Baaghi (Story in Punjabi) : Ram Lal

ਬਾਗ਼ੀ (ਕਹਾਣੀ) : ਰਾਮ ਲਾਲ

ਮੈਂ ਸਾਰੀ ਰਾਤ ਸੌਂ ਨਾ ਸਕਿਆ। ਗੱਲ ਇੰਜ ਸੀ :
ਅਕਤੂਬਰ ਦਾ ਮਹੀਨਾ ਤੇ ਸਮਾਂ ਤੀਜੇ ਪਹਿਰ ਦਾ ਸੀ। ਇਹ ਉਹ ਰੁੱਤ ਤੇ ਸਮਾਂ ਸੀ ਜਦੋਂ ਗਰਮੀਆਂ ਤੇ ਸਿਆਲ, ਦਿਨ ਤੇ ਰਾਤ ਗਲ਼ ਲੱਗ ਕੇ ਮਿਲਦੇ ਹਨ। ਮੈਂ ਆਪਣੀ ਲਾਇਬਰੇਰੀ ਵਿਚ ਬੈਠਾ ਅਗਲੇ ਦਿਨ ਲਈ ਲੈਕਚਰ ਤਿਆਰ ਕਰ ਰਿਹਾ ਸਾਂ। ਮੇਰਾ ਮਨ ਮੁੜ ਮੁੜ ਕੇ ਅੱਜ ਕੱਲ੍ਹ ਦੇ ਨੌਜਵਾਨਾ ਬਾਰੇ ਸੋਚ ਰਿਹਾ ਸੀ ਤੇ ਮੈਂ ਆਪਣੀ ਇਸ ਮਿਹਨਤ ਨੂੰ ਸਮੇਂ ਦੀ ਬਰਬਾਦੀ ਸਮਝ ਰਿਹਾ ਸਾਂ। ਕਿਉਂਕਿ ਅੱਜ ਕੱਲ੍ਹ ਦੇ ਵਿਦਿਆਰਥੀਆਂ ਨੂੰ ਨਾ ਤਾਂ ਪੜ੍ਹਾਈ ਦੀ ਲੋੜ ਹੈ ਤੇ ਨਾ ਪ੍ਰੋਫ਼ੈਸਰ ਦੀ। ਜਦੋਂ ਮੈਂ ਅਜਿਹੇ ਖ਼ਿਆਲਾਂ ਵਿਚ ਗੁੰਮਿਆਂ ਹੋਇਆ ਸਾਂ ਤਾਂ ਆਵਾਜ਼ ਸੁਣਾਈ ਦਿੱਤੀ—
'ਹਾਏ ਪਾਪਾ !'' ਆਵਾਜ਼ ਜਾਣੀ ਪਛਾਣੀ ਸੀ।
ਮੈਂ ਨਿਗਾਹ ਉੱਚੀ ਕੀਤੀ। ਮੇਰਾ ਇਕਲੌਤਾ ਪੁੱਤਰ, ਜਿਹੜਾ ਇੰਜੀਨੀਅਰਿੰਗ ਦੇ ਆਖ਼ਰੀ ਸਾਲ ਦਾ ਵਿਦਿਆਰਥੀ ਸੀ, ਛੁੱਟੀਆਂ ਵਿਚ ਘਰ ਆਇਆ ਹੋਇਆ ਸੀ, ਤੇ ਇਹ ਅੱਜ ਦੀ ਪੀੜ੍ਹੀ ਦਾ ਮਿਲਣ ਢੰਗ ਸੀ। ਪਰਣਾਮ, ਪੈਰੀ-ਪੈਣਾ ਤੇ ਨਮਸਕਾਰ ਤਾਂ ਭਾਵੇਂ ਪੁਰਾਣੀਆਂ ਗੱਲਾਂ ਹੋ ਚੁੱਕੀਆਂ ਸਨ, ਪਰ ਇਹ 'ਹਾਏ' ਮੇਰੇ ਕੰਨਾਂ ਲਈ ਨਵਾਂ ਸੀ ਤੇ ਮੇਰੇ ਆਪਣੇ ਪੁੱਤਰ ਦਾ ਚਿਹਰਾ ਵੀ ਬੇਪਛਾਣ ਸੀ—ਗੱਲ ਜ਼ਰੂਰ ਤੁਹਾਨੂੰ ਅਣਹੋਣੀ ਲੱਗਦੀ ਹੋਵੇਗੀ, ਪਰ ਹੈ ਸੱਚੀ ਕਿ ਇਸ ਹੁਲੀਏ ਵਿਚ ਮੈਨੂੰ ਉਸਦੀ ਪਛਾਣ ਨਹੀਂ ਸੀ ਆਈ। ਉਸਨੇ ਲੰਮੇ ਵਾਲ ਵਧਾਏ ਹੋਏ ਸਨ ਤੇ ਮੁੱਛਾ ਹੇਠਾਂ ਨੂੰ ਢਿਲਕੀਆਂ ਹੋਈਆਂ ਸਨ। ਠੋਡੀ ਉੱਤੇ ਮਾਸਾ ਕੁ ਦਾੜ੍ਹੀ ਰੱਖੀ ਹੋਈ ਸੀ। ਹੇਠ ਪਤਲੂਨ ਪਾਈ ਹੋਈ ਸੀ ਤੇ ਉੱਤੇ ਕੁੜਤਾ, ਕੁੜਤੇ ਉੱਤੇ ਰੰਗ-ਬਿਰੰਗੀ ਵਾਸਕਟ ਤੇ ਗਲ਼ ਵਿਚ ਅਜੀਬ ਫੈਸ਼ਨ ਦੀਆਂ ਦੋ ਤਿੰਨ ਮਾਲਾ ਜਿਹੀਆਂ ਪਾਈਆਂ ਹੋਈਆਂ ਸਨ।
'ਓ-ਅ ਤੂੰ ਏਂ !'' ਮੇਰੇ ਮੂੰਹੋਂ ਨਾ 'ਜੁਗ-ਜੁਗ ਜੀਵੇਂ' ਨਿਕਲਿਆ ਤੇ ਨਾ ਹੀ ਮੈਂ ਇਹ ਪੁੱਛ ਸਕਿਆ, 'ਕਾਕਾ ਕਦੋਂ ਆਇਆ ਏਂ, ਕੀ ਹਾਲ ਏ?' ਤੇ ਸ਼ਾਇਦ ਉਸਨੂੰ ਇਹਦੀ ਲੋੜ ਵੀ ਕੋਈ ਨਹੀਂ ਸੀ। ਉਸਨੇ ਇਕ ਕੁਰਸੀ ਖਿਸਕਾਈ ਤੇ ਮੇਰੇ ਮੇਜ਼ ਉੱਤੇ ਮੌਜ਼ ਨਾਲ ਲੱਤਾਂ ਪਸਾਰ ਕੇ ਬੈਠ ਗਿਆ। ਫੇਰ ਉਸਨੇ ਪਤਲੂਨ ਦੀ ਜੇਬ ਵਿਚੋਂ ਇਕ ਮਰੋੜਿਆ-ਮਸਲਿਆ ਸਿਗਰੇਟ ਕੱਢਿਆ। ਮੇਰੇ ਲਾਈਟਰ ਨਾਲ ਲਾਇਆ ਤੇ ਉਸ ਵਿਚੋਂ ਨਿਕਲਦੀ ਨਿੱਕੀ ਲਾਟ ਮੇਰੇ ਅੱਧ ਬੁਝੇ ਸਿਗਾਰ ਵਲ ਵਧਾ ਦਿੱਤੀ। ਉਸਦੀ ਇਹ ਹਰਕਤ ਵੇਖ ਕੇ ਮੇਰੇ ਦੰਦ ਜੁੜ ਗਏ, ਸਾਡੇ ਪੁਰਾਣੇ ਤੇ ਸ਼ਰੀਫ਼ ਖ਼ਾਨਦਾਨ ਵਿਚ ਅਜਿਹੀ ਗੱਲ ਕਦੇ ਨਹੀਂ ਸੀ ਵਾਪਰੀ।
