇ ਆਪ ਨੂੰ ਖੜ੍ਹਾ ਵੇਖਦਾ। ਕੰਪਨੀ ਵਿੱਚ ਲਾਏ ਰੁਪਈਏ ਗਹਿਣੇ ਉਸ ਦੇ ਹੱਥਾਂ ਵਿੱਚ ਫੜੇ ਹੋਏ ਹੁੰਦੇ ਅਤੇ ਉਸ ਨੇ ਵੀ ਆਪਣੇ ਪਰਛਾਵੇਂ ਵਾਲੇ ਰੁਪਈਏ ਗਹਿਣੇ ਪ੍ਰਾਪਤ ਕਰਨ ਲਈ ਆਪਣੇ ਹੱਥਲਾ ਵੀ ਸਭ ਕੁੱਝ ਗਵਾ ਲਿਆ ਸੀ।

ਕੰਡਕਟਰ ਨੇ ਉਸ ਦੇ ਪਿੰਡ ਦਾ ਨਾਂ ਲੈ ਕੇ ਸਵਾਰੀਆਂ ਨੂੰ ਉਤਰਨ ਲਈ ਸੁਚੇਤ ਕੀਤਾ। ਉਸ ਦੀ ਸੁਰਤ ਪਰਤੀ। ਅਜੇ ਵੀ ਆਪਣੀ ਕਮਜ਼ੋਰੀ ਜ਼ਾਹਰ ਨਹੀਂ ਸੀ ਕਰਨਾ ਚਾਹੁੰਦਾ। ਰਸਤੇ ਵਿੱਚੋਂ ਮੈਡੀਕਲ ਸਟੋਰ ਤੋਂ ਖਰੀਦੇ ਗੋਲ਼ੀਆਂ ਦੇ ਪੱਤੇ ਘਰ ਜਾ ਕੇ ਮੇਜ਼ ਤੇ ਰੱਖ ਦਿੱਤੇ ਤਾਂ ਕਿ ਸਭ ਨੂੰ ਲੱਗੇ ਕਿ ਉਹ ਦਵਾਈ ਲੈਣ ਗਿਆ ਸੀ। ਉਸ ਨੂੰ ਆਪਣੇ ਪਰਿਵਾਰ ਦਾ ਵੇਖਣ ਢੰਗ ਬੜਾ ਅਜੀਬ ਜਿਹਾ ਲੱਗਿਆ। ਇੱਕਦਮ ਠੰਢੀ ਤਰੇਲੀ ਆ ਗਈ... ਕਿਤੇ ਇਹਨਾਂ ਨੂੰ ਪਤਾ ਤਾਂ ਨੀ ਲੱਗ ਗਿਆ। ਰਾਤ ਦੀ ਰੋਟੀ ਤੱਕ ਉਹ ਉਹਨਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਟਾਲ਼ੇ ਵੱਟਦਾ ਰਿਹਾ। ਥੱਕਿਆ ਹੋਣ ਦਾ ਬਹਾਨਾ ਮਾਰ ਛੇਤੀ ਸੌਣ ਦਾ ਆਖ ਕੇ ਅੰਦਰ ਜਾ ਪਿਆ। ਪਿਉ ਅੰਦਰ ਜਾਣ ਲੱਗਿਆ। ਮਾਂ ਨੇ ਰੋਕ ਦਿੱਤਾ। ਆਪ ਜਾ ਕੇ ਬਿੰਦਰ ਕੋਲ਼ ਬੈਠ ਗਈ।

"ਬਿੰਦਰਾ, ਜੋ ਮੈਂ ਪੁੱਛੂੰ... ਮੈਨੂੰ ਸੱਚ ਦੱਸੀਂ ਪੁੱਤ...।"

"ਬੇਬੇ ਹੁਣ ਥੱਕਿਆ ਹੋਇਆਂ ਤੜਕੇ ਪੁੱਛ ਲੀਂ ਜੋ ਪੁੱਛਣੈ।" ਉਸ ਨੇ ਪਾਸਾ ਪਰਤਦਿਆਂ ਕਿਹਾ।

"ਸਾਨੂੰ ਨੀਂਦ ਨੀ ਆਉਣੀ... ਹੁਣੇ ਦੱਸ ਦੇ। ਪੁੱਤ, ਹਰ ਮੁਸ਼ਕਲ ਦਾ ਹੱਲ ਹੁੰਦੈ। ਹਰ ਬਿਮਾਰੀ ਦਾ ਇਲਾਜ ਵੀ ਹੁੰਦੈ।" ਉਹ ਉੱਠ ਕੇ ਬੈਠ ਗਿਆ। ਉਹ ਫਿਰ ਬੋਲੀ,

