Aseen Soviet Lok Haan (Russian Story in Punjabi) : Boris Polevoi
ਅਸੀਂ ਸੋਵੀਅਤ ਲੋਕ ਹਾਂ (ਰੂਸੀ ਕਹਾਣੀ) : ਬੋਰਿਸ ਪੋਲੇਵੋਈ
ਕੁੜੀ ਉੱਨੀ ਕੁ ਵਰ੍ਹਿਆਂ ਦੀ ਲੱਗਦੀ ਸੀ।
ਸਰੀਰ ਪਤਲਾ ਤੇ ਸੁੰਦਰ ਸੁਡੌਲ। ਜ਼ੈਤੂਨੀ ਚਿਹਰੇ ਉੱਤੇ ਬਚਪਨ ਦੀਆਂ ਤਰਾਸ਼ੀਆਂ ਹੋਈਆਂ ਗੁਲਾਈਆਂ ਅਜੇ ਕੁਝ ਬਾਕੀ ਸਨ। ਅੱਖਾਂ, ਵੱਡੀਆਂ-ਵੱਡੀਆਂ ਤੇ ਨਿਰਮਲ, ਲੰਮੀਆਂ ਝਿਮਣੀਆਂ ਦੀ ਝਾਲਰ, ਖੁਸ਼ੀ ਤੇ ਹੈਰਾਨੀ ਨਾਲ਼ ਇਉਂ ਵੇਖਦੀਆਂ ਜਿਵੇਂ ਪੁੱਛ ਰਹੀਆਂ ਹੋਣ: ਚਾਰ-ਚੁਫੇਰੇ ਸਭ ਕੁਝ ਏਡਾ ਹੀ ਚੰਗਾ ਹੈ, ਕਾਮਰੇਡ ? ਜਾਂ ਸਿਰਫ ਮੈਨੂੰ ਇਸ ਤਰ੍ਹਾਂ ਜਾਪਦਾ ਹੀ ਹੈ ?
ਸਿਰਫ ਉੱਚਾ ਲੰਮਾ ਪੇਚਦਾਰ ਜੂੜਾ ਹੀ ਸੀ ਜਿਹੜਾ ਉਹ ਆਪਣੇ ਭਾਰੇ ਗੂੜ੍ਹੇ ਭੂਰੇ ਕੇਸਾਂ ਦਾ ਬਣਾਉਂਦੀ ਸੀ ਜਿਸ ਨਾਲ ਉਸ ਦੀ ਛਬੀ ਦੀ ਸੁੰਦਰਤਾ ਤਬਾਹ ਹੋ ਜਾਂਦੀ ਸੀ ਜਿਵੇਂ ਕਿਸੇ ਮਧੁਰ ਗੀਤ ਵਿਚ ਕੋਈ ਬੇਸੁਰੀ ਅਵਾਜ਼ ਆ ਰਲੇ।
ਉਸ ਨੇ ਫੁੱਲਾਂ ਵਾਲੀ ਹੁਨਾਲ ਫਰਾਕ ਪਾਈ ਹੋਈ ਸੀ, ਧੁੱਪ ਨਾਲ ਕਾਲੀ ਹੋਈ ਗਰਦਨ ਦੁਆਲੇ ਸੋਨੇ ਦੀ ਜ਼ੰਜੀਰੀ ਤੇ ਗਰਦਨ ਉੱਤੇ ਬੜੇ ਫ਼ਖ਼ਰ ਨਾਲ ਮਨਮੋਹਣਾ ਜਵਾਨ ਸਿਰ ਟਿਕਿਆ ਹੋਇਆ ਸੀ।
ਉਸ ਨੇ ਜ਼ਰੂਰ ਮਹਿਸੂਸ ਕਰ ਲਿਆ ਹੋਵੇਗਾ ਕਿ ਉਹ ਇਹਨਾਂ ਧੁੱਪ-ਝੁਲਸਾਏ ਲੋਕਾਂ ਵਿਚ ਓਪਰੀ ਲੱਗਦੀ ਹੈ ਜਿਨ੍ਹਾਂ ਨੇ ਘਸੀਆਂ ਤੇ ਧੁੱਪ ਨਾਲ ਉੱਡ ਗਏ ਰੰਗਾਂ ਵਾਲ਼ੀਆਂ ਕਮੀਜ਼ਾਂ ਪਾਈਆਂ ਹੋਈਆਂ ਸਨ। ਇਸ ਲਈ ਉਹਨੇ ਕਿਸੇ ਦਾ ਵੱਡਾ ਕੋਟ ਚੁੱਕ ਕੇ ਆਪਣੇ ਮੋਢਿਆਂ ਉੱਤੇ ਸੁੱਟ ਲਿਆ ਅਤੇ ਅਗਸਤ ਦੀ ਹੁੰਮਸਭਰੀ ਗਰਮੀ ਵਾਲੀਆਂ ਤਰਕਾਲਾਂ ਦੇ ਬਾਵਜੂਦ, ਜਦੋਂ ਹਵਾ ਵੀ ਬੰਦ ਸੀ, ਜਿੰਨਾ ਚਿਰ ਉਹ ਚਿੱਟੀ ਯੂਕਰੇਨੀ ਝੁੱਗੀ ਦੇ ਬਾਹਰ ਬੈਠੀ ਰਹੀ, ਵੱਡਾ ਕੋਟ ਉਸ ਦੇ ਮੋਢੇ ਉੱਤੇ ਹੀ ਰਿਹਾ।
ਉਹ ਇਸ ਆਮ ਪਿੰਡ ਦੀ ਜ਼ਿੰਦਗੀ ਨੂੰ, ਜਿੱਥੇ ਹੈੱਡਕੁਆਟਰ ਸੀ, ਬੜੀ ਰੀਝ-ਭਰੀ ਦਿਲਚਸਪੀ ਨਾਲ ਵੇਖ ਰਹੀ ਸੀ। ਓਸੇ ਹੀ ਮੋਹਭਰੀ ਉਤਸੁਕਤਾ ਨਾਲ ਉਹਨੇ ਡਰਾਈਵਰਾਂ ਦੀਆਂ ਫਿੱਕੇ ਪੈ ਗਏ ਰੰਗਾਂ ਤੇ ਤੇਲ ਦੇ ਦਾਗਾਂ ਵਾਲੀਆਂ ਡਾਂਗਰੀਆਂ ਵੱਲ ਵੇਖਿਆ ਸੀ ਜਿਹੜੇ ਸ਼ਾਹਦਾਣੇ ਦੇ ਬਗ਼ੀਚੇ ਵਿਚ ਛਾਵੇਂ ਉਲਟ ਗਈ ਜੀਪ ਦੇ ਇੰਜਨ ਨਾਲ ਮੱਥਾ ਮਾਰ ਰਹੇ ਸਨ ਫ਼ੌਜੀ ਡਾਕੀਏ ਵੱਲ ਵੇਖਿਆ ਸੀ ਜਿਸ ਨੇ ਆਪਣੀ ਟੋਪੀ ਇਕ ਕੰਨ ਉੱਪਰ ਕੀਤੀ ਹੋਈ ਸੀ ਤੇ ਇਕ ਮੋਢੇ ਉੱਤੇ ਆਪਣਾ ਫੁਲਿਆ ਹੋਇਆ ਝੋਲਾ ਟਿਕਾਇਆ ਹੋਇਆ ਸੀ, ਜਿਸ ਦੇ ਚਿਹਰੇ ਉੱਤੇ ਉਹਦੇ ਕੋਲੋਂ ਲੰਘਣ ਲੱਗਿਆਂ ਅਜਿਹੀ ਗੰਭੀਰਤਾ ਤੇ ਅਹਮ ਦਾ ਭਾਵ ਸੀ ਜਿਹੜਾ ਫੌਜੀ ਡਾਕੀਆਂ ਦੇ ਚਿਹਰੇ ਉੱਤੇ ਓਦੋਂ ਖਾਸ ਤੌਰ 'ਤੇ ਹੁੰਦਾ ਜਦੋਂ ਉਹਨਾਂ ਨੇ ਨਵੀਂ ਆਈ ਡਾਕ ਦਾ ਵੱਡਾ ਸਾਰਾ ਬੰਡਲ ਚੁੱਕਿਆ ਹੋਇਆ ਹੋਵੇ; ਫ਼ੌਜ ਦੇ ਖੁਫੀਆ ਮਹਿਕਮੇ ਦੇ ਮੁਖੀ, ਇਕ ਹੱਟੇ-ਕੱਟੇ ਕਰਨਲ ਵੱਲ ਵੇਖਿਆ ਸੀ ਜਿਹੜਾ ਸਾਫ-ਸੁਥਰੀ ਵਰਦੀ ਪਾਈ ਕਮਰ ਨੂੰ ਪੇਟੀ ਬੰਨ੍ਹ ਕੇ ਬਾਗ਼ ਦੇ ਜੰਗਲੇ ਦੇ ਪਰਲੇ ਪਾਸੇ, ਆਪਣੀਆਂ ਹੀ ਸੋਚਾਂ ਵਿਚ ਡੁੱਬਾ ਹੋਇਆ ਚਿਰ-ਚੁਰ ਕਰਦੇ ਬੂਟਾਂ ਵਿਚ ਟਹਿਲ ਰਿਹਾ ਸੀ; ਗਾਰਦ ਦੇ ਜਵਾਨਾਂ ਵੱਲ ਵੇਖਿਆ ਸੀ ਜਿਹੜੇ ਮਕਾਨ ਦੇ ਪਿਛਲੇ ਪਾਸੇ ਧੂੜ ਲੈਂਦੇ ਘਾਹੀ ਮੈਦਾਨ ਵਿਚ ਬੈਠੇ ਸਨ ਤੇ ਹੁਣੇ-ਹੁਣੇ ਘਰੋਂ ਆਈਆਂ ਚਿੱਠੀਆਂ ਉੱਚੀ-ਉੱਚੀ ਇਕ ਦੂਜੇ ਨੂੰ ਪੜ੍ਹ ਕੇ ਸੁਣਾ ਰਹੇ ਸਨ।
“ਮੈਂ, ਜਿਵੇਂ ਕੋਈ ਭੁੱਖਾ ਹੋਵੇ, ਵੇਖੀ ਗਈ, ਵੇਖੀ ਗਈ, ਪਰ ਵੇਖ-ਵੇਖ ਕੇ ਮੇਰਾ ਮਨ ਨਹੀਂ ਸੀ ਭਰਦਾ। ਨਹੀਂ, ਤੁਸੀਂ ਇਸ ਭਾਵਨਾ ਨੂੰ ਨਹੀਂ ਸਮਝ ਸਕਦੇ। ਇਸ ਨੂੰ ਸਿਰਫ ਉਹ ਸਮਝ ਸਕਦਾ ਹੈ ਜਿਸ ਨੂੰ ਮੁੱਦਤਾਂ ਤੋਂ ਆਪਣਿਆਂ ਨਾਲ਼ੋਂ, ਉਸ ਸਭ ਕੁਝ ਨਾਲ਼ੋਂ ਜਿਸ ਨਾਲ ਉਹ ਗਿੱਝਾ ਹੋਇਆ ਹੋਵੇ, ਜਿਸ ਨੂੰ ਪਿਆਰ ਕਰਦਾ ਹੋਵੇ, ਵਿਛੋੜ ਦਿੱਤਾ ਗਿਆ ਹੋਵੇ ਅਤੇ ਉਸ ਓਪਰੇ ਤੇ ਸ਼ੈਤਾਨੀ ਸੰਸਾਰ ਵਿਚ ਸੁੱਟ ਦਿੱਤਾ ਗਿਆ ਹੋਵੇ!” ਉਸ ਨੇ ਨੀਵੀਂ, ਭਰਵੀਂ ਅਵਾਜ਼ ਵਿਚ ਆਖਿਆ।
ਬੱਚਿਆਂ ਵਰਗਾ ਹਾਵ-ਭਾਵ ਜਿਸ ਨੇ ਇਕ ਪਲ ਪਹਿਲਾਂ ਉਹਦੇ ਚਿਹਰੇ ਨੂੰ ਨੂਰ-ਨੂਰ ਕੀਤਾ ਹੋਇਆ ਸੀ ਇਉਂ ਮਿੱਟ ਗਿਆ ਸੀ ਜਿਵੇਂ ਹਵਾ ਉਡਾ ਕੇ ਲੈ ਗਈ ਹੋਵੇ ਅਤੇ ਮੈਨੂੰ ਜਾਪਿਆ, ਜਿਵੇਂ ਇਸ ਖੁਰਦਰੇ ਵੱਡੇ ਕੋਟ ਦੇ ਹੇਠਾਂ ਉਸ ਨੇ ਘਿਰਣਾ ਨਾਲ ਆਪਣੇ ਮੋਢੇ ਛੰਡੇ ਹੋਣ।
ਵਿਸ਼ਵਾਸ ਨਹੀਂ ਸੀ ਆਉਂਦਾ ਕਿ ਇਹ ਕੁੜੀ, ਵੇਖਣ ਨੂੰ ਏਡੀ ਨਾਜ਼ੁਕ ਤੇ ਏਡੀ ਜਵਾਨ, ਸੈਨਾ ਵਿਚ ਉਹ ਕੰਮ ਕਰਦੀ ਰਹੀ ਜਿਹੜੇ ਅਤਿਅੰਤ ਖਤਰਨਾਕ ਤੇ ਜਿੰਮੇਵਾਰੀ ਵਾਲੇ ਹੁੰਦੇ ਹਨ, ਕਿ ਉਹ ਇਕ ਗੁੰਮਨਾਮ ਵੀਰਾਂਗਣ ਸੀ ਜਿਸ ਨੇ ਮੁਹਾਜ਼ ਦੇ ਦੂਜੇ ਪਾਸੇ ਤੋਂ, ਆਪਣੀ ਜ਼ਿੰਦਗੀ ਨੂੰ ਹਰ ਪਲ ਜੋਖੋਂ ਵਿਚ ਪਾ ਕੇ ਸਾਡੇ ਹੈੱਡਕੁਆਟਰ ਨੂੰ ਉਹ ਜਾਣਕਾਰੀ ਪਹੁੰਚਾਈ ਸੀ ਜਿਸ ਤੋਂ ਕਮਾਂਡ ਨੂੰ ਦੁਸ਼ਮਣ ਦੀਆਂ ਚਾਲਾਂ ਦੀ ਪੇਸ਼ਬੰਦੀ ਕਰਨ ਵਿਚ ਮਦਦ ਮਿਲੀ। ਅਜਿਹੇ ਕੰਮ ਕਰਨ ਵਾਲੇ ਆਮ ਕਰ ਕੇ ਨਵੇਕਲੇ ਤੇ ਚੁੱਪ-ਗਚੁੱਪ ਹੀ ਰਹਿੰਦੇ ਹਨ। ਪਰ ਇਸ ਕੁੜੀ ਦੀਆਂ ਤਾਰੀਫਾਂ ਕਰਨ ਵਿਚ ਉਹ ਬੜੇ ਫਰਾਖ਼ਦਿਲ ਸਨ।
ਉਹ “ਬਰਚਾ” ਦੇ ਨਾਂ ਨਾਲ ਜਾਣੀ ਜਾਂਦੀ ਸੀ। ਮੈਨੂੰ ਨਹੀਂ ਪਤਾ ਕਿ ਉਹਦਾ ਇਹ ਨਾਂ ਕਿਸ ਤਰ੍ਹਾਂ ਪੈ ਗਿਆ, ਪਰ ਉਹਦੇ ਵਾਸਤੇ ਇਸ ਤੋਂ ਚੰਗਾ ਨਾਂ ਲੱਭਣਾ ਔਖਾ ਹੋਣਾ ਸੀ। ਸੱਚਮੁੱਚ ਹੀ ਉਸ ਨੂੰ ਵੇਖ ਕੇ ਬਰਚੇ ਦੀ ਲਚਕੀਲੀ ਸ਼ਾਖ ਦਾ ਚੇਤਾ ਆ ਜਾਂਦਾ ਸੀ ਜਿਹੜੀ ਰੁਮਕ- ਰੁਮਕ ਚਲਦੀ ਪੌਣ ਵਿਚ ਪੱਤੀਆਂ ਸਮੇਤ ਝੂਮ-ਝੂਮ ਜਾਂਦੀ ਹੈ। ਅਤੇ ਉਸ ਦੇ ਨੈਣ-ਨਕਸ਼ਾਂ ਵਿਚੋਂ ਉਹ ਠਰ੍ਹਮੇ ਭਰੀ ਦਲੇਰੀ, ਦ੍ਰਿੜ੍ਹਤਾ, ਭਰੋਸਾ, ਤੇ ਹਿਸਾਬੀ ਹੁਸ਼ਿਆਰੀ ਬਿਲਕੁਲ ਨਜ਼ਰ ਨਹੀਂ ਸੀ ਆਉਂਦੀ ਜੋ ਉਹਦੇ ਵਾਲੇ ਪੇਸ਼ੇ ਦੇ ਲੋਕਾਂ ਦੀਆਂ ਲਾਜ਼ਮੀ ਸਿਫਤਾਂ ਹੁੰਦੀਆਂ ਹਨ। ਸ਼ਾਇਦ ਏਹੋ ਕਾਰਨ ਸੀ ਕਿ ਉਹਨੂੰ ਅਤਿਅੰਤ ਔਖੇ ਤੋਂ ਔਖੇ ਕੰਮਾਂ ਵਿਚ ਵੀ ਮੁਕੰਮਲ ਕਾਮਯਾਬੀ ਹਾਸਿਲ ਹੋਈ।
ਫ਼ੌਜ ਦੇ ਖੁਫੀਆ ਮਹਿਕਮੇ ਦੇ ਮੁਖੀ, ਇਕ ਕਰਨਲ ਨੇ, ਮੇਰੇ ਕੋਲੋਂ ਉਹਦਾ ਅਸਲੀ ਨਾਂ ਕਦੇ ਵੀ ਜ਼ਾਹਿਰ ਨਾ ਕਰਨ ਦਾ ਇਕਰਾਰ ਲੈ ਕੇ, ਮੈਨੂੰ ਉਸ ਦੇ ਜੰਗੀ ਜੀਵਨ ਦੀ ਕਹਾਣੀ ਸੁਣਾਈ।
ਇਕ ਉੱਘੇ ਵਿਗਿਆਨੀ ਦੀ ਇਕੋ ਇਕ ਧੀ, ਉਹ ਇਕ ਖਾਨਦਾਨੀ ਪਰਿਵਾਰ ਵਿਚ ਜੰਮੀ ਪਲੀ ਸੀ, ਉੱਚੀ ਵਿੱਦਿਆ ਪ੍ਰਾਪਤ ਕੀਤੀ ਸੀ, ਸੰਗੀਤ ਤੇ ਗਾਇਕੀ ਦੀ ਸਿੱਖਿਆ ਲਈ ਸੀ, ਅਤੇ ਛੋਟੀ ਉਮਰ ਤੋਂ ਯੂਕਰੇਨੀ, ਰੂਸੀ, ਫਰਾਂਸੀਸੀ ਤੇ ਜਰਮਨ ਇਕੋ ਜਿਹੀ ਸਰਲਤਾ ਨਾਲ ਬੋਲਣੀ ਸਿੱਖ ਗਈ ਸੀ। ਜਦੋਂ ਲੜਾਈ ਛਿੜੀ, ਉਹ ਯੂਨੀਵਰਸਿਟੀ ਵਿਚ ਆਪਣੇ ਆਖਰੀ ਸਾਲ ਵਿਚ ਸੀ। ਜਾਗ੍ਰਤੀ ਕਾਲ ਦੇ ਯੂਰਪੀ ਸਾਹਿਤ ਵਿਚ ਉਚੇਚੀ ਦਿਲਚਸਪੀ ਹੋਣ ਕਾਰਨ, ਉਹ ਭਾਸ਼ਾ-ਵਿਗਿਆਨ ਦੀ ਵਿਸ਼ੇਸ਼ੱਗ ਬਣ ਰਹੀ ਸੀ। ਉਸ ਨੇ ਜਾਨ ਬੇਤਿਸਟ ਰੇਸਾਈਨ੧ ਦੇ ਨਾਟਕਾਂ ਬਾਰੇ ਇਕ ਦਿਲਚਸਪ ਤੇ ਵਿਵਾਦਾਤਮਕ ਲੇਖ ਵੀ ਲਿਖਿਆ ਸੀ ਜਿਹੜਾ ਇਕ ਅਕਾਦਮੀ ਦੇ ਰਸਾਲੇ ਵਿਚ ਕਲਮੀ ਨਾਂ ਹੇਠ ਛਪਿਆ ਸੀ। ਇਸ ਲੇਖ ਨੇ ਵਿਗਿਆਨਕ ਹਲਕਿਆਂ ਦਾ ਧਿਆਨ ਖਿੱਚਿਆ ਸੀ।
੧. ਫਰਾਂਸੀਸੀ ਡਰਾਮਾਕਾਰ (੧੭ ਵੀਂ ਸਦੀ )। -ਸੰਪਾ
ਲੜਾਈ ਛਿੜ ਪੈਣ ਬਾਅਦ ਉਸ ਨੇ, ਆਪਣੇ ਮਾਪਿਆਂ ਦੀ ਮਰਜ਼ੀ ਦੇ ਖਿਲਾਫ, ਆਪਣੇ ਆਖਰੀ ਇਮਤਿਹਾਨ ਵਿਚ ਬੈਠਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਨਰਸਾਂ ਦੇ ਸਿਖਲਾਈ ਕੋਰਸ ਵਿਚ ਦਾਖਲ ਹੋ ਗਈ ਸੀ।ਉਸ ਨੇ ਮੁਹਾਜ਼ ਉੱਤੇ ਜਾਣ ਦਾ ਫੈਸਲਾ ਕਰ ਲਿਆ ਸੀ।ਪਰ ਉਹਦਾ ਕੋਰਸ ਅਜੇ ਪੂਰਾ ਨਹੀਂ ਸੀ ਹੋਇਆ ਕਿ ਦੁਸ਼ਮਣ ਉਹਦੇ ਆਪਣੇ ਸ਼ਹਿਰ ਤੱਕ ਅੱਗੇ ਵਧ ਆਇਆ ਅਤੇ ਉਸ ਦੇ ਬਾਹਰਵਾਰ ਦੇ ਇਲਾਕਿਆਂ ਵਿਚ ਡੱਟਵੀਂ ਲੜਾਈ ਹੋਈ। ਕੁਝ ਚਿਰ ਉਹਨੇ ਤੇ ਸਿਖਲਾਈ ਕੋਰਸ ਦੇ ਉਹਦੇ ਦੂਜੇ ਸਾਥੀਆਂ ਨੇ ਜ਼ਖਮੀਆਂ ਨੂੰ ਮੈਦਾਨ ਵਿਚੋਂ ਚੁੱਕ ਲਿਆਉਣ ਵਿਚ ਮਦਦ ਕੀਤੀ ਤੇ ਸ਼ਹਿਰੋਂ ਬਾਹਰ ਕੱਢੇ ਗਏ ਹਸਪਤਾਲ ਵਿਚ ਕੰਮ ਕੀਤਾ। ਦੁਸ਼ਮਣ ਨੇ ਸ਼ਹਿਰ ਨੂੰ ਘੇਰ ਲਿਆ ਸੀ। ਹੁਕਮ ਆਇਆ ਕਿ ਸ਼ਹਿਰ ਖਾਲੀ ਕਰ ਦਿੱਤਾ ਜਾਏ। ਮਾਪੇ ਇਸ ਗੱਲ ਉੱਤੇ ਅੜੇ ਹੋਏ ਸਨ ਕਿ ਉਹ ਉਹਨਾਂ ਦੇ ਨਾਲ ਚਲੇ।
“ਪੁਰਾਣੀ ਕਹਾਵਤ ਹੈ ਕਿ ਜਿਸ ਨੂੰ ਜਿੰਨਾ ਕੁਝ ਦਿੱਤਾ ਗਿਆ ਹੋਵੇ ਉਸ ਤੋਂ ਓਨੇ ਦੀ ਹੀ ਆਸ ਕੀਤੀ ਜਾਂਦੀ ਹੈ,” ਉਸ ਦੇ ਪਿਓ ਨੇ ਆਖਿਆ ਸੀ।“ਕੋਈ ਵੀ ਕੁੜੀ ਜ਼ਖਮੀਆਂ ਨੂੰ ਚੁੱਕ ਕੇ ਲਿਜਾ ਸਕਦੀ ਹੈ, ਪਰ ਯਾਦ ਰੱਖ, ਤੈਨੂੰ ਤਾਲੀਮ ਦੇਣ ਵਾਸਤੇ ਸਰਕਾਰ ਨੇ ਬਹੁਤ ਸਾਰਾ ਖਰਚ ਕੀਤਾ ਹੈ। ਤੈਨੂੰ ਉਹ ਜ਼ੁਬਾਨਾਂ ਆਉਂਦੀਆਂ ਨੇ, ਜਿਹੜੀਆਂ ਬਹੁਤੇ ਲੋਕਾਂ ਨੂੰ ਨਹੀਂ ਆਉਂਦੀਆਂ।ਪਿਛਵਾੜੇ ਵਿਚ ਕੰਮ ਕਰ ਕੇ ਸਰਕਾਰ ਦੀ ਵਡੇਰੀ ਸੇਵਾ ਕਰਨਾ ਤੇਰਾ ਫਰਜ਼ ਹੈ।”
