The Child's Return (Bangla Story in Punjabi) : Rabindranath Tagore
ਬੱਚੇ ਦੀ ਵਾਪਸੀ (ਬੰਗਾਲੀ ਕਹਾਣੀ) : ਰਾਬਿੰਦਰਨਾਥ ਟੈਗੋਰ
ਰਾਏ ਚਰਨ ਜਦ ਆਪਣੇ ਮਾਲਕ ਦੇ ਘਰ ਨੌਕਰ ਬਣ ਕੇ ਆਇਆ
ਤਾਂ ਮਸਾਂ ਬਾਰ੍ਹਾਂ ਸਾਲਾਂ ਦਾ ਸੀ। ਉਸ ਦੀ ਜਾਤ ਵੀ ਉਹੋ ਸੀ ਜੋ ਉਸ ਦੇ ਮਾਲਕ
ਦੀ ਸੀ, ਅਤੇ ਉਸ ਦਾ ਕੰਮ ਸੀ ਮਾਲਕ ਦੇ ਮੁੰਡੇ ਨੂੰ ਖਿਡਾਉਣਾ। ਸਮਾਂ ਬੀਤਣ
ਨਾਲ ਮੁੰਡਾ ਰਾਏ ਚਰਨ ਦੀ ਕੁੱਛੜੋਂ ਉਤਰ, ਸਕੂਲ ਜਾਣ ਲੱਗ ਪਿਆ। ਸਕੂਲੋਂ
ਉਹ ਕਾਲਜ ਪਹੁੰਚ ਗਿਆ ਅਤੇ ਕਾਲਜ ਦੀ ਪੜ੍ਹਾਈ ਪਿੱਛੋਂ ਉਸ ਨੂੰ ਅਦਾਲਤ
ਦੀ ਨੌਕਰੀ ਪ੍ਰਾਪਤ ਹੋ ਗਈ । ਮੁੰਡੇ ਦੇ ਵਿਆਹ ਤਕ ਕੇਵਲ ਰਾਏ ਚਰਨ ਹੀ
ਉਸ ਦਾ ਇਕੋ ਇਕ ਅਰਦਲੀ ਸੀ।
ਜਦ ਘਰ ਵਿਚ ਮਾਲਕਿਨ ਆ ਗਈ ਤਾਂ ਰਾਏ ਚਰਨ ਨੂੰ ਪਤਾ ਲੱਗਾ
ਕਿ ਉਸ ਦੇ ਹੁਣ ਇਕ ਦੀ ਥਾਂ ਦੋ ਮਾਲਕ ਹੋ ਗਏ ਹਨ। ਹੁਣ ਉਸ ਦੀ ਥਾਂ
ਮਾਲਕਿਨ ਦੀ ਚਲਦੀ ਸੀ। ਪਰ ਛੇਤੀ ਹੀ ਇਕ ਨਵੇਂ ਜੀਅ ਦੇ ਆਉਣ ਨਾਲ
ਕੁਝ ਘਾਟਾ ਪੂਰਾ ਹੋ ਗਿਆ। ਅਨੁਕੂਲ ਦੇ ਘਰ ਇਕ ਮੁੰਡਾ ਹੋਇਆ ਅਤੇ ਰਾਏ
ਚਰਨ ਨੇ ਉਸ ਵੱਲ ਆਪਣਾ ਧਿਆਨ ਦੇਣ ਵਿਚ ਕੋਈ ਕਸਰ ਨਾ ਛੱਡੀ, ਜਿਸ
ਦਾ ਸਿੱਟਾ ਇਹ ਹੋਇਆ ਕਿ ਮੁੰਡੇ ਤੇ ਰਾਏਚਰਨ ਦਾ ਪੂਰਾ ਪੂਰਾ ਕਾਬੂ ਹੋ ਗਿਆ।
ਉਹ ਮੁੰਡੇ ਨੂੰ ਆਪਣੀਆਂ ਬਾਹਵਾਂ ਵਿਚ ਉਛਾਲਦਾ, ਬੱਚੇ ਨਾਲ ਬੱਚਿਆਂ ਵਰਗੀ
ਬੋਲੀ ਵਿਚ ਤੋਤਲੀਆਂ ਗੱਲਾਂ ਕਰਦਾ, ਬੱਚੇ ਦੇ ਮੂੰਹ ਕੋਲ ਮੂੰਹ ਲੈ ਜਾਂਦਾ ਤੇ
ਫਿਰ ਹੱਸ ਕੇ ਪਿਛੇ ਕਰ ਲੈਂਦਾ।
ਛੇਤੀ ਹੀ ਮੁੰਡਾ ਰਿੜ੍ਹਨ ਲੱਗ ਪਿਆ ਤੇ ਘਰੋਂ ਬਾਹਰ ਨਿਕਲਨ ਦਾ ਵੀ
ਹੀਆ ਕਰਨ ਲੱਗਾ। ਜਿਸ ਸਮੇਂ ਰਾਏ ਚਰਨ ਉਸ ਨੂੰ ਫੜਨ ਦਾ ਯਤਨ ਕਰਦਾ
ਤਾਂ ਚਾਂਭਲੇ ਹਾਸੇ ਨਾਲ ਉਹ ਚੀਕਾਂ ਮਾਰਨ ਲੱਗ ਜਾਂਦਾ ਤੇ ਉਸ ਤੋਂ ਖਿਸਕਣ
ਦਾ ਯਤਨ ਕਰਦਾ। ਰਾਏ ਚਰਨ ਹੈਰਾਨ ਰਹਿ ਜਾਂਦਾ, ਜਦ ਉਹ ਵੇਖਦਾ ਕਿ
ਬਚਾ ਫੜਨ ਵੇਲੇ ਉਸ ਦੀ ਹਰੇਕ ਹਿਲਜੁੱਲ ਨੂੰ ਬੜੀ ਸਾਵਧਾਨੀ ਨਾਲ ਠੀਕ
ਠੀਕ ਤਾੜ ਜਾਂਦਾ ਹੈ। ਉਹ ਆਪਣੀ ਮਾਲਕਿਨ ਨੂੰ ਅਚੰਭੇ ਅਤੇ ਸਹਿਮ ਨਾਲ
ਭਰਿਆ ਹੋਇਆ ਕਹਿੰਦਾ, "ਤੁਹਾਡਾ ਮੁੰਡਾ ਇਕ ਦਿਨ ਜੱਜ ਬਣੇਗਾ।"
ਨਿਤ ਨਵਾਂ ਅਚੰਭਾ ਉਸਦੇ ਸਾਹਮਣੇ ਆਉਣ ਲੱਗਾ। ਜਦ ਬੱਚਾ
ਤੋਤਲੀਆਂ ਗੱਲਾਂ ਕਰਨ ਲੱਗਾ ਤਾਂ ਰਾਏ ਚਰਨ ਲਈ ਮਾਨੋ ਉਹ ਮਨੁੱਖੀ
ਇਤਿਹਾਸ ਦੀ ਮਹਾਨ ਘੜੀ ਸੀ। ਜਦ ਉਹ ਆਪਣੇ ਬਾਪ ਨੂੰ 'ਬਾ-ਬਾ' ਤੇ
ਆਪਣੀ ਮਾਂ ਨੂੰ 'ਮਾਂ-ਮਾਂ' ਅਤੇ ਰਾਏ ਚਰਨ ਨੂੰ 'ਚਾ-ਨਾ' ਕਹਿੰਦਾ ਤਾਂ ਰਾਏ
ਚਰਨ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹਿੰਦੀ । ਉਹ ਸਾਰੀ ਦੁਨੀਆਂ ਨੂੰ ਇਹ ਗੱਲ
ਸੁਣਾਉਣ ਲਈ ਉਤਾਵਲਾ ਹੁੰਦਾ।
ਕੁਝ ਚਿਰ ਪਿਛੋਂ ਰਾਏ ਚਰਨ ਨੂੰ ਆਪਣੀ ਕਾਰੀਗਰੀ ਕਈ ਹੋਰ ਢੰਗਾਂ
ਨਾਲ ਵਿਖਾਣੀ ਪਈ। ਉਸ ਨੂੰ ਮੂੰਹ ਵਿਚ ਰੱਸੀ ਲੈ, ਘੋੜੇ ਵਾਂਗ ਕੁਦਾੜੀਆਂ
ਮਾਰਨੀਆਂ ਪੈਂਦੀਆਂ। ਪਹਿਲਵਾਨ ਬਣ ਕੇ ਬਚੇ ਨਾਲ ਘੁਲਣਾ ਪੈਂਦਾ, ਤੇ ਜੇ
ਉਹ ਕੋਈ ਦਾਅ ਖੇਡ ਕੇ ਅੰਤ ਵਿਚ ਆਪਣੀ ਪਿੱਠ ਨਾ ਲੁਆ ਲੈਂਦਾ ਤਾਂ ਉਹ
ਦੇ ਭਾ ਦੀ ਬਣ ਜਾਂਦੀ।
ਇਸ ਸਮੇਂ ਅਨੁਕੂਲ ਦੀ ਬਦਲੀ ਪਦਮਾ ਨਦੀ ਦੇ ਕੰਢੇ ਦੇ ਇਕ ਜ਼ਿਲ੍ਹੇ
ਵਿਚ ਹੋ ਗਈ। ਉਥੇ ਜਾਣ ਲਗਿਆਂ ਰਾਹ ਵਿਚ ਕਲਕੱਤਾ ਪੈਂਦਾ ਸੀ। ਉਸ
ਕਲਕੱਤੇ ਤੋਂ ਆਪਣੇ ਬੱਚੇ ਨੂੰ ਇਕ ਬੱਚਾ-ਗੱਡੀ (ਗਡੀਰਨਾ) ਲੈ ਦਿੱਤੀ, ਅਤੇ
ਨਾਲ ਹੀ ਇਕ ਪੀਲੀ ਸਾਟਨ ਦੀ ਵਾਸਕਟ, ਜ਼ਰੀ ਦੀ ਬਣੀ ਸਿਰ ਦੀ ਟੋਪੀ,
