Baba Wapas Aa Gia (Punjabi Story) : Roop Dhillon

ਬਾਬਾ ਵਾਪਸ ਆ ਗਿਆ (ਕਹਾਣੀ) : ਰੂਪ ਢਿੱਲੋਂ

ਨਿਰਮਲ ਤਸਵੀਰ ਵੱਲ ਤੱਕ ਰਿਹਾ ਸੀ।

ਕਮਰੇ ਦੀ ਫ਼ਿਰੋਜ਼ੀ ਰੰਗ ਕੰਧ ਉੱਤੇ ਟੰਗੀ ਹੋਈ ਨਿਰਮਲ ਦੇ ਬਾਬੇ ਦੀ ਤਸਵੀਰ ਸੀ। ਕੰਧ ਦੇ ਉੱਤੇ ਕੰਧ ਨਾਲੋਂ ਕੁਝ ਜ਼ਿਆਦਾ ਹੀ ਉੱਘੜਵੀਂ ਪ੍ਰਤੀਤ ਹੋ ਰਹੀ ਸੀ। ਲਾਲ ਰੰਗ ਦੇ ਫਰੇਮ ਵਿੱਚ ਤਸਵੀਰ ਹੱਥ ਨਾਲ਼ ਰੰਗਦਾਰ ਕੀਤੀ ਹੋਈ ਸੀ ਜਿਸਦਾ ਹਰ ਰੰਗ ਆਪਣੇ ਆਪ ਵਿੱਚ ਨੂਰਾਨੀ ਦਿਖਾਈ ਦਿੰਦਾ ਸੀ।

ਕਿਸੇ ਚਿੱਤਰਕਾਰ ਨੇ ਇਸ ਉੱਪਰ ਬੜੀ ਬਰੀਕੀ ਨਾਲ਼ ਆਪਣੇ ਬੁਰਸ਼ ਦਾ ਕਮਾਲ ਦਿਖਾਇਆ ਸੀ। । ਇਸ ਲਈ ਬਾਬੇ ਦਾ ਚਿਹਰਾ ਨਾ ਹੀ ਸਿਆਹ ਸਫੇਦ ਤੇ ਨਾ ਹੀ ਉਵੇਂ ਜਿਵੇਂ ਉਹ ਆਪਣੀ ਅਸਲ ਜ਼ਿੰਦਗੀ ਵਿੱਚ ਦਿਖਾਈ ਦਿੰਦਾ ਹੋਵੇਗਾ। ਇਹ ਇੱਕ ਰੰਗ-ਬਰੰਗਾ ਜਿਹਾ ਚਿਹਰਾ ਸੀ। ਇਸ ਤਰ੍ਹਾਂ ਦੀਆਂ ਫੋਟੋਆਂ ਵਿੱਚ ਸਾਰੇ ਹੀ ਭੂਸਲੇ ਜਿਹੇ ਜਾਪਦੇ ਸਨ। ਪੱਗ ਦਾ ਫੋਟੋ ਫਰੇਮ ਨਾਲ ਮੇਲ ਖਾਂਦਾ ਸੀ। ਉਸ 'ਤੇ ਪੀਲੇ ਤਾਰੇ ਹੀ ਉਸ ਦੀ ਦਿਖ ਨੂੰ ਉਸ ਫਰੇਮ ਤੋਂ ਵੱਖ ਕਰਦੇ ਸਨ; ਤਿੱਖਾ ਨੱਕ ਦੇ ਹੇਠ ਕੁੰਡੀਆਂ ਮੁੱਛਾਂ ਸਨ । ਇਸ ਤੋਂ ਇਲਾਵਾਂ ਮੂੰਹ ਸਾਫ਼ ਸੀ। ਤਿਖੇ ਨੱਕ ਨਾਲ ਮੇਲ ਖਾਂਦੀਆਂ, ਅੱਖਾਂ ਉਕਾਬੀ ਅੱਖਾਂ , ਜਿਨ੍ਹਾਂ ਚੋਂ ਇੱਕ ਸ਼ਰਾਰਤੀ ਮੁਸਕਾਣ ਦਾ ਭੁਲੇਖਾ ਪੈਦਾ ਸੀ। ਨਿਰਮਲ ਨੂੰ ਇੰਝ ਲਗਦਾ ਸੀ, ਜਿਵੇਂ ਕਮਰੇ ਦੇ ਹਰ ਕੋਨੇ ਵਿੱਚ ਇਹ ਅੱਖਾਂ ਉਸ ਦਾਪਿੱਛਾ ਕਰਦੀਆਂ ਹੋਣ। ਬਾਬੇ ਦੀ ਕਮੀਜ਼ ਨੀਲੀ ਸੀ ਅਤੇ ਤਸਵੀਰ ਦੀ ਪ੍ਰਿਸ਼ਟਭੂਮੀ ਸੰਦਲੀ ਸੀ। ਹਰੇਕ ਦੇਖਣ ਵਾਲੇ ਨੂੰ ਖਬਰੇ ਕਿਉਂ ਇਉਂ ਲੱਗਦਾ ਹੁੰਦਾ ਸੀ ਕਿ ਬਾਬੇ ਦੇ ਨੇਤਰ ਉਨ੍ਹਾਂ ਨੂੰ ਕਮਰੇ ਦੀ ਹਰ ਨੁੱਕਰ ਵਿੱਚ ਘੂਰ ਰਹੇ ਸਨ।

ਇੱਕ ਮਘਦੇ ਦਿਹਾੜੇ ਇਸ ਗੱਲ ਦਾ ਜਵਾਬ ਬਾਬੇ ਨੇ ਨਿਰਮਲ ਨੂੰ ਸਿੱਧਾ ਦੇ ਦਿੱਤਾ ਸੀ। ਤਸਵੀਰ ਵਿੱਚੋਂ ਨਿਕਲ਼ ਕੇ ਪੋਤਰੇ ਦੇ ਸਾਹਮਣੇ ਆ ਖੜ੍ਹੋਤਾ ਅਤੇ ਲੋਟੇ ਦੀਆਂ ਕੁੰਡੀਆਂ ਵਾਂਗ ਆਪਣੀਆਂ ਬਾਹਾਂ ਆਪਣੇ ਜੁੱਸੇ ਦੇ ਦੋਈ ਪਾਸੇ ਰੱਖ ਕੇ ਬੋਲ਼ਿਆ, - ਓਏ! ਡਰਦਾ ਕਿਉਂ? ਮੈਂ ਤੈਨੂੰ ਖਾਣ ਨਹੀਂ ਲੱਗਿਆ!-। ਤਸਵੀਰ ਵਿੱਚੋਂ ਨਿਕਲ਼ਿਆ ਹੋਣ ਕਰਕੇ, ਉਸ ਦਾ ਪਿੰਡਾ ਕਾਗ਼ਜ਼ ਵਾਂਗ ਪਤਲਾ ਅਤੇ ਸਮਤਲ ਸੀ। ਫਲੈਟ ਆਦਮੀ ਨੂੰ ਵੇਖ ਕੇ ਇੱਕ ਦਮ ਉੱਤਰ ਨਹੀਂ ਸੁੱਝਿਆ ਉਸ ਨੂੰ।

- ਜੀ, ਜੀ, ਮੈਂ ਥੁਹਾਤੋਂ ਕਿੱਥੇ ਡਰਦਾ ਬਾਬਾ ਜੀ- ਨਿਰਮਲ ਨੇ ਤਸਵੀਰ ਸਰੀਰ ਬਾਬੇ ਨੂੰ ਕਿਹਾ, - ਥੁਹਾਨੂੰ ਗ਼ਲਤ ਵਹਿਮੀ ਐ-। ਤਸਵੀਰ ਬਾਬਾ ਨਿਰਮਲ ਤੋਂ ਪਤਲਾ ਤਾਂ ਸੀ, ਪਰ ਕੱਦ ਵਿੱਚ ਲੰਬਾ ਵੀ ਸੀ, ਭਾਵੇਂ ਕੰਧ ਉੱਤੇ ਤਾਂ ਨਿੱਕੀ ਜਿਹੀ ਤਸਵੀਰ ਟੰਗੀ ਹੋਈ ਸੀ। ਨਾਲ਼ੇ ਇੰਨੇ ਨਿੱਕੇ ਤਸਵੀਰ ਵਿੱਚੋਂ ਨਿਕਲ਼ਣਾ ਕਿੱਥੋਂ ਸੌਖਾ ਸੀ?

ਕਈ ਵਾਰੀ ਨਿਰਮਾਲ ਨੇ ਬਾਬਾ ਦੀ ਤਸਵੀਰ ਵੱਲ ਡਿੱਠ ਕੇ ਸੋਚਿਆ ਸੀ, - ਕਾਸ਼! ਜੇ ਮੈਂ ਬਾਬੇ ਬਲਰਾਜ ਨੂੰ ਮਿਲਿਆ ਹੁੰਦਾ!-। ਬਲਰਾਜ ਨਿਰਮਾਲ ਦੇ ਜਨਮ ਤੋਂ ਕੁੱਝ ਵੱਰ੍ਹਾਂ ਪਹਿਲਾਂ ਪੂਰਾ ਹੋ ਚੁੱਕਾ ਸੀ। ਇੱਕ ਦਿਨ ਨਿਰਮਲ ਉਦਾਸ ਸੀ ਅਤੇ ਕੋਈ ਘਰ ਨਹੀਂ ਸੀ, ਜਿਸ ਨਾਲ਼ ਦਿਲ ਦੀਆਂ ਗੱਲਾਂ ਕਰ ਸਕਦਾ। ਬਾਪੂ ਜੇ ਘਰ ਵੀ ਹੁੰਦਾ, ਨਿਰਮਲ ਨਾਲ਼ ਦਿਲ ਦੀਆਂ ਗੱਲਾਂ ਕਰਦਾ ਨਹੀਂ ਸੀ। ਓਦੋਂ ਨਿਰਮਲ ਨੇ ਬਾਬੇ ਬਲਰਾਜ ਵੱਲ ਵਹਿੰਦੇ ਨੇ ਸੋੋਚਿਆ, - ਜੇ ਕਾਸ਼ ਤੁਸੀਂ ਮੇਰੇ ਕੋਲ਼ ਹੁੰਦੇ! ਮੈਂ ਬਹੁਤ ਕੁੱਝ ਤੁਹਾਡੇ ਬਾਰੇ ਬੀਬੀ ਜੀ ਤੋਂ ਸੁੁਣਿਆ ਹੈ!-।

ਬੱਸ, ਅੱਜ ਅਰਮਾਨ ਪੂਰਾ ਹੋ ਗਿਆ। ਬਾਬਾ ਵਾਪਸ ਆ ਗਿਆ। ਹੁਣ ਤਾਂ ਗੱਲਾਂ ਕਰ ਸਕਦਾ ਸੀ। ਫੇਰ ਵੀ , ਜਿਸ ਤਰੀਕੇ ਨਾਲ਼, ਅਣਘੋਸ਼ਤ, ਬਿਨਾ ਦੱਸੇ, ਕਮਰੇ ਵਿੱਚ ਆ ਗਿਆ, ਨਿਰਮਲ ਨੂੰ ਹੱਕਾ ਬੱਕਾ ਕਰ ਦਿੱਤਾ। ਵੈਸੇ, ਕਮਰੇ ਵਿੱਚ ਤਾਂ ਹਮੇਸ਼ਾ ਸੀ, ਪਰ ਕੰਧ ਉੱਤੇ, ਤਸਵੀਰ ਵਿੱਚ, ਜਿੱਥੋਂ ਜੋ ਉਸ ਰੂਮ ਵਿੱਚ ਬੀਤਦਾ ਸੀ ਨੂੰ ਦੇਖਦਾ ਰਹਿੰਦਾ ਸੀ, ਜਦ ਦੀ ਤਸਵੀਰ ਟੰਗੀ ਗਈ ਸੀ।
- ਆਖਿਆ ਤਾਂ ਆ ਗਿਆ। ਹੁਣ ਕਿਉਂ ਡਰਦਾ ਫਿਰਦਾ ਹੈ?- ਬਲਰਾਜ ਬਾਬੇ ਨੇ ਪੁੱਛਿਆ।

- ਜੀ। ਹੋਰ ਤਾਂ ਕੁੱਝ ਨਹੀਂ। ਮੈਨੂੰ ਚੇਤਾਵਨੀ ਤਾਂ ਦੇਣੀ ਸੀ। ਖ਼ੈਰ ਤੁਸੀਂ ਆ ਗਏ- ਫੇਰ ਨਿਰਮਲ ਦੇ ਗੋਲ਼ ਮੋਲ਼ ਮੂੰਹ ਉੱਤੇ ਮੁਸਕਾਨ ਦੌੜ੍ਹ ਆ ਬੈਠੀ, ਜਿੱਦਾਂ ਤਪਾਕ ਲਈ ਕਵੇਲ਼ਾ ਕਰ ਗਈ ਸੀ। ਉਸ ਹੀ ਵਕਤ ਨਿਰਮਲ ਦਾ ਦਿਮਾਗ਼ ਵੀ ਚਾਲੂ ਹੋ ਗਿਆ ਅਤੇ ਹੱਥ ਨਾਲ਼ ਬਾਬੇ ਨੂੰ ਇਸ਼ਾਰਾ ਕੀਤਾ ਅਰਾਮ ਕੁਰਸੀ ਉੱਤੇ ਬਹਿਣ ਵਾਸਤੇ। ਬਾਬਾ ਖ਼ੁਸ਼ੀ ਨਾਲ਼ ਬਹਿ ਗਿਆ, ਕੁਰਸੀ ਦੀ ਢੋਅ ਨਾਲ਼ ਢਾਸ ਲਾ ਕੇ। ਪਤਲਾ ਪਰਚਾ ਵਾਂਗ ਸੀ ਕਰਕੇ, ਪਾਸਿਓ ਤਾਂ ਦਿਸਦਾ ਵੀ ਨਹੀਂ ਸੀ। ਜੇ ਕੋਈ ਹੋਰ ਕਮਰੇ ਵਿੱਚ ਹੁੰਦਾ, ਉਨ੍ਹਾਂ ਨੂੰ ਲੱਗਣਾ ਸੀ ਜਿਵੇੜ ਕਿਸੇ ਨੇ ਅਰਾਮ ਕੁਰਸੀ ਉੱਤੇ ਚਾਦਰ ਬਿਛਾ ਦਿੱਤੀ ਹੋਵੇ। ਅੰਦਰ ਆ ਕੇ ਕੋਈ ਗ਼ਲਤੀ ਨਾਲ਼ ਬਾਬੇ ਉੱਤੇ ਬੈਠ ਸਕਦਾ ਸੀ।

