ਬਾਬੂ ਜੀ ਸਾਅਬ (ਕਹਾਣੀ) : ਬਲੀਜੀਤ

ਸ਼ਹਿਰ ਨੇ ਉਸ ਨੂੰ ਚਾਰੇ ਪਾਸਿਆਂ ਤੋਂ ਘੇਰ ਕੇ ਆਪਣੇ ਹਨੇਰੇ ਦੀ ਲਪੇਟ ਵਿੱਚ ਲੈ ਲਿਆ ਸੀ । ਇਹ ਹਨੇਰਾ ਕਈ ਕਿਸਮ ਦਾ ਸੀ । ਜੋ ਮਨ ਵਿੱਚ ਧੁੰਦ ਹੀ ਧੁੰਦ ਪੈਦਾ ਕਰ ਦਿੰਦਾ ਸੀ ।

... ਪਰ ਅਜੇ ਵੀ ਬੁੱਢੇ ਦੀ ਆਵਾਜ਼ ਉਸ ਦੇ ਕੰਨਾਂ ਵਿੱਚ ਦਹਾੜ ਰਹੀ ਸੀ । ''ਬਾਬੂ ਜੀ ਸਾਅਬ'', ਬੁੱਢਾ ਉਸ ਨੂੰ ਮਾਰ ਦੇਣਾ ਚਾਹੁੰਦਾ ਸੀ । ਪਰ ਬੇਬਸ ਸੀ । ਬੁੱਢੇ ਨੇ ਆਪਣੀਆਂ ਮੱਝਾਂ ਕੁੱਟ ਕੇ ਹੀ ਆਪਣਾ ਗੁੱਸਾ ਕੱਢ ਲਿਆ ਸੀ । ਜੇ ਬੁੱਢੇ ਕੋਲ ਬੰਦੂਕ ਹੁੰਦੀ ਤਾਂ ਉਹ ਸਾਰੀਆਂ ਗੋਲ਼ੀਆਂ ਚਲਾ ਦਿੰਦਾ । ਇੱਕ ਗੋਲ਼ੀ ਉਸ ਦੇ ਵੀ ਮਾਰ ਦਿੰਦਾ ।

ਹਰ ਚੀਜ਼ ਉਸ ਦਾ ਮੂੰਹ ਚਿੜਾ ਰਹੀ ਸੀ । ਉਸ ਨੇ ਸੋਚਿਆ ਕਿ ਉਸ ਨੂੰ ਤੁਰੰਤ ਉੱਥੋਂ ਚਲੇ ਜਾਣਾ ਚਾਹੀਦਾ ਐ । ਦੌੜ ਜਾਣਾ ਚਾਹੀਦਾ ਐ । ਪਰ ਜਾਣਾ ਕਿੱਥੇ ਐ? ਵਾਪਸ ਹੁਣੇ ਈ ਘਰ ਨੂੰ ਚਲੇ ਜਾਣਾ ਉਸ ਨੂੰ ਉਵੇਂ ਦੀ ਮੂਰਖਤਾ ਲੱਗੀ ਜਿਵੇਂ ਦੀ ਮੂਰਖਤਾ ਉਸ ਨੇ ਦਬਾ ਦਬ ਘਰੋਂ ਦੌੜਨ ਲੱਗੇ ਕੀਤੀ ਸੀ । ਐਂ ਘਰੋਂ ਕੁਝ ਘੰਟਿਆਂ ਦਾ 'ਬਣਵਾਸ' ਲੈਣ ਦੀ ਮੂਰਖਤਾ ਉਸ ਨੇ ਪਹਿਲੀ ਵਾਰ ਨਹੀਂ ਕੀਤੀ ਸੀ । ਉਹ ਹਰ ਹਫ਼ਤੇ ਰਮਾਇਣ ਦਾ ਟੀ.ਵੀ. ਸੀਰੀਅਲ ਦੇਖਣਾ ਨਹੀਂ ਸੀ ਭੁੱਲਦਾ । ਭਮਾਂ ਕੁਸ਼ ਹੋ ਜੇ । ਐੱਲ.ਐੱਲ.ਬੀ. ਕਰਕੇ ਵਕਾਲਤ ਕਰਨ ਤੋਂ ਭੱਜੇ ਧੱਲੇਕੇ ਪਿੰਡ ਦੇ ਪੰਡਤ ਰਾਮ ਸਰੂਪ ਸ਼ਰਮਾ ਦੇ ਮੁੰਡੇ ਨਾਲ ਮਨਸੂਰੀ ਹਿੱਲ ਸਟੇਸ਼ਨ ਉੱਤੇ ਵੀ ਦੋ-ਦੋ ਰੁਪਈਆਂ ਦੀ ਟਿਕਟ ਖਰੀਦ ਕੇ ਰਮਾਇਣ ਦੇਖੀ ਸੀ । ਰਮਾਇਣ ਤਾਂ ਪਿਛਲੇ ਹਫ਼ਤੇ 'ਬੰਦ' ਹੋ ਚੁੱਕੀ ਸੀ । ਤੇ ਅਗਾਂਹ ਸ਼ੁਰੂ ਹੋਣ ਦਾ ਅਖ਼ਬਾਰਾਂ 'ਚ ਰੌਲਾ ਸੀ ... ਪਰ ... ਪਰ ਉਸ ਦੀ ਰਮਾਇਣ...

ਉਸ ਨੇ ਨਜ਼ਰਾਂ ਘੁੰਮਾ ਕੇ ਚਾਰ ਚੁਫੇਰੇ ਦੇਖਣਾ ਸ਼ੁਰੂ ਕੀਤਾ । ਦਰਿਆ ਦੇ ਪਰਲੇ ਕੰਢੇ ਖੜ੍ਹੇ ਛੋਟੇ ਛੋਟੇ ਪਹਾੜਾਂ ਦੀਆਂ ਟੀਸੀਆਂ ਉੱਤੇ ਸ਼ਾਮ ਦੀ ਧੁੱਪ ਚਮਕ ਰਹੀ ਸੀ । ਉਸ ਦੀਆਂ ਅੱਖਾਂ ਨੂੰ ਧੁੱਪ ਦਾ ਸੇਕ ਮਹਿਸੂਸ ਹੋ ਰਿਹਾ ਸੀ । ਅੱਖਾਂ ਸੁੰਗੜ ਗਈਆਂ । ਸੋਚਿਆ ਸੂਰਜ ਡੁੱਬ ਜਾਵੇ ਤਾਂ ਦਰਿਆ ਦਾ ਨਜ਼ਾਰਾ ਕੁਝ ਚੰਗਾ ਲੱਗੇ । ਕੱਪੜੇ ਚੁੱਭ ਰਹੇ ਸਨ । ਪਰ ਸੂਰਜ ਅਤੇ ਪਹਾੜਾਂ ਦੀਆਂ ਟੀਸੀਆਂ ਵਿਚਾਲੇ ਫਾਸਲਾ ਜਿਊਂ ਦਾ ਤਿਊੂਾ ਸੀ ।

ਪਤਾ ਨਹੀਂ ਕੁਦਰਤ ਨੂੰ ਕੀ ਅੱਗ ਲੱਗੀ ਹੋਈ ਸੀ ।

ਤਪਸ਼ ਪਿੰਡਾ ਲੂਸ ਰਹੀ ਸੀ ਤੇ...