ਕੁੜੀ ਜਾਣਦੀ ਸੀ ਕਿ ਉਹਦੇ ਪਿਓ ਦੀਆਂ ਦਲੀਲਾਂ ਵਿਚ ਸੁਹਿਰਦਤਾ ਨਹੀਂ। ਉਹ ਇਸ ਤਰ੍ਹਾਂ ਸੋਚ ਹੀ ਨਹੀਂ ਸੀ ਸਕਦਾ। ਪਰ ਉਹ ਉਸ ਦਾ ਦਿਲ ਨਹੀਂ ਸੀ ਦੁਖਾਉਣਾ ਚਾਹੁੰਦੀ, ਇਸ ਲਈ ਉਹਨੇ ਪੋਲੇ ਜਿਹੇ ਆਖਿਆ:
“ਪਾਪਾ, ਮੈਂ ਸੁਣਿਆ ਹੈ, ਕਿ ਇਸ ਵੇਲੇ ਤਾਂ ਸੋਵੀਅਤਾਂ ਦੇ ਮਹੱਲ ਦੇ ਗਾਰਡਰ ਵੀ ਢਾਲੇ ਜਾ ਰਹੇ ਹਨ ਤਾਂ ਜੋ ਗੋਲਿਆਂ ਦੇ ਖੋਲ ਤੇ ਟੈਕਾਂ ਦੇ ਬਕਤਰ ਬਣਾਏ ਜਾ ਸਕਣ। ਅਸੀਂ ਕਿਸੇ ਵੀ ਕੀਮਤ ਉੱਤੇ ਜਿੱਤ ਹਾਸਿਲ ਕਰਨੀ ਹੈ।ਇਹ ਨਗੂਣੇ ਹਿਸਾਬਾਂ-ਕਿਤਾਬਾਂ ਵਿਚ ਪੈਣ ਦਾ ਵੇਲਾ ਨਹੀਂ।”
ਉਹ ਆਪਣੇ ਮਾਪਿਆਂ ਨਾਲ ਸ਼ਹਿਰ ਛੱਡ ਕੇ ਨਹੀਂ ਸੀ ਗਈ, ਪਰ ਉਹਦੇ ਪਿਓ ਦੇ ਲਫਜ਼ਾਂ ਨੇ ਉਸ ਨੂੰ ਸੋਚਾਂ ਵਿਚ ਪਾ ਦਿੱਤਾ ਸੀ। ਇਹ ਸੱਚੀ ਗੱਲ ਸੀ ਕਿ ਉਹ ਜ਼ੁਬਾਨਾਂ ਜਾਣਦੀ ਸੀ, ਜ਼ਖਮੀਆਂ ਦੀ ਸਾਂਭ-ਸੰਭਾਲ ਕਰਨ ਨਾਲੋਂ ਇਸ ਤਰ੍ਹਾਂ ਉਹ ਸੰਭਵ ਤੌਰ 'ਤੇ ਆਪਣੇ ਦੇਸ਼ ਦੇ ਵਧੇਰੇ ਕੰਮ ਆ ਸਕਦੀ ਸੀ। ਇਹ ਸੋਚ ਕੇ ਉਹ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਕਮੇਟੀ ਦੇ ਦਫਤਰ ਨੂੰ ਤੁਰ ਪਈ।
ਸ਼ਹਿਰ ਕੁਝ ਘੰਟਿਆਂ ਵਿਚ ਹੀ ਖਾਲੀ ਕੀਤਾ ਜਾਣਾ ਸੀ।ਪਾਰਟੀ ਹੈਡਕੁਆਟਰ ਵਿਚ ਥੱਕੇ-ਟੁੱਟੇ ਲੋਕ, ਦੁੱਖਾਂ ਮੁਸੀਬਤਾਂ ਤੇ ਹੱਡ ਭੰਨਵੇਂ ਕੰਮਾਂ ਨਾਲ ਚੂਰ ਹੋਏ ਲੋਕ, ਦਸਤਾਵੇਜ਼ਾਂ ਸਾੜ ਰਹੇ ਸਨ। ਕਮਰਿਆਂ ਵਿਚ ਸਵਾਹ ਉੱਡ ਰਹੀ ਸੀ ਤੇ ਪੈਰਾਂ ਹੇਠਾਂ ਸਰਸਰ ਕਰਦੀ ਸੀ।ਮਜ਼ਦੂਰ ਬਟਾਲੀਅਨਾਂ ਦੇ ਹਥਿਆਰਬੰਦ ਵਲੰਟੀਅਰ ਅੰਦਰ ਬਾਹਰ ਆ ਜਾ ਰਹੇ ਸਨ। ਟੈਲੀਫੋਨਾਂ ਦੀਆਂ ਘੰਟੀਆਂ ਦੂਹੋ ਦੂਹ ਖੜਕ ਰਹੀਆਂ ਸਨ।ਉਹਦੇ ਨਾਲ ਗੱਲ ਕਰਨ ਦੀ ਕਿਸੇ ਨੂੰ ਵਿਹਲ ਨਹੀਂ ਸੀ। ਇਸ ਨਾਜ਼ਕ ਲੰਮੀ ਪਤਲੀ ਤੇ ਸੁਹਣੀ, ਸੱਜੀ-ਫੱਬੀ ਕੁੜੀ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਭਾਵੇਂ ਉਸ ਵੇਲੇ ਤੱਕ ਉਹ ਓਪਰਿਆਂ ਤੋਂ ਕੁਝ-ਕੁਝ ਸੰਗਦੀ ਝਿਜਕਦੀ ਰਹੀ ਸੀ, ਪਰ ਹੁਣ ਉਸ ਨੇ ਆਪਣੀ ਅਸਲ ਦਲੇਰੀ ਵਿਖਾਈ ਸੀ। ਕਿਸੇ ਨੂੰ ਮੂਰਖ ਬਣਾ ਕੇ, ਕਿਸੇ ਹੋਰ ਕੋਲੋਂ ਮਜ਼ਾਕ ਨਾਲ ਖਹਿੜਾ ਛੁਡਾ ਕੇ ਤੇ ਕਿਸੇ ਨੂੰ ਧੱਕ ਕੇ ਰਾਹ ਵਿਚੋਂ ਲਾਂਭੇ ਕਰ ਕੇ, ਉਹ ਅਖੀਰ ਧੁਸ ਦੇ ਕੇ ਜ਼ਿਲ੍ਹਾ ਪਾਰਟੀ ਕਮੇਟੀ ਦੇ ਸਕੱਤਰ ਦੇ ਦਫਤਰ ਵਿਚ ਜਾ ਵੜੀ।ਉਸ ਨੇ ਸਕੱਤਰ ਨੂੰ ਆਪਣਾ ਨਾਂ ਦੱਸਿਆ ਜਿਸ ਤੋਂ ਸ਼ਹਿਰ ਵਿਚ ਸਭ ਵਾਕਫ ਸਨ, ਅਤੇ ਉਹਨੂੰ ਦੱਸਿਆ ਕਿ ਉਹਨੂੰ ਬਦੇਸ਼ੀ ਜ਼ਬਾਨਾਂ ਖੂਬ ਚੰਗੀ ਤਰ੍ਹਾਂ ਆਉਂਦੀਆਂ ਹਨ ਅਤੇ ਚਾਹੁੰਦੀ ਹੈ ਕਿ ਉਸ ਨੂੰ ਕੋਈ ਸੈਨਿਕ ਕੰਮ ਦਿੱਤਾ ਜਾਏ।
“ਕੀ, ਕੀ ? ਤੁਸੀਂ ਪ੍ਰੋਫੈਸਰ ‘ਓ,’ ਦੀ ਧੀ ਹੋ, ਹੈਂ ? ਤੁਸੀਂ ਗਏ ਕਿਉਂ ਨਹੀਂ ?” ਸਕੱਤਰ ਨੇ ਪੁੱਛਿਆ। ਉਹ ਸ਼ਹਿਰ ਖਾਲੀ ਕਰਨ ਨਾਲ ਜੁੜੀਆਂ ਸਭ ਸਮੱਸਿਆਵਾਂ ਤੋਂ ਖਹਿੜਾ ਛੁਡਾਉਣ ਦੀ ਕੋਸ਼ਿਸ਼ ਵਿਚ ਸੀ।ਉਸ ਨੇ ਬੜੇ ਧਿਆਨ ਨਾਲ ਉਹਦੇ ਕਾਗ਼ਜ਼ ਵੇਖੇ ਤੇ ਫੇਰ ਅਚਾਨਕ, ਕੋਈ ਗੱਲ ਯਾਦ ਆ ਜਾਣ 'ਤੇ, ਉਸ ਨੇ ਪੁੱਛਿਆ “ਤੁਸੀਂ ਜਰਮਨ ਜਾਣਦੇ ਹੋ ?”
“ਜਿਵੇਂ ਆਪਣੀ ਯੂਕਰੇਨੀ ਜਾਣਦੀ ਹਾਂ।”
ਸਕੱਤਰ ਨੇ ਇਕ ਵਾਰੀ ਫੇਰ ਦੁਚਿੱਤੀ ਜਿਹੀ ਨਾਲ ਇਸ ਪਤਲੀ ਪਤੰਗ ਮੁਟਿਆਰ ਵੱਲ ਵੇਖਿਆ ਜਿਸ ਦਾ ਚਿਹਰਾ ਬੱਚਿਆਂ ਵਾਂਗ ਗੋਲ ਸੀ।
“ਜਿਹੜੇ ਕੰਮ ਬਾਰੇ ਮੈਂ ਸੋਚ ਰਿਹਾ ਆਂ ਉਹ ਬਹੁਤ ਔਖਾ ਸਾਬਤ ਹੋ ਸਕਦਾ ਏ ਤੇ, ਮੈਂ ਤੁਹਾਨੂੰ ਸਾਫ-ਸਾਫ ਦੱਸ ਦੇਵਾਂ, ਬਹੁਤ ਖਤਰਨਾਕ ਵੀ।”
“ਮੈਂ ਤਿਆਰ ਹਾਂ।”
ਸਕੱਤਰ ਨੇ ਸਾਰਿਆਂ ਨੂੰ ਬਾਹਰ ਚਲੇ ਜਾਣ ਵਾਸਤੇ ਆਖਿਆ ਤੇ ਫੇਰ ਮੇਜ਼ ਉੱਤੇ ਪਏ ਫੀਲਡ ਟੈਲੀਫੋਨ ਦਾ ਰਸੀਵਰ ਚੁੱਕਿਆ ਤੇ ਇਕ ਨੰਬਰ ਮਿਲਾਇਆ।
“ਮੇਰੀ ਅਵਾਜ਼ ਸੁਣਦੇ ਹੋ ? ਮੈਂ ਬੋਲਦਾ ... ਹਾਂ, ਮੇਰੇ ਕੋਲ ਕੰਮ ਵਾਸਤੇ ਯੋਗ ਉਮੀਦਵਾਰ ਹੈ,” ਉਸ ਨੇ ਕਿਸੇ ਨੂੰ ਆਖਿਆ।“ਹਾਂ, ਜਰਮਨ ਬਹੁਤ ਵਧੀਆ ਆਉਂਦੀ ਏ। ਬਹੁਤ ਯੋਗ ਏ, ਮੈਂ ਉਹਦੇ ਮਾਪਿਆਂ ਨੂੰ ਜਾਣਦਾ ਆਂ। ਮੈਂ ਹੁਣੇ ਭੇਜ ਰਿਹਾਂ ਤੁਹਾਡੇ ਕੋਲ। ਹਾਂ, ਖ਼ਬਰਦਾਰ ਕਰ ਦਿੱਤੈ, ਫੇਰ ਕਰ ਦੇਂਦਾ ਆਂ।” ਉਸ ਨੇ ਰਸੀਵਰ ਰੱਖ ਦਿੱਤਾ ਅਤੇ ਸੁਹਿਰਦ ਤੇ ਘੋਖਵੀਆਂ ਨਜ਼ਰਾਂ ਨਾਲ ਉਹਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਵੇਖਿਆ। “ਠੀਕ ਏ, ਮੈਂ ਤੁਹਾਨੂੰ ਆਪਣੇ ਇਕ ਸਾਥੀ ਨਾਲ ਮਿਲਾ ਦਿਆਂਗਾ ਜਿਹੜਾ ਰੂਪੋਸ਼ ਕੰਮ ਜਾਰੀ ਰੱਖਣ ਵਾਸਤੇ ਏਥੇ ਰਹੇਗਾ। ਪਰ ਤੁਹਾਨੂੰ ਸ਼ਾਇਦ ਇਸ ਗੱਲ ਦਾ ਉੱਕਾ ਹੀ ਇਲਮ ਨਹੀਂ ਕਿ ਤੁਸੀਂ ਕੀ ਜ਼ਿੰਮੇਵਾਰੀ ਸੰਭਾਲ ਰਹੇ ਹੋ। ਹਰ ਪਲ ਤੁਹਾਡੀ ਜ਼ਿੰਦਗੀ ਦਾਅ ਉੱਤੇ ਲੱਗੀ ਰਹੇਗੀ।”
“ਮੇਰੀ ਬੇਨਤੀ ਹੈ ਕਿ ਤੁਸੀਂ ਆਪਣਾ ਵਕਤ ਨਾ ਜ਼ਾਇਆ ਕਰੋ। ਮੈਂ ਤੁਹਾਨੂੰ ਪਹਿਲਾਂ ਜਵਾਬ ਦੇ ਚੁੱਕੀ ਹਾਂ,” ਕੁੜੀ ਨੇ ਆਖਿਆ।
ਅਤੇ ਇਸ ਤਰ੍ਹਾਂ ਸ਼ਹਿਰ ਉੱਤੇ ਜਰਮਨਾਂ ਦਾ ਕਬਜ਼ਾ ਹੋ ਜਾਣ ਤੋਂ ਬਾਅਦ ਵੀ ਇਕ ਉੱਘੇ ਪ੍ਰੋਫ਼ੈਸਰ ਦੀ ਧੀ ਓਥੇ ਹੀ ਰਹੀ। ਕੁਮੇਦਾਨ ਨੂੰ ਦੱਸਿਆ ਗਿਆ ਸੀ ਕਿ ਇਥੋਂ ਜਾਣ ਸਮੇਂ ਉਸ ਨੂੰ ਨਾਲ ਲੈ ਕੇ ਜਾਣਾ ਭੁੱਲ ਗਏ ਸਨ।
ਰੂਪੋਸ਼ ਕੰਮ ਜਾਰੀ ਰੱਖਣ ਲਈ ਉਹ ਇਕੱਲੀ ਹੀ ਪਿੱਛੇ ਨਹੀਂ ਸੀ ਰਹੀ, ਪਰ ਜਿਹੜਾ ਕੰਮ ਉਹਨੂੰ ਸੌਂਪਿਆ ਗਿਆ ਸੀ ਉਹ ਨਿਹਾਇਤ ਖ਼ਤਰਨਾਕ ਤੇ ਜ਼ਿੰਮੇਵਾਰੀ ਵਾਲਾ ਸੀ। ਕਈਆਂ ਨੇ ਜਰਮਨਾਂ ਤੇ ਗੱਦਾਰਾਂ ਦੀਆਂ ਹਰਕਤਾਂ ਉੱਤੇ ਨਿਗਾਹ ਰੱਖਣੀ ਸੀ, ਕਈਆਂ ਨੂੰ ਸਟੋਰ ਤੇ ਜ਼ਖੀਰੇ ਉਡਾਉਣ ਦਾ ਕੰਮ ਸੌਂਪਿਆ ਗਿਆ ਸੀ, ਰੇਲ ਗੱਡੀਆਂ ਨੂੰ ਰੋਕ ਰੱਖਣ ਦਾ ਕੰਮ ਦਿੱਤਾ ਗਿਆ ਸੀ ਅਤੇ ਕਈਆਂ ਨੂੰ ਫਾਸਿਸ਼ਟ ਅਫਸਰਾਂ ਦਾ ਸ਼ਿਕਾਰ ਕਰਨ ਉੱਤੇ ਲਾਇਆ ਗਿਆ ਸੀ।“ਬਰਚਾ” ਜਿਸ ਨੂੰ ਜਰਮਨ ਬਹੁਤ ਚੰਗੀ ਆਉਂਦੀ ਸੀ, ਨੂੰ ਰੂਪੋਸ਼ ਕਮੇਟੀ ਨੇ ਹਦਾਇਤ ਦਿੱਤੀ ਕਿ ਉਹ ਲਾਡ ਨਾਲ ਸਿਰੇ ਚੜ੍ਹੀ ਹੋਈ ਮੁਟਿਆਰ, ਪ੍ਰਸਿੱਧ ਮਾਪਿਆਂ ਦੀ ਧੀ ਦਾ ਰੋ ਅਦਾ ਕਰੇ, ਇਕ ਐਸੀ ਕੁੜੀ ਦਾ ਰੋਲ ਜਿਹੜੀ ਪੱਛਮ ਦੀ ਹਰ ਚੀਜ਼ ਦੀ ਬੇਹੱਦ ਦੀਵਾਨੀ ਹੈ ਅਤੇ ਕਿਸੇ ਹਵਾਈ ਖ਼ਿਆਲ ਦੀ ਖ਼ਾਤਿਰ ਆਪਣਾ ਸੁਖ-ਅਰਾਮ ਛੱਡਣ ਲਈ, ਪੂਰਬ ਵਿਚ ਗੁੰਮਨਾਮ ਜੀਵਨ ਜਿਊਣ ਦੀ ਖ਼ਾਤਿਰ ਸਭ ਕੁਝ ਤਿਆਗ ਦੇਣ ਦੀ ਕੋਈ ਇੱਛਾ ਨਹੀਂ ਰੱਖਦੀ।ਫਾਸ਼ਿਸਟ ਕਰਨਲ ਜਿਸ ਨੇ ਪ੍ਰੋਫ਼ੈਸਰ ਦੇ ਚਲੇ ਜਾਣ ਬਾਅਦ ਤੁਰੰਤ ਹੀ ਉਸ ਦੇ ਖੁੱਲ੍ਹੇ ਡੁੱਲ੍ਹੇ ਫਲੈਟ ਵਿਚ ਡੇਰਾ ਲਾ ਲਿਆ ਸੀ ਆਪਣੀ ਮੁਟਿਆਰ ਮੇਜ਼ਬਾਨ ਵੱਲ ਖਿੱਚਿਆ ਗਿਆ। ਤਰਕਾਲਾਂ ਨੂੰ ਉਹ ਵਾਗਨਰ ਦੇ ਅਪੇਰਿਆਂ ਦੇ ਕੁਝ ਅੰਸ਼ ਪਿਆਨੋ ਉੱਤੇ ਵਜਾਉਂਦੀ ਹੁੰਦੀ ਅਤੇ ਗੋਇਥੇ ਦੀਆਂ ਕਵਿਤਾਵਾਂ ਪੜ੍ਹ ਕੇ ਸੁਣਾਇਆ ਕਰਦੀ ਸੀ। ਕਰਨਲ ਨੇ ਆਪਣੇ ਦੋਸਤਾਂ ਨਾਲ, ਸਟਾਫ ਦੇ ਖਾਸ ਖਾਸ ਅਫ਼ਸਰਾਂ ਨਾਲ ਅਤੇ ਜਨਰਲ ਨਾਲ ਜਿਹੜਾ ਉਹਦਾ ਸਾਹਿਬ ਸੀ ਪ੍ਰੋਫੈਸਰ ਦੀ ਧੀ ਦੀ ਜਾਣ-ਪਛਾਣ ਕਰਾਈ।
ਯੂਕਰੇਨੀ ਫਰਾਊਲੈਨ ਨੂੰ ਕਾਮਯਾਬੀ ਨਸੀਬ ਹੋਈ। ਇਕ ਪ੍ਰੋਫ਼ੈਸਰ ਦੀ ਧੀ, ਤੇ ਜਿਵੇਂ ਕਰਨਲ ਨੇ ਇਸ਼ਾਰਾ ਕੀਤਾ ਸੀ, ਇਕ ਦੌਲਤਮੰਦ ਯੂਕਰੇਨੀ ਜਾਗੀਰਦਾਰ ਦੀ ਸੰਤਾਨ ਉਹਨਾਂ ਦੇ ਹਲਕੇ ਦੀਆਂ ਮੋਟੀਆਂ, ਉਜੱਡ, ਕੁਰੱਖ਼ਤ ਤੇ ਬੇਹੂਦਾ ਨਾਜ਼ੀ ਸੁਆਣੀਆਂ ਨਾਲੋਂ ਕਿਤੇ ਵਧੇਰੇ ਚੰਗੀ ਸੀ। ਅਫਸਰ ਉਸ ਨੂੰ ਖੁਸ਼ ਰੱਖਣ ਲਈ ਆਪਣੀ ਪੂਰੀ ਵਾਹ ਲਾਉਂਦੇ ਸਨ ਅਤੇ ਉਹਨਾਂ ਨੂੰ ਕਦੇ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਹੋਇਆ ਕਿ ਇਹ ਮਨਮੋਹਣੀ ਕੁੜੀ, “ਦੌਲਤਮੰਦ ਜਾਗੀਰਦਾਰਾਂ ਦੀ ਸੰਤਾਨ" ਹਫਤੇ ਵਿਚ ਦੋ ਵਾਰੀ ਆਪਣੀ ਖੂਬਸੂਰਤ ਛੱਤਰੀ ਤੇ ਪਰਸ ਚੁੱਕੀ ਅਤੇ ਫਿਊਰਰ ਦੀ ਕਿਤਾਬ “ੰੲਨਿ ਖੳਮਪਡ” ਲੈ ਕੇ, ਜਿਹੜੀ ਕਰਨਲ ਨੇ ਆਪਣੇ ਦਸਖ਼ਤਾਂ ਨਾਲ ਉਸ ਨੂੰ ਪੇਸ਼ ਕੀਤੀ ਸੀ, ਕਿੱਥੇ ਜਾਂਦੀ ਸੀ।
ਉਹ ਇਕ “ਮੋਚੀ” ਦੇ ਘਰ ਜਾਂਦੀ ਸੀ ਜਿਹੜਾ ਸ਼ਹਿਰ ਦੇ ਪਾਰ ਦਰਿਆ ਕੰਢੇ ਇਕ ਚਿੱਟੀ ਝੁੱਗੀ ਵਿਚ ਰਹਿੰਦਾ ਸੀ। ਏਥੇ ਪਹੁੰਚ ਕੇ ਉਹ ਆਪਣੇ ਬੈਗ ਵਿਚੋਂ ਅੱਡੀਆਂ ਤੋਂ ਘਸੀ ਹੋਈ ਚੁਸਤ ਕਿਸਮ ਦੀ ਗੁਰਗਾਬੀ ਕੱਢ ਲੈਂਦੀ ਅਤੇ ਪਹਿਲਾਂ ਇਸ ਬਾਰੇ ਨਿਸਚਿਤ ਕਰ ਕੇ ਕਿ ਕੋਈ ਉਸ ਨੂੰ ਵੇਖ ਨਹੀਂ ਰਿਹਾ, ਉਹ ਦਾੜ੍ਹੀ ਵਾਲੇ ਬੁੱਢੇ ‘ਮੋਚੀ ਦੇ ਚੌੜੇ ਮੋਢਿਆਂ ਉੱਤੇ ਘਿਰਣਾ, ਰੋਹ ਤੇ ਕਰਹਿਤ ਦੇ ਹੰਝੂ ਕੇਰਦੀ। ਇਸ ਸਾਫ-ਸੁਥਰੀ, ਛੋਟੀ ਜਿਹੀ ਮਾਮੂਲੀ ਝੁੱਗੀ ਵਿਚ ਜਿਹੜੀ ਚਾਰ ਚੁਫੇਰਿਓਂ ਇਕ ਬਗੀਚੇ ਵਿਚ ਘਿਰੀ ਹੋਈ ਸੀ, ਉਸ ਦੀਆਂ ਨਸਾਂ ਜਿਹੜੀਆਂ ਹਰ ਵੇਲੇ ਤਣੀਆਂ ਰਹਿੰਦੀਆਂ ਸਨ ਕੁਝ ਢਿੱਲੀਆਂ ਹੋ ਜਾਂਦੀਆਂ ਸਨ। ਅੱਖ- ਮਟੱਕਾ ਕਰਨ ਵਾਲੀ, ਫੈਸ਼ਨ ਕਰਨ ਵਾਲੀ ਹਸੀਨਾ ਤੋਂ, ਜੋ ਮਨਮੋਨਣੀ ਤੇ ਨਖਰੇਬਾਜ਼ ਸੀ, ਉਜੱਡ ਤੇ ਤ੍ਰਿਪਤ ਜਰਮਨਾਂ ਨੂੰ ਖੁਸ਼ ਕਰਨ ਲਈ ਉਤਸੁਕ ਰਹਿੰਦੀ ਸੀ, ਉਹ ਇਕ ਵਾਰੀ ਫੇਰ ਸੋਵੀਅਤ ਕੁੜੀ, ਆਪਣੇ ਕਬਜ਼ੇ ਹੇਠਲੇ ਪਰ ਅਣਜਿੱਤੇ ਸ਼ਹਿਰ ਦੀ ਨਾਗਰਿਕ ਬਣ ਜਾਂਦੀ ਸੀ, ਜੋ ਰੋਮ-ਰੋਮ ਸੁਹਿਰਦ ਸੀ, ਰੋਮ-ਰੋਮ ਦੁਖੀ ਸੀ ਤੇ ਜਿਸ ਦੇ ਅੰਦਰ ਨਫ਼ਰਤ ਕੁੱਟ-ਕੁੱਟ ਕੇ ਭਰੀ ਹੋਈ ਸੀ।