ਅਰਾਮ ਕੁਰਸੀ ਲਾਲ ਸੀ। ਉਸ ਦੇ ਸਾਹਮਣੇ ਨਿੱਕਾ ਜਿਹਾ ਮੇਜ਼ ਸੀ। ਮੇਜ਼ ਦੇ ਦੂੱਜੇ ਪਾਸੇ ਡਾਲੀਆਂ ਤੋਂ ਬਣਾਈ ਕੁਰਸੀ ਸੀ। ਉਸ ਉੱਤੇ ਨਿਰਮਲ ਬੈਠ ਗਿਆ, ਠੋਡੀ ਇੱਕ ਹੱਥ ਉੱਤੇ, ਉਸ ਹੀ ਬਾਂਹ ਦੀ ਕੂਹਣੀ ਗੋਡੇ ਉੱਪਰ, ਗੋਡੇ ਵਾਲੀ ਲੱਤ ਦੂੱਜੀ ਲੱਤ ਉੱਪਰ। ਕੋਈ ਯੁਨਾਨੀ ਬੁੱਤ ਲੱਗਦਾ ਸੀ, ਬਲਰਾਜ ਬਾਬੇ ਨੂੰ ਡਾਢੀ ਨਜ਼ਰ ਨਾਲ਼ ਤੱਕਦਾ।

- ਬਾਪੂ ਨਾਲ਼ ਗੱਲ ਕਰਨੀ ਔਖੀ ਹੈ। ਤੰਗ ਆ ਗਿਆ। ਜੋ ਵੀ ਮੰਗਦਾ, ਜਵਾਬ ਨਾਹ ਹੀ ਹੁੰਦਾ ਐ। ਪਰ ਇਹ ਤਾਂ ਕੋਈ ਵੱਡੀ ਗੱਲ ਨਹੀਂ। ਦੁੱਖ ਸੁੱਖ ਉਨ੍ਹਾਂ ਨੂੰ ਕਰਨਾ ਨਹੀਂ ਆਉਂਦਾ ਹੈ। ਇਹ ਵੀ ਭਾਰਤੀ ਬਿਮਾਰੀ ਐ, ਖਬਰੇ ਪੰਜਾਬੀ ਬਿਮਾਰੀ ਐ…-
- ਪਰ ਤੂੰ ਤਾਂ ਐਸ ਬਾਰੇ ਵੀ ਨਹੀਂ ਬੁਲਾਇਆ ਹੈ ਨਾ? ਬਿਮਾਰੀ ਤਾਂ ਹੋਰ ਐ?-
- ਜੀ। ਨਹੀਂ, ਇਹ ਸਭ ਸ਼ਿਕਵਾਵਾਂ ਹਨ। ਪਰ ਉਦਾਸੀ ਨੇ ਮੈਨੂੰ ਬੈਠ ਲੈ ਲਿਆ ਹੈ। ਇਹ ਸ਼ਹਿਰ ਨੇ। ਦਿੱਲੀ ਨੇ। ਤਾਂ ਤੁਸੀਂ ਯਾਦ ਆ ਗਏ ਸੀ-।

- ਅੱਛਾ, ਸਮਝ ਗਿਆ- ਬਾਬੇ ਨੇ ਫਲੈਟ ਮੁੱਛਾ ਨੂੰ ਘੁੰਮਾਇਆ। ਥੋੜਾ ਜਿਹਾ ਮੂਹਰੇ ਹੋਇਆ, ਬਾਹਾਂ ਗੋਡਿਆਂ ਉੱਤੇ ਉਲਾਰ ਦਿੱਤੀਆਂ। ਪਾਸਿਓ ਇੱਕ ਕਾਗਗ਼ ਦੀ ਚਾਦਰ ਮੂਹਰੇ ਹੁੰਦੀ ਜਾਪਦੀ ਸੀ, ਇੱਕ ਡਿਗਦੀ ਚਪਟੀ। - ਉਹ ਕੁੱਝ ਫੇਰ ਸ਼ੁਰੂ ਹੋ ਗਿਆ ਸ਼ੇਰਾ?-।

- ਹਾਂ - ਪੋਲਾ, ਗਮਗੀਨ ਜਵਾਬ ਆਇਆ। ਥੋੜ੍ਹੀ ਰਹਾਉ ਬਾਅਦ, - ਐਦਕੀਂ ਸਾਡੇ ਲੋਕ ਨਹੀਂ ਹੈ-।
- ਅੱਛਾ? ਹੁਣ ਕਿਹੜੇ ਵਿਚਾਰਿਆ ਮਗਰ ਪੈ ਗਏ ਨੇ?- ਬਲਰਾਜ ਨੇ ਸੋਗਮਈ ਆਵਾਜ਼ ਵਿੱਚ ਆਖਿਆ।
- ਮੁਸਲਮਾਨ। ਹੁਣ ਓਨ੍ਹਾਂ ਦੀ ਵਾਰੀ ਲੱਗ ਗਈ-।
- ਤੇ ਤੂੰ ਇਸ ਬਾਰੇ ਕੀ ਕਰ ਰਿਹਾ ਹੈ?-
- ਇਹ ਹੀ ਤਾਂ ਗੱਲ ਹੈ। ਬਾਪੂ ਨੂੰ ਆਖਿਆ ਕਿ ਸਾਨੂੰ ਕੁੱਝ ਤਾਂ ਕਰਨਾ ਚਾਹੀਦਾ ਹੈ। ਪਰ ਉਨ੍ਹਾਂ ਨੂੰ ਤਾਂ ਹਾਲੇ ਸੰਤਾਲ਼ੀ ਦੀਆਂ ਯਾਦਾਂ ਆ ਰਹੀਆਂ ਨੇ!-
- ਸੰਤਾਲ਼ੀ ਦੀਆਂ ਯਾਦਾਂ? ਉਹ ਤਾਂ ਹਾਲੇ ਜੰਮਿਆ ਵੀ ਨਹੀਂ ਸੀ! ਉਸ ਨੂੰ ਕੀ ਪਤਾ! ਮੈਂ ਦੇਖਿਆ ਹੈ। ਫੇਰ ਮੈਂ ਚੁਰਾਸੀ…-

- ਪਤਾ। ਤਾਂ ਹੀ ਮੈਂ ਤੁਹਾਡੇ ਨਾਲ਼ ਹੀ ਗੱਲ ਕਰਨਾ ਚਾਹੁੰਦਾ ਹਾਂ-। ਨਿਰਮਲ ਨੂੰ ਪੂਰਾ ਪਤਾ ਸੀ ਕਿ ਕੀ ਬਲਰਾਜ ਨਾਲ਼ ਬੀਤਿਆ ਸੀ। ਚੁਰਾਸੀ ਵਿੱਚ ਅੱਜ ਵਰਗੇ ਹੀ ਹਾਲ਼ ਸਿਖਾਂ ਲਈ ਹੋ ਚੁੱਕੇ ਸਨ। ਦਰਅਸਲ ਉਸ ਦੇ ਦਾਦੇ ਨੂੰ ਤਾਂ ਮੌਕਾ ਵੀ ਨਹੀਂ ਮਿਲਿਆ ਸੀ ਸਾਰੇ ਸਾਲ ਨੂੰ ਵੇਖਣ ਦਾ। ਬਲਰਾਜ ਬਾਬੇ ਨੇ ਤਾਂ ਨਵੰਬਰ ਤੋਂ ਗਹਾਂ ਵੇਖਿਆ ਵੀ ਨਹੀਂ ਸੀ। ਮੱਘਰ ਦੇ ਬਾਅਦ ਹੋਰ ਸਾਰੇ ਬਾਹਰ ਚਲੇ ਗਏ ਸੀ। ਜਿਨ੍ਹਾਂ ਨੂੰ ਮਜ਼ਬੂਰੀ ਜਾਂ ਗਰੀਬੀ ਸੀ ਉਹੀ ਰਹੇ ਸਨ। ਬਾਪੂ ਵੀ ਜ਼ਿੱਦੀ ਸੀ ਸੋ ਰਿਹਾ। ਹੌਲ਼ੀ ਹੌਲ਼ੀ ਜੀਵਨ ਵਾਪਸ ਜਿੱਦਾਂ ਪਹਿਲਾਂ ਸੀ ਹੋ ਗਿਆ ਸੀ। ਨਹੀਂ ਇਹ ਝੂਠ ਹੈ। ਕੁੱਝ ਗਵਾਚ ਗਿਆ ਸੀ। ਅਮਾਨਤ। ਉਸ ਤੋਂ ਬਾਅਦ ਘੱਲੂਘਾਰੇ ਨੂੰ ਹੰਗਾਮਾ ਹੀ ਆਖਣ ਲੱਗ ਪਏ ਸਨ। ਉਸ ਦਿਨਾਂ ਵਿੱਚ ਅੱਜ ਵਾਂਗਰ ਇੰਟਰਨੈਟ ਨਹੀਂ ਸੀ। ਬਾਹਰਲੀ ਦੁਨੀਆ ਤੋਂ ਲੁਕੋ ਕੇ ਰੱਖਾ। ਸਿਖਾਂ ਨੂੰ ਆਤੰਕਵਾਦੀ ਦਾ ਦਰਜਾ ਦੇ ਦਿੱਤਾ ਸੀ। ਹਾਲੇ ਤੀਕਰ ਕੋਈ ਨਿਆਂ ਨਹੀਂ ਮਿਲਿਆ ਹੈ। ਸਰਕਾਰ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵੀ ਕਰਨਾ ਨਹੀਂ ਚਾਇਆ। ਹੁਣ ਉਹੀ ਕੁੱਝ ਫੇਰ ਹੋਣ ਲੱਗ ਪਿਆ ਸੀ। ਹੈਰਾਨੀ ਦੀ ਗੱਲ ਸੀ ਕਿ ਇੰਟਰਨੈਟ ਦਾ ਬਹੁਤਾ ਫ਼ਾਇਦਾ ਨਹੀਂ ਸੀ। ਖਾਸ ਦੁਨੀਆ ( ਜਿਸ ਦਾ ਮਤਲਬ ਪੱਛਮੀ ਦਨੀਆ) ਨੂੰ ਤਾਂ ਪਤਾ ਹੀ ਨਹੀਂ ਸੀ ਕੀ ਇਸ ਵੇਲ਼ੇ ਦਿੱਲੀ ਵਿੱਚ ਹੋ ਰਿਹਾ ਸੀ। ਸਰਕਾਰ ਨੇ ਇਹ ਗੱਲ ਗੁੱਝਾ ਕੇ ਰੱਖੀ ਸੀ। ਪਰ ਭਾਰਤ ਸਾਰਾ ਨਹੀਂ ਇਸ ਵਾਰੀ ਅੰਨ੍ਹਾ ਸੀ।

ਜਿਹੜਾ ਮੁਲਕ ਫੇਰ ਉਸ ਥਾਂ ਉੱਤੇ ਪਹੁੰਚ ਗਿਆ ਸੀ ਨੇ ਨਿਰਮਲ ਨੂੰ ਉਦਾਸ ਕਰ ਦਿੱਤਾ ਸੀ। ਉਸ ਨੂੰ ਯਾਦ ਆ ਗਿਆ ਬੀਬੀ ਕੀ ਬਾਬੇ ਬਾਰੇ ਦੱਸਦੀ ਸੀ। ਬਾਬਾ ਡਰਦਾ ਨਹੀਂ ਸੀ। ਸੜਕ ਉੱਤੇ ਗਿਆ ਅਤੇ ਕਿਰਪਾਨ ਲੈ ਕੇ ਉਸ ਚਰਖਾਂ ਨੂੰ ਪਰ੍ਹਾਂ ਰੱਖਿਆ ਸੀ। ਕਿਸੇ ਦੀ ਧੀ ਨੂੰ ਬੱਚਾ ਦਿੱਤਾ ਸੀ, ਕਿਸੇ ਦੇ ਪੁੱਤ ਨੂੰ। ਪਰ ਆਪ ਨੂੰ ਨਹੀਂ ਬੱਚ ਸਕਿਆ। ਵੈਸੇ ਆਮ ਸਿੱਖ ਵਾਂਗ ਦਾੜ੍ਹੀ ਕੇਸ ਨਹੀਂ ਰੱਖੇ ਸੀ। ਮੁੱਛ ਸੀ ਅਤੇ ਨਿੱਕੀ ਜਿਹੀ ਪੱਗੜੀ। ਪਰ ਹੌਲ਼ੀ ਹੌਲ਼ੀ ਗਿੱਦੜਾਂ ਨੂੰ ਸਮਖ ਪੈ ਗਈ ਸੀ ਬਲਰਾਜ ਪੰਜਾਬੀ ਸਰਦਾਰ ਸੀ।

ਹੁਣ ਉੱਥੇ ਵਾਪਸ ਪਰਤ ਗਏ ਸਨ। ਬਾਪੂ ਨੇ ਸਮੱਸਿਆ ਦੀ ਹੱਲ ਕਰਨੀ ਦੀ ਥਾਂ ਕੰਮ ਉੱਤੇ ਚਲੇ ਗਿਆ ਸੀ। ਮਾਂ ਤਾਂ ਹੁਣ ਹੈ ਨਹੀਂ ਸੀ। ਨਿਰਮਲ ਕੁੱਝ ਕਰਨਾ ਚਾਹੁੁੰਦਾ ਸੀ। ਗੁਰੂ ਗੋਬਿੰਦ ਦਾ ਖਾਲਸਾ ਸੀ। ਭਾਵੇਂ ਸੀਸ ਉੱਤੇ ਪੱਗ ਨਹੀਂ ਸੀ, ਦਿਲ ਦੇ ਅੰਦਰ ਤਾਂ ਆਪਣੇ ਆਪ ਨੂੰ ਸੂਰਮਾ ਸਮਝ ਦਾ ਸੀ। ਪਰ ਪੁਲਸ ਨਾਲ਼ ਪੰਗਾ ਲੈਣਾ ਨਹੀਂ ਚਾਹੁੰਦਾ ਸੀ। ਪਰ ਉਹ ਵਿਚਾਰਿਆਂ ਦੀ ਮਦਦ ਕਰਨਾ ਚਾਹੁੰਦਾ ਸੀ। ਇੱਕ ਪਾਸੇ ਉਸ ਦੀ ਪਿਓ ਦੀ ਆਵਾਜ਼ ਨੇ ਚਾਰ ਸੌ ਸਾਲ ਤਾਰੀਖ ਚੇਤਾ ਕਰਾਈ ਜਿਸ ਵਿੱਚ ਮੁਸਲਿਮ ਕੌਮ ਜਬ੍ਹਾ ਹਲਾਕ ਭਾਰਤੀਆਂ ਦੀ ਕਰਦੀ ਸੀ। ਪਰ ਦੂਜੇ ਪਾਸੇ ਮਨ ਕਹਿ ਰਿਹਾ ਸੀ ਕਿ ਸਾਰੇ ਗੁਰੂ ਦੇ ਇਨਸਾਨ ਹਨ, ਅਤੇ ਮੁਸਲਮਾਨ ਵੀ ਇਨਸਾਨ ਹਨ। ਉਨ੍ਹਾਂ ਦੀ ਮਦਦ ਕਰਨੀ ਹੈ। ਪਰ ਗੱਲ ਤਾਂ ਇਸ ਤੋਂ ਵੀ ਡੁੰਘੀ ਸੀ। ਇੰਝ ਸਾਡੇ ਨਾਲ ਵੀ ਹੋਇਆ ਅਤੇ ਹੁਣ ਇਸ ਜ਼ਬਰਦਸਤੀ ਨੂੰ ਕਿਸੇ ਨਾਲ਼ ਨਹੀਂ ਹੋਣ ਦੇਣਾ। ਕੱਲ੍ਹ ਸਰਦਾਰ ਸਨ, ਅੱਜ ਮੁਲਸਮਾਨ ਹਨ, ਖਬਰੇ ਕੱਲ੍ਹੋਂ ਕੌਣ ਹੋਵੇਗਾ। ਭਾਰਤੀਆਂ ਤੋਂ ਸ਼ਰਮ ਆਉਂਦੀ ਸੀ। ਨਿਰਮਲ ਪੜ੍ਹਿਆ ਲਿਖਿਆ ਸੀ।

