Baajan Wale Di Saunh (Punjabi Story) : Gurbachan Singh Bhullar
ਬਾਜਾਂ ਵਾਲੇ ਦੀ ਸਹੁੰ (ਕਹਾਣੀ) : ਗੁਰਬਚਨ ਸਿੰਘ ਭੁੱਲਰ
ਚਾਨਣ ਸਿੰਘ ਦਾ ਹਲ ਮਿਲ ਜਾਣ ਦੀ ਖ਼ਬਰ ਪੂਰੇ ਪਿੰਡ ਵਿਚ ਉਸ ਨਾਲੋਂ ਵੀ ਤੇਜ਼ੀ ਨਾਲ ਫੈਲ ਗਈ, ਜਿੰਨੀ ਨਾਲ ਕੁਝ ਸਾਲ ਪਹਿਲਾਂ ਇਹ ਹਲ ਖੇਤ ਵਿਚ ਨਾ ਮਿਲਣ ਦੀ ਖ਼ਬਰ ਫ਼ੈਲੀ ਸੀ। ਉਸ ਸਮੇਂ ਚਰਚਾ ਕਰਦਿਆਂ ਲੋਕ ਭਾਵੇਂ ਇਹੋ ਆਖਦੇ ਸਨ ਕਿ ਚਾਨਣ ਸਿੰਘ ਦਾ ਹਲ ਉਹਦੇ ਖੇਤੋਂ ਗੁਆਚ ਗਿਆ ਹੈ, ਪਰ ਉਹ ਜਾਣਦੇ ਸਨ ਕਿ ਹਲ ਕੋਈ ਸੂਈ ਨਹੀਂ ਜੋ ਰੇਤੇ-ਮਿੱਟੀ ਵਿਚ ਜਾਂ ਘਾਹ-ਫੂਸ ਵਿਚ ਡਿੱਗ ਕੇ ਗੁਆਚ ਜਾਵੇ। ਜੇ ਹਲ ਗੁਆਚ ਨਹੀਂ ਸਕਦਾ ਤਾਂ ਮਾਮਲਾ ਸਾਫ਼ ਸੀ ਕਿ ਉਹ ਚੋਰੀ ਹੋਇਆ ਸੀ। ਪਰ ਹਲ ਦੀ ਚੋਰੀ!
ਗੱਲ ਇਹ ਨਹੀਂ ਸੀ ਕਿ ਪਿੰਡ ਵਿਚ ਕਿਸੇ ਚੀਜ਼ ਦੀ ਕਦੀ ਚੋਰੀ ਨਹੀਂ ਸੀ ਹੋਈ ਜਾਂ ਕਦੀ ਕੋਈ ਚੋਰ ਚੋਰੀ ਕਰਦਾ ਫੜਿਆ ਨਹੀਂ ਸੀ ਗਿਆ, ਪਰ ਹਲ ਦੀ ਚੋਰੀ ਸੁਣ ਕੇ ਲੋਕਾਂ ਨੂੰ ਸੱਚ ਨਾ ਆਉਂਦਾ। ਹਲ ਦੀ ਚੋਰੀ ਕੌਣ ਕਰੇਗਾ? ਏਨਾ ਨਿੱਘਰਿਆ ਹੋਇਆ ਕੌਣ ਹੋਵੇਗਾ ਜੋ ਸਦੀਆਂ ਤੋਂ ਬਣੀ ਆਈ ਵਰਜਨਾ ਨੂੰ ਕੁਦਰਤ ਦੀ ਕਰੋਪੀ ਦੇ ਕਿਸੇ ਭੈ ਤੋਂ ਬਿਨਾਂ ਇੱਕੋ ਝਟਕੇ ਨਾਲ ਤੋੜ ਦੇਵੇਗਾ? ਪਰ ਹਲ ਦੇ ਖੰਭ ਵੀ ਤਾਂ ਨਹੀਂ ਹੁੰਦੇ ਕਿ ਉਹ ਆਪੇ ਕਿਧਰੇ ਉੱਡ ਗਿਆ ਹੋਵੇਗਾ। ਜੇ ਹਲ ਗੁਆਚ ਨਹੀਂ ਸਕਦਾ ਜਾਂ ਉਡਾਰੀ ਮਾਰ ਕੇ ਕਿਤੇ ਜਾ ਨਹੀਂ ਸਕਦਾ ਤਾਂ ਫੇਰ ਗੱਲ ਸਿੱਧੀ ਸੀ ਕਿ ਹਲ ਚੋਰੀ ਹੋ ਗਿਆ ਸੀ। ਪਰ ਹਲ ਦੀ ਚੋਰੀ!
ਸਦੀਆਂ ਤੋਂ ਕਿਸਾਨ ਖੇਤੀ ਕਰਦੇ ਆਏ ਹਨ। ਸਦੀਆਂ ਤੋਂ ਹੀ ਉਹ ਖੇਤੀ ਨਾਲ ਸੰਬੰਧਿਤ ਸੰਦ ਖੇਤਾਂ ਵਿਚ ਹੀ ਪਏ ਛੱਡ ਕੇ ਘਰ ਆਉਂਦੇ ਰਹੇ ਹਨ। ਇਨ੍ਹਾਂ ਲੰਮੀਆਂ ਸਦੀਆਂ ਨੇ ਖੇਤੀ ਦੇ ਸੰਦਾਂ ਦੀ ਚੋਰੀ ਨੂੰ ਇੱਕ ਅਜਿਹੇ ਪਾਪ ਵਿਚ ਬਦਲ ਦਿੱਤਾ ਹੈ ਜਿਸ ਦੀ ਕੋਈ ਮਾਫ਼ੀ ਨਹੀਂ। ਹਲ-ਪੰਜਾਲੀਆਂ ਖੇਤ ਛੱਡ ਕੇ ਤਾਂ ਕਿਸਾਨ ਬਲਦਾਂ ਨੂੰ ਘਰ ਲੈ ਹੀ ਆਉਂਦੇ, ਉਹਨਾਂ ਦੇ ਮੰਜੇ-ਬਿਸਤਰੇ ਵੀ ਉੱਥੇ ਹੀ ਪਏ ਰਹਿੰਦੇ। ਜਦੋਂ ਬਿਜਾਈ ਦੀ ਰੁੱਤ ਆਉਂਦੀ, ਦਿਨ-ਭਰ ਬੀ ਪਾਉਣ ਮਗਰੋਂ ਜੋ ਅਨਾਜ ਬਚਦਾ, ਉਹ ਵੀ ਅਗਲੇ ਦਿਨ ਬੀਜਣ ਲਈ ਖੇਤ ਹੀ ਬੋਰੀ ਵਿਚ ਪਿਆ ਛੱਡ ਆਉਂਦੇ। ਕੋਈ ਅਫੀਮੀ-ਅਮਲੀ ਜਾਂ ਨੰਗ-ਮਲੰਗ ਕਿਸੇ ਦੇ ਘਰ ਦੀ ਕੰਧ ਟੱਪ ਕੇ ਭਾਂਡੇ ਤਾਂ ਚੋਰੀ ਕਰ ਸਕਦਾ ਸੀ ਜਾਂ ਖੇਤ ਵਿਚ ਕਪਾਹ ਵਰਗੀ ਕਿਸੇ ਪੱਕ ਚੁੱਕੀ ਵਿਕਾਊ ਫ਼ਸਲ ਨੂੰ ਤਾਂ ਹੱਥ ਮਾਰ ਸਕਦਾ ਸੀ ਪਰ ਹਲ, ਪੰਜਾਲ਼ੀ, ਸੁਹਾਗੀ ਆਦਿ ਦੀ ਚੋਰੀ ਉਹ ਵੀ ਨਹੀਂ ਸੀ ਕਰਦਾ।
ਤਾਂ ਫੇਰ ਚਾਨਣ ਸਿੰਘ ਦਾ ਹਲ ਕਿੱਧਰ ਗਿਆ? ਉਹਨੂੰ ਧਰਤੀ ਨਿਗਲ ਗਈ ਜਾਂ ਉਹ ਹਵਾ ਵਿਚ ਖੁਰ ਗਿਆ?
