Azaadi (Kashmiri Story in Punjabi) : Ghulam Nabi Shahid
ਅਜ਼ਾਦੀ (ਕਸ਼ਮੀਰੀ ਕਹਾਣੀ) : ਗ਼ੁਲਾਮ ਨਬੀ ਸ਼ਾਹਿਦ
ਸ਼ਹਿਰ ਵਿੱਚ ਜਾਰੀ ਕਰਫ਼ਿਊ ਦੇ ਸੱਤਵੇਂ ਦਿਨ, ਸਵੇਰੇ-ਸਾਝਰੇ ਹੀ ਕੁੱਝ ਨਾਜ਼ੁਕ ਇਲਾਕਿਆਂ ਵਿੱਚ ਫ਼ੌਜ ਦੀਆਂ ਟੁਕੜੀਆਂ ਵਿੱਚ ਕੁੱਝ ਹੋਰ ਇਜ਼ਾਫਾ ਕੀਤਾ ਗਿਆ। 15 ਫ਼ੌਜੀਆਂ ਦੀ ਇੱਕ ਟੁਕੜੀ ਵਿੱਚ ਸ਼ਾਮਲ ਇੰਸਪੈਕਟਰ ਸੁਰਿੰਦਰ ਨੂੰ ਦਰੀਸ਼ ਕਦਲ ਦੇ ਇਲਾਕੇ ਵਿੱਚ ਤਾਇਨਾਤ ਕੀਤਾ ਗਿਆ। ਸੁਰਿੰਦਰ ਪਿਛਲੇ ਡੇਢ ਸਾਲ ਤੋਂ ਲਗਾਤਾਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਰਾਤ-ਦਿਨ ਆਪਣੀ ਡਿਊਟੀ ਨੂੰ ਬੜੇ ਵਧੀਆ ਢੰਗ ਨਾਲ਼ ਅੰਜ਼ਾਮ ਦੇ ਚੁੱਕਾ ਹੈ। ਆਪਣੀ ਚਾਰ ਸਾਲ ਦੀ ਬੱਚੀ ਕੰਵਲ ਦਾ ਮਾਸੂਮ, ਫੁੱਲ ਵਰਗਾ ਚਿਹਰਾ ਹਰ ਵੇਲ਼ੇ ਉਸ ਦੇ ਮਨ ਵਿੱਚ ਘੁੰਮਦਾ ਰਹਿੰਦਾ ਹੈ। ਇੱਕ ਮਹੀਨਾ ਪਹਿਲਾਂ ਉਸ ਨੇ ਛੁੱਟੀ ਲਈ ਦਰਖ਼ਾਸਤ ਦਿੱਤੀ ਹੈ, ਉਦੋਂ ਤੋਂ ਰੱਬ ਕੋਲੋਂ ਦਰਖ਼ਾਸਤ ਮਨਜ਼ੂਰ ਕਰਨ ਦੀਆਂ ਦੁਆਵਾਂ ਮੰਗ ਰਿਹਾ ਹੈ। ਅੱਜ ਸਵੇਰੇ ਗੱਡੀ ਵਿੱਚੋਂ ਉੱਤਰਦਿਆਂ ਉਹ ਅਜੇ ਅਰਦਾਸ ਵਿੱਚ ਹੀ ਮਗਨ ਸੀ ਕਿ ਐਨੇ ਨੂੰ, ਅਚਾਨਕ ਹੀ ਆਸ-ਪਾਸ ਦੀਆਂ ਗਲੀਆਂ, ਮਕਾਨਾਂ, ਦੁਕਾਂਨਾਂ ਤੋਂ ਧੁੱਪ ਦਾ ਇੱਕ ਵੱਡਾ ਰੈਲਾ ਕਰਫ਼ਿਊ ਤੋੜ ਕੇ ਉਸ ਦੇ ਆਸੇ-ਪਾਸੇ ਅਤੇ ਸਾਹਮਣੇ ਦਰੀਸ਼ ਕਦਲ ਦੇ ਆਰ-ਪਾਰ ਹੁੰਦਾ ਦੂਰ ਤੱਕ ਫ਼ੈਲ ਗਿਆ। ਕੁੱਝ ਪਲ ਉਹ ਬੇਚੈਨੀ ਜਿਹੀ ਵਿੱਚ ਆ, ਸ਼ੱਕੀ ਨਜ਼ਰਾਂ ਨਾਲ਼ ਧੁੱਪ ਨੂੰ ਦੇਖਦਾ ਰਿਹਾ। ਫ਼ਿਰ ਕੁੱਝ ਕੁ ਰਾਜ਼ੀ ਹੋਣ ‘ਤੇ ਮਾਹੌਲ ਦਾ ਜਾਇਜ਼ਾ ਲੈਣ ਲੱਗ ਪਿਆ। ਉਹ ਪੁਲ ਦੇ ਸਿਰੇ ‘ਤੇ ਖੜਾ ਸੀ। ਆਸੇ-ਪਾਸੇ ਦੇ ਮਕਾਨ, ਦੁਕਾਨਾਂ, ਸਾਹਮਣੇ ਵਾਲ਼ੀ ਸੜਕ, ਅਤੇ ਹੇਠਾਂ ਪਾਣੀ ਵਿੱਚ ਖੜੇ ਡੂੰਗੇ (ਡੂੰਗੇ- ਛੋਟੀਆਂ ਕਿਸ਼ਤੀਆਂ ‘ਤੇ ਹੀ ਬਣੇ ਲੱਕੜ ਦੇ ਛੋਟੇ ਘਰ) ਸਭ ਸ਼ਾਂਤ ਸਨ। ਕਿਸੇ ਵਿੱਚ ਕੋਈ ਹਰਕਤ ਨਹੀਂ ਸੀ ਦਿਸਦੀ। ਹੇਠਾਂ ਦਰਿਆ ਦੇ ਕਿਨਾਰੇ ‘ਤੇ ਖੁੱਲਣ ਵਾਲ਼ੀਆਂ ਗਲੀਆਂ ਦੇ ਮੂੰਹ ‘ਤੇ ਅਵਾਰਾ ਕੁੱਤੇ ਆਪਣੀਆਂ ਥੂਥਣੀਆਂ ਮੂਹਰਲੀਆਂ ਲੱਤਾਂ ਵਿੱਚ ਦੱਬ, ਆਸੇ-ਪਾਸੇ ਦੇ ਮਾਹੌਲ ਦਾ ਪੂਰਾ ਪੂਰਾ ਸਾਥ ਦੇ ਰਹੇ ਸਨ। ਕਰਫ਼ਿਊ ‘ਤੇ ਸਖ਼ਤੀ ਨਾਲ਼ ਅਮਲ ਹੋ ਰਿਹਾ ਸੀ – ਇਹ ਸੋਚ ਕੇ ਸੁਰਿੰਦਰ ਨੂੰ ਥੋੜੀ ਸੰਤੁਸ਼ਟੀ ਹੋਈ। ਇਸ ਦੌਰਾਨ ਉਸ ਦੇ ਦੂਸਰੇ ਸਾਥੀ ਗਸ਼ਤ ‘ਤੇ ਨਿੱਕਲੇ ਸਨ। ਉਸ ਨੇ ਆਪਣੀ ਰਫ਼ਲ ਮੋਢੇ ਤੋਂ ਉਤਾਰ ਕੇ ਹੱਥਾਂ ਵਿੱਚ ਲਈ ਅਤੇ ਆਸੇ-ਪਾਸੇ ਵੇਹੰਦਾ ਹੋਇਆ, ਪੁਲ ਦੇ ਦੂਜੇ ਬੰਨੇ ਵਧਣ ਲੱਗਾ। ਅਜੇ ਉਸ ਨੇ ਕੁੱਝ ਕੁ ਕਦਮ ਹੀ ਪੁੱਟੇ ਸਨ ਕਿ ਕਿਤਿਓਂ ਆ ਰਹੀ ਰੋਣ ਦੀ ਅਵਾਜ਼ ਸੁਣਕੇ ਉਹ ਉੱਥੇ ਹੀ ਖਲੋ ਗਿਆ। ਰੋਣ ਦੀ ਅਵਾਜ਼ ਕਿਤੇ ਨੇੜਿਓਂ ਹੀ ਆ ਰਹੀ ਸੀ। ਉਸ ਨੇ ਗੌਰ ਨਾਲ਼ ਆਸੇ-ਪਾਸੇ ਵੇਖਿਆ। ਉਸ ਨੂੰ ਲੱਗਾ ਜਿਵੇਂ ਆਸੇ-ਪਾਸੇ ਦਾ ਸਾਰਾ ਕੁੱਝ, ਸਾਰੇ ਮਕਾਨ, ਦੁਕਾਨਾਂ, ਸਾਹਮਣੇ ਵਾਲ਼ੀ ਸੜਕ, ਗਲੀਆਂ, ਹੇਠਾਂ ਦਰਿਆ, ਡੂੰਗੇ ਅਤੇ ਦਰਿਆ ਦੇ ਕੰਢੇ ਖਲੋਤੇ ਕੁੱਤੇ ਵੀ ਰੋ ਰਹੇ ਹੋਣ। ਇਸੇ ਦੌਰਾਨ ਪੁਲਸ ਦੀ ਇੱਕ ਜਿਪਸੀ ਪੁਲ ਉੱਤੋਂ ਦੀ ਤੇਜ਼ੀ ਨਾਲ਼ ਗੁਜ਼ਰੀ ਜਿਸ ਦੇ ਸ਼ੋਰ ਵਿੱਚ ਉਸ ਦੇ ਅਹਿਸਾਸ ਅਤੇ ਰੋਣ ਦੀ ਅਵਾਜ਼, ਮੰਨੋ ਦੋਵੇਂ ਹੀ ਇਕੱਠੇ ਦਬ ਕੇ ਰਹਿ ਗਏ। ਅਗਲੇ ਹੀ ਪਲ ਮਾਹੌਲ ਫ਼ਿਰ ਸ਼ਾਂਤ ਹੋ ਗਿਆ। ਉਹ ਕੁੱਝ ਕੁ ਕਦਮ ਹੋਰ ਅੱਗੇ ਵਧਿਆ ਜਿਸ ਨਾਲ਼ ਰੋਣ ਦੀ ਅਵਾਜ਼ ਵੀ ਵਧਣ ਲੱਗੀ ਅਤੇ ਸਾਫ਼ ਸੁਣਨ ਲੱਗੀ। ਇਹ ਕੋਈ ਬੱਚਾ ਸੀ ਜੋ ਵਿਲਕ ਰਿਹਾ ਸੀ। ਸੰਸੇ ਜਿਹੇ ਨਾਲ਼ ਉਹ ਐਧਰ-ਓਧਰ ਵੇਖਣ ਲੱਗਾ ਜਿਵੇਂ ਅੰਦਾਜ਼ਾ ਲਾਉਣਾ ਚਾਹੁੰਦਾ ਹੋਵੇ ਕਿ ਅਵਾਜ਼ ਕਿੱਥੋਂ ਆ ਰਹੀ ਸੀ। ਉਸ ਨੇ ਸੜਕ ਪਾਰ ਕੀਤੀ ਅਤੇ ਦੂਜੇ ਬੰਨੇ ਮਕਾਨਾਂ ਵਾਲ਼ੇ ਪਾਸੇ ਕੰਨ ਕਰਕੇ ਸੁਣਨ ਲੱਗਾ ਪਰ ਕੁੱਝ ਅੰਦਾਜ਼ਾ ਨਾ ਲਾ ਸਕਿਆ ਕਿ ਅਵਾਜ਼ ਕਿੱਥੋਂ ਆ ਰਹੀ ਸੀ। ਉਸ ਨੇ ਵਾਪਸ ਮੁੜ ਕੇ ਫ਼ਿਰ ਤੋਂ ਸੜਕ ਪਾਰ ਕੀਤੀ ਅਤੇ ਗੌਰ ਨਾਲ਼ ਰੋਣ ਦੀ ਅਵਾਜ਼ ਸੁਣਨ ਲੱਗਾ। ਉਸੇ ਹੀ ਪਲ ਉਸ ਨੂੰ ਯਕੀਨ ਹੋ ਗਿਆ ਕਿ ਅਵਾਜ਼ ਪੁਲ ਦੇ ਹੇਠਾਂ ਤੋਂ ਆ ਰਹੀ ਸੀ। ਉਸ ਨੇ ਥੋੜਾ ਜਿਹਾ ਝੁਕਦੇ ਹੋਏ ਡੂੰਗਿਆਂ ਵੱਲ ਦੇਖਿਆ। ਉਹ ਕੁੱਝ ਪਲ ਇਸੇ ਤਰਾਂ ਗੌਰ ਨਾਲ ਵੇਹੰਦਾ ਰਿਹਾ। ਉਸ ਨੂੰ ਪੱਕੀ ਤਰਾਂ ਅੰਦਾਜ਼ਾ ਹੋ ਗਿਆ ਕਿ ਰੋਣ ਦੀ ਅਵਾਜ਼ ਪਹਿਲੇ ਡੂੰਗੇ ਵਿੱਚੋਂ ਹੀ ਆ ਰਹੀ ਸੀ। ਫ਼ਿਰ ਜਿਵੇਂ ਉਸ ਨੂੰ ਕੁੱਝ ਯਾਦ ਆ ਗਿਆ ਹੋਵੇ, ਉਹ ਅਚਾਨਕ ਮੁਸਤੈਦੀ ਨਾਲ਼ ਸਿੱਧਾ ਖੜਾ ਹੋ ਗਿਆ। ਰਫ਼ਲ ਨੂੰ ਮਜ਼ਬੂਤੀ ਨਾਲ਼ ਫੜਿਆ, ਆਸੇ-ਪਾਸੇ ਦੂਰ ਤੱਕ ਨਿਗਾਹ ਮਾਰੀ। ਕਰਫ਼ਿਊ ਸਖ਼ਤੀ ਨਾਲ਼ ਲਾਗੂ ਸੀ – ਉਸ ਨੂੰ ਥੋੜੀ ਸੰਤੁਸ਼ਟੀ ਹੋਈ। ਪਰ ਰੋਣ ਦੀ ਅਵਾਜ਼ ਲਗਾਤਾਰ ਉਸ ਦੇ ਕੰਨਾਂ ਨੂੰ ਚੀਰ ਰਹੀ ਸੀ। ਉਸ ਨੇ ਮੁੜ ਕੇ ਫ਼ੇਰ ਹੇਠਾਂ ਡੂੰਗੇ ਵੱਲ ਦੇਖਿਆ। ਛੱਕ ਦੀ ਹਾਲਤ ਜਿਹੀ ਵਿੱਚ ਉਹ ਫ਼ੈਸਲਾ ਨਹੀਂ ਸੀ ਕਰ ਪਾ ਰਿਹਾ ਕਿ ਕੀ ਕਰੇ। ਬੱਚਾ ਵਿਲਕ-ਵਿਲਕ ਰੋ ਰਿਹਾ ਸੀ।
“ਸ਼ਾਇਦ ਬਹੁਤ ਬਿਮਾਰ ਹੈ” ਉਸ ਨੇ ਖੜੇ-ਖੜੇ ਨੇ ਬਿੰਦ ਕੁ ਲਈ ਸੋਚਿਆ…“ਪਰ ਮੈਂ ਕੀ ਕਰ ਸਕਦਾ ਹਾਂ” ਖ਼ੁਦ ਨਾਲ਼ ਬੁੜਬੁੜਾਉਂਦੇ ਹੋਏ ਉਸ ਨੇ ਵਾਪਸ ਮੁੜਨਾ ਚਾਹਿਆ ਪਰ ਉਸ ਨੇ ਮਹਿਸੂਸ ਕੀਤਾ ਕਿ ਉਸ ਦੇ ਪੈਰ ਉਸ ਦਾ ਸਾਥ ਨਹੀਂ ਦੇ ਰਹੇ। ਪਲ ਭਰ ਲਈ ਉਹ ਸ਼ਾਂਤ ਚਿੱਤ ਹੋ ਗਿਆ। ਉਸ ਦੇ ਮਨ ਵਿੱਚ ਕੰਵਲ ਦਾ ਚਿਹਰਾ ਘੁੰਮਣ ਲੱਗਾ। ਇਸ ਸਦਕਾ ਉਹ ਝੱਟ ਹਰਕਤ ਵਿੱਚ ਆ ਗਿਆ ਅਤੇ ਮੁੜ ਕੇ ਹੇਠਾਂ ਡੂੰਗੇ ਵੱਲ ਦੇਖਣ ਲੱਗਾ। ਫ਼ੇਰ ਉਹ ਸਾਹਮਣੇ ਗਲੀ ਵੱਲ, ਜਿਹੜੀ ਕਿ ਸੜਕ ਤੋਂ ਉੱਤਰ ਕੇ ਡੂੰਗੇ ਦੇ ਸਾਹਮਣੇ ਕੰਢੇ ਕੋਲ ਖੁੱਲ੍ਹਦੀ ਸੀ, ਵਧ ਗਿਆ ਅਤੇ ਪੁਲ ਪਾਰ ਕਰਦੇ ਹੀ ਸੱਜੇ ਪਾਸੇ ਗਲੀ ਵਿੱਚ ਮੁੜ ਗਿਆ ਅਤੇ ਰੋਣੇ ਦੀ ਪੈੜ ਨੱਪਦੇ ਹੋਏ ਤੇਜ਼ ਕਦਮੀ ਨਾਲ਼ ਚੱਲਦਿਆਂ ਉਹ ਕੁੱਝ ਕੁ ਪਲਾਂ ਵਿੱਚ ਹੀ ਡੂੰਗੇ ਦੇ ਸਾਹਮਣੇ ਆ ਖਲੋਤਾ। ਰੋਣ ਦੀ ਅਵਾਜ਼ ਨੇੜੇ ਤੋਂ ਸੁਣਕੇ ਉਸ ਨੂੰ ਮਹਿਸੂਸ ਹੋਇਆ ਜਿਵੇਂ ਕੰਵਲ ਦਾ ਰੋਣਾ ਵੀ ਇਸ ਵਿੱਚ ਸ਼ਾਮਲ ਹੋਵੇ। ਉਸ ਨੇ ਰਫ਼ਲ ਨੂੰ ਸਿੱਧਾ ਕਰਕੇ ਡੂੰਗੇ ਦੀ ਬਾਰੀ ਉੱਤੇ ਜ਼ੋਰ ਨਾਲ਼ ਇੱਕ-ਦੋ ਵਾਰ ਦਸਤਕ ਦਿੱਤੀ। ਇਸ ਖੜਕੇ ਨਾਲ਼ ਹੀ ਰੋਣਾ ਬੰਦ ਹੋ ਗਿਆ ਅਤੇ ਹਲਕੀ ਜਿਹੀ ਅਵਾਜ਼ ਨਾਲ਼ ਬਾਰੀ ਖੁੱਲੀ। ਫ਼ੌਜੀ ਨੂੰ ਸਾਹਮਣੇ ਦੇਖ ਕੇ ਕਾਦਿਰ ਦੀ ਜਿਵੇਂ ਜਾਨ ਹੀ ਨਿੱਕਲ ਗਈ। ਉਸ ਦਾ ਗਲਾ ਸੁੱਕ ਗਿਆ। ਇਸ ਤੋਂ ਪਹਿਲਾਂ ਕਿ ਉਹ ਗ਼ਸ਼ ਖਾ ਕੇ ਡਿੱਗਦਾ, ਸੁਰਿੰਦਰ ਨੇ ਕੁੱਝ ਨਰਮੀ ਨਾਲ਼ ਉਸ ਨੂੰ ਪੁੱਛਿਆ, “ਬੱਚਾ ਕਿਉਂ ਰੋ ਰਿਹਾ ਹੈ, ਬਿਮਾਰ ਹੈ ?” “ਨਹੀਂ! ਬਿਮਾਰ ਨਹੀਂ, ਭੁੱਖਾ ਹੈ। ਪਰਸੋਂ ਤੋਂ ਕੁੱਝ ਖਾਧਾ ਨਹੀਂ ਹੈ, ਥੋੜੇ ਜਿਹੇ ਚੌਲ ਸਨ ਉਹ ਮੁੱਕ ਗਏ ਨੇ। ਹੁਣ…” ਕਾਦਿਰ ਮੁਸ਼ਕਲ ਨਾਲ਼ ਅਜੇ ਐਨਾ ਹੀ ਕਹਿ ਸਕਿਆ ਸੀ ਕਿ ਬੱਚੇ ਨੇ ਕਾਦਿਰ ਦੇ ਮੋਢੇ ਤੋਂ ਸਿਰ ਚੁੱਕਿਆ ਅਤੇ ਸੁਰਿੰਦਰ ਵੱਲ ਵੇਖਿਆ ਅਤੇ ਪਹਿਲਾਂ ਤੋਂ ਵੀ ਵਧੇਰੇ ਸ਼ਿੱਦਤ ਨਾਲ਼ ਰੋਣ ਲੱਗਾ। ਉਸ ਦੇ ਇਸ ਵਾਰ ਰੋਣ ਵਿੱਚ ਖੌਫ਼ ਦਾ ਅਸਰ ਜ਼ਿਆਦਾ ਸੀ। ਸੁਰਿੰਦਰ ਕਾਦਿਰ ਨੂੰ ਗਹੁ ਨਾਲ਼ ਵੇਖ ਰਿਹਾ ਸੀ। ਉਸ ਨੇ ਕੁੱਝ ਉੱਚੀ ਅਵਾਜ਼ ਵਿੱਚ ਪੁੱਛਿਆ “ਚੌਲ ਕਿੱਥੋਂ ਮਿਲਣਗੇ।” “ਉੱਪਰ ਮਹੁਦੀਨ ਦੀ ਦੁਕਾਨ ਤੋਂ, ਪਰ ਮੇਰੇ ਕੋਲ…” ਐਨਾ ਕਹਿੰਦੇ ਹੋਏ ਕਾਦਿਰ ਦਾ ਹੱਥ ਉੱਪਰ ਉੱਠਦੇ ਹੋਏ ਜਿਵੇਂ ਰੁਕ ਜਿਹਾ ਗਿਆ। ਸੁਰਿੰਦਰ ਨੇ ਉੱਪਰ ਵੱਲ ਦੇਖਿਆ ਅਤੇ ਫ਼ੇਰ ਕਾਦਿਰ ਦੇ ਵੱਲ ਮੁੜਦੇ ਹੋਏ ਬੋਲਿਆ।
“ਕੋਈ ਗੱਲ ਨਹੀਂ, ਚੱਲ ਮੇਰੇ ਨਾਲ” ਇਹ ਕਹਿੰਦੇ ਹੋਏ ਸੁਰਿੰਦਰ ਨੇ ਸਾਹਮਣੇ ਵਾਲੀ ਗਲ਼ੀ ਵੱਲ ਚਾਲਾ ਪਾਇਆ। ਕਾਦਿਰ ਨੇ ਬਾਰੀ ਬੰਦ ਕੀਤੀ। ਪਿੱਛੇ ਖੜੀ ਆਪਣੀ ਪਤਨੀ ਨੂੰ ਕੁੱਝ ਸਮਝਾਇਆ ਅਤੇ ਬੱਚੇ ਨੂੰ ਬੁੱਕਲ ਵਿੱਚ ਲੈ ਸਾਹਮਣੇ ਵਾਲ਼ੇ ਦਰਵਾਜ਼ੇ ਥਾਣੀਂ ਨਿੱਕਲਿਆ ਅਤੇ ਡੂੰਗੇ ਅਤੇ ਕਿਨਾਰੇ ਦਰਮਿਆਨ ਰੱਖੇ ਦਿਓਦਾਰ ਦੇ ਬਾਰਾਂ ਇੰਚੀ ਫੱਟੇ ਉੱਤੋਂ ਦੀ ਡੋਲਦਾ ਹੋਇਆ ਕਿਨਾਰੇ ਉੱਤੇ ਆ ਗਿਆ। ਬੱਚਾ ਜ਼ੋਰ ਜ਼ੋਰ ਦੀ ਰੋ ਰਿਹਾ ਸੀ। ਉਸ ਦੇ ਰੋਣ ਵਿੱਚ ਅਜੇ ਵੀ ਖੌਫ ਦਾ ਅਸਰ ਤਾਰੀ ਸੀ। ਉਹ ਗਲੀ ਦੇ ਸਾਹਮਣੇ ਪਹੁੰਚ ਗਿਆ। ਸਾਹਮਣੇ ਗਲੀ ਦੇ ਸਿਵਾ ਹੋਰ ਕੁੱਝ ਵੀ ਨਜ਼ਰ ਨਹੀਂ ਸੀ ਆ ਰਿਹਾ। ਉਹ ਹਫ਼ਦਾ ਹੋਇਆ ਗਲੀ ਵਿੱਚ ਵੜ ਗਿਆ। ਕੁੱਝ ਹੀ ਪਲਾਂ ਵਿੱਚ ਉਹ ਸੜਕ ‘ਤੇ ਸੁਰਿੰਦਰ ਦੇ ਸਾਹਮਣੇ ਖੜਾ ਸੀ। “ਕਿੱਥੇ ਹੈ ਉਸ ਦੀ ਦੁਕਾਨ” – ਆਸੇ-ਪਾਸੇ ਦੀਆਂ ਦੁਕਾਨਾਂ ਵੱਲ ਇਸ਼ਾਰਾ ਕਰਦੇ ਹੋਏ ਸੁਰਿੰਦਰ ਨੇ ਪੁੱਛਿਆ। ਕਾਦਿਰ ਨੇ ਫੁਲਦੀਆਂ ਸਾਹਾਂ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦਿਆਂ, ਸੱਜੇ ਪਾਸੇ ਵਾਲ਼ੀਆਂ ਕੁੱਝ ਦੁਕਾਨਾਂ ਛੱਡ ਇੱਕ ਦੁਕਾਨ ਵੱਲ ਇਸ਼ਾਰਾ ਕੀਤਾ ਅਤੇ ਕਿਹਾ – “ਉਹ….ਸੁਰਖ਼ ਸ਼ਟਰ ਵਾਲੀ…ਉਹ…ਮਹੁਦੀਨ ਦੀ ਹੈ” ਸੁਰਿੰਦਰ ਨੇ ਮਹੁਦੀਨ ਦੀ ਦੁਕਾਨ ਵੱਲ ਗੌਰ ਨਾਲ਼ ਵੇਖਿਆ। ਫ਼ਿਰ ਮੁੜਕੇ ਕਾਦਿਰ ਨੂੰ ਪੁੱਛਿਆ “ਠੀਕ ਹੈ, ਪਰ ਇਹ ਰਹਿੰਦਾ ਕਿੱਥੇ ਹੈ।” “ਉਸ ਦਾ ਘਰ ਵੀ ਦੁਕਾਨ ਦੇ ਨਾਲ਼ ਹੀ ਹੈ” – ਕਾਦਿਰ ਨੇ ਵਿਲਕਦੇ ਬੱਚੇ ਨੂੰ ਇੱਕ ਮੋਢੇ ਤੋਂ ਦੂਜੇ ਮੋਢੇ ‘ਤੇ ਰੱਖਦੇ ਹੋਏ ਕਿਹਾ। “ਠੀਕ ਹੈ, ਚੱਲ ਮੇਰੇ ਨਾਲ।” ਇਹ ਕਹਿੰਦੇ ਹੋਏ ਸੁਰਿੰਦਰ ਦੁਕਾਨ ਵੱਲ ਵਧਣ ਲੱਗਾ ਅਤੇ ਕਾਦਿਰ ਉਸ ਦੇ ਪਿੱਛੇ-ਪਿੱਛੇ ਤੁਰ ਪਿਆ। ਨੇੜੇ ਪਹੁੰਚ ਕੇ ਸੁਰਿੰਦਰ ਨੇ ਦੁਕਾਨ ਅਤੇ ਮਕਾਨ ਦਾ ਉੱਪਰੋਂ ਹੇਠਾਂ ਤੱਕ ਪੂਰਾ ਜਾਇਜ਼ਾ ਲਿਆ। ਫ਼ਿਰ ਉਸ ਨੇ ਅੱਗੇ ਵਧ ਕੇ ਗਲੀ ਵਿੱਚ ਖੁੱਲ ਰਹੇ ਮਕਾਨ ਦੇ ਦਰਵਾਜ਼ੇ ਉੱਤੇ ਆਪਣੇ ਹੱਥ ਨਾਲ਼ ਦੋ-ਤਿੰਨ ਵਾਰ ਦਸਤਕ ਦਿੱਤੀ। ਤੁਰੰਤ ਹੀ ਇੱਕ ਅੱਧਖੜ ਉਮਰ ਦਾ ਬੰਦਾ ਦਰਵਾਜ਼ੇ ‘ਤੇ ਖੜਾ ਹੋ ਗਿਆ। “ਤੇਰਾ ਨਾਮ ਮਹੁਦੀਨ ਹੈ ?” ਸੁਰਿੰਦਰ ਨੇ ਕੁੱਝ ਕੁ ਨਰਮੀ ਨਾਲ਼ ਪੁੱਛਿਆ। “ਜੀ।” ਮਹੁਦੀਨ ਨੇ ਮੁਸ਼ਕਲ ਨਾਲ਼ ਜਵਾਬ ਦਿੱਤਾ। “ਦੁਕਾਨ ਵਿੱਚ ਚੌਲ, ਸਬਜ਼ੀ ਕੁੱਝ ਹੈ” – ਸੁਰਿੰਦਰ ਨੇ ਪਹਿਲੇ ਵਾਲ਼ੇ ਲਹਿਜ਼ੇ ਵਿੱਚ ਹੀ ਪੁੱਛਿਆ। ਮਹੁਦੀਨ ਨੇ ਇਹ ਸੁਣ ਅੰਦਰੋਂ ਰਾਹਤ ਦੀ ਇੱਕ ਘੁੱਟ ਭਰੀ ਅਤੇ ਕਿਹਾ, “ਚੌਲ ਅਤੇ ਪਿਆਜ਼ ਹੈਗੇ ਨੇ” – “ਠੀਕ ਹੈ, ਇਸ ਬੰਦੇ ਨੂੰ ਥੋੜੇ ਚੌਲ ਅਤੇ ਪਿਆਜ਼ ਦੇ ਦੇ। ਪੈਸੇ ਬਾਅਦ ਵਿੱਚ ਦੇਉਗਾ, ਇਸ ਦਾ ਬੱਚਾ ਭੁੱਖਾ ਹੈ।” ਸੁਰਿੰਦਰ ਨੇ ਆਪਣੇ ਮਗਰ ਖੜੇ ਕਾਦਿਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ। ਮਹੁਦੀਨ ਨੇ ਇੱਕ ਨਜ਼ਰ ਕਾਦਿਰ ਅਤੇ ਰੋਂਦੇ ਹੋਏ ਬੱਚੇ ਵੱਲ ਮਾਰੀ ਅਤੇ ਕਿਹਾ, “ਠੀਕ ਹੈ, ਮੈਂ ਚਾਬੀ ਲਿਆਉਂਦਾ ਹਾਂ।” ਇਹ ਕਹਿੰਦੇ ਹੋਏ ਉਹ ਵਾਪਸ ਮੁੜਿਆ। ਸੁਰਿੰਦਰ ਦੁਕਾਨ ਦੇ ਸਾਹਮਣੇ ਖੜਾ ਹੋ ਗਿਆ। ਕਾਦਿਰ ਹੁਣ ਪੂਰੇ ਯਕੀਨ ਨਾਲ਼ ਬੱਚੇ ਨੂੰ ਤਸੱਲੀਆਂ ਦੇਣ ਲੱਗਾ। ਇਸ ਦੌਰਾਨ ਮਹੁਦੀਨ ਨੇ ਚਾਬੀ ਨਾਲ਼ ਦੁਕਾਨ ਦੇ ਤਾਲੇ ਖੋਲੇ। ਸ਼ਟਰ ਖੁੱਲਣ ਦੀ ਅਵਾਜ਼ ਦੇ ਨਾਲ਼ ਹੀ ਜਿਵੇਂ ਆਸੇ-ਪਾਸੇ ਦਾ ਸਭ ਕੁੱਝ ਹਰਕਤ ਵਿੱਚ ਆ ਗਿਆ। ਸੁਰਿੰਦਰ ਖੁਦ ਵੀ ਹੜਬੜਾ ਗਿਆ। ਰਫ਼ਲ ਨੂੰ ਮਜ਼ਬੂਤੀ ਨਾਲ਼ ਹੱਥਾਂ ਵਿੱਚ ਫੜਕੇ ਆਪਣੇ ਖੱਬੇ-ਸੱਜੇ ਦਾ ਜਾਇਜ਼ਾ ਲੈਣ ਲੱਗਾ। ਇਸ ਵਕਫ਼ੇ ਵਿੱਚ ਸਭ ਕੁੱਝ ਪਹਿਲਾਂ ਵਰਗੀ ਹਾਲਤ ਵਿੱਚ ਹੀ ਆ ਗਿਆ। “ਕਰਫ਼ਿਊ ਉੱਤੇ ਸਖ਼ਤੀ ਨਾਲ਼ ਅਮਲ ਹੋ ਰਿਹਾ ਹੈ” ਇਹ ਸੋਚਦੇ ਹੋਏ ਸੁਰਿੰਦਰ ਨੇ ਖੁੱਲੀ ਦੁਕਾਨ ਵੱਲ ਦੇਖਿਆ। ਮਹੁਦੀਨ ਇੱਕ ਥੈਲੇ ਵਿੱਚ ਚੌਲ ਭਰ ਚੁੱਕਾ ਸੀ। ਕਾਦਿਰ ਇੱਕ ਬੇਯਕੀਨੀ ਜਿਹੀ ਨਾਲ ਇਹ ਸਭ ਕੁੱਝ ਦੇਖ ਰਿਹਾ ਸੀ। ਬੱਚਾ ਰੋਂਦੇ ਹੋਏ ਮਹੁਦੀਨ ਵੱਲ ਉੱਲਰ ਰਿਹਾ ਸੀ। ਕਾਦਿਰ ਉਸ ਨੂੰ ਤਸੱਲੀਆਂ ਦੇ ਕੇ ਇੱਕ ਮੋਢੇ ਤੋਂ ਚੁੱਕ ਕੇ ਦੂਜੇ ਮੋਢੇ ‘ਤੇ ਰੱਖ ਥਾਪੜੀਆਂ ਦੇ-ਦੇ ਉਸ ਨੂੰ ਚੁੱਪ ਕਰਾਉਣ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਸੀ। ਸੁਰਿੰਦਰ ਇਹ ਸਭ ਦੇਖ ਰਿਹਾ ਸੀ। ਉਹ ਅੱਗੇ ਵਧਿਆ ਅਤੇ ਜੇਬ ਵਿੱਚੋਂ ਦਸ ਰੁਪਏ ਦਾ ਨੋਟ ਕੱਢ ਕੇ ਮਹੁਦੀਨ ਨੂੰ ਫੜਾਇਆ ਅਤੇ ਇੱਕ ਪਾਪੜਾਂ ਦਾ ਪੈਕਟ ਚੁੱਕ ਕੇ ਬੱਚੇ ਦੇ ਕਰੀਬ ਆ ਗਿਆ। ਉਸ ਨੇ ਪਾਪੜਾਂ ਦਾ ਪੈਕਟ ਬੱਚੇ ਦੇ ਹੱਥਾਂ ਵਿੱਚ ਦਿੰਦਿਆਂ ਕਿਹਾ -“ਇਹ ਲੈ…ਹੁਣ ਤਾਂ ਚੁੱਪ ਹੋ ਜਾ…” ਪਾਪੜਾਂ ਦਾ ਪੈਕਟ ਲੈਂਦਿਆਂ ਹੀ ਬੱਚਾ ਚੁੱਪ ਹੋ ਗਿਆ। ਸੁਰਿੰਦਰ ਬੱਚੇ ਨੂੰ ਚੁੱਪ-ਚਾਪ ਤੱਕਦਾ ਰਿਹਾ, ਫ਼ਿਰ ਜ਼ਰਾ ਧੀਰਜ ਨਾਲ਼ ਉਸ ਨੇ ਪੁੱਛਿਆ -“ਸ਼ਾਬਾਸ਼….ਹੁਣ ਹੋਰ ਕੀ ਚਾਹੀਦਾ?” ਬੱਚੇ ਨੇ ਪਾਪੜਾਂ ਦੇ ਪੈਕਟ ਨਾਲ਼ ਖੇਡਦੇ ਹੋਏ ਉਸੇ ਹੀ ਧੀਰਜ ਨਾਲ਼ ਜਵਾਬ ਦਿੱਤਾ…“ਅਜ਼ਾਦੀ”…!