ਹੱਥਾਂ ਵਿਚ ਸੋਨੇ ਦੇ ਕੜੇ ਪੈਰਾਂ ਵਿਚ ਪਾਣ ਲਈ ਸੋਨੇ ਦੀਆਂ ਝਾਂਜਰਾਂ
ਵੀ ਲੈ ਦਿੱਤੀਆਂ। ਜਦ ਵੀ ਕਦੇ ਸੈਰ ਜਾਣਾ ਹੁੰਦਾ ਤਾਂ ਰਾਏ ਚਰਨ ਸੱਜ-ਧਜ
ਦਾ ਇਹ ਸਾਰਾ ਸਮਾਨ ਕਢ ਲੈਂਦਾ ਅਤੇ ਬੜੇ ਧਿਆਨ ਤੇ ਉਚੇਚ ਨਾਲ ਬਚੇ
ਨੂੰ ਪਹਿਨਾਂਦਾ।
ਫਿਰ ਬਰਸਾਤ ਸ਼ੁਰੂ ਹੋ ਗਈ ਅਤੇ ਦਿਨ ਰਾਤ ਮੀਂਹ ਵਰ੍ਹਨ ਲੱਗੇ। ਭੁੱਖੀ
ਪਦਮਾ (ਨਦੀ) ਨੇ ਵੱਡੇ ਸਾਰੇ ਸੱਪ ਵਾਂਗ, ਛੋਟੇ ਛੋਟੇ ਪੱਧਰੇ ਕੀਤੇ ਧਾਨ ਦੇ ਖੇਤਾਂ
ਨਾਲ ਲਗਦੇ ਪਿੰਡਾਂ ਨੂੰ ਇਕ ਇਕ ਕਰਕੇ ਨਿਗਲ ਲਿਆ। ਉਸ ਰੇਤਲੇ ਕੰਢਿਆਂ
ਤੇ ਉਗੇ ਲੰਮੇ ਲੰਮੇ ਘਾਹ ਤੇ ਝਾੜੀਆਂ ਨੂੰ ਆਪਣੇ ਹੜ੍ਹ ਦੇ ਪਾਣੀ ਨਾਲ ਕੱਜ
ਦਿੱਤਾ। ਕੰਢਿਆਂ ਨੂੰ ਢਾਹ ਲਗੀ ਰਹਿੰਦੀ ਤੇ ਥੋੜੇ ਥੋੜੇ ਚਿਰ ਪਿਛੋਂ ਜਦ ਕੋਈ
ਕੰਢਾ ਡਿਗਦਾ ਤਾਂ ਘੜ੍ਹੰਮ ਦੀ ਆਵਾਜ਼ ਆਉਂਦੀ। ਨਦੀ ਦੀ ਸ਼ੂਕਰ ਦੂਰ ਦੂਰ
ਤਕ ਸੁਣਾਈ ਦੇਂਦੀ। ਝੱਗ ਦੇ ਵੱਡੇ ਵੱਡੇ ਗੋੜ੍ਹੇ ਦੌੜੇ ਜਾਂਦੇ, ਜਿਨ੍ਹਾਂ ਤੋਂ ਨਦੀ
ਦੇ ਪਾਣੀ ਦੀ ਤੇਜ਼ ਰਵਾਨੀ ਦਾ ਪਤਾ ਚਲਦਾ ।
ਇਕ ਦਿਨ ਲੌਢੇ ਵੇਲੇ ਮੀਂਹ ਬੰਦ ਹੋ ਗਿਆ। ਭਾਵੇਂ ਬੱਦਲਵਾਈ ਸੀ,
ਪਰ ਮੌਸਮ ਠੰਡਾ ਤੇ ਰੁਤ ਟਹਿਕੀ ਹੋਈ ਸੀ। ਰਾਏ ਚਰਨ ਦੇ ਛੋਟੇ ਜੇਹੇ ਆਪਹੁਦਰੇ
ਮਾਲਕ ਨੂੰ ਅਜੇਹੇ ਵਧੀਆ ਮੌਸਮ ਵਿਚ ਘਰ ਰਹਿਣਾ ਪਸੰਦ ਨਹੀਂ ਸੀ। ਸੋ
ਸਰਕਾਰ ਆਪਣੇ ਗਡੀਰਨੇ ਵਿਚ ਚੜ੍ਹ ਕੇ ਬੈਠ ਗਈ। ਰਾਏ ਚਰਨ ਗਡੀਰਨੇ
ਦੇ ਬੰਬਾਂ ਅੱਗੇ ਜੁੱਤ ਕੇ ਗਡੀਰਨੇ ਨੂੰ ਹੌਲੀ ਹੌਲੀ ਖਿਚਣ ਲੱਗਾ ਤੇ ਅੰਤ ਉਹ
ਨਦੀ ਦੇ ਕੰਢੇ ਧਾਨ ਤੇ ਖੇਤਾਂ ਵਿਚ ਜਾ ਅਪੜਿਆ। ਖੇਤਾਂ ਵਿਚ ਕੋਈ ਬੰਦਾ
ਨਜ਼ਰ ਨਹੀਂ ਸੀ ਆਉਂਦਾ ਤੇ ਨ ਹੀ ਨਦੀ ਵਿਚ ਕੋਈ ਬੇੜੀ ਦਿਸੀ ਸੀ। ਨਦੀ
ਦੇ ਪਰਲੇ ਪਾਰ, ਦੂਰ ਸਾਰੇ ਪੱਛਮ ਵੱਲ ਬੱਦਲ ਪਾਟ ਗਏ ਸਨ। ਸੂਰਜ ਡੁੱਬਣ
ਦੇ ਸ਼ਾਂਤਮਈ ਦ੍ਰਿਸ਼ ਦੀ ਸੁੰਦਰ ਛੱਬ ਉਘੜ ਆਈ ਸੀ। ਇਸ ਇਕਾਂਤ ਵਿਚ ਬੱਚੇ
ਨੇ ਆਪਣੀ ਉਂਗਲ ਨਾਲ ਸਾਹਮਣੇ ਇਸ਼ਾਰਾ ਕਰਦਿਆਂ ਕਿਹਾ "ਚਾ-ਨਾ-ਸੂ-
ਨੇ-ਫੂ ।"
ਸਾਹਮਣੇ ਦਲਦਲੀ ਧਰਤੀ ਤੇ ਪਦਮ ਦਾ ਬਿਰਖ਼ ਖੜ੍ਹਾ ਸੀ ਜਿਸ ਤੇ
ਫੁੱਲਾਂ ਦੀ ਬਹਾਰ ਆਈ ਹੋਈ ਸੀ। ਰਾਏ ਚਰਨ ਝਟ ਸਮਝ ਗਿਆ ਕਿ ਉਸ ਦੀ
ਸਰਕਾਰ ਕਿੱਧਰ ਲਲਚਾਈਆਂ ਨਜ਼ਰਾਂ ਨਾਲ ਵੇਖ ਰਹੀ ਹੈ ਤੇ ਕੀ ਚਾਹੁੰਦੀ ਹੈ।
ਕੇਵਲ ਥੋੜ੍ਹੇ ਦਿਨ ਪਹਿਲਾਂ ਰਾਏ ਚਰਨ ਨੇ ਬਾਲਕ ਲਈ ਇਸੇ ਬਿਰਖ਼ ਦੇ ਫੁਲਾਂ
ਦਾ ਗਡੀਰਨਾ ਬਣਾਇਆ ਸੀ ਜਿਸ ਨੂੰ ਰੱਸੀ ਪਾਈ ਬਾਲਕ ਸਾਰਾ ਦਿਨ ਚਾਈਂ
ਚਾਈਂ ਇਧਰ ਉਧਰ ਰੇੜਦਾ ਫਿਰਦਾ ਸੀ। ਉਸ ਦਿਨ ਰਾਏ ਚਰਨ ਨੂੰ ਮੂੰਹ ਵਿਚ
ਲਗਾਮ ਨ ਲੈਣੀ ਪਈ ਸਗੋਂ ਘੋੜੇ ਦੀ ਥਾਂ ਸਾਈਸ ਦੀ ਪਦਵੀ ਮਿਲ ਗਈ।
ਪਰ ਰਾਏ ਚਰਨ ਦਾ ਉਸ ਦਿਨ ਗੋਡੇ ਗੋਡੇ ਪਾਣੀ ਤੇ ਗਾਰੇ ਦੀ ਖੁੱਭਣ
ਵਿੱਚੋਂ ਲੰਘ, ਛਿੱਟਾਂ ਉਡਾਂਦਿਆਂ ਫੁੱਲ ਤੋੜ ਲਿਆਉਣ ਨੂੰ ਜੀਅ ਨਹੀਂ ਸੀ
ਕਰਦਾ। ਇਸ ਲਈ ਉਸ ਨੇ ਝੱਟ ਹੀ ਦੂਜੇ ਪਾਸੇ ਉਂਗਲੀ ਨਾਲ ਇਸ਼ਾਰਾ
ਕਰਦਿਆਂ ਕਿਹਾ, "ਔਹ ਵੇਖ ਕਾਕਾ! ਕਿੱਡਾ ਸੁਹਣਾ ਪੰਛੀ ਹੈ!" ਤੇ ਉਹ ਅੱਲ੍ਹੜ
ਵੱਲ੍ਹੜੀਆਂ ਮਾਰਦਾ ਰੌਲਾ ਪਾਉਂਦਾ ਗਡੀਰਨੇ ਨੂੰ ਖਿੱਚ ਕੇ ਉਸ ਬਿਰਖ ਤੋਂ ਛੇਤੀ
ਦੂਰ ਲੈ ਗਿਆ।
ਪਰ ਜਿਸ ਬੱਚੇ ਨੇ ਜੱਜ ਬਣਨਾ ਹੋਵੇ ਉਸ ਨੂੰ ਏਨੀ ਸੌਖੀ ਤਰ੍ਹਾਂ ਨਹੀਂ
ਟਾਲਿਆ ਜਾ ਸਕਦਾ। ਦੂਜੇ ਦਾ ਧਿਆਨ ਖਿਚਣ ਲਈ ਹੋਰ ਚੀਜ਼ ਵੀ ਕੋਈ
ਨਹੀਂ ਸੀ ਤੇ ਖਿਆਲੀ ਪੰਛੀ ਦਾ ਭੁਲੇਖਾ ਵੀ ਕਿੰਨਾ ਕੁ ਚਿਰ ਪਾਈ ਰੱਖਿਆ
ਜਾ ਸਕਦਾ ?