ਉਂਜ ਤਾਂ ਕਿਸਾਨ ਕਦੀ ਵੀ ਕਿਸੇ ਸੰਦ ਨੂੰ ਨਿਰਜਿੰਦ ਲੱਕੜ-ਲੋਹਾ ਨਹੀਂ ਸਮਝਦਾ ਸਗੋਂ ਸਜਿੰਦ ਡੰਗਰ-ਵੱਛੇ ਵਾਂਗ ਹੀ ਪਿਆਰਦਾ ਹੈ, ਪਰ ਚਾਨਣ ਸਿੰਘ ਨੂੰ ਸੰਦ ਵਧੀਆ ਬਣਵਾਉਣ ਅਤੇ ਸਾਂਭਣ ਦਾ ਨਿਰਾਲਾ ਹੀ ਸ਼ੌਕ ਸੀ। ਉਹਦੇ ਸਹੁਰੇ ਪਿੰਡ ਦੇ ਮਿਸਤਰੀ ਹਲ ਕੀ ਬਣਾਉਂਦੇ ਸਨ, ਕਮਾਲ ਹੀ ਕਰ ਦਿਖਾਉਂਦੇ ਸਨ। ਇਹ ਹਲ ਉਹਨੇ ਆਪਣੇ ਸਾਲੇ ਨੂੰ ਆਖ ਕੇ ਪੁਰਾਣੀ ਪੱਕੀ ਹੋਈ ਕਿੱਕਰ ਦੀ ਅਜਿਹੀ ਲੱਕੜ ਦਾ ਬਣਵਾਇਆ ਸੀ ਜਿਸ ਵਿਚ ਕੋਈ ਗੰਢ ਤੱਕ ਨਹੀਂ ਸੀ।
ਪੂਰਾ ਪਿੰਡ ਹੈਰਾਨ ਸੀ ਇੱਕ ਤਾਂ ਹਲ ਦੀ ਚੋਰੀ ਤੇ ਹਲ ਵੀ ਚਾਨਣ ਸਿੰਘ ਵਰਗੇ ਗੁਰਮੁਖ ਅਤੇ ਭਜਨੀਕ ਆਦਮੀ ਦਾ। ਮੀਂਹ ਜਾਵੇ, ਹਨੇਰੀ ਜਾਵੇ, ਦਿਨ ਦਾ ਕਾਰ-ਵਿਹਾਰ ਉਹ ਅੰਮ੍ਰਿਤ-ਵੇਲੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਹੀ ਆਰੰਭ ਕਰਦਾ। ਫਸਲ ਆਈ ਤੋਂ ਕੋਈ ਘਰ ਪੰਜ, ਕੋਈ ਸੱਤ, ਕੋਈ ਨੌਂ ਤੇ ਕੋਈ ਗਿਆਰਾਂ ਪਰਾਤਾਂ ਗੁਰਦੁਆਰੇ ਦੇ ਲੰਗਰ ਲਈ ਭੇਟ ਕਰਦਾ, ਪਰ ਪਿੰਡ ਦਾ ਇਹ ਇਕੱਲਾ ਘਰ ਸੀ ਜਿੱਥੇ ਸਿੱਖੀ ਮਰਯਾਦਾ ਅਨੁਸਾਰ ਦਸਵਾਂ ਦਸਵੰਧ ਗੁਰਦੁਆਰੇ ਭੇਟ ਹੁੰਦਾ। ਜੇ ਢਾਈ ਸੌ ਮਣ ਕਣਕ ਹੁੰਦੀ, ਉਸ ਵਿੱਚੋਂ ਪੱਚੀ ਮਣ ਕਣਕ ਲੰਗਰ ਲਈ ਭੇਟ ਕਰ ਕੇ ਹੀ ਉਹ ਬਾਕੀ ਆੜ੍ਹਤੀਏ ਦੇ ਭੇਜਦਾ ਜਾਂ ਸਾਲ-ਭਰ ਵਰਤਣ ਲਈ ਭੜੋਲੇ ਵਿਚ ਪਾਉਂਦਾ।
ਗੁਰਦੁਆਰਾ ਸੀ ਤਾਂ ਪਿੰਡ ਦੇ ਬਾਹਰਵਾਰ ਇੱਕ ਪਾਸੇ ਕੁਝ ਦੂਰ ਹਟਵਾਂ, ਪਰ ਸਮਾਜਿਕ-ਧਾਰਮਿਕ ਪੱਖੋਂ ਇਹ ਪਿੰਡ ਦਾ ਕੇਂਦਰ ਸੀ, ਸਭ ਸਰਗਰਮੀਆਂ ਦਾ ਧੁਰਾ। ਵਿਆਹ-ਮੰਗਣੇ ਸਮੇਂ ਇੱਥੇ ਮੱਥਾ ਟੇਕਿਆ ਜਾਂਦਾ। ਬੱਚਾ ਜੰਮਦਾ ਤਾਂ ਇੱਥੇ ਗੁੜ ਦੀ ਭੇਲੀ ਚੜ੍ਹਦੀ ਅਤੇ ਨਾਮਕਰਨ ਭਾਈ ਜੀ ਕਰਦਾ। ਮੱਝ-ਗਾਂ ਸੂੰਦੀ, ਦੁੱਧ ਕਾੜ੍ਹਨੀ ਵਿਚ ਪਾਉਣ ਲੱਗਣ ਤੋਂ ਪਹਿਲਾਂ ਪੂਰੇ ਦੇ ਪੂਰੇ ਦੀ ਖੀਰ ਬਣਾ ਕੇ ਗੁਰਦੁਆਰੇ ਲਿਜਾਈ ਜਾਂਦੀ। ਅੰਤਿਮ ਯਾਤਰਾ ਸਮੇਂ ਅਰਥੀ ਤੋਂ ਮੱਥਾ ਟਿਕਾਉਣ ਲਈ ਉਹਨੂੰ ਇੱਕ ਵਾਰ ਡਿਉੜ੍ਹੀ ਸਾਹਮਣੇ ਉਤਾਰ ਕੇ ਅੱਗੇ ਲਿਜਾਇਆ ਜਾਂਦਾ।