ਨਿਰਮਲ ਨੂੰ ਸਾਫ਼ ਪਤਾ ਸੀ ਕਿ ਹਿੰਦੂ ਲਫਜ਼ ਦਾ ਅਸਲੀ ਮਤਲਬ ਸਿਰਫ਼ ਸੀ ਭਾਰਤ ਵਿੱਚ ਰਹਿਣ ਵਾਲ਼ੇ। ਸਾਰੇ ਹੁਣ ਇਸ ਲੇਬਲ ਹੇਠ ਇੱਕੋ ਸੀ। ਪਰ ਅਸਲੀਅਤ ਸੀ ਕਿ ਜਾਤ ਪਾਤ ਵਿੱਚ ਮੰਨ ਦੇ ਸੀ ਸੋ ਜੇ ਮੁਲਸਲਮਾਨ ਖ਼ਤਮ ਵੀ ਕਰ ਦਿੱਤੇ, ਫੇਰ ਇੱਕ ਦੂਜੇ ਉੱਤੇ ਪਵੋਗੇ। ਇਸ ਦੀ ਹੱਲ ਕੀ ਸੀ? ਹਜ਼ਾਰ ਵੱਰ੍ਹਿਆਂ ਦੀ ਸੋਚ ਨੂੰ ਇੱਕ ਦਮ ਨਹੀਂ ਬਦਲ ਸਕਦੇ। ਸ਼ਾਇਦ ਕਦੀ ਨਹੀਂ ਬਦਲ ਸਕਣਾ ਸੀ। ਪਰ ਹੁਣ ਲਈ ਨਿਰਮਲ ਕੁੱਝ ਕਰ ਸਕਦਾ ਸੀ। ਤਾਂ ਹੀ ਤਾਂ ਬਾਬੇ ਦੀ ਲੋੜ ਸੀ।

- ਬਾਬੇ ਤੁਹਾਨੂੰ ਯਾਦ ਹੈ ਥੋਡੇ ਨਾਲ਼ ਕੀ ਬੀਤਿਆ ਸੀ? ਫੇਰ ਕੀ ਹੋਇਆ?-

- ਨਹੀਂ ਸ਼ੇਰਾ। ਕੋਈ ਯਾਦ ਨ੍ਹੀਂ। ਇੱਕ ਪਲ ਮੈਂ ਕਿਰਪਾਨ ਨਾਲ਼ ਲੜ ਰਿਹਾ ਸੀ, ਦੂਜੇ ਪਲ ਇਸ ਕਮਰੇ ਦੀ ਕੰਧ ਉੱਤੇ ਸੀ ਅਤੇ ਹਰ ਦਿਨ ਜੋ ਕੁੱਝ ਇੱਥੇ ਹੁੰਦਾ ਦੇਖਿਆ ਹੈ-। ਦੁਚਿੱਤਾ ਸੀ, ਪਰ ਫੇਰ ਬੋਲ਼ਿਆ, - ਸ਼ੇਰਾ ਮੇਰੇ ਨਾਲ਼ ਕੀ ਹੋਇਆ?-।

ਇਸ ਸਵਾਲ ਦਾ ਜਵਾਬ ਦੇਣ ਦੀ ਥਾਂ ਨਿਰਮਲ ਉੱਠ ਖੜ੍ਹਾ ਅਤੇ ਦਾਦੇ ਨੂੰ ਵੀ ਉੱਠਣ ਲਈ ਕਿਹਾ। ਉਸ ਨੂੰ ਕਮਰੇ ਤੋਂ ਬਾਹਰ ਲੈ ਗਿਆ, ਬੈਠਕ ਵੱਲ, ਜਿੱਥੋਂ ਬਾਰੀ ਰਾਹੀਂ ਬਾਹਰ ਜਲ਼ਦੇ ਸ਼ਹਿਰ ਵੱਲ ਡਿੱਠਾ। ਮਸੀਤਾਂ ਸੜ ਰਹੀਆਂ ਸਨ। ਇੱਕ ਇਲਾਕੇ ਵਿੱਚ ਖ਼ਾਸ ਅੱਗ ਸੀ। ਬਲਰਾਜ ਖ਼ੁਦ ਉਦਾਸ ਹੋ ਗਿਆ। ਦੋਨੋਂ ਹੀ ਇੰਝ ਸੀ, ਦਿੱਲੀ ਦੇ ਲਾਲ ਦਿਸਹੱਦੇ ਵੱਲ ਦੇਖਦੇ।

- ਹੁਣ ਮੈਨੂੰ ਯਾਦ ਆ ਗਿਆ- ਬਾਬੇ ਨੇ ਕੁੱਝ ਚਿਰ ਬਾਅਦ ਮੂੰਹ ਖੋਲ੍ਹਿਆ। ਨਿਰਮਲ ਦੀ ਹਿੰਮਤ ਨਹੀਂ ਸੀ ਬਾਬੇ ਨਾਲ਼ ਇਸ ਵੇਲ਼ੇ ਅੱਖਾਂ ਚਾਰ ਕਰਨ ਦੀ, ਪਰ ਵੈਸੇ ਪਾਸਿਓ ਉਨ੍ਹਾਂ ਦਾ ਮੁਖੜਾ ਤਾਂ ਦਿਸਦਾ ਨਹੀਂ ਸੀ। ਸਿਰਫ਼ ਪਤਲਾ ਚਿੱਤਰ ਪਟ ਹੀ ਨਾਲ਼ ਖੜ੍ਹਾ ਸੀ। ਦੋਈ ਸ਼ਹਿਰ ਵੱਲ ਦੇਖੀ ਗਏ। - ਸਾਨੂੰ ਉਸ ਗਲੀਆਂ ੱਚ ਜਾ ਕੇ ਲੋਕਾਂ ਦੀ ਮਦਦ ਕਰਨੀ ਪੈਣੀ, ਜੋ ਮਰਜ਼ੀ ਲੇਖਾ ਦੇਣਾ ਪੈਣਾ। ਆਪਾਂ ਦਸਵੇਂ ਪਾਤਸ਼ਾਹ ਦੇ ਸ਼ੇਰ ਹਾਂ। ਕਦੀ ਨਹੀਂ ਭੁੱਲਣਾ। ਮੇਰੇ ਵਾਸਤੇ ਕਿਰਪਾਨ ਚੱਕ। ਆਪ ਵੀ ਕੱੁਝ ਲੈ ਲਾ…-

- ਜੀ…ਪਰ ਪੁਲਸ…-

- ਉਨ੍ਹਾਂ ਨੇ ਕੁੱਝ ਨਹੀਂ ਕਰਨਾ। ਪਾਸੇ ਖੜ੍ਹਾ ਕੇ ਕੁੱਤਿਆਂ ਨੂੰ ਮਾਰ ਮਰੇਇਆ ਦਾ ਮੌਕਾ ਹੀ ਦੇਣਾ। ਉਨ੍ਹਾਂ ਤੋਂ ਨਾ ਡਰ। ਜੇ 1984 ਵਾਂਗ ਸੱਚ ਮੁੱਚ ਹੈ, ਕੱਟ ਵੱਢ ਹੀ ਹੋਣੀ। ਇਹ ਤਾਂ ਇੱਥੋਂ ਹੀ ਦਿਸਦਾ ਹੈ। ਆ ਚਲੀਏ-। ਨਿਰਮਲ ਨੇ ਦੋ ਕਿਰਪਾਨਾਂ ਲੱਭ ਲਈਆਂ ਅਤੇ ਇੱਕ ਬਾਬੇ ਦੇ ਕਾਗਜ਼ੀ ਹੱਥ ਵਿੱਚ ਫੜ੍ਹਾ ਦਿੱਤੀ। ਦੋਨੋਂ ਘਰੋਂ ਬਾਹਰ ਨਿਕਲ਼ ਗਏ।

ਨਿਰਮਲ ਦਾ ਘਰ ਸਿਵ ਵਿਹਾਰ ਵਿੱਚ ਹੈ।

ਜਦ ਸੜਕ ਉੱਤੇ ਪੱੁਜੇ ਇੱਕ ਪਾਸੇ ਤੀਹਾਂ ਦੀ ਲੁੱਚ ਮੰਡਲੀ ਸੀ ਜੋ ਇੱਕ ਕੁੱਖ ਹਰੀ ਹੋਈ ਕੁੜੀ ਨੂੰ ਠੋਕਰ ਮਰ ਰਹੇ ਸਨ। ਉਹ ਵਿਚਾਰੀ ਕਹਿ ਰਹੀ ਸੀ, - ਮੇਰੇ ਬੱਚੇ ਨੂੰ ਨਾ ਮਾਰੋ, ਪਲੀਸ- ਇਹ ਆਖਰੀ ਸ਼ਬਦ ਕਈ ਵਾਰੀ ਬੋਲ਼ਿਆ ਸੀ, ਪਰ ਉਨਾਂ ਦੇ ਕੰਨ ਬੰਦ ਸਨ।
ਸੜਕ ਦੇ ਦੂਜੇ ਪਾਸੇ ਇੱਕ ਦੁਕਾਨ ਵਿੱਚ ਮੁੰਡਾ ਬਾਹਰ ਖਿੱਚਿਆ। ਮੁੰਡੇ ਦੇ ਟੋਪੀ ਪਾਈ ਸੀ, ਜਿਸ ਤੋਂ ਸਾਫ਼ ਪਤਾ ਲਗਦਾ ਸੀ ਕਿ ਉਹ ਕੌਣ ਹੈ।
- ਮਾਰੋ ਸਾਲੇ ਮੁੱਲੇ ਕੋ!-
- ਜੈ ਸ਼੍ਰੀ ਰਾਮ!-
- ਨਿਕਲ ਹਮਾਰੇ ਮੁਲਕ’ਚੋਂ ਪਾਸਕਿਸਤਾਨੀ!-
ਕੁੱਟ ਮਾਰ ਸ਼ੁਰੂ ਹੋ ਗਈ। ਆਲ਼ੇ ਦੁਆਲ਼ੇ ਲੋਕ ਚੁੱਪ ਚਾਪ ਖੜ੍ਹੇ ਸਨ। ਜਿੱਦਾਂ ਕੁੱਝ ਹੁੰਦਾ ਨਹੀਂ ਸੀ। ਇੱਕ ਨੇ ਤਾਂ ਫੋਨ ਲਾ ਕੇ ਫਿਲਮਿੰਗ ਸ਼ੁਰੂ ਕਰ ਲਈ।

- ਸ਼ੇਰਾ ਤੂੰ ਕੁੜੀ ਨੂੰ ਬਚਾ। ਦੂਜਿਆਂ ਨੂੰ ਮੈਂ ਵੇਖਦਾ ਹਾਂ-। ਬਾਬਾ ਅੱਗੇ ਤੁਰ ਪਿਆ, ਉਸ ਦੀ ਪਿੱਠ ਨਿਰਮਲ ਵੱਲ। ਪਿੱਛੇ ਚਿੱਤਰ ਪਟ ਉੱਤੇ ਰੰਗ ਨਹੀਂ ਸੀ। ਪੀਲਾ ਕਾਗ਼ਜ਼ ਸ,ਿ ਜਿਸ ਨੂੰ ਬੰਦੇ ਦੇ ਰੂਪ ਵਿੱਚ ਕੱਟਿਆ ਹੋਇਆ ਸੀ। ਅਕਸਰ ਤਸਵੀਰ ਤਾਂ ਇਕੱਲੇ ਮੂੁਹਰਲੇ ਪਾਸੇ ਹੀ ਸੀ। ਪਰ ਉੱਪਰ ਚੱਕੀ ਕਿਰਪਾਨ ਸਾਫ਼ ਦਿਸਦੀ ਸੀ। ਲਗੌੜਾ ਨੂੰ ਵੀ ਬਾਬੇ ਦੀ ਉੱਚੀ ਆਵਾਜ਼ ਨੇ ਉਨ੍ਹਾਂ ਨੂੰ ਤਿੱਤਰ ਬਿੱਤਰ ਕਰ ਦਿੱਤਾ ਸੀ।