ਉਹ ਹੋਰ ਈ ਤਰਾਂ ਦਾ ਮਨ ਲੈ ਕੇ ਘਰੋਂ ਤੁਰਿਆ ਸੀ । ਤੁਰਿਆ ਨਹੀਂ, ਪੁਰਜ਼ਾ ਪੁਰਜ਼ਾ ਕੱਟ ਕੇ ਦੌੜ ਆਇਆ ਸੀ । ਘਰ ਦੀਆਂ ਕੰਧਾਂ ਉਸ ਦਾ ਸਾਹ ਘੁੱਟਣ ਲੱਗ ਪਈਆਂ ਸਨ । ਆਪਣੇ ਦੁੱਖਾਂ ਤੋਂ ਪੱਲਾ ਝਾੜ ਕੇ ਇੱਧਰ ਆ ਨਿਕਲਿਆ ਸੀ । ਉਹ ਦਰਿਆ ਦੇ ਕੰਢੇ ਨਵੇਂ ਸਾਹ ਲੈਣਾ ਚਾਹੁੰਦਾ ਸੀ । ਤਾਜ਼ੇ । ਠੰਡੇ ਠੰਡੇ । ਬਗ਼ੈਰ ਰਲਾਇਸ ਤੋਂ । ਕਿੰਨੇ ਹੀ ਪੰਗੇ ਸਨ । ਸਰੀਰ ਦੀਆਂ ਕੁੱਲ ਹੱਡੀਆਂ ਤੋਂ ਵੀ ਵੱਧ । ਪ੍ਰੇਸ਼ਾਨੀਆਂ । ਪ੍ਰਾਪਤੀਆਂ...ਬੇ-ਇੱਜ਼ਤੀਆਂ...ਬੋਲ ...ਕੁਬੋਲ, ਫੈਸਲੇ । ਫੈਸਲੇ ਕਰਨ ਦੇ ਦੁੱਖ । ਤੇ ਬਹੁਤੇ ਫੈਸਲੇ ਨਾ ਕਰ ਸਕਣ ਦੇ... । ਉਸ ਦੇ ਮਨ 'ਤੇ ਕਿੰਨੇ ਹੀ ਬੰਬ ਵੱਜੇ ਹੋਏ ਸਨ:

''ਤੂੰ ਠੀਕ ਤਾਂ ਹੈਂ? ''

''ਪੜ੍ਹਾ ਤਾ । ਲਿਖਾ ਤਾ । ਨੌਕਰੀ ਲਾ 'ਤਾ...''

'' ਮੈਂੱਡ ਯੂਅਰ ਸੈਲਫ਼ ਫ਼ਸਟ ।''

''ਆਈ ਹੈਵ ਮਾਈ ਓਅਨ ਪਿ੍ੰਸੀਪਲਜ਼ । ''

''ਤੈਨੂੰ ਨੀਂ ਆਉਣੀ ਸਮਝ''

''ਹੋਰ ਕਿਆ ਲੇਣਾ ਸਾਤੋਂ? ਡੋਕੇ?? ''

''ਕਰ ਅਰ ਖਾ''

''ਉਹੀ ਨਾ ਰਮਾਇਣ ਲੈ ਕੇ ਬੈਠ ਜੇ ਕਰ ਰੋਜ਼''

ਸ਼ਹਿਰ 'ਚ, ਘਰ 'ਚ ਕੋਈ ਉਸ ਨੂੰ ਸਮਝਦਾ ਹੀ ਨਹੀਂ । ਆਪਣਾ ਗੁੱਸਾ ਕੱਢਦੇ ਨੇ । ਸੜੇ ਹੋਏ । ਨਫ਼ਰਤ ਵੀ ਨੀਂ ਕਰਨੀ ਆਉਂਦੀ । ਛੱਡੋ ਇਹਨਾਂ ਨੂੰ ! ਦੌੜੋ ਇੱਥੋਂ!!

'ਇੱਥੇ' ਖੁੱਲੀ ਹਵਾਂ ਤਾਂ ਹੈ । ਦਰਿਆ ਦਾ ਕੰਢਾ । ਉਸ ਨੇ ਨਾਸਾਂ ਚੜ੍ਹਾ ਕੇ, ਚੌੜੀਆਂ ਕਰ ਕੇ ਲੰਬਾ ਸਾਹ ਖਿੱਚਿਆ । ਸਾਹ ਸਿੱਧਾ ਅੰਦਰ ਨਹੀਂ ਜਾ ਰਿਹਾ ।

ਕੋਈ ਬੰਦਾ ਦੂਰ ਅਚਾਨਕ ਕੰਢੇ ਦੀ ਓਟ ਪਿੱਛੋਂ ਇੱਕ ਦਮ ਨਿਕਲ ਕੇ ਇੱਕ ਵੱਡੇ ਸਾਰੇ ਚੌਰਸ ਪੱਥਰ ਉੁੱਤੇ ਖੜ੍ਹਾ ਹੋ ਗਿਆ । ਜਿਵੇਂ ਰਮਾਇਣ ਸੀਰੀਅਲ ਵਿੱਚ ਪਾਣੀ ਵਿੱਚੋਂ ਦੇਵੀ ਦੇਵਤੇ ਜਾਂ ਦੈਂਤ ਨਿਕਲ ਪੈਂਦੇ ਹਨ । ਦੈਂਤਣੀਆਂ ਵੀ । ਨੁੱਚੜਦੇ ਪਾਣੀ ਸਮੇਤ ਹੀ ਡਿੰਘ ਪੁੱਟ ਕੇ ਉਸ ਤੋਂ ਉੱਚੇ ਗੋਲ਼ ਪੱਥਰ ਉੁੱਤੇ ਚੜ੍ਹ ਗਿਆ । ਪਿੰਡੇ ਤੋਂ ਚੋਅ ਰਿਹਾ ਪਾਣੀ ਧੁੱਪ ਵਿੱਚ ਚਮਕਿਆ । 'ਨਾਹ ਕੇ ਹਟਿਆ ਐ ।' ਉਸ ਵੱਲ ਪਿੱਠ ਸੀ । ਹੱਥਾਂ ਨਾਲ ਵਾਲਾਂ ਵਿੱਚੋਂ ਪਾਣੀ ਕੱਢ ਰਿਹਾ ਸੀ । 'ਉਹੀ' ਐ । ਮੱਝਾਂ ਵਾਲਾ ਮੁੰਡਾ । ਜੋ ਉਸ ਨੂੰ ਸਿਗਰਟ ਪੀਂਦੇ ਨੂੰ ਦੇਖ ਕੇ ਸਿਗਰਟ ਮੰਗ ਕੇ ਜ਼ਲੀਲ ਕਰ ਦਿੰਦਾ ਸੀ ।

''ਮੈਨੂੰ ਵੀ ਦਈਂ ਇੱਕ ਬੱਤੀ''

''ਕੱਦਾ ਕ ਪੀਂਦਾ?''

''ਕੋਈ ਦੇ ਦਏ ਤਾਂ ਪੀ ਲਿੰਦਾਂ । ਹੋਰ ਕਿਆ ।''

''ਕੈਅ ਭਾਈ ਐਂ ਤੁਸੀਂ? ਪਹਿਲਾਂ ਤੇਰੇ ਵਰਗਾ ਈ ਮੁੰਡਾ ਆਹੀ ਮ੍ਹੈਸਾਂ ਚਾਰਦਾ ਹੁੰਦਾ ਤਾ ।''

''ਓ ਬੜਾ ਮੇਤੇ । ਤਿੰਨ ਭਾਈ ਐਂ ਅਸੀਂ । ਦੋ ਤਾਂ ਦੜਾ 'ਤੇ ਬੁੜ੍ਹੇ ਨੇ ।''

''ਦੜਾ 'ਤੇ ?''