ਛੋਟੀ ਸਰਕਾਰ ਨੇ ਆਪਣਾ ਮਨ ਪੱਕੀ ਤਰ੍ਹਾਂ ਬਣਾ ਲਿਆ ਹੋਇਆ ਸੀ
ਤੇ ਰਾਏ ਚਰਨ ਨੂੰ ਕੋਈ ਬਹਾਨਾ ਬਣਦਾ ਨਹੀਂ ਸੀ ਦਿਸ ਆਉਂਦਾ। "ਅੱਛਾ
ਕਾਕਾ!" ਉਸ ਕਿਹਾ, "ਤੂੰ ਇਥੇ ਗਡੀਰਨੇ ਵਿਚ ਚੁਪ-ਚਾਪ ਬੈਠਾ ਰਹੀਂ ਤੇ ਮੈਂ
ਤੈਨੂੰ ਸੋਹਣੇ ਫੁੱਲ ਲਿਆ ਕੇ ਦੇਂਦਾ ਹਾਂ। ਇਨਾ ਖਿਆਲ ਰੱਖੀਂ ਕਿ ਪਾਣੀ ਦੇ ਨੇੜੇ
ਨਾ ਜਾਈਂ।"
ਇਹ ਕਹਿ ਕੇ ਉਸ ਆਪਣੀ ਧੋਤੀ ਗੋਡਿਆਂ ਤੋਂ ਉੱਪਰ ਟੰਗ ਲਈ ਤੇ
ਪਾਣੀ ਅਤੇ ਚਿੱਕੜ ਨੂੰ ਪਾਰ ਕਰਕ ਕੇ ਪਦਮ ਦੇ ਬਿਰਖ਼ ਕੋਲ ਪਹੁੰਚ ਗਿਆ।
ਰਾਏ ਚਰਨ ਦੇ ਜਾਣ ਦੀ ਦੇਰ ਸੀ ਕਿ ਛੋਟੀ ਸਰਕਾਰ ਦਾ ਧਿਆਨ
ਫੁੱਲਾਂ ਵਲੋਂ ਹਟ ਕੇ ਮਨ੍ਹਾਂ ਕੀਤੇ ਪਾਣੀ ਵੱਲ ਚਲਾ ਗਿਆ। ਬੱਚੇ ਨੇ ਨਦੀ ਦੇ
ਵਹਿਣ ਨੂੰ ਛੱਲਾਂ ਮਾਰਦਿਆਂ ਤੇ ਸ਼ੂਕਦਿਆਂ ਤੇਜ਼ੀ ਨਾਲ ਦੌੜੇ ਜਾਂਦੇ ਵੇਖਿਆ।
ਇਉਂ ਜਾਪਦਾ ਸੀ ਜਿਵੇਂ ਛੋਟੀਆਂ ਛੋਟੀਆਂ ਲਹਿਰਾਂ ਕਿਸੇ ਮਹਾਨ ਰਾਏ ਚਰਨ
ਦੇ ਹੱਥਾਂ ਵਿਚੋਂ ਹਜ਼ਾਰਾਂ ਬੱਚਿਆਂ ਦੇ ਹਾਸੇ ਦੀ ਛਣਕਾਰ ਨਾਲ ਨਿਕਲ ਨਿਕਲ
ਜਾ ਰਹੀਆਂ ਸਨ। ਉਹਨਾਂ ਦੀ ਇਸ ਸ਼ਰਾਰਤੀ ਖੇਡ ਨੂੰ ਵੇਖ ਕੇ ਬਾਲਕ ਦਾ
ਮਨ ਵੀ ਚੰਚਲ ਹੋ ਉਠਿਆ, ਉਹ ਅੱਖ ਬਚਾ ਕੇ ਗਡੀਰਨੇ ਤੋਂ ਉਤਰਿਆ ਤੇ
ਠਿੱਬੀ ਚਾਲ ਚਲਦਾ ਨਦੀ ਵੱਲ ਹੋ ਤੁਰਿਆ। ਰਾਹ ਵਿੱਚੋਂ ਉਸ ਇਕ ਪਤਲੀ
ਛਮਕ ਚੁਕ ਲਈ ਅਤੇ ਨਦੀ ਦੇ ਕੰਢੇ ਤੇ ਜਾ ਕੇ ਇਉਂ ਝੁਕ ਗਿਆ ਜਿਵੇਂ
ਮੱਛੀਆਂ ਫੜ ਰਿਹਾ ਹੋਵੇ। ਸ਼ਰਾਰਤੀ ਜਲ-ਪਰੀਆਂ ਉਸ ਨੂੰ ਆਪਣੀਆਂ ਭੇਤ
ਭਰੀਆਂ ਅਵਾਜ਼ਾਂ ਨਾਲ ਆਪਣੇ ਵਿਹੜੇ ਵਿਚ ਖੇਡਣ ਲਈ ਸੱਦ ਰਹੀਆਂ ਪ੍ਰਤੀਤ
ਹੋਈਆਂ।
ਰਾਏ ਚਰਨ ਨੇ ਬਿਰਖ ਨਾਲੋਂ ਬੁੱਕ ਸਾਰੇ ਫੁੱਲ ਤੋੜੇ। ਉਹ ਉਨ੍ਹਾਂ ਨੂੰ
ਆਪਣੇ ਪੱਲੇ ਵਿਚ ਪਾਈ ਵਾਪਸ ਆ ਰਿਹਾ ਸੀ ਤੇ ਉਸਦਾ ਮੂੰਹ ਮੁਸਕਾਨਾਂ
ਨਾਲ ਭਰਿਆ ਹੋਇਆ ਸੀ। ਪਰ ਜਦ ਉਸ ਗਡੀਰਨੇ ਕੋਲ ਪਹੁੰਚਿਆ ਤਾਂ ਉਹ
ਖਾਲੀ ਸੀ, ਉਸ ਆਲੇ ਦੁਆਲੇ ਚਾਰੇ ਪਾਸੇ ਵੇਖਿਆ ਪਰ ਉਥੇ ਕੋਈ ਨਜ਼ਰੀਂ ਨਾ
ਆਇਆ। ਉਸ ਫਿਰ ਗਡੀਰਨੇ ਵੱਲ ਵੇਖਿਆ ਪਰ ਉਥੇ ਵੀ ਕੋਈ ਨਹੀਂ ਸੀ।
ਉਸ ਭਿਆਨਕ ਘੜੀ ਰਾਏ ਚਰਨ ਦਾ ਲਹੂ ਜਿਵੇਂ ਅੰਦਰ ਜੰਮ ਗਿਆ
ਹੋਵੇ। ਉਸ ਦੀਆਂ ਅੱਖਾਂ ਅੱਗੇ ਹਨ੍ਹੇਰਾ ਆ ਗਿਆ ਤੇ ਸਾਰਾ ਸੰਸਾਰ ਧੁੰਦ ਵਾਂਗ
ਉਸਦੇ ਸਾਹਮਣੇ ਘੁੰਮਣ ਲੱਗਾ। ਟੁੱਟੇ ਦਿਲ ਦੀਆਂ ਡੂੰਘਾਣਾਂ ਵਿੱਚੋਂ ਉਸ ਇਕ
ਚੀਕ ਜੇਹੀ ਮਾਰੀ, "ਸਰਕਾਰ, ਸਰਕਾਰ, ਛੋਟੀ ਸਰਕਾਰ !"