"ਤੂੰ ਕੁਸ਼ ਖਾਣ ਤਾਂ ਨੀ ਲੱਗ ਗਿਆ... ਦੇਖੀਂ ਪੁੱਤ ਪੱਟੇ ਜਾਵਾਂਗੇ। ਅਸੀਂ ਕਈ ਦਿਨਾਂ ਦੇ ਦੇਖ ਰਹੇ ਆਂ ਤੈਨੂੰ।" ਬਿੰਦਰ ਨੂੰ ਥੋੜ੍ਹਾ ਚੈਨ ਮਿਲਿਆ। ਜਿਹੜੀ ਗੱਲ ਤੋਂ ਉਹ ਡਰਦਾ ਸੀ ਉਸ ਦਾ ਨਹੀਂ ਸੀ ਪਤਾ ਇਹਨਾਂ ਨੂੰ।

"ਨਾ ਬੇਬੇ, ਕਹੀ ਜੀ ਗੱਲ ਕਰ 'ਤੀ।"

"ਖਾਹ ਮੇਰੀ ਸਹੁੰ।" ਉਸ ਨੇ ਬਿੰਦਰ ਦਾ ਹੱਥ ਚੁੱਕ ਕੇ ਆਪਣੇ ਸਿਰ ਤੇ ਰੱਖ ਲਿਆ।

"ਤੇਰੀ ਸਹੁੰ ... ਬੇਫ਼ਿਕਰ ਰਹਿ ਮਾਤਾ।" ਉਸ ਨੇ ਥੋੜ੍ਹੀ ਹਿੰਮਤ ਨਾਲ ਕਿਹਾ।

"ਫਿਰ ਤੇਰੇ ਤਾਏ ਤੋਂ ਤੀਹ ਹਜ਼ਾਰ ਕਾਹਦੇ ਲਈ ਫੜਿਆ...? ਉਹਨੂੰ ਚਾਹੀਦੇ ਨੇ... ਤੂੰ ਘਰੇ ਨੀ ਸੀ, ਉਹ ਤੇਰੇ ਬਾਪੂ ਤੋਂ ਪੁੱਛ ਰਿਹਾ ਸੀ।"

"ਉਹ ਤਾਂ ਬੇਬੇ ਕਿਸੇ ਦੋਸਤ ਨੂੰ ਜ਼ਰੂਰਤ ਸੀ। ਉਹ ਘਰੋਂ ਗਰੀਬ ਨੇ ਵਿਚਾਰੇ। ਉਹਦੀ ਭੈਣ ਦਾ ਵਿਆਹ ਸੀ, ਤਾਂ ਕਰਕੇ ਲਏ ਸੀ। ਬਾਪੂ ਨੂੰ ਮੈਂ... ਤਾਂ ਕਰਕੇ ਨੀ ਦੱਸਿਆ... ਮੈਨੂੰ ਐਂ ਸੀ ਜੇ ਉਹਦੇ ਤੋਂ ਛੇਤੀ ਨਾ ਮੋੜੇ ਗਏ, ਮੈਂ ਆਪੇ ਮੋੜ ਦੂੰ ਟਰੈਕਟਰ ਨਾਲ ਕਿਰਾਏ ਲਾ ਕੇ।" ਮਾਂ ਨੂੰ ਤਾਂ ਸੁਣ ਕੇ ਥੋੜ੍ਹਾ ਚੈਨ ਆ ਗਿਆ। ਬਿੰਦਰ ਦੀ ਨੀਂਦ ਉੱਡ ਗਈ। ਤਾਏ ਦੇ ਪੈਸੇ ਵਾਪਸ ਕਰਨ ਲਈ ਕੱਲ੍ਹ ਨੂੰ ਬਾਪੂ ਆੜ੍ਹਤੀਏ ਕੋਲ ਜਾਊ... ਉਹਨੇ ਬਾਪੂ ਨੂੰ ਦੱਸ ਦੇਣੈ... ਮੈਂ ਉਸ ਤੋਂ ਦੋ ਵਾਰ ਰੁਪਈਏ ਲੈ ਗਿਆ। ਹੁਣ ਕੋਈ ਰਾਹ ਨਹੀਂ ਬਚਣ ਦਾ... ਕੀ ਕਰਾਂ, ਕੀ ਨਾ ਕਰਾਂ? ਉਹ ਉੱਠ ਕੇ ਬੈਠ ਗਿਆ। ਇਹੀ ਰਾਤ ਐ ਬੱਸ ਉਸ ਕੋਲ... ਸਵੇਰ ਨੂੰ ਤਾਂ ਜਮਾਂ ਜਲੂਸ ਨਿੱਕਲ ਜਾਣੈ... ਹੋ ਸਕਦੈ ਸਹੁਰਿਆਂ ਤੋਂ ਲਏ ਪੈਸਿਆਂ ਦਾ ਵੀ ਪਤਾ ਲੱਗ ਜਾਵੇ। ਭੱਜਣ ਨੂੰ ਕੋਈ ਰਸਤਾ ਨਹੀਂ। ਐਨੀ ਬੇਇੱਜ਼ਤੀ ਤੋਂ ਬਚਣ ਲਈ ਇੱਕੋ ਹੱਲ ਦਿਸਿਆ। ਉੱਠ ਕੇ ਬਾਹਰ ਨੂੰ ਤੁਰ ਪਿਆ। ਰਾਤ ਦੇ ਹਨੇਰੇ ਵਿੱਚ ਵੀ ਉਸ ਨੂੰ ਇਹੀ ਮਹਿਸੂਸ ਹੋ ਰਿਹਾ ਸੀ ਜਿਵੇਂ ਸਾਰੀ ਦੁਨੀਆਂ ਦੀ ਨਿਗਾਹ ਉਸ 'ਤੇ ਹੋਵੇ। ਸਾਰੇ ਉਸ ਦੀ ਬੇਵਕੂਫ਼ੀ 'ਤੇ ਹੱਸ ਰਹੇ ਹੋਣ। ਕੱਲ੍ਹ ਨੂੰ ਇਹੀ ਕੁੱਝ ਹੋਣੈ... ਮਾਂ ਨੇ ਆਖਣੈ... ਐਦੂੰ ਤਾਂ ਤੂੰ ਨਾ ਹੁੰਦਾ ਤੇ ਬਾਪੂ... ਉਹ ਤਾਂ ਸੁਣਨ ਸਾਰ ਜਾਂ ਤਾਂ ਆਪ ਮਰ ਜੂ ਜਾਂ ਮੈਨੂੰ ਮਾਰ ਦਿਊ। ਇਹ ਸਾਰਾ ਕੰਮ ਚੁੱਪ-ਚੁੱਪੀਤੇ ਹੋਣ ਵਾਲਾ ਨਹੀਂ। ਮੇਰੀ ਬੇਵਕੂਫ਼ੀ ਕਾਰਨ ਘਰ ਵਿੱਚ ਕਿੰਨਾ ਕਲੇਸ਼ ਪਊ। ਇਹੀ ਕਲੇਸ਼ ਘਰ ਦੀਆਂ ਕੰਧਾਂ ਟੱਪ ਕੇ ਗਲ਼ੀਆਂ-ਮੁਹੱਲਿਆਂ ਵਿੱਚ ਪਰਿਵਾਰ ਦੀ ਭੰਡੀ ਕਰਦਾ ਫਿਰੂ। ਮੈਂ ਐਨਾ ਬੇਵਕੂਫ਼ ਕਿਵੇਂ ਬਣ ਗਿਆ। ਕੀ ਮੈਂ ਸੱਚੀਂ ਲਾਲਚ ਵਿੱਚ ਅੰਨ੍ਹਾ ਹੋ ਗਿਆ। ...ਲਾਲਚੀ ਕੁੱਤਾ... ਉਸ ਦੇ ਮੂੰਹੋਂ ਨਿਕਲਿਆ ਆਪਣੇ ਆਪ ਤੇ ਘਿਣ ਆ ਰਹੀ ਸੀ। ਉਸ ਨੂੰ ਦਿਸਦੀ ਹਰ ਚੀਜ਼ ਜਿਵੇਂ ਮਿਹਣੇ ਮਾਰ ਰਹੀ ਹੋਵੇ। ਅਸਮਾਨ ਵੱਲ ਦੇਖਿਆ ਤਾਂ ਤਾਰੇ ਵੀ ਇਸ ਤਰ੍ਹਾਂ ਜਾਪੇ ਜਿਵੇਂ ਕਿਸੇ ਨੇ ਸੋਨੇ ਦੀਆਂ ਮੇਖਾਂ ਅਸਮਾਨ ਦੇ ਸੀਨੇ ਠੋਕ ਦਿੱਤੀਆਂ ਹੋਣ। ਇਹ ਤਾਂ ਧਰਤੀ ਦੀ ਛੱਤ ਐ, ਇਸ ਤੋਂ ਕੀ ਗੁਨਾਹ ਹੋ ਗਿਆ। ਇਹਦੇ ਸੀਨੇ ਤੇ ਮੇਖਾਂ ਕਿਉਂ ਠੋਕੀਆਂ ਕਿਸੇ ਨੇ।

"ਬਿੰਦਰਾ, ਕੰਮ ਕਰਨ ਵਾਲਾ ਬੰਦਾ ਵੀ ਤਾਂ ਆਪਣੇ ਪਰਿਵਾਰ ਦੀ ਛੱਤ ਵਾਂਗ ਹੁੰਦਾ ਐ ਉਸ ਤੋਂ ਵੀ ਤਾਂ ਗਲਤੀ ਹੋ ਜਾਂਦੀ ਐ।" ਉਸ ਨੇ ਆਪਣੇ ਆਪ ਨੂੰ ਕਿਹਾ। ਜੇ ਅਸਮਾਨ ਨੂੰ ਐਨਾ ਦਰਦ ਦੇਣ ਵਾਲੀ ਸਜ਼ਾ ਮਿਲੀ ਐ ਤਾਂ ਮੇਰੀ ਸਜ਼ਾ ਕੀ ਹੋਊ।

"ਤੈਨੂੰ ਜਿਉਣ ਦਾ ਕੋਈ ਹੱਕ ਨੀ ਬਿੰਦਰਾ...।" ਹਰ ਚੀਜ਼ ਵਿੱਚੋਂ ਇਹੀ ਆਵਾਜ਼ ਆਉਂਦੀ। ਅਨੇਕਾਂ ਆਵਾਜ਼ਾਂ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ। ਉਸ ਨੇ ਕੰਨਾਂ 'ਤੇ ਹੱਥ ਰੱਖ ਲਏ। ਕੱਲ੍ਹ ਨੂੰ ਮੇਰੀ ਛਾਤੀ 'ਤੇ ਵੀ ਮੇਖਾਂ ਠੁਕਣੀਆਂ ਸ਼ੁਰੂ ਹੋ ਜਾਣਗੀਆਂ। ਅਸਲੀ ਮੇਖਾਂ ਹੋਣ ਤਾਂ ਬੰਦਾ ਖਿੱਚ ਕੇ ਬਾਹਰ ਕੱਢ ਮਾਰਦੈ। ਚੁਭਵੀਆਂ ਗੱਲਾਂ ਦੀਆਂ ਮੇਖਾਂ ਨੀ ਕੱਢ ਸਕਦਾ ਕੋਈ। "ਹਾਏ ਓਏ ਮੇਰਿਆ ਰੱਬਾ! ਇਹੀ ਮੇਖਾਂ ਮੈਂ ਆਪਣੇ ਪਰਿਵਾਰ ਨਾਲ ਧੋਖਾ ਕਰਕੇ ਉਹਨਾਂ ਦੇ ਸੀਨੇ ਠੋਕ ਦਿੱਤੀਆਂ।" ਉਸ ਨੇ ਉਤਾਂਹ ਨੂੰ ਮੂੰਹ ਕੀਤਾ ਉਹ ਰੋ ਰਿਹਾ ਸੀ। ਇਹਨਾਂ ਸਾਰੀਆਂ ਗੱਲਾਂ ਦਾ ਸਾਹਮਣਾ ਕਿਵੇਂ ਕਰੂੰ ? ਹੁਣ ਤਾਂ ਇੱਕੋ ਰਸਤਾ ਰਹਿ ਗਿਆ ਜਿਸਨੂੰ ਬਾਪੂ... ਬੁਜ਼ਦਿਲਾਂ ਦਾ ਕੰਮ... ਆਖਦਾ ਹੁੰਦੈ।

ਧਿਆਨ ਨਾਲ ਦੇਖਿਆ ਤਾਂ ਉਹ ਆਵਦੇ ਖੇਤ ਤੋਂ ਅੱਗੇ ਲੰਘ ਗਿਆ ਸੀ। ਉਸ ਨੂੰ ਆਪਣੇ ਪਿੱਛੇ ਪੈਰਾਂ ਦੀ ਬਿੜਕ ਮਹਿਸੂਸ ਹੋਈ। ਪਿੱਛੇ ਨਜ਼ਰ ਘੁਮਾਈ। ਕੋਈ ਨਹੀਂ ਸੀ। ਨਹਿਰ ਦਾ ਪੁਲ਼ ਥੋੜ੍ਹੀ ਦੂਰ ਰਹਿ ਗਿਆ ਸੀ। ਪੁਲ ਤੇ ਦੋ ਤਿੰਨ ਬੰਦੇ ਖੜ੍ਹੇ ਸਨ। ਉਹ ਰੁਕ ਗਿਆ। ਕੀ ਪਤੈ ਪੁਲਸ ਵਾਲੇ ਹੋਣ? ਉਹ ਪਤਾ ਨੀ ਕਿਹੜੀਆਂ ਗੱਲਾਂ ਵਿੱਚ ਉਲਝਾ ਲੈਣ। ਜਿਵੇਂ ਦੀਆਂ ਗੱਲਾਂ ਸੁਣਨ ਵਿੱਚ ਆਉਂਦੀਆਂ ਨੇ, ਪਤਾ ਨੀ ਕਿਹੜੇ ਕੇਸ ਵਿੱਚ ਫਸਾ ਲੈਣ। ਉਸ ਦੇ ਪੈਰ ਪਿਛਾਂਹ ਨੂੰ ਮੁੜਨ ਲੱਗੇ। ਆਪਣੇ ਖੇਤ ਵਾਲੀ ਪਹੀ ਮੁੜ ਗਿਆ। ਜੇ ਉੱਥੇ ਨੀ ਤਾਂ ਐਥੇ ਸਹੀ। ਮੋਟਰ ਵਾਲੇ ਕੋਠੇ ਵਿੱਚ ਦੋ ਕਿੱਲੀਆਂ ਗੱਡ ਕੇ ਇੱਕ ਫੱਟਾ ਰੱਖ ਕੇ ਉਸ ਉੱਪਰ ਥੋੜ੍ਹਾ ਜਿਹਾ ਸਮਾਨ ਰੱਖਿਆ ਹੋਇਆ ਸੀ। ਉੱਥੇ ਹੀ ਸਪਰੇਅ ਵਾਲੀ ਪੀਪੀ ਪਈ ਸੀ। ਦੋ ਇੱਟਾਂ ਤੇ ਪੈਰ ਰੱਖ ਕੇ ਪੀਪੀ ਚੁੱਕਣ ਲੱਗਿਆ। ਸੰਤੁਲਨ ਵਿਗੜਨ ਕਰਕੇ ਇੱਟਾਂ ਡਿੱਗੀਆਂ ਤੇ ਆਪ ਧੜੰਮ ਦੇਣੇ ਡਿੱਗਿਆ। ਡਿੱਗਣ ਲੱਗਿਆਂ ਉਸ ਨੂੰ ਬਾਹਰ ਇੱਕ ਪਰਛਾਵੇਂ ਦਾ ਭੁਲੇਖਾ ਪਿਆ। ਉਸ ਨੇ ਆਲੇ-ਦੁਆਲੇ ਦੇਖਿਆ ਤਾਂ ਕੋਈ ਨਹੀਂ ਸੀ। ਇੱਕ ਵਾਰ ਨਿੱਕੇ ਹੁੰਦੇ ਡਿੱਗਿਆ ਸੀ। ਬੇਬੇ ਹੁਰੀਂ ਕਪਾਹ ਚੁਗਦੀਆਂ ਸਨ। ਉਹ ਫੱਟੇ ਤੋਂ ਮੱਠੀਆਂ ਅਤੇ ਕਚੌਰੀਆਂ ਵਾਲਾ ਪੋਣਾ ਚੁੱਕਣ ਲੱਗਿਆ। ਬੇਬੇ ਭੱਜ ਕੇ ਆਈ,