'' ਹੋਰ!! ''

''ਕਾਹਤੇ ? ''

''ਕੁਸ ਨੀਂ । ਊਂਈ ਲੜੀ ਜਾਂਦਾ ਸਾਰਿਆਂ ਗੈਲ । ਕਹਿੰਦਾ 'ਕੋਈ ਕੰਮ ਨੀਂ ਕਰਦੇ' । ਕਿਆ ਕਰੀਏ । ਡੰਗਰ-ਮ੍ਹੈਸਾਂ ਚਾਰਨਾ ਵੀ ਕੋਈ ਕੰਮਾਂ 'ਚੋਂ ਕੰਮ ਐ ।''

''ਵਿਆਹਿਆ ਹੋਇਐਂ?''

''ਵਿਆਹ ਕਿੱਥੇ''

''ਬੜੇ? ''

''ਬੁੜ੍ਹਾ ਕਹਿੰਦਾ 'ਤਿੰਨਾਂ ਨੂੰ ਛੜੇ ਈ ਰੱਖੂੰ' । ਕਹਿੰਦਾ : 'ਥੁਆੜਾ ਈ ਢਿੱਡ ਨੀਂ ਫੂਕ ਹੁੰਦਾ । ਬਗਾਨੀਆਂ ਨੂੰ ਨੀਂ ਮੇਤੇ ਖਲਾ ਹੋਣਾ' ।''

''ਦੁੱਧ ਵੇਚਦੇ ਹੋਣੇ ਐਂ?''

''ਬੁੜ੍ਹਾ ਕਿਸੇ ਨੂੰ ਫੁੱਟੀ ਕੌਡੀ ਨੀਂ ਦਿੰਦਾ ।''

''ਕਿਆ ਕਰਦਾ ਪੈਸਿਆਂ ਦਾ?''

''ਕਹਿੰਦਾ 'ਬਲਦ ਲੇਣੇ ਐ' ।''

''ਜ਼ਮੀਨ? ''

'' ' ਠੇਕੇ 'ਪਰ ਲਉਂਗਾ ' ''

''ਚੰਗਾ ਦੁੱਧ ਦਿੰਦੀਆਂ ਮ੍ਹੈਸਾਂ? ''

''ਲੈ! ਜਦ ਪਾਉਣਾ ਈ ਕੁਸ ਨੀਂ । ਝੂੰਡਾਂ ਨੇ ਦੁੱਧ ਦੇਣਾ ।'', ਮੁੰਡਾ ਆਪਣੇ ਨਹੁੰ ਖਾਣ 'ਚ ਐਨਾ ਜੁੱਟ ਗਿਆ ਕਿ ਖ਼ਤਮ ਹੋ ਰਹੀ ਸਿਗਰਟ ਸੁਸਤ ਜਹੀ ਹੋ ਕੇ ਬੁੱਝ ਗਈ ।

''ਦਈਂ । ਅੱਗ ਲਾਉਣੀ ਐ'', ਮੁੰਡੇ ਨੇ ਬੁੱਝੀ ਹੋਈ ਸਿਗਰਟ ਦੇ ਟੋਟੇ ਨੂੰ ਫੋਕਾ ਈ ਸੂਟਾ ਮਾਰ ਕੇ ਦਿਖਾਇਆ ਤੇ ਉਸ ਤੋਂ ਸੀਖਾਂ ਦੀ ਡੱਬੀ ਮੰਗੀ ਸੀ ।

ਮੁੰਡੇ ਦਾ ਸਿਗਰਟ ਤੇ ਫੇਰ ਮਾਚਿਸ ਮੰਗਣਾ ਉਸ ਨੂੰ ਹਰ ਵਾਰ ਬੁਰਾ ਲੱਗਦਾ ਸੀ ।

ਉਹੀ ਮੱਝਾਂ ਉਸ ਨੇ ਇੱਕ ਵਾਰ ਫੇਰ ਪਛਾਣ ਲਈਆਂ । ਘਾਹ ਨੂੰ ਬੁਰਕ ਮਾਰਦੀਆਂ ਇੱਕ ਦੂਜੇ ਨੂੰ ਘੂਰਦੀਆਂ ਫੁੰਕਾਰੇ ਮਾਰ ਰਹੀਆਂ ਸਨ । ਲੱਕ ਦੁਆਲੇ ਲਿਪਟੇ ਪਰਨੇ ਸਮੇਤ ਜਦ 'ਮੁੰਡੇ' ਨੇ ਉਸ ਵੱਲ ਨੂੰ ਮੂੰਹ ਕੀਤਾ ਤਾਂ ਉਹ ਕੋਈ ਹੋਰ ਸੀ । ਬਜੁਰਗ ਸੀ । ਆਪਣਾ ਸਾਰਾ ਕੁਝ ਭੁੱਲ ਕੇ, ਉਸ ਨੂੰ ਪਰਨੇ ਸਮੇਤ ਕੱਛਾ ਪਾਉਂਦੇ ਨੂੰ ਗੌਹ ਨਾਲ ਦੇਖਣ ਲੱਗਿਆ । ਉਹ ਕੋਈ ਬਜੁਰਗੀ ਦੇ ਨੇੇੜੇ-ਤੇੜੇ ਦੀ ਸ਼ੈਅ ਸੀ । ਪਿੰਡੇ ਤੋਂ ਪਾਣੀ ਪੂੰਝ ਰਿਹਾ ਸੀ । ਉਸ ਨੂੰ ਲੱਗਿਆ ਕਿ ਬੁੱਢੇ ਨੂੰ ਉਸ ਦੇ ਆਉਣ ਦਾ ਪਹਿਲਾਂ ਹੀ ਪਤਾ ਸੀ । ਕੱਛਾ ਪਾ ਕੇ ਪਰਨਾ ਨਚੋੜਿਆ । ਪਰਨੇ ਨਾਲ ਪਿੰਡਾ ਸੋਕਦਾ ਉਸ ਵੱਲ ਨੂੰ ਆ ਰਿਹਾ ਸੀ । ਉਸ ਨੂੰ ਯਕੀਨ ਸੀ ਕਿ ਬੁੱਢਾ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ । ਉਹ ਵੀ ਬੁੱਢੇ ਨੂੰ ਚੰਗੀ ਤਰ੍ਹਾਂ ਜਾਣਦਾ ਸੀ । ਤੁਰਦੇ ਆਉਂਦੇ ਆਉਂਦੇ ਬੁੱਢੇ ਨੇ ਮੋਢੇ 'ਤੇ ਲਟਕਾਇਆ ਕੁੜਤਾ ਗਲ਼ 'ਚ ਪਾ ਲਿਆ ਸੀ । ਪਰ ਪਰਨਾ ... ਪਰਨਾ ਉਸ ਨੇ ਇੱਕ ਤੋਂ ਦੂਸਰੇ ਹੱਥ ਬਦਲ ਲਿਆ ਸੀ ।

ਬੁੱਢਾ ਉੱਖੜੀ ਉੱਖੜੀ ਚਾਲ ਉਸ ਵੱਲ ਤੁਰਿਆ ਆ ਰਿਹਾ ਸੀ ।

ਉਸ ਨੇ ਖੀਸੇ 'ਚੋਂ ਦੋਵੇਂ ਡੱਬੀਆਂ ਕੱਢੀਆਂ ਤੇ ਸਿਗਰਟ ਲਾ ਲਈ ।

ਗੱਡ ਕੇ ਸੂਟਾ ਮਾਰਿਆ । ਧੂੰਏਾ ਦੀ ਲਕੀਰ ਆਉਂਦੇ ਬੁੱਢੇ ਵੱਲ ਨੂੰ ਵਗਾਹ ਕੇ ਮਾਰੀ ।

''ਬਾਬੂ ਜੀ ਸਾਅਬ'', ਬੁੱਢਾ ਲਲਕਾਰਾ ਮਾਰਨ ਵਾਂਗ ਬੋਲਿਆ ਸੀ । ਉਸ ਨੂੰ ਪਤਾ ਨਾ ਲੱਗਾ ਕਿ ਬੁੱਢੇ ਦੇ ਬੋਲਾਂ ਵਿੱਚ ਕੀ ਛੁਪਿਆ ਹੋਇਆ ਸੀ ।