ਹੁਣ ਨਿਰਮਲ ਦੀ ਵਾਰ ਸੀ। - ਡਰ ਨਾ!- ਉਸ ਨੇ ਆਪ ਨੂੰ ਹੌਂਸਲਾ ਦਿੱਤਾ। ਉੱਚੀ ਚੀਕ ਮਾਰ ਕੇ ਹਜ਼ੂਮ ਵੱਲ ਵੱਧਿਆ। ਕਿਰਪਾਨ ਵੇਖ ਕੇ ਪਲ ਵਾਸਤੇ ਸਾਰੇ ਪਿੱਛੇ ਹੋਏ। ਨਿਰਮਲ ਨੇ ਕੁੜੀ ਨੂੰ ਭੁੰਜੋ ਚੁੱਕਿਆ ਅਤੇ ਸਹਾਰਾ ਦਿੱਤਾ। ਹੈਰਾਨ ਸੀ ਕਿ ਲੋਕ ਇੱਕ ਨਵੀਂ ਨਾਰੀ ਨੂੰ ਇੰਝ ਮਾਰ ਸਕਦੇ ਸੀ। ਉਹ ਵੀ ਤੀਹ ਮਰਦ। ਜਿੱਦਾਂ ਇੱਕ ਨੂੰ ਔਰਤ ਤੋਂ ਡਰ ਲਗਦਾ ਸੀ, ਪਰ ਮੰਡੀਰ ਨੂੰ ਬਹੁਤਾ ਔਖਾ ਨਹੀਂ ਲਗਦਾ ਸੀ ਇੱਕ ਨੂੰ ਮਾਰਨ। ਜਿੱਦਾਂ ਜ਼ਿਆਦੇ ਹੋਣ ਨਾਲ਼ ਹੀ ਦਲੇਰੀ ਆਉਂਦੀ ਸੀ। ਉਂਗਲੀ ਫੜਨੀ ਤੋਂ ਬਾਅਦ ਨਿਰਮਲ ਨੂੰ ਯਾਦ ਆ ਗਿਆ ਆਲ਼ੇ ਦੁਆਲ਼ੇ ਕੀ ਹੁੰਦਾ ਸੀ। ਹਾਲੇ ਸੋਚ ਰਿਹਾ ਸੀ ਜਦ ਇੱਕ ਟੋਪੀ ਵਾਲਾ ਆਦਮੀ ਜਨਤਾ ਨੂੰ ਧੱਕ ਕੇ ਬਾਂਹ ਵੱਧਾ ਕੇ ਕੁੜੀ ਨੂੰ ਲੈ ਗਿਆ। ਫੇਰ ਆਕਰਮਣਕਾਰੀਆਂ ਨੂੰ ਵੀ ਫੇਰ ਹੌਂਸਲਾ ਹੋ ਗਿਆ ਸੀ। ਜੋ ਹੁਣ ਇੱਕ ਹੀ ਸ਼ਿਕਾਰ ਸੀ ਉਨ੍ਹਾਂ ਵਾਸਤੇ, ਮਾਰਨਾ ਸੌਖਾ ਹੋ ਗਿਆ। ਨਿਰਮਲ ਇੱਕ ਸੀ। ਉਹ ਤੀਹ ਸਨ। ਉਸ ਨੂੰ ਕੁੱਟਣ ਲਗ ਪਏ। ਹੁਣ ਨਿਰਮਲ ਥੱਲੇ ਜਾ ਡਿੱਗ ਪਿਆ। ਕਿਰਪਾਨ ਹੱਥ’ਚੋਂ ਨਿਕਲ ਗਈ। ਬਾਹਾਂ ਨਾਲ਼ ਮੁਖ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਸੀ, ਬਾਲ ਵਾਂਗ ਗੋਡੇ ਹਿੱਕ ਨਾਲ਼ ਲਪੇਟ ਲੈ, ਢਿੱਡ ਨੂੰ ਬਚਾਉਣ। ਇੰਝ ਕੁੱਟ ਖਾਂਦੇ ਨੇ ਹੈਵਾਨਾਂ ਦੀਆਂ ਲੱਤਾਂ ਪਿੱਛੋਂ ਕੁੜੀ ਨੂੰ ਦੇਖ ਲਿਆ, ਉਸ ਮੁਸਲਿਮ ਟੋਪੀ ਵਾਲੇ ਬੰਦੇ ਨਾਲ਼ ਸੀ। ਫੇਰ ਇੱਕ ਸਿੱਖ ਰਾਕਟ ਦੇ ਪਿੱਛੇ ਉਨ੍ਹਾਂ ਨੂੰ ਬਿਠਾ ਕੇ ਲੈ ਗਿਆ। ਇਸ ਕੁੰਭੀ ਨਰਕ ਤੋਂ ਅਜ਼ਾਦ ਹੋ ਗਈ ਸੀ।

ਫੇਰ ਨਿਰਮਲ ਦੇ ਇੱਕ ਦਮ ਸੱਟਾਂ ਮਾਰਨੋ ਹੱਟ ਗਏ। ਉਸ ਦੀਆਂ ਬਾਹਾਂ ਥੱਲੇ ਗਈਆਂ ਅਤੇ ਕੰਨ ਧਰ ਕੇ ਧਿਆਨ ਦਿੱਤਾ।

- ਓਏ! ਮੇਰੀ ਵਾਰੀ ਹੈ ਕੁੱਤਿਓ!- ਬਾਬੇ ਦੀ ਆਵਾਜ਼ ਗੁੰਜੀ। ਮਿਰਮਲ ਨੂੰ ਬਿੰਦ ਕੁ ਲਈ ਕੁੱਟ ਤੋਂ ਅਫ਼ਾਕਾ ਮਿਲਿਆ। ਹੁਣ ਜਿਓ ਜਿਓ ਬਾਬੇ ਦੀ ਆਵਾਜ਼ ਸੁਣੀ, ਨਿਰਮਲ ਨੇ ਹੱਥ ਨਾਲ਼ ਕਿਰਪਾਨ ਲਭਨ ਦੀ ਕੋਸ਼ਿਸ਼ ਕੀਤੀ। ਚੀਸ ਨਾਲ਼ ਪਿੰਡਾ ਬਹੁਤ ਦੁੱਖਦਾ ਸੀ। ਉਸ ਦੇ ਨੈਣ ਸਿਲੇ ਸਿਲੇ ਹੋ ਗਏ।

ਵੈਸੇ ਮਾਰਨ ਵਾਲੇ ਹੁਣ ਬਾਬੇ ਨੂੰ ਪੈਰਾਂ ਤੋਂ ਸਿਰ ਤੀਕਰ ਤੱਕ ਰਹੇ ਸੀ। ਤਸਵੀਰ ਵਿੱਚ ਬਾਬਾ ਹਾਲੇ ਗੱਭਰੂ ਸੀ, ਸੋ ਇਸ ਕਰਕੇ ਉਨ੍ਹਾਂ ਦੇ ਸਾਹਮਣੇ ਉਹੀ ਬੰਦਾ ਖੜ੍ਹਾ ਸੀ, ਲਾਲ ਲਾਲ ਕਿਰਪਾਨ ਨਾਲ਼।

- ਮੈਨੂੰ ਠੁੱਡਾ ਮਾਰ ਕੇ ਦੇਖੋ! ਥੋਡੇ ਸੀਸਾਂ ਦੇ ਬੁਰਜੇ ਖੜ੍ਹੇ ਕਰ ਦੇਣੇ ਆ-। ਨਿਰਮਲ ਨੂੰ ਹਾਲੇ ਆਵਾਜ਼ ਹੀ ਸੁਣ ਰਹੀ ਸੀ। ਜਦ ਦਾ ਠੇਡਾ ਖਾ ਕੇ ਡਿੱਗ ਪਿਆ, ਉੱਠਣਾ ਔਖਾ ਸੀ। ਨਿਰਮਲ ਨੂੰ ਲੱਗਾ ਜਿੱਦਾਂ ਪਹਿਲੇ ਬਦਮਾਸ਼ਾਂ ਨਾਲ਼ ਲੜ ਕੇਬਾਬੇ ਦਾ ਸਾਹ ਕੱਢ ਛੱਡਿਆ ਸੀ। ਫੇਰ ਵੀ ਬਾਬੇ ਦੀ ਆਵਾਜ਼ ਵਿੱਚ ਡਰ ਨਹੀਂ ਸੀ। ਸੁਲਤਾਨ ਰਾਹੀ ਵਾਂਗ ਉਨ੍ਹਾਂ ਦੇ ਰਾਹ ਵਿੱਚ ਇੱਕ ਚੀੜ੍ਹਾ ਰੋੜਾ ਖੜ੍ਹਾ ਸੀ। ਬਾਬੇ ਦਾ ਇਰਾਦਾ ਸੀ ਸਭ ਨੂੰ ਛੱਕੇ ਛੁਡਾਉਣਾ ਸੀ। ਨਿਰਮਲ ਦੇ ਹੱਥ ਕਿਰਪਾਨ ਦੀ ਹੱਥੀ ਆ ਚੁੱਕੀ। ਉਸ ਨੇ ਹੁਣ ਖੜ੍ਹਣ ਦੀ ਹਿੰਮਤ ਕੀਤੀ। ਬਲਵਾਦੀ ਸਭ ਇੱਕੋ ਇੱਕ ਹੋ ਕੇ ਬਾਬੇ ਦੀ ਭੁੱਖੀ ਕਿਰਪਾਨ ਵੱਲ ਨੱਸੇ। ਇੱਕ ਬੁੜ੍ਹੇ ਨੇ ਉਨ੍ਹਾਂ ਦਾ ਕੀ ਵਿਗਾੜ ਦੇਣਾ ਸੀ? ਕੀ ਕਰ ਸਕਦਾ ਸੀ? ਉਹ ਤੀਹ, ‘ਤੇ ਉਹ ਇੱਕ। ਜਦ ਤੱਕ ਕਿਰਪਾਨ ਦੇ ਸਹਾਰੇ ਨਾਲ਼ ਨਿਰਮਲ ਖਲੋਇਆ, ਵੀਰਾਨਾ ਬਦਲ ਚੁੱਕਾ ਸੀ।

ਸ਼ਹਿਰ ਹਾਲੇ ਵੀ ਦਿੱਲੀ ਹੀ ਸੀ।
ਸੜਕ ਹੋਰ ਸੀ।
ਦ੍ਰਿਸ਼ ਵੀ ਹੋਰ ਸੀ,
ਪਰ ਹਲਾਤਾਂ ਓਹੀ ਸਨ।
ਹੁਣ ਨਿਰਮਲ 1984 ਵੇਲ਼ੇ ਖੜ੍ਹਾ ਖਲੋਤਾ ਸੀ!
ਨਸਲਕੁਸ਼ੀ ਆਸ ਪਾਸ।

ਨਿਰਮਲ ਹੈਰਾਨੀ ਨਾਲ਼ ਆਲ਼ੇ ਦੁਆਲ਼ੇ ਦੇਖਦਾ ਸੀ। ਸੜਕ ਦੇ ਵਿਚਾਲੇ, ਇੱਕ ਮੁੰਡਾ ਸੀ। ਸਿਰ ਉੱਤੇ ਜੂੜਾ ਸੀ, ਸਿਰ ਉੱਤੇ ਪੱਗ ਲਮਕਦੀ ਸੀ। ਪਰ ਆਪਣੇ ਹੱਥਾਂ ਨਾਲ਼ ਪੱਗ ਨੂੰ ਸੰਭਾਲ਼ ਨਹੀਂ ਸਕਦਾ ਸੀ। ਉਸ ਦੇ ਹੱਥ ਅਰ ਬਾਹਾਂ ਫਸੀਆਂ ਸਨ। ਇੱਕ ਭਾਰਾ ਟਾਇਰ ਰੋਕਦਾ ਸੀ। ਮੁੰਡੇ ਵਿੱਚੋਂ ਉੱਚੀ ਕੂਕ ਨਿਕਲ਼ੀ। ਉਸ ਦੇ ਆਲ਼ੇ ਦੁਆਲ਼ੇ ਕਈ ਮਰਦ ਮਰੇ ਸਨ, ਜੋ ਹਸ ਰਹੇ ਸੀ ਜਾਂ ਮੁੰਡੇ ਨੂੰ ਤਾਹਨੇ ਦੇ ਰਹੇ ਸੀ। ਇੱਕ ਨੇ ਉਸ ਬੱਚੇ ਉੱਪਰ ਤੇਲ ਡੋਲ਼ ਦਿੱਤਾ। ਜਦ ਇਹ ਵੇਖਿਆ, ਬਿੰਨ ਸੋਚਣ, ਨਿਰਮਲ ਉਨ੍ਹਾਂ ਵੱਲ ਨੱਠਿਆ, ਕਿਰਪਾਨ ਉੱਚੀ ਕਰ ਕੇ। ਹਾਲੇ ਉਸ ਦਿਨ ਦੇ ਪਹਿਲੇ ਮੁਕਾਬਲੇ ਤੋਂ ਜੋਸ਼ ਸੀ। ਹੁਣ ਇਹ ਕੁੱਝ ਵੇਖ ਕੇ ਸਾਹਮਣਾ ਕਰਨਾ ਚਾਹੁੰਦਾ ਸੀ। ਜਦ ੳਨ੍ਹਾਂ ਬੰਦਿਆਂ ਨੇ ਨਿਰਮਲ ਨੂੰ ਵੇਖਿਆ, ਗੜਬੜੀ ਵਿੱਚ ੳਨ੍ਹਾਂ ਨੇ ਤੇਲ਼ ਨੂੰ ਪਲੀਤਾ ਲਾਉਣਾ ਭੁੱਲਾ ਦਿੱਤਾ ਸੀ। ਮੁੰਡੇ ਦੇ ਨੇੜੇ, ਭੁੰਜੇ ਗੋਡੇ ਭਾਰ ਕੰਬਦਾ, ਉਸ ਦਾ ਪਿਓ ਸੀ, ਜਿਸ ਨੇ ਥੋੜਾ ਜਿਹਾ ਚਿਰ ਪਹਿਲਾਂ, ਓਹੀ ਆਦਮੀਆਂ ਤੋਂ ਕੁੱਟ ਖਾਧੀ ਸੀ। ਉਹ ਹੁਣ ਉੱਠ ਕੇ ਮੁੰਡੇ ਨੂੰ ਟਾਇਰ ਵਿੱਚੋਂ ਕੱਢਨ ਦੀ ਕੋਸ਼ਿਸ਼ ਕਰਨ ਲੱਗਾ। ਮੁੰਡੇ ਦੇ ਹਮਲਾ ਆਵਰ ਹੁਣ ਪੂਰਾ ਧਿਆਨ ਨਿਰਮਲ ਵੱਲ ਦੇ ਰਹੇ ਸੀ। ਉਨ੍ਹਾਂ ਨੂੰ ਪਤਾ ਨਹੀਂ ਲੱਗਾ ਇਹ ਸਿਰ ਮੁੰਨਾ ਬੰਦਾ ਉਨ੍ਹਾਂ ਵਿੱਚੋਂ ਸੀ ਜਾਂ ਕੋਈ ਸਹਿਜਧਾਰੀ ਸਿੱਖ ਸੀ। ਕਲਾਈ ਵੱਲ ਝਾਕੇ, ਪਰ ਇੱਕ ਦਮ ਕੜਾ ਨਹੀਂ ਦਿੱਸਿਆ। ਜਦ ਤੱਕ ਉਨ੍ਹਾਂ ਕੋਲ਼ ਨਿਰਮਲ ਪੁੱਜ ਗਿਆ ਸੀ। ਇਸ ਹੀ ਵਕਤ ਪਿਓ ਨੇ ਪੁੱਤ ਨੂੰ ਧਰਤੀ ਉੱਤੇ ਸੁਟ ਕੇ ਟਾਇਰ ਵਿੱਚੋਂ ਬਾਹਰ ਘੜੀਸਣ ਦੀ ਕੋਸ਼ਿਸ਼ ਕੀਤੀ।

ਨਿਰਮਲ ਦੀ ਕਿਰਪਾਨ ਨੇ ਪਹਿਲੇ ਬੰਦੇ ਦੀ ਬਾਂਹ ਲਭ ਲਈ ਸੀ। ਜਦ ਧਰਤ ਉੱਤੇ ਭੁਜ ਦੇਖਿਆ, ਸਾਰੇ ਮਰਦ ਕਮਦਿਲ ਹੋ ਕੇ ਦੌੜ ਗਏ। ਜਿਦ ਦੀ ਅੰਗ ਸੀ ਚੀਕਦਾ ਸੀ। ਪਿਓ ਨਿਰਮਲ ਨੂੰ ਧੰਨਵਾਦ ਕਰਨ ਲੱਗ ਪਿਆ। ਨਿਰਮਲ ਨੇ ਉਸ ਦੀ ਮਦਦ ਕੀਤੀ ਉਸ ਦੇ ਪੁੱਤਰ ਨੂੰ ਟਾਇਰ ਵਿੱਚੋਂ ਕੱਢਨ ਦੀ। ਹਾਰ ਕੇ ਕੱਢ ਦਿੱਤਾ। ਬੰਦਾ ਹਾਲੇ ਵੀ ਚਿੱਲਾਉਂਦਾ ਸੀ। ਪਰ ਨਿਰਮਲ ਨੇ ਉਸ ਨੂੰ ਧਿਆਨ ਨਹੀਂ ਦਿੱਤਾ। ਹੋਰ ਲੋਕ ਹੁਣ ਖਿਸਕ ਗਏ ਸੀ, ਖਬਰੇ ਪੁਲਿਸ ਨੂੰ ਲਿਆਉਣ। ਨਿਰਮਲ ਦਾ ਧਿਆਨ ਇਸ ਵੇਲ਼ੇ ਪਿਓ ਉੱਤੇ ਸੀ। ਸਾਫ਼ ਦਿਸਦਾ ਸੀ ਕਿ ਪਿਓ ਨੇ ਵੀ ਜ਼ਬਰਦਸਤ ਕੁੱਟ ਖਾਧੀ ਸੀ। ਉਸ ਦੇ ਲੀੜੇ ਲਿਬੜੇ ਸਨ, ਕੇਸ ਗੰਦੇ ਸਨ ਅਤੇ ਪਿੱਠ ਪਿੱਛੇ ਖਿਸਕਦੇ ਸਨ। ਲਾਬਾਂਹ ਬੰਦਾ ਹੁਣ ਧਰਤੀ ਉੱਤੇ ਡਿੱਗ ਗਿਆ ਅਤੇ ਹਿਸਟੀਰੀਕਲ ਅਤੇ ਸ਼ੁਦਾਈ ਹੋ ਗਿਆ। ਹੁਣ ਨਿਰਮਲ ਆਲ਼ੇ ਦੁਆਲ਼ੇ ਵੇਖਣ ਲਗਾ। ਕਈ ਘਰਾਂ ਨੂੰ ਲੋਕਾਂ ਨੇ ਅੱਗ ਲਾ ਦਿੱਤੀ ਸੀ, ਕਈ ਗੱਡੀਆਂ ਨੂੰ ਵੀ। ਹਰ ਪਾਸੇ ਇਮਾਰਤਾਂ ਦੀਆਂ ਬਾਰੀਆਂ ਭੰਨੀਆ ਸਨ। ਲਾਬਾਂਹ ਬੰਦਾ ਹੁਣ ਬੇਹੋਸ਼ ਹੋ ਚੁੱਕਾ ਸੀ। ਨਿਰਮਲ ਨੇ ਧਰਤੀ ਉੱਤੇ ਜਿੱਥੇ ਉਸ ਬੰਦੇ ਦੀ ਕੱਟੀ ਹੋਈ ਬਾਂਹ ਪਈ ਸੀ ਵੱਲ ਝਾਕਿਆ। ਬਾਂਹ ਵਿੱਚੋਂ ਸੀਰ ਫੁੱਟ ਕੇ ਮਿੱਟੀ ਵਿੱਚ ਭਿਓ ਕੇ ਨੇੜਲੇ ਤੇਲ਼ ( ਜੋ ਟਾਇਰ ਅਤੇ ਮੁੰਡੇ ਤੋਂ ਧਰਤੀ ਵਿੱਚ ਚੋ ਕੇ ਚਲੇ ਗਿਆ ਸੀ) ਨਾਲ਼ ਲਹੂ ਰਲ਼ ਗਿਆ ਸੀ। ਵੇਖਣ ਵਿੱਚ ਹੋਲੀ ਦਾ ਰੰਗ ਸੀ। ਦੁਲਹਨ ਦਾ ਰੰਗ ਸੀ। ਗ਼ੁੱਸੇ ਦਾ ਰੰਗ ਸੀ।

ਇਹ ਸਭ ਕੁੱਝ ਬੀਤ ਰਿਹਾ ਸੀ, ਜਦ ਇੱਕ ਆਦਮੀ ਨਿਰਮਲ ਵੱਲ ਆ ਵੱਧਿਆ। ਹੋਰ ਵੀ ਜਨਤਾ ਆਸ ਪਾਸ ਸੀ। ਬੰਦਾ ਹਿੰਦੂ ਸੀ। ਇਸ ਕਰਕੇ ਨਿਰਮਲ ਦਾ ਪਹਿਲਾਂ ਪ੍ਰਤਿਕਰਮ ਸੀ ਕਿਰਪਾਨ ਨੂੰ ਉੱਚੀ ਕਰ ਕੇ ਮੂੰਹ ਤੋੜਣਾ। ਜਦ ਬਾਂਹ ਉੱਚੀ ਕੀਤੀ, ਨਿਰਮਲ ਦਾ ਕੜਾ ਸਾਫ਼ ਦਿਸਣ ਲਗ ਪਿਆ। ਹੁਣ ਦੋ ਕੁ ਹੋਰ ਹਿੰਦੂ ਆ ਖਲੋਏ।

- ਪਰ੍ਹੇ ਰਹੋ!- ਨਿਰਮਲ ਨੇ ਤੰਬੀਹ ਦਿੱਤੀ। ਜ਼ਬਰਦਸਤੀ ਨਾਲ਼ ਉਨ੍ਹਾਂ ਵੱਲ ਤਾੜਦਾ ਸੀ।
- ਤੁਮ ਸਿੱਖ ਹੈ?-
- ਆਹੋ!-।

- ਦੇਖ ਤੁਮ ਕੋ ਵਾਸਪ ਆ ਕੇ ਮਾਰ ਡਾਲੋਗੇ! ਦੇਖ ਤਮ ਇਸ ਕੋ ਕਿਆ ਕੀਤਾ! ਹਮ ਨਾਲ਼ ਆਓ!-। ਬੰਦਿਆਂ ਨੇ ਪਿਓ ਪੁੱਤ ਦੀ ਮਦਦ ਕੀਤੀ ਧਰਤੀ ਤੋਂ ਪੱਗਾਂ ਚੁਕਣ ਦੀ ਅਤੇ ਬੋਲ਼ਣ ਵਾਲੇ ਨੇ ਅਰਾਮ ਨਾਲ਼ ਨਿਰਮਲ ਦੀ ਕਿਰਪਾਨ ਵਾਲੀ ਬਾਂਹ ਥੱਲੇ ਕੀਤੀ। ਇੱਕ ਦੂਜੇ ਦੀਆਂ ਅੱਖਾਂ ਵਿੱਚ ਗਹੁ ਨਾਲ਼ ਦੇਖ ਰਹੇ ਸਨ।
- ਹਮਾਰੀ ਮਦਦ ਕਰਨਗੇ?- ਨਿਰਮਲ ਨੇ ਆਖਿਆ।
- ਹਾਂ-। ਤਿੰਨਾਂ ਨੂੰ ਸੜਕ ਤੋਂ ਲੈ ਗਏ ਲਾਗੇ ਮਕਾਨਾਂ ਵੱਲ। ਉਨ੍ਹਾਂ ਵਿੱਚੋਂ ਲੰਘ ਕੇ ਪਿੱਛੇ ਗਏ, ਫੇਰ ਗਲ਼ੀ ਰਾਹੀਂ। ਦੂਰੋਂ ਨਿਰਮਲ ਨੂੰ ੜੀੜ ਦੀ ਆਵਾਜ਼ ਸੁਣਦੀ ਸੀ; ਇੱਕ ਗ਼ੁੱਸਾ ਟਿੱਡੀ ਦਲ।

- ਅੱਜ ਤਰੀਕ ਕਿਤਣੀ ਹੈ?- ਨਿਰਮਲ ਨੇ ਪੁੱਛਿਆ।
- ਜੀ, ਅੱਜ ਦੋ ਨਵੰਬਰ ਹੈ-। ਸਵਾਲ ਦਾ ਜਵਾਬ ਆਇਆ।
- ਦੋ ਨਵੰਬਰ?-
- ਜੀ -
ਡਰ ਨਾਲ਼ ਪਾਣੀ ਨਿਕਲ਼ਨ ਲਗ ਪਿਆ। ਅੱਜ ਉਹੀ ਦਿਨ ਸੀ। ਉਹ ਦਿਨ। ਹੁਣ ਬਾਬਾ ਕਿੱਥੇ ਸੀ? ਉਸ ਦਾ ਡਰ ਹਿੰਦੂ ਬੰਦੇ ਨੂੰ ਮਹਿਸੂਸ ਹੋ ਗਿਆ ਸੀ।
- ਫਿਕਰ ਨਾ ਕਰੋ! ਤੁਮ ਕੋ ਇਸ ਥਾਂ ਪਰ ਨਿਕਾਲ਼…-।
- ਨਹੀਂ ਜੀ। ਹਮ ਬਹੁਤ ਮਹਿਰਬਾਨ ਹੂੰ ਕਿ ਤੁਮ ਲੋਗ ਹਮਾਰੀ ਮਦਦ ਕਰ ਰਹੇ ਹੋ। ਇਹ ਬਾਤ ਨਹੀਂ ਹੈ-।
- ਫਿਰ?-
- ਅੱਜ ਹਮਾਰਾ ਬਾਬਾ ਕਤਲ ਹੂਆ ਥਾ-
- ਥਾ?- । ਪਰ ਨਿਰਮਲ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ। ਸਗੋਂ ਹੋਰ ਸਵਾਲ ਆਖਿਆ।
- ਹਮ ਕਿਸ ਇਲਾਕੇ ਮੇ ਹੂੰ?-

- ਮੰਗੋਲਪੂਰੀ-। ਇਸ ਜਵਾਬ ਸੁਣ ਕੇ ਨਿਰਮਲ ਦੀਆਂ ਲੱਤਾਂ ਕੰਬਣ ਲਗ ਪਈਆਂ। ਨੇੜੇ ਤੇੜੇ ਕਿੱਥੇ ਬਾਬਾ ਸੀ, ਲੋਕਾਂ ਨੂੰ ਬਚਾਉਂਦਾ! ਨਿਰਮਲ ਨੇ ਸੋਚਿਆ, - ਹੁਣ ਮੇਰੇ ਮਗਰ ਬਾਬਾ ਦੀ ਤਸਵੀਰ ਕਿਉਂ ਨਹੀਂ ਆਈ? ਹੋ ਸਕਦਾ ਅਸਲੀ ਬਾਬਾ ਇਸ ਹੀ ਵੇਲੇ…-।
ਨਿਰਮਲ ਨੂੰ ਬਿਧ ਨੇ ਓਹੀ ਸੜਕ ਉੱਤੇ ਲੈ ਆਈ, ਜਿੱਥੇ ਉਸ ਨੂੰ ਪਤਾ ਸੀ ਬਾਬੇ ਨੇ ਆਖਰੀ ਸਾਹ ਲਿਤੇ ਸਨ। ਮੂੰਹ ਤੋਂ ਪੁੱਛਲ ਤੱਕ ਸੜਕ ਦੀ ਲੰਮਾਈ ਤੱਕੀ। ਜਿੱਥੇ ਸੜਕ ਸ਼ੁਰੂ ਹੁੰਦੀ, ਉੱਥੇ ਹੀ ਦੰਗਈ ਸੀ, ਕਿਸੇ ਦੇ ਆਲ਼ੇ ਦੁਆਲ਼ੇ ਲੁਪੇਤਿਆ। ਟੋਲੇ ਦੇ ਕੋਈ ਕੋਈ ਪਿੱਛੇ ਹੋ ਗਏ ਸਨ ਕਿਉਂਕਿ ਜਿਸ ਉੱਤੇ ਘੇਰਾ ਪਾਇਆ ਸੀ, ਉਸ ਦੀ ਕਿਰਪਾਨ ਦੀ ਨੋਕ ਮਾਸ ਟੁਕਣ ਲੱਭ ਰਹੀ ਸੀ। ਜਦ ਜਨਤਾ ਵਿੱਚ ਬਿਲਡ ਹੋਈ, ਉਨ੍ਹਾਂ ਗੱਭੇ ਲੜਦਾ ਖੜ੍ਹਾ ਸੀ, ਕਿਰਪਾਨ ਝੂਲਾਉਂਦਾ।

- ਓਏ! ਪਰ੍ਹਾਂ ਰਹਿਓ! ਨਹੀਂ ਤਾਂ ਆਪਣੇ ਪੰਜਿਆਂ ਨਾਲ਼ ਥੋਡੇ ਹਿੱਕ ਉੱਤੇ ਨਿਸ਼ਾਨ ਛੱਡਿਆਗਾ!- ਉਸ ਦੀ ਆਵਾਜ਼ ਨਿਰਮਲ ਤੱਕ ਟਣਕੀ। ਇੱਕ ਦਮ ਨਿਰਮਲ ਵਿੱਚ ਬਾਬੇ ਨੂੰ ਬਚਾਉਣ ਵਾਸਤੇ ਸਹੀ ਅਤੇ ਤਰਕਸ਼ੀਲ ਤਾਂਘ ਆਈ। ਨਿਰਮਲ ਨੇ ਨਾਲ਼ੇ ਨਾਲ਼ੇ ਕਿਰਪਾਨ ਚੁੱਕੀ, ਨਾਲ਼ੇ ਨਾਲ਼ ਬਾਬੇ ਵੱਲ ਦੌੜਣ ਲਗਾ ਸੀ। ਪਰ ਉਸ ਦੀ ਕਲਾਈ ਹਿੰਦੂ ਬੰਦੇ ਨੇ ਫੜ ਲਈ।