ਪਰ 'ਚਾ-ਨਾ' ਕਹਿ ਕੇ ਕਿਸੇ ਵੀ ਜਵਾਬ ਨਾ ਦਿੱਤਾ। ਕਿਸੇ ਵੀ ਬੱਚੇ
ਦੀ ਚੀਕ ਦਾ ਜਵਾਬ ਸ਼ਰਾਰਤੀ ਹਾਸੇ ਵਿਚ ਨਾ ਦਿੱਤਾ। ਨਾ ਹੀ ਉਸਦੀ ਵਾਪਸੀ
ਦਾ ਕਿਸੇ ਚਾਵਾਂ ਭਰੀ ਚੀਕ ਨੇ ਸਵਾਗਤ ਕੀਤਾ। ਕੇਵਲ ਨਦੀ ਪਹਿਲਾਂ ਵਾਂਗ
ਉਛਾਲੇ ਮਾਰਦੀ ਤੇ ਸ਼ੂਕਦੀ ਦੌੜੀ ਜਾ ਰਹੀ ਸੀ, ਜਿਵੇਂ ਉਸ ਨੂੰ ਕਿਸੇ ਗੱਲ ਦਾ
ਪਤਾ ਹੀ ਨਹੀਂ ਸੀ ਤੇ ਉਸ ਕੋਲ ਬੱਚੇ ਦੀ ਮੌਤ ਵਰਗੀ ਨਿਗੂਣੀ ਗੱਲ ਵੱਲ
ਧਿਆਨ ਦੇਣ ਦੀ ਵਿਹਲ ਹੀ ਨਹੀਂ ਸੀ।
ਜਿਉਂ ਜਿਉਂ ਸ਼ਾਮ ਹੁੰਦੀ ਗਈ, ਰਾਏ ਚਰਨ ਦੀ ਮਾਲਕਿਨ ਦੀ ਚਿੰਤਾ
ਵਧਦੀ ਗਈ। ਉਸ ਸਾਰੇ ਪਾਸੇ ਉਨ੍ਹਾਂ ਦੀ ਭਾਲ ਵਿਚ ਬੰਦੇ ਨਠਾਏ। ਉਹ ਹੌਥਾਂ
ਵਿਚ ਲਾਲਟੈਨਾਂ ਵਿਚ ਇਧਰ ਉਧਰ ਘੁੰਮਦੇ ਅੰਤ ਪਦਮਾ ਨਦੀ ਦੇ ਕੰਢੇ ਪਹੁੰਚੇ।
ਉਥੇ ਉਨ੍ਹਾਂ ਨੂੰ ਰਾਏ ਚਰਨ ਧਾਨ ਦੇ ਖੇਤਾਂ ਵਿਚ, ਸੱਜੇ ਖੱਬੇ, ਉਪਰ ਹੇਠਾਂ ਵਾ-
ਵਰੋਲੇ ਵਾਂਗ ਨਠਦਿਆਂ ਤੇ "ਸਰਕਾਰ, ਸਰਕਾਰ, ਛੋਟੀ ਸਰਕਾਰ" ਦੀਆਂ
ਨਿਰਾਸ਼ਤਾ ਭਰੀਆਂ ਟਾਹਰਾਂ ਮਾਰਦਾ ਮਿਲਿਆ।
ਅੰਤ ਜਦ ਉਹ ਰਾਏ ਚਰਨ ਨੂੰ ਘਰ ਲੈ ਆਏ ਤਾਂ ਰਾਏ ਚਰਨ ਆਪਣੀ
ਮਾਲਕਿਨ ਦੇ ਪੈਰਾਂ ਤੇ ਮੂਧੇ ਮੂੰਹ ਜਾ ਪਿਆ। ਉਨ੍ਹਾਂ ਉਸ ਨੂੰ ਮੋਢੇ ਤੋਂ ਫੜ ਕੇ
ਝੰਝੋੜਿਆ, ਪ੍ਰਸ਼ਨ ਤੇ ਪ੍ਰਸ਼ਨ ਕੀਤਾ ਤੇ ਉਸ ਤੋਂ ਘੜੀ ਮੁੜੀ ਪੁਛਿਆ ਕਿ ਉਹ
ਬੱਚੇ ਨੂੰ ਕਿੱਥੇ ਛੱਡ ਆਇਆ ਹੈ ? ਪਰ ਉਹ ਇਹੋ ਕੁਝ ਕਹਿ ਸਕਿਆ ਕਿ ਉਸ
ਨੂੰ ਕੁਝ ਪਤਾ ਨਹੀਂ।
ਭਾਵੇਂ ਸਾਰਿਆਂ ਦਾ ਇਹੋ ਖਿਆਲ ਸੀ ਕਿ ਬਚਾ ਪਦਮਾ ਨਦੀ ਵਿਚ
ਰੁੜ੍ਹ ਗਿਆ ਹੈ, ਪਰ ਫਿਰ ਵੀ ਇਕ ਸੰਦੇਹ ਹਾਲੀ ਉਨ੍ਹਾਂ ਅੰਦਰ ਲੁਕਿਆ ਹੋਇਆ
ਸੀ। ਬਾਜ਼ਗੀਰਾਂ ਦੀ ਇਕ ਟੋਲੀ ਤੀਜੇ ਪਹਿਰ ਪਿੰਡ ਦੇ ਲਾਗੇ ਵੇਖੀ ਗਈ ਸੀ।
ਸਾਰਿਆਂ ਦਾ ਸ਼ੱਕ ਇਨ੍ਹਾਂ ਬਾਜ਼ੀਗਰਾਂ ਤੇ ਜਾਂਦਾ ਸੀ। ਮਾਂ ਆਪਣੇ ਗ਼ਮ ਵਿਚ
ਇੰਨੀ ਬੇਚੈਨ ਹੋ ਗਈ ਹੋਈ ਸੀ ਕਿ ਉਸ ਨੂੰ ਤਾਂ ਇਹ ਸੰਦੇਹ ਹੋਣ ਲੱਗ ਪਿਆ
ਕਿ ਬੱਚਾ ਰਾਏ ਚਰਨ ਨੇ ਹੀ ਚੁਰਾਇਆ ਹੈ। ਉਸ ਰਾਏ ਚਰਨ ਨੂੰ ਇਕ ਪਾਸੇ
ਲਿਜਾ ਕੇ ਦੁੱਖ ਭਰੇ ਹਾੜੇ ਵਿਚ ਕਿਹਾ, "ਰਾਏ ਚਰਨ, ਮੇਰਾ ਬੱਚਾ ਮੈਨੂੰ ਦੇ ਦੇ!
ਮੇਰਾ ਬੱਚਾ ਮੈਨੂੰ ਵਾਪਸ ਕਰ ਦੇ ! ਮੈਥੇਂ ਜੋ ਕੁਝ ਲੈਣਾ ਹੀ ਲੈ ਲੈ, ਪਰ ਮੇਰਾ ਬੱਚਾ
ਮੈਨੂੰ ਵਾਪਸ ਦੇ ਦੇ!"
ਰਾਏ ਚਰਨ ਉਤਰ ਵਿਚ ਕੇਵਲ ਆਪਣੇ ਮੱਥੇ ਤੇ ਹੱਥ ਮਾਰੀ ਜਾਂਦਾ
ਸੀ। ਗੁੱਸੇ ਵਿਚ ਮਾਲਕਿਨ ਨੇ ਉਸ ਨੂੰ ਘਰੋਂ ਨਿਕਲ ਜਾਣ ਦਾ ਹੁਕਮ ਦੇ ਦਿੱਤਾ।
ਅਨੁਕੂਲ ਨੇ ਆਪਣੀ ਵਹੁਟੀ ਨੂੰ ਉਸ ਦੇ ਇਸ ਅਯੋਗ ਸੰਦੇਹ ਬਾਰੇ ਬਥੇਰੇ ਕਿਹਾ
ਸੁਣਿਆ। ਉਸ ਵਹੁਟੀ ਨੂੰ ਪੁਛਿਆ, "ਇਹ ਦੱਸ, ਉਸ ਨੂੰ ਇਹੋ ਜੇਹਾ ਜੁਰਮ
ਕਰਨ ਦੀ ਕੀ ਲੋੜ ਸੀ?"
ਪਰ ਬੱਚੇ ਦੀ ਮਾਂ ਦਾ ਜਵਾਬ ਇਹੋ ਸੀ, "ਬੱਚੇ ਨੇ ਸੋਨੇ ਦੇ ਗਹਿਣੇ
ਪਾਏ ਹੋਏ ਸਨ, ਕੋਈ ਕੀ ਕਹਿ ਸਕਦਾ ਹੈ ?"
ਇਸ ਪਿੱਛੋਂ ਉਸ ਨਾਲ ਹੋਰ ਚਰਚਾ ਕਰਨੀ ਵਿਅਰਥ ਸੀ।
ਰਾਏ ਚਰਨ ਆਪਣੇ ਪਿੰਡ ਵਾਪਸ ਚਲਾ ਗਿਆ। ਉਸ ਦਾ ਕੋਈ ਪੁਤਰ
ਨਹੀਂ ਸੀ, ਅਤੇ ਨਾ ਹੀ ਹੋਰ ਹੋਣ ਦੀ ਹੁਣ ਆਸ ਸੀ। ਕਰਨਾ ਰੱਬ ਦਾ, ਸਾਲ
ਪਿੱਛੋਂ ਹੀ ਉਸ ਦੀ ਵਹੁਟੀ ਨੇ ਇਕ ਪੁੱਤਰ ਨੂੰ ਜਨਮ ਦਿੱਤਾ, ਪਰ ਆਪ ਵਿਚਾਰੀ
ਚਲਦੀ ਬਣੀ।
ਪਹਿਲੋਂ ਪਹਿਲ ਨਵ ਬੱਚੇ ਨੂੰ ਵੇਖਦਿਆਂ ਹੀ ਰਾਏ ਚਰਨ ਦੇ ਮਨ ਵਿਚ
ਭਾਰੀ ਗੁੱਸਾ ਆਇਆ। ਇਸ ਗੁੱਸੇ ਦਾ ਕਾਰਨ ਉਸ ਦੇ ਮਨ ਵਿਚ ਉਪਜਿਆ
ਇਹ ਸੰਦੇਹ ਸੀ ਕਿ ਇਹ ਬੱਚਾ 'ਛੋਟੀ ਸਰਕਾਰ" ਦੀ ਥਾਂ ਖੋਹਣ ਆਇਆ ਹੈ।
ਉਸ ਇਹ ਵੀ ਸੋਚਿਆ ਕਿ ਮਾਲਕ ਦੇ ਪੁੱਤਰ ਨੂੰ ਇਸ ਤਰ੍ਹਾਂ ਗੁਆ ਕੇ ਆਪਣੇ