''ਮ...ਮ...'', ਸਿਗਰਟ ਦੇ ਤੇਜ਼ ਧੂੰਏਾ ਨਾਲ ਉਸ ਦੀ ਜੀਭ ਦੀ ਚੁੰਝ ਦੁੱਖਣ ਲੱਗ ਪਈ ਸੀ । ਮ...ਅ...ਅ... ਕੋਈ ਸ਼ਬਦ ਬਣ ਕੇ ਉਸ ਦੀ ਜੀਭ ਉੱਤੇ ਨਾ ਟਿਕ ਸਕਿਆ । ਸਲਾਮ ਦੀ ਅਦਾ ਵਿੱਚ ਉਸ ਦਾ ਸਿਗਰਟ ਵਾਲਾ ਹੱਥ ਮੱਥੇ ਵੱਲ ਨੂੰ ਉੱਠ ਗਿਆ ।

ਉਹ ਸੂਟੇ 'ਤੇ ਸੂਟਾ ਖਿੱਚਣ ਲੱਗਾ ।

ਉਸ ਦੇ ਦੁਆਲੇ ਧੂੰਆਂ ਈ ਧੂੰਆਂ ਹੋ ਗਿਆ ।

ਅੱਖਾਂ 'ਚ ਪਾਣੀ ਆ ਗਿਆ ।

''ਹੇ ਰਾਮ'', ਬੁੱਢਾ ਉਸ ਦੇ ਕੋਲੋਂ ਦੀ ਲੰਘ ਕੇ ਪਰ੍ਹਾਂ ਨੂੰ ਜਾ ਰਿਹਾ ਸੀ ।

''ਹੇ ਰਾਮ''

''ਹੇ - ਰਾ - ਮਾ - ਇ - ਣ'', ਉਸ ਨੇ ਸ਼ਬਦ ਨੂੰ ਜੀਭ ਤੇ ਬੁੱਲਾਂ ਨਾਲ ਤੋੜ ਕੇ ਕੁਝ ਫੜਨ ਦੀ ਕੋਸ਼ਿਸ਼ ਕੀਤੀ । ਰਾਮ । ਰਮਾਇਣ । ਉਹ ਬੁੱਢੇ ਵਿੱਚ ਵੜਨ ਨੂੰ ਫਿਰਦਾ ਸੀ । ਬੁੱਢਾ ਉਸ ਨੂੰ ਖਦੇੜ ਕੇ ਉਸ ਦੇ ਆਪਣੇ ਅੰਦਰ ਵਾੜ ਗਿਆ । ਰਮਾਇਣ ਸੀਰੀਅਲ ਦੁਰਾਨ ਲੱਗੇ ਕਰਫ਼ਿਊ ਵਰਗੇ ਮਾਹੌਲ ਤੋਂ ਬਾਅਦ ਉਹਨਾਂ ਦੇ ਘਰ ਘਸਮਾਣ ਪਿਆ ਹੁੰਦਾ ਸੀ । ਯਾ ਉਸ ਨੂੰ ਕਿਸੇ ਨੇ ਦੇਖਣ ਆਉਣਾ ਹੁੰਦਾ ਸੀ । ਯਾ ਉਸ ਦੀ ਛੋਟੀ ਭੈਣ ਨੂੰ ਕਿਸੇ ਨੂੰ ਦਿਖਾਉਣਾ ਹੁੰਦਾ ਸੀ । ਕਦੇ ਉਹਨਾਂ ਨੇ ਆਪ ਕਿਸੇ ਦੀ ਕੁੜੀ-ਮੁੰਡਾ ਦੇਖਣ ਜਾਣਾ ਹੁੰਦਾ ਸੀ ।

ਕਦੇ ਕੋਈ ਜਵਾਬ ਦੇ ਦਿੰਦਾ । ਕਦੇ ਕੋਈ ।

ਇੱਧਰੋਂ 'ਹਾਂ' ਜਾਂਦੀ ਤਾਂ ਉੱਧਰੋਂ 'ਨਾਂਹ' ਤੁਰ ਆਉਂਦੀ ।

ਪਰ ਹਰ ਹਫਤੇ ਰਮਾਇਣ ਦੇ ਸੀਰੀਅਲ ਤੋਂ ਬਾਅਦ ਉਹਨਾਂ ਦੇ ਘਰ ਪਸ਼ੂਆਂ ਵਰਗੀ ਮੰਡੀ ਲੱਗੀ ਹੁੰਦੀ । ਮੁੰਡੇ ਕੁੜੀਆਂ ਦਾ ਜੀਵਨ ਸੁੰਗੜ ਕੇ ਮਹੀਨ ਲਕੀਰ ਬਣ ਵਿਆਹ ਦੇ ਬਿੰਦੂ 'ਤੇ ਰੁੱਕ ਗਿਆ ਸੀ । ਦੇਸਾਂ-ਵਿਦੇਸ਼ਾਂ, ਸ਼ਹਿਰਾਂ ਪਿੰਡਾਂ ਤੋਂ ਆਉਂਦੀਆਂ ਇਹ ਲਕੀਰਾਂ ਆਪਸ ਵਿੱਚ ਫਸ ਕੇ ਖੜ੍ਹ ਜਾਂਦੀਆਂ । ਸਭ ਸੋਚਦੇੇ ਕਿ ਉਸ ਬਿੰਦੂ ਵਿੱਚ ਪਏ ਐਟਮਾਂ ਨੇ ਪਤਾ ਨਹੀਂ ਫਟ ਕੇ ਕੀ 'ਖੁਲ੍ਹ ਜਾ ਸਿਮ ਸਿਮ' ਕਰ ਦੇਣੀ ਐ । ਮਾਂ, ਬਾਪ...ਚਾਚੇ...ਜੀਜੇ...ਤਾਏ ਸਰਕਾਰੀ ਫਾਰਮਾਂ ਵਰਗੇ ਵੱਡੇ ਵੱਡੇ ਕਾਗਜ਼ ਚੁੱਕੀ ਫਿਰਦੇ, ਜਿਹਨਾਂ ਵਿੱਚ ਖਾਲੀ ਥਾਵਾਂ ਉੱਤੇ ਠੀਕੇ ਤੇ ਕਾਟੇ ਮਾਰਦੇ, ਫੈਸਲੇ ਕਰਦੇ ਉਹਨਾਂ ਦੇ ਬੁੱਲ੍ਹਾਂ 'ਤੇ ਪੇਪੜੀ ਜਮੀ ਰਹਿੰਦੀ । ਨਾਉਂ, ਨਾਨਕੇ, ਦਾਦਕੇ... ਗੋਤ... ਜ਼ਾਤ... ਤਨਖ਼ਾਹ... ਪੜ੍ਹਾਈ ... ਡਵੀਜਨਾਂ... ਕਾਰਾਂ... ਕੋਠੀਆਂ... ਜ਼ਮੀਨ... ਭਕਾਈ ਮਾਰਦੇ ਘੁੰਮੀ ਜਾਂਦੇ । ਸਭ ਦੇ ਨੱਕ ਦਾ ਨਕੌੜਾ ਬਣਿਆ ਹੁੰਦਾ । ਤੇ 'ਤਾਂਹ ਨੂੰ ਚੁੱਕਿਆ ਹੁੰਦਾ ।

ਜਿੰਨਾ ਸਮਾਂ ਰਮਾਇਣ ਦਾ ਸੀਰੀਅਲ ਚੱਲਿਆ ਓਨਾ ਸਮਾਂ ਦੇਖ ਦਖੱਈਆ ਚਲਿਆ । ਉਸ ਦੀ ਛੋਟੀ ਭੈਣ ਦਾ ਰਿਸ਼ਤਾ ਤਾਂ ਹੋ ਗਿਆ ਸੀ । ਹੋ ਕੀ ਗਿਆ ਸੀ । ਉਸ ਦੇ ਡੈਡੀ ਨੇ 'ਕਰ' ਦਿੱਤਾ ਸੀ । ਪਰ ਉਹ...

''ਕਰਨਾ ਕਰ । ਨਹੀਂ ਕਰਨਾ ਨਾ ਕਰ । ਤੇਰਾ ਜੂੜ ਵੱਡਦੇ ਪਾਗਲ ਹੋ ਗੇ ।''

''ਹੇ ਰਾਮ''

''ਹੇ - ਰਾ - ਮਾ - ਇ - ਣ''

ਕੋਈ ਬੰਦਾ ਜੰਗਲ-ਪਾਣੀ ਤੋਂ ਮੁੜਿਆ ਪਜਾਮੇ ਦੇ ਨਾਲੇ ਨੂੰ ਹੱਥ ਪਾਈ ਪਾਣੀ ਵੱਲ ਨੂੰ ਵੱਧ ਰਿਹਾ ਸੀ ।

ਉਸ ਦੀ ਨਜ਼ਰ ਨੇ ਫੇਰ ਬੁੱਢੇ ਨੂੰ ਟੋਲ਼ ਲਿਆ । ਬੁੱਢਾ ਦਸ ਕੁ ਗਜ਼ ਦੂਰ ਘਾਹ 'ਤੇ ਬੈਠ ਗਿਆ ਸੀ । ਪਰਨਾ ਉਸ ਨੇ ਘਾਹ 'ਤੇ ਵਿਛਾ ਕੇ ਸੁੱਕਣਾ ਪਾ ਦਿੱਤਾ ਸੀ । ਬੁੱਢਾ ਨੀਝ ਨਾਲ ਉਸ ਵੱਲ ਵੇਖ ਰਿਹਾ ਸੀ । ਜਦ ਉਸ ਨੇ ਬੁੱਢੇ ਨੂੰ ਧਿਆਨ ਨਾਲ ਦੇਖਿਆ ਤਾਂ ਬੁੱਢੇ ਨੇ ਆਪਣੀ ਨਿਗ੍ਹਾ ਦਿੱਭ ਵਿੱਚ ਚਰਦੀਆਂ ਮੱਝਾਂ ਵੱਲ ਮੋੜ ਲਈ । ਫੇਰ ਬੁੱਢਾ ਆਪਣੀਆਂ ਲੱਤਾਂ ਉੱਤੇ ਖਾਜ ਜਹੀ ਕਰਨ ਵਿੱਚ ਮਸਤ ਹੋ ਗਿਆ ।

ਸਿਗਰਟ ਦਾ ਬੂੰਡਾ ਉਸ ਨੇ ਜ਼ੋਰ ਦੀ ਵਗਾਹ ਕੇ ਮਾਰਿਆ । ਪਤਾ ਨਹੀਂ ਕਿੱਥੇ ਜਾ ਗਿਰਿਆ । ਉਸ ਦੇ ਸ੍ਹਾਮਣੇ ਦੋ ਝੂੰਡ ਖੜ੍ਹੇ ਸਨ । ਹਰੇ ਕਚੂਰ । ਇੱਕ ਵੱਡਾ । ਇੱਕ ਛੋਟਾ । ਵੱਡੇ ਝੂੰਡ ਦੀ ਹਰਿਆਲੀ ਨੇ ਉਸ ਦੀ ਨਿਗ੍ਹਾ ਨੂੰ ਕਬਜੇ 'ਚ ਕਰ ਲਿਆ । ਇਸ ਝੂੰਡ ਦੇ ਰੰਗ ਦੇ ਕੱਪੜੇ ਉਹ ਕੁੜੀ ਪਾਉਂਦੀ ਹੁੰਦੀ ਸੀ ਜਿਸ ਨਾਲ ਉਸ ਨੂੰ ਪਿਆਰ ਹੋ ਗਿਆ ਸੀ । ਜਿਹੜੀ... ਹਾਂ... 'ਪੁਲਿਸ ਲਾਈਨਜ਼' ਵਿੱਚ ਰਹਿੰਦੀ ਸੀ । ਹੱਟ ਹੱਟ । ਛੱਡ... ਛੱਡ... ਇਹਨਾਂ ਗੱਲਾਂ ਨੂੰ । ਉਸ ਨੇ ਆਪਣੇ ਮਨ ਨੂੰ ਝਿੜਕਿਆ । ਝੂੰਡ ਤੋਂ ਨਿਗ੍ਹਾ ਤੋੜ ਕੇ ਦੂਰ ਪਹਾੜਾਂ ਵੱਲ ਦੇਖਿਆ । ਸੂਰਜ ਕਹਿ ਰਿਹਾ ਸੀ : 'ਤੇਰਾ ਦੇਣਾ ਕੀ ਐ' । ਤੇ ਇੱਕੜ ਦੁੱਕੜ ਉੱਡਦੇ ਪਰਿੰਦੇ ਨੂੰ ਪਛਾਨਣ ਦੀ ਕੋਸ਼ਿਸ ਕੀਤੀ । ਕੁਝ ਚੰਗਾ ਤਾਂ ਲੱਗੇ । ਕਿੰਨਾ ਸਾਫ਼ ਪਾਣੀ ਲੰਬਾ ਈ ਲੰਬਾ ਉਸ ਵੱਲ ਨੂੰ ਡਿ੍ਹੰਘਾਂ ਪੁੱਟਦਾ ਆ ਰਿਹਾ ਸੀ । ਪਰ ਨਹੀਂ । ਸਭ ਕੁਝ ਉਵੇਂ ਹੀ ਸੀ । ਬਕਬਾਸ । ਗਾਲ਼ ਕੱਢਣ ਲੱਗਾ ਤਾਂ ਬੁੱਢਾ ਨੇੜੇ ਈ ਬੈਠਾ ਸੀ । ਮੂੰਹ ਵਿੱਚ ਹੀ ਘੁੱਟ ਲਈ । ਸਭ ਕੁਝ ਟੁੱਕੜਾ ਟੁੱਕੜਾ । ਪੁਰਜ਼ਾ ਪੁਰਜ਼ਾ ।

ਗਰਮੀ ਹੋਰ ਸਤਾਉਣ ਲੱਗੀ ਸੀ । ਉਸ ਨੇ ਸੋਚਿਆ 'ਮੈਂ ਵੀ ਪਾਣੀ 'ਚ ਗੋਤਾ ਮਾਰ ਲਮਾਂ' । ਪਰ ਉਸ ਨੂੰ ਤੈਰਨਾ ਨਹੀਂ ਆਉਂਦਾ । ਉਹ ਡਰ ਗਿਆ । ਉਸ ਨੂੰ ਬੁੱਢੇ ਜਿੰਨੀ ਮੌਜ ਕਿੱਥੇ ਸੀ । ਕਿੰਨਾ ਸੌਖਾ ਸੀ ਬਾਬਾ । ਦੋ ਜੁਨ ਰੋਟੀਆਂ ਖਾਧੀਆਂ । ਮੱਝਾਂ ਆਪਣੇ ਆਪ ਹੀ ਚੁੱਗਣ ਹਿਲੀਆਂ ਹੋਈਆਂ ਸਨ । ਕੱਪੜੇ ਲਾਹੇ । ਲਾਇਆ ਪਰਨਾ... ਤੇ ਮਾਰੀ ਪਾਣੀ ਵਿੱਚ ਛਾਲ...