- ਨਹੀਂ ਸਰਦਾਰ ਜੀ। ਜੇ ਅਬ ਗਿਆ ਉਸ ਕੋ, ਹਮ ਕੋ ਵੀ ਮਾਰ ਡਾਲਣਗੇ। ਇਹ ਹੀ ਹਮਾਰਾ ਮੌਕਾ ਹੈ ਭਾਗਣ ਕਾ। ਉਸ ਕੀ ਜਾਨ ਜਾਂ..- ਉਸ ਨੇ ਪਿਓ ਪੁੱਤ ਵੱਲ ਇਸ਼ਾਰੀ ਨਜ਼ਰ ਨਾਲ਼ ਡਿੱਠਿਆ। ਨਾਲ਼ ਹੀ ਨਿਰਮਲ ਦੀ ਨਿਗ੍ਹਾ ਦੋਨਾਂ ਵੱਲ ਗਈ। ਉਸ ਦੇ ਬਾਬੇ ਪਿੱਛੇ ਵੀ ਸਿੱਖ ਡਰਦੇ ਖਲੋਏ ਸਨ, ਜੋ ਹੁਣ ਉੱਥੋਂ ਨੱਸ ਸਕਦੇ ਸਨ, ਕਿਉਂਕਿ ਬਾਬੇ ਨੇ ਆਪਣੀ ਕਿਰਪਾਨ ਨਾਲ਼ ਗਿੱਦੜਾਂ ਨੂੰ ਦੂਰ ਰੱਖਾ। ਫੇਰ ਇੱਕ ਗਿੱਦੜ ਤੇਲ਼ ਦਾ ਡੱਬਾ ਕੱਢਣ ਲਗਾ। ਨਿਰਮਲ ਨੂੰ ਪਤਾ ਸੀ ਹੁਣ ਕੀ ਹੋਣ ਲਗਾ ਸੀ ਅਤੇ ਕੀ ਹੋਇਆ ਵੀ ਸੀ। ਇੱਕ ਵਾਰ ਫੇਰ ਪਿਓ ਪੁੱਤ ਵੱਲ ਤੱਕਿਆ, ਫੇਰ ਗ਼ੁੱਸਾ ਗੰਭੀਰ ਰੁਖ਼ ਨਾਲ਼ ਹਿੰਦੂ ਰਖਵਾਲੇ ਦੇ ਮਗਰ ਫਟਾਫਟ ਤੁਰ ਪਿਆ। ਪਿੱਛੇ ਦੇਖਣਾ ਨਹੀਂ ਚਾਹੁੰਦਾ ਸੀ। ਕਰਮ ਨੇ ਮੌਕਾ ਦਿੱਤਾ ਦਾਦੇ ਨੂੰ ਬਚਾਉਣ ਦਾ। ਪਰ ਨਸੀਬ ਹਾਲੇ ਓਹੀ ਸੀ। ਖਬਰੇ ਸੱਚ ਸੀ ਕਿ ਅਤੀਤ ਨੂੰ ਬਦਲ ਨਹੀਂ ਸਕਦੇ, ਭਾਵੇਂ ਮੌਕਾ ਵੀ ਮਿਲ ਜਾਵੇ। ਅੱਗਲਾ ਪੈਰ ਪੁੱਟਿਆ ਅਤੇ ਆਸ ਪਾਸ ਇੱਕ ਵਾਰ ਫੇਰ ਖੁਰ ਗਿਆ ਅਤੇ ਹੁਣ ਉਹ ਹਿੰਦੂ ਤਾਰਕ ਅਤੇ ਉਸ ਦੇ ਮਿੱਤਰ ਨਾਲ਼ ਨਹੀਂ ਸਨ। ਇੱਕ ਹੋਰ ਬੁੱਢਾ ਸੀ ਅਤੇ ਇੱਕ ਮਾਂ ਜਿਸ ਦੇ ਬਾਹਾਂ ਵਿੱਚ ਨਿੱਕੀ ਬਾਲੜੀ ਸੀ। ਪੱਗ ਵਾਲਾ ਮੁੰਡਾ ਵੀ ਨਾਲ਼ ਤੁਰ ਰਿਹਾ ਸੀ।

ਨਿਰਮਲ ਹੁਣ ਦਿੱਲੀ ਵਿੱਚ ਨਹੀਂ ਸੀ। ਖੇਤ ਸੀ। ਕਿਰਪਾਨ ਹਾਲੇ ਵੀ ਹੱਥ ਵਿੱਚ ਸੀ। ਉਨ੍ਹਾਂ ਦੇ ਨਾਲ਼ ਤਿੰਨ ਮੁਸਲਮਾਨ ਬੰਦੇ ਸਨ, ਜਿਨ੍ਹਾਂ ਨੇ ਡਾਂਗਾਂ ਚੁੱਕੀਆਂ ਹੋਈਆਂ ਸੀ। ਆਪਣੇ ਦਿਲ ਵਿੱਚ ਨਿਰਮਲ ਚਾਹੁੰਦਾ ਸੀ ਕਿ ਹੁਣ ਤਾਂ ਬਾਬਾ ਵਾਪਸ ਆ ਜਾਵੇ! ਫੇਰ ਉੱਤਰ ਵਿੱਚ ਮੁਕੱਦਰ ਕਿਸੇ ਦੇ ਮੂੰਹ ਰਾਹੀਂ ਬੋਲ਼ਿਆ,
- ਚਲ ਪੁੱਤ, ਛੇਤੀ ਤੁਰ- ਮਾਂ ਦੀ ਆਵਾਜ਼ ਸੀ।

- ਆਹੋ ਬਲਰਾਜ ਸ਼ੇਰਾ, ਜ਼ਰਾ ਤੇਜੀ ਨਾਲ਼ ਤੁਰ-। ਉਸ ਮੁੰਡੇ ਨੂੰ ਬੁਢੇ ਨੇ ਕਿਹਾ, ਜੋ ਉਸ ਦਾ ਨਾਨਾ ਹੀ ਸੀ। ਨਿਰਮਲ ਨੇ ਮੁੰਡੇ ਵੱਲ ਝਾਕਿਆ। ਉਮਰ ਵਿੱਚ ਹਾਲੇ ਅੱਠ ਵਰ੍ਹਿਆਂ ਦਾ ਮਸਾਂ ਹੋਵੇਗਾ। ਪਰ ਉਸ ਦੀਆਂ ਅੱਖਾਂ ਤੋਂ, ਮੁਖੜੇ ਦੇ ਹਲੀਆ ਤੋਂ, ਪਤਾ ਲਦਗਾ ਸੀ ਕਿ ਉਹ ਬਲਰਾਜ ਹੀ ਸੀ, ਖੈਰ ਇੱਕ ਦਿਨ ਬਾਬਾ ਬਲਰਾਜ ਹੀ ਹੋਵੇਗਾ। ਨਿਰਮਲ ਨੇ ਮੁੰਡੇ ਨੂੰ ਮੁਸਕਾਨ ਦਿੱਤੀ। ਪਰ ਮੁੰਡੇ ਦੇ ਮੂੰਹ ਉੱਤੇ ਖ਼ੌਫ਼ ਆਇਆ ਹੋਇਆ ਸੀ। ਆਲ਼ੇ ਦੁਆਲ਼ੇ ਜੁਗਰਾਫੀਆ ਵੱਲ ਦੇਖ ਕੇ ਨਿਰਮਲ ਨੇ ਅੰਦਾਜ਼ਾ ਲਾਇਆ ਕਿ ਪੰਜਾਬ ਵਿੱਚ ਸਨ। ਉਸ ਨੇ ਬੁੱਢੇ ਨੂੰ ਆਖਿਆ, - ਕਿੱਥੇ ਚਲੇ ਜੀ?-। ਹੈਰਾਨੀ ਨਾਲ਼ ਸਭ ਉਸ ਵੱਲ ਅੱਡੀਆਂ ਅੱਖਾਂ ਨਾਲ਼ ਝਾਕਣ ਲਗ ਪਏ। ਕੀ ਪਤਾ ਜੋ ਬੀਤਿਆਂ ਸਾਰਿਆਂ ਦੇ ਨਾਲ਼, ਨਿਰਮਲ ਪਾਗਲ਼ ਹੋ ਚੁੱਕਾ ਸੀ। ਹਾਰ ਕੇ ਬੁੱਢਾ ਬੋਲ਼ਿਆ, - ਇੰਡੀਆ-। ਜੋ ਨਿਰਮਲ ਨੇ ਸੋਚਿਆ ਅਤੇ ਜਿਸ ਉੱਤੇ ਸ਼ੱਕ ਕੀਤੀ ਸੀ, ਉਹ ਹੀ ਗੱਲ ਨਿਕਲ਼ੀ। ਬੱਢਾ ਬਲਰਾਜ ਦਾ ਨਾਨਾ ਸੀ। ਔਰਤ ਉਸ ਦੀ ਮਾਂ। ਬਾਲੜੀ ਨਿਰਮਲ ਦੇ ਬਾਪੂ ਦੀ ਮਾਸੀ ਸੀ। ਅਤੇ ਦੂਜੇ ਦੇਖਣ ਵਿੱਚ ਮੁਸਲਮਾਨ, ਉਨ੍ਹਾਂ ਦੀ ਮਦਦ ਕਰ ਰਹੇ ਸਨ। ਮੁਸਲਮਾਨਾਂ ਤੋਂ ਇਲਾਵਾਂ ਇਸ ਬਾਰੇ ਨਿਰਮਲ ਦੀ ਬੀਬੀ ਨੇ ਉਸ ਨੂੰ ਕਈ ਵਾਰੀ ਕਹਾਣੀ ਦਸੀ ਹੋਈ ਸੀ।

ਮੁਲਸਲਮਾਨ ਬੰਦੇ ਟੱਬਰ ਦੀ ਮਦਦ ਕਰ ਰਹੇ ਸਨ, ਉਹ ਵੀ 1947 ਵੇਲ਼ੇ, ਸਰਹੱਦ ਨੂੰ ਪਾਰ ਕਰਨ ਵਾਸਤੇ। ਬਾਡਰ ਤੱਕ ਪਹੁੰਚਣਾ ਸੀ। ਥਾਂ ਪੰਜਾਬ ਸੀ; ਟੱਬਰ ਭਾਗ ਰਿਹਾ ਸੀ। ਨਿਰਮਲ ਦੇ ਬਾਪੂ ਨੇ ਉਸ ਨੂੰ ਏਨਾ ਤਾਂ ਦੱਸਿਆ ਸੀ ਕਿ ਮੁਸਲਮਾਨਾਂ ਨੇ ਉਸ ਦੇ ਦਾਦੇ ਨੂੰ ਬਾਡਰ ਪਹੁੰਚਣ ਤੋਂ ਪਹਿਲਾਂ ਮਾਰ ਦਿੱਤਾ ਸੀ। ਇਹ ਨਹੀਂ ਦੱਸਿਆ ਕਿ ਹੋਰ ਮੁਸਲਮਾਨਾਂ ਨੇ ਹੀ ਬਾਕੀ ਟੱਬਰ ਨੂੰ ਬਚਾ ਦਿੱਤਾ ਸੀ।

ਇੱਖ ਦਾ ਖੇਤ ਸੀ ਅਤੇ ਖੇਤ ਰਹਿਣੇ ਨਹੀਂ ਚਾਹੁੰਦੇ ਸੀ। ਤੁਰਦੇ ਤੁਰਦੇ ਖੋਰੀ ਉੱਤੇ ਕਦਮ ਰੱਖ ਰਹੇ ਸਨ; ਕਦਮ ਜੋ ਕਰਚ ਕਰਚ ਕੇ ਖੜਕਾ ਸਕਦੇ ਸਨ। ਇੱਕ ਥਾਂ ਧਰਤੀ ਉੱਤੇ ਛਪੜੀ ਸੀ। ਪਲ ਵਾਸਤੇ ਨਿਰਮਲ ਦੀ ਨਜ਼ਰ ਛਪੜੀ ‘ਤੇ ਟਿੱਕੀ।

ਨਿਰਮਲ ਨੇ ਆਪਣਾ ਹੀ ਮੁਖੜਾ ਪਾਣੀ ਵਿੱਚ ਡਿੱਠਾ। ਹੁਣ ਉਸਦੇ ਕੇਸ ਸਨ, ਪੱਗ ਬੰਨ੍ਹੀ ਸੀ ਅਤੇ ਕਾਲ਼ੀ ਦਾੜ੍ਹੀ ਸੀ। ਕਿਰਪਾਨ ਕੱਪੜੇ ਪਹਿਲਾਂ ਵਾਂਗ ਹੀ ਸਨ। ਮੂਹਰਲੇ ਬੰਦੇ ਨੇ ਇਸ਼ਾਰਾ ਦਿੱਤਾ ਸਭ ਨੂੰ ਹੇਠਾਂ ਹੋਣ ਦਾ ਅਤੇ ਲੁਕਣ ਵਾਸਤੇ। ਉਸ ਨੇ ਗੰਨਾਂ ਵਿੱਚੋਂ ਝਾਤੀ ਬਾਹਰ ਵੱਲ ਮਾਰੀ। ਅੱਗੋਂ ਕਿਸੇ ਦੀ ਆਵਾਜ਼ ਆ ਰਹੀ ਸੀ। ਸਾਰਿਆਂ ਨੇ ਡਾਂਗਾਂ ਤਿਆਰ ਰੱਖੀਆਂ। ਜਦ ‘ਵਾਜ਼ਾਂ ਖਿੰਡ ਗਈਆਂ ਅਤੇ ਲੋਕ ਦੂਰ ਚਲੇ ਗਏ, ਮੂਹਰਲੇ ਆਦਮੀ ਨੇ ਗਹਾਂ ਜਾਣ ਦਾ ਇਸ਼ਾਰਾ ਦਿੱਤਾ। ਨਿੱਕਾ ਕਾਫ਼ਲਾ ਫੇਰ ਕੂਚ ਕਰਨਾ ਲੱਗ ਪਿਆ। ਇੰਝ ਕੁੱਝ ਘੰਟਿਆਂ ਲਈ ਬਾਡਰ ਤੀਕਰ ਤਰੱਕੀ ਕੀਤੀ। ਫੇਰ ਹੋਰ ਆਵਾਜ਼ਾਂ ਸਾਹਮਣੋ ਆਈਆਂ।

ਹੁਣ ਗੰਨੇ ਦੇ ਖੇਤ ਵਿੱਚ ਨਹੀਂ ਸਨ, ਪਰ ਲੰਬੇ ਲੰਬੇ ਘਾਹ ਵਿੱਚ ਤੁਰ ਰਹੇ ਸਨ, ਪਥ ਤੋਂ ਦੂਰ। ਖਾਣੇ ਪੀਣੇ ਤੋਂ ਵਾਂਝੇ, ਫੇਰ ਵੀ ਤੁਰੀ ਗਏ। ਪਰ ਆਵਾਜ਼ਾਂ ਸੁਣ ਕੇ ਇੱਕ ਵਾਰ ਫੇਰ ਡਾਂਗਾਂ ਤਿਆਰ ਕੀਤੀਆਂ। ਨਿਰਮਲ ਨੇ ਆਪਣੀ ਕਿਰਪਾਨ ਰੈੜੀ ਕੀਤੀ ਅਤੇ ਮਾਂ-ਪੁੱਤ ਨੂੰ ਆਪਣੇ ਪਿੱਛੇ ਬਚਾ ਕੇ ਰੱਖਿਆ। ਬਦਕਿਸਮਤ ਨਾਲ਼ ਕਿਸੇ ਦਾ ਪੈਰ ਇੱਕ ਡਿੱਗੀ ਹੋਈ ਟਹਿਣੀ ਉੱਪਰ ਆ ਗਿਆ ਅਤੇ ਉਸ ਆਵਾਜ਼ਾਂ ਚੁੱਪ ਹੋ ਗਈਆਂ ਸਨ।

- ਕੌਣ ਏ?-।
ਜਵਾਬ ਕਿਸੇ ਨੇ ਨਹੀਂ ਦਿੱਤਾ। ਸੁੰਨ ਮਸਾਨ ਸਿਰਫ਼ ਟਿੱਡੀਆਂ ਦੀ ਆਵਾਜ਼ ਜਾਂ ਕਾਵਾਂ ਦੀ ਬਾਂਗ ਨੇ ਤੋੜਿਆ।