ਉਫ, ਮੈਨੂੰ ਕੇਡੀ ਕਰਹਿਤ ਆਉਂਦੀ ਹੈ ! ਕਾਸ਼, ਤੁਹਾਨੂੰ ਪਤਾ ਹੁੰਦਾ, ਚਾਚਾ ਲੇਵਕੋ, ਮੈਨੂੰ ਕੇਡੀ ਘਿਣ ਆਉਂਦੀ ਹੈ ਉਹਨਾਂ ਵਿਚ ਰਹਿੰਦੀਆਂ, ਉਹਨਾਂ ਦੀਆਂ ਸ਼ੇਖੀਆਂ ਸੁਣ-ਸੁਣ ਕੇ, ਉਹਨਾਂ ਲਈ ਮੁਸਕ੍ਰਾ ਕੇ ਜਿਨ੍ਹਾਂ ਦੀ ਮੈਂ ਸੰਘੀ ਘੋਪਣਾ ਚਾਹੁੰਦੀ ਹਾਂ, ਉਹਨਾਂ ਨਾਲ ਹੱਥ ਮਿਲਾ ਕੇ ਜਿਨ੍ਹਾਂ ਨੂੰ ਗੋਲੀ ਨਾਲ ਉੱਡਾ ਦੇਣਾ ਚਾਹੀਦਾ ਹੈ, ਨਹੀਂ ਗੋਲੀ ਨਹੀਂ, ਫਾਹੇ ਲਾਉਣਾ ਚਾਹੀਦਾ ਹੈ।”
“ਮੋਚੀ,” ਇਹ ਬੁੱਢਾ ਬੋਲਸ਼ਵਿਕ ਜਿਸ ਨੇ ਘਰੇਲੂ ਜੰਗ ਸਮੇਂ ਵੀ ਰੂਪੋਸ਼ ਰਹਿ ਕੇ ਕੰਮ ਕੀਤਾ ਹੋਇਆ ਸੀ, ਜਿੰਨੀ ਕੁ ਵਾਹ ਲਗਦੀ ਉਸ ਨੂੰ ਢਾਰਸ ਦੇਂਦਾ, ਦਿਲਾਸਾ ਦੇਂਦਾ। ਇਸ ਤੋਂ ਬਾਅਦ ਉਹ ਛੋਟੇ ਜਿਹੇ ਪਿਛਲੇ ਕਮਰੇ ਵਿਚ ਬਹਿ ਕੇ, ਜੋ ਕੁਝ ਉਸ ਨੇ ਵੇਖਿਆ ਸੁਣਿਆ ਹੁੰਦਾ ਸੀ, ਉਸ ਦੀ ਰਿਪੋਰਟ ਤਿਆਰ ਕਰਦੇ। ਸਕਰੀਨ ਨਾਲ ਮਿੱਠੀ ਕੀਤੀ ਲਾਇਮ ਦੇ ਫੁੱਲਾਂ ਦੀ “ਚਾਹ” ਪੀਂਦੇ ਜਾਂ ਠੰਡਾ ਜੈਲੀ ਵਾਲਾ ਗੋਸ਼ਤ, ਲੂਣੇ ਟਮਾਟਰ ਤੇ ਦਹੀ ਖਾਂਦੇ।ਅਤੇ ਇਸ ਘਰੇਲੂ ਆਲੇ-ਦੁਆਲੇ ਵਿਚ ਉਸ ਦੀ ਵਿਆਕੁਲ ਤੇ ਇਕੱਲੀ ਆਤਮਾ ਨੂੰ ਧਰਵਾਸ ਆਉਂਦਾ ਤੇ ਚੈਨ ਮਿਲਦਾ। ਥੋੜ੍ਹੇ ਚਿਰ ਮਗਰੋਂ ਇਕ ਚੁਸਤ, ਬੇਪ੍ਰਵਾਹ ਕੁੜੀ ਆਪਣੀ ਭੜਕੀਲੀ ਛਤਰੀ ਨੂੰ ਘੁਮਾਉਂਦੀ ਤੇ ਜਰਮਨ ਗੀਤ, “ਲੀਲੀ ਮਾਰਲੇਨ' ਗੁਣਗੁਣਾਉਂਦੀ ਪਹਾੜੀ ਚੜ੍ਹ ਕੇ ਸ਼ਹਿਰ ਵਾਪਿਸ ਆ ਜਾਂਦੀ ਅਤੇ ਭੁੱਖੇ ਸ਼ਹਿਰੀ ਨਫ਼ਰਤ ਭਰੀਆਂ ਨਜ਼ਰਾਂ ਨਾਲ ਉਸ ਨੂੰ ਵੇਖਦੇ ਰਹਿੰਦੇ। ਨਫ਼ਰਤ ਉਗਲਦੀਆਂ ਇਹਨਾਂ ਨਜ਼ਰਾਂ ਨੂੰ, ਨਿਰਾਦਰੀ ਨੂੰ ਚੁੱਪ, ਹਮੇਸ਼ਾ ਚੁੱਪ ਰਹਿ ਕੇ ਬਰਦਾਸ਼ਤ ਕਰਨ ਦੀ ਲੋੜ, ਇਸ ਗੱਲ ਦਾ ਡਰ ਕਿ ਕਿਧਰੇ ਮਾਮੂਲੀ ਤੋਂ ਮਾਮੂਲੀ ਸੰਕੇਤ ਤੋਂ ਵੀ ਇਹਨਾਂ ਲੋਕਾਂ ਨੂੰ ਇਹ ਨਾ ਪਤਾ ਲੱਗ ਜਾਵੇ ਕਿ ਉਹ ਕੌਣ ਹੈ, ਏਥੇ ਕਿਉਂ ਰਹਿੰਦੀ ਹੈ, ਅਤੇ ਉਹ ਕਾਹਦੇ ਵਾਸਤੇ ਲੜ ਰਹੀ ਹੈ — ਇਹ ਇਸ ਕੰਮ ਦਾ ਸਭ ਤੋਂ ਔਖਾ ਹਿੱਸਾ ਸੀ।
ਉਸ ਦੀਆਂ ਨਸਾਂ ਮਜ਼ਬੂਤ ਸਨ।ਉਹ ਆਪਣਾ ਰੋਲ ਬਹੁਤ ਸ਼ਾਨਦਾਰ ਢੰਗ ਨਾਲ ਨਿਭਾ ਰਹੀ ਸੀ ਅਤੇ ਆਪਣੇ-ਆਪ ਨੂੰ ਵਡਮੁੱਲੀ ਸਾਬਤ ਕਰ ਰਹੀ ਸੀ। ਪਰ ਆਖਰਕਾਰ ਉਸ ਦੀਆਂ ਨਸਾਂ ਨੇ ਵੀ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਆਪਣੇ ਰੋਲ ਨੂੰ ਨਿਭਾਉਣਾ ਤੇ ਆਪਣੀਆਂ ਭਾਵਨਾਵਾਂ ਨੂੰ ਲੁਕਾਉਣਾ ਉਹਦੇ ਵਾਸਤੇ ਦਿਨੋ-ਦਿਨ ਵਧੇਰੇ ਔਖਾ ਹੁੰਦਾ ਜਾ ਰਿਹਾ ਸੀ। ਜਦੋਂ ਉਹ “ਮੋਚੀ” ਨੂੰ ਰਿਪੋਰਟ ਦੇਣ ਜਾਂਦੀ ਤਾਂ ਉਹਦੇ ਤਰਲੇ ਕਰਦੀ ਕਿ ਇਸ ਕੰਮ ਤੋਂ ਉਸ ਨੂੰ ਹਟਾ ਦਿੱਤਾ ਜਾਏ, ਉਸ ਨੂੰ ਕੋਈ ਹੋਰ – ਕੋਈ ਵੀ ਹੋਰ ਕੰਮ ਸੌਂਪਿਆ ਜਾਏ ਤੇ ਅਰਾਮ ਕਰ ਲੈਣ ਦਿੱਤਾ ਜਾਏ। ਅਰਾਮ ਤੋਂ ਉਹਦੀ ਮੁਰਾਦ ਸੀ ਕੋਈ ਕਾਰਵਾਈ ਦੁਸ਼ਮਣ ਦੀ ਟਰਾਂਸਪੋਰਟ ਉੱਤੇ ਹਮਲੇ ਕਰਨਾ, ਅਸਲਾਖਾਨੇ ਨੂੰ ਸਾੜਨਾ, ਧਮਾਕਿਆਂ ਨਾਲ ਗੱਡੀਆਂ ਉਡਾਉਣਾ, ਰੂਪੋਸ਼ ਲਹਿਰ ਦੇ ਦੂਜੇ ਸਾਥੀਆਂ ਵਾਂਗ ਗੰਨ ਹੱਥ ਵਿਚ ਲੈ ਕੇ ਲੜਨਾ। ਪਰ ਉਸ ਵੇਲੇ ਪੂਰੀ ਜਰਮਨ ਆਰਮੀ ਦਾ ਹੈੱਡਕੁਆਟਰ ਸ਼ਹਿਰ ਵਿਚ ਸੀ।ਜਿਹੜੀ ਜਾਣਕਾਰੀ ਉਹ ਪ੍ਰਾਪਤ ਕਰ ਸਕਦੀ ਸੀ ਉਹਦੀ ਆਮ ਨਾਲੋਂ ਵਧੇਰੇ ਅਹਿਮੀਅਤ ਸੀ ਅਤੇ “ਮੋਚੀ” ਉਹਦੀ ਬੇਨਤੀ ਨਾ ਮੰਨਣ ਅਤੇ ਉਸ ਨੂੰ ਫੇਰ ਵਾਪਸ ਭੇਜਣ ਲਈ ਦ੍ਰਿੜ ਰਹਿਣ ਵਾਸਤੇ ਮਜ਼ਬੂਰ ਸੀ।
ਅਖੀਰ ਹੈੱਡਕੁਆਟਰ ਓਥੋਂ ਚੁੱਕ ਲਿਆ ਗਿਆ, ਅਤੇ “ਮੋਚੀ’” ਨੇ ਉਹਦੇ ਨਾਲ ਇਕਰਾਰ ਕੀਤਾ ਕਿ ਇਕ ਦੋ ਦਿਨ ਹੋਰ, ਤੇ ਉਹ ਓਥੋਂ ਗ਼ਾਇਬ ਹੋ ਸਕਦੀ ਹੈ।ਪਰ ਓਧਰੋਂ ਇਕ ਬਿਪਤਾ ਆ ਪਈ।ਉਹਦੇ ਫਲੈਟ ਵਿਚ ਰਹਿੰਦੇ ਕਰਨਲ ਦੀ ਤਰੱਕੀ ਹੋ ਗਈ ਤੇ ਉਹ ਜਨਰਲ ਬਣ ਗਿਆ। ਉਸ ਨੇ ਜਸ਼ਨ ਮਨਾਇਆ, ਸ਼ਰਾਬੀ ਹੋ ਗਿਆ ਅਤੇ ਉਸ ਰਾਤ ਸ਼ੈਮਪੇਨ ਦੀ ਇਕ ਬੋਤਲ ਲੈ ਕੇ ਉਹਦੇ ਕਮਰੇ ਵਿਚ ਆਣ ਵੜਿਆ।ਗੁੱਸੇ ਨਾਲ ਆਪੇ ਤੋਂ ਬਾਹਰ ਹੋਈ ਮੁਟਿਆਰ ਨੇ ਉਹਦੇ ਮੂੰਹ ਉੱਤੇ ਵੱਟ ਕੇ ਚਪੇੜ ਮਾਰੀ। ਉਹ ਸਿਰਫ਼ ਠਹਾਕੇ ਮਾਰ ਕੇ ਹੱਸ ਪਿਆ। ਉਹਨੇ ਕੁੜੀ ਦਾ ਹੱਥ ਚੁੰਮਿਆ ਤੇ ਦੂਜੀ ਗੱਲ੍ਹ ਉਹਦੇ ਅੱਗੇ ਕਰ ਦਿੱਤੀ। ਨਹੀਂ, ਇਹ ਅਦਭੁੱਤ ਨਿੱਕੇ-ਨਿੱਕੇ ਹੱਥ ਇਕ ਜਰਮਨ ਜਨਰਲ ਦੀ ਹੱਤਕ ਨਹੀਂ ਕਰ ਸਕਦੇ ਸਨ, ਜਿਸ ਨੇ ਛੇ ਮੁਲਕਾਂ ਉੱਤੇ ਫਤਹਿ ਪਾ ਲਈ ਸੀ ਅਤੇ ਸੱਤਵੇਂ ਨਾਲ ਇਸ ਵੇਲੇ ਲੜ ਰਿਹਾ ਸੀ! ਅਤੇ ਇਹ ਕੁੜੀ – ਇਹ ਤਾਂ ਲੜਾਈ ਦੇ ਵਰ੍ਹਿਆਂ ਦਾ ਉਹਦਾ ਸਭ ਤੋਂ ਵਧੀਆ ਇਨਾਮ ਸੀ ! ਜਨਰਲ ਨੇ ਉਹਨੂੰ ਆਪਣਾ ਹੱਥ ਤੇ ਆਪਣਾ ਦਿਲ ਪੇਸ਼ ਕੀਤਾ।
ਕੁੜੀ ਦਾ ਤ੍ਰਾਹ ਨਿਕਲਿਆ ਹੋਇਆ ਸੀ।ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਨਫ਼ਰਤ ਨਾਲ ਕੰਬੀ ਜਾ ਰਹੀ ਸੀ।ਜਨਰਲ ਗੋਡਿਆਂ ਪਰਨੇ ਹੋ ਕੇ, ਉਸ ਦੀ ਫਰਾਕ ਨੂੰ ਫੜ ਕੇ ਉਹਦੇ ਮਗਰ- ਮਗਰ ਰੀਂਗਦਾ ਫਿਰਦਾ ਸੀ। ਮੁਟਿਆਰ ਨੇ ਉਹਦੇ ਕੋਲੋਂ ਬਚ ਕੇ ਦੂਸਰੇ ਕਮਰੇ ਵਿਚ ਜਾਣ ਦੀ ਕੋਸ਼ਿਸ਼ ਕੀਤੀ।ਉਹ ਮਗਰੇ ਉਸ ਕਮਰੇ ਵਿਚ ਆ ਗਿਆ ਤੇ ਭਰੜਾਈ ਹੋਈ ਅਵਾਜ਼ ਵਿਚ ਡੀਂਗਾਂ ਮਾਰਨ ਲੱਗਾ ਕਿ ਸੋਵੀਅਤ ਸੱਤਾ ਆਖਰੀ ਦਮਾਂ 'ਤੇ ਹੈ, ਕਿ ਲੜਾਈ ਮਾਸਕੋ ਦੀਆਂ ਗਲੀਆਂ ਵਿਚ ਪਹੁੰਚ ਗਈ ਹੈ, ਕਿ ਏਥੇ ਯੂਕਰੇਨ ਦੀ ਉਪਜਾਊ ਧਰਤੀ ’ਤੇ ਸਾਰੇ ਜਰਮਨਾਂ ਨੂੰ ਜਾਗੀਰਾਂ ਦਿੱਤੀਆਂ ਜਾਣਗੀਆਂ ਅਤੇ ਉਹ ਉਸ ਦੀ ਬੀਵੀ ਹੋਵੇਗੀ—ਹਾਂ, ਹਾਂ, ਇਕ , ਜਰਮਨ ਜਾਗੀਰਦਾਰ ਦੀ ਬੀਵੀ ! ਉਹ ਸਾਰੇ ਕਿਸਾਨ ਜਿਹੜੇ ਆਪਣੇ-ਆਪ ਨੂੰ ਜ਼ਿੰਦਗੀ ਦੇ ਮਾਲਕ ਸਮਝਣ ਲੱਗ ਪਏ ਹਨ ਅਤੇ ਸਮਾਜਵਾਦ ਦੀਆਂ ਟਾਹਰਾਂ ਮਾਰਦੇ ਹਨ ਉਹਨਾਂ ਦੇ ਖੇਤ-ਗੁਲਾਮ ਬਣ ਜਾਣਗੇ, ਉਹਨਾਂ ਦੀ ਜ਼ਮੀਨ ਵਾਹੁਣ ਵਾਲੇ ਘੋੜੇ ਹੋਣਗੇਙ ਸ਼ਰਾਬੀ ਫਾਸਿਸ਼ਟ ਉਹਦੇ ਹਮਵਤਨੀਆਂ ਦੀ ਨਿਰਾਦਰੀ ਕਰ ਰਿਹਾ ਸੀ ਅਤੇ ਕੁੜੀ ਇਸ ਨੂੰ ਬਰਦਾਸ਼ਤ ਨਾ ਕਰ ਸਕੀ।ਉਹਦੇ ਕੋਲੋਂ ਰਿਹਾ ਨਾ ਗਿਆ।ਉਸ ਨੇ ਉਹਦੀ ਜਰਨਲਾਂ ਵਾਲੀ ਚਾਂਦੀ- ਚੜ੍ਹੀ ਛੁਰੀ ਖੋਹ ਕੇ, ਜਿਸ ਨੂੰ ਖੰਭ ਖਿਲਾਰੇ ਉਕਾਬ ਦੀ ਮੁੱਠ ਲੱਗੀ ਹੋਈ ਸੀ ਪੂਰੀ ਦੀ ਪੂਰੀ ਉਹਦੇ ਸੰਘ ਵਿਚ ਖੋਭ ਦਿੱਤੀ।
ਫੌਜੀ ਤੇ ਸ਼ਹਿਰੀ ਸਾਰੀ ਪੁਲਿਸ, ਜਾਨਦਾਰਮਾਂ ਤੇ ਵਿਸ਼ੇਸ਼ ਐਸ. ਐਸ. ਦੇ ਸਭ ਦਸਤਿਆਂ ਨੇ ਜਿਹੜੇ ਸ਼ਹਿਰ ਵਿਚ ਪੁੱਜੇ ਹੋਏ ਸਨ, ਪੂਰਾ ਇਕ ਮਹੀਨਾ ਇਕ-ਇਕ ਗਲੀ, ਇਕ-ਇਕ ਮਕਾਨ ਛਾਣ ਮਾਰਿਆ, ਅਨੇਕਾਂ ਛਾਪੇ ਮਾਰੇ ਪਰ ਕੁੜੀ ਕਿਤੋਂ ਵੀ ਹੱਥ ਨਾ ਆਈ।ਉਹ ਸਹੀ ਸਲਾਮਤ ਮੁਹਾਜ਼ ’ਤੇ ਚਲੀ ਗਈ ਸੀ।
ਇਕ ਵਾਰ ਆਪਣੇ ਲੋਕਾਂ ਵਿਚ ਆ ਕੇ, ਉਹ ਬੜੀ ਧੀਰਜ ਤੇ ਸਬਰ ਨਾਲ਼ ਇਹ ਹਿਸਾਬ ਲਾਉਣ ਲੱਗੀ ਕਿ ਆਪਣੇ ਦੇਸ਼ ਵਾਸਤੇ ਉਹ ਜਿਹੜਾ ਵੀ ਔਖੇ ਤੋਂ ਔਖਾ ਤੇ ਖ਼ਤਰਨਾਕ ਕੰਮ ਕਰ ਸਕਦੀ ਸੀ ਉਸ ਵਿਚ ਕਿਹੜੀ ਚੀਜ਼ ਉਹਦੀ ਮਦਦਗਾਰ ਹੋ ਸਕਦੀ ਸੀ।
ਵੱਡੇ ਸਾਰੇ ਯੂਕਰੇਨੀ ਸ਼ਹਿਰ ਵਿਚ ਉੱਘੇ ਪ੍ਰੋਫੈਸਰ ਦੀ ਧੀ ਦੀਆਂ ਪੈੜਾਂ ਜਿਸ ਨੇ ਇਕ ਨਵੇਂ ਤਰੱਕੀ ਯਾਫਤਾ ਹਿਟਲਰੀ ਜਨਰਲ ਨੂੰ ਮਾਰ ਦਿੱਤਾ ਸੀ ਮਿੰਟ ਚੁੱਕੀਆਂ ਸਨ। ਥੋੜ੍ਹਾ ਚਿਰ ਬਾਦ ਖਾਰਕੋਵ ਦੇ ਫੌਜੀ ਕਮਾਂਡੈਟ ਨੇ ਐਰਨਾ ਵੈਨਰ ਨਾਂ ਦੀ ਇਕ ਬਹੁਤ ਹੀ ਖੂਬਸੂਰਤ ਦੁਭਾਸ਼ਣ ਰੱਖੀ। ਫਰਾਊਲੈਨ ਵੈਨਰ ਦੇ ਨਸੀਬੇ ਨੇ ਕਮਾਂਡੈਟ, ਬਾਲਟਿਕ ਬੈਰਨਾਂ ਦੇ ਖੀਣ ਹੋ ਗਏ ਵੰਸ਼ ਦੇ ਆਖਰੀ ਵਾਰਸ, ਦੀ ਹਮਦਰਦੀ ਜਗਾਈ ਜਿਸ ਨੂੰ, ਆਪਣੇ ਨਾਜ਼ੀ ਵਿਚਾਰਾਂ ਤੋਂ ਇਲਾਵਾ, ਸੋਵੀਅਤ ਰਾਜ ਦੇ ਖਿਲਾਫ ਆਪਣੀ ਜ਼ਾਤੀ ਕਿੜ ਵੀ ਸੀ। ਐਰਨਾ ਵੈਨਰ ਨੇ ਮੁਖੀ ਨੂੰ ਦੱਸਿਆ ਕਿ ਉਹ ਓਦੇਸਾ ਦੇ ਇਲਾਕੇ ਦੇ ਇਕ ਉੱਘੇ ਜਰਮਨ ਅਬਾਦਕਾਰ ਦੀ ਧੀ ਹੈ। ਇਕ ਵਕਤ ਸੀ ਜਦੋਂ ਉਹਦਾ ਪਿਓ ਬਗੀਚਿਆਂ, ਅੰਗੂਰਵਾੜਿਆਂ ਤੇ ਤਰਬੂਜਾਂ ਦੇ ਖੇਤਾਂ ਦਾ ਮਾਲਕ ਹੁੰਦਾ ਸੀ ਅਤੇ ਗਰਮੀਆਂ ਦੇ ਮੌਸਮ ਵਿਚ ਸੈਂਕੜਿਆਂ ਦੇ ਹਿਸਾਬ ਦਿਹਾੜੀਦਾਰ ਰੱਖਦਾ ਸੀ, , ਵੱਡੇ ਪੈਮਾਨੇ ਉੱਤੇ ਅਨਾਜ ਖਰੀਦਦਾ ਸੀ ਅਤੇ ਨਾਲੇ ਆਟਾ ਪੀਹਣ ਵਾਲੀ ਇਕ ਚੌਕੀ ਦਾ ਮਾਲਕ ਵੀ ਹੁੰਦਾ ਸੀ। ਪਰ ਬੋਲਸ਼ਵਿਕਾਂ ਨੇ ਬੇਕਿਰਕੀ ਨਾਲ ਉਹਦੇ ਕੋਲੋਂ ਇਹ ਸਾਰਾ ਕੁਝ ਖੋਹ ਲਿਆ ਸੀ।ਉਸ ਦਿਨ ਤੋਂ ਉਹ ਬਹੁਤ ਨਿਗੂਣੀ ਜ਼ਿੰਦਗੀ ਗੁਜ਼ਾਰਦਾ ਰਿਹਾ ਸੀ ਪਰ ਤਾਂ ਵੀ ਉਸ ਨੇ ਥੋੜ੍ਹਾ ਬਹੁਤ ਬਚਾ ਕੇ ਸਾਂਭਿਆ ਹੋਇਆ ਸੀ ਅਤੇ ਇਹਨਾਂ ਹੀ ਛੋਟੇ-ਮੋਟੇ ਵਸੀਲਿਆਂ ਨਾਲ ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਸੀ।ਅਖੀਰ ਉਸ ਨੂੰ ਨਵੀਂ ਜਰਮਨੀ ਨਾਲ ਉਸ ਦੀਆਂ ਹਮਦਰਦੀਆਂ ਕਾਰਨ ਗ੍ਰਿਫਤਾਰ ਕਰ ਲਿਆ ਗਿਆ। ਇਕ ਇਮਾਨਦਾਰ ਅਤੇ ਸਾਫਗੋ ਆਦਮੀ ਹੋਣ ਕਰਕੇ ਉਹਨੇ ਆਪਣੀਆਂ ਇਹਨਾਂ ਹਮਦਰਦੀਆਂ ਨੂੰ ਲੁਕਾਇਆ ਨਹੀਂ ਸੀ ਅਤੇ ਨਾ ਹੀ ਲੁਕਾਉਣ ਦੀ ਕੋਈ ਪ੍ਰਵਾਹ ਕੀਤੀ ਸੀ...