ਮੁਗਲਾਂ ਨਾਲ ਘਮਸਾਨ ਯੁੱਧ ਲੜਨ ਅਤੇ ਚਾਲੀ ਸਿੱਖਾਂ ਦਾ ਬੇਦਾਵਾ ਪਾੜ ਕੇ ਉਹਨਾਂ ਨੂੰ ਮੁਕਤੇ ਸਜਾਉਣ ਮਗਰੋਂ ਖਿਦਰਾਣੇ ਦੀ ਢਾਬ ਨੂੰ ਮੁਕਤਸਰ ਹੋਣ ਦਾ ਵਰ ਦਿੰਦਿਆਂ ਤਲਵੰਡੀ ਸਾਬੋ ਵੱਲ ਜਾਂਦੇ ਹੋਏ ਦਸਮੇਸ਼ ਪਿਤਾ ਨੇ ਇੱਕ ਰਾਤ ਇੱਥੇ ਵਿਸਰਾਮ ਕੀਤਾ ਸੀ। ਸਾਦਾ ਪਰ ਸੋਹਣੀ ਦਰਸ਼ਨੀ ਡਿਉੜ੍ਹੀ, ਚਾਰ-ਦੀਵਾਰੀ ਵਾਲੇ ਵਿਸ਼ਾਲ ਵਿਹੜੇ ਵਿਚਕਾਰ ਵੱਡੇ ਹਾਲ ਕਮਰੇ ਵਾਲਾ ਗੁਰਦੁਆਰਾ ਅਤੇ ਬਹੁਤ ਦੂਰੋਂ ਦਿਸਦਾ ਨਿਸ਼ਾਨ ਸਾਹਿਬ। ਸੱਜੀ ਕੰਧ ਵਿਚ ਬਣਿਆ ਛੋਟਾ ਦਰਵਾਜ਼ਾ ਗੁਰਦੁਆਰਿਉਂ ਬਾਹਰਲੇ ਪੱਕੀਆਂ ਇੱਟਾਂ ਵਾਲੇ ਚੌਂਤਰੇ ਉੱਤੇ ਖੁੱਲ੍ਹਦਾ ਸੀ ਜਿਸ ਦੇ ਵਿਚਕਾਰ ਬਹੁਤ ਪੁਰਾਣਾ ਪਿੱਪਲ ਸੀ ਅਤੇ ਜੋ ਪੱਕੀਆਂ ਪੌੜੀਆਂ ਬਣ ਕੇ ਕੱਚੇ ਤਲਾਅ ਵਿਚ ਜਾ ਮੁੱਕਦਾ ਸੀ। ਲੋਕ, ਖ਼ਾਸ ਕਰਕੇ ਗਰਮੀਆਂ ਦੇ ਦੁਪਹਿਰੇ, ਤਲਾਅ ਵਿਚ ਨ੍ਹਾਉਂਦੇ ਅਤੇ ਪਿੱਪਲ ਹੇਠਾਂ ਬੈਠ ਕੇ ਵਿਹਲੀਆਂ ਗੱਲਾਂ ਮਾਰਦੇ ਜਾਂ ਤਾਸ਼ ਖੇਡਦੇ।
ਨਿਸ਼ਾਨ ਸਾਹਿਬ ਏਨਾ ਉੱਚਾ ਸੀ ਕਿ ਉਹ ਪਿੰਡ ਦੀ ਜੂਹ ਤੋਂ ਬਾਹਰ ਤੱਕ ਦਿਖਾਈ ਦਿੰਦਾ। ਤੇ ਜਿਥੋਂ ਤੱਕ ਨਿਸ਼ਾਨ ਸਾਹਿਬ ਦਿਸਦਾ ਸੀ, ਪਿੰਡ ਦੇ ਲੋਕ ਇਉਂ ਸੁਰੱਖਿਅਤ ਅਨੁਭਵ ਕਰਦੇ ਜਿਵੇਂ ਮੁਰਗੀ ਦੇ ਖੰਭਾਂ ਹੇਠ ਉਹਦੇ ਬੱਚੇ ਅਨੁਭਵ ਕਰਦੇ ਹਨ।
ਨਿਸ਼ਾਨ ਸਾਹਿਬ ਦਾ ਪੁਸ਼ਾਕਾ ਹਰ ਸਾਲ ਹਰਚਰਨ ਸਿੰਘ ਬਦਲਦਾ। ਉਹ ਜਦੋਂ ਤੇਰਾਂ-ਚੌਦਾਂ ਸਾਲਾਂ ਦਾ ਗਭਰੇਟ ਸੀ, ਕਿਸੇ ਛੋਟੀ-ਮੋਟੀ ਗੱਲ ਤੋਂ ਰੁੱਸ ਕੇ ਘਰੋਂ ਨਿੱਕਲ ਗਿਆ। ਸਬੱਬ ਨਾਲ ਐਨ ਉਸ ਸਮੇਂ ਗੁਰਦੁਆਰੇ ਦੇ ਪਿਛਲੇ ਮੈਦਾਨ ਵਿਚ ਉੱਤਰੀਆਂ ਹੋਈਆਂ ਗੁਰਾਂ ਦੀਆਂ ਲਾਡਲੀਆਂ ਫੌਜਾਂ ਕੂਚ ਕਰ ਰਹੀਆਂ ਸਨ। ਹਰਚਰਨ ਸਿੰਘ ਦੀ ਨਾਲ ਲੈ ਚੱਲਣ ਦੀ ਬੇਨਤੀ ਜਥੇਦਾਰ ਨੇ ਪਰਵਾਨ ਕਰ ਲਈ।
ਕਈ ਹਫ਼ਤੇ ਪੰਚਾਇਤਾਂ ਅਤੇ ਗੁਰਦੁਆਰਿਆਂ ਤੋਂ ਆਪਣੇ ਲਈ ਅਤੇ ਘੋੜਿਆਂ ਲਈ ਰਸਦ-ਪਾਣੀ ਲੈਂਦਿਆਂ ਉਹ ਅਨੇਕ ਪਿੰਡ ਘੁੰਮਣ ਮਗਰੋਂ ਵਿਸਾਖੀ ਤੋਂ ਇੱਕ ਮਹੀਨਾ ਪਹਿਲਾਂ ਆਪਣੀ ਛਾਉਣੀ ਪਰਤ ਆਏ।
ਉਹ ਜਥੇ ਨਾਲ ਦੌਰਿਆਂ ਉੱਤੇ ਜਾਂਦਾ ਅਤੇ ਛਾਉਣੀ ਪਰਤਦਾ ਰਿਹਾ।
ਕਦੇ-ਕਦੇ ਉਹਨੂੰ ਘਰ ਦੀ, ਖੇਤਾਂ ਦੀ, ਪਿੰਡ ਦੀ ਬੇਹੱਦ ਯਾਦ ਆਉਂਦੀ। ਉਹ ਡਾਢਾ ਉਦਾਸ ਹੋ ਕੇ ਸੋਚਦਾ, ਹੁਣੇ ਆਪਣਾ ਘੋੜਾ ਭਜਾ ਕੇ ਪਿੰਡ ਪੁੱਜ ਜਾਵੇ। ਪਰ ਇਸ ਅਨੋਖੇ ਜੀਵਨ ਦਾ ਵੀ ਉਹਨੂੰ ਵਾਹਵਾ ਚਸਕਾ ਪੈ ਗਿਆ ਸੀ। ਖ਼ੂਬ ਆਜ਼ਾਦੀ ਸੀ ਅਤੇ ਅਜੀਬ ਮੌਜਾਂ ਸਨ। ਉਹ ਮਨ ਨੂੰ ਸਮਝਾਉਂਦਾ, ਘਰ ਤਾਂ ਜਦੋਂ ਮਰਜ਼ੀ ਮੁੜ ਚੱਲਾਂਗੇ, ਐਹ ਹੁਲਾਰੇ ਫੇਰ ਕਿੱਥੋਂ ਮਿਲਣਗੇ!