"ਮੈਂ ਮਰ ਗੀ ਸੀ... ਮੈਨੂੰ ਕਹਿ ਦਿੰਦਾ... ਮੈਂ ਕਾਹਦੇ ਲਈ ਆਂ।" ਆਖਦਿਆਂ ਬੇਬੇ ਨੇ ਉਸ ਨੂੰ ਛਾਤੀ ਨਾਲ ਲਾ ਲਿਆ ਸੀ। ਬੇਬੇ ਦਾ ਧੜਕਦਾ ਦਿਲ ਉਹ ਹੁਣ ਤੱਕ ਮਹਿਸੂਸ ਕਰ ਸਕਦਾ ਹੈ।

ਕੂਹਣੀ ਤੇ ਲੱਗੀ ਮਾੜੀ ਜਿਹੀ ਸੱਟ ਨਾਲ ਮਾਂ ਦੀ ਜਾਨ ਨਿਕਲਣ ਵਾਲੀ ਹੋ ਗਈ ਸੀ ਤੇ ਹੁਣ ਸਵੇਰੇ ਮਾਂ ਦਾ ਕੀ ਹਾਲ ਹੋਊ। ਜੇ ਬਾਪੂ ਤੋਂ ਡਰ ਲੱਗਦੈ, ਬੇਬੇ ਨੂੰ ਤਾਂ ਸੱਚ ਦੱਸ ਸਕਦਾ ਸੀ। ਮਰਨ ਨਾਲ ਕਿਹੜਾ ਘਾਟਾ ਪੂਰਾ ਹੋ ਜੂ। ਉਹ ਕੋਠੇ ਤੋਂ ਬਾਹਰ ਡਹੇ ਮੰਜੇ ਤੇ ਬੈਠ ਗਿਆ।

"ਮੈਂ ਕਾਹਦੇ ਲਈ ਆਂ।" ਕੱਲ੍ਹ ਬਾਪੂ ਨੇ ਵੀ ਤਾਂ ਇਹੋ ਆਖਿਆ ਸੀ।

ਬੇਬੇ ਦੇ ਹੱਥੀਂ ਲਾਈ ਜਾਮਣ, ਬਾਪੂ ਦਾ ਲਾਏ ਅਮਰੂਦਾਂ ਦੇ ਬੂਟੇ, ਬਾਬੇ (ਦਾਦਾ) ਦੇ ਲਾਏ ਤੂਤ... ਬਿੰਦਰ ਨੂੰ ਸਾਮਰਤੱਖ ਬੇਬੇ, ਬਾਪੂ ਅਤੇ ਬਾਬਾ ਖੜ੍ਹੇ ਦਿਸਣ ਲੱਗੇ। ਕੰਨਾਂ ਨੂੰ ਇਹੀ ਸੁਣ ਰਿਹਾ ਸੀ... ਅਸੀਂ ਕਾਹਦੇ ਲਈ ਆਂ... । ਬਾਬੇ ਦੀ ਕਹੀ ਗੱਲ ਯਾਦ ਆਈ,

"ਜੇ ਕਿਸੇ ਮੁਸੀਬਤ ਵਿੱਚ ਫਸ ਜਾਓ, ਭਾਵੇਂ ਕੋਈ ਹੋਰ ਫਸਾ ਲਵੇ, ਭਾਵੇਂ ਆਪਣੀ ਗਲਤੀ ਨਾਲ, ਸਭ ਤੋਂ ਪਹਿਲਾਂ ਘਰੇ ਗੱਲ ਕਰੋ। ਕੋਈ ਨਾ ਕੋਈ ਹੱਲ ਜ਼ਰੂਰ ਨਿੱਕਲ ਆਉਂਦਾ ਹੁੰਦੈ।"