ਫਰਾਊਲੈਨ ਐਰਨਾ, ਜਿਸ ਨੇ ਬੋਲਸ਼ਵਿਕਾਂ ਹੱਥੋਂ ਬੜੇ ਤਸੀਹੇ ਝੱਲੇ ਸਨ, ਜਲਦੀ ਹੀ ਇਲਾਕਾ ਹੈੱਡਕੁਆਟਰ ਦੀ ਮੁੱਖ ਦੁਭਾਸ਼ਣ ਬਣ ਗਈ ਅਤੇ ਬਾਦ ਵਿਚ ਗੈਰੀਜ਼ਨ ਕਮਾਂਡਰ ਦੇ ਦਫਤਰ ਭੇਜ ਦਿੱਤੀ ਗਈ।
ਉਸ ਦੇ ਨਵੇਂ ਸਾਹਿਬ, ਐਸ.ਐਸ. ਦੇ ਬਰੀਗਾਡਨ ਫਿਊਰਰ, ਨੇ ਵੀ ਬਦਨਸੀਬ ਫਰਾਊਲੈਨ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ।ਉਸ ਦੀ ਸਰਲ ਨਿਰਦੋਸ਼ ਜਰਮਨ ਜ਼ਬਾਨ, ਪੁਰਾਣੇ ਬਾਵੇਰੀਅਨ ਗੀਤ ਗਾਉਣ ਦੀ ਉਸ ਦੀ ਯੋਗਤਾ, ਜਿਨ੍ਹਾਂ ਵਿਚ ਇਹਨਾਂ ਜਜ਼ਬਾਤੀ ਬੁੱਚੜਾਂ ਦੀ ਡਾਢੀ ਦਿਲਚਸਪੀ ਸੀ, ਪਿਆਨੋ ਵਜਾ ਸਕਣ ਦੀ ਉਸ ਦੀ ਕਾਬਲੀਅਤ ਸਦਕਾ ਉਹਦੇ ਬਹੁਤ ਸਾਰੇ ਪ੍ਰਸੰਸਕ ਹੋ ਗਏ।“ਹਾਂ, ਬਜ਼ੁਰੁਗ ਜੋਹਾਨ ਵੈਨਰ ਨੇ ਇਸ ਮਨਹੂਸ ਦੇਸ਼ ਵਿਚ ਵੀ ਆਪਣੇ ਬੱਚਿਆਂ ਨੂੰ ਬੜੇ ਸ਼ਾਨਦਾਰ ਢੰਗ ਨਾਲ ਲਿਖਾਇਆ ਪੜ੍ਹਾਇਆ !” ਉਹ ਹੈਰਾਨ ਹੋ ਕੇ ਕਹਿੰਦੇ। ਅਤੇ ਜਦੋਂ ਜਰਮਨਾਂ ਦੇ ਬਹੁਤ ਸਾਰੇ ਅਹਿਮ ਦਸਤਾਵੇਜ਼ ਗੁੰਮ ਹੋ ਗਏ, ਜਾਂ ਜਦੋਂ ਉਹਨਾਂ ਨੂੰ ਇਹ ਵੀ ਸਪਸ਼ਟ ਹੋ ਗਿਆ ਕਿ ਸੋਵੀਅਤ ਸਰਕਾਰ ਨੂੰ ਉਹਨਾਂ ਦੀਆਂ ਗੁਪਤ ਯੋਜਨਾਵਾਂ ਬਾਰੇ ਬਹੁਤ ਡੂੰਘੀ ਜਾਣਕਾਰੀ ਹੈ, ਓਦੋਂ ਵੀ ਉਹਨਾਂ ਨੂੰ ਐਰਨਾ ਵੈਨਰ ਉੱਤੇ ਰਾਈ ਭਰ ਵੀ ਸ਼ੱਕ ਨਹੀਂ ਸੀ ਹੋਇਆ।
ਪਰ ਇਸ ਕੁੜੀ ਨੇ ਫਾਸਿਸ਼ਟਾਂ ਦੇ ਉਹਨਾਂ ਭੇਤਾਂ ਦਾ ਕੀ ਮੁੱਲ ਤਾਰਿਆ ਜਿਹੜੇ ਉਸ ਨੇ ਆਪਣੇ ਦੇਸ਼ ਵਾਸਤੇ ਕੱਢੇ ! ਹੁਣ ਉਸ ਨੂੰ ਬੇਹੱਦ ਗੁਪਤ ਜਾਂਚ-ਪੜਤਾਲ ਵੇਲੇ ਹਾਜ਼ਰ ਰਹਿਣਾ ਪੈਂਦਾ ਸੀ, ਸੋਵੀਅਤ ਲੋਕਾਂ ਨੂੰ ਫਾਹੇ ਲਾਉਂਦੇ ਜਰਮਨ ਜਲਾਦਾਂ ਨੂੰ ਵੇਖਣਾ ਪੈਂਦਾ ਸੀ, ਪੀੜ ਨਾਲ਼ ਨਿਕਲਦੀਆਂ ਉਹਨਾਂ ਦੀਆਂ ਆਖਰੀ ਚੀਕਾਂ, ਉਹਨਾਂ ਦੀਆਂ ਲਾਹਨਤਾਂ, ਗਾਲ੍ਹੀਆਂ ਦਾ ਅਨੁਵਾਦ ਕਰਨਾ ਪੈਂਦਾ ਸੀ, ਉਹਨਾਂ ਕੋਲੋਂ ਆਪਣੀ ਨਿਰਾਦਰੀ ਦੇ ਲਫਜ਼ ਸੁਣਨੇ ਪੈਂਦੇ ਸਨ। ਇਸ ਕੰਮ ਵਿਚ ਉਸ ਨੂੰ ਸਿਰਫ਼ ਆਪਣੇ ਦੇਸ਼ ਦਾ ਪਿਆਰ, ਅਥਾਹ ਤੇ ਅਸੀਮ ਪਿਆਰ ਹੀ ਸ਼ਕਤੀ ਦੇਂਦਾ ਸੀ।ਅਤੇ ਰੂਪੋਸ਼ ਲਹਿਰ ਦਾ ਤਾਲਮੇਲ ਰੱਖਣ ਵਾਲੇ ਆਦਮੀ, ਗੰਠੀਏ ਦੀਆਂ ਪੀੜਾਂ ਨਾਲ ਭੰਨੇ ਉਸ ਸੰਗਦਿਲ ਯੋਧੇ ਤੋਂ ਇਲਾਵਾ, ਜਿਹੜਾ ਇਕ ਖੋਲਾ ਹੋ ਗਏ ਮਕਾਨ ਦੇ ਤਹਿਖਾਨੇ ਵਿਚ ਆਪਣੇ ਰੇਡੀਓ ਕੋਲ ਬੈਠਾ ਰਹਿੰਦਾ ਸੀ ਅਤੇ ਓਥੋਂ ਕਦੇ ਬਾਹਰ ਨਹੀਂ ਸੀ ਨਿਕਲਿਆ, ਕਦੇ ਕਿਸੇ ਹੋਰ ਨੇ ਉਹਦਾ ਗਿਲਾ ਸ਼ਿਕਵਾ ਨਹੀਂ ਸੀ ਸੁਣਿਆ। ਸੀਤ ਰਾਤ ਦੇ ਚੰਦ ਵਰਗਾ ਪੀਲਾ, ਹਿਲਜੁਲਣ ਤੋਂ ਆਰੀ, ਇਹ ਆਦਮੀ, ਜਿਸ ਨੂੰ ਧੁੱਪ ਤੇ ਸੱਜਰੀ ਹਵਾ ਵਿਚ ਨਿਕਲਿਆਂ ਸਾਲ ਤੋਂ ਉੱਤੇ ਹੋ ਗਿਆ ਸੀ, ਜਿਥੋਂ ਤੱਕ ਵਾਹ ਚਲਦੀ ਆਪਣੀਆਂ ਕੁਢੱਬੀਆਂ ਫੌਜੀ ਕਹਾਵਤਾਂ ਨਾਲ ਉਹਦਾ ਦਿਲ ਬਹਿਲਾਉਂਦਾ ਅਤੇ ਉਹਦੇ ਸਾਮ੍ਹਣੇ ਇਕ ਮਹਾਨ ਉਦੇਸ਼ ਦੀ ਲਗਨ ਦੀ ਮਿਸ਼ਾਲ ਬਣਿਆ ਹੁੰਦਾ।
“ਬਰਚਾ” ਨੂੰ ਆਖਰੀ ਤੇ ਸਭ ਤੋਂ ਔਖੀ ਅਗਨ-ਪ੍ਰੀਖਿਆ ਵਿਚੋਂ ਖਾਰਕੋਵ ਉੱਤੇ ਕਬਜ਼ਾ ਹੋ ਜਾਣ ਤੋਂ ਕੁਝ ਹਫਤੇ ਪਹਿਲਾਂ ਲੰਘਣਾ ਪਿਆ ਸੀ। ਜਦੋਂ ਅਸੀਂ ਅਗਸਤ ਮਹੀਨੇ ਦੀ ਇਕ ਸੁਹਾਵਣੀ ਸ਼ਾਮ ਚਿੱਟੀ ਝੁੱਗੀ ਦੇ ਬਾਹਰ ਬੈਠੇ ਹੋਏ ਸਾਂ, ਤਦ ਉਹਨੇ ਇਹ ਗੱਲ ਮੈਨੂੰ ਆਪ ਸੁਣਾਈ ਸੀ।
“ਬੇਸ਼ੱਕ, ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੂੰ ਕਿਵੇਂ ਹੱਥਾਂ ਪੈਰਾਂ ਦੀ ਪੈ ਗਈ ਸੀ ਜਦੋਂ ਕੋਨੇਵ ਦੀ ਫੌਜ, ਬੇਲਗੋਰੋਦ ਦੇ ਘੇਰੇ ਨੂੰ ਤੋੜ ਕੇ, ਪੂਰਬ ਵਲੋਂ ਖਾਰਕੋਵ ਵੱਲ ਵੱਧ ਰਹੀ ਸੀ। ਓਏ ਰੱਬਾ ! ਜੋ ਓਥੇ ਹਾਲ ਬਣਿਆ ! ਕੀੜੀਆਂ ਦਾ ਭੌਣ, ਜਿਸ ਵਿਚ ਬਲਦਾ ਮੁਆਤਾ ਦੇ ਦਿੱਤਾ ਗਿਆ ਹੋਵੇ।ਸੈਨਿਕ ਕਿਸੇ ਗਿਣਤੀ ਵਿਚ ਨਹੀਂ — ਇਹ ਤਾਂ ਮਸ਼ੀਨਾਂ ਹੋਈਆਂ ! ਪਰ ਜੇ ਬੰਦਾ ਉਹਨਾਂ ਦੇ ਅਫਸਰਾਂ ਨੂੰ ਵੇਖੋ ! ਸਾਧਾਰਨ ਸਾਊਪੁਣੇ ਨੂੰ ਵੀ ਛਿੱਕੇ ਟੰਗ ਕੇ, ਉਹਨਾਂ ਨੇ ਅੰਨ੍ਹੇਵਾਹ ਚਿੱਤਰ, ਮਿਊਜ਼ੀਅਮ ਦੀਆਂ ਕੀਮਤੀ ਚੀਜ਼ਾਂ, ਐਨਟੀਕ, ਫਰਨੀਚਰ ਬੰਨ੍ਹ ਲਿਆ – ਉਹ ਸਭ ਕੁਝ ਜੋ ਉਹਨਾਂ ਨੇ ਲੁੱਟਿਆ ਤੇ ਚੋਰੀ ਕੀਤਾ ਹੋਇਆ ਸੀ, ਸੈਨਿਕਾਂ ਦੀਆਂ ਨਜ਼ਰਾਂ ਦੇ ਸਾਮ੍ਹਣੇ ਮੁਹਾਜ਼ ਦੇ ਪਿਛਵਾੜੇ ਭੇਜ ਦਿੱਤਾ ਸੀ। ਤੇ ਅਫਵਾਹਾਂ! ਇਹ ਹੈਡਕੁਆਟਰ ਨਹੀਂ ਸੀ, ਸਗੋਂ ਅਫਵਾਹਾਂ ਦੀ ਮੰਡੀ ਸੀ, ਇਕ ਤੋਂ ਇਕ ਵੱਧ, ਇਕ ਤੋਂ ਇਕ ਗੁੰਮਰਾਹ ਕਰਨ ਵਾਲੀ। ਖਾਸ ਕਰਕੇ ਸੋਵੀਅਤ ਹਵਾਈ ਜਹਾਜ਼ ਬਾਰੇ। ਅਫਵਾਹ ਫੈਲਾਈ ਗਈ ਕਿ ਨਵੇਂ ਹਵਾਈ ਜਹਾਜ਼ਾਂ ਦਾ ਇਕ ਬਹੁਤ ਵੱਡਾ ਦਸਤਾ ਦੂਰ ਪੂਰਬ ਤੋਂ ਪਹੁੰਚ ਗਿਆ ਹੈ।ਤਬਾਹਕੁਨ ਨਵੇਂ ਹਥਿਆਰਾਂ ਵਾਲੇ ਨਵੀਂ ਕਿਸਮ ਦੇ ਹਜ਼ਾਰਾਂ ਹਵਾਈ ਜਹਾਜ਼ ਜਿਹੋ ਜਿਹੇ ਪਹਿਲਾਂ ਕਦੇ ਕਿਸੇ ਨਹੀਂ ਵੇਖੇ ਸਨ। ਸਾਰੇ ਅਫਸਰ ਹੇਠਾਂ ਤਹਿਖਾਨੇ ਵਿਚ ਸੌਣ ਜਾਂਦੇ ਹੁੰਦੇ ਸਨ। ਇਹ ਵੇਖ ਕੇ ਤਾਂ ਮੈਂ ਵੀ ਹੈਰਾਨ ਰਹਿ ਗਈ ਕਿ ਔਖ ਦੀ ਘੜੀ ਉਹ ਕੇਡੇ ਕਾਇਰ, ਨਿਗੂਣੇ ਤੇ ਸਹਿਮੇ ਹੋਏ ਲੱਗ ਰਹੇ ਸਨ। ਤੇ ਮੈਂ ਖੁਸ਼ ਸਾਂ। ਜਦੋਂ ਸਵੇਰੇ ਮੈਂ ਕੰਮ ਉੱਤੇ ਗਈ ਤਾਂ ਮੈਂ ਆਪਣੇ ਮੁਖੀ ਨੂੰ ਬੜੀ ਰੋਣਹਾਕੀ ਜਿਹੀ ਅਵਾਜ਼ ਵਿਚ ਆਖਿਆ: “ਕਿਉਂ ਸਾਹਿਬ ਅਸੀਂ ਹੁਣ ਸਾਰੇ ਮਾਰੇ ਜਾਵਾਂਗੇ ? ਮੈਨੂੰ ਤਾਂ ਉਹ ਮਾਰ ਹੀ ਦੇਣਗੇ ...” ਮੈਂ ਵੇਖਿਆ ਕਿ ਉਹਦਾ ਰੰਗ ਫੱਕ ਹੋ ਗਿਆ ਸੀ। ਪਰ ਤਾਂ ਵੀ ਉਹਨੇ ਗਰਮੀ ਖਾ ਕੇ ਆਖਿਆ: “ਕੀ ਕਹਿੰਦੇ ਓ, ਫਰਾਊਲੈਨ, ਜਰਮਨੀ ਵਿਚ ਹਾਲੇ ਤਾਕਤ ਹੈ। ਸ਼ਾਇਦ, ਬਹੁਤ ਤਾਕਤ ਹੈ। ਲਹੂ ਉੱਛਲ-ਉੱਛਲ ਪੈਂਦਾ ਹੈ।” ਉਸ ਨੇ ਮੈਨੂੰ ਇਹ ਯਕੀਨ ਦਵਾ ਕੇ ਗੱਲ ਮੁਕਾਈ ਕਿ ਭਾਵੇਂ ਕੁਝ ਵੀ ਹੋ ਜਾਏ ਮੈਂ ਹਮੇਸ਼ਾ ਹੀ ਉਹਦੀ ਕਾਰ ਵਿਚ ਉਹਦੇ ਨਾਲ ਜਾ ਸਕਾਂਗੀ।
“ਇਕ ਰਾਤ ਮੈਨੂੰ ਜਗਾਇਆ ਗਿਆ ਤੇ ਉਹਦੇ ਕਮਰੇ ਵਿਚ ਜਾਣ ਲਈ ਆਖਿਆ ਗਿਆ।ਉਹਦੇ ਅੰਦਰ ਕੋਈ ਹਲਚਲ ਮੱਚੀ ਹੋਈ ਸੀ ਤੇ ਉਹਦੀਆਂ ਅੱਖਾਂ ਵਿਚ ਚਮਕ ਸੀ। ਉਸ ਨੇ ਮੈਨੂੰ ਆਖਿਆ: ਇਕ ਬੜੀ ਅਹਿਮ ਪੁੱਛ-ਪੜਤਾਲ ਹੋਣ ਵਾਲੀ ਹੈ ਜਿਸ ਉੱਤੇ ਉਹਦਾ ਸਾਰਾ ਭਵਿੱਖ ਨਿਰਭਰ ਸੀ। ਉਫ, ਜੇ ਤੁਹਾਨੂੰ ਇਹ ਪਤਾ ਹੋਵੇ ਕਿ ਆਪਣੀ ਪਦਵੀ ਦੀ ਲਾਲਸਾ ਉਹਨਾਂ ਨੂੰ ਕਿਵੇਂ ਤੜਫਾਉਂਦੀ ਸੀ। ਖੈਰ, ਜਦੋਂ ਮੈਂ ਸੁਣਿਆ ਤਾਂ ਮੇਰਾ ਜਿਵੇਂ ਸਰੀਰ ਠੰਡਾ ਹੋ ਗਿਆ ਹੋਵੇ।ਕਿਸ ਨੂੰ ਫੜ ਕੇ ਲਿਆਏ ਨੇ ? ਮੈਨੂੰ ਪਤਾ ਸੀ ਕਿ ਖਾਰਕੋਵ ਦੇ ਰੂਪੋਸ਼, ਜਿਹੜੇ ਜਰਮਨਾਂ ਨੂੰ ਇਕ ਪਲ ਵੀ ਚੈਨ ਨਾਲ ਨਹੀਂ ਸੀ ਬਹਿਣ ਦੇਂਦੇ, ਖਾਸ ਕਰਕੇ ਸਰਗਰਮ ਹੋ ਗਏ ਸਨ ਅਤੇ ਮੈਨੂੰ ਹਮੇਸ਼ਾ ਇਹ ਡਰ ਰਹਿੰਦਾ ਸੀ ਕਿ ਉਹਨਾਂ ਵਿਚੋਂ ਕੋਈ ਫੜਿਆ ਨਾ ਜਾਏ ! ਮੇਰਾ ਮੁਖੀ ਦਫ਼ਤਰ ਵਿਚ ਅੱਗੇ-ਪਿੱਛੇ ਟਹਿਲ ਰਿਹਾ ਸੀ। ਖਾਸ ਤਿਆਰੀਆਂ ਕੀਤੀਆਂ ਗਈਆਂ ਸਨ: ਮੇਜ਼ ਲਾਇਆ ਗਿਆ ਸੀ ਜਿਸ ਉੱਤੇ ਵਾਈਨ, ਫਲ ਅਤੇ ਮਠਿਆਈਆਂ ਰੱਖੀਆਂ ਹੋਈਆਂ ਸਨ। ਇਹਨਾਂ ਚੀਜ਼ਾਂ ਨੂੰ ਵੇਖ ਕੇ ਮੇਰੀ ਹਾਲਤ ਪਹਿਲਾਂ ਨਾਲੋਂ ਵੀ ਬਹੁਤੀ ਤਰਸਯੋਗ ਹੋ ਗਈ।ਕਿਸ ਵਾਸਤੇ ਹੈ ਇਹ ? ਕਿਸ ਵਾਸਤੇ ? ਇਹਨਾਂ ਸਾਰੀਆਂ ਉਚੇਚੀਆਂ ਤਿਆਰੀਆਂ ਦਾ ਮਤਲਬ ਕੀ ਹੈ ?