ਇੱਕ ਪਲ ਉਸ ਨੂੰ ਲੱਗਿਆ ਕਿ ਉਹ ਪਾਗਲ ਦਾ ਸਿਰਾ ਐ । ਦੁੱਖੀ ਹੋ ਕੇ ਇੱਧਰ ਆ ਗਿਆ । ਬਗਲੋਲ । ਐਂ ਘਰੋਂ ਦੌੜਿਆ ਤੇਜੋ ਤੇਜ ਜਿਵੇਂ ਆਪਣੇ ਦੁੱਖਾਂ ਦਾ ਬੋਝ ਪਿੱਛੇ ਛੱਡ ਆਉਣਾ ਹੋਵੇ । ਇਹ ਬਸਤਾ ਤਾਂ ਭਰੇ ਦਾ ਭਰਿਆ ਉਸ ਦੇ ਨਾਲ ਈ ਚਲਿਆ ਆਇਆ ਸੀ ।

ਇੱਥੋਂ ਦੌੜ ਜਾਣਾ ਚਾਹੀਦਾ ਐ ।

ਵਾਪਸ ਆਪਣੇ... ਆਪਣੇ ... ਕਿੱਥੇ ਨੂੰ ?

ਕੁੜਤੇ ਦੇ ਦੋਵੇਂ ਖੀਸਿਆਂ 'ਚ ਪਾਏ ਹੱਥ ਘੁੱਟ ਦਿੱਤੇ । ਇੱਕ 'ਚ ਪਿਆ ਬਟੂਆ ਮਰੋੜ ਦਿੱਤਾ । ਦੂਏ 'ਚ ਡੱਬੀ ਤੇ ਮਾਚਿਸ ਮੁੱਠ ਦੇ ਦਬਾ ਹੇਠ ਵਿੰਗੀਆਂ ਹੋ ਗਈਆਂ । ਸੁੱਕੇ ਬੁੱਲਾਂ 'ਚ ਵਿੰਗੀ ਹੋਈ ਸਿਗਰਟ ਅੜਾ ਲਈ । ਤੀਲੀ ਬਲਦੀ ਬਲਦੀ ਝੂੰਡ ਦੀ ਹਰਿਆਲੀ 'ਚ ਵਗਾਹ ਮਾਰੀ । ਗੁੱਸੇ 'ਚ ਸਿਗਰਟ ਦਾ ਲੰਮਾ ਸੂਟਾ ਖਿੱਚਿਆ । ਲੱਗਿਆ ਸਰੀਰ 'ਚ ਸੂਟਾ ਖਿੱਚਣ ਦੀ ਸ਼ਕਤੀ ਵੀ ਨਹੀਂ ਸੀ । ਧੂੰਏਾ ਨਾਲ ਪੇਟ 'ਚ ਕੁਝ ਹਿੱਲਿਆ । ਲੱਗਿਆ ਪੱਦ ਆਏਗਾ । ਤੇ ਆਖ਼ਰ ਆ ਹੀ ਗਿਆ । ਉਸ ਨੇ ਡਰ ਕੇ ਬੁੱਢੇ ਵੱਲ ਵੇਖਿਆ ਕਿ ਕਿਤੇ ਪੱਦ ਦਾ ਖੜਾਕ ਬੁੱਢੇ ਨੇ ਸੁਣ ਤਾਂ ਨਹੀਂ ਲਿਆ । ਬੁੱਢਾ ਬੜੀ ਨੀਝ ਨਾਲ ਗਰਦਣ ਮਰੋੜ ਕੇ ਉਸ ਨੂੰ ਦੇਖ ਰਿਹਾ ਸੀ । ਉਸ ਦੀ ਡਰਦੀ ਡਰਦੀ ਨਜ਼ਰ ਜਦੋਂ ਬੁੱਢੇ ਦੀਆਂ ਅੱਖਾਂ 'ਚ ਵੱਜੀ, ਤਾਂ ਬੁੱਢੇ ਨੇ ਕੱਛੂ ਵਾਂਗ 'ਕੱਠਾ ਹੋ ਕੇ ਆਪਣਾ ਸਿਰ ਗੋਡਿਆਂ 'ਚ ਦੇ ਲਿਆ । ਹੱਥ 'ਚ ਫੜੀ ਸੋਟੀ ਤੋਂ ਉੱਖੜਿਆ ਸੱਕ ਲਾਹੁਣ ਲੱਗ ਪਿਆ ।

ਉਹ ਬੁੱਢੇ ਨੂੰ ਹੋਰ ਨਾ ਦੇਖ ਸਕਿਆ । ਹੋਰ ਪੱਦ ਆਉਣ ਨੂੰ ਕਰ ਰਿਹਾ ਸੀ । ਉਸ ਦਾ ਪੇਟ ਤਾਂ ਖਰਾਬ ਹੀ ਰਹਿੰਦਾ ਸੀ । ਉਪਰੋਂ ਮਾਂ ਨੇ ਵਾਰ ਵਾਰ ਕਹਿ ਕਹਿ ਕੇ ਤਾਜ਼ੀ ਸੂਈ ਮੱਝ ਦੀ ਬਹੁਲੀ ਖਲਾ ਦਿੱਤੀ ਸੀ । ਹੁਣ ਉਸ ਨੂੰ ਆਪਣੇ ਆਪ ਤੋਂ ਮੱਝ ਵਰਗੀ ਬੋਅ ਮਾਰ ਰਹੀ ਸੀ ।

ਧੁਖ਼ਦੀ ਸਿਗਰਟ ਦੀ ਲੰਬੀ ਵਿੰਗੀ ਸੁਆਹ ਦੀ ਡਲੀ ਝਾੜ ਦਿੱਤੀ ।

ਕੁੱਝ ਵੀ ਚੰਗਾ ਨਹੀਂ ਲੱਗ ਰਿਹਾ ।

ਸੁੱਕੀ ਜ਼ੁਬਾਨ ।

ਬੁੱਲ੍ਹ ਫਟੇ ਹੋਏ ।

ਸੋਚਿਆ ਸੀ ਸਭ ਕੁਝ ਘਰੇ ਛੱਡ ਕੇ ਦਰਿਆ 'ਤੇ ਠੰਡੇ ਸਾਹ ਭਰਾਂਗਾ । ਸ੍ਹਾਮਣੇ ਦਰਿਆ ਪਾਰ ਪਰਲੇ ਕੰਢੇ ਉੱਤੇ ਕਿਸੇ ਦੇ ਖੇਤ ਵਿੱਚ ਇੰਜਣ ਨਾਲ ਚਲਦੇ ਪੰਪ ਦੀ ਆਵਾਜ਼ ਕਦੇ ਨੱਚਣ ਲਾ ਦਿੰਦੀ ਸੀ । ਹੁਣ... ਹੁਣ... ਕੁਝ ਸਮਝ ਨਹੀਂ ਲੱਗਦਾ ।

ਬੁੱਢੇ ਦਾ ਪਰਨਾ ਸੁੱਕੇ ਵਰਗਾ ਹੋ ਗਿਆ ਲਗਦਾ ਸੀ । ਆਠਰਿਆ ਆਠਰਿਆ । ਬੁੱਢੇ ਨੇ ਉੱਠ ਕੇ ਪਰਨਾ ਸਿਰ 'ਤੇ ਲੈ ਲਿਆ । ਮੱਝਾਂ ਤਾਂ ਉਹੀ ਹਨ । ਮੁੰਡੇ ਦਾ ਬਾਪ ਹੋਵੇਗਾ ।