ਪੁੱਤਰ ਦਾ ਸੁੱਖ ਮਾਣਨਾ ਤਾਂ ਭਾਰੀ ਜੁਰਮ ਹੈ। ਸੱਚੀ ਗੱਲ ਤਾਂ ਇਹ ਹੈ ਕਿ ਜੇ
ਰਾਏ ਚਰਨ ਦੀ ਵਿਧਵਾ ਭੈਣ ਬੱਚੇ ਨੂੰ ਪਾਲਣ ਦਾ ਭਾਰ ਸਿਰ ਤੇ ਨਾ ਚੁੱਕਦੀ
ਤਾਂ ਬੱਚਾ ਬਹੁਤੇ ਦਿਨ ਨਾ ਕੱਢਦਾ।
ਹੌਲੀ ਹੌਲੀ ਰਾਏ ਚਰਨ ਦੇ ਮਨ ਦੀ ਅਵਸਥਾ ਬਦਲਦੀ ਗਈ। ਇਕ
ਬੜੇ ਅਚੰਭੇ ਦੀ ਗੱਲ ਵਾਪਰੀ। ਇਹ ਨਵਾਂ ਬੱਚਾ ਵੀ ਸਮਾਂ ਆਉਣ ਤੇ ਰਿੜ੍ਹਨ
ਲਗਾ ਤੇ ਬੂਹਿਓਂ ਬਾਹਰ ਨਿਕਲਣ ਦੀ ਦਲੇਰੀ ਕਰਨ ਲੱਗਾ ਅਤੇ ਸ਼ਰਾਰਤਾਂ ਤੇ
ਤੁਲ ਗਿਆ। ਇਹ ਵੀ ਉਸ ਨੂੰ ਫੜ੍ਹਨ ਸਮੇਂ ਕਮਾਲ ਦੀ ਚਲਾਕੀ ਵਿਖਾਉਣ
ਲੱਗਾ। ਉਸ ਦੀ ਆਵਾਜ਼, ਉਸ ਦਾ ਹਾਸਾ, ਉਸ ਦੇ ਅੱਥਰੂ, ਉਸ ਦੇ ਇਸ਼ਾਰੇ
ਸਭ ਇੰਨ ਬਿੰਨ 'ਛੋਟੀ ਸਰਕਾਰ" ਵਰਗੇ ਸਨ। ਕਦੇ ਕਦੇ ਰਾਏ ਚਰਨ ਜਦ ਉਸ ਦੇ
ਰੋਣ ਦੀ ਆਵਾਜ਼ ਸੁਣਦਾ ਤਾਂ ਛਾਤੀ ਵਿਚ ਉਸ ਦਾ ਦਿਲ ਜ਼ੋਰ ਜ਼ੋਰ ਦੀ
ਧੜਕਣ ਲੱਗ ਜਾਂਦਾ। ਉਸ ਨੂੰ ਜਾਪਦਾ ਜਿਵੇਂ ਉਸ ਦੀ 'ਛੋਟੀ ਸਰਕਾਰ' ਮੌਤ
ਦੀ ਅਣਜਾਣੀ ਧਰਤੀ ਤੋਂ ਆਪਣੇ 'ਚਾ-ਨਾ" ਦੇ ਗੁਆਚ ਜਾਣ ਕਰਕੇ ਰੋ ਰਹੀ
ਹੈ।
ਰਾਏ ਚਰਨ ਦੀ ਭੈਣ ਨੇ ਨਵੇਂ ਬੱਚੇ ਦਾ ਨਾਂ 'ਫੈਲਨਾ" ਰੱਖ ਦਿੱਤਾ।
ਫੈਲਨਾ ਹੁਣ ਗੱਲ ਵੀ ਕਰਨ ਲੱਗ ਪਿਆ। ਉਸ ਬਚਿਆਂ ਵਾਲੀ ਤੋਤਲੀ ਬੋਲੀ
ਵਿਚ 'ਬਾ-ਬਾ" ਤੇ 'ਮਾਂ-ਮਾਂ' ਕਹਿਣ ਸਿੱਖ ਲਿਆ। ਜਦ ਰਾਏ ਚਰਨ ਨੇ ਇਹ
ਜਾਣੀਆਂ ਪਛਾਣੀਆਂ ਆਵਾਜ਼ਾਂ ਸੁਣੀਆਂ ਤਾਂ ਉਸ ਤੇ ਸਾਰਾ ਭੇਤ ਖੁੱਲ੍ਹ ਗਿਆ।
"ਛੋਟੀ ਸਰਕਾਰ" ਉਸ ਦੇ ਮੋਹ ਤੋਂ ਛੁਟਕਾਰਾ ਨਹੀਂ ਸੀ ਪਾ ਸਕੀ, ਇਸ ਲਈ
ਉਸਦੇ ਘਰ ਨਵਾਂ ਜਨਮ ਧਾਰ ਕੇ ਆ ਗਈ ਸੀ।
ਇਸ ਵਿਸ਼ਵਾਸ ਦੀ ਪੁਸ਼ਟੀ ਲਈ ਤਿੰਨ ਦਲੀਲਾਂ ਤਾਂ ਰਾਏ ਚਰਨ ਦੇ
ਖਿਆਲ ਵਿਚ ਪੱਥਰ ਤੇ ਲਕੀਰ ਸਨ:-
੧. ਨਵੇਂ ਬਚੇ ਨੇ ਛੋਟੀ ਸਰਕਾਰ ਦੇ ਮਰਨ ਪਿੱਛੋਂ ਛੇਤੀ ਹੀ ਜਨਮ ਲੈ
ਲਿਆ ਸੀ।
੨. ਉਸਦੀ ਵਹੁਟੀ ਦੀ ਐਡੀ ਉਮਰ ਵਿਚ ਬੱਚਾ ਜੰਮਣ ਦੀ ਯੋਗਤਾ
ਹੋ ਹੀ ਨਹੀਂ ਸੀ ਸਕਦੀ।
੩. ਨਵਾਂ ਬਚਾ ਵੀ ਠਿੱਬੀ ਚਾਲ ਚਲਦਾ ਤੇ 'ਬਾ-ਬਾ" ਤੇ 'ਮਾ-ਮਾ'
ਦੀਆਂ ਆਵਾਜ਼ਾਂ ਕੱਢਦਾ। ਇਕ ਵੀ ਗੱਲ ਘੱਟ ਨਹੀਂ ਸੀ! ਸੱਚ-ਮੁੱਚ ਕੱਲ੍ਹ ਨੂੰ
ਜੱਜ ਬਣਨ ਵਾਲਾ ਮੁੰਡਾ ਇਹੋ ਸੀ।
ਅਚਨਚੇਤ ਰਾਏ ਚਰਨ ਨੂੰ ਕਿਸੇ ਦਾ ਕਹਿਰ ਭਰ ਕੇ ਦੋਸ਼ ਦੇਣਾ ਯਾਦ
ਆ ਗਿਆ। "ਆਹ!" ਉਸ ਅਚੰਭੇ ਵਿਚ ਆਪਣੇ ਆਪ ਨੂੰ ਕਿਹਾ, "ਮਾਂ ਦੇ
ਮਨ ਨੇ ਠੀਕ ਬੁੱਝ ਲਿਆ ਸੀ। ਉਸ ਨੂੰ ਕੀ ਪਤਾ ਸੀ ਕਿ ਮੈਂ ਉਸ ਦਾ ਬੱਚਾ
ਚੁਰਾ ਲਿਆ ਹੈ।"
ਜਦ ਉਹ ਇਕ ਵਾਰ ਇਸ ਸਿੱਟੇ ਤੇ ਅੱਪੜ ਗਿਆ, ਤਾਂ ਉਸ ਦਾ
ਮਨ ਪਛਤਾਵੇ ਨਾਲ ਭਰ ਗਿਆ, ਕਿਉਂਕਿ ਉਸ ਇੰਨਾ ਚਿਰ ਬੱਚੇ ਤੋਂ ਲਾ-
ਪਰਵਾਹੀ ਰੱਖੀ। ਹੁਣ ਉਸ ਆਪਣਾ ਸਾਰਾ ਧਿਆਨ ਬੱਚੇ ਵੱਲ ਲਾ ਦਿੱਤਾ ਤੇ
ਤਨੋ-ਮਨੋ ਉਸ ਦਾ ਗੋਲਾ ਬਣ ਕੇ ਸੇਵਾ ਕਰਨ ਲੱਗਾ। ਉਹ ਉਸ ਦੀ ਪਾਲਣਾ
ਇਸ ਢੰਗ ਨਾਲ ਕਰਦਾ ਜਿਵੇਂ ਉਹ ਕਿਸੇ ਅਮੀਰ ਆਦਮੀ ਦਾ ਪੁੱਤਰ ਹੋਵੇ।
ਉਸ ਇਕ ਗਡੀਰਨਾ ਖਰੀਦਿਆ, ਇਕ ਪੀਲੀ ਸਾਟਿਨ ਦੀ ਵਾਸਕਟ ਤੇ ਇਕ
ਜ਼ਰੀ ਦੀ ਬਣੀ ਟੋਪੀ ਵੀ ਖਰੀਦੀ। ਉਸ ਆਪਣੀ ਮਰ ਚੁਕੀ ਵਹੁਟੀ ਦੇ ਗਹਿਣੇ
ਭੰਨਾ ਕੇ ਬੱਚੇ ਲਈ ਸੋਨੇ ਦੇ ਕੜੇ ਤੇ ਝਾਂਜਰਾਂ ਵੀ ਬਣਵਾਈਆਂ। ਉਸ ਬੱਚੇ ਨੂੰ
ਗੁਆਂਢੀ ਬੱਚਿਆਂ ਨਾਲ ਖੇਡਣ ਤੋਂ ਵੀ ਰੋਕ ਦਿੱਤਾ, ਤੇ ਰਾਤ ਦਿਨ ਆਪ ਹੀ
ਉਸਦਾ ਸਾਥੀ ਬਣ ਕੇ ਖੇਡਣਾ ਰਹਿੰਦਾ। ਜਦ ਉਸ ਬਾਲਪਣਾ ਲੰਘ, ਲੜੱਕਪਨ
ਵਿਚ ਪੈਰ ਧਰਿਆ, ਤਾਂ ਉਹ ਇਨਾ ਵਿਗੜ ਚੁਕਾ ਸੀ, ਇਨਾ ਚਿੜਚਿੜਾ ਬਣ