“ਆਰਮੀ ਵਿਚੋਂ ਕੋਈ ਵੱਡਾ ਅਫਸਰ ਆਉਣ ਵਾਲਾ ਹੈ ?? ਮੈਂ ਸਰਸਰੀ ਜਿਹੇ ਢੰਗ ਨਾਲ਼ ਪੁੱਛਿਆ ਅਤੇ ਨੁੱਕਰ ਵਿਚ ਆਪਣੀ ਥਾਂ ’ਤੇ ਬਹਿ ਗਈ ਜਿਥੇ ਪੁੱਛ-ਪੜਤਾਲ ਦੌਰਾਨ ਮੈਂ ਆਮ ਤੌਰ 'ਤੇ ਬਹਿੰਦੀ ਹੁੰਦੀ ਸੀ।
“ਬਕਵਾਸ ! ਮੈਂ ਆਰਮੀ ਦੇ ਇਹਨਾਂ ਅਫਸਰਾਂ ਲਈ ਏਨਾ ਖਰਚ ਕਰਨ ਵਾਲਾ ਹਾਂ ?" ਮੁਖੀ ਨੇ ਮੋੜਵਾਂ ਜਵਾਬ ਦਿੱਤਾ। ‘ਇਹ ਕਿਸੇ ਬਹੁਤ ਹੀ ਅਹਿਮ ਬੰਦੇ ਵਾਸਤੇ, ਬਹੁਤ ਹੀ ਦਿਲਚਸਪ ਬੰਦੇ ਵਾਸਤੇ ਹੈ। ਅੱਜ ਸਾਡੇ ਹੱਥ ਇਕ ਬਹੁਤ ਵੱਡੀ ਸ਼ੈ ਆ ਗਈ ਹੈ। ਹੁਣ ਘਿਣਾਉਣਾ ਤੌਖ਼ਲਾ ਖ਼ਤਮ ਹੋ ਜਾਏਗਾ। ਸਾਨੂੰ ਪਤਾ ਲੱਗ ਜਾਏਗਾ ਕਿ ਸਾਡੇ ਵਾਸਤੇ ਇਹ ਲੋਕ ਕੀ ਖਿਚੜੀ ਪਕਾ ਰਹੇ ਹਨ।ਤੇ ਹੋ ਸਕਦਾ ਹੈ, ਇਹਦੇ ਨਾਲ ਉਹਨਾਂ ਦੀ ਖੇਡ ਹੀ ਖਤਮ ਹੋ ਜਾਏ।'
“ਮੈਂ ਇਸ ਨਤੀਜੇ ਉੱਤੇ ਪਹੁੰਚੀ ਕਿ ਜ਼ਰੂਰ ਕੋਈ ਅਹਿਮ ਸੋਵੀਅਤ ਅਫ਼ਸਰ ਫੜਿਆ ਗਿਆ ਹੋਵੇਗਾਙ ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮੈਂ ਵੇਖਿਆ ਕਿ ਮੇਜ਼ ਉੱਤੇ ਮੁਖੀ ਦੀ ਥਾਂ ਉਹਦਾ ਸਹਾਇਕ, ਮੇਜਰ ਬਹਿ ਗਿਆ ਸੀ। ਫੇਰ ਫੌਜੀ ਪਹਿਰੇ ਹੇਠ ਇਕ ਸਟ੍ਰੈਚਰ ਅੰਦਰ ਲਿਆਂਦਾ ਗਿਆ ਅਤੇ ਮੇਜ਼ ਦੇ ਕੋਲ ਟਿਕਾ ਦਿੱਤਾ ਗਿਆ। ਛੋਟੀਆਂ ਮਸ਼ੀਨਗੰਨਾਂ ਵਾਲੇ ਸੈਨਿਕ ਦਰਵਾਜ਼ੇ ਅੱਗੇ ਖੜੇ ਹੋਣ ਲੱਗੇ ਸਨ ਪਰ ਮੇਜਰ ਨੇ ਇਸ਼ਾਰੇ ਨਾਲ ਉਹਨਾਂ ਨੂੰ ਚਲੇ ਜਾਣ ਦਾ ਹੁਕਮ ਦਿੱਤਾ। ਸਟ੍ਰੈਚਰ ਉੱਤੇ ਪਿਆ ਆਦਮੀ ਮੈਨੂੰ ਨਜ਼ਰ ਨਹੀਂ ਸੀ ਆਉਂਦਾ। ਇੰਚਰ ਨੂੰ ਮੁਖੀ ਨੇ ਆਪਣੇ ਬੁੱਲ੍ਹਾਂ ਤੇ ਅਤਿਅੰਤ ਮਿਹਰਬਾਨ ਮੁਸਕਾਨ ਲਿਆਂਦੀ ਤੇ ਮੈਨੂੰ ਆਖਿਆ ਕਿ ਮੈਂ ਸਾਡੇ ਰੂਸੀ ‘ਮਹਿਮਾਨ’ ਨੂੰ ਆਖਾਂ ਕਿ ਉਹ ਵੀ ਇਕ ਪਾਇਲਟ ਹੈ ਤੇ ਉਹਨੂੰ ਆਪਣੇ ਦੂਲੇ ਸਹਿ-ਕਰਮੀ ਦਾ ਸਵਾਗਤ ਕਰਨ ਦੀ ਖੁਸ਼ੀ ਹੋ ਰਹੀ ਹੈ ਜਿਹੜਾ, ਉਸ ਦੇ ਤਮਗਿਆਂ ਤੋਂ ਅੰਦਾਜ਼ਾ ਲਾਇਆ, ਜ਼ਰੂਰ ਪ੍ਰਸਿੱਧ ਰੂਸੀ ਪਾਇਲਟ ਹੋਵੇਗਾ। ਜਦੋਂ ਉਹ ਚਾਹੁੰਦਾ ਹੋਵੇ, ਇਸ ਮੇਜਰ ਨੂੰ ਮਿਠਬੋਲੜਾ, ਸਿੱਧਾ-ਸਾਦਾ ਤੇ ਸਰਲ ਬਣਨਾ ਬਹੁਤ ਚੰਗੀ ਤਰ੍ਹਾਂ ਆਉਂਦਾ ਸੀ, ਭਾਵੇਂ ਉਹਦੇ ਜਿੰਨਾ ਘਿਣਾਉਣਾ ਬੰਦਾ ਮੈਂ ਪਹਿਲਾਂ ਕਦੇ ਨਹੀਂ ਸੀ ਵੇਖਿਆ। ਤੇ ਮੈਂ ਤੁਹਾਨੂੰ ਦੱਸਾਂ ਕਿ ਮੈਂ ਬੜਾ ਕੁਝ ਵੇਖਿਆ ਹੋਇਆ ਸੀ!”
“ਫੇਰ ਮੈਂ ਸਟ੍ਰੈਚਰ ਉੱਤੇ ਪਏ ਆਦਮੀ ਨੂੰ ਚੰਗੀ ਤਰ੍ਹਾਂ ਵੇਖਿਆ: ਉਹ ਜਵਾਨ ਸੀ, ਬਹੁਤ ਜਵਾਨ ਤੇ ਉਹਨੇ ਵੀ ਫਿੱਕੇ ਜਿਹੇ ਰੰਗ ਦੀ ਕਮੀਜ਼ ਪਾਈ ਹੋਈ ਸੀ, ਜਿਸ ਤਰ੍ਹਾਂ ਦੀ ਤੁਹਾਡੀ ਹੈ, ਜਿਸ ਉੱਤੇ ਫੌਜ ਦੇ ਲਾਲ ਝੰਡੇ ਦੇ ਤਿੰਨ ਆਰਡਰ ਤੇ ਕੁਝ ਹੋਰ ਤਮਗੇ ਲੱਗੇ ਹੋਏ ਸਨ।ਉਹਦੇ ਮੋਢਿਆਂ ਦੀਆਂ ਫੀਤੀਆਂ ਹਵਾਈ ਸੈਨਾ ਦੇ ਸਿਨੀਅਰ ਲੈਫਟੀਨੈਂਟ ਦੀਆਂ ਸਨ। ਅਤੇ ਉਹਦੀ ਤੱਕਣੀ... ਮਾਫ਼ ਕਰਨਾ... ਇਕ ਮਿੰਟ...”
ਉਹਦਾ ਰੰਗ ਬਗਾ ਪੂਣੀ ਹੋ ਗਿਆ, ਉਸ ਮਕਾਨ ਦੀ ਕੰਧ ਨਾਲੋਂ ਵੀ ਚਿੱਟਾ ਜਿਸ ਦੇ ਕੋਲ੍ਹ ਅਸੀਂ ਬੈਠੇ ਹੋਏ ਸਾਂ।ਉਹਨੂੰ ਸਾਹ ਲੈਣਾ ਔਖਾ ਹੋ ਗਿਆ ਸੀ। ਉਹ ਆਪਣੇ ਬੁੱਲ੍ਹ ਟੁੱਕ ਰਹੀ ਸੀ ਜਿਵੇਂ ਕਿਸੇ ਭਾਰੀ ਸਰੀਰਕ ਪੀੜ ਨਾਲ ਜੂਝ ਰਹੀ ਹੋਵੇ। ਫੇਰ ਉਸ ਨੇ ਆਪਣਾ ਸਿਰ ਛੰਡਿਆ ਤੇ ਸਪਸ਼ਟ ਕੀਤਾ:
“ਓਹੀ ਨਸਾਂ ਦਾ ਰੋਗ... ਉਹਦੀਆਂ ਲੱਤਾਂ ਉੱਤੇ ਪਲੱਸਤਰ ਲੱਗਾ ਹੋਇਆ ਸੀ, ਸਿਰ ਉੱਤੇ ਪੱਟੀਆਂ ਬੱਝੀਆਂ ਹੋਈਆਂ ਸਨ ਤੇ ਉਸ ਨੇ ਆਪਣੀਆਂ ਵੱਡੀਆਂ-ਵੱਡੀਆਂ ਸਲੇਟੀ ਅੱਖਾਂ ਨਾਲ ਮੇਰੇ ਵੱਲ ਸ਼ੱਕੀ ਨਜ਼ਰ ਵੇਖਿਆ।ਅੱਖਾਂ ਵਿਚ ਕੇਡੀ ਪੀੜ ਸੀ, ਕੇਡੀ ਨਿਝਕਤਾ ਸੀ।
“ਫਰਾਊਲੈਨ, ਮਿਹਰਬਾਨੀ ਕਰ ਕੇ ਇਹਨਾਂ ਨੂੰ ਇਹ ਆਖੋ ਕਿ ਨਿਹੱਥਾ ਦੁਸ਼ਮਣ ਸਾਡੇ ਵਾਸਤੇ ਦੁਸ਼ਮਣ ਨਹੀਂ ਰਹਿੰਦਾ, ਅਤੇ ਨਵਾਂ ਜਰਮਨੀ ਦਲੇਰੀ ਤੇ ਸੈਨਿਕ ਦੀ ਅਣਖ ਨੂੰ ਕੌਮਾਂਤਰੀ ਸਮਝਦਾ ਹੈ, ਅਤੇ ਇਹ ਵੀ ਅਨੁਵਾਦ ਕਰ ਕੇ ਆਖੋ ਕਿ ਗੈਰੀਜ਼ਨ ਦੇ ਮੁਖੀ ਦੀ ਸੱਜੀ ਬਾਂਹ ... ਤੇ ...ਤੇ... ਆਪ ਇਕ ਪਾਇਲਟ ਹੋਣ ਦੇ ਨਾਤੇ ਮੈਨੂੰ ਇਹਦੇ ਨਾਲ ਵਾਈਨ ਦਾ ਗਲਾਸ ਪੀ ਕੇ ਬੜੀ ਖੁਸ਼ੀ ਹੋਵੇਗੀ ...ਤੇ...ਤੇ..., ਨਹੀਂ, ਇਹ ਸ਼ਾਇਦ ਰੂਸੀ ਅੰਦਾਜ਼ ਨਹੀਂ ਹੋਵੇਗਾ..ਵਧੀਆ ਵਾਈਨ ਦਾ ਗਲਾਸ।'
“ਜਿਸ ਵੇਲੇ ਮੈਂ ਇਹ ਅਨੁਵਾਦ ਕਰ ਰਹੀਂ ਸਾਂ, ਪਾਇਲਟ ਦੀਆਂ ਸਲੇਟੀ ਅੱਖਾਂ ਮੇਰੇ ਚਿਹਰੇ ਨੂੰ ਨਿਹਾਰ ਰਹੀਆਂ ਸਨ। ਅਤੇ ਇਹਨਾਂ ਵਿਚ ਐਸੀ ਨਫ਼ਰਤ ਸੀ, ਨਹੀਂ, ਨਫ਼ਰਤ ਨਹੀਂ, ਸਗੋਂ ਐਸੀ ਘਿਣ ਤੇ ਗਿਲਾਣੀ ਸੀ, ਕਿ ਮੇਰੀਆਂ ਅੱਖਾਂ ਵਿਚ ਆਪਮੁਹਾਰੇ ਹੀ ਅੱਥਰੂ ਆ ਗਏ।
“ 'ਇਹਨੂੰ ਆਖੋ, ਕਿ ਮੈਨੂੰ ਬੁੱਧੂ ਬਣਾਉਣਾ ਛੱਡੇ। ਭਾਵੇਂ ਕੁਝ ਹੋ ਜਾਏ ਮੈਂ ਇਹਨੂੰ ਕੁਝ ਨਹੀਂ ਦੱਸਣਾ, ਤੇ ਮੈਨੂੰ ਇਹਦੀ ਵਾਈਨ ਦੀ ਨਹੀਂ ਲੋੜ। ਪਰ ਮੈਂ ਸਿਗਰਟ ਲੈ ਸਕਦਾ ਆਂ ।'
“ਮੇਜਰ ਦਾ ਚਿਹਰਾ ਚਮਕ ਪਿਆ, ਉਹ ਆਪਣੀ ਥਾਂ ਤੋਂ ਉਛਲਿਆ ਤੇ ਸਿਗਰਟਾਂ ਵਾਲੀ ਡੱਬੀ ਉਹਦੇ ਵੱਲ ਕੀਤੀ। ਪਾਇਲਟ ਇਕ ਅਰਕ ਦੇ ਭਾਰ ਉੱਚਾ ਹੋਇਆ, ਇਕ ਸਿਗਰਟ ਲਿਆ, ਤੇ ਹਾਬੜਿਆਂ ਵਾਂਗ ਕਸ਼ ਲਾਉਣ ਲੱਗਾ। ਉਹ ਦੋਵੇਂ ਖਾਮੋਸ਼ ਸਨ। ਸਿਗਰਟਾਂ ਦੇ ਤਮਾਕੂ ਦੀ ਹਲਕੀ-ਹਲਕੀ ਤਿੜ-ਤਿੜ ਸੁਣਾਈ ਦੇਂਦੀ ਸੀ। ਕੁਝ ਚਿਰ ਬਾਅਦ ਮੇਜਰ ਖੜਾ ਹੋਇਆ, ਚੁਸਤੀ ਨਾਲ ਅੱਡੀ ਨਾਲ ਅੱਡੀ ਮਾਰੀ, ਆਪਣੀ ਜਾਣ-ਪਛਾਣ ਕਰਾਈ, ਅਤੇ ਸਾਊਆਂ ਵਾਲੇ ਅੰਦਾਜ਼ ਨਾਲ ਆਖਿਆ ਕਿ ਉਸ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਉਹ ਇਸ ਵੇਲੇ ਕਿਸ ਨਾਲ ਮਿਲਣ ਦੀ ਖੁਸ਼ੀ ਲੈ ਰਿਹਾ ਹੈ।
"‘ਪੁਰਾਣੇ ਹੱਥ-ਕੰਡੇ, ਇਹਨੂੰ ਇਹ ਕਹਿ ਦੇ ਕਿ ਭਾਵੇਂ ਕੁਝ ਹੋ ਜਾਏ ਮੈਂ ਕੁਝ ਨਹੀਂ ਦੱਸਣਾ, ਜਿੰਨੀ ਮਰਜ਼ੀ ਏ ਵਾਹ ਲਾ ਲੈਣ,' ਮੇਜਰ ਵੱਲ ਪਿੱਠ ਮੋੜ ਕੇ, ਪਾਇਲਟ ਨੇ ਜਵਾਬ ਦਿੱਤਾ।”
“ਤੇ ਮੇਜਰ ਨੇ ਬੜੀ ਵਾਹ ਲਾਈ ਕਿ ਉਹ ਕੁਝ ਬੋਲੇ, ਪਰ ਉਹ ਇਕ ਲਫਜ਼ ਵੀ ਮੂੰਹ ਵਿਚੋਂ ਕੱਢਿਆਂ ਬਗ਼ੈਰ ਕੰਧ ਵੱਲ ਮੂੰਹ ਕਰਕੇ ਪਿਆ ਰਿਹਾ। ਮੈਂ ਵੇਖ ਰਹੀ ਸਾਂ ਕਿ ਜਰਮਨ ਪ੍ਰੇਸ਼ਾਨ ਹੁੰਦਾ ਜਾਂਦਾ ਸੀ, ਉਹ ਆਪਣੇ ਬੁੱਲ੍ਹ ਟੁੱਕ ਰਿਹਾ ਸੀ ਤੇ ਉਹਦੇ ਚਿਹਰੇ ਦੇ ਪੱਠੇ ਫਰਕ ਰਹੇ ਸਨ। ਮੈਂ ਡਰਦੀ ਸਾਂ ਕਿ ਉਹ ਅਚਾਨਕ ਹੀ ਆਪਣੀ ਆਈ ’ਤੇ ਆ ਜਾਏਗਾ ਤੇ ਫੇਰ ... ਮੈਂ ਚੰਗੀ ਤਰ੍ਹਾਂ ਜਾਣਦੀ ਸਾਂ ਕਿ ਇਹ ਬੰਦਾ ਕੀ ਕਰ ਗੁਜ਼ਰੇਗਾ ! ਪਰ ਅੱਜ ਉਹਨਾਂ ਨੂੰ ਸਾਡੇ ਹਵਾਈ ਜਹਾਜ਼ਾਂ ਬਾਰੇ ਜਾਣਕਾਰੀ ਦੀ ਬੁਰੀ ਤਰ੍ਹਾਂ ਲੋੜ ਹੋਵੇਗੀ, ਕਿਉਂਕਿ ਉਹਨੇ ਆਪਣੀਆਂ ਵਾਗਾਂ ਢਿੱਲੀਆਂ ਨਹੀਂ ਹੋਣ ਦਿੱਤੀਆਂ ਸਨ ਤੇ ਹੁਕਮ ਦਿੱਤਾ ਕਿ ਕੈਦੀ ਨੂੰ ਲੈ ਜਾਓ, ਸਗੋਂ ਉਸ ਨੂੰ “ਸ਼ੁਭ ਰਾਤ” ਵੀ ਆਖਿਆ। ਪਰ ਉਹਦੇ ਜਾਣ ਮਗਰੋਂ ਬੂਹਾ ਬੰਦ ਹੋਣ ਦੀ ਦੇਰ ਸੀ, ਕਿ ਉਹ ਜਿਉਂ ਲੱਗਾ ਗੰਦੀਆਂ ਗਾਲ੍ਹਾਂ ਕੱਢਣ, ਤੋਬਾ। ਉਹਨੇ ਬਰਾਂਡੀ ਦਾ ਇਕ ਗਲਾਸ ਚੜ੍ਹਾਇਆ ਤੇ ਦੀਵਾਨ ਉੱਤੇ ਢਹਿ ਪਿਆ।ਉਹ ਬਿਲਕੁਲ ਥੱਕ ਹਾਰ ਗਿਆ ਜਾਪਦਾ ਸੀ ਤੇ ਅੱਖਾਂ ਜਿਵੇਂ ਬੇਨੂਰ ਹੋਣ। ਮੁਖੀ ਅੰਦਰ ਆਇਆ, ਮੈਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ ਤੇ ਘਰ ਪਹੁੰਚਾ ਦਿੱਤਾ ਗਿਆ।”
“ਉਸ ਰਾਤ ਇਕ ਪਲ ਵੀ ਮੇਰੀ ਅੱਖ ਨਹੀਂ ਲੱਗੀ, ਭਾਵੇਂ ਮੈਂ ਆਪਣੇ-ਆਪ ਨੂੰ ਬਿਲਕੁਲ ਥੱਕੀ ਹਾਰੀ ਮਹਿਸੂਸ ਕਰ ਰਹੀ ਸਾਂ। ਉਹ ਪਾਇਲਟ – ਮੈਨੂੰ ਆਪਣੇ ਚਿਹਰੇ ਉੱਤੇ ਟਿਕੀਆਂ ਉਹਦੀਆਂ ਨਜ਼ਰਾਂ ਵਿਖਾਈ ਦੇਂਦੀਆਂ ਰਹੀਆਂ, ਤੇ ਮੇਰੇ ਕੰਨਾਂ ਵਿਚ ਉਹਦੀ ਜਵਾਨ ਅਵਾਜ਼ ਵਿਚ ਆਖੇ ਦ੍ਰਿੜ੍ਹ ਬੋਲ ਗੂੰਜਦੇ ਰਹੇ। ਅਗਲੇ ਦਿਨ ਸਵੇਰੇ ਮੈਂ ਤਿਆਰ ਹੋ ਰਹੀ ਸਾਂ ਕਿ ਜਾ ਕੇ ਆਪਣੇ ਲੋਕਾਂ ਨੂੰ ਦੱਸਾਂ ਤੇ ਖ਼ਬਰਦਾਰ ਕਰਾਂ ਕਿ ਸਾਡੇ ਸ਼ਹਿਰ ਉੱਤੇ ਉੱਡਦਾ ਇਕ ਮੋਹਰੀ ਸੋਵੀਅਤ ਪਾਇਲਟ ਡੇਗ ਲਿਆ ਗਿਆ ਹੈ ਅਤੇ ਕੈਦੀ ਬਣਾ ਲਿਆ ਗਿਆ ਹੈ, ਕਿ ਇਕ ਕਾਰ ਮੇਰੇ ਬੂਹੇ ਅੱਗੇ ਆ ਰੁਕੀ।ਕਾਰ ਵਿਚ ਮੇਜਰ ਆਪ ਸੀ। ‘ਹੁਕਮ ਇਹ ਹੈ ਕਿ ਅਸੀਂ ਇਸ ਬੰਦੇ ਦੇ ਅੰਦਰੋਂ ਸੋਵੀਅਤ ਹਵਾਈ ਜਹਾਜ਼ ਬਾਰੇ ਜੋ ਜਾਣਕਾਰੀ ਵੀ ਕੱਢ ਸਕਦੇ ਹਾਂ ਕੱਢੀਏ। ਇਹ ਸੂਚਨਾ ਮਿਲੀ ਹੈ ਕਿ ਇਹ ਉਹਨਾਂ ਨਵੇਂ ਹਵਾਈ ਜਹਾਜ਼ਾਂ ਦੇ ਪਾਇਲਟਾਂ ਵਿਚੋਂ ਹੈ ਜਿਹੜੇ ਹੁਣੇ ਹੀ ਉੱਡ ਕੇ ਏਥੇ ਆਏ ਹਨ। ਫਰਾਊਲੈਨ ਐਰਨਾ, ਤੁਹਾਨੂੰ ਇਸ ਕੰਬਖਤ ਬੋਲਸ਼ਵਿਕ ਨਾਲ ਗੱਲ ਕਰਨੀ ਪਵੇਗੀ।ਉਸ ਨੂੰ ਜੋ ਮਰਜ਼ੀ ਹੈ ਆਖੋ, ਪਰ ਉਹਦੇ ਅੰਦਰੋਂ ਜੋ ਵੱਧ ਤੋਂ ਵੱਧ ਕੱਢ ਸਕਦੇ ਹੋ ਕੱਢੋ। ਤੁਹਾਨੂੰ ਏਨੇ ਪੈਸੇ ਮਿਲਣਗੇ ਜਿਹੜੇ ਤੁਹਾਡੇ ਕੋਲੋਂ ਸੰਭਾਲੇ ਨਾ ਜਾਣ। ਤੁਹਾਨੂੰ “ਲੋਹ ਸਲੀਬ” ਤਮਗ਼ਾ ਵੀ ਭੇਂਟ ਕੀਤਾ ਜਾਏਗਾ।"
“ਮੈਂ ਇਸ ਬੇਰਹਿਮ ਤੇ ਨਿਰਦਈ ਲੋਭੀ ਤੇ ਜੱਲਾਦ ਨੂੰ ਅਜਿਹੀ ਹਾਲਤ ਵਿਚ ਪਹਿਲਾਂ ਕਦੇ ਨਹੀਂ ਸੀ ਵੇਖਿਆ। ਉਹਦੇ ਅੰਦਰ ਏਨੀ ਹਲਚਲ ਮੱਚੀ ਹੋਈ ਸੀ ਕਿ ਉਹ ਇਹ ਵੀ ਬੋਲ ਗਿਆ ਕਿ ਉਹਨਾਂ ਦੀ ਹਵਾਈ ਸੈਨਾ ਦਾ ਜਨਰਲ ਜਿਸ ਨੂੰ ਹਰ ਹਾਲਤ ਵਿਚ ਇਹ ਜਾਣਕਾਰੀ ਚਾਹੀਦੀ ਹੈ ਹੈਡਕੁਆਟਰ ਤੋਂ ਖਾਰਕੋਵ ਉੱਡ ਗਿਆ ਸੀ। ਮੇਰੇ ਅੱਗੇ ਕੋਈ ਹੋਰ ਰਸਤਾ ਨਹੀਂ ਸੀ। ਪਾਇਲਟ ਨੂੰ ਇਕੱਲਿਆਂ ਮਿਲਣ ਦਾ ਫਾਇਦਾ ਵੀ ਹੋ ਸਕਦਾ ਸੀ। ਮੈਂ ਉਸ ਨੂੰ ਖ਼ਬਰਦਾਰ ਕਰ ਸਕਦੀ ਸਾਂ। ਪਰ ਜਦੋਂ ਮੈਨੂੰ ਉਹਦੀਆਂ ਅੱਖਾਂ ਦੀ ਤੱਕਣੀ ਦਾ ਚੇਤਾ ਆਉਂਦਾ ਤਾਂ ਮੈਨੂੰ ਵੀ, ਜਿਹੜੀ ਮੌਤ ਨਾਲ ਮੱਥਾ ਡਾਹੁਣ ਗਿੱਝੀ ਹੋਈ ਸਾਂ, ਉਹਦੀ ਕੋਠੜੀ ਵਿਚ ਜਾਣ ਤੋਂ ਖ਼ੌਫ ਆਉਂਦਾ ਸੀ, ਸੱਚਮੁੱਚ ਖ਼ੌਫ ਆਉਂਦਾ ਸੀ। ਤੁਸੀਂ ਸਮਝ ਸਕਦੇ ਹੋ ਕਿ ਉਹ ਮੇਰੇ ਬਾਰੇ ਕੀ ਸੋਚ ਸਕਦਾ ਸੀ !”