ਬਾਪੂ ਵੀ ਤਾਂ ਆਖਦਾ ਹੁੰਦੈ,

"ਜੀਆਂ ਵਿੱਚ ਤੰਦਰੁਸਤੀ ਚਾਹੀਦੀ ਐ। ਪੈਸਾ ਤਾਂ ਹੱਥਾਂ ਦੀ ਮੈਲ਼ ਹੁੰਦੀ ਐ। ਜਿੰਨੀ ਮਿਹਨਤ ਕਰਾਂਗੇ, ਕਮਾ ਲਵਾਂਗੇ।" ਉਸ ਨੇ ਆਪਣੇ ਕੰਬਦੇ ਹੱਥ ਸਿੱਧੇ ਕਰਕੇ ਦੇਖੇ... ਅਸੀਂ ਕਾਹਦੇ ਲਈ ਆਂ... ਜਿਵੇਂ ਉਹਨਾਂ ਵੀ ਇਹੋ ਆਖਿਆ। ਸਾਰਾ ਕੁੱਝ ਘੁੰਮ ਰਿਹਾ ਸੀ। ਖੇਤ ਦੀ ਮਿੱਟੀ, ਲਹਿਰਾਉਂਦੀ ਫਸਲ, ਘਾਹ-ਫੂਸ ਸਭ ਪਾਸਿਓਂ ਆਵਾਜ਼ਾਂ ਆ ਰਹੀਆਂ ਸਨ... ਅਸੀਂ ਕਾਹਦੇ ਲਈ ਆਂ। ਉਸ ਦਾ ਸਰੀਰ ਕੰਬ ਰਿਹਾ ਸੀ। ਘੰਟਾ ਪਹਿਲਾਂ ਹਰ ਸ਼ੈਅ ਉਸ ਨੂੰ ਲਾਹਨਤਾਂ ਪਾ ਰਹੀ ਸੀ। ਹੁਣ ਹਰ ਸ਼ੈਅ ਉਸ ਦਾ ਹੌਂਸਲਾ ਬਣਦੀ ਜਾਪੀ। ਉਸ ਨੇ ਚੁਬੱਚੇ ਵਿੱਚ ਆਪਣੇ ਹੱਥ ਧੋਤੇ, ਮੂੰਹ ਧੋਤਾ, ਪਾਣੀ ਪੀਤਾ। ਅਸਮਾਨ ਵੱਲ ਦੇਖਿਆ ਤਾਰੇ ਮੋਤੀਆਂ ਵਾਂਗ ਚਮਕ ਰਹੇ ਸਨ। ਘਰ ਵੱਲ ਤੁਰ ਪਿਆ। ਕੱਲ੍ਹ ਨੂੰ ਉਹ ਸਾਰਾ ਕੁੱਝ ਸੱਚ ਦੱਸ ਦੇਵੇਗਾ। ਮਾਫ਼ੀ ਮੰਗ ਲਵੇਗਾ ਅਤੇ ਹੋਰ ਮਿਹਨਤ ਕਰੇਗਾ। ਅੱਧੀ ਰਾਤ ਹੋ ਚੁੱਕੀ ਸੀ। ਬੇਬੇ ਵਿਹੜੇ ਵਿੱਚ ਕਾਲਜਾ ਫੜੀ ਖੜ੍ਹੀ ਸੀ। ਬਾਪੂ ਸੋਟੀ ਚੁੱਕੀ ਪਿੱਛੋਂ ਉਸ ਦੇ ਨਾਲ ਆ ਰਲ਼ਿਆ।

" ਪੁੱਛ ਇਹਨੂੰ ਕਿੱਥੇ-ਕਿੱਥੇ ਭੌਂਕ ਕੇ ਆਇਐ?" ਬਾਪੂ ਹਰਖਿਆ ਪਿਆ ਸੀ।

" ਨਾਲ਼ੇ ਚੋਰ ਨਾਲ਼ੇ ਚਤਰ।" ਬਾਪੂ ਫਿਰ ਬੋਲਿਆ।

ਬੇਬੇ ਨੇ ਹੱਥ ਜੋੜੇ, "ਅੰਦਰ ਜਾ ਕੇ ਗੱਲ ਕਰ ਲਵੋ। ਕਿਉਂ ਲੋਕਾਂ ਨੂੰ ਤਮਾਸ਼ਾ ਦਿਖਾਉਂਗੇ?"