ਗਿਆ ਸੀ ਤੇ ਇੰਨਾ ਬਣਿਆ ਸੰਵਰਿਆ ਰਹਿੰਦਾ ਸੀ ਕਿ ਪਿੰਡ ਦੇ ਮੁੰਡੇ ਉਸ
ਨੂੰ ਚਿੜਾਉਣ ਲਈ 'ਸਰਕਾਰੇ ਵਾਲਾ" ਕਹਿੰਦੇ ਤੇ ਮਖੌਲ ਉਡਾਉਂਦੇ ਸਨ। ਵੱਡੇਰੀ
ਉਮਰ ਦੇ ਬੰਦੇ ਸਮਝਦੇ ਕਿ ਰਾਏ ਚਰਨ ਮੁੰਡੇ ਪਿਛੇ ਵਿਅਰਥ ਝੱਲਾ ਹੋਇਆ
ਫਿਰਦਾ ਹੈ।
ਅੰਤ ਇਹ ਸਮਾਂ ਵੀ ਆ ਗਿਆ ਜਦ ਮੁੰਡੇ ਨੂੰ ਸਕੂਲ ਜਾਣਾ ਚਾਹੀਦਾ
ਸੀ। ਰਾਏ ਚਰਨ ਨੇ ਆਪਣੀ ਜਿਹੜੀ ਥੋੜੀ ਬਹੁਤ ਜ਼ਮੀਨ ਸੀ, ਵੇਚ ਦਿੱਤੀ
ਤੇ ਕਲਕੱਤੇ ਚਲਾ ਗਿਆ । ਉਥੇ ਉਸ ਬੜਿਆਂ ਯਤਨਾਂ ਨਾਲ ਇਕ ਮਾੜੀ ਮੋਟੀ
ਨੌਕਰੀ ਲੱਭੀ ਤੇ ਫੈਲਨਾ ਨੂੰ ਸਕੂਲੇ ਦਾਖਲ ਕਰਾ ਦਿੱਤਾ। ਉਸ ਫੈਲਨਾ ਨੂੰ ਚੰਗੀ
ਤੋਂ ਚੰਗੀ ਸਿੱਖਿਆ, ਚੰਗੇ ਤੋਂ ਚੰਗੇ ਕਪੜੇ ਤੇ ਚੰਗੇ ਤੋਂ ਚੰਗਾ ਖਾਣਾ ਦੇਣ ਵਿਚ
ਕੋਈ ਕਸਰ ਨਾ ਛੱਡੀ। ਆਪ ਉਹ ਸਾਰਾ ਸਮਾਂ ਮੁੱਠੀ ਭਰ ਚੌਲਾਂ ਤੇ ਗੁਜ਼ਾਰਾ
ਕਰਦਾ ਰਿਹਾ । ਉਹ ਮਨ ਹੀ ਮਨ ਵਿਚ ਕਹਿੰਦਾ, "ਆਹ ਮੇਰੀ ਛੋਟੀ ਸਰਕਾਰ,
ਮੇਰੀ ਪਿਆਰੀ ਨਿੱਕੀ ਸਰਕਾਰ, ਤੁਸੀਂ ਮੈਨੂੰ ਇਨਾ ਪਿਆਰ ਕੀਤਾ ਕਿ ਮੇਰੇ ਘਰ
ਵਾਪਸ ਆ ਗਏ। ਯਕੀਨ ਰੱਖੋਂ, ਤੁਸੀਂ ਆਪਣੀ ਟਹਿਲ ਵਿਚ ਮੇਰੇ ਵੱਲੋਂ ਕਿਸੇ
ਤਰ੍ਹਾਂ ਦੀ ਅਣਗਹਿਲੀ ਨਹੀਂ ਵੇਖੋਗੇ।"
ਇਸੇ ਤਰ੍ਹਾਂ ਬਾਰਾਂ ਸਾਲ ਬੀਤੇ ਗਏ। ਮੁੰਡਾ ਹੁਣ ਚੰਗੀ ਤਰ੍ਹਾਂ ਪੜ੍ਹ ਲਿਖ
ਸਕਦਾ ਸੀ। ਪੜ੍ਹਨ ਲਿਖਣ ਵਿਚ ਤਿੱਖਾ, ਵੇਖਣ ਚਾਖਣ ਨੂੰ ਮੂੰਹ ਲਗਦਾ, ਤੇ
ਸਿਹਤ ਵੀ ਉਸਦੀ ਕਮਾਲ ਦੀ ਸੀ। ਉਹ ਆਪਣੇ ਬਣਾਉ ਸ਼ਿੰਗਾਰ ਵਿਚ ਪੂਰਾ
ਪੂਰਾ ਧਿਆਨ ਰੱਖਦਾ ਤੇ ਵਾਲਾਂ ਦੇ ਵਾਹੁਣ ਸੰਵਾਰਨ ਵਿਚ ਵੀ ਸਾਰਾ ਜ਼ੋਰ ਲਾ
ਦੇਂਦਾ । ਫ਼ਜ਼ੂਲ ਖਰਚ ਵੀ ਬੜਾ ਸੀ ਤੇ ਰੁਪਏ ਪੈਸੇ ਵੀ ਮੌਜ ਮੇਲੇ ਤੇ ਬਣਾਉ
ਸ਼ਿੰਗਾਰ ਦੀਆਂ ਚੀਜ਼ਾਂ ਤੇ ਬੇ-ਦਰਦੀ ਨਾਲ ਖਰਚ ਕਰ ਦੇਂਦਾ। ਉਹ ਰਾਏ ਚਰਨ
ਨੂੰ ਪਿਉ ਵਾਲਾ ਸਤਿਕਾਰ ਕਦੇ ਵੀ ਨਹੀਂ ਸੀ ਦੇ ਸਕਦਾ, ਉਸ ਦਾ ਮੁੰਡੇ ਨਾਲ
ਵਰਤਣ ਵਿਹਾਰ ਨੌਕਰਾਂ ਚਾਕਰਾਂ ਵਾਲਾ ਹੀ ਸੀ। ਦੂਜਾ ਨੁਕਸ ਇਹ ਸੀ ਕਿ
ਰਾਏ ਚਰਨ ਨੇ ਇਹ ਗੱਲ ਸਾਰਿਆਂ ਕੋਲੋਂ ਭੇਤ ਵਿਚ ਰੱਖੀ ਹੋਈ ਸੀ ਕਿ ਉਹ
ਆਪ ਹੀ ਮੁੰਡੇ ਦਾ ਪਿਉ ਹੈ।
ਜਿਸ ਹੋਸਟਲ ਵਿਚ ਫੈਲਨਾ ਰਹਿੰਦਾ ਸੀ, ਉੱਥੋਂ ਦੇ ਵਿਦਿਆਰਥੀ ਰਾਏ
ਚਰਨ ਦੀ ਪੇਂਡੂ ਚਾਲ-ਢਾਲ ਨੂੰ ਵੇਖ-ਵੇਖ ਮਖੌਲ ਉਡਾਂਦੇ ਅਤੇ ਮੈਨੂੰ ਜਾਪਦਾ
ਹੈ ਕਿ ਰਾਏ ਚਰਨ ਦੀ ਪਿੱਠ ਪਿੱਛੇ ਫੈਲਨਾ ਵੀ ਮੁੰਡਿਆਂ ਨਾਲ ਉਸ ਦਾ ਮਖੌਲ
ਉਡਾਉਣ ਵਿਚ ਸ਼ਾਮਲ ਹੁੰਦਾ ਸੀ ਪਰ ਹਿਰਦੇ ਦੀਆਂ ਡੂੰਘਾਈਆਂ ਵਿੱਚੋਂ ਸਾਰੇ
ਮੁੰਡੇ ਰਾਏ ਚਰਨ ਦੀ ਸਾਦਗੀ ਤੇ ਭੋਲੇਪਣ ਦੀ ਕਦਰ ਕਰਦੇ ਅਤੇ ਫੈਲਨਾ ਵੀ
ਇਸ ਬੁੱਢੇ ਨੂੰ ਬੜਾ ਪਿਆਰ ਕਰਦਾ। ਪਰ ਉਸ ਦਾ ਪਿਆਰ ਜਿਵੇਂ ਮੈਂ ਪਹਿਲਾਂ
ਦੱਸ ਚੁਕਾ ਹਾਂ, ਇਕ ਤਰ੍ਹਾਂ ਦੀ ਕ੍ਰਿਪਾ-ਦ੍ਰਿਸ਼ਟੀ ਹੀ ਹੁੰਦਾ ਸੀ।
ਜਿਵੇਂ ਜਿਵੇਂ ਰਾਏ ਚਰਨ ਬੁੱਢਾ ਹੁੰਦਾ ਗਿਆ, ਉਸ ਦਾ ਮਾਲਕ ਉਸ
ਦੇ ਕੰਮ ਵਿਚ ਹਰ ਵੇਲੇ ਨੁਕਸ ਛਾਂਟਣ ਲੱਗ ਪਿਆ। ਰਾਏ ਚਰਨ ਨੇ ਮੁੰਡੇ ਦੀ
ਖਾਤਰ, ਆਪਣੇ ਢਿੱਡ ਤੇ ਪਥਰ ਬੰਨ੍ਹ ਛੱਡਿਆ ਹੋਇਆ ਸੀ, ਜਿਸ ਕਰਕੇ ਉਹ
ਨਿੱਤ ਕਮਜ਼ੋਰ ਹੁੰਦਾ ਗਿਆ ਤੇ ਹੁਣ ਉਹ ਆਪਣਾ ਕੰਮ ਵੀ ਚੰਗੀ ਤਰ੍ਹਾਂ ਨਹੀਂ
ਸੀ ਨਿਭਾ ਸਕਦਾ। ਉਸ ਦੀ ਯਾਦ-ਸ਼ਕਤੀ ਕਮਜ਼ੋਰ ਹੋ ਗਈ ਸੀ, ਜਿਸ ਕਰਕੇ
ਉਹ ਘੜੀ ਮੁੜੀ ਗੱਲ ਭੁਲ ਜਾਂਦਾ ਸੀ। ਉਸ ਦੀ ਅਕਲ ਹੁਣ ਖੁੰਢੀ ਹੋ
ਗਈ ਤੇ ਉਹ ਸੱਤਰਿਆ ਬਹੱਤਰਿਆ ਜਾਪਦਾ। ਪਰ ਉਸਦਾ ਮਾਲਕ ਉਸ ਪਾਸੋਂ
ਇਕ ਪੂਰੀ ਤਰ੍ਹਾਂ ਚੇਤੰਨ ਨੌਕਰ ਦੇ ਕੰਮ ਦੀ ਆਸ ਰਖਦਾ ਸੀ ਅਤੇ ਕੋਈ ਵੀ