- ਕੋਈ ਛੋਟਾ ਮੋਟਾ ਜਿਹਾ ਜਾਨਵਰ ਹੋਵੇਗਾ। ਚਲ ਛੱਡ। ਆ ਚਲੀਏ-। ਜਦ ਓਭੜੇ ਦੂਰ ਚਲ ਗਏ ਸੀ, ਓਦੋਂ ਹੀ ਡਾਂਗ ਥੱਲੇ ਕੀਤੀਆਂ ਅਤੇ ਸੌਖੇ ਸਾਹ ਲਏ। ਫੇਰ ਵੀ ਕੁੱਝ ਵੀਹ ਮਿੰਟ ਲਈ ਉੱਥੇ ਸਾਰੇ ਟਿੱਕੇ ਰਹੇ। ਜਦ ਮੂਹਰਲੇ ਬੰਦੇ ਨੇ ਸੰਕੇਤ ਕੀਤਾ, ਫੇਰ ਹੀ ਅੱਗੇ ਤੁਰੇ। ਨਿਰਮਲ ਨੇ ਬਲਰਾਜ ਨੂੰ ਮੁਸਕਾਨ ਦਿੰਦੇ ਮੁੰਡੇ ਦੇ ਵਾਲਾਂ ਉੱਤੇ ਪਿਆਰ ਨਾਲ਼ ਹੱਥ ਫੇਰਿਆ। ਮੁੰਡਾ ਨੇ ਵਾਪਸ ਮੁਸਕਾਨ ਦਿੱਤੀ।

ਨਿਰਮਲ ਸੋਚਣ ਲਗਾ ਅਕਸਰ ਮੈਂ ਇਨ੍ਹਾਂ ਲਈ ਹੈ ਕੌਣ? ਆਖਣਾ ਚਾਹੀਦਾ, ਜਾਂ ਗੱਲ ਨੂੰ ਛੱਡਣਾ ਚਾਹੀਦਾ? ਵੱਡੀ ਗੱਲ ਹੈ ਇਨ੍ਹਾਂ ਦੀ ਮਦਦ ਕਰ ਰਿਹਾ ਇੰਡੀਆ ਪਹੁੰਚਣ ਨੂੰ। ਜੇ ਪਹੁੰਚਣ ਵਿੱਚ ਕਾਮਯਾਬ ਹੋ ਗਏ, ਫੇਰ ਹੀ ਨਿਰਮਲ ਦਾ ਬਾਪ ਪੈਦਾ ਹੋਵੇਗਾ, ਫੇਰ ਹੀ ਨਿਰਮਲ ਵੀ ਹੋਂਦ ਵਿੱਚ ਆਵੇਗਾ। ਆਪਣੇ ਜੀਵਨ ਵਾਸਤੇ ਹੀ ਇੰਡੀਆ ਵੱਲ ਇਨ੍ਹਾਂ ਨੂੰ ਲੈ ਕੇ ਚਲਾ ਸੀ। ਦੂਜੇ ਪਾਸੇ ਨਿਰਮਲ ਨੂੰ ਪਤਾ ਸੀ ਕਿ ਜੇ ਭਾਰਤ ਵਿੱਚ ਪੁੱਜ ਗਏ, ਚਾਲ਼ੀਆਂ ਸਾਲਾਂ ਤੱਕ ਹੋਰਾਂ ਨੂੰ ਬਚਾਉਂਦੇ ਬਲਰਾਜ ਨੇ ਮਰ ਜਾਣਾ ਸੀ। ਅੱਗ ਵਿੱਚ ਸੜ ਜਾਣਾ ਸੀ। ਕੀ ਉਸ ਨੂੰ ਇਸ ਭਾਵੀ ਤੋਂ ਬਚਾਣਾ ਨਹੀਂ ਚਾਹੀਦਾ? ਉੱਥੇ ਲੈ ਕੇ ਤਾਂ ਬਲਰਾਜ ਦਾ ਅੱਗਾ ਇੱਕ ਹੀ ਸੀ। ਮੌਤ। ਪਰ ਜੇ ਇੱਥੇ ਹੀ ਰਹਿਣ ਬੁਰੇ ਦਿਨਾਂ ਦਾ ਸਾਹਮਣਾ ਕਰਨਾ ਪਵੇਗਾ। ਫੇਰ ਉਸ ਤੋਂ ਬਾਅਦ? ਬੌਂਕੇ ਦਿਹਾੜੇ ਤਾਂ ਪੈਣੇ ਹਨ ਜਦ ਪਾਕਿਸਤਾਨ ਨਾਲ਼ ਭਾਰਤ ਨੇ ਲੜਣਾ। ਫੇਰ ਤਾਂ ਸਖ਼ਤ ਰਾਜ ਆਵੇਗਾ, ਜ਼ੀਆ ਹੇਠ। ਇਸ ਤਾਰੀਖ ਦਾ ਨਿਰਮਲ ਨੂੰ ਚੁੰਗੀ ਤਰ੍ਹਾਂ ਪਤਾ ਸੀ। ਉਸ ਵੇਲੇ ਜਿਹੜੇ ਇੱਥੇ ਸਿੱਖ ਰਹਿ ਗਏ, ਉਨ੍ਹਾਂ ਨੂੰ ਲੋਕ ਬਰਦਾਸ਼ ਕਰਨਗੇ? ਫੇਰ ਵੀ ਪੰਜਾਬ ਹੈ ਅਤੇ ਪੰਜਾਬੀਆਂ ਵਾਸਤੇ ਪੰਜਾਬ ਹੀ ਸ਼ਰਨ ਹੈ। ਹੋਰ ਸਾਰੇ ਭਾਰਤ ਤੋਂ ਚੜ੍ਹਦਾ ਜਾਂ ਲਹਿੰਦਾ ਪੰਜਾਬ ਸਭ ਵਾਸਤੇ ਚੰਗਾ ਹੋਣਾ ਹੈ। ਪਰ ਦਿੱਲੀ ਜਾਣ ਨੂੰ ਕਿੱਦਾਂ ਰੋਕ ਸਕਦਾ ਸੀ? ਦਿਲ ਕਰਦਾ ਸੀ ਦਿੱਲੀ ਦੀ ਥਾਂ ਹੋਰ ਕਿੱਥੇ ਲੈ ਕੇ ਜਾਵੇ! ਪਰ ਜੋ ਲਿਖਿਆ ਹੈ, ਲਿਖਿਆ ਹੈ!

ਹਾਰ ਕੇ ਇੱਕ ਕੱਚੀ ਸੜਕ ਕੋਲ਼ ਪੁੱਜੇ, ਜਿੱਥੇ ਤਾਂ ਹਜ਼ਾਰਾਂ ਲੋਕ ਭਾਰਤ ਵੱਲ ਮੂੰਹ ਕਰ ਰਹੇ ਸਨ। ਕੰਨਖਜੂਰਾਂ ਵਾਂਗ ਲਾਮ ਡੋਰ ਕਾਫ਼ਲਾ ਤੁਰ ਰਿਹਾ ਸੀ। ਇਸ ਕਾਫ਼ਲੇ ਵਿੱਚ ਗੱਡੇ ਸਨ, ਲੋਕਾਂ ਨਾਲ਼ ਲੱਦੇ, ਜਿਨ੍ਹਾਂ ਦੇ ਆਸ ਪਾਸ ਇਨਸਾਨਾਂ ਦਾ ਤਾਂਤਾ ਸੀ, ਸੰਤਾਪ ਸਦਮਾ ਨਾਲ਼ ਤੁਰਦਾ। ਸਾਰਿਆਂ ਦੇ ਹੱਥਾਂ ਬਾਹਾਂ ਵਿੱਚ ਜੋ ਨੱਸਣ ਤੋਂ ਪਹਿਲਾਂ ਆਪਣੀ ਪਹਿਲੀ ਜਿੰਦੜੀ ਤੋਂ ਬਚਾ ਸਕਦੇ ਸਨ, ਜੋ ਫੜ ਸਕੇ ਨਾਲ਼ ਲੈ ਕੇ ਜਾ ਰਹੇ ਸਨ, ਕੀ ਪਤਾ ਕਿੱਥੇ। ਨਿਰਾਸ ਫ਼ੱਕ ਅੰਨ੍ਹੇਵਾਹ ਅੱਗੇ ਚਲੇ। ਉਨ੍ਹਾਂ ਦੇ ਨਾਲ਼ ਹੀ ਪੈ ਗਏ। ਹੁਣ ਮੁਸਲਮਾਨਾਂ ਨੇ ਇੱਕ ਵਾਰ ਹਿੱਕ ਨਾਲ਼ ਲਾਏ ਫੇਰ ਬਦ ਹਾਲ ਕਾਫ਼ਲੇ ਨਾਲ਼ ਉਨ੍ਹਾਂ ਨੂੰ ਛੱਡ ਦਿੱਤਾ। ਇੱਕ ਵਾਰ ਹੋਰ ਨਿਰਮਲ ‘ਤੇ ਬਲਰਾਜ ਦੇ ਨੇਤਰ ਮਿਲੇ। ਅੱਖਾਂ ਬੱਚੇ ਦੀਆਂ ਨਹੀਂ ਸਨ, ਪਰ ਇੱਕ ਵੇਤੇ ਬਾਬੇ ਦੀਆਂ ਸਨ। ਫਿਰ ਦ੍ਰਿਸ਼ ਬਦਲ ਗਿਆ।

ਧਰਤੀ ਲਾਲ ਸੀ। ਲਹੂ ਭਿੱਜੀ ਸੀ। ਲਹੂ ਲੂਹਾਨ ਤਸਵੀਰ ਬਾਬਾ ਖੜ੍ਹਾ ਸੀ, ਉਸ ਦਾ ਕਾਗ਼ਜ਼ੀ ਜੁੱਸਾ ਰੱਤ ਨਾਲ਼ ਗਿੱਲਾ। ਉਸ ਦੇ ਆਲ਼ੇ ਦੁਆਲ਼ੇ ਲਾਲ ਧਰਤੀ ਉੱਤੇ ਲੋਕ ਡਿੱਗੇ ਸਨ, ਹੂੰਗਦੇ, ਪਿੰਡਿਆਂ ਨੂੰ ਫੜ ਕੇ ਕਲ਼ਪਦੇ। ਕਿਸੇ ਦੀ ਅੰਗ ਧਰਤੀ ਉੱਤੇ ਸੀ, ਕਿਸੇ ਦੀ ਅੰਗ ਬਦਨ ਤੋਂ ਲਟਕਦੀ ਸੀ।

ਆਪਣੇ ਬਾਬੇ ਨੂੰ ਵੇਖ ਕੇ, ਨਿਰਮਲ ਦੀ ਪਹਿਲੀ ਅਨੁਕਿਰਿਆ ਖ਼ੁਸ਼ੀ ਸੀ। ਫੇਰ ਉਸ ਨੇ ਸੁਖ ਦਾ ਸਾਹ ਲਿਆ। ਫੇਰ ਹੀ ਉਸ ਦੇ ਲੋਇਣ ਸਾਹਮਣੇ ਵਾਲੇ ਸੀਨ ਉੱਤੇ ਟਿੱਕੇ, ਉਹ ਵੀ ਝਕਦੇ ਝਕਦੇ। ਕਤਲਾਮ ਵੇਖ ਕੇ ਹੁਣ ਅਲੀਲ ਹੋ ਗਿਆ, ਥੱਕਾ ਟੁੱਟਾ ਹੋ ਗਿਆ ਅਤੇ ਗਮਗੀਨ। ਇਹ ਕੀ ਕਰ ਰਹੇ ਸੀ? ਇੱਕ ਦੂਜੇ ਨੂੰ ਕਾਹਤੋਂ ਇਸ ਤਰ੍ਹਾਂ ਮਾਰ ਮਾਰ ਰਹੇ ਸੀ? ਕੀ ਫ਼ਾਇਦਾ ਸੀ? ਇੰਝ ਕਰ ਕੇ ਕੀ ਖੱਟੀ? ਕਿਸ ਨੂੰ ਫ਼ਾਇਦਾ ਸੀ? ਜਾਨਵਰ ਅਤੇ ਬੰਦੇ ਵਿੱਚ ਫੇਰ ਫਾਸਲਾ ਕੀ ਸੀ? ਕੌਮਾਂ ਸਾਰੀਆਂ ਬੰਦੇ ਦੀਆਂ ਹੁੰਦੀਆਂ ਨੇ। ਫੇਰ ਕੀ ਮਿਲਾ ਇਨਸਾਨ ਨੂੰ ਦੂਜੇ ਇਨਸਾਨ ਨੂੰ ਕੇਵਲ ਕਬਾਇਲੀ ਵਾਸਤੇ ਮਾਰਨਾ? ਧਰਮ ਦੀਨ ਦੇ ਨਾਂ ਵਿੱਚ ਆਦਮੀ ਤਾਂ ਡੰਗਰ ਬਣ ਜਾਂਦਾ ਹੈ। ਅਤੇ ਰੱਬ ਤਾਂ ਸੁੱਤਾ ਹੀ ਹੁੰਦਾ। ਹਮੇਸ਼ਾ ਸੁੱਤਾ ਹੁੰਦਾ। ਕਦੇ ਜਾਗਿਆ ਵੀ ਹੈ? ਕਦੇ ਕਿਸੇ ਨੇ ਵੇਖਿਆ ਵੀ ਹੈ ਕਿਸੇ ਦਾ ਪਾਸਾ ਲੈਂਦਾ? ਖਬਰੇ ਉਸ ਦਾ ਸੰਨਾਟਾ ਇਸ ਸਵਾਲ ਦਾ ਜਵਾਬ ਸੀ? ਜਾਂ ਸੰਨਾਟਾ ਹੀ ਸੰਨਾਟਾ ਸੀ। ਕੋਈ ਰੱਬ ਨਹੀਂ ਸੀ, ਕੇਵਲ ਆਦਮ ਦਾ ਊਤਪੁਣਾ? ਹਿੰਦੂ, ਸਿੱਖ ਅਤੇ ਮੁਸਲਮਾਨਾਂ ਦਾ ਖ਼ੂਨ ਇੱਕ ਹੀ ਰੰਗ ਸੀ। ਇਸ ਅਸਲੀਅਤ ਤੋਂ ਅੱਖਾਂ ਅੰਨ੍ਹੀਆਂ ਰੱਖੀਆਂ ਸਨ। ਕਿਉਂ?