''ਬਾਬੇ, ਮੁੰਡਾ? ਤੇਰਾ? ''

''ਛੱਡ ਹਰਾਮ ਦੀ ਤੁਖਮ ਨੂੰ ''

''ਕਿੱਥੇ ਐ ਮੁੰਡਾ?'' ਪਤਾ ਨਹੀਂ ਦੁਹਰੀ ਵਾਰ ਪੁੱਛਣ ਦਾ ਹੌਂਸਲਾ ਉਹ ਕਿੱਥੋਂ ਲੈ ਆਇਆ ਸੀ ।

''ਜਾਣਾ ਉਹਨੇ ਅੰਗਲੈਂਡ । ਟਰੱਕ ਮਾਂ ਕਲੀਂਡਰ ਬਣ ਗਿਆ । ਵਗ ਗਿਆ । ਦਿੱਲੀ ਨੂੰ ।'' ਉਹ ਹੋਰ ਕੁੱਝ ਨਾ ਪੁੱਛ ਸਕਿਆ । ਹੋਰ ਪੁੱਛਣ ਨੂੰ ਹੈ ਵੀ ਕੁਝ ਨਹੀਂ ਸੀ । ਨਾ ਬੁੱਢੇ ਨੇ ਦੱਸਣਾ ਸੀ । ਬੁੱਢਾ ਤਾਂ ਹੁਣ ਘਰਾਂ ਨੂੰ ਮੁੜਨ ਦੀ ਤਿਆਰੀ ਕਰ ਰਿਹਾ ਸੀ । ਸਿਗਰਟ ਦੀ ਅੱਗ ਉਂਗਲਾਂ ਦੇ ਮਾਸ ਨੂੰ ਛੂ ਗਈ । ਹਰੇ ਕਚੂਰ ਝੂੰਡ ਦੀਆਂ ਜੜਾਂ 'ਚ ਸੁੱਟ ਦਿੱਤੀ ।

ਬੁੱਢਾ ਭਾਵੇਂ ਪਿੰਡਾ ਪੂੰਝ ਰਿਹਾ ਸੀ, ਪਰਨਾ ਸੁੱਕਾ ਰਿਹਾ ਸੀ ਜਾਂ ਗਊ ਘਾਟ ਵਰਗੇ ਕੰਢੇ ਉੱਤੇ ਮਾਲ ਨੂੰ ਪਾਣੀ ਦਿਖਾ ਰਿਹਾ ਸੀ ਉਸ ਨੂੰ ਪੱਕਾ ਯਕੀਨ ਸੀ ਕਿ ਬੁੱਢੇ ਦਾ ਧਿਆਨ ਹਰ ਛਿਣ ਉਸ ਵਿੱਚ ਸੀ । ਬੁੱਢੇ ਨੂੰ ਦਾੜ੍ਹੀ ਦੀ ਹਜ਼ਾਮਤ ਕਰਾਇਆਂ ਮਹੀਨਾ ਹੋ ਗਿਆ ਹੋਵੇਗਾ । ਸ਼ਹਿਰ ਨਹੀਂ ਗਿਆ ਹੋਵੇਗਾ । ਉਸ ਦੀ ਚਿੱਟੀ ਦਾੜ੍ਹੀ ਵਿੱਚ ਕਾਲੇ ਵਾਲ, ਉਸ ਦੇ ਖੀਸੇ ਉੱਤੇ ਲੱਗੇ ਚਿੱਟੇ ਮੋਟੇ ਤੋਪਿਆਂ ਵਾਂਗ ਚਮਕ ਰਹੇ ਸਨ । ਉਸ ਦਾ ਝੱਗਾ ਇੰਨਾ ਘਸਿਆ ਹੋਇਆ ਸੀ ਕਿ ਉਸ ਵਿੱਚੋਂ ਕਿਤੇ ਕਿਤੇ... ਖਾਸ ਕਰ ਮੋਢਿਆਂ ਉੱਤੇ ਸਰੀਰ ਦੇ ਵਾਲ ਬਾਹਰ ਨਿਕਲ ਆਏ ਸਨ । ਪੈਰਾਂ ਵਿੱਚ ਧੌੜੀ ਦੀ ਜੁੱਤੀ ।

ਹੁਣ ਬੁੱਢਾ ਪਸ਼ੂਆਂ ਨੂੰ ਪਾਣੀ ਪਿਲਾ ਕੇ ਪਿਛਾਂਹ ਹੱਕ ਰਿਹਾ ਸੀ । ਜਿਹੜੀ ਮੱਝ ਉਸ ਦਾ ਕਿਹਾ ਨਾ ਮੰਨਦੀ ਉਸ ਦੇ ਵੱਟ ਕੇ ਡੰਡਾ ਮਾਰ ਦਿੰਦਾ । ਲਾਸਾਂ ਪਾ ਦਿੰਦਾ । ਨਾਲ ਦੀ ਨਾਲ ਲਲਕਾਰਾ ਮਾਰਦਾ ਤਾਂ ਸਾਰੀ ਕਾਇਨਾਤ ਕੰਬ ਉਠਦੀ ।

ਪਸ਼ੂਆਂ ਨਾਲ ਘੁਲਦੇ ਬੁੱਢੇ ਨੂੰ ਦੇਖ ਉਹ ਕੰਬ ਗਿਆ ।

''ਹੋਅ - ਹੋਅ - ਹੋਅ - ਅ - ਅ'', ਹੱਥ ਫੜੇ ਡੰਡੇ ਨਾਲ ਉਹ ਅੱਕ ਬਸੂਟੀਆਂ ਦੇ ਸਿਖਰਲੇ ਟੂਸਿਆਂ ਉੱਤੇ ਭਰਵਾਂ ਵਾਰ ਕਰਦਾ ਮੱਝਾਂ ਅੱਗੇ ਤੋਰਦਾ ਨਿਕਲ ਗਿਆ । ਟੂਸੇ ਡੰਡਾ ਵਜਦੇ ਹੀ ਗਰਦਣ ਸਿੱਟ ਦਿੰਦੇ ।

ਉਸ ਨੇ ਦੇਖਿਆ ਕਿ ਬੁੱਢਾ ਮੱਝਾਂ ਦੇ ਪਿੱਛੇ ਪਿੱਛੇ ਖੱਬੇ ਸੱਜੇ ਛੋਟੇ ਵੱਡੇ ਬਿਰਛਾਂ... ਝੂੰਡਾਂ... ਝਾੜਾਂ... ਵਿੱਚ ਲਹਿਰਾਉਂਦਾ ਹੋਇਆ ਹੌਲੀ ਹੌਲੀ ਸੜਕ ਤੋਂ ਪਾਰ ਪਿੰਡ ਵੱਲ ਨੂੰ ਸਰਕ ਰਿਹਾ ਸੀ । ਵੱਗ ਦੀ ਸ਼ਕਲ ਅੱਖਾਂ ਨੂੰ ਛੋਟੀ... ਛੋਟੀ... ਹੋਰ ਛੋਟੀ ਹੁੰਦੀ ਲੱਗ ਰਹੀ ਸੀ ।

ਬੁੱਢੇ ਦੇ ਜਾਣ ਤੋਂ ਬਾਅਦ ਉਸ ਨੇ ਬਿਲਕੁਲ ਇਕੱਲਾ ਮਹਿਸੂਸ ਕੀਤਾ । ਉਹ ਕੋਈ ਫੈਸਲਾ ਨਾ ਕਰ ਸਕਿਆ ਕਿ ਬੁੱਢੇ ਦਾ ਚਲੇ ਜਾਣਾ ਉਸ ਨੂੰ ਚੰਗਾ ਲੱਗਾ ਕਿ ਬੁਰਾ । ਫੇਰ ਉਸ ਨੇ ਆਪਣੇ ਵਜੂਦ ਉੱਤੇ ਨਿਗ੍ਹਾ ਮਾਰੀ । ਜਿਵੇਂ ਉਸ ਨੇ ਇਹ ਵੇਖਣਾ ਹੋਵੇ ਕਿ ਬੁੱਢਾ ਐਨੀ ਨੀਝ ਲਾ ਕੇ ਉਸ ਵਿੱਚ ਕੀ ਦੇਖਣਾ ਚਾਹੁੰਦਾ ਸੀ । ਤਾਜ਼ੀ ਕੀਤੀ ਕਲੋਜ ਸ਼ੇਵ । ਨਾਭੀ ਰੰਗ ਦਾ ਮੁਸਲਮਾਨ ਦਰਜੀ ਦਾ ਸਿਊਂਤਾ ਪਰੈੱਸ ਕੀਤਾ ਕੁੜਤਾ ਪਜਾਮਾ । ਇੱਥੇ ਆਉਂਦੇ ਸਾਰ ਹੀ ਉਸ ਨੇ ਸਕੂਟਰ ਖੜ੍ਹਾ ਕਰ ਕੇ ਰੰਗੀਨ ਸ਼ੀਸਿਆਂ ਵਾਲੀਆਂ ਧੁੱਪ ਦੀਆਂ ਐਨਕਾਂ ਲਾਹ ਦਿੱਤੀਆਂ ਸਨ । ਸਕੂਟਰ ਦੀ ਬਰੇਕ ਵਿੱਚ ਲਟਕਾ ਦਿੱਤੀਆਂ ਸਨ । ਤੇ ਪਿਛਲੀ ਸੀਟ ਉੱਤੇ ਬਹਿ ਗਿਆ ਸੀ । ਯਾਦ ਕੀਤਾ ਕਿ ਬੁੱਢੇ ਦੇ ਦੇਵਤਿਆਂ... ਜਾਂ ਦੈਂਤਾਂ ਵਾਂਗ ਪ੍ਰਗਟ ਹੋਣ ਤੋਂ ਲੈ ਕੇ, ਉਸ ਦੇ ਹੌਲੀ ਹੌਲੀ ਦੂਰ ਜਾਂਦੇ ਜਾਂਦੇ ਛੋਟਾ... ਛੋਟਾ... ਹੋਰ ਛੋਟਾ ਹੋ ਕੇ ਗ਼ਾਇਬ ਹੋਣ ਤੱਕ ਉਹ ਉੱਥੇ ਸਕੂਟਰ ਦੀ ਪਿਛਲੀ ਗੱਦੀ ਉੱਤੇ ਹੀ ਬੈਠਾ ਰਿਹਾ ਸੀ । ਦੋ ਸਿਗਰਟਾਂ ਪੀਤੀਆਂ ਸਨ । ਤੇ 'ਗੂਠੇ ਵਾਲੀਆਂ ਚੱਪਲਾਂ, ਜੋ ਬਾਟਾ ਕੰਪਨੀ ਦੀਆਂ ਸਨ, ਲੱਤਾਂ ਹਿਲਾਉਂਦੇ ਹਿਲਾਉਂਦੇ ਪੈਰਾਂ ਵਿੱਚੋਂ ਨਿਕਲ ਕੇ ਪਤਾ ਨਹੀਂ ਕਦੋਂ ਦੀਆਂ ਧਰਤੀ ਉੱਤੇ ਗਿਰੀਆਂ ਪਈਆਂ ਸਨ ।

ਉਸ ਨੇ ਫੇਰ ਦੂਰ ਅਲੋਪ ਹੋ ਰਹੇ ਬੁੱਢੇ 'ਤੇ ਲੰਬੀ ਨਿਗ੍ਹਾ ਮਾਰੀ । ਕੁਝ ਕੱਟੀਆਂ ਭੱਜ ਕੇ ਪਿੰਡ ਦੀ ਜੂਹ ਟੱਪ ਗਈਆਂ । ਪਿੱਛੇ ਰਹਿ ਗਈਆਂ ਮੱਝਾਂ ਨੂੰ ਉਹ ਡੰਡੇ ਨਾਲ ਵਾਹੋ ਦਾਹੀ ਕੁੱਟ ਰਿਹਾ ਸੀ । ਤੇ ਧੂੜ ਦਾ ਇੱਕ ਹਲਕਾ ਜਿਹਾ ਬੱਦਲ ਬੁੱਢੇ ਦੇ ਉੱਤੇ ਹਵਾ ਵਿੱਚ ਫਸਿਆ ਖੜ੍ਹਾ ਸੀ ।

ਸੂਰਜ ਛਿਪ ਚੁੱਕਾ ਸੀ ।

ਹੁਣ ਉਸ ਨੂੰ ਡਰ ਲੱਗਣ ਲੱਗਾ ।

ਆਲੇ ਦੁਆਲੇ ਬਹੁਤ ਕਬਾੜ-ਕਸੁੱਸਰਾ ਸੀ ।

ਉਸ ਨੇ ਸਕੂਟਰ ਸਟਾਰਟ ਕੀਤਾ । ਤੇ 'ਆਪਣੇ' ਘਰ ਵੱਲ ਨੂੰ ਮੁੜ ਪਿਆ । ਹਨੇਰਾ ਹੋ ਰਿਹਾ ਸੀ । ਉਸ ਨੇ ਯਾਦ ਕੀਤਾ ਕਿ ਬੁੱਢਾ ਉਸ ਨੂੰ 'ਮਿਲਦੇ' ਸਾਰ ਹੀ ਕੁਝ ਬੋਲਿਆ ਸੀ ।

''ਬਾਬੂ ਜੀ ਸਾਅਬ''

''ਹੇ ਰਾਮ''

''ਰਾ - ਮਾ - ਇ - ਣ । ਰ ਮਾ ਇ ਣ ।''

ਹੋਰ ਹਨੇਰਾ ਹੋ ਰਿਹਾ ਸੀ । ਸੂਰਜ ਆਪਣਾ ਜ਼ੋਰ ਲਾ ਹਟਿਆ ਸੀ । ਜਿਊਂ ਜਿਊਂ ਉਸ ਦਾ ਸਕੂਟਰ ਸ਼ਹਿਰ ਵੱਲ ਵੱਧ ਰਿਹਾ ਸੀ, ਹਨੇਰੇ ਅਤੇ ਸ਼ਹਿਰ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਕੇ ਚਿੱਪ ਦਿੱਤਾ ਸੀ । ਫੇਰ ਵੀ ਉਸ ਦੇ ਮਨ ਵਿੱਚ ਪਹਾੜੀਆਂ ਦੀਆਂ ਟੀਸੀਆਂ ਉੱਤੇ ਸੂਰਜ ਹਲੇ ਵੀ ਖੜ੍ਹਾ ਸੀ... ਤੇ... ਤੇ ਸੂਰਜ ਅਤੇ ਪਹਾੜੀ ਟੀਸੀਆਂ ਵਿਚਾਲੇ ਖੜ੍ਹਾ ਬੁੱਢਾ ਬੰਦੂਕ ਚੁੱਕੀ ਦਹਾੜ ਰਿਹਾ ਸੀ:

''ਬਾਬੂ ਜੀ ਸਾਅਬ''

  • ਮੁੱਖ ਪੰਨਾ : ਕਹਾਣੀਆਂ, ਬਲੀਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