ਜਥੇ ਨਾਲ ਰਹਿੰਦਿਆਂ ਉਹਨੇ ਪਾਠ ਕਰਨ, ਗਤਕਾ ਖੇਡਣ ਅਤੇ ਸੁਖ-ਨਿਧਾਨ ਰਗੜਨ ਤੇ ਛਕਣ ਤੋਂ ਬਿਨਾਂ ਇੱਕ ਕਲਾ ਹੋਰ ਸਿੱਖ ਲਈ। ਉਹ ਸੀ ਨਿਸ਼ਾਨ ਸਾਹਿਬ ਦਾ ਪੁਸ਼ਾਕਾ ਬਦਲਣਾ। ਵਿਸਾਖੀ ਤੋਂ ਪਹਿਲਾਂ ਲਾਡਲੀਆਂ ਫੌਜਾਂ ਦੀ ਛਾਉਣੀ ਵਾਲੇ ਨਿਸ਼ਾਨ ਸਾਹਿਬ ਦਾ ਪੁਸ਼ਾਕਾ ਬਦਲਣ ਲਈ ਉਹ ਦੋ ਬੰਦਿਆਂ ਵਾਸਤੇ ਬਣੀ ਡੋਲੀ ਵਿਚ ਬੈਠ ਕੇ ਪਹਿਲੀ ਵਾਰ ਉੱਚੇ ਦੁਮਾਲੇ ਵਾਲੇ ਨਿਹੰਗ ਸੁਰਤਾ ਸਿੰਘ ਨਾਲ ਧਰਤੀ ਤੋਂ ਉੱਚਾ ਉੱਠਣ ਲੱਗਿਆ ਤਾਂ ਉੁਹਦਾ ਦਿਲ ਹੇਠਾਂ ਨੂੰ ਬੈਠਣ ਲੱਗਿਆ। ਪਰ ਉਹਨੂੰ ਸੁਰਤਾ ਸਿੰਘ ਦਾ ਸਹਾਰਾ ਸੀ ਜੀਹਨੇ ਉਹਨੂੰ ਹੇਠਾਂ ਦੇਖਣੋਂ ਵਰਜ ਦਿੱਤਾ ਸੀ। ਜਦੋਂ ਉਹ ਸਿਖਰ ਪੁੱਜੇ, ਹੇਠਾਂ ਵੱਲ ਦੇਖੇ ਬਿਨਾਂ ਪਤਾ ਨਹੀਂ ਕਦੋਂ ਅਤੇ ਕਿਵੇਂ ਉਹਨੂੰ ਧਰਤੀ ਉੱਤੇ ਖਲੋਤੇ ਬੰਦੇ ਛੋਟੇ-ਛੋਟੇ ਦਿਖਾਈ ਦਿੱਤੇ। ਅਚਾਨਕ ਉਹਨੂੰ ਲੱਗਿਆ ਜਿਵੇਂ ਉਹ ਧਰਤੀ ਤੇ ਅੰਬਰ ਦੇ ਵਿਚਕਾਰ ਕੱਚੇ ਧਾਗੇ ਨਾਲ ਲਟਕਿਆ ਹੋਇਆ ਹੋਵੇ। ਉਹਨੇ ਸੁਰਤੀ ਸਭ ਪਾਸਿਉਂ ਮੋੜ ਕੇ ਨਿਹੰਗ ਸੁਰਤਾ ਸਿੰਘ ਵੱਲ ਕਰ ਲਈ ਅਤੇ ਨਜ਼ਰਾਂ ਨਿਸ਼ਾਨ ਸਾਹਿਬ ਉੱਤੇ ਟਿਕਾ ਲਈਆਂ।
ਜਦੋਂ ਡੋਲੀ ਹੇਠਾਂ ਨੂੰ ਆਉਣ ਲੱਗੀ, ਉਹਦਾ ਡੋਲਦਾ ਹੋਇਆ ਦਿਲ ਟਿਕਾਣੇ ਹੋਣ ਲੱਗਿਆ। ਜਦੋਂ ਜੈਕਾਰਿਆਂ ਦੀ ਗੂੰਜ ਵਿਚ ਉਹਨੇ ਸੁਰਤਾ ਸਿੰਘ ਦੇ ਪਿੱਛੇ-ਪਿੱਛੇ ਪੈਰ ਧਰਤੀ ਉੱਤੇ ਰੱਖੇ, ਉਹਨੂੰ ਲੱਗਿਆ ਕਿ ਉਹ ਤਾਂ ਇਕੱਲਾ ਵੀ ਇਹ ਕੰਮ ਕਰ ਸਕਦਾ ਹੈ। ਅਗਲੇ ਸਾਲ ਸੱਚ-ਮੁੱਚ ਉਹਨੇ ਇਕੱਲੇ ਨੇ ਨਿਸ਼ਾਨ ਸਾਹਿਬ ਦਾ ਪੁਸ਼ਾਕਾ ਬਦਲ ਦਿੱਤਾ। ਜਦੋਂ ਸਿਖਰ ਪਹੁੰਚ ਕੇ ਹੇਠਾਂ ਦੇਖਿਆਂ ਵੀ ਉਹਨੂੰ ਕੋਈ ਭੈ ਨਾ ਲੱਗਿਆ, ਉਹਨੂੰ ਆਪ ਨੂੰ ਵੀ ਬੜੀ ਹੈਰਾਨੀ ਹੋਈ।
ਛੋਟੀ-ਛੋਟੀ ਦਾਹੜੀ, ਨੀਲੇ ਚੋਲੇ ਉੱਤੇ ਚੌੜੇ ਗਾਤਰੇ ਵਾਲੀ ਕਿਰਪਾਨ, ਗੋਡਿਆਂ ਤੱਕ ਕਛਹਿਰਾ, ਨੀਲੀ ਗੋਲ਼ ਪਗੜੀ ਉੱਤੇ ਖੰਡਾ-ਕਿਰਪਾਨ ਤੇ ਚੱਕਰ ਸਜੇ ਹੋਏ, ਉਹਦਾ ਰੰਗ-ਰੂਪ ਹੋਰ ਦਾ ਹੋਰ ਹੋ ਚੁੱਕਿਆ ਸੀ। ਤਾਂ ਵੀ ਦੂਜੀ ਪੱਤੀ ਵਾਲੇ ਤਾਏ ਨੇਕ ਸਿੰਘ ਨੇ ਆਨੰਦਪੁਰ ਸਾਹਿਬ ਦੇ ਹੋਲੇ-ਮਹੱਲੇ ਵਿਚ ਥੋੜ੍ਹੀ ਜਿਹੀ ਔਖ ਮਗਰੋਂ ਉਹਨੂੰ ਪਛਾਣ ਹੀ ਲਿਆ। ਬਾਪੂ ਦਾ ਬੀਮਾਰ ਰਹਿੰਦੇ ਹੋਣਾ ਅਤੇ ਮਾਂ ਦਾ ਉਹਨੂੰ ਯਾਦ ਕਰਦਿਆਂ ਰੋ-ਰੋ ਕੇ ਅੰਨ੍ਹੀਆਂ ਵਰਗੀ ਹੋ ਜਾਣਾ ਸੁਣ ਕੇ ਉਹਨੇ ਹੋਲੇ-ਮਹੱਲੇ ਦੀ ਸਮਾਪਤੀ ਮਗਰੋਂ ਪਿੰਡ ਵੱਲ ਚਾਲੇ ਪਾ ਦਿੱਤੇ।