ਕਾਸ਼! ਇੱਕ ਦਿਨ ਇਸ ਦੇਸ ਵਿੱਚ ਵੱਡੀ ਹੇਠਲੀ ਉੱਤੇ ਆ ਜਾਣੀ ਹੈ। ਜਦ ਵੱਡੇ ਜਾਤਾਂ ਨੂੰ ਮਾਰ ਦਿੱਤਾ ਜਾਵੇ, ਅਮੀਰ ਘਰਾਂ ਨੂੰ ਨਾਸ ਕੀਤਾ ਜਾਵੇ, ਖਬਰੇ ਫੇਰ ਹੀ ਰਾਜ ਕਰਨ ਵਾਲ਼ੇ ਆਮ ਜਨਤਾ ਨੂੰ ਅਦਬ ਕਰਾਂਗੇ। ਆਮ ਜਨਤਾ ਨੂੰ ਉਸ ਹੀ ਦਿਹਾੜੇ ਪਤਾ ਲੱਗਣਾ ਕਿ ਜਾਤ ਪਾਤ ਝੂਠ ਹੈ। ਕਿ ਧਰਮਾਂ ਦੇ ਇੱਕ ਦੂਜੇ ਤੋਂ ਫ਼ਰਕ ਤਾਂ ਬੰਦੇ ਨੂੰ ਖਰਾਬ ਕਰਦੇ। ਰਾਜ ਕਰਨ ਵਾਲ਼ੇ ਪਸੰਦ ਕਰਦੇ ਕਿ ਸਭ ਇੱਕ ਦੂਜੇ ਵੱਲ ਨੱਕ ਚੜ੍ਹਾਉਣ। ਇੰਝ ਹੀ ਉਨ੍ਹਾਂ ਦੀ ਤਾਕਤ ਕਾਇਮ ਰਹਿੰਦੀ ਹੈ। ਜਾਂ ਸੱਚ ਮੁੱਚ ਆਮ ਬੰਦਾ ਬੇਵਕੂਫ਼ ਹੈ ਅਤੇ ਰਹਿਵੇਗਾ। ਕੰਨਾਂ ਵਿੱਚ ਗੱਪ ਛੱਡੋ ਤਾਂ ਇੱਕ ਦੂਜੇ ਨੂੰ ਵੱਢਣ ਲਗ ਜਾਂਦੇ ਆ। ਕਿਉਂ?

ਨਿਰਮਲ ਦੇ ਸਾਹਮਣੇ ਨਸਲਵਾਦੀ ਆਦਮੀ ਬਹੁਤ ਬਹੁਤ ਠੰਡੀ ਠੰਡੀ ਬਰਫ਼ ਵਿੱਚ ਜੰਮਿਆ ਹੋਇਆ ਸੀ, ਲੱਕ ਤੱਕ। ਉੱਪਰਲਾ ਜਿਸਮ ਅਜ਼ਾਬ ਵਿੱਚ ਸੀ, ਹਮੇਸ਼ਾ ਲਈ। ਬੰਦਾ ਨਹੀਂ ਰਿਹਾ ਸੀ ਪਰ ਜਮਦੂਤ ਸੀ, ਜੋ ਆਪਣੇ ਨਿਆਣਿਆਂ ਨੂੰ ਚੱਕ ਕੇ ਖਾ ਰਿਹਾ ਸੀ, ਆਪਣੇ ਪਾਪੀ ਪੇਟ ਨੂੰ ਸਕੂਨ ਦੇਣ ਲਈ। ਮਜ਼ਬੂਰ ਸੀ ਕਿਉਂਕਿ ਉਸ ਦੇ ਆਲ਼ੇ ਦੁਆਲ਼ੇ ਸਿਰਫ਼ ਉਸ ਦੇ ਬੱਚੇ ਸਨ, ਉਸਦੀ ਜਾਤ ਸੀ। ਹੋਰ ਕੁੱਝ ਖਾਣ ਵਾਸਤੇ ਨਹੀਂ ਸੀ। ਕੋਸ਼ਿਸ਼ ਕਰ ਰਿਹਾ ਸੀ ਕਿ ਆਪਣਿਆਂ ਨੂੰ ਨਾ ਖਾਵਾਂ, ਪਰ ਭੁੱਖ ਮਜ਼ਬੂਰ ਕਰ ਰਹੀ ਸੀ। ਰਸਾਤਲ ਵਿੱਚ ਸੀ ਜੋ ਖ਼ੁਦ ਨੇ ਬਣਾਇਆ ਸੀ ਹੋਰਾਂ ਨੂੰ ਖਰਾਬ ਕਰ ਕੇ, ਕੇਵਲ ਉਨ੍ਹਾਂ ਦੀ ਜਾਤ ਕਰਕੇ ਜਾਂ ਧਰਮ ਕਰਕੇ। ਜਾਂ ਰੰਗ ਕਰਕੇ ਜਾਂ ਲੰਿਗ ਭੇਦ ਕਰਕੇ। ਉਸ ਦਾ ਉੱਪਰਲਾ ਜੁੱਸਾ ਜਮਲੋਕ ਦੀ ਅੱਗ ਵਿੱਚ ਸੜਦਾ ਸੀ, ਮਾਸ ਭੁੰਨਦਾ ਸੀ। ਇਸ ਤਰ੍ਹਾਂ ਦਾ ਆਦਮੀ ਜੋ ਹੋਰਾਂ ਨੂੰ ਖਰਾਬ ਕਰਦਾ ਸੀ ਵਾਸਤੇ ਇਹ ਤਾਂ ਸਹੀ ਸਜ਼ਾ ਸੀ ਨਿਰਮਲ ਦੀ ਨਿਗ੍ਹਾ ਵਿੱਚ। ਕਿਉਂ? ਕਿਉਂਕਿ…

ਨਿਰਮਲ ਹੁਣ ਜਿੱਦਾਂ 1984 ਅਤੇ 1947 ਤੋਂ ਪਹਿਲਾਂ ਜਾਣ ਸੀਗਾ। ਸ਼ਕਲ ਵਿੱਚ, ਭਾਵੇਂ ਅਕਲ ਬਦਲਗੀ ਸੀ। ਕਿਸ ਨੇ ਮਾਰਾ, ਕਿਸ ਨੇ ਮਦਦ ਕੀਤੀ ਉਸ ਨੂੰ ਪੂਰਾ ਪਤਾ ਸੀ। ਹਰ ਸਿੱਕੇ ਦੇ ਦੋ ਪਾਸੇ ਹੁੰਦੇ ਹਨ। ਆਪਣੇ ਬਾਬਾ ਵੱਲ ਨੱਸਿਆ ਜਿਸ ਦੇ ਵੱਲ ਜਨਤਾ ਹੁਣ ਪੱਥਰ ਮਾਰ ਰਹੀ ਸੀ। ਕਾਸ਼! ਇਕੱਲੀ ਜਨਤਾ ਨਹੀਂ, ਪੁਰ ਉਸ ਨਾਲ਼ ਪੁਲਿਸ ਵੀ ਪੱਥਰ ਸੁੱਟ ਰਹੇ ਸਨ। ਇਕੱਲੇ ਬਾਬੇ ਵੱਲ ਨਹੀਂ ਪਰ ਬਾਬੇ ਦੇ ਦੂਜੇ ਪਾਸੇ ਮੁਸਲਮਾਨਾਂ ਵੱਲ ਵੀ। ਨਿਰਮਲ ਨੇ ਇੱਕ ਵਾਰ ਪੜ੍ਹਿਆ ਸੀ ਕਿ ਕਈ ਸਦੀਆਂ ਵਾਸਤੇ ਗੋਰੇ ਲੋਕ ਵੀ ਇੱਦਾਂ ਦੇ ਸੀ। ਇੱਕ ਦੂਜੇ ਨੂੰ ਇਤਕਾਦ ਉੱਤੇ ਵੱਢਦੇ। ਪਰ ਹੁਣ ਨਹੀਂ। ਦੋ ਵੱਡੇ ਜੱਗ ਜੰਗਾਂ ਬਾਅਦ ਭਲਾਮਾਨਸ ਬਣ ਗਏ ਸੀ। ਕੀ ਪਤਾ ਭਾਰਤ ਪਾਕਿਸਤਾਨ ਇਸ ਨਤੀਜੇ ਵੱਲ ਇੱਕ ਸੌ ਸਾਲ ਤੱਕ ਪਹੁੰਚ ਜਾਣਗੇ? ਕੀ ਪਤਾ।

ਬਾਬੇ ਅਤੇ ਪੱਥਰਾਂ ਦੇ ਵਿਚਾਲੇ ਨਿਰਮਲ ਇੱਕ ਢਾਲ ਬਣ ਗਿਆ। ਪਿੱਠ ਉੱਤੇ ਫੱਟਾਂ ਖਾਧੀਆਂ। ਬਾਬਾ ਨਿਰਮਲ ਦੇ ਬਾਹਾਂ ਵਿੱਚ ਸੀ। ਫੇਰ ਕਾਗ਼ਜ਼ੀ ਬਾਬਾ ਘੁੰਮ ਕੇ ਪੋਤੇ ਨੂੰ ਲਪੇਟ ਗਿਆ। ਅਕਸਰ ਉਸ ਦਾ ਸਰੀਰ ਤਾਂ ਮਾਸ ਦਾ ਨਹੀਂ ਸੀ। ਪਰ ਜਿੱਥੇ ਫੱਟ ਪਈ, ਉੱਥੇ ਚਿੱਤਰ ਪਟ ਦਾ ਪੇਪਰ ਪਾੜਣ ਲੱਗ ਪਿਆ। ਇਸ ਦਾ ਮਹਿਸੂਸ ਨਿਰਮਲ ਨੂੰ ਹੋਇਆ ਅਤੇ ਉਸ ਨੇ ਬਾਬੇ ਨੂੰ ਫੇਰ ਪਿੱਛੇ ਕਰ ਦਿੱਤਾ। ਤਦ ਤੱਕ ਕੁੱਝ ਮੁਸਲਮਾਨ ( ਜਿਨ੍ਹਾਂ ਨੂੰ ਬਾਬਾ ਬਚਾ ਰਿਹਾ ਸੀ) ਅੱਗੇ ਆ ਗਏ ਅਤੇ ਬਾਬੇ ਦੀ ਢਾਲ ਬਣ ਕੇ ਉਸ ਨੂੰ ਸੜਕ ਤੋਂ ਇੱਕ ਦੁਕਾਨ ਅੰਦਰ ਲੈ ਗਏ ਸੀ।

ਨਿਰਮਲ ਨੇ ਬਾਬੇ ਦਾ ਹੱਥ ਆਪਣੇ ਹੱਥ ਵਿੱਚ ਲੈ ਲਿਆ ਸੀ। ਉਸ ਹੀ ਵੇਲ਼ੇ ਦੁਕਾਨ ਦੇ ਪਿੱਛੋ ਇੱਕ ਹਿੰਦੂ ਨਾਰੀ ਆ ਗਈ ਸੀ। ਸਾਰੇ ਉਸ ਵੱਲ ਤਾੜ ਰਹੇ ਸੀ। ਕਿਸੇ ਨੂੰ ਨਹੀਂ ਪਤਾ ਲਗਾ ਕੀ ਕਹਿਣ, ਕੀ ਕਰਨ।

- ਕਿਆ ਦੇਖ ਰਹੇ ਹੂੰ? ਹਮ ਨਾਲ ਆਵੋ। ਤਮ ਕੋ ਇਸ ਥਾਂ ਕੋ ਨਿਕਾਲੀਏ!-। ਸਾਰੇ ਉਸ ਦੇ ਮਗਰ ਤੁਰ ਪਏ, ਉਨ੍ਹਾਂ ਦੇ ਨਾਲ਼ ਨਿਰਮਲ ਅਤੇ ਬਾਬਾ। ਦੁਕਾਨ ਦੇ ਪਿੱਛੇ ਕਈ ਸਰਦਾਰ ਸਨ ਮੋਟਰਾਂ ਸਾਈਕਲਾਂ ਉੱਤੇ। ਲੋਕ ਉਨ੍ਹਾਂ ਪਿੱਛੇ ਬਹਿ ਬਹਿ ਕੇ ਉਸ ਚੁੱਲ੍ਹੇ ਵਿੱਚੋਂ ਨਿਕਲ਼ੇ।

ਬਾਬੇ ਅਤੇ ਨਿਰਮਲ ਨੂੰ ਅੱਡ ਅੱਡ ਸਾਈਕਲਾਂ ਉੱਤੇ ਬਿਠਾਇਆ ਸੀ। ਇੰਝ ਉੱਥੋਂ ਚਲੇ ਗਏ। ਸਵਾਰ ਹੁੰਦਾ ਹੀ ਬਾਬਾ ਦ ਦਮ ਹਾਰ ਗਿਆ। ਅਕਸਰ ਕਾਗ਼ਜ਼ ਪਾਟਾ ਹੋਇਆ ਸੀ। ਉਹ ਸਾਈਕਲ ਨਿਰਮਲ ਦੇ ਸਾਈਕਲ ਦੇ ਅੱਗੇ ਸੀ। ਨਿਰਮਲ ਦੀਆਂ ਅੱਖਾਂ ਸਾਹਮਣੇ ਬਾਬਾ ਛਾਈ ਮਾਈ ਹੋ ਗਿਆ ਸੀ। ਨਿਰਮਲ ਨੇ ਆਪਣੇ ਨੇਤਰ ਬੰਦ ਕੀਤੇ। ਜਦ ਖੋਲ਼੍ਹੇ, ਆਪਣੇ ਘਰ, ਉਸ ਕਮਰੇ ਵਿੱਚ ਸੀ, ਜਿੱਥੇ ਬਾਬੇ ਦੀ ਤਸਵੀਰ ਕੰਧ ਉੱਤੇ ਟੰਗੀ ਹੋਈ ਸੀ। ਹੁਣ ਫੋਟੋ ਵਿੱਚ, ਬਾਬਾ ਵਾਪਸ ਆ ਗਿਆ ਸੀ।

ਬਾਹਰ ਦਿੱਲੀ ਵਿੱਚੋਂ ਫ਼ਲਕ ਤੱਕ ਧੂੰਆਂ ਉੱਠਦਾ ਸੀ। ਨਿਰਮਲ ਨੇ ਬਾਬੇ ਦੀ ਤਸਵੀਰ ਵੱਲ ਤੱਕਿਆ। ਉਸ ਨੂੰ ਸ਼ਾਇਦ ਭੁੱਲੇਖਾ ਲੱਗਾ, ਪਰ ਇੰਝ ਲੱਗਾ ਜਿਵੇਂ ਉਸ ਵੱਲ ਤਸਵੀਰ ਨੇ ਅੱਖ ਝਮਕੀ। ਨਿਰਮਲ ਬਾਰੀ ਵੱਲ ਵੱਧ ਗਿਆ। ਬਾਹਰ ਇੰਤਸ਼ਾਰ ਦਾ ਸਿੱਟਾ ਸੀ। ਲੋਕਾਂ ਵੱਲ ਬਾਰੀ ਵਿੱਚੋਂ ਵੇਖਦਾ, ਨਿਰਮਲ ਨੇ ਸੋਚਿਆ, -ਕੀ ਅਸੀਂ ਕਦੇ ਉੱਨਤੀ ਕਰਾਂਗੇ?-। ਫੇਰ ਪਰਦੇ ਛੱਢ ਦਿੱਤੇ।

  • ਮੁੱਖ ਪੰਨਾ : ਕਹਾਣੀਆਂ, ਰੂਪ ਢਿੱਲੋਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