ਤੇ ਉਸ ਰਾਤ ਮੈਂ ਸੌਂ ਨਾ ਸਕਿਆ।
ਸਾਰੀ ਰਾਤ ਮੈਨੂੰ ਉਸਦੇ ਕੁਢੱਬੇ ਪਹਿਰਾਵੇ ਤੇ ਅਜੀਬ ਸ਼ਕਲ ਸੂਰਤ ਦਾ ਹੀ ਖ਼ਿਆਲ ਆਈ ਗਿਆ। ਪਰ ਪਤਾ ਨਹੀਂ ਕਿਉਂ ਉਸਦੀ ਸ਼ਕਲ ਮੈਨੂੰ ਮੇਰੇ ਪੜਦਾਦੇ ਦੀ ਤਸਵੀਰ ਨਾਲ ਮਿਲਦੀ-ਜੁਲਦੀ ਲੱਗੀ। ਸਾਡੇ ਜੱਦੀ ਪੁਸ਼ਤੀ ਮਕਾਨ ਦੀ ਬੈਠਕ ਵਿਚ ਸਾਡੇ ਬਜ਼ੁਰਗਾਂ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ, ਜਿਹਨਾਂ ਦੇ ਵੱਡੇ-ਵੱਡੇ ਕਾਰਨਾਮਿਆਂ ਦੀਆਂ ਅਸੀਂ ਹਮੇਸ਼ਾ ਪੁਰਾਣੇ ਤੇ ਨਵੇਂ ਮਹਿਮਾਨਾਂ ਨੂੰ ਗੱਲਾਂ ਸੁਣਾਉਂਦੇ ਹੁੰਦੇ ਹਾਂ। ਮੇਰੇ ਪੜਦਾਦੇ ਦੀਆਂ ਮੁੱਛਾਂ ਵੀ ਹੋਠਾਂ ਦਿਆਂ ਕੋਨਿਆਂ ਤਕ ਸਨ ਤੇ ਠੋਡੀ ਉੱਤੇ ਮਾਸਾ ਕੁ ਦਾੜ੍ਹੀ ਰੱਖੀ ਹੋਈ ਸੀ। ਉਹਨਾਂ ਦੇ ਵੀ ਵਾਸਕਟ ਪਾਈ ਹੋਈ ਸੀ ਤੇ ਉਸ ਦੀ ਉਤਲੀ ਜੇਬ ਵਿਚ ਪਾਈ ਹੋਈ ਘੜੀ ਦੀ ਮੋਟੀ ਸਾਰੀ ਜੰਜ਼ੀਰੀ ਗਲ਼ ਵਿਚ ਓਵੇਂ ਹੀ ਲਮਕਾਈ ਹੋਈ ਹੈ, ਜਿਵੇਂ ਇਸ ਪੀੜ੍ਹੀ ਦੇ ਨੌਜਵਾਨਾਂ ਦੀ ਮਾਲਾ। ਪਰ ਇਹ ਤਸਵੀਰ ਤਾਂ ਇਕ ਸਦੀ ਪੁਰਾਣੀ ਹੈ ਜਦੋਂ ਸ਼ਾਇਦ ਕੈਮਰੇ ਅਜੇ ਨਵੇਂ-ਨਵੇਂ ਹੀ ਬਣੇ ਹੋਣਗੇ, ਪਰ ਅੱਜ...
ਮੇਰੇ ਦਾਦਾ ਜੀ ਸਾਡੇ ਬਚਪਨ ਸਮੇਂ ਇੱਥੇ ਬੈਠਕ ਵਿਚ ਤਖ਼ਤਪੋਸ਼ ਉੱਤੇ ਪੁਲਾਥੀ ਮਾਰ ਕੇ, ਗਰਮ ਕਸ਼ਮੀਰੀ ਕੰਬਲ ਦੀ ਬੁੱਕਲ ਮਾਰੀ, ਆਪਣੇ ਪਿਤਾ ਜੀ ਦੀ ਕਹਾਣੀ ਬੜੇ ਸੁਆਦ ਨਾਲ ਸੁਣਾਉਂਦੇ ਹੁੰਦੇ ਸਨ। ਇਹ ਕਹਾਣੀ ਉਹਨਾਂ ਨੇ ਆਪਣੇ ਦਾਦੇ ਕੋਲੋਂ ਸੁਣੀ ਸੀ, ਜਦੋਂ ਮੇਰੇ ਪੜਦਾਦੇ ਨੇ ਵੀ ਬਗ਼ਾਵਤ ਕੀਤੀ ਸੀ ਤੇ ਮੇਰੇ ਦਾਦਾ ਜੀ ਹੱਸ ਕੇ ਗੱਲ ਸੁਣਾਦਿਆਂ ਦੱਸਦੇ ਕਿ ਜਦੋਂ ਉਹ ਡਾਕਟਰ ਬਣੇ ਤਾਂ ਸਾਡੇ ਖ਼ਾਨਦਾਨ ਵਿਚ ਭੂਚਾਲ ਜਿਹਾ ਆ ਗਿਆ ਸੀ ਤੇ ਜਦੋਂ ਉਹ ਆਪਣੇ ਸਿਆਲਕੋਟ ਜ਼ਿਲੇ ਦੇ ਜੱਦੀ ਪਿੰਡ ਲਾਹੌਰ ਗਏ ਤਾਂ ਉਹਨਾਂ ਦੇ ਦਾਦਾ ਜੀ ਸਾਰੀ ਰਾਤ ਸੌਂ ਨਹੀਂ ਸਨ ਸਕੇ।
ਤੇ ਗੱਲ ਇੰਜ ਹੋਈ ਸੀ…:
ਮੇਰੇ ਦਾਦੇ ਦੇ ਦਾਦਾ ਜੀ ਆਪਣੇ ਕਸਬੇ ਵਰਗੇ ਪਿੰਡ ਦੇ ਸ਼ਾਹੂਕਾਰ ਵੀ ਸਨ ਤੇ ਵੈਦ ਹਕੀਮ ਵੀ। ਪੰਜਾਬ ਉੱਤੇ ਅੰਗਰੇਜ਼ਾਂ ਦਾ ਨਵਾਂ-ਨਵਾਂ ਕਬਜ਼ਾ ਹੋਇਆ ਸੀ। ਸਾਡਾ ਖ਼ਾਨਦਾਨ ਉਦੋਂ ਵੀ ਪੜ੍ਹਿਆ ਲਿਖਿਆ ਮਸ਼ਹੂਰ ਸੀ। ਮੇਰੇ ਦਾਦਾ ਦੇ ਦਾਦਾ ਜੀ ਵੀ ਉਰਦੂ ਫ਼ਾਰਸੀ, ਨਾਗਰੀ ਤੇ ਗੁਰਮੁਖੀ ਪੜ੍ਹੇ ਹੋਏ ਸਨ ਤੇ ਉਹਨਾਂ ਦੇ ਲੜਕੇ ਨੇ ਤਾਂ ਬਾਕਾਇਦਾ ਪੰਡਤ ਤੇ ਮੌਲਵੀ ਕੋਲੋਂ ਪੜ੍ਹਾਈ ਕੀਤੀ ਸੀ। ਮੇਰੇ ਪੜਦਾਦਾ ਜੀ ਨਿੱਕੀ ਉਮਰ ਤੋਂ ਹੀ ਨਾਲੇ ਤਾਂ ਵਹੀ ਖਾਤਿਆਂ ਦਾ ਕੰਮ ਕਰਦੇ ਹੁੰਦੇ ਸਨ ਤੇ ਨਾਲ ਹਿਕਮਤ ਵਿਚ ਵੀ ਆਪਣੇ ਪਿਤਾ ਜੀ ਦੀ ਸਹਾਇਤਾ ਕਰਦੇ ਸਨ। ਪਤਾ ਨਹੀਂ ਅੰਗਰੇਜ਼ਾਂ ਨੂੰ ਕਿਵੇਂ ਪਤਾ ਲੱਗ ਗਿਆ ਕਿ ਫਲਾਨੇ ਪਿੰਡ ਵਿਚ ਫਲਾਨੇ ਦਾ ਮੁੰਡਾ ਪੜ੍ਹਿਆ ਲਿਖਿਆ ਹੈ।...