“ਤਾਂ ਵੀ ਮੈਂ ਆਪਣੇ-ਆਪ ਨੂੰ ਕਾਬੂ ਵਿਚ ਰੱਖਿਆ, ਤੇ ਜਦੋਂ ਮੇਰੇ ਅੰਦਰ ਪੈਰ ਰੱਖਣ ਮਗਰੋਂ ਦਰਵਾਜ਼ਾ ਬੰਦ ਹੋ ਗਿਆ ਤਾਂ ਮੈਂ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਕੋਲ ਗਈ।ਉਹ ਪਹਿਲਾਂ ਨਾਲੋਂ ਬਹੁਤਾ ਲਿੱਸਾ ਲਗਦਾ ਸੀ ਤੇ ਉਸ ਦਾ ਚਿਹਰਾ ਬੀਤੇ ਦਿਨ ਨਾਲੋਂ ਵਧੇਰੇ ਅੰਦਰ ਨੂੰ ਵੜਿਆ ਹੋਇਆ ਸੀ।ਉਹਦੀਆਂ ਅੱਖਾਂ ਟੱਡੀਆਂ ਹੋਈਆਂ ਸਨ ਤੇ ਜਦੋਂ ਉਹਨੇ ਮੇਰੇ ਵੱਲ ਵੇਖਿਆ ਉਹਨਾਂ ਵਿਚ ਪਹਿਲਾਂ ਵਾਲੀ ਘਿਣ ਸੀ। ਮੈਨੂੰ ਲੱਗਾ ਕਿ ਜਦੋਂ ਮੈਂ ਉਹਦੇ ਨੇੜੇ ਗਈ ਤਾਂ ਉਹਨੂੰ ਇਕ ਝੁਣਝੁਣੀ ਜਿਹੀ ਆ ਗਈ ਸੀ।"
"‘ਕੀ ਹਾਲ ਹੈ ਤੁਹਾਡਾ ? ਡਾਕਟਰ ਵੇਖਣ ਆਇਆ ਸੀ ?' ਮੈਂ ਕਿਸੇ ਨਾ ਕਿਸੇ ਤਰ੍ਹਾਂ ਗੱਲਬਾਤ ਸ਼ੁਰੂ ਕਰਨ ਦੀ ਖਾਤਿਰ ਹੀ ਪੁੱਛਿਆ।”
“ 'ਉਹਨਾਂ ਨੂੰ ਮੇਰੇ ਕੋਲੋਂ ਕੁਝ ਲੱਭਾ ਨਹੀਂ, ਸੋ ਹੁਣ ਉਹਨਾਂ ਨੇ ਆਪਣੀ ਅਲਸੈਸ਼ਨ ਕੁੱਤੀ ਮੇਰੇ ਉੱਤੇ ਛੱਡ ਦਿੱਤੀ ਏ,' ਉਹਨੇ ਟਕੋਰ ਕੀਤੀ।”
“ਮੇਰਾ ਰੰਗ ਲਾਲ ਹੋ ਗਿਆ।ਮੈਥੋਂ ਆਪਣੇ ਅੱਥਰੂ ਨਾ ਰੋਕੇ ਗਏ ਤੇ ਉਹਨੇ ਜ਼ਰੂਰ ਮੇਰੀਆਂ ਅੱਖਾਂ ਵਿਚ ਵੇਖ ਲਏ ਹੋਣਗੇ।ਉਹਦੀ ਅਵਾਜ਼ ਬੜੀ ਕਮਜ਼ੋਰ ਸੀ। ਰਾਤ-ਰਾਤ ਵਿਚ ਹੀ ਉਹਦੀ ਸੱਤਿਆ ਨਚੋੜੀ ਗਈ ਸੀ। ਪਰ ਉਹ ਪਹਿਲਾਂ ਵਾਂਗ ਹੀ ਡਟ ਕੇ ਅਤੇ ਕਠੋਰਤਾ ਨਾਲ ਬੋਲਦਾ ਗਿਆ: “ਤੂੰ ਲਾਲ ਸੂਹੀ ਕਿਉਂ ਹੋ ਗਈ ਏਂ ? ਤੇਰੇ ਵਰਗੀਆਂ ਨੂੰ ਜਿਹੜੀਆਂ ਆਪਣਾ ਆਪ ਵੇਚਦੀਆਂ ਨੇ ਸ਼ਰਮ ਨਹੀਂ ਆਉਣੀ ਚਾਹੀਦੀ ! ਰਤਾ ਠਹਿਰ ਜਾ, ਇਕ ਵਾਰ ਸਾਡੇ ਹੱਥ ਆ ਜਾਏ, ਤੈਨੂੰ ਉਹ ਸਬਕ ਸਿਖਾਵਾਂਗੇ ਕਿ ਸਾਰੀ ਉਮਰ ਯਾਦ ਰਖੇਂਗੀ।'
“ਮੈਂ ਓਸੇ ਵੇਲੇ ਥਾਂ ’ਤੇ ਹੀ ਗੋਡਿਆਂ ਭਾਰ ਹੋ ਚਲੀ ਸਾਂ ਤੇ ਉਸ ਨੂੰ ਸਾਰੀ ਕਹਾਣੀ ਸੁਣਾ ਦੇਣ ਲੱਗੀ ਸਾਂ। ਜਿਹੜੇ ਉਹਦੇ ਮੂੰਹ ਵਿਚੋਂ ਬੋਲ-ਕੁਬੋਲ ਨਿਕਲਦੇ ਸਨ ਉਹਨਾਂ ਨੂੰ ਸੁਣ ਕੇ ਅੰਦਰ ਵਲੂੰਦਰਿਆ ਗਿਆ। ਤੇ ਉਹ ਬੋਲਦਾ ਗਿਆ, ਉੱਚੀ, ਹੋਰ ਉੱਚੀ:
‘ਤੂੰ ਸਮਝਦੀ ਏਂ ਕਿ ਜਰਮਨਾਂ ਦੇ ਨਾਲ ਹੀ ਪਿੱਛੇ ਨਿਕਲ ਜਾਏਂਗੀ ਤੇ ਸਾਥੋਂ ਬਚ ਜਾਏਂਗੀ ? ਅਸੀਂ ਫੜ ਲਵਾਂਗੇ, ਚਿੰਤਾ ਨਾ ਕਰ ! ਅਸੀਂ ਬਰਲਿਨ ਵਿਚੋਂ ਵੀ ਤੈਨੂੰ ਲੱਭ ਲਵਾਂਗੇ। ਤੂੰ ਸਾਡੇ ਕੋਲੋਂ ਕਦੇ ਬਚ ਕੇ ਨਹੀਂ ਨਿਕਲ ਸਕਦੀ। ਤੈਨੂੰ ਲੁਕਣ ਵਾਸਤੇ ਕੋਈ ਥਾਂ ਨਹੀਂ ਲੱਭ ਸਕਦੀ।'
“ਤੇ ਉਹ ਹੱਸ ਪਿਆ। ਘਬਰਾਹਟ ਨਾਲ ਨਹੀਂ, ਘਬਰਾਹਟ ਤਾਂ ਜਿਵੇਂ ਉਹਦੇ ਨੇੜੇ ਨਾ ਫਟਕਦੀ ਹੋਵੇ।ਉਹ ਜਿਵੇਂ ਕੋਈ ਜੇਤੂ ਹੱਸਦਾ ਹੈ, ਬਾਘੀਆਂ ਪਾਉਂਦਾ ਹੈ, ਜਿਵੇਂ ਉਹ ਦੁਸ਼ਮਣ ਦੀ ਕੈਦ ਵਿਚ, ਪੱਟੀਆਂ ਬੰਨ੍ਹਾ ਕੇ, ਲਾਚਾਰੀ ਵਿਚ ਸਹਿਕ ਨਹੀਂ ਸੀ ਰਿਹਾ ਸਗੋਂ ਵਿਜੈਈ ਬਣ ਕੇ ਬਰਲਿਨ ਨੂੰ ਫਤਹਿ ਕਰ ਰਿਹਾ ਸੀ, ਬਦਲਾ ਲੈ ਰਿਹਾ ਸੀ ਤੇ ਇਨਸਾਫ ਕਰ ਰਿਹਾ ਸੀ।”
“ਤੇ ਮੈਂ ਦੌੜ ਕੇ ਉਹਦੇ ਨੇੜੇ ਹੋਈ ਤੇ ਹਰ ਪਾਸੇ ਤੋਂ ਖਬਰਦਾਰ ਰਹਿ ਕੇ, ਹੌਲੀ ਜਿਹੀ ਕਿਹਾ: “ਉਹਨਾਂ ਨੂੰ ਕੁਝ ਵੀ ਪਤਾ ਨਹੀਂ। ਉਹ ਤੁਹਾਡੇ ਕੋਲੋਂ ਨਵੇਂ ਹਵਾਈ ਯੂਨਿਟਾਂ ਬਾਰੇ ਕੁਝ ਪੁੱਛਣਾ ਚਾਹੁੰਦੇ ਨੇ। ਉਹ ਬਹੁਤ ਘਾਬਰੇ ਹੋਏ ਨੇ। ਸਹਿਮੇ ਹੋਏ ਨੇ। ਉਹਨਾਂ ਨੂੰ ਆਪਣੀਆਂ ਜਾਨਾਂ ਦਾ ਸਹਿਮ ਖਾ ਰਿਹਾ ਏ। ਕੁਝ ਨਾ ਦੱਸਿਓ ਉਹਨਾਂ ਨੂੰ, ਇਕ ਲਫਜ਼ ਨਾ ਬੋਲਿਓ। ਇਸ ਲਾਲ ਵਾਲਾਂ ਵਾਲੇ ਮੇਜਰ ਤੋਂ ਜਿਹੜਾ ਕੱਲ੍ਹ ਤੁਹਾਨੂੰ ਮਿਲਿਆ ਸੀ ਖਾਸ ਕਰਕੇ ਸਾਵਧਾਨ ਰਹਿਣਾ। ਇਹ ਬੜਾ ਜ਼ਾਲਮ ਆਦਮੀ ਹੈ।'
“ਉਸ ਨੇ ਮਰੋੜਾ ਜਿਹਾ ਖਾਧਾ ਤੇ ਹੈਰਾਨ ਹੋ ਕੇ ਸੁਣਦਾ ਗਿਆ।”
“ਇਹ ਗੱਲ ਏ !” ਉਸ ਨੇ ਆਖਿਆ ਤੇ ਫੇਰ ਬੋਲਿਆ ‘ਇਹ ...ਗੱਲ ...ਏ !' ਤੇ ਉਹਦੀਆਂ ਅੱਖਾਂ ਵਿਚ ਮਾੜੀ ਜਿਹੀ ਸੁਹਿਰਦਤਾ ਵਿਖਾਈ ਦਿੱਤੀ, ਪਰ ਅਜੇ ਵੀ ਮੇਰੀ ਬੜੀ ਡੂੰਘੀ ਘੋਖ ਪੜਤਾਲ ਕਰ ਰਹੀਆਂ ਸਨ। ‘ਇਉਂ ਹੁੰਦੀ ਈ ਏ, ਤੇ ਉਹ ਫੇਰ ਮੁਸਕ੍ਰਾਇਆ। ਹੁਣ ਇਸ ਵਿਚ ਕੀਨਾ ਨਹੀਂ ਸੀ। ਮੈਨੂੰ ਅੱਖ ਮਾਰੀ, ਤੇ ਅਚਾਨਕ ਉੱਚੀ-ਉੱਚੀ ਬੋਲਣ ਲੱਗ ਪਿਆ: ‘ਨਿਕਲ ਜਾ ਏਥੋਂ ਕੁੱਤੀਏ ਕਮਜਾਤੇ ! ਮੈਂ ਤੈਨੂੰ ਕੁਝ ਨਹੀਂ ਦੱਸਣਾ, ਨਾ ਤੈਨੂੰ ਨਾ ਤੇਰੇ ਮਾਲਕਾਂ ਨੂੰ। ਤੁਸੀਂ ਮੇਰੇ ਮੂੰਹੋਂ ਇਕ ਲਫ਼ਜ਼ ਨਹੀਂ ਕਢਵਾ ਸਕਦੇ !”
“ਉਹ ਬੜਾ ਚਿਰ ਬੋਲਦਾ ਗਿਆ, ਉੱਚੀ-ਉੱਚੀ ਟਾਹਰਾਂ ਮਾਰਦਾ ਤਾਂ ਜੋ ਸਾਰੀ ਜੇਲ੍ਹ ਵਿਚ ਉਹਦੀ ਅਵਾਜ਼ ਸੁਣ ਜਾਏ। ਫੇਰ ਉਹਨੇ ਅਵਾਜ਼ ਨੀਵੀਂ ਕਰ ਕੇ ਮੈਨੂੰ ਆਖਿਆ: ‘ਸੋ ਤੁਸੀਂ ?..'
“ਮੈਂ ਸਿਰ ਹਿਲਾਇਆ।ਮੈਂ ਸਿਰ ਤੋਂ ਪੈਰਾਂ ਤੱਕ ਕੰਬ ਰਹੀ ਸਾਂ ਤੇ ਮੇਰਾ ਦੰਦੋੜਿਕਾ ਵੱਜ ਰਿਹਾ ਸੀ।”
“ਸੁਣੋ, ਧੀਰਜ ਵਿਚ ਲਿਆਓ ਆਪਣੇ ਮਨ ਨੂੰ,’ ਉਸ ਨੇ ਆਖਿਆ, ‘ਪਰ ਮੈਨੂੰ ਈਮਾਨਦਾਰੀ ਨਾਲ ਦੱਸੋ – ਕੀ ਮੈਨੂੰ ਖ਼ਤਮ ਕਰ ਦੇਣਗੇ ?'