ਬਹਾਨਾ ਨਹੀਂ ਸੀ ਸੁਣਨਾ ਚਾਹੁੰਦਾ। ਜੇਹੜਾ ਰੁਪਿਆ ਰਾਏ ਚਰਨ ਜ਼ਮੀਨ ਵੇਚ
ਕੇ ਲਿਆਇਆ ਸੀ, ਉਹ ਵੀ ਹੁਣ ਖ਼ਤਮ ਹੋ ਗਿਆ ਸੀ, ਪਰ ਮੁੰਡਾ ਹਰ ਵੇਲੇ
ਆਪਣੇ ਕੱਪੜਿਆਂ ਦੀ ਮੰਦੀ ਹਾਲਤ ਦਾ ਰੋਣਾ ਰੋਂਦਾ ਰਹਿੰਦਾ ਤੇ ਹੋਰ ਹੋਰ ਪੈਸੇ
ਮੰਗਦਾ ਰਹਿੰਦਾ।
+++
ਅੰਤ ਰਾਏ ਚਰਨ ਨੇ ਆਪਣਾ ਮਨ ਬਣਾ ਲਿਆ। ਉਸ ਨੌਕਰੀ ਛੱਡ
ਦਿੱਤੀ ਅਤੇ ਫੈਲਨਾ ਲਈ ਕੁਝ ਰੁਪਏ ਵੱਖ ਰੱਖ ਲਏ। ਜਾਣ ਤੋਂ ਪਹਿਲਾਂ ਉਸ
ਫੈਲਨਾ ਨਾਲ ਇਕਰਾਰ ਕੀਤਾ ਕਿ ਉਹ ਪਿੰਡ ਇਕ ਜ਼ਰੂਰੀ ਕੰਮ ਮੁਕਾ ਕੇ ਛੇਤੀ
ਵੀ ਵਾਪਸ ਆ ਜਾਵੇਗਾ।
ਉਥੋਂ ਉਹ ਸਿੱਧਾ ਬਾਰਾਸੇਤ ਗਿਆ, ਜਿਥੇ ਅਨੁਕੂਲ ਮੈਜਿਸਟਰੇਟ ਲੱਗਾ
ਹੋਇਆ ਸੀ। ਅਨੁਕੂਲ ਦੀ ਵਹੁਟੀ ਹਾਲੀ ਤਕ ਗ਼ਮ ਦੀ ਮਾਰੀ ਹੋਈ ਸੀ, ਕਿਉਂ
ਜੋ ਉਸ ਦੇ ਹੋਰ ਕੋਈ ਬੱਚਾ ਨਹੀਂ ਸੀ ਹੋਇਆ।
ਇਕ ਸ਼ਾਮ ਵੇਲੇ ਅਨੁਕੂਲ ਆਪਣੇ ਘਰ ਸਾਰੇ ਦਿਨ ਦੇ ਕਚਹਿਰੀ ਦੇ
ਰੁਝੇਵਿਆਂ ਤੋਂ ਅੱਕਿਆ ਥੱਕਿਆ ਆਰਾਮ ਕਰ ਰਿਹਾ ਸੀ। ਉਸ ਦੀ ਵਹੁਟੀ ਇਕ
ਸਾਧ ਤੋਂ ਬੜੇ ਮਹਿੰਗੇ ਮੁਲ ਦੀ ਬੂਟੀ ਖਰੀਦ ਰਹੀ ਸੀ । ਸਾਧ ਦੇ ਕਹਿਣ ਅਨੁਸਾਰ
ਇਸ ਬੂਟੀ ਨੇ ਉਸ ਦੀ ਕੁੱਖ ਜ਼ਰੂਰ ਹਰੀ ਕਰ ਦੇਣੀ ਸੀ। ਅਚਨਚੇਤ ਅਨੁਕੂਲ
ਨੇ ਵਿਹੜੇ ਵਿੱਚੋਂ ਕਿਸੇ ਦੇ 'ਜੈ ਹੋ" ਬੁਲਾਣ ਦੀ ਆਵਾਜ਼ ਸੁਣੀ। ਉਹ ਇਹ ਵੇਖਣ
ਲਈ ਕਿ ਕੌਣ ਹੈ ਬਾਹਰ ਨਿਕਲਿਆ। ਉਸ ਦੇ ਸਾਹਮਣੇ ਰਾਏ ਚਰਨ ਖੜ੍ਹਾ ਸੀ।
ਜਿਸ ਸਮੇਂ ਅਨੁਕੂਲ ਨੇ ਆਪਣੇ ਪੁਰਾਣੇ ਨੌਕਰ ਨੂੰ ਸਾਹਮਣੇ ਤੱਕਿਆ ਤਾਂ ਉਸ
ਦਾ ਹਿਰਦਾ ਨਰਮ ਹੋ ਗਿਆ। ਉਸ ਰਾਏ ਚਰਨ ਤੋਂ ਕਈ ਤਰ੍ਹਾਂ ਦੇ ਪ੍ਰਸ਼ਨ ਪੁਛ
ਤੇ ਉਸ ਨੂੰ ਨੌਕਰ ਰੱਖਣ ਲਈ ਵੀ ਤਿਆਰ ਹੋ ਗਿਆ। ਪਰ ਰਾਏ ਚਰਨ ਕੇਵਲ
ਮੁਸਕਰਾ ਪਿਆ ਤੇ ਕਹਿਣ ਲੱਗਾ, "ਮੈਂ ਤਾਂ ਕੇਵਲ ਮਾਲਕਿਨ ਨੂੰ ਨਮਸਕਾਰ
ਕਰਨ ਆਇਆ ਹਾਂ।"
ਅਨੁਕੂਲ ਰਾਏ ਚਰਨ ਨੂੰ ਘਰ ਦੇ ਅੰਦਰ ਲੈ ਗਿਆ। ਪਰ ਮਾਲਕਿਨ
ਦਾ ਰਾਏ ਚਰਨ ਵੱਲ ਮਾਲਕ ਵਰਗਾ ਨਿੱਘਾ ਵਤੀਰਾ ਨਹੀਂ ਸੀ। ਰਾਏ ਚਰਨ ਨੇ
ਇਸ ਗੱਲ ਦਾ ਖ਼ਿਆਲ ਨਹੀਂ ਕੀਤਾ ਤੇ ਹੱਥ ਜੋੜ ਕੇ ਕਹਿਣ ਲਗਾ, "ਆਪ
ਦੇ ਪੁੱਤਰ ਨੂੰ ਪਦਮਾ ਨਦੀ ਨੇ ਨਹੀਂ ਸੀ ਚੁਰਾਇਆ, ਸਗੋਂ ਮੈਂ ਚੁਰਾਇਆ ਸੀ।"
"ਰਬ ਕਿੱਡਾ ਬੇਅੰਤ ਹੈ!" ਅਨੁਕੂਲ ਬੋਲ ਉਠਿਆ, "ਤੂੰ ਕੀ ਪਿਆ
ਕਹਿੰਦਾ ਏਂ! ਉਹ ਕਿੱਥੇ ਹੈ ?"
ਰਾਏ ਚਰਨ ਨੇ ਉਤਰ ਦਿੱਤਾ, "ਜੀ, ਉਹ ਮੇਰੇ ਕੋਲ ਹੈ। ਮੈਂ ਉਸ ਨੂੰ
ਪਰਸੋਂ ਲਿਆਵਾਂਗਾ।"
ਉਸ ਦਿਨ ਐਤਵਾਰ ਸੀ, ਕਚਹਿਰੀ ਬੰਦ ਸੀ, ਇਸ ਲਈ ਦੋਵੇਂ ਮਰਦ
ਤੀਵੀਂ ਆਸ ਦੀ ਮੂਰਤ ਬਣੇ, ਸਵੇਰ ਤੋਂ ਹੀ ਸੜਕ ਵੱਲ ਅੱਖਾਂ ਚੁੱਕ ਚੁੱਕ ਵੇਖ
ਰਹੇ ਸਨ ਕਿ ਕਦ ਰਾਏ ਚਰਨ ਆਉਂਦਾ ਵਿਖਾਈ ਦੇਂਦਾ ਹੈ। ਦਸ ਵਜੇ ਰਾਏ
ਚਰਨ ਫੈਲਨਾ ਦਾ ਹੱਥ ਫੜੀ ਆਉਂਦਾ ਵਿਖਾਈ ਦਿੱਤਾ।
ਅਨੁਕੂਲ ਦੀ ਵਹੁਟੀ ਨੇ ਮੁੰਡੇ ਨੂੰ ਬਿਨਾਂ ਉਸ ਬਾਰੇ ਕੁਝ ਪੁੱਛੇ ਗਿੱਛੇ,
ਗੋਦੀ ਵਿਚ ਲੈ ਲਿਆ ਅਤੇ ਖ਼ੁਸ਼ੀ ਨਾਲ ਝੱਲੀ ਹੋ ਕਦੇ ਹੱਸਦੀ, ਕਦੇ ਰੋਂਦੀ, ਕਦੇ
ਮੁੰਡੇ ਨੂੰ ਹੱਥਾਂ ਨਾਲ ਟੋਹ ਟੋਹ ਵੇਖਦੀ, ਕਦੇ ਉਸਦੇ ਵਾਲਾਂ ਨੂੰ ਚੁੰਮਦੀ, ਕਦੇ
ਉਸ ਦੇ ਮੱਥੇ ਨੂੰ, ਅੱਖਾਂ ਟੱਡੀ ਮੁੰਡੇ ਵੇਲ ਬਿੱਟ ਬਿੱਟ ਤੱਕੀ ਜਾਂਦੀ। ਮੁੰਡਾ ਵੇਖਣ
ਨੂੰ ਸੋਹਣਾ ਸੀ ਤੇ ਸਾਊਆਂ ਦੇ ਮੁੰਡਿਆਂ ਵਾਂਗ ਬਣਿਆ ਸੰਵਰਿਆ ਹੋਇਆ ਸੀ।
ਅਨੁਕੂਲ ਦਾ ਹਿਰਦਾ ਵੀ ਪਿਤਰੀ ਪਿਆਰ ਨਾਲ ਮੂੰਹੋਂ ਮੂੰਹ ਭਰ ਆਇਆ।
ਫਿਰ ਵੀ ਉਸ ਨੇ ਮੈਜਿਸਟ੍ਰੇਟੀ ਸੁਭਾ ਨੇ ਪੁੱਛ ਲਿਆ, "ਕੀ ਤੇਰੇ ਕੋਲ
ਕੋਈ ਸਬੂਤ ਹੈ ਕਿ ਇਹ ਮੇਰਾ ਹੀ ਲੜਕਾ ਹੈ ?"
ਰਾਏ ਚਰਨ ਨੇ ਉਤਰ ਦਿੱਤਾ, "ਸਬੂਤ ? ਅਜੇਹੇ ਕੰਮ ਦਾ ਸਬੂਤ ਵੀ
ਕੀ ਹੋ ਸਕਦਾ ਹੈ? ਇਹ ਤਾਂ ਪਰਮਾਤਮਾ ਹੀ ਜਾਣਦਾ ਹੈ ਕਿ ਕੇਵਲ ਮੈਂ ਹੀ
ਤੁਹਾਡੇ ਪੁੱਤਰ ਨੂੰ ਚੁਰਾਇਆ ਸੀ।"
ਜਦ ਅਨੁਕੂਲ ਨੇ ਵੇਖਿਆ ਕਿ ਉਸ ਦੀ ਵਹੁਟੀ ਇੰਨੇ ਚਾਅ ਅਤੇ
ਉਤਸ਼ਾਹ ਨਾਲ ਮੁੰਡੇ ਨੂੰ ਚਿੰਬੜ ਗਈ ਹੈ, ਤਾਂ ਉਸ ਸੋਚਿਆ- "ਹੁਣ ਸਬੂਤ
ਮੰਗਣਾ ਵਿਅਰਥ ਹੈ। ਸਿਆਣਪ ਇਸੇ ਵਿਚ ਹੈ ਕਿ ਵਿਸ਼ਵਾਸ ਹੀ ਕਰ ਲਿਆ
ਜਾਵੇ। ਦੂਜੇ, ਰਾਏ ਚਰਨ ਵਰਗਾ ਬੰਦਾ ਇਹੋ ਜਿਹਾ ਮੁੰਡਾ ਹੋਰ ਲਿਆ ਵੀ ਕਿੱਥੋਂ
ਸਕਦਾ ਹੈ ? ਫਿਰ ਮੇਰੇ ਅੰਗ-ਪਾਲ ਨੌਕਰ ਨੂੰ ਮੈਨੂੰ ਧੋਖਾ ਦੇਣ ਦੀ ਲੋੜ ਵੀ ਕੀ
ਹੈ? ਉਹ ਇਹੋ ਜਿਹਾ ਧੋਖਾ ਦੇ ਕੇ ਕਿਸੇ ਲਾਭ ਦੀ ਆਸ ਵੀ ਤਾਂ ਨਹੀਂ ਰਖ
ਸਕਦਾ।"
ਫਿਰ ਵੀ ਉਹ ਆਪਣੇ ਪੁਰਾਣੇ ਨੌਕਰ ਦੀ ਗਲਤੀ ਨੂੰ ਭੁੱਲਾ ਨਹੀਂ ਸੀ
ਸਕਦਾ। ਉਸ ਕਿਹਾ, "ਰਾਏ ਚਰਨ, ਤੇਰਾ ਇਸ ਘਰ ਵਿਚ ਟਿਕਣ ਦਾ ਹੋਰ
ਕੋਈ ਕੰਮ ਨਹੀਂ।"
"ਸਰਕਾਰ, ਮੈਂ ਹੋਰ ਕਿੱਥੇ ਜਾਵਾਂ ?" ਰਾਏ ਚਰਨ ਨੇ ਭਰੇ ਹੋਏ ਮਨ ਨਾਲ
ਬੜੀ ਦੁਖੀ ਆਵਾਜ਼ ਵਿਚ ਕਿਹਾ। ਫਿਰ ਉਸ ਹੱਥ ਜੋੜ ਬੜੀ ਮਿੰਨਤ ਨਾਲ ਗੱਲ
ਕੀਤੀ, "ਮੈਂ ਹੁਣ ਬੁੱਢਾ ਹੋ ਗਿਆ ਹਾਂ, ਮੇਰੇ ਜੇਹੇ ਬੁੱਢੇ ਨੂੰ ਹੁਣ ਨੌਕਰ ਵੀ ਕੌਣ
ਰੱਖੇਗਾ ?"
ਮਾਲਕਿਨ ਨੇ ਕਿਹਾ, "ਚਲੋ ਰਹਿਣ ਦਿਓ ਸੂ। ਮੇਰਾ ਬੱਚਾ ਵੀ ਖ਼ੁਸ਼
ਰਹੇਗਾ ਅਤੇ ਮੈਂ ਵੀ ਮੁਆਫ਼ ਕੀਤਾ।"
ਪਰ ਅਨੁਕੂਲ ਦਾ ਮੈਜਿਸਟ੍ਰੇਟ ਮਨ ਇਹੋ ਜੇਹੀ ਗੱਲ ਕਦਾਚਿਤ ਨਹੀਂ
ਸੀ ਹੋਣ ਦੇਣ ਲੱਗਾ। "ਨਹੀਂ", ਉਸ ਕਿਹਾ, "ਇਸ ਨੂੰ ਇਸ ਦੇ ਕੀਤੇ ਦੀ
ਮੁਆਫ਼ੀ ਨਹੀਂ ਮਿਲ ਸਕਦੀ।"
ਰਾਏ ਚਰਨ ਨੇ ਹੇਠਾਂ ਝੁਕ ਕੇ ਅਨੁਕੂਲ ਦੇ ਪੈਰ ਫੜ ਲਏ ਅਤੇ ਰੋ ਕੇ
ਰਹਿਣ ਲਗਾ, "ਸਰਕਾਰ, ਮੈਨੂੰ ਘਰ ਵਿਚ ਰਹਿਣ ਦੀ ਆਗਿਆ ਦੇ ਦਿਓ। ਇਹ
ਜੋ ਕੁਝ ਹੋਇਆ, ਮੈਂ ਨਹੀਂ ਕੀਤਾ ਰੱਬ ਨੇ ਕੀਤਾ ਹੈ।"
ਜਦ ਰਾਏ ਚਰਨ ਨੇ ਆਪਣਾ ਅਪਰਾਧ ਰੱਬ ਦੇ ਸਿਰ ਮੜ੍ਹਨ ਦਾ ਯਤਨ
ਕੀਤਾ, ਤਾਂ ਅਨੁਕੂਲ ਦੀ ਆਤਮਾ ਨੂੰ ਅਗੇ ਨਾਲੋਂ ਵੀ ਵਧੇਰੇ ਧੱਕਾ ਲੱਗਾ।
"ਨਹੀਂ, ਉਸ ਕਿਹਾ, ਮੈਂ ਆਗਿਆ ਨਹੀਂ ਦੇ ਸਕਦਾ, ਮੈਂ ਤੇਰੇ ਤੇ ਹੋਰ
ਵਿਸ਼ਵਾਸ ਨਹੀਂ ਕਰ ਸਕਦਾ, ਤੂੰ ਪਹਿਲਾਂ ਹੀ ਭਾਰੀ ਵਿਸ਼ਵਾਸਘਾਤ ਕੀਤਾ ਹੈ ।"
ਰਾਏ ਚਰਨ ਖੜਾ ਹੋ ਗਿਆ ਅਤੇ ਕਹਿਣ ਲੱਗਾ, "ਸਰਕਾਰ, ਮੈਂ ਕੁਝ
ਨਹੀਂ ਕੀਤਾ।"
"ਹੋਰ ਕਿਸ ਕੀਤਾ ਹੈ?" ਅਨੁਕੂਲ ਨੇ ਪੁੱਛਿਆ । ਰਾਏ ਚਰਨ ਨੇ ਉਤਰ
ਦਿੱਤਾ, 'ਮੇਰੀ ਤਕਦੀਰ ਨੇ।"
ਪਰ ਕੋਈ ਪੜ੍ਹਿਆ ਲਿਖਿਆ ਮਨੁੱਖ ਇਸ ਬਹਾਨੇ ਨਾਲ ਸੰਤੁਸ਼ਟ ਨਹੀਂ
ਸੀ ਹੋ ਸਕਦਾ, ਸੋ ਅਨੁਕੂਲ ਨੇ ਆਪਣੀ ਜ਼ਿਦ ਨਾ ਛੱਡੀ।
ਜਦ ਫੈਲਨਾ ਨੇ ਵੇਖਿਆ ਕਿ ਉਹ ਰਾਏ ਚਰਨ ਦਾ ਪੁਤਰ ਨਹੀਂ, ਸਗੋਂ
ਇਕ ਅਮੀਰ ਮੈਜਿਸਟ੍ਰੇਟ ਦਾ ਪੁਤਰ ਹੈ ਤਾਂ ਪਹਿਲਾਂ ਉਸ ਨੂੰ ਗੁੱਸਾ ਆਇਆ
ਕਿ ਕਿਉਂ ਰਾਏ ਚਰਨ ਨੇ ਉਸ ਤੋਂ ਇਹ ਗੱਲ ਲੁਕਾਈ ਰੱਖੀ ਤੇ ਉਸ ਨੂੰ ਧੋਖਾ
ਦਿੱਤਾ। ਪਰ ਰਾਏ ਚਰਨ ਨੂੰ ਬਿਪਤਾ ਵਿਚ ਵੇਖ ਕੇ ਉਸ ਬੜੀ ਉਦਾਰਤਾ ਨਾਲ
ਆਪਣੇ ਪਿਤਾ ਨੂੰ ਕਿਹਾ, "ਪਿਤਾ ਜੀ, ਇਸ ਨੂੰ ਮੁਆਫ਼ ਕਰ ਦਿਓ। ਜੇ ਤੁਸਾਂ
ਇਸ ਨੂੰ ਸਾਡੇ ਨਾਲ ਰਹਿਣ ਦੀ ਆਗਿਆ ਨਾ ਵੀ ਦੇਣੀ ਹੋਵੇ ਤਾਂ ਵੀ ਇਸ
ਨੂੰ ਥੋੜੀ ਬਹੁਤ ਮਹੀਨੇ ਦੀ ਪੈਨਸ਼ਨ ਲਾ ਦਿਓ ।"
ਇਹ ਸੁਣ ਰਾਏ ਚਰਨ ਚੁਪ ਦਾ ਚੁਪ ਰਹਿ ਗਿਆ। ਉਸ ਆਪਣੇ ਪੁੱਤਰ
ਦੇ ਮੂੰਹ ਵੱਲ ਅਖੀਰਲੀ ਵਾਰ ਤੱਕਿਆ। ਆਪਣੇ ਪੁਰਾਣੇ ਮਾਲਕ ਤੇ ਮਾਲਕਿਨ
ਨੂੰ ਨਮਸਕਾਰ ਕੀਤੀ ਅਤੇ ਬਾਹਰ ਨਿਕਲ ਗਿਆ। ਦੁਨੀਆਂ ਦੇ ਅਣਗਿਣਤ
ਲੋਕਾਂ ਵਿਚ ਮਿਲ, ਉਹ ਬੇ-ਪਛਾਣ ਹੋ ਗਿਆ।
ਮਹੀਨਾ ਮੁੱਕਣ ਤੇ ਅਨੁਕੂਲ ਨੇ ਕੁਝ ਰੁਪਏ ਉਸਦੇ ਨਾਂ ਤੇ ਪਿੰਡ ਭੇਜੇ । ਪਰ
ਰੁਪਏ ਵਾਪਸ ਆ ਗਏ। ਰਾਏ ਚਰਨ ਦੇ ਨਾਂ ਦਾ ਉਥੇ ਕਈ ਬੰਦਾ ਨਹੀਂ ਸੀ।
(ਅਨੁਵਾਦਕ: ਗੁਰਮੁਖ ਸਿੰਘ ਜੀਤ-ਗੁਰਬਚਨ ਸਿੰਘ
ਟੈਗੋਰ ਪ੍ਰਤੀਨਿਧ ਕਹਾਣੀਆਂ 'ਵਿੱਚੋਂ')