ਤੇ ਉਹ ਇਕ ਦਿਨ ਵਾਹੋ ਦਾਹੀ ਘੋੜਿਆਂ 'ਤੇ ਚੜ੍ਹ ਕੇ ਪਿੰਡ ਆ ਵੜੇ ਤੇ ਮੇਰੇ ਪੜਦਾਦਾ ਜੀ ਦੇ ਪਿਤਾ ਜੀ ਪਾਸੋਂ ਮੁੰਡਾ ਮੰਗ ਲਿਆ। ਹਾਕਮ ਅੱਗੇ ਕਾਹਦਾ ਜ਼ੋਰ। ਪਰ ਲਾਹੌਰ ਕਾਲੇ-ਕੋਹੀਂ ਦੂਰ ਸੀ ਤੇ ਉੱਤੋਂ ਅੰਗਰੇਜ਼ੀ ਦੀ ਪੜ੍ਹਾਈ। ਦੋਵੇਂ ਗੱਲਾਂ ਹੀ ਮਰਿਆਦਾ ਦੇ ਉਲਟ ਸਨ। ਮੇਰੇ ਪੜਦਾਦਾ ਜੀ ਵੀ ਬਾਹਰ ਜਾ ਕੇ ਖੁਸ਼ ਨਹੀਂ ਸਨ ਪਰ ਪਤਾ ਨਹੀਂ ਉਹਨਾਂ ਨੇ ਕੀ-ਕੀ ਤਸੱਲੀਆਂ, ਭਰੋਸੇ ਦੁਆਏ ਕਿ ਉਹਨਾਂ ਨੂੰ ਜਾਣਾ ਹੀ ਪਿਆ। ਪਹਿਲਾ ਸਾਲ ਤਾਂ ਸੁੱਖਸਾਂਦ ਨਾਲ ਬੀਤ ਗਿਆ। ਪੜ੍ਹਾਈ ਵੀ ਰਲਵੀਂ ਮਿਲਵੀਂ ਜਿਹੀ ਸੀ। ਵਿਚੇ ਪੰਜਾਬੀ, ਵਿਚੇ ਉਰਦੂ ਤੇ ਵਿਚੇ ਹੀ ਦੇਸੀ ਜਿਹੀ ਅੰਗਰੇਜ਼ੀ ਚੱਲਦੀ ਸੀ। ਪਰ ਦੂਜੇ ਸਾਲ ਜਦੋਂ ਮੁਰਦਿਆਂ ਦੀ ਚੀਰ-ਫਾੜ ਕਰਨ ਦਾ ਮਾਮਲਾ ਆਇਆ—ਮੇਰੇ ਦਾਦਾ ਜੀ ਨੇ ਮੁਸਕਰਾ ਕੇ ਕਹਾਣੀ ਸੁਣਾਦਿਆਂ ਕਿਹਾ—ਤਾਂ ਉਹਨਾਂ ਦੇ ਪਿਤਾ ਜੀ ਬਿਟਰ ਗਏ। ਭਲਾ ਬ੍ਰਾਹਮਣ ਨੇ ਵੀ ਕਦੇ ਲਾਸ਼ ਨੂੰ ਹੱਥ ਲਾਇਆ ਏ?
ਉਹ ਲਾਹੌਰੋਂ ਪੈਦਲ ਹੀ ਵਾਪਸ ਪਿੰਡ ਨੂੰ ਤੁਰ ਪਏ। ਅੰਗਰੇਜ਼ਾਂ ਨੂੰ ਪਤਾ ਲੱਗ ਗਿਆ। ਉਹਨਾਂ ਨੇ ਘੋੜਿਆਂ ਉੱਤੇ ਉਹਨਾਂ ਦਾ ਪਿੱਛਾ ਕੀਤਾ ਤੇ ਵੀਹ ਕੋਹ ਮਗਰ ਜਾ ਕੇ ਫੜ੍ਹ ਲਿਆ। ਇਹ ਗੱਲ ਉਸ ਵੇਲੇ ਦੀ ਅੰਗਰੇਜ਼ ਸਰਕਾਰ ਦੇ ਅਸੂਲਾਂ ਦੇ ਵਿਰੁੱਧ ਸੀ ਕਿ ਪੰਜਾਬ ਦੇ ਗਿਣਤੀ ਦੇ ਡਾਕਟਰਾਂ ਵਿਚੋਂ ਇਕ ਘੱਟ ਹੋ ਜਾਏ। ਉਹ ਉਹਨਾਂ ਨੂੰ ਹਰ ਹਾਲਤ ਵਿਚ ਡਾਕਟਰ ਬਣਾਉਣ ਉੱਤੇ ਤੁਲੇ ਹੋਏ ਸਨ।
ਮੈਂ ਸੋਚਣ ਲੱਗ ਪਿਆ, ਅਜੀਬ ਜ਼ਮਾਨਾ ਸੀ, ਅੱਜ ਕੱਲ੍ਹ ਥਾਂ-ਥਾਂ ਮੈਡੀਕਲ ਕਾਲਜ ਖੁੱਲ੍ਹ ਗਏ ਨੇ। ਲੋਕ ਸਿਫ਼ਾਰਸ਼ ਤੇ ਪੈਸਾ ਦੇ ਕੇ ਵੀ ਆਪਣੇ ਬੱਚਿਆਂ ਨੂੰ ਦਾਖਲ ਨਹੀਂ ਕਰਵਾ ਸਕਦੇ। ਹਜ਼ਾਰਾਂ ਉਮੀਦਵਾਰਾਂ ਨੂੰ ਨਿਰਾਸ਼ਾ ਦਾ ਮੂੰਹ ਵੇਖਣਾ ਪੈਂਦਾ ਹੈ ਤੇ ਉਦੋਂ ਹਾਲਤ ਇਹ ਸੀ ਕਿ ਵਿਦਿਆਰਥੀ ਪੜ੍ਹਾਈ ਨੂੰ ਧੱਕਾ ਦਿੰਦਾ ਸੀ ਤੇ ਪੜ੍ਹਾਈ ਕਰਵਾਉਣ ਵਾਲੇ ਵਿਦਿਆਰਥੀ ਦੀਆਂ ਮਿੰਨਤਾਂ ਕਰਦੇ ਸਨ।
ਮੇਰੇ ਪੜਦਾਦਾ ਜੀ ਨੇ ਅੰਗਰੇਜ਼ਾਂ ਦੇ ਨਾਲ ਮੁੜਨ ਲਈ ਤਿੰਨ ਸ਼ਰਤਾਂ ਰੱਖੀਆਂ—ਇਕ ਤਾਂ ਇਹ ਕਿ ਉਹਨਾਂ ਦੇ ਲਾਸ਼ ਨੂੰ ਹੱਥ ਲਾਉਣ ਬਾਰੇ ਉਹਨਾਂ ਦੇ ਪਿਤਾ ਜੀ ਨੂੰ ਪਤਾ ਨਾ ਲੱਗੇ। ਦੂਜੀ ਇਹ ਕਿ ਜਿਹੜਾ ਸ਼ਹਿਰ ਉਹਨਾਂ ਨੂੰ ਪਸੰਦ ਹੋਏਗਾ, ਉਹ ਉੱਥੇ ਨੌਕਰੀ ਕਰਨਗੇ ਤੇ ਤੀਜੀ ਗੱਲ ਇਹ ਕਿ ਜਦੋਂ ਤਕ ਉਹਨਾਂ ਦੀ ਮਰਜ਼ੀ ਹੋਏਗੀ ਉਹ ਉੱਥੇ ਰਹਿਣਗੇ। ਇਹ ਸਾਰੀਆਂ ਅੰਗਰੇਜ਼ਾਂ ਨੇ ਮਨਜ਼ੂਰ ਕਰ ਲਈਆਂ।