" 'ਜੇ ਤੁਸੀਂ ਕੁਝ ਨਾ ਦੱਸਿਆ ਤਾਂ ਉਹ ਗੋਲੀ ਮਾਰ ਦੇਣਗੇ,' ਮੈਂ ਉਸ ਨੂੰ ਦੱਸਿਆ ਅਤੇ ਅਸੀਂ ਸਵਾਲੀਆ ਨਜ਼ਰਾਂ ਨਾਲ ਇਕ ਦੂਜੇ ਵੱਲ ਵੇਖਿਆ।”
“ ਅਫਸੋਸ ਦੀ ਗੱਲ, ਬਹੁਤ ਅਫਸੋਸ ਦੀ ਗੱਲ। ਮੈਂ ਹਾਲੇ ਜਿੰਦਗੀ ਵਿਚ ਬਹੁਤਾ ਕੁਝ ਨਹੀਂ ਵੇਖਿਆ, ਤੇ ਬੜਾ ਜੀਅ ਕਰਦਾ ਏ ਹੋਰ ਜੀਵਾਂ !.. ਖੈਰ, ਜਾਓ, ਜਾਓ ਹੁਣ ਏਥੋਂ।'
“ ‘ਜੇ ਕੋਈ ਸੁਨੇਹਾ ਓਧਰ ਪਹੁੰਚਾਉਣਾ ਹੋਵੇ ?' ਮੈਂ ਪੁੱਛਿਆ।
"‘ਤੁਹਾਡੀਆਂ ਅੱਖਾਂ ਵਿਚ ਏਨਾ ਦੁੱਖ ਏ, ਕਿ ਮੈਨੂੰ ਤੁਹਾਡੇ ਉੱਤੇ ਤਕਰੀਬਨ ਯਕੀਨ ਆ ਗਿਆ ਏ,' ਉਸ ਨੇ ਜਵਾਬ ਦਿੱਤਾ। ‘ਤਕਰੀਬਨ, ਪਰ ਤਾਂ ਵੀ ਨਹੀਂ ਚਾਹੀਦਾ। ਮੈਂ ਤੁਹਾਨੂੰ ਕੋਈ ਗੱਲ ਨਹੀਂ ਦੱਸਾਂਗਾ। ਇਹ ਸਾਡੇ ਦੋਹਾਂ ਦੇ ਭਲੇ ਵਿਚ ਏ – ਸੋ ਅਲਵਿਦਾ' ਉਸ ਨੇ ਹੌਂਕਾ ਲਿਆ ਤੇ ਫੇਰ ਸਾਰੀ ਜੇਲ੍ਹ ਨੂੰ ਸੁਣਾ-ਸੁਣਾ ਕੇ ਮੈਨੂੰ ਗਾਲ੍ਹਾਂ ਕੱਢਣ ਲੱਗ ਪਿਆ, ਫਿਟਕਾਰਨ ਲੱਗ ਪਿਆ।”
“ਮੇਰਾ ਗੱਚ ਭਰ ਆਇਆ। ਇਸ ਤਰ੍ਹਾਂ ਦਾ ਆਦਮੀ ! ਇਸ ਤਰ੍ਹਾਂ ਦਾ ਆਦਮੀ !.. ਅਤੇ ਅਸੀਂ ਉਹਦੇ ਵਾਸਤੇ ਕੁਝ ਕਰ ਨਹੀਂ ਸਕਦੇ !.. ਮੈਂ ਕੋਠੜੀ ਵਿਚੋਂ ਦੌੜ ਕੇ ਬਾਹਰ ਆ ਗਈ। ਮੇਜਰ ਲਾਂਘੇ ਵਿਚ ਟਹਿਲਦਾ ਹੋਇਆ ਬੇਸਬਰੀ ਨਾਲ ਮੇਰੀ ਉਡੀਕ ਕਰ ਰਿਹਾ ਸੀ।ਉਹ ਜ਼ਰੂਰ ਕਨਸੋਆਂ ਲੈਂਦਾ ਰਿਹਾ ਹੋਵੇਗਾ, ਪਰ ਉਹਦੇ ਚਿਹਰੇ ਤੋਂ ਅੰਦਾਜ਼ਾ ਹੁੰਦਾ ਸੀ ਕਿ ਗਾਲ੍ਹਾਂ ਤੋਂ ਸਿਵਾਏ ਉਹਦੇ ਪੱਲੇ ਹੋਰ ਕੁਝ ਨਹੀਂ ਸੀ ਪਿਆ। ਮੇਰੇ ਵਿਚ ਖੜ੍ਹੀ ਰਹਿਣ ਦੀ ਹਿੰਮਤ ਨਹੀਂ ਸੀ। ਮੈਨੂੰ ਹੁਣ ਕਿਸੇ ਗੱਲ ਦੀ ਕੋਈ ਪ੍ਰਵਾਹ ਨਹੀਂ ਸੀ। ਮੇਜਰ ਦੀਆਂ ਗੱਲ੍ਹਾਂ ਫਰਕ ਰਹੀਆਂ ਸਨ ਤੇ ਰੋਹ ਨਾਲ ਉਹਦਾ ਰੰਗ ਉਡਿਆ ਹੋਇਆ ਸੀ।”
“ ਰੋਵੋ ਨਾ, ਫਰਾਊਲੈਨ, ਤੁਸੀਂ ਕੰਮ ਕਰ ਰਹੇ ਹੋ। ਜਿਉਂ ਹੀ ਸਾਨੂੰ ਉਸ ਦੀ ਲੋੜ ਨਾ ਰਹੀ..’ ਉਸ ਨੇ ਗੱਲ ਪੂਰੀ ਨਹੀਂ ਕੀਤੀ।”
“ਮੈਨੂੰ ਯਾਦ ਨਹੀਂ ਕਿ ਮੈਂ ਜੇਲ੍ਹ ਵਿਚੋਂ ਬਾਹਰ ਕਿਸ ਤਰ੍ਹਾਂ ਆਈ ਸੀ।”
ਕੁੜੀ ਨੇ ਇਕ ਹੌਕਾ ਲਿਆ ਤੇ ਚੁੱਪ ਹੋ ਗਈ। ਇਸ ਵੇਲੇ ਵੀ ਉਹਦਾ ਸਰੀਰ ਟੁੱਟ ਰਿਹਾ ਹੋਵੇਗਾ, ਨਸਾਂ ਪਾਟ ਰਹੀਆਂ ਹੋਣਗੀਆਂ।ਉਹ ਕੰਬੀ ਜਾ ਰਹੀ ਸੀ, ਉਹਦਾ ਹੇਠਲਾ ਜਬਾੜਾ ਫਰਕ ਰਿਹਾ ਸੀ ਅਤੇ ਘਬਰਾਹਟ ਨਾਲ ਉਹਦੇ ਚਿਹਰੇ ਦੀ ਸ਼ਕਲ ਵਿਗੜ ਗਈ ਸੀ, ਕਿੰਨਾ ਹੀ ਚਿਰ ਉਹ ਚੁੱਪ ਕੀਤੀ ਰਹੀ।
“ਇਸ ਬਾਰੇ ਗੱਲ ਕਰਨਾ ਮੇਰੇ ਲਈ ਬੜਾ ਔਖਾ ਹੈ, ਪਰ ਮੈਂ ਚਾਹੁੰਦੀ ਹਾਂ ਕਿ ਸਾਰੇ ਦੇਸ਼ ਨੂੰ ਪਤਾ ਲੱਗਾ ਜਾਏ ਕਿ ਓਥੇ ਸੋਵੀਅਤ ਲੋਕਾਂ ਦਾ ਵਿਹਾਰ ਕੀ ਸੀ।ਆਖ਼ਰ ਤੁਸੀਂ ਆਪ ਤਾਂ ਇਸ ਦਾ ਅੰਦਾਜ਼ਾ ਹੀ ਲਾ ਸਕਦੇ ਹੋ। ਮੈਂ ਤੁਹਾਨੂੰ ਪੂਰੀ ਗੱਲ ਦੱਸਾਂਗੀ। ਇਹ ਮੇਰਾ ਫਰਜ਼ ਹੈ ੀ ਉਸ ਆਦਮੀ ਦੀਆਂ ਆਖਰੀ ਘੜੀਆਂ ਬਾਰੇ ਮੇਰੇ ਤੋਂ ਬਗ਼ੈਰ ਹੋਰ ਕੋਈ ਕੁਝ ਨਹੀਂ ਜਾਣਦਾ।”
“ਜੇਲ੍ਹ ਵਿਚ ਉਸ ਗੱਲਬਾਤ ਤੋਂ ਬਾਦ ਮੈਂ ਸਾਰਾ ਦਿਨ ਇਕ ਤਰ੍ਹਾਂ ਦੀ ਬੇਹਿਸੀ ਜਿਹੀ ਵਿਚ ਗੁਜ਼ਾਰਿਆ।ਮੈਨੂੰ ਬੜਾ ਮਨ ਪੱਕਾ ਕਰ ਕੇ ਰੱਖਣਾ ਪਿਆ, ਆਪਣੇ ਦਿਲ ਦਿਮਾਗ਼ ਦੀ ਪੂਰੀ ਤਾਕਤ ਤੇ ਆਪਣੀ ਪੂਰੀ ਸਿਖਲਾਈ ਤੋਂ ਕੰਮ ਲੈਣਾ ਪਿਆ, ਜੋ ਕੁਝ ਵੀ ਕਰਨ ਦੀ ਹਿੰਮਤ ਸੀ ਕੀਤਾ ਤਾਂ ਜੋ ਉਹਨਾਂ ਦੇ, ਉਹਨਾਂ ਜਮਦੂਤਾਂ ਦੇ ਮੱਥੇ ਨਾ ਲੱਗਾਂ, ਪਰ ਮੈਂ ਇਸ ਤਰ੍ਹਾਂ ਨਹੀਂ ਕਰ ਸਕਦੀ ਸੀ ਤੇ ਜਦੋਂ ਉਹ ਲੋਕ ਉਸ ਦੀ ਗੱਲ ਕਰਦੇ ਸਨ ਤਾਂ ਫੁਟ-ਫੁਟ ਰੋ ਪੈਂਦੀ ਸੀ। ਚੰਗੇ ਭਾਗਾਂ ਨੂੰ ਮੇਜਰ ਨੇ ਮੁਖੀ ਨੂੰ ਦੱਸ ਦਿੱਤਾ ਹੋਇਆ ਸੀ ਕਿ ਅਸੀਂ ਜੇਲ੍ਹ ਵਿਚੋਂ ਹੋ ਆਏ ਸੀ ਤੇ ਉਹ ਇਸ ਗੱਲ ਦਾ ਆਪਣੇ ਹੀ ਢੰਗ ਨਾਲ ਅਰਥ ਕੱਢਦੇ ਸਨ ਤੇ ਮੈਨੂੰ ਢਾਰਸ ਦੇਣ ਦੀ ਕੋਸ਼ਿਸ਼ ਕਰਦੇ ਸਨ। ਮੈਂ ਗੱਲਾਂ ਸੁਣਦੀ ਰਹਿੰਦੀ ਤੇ ਮੂੰਹ ਅੱਗੇ ਹੱਥ ਕਰ ਲੈਂਦੀ ਤਾਂ ਜੋ ਉਹਨਾਂ ਦੀ ਸ਼ਕਲ ਨਜ਼ਰ ਨਾ ਆਵੇ। ਮੈਂ ਬਹੁਤ ਡਰਦੀ ਸਾਂ ਕਿ ਸ਼ਾਇਦ ਮੈਂ ਬਰਦਾਸ਼ਤ ਨਾ ਕਰ ਸਕਾਂ ਤੇ ਕੋਈ ਬੇਹੂਦਗੀ ਕਰ ਬੈਠਾਂ।”
“ਪਰ ਹਾਲੇ ਤਾਂ ਮੈਂ ਇਸ ਤੋਂ ਵੀ ਭਿਆਨਕ ਵਕਤ ਵੇਖਣਾ ਸੀ।ਤੁਸੀਂ, ਸ਼ਾਇਦ, ਸਾਡੇ ਕੰਮ ਬਾਰੇ ਤਾਂ ਜਾਣਦੇ ਹੀ ਹੋ, ਜਾਂ ਨਹੀਂ ? ਤੇ ਮੇਰੇ ਬਾਰੇ ਵੀ ? ਮੈਂ ਕੋਈ ਨਵੀਂ ਨਹੀਂ ਸੀ। ਪਰ ਇਸ ਦੇ ਬਾਵਜੂਦ ਜਿਨ੍ਹਾਂ ਔਖੀਆਂ ਘਾਟੀਆਂ ਵਿਚੋਂ ਮੈਂ ਲੰਘੀ ਹਾਂ ਇਹ ਉਹਨਾਂ ਵਿਚ ਅਤਿਅੰਤ ਭਿਆਨਕ ਸੀ।ਜਿਹੜੇ ਜਨਰਲ ਦਾ ਮੈਂ ਜ਼ਿਕਰ ਕੀਤਾ ਹੈ ਉਹ ਗਿਓਰਿੰਗ ਨੂੰ ਬਹੁਤ ਪਸੰਦ ਸੀ ਤੇ ਉਹ ਸਭ ਉਹਦੀਆਂ ਤਲੀਆਂ ਚੱਟਦੇ ਸਨ।ਉਸ ਨੇ ਫੈਸਲਾ ਕੀਤਾ ਕਿ ਉਹ ਪਾਇਲਟ ਦੀ ਆਪ ਪੁੱਛ-ਪੜਤਾਲ ਕਰੇਗਾ। ਉਹ ਉੱਚਾ-ਲੰਮਾ ਤੇ ਸੋਹਣਾ, ਸਵੈ-ਵਿਸ਼ਵਾਸ ਵਾਲਾ ਸੀ, ਲਾਲ ਰੰਗ ਤੇ ਚਿੱਟੀਆਂ ਝਿੰਮਣੀਆਂ ਵਾਲਾ ਲਿਸ਼ਕਦਾ ਮੂੰਹ। ਉਹਨੂੰ ਵੇਖਦਿਆਂ ਸੂਰ ਦਾ ਖਿਆਲ ਆ ਜਾਂਦਾ।ਉਹ ਜੇਲ੍ਹ ਗਿਆ। ਉਹਦੇ ਨਾਲ ਮੇਰਾ ਮੁਖੀ ਸੀ, ਮੇਜਰ ਸੀ ਤੇ ਮੈਂ ਸੀ। ਜਦੋਂ ਅਸੀਂ ਅੰਦਰ ਲੰਘੇ ਤਾਂ ਉਹ ਸਿੱਧਾ ਬੜੀ ਆਕੜ ਨਾਲ ਪਾਇਲਟ ਕੋਲ ਗਿਆ, ਉਸ ਨੂੰ ਆਪਣਾ ਨਾਂ ਦੱਸਿਆ – ਜਿਸ ਨੂੰ ਤਕਰੀਬਨ ਸਭ ਜਾਣਦੇ ਸਨ ਤੇ ਉਹਦੇ ਵੱਲ ਆਪਣਾ ਹੱਥ ਵਧਾਇਆ। ਪਾਇਲਟ ਨੇ ਮੂੰਹ ਦੂਜੇ ਪਾਸੇ ਕਰ ਲਿਆ ਤੇ ਕੋਈ ਜਵਾਬ ਨਹੀਂ ਦਿੱਤਾ।”
“ਤੁਹਾਡਾ ਸਲੀਕਾ ਚੰਗਾ ਨਹੀਂ, ਨੌਜਵਾਨ।ਮੈਂ ਜਨਰਲ ਹਾਂ, ਦੋ ਲੜਾਈਆਂ ਦਾ ਹੀਰੋ। ਮਾਣ-ਮਰਯਾਦਾ ਦੇ ਨੇਮ ਮੰਗ ਕਰਦੇ ਨੇ ਕਿ ਇਕ ਫੌਜੀ ਨੂੰ ਆਪਣੇ ਤੋਂ ਵੱਡੇ ਅਫਸਰ ਦੀ ਸਾਹਿਬ-ਸਲਾਮ ਦਾ ਜਵਾਬ ਦੇਣਾ ਚਾਹੀਦਾ ਹੈ।”
“ਮੈਂ ਉਸ ਦੇ ਇਸ ਵਾਕ ਦਾ ਉਲੱਥਾ ਕਰ ਦਿੱਤਾ। ਮੁਮਕਿਨ ਹੈ, ਕਿ ਉਹ ਜਨਰਲ ਬਹੁਤ ਚੰਗਾ ਅਦਾਕਾਰ ਹੋਵੇ। ਓਥੇ ਇਹ ਸਭ ਲੋਕ, ਫਾਸਿਸ਼ਟਾਂ ਦੇ ਉਪਰਲੇ ਹਲਕੇ ਦੇ ਸਭ ਲੋਕ, ਵਾਹ-ਵਾਹ ਚੰਗੇ ਨਕਲੀਏ ਨੇ। ਅਤੇ ਉਹ ਸ਼ੁਭ ਇੱਛਾ ਦੇ ਟੁੰਬਵੇਂ ਅੰਦਾਜ਼ ਵਿਚ ਬੋਲਿਆ ਸੀ।”
"‘ਤੁਹਾਨੂੰ ਮਾਣ-ਮਰਯਾਦਾ ਦਾ ਕੀ ਪਤਾ ਏ ?' ਪਾਇਲਟ ਨੇ ਮਾਮੂਲੀ ਜਿਹਾ ਹੱਸਦਿਆਂ ਆਖਿਆ।"
“ਮੈਂ ਉਲੱਥਾ ਕਰ ਦਿੱਤਾ। ਜਾਪਦਾ ਸੀ ਕਿ ਜਨਰਲ ਨੂੰ ਕੋਈ ਹੈਰਾਨੀ ਨਹੀਂ ਹੋਈ। ਸਿਰਫ ਪਲ ਦਾ ਪਲ ਉਹਦੀ ਤਿਊੜੀ ਚੜ੍ਹ ਗਈ ਸੀ। ਫੇਰ ਉਸ ਨੇ ਪੁੱਛਿਆ: ‘ਹੋ ਸਕਦਾ ਹੈ, ਤੁਹਾਡੇ ਨਾਲ਼ ਏਥੇ ਭੈੜਾ ਵਰਤਾਓ ਕੀਤਾ ਗਿਆ ਹੋਵੇ ? ਤੁਸੀਂ ਏਡੇ ਤਲਖ਼ ਕਿਉਂ ਜੇ ? ਤੁਹਾਡੇ ਵੱਲ ਜੋ ਧਿਆਨ ਦਿੱਤਾ ਜਾਂਦਾ ਹੈ ਤੇ ਜੋ ਇਲਾਜ ਕੀਤਾ ਜਾਂਦਾ ਹੈ, ਉਸ ਤੋਂ ਤੁਹਾਡੀ ਤਸੱਲੀ ਨਹੀਂ ? ਦੱਸੋ ਮੈਨੂੰ, ਮੈਂ ਹੁਣੇ ਹੁਕਮ ਦਿਆਂਗਾ ਕਿ ਸਭ ਇੰਤਜ਼ਾਮ ਠੀਕ ਕੀਤਾ ਜਾਏ। ਇਕ ਸੂਰਮਾ ਹਰ ਹਾਲਤ ਵਿਚ ਸੂਰਮਾ ਹੀ ਰਹਿੰਦਾ ਹੈ।"
“ਪੁੱਛੋ ਸੂ, ਏਹਨੂੰ ਕੀ ਚਾਹੀਦੈ,” ਥੱਕੇ-ਥੱਕੇ ਪਾਇਲਟ ਨੇ ਆਖਿਆ।"
“ਉਹ ਆਪਣੇ ਜ਼ਖ਼ਮਾਂ ਦੀ ਪੀੜ ਤੋਂ ਬਹੁਤ ਦੁਖੀ ਜਾਪਦਾ ਸੀ, ਪਰ ਉਹ ਨਹੀਂ ਸੀ ਚਾਹੁੰਦਾ ਕਿ ਦੁਸ਼ਮਣ ਨੂੰ ਉਹਦੀ ਤਕਲੀਫ ਦਾ ਪਤਾ ਲਗੇ। ਸਿਰਫ ਪਸੀਨੇ ਦੀਆਂ ਉਹ ਬੂੰਦਾਂ, ਜੋ ਉਹਦੇ ਮੱਥੇ ਤੋਂ ਉਹਦੇ ਮੂੰਹ ਵੱਲ ਰਿੜ੍ਹ ਪਈਆਂ ਸਨ, ਉਸ ਦੀ ਅਸਲ ਹਾਲਤ ਦੀ ਕਹਾਣੀ ਪਾਉਂਦੀਆਂ ਸਨ।”
“ਜਨਰਲ ਦਾ ਸਬਰ ਗੁਆਚਣ ਲੱਗ ਪਿਆ:
‘ਇਹਨੂੰ ਆਖੋ ਕਿ, ਢੱਠੇ ਖੂਹ ਵਿਚ ਪਵੇ ਸਭ ਕੁਝ, ਇਹਨੂੰ ਇਕ ਚੰਗਾ ਮੌਕਾ ਦਿੱਤਾ ਜਾ ਰਿਹਾ ਹੈ। ਹਵਾਬਾਜ਼ ਯੂਨਿਟਾਂ ਬਾਰੇ ਮਾਮੂਲੀ ਜਾਣਕਾਰੀ, ਜਿਸ ਦੀ ਉਸ ਦੇ ਕਿਸੇ ਦੇਸ਼ਵਾਸੀ ਦੇ ਕੰਨ ਕਦੇ ਭਿਣਕ ਨਹੀਂ ਪਵੇਗੀ, ਤੇ ਉਹ ਯੂਰਪ ਦੇ ਸਭ ਤੋਂ ਚੰਗੇ ਸਿਹਤ ਕੇਂਦਰਾਂ ਵਿਚੋਂ ਕਿਸੇ ਇਕ ਵਿਚ ਲੜਾਈ ਖ਼ਤਮ ਹੋਣ ਤੱਕ ਅਮਨ-ਚੈਨ ਤੇ ਸੁੱਖ ਦੀ ਜ਼ਿੰਦਗੀ ਗੁਜ਼ਾਰੇਗਾ ਨਾਈਸ, ਬਾਡੇਨ-ਬਾਡੇਨ, ਬਾਡਵਿਲਡਨਜਨ, ਕਾਰਲਸਬਾਡ... ਇਸ ਨੂੰ ਇਹ ਵੀ ਦੱਸ ਦਿਓ, ਕਿ ਉਸ ਦੇ ਇਸ ਹੱਠ ਦਾ ਵੀ ਕਿਸੇ ਨੂੰ ਪਤਾ ਨਹੀਂ ਲੱਗਣਾ। ਕਬਰ ਵਿਚ ਪਈਆਂ ਸੂਰਮਿਆਂ ਤੇ ਕਾਇਰਾਂ ਦੀਆਂ ਲਾਸ਼ਾਂ ਨੂੰ ਕੀੜੇ-ਮਕੌੜੇ ਇਕੋ ਜਿੰਨੇ ਸਵਾਦ ਨਾਲ ਖਾਂਦੇ ਨੇ।'
“ਮੈਂ ਉਲਥਾ ਕਰ ਦਿੱਤਾ।”
“ਪਾਇਲਟ ਠਹਾਕਾ ਮਾਰ ਕੇ ਹੱਸ ਪਿਆ: ‘ਜਨਰਲ ਨੂੰ ਆਖੋ ਕਿ ਉਹ ਪ੍ਰਤੱਖ ਤੌਰ 'ਤੇ ਆਪਣੇ ਫਿਊਰਰ ਦੀ ਗੰਦੀ ਔਲਾਦ ਏ।'
“ਮੈਨੂੰ ਤਟਫਟ ਹੀ "ਗੰਦੀ ਔਲਾਦ” ਲਫ਼ਜ਼ ਦਾ ਜਰਮਨ ਬਦਲ ਨਾ ਲੱਭ ਸਕਿਆ ਤੇ ਮੈਂ ਇਸ ਦਾ ਅਨੁਵਾਦ “ਅਨੁਯਾਈ” ਕਰ ਦਿੱਤਾ ਤੇ ਮੈਂ ਹੈਰਾਨ ਰਹਿ ਗਈ ਕਿ ਇਸ ਆਕੜ ਖਾਂ ਊਤ ਦਾ ਚਿਹਰਾ ਚਮਕ ਪਿਆ।ਉਹਦੀ ਹਉਮੈ ਜਾਗ ਪਈ ਲੱਗਦੀ ਸੀ ਤੇ ਉਹ ਬੋਲਿਆ ਕਿ ਗੱਲ ਤਾਂ ਠੀਕ ਹੈ, ਲੈਫਟੀਨੈਂਟ ਨੇ ਬਿਲਕੁਲ ਠੀਕ ਸਮਝਿਆ ਹੈ, ਉਹ ਸੱਚਮੁਚ ਹੀ ਆਪਣੇ ਫਿਊਰਰ ਦੇ ਪੂਰਨਿਆਂ 'ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ।ਉਸ ਨੇ ਆਖਿਆ ਕਿ ਹੁਣ, ਉਹਦਾ ਵਿਸ਼ਵਾਸ ਹੈ, ਕਿ ਉਹ ਦੋਵੇਂ ਸੂਰਮੇ, ਦੋਵੇਂ ਸੈਨਿਕ, ਕੋਈ ਸਾਂਝੀ ਜ਼ੁਬਾਨ ਲੱਭ ਲੈਣਗੇ। ਅਤੇ ਉਸ ਨੇ ਸ੍ਰੀਮਾਨ ਲੈਫਟੀਨੈਂਟ ਨੂੰ, ਜਿਸ ਨੇ ਹੁਣੇ ਹੀ ਇਹ ਸਾਬਿਤ ਕਰ ਦਿੱਤਾ ਸੀ ਕਿ ਉਹ ਆਪਣੇ ਹੋਰ ਬੇਅੰਤ ਦੇਸਵਾਸੀਆਂ ਨਾਲੋਂ ਵਧੇਰੇ ਸਿਆਣਾ ਹੈ, ਇਹ ਪੁੱਛਿਆ ਕਿ ਇਹ ਸੋਵੀਅਤ ਰੂਸੀ ਏਡੇ ਬੁਰੀ ਤਰ੍ਹਾਂ ਸਿਰੜੀ ਕਿਉਂ ਹਨ; ਉਹ ਪਿੱਛੇ ਹੱਟਦੇ ਹੋਏ ਆਪਣੇ ਹੀ ਮਕਾਨ ਕਿਉਂ ਸਾੜ ਦੇਂਦੇ ਹਨ; ਉਹ ਮਹਾਜ਼ ਦੇ ਇਸ ਪਾਸੇ ਵੀ, ਆਪਣੇ ਹਥਿਆਰ ਕਿਉਂ ਨਹੀਂ ਸੁੱਟਦੇ ਅਤੇ ਹਾਲੇ ਵੀ ਲੱਕ ਬੰਨ੍ਹ ਕੇ ਲੜੀ ਜਾਂਦੇ ਹਨ ਤੇ ਬਦਲੇ ਦੀ ਕਾਰਵਾਈ ਦਾ ਸ਼ਿਕਾਰ ਬਣਦੇ ਤੇ ਸਜ਼ਾ ਪਾਉਂਦੇ ਹਨ; ਉਹ ਕੁਝ ਵੀ ਦੱਸੇ ਬਗੈਰ ਕਿਉਂ ਮਰ ਜਾਣਾ ਚਾਹੁੰਦੇ ਹਨ ਭਾਵੇਂ ਇਹ ਗੱਲ ਕੋਈ ਮੂਰਖ ਵੀ ਸਮਝ ਸਕਦਾ ਹੈ ਕਿ ਉਹ ਲੜਾਈ ਹਾਰ ਚੁੱਕੇ ਹਨ ? ਕਿਉਂ ?”