ਕਬੀਲਦਾਰੀ ਵਿਚ ਪੈ ਕੇ ਗੁਰਾਂ ਦੀਆਂ ਲਾਡਲੀਆਂ ਫੌਜਾਂ ਨਾਲ ਬਿਤਾਇਆ ਜੀਵਨ ਪਿੱਛੇ ਰਹਿੰਦਾ ਗਿਆ। ਹੁਣ ਜਦੋਂ ਉਹ ਆਰ-ਪਰਿਵਾਰ ਵਾਲਾ ਹੋ ਕੇ ਪੱਕੀ ਉਮਰ ਨੂੰ ਪਹੁੰਚ ਚੁੱਕਿਆ ਸੀ, ਸਿੱਧੀ ਬੰਨ੍ਹੀ ਹੋਈ ਨੀਲੀ ਪੱਗ ਅਤੇ ਸਾਧਾਰਨ ਗਾਤਰੇ ਵਾਲੀ ਕਿਰਪਾਨ ਹੀ ਉਸ ਜੀਵਨ ਦੀਆਂ ਪਿੱਛੇ ਬਚੀਆਂ ਨਿਸ਼ਾਨੀਆਂ ਰਹਿ ਗਈਆਂ ਸਨ। ਕੁਝ ਸਾਲ ਉਹ ਗੁਰਪੁਰਬਾਂ ਦੇ ਜਲੂਸਾਂ ਅੱਗੇ ਗਤਕੇ ਦੇ ਕਰਤੱਵ ਦਿਖਾਉਂਦਾ ਰਿਹਾ ਸੀ। ਆਖ਼ਰ ਉਮਰ ਨਾਲ ਅਤੇ ਅਭਿਆਸ ਦੀ ਘਾਟ ਸਦਕਾ ਗਤਕਾ ਵੀ ਛੁੱਟ ਗਿਆ। ਨਿਸ਼ਾਨ ਸਾਹਿਬ ਦਾ ਪੁਸ਼ਾਕਾ ਬਦਲਣ ਦੀ ਸੇਵਾ ਉਹ ਹੁਣ ਤੱਕ ਨਿਭਾਉਂਦਾ ਆ ਰਿਹਾ ਸੀ ਕਿਉਂਕਿ ਪਿੰਡ ਦਾ ਹੋਰ ਕੋਈ ਆਦਮੀ ਅਜੇ ਤੱਕ ਇਸ ਕੰਮ ਦੇ ਸਮਰੱਥ ਨਹੀਂ ਸੀ ਬਣਿਆ।
ਹੁਣ ਜਿੰਨੀ ਹੈਰਾਨੀ ਲੋਕਾਂ ਨੂੰ ਦੋ ਸਾਲ ਗੁਆਚਿਆ ਰਹਿਣ ਮਗਰੋਂ ਚਾਨਣ ਸਿੰਘ ਦਾ ਹਲ ਮਿਲਣ ਦੀ ਹੋਈ, ਉਸ ਨਾਲੋਂ ਵੱਧ ਹੈਰਾਨੀ ਇਹ ਹੋਈ ਕਿ ਹਲ ਹਰਚਰਨ ਸਿੰਘ ਦੇ ਖੇਤੋਂ ਮਿਲਿਆ ਸੀ।
ਅਸਲ ਵਿਚ ਉਸ ਦਿਨ ਹਰਚਰਨ ਸਿੰਘ ਦਾ ਇਰਾਦਾ ਹਲ ਦੀ ਚੋਰੀ ਕਰਨ ਦਾ ਹੈ ਵੀ ਨਹੀਂ ਸੀ। ਉਹਦਾ ਹਲ ਦੂਜੇ ਖੇਤ ਪਿਆ ਸੀ ਅਤੇ ਉਹਨੇ ਚਾਨਣ ਸਿੰਘ ਦਾ ਹਲ ਵਿਹਲਾ ਪਿਆ ਦੇਖ ਪਹਿਰ, ਦੋ ਪਹਿਰ ਵਰਤਣ ਦੇ ਇਰਾਦੇ ਨਾਲ ਉਹਦੇ ਖੇਤੋਂ ਚੁੱਕ ਲਿਆ ਸੀ। ਹਲ ਦੇਖਣ ਨੂੰ ਤਾਂ ਟੂਮ ਵਰਗਾ ਸੀ ਹੀ, ਜਦੋਂ ਜੋੜਿਆ ਤਾਂ ਮਿੱਟੀ ਵਿਚ ਧਸ ਕੇ ਇਉਂ ਵਗਣ ਲੱਗਿਆ ਜਿਵੇਂ ਪਾਣੀ ਵਿਚ ਮੱਛੀ ਤਰਦੀ ਹੈ। ਬੱਸ, ਉਸ ਚੰਦਰੀ ਘੜੀ ਉਹਦਾ ਮਨ ਬੇਈਮਾਨ ਹੋ ਗਿਆ। ਉਹਨੇ ਸੋਚਿਆ, ਕਿਸੇ ਨੇ ਉਹਨੂੰ ਹਲ ਲੈ ਕੇ ਆਉਂਦਾ ਦੇਖਿਆ ਤਾਂ ਹੈ ਨਹੀਂ। ਤੇ ਵਰਤਣ ਮਗਰੋਂ ਹਲ ਵਾਪਸ ਚਾਨਣ ਸਿੰਘ ਦੇ ਖੇਤ ਵਿਚ ਰੱਖਣ ਦੀ ਥਾਂ ਉਹਨੇ ਆਪਣੀ ਫਸਲ ਵਿਚ ਛੁਪਾ ਦਿੱਤਾ। ਹਨੇਰੇ ਪਏ ਉਹਨੇ ਘਰ ਲਿਜਾ ਕੇ ਹਲ ਨੂੰ ਤੂੜੀ ਵਾਲੇ ਕੋਠੇ ਵਿਚ ਪਿੱਛੇ ਕਰ ਕੇ ਸੁੱਟ ਦਿੱਤਾ ਅਤੇ ਤੂੜੀ ਉੱਤੇ ਪਾਣੀ ਛਿੜਕ ਦਿੱਤਾ।
ਹੁਣ ਇੰਨੇ ਸਮੇਂ ਮਗਰੋਂ ਗੱਲ ਆਈ-ਗਈ ਹੋਈ ਸਮਝ ਉਹਨੇ ਹਲ ਬਾਹਰ ਕੱਢ ਲਿਆ। ਉਹਨੂੰ ਵਿਸ਼ਵਾਸ ਸੀ ਕਿ ਗਿੱਲੀ ਤੂੜੀ ਵਿਚ ਪਿਆ ਰਹਿਣ ਕਾਰਨ ਹਲ ਦਾ ਰੰਗ-ਰੂਪ ਬਦਲ ਕੇ ਉਹ ਬੇਪਛਾਣ ਹੋ ਗਿਆ ਸੀ। ਪਰ ਚਾਨਣ ਸਿੰਘ ਦਾ ਵਿਚਕਾਰਲਾ ਮੁੰਡਾ ਨੰਬਰਦਾਰ ਦੇ ਟਿਊਬਵੈੱਲ ਵੱਲ ਜਾਂਦਾ ਹੋਇਆ ਹਰਚਰਨ ਸਿੰਘ ਦੇ ਖੇਤ ਵਿੱਚੋਂ ਲੰਘਿਆ ਤਾਂ ਆਪਣਾ ਹਲ ਪਛਾਨਣ ਵਿਚ ਉਹਨੂੰ ਇੱਕ ਪਲ ਵੀ ਨਾ ਲੱਗਿਆ।
ਉਹਨੂੰ ਹਲ ਲੈ ਕੇ ਪਿੰਡ ਪਹੁੰਚਦਿਆਂ ਤਾਂ ਵੱਧ ਸਮਾਂ ਲੱਗਿਆ ਹੋਵੇਗਾ, ਪਰ ਹਲ ਮਿਲਣ ਦੀ ਖ਼ਬਰ ਪੂਰੇ ਪਿੰਡ ਵਿਚ ਫੂਸ ਦੀ ਅੱਗ ਵਾਂਗ ਝੱਟ ਫੈਲ ਗਈ।
ਮੁੰਡੇ ਨੇ ਹਲ ਸੱਥ ਵਿਚ ਲਿਆ ਰੱਖਿਆ। ਕੁਝ ਬੰਦੇ ਪਹਿਲਾਂ ਹੀ ਉੱਥੇ ਖੁੰਢਾਂ ਅਤੇ ਚੌਂਕੜੀਆਂ ਉੱਤੇ ਬੈਠੇ ਸਨ। ਪੰਚਾਇਤ ਸੱਦਣ ਦੀ ਕਿਸੇ ਨੂੰ ਲੋੜ ਹੀ ਨਾ ਪਈ। ਪੰਚਾਇਤ ਕੀ, ਦੇਖਦਿਆਂ-ਦੇਖਦਿਆਂ ਉੱਥੇ ਸਾਰਾ ਪਿੰਡ ਜੁੜ ਗਿਆ। ਇਸ ਇਕੱਠ ਵਿਚ ਚਾਨਣ ਸਿੰਘ ਵੀ ਸੀ ਅਤੇ ਹਰਚਰਨ ਸਿੰਘ ਵੀ।
ਮਾਮਲਾ ਉਸ ਸਮੇਂ ਦਿਲਚਸਪ ਤਾਂ ਬਣਿਆ ਹੀ, ਉਲਝ ਕੇ ਮਸਲਾ ਵੀ ਬਣ ਗਿਆ ਜਦੋਂ ਚਾਨਣ ਸਿੰਘ ਜਿੰਨੇ ਜ਼ੋਰ ਨਾਲ ਹੀ ਹਰਚਰਨ ਸਿੰਘ ਨੇ ਕਹਿ ਦਿੱਤਾ ਕਿ ਇਹ ਹਲ ਉਹਦਾ ਹੈ। ਚਾਨਣ ਸਿੰਘ ਦਾ ਕਹਿਣਾ ਸੀ ਕਿ ਉਹਦੇ ਸਹੁਰੇ ਪਿੰਡ ਦੇ ਕਾਰੀਗਰ ਹਲ ਬਣਾਉਣ ਵਿਚ ਸੌ-ਸੌ ਕੋਹ ਤੱਕ ਮਸ਼ਹੂਰ ਨੇ ਅਤੇ ਉਹਨੇ ਇਹ ਹਲ ਉੱਥੋਂ ਬਣਵਾਇਆ ਸੀ। ਹਰਚਰਨ ਸਿੰਘ ਦਾ ਕਹਿਣਾ ਸੀ ਕਿ ਪਹਿਲਾ ਹਲ ਬਹੁਤਾ ਪੁਰਾਣਾ ਹੋ ਗਿਆ ਹੋਣ ਕਰਕੇ ਉਹਨੇ ਇਹ ਹਲ ਆਪਣੇ ਸਾਢੂ ਕੋਲ ਵਾਧੂ ਪਿਆ ਹੋਇਆ ਚੁੱਕ ਲਿਆਂਦਾ ਸੀ। ਤੁਰਤ-ਫੁਰਤ ਫ਼ੈਸਲਾ ਲੋੜਦੇ ਇਸ ਮੁਕੱਦਮੇ ਵਿਚ ਚਾਨਣ ਸਿੰਘ ਦੇ ਸਹੁਰੇ ਪਿੰਡੋਂ ਜਾਂ ਹਰਚਰਨ ਸਿੰਘ ਦੇ ਸਾਢੂ ਵਾਲੇ ਪਿੰਡੋਂ ਗਵਾਹ ਕਿੱਥੋਂ ਆਉਣ! ਨਾਲੇ ਜੇ ਅਜਿਹੇ ਗਵਾਹ ਤਲਬ ਕਰ ਵੀ ਲਏ ਜਾਣ, ਉਹਨਾਂ ਨੇ ਤਾਂ ਆਪਣੇ-ਆਪਣੇ ਰਿਸ਼ਤੇਦਾਰਾਂ ਦਾ ਪੱਖ ਹੀ ਪੁਗਾਉਣਾ ਸੀ।
ਸਾਰੇ ਪਿੰਡ ਨੂੰ ਉਲਝਣ ਵਿਚ ਪਿਆ ਦੇਖ ਕੇ ਘੁੱਦਾ ਘਤਿੱਤੀ ਬੋਲਿਆ, ਬਈ ਪਿੰਡਾ, ਇਹ ਤਾਂ ਉਹ ਗੱਲ ਹੋਈ, ਅਖੇ, ਦੋ ਇੱਕੋ ਜਿਹੀਆਂ ਜ਼ਨਾਨੀਆਂ ਇੱਕ ਨਿਆਣੇ ਪਿੱਛੇ ਲੜਦੀਆਂ ਰਾਜੇ ਅੱਗੇ ਜਾ ਪੇਸ਼ ਹੋਈਆਂ। ਉਹ ਕਹੇ, ਮੇਰਾ ਪੁੱਤ ਹੈ; ਉਹ ਕਹੇ, ਮੇਰਾ ਹੈ। ਨਾਲ ਤਮਾਸ਼ਬੀਨ, ਜੋ ਆਖਣ, ਮਾਂ ਨੂੰ ਕੀ ਪਛਾਣੀਏ, ਦੋਵਾਂ ਵਿਚ ਭੋਰਾ ਵੀ ਫਰਕ ਨਹੀਂ! ਰਾਜਾ ਇਉਂ ਫਸ ਗਿਆ ਜਿਵੇਂ ਹੁਣ ਆਪਾਂ ਫਸੇ ਖੜ੍ਹੇ ਹਾਂ। ਕਹਿੰਦਾ, ਭਲਕੇ ਆਇਉ। ਰਾਹ ਵਿਚ ਝਗੜਦੀਆਂ ਨੂੰ ਇੱਕ ਆਜੜੀ ਨੇ ਬੁਲਾ ਲਿਆ। ਗੱਲ ਸੁਣ ਕੇ ਉਹ ਸਮਝ ਗਿਆ ਕਿ ਦੋਵਾਂ ਵਿੱਚੋਂ ਇੱਕ ਭੂਤ ਹੈ। ਉਹਨੇ ਖਾਲੀ ਬੋਤਲ ਰੱਖ ਕੇ ਕਿਹਾ, ਜਿਹੜੀ ਮੁੰਡੇ ਦੀ ਅਸਲ ਮਾਂ ਹੈ, ਉਹ ਤਾਂ ਇਹਦੀ ਖ਼ਾਤਰ ਕੁਛ ਵੀ ਕਰ ਸਕਦੀ ਹੈ, ਬੋਤਲ ਵਿਚ ਵੀ ਵੜ ਸਕਦੀ ਹੈ। ਲਓ ਜੀ, ਭੂਤ ਝੱਟ ਬੋਤਲ ਵਿਚ ਵੜ ਗਈ। ਆਜੜੀ ਨੇ ਫੁਰਤੀ ਨਾਲ ਡੱਟ ਲਾ ਦਿੱਤਾ ਤੇ ਮੁੰਡਾ ਦੂਜੀ ਜ਼ਨਾਨੀ ਨੂੰ ਦੇ ਦਿੱਤਾ। ... ਹੁਣ ਬਈ ਲੋਕੋ, ਨਿੱਤਰੋ ਕੋਈ ਆਜੜੀ ਵਰਗਾ। ਕਰੋ ਚਾਨਣ ਸਿਉਂ ਤੇ ਹਰਚਰਨ ਸਿਉਂ ਵਿੱਚੋਂ ਇੱਕ ਨੂੰ ਬੋਤਲ ਵਿਚ ਬੰਦ!
ਘੁੱਦਾ ਚੜ੍ਹਦੀ ਉਮਰੇ ਕੁਝ ਸਾਲ ਡਰਾਈਵਰ ਮਾਮੇ ਕੋਲ ਕਲਕੱਤੇ ਰਹਿ ਆਇਆ ਸੀ। ਉਹਦਾ ਵਿਸ਼ਵਾਸ ਸੀ, ਉਹਨੇ ਹੋਰਾਂ ਨਾਲੋਂ ਵੱਧ ਜੱਗ-ਜਹਾਨ ਦੇਖਿਆ ਹੋਇਆ ਹੈ ਜਿਸ ਕਰਕੇ ਉਹਦੀ ਅਕਲ ਤੱਕ ਪਿੰਡ ਦਾ ਹੋਰ ਕੋਈ ਬੰਦਾ ਨਹੀਂ ਪਹੁੰਚ ਸਕਦਾ। ਉਹਦਾ ਦਾਅਵਾ ਸੀ ਕਿ ਬੰਗਾਲ ਵਰਗੇ ਜਾਦੂਗਰਾਂ ਦੇ ਦੇਸ ਵਿਚ ਰਹਿ ਆਉਣਾ ਹਰ ਐਰੇ-ਗੈਰੇ ਦੇ ਵੱਸ ਦੀ ਗੱਲ ਨਹੀਂ। ਪੰਚਾਇਤ ਦੇ ਮੈਂਬਰ ਤਾਂ ਪੰਜ ਸਾਲਾਂ ਲਈ ਚੁਣੇ ਜਾਂਦੇ ਸਨ, ਪਰ ਦੁਨੀਆ ਦੇਖੀ ਹੋਣ ਕਰਕੇ ਉਹ ਸਦ-ਪੰਚਾਇਤੀ ਸੀ। ਹੋਰ ਲੋਕ ਪੰਚਾਂ ਦੇ ਹੁੰਦਿਆਂ ਬੋਲਣ ਤੋਂ ਝਿਜਕਦੇ, ਪਰ ਉਹ ਮੂੰਹ-ਆਈ ਬੋਲ ਕੇ ਹੀ ਰਹਿੰਦਾ। ਖੁੰਢਾਂ ਉੱਤੇ ਵਿਚਾਰੇ ਜਾਂਦੇ ਹਰ ਮਸਲੇ ਬਾਰੇ ਉਹ ਅਕਲ ਦੇ ਤੀਰ ਛੱਡਦਾ। ਕਈ ਵਾਰ ਉਹ ਤੀਰ ਤੁੱਕੇ ਬਣ ਕੇ ਰਹਿ ਜਾਂਦੇ ਪਰ ਕਦੇ-ਕਦੇ ਕੋਈ ਸਿੱਧਾ ਨਿਸ਼ਾਨੇ ਉੱਤੇ ਵੀ ਜਾ ਲਗਦਾ। ਅਜਿਹੇ ਨਿਸ਼ਾਨਿਆਂ ਦੇ ਸਹਾਰੇ ਉਹਦੀ ਅਕਲ ਦਾ ਕਲਸ ਚਮਕਦਾ ਰਹਿੰਦਾ। ਹਰ ਗੱਲ ਵਿਚ ਲੱਤ ਅੜਾਉਣ ਦੀ ਉਹਦੀ ਇਸੇ ਆਦਤ ਕਰਕੇ ਲੋਕਾਂ ਨੇ ਉਹਦਾ ਨਾਂ ਘੁੱਦਾ ਘਤਿੱਤੀ ਪਾ ਲਿਆ ਸੀ ਤੇ ਉਹ ਇਸ ਨਾਂ ਨਾਲ ਬਾਗੋ-ਬਾਗ ਸੀ।
ਬਹੁਤੇ ਲੋਕ ਉਹਦੀ ਭੂਤ ਵਾਲੀ ਗੱਲ ਸੁਣ ਕੇ ਹੱਸ ਪਏ, ਕੁਝ ਨਾ ਵੀ ਹੱਸੇ। ਇਕੱਠ ਵਿੱਚੋਂ ਇੱਕ ਕੋਈ ਬੋਲਿਆ, "ਕਿਉਂ ਬਈ ਘੁੱਦਾ ਸਿਆਂ, ਜਦੋਂ ਤੂੰ ਇਹ ਕਥਾ ਹੀ ਸੁਣਾ ਦਿੱਤੀ, ਹੁਣ ਇਹਨਾਂ ਦੋਵਾਂ ਵਿੱਚੋਂ ਕੋਈ ਬੋਤਲ ਵਿਚ ਕਿਉਂ ਵੜੂ?"
"ਵੜੂ ਕਿਉਂ ਨਹੀਂ?" ਘੁੱਦਾ ਬੁੜ੍ਹਕਿਆ। "ਆਪਾਂ ਵਾੜਾਂਗੇ। ਗੁਰਦੁਆਰਾ ਕਾਹਦੀ ਖ਼ਾਤਰ ਐ? ਚਿੱਟੇ ਬਾਜਾਂ ਤੇ ਨੀਲੇ ਘੋੜੇ ਵਾਲਾ ਕਰੂ ਨਿਬੇੜਾ।"
ਹੁਣ ਤੱਕ ਚੁੱਪ ਖਲੋਤੇ ਰਹੇ ਸਰਪੰਚ ਨੂੰ ਜਿਵੇਂ ਰਾਹ ਮਿਲ ਗਿਆ, "ਬਈ ਗੱਲ ਘੁੱਦਾ ਸਿਉਂ ਦੀ ਠੀਕ ਐ। ... ਚੱਕ ਬਈ ਘੁੱਦਾ ਸਿਆਂ ਹਲ, ਚਲੋ ਸਾਰੇ ਗੁਰਦੁਆਰੇ।"
ਜਦੋਂ ਲੋਕਾਂ ਦੀ ਭੀੜ ਸੱਥ ਵਿੱਚੋਂ ਤੁਰੀ, ਜੇ ਕੋਈ ਆਦਮੀ ਪਿੰਡ ਵਿਚ ਬਾਕੀ ਰਹਿ ਗਿਆ ਸੀ, ਉਹ ਵੀ ਰਾਹ ਵਿੱਚੋਂ ਰਲਦਾ ਗਿਆ।
ਤਲਾਅ ਦੀਆਂ ਪੱਕੀਆਂ ਪੌੜੀਆਂ ਕੋਲ ਖਲੋ ਕੇ ਸਰਪੰਚ ਨੇ ਕਿਹਾ, "ਲੱਗੋ ਬਈ ਮੁੰਡਿਓ ਘੁੱਦਾ ਸਿਉਂ ਨਾਲ, ਕਰਾਓ ਹਲ ਨੂੰ ਅਸ਼ਨਾਨ।"
ਤੇ ਫੇਰ ਇਸ਼ਨਾਨ ਨਾਲ ਪਵਿੱਤਰ ਹੋਇਆ ਹਲ ਸਰਪੰਚ ਨੇ ਮਹਾਰਾਜ ਦੀ ਹਜ਼ੂਰੀ ਵਿਚ ਜਾ ਰਖਵਾਇਆ। ਉਹਦੀ ਦਿੱਤੀ ਜਾਣਕਾਰੀ ਅਨੁਸਾਰ ਭਾਈ ਜੀ ਨੇ ਅਰਦਾਸ ਕੀਤੀ ਅਤੇ ਅਰਦਾਸ ਦੇ ਅੰਤ ਵਿਚ ਬੇਨਤੀ ਕੀਤੀ, "ਹੇ ਤ੍ਰੈਲੋਕੀ ਦੇ ਜਾਣਨਹਾਰ, ਸਮੂਹ ਨਗਰਵਾਸੀ ਆਪ ਜੀ ਦੀ ਕਚਹਿਰੀ ਵਿਚ ਮੁਕੱਦਮਾ ਲੈ ਕੇ ਹਾਜ਼ਰ ਹੋਏ ਹਨ। ਸੱਚੇ ਪਾਤਸ਼ਾਹ ਜੀਓ, ਆਪ ਜੀ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ। ... ਕੂੜ ਨਿਖੁੱਟੇ ਨਾਨਕਾ, ਓੜਕ ਸੱਚ ਰਹੀ! ... ਜੋ ਬੋਲੇ ਸੋ ਨਿਹਾਲ ...!
ਜੈਕਾਰੇ ਦੀ ਗੂੰਜ ਮੱਠੀ ਪੈਣ ਮਗਰੋਂ ਹਾਲ ਵਿਚ ਇਕਦਮ ਚੁੱਪ ਛਾ ਗਈ। ਚਾਨਣ ਸਿੰਘ ਨੇ ਪਹਿਲਾਂ ਹਰਚਰਨ ਸਿੰਘ ਦੇ ਗਾਤਰੇ ਤੇ ਨੀਲੀ ਪੱਗ ਵੱਲ ਅਤੇ ਫੇਰ 'ਹਾਜ਼ਰ-ਹਜ਼ੂਰ, ਜ਼ਾਹਿਰਾ-ਜ਼ਹੂਰ' ਮਹਾਰਾਜ ਵੱਲ ਦੇਖਿਆ। ਹਰਚਰਨ ਸਿੰਘ ਨੇ ਪਹਿਲਾਂ ਰੇਸ਼ਮੀ ਰੁਮਾਲਿਆਂ ਵਿਚ ਪੀੜ੍ਹਾ ਸਾਹਿਬ ਉੱਤੇ ਬਿਰਾਜਮਾਨ ਮਹਾਰਾਜ ਦੀ ਬੀੜ ਵੱਲ ਦੇਖਿਆ ਅਤੇ ਫੇਰ ਸਿੱਧੀਆਂ ਏਧਰ ਦੇਖ ਰਹੀਆਂ ਉਹਨਾਂ ਅਣਗਿਣਤ ਅੱਖਾਂ ਵੱਲ ਦੇਖਿਆ ਜੋ ਉੁਹਦੇ ਆਪਣਿਆਂ ਦੀਆਂ ਵੀ ਸਨ ਤੇ ਬਿਗਾਨਿਆਂ ਦੀਆਂ ਵੀ, ਦੋਸਤਾਂ ਦੀਆਂ ਵੀ ਸਨ ਤੇ ਦੁਸ਼ਮਣਾਂ ਦੀਆਂ ਵੀ, ਹਮਦਰਦਾਂ ਦੀਆਂ ਵੀ ਸਨ ਤੇ ਸ਼ਰੀਕਾਂ ਦੀਆਂ ਵੀ।
ਭਾਈ ਜੀ ਨੇ ਵਚਨ ਕੀਤਾ, ਭਾਈ ਚਾਨਣ ਸਿੰਘ ਤੇ ਭਾਈ ਹਰਚਰਨ ਸਿੰਘ ਅੱਗੇ ਹਲ ਕੋਲ ਆਉਣ ਅਤੇ ਜਿਸ ਦਾ ਇਹ ਹਲ ਹੈ, ਉਹ 'ਬਾਜਾਂ ਵਾਲੇ ਦੀ ਸਹੁੰ, ਇਹ ਹਲ ਮੇਰਾ ਹੈ' ਆਖ ਕੇ ਇਹਨੂੰ ਚੁੱਕ ਲਵੇ।
ਹਰ ਕਿਸੇ ਦਾ ਸਾਹ ਆਪੇ ਹੀ ਰੁਕ ਗਿਆ। ਇਸ ਚੁੱਪ ਵਿੱਚੋਂ ਇੱਕ ਨਹੀਂ, ਦੋ ਆਵਾਜ਼ਾਂ ਇਕੱਠੀਆਂ ਉੱਚੀਆਂ ਹੋਈਆਂ, ਬਾਜਾਂ ਵਾਲੇ ਦੀ ਸਹੁੰ, ਇਹ ਹਲ ਮੇਰਾ ਹੈ!
ਲੋਕਾਂ ਨੇ ਦੇਖਿਆ, ਦੋਵਾਂ ਦੀਆਂ ਨੀਲੀਆਂ ਪੱਗਾਂ ਤੋਂ ਉੱਚਾ ਉੱਠਿਆ ਹਲ ਇੱਕ ਪਾਸਿਉਂ ਚਾਨਣ ਸਿੰਘ ਨੇ ਅਤੇ ਦੂਜੇ ਪਾਸਿਉਂ ਹਰਚਰਨ ਸਿੰਘ ਨੇ ਕੱਸ ਕੇ ਫੜਿਆ ਹੋਇਆ ਸੀ!