ਮੇਰੇ ਪੜਦਾਦਾ ਜੀ ਤੀਹ ਸਾਲ ਗੁਜਰਾਂਵਾਲੇ ਦੀ ਇਕ ਡਿਸਪੈਂਸਰੀ ਦੇ ਇੰਨਚਾਰਜ ਰਹੇ। ਪਰ ਪਹਿਲੀ ਸ਼ਰਤ ਲੋਕੋਇਆਂ ਵੀ ਨਾ ਲੁਕ ਸਕੀ। ਕਿਸੇ ਪੋਸਟ ਮਾਰਟਮ ਦੀ ਖ਼ਬਰ ਉਹਨਾਂ ਦੇ ਪਿਤਾ ਜੀ ਨੂੰ ਮਿਲ ਗਈ।...ਤੇ ਉਸ ਦਿਨ ਪਿੱਛੋਂ ਉਹ ਆਖ਼ਰੀ ਦਮ ਤਕ ਨਾ ਤਾਂ ਆਪਣੇ ਪੁੱਤਰ ਦੇ ਘਰੇ ਗਏ ਤੇ ਨਾ ਹੀ ਆਪਣੇ ਘਰ ਦੇ ਭਾਂਡਿਆਂ ਵਿਚ ਉਸਨੂੰ ਰੋਟੀ ਦਿੱਤੀ। ਪਰ ਮੇਰੇ ਪੜਦਾਦਾ ਜੀ ਦੀ ਮਾਂ ਨੇ ਆਪਣੇ ਪੁੱਤਰ ਦੇ ਭਾਂਡੇ ਇਕ ਲੱਕੜ ਦੇ ਸੰਦੂਕ ਵਿਚ ਵੱਖਰੇ ਰੱਖ ਛੱਡੇ ਸਨ। ਸੁਣਿਆ ਹੈ ਜਦੋਂ ਸਾਰਾ ਟੱਬਰ ਬਾਹਰ ਅੰਦਰ ਗਿਆ ਹੁੰਦਾ ਤਾਂ ਉਹ ਇਹਨਾਂ ਭਾਂਡਿਆਂ ਨੂੰ ਆਪਣੇ ਹੱਥੀਂ ਮਾਂਜ ਧੋ ਕੇ ਸੰਭਾਲ ਦਿੰਦੀ, ਕਹਾਰ ਨੂੰ ਹੱਥ ਨਹੀਂ ਸੀ ਲਾਉਣ ਦਿੰਦੀ। ਤੇ ਜਦੋਂ ਤੋਂ ਮੇਰੇ ਪੜਦਾਦਾ ਜੀ ਤੇ ਉਹਨਾਂ ਦੇ ਪਿਤਾ ਵਿਚਕਾਰ ਅਣਬਣ ਹੋਈ ਸੀ, ਮੇਰੇ ਦਾਦਾ ਜੀ ਨੂੰ ਆਪਣੀ ਦਾਦੀ ਤੇ ਦਾਦਾ ਜੀ ਪਾਸੋਂ ਬਹੁਤ ਪਿਆਰ ਮਿਲਿਆ ਸੀ ਕਿਉਂਕਿ ਆਪਣੇ ਪੁੱਤਰ ਦੇ ਹਿੱਸੇ ਦਾ ਪਿਆਰ ਵੀ ਉਹਨਾਂ ਆਪਣੇ ਪੋਤਰੇ ਦੇ ਹਵਾਲੇ ਕਰ ਦਿੱਤਾ ਸੀ।
ਪਰ ਮੇਰੇ ਪਿਤਾ ਜੀ ਦੱਸਦੇ ਹੁੰਦੇ ਸਨ ਕਿ ਮੇਰੇ ਦਾਦਾ ਜੀ ਨੇ ਆਪਦੇ ਪਿਤਾ ਜੀ ਨੂੰ ਏਥੋਂ ਤਕ ਗੁੱਸੇ ਕਰ ਲਿਆ ਸੀ ਕਿ ਉਹਨਾਂ ਦੇ ਸੰਬੰਧ ਹੀ ਵਿਗੜ ਗਏ ਸਨ, ਭਾਵੇਂ ਟੁੱਟੇ ਨਹੀਂ ਸਨ ਤੇ ਜਦੋਂ ਇਹ ਗੱਲ ਵਾਪਰੀ ਮੇਰੇ ਪਿਤਾ ਜੀ ਚੜ੍ਹਦੀ ਜਵਾਨੀ ਵਿਚ ਸਨ, ਉਹ ਦੱਸਦੇ ਹੁੰਦੇ ਨੇ! ਉਹ ਕਹਿੰਦੇ ਸਨ ਕਿ ਉਸ ਰਾਤ ਮੇਰੇ ਪੜਦਾਦਾ ਜੀ ਭਾਵ ਉਹਨਾਂ ਦੇ ਦਾਦਾ ਜੀ ਸਾਰੀ ਰਾਤ ਸੌਂ ਨਹੀਂ ਸਨ ਸਕੇ।
ਗੱਲ ਇੰਜ ਵਾਪਰੀ ਸੀ ਕਿ—
ਤਾਲੀਮ ਸਾਡੇ ਘਰ ਵਿਚ ਆ ਚੁੱਕੀ ਸੀ। ਅੰਗਰੇਜ਼ਾਂ ਨੇ ਥਾਂ-ਥਾਂ ਸਕੂਲ ਖੋਲ੍ਹ ਦਿੱਤੇ ਸਨ। ਬਹੁਤ ਸਾਰੇ ਸਕੂਲ ਤਾਂ ਮਿਸ਼ਨ ਵਾਲਿਆਂ ਦੇ ਹੀ ਸਨ ਤੇ ਉਹਨੀਂ ਦਿਨੀਂ ਜਦੋਂ ਕਿ ਪਰਾਇਮਰੀ ਪਾਸ ਵੀ ਟਾਵੇਂ-ਟਾਵੇਂ ਹੁੰਦੇ ਸਨ ਮੇਰੇ ਦਾਦਾ ਜੀ ਨੇ ਇੰਟਰ ਪਾਸ ਕੀਤਾ ਹੋਇਆ ਸੀ। ਮੇਰੇ ਪੜਦਾਦਾ ਜੀ ਨੇ ਆਪ ਉਹਨਾਂ ਨੂੰ ਮੈਡੀਕਲ ਕਾਲਜ ਵਿਚ ਦਾਖ਼ਲ ਕਰਵਾ ਦਿੱਤਾ ਸੀ। ਇਕ ਤਾਂ ਮੇਰੇ ਦਾਦਾ ਜੀ ਆਪ ਵੀ ਬੜੇ ਲਾਇਕ ਸਨ ਤੇ ਦੂਜੇ ਸਨ ਵੀ ਡਾਕਟਰ ਦੇ ਪੁੱਤਰ, ਦਾਖਲਾ ਤਾਂ ਮਿਲ ਹੀ ਜਾਣਾ ਸੀ। ਅੱਜ ਕੱਲ੍ਹ ਵਾਲੀ ਗੱਲ ਨਹੀਂ ਸੀ। ਚਾਰ ਸਾਲ ਪਿੱਛੋਂ ਦਾਦਾ ਜੀ ਡਾਕਟਰ ਬਣ ਗਏ। ਪਹਿਲਾਂ-ਪਹਿਲਾਂ ਉਹਨਾਂ ਨੇ ਤਿੰਨ ਚਾਰ ਥਾਈਂ ਕੰਮ ਕੀਤਾ, ਫੇਰ ਇਕ ਥਾਂ ਟਿਕ ਕੇ ਰਹਿਣ ਲੱਗ ਪਏ ਤੇ ਵੀਹ ਇੱਕੀ ਸਾਲ ਉੱਥੇ ਹੀ ਰਹੇ। ਅੱਖਾਂ ਦੇ ਇਲਾਜ਼ ਦੇ ਮਾਹਿਰ ਸਨ। ਅੰਗਰੇਜ਼ਾਂ ਦੇ ਖ਼ੈਰ-ਖ਼ੁਆਹ ਰਾਏ ਬਹਾਦਰ ਬਣ ਗਏ।
ਸਾਡੇ ਪਿਤਾ ਜੀ ਬ੍ਰਾਹਮਣਜ਼ਾਦੇ ਦੀ ਬਜਾਏ 'ਰਾਏਜ਼ਾਦੇ' ਅਖਵਾਉਣ ਲੱਗ ਪਏ ਤੇ ਅਸੀਂ ਬੱਚੇ ਵੀ ਰਾਏ ਬਹਾਦਰ ਦੇ ਖ਼ਾਨਦਾਨ ਵਿਚੋਂ ਸਾਂ। ਅੰਗਰੇਜ਼ ਰਾਜ ਦੀਆਂ ਬਰਕਤਾਂ ਹਰ ਥਾਂ ਮੌਜ਼ੂਦ ਸਨ। ਟੋਡੀ ਬੱਚਿਆਂ ਦੀ ਕਦਰ ਸੀ ਤੇ ਅਸੀਂ ਤਾਂ ਮਹਾਂ ਟੋਡੀ ਖ਼ਾਨਦਾਨ ਵਿਚੋਂ ਸਾਂ। ਗੱਲ ਬਸ ਪੜਦਾਦਾ ਜੀ ਦੇ ਦਾਦਾ ਜੀ ਸੀ।
ਜਦੋਂ ਦਾਦਾ ਜੀ ਨੂੰ ਇਹ ਖਿਤਾਬ ਮਿਲਿਆ ਉਦੋਂ ਉਹਨਾਂ ਦੀ ਉਮਰ ਮਸਾਂ ਪੰਤਾਲੀ ਸਾਲਾਂ ਦੀ ਸੀ ਤੇ ਪਿਤਾ ਜੀ ਦੱਸਦੇ ਨੇ ਕਿ ਉਹਨਾਂ ਦੇ ਦਾਦਾਜੀ ਉਦੋਂ ਕੋਈ ਪੈਂਹਠ ਕੁ ਵਰ੍ਹਿਆਂ ਦੇ ਸਨ। ਹਰ ਪਾਸਿਓਂ ਮੁਬਾਰਕਾਂ ਮਿਲ ਰਹੀਆਂ ਸਨ। ਸਾਡੇ ਦਾਦਾ ਜੀ ਉਦੋਂ ਜਾਂ ਉਸ ਤੋਂ ਵੀ ਪਹਿਲਾਂ ਕੋਟ-ਪਤਲੂਨ ਪਾਉਂਦੇ ਤੇ ਪੱਗ ਬੰਨ੍ਹਦੇ ਹੁੰਦੇ ਸਨ। ਕਦੇ ਕਦੇ ਸਲਵਾਰ ਕੋਟ ਪਾ ਕੇ ਨਕਟਾਈ ਲਾ ਕੇ ਅੰਗਰੇਜ਼ੀ ਟੋਪ ਵੀ ਉੱਤੇ ਲੈਂਦੇ ਹੁੰਦੇ ਸਨ। ਸਾਡੇ ਪੜਦਾਦਾ ਜੀ ਨੇ ਇੱਥੋਂ ਤਕ ਤਾਂ ਗੱਲ ਬਰਦਾਸ਼ਤ ਕਰ ਲਈ ਪਰ ਜਦੋਂ ਰਾਏ ਬਹਾਦਰ ਬਣਨ ਮਗਰੋਂ ਉਹਨਾਂ ਨੇ ਆਪਣੇ ਅੰਗਰੇਜ਼ ਹਾਕਮਾਂ ਨੂੰ ਦਾਵਤਾਂ ਦੇਣ ਦੀ ਗੱਲ ਕੀਤੀ ਤਾਂ ਸਾਡੇ ਪੜਦਾਦਾ ਜੀ ਬਿਟਰ ਗਏ। ਪਰ ਪੁਰਾਣੇ ਲੋਕਾਂ ਨੂੰ ਕੌਣ ਪੁੱਛਦਾ ਹੈ। ਤੇ ਜਦੋਂ ਕੁਰਸੀ ਮੇਜ਼ ਉੱਤੇ ਬੈਠ ਕੇ ਉਹਨਾਂ ਨੇ ਡਿਪਟੀ ਕਮਿਸ਼ਨਰ ਸਾਹਿਬ, ਪੁਲਿਸ ਕਪਤਾਨ ਸਾਹਿਬ, ਸਿਵਲ ਸਰਜਨ ਸਾਹਿਬ ਤੇ ਹਿੰਦੁਸਤਾਨੀ ਪੜ੍ਹੇ ਲਿਖੇ ਖ਼ਿਤਾਬ ਯਾਫ਼ਤਾ ਤਬਕੇ ਤੇ ਖ਼ਾਨਦਾਨੀ ਰਾਈਸਾਂ, ਜਾਗੀਰਦਾਰਾਂ ਤੇ ਜ਼ਿਮੀਂਦਾਰਾਂ ਦੇ ਨਾਲ ਬੈਠ ਕੇ ਮਾਸ, ਆਂਡੇ ਤੇ ਮੱਛੀ ਖਾਧੀ ਤਾਂ ਸਾਡੇ ਪੜਦਾਦਾ ਜੀ ਬਰਦਾਸ਼ਤ ਨਾ ਕਰ ਸਕੇ। ਉਹ ਉਸ ਦਿਨ ਸ਼ਾਇਦ ਪਹਿਲੀ ਜਾਂ ਖ਼ਬਰੇ ਆਖ਼ਰੀ ਵੇਰ ਤਾਂਗੇ ਉੱਤੇ ਬਹਿ ਕੇ ਆਪਣੇ ਜੱਦੀ ਪਿੰਡ ਆ ਗਏ। ਤੇ ਫੇਰ ਕਦੇ ਆਪਣੇ ਮੁੰਡੇ ਕੋਲ ਵਾਪਸ ਨਹੀਂ ਗਏ। ਸੁਣਿਆ ਹੈ ਕਿ ਮੇਰੇ ਪੜਦਾਦਾ ਜੀ ਨੇ ਮੇਰੇ ਦਾਦਾ ਜੀ ਦੇ ਵੀ ਭਾਂਡੇ ਵੱਖਰੇ ਕਰ ਦਿੱਤੇ ਸਨ ਤੇ ਜਦੋਂ ਵੀ ਕਦੇ-ਭੁੱਲੇ ਭਟਕੇ ਘਰ ਆਉਂਦੇ ਤਾਂ ਉਹਨਾਂ ਨੂੰ ਚੀਨੀ ਦੀਆਂ ਚਿੱਟੀਆਂ-ਚਿੱਟੀਆਂ ਰਕਾਬੀਆਂ ਤੇ ਕੱਚ ਕੇ ਗ਼ਲਾਸਾਂ ਵਿਚ ਰੋਟੀ ਪਾਣੀ ਦਿੱਤਾ ਜਾਂਦਾ ਸੀ। ਪਰ ਮੇਰੇ ਪਿਤਾ ਜੀ ਆਪਣੇ ਦਾਦਾ ਦਾਦੀ ਜੀ ਕੋਲ ਹੀ ਰਹਿੰਦੇ ਸਨ ਕਿਉਂਕਿ ਹੁਣ ਸਾਡੇ ਜੱਦੀ ਕਸਬੇ ਵਿਚ ਵੀ ਗੌਰਮਿੰਟ ਹਾਈ ਸਕੂਲ ਬਣ ਚੁੱਕਿਆ ਸੀ।
ਮੇਰੇ ਦਾਦਾ ਜੀ ਮੇਰੇ ਪਿਤਾ ਜੀ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ ਕਿਉਂਕਿ ਇਹ ਖ਼ਾਨਦਾਨੀ ਰੀਤ ਜੋ ਸੀ, ਪਰ ਮੇਰੇ ਪਿਤਾ ਜੀ ਸਾਧਾਰਨ ਮਜ਼ਮੂਨ ਪੜ੍ਹਨਾ ਚਾਹੁੰਦੇ ਸਨ। ਦਾਦਾ ਜੀ ਆਪਣੀ ਜ਼ਿਦ ਉੱਤੇ ਅੜ ਗਏ, ਪਰ ਜਦੋਂ ਪਿਤਾ ਜੀ ਇੰਟਰ ਵਿਚੋਂ ਫੇਲ੍ਹ ਹੋ ਗਏ ਤਾਂ ਦਾਦਾ ਜੀ ਨੂੰ ਆਪਣੀ ਜ਼ਿਦ ਛੱਡਣੀ ਪਈ। ਫੇਰ ਮੇਰੇ ਪਿਤਾ ਜੀ ਨੇ ਐਫ.ਸੀ. ਕਾਲੇਜ ਵਿਚੋਂ ਜਿਹੜਾ ਸਦਾ ਤੋਂ ਸ਼ਹਿਜ਼ਾਦਿਆਂ ਦਾ ਕਾਲਜ ਮਸ਼ਹੂਰ ਹੈ, ਸ਼ਹਿਜ਼ਾਦਿਆਂ ਵਾਂਗ ਹੀ ਬੜੀ ਸ਼ਾਨ ਤੇ ਮਾਣ ਨਾਲ ਬੀ.ਏ. ਪਾਸ ਕੀਤਾ ਤਾਂ ਸਾਡੇ ਖ਼ਾਨਦਾਨ ਵਿਚ ਧੁੰਮ ਪੈ ਗਈ—ਆਖ਼ਰ ਰਾਏ ਬਹਾਦਰ ਦੇ ਪੁੱਤਰ ਜੋ ਸਨ। ਮੈਂ ਸੋਚਣ ਲੱਗ ਪਿਆ ਕਿ ਅੱਜ ਕੱਲ੍ਹ ਤਾਂ ਬੀ.ਏ. ਪਾਸ ਟਕੇ ਸੇਰ ਵਿਕਦੇ ਫਿਰਦੇ ਨੇ, ਪਰ ਉਹ ਜ਼ਮਾਨਾਂ ਹੋਰ ਸੀ। ਸੁਣਿਆ ਹੈ ਕਿ ਗਵਰਨਰ ਸਾਹਿਬ ਬਹਾਦਰ ਪੰਜਾਬ ਨੇ ਕਾਨਵੋਕੇਸ਼ਨ ਦੀ ਸਿਰਫ ਸਦਾਰਤ ਹੀ ਨਹੀਂ ਕੀਤੀ ਸੀ ਸਗੋਂ ਆਪਣੇ ਕਰ-ਕਮਲਾਂ ਨਾਲ ਡਿਗਰੀ ਦਿੱਤੀ ਸੀ ਤੇ ਹੱਥ ਵੀ ਮਿਲਾਇਆ ਸੀ ਤੇ ਕਨਵੋਕੇਸ਼ਨ ਤੋਂ ਪਿੱਛੋਂ ਜਦੋਂ ਪਿਤਾ ਜੀ ਆਪਣੇ ਜੱਦੀ ਪਿੰਡ ਆਏ ਸਨ ਉਦੋਂ ਹਵੇਲੀ ਵਿਚ ਦੀਪ ਮਾਲਾ ਕੀਤੀ ਗਈ ਸੀ।
ਦਾਦਾ ਜੀ ਨੇ ਪਿਤਾ ਜੀ ਬਾਬਤ ਬਹੁਤ ਕੁਝ ਸੋਚਿਆ ਹੋਇਆ ਸੀ। ਉਹ ਉਹਨਾਂ ਨੂੰ ਆਈ.ਸੀ. ਐੱਸ ਬਣਾਉਣ ਦੀਆਂ ਵਿਉਂਤਾਂ ਸੋਚ ਰਹੇ ਸਨ ਤੇ ਉਹਨਾਂ ਨੂੰ ਸਾਡੀ ਦਾਦੀ ਜੀ ਸਲਾਹ ਤੋਂ ਬਿਨਾਂ ਸੱਤ ਸਮੁੰਦਰ ਪਾਰ ਭੇਜਣ ਦੀ ਪੱਕੀ ਧਾਰ ਬੈਠੇ ਸਨ। ਉਹਨਾਂ ਨੇ ਆਪਣੇ ਅੰਗਰੇਜ਼ ਮਾਲਕਾਂ ਨਾਲ ਸਲਾਹ ਕੀਤੀ ਤਾਂ ਉਹਨਾਂ ਨੇ ਦਿਮਾਗ਼ੀ ਤੌਰ ਉੱਤੇ ਇਕ ਹੋਰ ਗ਼ੁਲਾਮ ਬਣਾਉਣ ਵਾਲੇ ਦੀ ਵਿਉਂਤ ਉੱਤੇ ਬੜੀ ਖੁਸ਼ੀ ਮਨਾਈ। ਜਦੋਂ ਪਿਤਾ ਜੀ ਬੰਬਈ ਜਾਣ ਵਾਲੀ ਗੱਡੀ ਚੜ੍ਹਨ ਲੱਗੇ ਤਾਂ ਮੇਰੀ ਦਾਦੀ ਉਹਨਾਂ ਨੂੰ ਗਲਵੱਕੜੀ ਪਾ ਕੇ ਬਹੁਤ ਰੋਈ ਤੇ ਸ਼ਾਇਦ ਉਸ ਰਾਤ ਉਹ ਸੌਂ ਵੀ ਨਾ ਸਕੀ।
ਮੇਰੇ ਪਿਤਾ ਜੀ ਆਈ.ਸੀ.ਐਸ. ਤਾਂ ਨਾ ਬਣ ਸਕੇ, ਪਰ ਟੈਂਪਲ ਬਾਰ ਵਿਚ ਕੁਝ ਦਿਨ ਬਿਤਾਅ ਕੇ ਬਾਰ-ਐਅ-ਲਾਅ ਜ਼ਰੂਰ ਬਣ ਗਏ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਵੀ ਦਾਦਾ ਜੀ ਉਹਨਾਂ ਨੂੰ ਚਿੱਠੀ ਲਿਖਦੇ ਤਾਂ ਸਿਰਨਾਵਾਂ ਲਿਖਦਿਆਂ ਉਹਨਾਂ ਦੇ ਨਾਂਅ ਨਾਲ ਬੀ.ਏ. ਬਾਰ-ਐਟ-ਲਾ ਲਿਖਣਾ ਕਦੇ ਨਹੀਂ ਸੀ ਭੁੱਲਦੇ। ਤੇ ਭਲਾ ਹੋਵੇ ਉਹਨਾਂ ਚੰਗੇ ਵੇਲਿਆਂ ਦਾ, ਦਾਦਾ ਜੀ ਦੀ ਰਾਏ ਬਹਾਦਰੀ ਦਾ, ਪੜਦਾਦਾ ਜੀ ਦੀ ਖ਼ਾਨਦਾਨੀ ਰਵਾਇਤ ਦਾ ਕਿ ਥੋੜ੍ਹੇ ਚਿਰ ਵਿਚ ਹੀ ਅੰਗਰੇਜ਼ਾਂ ਦੀ ਸਰਪ੍ਰਸਤੀ ਹੇਠ ਉਹਨਾਂ ਦੀ ਵਕਾਲਤ ਦੀ ਧਾਕ ਪੈ ਗਈ।
ਪਰ ਬੁਰਾ ਹੋਵੇ ਸਮੇਂ ਦਾ ਕਿ ਦਾਦਾ ਜੀ ਕੀ ਸੋਚਦੇ ਸਨ ਤੇ ਪਿਤਾ ਜੀ ਨੇ ਕੀ ਕੀਤਾ। ਇਕ ਉਹਨਾਂ ਨੇ ਆਪਣੇ ਅੰਗਰੇਜ਼ੀ ਕੱਪੜਿਆਂ ਦੀ ਹੋਲੀ ਮਚਾ ਛੱਡੀ ਤੇ ਖੱਦਰ ਦਾ ਕੁੜਤਾ ਪਜਾਮਾ ਪਹਿਨ ਕੇ ਫਲੈਕਸ ਦੇ ਬੂਟਾਂ ਦੀ ਥਾਂ ਦੇਸੀ ਜੁੱਤੀ ਪਾ ਲਈ।
ਉਸ ਰਾਤ ਅੰਗਰੇਜ਼ੀ ਸਰਕਾਰ ਦੇ ਵਫ਼ਾਦਾਰ ਸਾਡੇ ਦਾਦਾ ਜੀ ਸਾਰੀ ਰਾਤ ਨਹੀਂ ਸੌਂ ਸਕੇ। ਉਹਨਾਂ ਦਾ ਸੁਪਨਾ ਕਿ ਉਹਨਾਂ ਦਾ ਪੁੱਤਰ ਹਾਈ ਕੋਰਟ ਦਾ ਜੱਜ ਬਣੇਗਾ, ਅਧੂਰਾ ਹੀ ਰਹਿ ਗਿਆ। ਪਿਤਾ ਜੀ ਨੇ ਸਮਝਾਇਆ ਕਿ ਉਹ ਹੁਣ ਵੀ ਬਹੁਤ ਕਮਾਈ ਕਰ ਲੈਂਦੇ ਨੇ, ਪਰ ਪੈਸਾ ਆਪਣੀ ਥਾਂ ਹੈ ਤੇ ਇੱਜ਼ਤ ਆਪਣੀ ਥਾਂ। ਇਸ ਗੱਲ ਦੀ ਵੀ ਪਿਤਾ ਜੀ ਨੇ ਕਾਨੂੰਨੀ ਨੁਕਤੇ ਨਾਲ ਵਿਆਖਿਆ ਕਰ ਦਿੱਤੀ...ਲੋਕਾਂ ਦੀਆਂ ਨਜ਼ਰਾਂ ਵਿਚ ਉਹਨਾਂ ਦੀ ਇੱਜ਼ਤ ਬਹੁਤ ਹੈ। ਪਰ ਲੋਕ ਹੋਰ ਚੀਜ਼ ਨੇ, ਜ਼ਿੰਦਾਬਦਾ ਹੋਰ ਚੀਜ਼ ਹੈ। ਇਸ ਪਿੱਛੋਂ ਰਾਏ ਬਹਾਦਰ ਸਾਹਿਬ ਆਪਣੇ ਲੜਕੇ ਦੀ ਕੋਠੀ ਨਹੀਂ ਗਏ ਤੇ ਉਹਨਾਂ ਦੀਆਂ ਸੱਧਰਾਂ ਨੂੰ ਵੀ ਸਾਡੇ ਪਿੰਡ ਵਾਲੀ ਜੱਦੀ ਪੁਸ਼ਤੀ ਹਵੇਲੀ ਨੇ ਹੀ ਸ਼ਰਨ ਦਿੱਤੀ। ਹੁਣ ਵੀ ਜਦੋਂ ਪਿਤਾ ਜੀ ਕਦੇ ਆਪਣੇ ਘਰ ਆਉਂਦੇ ਸਨ ਤਾਂ ਭਾਵੇਂ ਉਹਨਾਂ ਦੇ ਭਾਂਡੇ ਵੱਖਰੇ ਨਹੀਂ ਸਨ ਰੱਖੇ ਜਾਂਦੇ, ਪਰ ਮੇਰੇ ਦਾਦਾ ਜੀ ਕਦੇ ਵੀ ਆਪਣੇ ਇਸ ਸਿਰ ਫਿਰੇ ਪੁੱਤਰ ਨਾਲ ਬੈਠ ਕੇ ਰੋਟੀ ਨਹੀਂ ਸੀ ਖਾਂਦੇ। ਉਹਨਾਂ ਦੀ ਥਾਂ ਸਾਡੀ ਦਾਦੀ ਬੈਠਦੀ, ਜਿਹੜੀ ਕਿ ਮੇਜ਼ ਉੱਤੇ ਰੋਟੀ ਤਾਂ ਨਹੀਂ ਖਾਂਦੀ ਪਰ ਗਰਮੀਆਂ ਵਿਚ ਆਪਣੇ ਪੁੱਤਰ ਨੂੰ ਪੱਖੀ ਝੱਲਦੀ ਰਹਿੰਦੀ ਤੇ ਸਿਆਲ ਵਿਚ ਗਰਮ ਦੁੱਧ ਦਾ ਗ਼ਲਾਸ ਫੜ੍ਹ ਕੇ ਪੁੱਤਰ ਦੇ ਮੂੰਹ ਵੱਲ ਤੱਕਦੀ ਰਹਿੰਦੀ ਕਿ ਕਦੋਂ ਉਸਨੂੰ ਪਿਆ ਸਕੇ।
ਹੁਣ ਮੇਰੀ ਵਾਰੀ ਆਪਣੀ ਦਾਦੀ ਤੇ ਦਾਦਾ ਜੀ ਕੋਲ ਰਹਿਣ ਦੀ ਸੀ। ਦਾਦਾ ਜੀ ਦਾ ਰਸੂਖ਼ ਸਦਕਾ ਹੁਣ ਸਾਡੇ ਪਿੰਡ ਵਿਚ ਇੰਟਰ ਕਾ ਕਾਲਜ ਸੀ ਤੇ ਜੇ ਹੁਣ ਉਸ ਖ਼ਾਨਦਾਨ ਦੇ ਬੱਚੇ ਉਸ ਕਾਲਜ ਵਿਚ ਨਾ ਪੜ੍ਹਦੇ ਤਾਂ ਹੋਰ ਕਿਸ ਨੇ ਪੜ੍ਹਨਾ ਸੀ? ਪਿਤਾ ਜੀ ਮੈਨੂੰ ਸ਼ਿਮਲੇ ਜਾਂ ਦੇਹਰਾਦੂਨ ਪੜ੍ਹਾਉਣਾ ਚਾਹੁੰਦੇ ਸਨ। ਪਰ ਇਕ ਤਾਂ ਦਾਦੀ ਜੀ ਦੀ ਜ਼ਿੱਦ ਤੇ ਓਹਨੀਂ ਦਿਨੀਂ ਹੀ ਪਿਤਾ ਜੀ ਦੇ ਅਚਾਨਕ ਸਵਦੇਸ਼ੀ ਦੇ ਵਿਚਾਰ ਨਾਲ ਹੋਏ ਕਾਇਆ ਕਲਪ ਸਦਕਾ ਮੈਂ ਆਪਣੇ ਪਿੰਡ ਹੀ ਇੰਟਰ ਕਰਕੇ ਲਾਹੌਰ ਦੇ ਡੀ.ਏ.ਵੀ. ਕਾਲਜ ਤੋਂ ਐੱਮ.ਏ. ਪਾਸ ਕਰ ਲਿਆ। ਸਰਕਾਰੀ ਨੌਕਰੀ ਤਾਂ ਮਿਲ ਨਹੀਂ ਸੀ ਸਕਦੀ ਕਿਉਂਕਿ ਪਿਤਾ ਜੀ ਨਿਰੇ ਵਕੀਲ ਹੀ ਨਹੀਂ ਸਨ ਲੀਡਰ ਵੀ ਸਨ, ਤੇ ਪੁਲਿਸ ਦੀ ਰਿਪੋਰਟ ਬਹੁਤ ਜ਼ਰੂਰੀ ਸੀ। ਵਲਾਇਤ ਜਾਣ ਦਾ ਕੋਈ ਸਵਾਲ ਹੀ ਨਹੀਂ ਸੀ। ਪਿਤਾ ਜੀ ਦਾ ਤਜ਼ੁਰਬਾ ਸੀ। ਇਕ ਕਾਲਜ ਵਿਚ ਲੈਕਚਰਰਸ਼ਿਪ ਮਿਲ ਗਈ। ਪੜ੍ਹਣ ਦਾ ਸ਼ੌਕ ਸੀ। ਉਂਜ ਘਰ ਵਿਚ ਰੱਬ ਦਾ ਦਿੱਤਾ ਸਭ ਕੁਝ ਸੀ। ਲਗਦੇ ਹੱਥ ਡਾਕਟਰੇਟ ਵੀ ਕਰ ਲਈ। ਨੌਕਰੀ ਮਨ ਭਾਉਂਦੀ ਸੀ। ਤਨਖ਼ਾਹ ਵੀ ਗੁਜ਼ਾਰੇ ਲਈ ਚੋਖੀ ਸੀ ਤੇ ਫੇਰ ਇਕ ਘਟਨਾ ਸਾਡੀ ਖ਼ਾਨਦਾਨੀ ਰਵਾਇਤ ਦੇ ਵਿਰੁੱਧ ਵਾਪਰ ਗਈ ਤੇ ਉਸ ਰਾਤ ਪਿਤਾ ਜੀ ਸਾਰੀ ਰਾਤ ਨਾ ਸੌਂ ਸਕੇ।
ਗੱਲ ਇੰਜ ਹੋਈ ਕਿ ਹੁਣ ਕੁੜੀਆਂ ਵੀ ਖਾਸੀਆਂ ਪੜ੍ਹ ਲਿਖ ਗਈਆਂ ਸਨ। ਉਂਜ ਭਾਵੇਂ ਬਹੁਤੀਆਂ, ਆਮ ਲੋਕ ਨਹੀਂ ਸੀ ਪੜ੍ਹਾਉਣ ਲੱਗੇ...ਤੇ ਉਹ ਮੇਰੇ ਨਾਲ ਹੀ ਰਾਜਨੀਤੀ ਸ਼ਾਸਤਰ ਦੀ ਲੈਕਚਰਾਰ ਸੀ। ਮੇਰਾ ਵਿਸ਼ਾ ਭਾਵੇਂ ਅੰਗਰੇਜ਼ੀ ਸੀ, ਪਰ ਸਿਆਸਤ ਗੁੜ੍ਹਤੀ ਵਿਚ ਮਿਲੀ ਸੀ। ਪਹਿਲਾਂ ਗੱਲਾਂਬਾਤਾਂ ਹੁੰਦੀਆਂ ਰਹੀਆਂ, ਫੇਰ ਬਹਿਸਾਂ ਕਰਨ ਲੱਗ ਪਏ ਤੇ ਇਕ ਦਿਨ ਅਸੀਂ ਜੀਵਨ ਸਾਥੀ ਬਣਨ ਦਾ ਫੈਸਲਾ ਕਰ ਲਿਆ ਤੇ ਜਦੋਂ ਅਸੀਂ ਘਰ ਪਹੁੰਚੇ ਤਾਂ ਆਪਣੇ ਆਜ਼ਾਦ ਖ਼ਿਆਲਾਂ ਦੇ ਬਾਵਜ਼ੂਦ ਪਿਤਾ ਜੀ ਨੇ ਕਿਹਾ, ''ਪਰ ਉਹ ਬ੍ਰਾਹਮਣ ਨਹੀਂ।''
'ਕੁੜੀਆਂ ਤਾਂ ਪੰਜਾਹ ਫਿਰਦੀਆਂ ਨੇ। ਮੈਂ ਉਹਨਾਂ ਸਾਹਿਬ ਬਹਾਦਰ ਹੋਰਾਂ ਨੂੰ ਕੀ ਜੁਆਬ ਦਿਆਂਗਾ, ਜਿਹੜੇ ਆਪਣੀ ਬਿਰਾਦਰੀ ਦੇ ਨੇ? ਬੜੇ ਮਾਣ-ਇੱਜ਼ਤ ਵਾਲੇ ਬੰਦੇ ਨੇ, ਵੱਡਾ ਕਾਰੋਬਾਰ ਹੈ, ਸਾਰੇ ਇਲਾਕੇ ਵਿਚ ਪੁੱਛ-ਦੱਸ ਹੈ। ਤੇ ਸੁਣਿਐਂ ਇਸਦਾ ਪਿਓ ਤਾਂ ਕਿਸੇ ਹਾਈ ਸਕੂਲ ਦਾ ਹੈਡਮਾਸਟਰ ਹੈ।'' ਪਿਤਾ ਜੀ ਉਸ ਦਿਨ ਬੜੇ ਗੁੱਸੇ ਵਿਚ ਸਨ।
ਪਰ ਮੈਂ ਆਪਣੀ ਜ਼ਿਦ ਉੱਤੇ ਅੜਿਆ ਰਿਹਾ ਤੇ ਉਸ ਪਿੱਛੋਂ ਪਿਤਾ ਜੀ ਮੇਰੇ ਕੋਲ ਨਹੀਂ ਆਏ। ਤੇ ਇਹ ਗੱਲ ਉਦੋਂ ਨਿੱਖਰ ਕੇ ਸਾਹਮਣੇ ਆਈ ਜਦੋਂ ਮੇਰੇ ਘਰ ਪਲੇਠੀ ਦਾ ਪੁੱਤਰ ਹੋਇਆ ਤੇ ਪਿਤਾ ਜੀ ਨਾ ਆਏ, ਸਿਰਫ ਮਾਤਾ ਜੀ ਆਏ, ਉਹਨਾਂ ਰਸਮ-ਰਿਵਾਜ਼ ਪੂਰੇ ਕੀਤੇ ਤੇ ਚਲੇ ਗਏ। ਜਦੋਂ ਮੁੰਡਾ ਪੰਜ ਸਾਲ ਦਾ ਹੋਇਆ ਤਾਂ ਮੇਰੇ ਪਿਤਾ ਜੀ ਨੇ ਮੈਨੂੰ ਇਕ ਚਿੱਠੀ ਲਿਖੀ ਕਿ ਲੜਕੇ ਨੂੰ ਉਹਨਾਂ ਕੋਲ ਭੇਜ ਦਿੱਤਾ ਜਾਏ। ਇਸ ਦੇ ਭਵਿੱਖ ਬਾਰੇ ਵੀ ਉਹਨਾਂ ਸੋਚਿਆ। ਉਹਨਾਂ ਕੋਲ ਇਸ ਨੇ ਪ੍ਰੀਇੰਜਨੀਅਰਿੰਗ ਪਾਸ ਕੀਤੀ ਤੇ ਉਹਨਾਂ ਨੇ ਹੀ ਇਸ ਨੂੰ ਇੰਜਨੀਅਰਿੰਗ ਕਾਲਜ ਵਿਚ ਦਾਖਲਾ ਲੈ ਕੇ ਦਿੱਤਾ। ਤੇ ਅੱਜ ਉਹ ਸਾਹਿਬਜ਼ਾਦਾ ਮੇਰੇ ਕਮਰੇ ਵਿਚ, ਮੇਰੇ ਸਾਹਮਣੇ ਬੈਠਾ, ਕੁਢੱਬੇ ਜਿਹੇ ਕੱਪੜੇ ਪਹਿਨੀ, ਸਿਗਰੇਟ ਪੀ ਰਿਹਾ ਹੈ, ਕਿਉਂਕਿ ਦਾਦੇ ਦੇ ਲਾਡ ਪਿਆ ਨੇ ਉਸਨੂੰ ਵਿਗਾੜਿਆ ਹੋਇਆ ਹੈ, ਉਹਨਾਂ ਇਸ ਦੀ ਹਰ ਇੱਛਾ ਪੂਰੀ ਕੀਤੀ ਹੈ।
ਹੁਣ ਉਹ ਕਾਲਜ ਦਾ ਪ੍ਰਧਾਨ ਹੈ। ਸਿਆਸਤਦਾਨ ਹੈ, ਪੜ੍ਹਨ ਵਿਚ ਬੜਾ ਚੰਗਾ ਹੈ ਕਿਉਂਕਿ ਮਾਪਿਆਂ ਦਾ ਅਸਰ ਹੈ, ਪਰ ਰੰਗ-ਢੰਗ ਇਹੋ ਜਿਹੇ ਨੇ। ਵੇਲੇ ਵੇਲੇ ਦੀਆਂ ਗੱਲਾਂ ਨੇ, ਹੁਣ ਸੋਚਦਾ ਹਾਂ ਕਿ ਵਕਤ ਨਾਲ ਸਮਝੌਤਾ ਕਰ ਲਵਾਂ, ਜਾਂ ਮੈਂ ਵੀ ਵੱਡੇ-ਵੱਡੇਰਿਆਂ ਵਾਂਗ ਮੂੰਡੇ ਨਾਲ ਸੰਬੰਧ ਤੋੜ ਲਵਾਂ?
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