"ਮੈਥੋਂ ਗਲਤੀ ਹੋ ਗੀ ਬਾਪੂ। ਮੈਂ ਤੜਕੇ ਨੂੰ ਦੱਸੂੰ ਥੋਨੂੰ।"

" ਤੂੰ ਕੀ ਦੱਸੇਂਗਾ ਮੈਨੂੰ, ਮੈਂ ਤੇਰਾ ਪਿਉ ਆਂ। ਤੇਰੀ ਬੂਥੀ ਦੇਖ ਕੇ ਸਮਝ ਗਿਆ ਸੀ।"

" ਤੇਰਾ ਬਾਪੂ ਆੜ੍ਹਤੀਏ ਕੋਲ ਗਿਆ ਸੀ, ਕੁਲਜੀਤ ਨੂੰ ਵੀ ਫ਼ੋਨ ਕਰਿਆ ... ਹਰਪਾਲ ਵੀ ਆਇਆ ਸੀ... ।" ਬੇਬੇ ਗੱਲ ਪੂਰੀ ਕਰੇ ਬਿਨਾਂ ਹੀ ਚੁੱਪ ਕਰ ਗਈ।

" ਨਹਿਰ ਕੰਨੀ ਕੀ ਕਰਨ ਗਿਆ ਸੀ? ਸਪਰੇਅ ਆਲ਼ੀ ਪੀਪੀ ਦਾ ਕੀ ਕਰਨ ਲੱਗਿਆ ਸੀ?" ਬਾਪੂ ਨੇ ਬਿੰਦਰ ਨੂੰ ਗਲਾਮੇਂ ਤੋਂ ਫੜ ਲਿਆ।

" ਜੀਅ ਤਾਂ ਕਰਦਾ ਸੀ ਤੈਨੂੰ ਕੁੱਟਦਾ ਈ ਘਰੇ ਲੈ ਕੇ ਆਵਾਂ।" ਹੁਣ ਕੋਈ ਓਹਲਾ ਕੋਈ ਬਹਾਨਾ ਨਹੀਂ ਸੀ ਰਿਹਾ। ਬਿੰਦਰ ਬਾਪੂ ਦੇ ਲੱਕ ਨੂੰ ਚਿੰਬੜ ਗਿਆ।

" ਗਲਤੀ ਹੋ ਗੀ ਬਾਪੂ...।" ਉਸ ਤੋਂ ਬਾਅਦ ਕੁੱਝ ਨਾ ਬੋਲਿਆ ਗਿਆ ਬਸ ਉਹ ਰੋ ਰਿਹਾ ਸੀ।

"ਚਲ ਮਾਫ਼ ਕਰ ਦੋ ਨਿਆਣਾ ਐ।" ਬੇਬੇ ਨੇ ਤਰਲਾ ਕੀਤਾ।

" ਪੈਸਿਆਂ ਦਾ ਘਾਟਾ ਤਾਂ ਪੂਰਾ ਹੋ ਜੂ... ਜਿਹੜਾ ਇਹ ਹੋਰ ਘਾਟਾ ਪਾਉਣ ਲੱਗਿਆ ਸੀ... ਬਾਪੂ ਦਾ ਗਲ਼ਾ ਭਰ ਆਇਆ... ਅਸੀਂ ਕੋਈ ਤੇਰੇ ਦੁਸ਼ਮਣ ਆਂ। ਘਰੇ ਨੀ ਦੱਸ ਸਕਦਾ ਸੀ। ਅਸੀਂ ਕਾਹਦੇ ਲਈ ਆਂ।" ਬਿੰਦਰ ਨੇ ਬਾਪੂ ਨੂੰ ਹੋਰ ਘੁੱਟ ਲਿਆ ਆਪਣਾ ਮੂੰਹ ਉਸਦੀ ਛਾਤੀ ਵਿੱਚ ਲੁਕੋ ਲਿਆ। ਬਾਪੂ ਦਾ ਹੱਥ ਬਿੰਦਰ ਦੀ ਪਿੱਠ ਤੇ ਫਿਰ ਰਿਹਾ ਸੀ। ਬਾਪੂ ਦਾ ਦਿਲ ਵੀ ਜਮਾਂ ਬੇਬੇ ਦੇ ਦਿਲ ਵਾਂਗ ਹੀ ਧੜਕ ਰਿਹਾ ਸੀ।

  • ਮੁੱਖ ਪੰਨਾ : ਕਹਾਣੀਆਂ ਅਤੇ ਲੇਖ, ਅੰਮ੍ਰਿਤ ਕੌਰ ਬਡਰੁੱਖਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •