ਬਾਲਸਖਾਈ - ਜਸਵਿੰਦਰ : ਪ੍ਰੋ. ਅਵਤਾਰ ਸਿੰਘ

ਸਾਲ ਤੋਂ ਉੱਪਰ ਹੋ ਗਿਆ; ਅਜੇ ਵੀ ਇੱਦਾਂ ਲੱਗਦਾ ਕਿ ਉਹ ਇੱਥੇ ਹੀ ਕਿਤੇ ਗਿਆ ਹੈ; ਜਲਦੀ ਵਾਪਸ ਆਵੇਗਾ ਤੇ ਕਹੇਗਾ, ‘ਮਾਮਾ ਜੀ’। ਮਾਮੇ ਭਾਣਜੇ ਦਾ ਪਿਆਰ ਬਹੁਤ ਸੁਣਿਆ; ਐਨਾ ਵੀ ਹੋ ਸਕਦਾ ਹੈ? ਯਕੀਨ ਨਹੀਂ ਹੁੰਦਾ।

ਸਾਲ ਪਹਿਲਾਂ ਸ਼ਾਮੀਂ ਚਾਰ ਵਜੇ ਫ਼ੋਨ ਆਇਆ ‘ਜਸਵਿੰਦਰ ਹਸਪਤਾਲ਼ ‘ਚ ਦਾਖਲ ਹੈ, ਉਹਨੂੰ ਹੋਸ਼ ਨਹੀਂ, ਤੁਸੀਂ ਖੇਚਲ਼ ਨਾ ਕਰਿਉ, ਡਾ ਕਿਸੇ ਨੂੰ ਮਿਲਣ ਨਹੀਂ ਦਿੰਦੇ’। ਮੈਂ ਬੇਚੈਨ ਹੋ ਗਿਆ ਕਿ ਸਵੇਰੇ ਜਾਵਾਂਗਾ; ਰਾਤ ਮੁੱਕਣ ‘ਚ ਨਾ ਆਵੇ। ਚਾਰ ਵਜੇ ਫਿਰ ਫੋਨ ਖੜਕਿਆ, ‘ਮਾਮਾ ਜੀ’। ਇਹਤੋਂ ਅੱਗੇ ਸਿਰਫ ਧਾਹਾਂ ਸੁਣੀਆਂ।

ਉਹੀ ਗੱਲ ਹੋਈ। ਜਸਵਿੰਦਰ ਚਲਿਆ ਗਿਆ, ਮੇਰਾ ਭਾਣਜਾ, ਮੇਰਾ ਬਾਲਸਖਾ। ਜਿਵੇਂ ਧਰਤੀ ਹਿੱਲ ਗਈ ਤੇਵਅੰਬਰ ਪਾਟ ਗਿਆ ਹੋਵੇ। ਕੰਨਾ ਨੇ ਸੁਣਨਾ ਬੰਦ ਕਰ ਦਿੱਤਾ, ਅੱਖਾਂ ਦੇਖਣੋ ਹਟ ਗਈਆਂ, ਦਿਲ ਦਹਿਲ ਗਿਆ, ਦਿਮਾਗ ਸੁੰਨ ਹੋ ਗਿਆ। ਹਾਇ ਰੱਬਾ, ਇਹ ਖ਼ਬਰ ਵੀ ਸੁਣਨੀ ਪੈਣੀ ਸੀ!

ਛੋਟੇ ਹੁੰਦਿਆਂ ਮੀਂਹ ਕਣੀ ਦੇ ਮੌਕੇ, ਬਿਜਲੀ ਕੜਕਣੀ, ਬੱਦਲ਼ ਗਰਜਣੇ ਤੇ ਸਾਨੂੰ ਖੇਲਣ ਦਾ ਚਾਅ ਕੁੱਦ ਪੈਣਾ। ਭੈਣ ਨੇ ਡਾਂਟਣਾ ਕਿ ਕੜਕਦੀ ਬਿਜਲੀ ‘ਚ ਮਾਮਾ ਭਾਣਜਾ ਇਕੱਠੇ ਨਾ ਹੋਵੋ। ਕਿਆ ਪਤਾ ਸੀ ਕਿ ਇਕ ਦਿਨ ਬਿਜਲੀ ਕੜਕ ਕੇ ਰਹੇਗੀ ਤੇ ਅੰਬਰ ਪਾਟ ਜਾਵੇਗਾ, ਧਰਤੀ ਹਿੱਲ ਜਾਵੇਗੀ, ਰੂਹ ਕੰਬ ਜਾਵੇਗੀ ਤੇ ਬਿਜਲੀ ਇਸਤਰਾਂ ਭਾਣਜੇ ਨੂੰ ਕਿਤੇ ਉੜਾ ਲੈ ਜਾਵੇਗੀ।

ਭਾਣਜੇ ਹੋਰ ਵੀ ਹਨ; ਚਾਰ ਭੈਣਾਂ ਤੇ ਤਿੰਨ ਭਰਾਵਾਂ ਦਾ ਪਰਿਵਾਰ ਬਹੁਤ ਵੱਡਾ ਹੈ। ਵੱਡੇ ਪਰਿਵਾਰ ਵਿੱਚ ਸਭ ਦਾ ਦਿਲ ਮੋਹ ਲੈਣ ਵਾਲ਼ਾ ਸਿਰਫ ਉਹੀ ਸੀ। ਉਹਨੂੰ ਸਾਰੇ ਪਿਆਰ ਕਰਦੇ ਸਨ, ਪਰ ਉਹਤੋਂ ਜ਼ਿਆਦਾ ਪਿਆਰ ਕੋਈ ਨਹੀਂ ਕਰ ਸਕਦਾ। ਹੈਰਾਨੀ ਹੁੰਦੀ, ਕਿ ਏਨਾ ਚੰਗਾ ਵੀ ਕੋਈ ਹੋ ਸਕਦਾ ਹੈ!

ਮੇਰੀ ਭੈਣ ਦਾ ਨਾਂ ਗੁਰਦੇਵ ਕੌਰ ਹੈ; ਸਾਰੇ ਦੇਬੋ ਕਹਿੰਦੇ। ਭਾਈਆ ਜੀ ਤੇ ਬੀਬੀ ਉਹਨੂੰ ਦੇਵਤਾ ਸਮਝਦੇ। ਦੇਬੋ ਭੈਣ ਦਾ ਦੇਵਤਾ ਬੇਟਾ, ਸਭ ਦਾ ਲਾਡਲਾ, ਸਭ ਦਾ ਚਹੇਤਾ। ਉਹਦਾ ਜਨਮ ਸਾਡੇ ਪਿੰਡ ਹੋਇਆ — ਉਹਦੇ ਨਾਨਕੇ। ਮੈਨੂੰ ਚੰਗੀ ਤਰਾਂ ਯਾਦ ਹੈ, ਉਸ ਦਿਨ ਮੇਰੇ ਮਾਮਾ ਜੀ ਆਏ ਹੋਏ ਸਨ; ਮੇਰੇ ਮਾਮੇ ਜਹੇ ਦਾਨੇ ਇਨਸਾਨ ਦੇ ਮੁਬਾਰਕ ਕਦਮ ਹਮੇਸ਼ਾ ਹੀ ਘਰ ਵਿੱਚ ਰੌਣਕਾਂ ਲੈ ਆਉਂਦੇ ਸਨ; ਉਸ ਦਿਨ ਵੀ ਖੁਸ਼ੀਆਂ ਨੇ ਇਸਤਰਾਂ ਵਿਹੜਾ ਭਰ ਦਿੱਤਾ, ਜਿਵੇਂ ਨਵੇਂ ਜੀ ਨੂੰ ਜੀ ਆਇਆਂ ਆਖਣ ਆਈਆਂ ਹੋਣ।

ਸੰਗਰਾਂਦ ਆਈ, ਦੇਗ ਬਣਾਈ, ਗੁਰਆਰੇ ਗਏ, ਮੱਥਾ ਟੇਕਿਆ, ਅਰਦਾਸ ਕਰਾਈ। ਹੁਕਮ ਆਇਆ - ਗੁਰਿ ਪੂਰੈ ਕਿਰਪਾ ਧਾਰੀ।। ਪ੍ਰਭ ਪੂਰੀ ਲੋਚ ਹਮਾਰੀ।। ਭਾਈਆ ਜੀ ਨੇ ਉੱਥੇ ਹੀ ਗੱਗੇ ਅੱਖਰ ਤੋਂ ਉਹਦਾ ਨਾਂ ਗੁਰਮੁਖ ਸਿੰਘ ਰੱਖ ਦਿੱਤਾ ਤੇ ਜੈਕਾਰਾ ਗਜਾ ਦਿੱਤਾ। ਉਹ ਕੇਹੋ ਜਿਹਾ ਸਮਾਂ ਹੋਵੇਗਾ ਕਿ ਉਹਦਾ ਸਿਰਫ ਨਾਂ ਹੀ ਗੁਰਮੁਖ ਨਹੀਂ ਰੱਖਿਆ, ਉਹ ਗੁਰਮੁਖ ਹੋ ਗਿਆ; ਬੀਬਾ ਰਾਣਾ, ਲਾਟੂ ਜਿਹਾ।

ਫਿਰ ਭੈਣ ਉਹਨੂੰ ਚੰਡੀਗੜ੍ਹ ਲੈ ਗਈ। ਮੈਂ ਬਹੁਤ ਛੋਟਾ ਸੀ; ਸਾਰਾ ਦਿਨ ਉਹਦੇ ਆਸ ਪਾਸ ਰਹਿੰਦਾ ਸੀ। ਮੇਰੇ ਲਈ ਉਦੋਂ ਵੀ ਉਹਦਾ ਚਲਿਆ ਜਾਣਾ ਅਸਹਿ ਸੀ। ਮੈਂ ਪਤਾ ਨਹੀਂ ਕਿੰਨੇ ਦਿਨ ਰੋਂਦਾ ਰਿਹਾ। ਮੈਨੂੰ ਲੱਗਦਾ ਜਿਵੇਂ ਸਾਡੇ ਘਰ ਆਈ ਦੌਲਤ ਨੂੰ ਕੋਈ ਲੁੱਟ ਕੇ ਲੈ ਗਿਆ ਹੋਵੇ। ਸਾਡੇ ਘਰੋਂ ਜਿਵੇਂ ਰੌਣਕ ਚਲੇ ਗਈ ਹੋਵੇ। ਉਹ ਮੇਰਾ ਬਾਲ ਸਖਾ ਸੀ ਤੇ ਕੋਈ ਮੁਹੱਬਤ ਬਾਲਸਖਾਈ ਦਾ ਬਦਲ ਨਹੀਂ ਹੁੰਦੀ। ਉਹ ਮੇਰੇ ਦਿਲ ਦਾ ਟੁਕੜਾ ਬਣ ਗਿਆ ਸੀ।

ਭੈਣ ਨੇ ਪਿੰਡ ਆਉਣਾ, ਉਹਨੂੰ ਨਲ਼ਾਉਣਾ ਤੇ ਗਰਾਈਪ ਵਾਟਰ ਪਿਲਾਉਣਾ। ਸ਼ੀਸ਼ੀ ‘ਤੇ ਬਣੀ ਸ਼ਿਸ਼ੂ ਦੀ ਫੋਟੋ ਮੈਨੂੰ ਉਹਦੀ ਹੀ ਲੱਗਦੀ। ਮੈਂ ਛੋਟਾ ਹੁੰਦਾ ਅਕਸਰ ਚੰਡੀਗੜ ਗਿਆ ਰਹਿੰਦਾ। ਉਹਦੇ ਨਾਲ਼ ਖੇਡਣ ਤੇ ਉਹਨੂੰ ਖਿਡਾਉਣ। ਇਵੇਂ ਲੱਗਦਾ, ਜਿਵੇਂ ਅਸੀਂ ਇੱਕ ਦੂਜੇ ਲਈ ਹੀ ਬਣੇ ਹੋਈਏ।

ਉਹ ਵੱਡਾ ਹੋਇਆ, ਸਕੂਲ ‘ਚ ਦਾਖਲ ਕਰਾਇਆ। ਪਤਾ ਨਹੀਂ ਕਿਉਂ ਉਹਦਾ ਨਾਂ ਜਸਵਿੰਦਰ ਲਿਖ ਦਿੱਤਾ। ਉਹ ਗੁਰਮੁਖ ਤੋਂ ਜਸਵਿੰਦਰ ਨਾ ਹੋਇਆ, ਬਲਕਿ ਉਹਦੀ ਗੁਰਮੁਖਤਾਈ ਵਿੱਚ ਵਾਧਾ ਹੋ ਗਿਆ।

ਚਿੱਠੀ ਆਉਣੀ ਕਿ ਭੈਣ ਨੇ ਆਉਣਾ ਹੈ। ਭੈਣ ਤੋਂ ਵੱਧ ਮੈਨੂੰ ਭਾਣਜੇ ਦਾ ਚਾਅ ਚੜ੍ਹਨਾ। ਜਿਵੇਂ ਉਹ ਸਿਰਫ ਮੇਰਾ ਹੀ ਭਾਣਜਾ ਹੋਵੇ ਤੇ ਮੈਂ ਸਿਰਫ ਉਸੇ ਦਾ ਮਾਮਾ ਹੋਵਾਂ। ਮੈਂ ਬੇਟ ਤੋਂ ਚਿੱਕ ਮਿੱਟੀ ਲਿਆਉਂਣੀ ਤੇ ਖਿਡਾਉਣੇ ਬਣਾਉਂਣੇ; ਬਲ਼ਦਾਂ ਦੀ ਜੋਗ ਤੇ ਮਿੱਟੀ ਦੀ ਗੱਡੀ, ਜੋ ਸਰਵਾੜ੍ਹ ਦਾ ਕਾਨ੍ਹਾ ਫਸਾ ਕੇ ਚੱਲਾਉਣੀ। ਅਸੀਂ ਸਾਰਾ ਦਿਨ ਪਿੰਡ ਦੀਆਂ ਗਲ਼ੀਆਂ ‘ਚ ਗੱਡੀਆਂ ਚਲਾਉਂਦੇ, ਧੂੜਾਂ ਪੱਟਦੇ ਤੇ ਫੱਕਦੇ। ਮਿੱਟੀ ਨਾਲ਼ ਮਿੱਟੀ ਹੋ ਰਾਤ ਨੂੰ ਘਰ ਵੜਦੇ ਤੇ ਨਲ਼ਕੇ ‘ਤੇ ਹੱਥ ਮੂੰਹ ਧੋਂਹਦੇ।

ਭੈਣ ਥੋੜ੍ਹਾ ਖਿਝਦੀ ਤਾਂ ਸਾਨੂੰ ਰੋਟੀ ਮਿਲ਼ਦੀ। ਮੱਕੀ ਦੀ ਰੋਟੀ ਤੇ ਸਾਗ ਬਣਿਆਂ ਹੋਣਾ। ਘਰ ਦੇ ਮੱਖਣ ਨਾਲ਼ ਸੁਆਦ ਦੂਣਾ ਚੌਣਾ ਹੋ ਜਾਣਾ। ਰਾਤ ਪਈ ‘ਤੇ ਤਾਰਿਆਂ ਦੀ ਛਾਵੇਂ ਪੈ ਜਾਣਾ; ਆਪੋ ਆਪਣੇ ਸਕੂਲ ਦੀਆਂ ਗੱਲਾਂ ਕਰਨੀਆਂ ਤੇ ਪਤਾ ਨਹੀਂ ਕਿਹੜੇ ਵੇਲੇ ਨੀਂਦ ਨੇ ਘੇਰ ਲੈਣਾ ਤੇ ਸੁਪਨਿਆਂ ‘ਚ ਗੁਆਚ ਜਾਣਾ।

ਉਹਨੇ ਸਵੇਰੇ ਉੱਠਣਾ, ਨਾਹੁਣਾ ਤੇ ਤਿਆਰ ਹੋਣਾ। ਨਿੱਕਰ ਤੇ ਕਮੀਜ਼ ਵਿੱਚ ਸਜ ਜਾਣਾ ਤੇ ਸਿਰ ‘ਤੇ ਰੁਮਾਲ ਇਸਤਰਾਂ ਫੱਬਣਾ ਕਿ ਉਹਨੇ ਪੂਰਾ ਸ਼ਹਿਰੀ ਤੇ ਬੀਬਾ ਬੱਚਾ ਬਣ ਜਾਣਾ। ਫਿਰ ਭਾਈਆ ਜੀ ਨੇ ਉਹਨੂੰ ਕੋਲ਼ ਬਹਾ ਲੈਣਾ; ਕਹਿਣਾ ਕਿ ਧਰਮ ਪੋਥੀ ‘ਚੋਂ ਸਾਖੀਆਂ ਸੁਣਾ। ਭੋਲ਼ੇ ਜਹੇ ਮਾਸੂਮ ਮੁੱਖ ‘ਚੋਂ ਉਹਨੇ ਇਸਤਰਾਂ ਸਾਖੀ ਸੁਣਾਉਣੀ ਜਿਵੇਂ ਘਰ ਵਿੱਚ ਗੁਰੂ ਸਾਹਿਬ ਦਾ ਉਤਾਰਾ ਹੋ ਗਿਆ ਹੋਵੇ। ਆਏ ਗਏ ਨੇ ਵੀ ਨਿਹਾਲ ਹੋ ਜਾਣਾ। ਜਸਵਿੰਦਰ ਆਦਰਸ਼ ਬੱਚੇ ਦਾ ਰੂਪ ਲੱਗਦਾ।

ਫਿਰ ਅਸੀਂ ਗੱਡੀਆਂ ਚੱਕਣੀਆਂ। ਉਹੋ ਧੂੜ ਉਹੋ ਘੱਟਾ! ਨੈੜੀ ਵੱਲ੍ਹ ਚਲੇ ਜਾਣਾ; ਫਲਾਹੀਆਂ ਘੁੰਮ ਆਉਣਾ; ਸ਼ਹਿਰੀ ਬੱਚਾ ਦੋਂਹ ਘੰਟਿਆਂ ‘ਚ ਪੇਂਡੂ ਬਣ ਜਾਂਦਾ। ਪਤਾ ਹੀ ਨਾ ਲੱਗਣਾ ਕਿ ਉਹ ਚੰਡੀਗੜ੍ਹੋਂ ਆਇਆ ਹੈ। ਹਰ ਸਾਲ ਉਹਦੀਆਂ ਛੁੱਟੀਆਂ ਇਸੇ ਤਰਾਂ ਹੀ ਪਿੰਡ ਵਿੱਚ ਬਤੀਤ ਹੁੰਦੀਆਂ।

ਫਿਰ ਸਾਡੀਆਂ ਗੱਲਾਂ ਆਪੋ ਆਪਣੇ ਗਿਆਨ ਦੀਆਂ ਹੋਣ ਲੱਗ ਪਈਆਂ — ਧਰਮ ਤੇ ਸਿਆਸਤ ਦੀਆਂ। ਉਹ ਬਾਈ ਸੈਕਟਰ ਦੇ ਗੁਰਦੁਆਰੇ ‘ਚ ਸੁਣੇ ਕਿਸੇ ਵਿਦਵਾਨ ਦੀਆਂ ਗੱਲਾਂ ਦੱਸਦਾ ਤੇ ਮੈ ਕਿਸੇ ਅਕਾਲੀ ਦੇ ਭਾਸ਼ਣ ਦੇ ਟੋਟਕੇ ਸੁਣਾਉਂਦਾ; ਉਹ ਵੀ ਖੁਸ਼ ਹੁੰਦਾ, ਮੈਂ ਵੀ। ਕਦੀ ਕਦੀ ਅਸੀਂ ਕੋਠੇ ‘ਤੇ ਸੌਂਦੇ; ਰਾਤ ਮੁੱਕ ਜਾਂਦੀ, ਸਾਡੀਆਂ ਗੱਲਾਂ ਨਾ ਮੁਕਦੀਆਂ।

ਮੈਂ ਪੜ੍ਹਾਈ ਛੱਡ ਕੇ ਮੋਰਚੇ ‘ਚ ਗ੍ਰਿਫਤਾਰ ਹੋ ਗਿਆ। ਉਹ ਮੈਨੂੰ ਕਪੂਰਥਲੇ ਜੇਲ੍ਹ ‘ਚ ਦੋ ਵਾਰ ਮਿਲਣ ਆਇਆ। ਮੈਨੂੰ ਜੇਲ੍ਹ ‘ਚ ਦੇਖ ਕੇ ਉਹ ਬਹੁਤ ਭਾਵਕ ਹੋ ਗਿਆ ਸੀ। ਮੋਰਚਾ ਮੁੱਕਿਆ ਤਾਂ ਮੈਂ ਬੀ ਏ ਮੁਕੰਮਲ ਕੀਤੀ। ਫਿਰ ਮੈਂ ਚੰਡੀਗੜ੍ਹ ਐੱਮ ਏ ‘ਚ ਦਾਖਲ ਹੋ ਗਿਆ। ਉਹਦੇ ਨਾਲ਼ ਮੁਲਾਕਾਤਾਂ ਦਾ ਸਿਲਸਿਲਾ ਨਿਰੰਤਰ ਹੋ ਗਿਆ। ਦੂਜੇ ਦਿਨ ਉਹ ਮੇਰੇ ਕੋਲ਼ ਤੀਜੇ ਦਿਨ ਮੈਂ ਉਹਦੇ ਕੋਲ਼। ਮੇਰੇ ਸਾਰੇ ਦੋਸਤ ਉਹਦੇ ਹੋ ਗਏ ਤੇ ਉਹਦੇ ਸਾਰੇ ਦੋਸਤ ਮੇਰੇ ਹੋ ਗਏ। ਦੋਹਾਂ ਦੀ ਦੋਸਤੀ ਦਾ ਦਾਇਰਾ ਵਿਸ਼ਾਲ ਹੋ ਗਿਆ। ਮੇਰੀਆਂ ਗੱਲਾਂ ਦਾ ਉਹ ਦੀਵਾਨਾ ਹੋਇਆ ਰਹਿੰਦਾ। ਅਕਸਰ ਉਹਨੇ ਆਖਣਾ, ‘ਮਾਮਾ ਜੀ ਉਹ ਗੱਲ ਸੁਣਾਉ’। ਉਹਨੇ ਮੇਰੀ ਗੱਲ ਸਾਹ ਰੋਕ ਕੇ ਸੁਣਨੀ। ਉਹਤੋਂ ਜ਼ਿਆਦਾ ਧਿਆਨ ਨਾਲ਼ ਅੱਜ ਤੱਕ ਮੇਰੀ ਗੱਲ ਕਿਸੇ ਨਹੀਂ ਸੁਣੀ।

ਉਹਦੇ ਨਾਲ਼ ਕੀਤੀ ਸਤਾਰਾਂ ਸੈਕਟਰ ਦੀ ਸੈਰ, ਦੀਪਕ ਰੇਡੀਓ ਦੇ ਸਾਹਮਣੇ ਬੈਠ ਕੇ ਸੁਣੇ ਗਾਣੇ, ਜੈ ਕੁਮਾਰ ਦੇ ਮਝਮੇਂ, ਨੀਲਮ ਤੇ ਜਗਤ ਸਿਨਮੇ ਦੀਆਂ ਫਿਲਮਾਂ ਤੇ ਸੇਠੀ ਦੀ ਚਾਹ ਸਾਡੀ ਜ਼ਿੰਦਗੀ ਦੇ ਨਿੱਕੇ ਨਿੱਕੇ ਹਾਸਲ ਸਨ। ਸਟੇਡੀਅਮ ਦੇ ਚੱਕਰ, ਰੋਜ਼ਗਾਰਡਨ ਦੀ ਆਈਸਕ੍ਰੀਮ, ਚੱਲਦਾ ਫੁਆਰਾ, ਪੱਕੇ ਰਸਤੇ, ਵੰਨਸੁਵੰਨੇ ਫੁੱਲ, ਐੱਲ ਟਾਈਪ ਪੁਲ਼ ਤੇ ਘੁੰਮਦੇ ਨਜ਼ਾਰੇ ਮੁੜ ਨਸੀਬ ਨਹੀਂ ਹੋਣੇ।

ਮੈਂ ਉਹਨੂੰ ਛੋਟੇ ਹੁੰਦੇ ਦੇਖੀ ਤੇ ਸੁਣੀ ਮਾਛੀਵਾੜੇ ਦੀ ਸਭਾ ਦੀਆਂ ਗੱਲਾਂ ਦੱਸਦਾ। ਇਕ ਦਿਨ ਕਹਿਣ ਲੱਗਾ, ‘ਚਲੋ ਮਾਮਾ ਜੀ, ਐਤਕੀਂ ਚੱਲੀਏ ਫਿਰ’। ਸਬੱਬ ਬਣਿਆਂ ਤੇ ਅਸੀਂ ਮਾਛੀਵਾੜੇ ਚਲੇ ਗਏ। ਸਾਰੀ ਰਾਤ ਸਮਾਧੀ ਲਾ ਕੇ ਅਸੀਂ ਦੀਵਾਨ ਸੁਣਿਆਂ। ਇਕ ਦੋ ਵਾਰੀ ਉੱਠੇ ਵੀ। ਠੰਢੇ ਸੀਤ, ਰਸ ਵਾਲ਼ੇ ਚੌਲ਼ ਤੇ ਗਰਮ ਗਰਮ ਚਾਹ ਦੀਆਂ ਬਾਟੀਆਂ, ਮੱਕੀ ਦੀ ਰੋਟੀ ਤੇ ਮਹਾਂ ਦੀ ਦਾਲ਼ — ਕਿਆ ਕਹਿਣੇ। ਇਹੋ ਜਿਹਾ ਅਨੰਦ ਫਿਰ ਕਦੀ ਨਾ ਆਇਆ। ਇਹਤੋਂ ਉੱਪਰ ਸ਼ਾਇਦ ਹੀ ਕੋਈ ਨੇਮਤ ਹੋਵੇ।

ਤੜਕਸਾਰ ਸਰੋਵਰ ‘ਚ ਇਸ਼ਨਾਨ ਕੀਤਾ; ਉਥੇ ਇਸ਼ਨਾਨ ਕਰਨ ਵਾਲ਼ੇ ਅਸੀਂ ਦੋ ਹੀ ਸਾਂ। ਸਰੋਵਰ ਕਾਹਦਾ ਜਿਵੇਂ ਜੰਮੀਂ ਹੋਈ ਡੱਲ ਲੇਕ ਹੋਵੇ। ਅਸੀਂ ਅਕਸਰ ਇਸ ਇਸ਼ਨਾਨ ਦੀ ਗੱਲ ਕਰਦੇ ਤੇ ਮਾਛੀਵਾੜੇ ਦੀ ਯਾਤਰਾ ਸਾਡੇ ਸਾਹਮਣੇ ਸਾਕਾਰ ਹੋ ਜਾਂਦੀ; ਕੜਾਕੇ ਦੀ ਠੰਢ ਤੇ ਜੰਡ ਦਾ ਰੁੱਖ; ਦੂਰ ਦੂਰ ਤੱਕ ਰੇਤਾ, ਸਤਲੁਜ ਦਾ ਸੀਤ ਪਾਣੀ, ਟੁੱਟੀ ਜਹੀ ਕਿਸ਼ਤੀ, ਅਨਾੜੀ ਜਿਹਾ ਮਲਾਹ, ਸਾਡੀ ਆਸਥਾ ਤੇ ‘ਯਾਰੜੇ ਦਾ ਸੱਥਰ’।

ਸਿੱਖ ਇਤਿਹਾਸ ਦਾ ਇੱਕੋ ਇੱਕ ਗੁਰਦੁਆਰਾ ਹੈ, ਜਿੱਥੇ ਕੁਝ ਵੀ ਨਹੀਂ ਹੋਇਆ। ਮਾਤਾ ਗੁਜਰੀ ਜੀ ਸਾਹਿਬਜਾਦਿਆਂ ਨੂੰ ਲੈ ਕੇ ਬੈਠੇ ਸਨ। ਕਿਸੇ ਰਾਹਗੀਰ ਨੇ ਪੁੱਛਿਆ, ‘ਇੱਥੇ ਕਿਵੇਂ?’ ਮਾਤਾ ਜੀ ਨੇ ਸਹਿਜ ਭਾਅ ਆਖਿਆ, ‘ਐਵੇਂ ਈ’। ਸਿੱਖਾਂ ਨੇ ਉੱਥੇ ਵੀ ‘ਐਵੇਂ ਸਾਹਿਬ’ ਗੁਰਦੁਆਰਾ ਬਣਾ ਦਿੱਤਾ, ਜਿੱਥੇ ਇਤਿਹਾਸ ਦੀ ਨਜ਼ਰ ਵਿੱਚ ਕੁਝ ਵੀ ਨਹੀਂ ਹੋਇਆ ਤੇ ਸਿੱਖ ਦੀ ਨਜ਼ਰ ਵਿੱਚ ਬਹੁਤ ਕੁਝ ਹੋਇਆ।

ਜਸਵਿੰਦਰ ਨੇ ਉਹ ਗੁਰਦੁਆਰਾ ਲੱਭ ਲਿਆ; ਉੱਥੇ ਗਿਆ, ਨਤਮਸਤਕ ਹੋਇਆ ਤੇ ਦੇਗ ਕਰਾਈ। ਉਹਨੇ ਮੈਨੂੰ ਸਾਰੀ ਕਥਾ ਸੁਣਾਈ। ਮੈਨੂੰ ਯਾਦ ਹੈ, ਮੇਰੀਆਂ ਅੱਖਾਂ ‘ਚ ਪਾਣੀ ਆ ਗਿਆ ਸੀ। ਕਿੱਡਾ ਅਜੀਬ ਵਾਕਿਆ ਸੀ ਕਿ ਮਾਤਾ ਜੀ ਐਵੇਂ ਬੈਠੇ ਸਨ। ਉਹਨੇ ਬੜਾ ਜ਼ੋਰ ਲਾਇਆ ਕਿ ਮੈਂ ਉਸ ਅਸਥਾਨ ਦੇ ਦਰਸ਼ਣ ਕਰਾਂ। ਪਰ ਮੈਂ ਜਾ ਨਾ ਸਕਿਆ। ਉਹਦੇ ਬਗੈਰ ਸ਼ਾਇਦ ਮੈਂ ਹੁਣ ਜਾ ਵੀ ਨਾ ਸਕਾਂ।

ਮੈਂ ਐੱਮ ਏ ਕਰ ਤੇ ਐੱਮ ਫਿਲ ਕਰ ਲਈ। ਉਹ ਮੇਰੀ ਨੌਕਰੀ ਲਈ ਫਿਕਰਮੰਦ ਹੋ ਗਿਆ। ਉਹਨੇ ਰੋਜ਼ ਦੱਸਣਾ ਕਿ ਫਲਾਣੇ ਥਾਂ ਪੋਸਟ ਨਿਕਲ਼ੀ ਹੈ। ਮੈਂ ਖਿਝ ਜਾਣਾ। ਪਰ ਉਹਨੇ ਬਿਲਕੁਲ ਨਾ ਖਿਝਣਾ। ਮੈਂ ਕਿਤੇ ਅਪਲਾਈ ਨਾ ਕਰਨਾ, ਪਰ ਉਹ ਦੱਸਣੋ ਨਾ ਹਟਿਆ। ਅਖੀਰ ਮੈਂ ਨੌਕਰੀ ਲੱਗ ਗਿਆ। ਉਹਦਾ ਵਿਆਹ ਪਹਿਲਾਂ ਹੋ ਚੁੱਕਾ ਸੀ; ਮੇਰਾ ਬਾਦ ਵਿੱਚ ਹੋਇਆ। ਮਾਮੇ ਭਾਣਜੇ ਦੀ ਸਾਡੀ ਮੁਹੱਬਤ ਗੂੜ੍ਹੇ ਦੋਸਤਾਂ ਵਾਂਗ ਬਣੀ ਰਹੀ। ਅਸੀਂ ਆਪੋ ਆਪਣੀ ਗ੍ਰਹਿਸਤ ਦੀਆਂ ਗੱਲਾਂ ਕਰਦੇ, ਦੁੱਖ ਸੁੱਖ ਸਾਂਝੇ ਕਰਦੇ ਤੇ ਪੁਰਾਣੇ ਦਿਨਾਂ ਨੂੰ ਝੂਰਦੇ।

ਉਹਦੀ ਬਦਲੀ ਜਲੰਧਰ ਦੀ ਹੋ ਗਈ। ਆਪਣਾ ਕੰਮ ਨਬੇੜ ਕੇ ਉਹਨੇ ਭਾਸ਼ਾ ਵਿਭਾਗ ਦੇ ਦਫਤਰ ਵੜੇ ਰਹਿਣਾ। ਉੱਥੇ ਪਈਆਂ ਕਿਤਾਬਾਂ ਦੀ ਫੋਲਾ ਫਾਲੀ ਕਰਨੀ ਤੇ ਮੈਨੂੰ ਦੱਸਣਾ। ਜਦ ਵੀ ਮੇਰੇ ਕੋਲ਼ ਆਉਣਾ, ਲਵਲੀ ਸਵੀਟਸ ਦੀ ਕੋਈ ਨਵੀਂ ਮਠਿਆਈ ਲੈ ਆਉਣੀ। ਉਹ ਨਵੀਆਂ ਨਵੀਆਂ ਚੀਜਾਂ ਲੱਭ ਕੇ ਬਹੁਤ ਖੁਸ਼ ਹੁੰਦਾ।

ਫਿਰ ਉਹ ਰੋਪੜ ਚਲਾ ਗਿਆ। ਉੱਥੇ ਵੀ ਭਾਸ਼ਾ ਵਿਭਾਗ ਦੇ ਦਫਤਰ ਜਾਣ ਲੱਗ ਪਿਆ। ਉਹਨੂੰ ਮੇਰੀ ਕੱਲੀ ਕੱਲੀ ਕਿਤਾਬ ਦਾ ਪਤਾ ਸੀ ਕਿ ਮੇਰੇ ਕੋਲ਼ ਕਿਹੜੀ ਹੈ ਤੇ ਕਿਹੜੀ ਨਹੀਂ। ਕੋਈ ਕਿਤਾਬ ਉਹਨੇ ਮੈਨੂੰ ਲਿਆ ਦੇਣੀ ਤੇ ਉਹਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹਿਣੀ। ਕੁਰਾਲ਼ੀ ਦਾ ਪੁੱਲ ਉਸਦੀ ਦੇਖ ਰੇਖ ‘ਚ ਬਣਿਆ। ਰਾਹੋਂ ਤੋਂ ਫਿਲੌਰ ਤੱਕ ਸੜਕ ਉਹਨੇ ਧੁੱਪਾਂ ‘ਚ ਖੜ੍ਹ ਕੇ ਅਤੇ ਰੜ੍ਹ ਕੇ ਬਣਵਾਈ। ਪੇਂਡੂ ਲੋਕਾਂ ਦੀ ਝਗੜਾਲੂ ਬਿਰਤੀ ਤੇ ਅਨੋਭੜ ਕਾਰਨਾਵੇਂ ਦੇਖ ਕੇ ਉਹਨੇ ਬੜਾ ਖਿਝਣਾ ਤੇ ਹੱਸਣਾ, ਮੈਨੂੰ ਦੱਸਣਾ ਤੇ ਹੈਰਾਨ ਹੋਣਾ।

ਉਹਦਾ ਮਹਿਕਮਾ ਬੜਾ ਬਦਨਾਮ ਸੀ, ਜਿਹਦੇ ਲਈ ਉਹ ਬਣਿਆਂ ਨਹੀਂ ਸੀ। ਉਹ ਕੱਜਲ਼ ਦੀ ਕੋਠੜੀ ‘ਚ ਘਿਰ ਗਿਆ ਸੀ। ਲੇਕਿਨ ਕੋਈ ਦਿਨ ਅਜਿਹਾ ਨਹੀਂ ਸੀ, ਜਿਸ ਦਿਨ ਉਹਨੇ ਪੰਜ ਬਾਣੀਆਂ ਦਾ ਪਾਠ ਨਾ ਕੀਤਾ ਹੋਵੇ, ਜਿਸ ਦਿਨ ਉਹ ਗੁਰਦੁਆਰੇ ਨਾ ਗਿਆ ਹੋਵੇ। ਉਹ ਕਦੇ ਵੀ ਬਾਣੀ ਦੇ ਭਾਵ ਤੋਂ ਦੂਰ ਨਾ ਹੋਇਆ।

ਮੇਰੀ ਭੈਣ ਦਾ ਉਹ ਸਰਵਣ ਪੁੱਤਰ ਸੀ ਤੇ ਸਦਾ ਹੀ ਉਹਦਾ ਸਭ ਤੋਂ ਜ਼ਿਆਦਾ ਖਿਆਲ ਰੱਖਦਾ। ਭੈਣ ਤੋਂ ਸੁਣੀਆਂ ਹੋਈਆਂ ਮੇਰੇ ਪਿੰਡ ਦੀਆਂ ਗੱਲਾਂ ਉਹਨੇ ਇੱਦਾਂ ਚੇਤੇ ਰੱਖੀਆਂ ਹੋਈਆਂ ਸਨ, ਜਿਵੇਂ ਕਿਤਾਬ ‘ਚ ਲਿਖੀਆਂ ਹੋਣ।

ਉਹ ਹੁਣ ਘਰ ਬਦਲ ਬਦਲ ਕੇ ਥੱਕ ਗਿਆ ਸੀ। ਪਹਿਲਾਂ ਉਹ ਤੀਸਰੀ ਮੰਜ਼ਲ ‘ਤੇ ਰਹਿੰਦੇ ਸਨ, ਫਿਰ ਦੂਜੇ ‘ਤੇ ਚਲੇ ਗਏ। ਉਸਤੋਂ ਬਾਦ ਚੌਥੀ ਮੰਜ਼ਲ ‘ਤੇ ਫ਼ਲੈਟ ਲੈ ਲਿਆ। ਚੌਥੀ ਮੰਜ਼ਲ ਦੇ ਪੰਗੇ ਤੋਂ ਅੱਕ ਕੇ ਜ਼ਮੀਨ ‘ਤੇ ਵੱਡਾ ਫ਼ਲੈਟ ਲੈ ਲਿਆ। ਕਹਿੰਦਾ ‘ਹੁਣ ਨਹੀਂ ਘਰ ਬਦਲਨਾ’। ਕੀ ਪਤਾ ਸੀ ਕਿ ਇਹੀ ਘਰ ਉਹਦਾ ਆਖਰੀ ਘਰ ਸਾਬਤ ਹੋਣਾ ਹੈ, ਜਿੱਥੋਂ ਉਹਨੇ ਆਖਰੀ ਅਤੇ ਸ਼ਿਖਰਲੀ ਮੰਜ਼ਲ ਵੱਲ੍ਹ ਰਵਾਨਾ ਹੋ ਜਾਣਾ ਹੈ ਤੇ ਵਾਪਸ ਕਦੀ ਹੇਠਾਂ ਨਹੀਂ ਆਉਣਾ।

ਦਫਤਰੀ ਕੰਮ ਨੇ ਉਹਨੂੰ ਬੁਰੀ ਤਰਾਂ ਬੋਰ ਕਰ ਦਿੱਤਾ ਤੇ ਸਹਿਕਰਮੀਆਂ ਨੇ ਉਹਦਾ ਦਿਲ ਤੋੜ ਦਿੱਤਾ। ਉਹ ਅੱਕ ਕੇ ਅਤੇ ਥੱਕ ਕੇ ਚੂਰ ਹੋ ਗਿਆ। ਉਹ ਫ਼ੋਨ ‘ਤੇ ਦੱਸਦਾ, ਕੋਬਰੇ ਸੱਪ ਜਿਹਾ ਕੋਈ ਸਹਿਕਰਮੀ ਉਹਦੇ ਪੇਸ਼ ਪਿਆ ਰਹਿੰਦਾ ਹੈ। ਨਾਲ਼ੇ ਚੋਰ ਨਾਲ਼ੇ ਚਤਰ, ਹਰ ਕੰਮ ਵਿੱਚ ਚਲਾਕੀ ਕਰਦਾ। ਉਹਦੀ ਇਮਾਨਦਾਰੀ ਦਾ ਮਜ਼ਾਕ ਵੀ ਉੜਾਉਂਦਾ ਤੇ ਉਹਦਾ ਨਜਾਇਜ ਫ਼ਾਇਦਾ ਚੱਕਦਾ। ਦਫਤਰ ਦੇ ਕਿਸੇ ਬੰਦੇ ਨੇ ਜਸਵਿੰਦਰ ਦਾ ਸਾਥ ਨਾ ਦਿੱਤਾ ਤੇ ਨਾ ਹੀ ਕੋਬਰਾ ਕਿਸੇ ਤੋਂ ਡਰਦਾ ਸੀ। ਯੂਨੀਅਨ ਵੀ ਉਹਦਾ ਕੁਝ ਨਾ ਕਰ ਸਕੀ।

ਭ੍ਰਿਸ਼ਟਾਚਾਰ ਦੇ ਸਰਗਣੇ ਨਾਲ਼ ਜੂਝਦਾ ਜਸਵਿੰਦਰ ਅੰਦਰੋਂ ਤਿਲ ਤਿਲ ਕਰਕੇ ਮੁੱਕਦਾ ਰਿਹਾ; ਕਿਸੇ ਨੂੰ ਕੋਈ ਖ਼ਬਰ ਨਾ ਹੋਈ। ਉਹਨੂੰ ਕਿਤੋਂ ਵੀ ਰਾਹਤ ਨਸੀਬ ਨਾ ਹੋਈ। ਸੱਪ ਉਸਨੂੰ ਲਗਾਤਾਰ ਡੱਸਦਾ ਰਿਹਾ। ਪਰ, ਉਹ ਕਿਸੇ ਨੂੰ ਕੁਝ ਨਹੀਂ ਸੀ ਦੱਸਦਾ। ਕੰਮ ਦੇ ਗਮ ਨੂੰ ਕੰਮ ਨਾਲ਼ ਹੀ ਗ਼ਲਤ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਪਰ ਉਹਦੇ ਕੰਮ ਦਾ ਗ਼ਮ, ਕੰਮ ਨਾਲ਼ ਗ਼ਲਤ ਹੋਣ ਵਾਲ਼ਾ ਨਹੀਂ ਸੀ —ਕੋਈ ਗ਼ਮ ਗੁਸਾਰ ਹੋਤਾ, ਕੋਈ ਚਾਰਾਸਾਜ ਹੋਤਾ।

ਹੁਣ ਉਹ ਬੇਹੱਦ ਪਰੇਸ਼ਾਨ ਰਹਿਣ ਲੱਗ ਪਿਆ ਸੀ — ਗੁਆਚਿਆ ਜਿਹਾ। ਕਦੀ ਕਦੀ ਮੇਰਾ ਫ਼ੋਨ ਵੀ ਨਹੀਂ ਸੀ ਚੱਕਦਾ; ਜੇ ਚੱਕਦਾ ਤਾਂ ਖੁੱਲ੍ਹ ਕੇ ਗੱਲ ਨਾ ਕਰਦਾ। ਮੈਂ ਉਹਦਾ ਦੁੱਖ ਸਮਝਦਾ ਸੀ, ਪਰ ਉਹਦੇ ਅਸਰ ਨੂੰ ਏਨੀ ਗਹਿਰਾਈ ਤੱਕ ਨਾ ਸਮਝ ਸਕਿਆ। ਉਹਦਾ ਮਾਨਸਿਕ ਸੰਤਾਪ ਦੇਹ ਦੇ ਰੋਗ ਵਿੱਚ ਪਲ਼ਟ ਗਿਆ। ਉਹਦੇ ਸਿਰ ’ਚ ਕੰਬਖ਼ਤ ਬਿਮਾਰੀ ਦਾਖਲ ਹੋ ਚੁੱਕੀ ਸੀ, ਜਿਹਨੂੰ ਉਹ ਸਿਰਦਰਦ ਹੀ ਦੱਸਦਾ ਰਿਹਾ।

ਖੱਟੀ ਅਤੇ ਖਪਤ ਦੇ ਖ਼ਬਤ ਵਿੱਚ ਗਲ਼ ਗਲ਼ ਤੱਕ ਡੁੱਬ ਚੁੱਕੀ ਦੁਨੀਆਂ ‘ਚੋਂ ਕੋਈ ਵੀ ਉਹਦੇ ਦੁੱਖ ਦਾ ਅੰਦਾਜ਼ਾ ਨਾ ਲਾ ਸਕਿਆ। ਭੈਣ ਭਾਈ ਦੋਸਤ ਮਿੱਤਰ ਅਤੇ ਸਾਕ ਸੰਬੰਧੀ, ਤਮਾਮ ਰਿਸ਼ਤਿਆਂ ਨੇ ਗੁਰਬਾਣੀ ਦੇ ਸੱਚ ’ਤੇ ਹੀ ਮੁਹਰ ਲਗਾਈ। ਬੰਦੇ ਨੂੰ ਬੰਦੇ ਦਾ ਦਾਰੂ ਮੰਨਿਆਂ ਜਾਂਦਾ ਹੈ; ਬੰਦਾ ਵੀ ਉਹਦਾ ਦਾਰੂ ਨਾ ਹੋ ਸਕਿਆ। ਦੇਹ ਦੀ ਮਰਜ਼ ਦਾ ਇਲਾਜ ਹੋ ਸਕਦਾ ਸੀ, ਪਰ ਉਹਦੀ ਆਤਮਾ ਦਾ ਇਲਾਜ਼ ਕਿਸੇ ਕੋਲ਼ ਨਹੀਂ ਸੀ। ਉਹ ਡੋਲ ਚੁੱਕਾ ਸੀ, ਪਰ ਅਡੋਲ ਦਿਖਦਾ ਰਿਹਾ। ਉਹ ਪੂਰਨ ਦੇ ਰਾਹ ਦਾ ਪਾਂਧੀ ਸੀ। ਉਹਨੇ ਆਪਣੇ ਨਾਨਾ ਜੀ ਦੇ ਦਿੱਤੇ ਅਤੇ ਰੱਖੇ ਨਾਂ ‘ਗੁਰਮੁਖ’ ਨੂੰ ਅੰਦਰ ਵਸਾ ਲਿਆ ਸੀ। ਆਪਣੇ ਨਾਂ ਨੂੰ ਉਹਨੇ ਲਾਜ ਨਾ ਲੱਗਣ ਦਿੱਤੀ।

ਉਹਦੇ ਦੁੱਖ ਦਾ ਪੂਰਾ ਪਤਾ ਉਦੋਂ ਲੱਗਾ ਜਦ ਉਹ ਡਿਗ ਹੀ ਪਿਆ। ਫਟਾ ਫਟ ਚੁੱਕਿਆ ਤੇ ਗੱਡੀ ‘ਚ ਪਾਇਆ। ਜਾਣ ਲੱਗਿਆਂ ਨੀਮ ਬੇਹੋਸ਼ੀ ਵਿਚ ਵੀ ਉਹਨੇ ਸਿਰ ਦਾ ਸਾਫਾ ਸੰਭਾਲ਼ਿਆ ਤੇ ਕੇਸਾਂ ‘ਚ ਕੰਘਾ ਟੋਹ ਕੇ ਦੇਖਿਆ। ਫਿਰ ਉਹਨੂੰ ਹੋਸ਼ ਨਾ ਰਹੀ। ਹਸਪਤਾਲ਼ ‘ਚ ਦਾਖਲ ਕਰਾਇਆ। ਡਾਕਟਰਾਂ ਨੇ ਦੱਸਿਆ ਕਿ ਹੋਸ਼ ਆਉਣ ‘ਤੇ ਅਸਲ ਇਲਾਜ਼ ਸ਼ੁਰੂ ਕਰਨਗੇ। ਇੱਕ ਰਾਤ ਗਈ ਦੂਸਰੀ ਆਈ, ਪਰ ਉਹਨੂੰ ਹੋਸ਼ ਨਾ ਆਈ।

ਹਸਪਤਾਲ ਦੇ ਕਮਰੇ ਵਿੱਚ ਉਹ ਇਕੱਲਾ ਹੀ ਸੀ। ਕਿਸੇ ਨੂੰ ਵੀ ਡਾਕਟਰਾਂ ਨੇ ਉਸ ਕੋਲ਼ ਜਾਣ ਨਾ ਦਿੱਤਾ। ਦੂਜੀ ਰਾਤ ਦੇ ਤੜਕਸਾਰ, ਅੰਮ੍ਰਿਤ ਵੇਲੇ ਗੁਰਮੁਖ ਚੱਲ ਵੱਸਿਆ। ਜਾਣ ਸਮੇਂ ਉਹਦੇ ਕੋਲ਼ ਉਹਦੀ ਇਕੱਲਤਾ ਦੇ ਸਿਵਾ ਕੋਈ ਨਹੀਂ ਸੀ। ਕੋਲ਼ ਹੀ ਨਰਸਾਂ ਦੇ ਕਮਰੇ ਵਿੱਚ ਟੈਲੀਵਿਯਨ ਚੱਲ ਰਿਹਾ ਸੀ; ਮੈਨੂੰ ਪਾਕਿਸਤਾਨ ਦੇ ਫ਼ਖ਼ਰ ਜ਼ਮਾਨ ਦੀ ਕਵਿਤਾ ਚੇਤੇ ਆਈ — ਮਰ ਗਿਆ ਤਨਵੀਰ ਨਾ ਹੋਈ ਕਿਸੇ ਨੂੰ ਖ਼ਬਰ, ਨਾਲ਼ ਦੇ ਕਮਰੇ ‘ਚ ਓਵੇਂ ਰੇਡੀਓ ਵੱਜਦਾ ਰਿਹਾ।

ਇੱਛਰਾਂ ਜਹੀ ਮੇਰੀ ਭੈਣ ਕੋਲ਼, ਆਪਣੇ ਪੂਰਨ ਪੁੱਤ ਨੂੰ ਭੁੱਲ ਜਾਣ ਦੀ ਸਮਰੱਥਾ ਨਹੀਂ ਹੈ। ਮੈਂ ਜਦ ਵੀ ਉਹਨੂੰ ਮਿਲ਼ਦਾ ਹਾਂ ਉਹ ਸਿਰਫ ਉਸੇ ਦੀਆਂ ਗੱਲਾਂ ਕਰਦੀ ਹੈ, ਜਿਵੇਂ ਉਹਦਾ ਕਰਮ ਧਰਮ ਸਿਰਫ ਉਹੀ ਸੀ। ਉਹ ਕਹਿੰਦੀ ਹੈ ‘ਉਹ ਮੇਰਾ ਕਾਲ਼ਜਾ ਕੱਢ ਕੇ ਨਹੀਂ, ਵੱਢ ਕੇ ਲੈ ਗਿਆ’। ਉਹ ਮੈਨੂੰ ਹੈਰਾਨ ਹੋ ਕੇ ਪੁੱਛਦੀ ਹੈ ਕਿ ਮੈਂ ਉਹਦੇ ਜਾਣ ਦੀ ਖ਼ਬਰ ਸੁਣ ਕਿੱਦਾਂ ਲਈ? ਕੀ ਦੱਸਾਂ ਉਹਨੂੰ ਕਿ ਮੈਂ ਉਹਦੇ ਜਾਣ ਦੀ ਖ਼ਬਰ ਸੁਣ ਕੇ ਸੁੰਨ ਹੋ ਗਿਆ ਸਾਂ ਤੇ ਹੁਣ ਤੱਕ ਹਾਂ।

ਹੁਣ ਮੈਂ ਜਦ ਵੀ ਕਿਤੇ ਉਹਦੀ ਫੋਟੋ ਦੇਖਦਾ ਹਾਂ ਤੇ ਮੈਨੂੰ ਇੱਦਾਂ ਲੱਗਦਾ ਹੈ, ਜਿਵੇਂ ਉਹ ਮੇਰੀ ਫੋਟੋ ਹੋਵੇ, ਜਿਵੇਂ ਉਹ ਮੈਂ ਹੋਵਾਂ। ਜਿਵੇਂ ਮੈਂ ਹੀ ਇਸ ਜਹਾਨ ਤੋਂ ਤੁਰ ਗਿਆ ਹੋਵਾਂ। ਦਰਅਸਲ ਇਹ ਬਾਲਸਖਾਈ ਦਾ ਆਲਮ ਹੈ, ਮੁਹੱਬਤ ਦਾ ਸੱਚ ਹੈ।

ਉਹਨੂੰ ਗਏ ਨੂੰ ਸਾਲ ‘ਤੋਂ ਉੱਪਰ ਹੋ ਗਿਆ ਹੈ। ਕੋਈ ਦਿਨ ਅਜਿਹਾ ਨਹੀਂ, ਜਿਸ ਦਿਨ ਉਹ ਯਾਦ ਨਾ ਆਇਆ ਹੋਵੇ। ਭਾਣਜੇ ਤੋਂ ਵੱਧਕੇ ਉਹ ਮੇਰਾ ਮਿੱਤਰ ਸੀ, ਮੇਰਾ ਹਮਰਾਜ਼। ਉਸਤੋਂ ਬਾਦ ਮੇਰਾ ਜ਼ਿੰਦਗੀ ‘ਚ ਵਿਸ਼ਵਾਸ ਖਤਮ ਹੋ ਗਿਆ ਹੈ। ਉਸਤੋਂ ਬਿਨਾ ਜੀਣਾਂ ਨਿਰਾਰਥਕ ਲੱਗਦਾ ਹੈ। ਇਹੋ ਜਹੇ ਪਿਆਰੇ ਬਿਨਾ ਜੀਣ ਦਾ ਕੋਈ ਹੱਜ ਨਹੀਂ — ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ।। ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ।।

ਬੇਸ਼ੱਕ ਇਨ੍ਹਾਂ ਅੱਖਾਂ ਨੇ ਉਹਨੂੰ ਉੱਥੇ ਜਾਂਦੇ ਤੱਕਿਆ ਹੈ, ਜਿੱਥੋਂ ਕੋਈ ਕਦੇ ਵਾਪਸ ਨਹੀਂ ਆਉਂਦਾ। ਮੈਂ ਉਹਨੂੰ ਬਲ਼ਦੇ ਦੇਖਿਆ ਹੈ। ਪਤਾ ਨਹੀਂ ਕਿਉਂ, ਹਜੇ ਵੀ ਇਸਤਰਾਂ ਲੱਗਦਾ ਹੈ ਕਿ ਉਹ ਕਿਤੇ ਇੱਥੇ ਹੀ ਗਿਆ ਹੈ; ਉਹ ਵਾਪਸ ਆਵੇਗਾ ਤੇ ਕਹੇਗਾ, ‘ਮਾਮਾ ਜੀ!’ ਮੈਂ ਨੱਠ ਕੇ ਉਹਨੂੰ ਮਿਲ਼ਾਂਗਾ, ਕਲ਼ਾਵੇ ‘ਚ ਲਵਾਂਗਾ ਤੇ ਰੱਜ ਕੇ ਗੱਲਾਂ ਕਰਾਂਗਾ। ਫਿਰ ਉਹਨੂੰ ਕਦੀ ਵੀ ਜਾਣ ਨਹੀਂ ਦੇਵਾਂਗਾ।

  • ਮੁੱਖ ਪੰਨਾ : ਪ੍ਰੋ. ਅਵਤਾਰ ਸਿੰਘ : ਪੰਜਾਬੀ ਲੇਖ ਅਤੇ ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