"ਇਸ ਮੋਟੀ ਬੁੱਧ ਵਾਲੇ ਹੈਂਕੜਬਾਜ਼ ਨੇ ਰੂਸੀ ਪਾਇਲਟ ਦੀ ਇਸ ਗੱਲ ਨੂੰ, ਕਿ ਉਹ ਹਿਟਲਰ ਦਾ ਅਨੁਯਾਈ ਹੈ, ਇਕ ਰੂਸੀ ਵੱਲੋਂ ਆਪਣੀ ਤਾਰੀਫ ਸਮਝ ਲਿਆ ਸੀ ਤੇ ਸੋਚਿਆ ਉਹ ਉਸ ਦੇ ਹਰ ਕਥਨ ਨੂੰ ਮੰਨਣ ਲਈ ਤਿਆਰ ਹੋ ਗਿਆ ਸੀ।ਜਨਰਲ ਦੇਰ ਤੱਕ ਬਹਿਸ ਵਿਚ ਪਿਆ ਰਿਹਾ।ਉਹ ਪ੍ਰਤੱਖ ਹੀ ਮੇਰੇ ਮੁਖੀ ਤੇ ਮੇਜਰ ਅੱਗੇ ਵਿਖਾਵਾ ਕਰ ਰਿਹਾ ਸੀ ਜਿਨ੍ਹਾਂ ਨੂੰ ਸ਼ਰਮਿੰਦਗੀ ਦਾ ਮੂੰਹ ਵੇਖਣਾ ਪਿਆ ਸੀ।”
“ਮੈਂ ਪਾਇਲਟ ਵਾਸਤੇ ਸਾਰੇ ਸਵਾਲਾਂ ਦਾ ਉਲਥਾ ਕਰਦੀ ਰਹੀ।”
"‘ਬੇਵਕੂਫ!' ਉਸ ਨੇ ਲਫਜ਼ ਉੱਤੇ ਜ਼ੋਰ ਦੇ ਕੇ ਆਖਿਆ।‘ਕਿਉਂਕਿ ਅਸੀਂ ਸੋਵੀਅਤ ਲੋਕ ਹਾਂ, ਇਹਨਾਂ ਵਰਗੇ ਨਹੀਂ!'
“ਜੇ ਕਿਤੇ ਉਸ ਪਲ ਤੁਸੀਂ ਉਸ ਨੂੰ ਵੇਖਿਆ ਹੁੰਦਾ ! ਉਹ ਅਰਕ ਦੇ ਭਾਰ ਉੱਚਾ ਹੋਇਆ, ਚਿੱਟੀਆਂ ਪੱਟੀਆਂ ਤੇ ਪਿਛੋਕੜ ਵਿਚ ਉਸ ਦੇ ਬਹੁਤ ਕਾਲੇ ਨਜ਼ਰ ਆਉਂਦੇ ਭਰਵੱਟਿਆਂ ਦੀ ਤਿਊੜੀ ਚੜ੍ਹ ਗਈ ਤੇ ਉਹਦੀਆਂ ਅੱਖਾਂ ਵਿਚੋ ਲਾਟਾਂ ਨਿਕਲਣ ਲੱਗੀਆਂ।”
"ਜਨਰਲ ਲੋਹਾ ਲਾਖਾ ਹੋ ਗਿਆ।ਉਸ ਨੇ ਗੰਦੀ ਗਾਲ੍ਹ ਕੱਢੀ ਤੇ ਭੁੜਕ ਕੇ ਖੜਾ ਹੋ ਗਿਆ ਤੇ ਕਿਸੇ ਜਰਮਨ ਅਖਾਣ ਦਾ ਹਵਾਲਾ ਦਿੱਤਾ ਜਿਹੜਾ ਮੋਟੇ ਤੌਰ 'ਤੇ ਇਸ ਰੂਸੀ ਅਖਾਂਣ ਵਾਂਗ ਸੀ।‘ਬਘਿਆੜ ਨੂੰ ਜਿੰਨਾ ਮਰਜ਼ੀ ਖੁਆਓ, ਉਹਦੀ ਨਜ਼ਰ ਸਦਾ ਜੰਗਲ ਵੱਲ ਰਹਿੰਦੀ ਹੈ।' ਉਸ ਨੇ ਆਖਿਆ ਕਿ ਲੈਫਟੀਨੈਂਟ ਬੇਅਕਲ ਤੇ ਬੇਹੂਦਾ ਜਾਨਵਰ ਹੈ ਜਿਸ ਨੇ ਆਪਣੇ ਨਾਲ ਹੋਏ ਸ਼ਰੀਫਾਂ ਵਾਲੇ ਸਲੂਕ ਤੇ ਵਿਹਾਰ ਦਾ ਬਦਲਾ ਅਤਿ ਨੀਚਾਂ ਵਾਲੇ ਨਾਸ਼ੁਕਰੇਪਨ ਨਾਲ ਚੁਕਾਇਆ ਹੈ।”
“ 'ਮੈਂ ਸਮਝਿਆ ਸੀ ਕਿ ਇਹ ਤਾਂ ਜ਼ਖਮੀਆਂ ਦੀ ਸੰਭਾਲ ਬਾਰੇ ਕੌਮਾਂਤਰੀ ਸਮਝੌਤੇ ਮੁਤਾਬਿਕ ਮੰਨੀ ਗੱਲ ਏ,' ਲੈਫਟੀਨੈਂਟ ਨੇ ਜਵਾਬ ਦਿੱਤਾ।”
"‘ਸਮਝੌਤਾ! ਹਾ, ਹਾ, ਜਿਵੇਂ ਅਸੀਂ ਰੂਸੀ ਸੂਰ ਉੱਤੇ ਆਪਣੀਆਂ ਜਰਮਨ ਪੱਟੀਆਂ ਜ਼ਾਇਆ ਕਰੀਏ ਜਿਸ ਕੋਲੋਂ ਸਿਵਾਏ ਸੜ੍ਹਹਾਂਦ ਦੇ ਹੋਰ ਕੁਝ ਨਹੀਂ ਮਿਲਦਾ !'
“ਜਨਰਲ ਕੜਕਿਆ ਤੇ ਉਹਨੇ ਆਪਣਾ ਪੈਰ ਚੁੱਕ ਕੇ ਜ਼ਮੀਨ ਨਾਲ ਮਾਰਿਆ।ਮੇਰੇ ਮੁਖੀ ਨੇ ਇਹ ਮਹਿਸੂਸ ਕਰਦਿਆਂ ਕਿ ਉਹ ਉਹਨਾਂ ਨੂੰ ਕੈਦੀ ਕੋਲੋਂ ਕੁਝ ਹਾਸਿਲ ਕਰ ਲੈਣ ਦਾ ਆਖਰੀ ਮੌਕਾ ਵੀ ਖੋਹ ਰਿਹਾ ਹੈ, ਆਦਰ ਨਾਲ ਜ਼ੋਰ ਦੇ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਇਸ ਦਾ ਕੋਈ ਫਾਇਦਾ ਨਾ ਹੋਇਆ।”
“ਜਦੋਂ ਮੈਂ ਜਨਰਲ ਦੇ ਲਫਜ਼ਾਂ ਦਾ ਉੱਲਥਾ ਕੀਤਾ ਤਾਂ ਜ਼ਖ਼ਮੀ ਪਾਇਲਟ ਇਕ ਝਟਕੇ ਨਾਲ ਸਟ੍ਰੈਚਰ ਤੇ ਉੱਠ ਕੇ ਬਹਿ ਗਿਆ, ਉਹਨੇ ਮੁੱਕੀਆਂ ਮਾਰ-ਮਾਰ ਕੇ ਲੱਤਾਂ ਦਾ ਪਲੱਸਤਰ ਲਾਹ ਸੁੱਟਿਆ ਅਤੇ ਆਪਣੇ ਸਿਰ ਤੇ ਧੌਣ ਉੱਤਲੀਆਂ ਮਹੀਨ ਪੱਟੀਆਂ ਲੀਰਾਂ ਕਰ ਛੱਡੀਆਂ। ਲਹੂ ਦੀਆਂ ਤਤੀਰੀਆਂ ਛੁੱਟ ਪਈਆਂ ਤੇ ਉਹਦੇ ਚਿਹਰੇ ਤੋਂ ਘਰਾਲਾਂ ਬਣ ਕੇ ਵਗਣ ਲੱਗੀਆਂ।”
"‘ਮੈਨੂੰ ਤੁਹਾਡੀ ਫਾਸਿਸ਼ਟ ਹਮਦਰਦੀ ਦੀ ਕੋਈ ਲੋੜ ਨਹੀਂ!' ਉਹ ਬੁੜਬੁੜਾਇਆ।”
"‘ਗੰਦਾ ਜਨੂੰਨੀ, ਜਾਂਗਲੀ, ਉਤਰੀ ਹਬਸ਼ੀਆਂ ਦਾ ਦੇਸ਼!' ਜਨਰਲ ਗਰਜਿਆ।"
“ਫੇਰ ਅਚਨਚੇਤ ਹੀ, ਇਹ ਅੱਖ ਪਲਕਾਰੇ ਵਿਚ ਹੀ ਹੋ ਗਿਆ, ਉਹ ਆਪਣੇ ਮੂੰਹ 'ਤੇ ਹੱਥ ਮਲਦਾ ਪਿੱਛੇ ਹੱਟਿਆ। ਲੈਫਟੀਨੈਂਟ ਨੇ ਉਹਦੀਆਂ ਅੱਖਾਂ ਵਿਚ ਥੁੱਕ ਦਿੱਤਾ ਸੀ।"
“ਤਿੰਨੇ ਜਰਮਨ ਉਹਦੇ ਉੱਤੇ ਟੁੱਟ ਪਏ, ਉਹਨੂੰ ਕੁੱਟਣ ਤੇ ਠੁੱਡੇ ਮਾਰਨ ਲੱਗੇ। ਜ਼ਖਮੀ ਵੀ ਵਾਰੀ ਦਾ ਵੱਟਾ ਲੈਂਦਾ ਰਿਹਾ।ਉਹਦੇ ਵਿਚ ਹਾਲੇ ਵੀ ਸੱਤਿਆ ਸੀ ਤੇ ਗੁੱਸੇ ਨਾਲ ਉਹਦੇ ਜੁਸੇ ਵਿਚ ਦਸ ਗੁਣਾ ਹੋਰ ਤਾਕਤ ਆ ਗਈ। ਲਹੂ-ਲੁਹਾਣ ਹੋਇਆ, ਸਟ੍ਰੈਚਰ ਉੱਤੇ ਬੈਠਾ, ਉਹ ਉਹਨਾਂ ਦੇ ਮੂੰਹਾਂ ’ਤੇ ਮਾਰਦਾ ਗਿਆ ਤੇ ਉਹ ਉਸ ਨੂੰ ਕਾਬੂ ਨਾ ਕਰ ਸਕੇ।”
“ਮੈਂ ਵੀ ਓਥੇ ਕੋਲ ਹੀ ਖੜ੍ਹੀ ਸਾਂ। ਤੁਸੀਂ ਸਮਝਦੇ ਹੋ ਕਿ ਜਦੋਂ ਉਹ ਦਰਿੰਦੇ ਉਸ ਏਡੇ ਚੰਗੇ ਤੇ ਮਾਣਮੱਤੇ ਗੱਭਰੂ ਦੀਆਂ ਬੋਟੀਆਂ ਕਰ ਰਹੇ ਸਨ ਓਦੋਂ ਮੈਨੂੰ ਇਹ ਸਭ ਕੁਝ ਵੇਖਣਾ ਪੈ ਰਿਹਾ ਸੀ। ਮੇਰਾ ਰੋਮ-ਰੋਮ ਚਾਹੁੰਦਾ ਸੀ ਧਾਹ ਕੇ ਉਹਦੀ ਜਾਨ ਛੁਡਾਵਾਂ ਜਾਂ, ਜੇ ਮੈਂ ਹੋਰ ਕੁਝ ਨਹੀਂ ਕਰ ਸਕਦੀ ਤਾਂ, ਘੱਟੋ-ਘੱਟ ਉਹਦੇ ਨਾਲ ਹੀ ਮਰਾਂ। ਮੈਂ ਮਰਨ ਤੋਂ ਨਹੀਂ ਡਰਦੀ। ਨਹੀਂ! ਪਰ ਮੈਂ ਆਪਣੀ ਡਿਊਟੀ ਕਰ ਰਹੀ ਸੀ ਅਤੇ ਮੈਨੂੰ ਪਤਾ ਸੀ ਕਿ ਇਸ ਵੇਲੇ, ਜਦੋਂ ਅਸੀਂ ਚੜ੍ਹਾਈ ਦਾ ਹਮਲਾ ਕਰਨ ਵਾਲੇ ਸਾਂ, ਏਥੋਂ ਮੇਰੇ ਕੰਮ ਦੀ ਖਾਸ ਅਹਿਮੀਅਤ ਸੀ ਤੇ ਮੈਨੂੰ ਕੋਈ ਹੱਕ ਨਹੀਂ ਸੀ ਕਿ ਆਪਣੇ-ਆਪ ਨੂੰ ਜ਼ਾਹਿਰ ਕਰ ਦੇਵਾਂ।ਉਸ ਨੂੰ ਬਚਾਉਂਦਿਆਂ ਮਰ ਜਾਣ ਦਾ ਮਤਲਬ ਆਪਣੇ ਦੇਸ਼ ਨਾਲ ਧਰੋਹ ਕਰਨਾ ਸੀ, ਆਪਣੇ ਉਦੇਸ਼ ਨੂੰ ਸੱਟ ਮਾਰਨਾ ਸੀ। ਕੁਝ ਵੀ ਹੋ ਜਾਵੇ, ਇਹ ਜ਼ਰੂਰੀ ਸੀ ਕਿ ਜਾਣਕਾਰੀ ਮਿਲਦੀ ਰਹਿੰਦੀ ਤਾਂ ਜੋ ਤੁਹਾਨੂੰ ਫੌਜ ਵਿਚ ਇਹ ਪਤਾ ਰਹਿੰਦਾ ਕਿ ਫਾਸਿਸ਼ਟ ਕੀ-ਕੀ ਤਿਆਰੀਆਂ ਕਰ ਰਹੇ ਸਨ, ਉਹਨਾਂ ਦੀਆਂ ਸਕੀਮਾਂ ਕੀ ਸਨ।”
“ਮੈਂ ਬਹਾਦਰੀ ਦੀ ਜੇ ਕਦੇ ਕੋਈ ਗੱਲ ਕੀਤੀ ਤਾਂ ਉਸ ਦਿਨ ਹੀ ਕੀਤੀ ਸੀ। ਮੈਂ ਰੋਈ ਬਿਲਕੁਲ ਨਹੀਂ ਸਗੋਂ ਕੁਰਸੀ ਦੀਆਂ ਬਾਹਵਾਂ ਨੂੰ ਏਨਾ ਘੁੱਟ ਕੇ ਫੜੀ ਬੈਠੀ ਰਹੀ ਕਿ ਮੇਰੇ ਨਹੁੰ ਨੀਲੇ ਹੋ ਗਏ ਸਨ ਤੇ ਮੈਂ ਇਕ-ਇਕ ਗੱਲ ਨੂੰ ਯਾਦ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ ਸੀ। ਮੇਰੀਆਂ ਅੱਖਾਂ ਦੇ ਸਾਮ੍ਹਣੇ ਉਹਨਾਂ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਉਹ ਕਮਾਲ ਦਾ ਬੰਦਾ ਜਿਸ ਦਾ ਨਾਂ ਤਕ ਮੈਨੂੰ ਨਹੀਂ ਸੀ ਪਤਾ ਲੜਦਾ-ਲੜਦਾ ਮਰਿਆ। ਜੇਲ੍ਹ ਦੀ ਕੋਠੜੀ ਵਿਚ ਥਾਂ-ਥਾਂ ਉਹਦਾ ਲਹੂ ਡੁਲ੍ਹਿਆ ਹੋਇਆ ਸੀ। ਪਰ ਉਸ ਘੜੀ ਮੈਂ ਉਸ ਦੇ ਲਾਇਕ ਸਾਬਤ ਹੋਈ; ਮੈਂ ਆਪਣਾ-ਆਪ ਜ਼ਾਹਿਰ ਨਹੀਂ ਸੀ ਹੋਣ ਦਿੱਤਾ। ਤੇ ਬਾਅਦ ਵਿਚ ਮੈਨੂੰ ਭਾਵੇ ਕਿੰਨੀਆਂ ਵੀ ਔਖਿਆਈਆਂ ਹੋਈਆਂ, ਮੈਂ ਉਸ ਦਿਨ ਤੱਕ ਤੇ ਉਸ ਪਲ ਤੱਕ ਓਨਾ ਚਿਰ ਕੰਮ ਕਰਦੀ ਰਹੀ ਜਿੰਨਾ ਚਿਰ ਤੁਸੀਂ ਖਾਰਕੋਵ ਉੱਤੇ ਕਬਜ਼ਾ ਨਹੀਂ ਕਰ ਲਿਆ।”
ਹੁਣ ਉਹ ਸਿਰ ਤੋਂ ਪੈਰ ਤੱਕ ਕੰਬੀ ਜਾ ਰਹੀ ਸੀ, ਉਹ ਦੁਬਲੀ-ਪਤਲੀ ਤੇ ਨਾਜ਼ਕ ਬਦਨ ਕੁੜੀ ਜਿਸ ਨੇ ਲੋੜ ਦੇ ਪਲ ਇਕ ਹੰਢੇ ਹੋਏ ਘੁਲਾਟੀਏ ਵਾਲਾ ਦਿਲ ਗੁਰਦਾ, ਇਕ ਪੁਰਾਣੇ ਸੈਨਿਕ ਵਾਲਾ ਦ੍ਰਿੜ੍ਹ ਹੌਂਸਲਾ ਵਿਖਾਇਆ ਸੀ।
“ਮੈਨੂੰ ਓਦੋਂ ਵੀ ਉਹਦਾ ਨਾਂ ਨਹੀਂ ਸੀ ਪਤਾ, ਹੁਣ ਵੀ ਨਹੀਂ ਪਤਾ, ਪਰ ਮੈਂ ਕਦੇ ਉਹਨੂੰ ਭੁਲਾ ਨਹੀਂ ਸਕਾਂਗੀ। ਉਹ ਮੈਨੂੰ ਹਮੇਸ਼ਾ ਹੀ ਆਪਣੇ ਸਾਮ੍ਹਣੇ ਦਿਸਦਾ ਰਹੇਗਾ, ਓਸੇ ਤਰ੍ਹਾਂ ਤਾਕਤਵਰ, ਬਹਾਦਰ ਤੇ ਸੋਹਣਾ।”
ਤੇ ਅਚਾਨਕ ਉਸ ਨੇ ਆਪਣੇ ਹੱਥਾਂ ਵਿਚ ਆਪਣਾ ਮੂੰਹ ਲੁਕੋ ਲਿਆ ਤੇ ਹਟਕੋਰੇ ਭਰਨ ਲੱਗੀ। ਉਹ ਇਸ ਤਰ੍ਹਾਂ ਕੰਬ ਰਹੀ ਸੀ ਜਿਵੇਂ ਪਤਝੜ ਦੇ ਜ਼ੋਰਦਾਰ ਬੁੱਲ੍ਹੇ ਨਾਲ ਛੋਟਾ ਜਿਹਾ ਬਰਚਾ ਕੰਬਦਾ ਹੈ।ਉਹਦੇ ਕੇਸਾਂ ਦਾ ਜੂੜਾ ਢਿਲਕ ਕੇ ਹੇਠਾਂ ਆ ਗਿਆ, ਕਲਿੱਪ ਸੂਈਆਂ ਜ਼ਮੀਨ ਉੱਤੇ ਡਿੱਗ ਪਈਆਂ, ਲਾਖੇ ਰੰਗ ਦੀਆਂ ਲਹਿਰਦਾਰ ਲਿਟਾਂ ਵੱਡੇ ਫੌਜੀ ਕੋਟ ਦੇ ਖੁਰਦਰੇ ਕੱਪੜੇ ਉੱਤੇ ਖਿੰਡ ਗਈਆਂ ਤੇ ਉਹਦੀਆਂ ਲਿਟਾਂ ਵਿਚ ਇਕ ਚਿੱਟੀ ਲਿਟ ਵੀ ਸੀ।
ਫੇਰ ਅਚਨਚੇਤ ਹੀ ਉਹ ਸ਼ਾਂਤ ਹੋ ਗਈ। ਹੰਝੂਆਂ ਨਾਲ ਭਿੱਜੇ ਉਹਦੇ ਚਿਹਰੇ ਉੱਤੇ ਦ੍ਰਿੜ੍ਹਤਾ, ਸਗੋਂ ਕਠੋਰਤਾ ਆ ਗਈ।ਉਸ ਨੇ ਆਪਣੀਆਂ ਅੱਖਾਂ ਪੂੰਝੀਆਂ, ਵਾਲ ਕੱਠੇ ਕਰ ਕੇ ਪਿਨਾਂ ਲਾਈਆਂ ਤੇ ਹੱਸ ਕੇ ਬੋਲੀ:
“ਨਸਾਂ ਦਾ ਤਣਾਓ ... ਕੁਝ ਨਹੀਂ ਹੋ ਸਕਦਾ, ਮੈਨੂੰ ਅਰਾਮ ਕਰਨਾ ਚਾਹੀਦਾ ਹੈ... ਮੈਂ ਛੁੱਟੀ ਜਾ ਰਹੀ ਹਾਂ।”
“ਤੇ ਫੇਰ ?”
“ਫੇਰ ਓਥੇ ਵਾਪਿਸ, ਉਹਨਾਂ ਕੋਲ। ਅਜੇ ਲੜਾਈ ਖ਼ਤਮ ਨਹੀਂ ਹੋਈ।”
ਉਹਦਾ ਕੋਮਲ ਚਿਹਰਾ ਗੰਭੀਰ ਹੋ ਗਿਆ, ਚੁੱਪ ਗੰਭੀਰ ਹੋ ਗਿਆ। ਚੁੱਪ-ਗੜੁਪ, ਤੇ ਅਚਾਨਕ ਉਹ ਦਸ ਸਾਲ ਵੱਡੀ ਲੱਗਣ ਲੱਗ ਪਈ।
“ਓਥੇ ? ਏਡੀਆਂ ਕਰੜੀਆਂ ਅਜ਼ਮਾਇਸ਼ਾਂ ਤੋਂ ਬਾਅਦ ਵੀ ?”
ਉਹਨੇ ਉਸ ਦਿਨ ਆਖਿਆ ਸੀ: ‘ਅਸੀਂ ਸੋਵੀਅਤ ਲੋਕ ਹਾਂ।' ਇਹਨਾਂ ਕੁਝ ਲਫ਼ਜ਼ਾਂ ਵਿਚੋਂ ਆਦਮੀ ਦੀ ਪੂਰੀ ਸ਼ਖ਼ਸੀਅਤ ਜ਼ਾਹਿਰ ਹੁੰਦੀ ਸੀ। ਮੈਂ ਸਾਰੀ ਉਮਰ ਇਹ ਲਫਜ਼ ਯਾਦ ਰੱਖਾਂਗੀ।”